ਸਵੈ-ਜੀਵਨੀ - ਕਿਸ਼ਤ - 10
ਲੜੀ ਜੋੜਨ ਲਈ ਕਿਸ਼ਤ – 9 ਪੜ੍ਹੋ ਜੀ।
ਬਠਿੰਡੇ ਦੇ ਕਿਲੇ ਦੇ ਦਰਵਾਜ਼ੇ ਤੋਂ ਫਰਲਾਂਗ ਕੁ ਅੱਗੇ ਜਾ ਕੇ ਪੈਂਦੇ ਵੱਡੇ ਖੂਹ ਦੇ ਖੱਬੇ ਹੱਥ ਜਾਂਦੀ ਗਲੀ ਵਿਚ ਤਾਏ ਰਣਜੋਧ ਸਿੰਘ ਨੇ ਮੁਸਲਮਾਨਾਂ ਦਾ ਇਕ ਟੁੱਟਾ ਫੁੱਟਾ ਘਰ ਮੱਲ ਲਿਆ ਸੀ। ਉਹਦਾ ਪੁੱਤਰ ਕੜਾਕਾ ਸਿੰਘ ਜਿਸ ਦੇ ਛੋਟੇ ਹੁੰਦਿਆਂ ਰਹੁ ਦੇ ਕੜਾਹੇ ਹੇਠਾਂ ਝੋਕਾ ਦਿੰਦਿਆਂ ਚੁੰਭੇ ਵਿਚ ਡਿੱਗਣ ਨਾਲ ਦੋਵੇਂ ਪੈਰ ਸੜ ਕੇ ਅੱਗੋਂ ਮੁੜ ਗਏ ਸਨ, ਬਠਿੰਡੇ ਦੇ ਇਕ ਬਾਜ਼ਾਰ ਵਿਚ ਚਾਦਰ ਵਿਛਾ ਕੇ ਮਨਿਆਰੀ ਦਾ ਸਾਮਾਨ ਭਾਵ ਕੰਘੇ, ਕੜੇ, ਚੂੜੀਆਂ, ਬਕਸੂਏ, ਪਰਾਂਦੇ, ਪਰਾਂਦੀਆਂ, ਰੱਸੀਆਂ, ਮੁੰਜ, ਵਾਣ, ਸਾਬਨ, ਨਹੁੰ ਪਾਲਸ, ਦੰਦਾਸਾ ਆਦਿ ਵੇਚਣ ਲਗ ਪਿਆ ਸੀ। ਸ਼ਾਮ ਤਕ ਮੁਸ਼ਕਿਲ ਨਾਲ ਦੋ ਤਿੰਨ ਰੁਪਏ ਵੱਟ ਲੈਂਦਾ ਸੀ। ਬਠਿੰਡੇ ਦਾ ਏਡਾ ਵੱਡਾ ਇਤਿਹਾਸਕ ਕਿਲਾ ਮੈਂ ਜ਼ਿੰਦਗੀ ਵਿਚ ਇਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਜਿਸ ਬਾਰੇ ਕਹਿੰਦੇ ਕਿ ਇਹ ਕਿਲਾ 1900 ਸਾਲ ਪਹਿਲਾਂ ਭੱਟੀ ਰਾਓ ਪੁੱਤਰ ਬਲਬੰਦ ਨੇ ਕੁਸ਼ਨਾਂ ਦੇ ਸਮੇਂ ਬਣਵਾਇਆ ਸੀ। ਭਟਿੰਡਾ ਦੇ ਨਾਂ ਓਸ ਵੇਲੇ ਦੇ ਭੱਟੀ ਰਾਜਪੂਤਾਂ ਨਾਲ ਵੀ ਜੁੜਦਾ ਹੈ। ਫਿਰ ਪਾਲ ਖ਼ਾਨਦਾਨ ਤੋਂ ਇਹ ਕਿਲਾ ਅਫ਼ਗਾਨਿਸਤਾਨ ਦੇ ਗਜ਼ਨਵੀ ਲੁਟੇਰਿਆਂ ਨੇ ਖੋਹ ਲਿਆ। ਫਿਰ ਇਹ ਕਿਲਾ ਦਿੱਲੀ ਦੇ ਸੁਲਤਾਨ ਕੁਤਬ ਉਦ-ਦੀਨ ਐਬਕ ਦੇ ਅਧੀਨ ਰਿਹਾ ਜੋ ਇਸ ਕਿਲੇ ਦਾ ਗਵਰਨਰ ਵੀ ਸੀ।
-----
ਬਾਦਸ਼ਾਹ ਅਲਤਮਸ਼ ਦੀ ਬੇਟੀ ਰਜ਼ੀਆ ਸੁਲਤਾਨਾ, ਜੋ ਹਿੰਦੋਸਤਾਨ ਦੀ ਪਹਿਲੀ ਔਰਤ ਹੁਕਮਰਾਨ ਸੀ ਤੇ ਜਿਸ ਨੇ ਅਸੀਰੀਆ ਦੇ ਗ਼ੁਲਾਮ ਯਾਕੂਤ ਨਾਲ ਵਿਆਹ ਕਰਵਾ ਲਿਆ ਸੀ, ਨੂੰ ਮੁਸਲਮਾਨ ਜਰਨੈਲ ਪਸੰਦ ਨਹੀਂ ਕਰਦੇ ਸਨ ਕਿ ਇਕ ਔਰਤ ਉਹਨਾਂ ਉਤੇ ਹਕੂਮਤ ਕਰੇ। ਕਈ ਕਹਿੰਦੇ ਹਨ ਕਿ ਯਾਕੂਤ ਨੂੰ ਮਾਰ ਦਿਤਾ ਗਿਆ ਸੀ ਅਤੇ ਰਜ਼ੀਆ ਸੁਲਤਾਨਾ ਨੇ ਇਸ ਕਿਲੇ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਕੁਝ ਇਹ ਕਹਿੰਦੇ ਹਨ ਬਠਿੰਡੇ ਦੇ ਗਵਰਨਰ ਮਲਕ ਇਖ਼ਤਿਆਰ-ਉਦ ਦੀਨ ਅਤੂਨੀਆ ਦੀ ਉਹ ਬਚਪਨ ਦੀ ਦੋਸਤ ਸੀ ਤੇ ਓਸ ਨੂੰ ਹਾਸਲ ਕਰਨ ਲਈ ਅਤੂਨੀਆ ਨੇ ਬਗ਼ਾਵਤ ਕਰ ਦਿਤੀ। ਰਜ਼ੀਆ ਸੁਲਤਾਨਾ ਉਸ ਦੀ ਬਗ਼ਾਵਤ ਨੂੰ ਦਬਾਉਣ ਆਈ ਉਸ ਦੀ ਹੋ ਗਈ ਪਰ ਪਿਛੋਂ ਉਸਦੀ ਗੱਦੀ ਤੇ ਉਹਦੇ ਭਰਾ ਬਹਿਰਾਮ ਨੇ ਕਬਜ਼ਾ ਕਰ ਲਿਆ ਅਤੇ ਆਪਣੀ ਭੈਣ ਅਤੇ ਅਤੂਨੀਆ ਦੋਹਾਂ ਨੂੰ 13 ਅਕਤੂਬਰ, 1240 ਈ. ਵਿਚ ਮਰਵਾ ਦਿਤਾ। ਫਿਰ ਅਠਾਰਵੀਂ ਸਦੀ ਤੇ ਇਸ ਕਿਲੇ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਸੀ ਤੇ ਹੁਣ ਅਕਤੂਬਰ 1947 ਦੇ ਕੈਸੇ ਦਿਨ ਸਨ ਕਿ ਸਾਨੂੰ ਪਾਕਿਸਤਾਨ ਵਿਚੋਂ ਉਜੜ ਕੇ ਆਏ ਬੇਘਰਿਆਂ ਨੂੰ ਏਡੇ ਵੱਡੇ ਕਿਲੇ ਲਾਗੇ ਸਿਰ ਲੁਕਾਉਣ ਲਈ ਥੋੜ੍ਹੀ ਜਹੀ ਥਾਂ ਵੀ ਨਹੀਂ ਲੱਭ ਰਹੀ ਸੀ।
-----
ਰੇਤਲੇ ਟਿੱਬਿਆਂ ਦੇ ਬੀਆਬਾਨ ਇਲਾਕੇ ਵਿਚ ਏਡਾ ਵੱਡਾ ਉੱਚਾ ਕਿਲਾ ਅਤੇ ਬਠਿੰਡੇ ਦਾ ਏਡਾ ਵੱਡਾ ਰੇਲ ਜੰਕਸ਼ਨ ਮੈਂ ਪਹਿਲਾਂ ਕਦੇ ਨਹੀਂ ਵੇਖਿਆ ਸੀ ਜਿਥੋਂ ਸੱਤ ਪਾਸੇ ਫਿਰੋਜ਼ਪੁਰ, ਫਾਜਿਲਕਾ, ਹਿੰਦੂਮਲ ਕੋਟ, ਬੀਕਾਨੇਰ, ਹਿਸਾਰ, ਦਿੱਲੀ ਤੇ ਅੰਬਾਲੇ ਨੂੰ ਗੱਡੀਆਂ ਜਾਂਦੀਆਂ ਸਨ। ਹਿਸਾਰ ਅਤੇ ਫਾਜਿਲਕਾ ਨੂੰ ਬੀ ਬੀ ਸੀ ਆਈ ਦੀ ਛੋਟੀ ਗੱਡੀ ਜਾਂਦੀ ਸੀ। ਇਸ ਦੀ ਰਫ਼ਤਾਰ ਵੱਡੀ ਗੱਡੀ ਨਾਲੋਂ ਘੱਟ ਸੀ। ਕਈ ਵਾਰ ਕਈ ਮਨਚਲੇ ਜਿਨ੍ਹਾਂ ਦੇ ਪਿੰਡ ਲਾਗੇ ਪੈਂਦੇ ਸਨ, ਇਸ ਚਲਦੀ ਗੱਡੀ ਵਿਚੋਂ ਰੇਤੇ ਉਤੇ ਛਾਲ ਮਾਰ ਦੇਂਦੇ ਸਨ ਜਾਂ ਐਸੇ ਮੁਸਾਫ਼ਿਰ ਵੀ ਜੋ ਬਿਨ ਟਿਕਟੇ ਹੁੰਦੇ। ਕਿਲੇ ਲਾਗੇ ਖੂਹ ਦਾ ਪਾਣੀ ਤਾਰੇ ਵਾਂਗ ਦਿਸਦਾ। ਮੈਂ ਸੋਚਦਾ ਕਿ ਰੇਤਲੇ ਇਲਾਕੇ ਵਿਚ ਜਿਥੇ ਪਾਣੀ ਦੀ ਏਨੀ ਜ਼ਿਆਦਾ ਕਿੱਲਤ ਸੀ, ਬਗੈਰ ਪਾਣੀ ਦੇ 1900 ਸਾਲ ਪਹਿਲਾਂ ਇਹ ਕਿਲਾ ਕਿਵੇਂ ਉਸਰ ਗਿਆ ਸੀ। ਫਿਰ ਕਿਸੇ ਨੇ ਮੈਨੂੰ ਦੱਸਿਆ ਕਿ ਓਸ ਵੇਲੇ ਦਰਿਆ ਸਤਲੁਜ ਏਥੋਂ ਲੰਘਦਾ ਸੀ ਜਿਸ ਦਾ ਵਹਿਣ ਹੌਲੀ ਹੌਲੀ ਫਿਰੋਜ਼ਪੁਰ ਤੋਂ ਅੱਗੇ ਤੱਕ ਚਲਾ ਗਿਆ।
------
ਬਾਰ ਵਿਚ ਖੂਹਾਂ ਦਾ ਪਾਣੀ ਕੁ਼ਝ ਫੁੱਟਾਂ ਦੀ ਦੂਰੀ ਤੇ ਹੁੰਦਾ ਸੀ ਅਤੇ ਇਥੇ ਏਨਾ ਡੂੰਘਾ ਪਾਣੀ ਜਿਸ ਨੂੰ ਊਠ ਜਾਂ ਬਲਦ ਬੋਕਿਆਂ ਨਾਲ ਖਿੱਚ ਕੇ ਬਾਹਰ ਲਿਆਉਂਦੇ ਤੇ ਬੋਕੇ ਹੌਦੀ ਵਿਚ ਡੋਲ੍ਹ ਦਿੰਦੇ। ਅਗੋਂ ਲੋਕ ਆਪਣੇ ਘੜਿਆਂ ਵਿਚ ਭਰ ਕੇ ਲੈ ਜਾਂਦੇ। ਇਹ ਖੂਹ ਤੀਜੇ ਦਿਨ ਚੜ੍ਹਦਾ ਸੀ ਅਤੇ ਤਿੰਨਾਂ ਦਿਨਾਂ ਲਈ ਇਹ ਖਾਰਾ ਪਾਣੀ ਘੜਿਆਂ ਵਿਚ ਇਕੱਠਾ ਕਰ ਕੇ ਰੱਖਿਆ ਜਾਂਦਾ ਸੀ। ਕਿਲੇ ਲਾਗੇ ਤਾਏ ਰਣਜੋਧ ਸਿੰਘ ਦੇ ਗਵਾਂਢ ਸਾਨੂੰ ਵੀ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦਾ ਇਕ ਨਿੱਕਾ ਘਰ ਮਿਲ ਗਿਆ। ਘਰ ਵਿਚੋਂ ਲੁਟੇਰੇ ਸਾਰਾ ਸਾਮਾਨ ਲੁਟ ਕੇ ਲੈ ਗਏ ਸਨ। ਚਲੋ ਫਿਰ ਵੀ ਸਿਰ ਤੇ ਛੱਤ ਤਾਂ ਮਿਲ ਗਈ ਸੀ। ਕਈ ਘਰ ਜੋ ਸਾੜ ਦਿਤੇ ਗਏ ਸਨ, ਇਹਨਾਂ ਵਿਚੋਂ ਅਜੇ ਵੀ ਧੂਏ ਦੀ ਬੋ ਆਉਂਦੀ। ਓਸ ਵੇਲੇ ਇਹ ਸਾਰਾ ਇਲਾਕਾ ਰਿਆਸਤ ਪਟਿਆਲਾ ਵਿਚ ਪੈਂਦਾ ਸੀ ਤੇ ਬਠਿੰਡਾ ਬਰਨਾਲੇ ਜ਼ਿਲੇ ਦੀ ਇਕ ਤਹਿਸੀਲ ਸੀ। ਰਿਆਸਤ ਪਟਿਆਲਾ ਵਿਚੋਂ ਕਾਫੀ ਮੁਸਲਮਾਨ ਪਾਕਿਸਤਾਨ ਨੂੰ ਚਲੇ ਗਏ ਸਨ, ਕਈ ਅਜੇ ਜਾ ਰਹੇ ਸਨ ਅਤੇ ਕਈ ਮਾਰੇ ਵੀ ਗਏ ਸਨ। ਇਹ ਤਬਾਦਲਾ ਬਿਲਕੁਲ ਇਸੇ ਤਰ੍ਹਾਂ ਸੀ ਜਿਵੇਂ ਅਸੀਂ ਪਾਕਿਸਤਾਨ ਵਿਚੋਂ ਉੱਜੜ ਕੇ ਹਿੰਦੋਸਤਾਨ ਆ ਗਏ ਸਾਂ ਤੇ ਮੁਸਲਮਾਨ ਹਿੰਦੋਸਤਾਨ ਵਿਚੋਂ ਉੱਜੜ ਕੇ ਪਾਕਿਸਤਾਨ ਜਾ ਰਹੇ ਸਨ। ਪਾਕਿਸਤਾਨ ਵਿਚੋਂ ਲਗ ਭਗ ਸਾਰੇ ਹਿੰਦੂ ਸਿੱਖ ਹਿੰਦੋਸਤਾਨ ਵਿਚ ਹਿਜਰਤ ਕਰ ਰਹੇ ਸਨ ਪਰ ਹਿੰਦੋਸਤਾਨ ਵਿਚੋਂ ਸਾਰੇ ਮੁਸਲਮਾਨ ਓਧਰ ਨਹੀਂ ਜਾ ਰਹੇ ਸਨ।
-----
ਬਠਿੰਡੇ ਦੇ ਏਡੇ ਵੱਡੇ ਉੱਚੇ ਕਿਲੇ ਦੇ ਥੱਲੇ ਅਸੀਂ ਰੀਫਿਊਜੀ ਜਿਨ੍ਹਾਂ ਦੀ ਜੇਬ ਵਿਚ ਕੋਈ ਪੈਸਾ ਨਹੀਂ ਸੀ, ਪੈਰਾਂ ਵਿਚ ਜੁੱਤੀ ਨਹੀਂ ਸੀ, ਸਿਰ ਤੇ ਪੱਗ ਨਹੀਂ ਸੀ ਅਤੇ ਖਾਣ ਲਈ ਰੋਟੀ ਨਹੀਂ ਸੀ, ਬਹੁਤ ਛੋਟੇ ਛੋਟੇ ਤੇ ਬਹੁਤ ਗ਼ਰੀਬ ਲੱਗ ਰਹੇ ਸਾਂ। ਪਰ ਬਾਪੂ ਹੌਸਲਾ ਦਿੰਦਾ ਕਿ ਉੱਜੜ ਕੇ ਆਏ ਸਾਰੇ ਲੋਕ ਈ ਸਾਡੇ ਵਰਗੇ ਹਨ। ਰਾਵਲਪਿੰਡੀ ਵੱਲ ਦੇ ਭਾਪਿਆਂ ਦੇ ਮੁੰਡੇ ਦੋ ਠੀਕਰੀਆਂ ਉਂਗਲਾਂ ਦੇ ਦੋਹੀਂ ਪਾਸੀਂ ਜੋੜ ਕੇ ਗਲੀਆਂ ਅਤੇ ਗੱਡੀ ਦੇ ਡੱਬਿਆਂ ਵਿਚ ਜਾ ਕੇ ਵਜਾਉਂਦੇ ਤੇ ਗਾਉਂਦੇ, “ਆਪਣਾ ਕੋਈ ਨਹੀਂ ਹੈ ਜੀ-ਆਪਣਾ ਸਤਿਗੁਰ ਪਿਆਰਾ ਜੀ।” ਕੁਝ ਲੋਕ ਉਹਨਾਂ ਨੂੰ ਪੈਸਾ ਦੋ ਪੈਸੇ ਦੇ ਦੇਂਦੇ। ਮੈਂ ਇਹ ਠੀਕਰੀਆਂ ਵਜਾਉਣੀਆਂ ਤਾਂ ਸਿੱਖ ਲਈਆਂ ਪਰ ਮੈਨੂੰ ਗਾਉਣਾ ਨਹੀਂ ਆਉਂਦਾ ਸੀ। ਫਿਰ ਰੀਫਿਊਜੀਆਂ ਦੇ ਮੁੰਡੇ ਭਕਾਨੇ ਫੁਲਾ ਕੇ ਤੇ ਕਾਨੇ ਨਾਲ ਬੰਨ੍ਹ ਕੇ ਬਠਿੰਡੇ ਕਿਲੇ ਦੀਆਂ ਲਾਗਲੀਆਂ ਗਲੀਆਂ ਵਿਚ ਪੈਸੇ ਪੈਸੇ ਦਾ ਭਕਾਨਾ ਵੇਚਦੇ ਤੇ ਇੰਜ ਉਹਨਾਂ ਨੂੰ ਦਿਨ ਵਿਚ ਪੰਜ ਛੇ ਆਨੇ ਇਕੱਠੇ ਹੋ ਜਾਂਦੇ। ਬਾਪੂ ਨੇ ਮੈਨੂੰ ਵੀ ਇਕ ਬਾਣੀਏ ਦੀ ਦੁਕਾਨ ਤੋਂ ਕੁਝ ਭਕਾਨੇ ਉਧਾਰ ਲਿਆ ਕੇ ਦੇ ਦਿਤੇ ਜਿਨ੍ਹਾਂ ਨੂੰ ਫੁਲਾ ਕੇ ਮੈਂ ਵੀ ਬਾਕੀ ਮੁੰਡਿਆਂ ਨਾਲ ਗਲੀਆਂ ਵਿਚ ਵੇਚਣ ਲਈ ਤੁਰਿਆ ਫਿਰਦਾ ਰਿਹਾ ਪਰ ਪਹਿਲੇ ਦਿਨ ਮੇਰਾ ਕੋਈ ਭਕਾਨਾ ਨਾ ਵਿਕਿਆ ਕਿਉਂਕਿ ਮੈਂ ਹੋਕਾ ਨਹੀਂ ਦਿੰਦਾ ਸਾਂ। “ਲੈ ਲੋ ਪੈਸੇ ਪੈਸੇ ਦਾ ਭਕਾਨਾ” ਦੇ ਬੋਲ ਮੇਰੇ ਮੂੰਹ ਵਿਚੋਂ ਨਹੀਂ ਨਿਕਲਦੇ ਸਨ। ਮੈਂ ਬੜਾ ਸ਼ਰਮਾਕਲ ਤੇ ਡਰਾਕਲ ਸਾਂ। ਸੱਤਵੀਂ ਜਮਾਤ ਤਕ ਤਾਂ ਰਾਤ ਨੂੰ ਸੁੱਤੇ ਪਿਆਂ ਮੇਰਾ ਪਿਸ਼ਾਬ ਨਿੱਕਲ ਜਾਂਦਾ ਹੁੰਦਾ ਸੀ ਅਤੇ ਜਦੋਂ ਪਿੰਡ ਵਿਚ ਉਚੀ ਢੋਲ ਵਜਦੇ ਜਾਂ ਆਤਿਸ਼ਬਾਜ਼ੀ ਚਲਦੀ ਤਾਂ ਮੈਂ ਬਹੁਤ ਡਰ ਜਾਂਦਾ ਸਾਂ। ਬਾਪੂ ਮੇਰੇ ਕੰਨਾਂ ਵਿਚ ਰੂੰ ਦੇ ਤੇ ਮੋਢਿਆਂ ਤੇ ਚੁੱਕ ਕੇ ਪਿੰਡੋਂ ਬਾਹਰਵਾਰ ਲੈ ਜਾਂਦਾ ਹੁੰਦਾ ਸੀ। ਚੋਰਾਂ ਅਤੇ ਡਾਕੂਆਂ ਦੀਆਂ ਗੱਲਾਂ ਸੁਣ ਕੇ ਮੈਂ ਡਰ ਨਾਲ ਕੰਬਣ ਲਗ ਜਾਂਦਾ ਸਾਂ। ਫਾਰਸੀ ਦੇ ਮਾਸਟਰ ਦੀ ਕੁੱਟ ਤੋਂ ਡਰਦਾ ਮੈਂ ਸਕੂਲ ਨਾ ਜਾਂਦਾ ਤਾਂ ਬਾਪੂ ਮੇਰਾ ਡਰ ਕਢਣ ਲਈ ਜਮਾਤ ਦੇ ਕਮਰੇ ਦੇ ਬਾਹਰ ਬੈਠਾ ਰਹਿੰਦਾ।
-----
ਅਗਲੇ ਦਿਨ ਬੜੀ ਹਿੰਮਤ ਕਰ ਕੇ ਮੈਂ ਬਠਿੰਡੇ ਦੀਆਂ ਗਲੀਆਂ ਵਿਚ ਹੋਕਾ ਦੇ ਦੇ ਕੇ ਸੱਤ ਅਠ ਆਨੇ ਵੱਟ ਕੇ ਆਪਣੇ ਬਾਪੂ ਦੀ ਤਲੀ ਤੇ ਰੱਖ ਦਿਤੇ ਤੇ ਇਸ ਤਰ੍ਹਾਂ ਆਜ਼ਾਦ ਹਿੰਦੋਸਤਾਨ ਵਿਚ ਪਹਿਲੀ ਵਾਰ ਕੁਝ ਆਨਿਆਂ ਦੀ ਆਮਦਨ ਦਾ ਵਸੀਲਾ ਬਣਿਆ। ਮਾਂ ਲਾਲਿਆਂ ਦੇ ਘਰਾਂ ਵਿਚ ਆਟੇ ਦਾਲ ਲਈ ਭਾਂਡੇ ਮਾਂਜਣ ਤੇ ਸਫਾਈ ਕਰਨ ਲਗ ਪਈ। ਤਾਇਆ ਰਣਜੋਧ ਸਿੰਘ ਤੇ ਬਾਪੂ ਤਹਿਸੀਲ ਦੇ ਚੱਕਰ ਕੱਟਣ ਲੱਗੇ ਕਿ ਸਾਨੂੰ ਪਾਕਿਸਤਾਨ ਵਿਚ ਛੱਡੀ ਜ਼ਮੀਨ ਬਦਲੇ ਜ਼ਮੀਨ ਅਲਾਟ ਕੀਤੀ ਜਾਵੇ ਤੇ ਸਾਡੇ ਮੁੜ ਵਸੇਬੇ ਦਾ ਇੰਤਜ਼ਾਮ ਕੀਤਾ ਜਾਵੇ। ਅਜੇ ਤਕ ਇਹ ਪਤਾ ਨਹੀਂ ਲੱਗ ਰਿਹਾ ਸੀ ਕਿ ਸਾਡਾ ਸ਼ਰੀਕਾ ਅਤੇ ਪਿੰਡ ਦੇ ਬਾਕੀ ਲੋਕ ਕਿੱਥੇ ਸਨ। ਜੇ ਉਹ ਪਾਕਿਸਤਾਨ ਵਿਚੋਂ ਜਿਓਂਦੇ ਆ ਗਏ ਸਨ ਤਾਂ ਏਧਰ ਆ ਕੇ ਕਿਥੇ ਬੈਠੇ ਸਨ। ਸਾਰਾ ਕੁਝ ਤਹਿਸ ਨਹਿਸ ਅਤੇ ਵਿਗੜ ਚੁੱਕਾ ਸੀ। ਕਦੀ ਕਦੀ ਪਤਾ ਲਗਦਾ ਕਿ ਸਰਕਾਰ ਪਾਕਿਸਤਾਨ ਵਿਚੋਂ ਬੇਘਰ ਹੋ ਕੇ ਆਏ ਲੋਕਾਂ ਨੂੰ ਮੁੜ ਵਸਾਉਣ ਲਈ ਕੋਸਿਸ਼ ਕਰ ਰਹੀ ਸੀ ਤੇ ਇਸ ਕੰਮ ਲਈ ਜਲੰਧਰ ਦਫਤਰ ਖੁੱਲ੍ਹ ਗਿਆ ਸੀ। ਜਲੰਧਰ ਵਾਲਾ ਦਫਤਰ ਹੌਲੀ ਹੌਲੀ ਲੋਕਾਂ ਦੀ ਪਾਕਿਸਤਾਨ ਵਿਚ ਰਹਿ ਗਈ ਜ਼ਮੀਨ ਜਾਇਦਾਦ ਦੀ ਪੜਤਾਲ ਵੀ ਕਰਵਾ ਰਿਹਾ ਸੀ। ਉਸ ਦੇ ਇਵਜ਼ ਵਿਚ ਉਹਨਾਂ ਨੂੰ ਏਧਰ ਜ਼ਮੀਨਾਂ ਅਲਾਟ ਕਰਨੀਆਂ ਸਨ। ਮਾਲ ਮਹਿਕਮੇ ਦੇ ਪਟਵਾਰੀ ਤੇ ਹੋਰ ਅਹਿਲਕਾਰ ਇਸ ਕੰਮ ਵਿਚ ਜੁਟ ਗਏ ਸਨ। ਕਿਉਂਕਿ ਬੇਘਰ ਹੋ ਕੇ ਆਏ ਲੋਕਾਂ ਕੋਲ ਓਧਰ ਜ਼ਮੀਨਾਂ ਜ਼ਿਆਦਾ ਸਨ ਅਤੇ ਏਧਰ ਮੁਸਲਮਾਨ ਏਨੀਆਂ ਜ਼ਿਆਦਾ ਜ਼ਮੀਨਾਂ ਛੱਡ ਕੇ ਨਹੀਂ ਗਏ ਸਨ, ਇਸ ਲਈ ਸਰਕਾਰ ਨੇ ਓਧਰ ਛੱਡੀ ਜ਼ਮੀਨ ਦੇ ਰਕਬੇ ਤੇ ਕਾਫੀ ਕੱਟ ਲਾ ਦਿਤੀ ਭਾਵ ਜੇ ਕੋਈ ਓਧਰ 50 ਏਕੜ ਜ਼ਮੀਨ ਛੱਡ ਕੇ ਆਇਆ ਸੀ ਤਾਂ ਏਧਰ ਉਸ ਨੂੰ ਸਾਵੇਂ ਮੁੱਲ ਦੀ ਮਸਾਂ 30 ਏਕੜ ਜ਼ਮੀਨ ਮਿਲਣੀ ਸੀ। ਮਾਲਵੇ ਦੇ ਪਿੰਡਾਂ ਵਿਚ ਏਕੜ ਨਹੀਂ ਵਿੱਘੇ ਸਨ ਜੋ ਛੇ ਕਨਾਲ ਦਾ ਪੱਕਾ ਵਿੱਘਾ ਹੁੰਦਾ ਸੀ। ਏਧਰਲੇ ਪੰਜਾਬ ਵਿਚ ਮੁਸਲਮਾਨਾਂ ਵੱਲੋਂ ਛਡੀ ਜ਼ਮੀਨਾਂ ਦੇ ਵਡੇ ਟੋਟੇ ਨਹੀਂ ਸਨ ਜਿਸ ਕਰ ਕੇ ਜੋ ਜ਼ਮੀਨ ਅਲਾਟ ਹੁੰਦੀ ਸੀ, ਉਹ ਵੱਖ-ਵੱਖ ਟੋਟਿਆਂ ਵਿਚ ਹੁੰਦੀ ਸੀ ਜਿਸ ਵਿਚ ਜ਼ਮੀਨ ਦੀਆਂ ਸਾਰੀਆਂ ਕਿਸਮਾਂ ਰਲਾ ਦਿਤੀਆਂ ਜਾਂਦੀਆਂ ਸਨ ਜਿਵੇਂ ਨਹਿਰੀ, ਚਾਹੀ, ਬੰਜਰ, ਕੱਲਰ ਵਾਲੀ, ਸੇਮ ਵਾਲੀ, ਦਾਭਣ, ਜਵ੍ਹਾਂ ਤੇ ਪੋਲ੍ਹੀ ਵਾਲੀ, ਕਾਨਿਆਂ ਵਾਲੀ, ਬਰਾਨ, ਟਿੱਬੇ ਆਦਿ।
-----
ਸਿਆਲ ਮਾਰੋ-ਮਾਰ ਕਰਦਾ ਸਿਰ ਤੇ ਆ ਰਿਹਾ ਸੀ ਤੇ ਸਾਡੇ ਕੋਲ ਸਰਦੀਆਂ ਲਈ ਕੋਈ ਰਜ਼ਾਈਆਂ ਤਲਾਈਆਂ ਵੀ ਨਹੀਂ ਸਨ। ਮੈਂ ਬਠਿੰਡੇ ਦੇ ਕੁਝ ਸਕੂਲਾਂ ਵਿਚ ਦਾਖਲ ਹੋਣ ਦੀ ਕੋਸ਼ਿਸ਼ ਵੀ ਕੀਤੀ ਪਰ ਪਿਛਲੇ ਸਕੂਲ ਛਡਣ ਦਾ ਸਰਟੀਫਿਕੇਟ ਨਾ ਹੋਣ ਕਰ ਕੇ ਦਾਖਲਾ ਨਾ ਮਿਲਿਆ। ਇਸ ਲਈ ਕਦੀ ਕਦੀ ਮੈਂ ਗੋਨਿਆਣੇ ਮੰਡੀ ਵਾਲੇ ਸਕੂਲ ਹੀ ਜਾ ਆਉਂਦਾ। ਸਕੂਲ ਦਾ ਹੈਡਮਾਸਟਰ ਗੁਰਬਚਨ ਸਿਂਘ ਦੀਵਾਨਾ ਬੜਾ ਮਿਹਰਬਾਨ ਸੀ ਤੇ ਉਹਨੂੰ ਪਤਾ ਸੀ ਕਿ ਅਸੀਂ ਮੁੜ ਵਸੇਬੇ ਲਈ ਭਟਕ ਰਹੇ ਹਾਂ। ਕੁਝ ਮਹੀਨਿਆਂ ਬਾਅਦ ਬਠਿੰਡੇ ਤੋਂ ਛੇ ਕੋਹ ਦੂਰ ਸਾਨੂੰ ਅਤੇ ਤਾਏ ਰਣਜੋਧ ਸਿੰਘ ਨੂੰ ਪਿੰਡ ਸ਼ਾਹਾਂ ਵਾਲੇ ਮਹਿਤੇ ਵਿਚ ਕੱਚੀ ਜ਼ਮੀਨ ਅਤੇ ਮੁਸਲਮਾਨ ਤੇਲੀਆਂ ਦਾ ਇਕ ਘਰ ਅਲਾਟ ਹੋ ਗਿਆ ਜਿਸ ਦੇ ਛੱਤੇ ਹੋਏ ਦਰਵਾਜ਼ੇ ਦੇ ਦੋ ਹਿੱਸੇ ਸਨ। ਛੱਤ ਪਈ ਵਾਲਾ ਅੱਧਾ ਕੱਚਾ, ਅੱਧਾ ਪੱਕਾ ਬੜਾ ਖੁੱਲ੍ਹਾ ਦਰਵਾਜ਼ਾ ਸਾਂਝਾ ਸੀ। ਦਰਵਾਜ਼ੇ ਦੇ ਵਿਚਕਾਰ ਇਕ ਬਹੁਤ ਵੱਡੀ ਪੱਕੀ ਥੰਮ੍ਹੀ ਸੀ ਜੋ ਦਰਵਾਜ਼ੇ ਨੂੰ ਦੋ ਹਿੱਸਿਆਂ ਵਿਚ ਵੰਡਦੀ ਸੀ। ਦੋਹਾਂ ਪਾਸੇ ਪਸੂਆਂ ਲਈ ਖੁਰਲੀਆਂ ਬਣੀਆਂ ਹੋਈਆਂ ਸਨ। ਅੰਦਰ ਦੋਹਾਂ ਘਰਾਂ ਦੇ ਵਿਹੜਿਆਂ ਵਿਚ ਵੀ ਪਸੂਆਂ ਲਈ ਖੁਰਲੀਆਂ ਸਨ ਜਿਸ ਤੋਂ ਪਤਾ ਲਗਦਾ ਸੀ ਕਿ ਚਲੇ ਗਏ ਮੁਸਲਮਾਨ ਤੇਲੀ ਪਸੂ ਡੰਗਰ ਰਖਦੇ ਸਨ। ਦੋਹੀਂ ਪਾਸੀਂ ਚੌਂਕਾ ਚੁੱਲ੍ਹਾ ਅਤੇ ਪਿਛੇ ਦੋ ਦੋ ਕੱਚੇ ਕੋਠੇ ਸਨ। ਘਰਾਂ ਨੂੰ ਅੱਡੋ-ਅੱਡ ਕਰਨ ਲਈ ਦਰਵਾਜ਼ੇ ਤਕ ਛੇ ਫੁੱਟ ਉੱਚੀ ਕੱਚੀ ਕੰਧ ਕੱਢੀ ਹੋਈ ਸੀ ਪਰ ਏਧਰ ਓਧਰ ਜਾਣ ਲਈ ਵਿਚਕਾਰ ਬਗੈਰ ਬੂਹੇ ਵਾਲੀ ਵੱਡੀ ਬਾਰੀ ਰੱਖੀ ਹੋਈ ਸੀ। ਹੋ ਸਕਦਾ ਕਿ ਇਸ ਘਰ ਵਿਚ ਦੋ ਭਰਾਵਾਂ ਦੇ ਟੱਬਰ ਰਹਿੰਦੇ ਹੋਣ। ਅਸੀਂ ਬਠਿੰਡੇ ਵਾਲਾ ਮੁਸਲਮਾਨਾਂ ਦਾ ਘਰ ਛੱਡ ਦਿਤਾ ਤੇ ਇਸ ਤੇਲੀਆਂ ਦੇ ਘਰ ਵਿਚ ਇਕ ਪਾਸੇ ਵਾਲੇ ਕੱਚੇ ਕੋਠਿਆਂ ਵਿਚ ਰਹਿਣ ਲੱਗ ਪਏ ਜਿਨ੍ਹਾਂ ਵਿਚ ਦਿਨੇ ਵੀ ਬਹੁਤ ਹਨੇਰਾ ਰਹਿੰਦਾ ਸੀ ਤੇ ਪੂਰੀ ਤਰ੍ਹਾਂ ਕੁਝ ਨਹੀਂ ਦਿਸਦਾ ਸੀ। ਕਈ ਵਾਰ ਰਾਤ ਨੂੰ ਸੁਤਿਆਂ ਪਿਆਂ ਦਬਾਅ ਪੈ ਜਾਂਦਾ ਤੇ ਅਸੀਂ ਬੁੜਬੜਾ ਕੇ ਉਠ ਖਲੋਂਦੇ। ਮਾਂ ਕਹਿੰਦੀ ਮੈਨੂੰ ਸੁਪਨੇ ਵਿਚ ਤੇਲਣ ਦਿਸਦੀ ਹੈ ਜੋ ਘਰ ਖ਼ਾਲੀ ਕਰਨ ਲਈ ਕਹਿੰਦੀ ਹੈ। ਅੱਗੜ-ਪਿੱਛੜ ਦੋਹਾਂ ਕੋਠਿਆਂ ਵਿਚ ਕੋਹਲੂ ਲੱਗੇ ਹੋਏ ਸਨ ਤੇ ਦਾਣੇ ਪਾਉਣ ਲਈ ਕੁਝ ਮਿੱਟੀ ਦੇ ਭੜੋਲੇ ਬਣੇ ਹੋਏ ਸਨ ਜੋ ਖ਼ਾਲੀ ਸਨ।
-----
ਦੂਜੇ ਪਾਸੇ ਵੱਲ ਵੀ ਦੋ ਕੱਚੇ ਕੋਠੇ ਸਨ ਜੋ ਰਿਆਸਤ ਬਹਾਵਲਪੁਰ ਤੋਂ ਉਜੜ ਕੇ ਆਏ ਇਕ ਜੱਟ ਚੰਨਣ ਸਿੰਘ ਨੂੰ ਅਲਾਟ ਹੋ ਗਏ। ਉਸ ਦੇ ਟੱਬਰ ਵਿਚ ਉਸਦੀ ਘਰ ਵਾਲੀ, ਮੇਰੇ ਹਾਣ ਦੀ ਇਕ ਉਚੀ, ਲੰਮੀ, ਪਤਲੀ, ਗੋਰੀ, ਚਿੱਟੀ ਲਗਰ ਵਰਗੀ ਖ਼ੂਬਸੂਰਤ ਕੁੜੀ ਤੇ ਓਸ ਤੋਂ ਛੋਟਾ ਉਸਦਾ ਭਰਾ ਮਹਿੰਗਾ ਆਣ ਵਸੇ ਸਨ। ਪਿਛੋਂ ਬਹੁਤੀ ਜ਼ਮੀਨ ਨਾ ਹੋਣ ਕਰ ਕੇ ਉਹਨਾਂ ਨੂੰ ਵੀ ਇਸ ਪਿੰਡ ਵਿਚ ਥੋੜ੍ਹੀ ਜਹੀ ਕਚੀ ਜ਼ਮੀਨ ਅਲਾਟ ਹੋਈ ਸੀ। ਪਿੰਡ ਦੇ ਸ਼ਾਹਾਂ ਦੇ ਘਰਾਂ ਵਾਲੇ ਪਾਸੇ ਮੁਸਲਮਾਨਾਂ ਦੇ ਬਹੁਤ ਘਰ ਖ਼ਾਲੀ ਪਏ ਸਨ ਜਿਨ੍ਹਾਂ ਵਿਚ ਵਸਣ ਲਈ ਹਾਲੇ ਰੀਫਿਊਜੀ ਨਹੀਂ ਸਨ ਆਏ। ਕਈ ਰੀਫਿਊਜੀ ਉਹ ਘਰ ਵੇਖ ਕੇ ਮੁੜ ਜਾਂਦੇ ਕਿਉਂਕਿ ਓਸ ਪਾਸੇ ਤੋਂ ਪਿੰਡ ਦਾ ਪਾਣੀ ਵਾਲਾ ਖੂਹ ਬਹੁਤ ਦੂਰ ਪੈਂਦਾ ਸੀ ਤੇ ਏਡੀ ਦੂਰੋਂ ਸਿਰਾਂ ਤੇ ਪਾਣੀ ਦੇ ਘੜੇ ਚੁਕ ਕੇ ਲਿਆਉਣੇ ਬੜੇ ਮੁਸ਼ਕਿਲ ਸਨ। ਏਥੇ ਵੀ ਝਿਓਰ ਬੋਕੇ ਲੈ ਕੇ ਖੂਹ ਤੇ ਤੀਜੇ ਦਿਨ ਚੜ੍ਹਦਾ ਸੀ। ਇਸ ਪਿੰਡ ਵਿਚ ਵੀ ਸਾਨੂੰ “ਮੁਸਲਿਆਂ ਵੱਟੇ ਵਟਾਏ” ਕਿਹਾ ਜਾਂਦਾ ਸੀ ਜਾਂ “ਫਰੂਜੀ” ਜਾਂ “ਪਨਾਹਗੀਰ” ਕਹਿੰਦੇ ਸਨ। ਇਸ ਪਿੰਡ ਵਿਚ ਜ਼ਮੀਨ ਤਾਂ ਅਲਾਟ ਹੋ ਗਈ ਸੀ ਪਰ ਜ਼ਮੀਨ ਵਹੁਣ ਲਈ ਸਾਡੇ ਕੋਲ ਕੋਈ ਬਲਦਾਂ ਦੀ ਜੋਗ, ਊਠ, ਹਲ, ਪੰਜਾਲੀ, ਰੰਬਾ, ਦਾਤੀ, ਕਹੀ ਵਗੈਰਾ ਕੁਝ ਵੀ ਨਹੀਂ ਸੀ। ਤਾਏ ਰਣਜੋਧ ਸਿੰਘ ਨੇ ਆਪਣੀ ਰਿਹਾਇਸ਼ ਭਠਿੰਡੇ ਤੋਂ ਨਹੀਂ ਪੁਟੀ ਸੀ। ਉਹ ਕਦੀ ਕਦੀ ਮਹਿਤੇ ਗੇੜਾ ਮਾਰ ਜਾਂਦਾ। ਪਿੰਡ ਦੀਆਂ ਨਿਆਈਆਂ ਵਿਚ ਫੰਡਰ ਆਵਾਰਾ ਗਊਆਂ, ਫੰਡਰ ਮਝਾਂ ਤੈ ਆਵਾਰਾ ਖੋਤੀਆਂ ਆਮ ਤੁਰੀਆਂ ਫਿਰਦੀਆਂ ਸਨ। ਬਾਪੂ ਨੇ ਤੁਰੀ ਫਿਰਦੀ ਇਕ ਗਾਂ ਫੜ ਲਿਆਂਦੀ ਜੋ ਕੁਝ ਚਿਰ ਪਿਛੋਂ ਸੂ ਪਈ। ਮੈਂ ਉਹਦਾ ਕੰਨ ਪਕੜਦਾ ਤੇ ਬਾਪੂ ਜਾਂ ਮਾਂ ਉਹਨੂੰ ਪੈਂਖੜ ਪਾ ਕੇ ਚੋਂਦੇ। ਘਰ ਵਿਚ ਦੁਧ ਦਹੀਂ ਦਾ ਉਤਾਰਾ ਹੋ ਗਿਆ। ਪਿੰਡ ਵਾਲਿਆਂ ਨੇ ਉੱਜੜ ਕੇ ਆਇਆਂ ਨੂੰ ਕੁਝ ਲੀੜੇ, ਕਪੜੇ, ਰਜ਼ਾਈਆਂ, ਤਲਾਈਆਂ, ਖੇਸ ਤੇ ਦਾਣੇ ਆਦਿ ਵੀ ਇਕਠੇ ਕਰ ਕੇ ਦੇ ਦਿਤੇ ਸਨ। ਬਠਿੰਡੇ ਜਾਣ ਲਈ ਉਜਾੜ ਬੀਆਬਾਨ ਰਾਹਾਂ ਵਿਚੋਂ ਪੈਦਲ ਤੁਰ ਕੇ ਜਾਣਾ ਪੈਂਦਾ ਸੀ ਜਾਂ ਰੇਤੇ ਦੇ ਭਰੇ ਟਿੱਬਿਆਂ ਵਿਚੋਂ ਲੰਘ ਸ਼ੇਰਗੜ੍ਹ ਸਟੇਸ਼ਨ ਤੋਂ ਛੋਟੀ ਗੱਡੀ ਫੜ ਕੇ ਬਠਿੰਡੇ ਜਾਈ ਦਾ ਸੀ। ਸਭ ਗੱਡੀਆਂ ਬੇਟੈਮੀਆਂ ਚਲਦੀਆਂ ਸਨ। ਇਹਨਾਂ ਉਜਾੜ ਬੀਆਬਾਨ ਟਿੱਬਿਆਂ ਵਿਚੋਂ ਲੰਘਦਿਆਂ ਜਿਥੇ ਡਰ ਲਗਦਾ, ਓਥੇ ਸੂਏ ਕੰਢੇ ਕਦੀ ਕਦੀ ਮੋਰ, ਤਿੱਤਰ, ਸਹੇ ਤੇ ਭਟਿਟਰ ਤੁਰੇ ਫਿਰਦੇ ਦਿਸਦੇ ਤੇ ਮੋਰ ਤੇ ਤਿੱਤਰ ਆਵਾਜ਼ਾਂ ਕੱਢਦੇ ਬੜੇ ਸੁਹਣੇ ਲਗਦੇ। ਪਾਕਿਸਤਾਨ ਵਾਲੇ ਪਿੰਡ ਦਾ ਇਕੋ ਇਕ ਜਾਣ ਪਛਾਣ ਵਾਲਾ ਬੂਟਾ ਜਾਲੀ ਤਾਂ ਕਈ ਮਹੀਨੇ ਪਹਿਲਾਂ ਬਠਿੰਡਿਓਂ ਗਡੀ ਚੜ੍ਹ ਕੇ ਪਤਾ ਨਹੀਂ ਕਿਧਰ ਚਲਾ ਗਿਆ ਸੀ ਤੇ ਮੁੜ ਜ਼ਿੰਦਗੀ ਵਿਚ ਉਹ ਕਦੇ ਵੀ ਨਾ ਮਿਲਿਆ। ਵਿਚ ਵਿਚ ਓਥੋਂ ਗੋਨਿਆਣਾ ਮੰਡੀ ਦੇ ਸਕੂਲ ਵੀ ਪੜ੍ਹਨ ਲਈ ਜਾ ਆਉਂਦਾ। ਮਨ ਏਨਾ ਜ਼ਿਆਦਾ ਉੱਖੜ ਚੁੱਕਾ ਸੀ ਕਿ ਪੜ੍ਹਾਈ ਵਿਚ ਉੱਕਾ ਈ ਦਿਲ ਨਹੀਂ ਲਗਦਾ ਸੀ। 30 ਜਨਵਰੀ ਨੂੰ ਮਹਾਤਮਾ ਗਾਂਧੀ ਦਾ ਕਤਲ ਹੋਣ ਤੇ ਸਕੂਲ ਵਿਚ ਛੁੱਟੀ ਹੋ ਗਈ। ਭਾਵੇਂ ਓਸ ਵੇਲੇ ਮੇਰੀ ਕੋਈ ਸਿਆਸੀ ਸੋਚ ਨਹੀਂ ਸੀ ਪਰ ਹਿੰਦੋਸਤਾਨ ਨੂੰ ਆਜ਼ਾਦ ਕਰਵਾਉਣ ਵਾਲੇ ਮਹਾਤਮਾ ਗਾਂਧੀ ਦਾ ਕਤਲ ਬਹੁਤ ਮਾੜਾ ਲੱਗਿਆ। ਬੜੇ ਉੱਖੜਵੇਂ ਮਾੜੇ ਹਾਲਾਤਾਂ ਵਿਚ ਸੰਨ 48 ਚੜ੍ਹ ਕੇ ਮਾਰਚ ਦਾ ਮਹੀਨਾ ਆ ਗਿਆ ਸੀ ਤੇ ਮੈਂ ਅੱਠਵੀਂ ਪਾਸ ਕਰ ਕੇ ਏਸੇ ਸਕੂਲ ਵਿਚ ਹੀ ਨੌਵੀਂ ਵਿਚ ਦਾਖਲ ਹੋ ਗਿਆ।
-----
ਇਕ ਦਿਨ ਬਾਪੂ ਇਕ ਬੋਤਾ ਵੀ ਲੱਭ ਲਿਆਇਆ ਤੇ ਉਸਨੂੰ ਵਾਹੀ ਕਰਨ ਲਈ ਵਰਤਣ ਵਾਸਤੇ ਕਿੱਲੇ ਉੱਤੇ ਲਿਆ ਕੇ ਬੰਨ੍ਹ ਦਿਤਾ। ਫਿਰ ਇਕ ਮੱਝ ਵੀ ਮਿਲ ਗਈ ਸੀ। ਗਹਿਰੀ ਵੱਲ ਲਗਦੇ ਸੂਏ ਕੰਢੇ ਕਦੇ ਕਦੇ ਮੈਂ ਗਾਂ ਤੇ ਮੱਝ ਨੂੰ ਮੈਂ ਚਾਰਣ ਜਾਂਦਾ ਤਾਂ ਸਰਾਂ ਵਿਚ ਲੁਕੇ ਤਿੱਤਰਾਂ ਨੂੰ ਛੋਟੀ ਜਹੀ ਭੂਰੇ ਰੰਗ ਦੀ ਕੁੱਤੀ ਜੋ ਬਾਪੂ ਕਿਤੋਂ ਲੈ ਆਇਆ ਸੀ, ਸੁੰਘ ਕੇ ਲੱਭ ਲੈਂਦੀ ਤੇ ਉਹਨਾਂ ਦੇ ਮਗਰ ਭੱਜ ਕੇ ਤੀਜੀ ਉਡਾਰੀ ਤੇ ਇਕ ਤਿੱਤਰ ਆਪਣੇ ਦੰਦਾਂ ਵਿਚ ਅੜਾ ਕੇ ਲੈ ਆਉਂਦੀ ਜਿਸ ਦਾ ਭੁੱਜਾ ਮਾਸ ਬੜਾ ਸਵਾਦ ਲਗਦਾ ਤੇ ਬਾਰ ਦਾ ਪਿੰਡ, ਖਤਾਨ ਅਤੇ ਆਪਣਾ ਪਿਛਲਾ ਮੁਰੱਬਾ ਯਾਦ ਆ ਜਾਂਦਾ। ਕੁਝ ਦਿਨਾਂ ਬਾਅਦ ਪਟਵਾਰੀ ਕਹਿ ਗਿਆ ਕਿ ਇਹ ਇਹ ਗਊ, ਇਹ ਬੋਤਾ ਇਹ ਮੱਝ ਬਠਿੰਡੇ ਤਹਿਸੀਲਦਾਰ ਦੇ ਦਫਤਰ ਵਿਚ ਲਿਜਾ ਕੇ ਇਹਨਾਂ ਦੀ ਬੋਲੀ ਕਰਵਾ ਕੇ ਬਣਦੇ ਪੈਸੇ ਤਾਰ ਕੇ ਆਓ ਨਹੀਂ ਤਾਂ ਤੁਹਾਡੇ ਤੇ ਬਠਿੰਡੇ ਥਾਣੇ ਵਿਚ ਚੋਰੀ ਦਾ ਕੇਸ ਦਰਜ ਹੋ ਜਾਏਗਾ। ਬਾਪੂ ਨੇ ਬਥੇਰਾ ਕਿਹਾ ਕਿ ਅਸੀਂ ਵੀ ਤਾਂ ਆਪਣੇ ਪਸੂ ਡੰਗਰ ਪਾਕਿਸਤਾਨ ਵਿਚ ਛੱਡ ਕੇ ਆਏ ਹਾਂ ਪਰ ਪਟਵਾਰੀ ਨਾ ਮੰਨਿਆ ਤੇ ਅਸੀਂ ਇਕ ਇਕ ਕਰ ਕੇ ਉਹਨਾਂ ਪਸੂਆਂ ਨੂੰ ਬਠਿੰਡੇ ਦੀ ਤਹਿਸੀਲੇ ਪੇਸ਼ ਕਰ ਕੇ ਵੀਹ ਵੀਹ ਰੁਪੈ ਤਾਰ ਕੇ ਆਪਣੀ ਮਲਕੀਤ ਵਿਚ ਲਿਆਂਦਾ ਤੇ ਇਹ ਪੈਸੇ ਪਿੰਡ ਦੇ ਸ਼ਾਹ ਕੋਲੋਂ ਉਧਾਰੇ ਫੜੇ। ਜਦੋਂ ਪਿੰਡ ਦੀ ਨਿਆਈਂ ਵਾਲੀ ਜ਼ਮੀਨ ਵਿਚ ਬੀਜੇ ਸਾਡੇ ਖਰਬੂਜ਼ੇ ਵਿਕਣੇ ਸ਼ਰੂ ਹੋਏ ਜੋ ਅਸੀਂ ਖੋਤੀਆਂ ਤੇ ਲੱਦ ਕੇ ਬਠਿੰਡੇ ਵੇਚਣ ਜਾਂਦੇ ਤਾਂ ਸ਼ਾਹ ਦਾ ਕਰਜ਼ਾ ਉਤਾਰ ਦਿਤਾ ਤੇ ਸਗੋਂ ਕੁਝ ਪੈਸੇ ਬਚ ਵੀ ਗਏ।
-----
ਇਕ ਅਧਖੜ੍ਹ ਮੁਸਲਮਾਨੀ ਜਿਸ ਦੇ ਸਾਰੇ ਰਿਸ਼ਤੇਦਾਰ ਪਾਕਿਸਤਾਨ ਜਾਂਦੇ ਮਾਰੇ ਗਏ ਸਨ, ਅਕਸਰ ਸਾਡੇ ਦਰਵਾਜ਼ੇ ਵਿਚ ਆ ਕੇ ਬੈਠ ਜਾਂਦੀ ਤੇ ਆਪਣਿਆਂ ਨੂੰ ਯਾਦ ਕਰ ਕਰ ਉੱਚੀ-ਉੱਚੀ ਵੈਣ ਪਾਉਣ ਲੱਗ ਪੈਂਦੀ। ਮੇਰੀ ਮਾਂ ਉਹਨੂੰ ਕਈ ਵਾਰ ਰੋਟੀ ਖਵਾ ਦੇਂਦੀ ਅਤੇ ਉਹ ਤੇ ਮਾਂ ਚੱਕੀ ਝੋਅ ਕੇ ਆਟਾ ਪੀਹ ਲੈਂਦੀਆਂ। ਸ਼ਾਇਦ ਇਸ ਪਿੰਡ ਖਰਾਸ ਕੋਈ ਨਹੀਂ ਸੀ ਤੇ ਲੋਕ ਲਾਗਲੇ ਪਿੰਡਾਂ ਤੋਂ ਦਾਣੇ ਪਿਸਾ ਕੇ ਲਿਆਉਂਦੇ ਸਨ। ਉਂਜ ਇਸ ਪਿੰਡ ਵਿਚ ਰੱਜੇ ਪੁਜੇ ਤੇ ਜ਼ਮੀਨ ਜਾਇਦਾਦ ਵਾਲੇ ਬਾਣੀਆਂ ਦੇ ਕਈ ਘਰ ਸਨ ਜਿਨ੍ਹਾਂ ਦਾ ਬਠਿੰਡੇ ਪੜ੍ਹਦਾ ਇਕ ਮੁੰਡਾ ਅਮਰ ਨਾਥ ਸਿੰਗਲਾ ਮੇਰਾ ਯਾਰ ਬਣ ਗਿਆ। ਇਹਨਾਂ ਬਾਣੀਆਂ ਦੀਆਂ ਕਿਲਿਆਂ ਵਰਗੀਆਂ ਉੱਚੀਆਂ ਉੱਚੀਆਂ ਪੱਕੀਆਂ ਹਵੇਲੀਆਂ ਸਨ ਤੇ ਅਮਰ ਨਾਥ ਸਿੰਗਲਾ ਦਾ ਪਿੰਡ ਦੇ ਉੱਤਰ ਵਾਲੇ ਵਿਚ ਬਾਗ ਵੀ ਸੀ। ਅਸੀਂ ਉਹਦੇ ਬਾਗ਼ ਵਿਚ ਬੈਠ ਕੇ ਪੜ੍ਹਦੇ। ਪੜ੍ਹਨ ਵਿਚ ਉਹ ਬਹੁਤਾ ਹੁਸ਼ਿਆਰ ਨਹੀਂ ਸੀ। ਮੈਂ ਕਈ ਵਾਰ ਬਠਿੰਡੇ ਉਹਦੇ ਸਨਾਤਨ ਧਰਮ ਸਕੂਲ ਦੇ ਹੋਸਟਲ ਦੇ ਕਮਰੇ ਵਿਚ ਠਹਿਰ ਜਾਂਦਾ ਤੇ ਉਹਨੂੰ ਪੜ੍ਹਾਂਦਾ ਵੀ। ਪਰ ਆਪ ਸ਼ਵਿੰਦਰਾ ਹਾਈ ਸਕੂਲ ਗੋਨਿਆਣਾ ਮੰਡੀ ਹੀ ਪੜ੍ਹਨ ਜਾਂਦਾ। ਰਿਆਸਤ ਫਰੀਦਕੋਟ ਦੀ ਹੱਦ ਤੇ ਪੈਂਦੇ ਆਖਰੀ ਪਿੰਡ ਨਹੀਂਆਂ ਵਾਲਾ ਵਿਚ ਰੇਲਵੇ ਲਾਈਨ ਦੇ ਨਾਲ ਇਕ ਕੱਚੇ ਕਿਲੇ ਵਿਚ ਮੁੰਡਿਆਂ ਲਈ ਹੋਸਟਲ ਬਣਿਆ ਹੋਇਆ ਸੀ। ਮੈਂ ਇਸ ਹੋਸਟਲ ਵਿਚ ਦਾਖਲ ਹੋ ਗਿਆ। ਨਸਵਾਰ ਦੀ ਚੁਟਕੀ ਲੈਣ ਵਾਲਾ ਤੇ ਹੁੱਕੀ ਪੀਣ ਵਾਲਾ ਬਾਵਰਚੀ ਕੋਲਿਆਂ ਤੇ ਰੋਟੀ ਸੇਕ ਕੇ ਦੂਰੋਂ ਚਿਮਟੇ ਨਾਲ ਸਾਡੀ ਥਾਲੀ ਵਿਚ ਐਸਾ ਨਿਸ਼ਾਨਾ ਲਾ ਕੇ ਫੁੱਲਿਆ ਫੁਲਕਾ ਸੁੱਟਦਾ ਕਿ ਮਜਾਲ ਥਾਲੀ ਤੋਂ ਬਾਹਰ ਡਿੱਗ ਪਵੇ। ਏਥੇ ਹੀ ਸਕੂਲ ਦਾ ਹੈਡਮਾਸਟਰ ਗੁਰਬਚਨ ਸਿੰਘ ਦੀਵਾਨਾ ਸ਼ਾਮ ਨੂੰ ਆ ਜਾਂਦਾ ਅਤੇ ਹਸੋਟਲ ਦੇ ਸੁਪਰਡੰਟ ਗੁਰਬਚਨ ਸਿੰਘ ਨਾਲ ਜੋ ਸਕੂਲ ਦਾ ਗਿਆਨੀ ਟੀਚਰ ਸੀ, ਨਾਲ ਰਲ ਕੇ ਸ਼ਰਾਬ ਪੀਂਦਾ। ਹਰੇ ਰੰਗ ਦੀ ਸ਼ਰਾਬ ਦੀ ਬੋਤਲ ਲੈਣ ਲਈ ਉਹ ਅਕਸਰ ਮੰਡੀ ਦੇ ਠੇਕੇ ਤੇ ਮੈਨੂੰ ਹੀ ਭੇਜਦੇ ਅਤੇ ਮੈਂ ਪੈਦਲ ਭੱਜ ਕੇ ਤੁਰਤ ਬੋਤਲ ਲੈ ਕੇ ਆ ਜਾਂਦਾ। ਇਸ ਹੋਸਟਲ ਵਿਚੋਂ ਮੁੰਡੇ ਕਈ ਵਾਰ ਭੱਜ ਕੇ ਜਗਜੀਤ ਥੇਟਰ ਜਾਂ ਨਾਵਲਟੀ ਟਾਕੀ ਬਠਿੰਡੇ ਜਾ ਕੇ ਪਿਕਚਰ ਵੇਖ ਆਉਂਦੇ ਅਤੇ ਅੱਧੀ ਰਾਤੀਂ ਭੱਜ ਕੇ ਹੀ ਵਾਪਸ ਆ ਜਾਂਦੇ ਜਾਂ ਬਾਕੀ ਰਾਤ ਸਟੇਸ਼ਨ ਦੇ ਬੈਂਚਾਂ ਜਾਂ ਫਰਸ਼ ਤੇ ਸੌਂ ਕੇ ਸਵੇਰ ਵਾਲੀ ਗੱਡੀ ਦੇ ਆਖਰੀ ਡੱਬਿਆਂ ਵਿਚ ਬਿਨ ਟਿਕਟੋਂ ਚੜ੍ਹ ਕੇ ਗੋਨਿਆਣਾ ਮੰਡੀ ਦੇ ਸਟੇਸ਼ਨ ਤੇ ਗੱਡੀ ਰੁਕਣ ਤੋਂ ਪਹਿਲਾਂ ਹੀ ਭੱਜ ਕੇ ਹੋਸਟਲ ਪਹੁੰਚ ਜਾਂਦੇ। ਜੇ ਕਿਤੇ ਸਿਗਨਲ ਡਾਊਨ ਨਾ ਹੋਇਆ ਹੁੰਦਾ ਤਾਂ ਗੱਡੀ ਹੋਸਟਲ ਦੇ ਲਾਗੇ ਹੀ ਰੁਕ ਜਾਂਦੀ। ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਿਕਚਰ “ਅਨਮੋਲ ਘੜੀ” ਬਠਿੰਡੇ ਦੀ ਬਗੈਰ ਛੱਤ ਵਾਲੀ ਨਾਵਲਟੀ ਟਾਕੀ ਵਿਚ ਭੁੰਜੇ ਬਹਿ ਕੇ ਵੇਖੀ ਜਿਸ ਦੀ ਟਿਕਟ ਤਿੰਨ ਆਨੇ ਹੁੰਦੀ ਸੀ। ਉਹਨਾਂ ਸਮਿਆਂ ਵਿਚ ਤਿੰਨ ਆਨੇ ਇਕਠੇ ਕਰਨੇ ਸੌਖਾ ਕੰਮ ਨਹੀਂ ਸੀ। ਅਕਤੂਬਰ 1947 ਤੋਂ ਮਾਰਚ 1951 ਤੱਕ ਦੇ ਉਦਾਸ ਤੇ ਗਰੀਬ ਦਿਨਾਂ ਵਿਚ ਦਸਵੀਂ ਜਮਾਤ ਪਾਸ ਕਰਨ ਤੀਕ ਮੈਂ ਗੋਨਿਆਣਾ ਮੰਡੀ, ਬਠਿੰਡੇ ਅਤੇ ਮਹਿਤੇ ਵਿਚ੍ਹਕਾਰਲੇ ਟਿੱਬਿਆਂ ਦਾ ਕਰੀਬ 12 ਕੋਹ ਦਾ ਪੈਦਲ ਤੇ ਬਿਨ-ਟਿਕਟੋੰ ਸਫ਼ਰ ਪਤਾ ਨਹੀਂ ਕਿੰਨੀ ਕੁ ਸੌ ਵਾਰ ਕੀਤਾ ਹੋਵੇਗਾ। ਕਿੰਨੀ ਕੁ ਵਾਰ ਮੱਲ੍ਹੇ ਅਤੇ ਬੇਰੀਆਂ ਦੇ ਬੇਰ ਤੋੜ ਕੇ ਖਾਧੇ ਹੋਣਗੇ। ਕਈ ਵਾਰ ਨਿਸਰਦੇ ਛੋਲਿਆਂ ਦੇ ਪੱਤਿਆਂ ਵਿਚ ਲੂਣ ਮਿਰਚ ਰਲਾ ਕੇ ਤੇ ਹੱਥਾਂ ਵਿਚ ਈ ਗੁੰਨ੍ਹ ਤੇ ਰੋਟੀ ਤੇ ਰੱਖ ਕੇ ਸਵਾਦ ਮਾਣਿਆ ਹੋਵੇਗਾ ਤੇ ਮਾਲਵੇ ਦੇ ਇਸ ਇਲਾਕੇ ਦੇ ਖਾਰੇ ਪਾਣੀ ਪੀਣ ਨਾਲ ਮੇਰੇ ਚਿੱਟੇ ਦੰਦਾਂ ਦਾ ਰੰਗ ਪੀਲਾ ਪੈ ਗਿਆ ਸੀ। ਪਿਛੋਂ ਦੰਦਾਂ ਦੇ ਡਾਕਟਰ ਨੇ ਦਸਿਆ ਕਿ ਇਸ ਨੂੰ ਵਾਟਰ ਮਾਰਕਸ ਕਹਿੰਦੇ ਹਨ।
*********
ਚਲਦਾ
No comments:
Post a Comment