ਅਜੋਕਾ ਨਿਵਾਸ : ਲੁਧਿਆਣਾ, ਪੰਜਾਬ
ਕਿਤਾਬ: ਤਕਰੀਬਨ ਪੈਂਤੀ ਦੇ ਕਰੀਬ ਕਿਤਾਬਾਂ ਛਪ ਚੁੱਕੀਆਂ ਹਨ। ਕਿਤਾਬਾਂ ਬਾਰੇ ਵਿਸਤ੍ਰਿਤ ਵੇਰਵਾ ਪ੍ਰਾਪਤ ਨਹੀਂ ਹੈ। ਡਾ: ਸ਼ੁਕਲਾ ਜੀ ਦੇ ਲਿਖੇ ਨਾਟਕ ਦੂਰਦਰਸ਼ਨ ਅਤੇ ਅਕਾਸ਼ਵਾਣੀ ਤੋਂ ਪ੍ਰਸਾਰਿਤ ਵੀ ਹੋ ਚੁੱਕੇ ਹਨ ਅਤੇ ਸਟੇਜ ਤੇ ਵੀ ਕਈ ਵਾਰੀ ਖੇਡੇ ਗਏ ਹਨ। ਇਨ੍ਹਾਂ ਤੋਂ ਇਲਾਵਾ ਇਹਨਾਂ ਦੁਆਰਾ ਰਚਿਤ ਕਹਾਣੀਆਂ ਦੇ ਅਨੁਵਾਦ ਕੰਨੜ, ਸਿੰਧੀ, ਗੁਜਰਾਤੀ, ਮਰਾਠੀ, ਤਮਿਲ, ਮਲਿਆਲਮ, ਤੇਲਗੂ ਆਦਿ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਵੀ ਹੋਏ ਹਨ।
-----
ਇਨਾਮ-ਸਨਮਾਨ: ਡਾ: ਸ਼ੁਕਲਾ ਜੀ ਨੂੰ ਸਾਹਿਤਕ ਸੇਵਾਵਾਂ ਬਦਲੇ ਬਹੁਤ ਸਾਰੇ ਇਨਾਮਾਂ/ ਐਵਾਰਡਾਂ ਨਾਲ਼ ਸਨਮਾਨਿਆ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ ਮਿਲੇਨੀਅਮ ਐਵਾਰਡ, ਪੰਜਾਬ ਰਤਨ ਐਵਾਰਡ ਆਦਿ ਪ੍ਰਮੁੱਖ ਹਨ।
-----
ਦੋਸਤੋ! ਅੱਜ ਡਾ: ਫ਼ਕੀਰ ਚੰਦ ਸ਼ੁਕਲਾ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਵਿਅੰਗ ਨਾਲ਼ ਆਰਸੀ ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਸਾਰੇ ਲੇਖਕ/ਪਾਠਕ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਇਸ ਵਿਅੰਗ ਨੂੰ ਆਰਸੀ ਰਿਸ਼ਮਾਂ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
************
ਵਿਅੰਗ
ਆਖਿਰ ਉਹ ਸੁਲੱਖਣੀ ਘੜੀ ਆ ਹੀ ਗਈ ਸੀ।ਮੈਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦੇ ਐਵਾਰਡ ਲਈ ਚੁਣ ਲਿਆ ਗਿਆ ਸੀ।ਬੜੇ ਚਿਰਾਂ ਤੋਂ ਤਮੰਨਾ ਸੀ ਕਿ ਮੈਨੂੰ ਵੀ ਸ਼੍ਰੋਮਣੀ ਐਵਾਰਡ ਮਿਲਣਾ ਚਾਹੀਦੈ ਕਿਉਂਕਿ ਮੇਰੀਆਂ 35 ਕਿਤਾਬਾਂ ਛਪ ਚੁੱਕੀਆਂ ਨੇ ਅਤੇ ਕਈ ਵਾਰੀ ਨੈਸ਼ਨਲ ਐਵਾਰਡਜ਼ ਅਤੇ ਵੱਖ-ਵੱਖ ਰਾਜਾਂ ਵੱਲੋਂ ਵੀ ਐਵਾਰਡ ਮਿਲੇ ਸਨ। ਮੇਰੇ ਲਿਖੇ ਨਾਟਕ ਦੂਰਦਰਸ਼ਨ ਅਤੇ ਅਕਾਸ਼ਵਾਣੀ ਤੋਂ ਪ੍ਰਸਾਰਿਤ ਵੀ ਹੋਏ ਸਨ ਅਤੇ ਸਟੇਜ ਤੇ ਵੀ ਕਈ ਵਾਰੀ ਖੇਡੇ ਗਏ ਸਨ। ਇਨ੍ਹਾਂ ਤੋਂ ਇਲਾਵਾ ਮੇਰੀਆਂ ਕਹਾਣੀਆਂ ਦੇ ਅਨੁਵਾਦ ਕੰਨੜ, ਸਿੰਧੀ, ਗੁਜਰਾਤੀ, ਮਰਾਠੀ, ਤਮਿਲ, ਮਲਿਆਲਮ, ਤੇਲਗੂ ਆਦਿ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਵੀ ਹੋਏ ਸਨ।ਹਿੰਦੀ ਵਿਚ ਤਾਂ ਮੈਂ ਖ਼ੁਦ ਹੀ ਲਿਖਦਾ ਹਾਂ ਅਤੇ ਹਿੰਦੀ ਸਾਹਿਤ ਵਿਚ ਵਡਮੁੱਲੇ ਯੋਗਦਾਨ ਲਈ ਮੈਨੂੰ ਮਿਲੇਨੀਅਮ ਐਵਾਰਡ ਨਾਲ ਨਵਾਜਿਆ ਵੀ ਗਿਆ ਸੀ।ਇਨ੍ਹਾਂ ਤੋਂ ਇਲਾਵਾ ਮੈਨੂੰ ਪੰਜਾਬ ਰਤਨ ਦਾ ਐਵਾਰਡ ਵੀ ਮਿਲਿਆ ਸੀ।
-----
..ਤੇ ਸੂਚਨਾ ਮਿਲਣ ਤੇ ਬਹੁਤ ਖੁਸ਼ੀ ਹੋਈ ਸੀ ਕਿ ਮੇਰੀ ਮਿਹਨਤ ਦਾ ਮੁੱਲ ਪੈ ਗਿਆ।ਲਗਭਗ ਸਾਰਿਆਂ ਅਖ਼ਬਾਰਾਂ ਵਿਚ ਖ਼ਬਰ ਛਪੀ ਸੀ।ਦੂਰਦਰਸ਼ਨ ਅਤੇ ਅਕਾਸ਼ਵਾਣੀ ਤੋਂ ਵੀ ਖ਼ਬਰਾਂ ਵਿਚ ਦੱਸਿਆ ਗਿਆ ਸੀ।ਉਸ ਵੇਲੇ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਇੱਕ ਲੱਖ ਰੁਪਈਆਂ ਦੀ ਥੈਲੀ, ਗੋਲਡ ਮੈਡਲ, ਮੋਮੈਂਟੋ ਅਤੇ ਦੋਸ਼ਾਲਾ ਭੇਟ ਕੀਤਾ ਸੀ।ਸ਼੍ਰੋਮਣੀ ਐਵਾਰਡ ਮਿਲਣ ਤੇ ਖ਼ੁਸ਼ੀ ਵੀ ਹੋਈ ਸੀ ਤੇ ਮਨ ਤੇ ਉਦਾਸੀ ਵੀ ਛਾਈ ਹੋਈ ਸੀ। ਉਦਾਸੀ ਦਾ ਕਾਰਨ ਮੇਰੀ ਪਤਨੀ ਦੀ ਬੇਵਕਤੀ ਮੌਤ ਸੀ । ਐਵਾਰਡ ਲੈਣ ਵੇਲੇ ਜੇ ਉਹ ਮੇਰੇ ਨਾਲ ਹੁੰਦੀ ਤਾਂ ਖ਼ੁਸ਼ੀ ਦਾ ਕਈ ਗੁਣਾ ਵਧ ਜਾਣਾ ਸੁਭਾਵਿਕ ਸੀ।ਖ਼ੈਰ! ਜ਼ਿੰਦਗੀ ਤਾਂ ਉਸ ਪਰਵਰਦਿਗਾਰ ਦੀ ਮਰਜੀ ਅਨੁਸਾਰ ਚੱਲਦੀ ਹੈ।
-----
ਸ਼੍ਰੋਮਣੀ ਐਵਾਰਡ ਦੀ ਘੋਸ਼ਨਾ ਹੋਣ ਮਗਰੋਂ ਮੈਨੂੰ ਜਾਪ ਰਿਹਾ ਸੀ ਕਿ ਲੈ ਬਈ ਫ਼ਕੀਰ ਚੰਦ ਸ਼ੁਕਲਾ! ਅੱਜ ਤੇਰੇ ਫ਼ੋਨ ਨੇ ਟਰਨ-ਟਰਨ ਕਰਨ ਤੋਂ ਨਹੀਂ ਹਟਣਾ ਕਿਉਂਕਿ ਲੇਖਕਾਂ ਮਿੱਤਰਾਂ ਵੱਲੋਂ ਵਧਾਈ-ਸੰਦੇਸ਼ ਆਉਣੇ ਸ਼ੁਰੂ ਹੋ ਜਾਣਗੇ।ਪਰ ਇਕ ਦਿਨ, ਦੋ ਦਿਨ, ਤਿੰਨ ਦਿਨ ਲੰਘ ਗਏ।ਸਿਰਫ਼ ਦੋ ਚਾਰ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕਿਸੇ ਦਾ ਫ਼ੋਨ ਨਹੀਂ ਆਇਆ ਸੀ।ਇੱਕ ਰਿਸ਼ਤੇਦਾਰ ਨੇ ਤਾਂ ਵੀਹ ਹਜ਼ਾਰ ਰੁਪਏ ਵੀ ਮੰਗ ਲਏ ਸਨ।ਕਹਿੰਦਾ ਸੀ-ਕੁੜੀ ਦਾ ਇੰਜਨੀਰਿੰਗ’ਚ ਦਾਖਲਾ ਕਰਵਾਉਣੈਂ.....ਫੀਸ’ਚੋਂ ਵੀਹ ਹਜ਼ਾਰ ਘਟਦੇ ਨੇ।ਤੂੰ ਦੇ ਦੇ.....ਕੁੜੀ ਸਾਰੀ ਉਮਰ ਤੇਰੇ ਹੁਣ ਗਾਊਗੀ ਤੇ ਅਸੀਸਾਂ ਦੇਵੇਗੀ।ਨਾਲੇ ਤੈਨੂੰ ਤਾਂ ਮੁਫ਼ਤ ਦੇ ਹੀ ਇਕ ਲੱਖ ਮਿਲੇ ਨੇ।’
-----
ਪਰ ਮੈਂ ਇਹ ਵੀ ਸੋਚ ਰਿਹਾ ਸੀ ਕਿ ਹੋ ਸਕਦਾ ਏ ਲੇਖਕਾਂ ਨੇ ਵਧਾਈ ਦੀਆਂ ਚਿੱਠੀਆਂ ਪਾਈਆਂ ਹੋਣ।ਮੇਰਾ ਅਜਿਹਾ ਭਰਮ ਇਸ ਕਰਕੇ ਵੀ ਸੀ ਕਿ ਇਕ ਵਾਰੀ ਮੇਰੀ ਜਾਨ-ਪਛਾਣ ਦੀ ਇਕ ਲੇਖਿਕਾ ਦੀ ਕਿਸੇ ਅਖ਼ਬਾਰ ਵਿਚ ਗ਼ਜ਼ਲ ਛਪੀ ਸੀ ਤਾਂ ਉਸਨੂੰ 60-65 ਦੇ ਕਰੀਬ ਵਧਾਈ ਦੀਆਂ ਚਿੱਠੀਆਂ ਅਤੇ ਇਸ ਤੋਂ ਵੱਧ ਟੈਲੀਫੂਨ ਆਏ ਸਨ।ਪਰ ਮੈਨੂੰ ਤਾਂ ਸ਼੍ਰੋਮਣੀ ਸਾਹਿਤਕਾਰ ਦਾ ਐਵਾਰਡ ਮਿਲਿਆ ਸੀ - ਇਕ ਲੱਖ ਰੁਪਏ ਵਾਲਾ। ਫੇਰ ਮੈਨੂੰ ਕਿਸੇ ਦੀ ਚਿੱਠੀ ਜਾਂ ਟੈਲੀਫੂਨ ਕਿਉਂ ਨਹੀਂ ਆਇਆ।ਮੈਂ ਜਿਵੇਂ ਸੋਚੀਂ ਪੈ ਗਿਆ ਸੀ।
ਆਖਿਰਕਾਰ ਤਿੰਨ ਚਾਰ ਦਿਨਾਂ ਮਗਰੋਂ ਮੈਂ ਜਿਨ੍ਹਾਂ ਲੇਖਕਾਂ ਨੂੰ ਬਹੁਤਾ ਖ਼ਾਸ ਸਮਝਦਾ ਸੀ ਖ਼ੁਦ ਹੀ ਫੋਨ ਕਰ ਦਿੱਤੇ ਤੇ ਰਤਾ ਖਿਝ ਕੇ ਕਿਹਾ ਸੀ- “ਓ ਥੋਡੀ ਕੀ ਬੁੜ੍ਹੀ ਮਰ’ਗੀ ਜੋ ਫਾਰਮੈਲਟੀ ਸੇਕ ਮੈਨੂੰ ਵਧਾਈ ਵੀ ਨੀ ਦੇ ਸਕਦੇ??”
.................
ਉਨ੍ਹਾਂ ‘ਚੋਂ ਦੋ ਜਣਿਆਂ ਨੇ ਤਾਂ ਢੀਠਾਂ ਵਾਂਗ ਜਵਾਬ ਦਿੱਤਾ ਸੀ-“ਓ ਤੈਨੂੰ ਤਾਂ ਹਰ ਸਾਲ ਕੋਈ ਨਾ ਕੋਈ ਇਨਾਮ ਮਿਲਦਾ ਈ ਰਹਿੰਦੈ।ਅਸੀਂ ਸੋਚਿਆ ਜਦੋਂ ਲੁਧਿਆਣੇ ਆਏ, ਨਾਲੇ ਵਧਾਈ ਦੇ ਜਾਵਾਂਗੇ ਤੇ ਨਾਲੇ ਬੀਅਰ ਪੀ ਜਾਵਾਂਗੇ ।”
...........
“ਥੋਨੂੰ ਤਾਂ ਮੈਂ ਗਊ ਮੂਤ ਵੀ ਨਾ ਪਿਲਾਵਾਂ ” ਮੈਂ ਹਾਲੇ ਵੀ ਖਿਝਿਆ ਪਿਆ ਸੀ ।
-----
ਲਗਦੇ ਹੱਥ ਤੁਹਾਨੂੰ ਆਪਣੇ ਬਾਰੇ ਇਕ ਭੇਤ ਵਾਲੀ ਗੱਲ ਵੀ ਦੱਸ ਦੇਵਾਂ, ਤੁਹਾਥੋਂ ਲੁਕੋ ਕੇ ਕਰਨਾ ਵੀ ਕੀ ਏ!ਦਰਅਸਲ ਮੈਂ ਪਿੰਡ’ਚ ਹੀ ਜੰਮਿਆ, ਪਲ਼ਿਆ ਅਤੇ ਪੜ੍ਹਿਆ ਹਾਂ।ਪਿੰਡ ਦਾ ਜੰਮਪਲ ਅਤੇ ਪਿੰਡ ਵਿਚ ਹੀ ਪੜ੍ਹਿਆ ਹੋਣ ਕਰਕੇ ਮੇਰੀਆਂ ਆਦਤਾਂ ਜੱਟਾਂ ਵਰਗੀਆਂ ਜ਼ਿਆਦਾ ਹਨ ਅਤੇ ਬੇਵਜ੍ਹਾ ਪੰਗੇ ਲੈਣੇ ਅਤੇ ਛਕਾਣ ਤੇ ਫ਼ੂਕ ਛਕ ਜਾਣਾ ਵੀ ਮੇਰੀਆਂ ਆਦਤਾਂ ਵਿਚ ਸ਼ੁਮਾਰ ਹੈ।ਹਾਂ, ਜ਼ਰੂਰ ਫ਼ੂਕ ਈ ਛਕੀ ਹੋਣੀ ਆ ਨਹੀਂ ਤਾਂ ਮੈਂ ਲੇਖਕਾਂ ਨੂੰ ਪਾਰਟੀ ਦੇਣ ਲਈ ਕਿਵੇਂ ਮੰਨ ਗਿਆ ਸਾਂ।
-----
ਖ਼ੈਰ! ਐਵਾਰਡ ਮਿਲਨ ਮਗਰੋਂ ਦੋ ਚਾਰ ਲੇਖਕ ਬੀਮਾ ਕੰਪਨੀ ਦੇ ਏਜੇਂਟਾਂ ਵਾਂਗ ਮਗਰ ਈ ਪੈ ਗਏ ਸਨ-“ਯਾਰ ਪਾਰਟੀ ਜ਼ਰੂਰ ਕਰ।ਪਾਰਟੀ ਨਾ ਦੇਣ ਨਾਲ ਸਾਹਿਤਕ ਖੇਤਰ ਵਿਚ ਬਹੁਤ ਮਾੜਾ ਪ੍ਰਭਾਵ ਪੈਂਦੈ।ਯਾਰਾਂ ਨਾਲ ਈ ਬਹਾਰਾਂ ਹੁੰਦੀਆਂ ਨੇ ਭਰਾਵਾ।ਨਾਲੇ ਤੈਨੂੰ ਕਾਹਦੀ ਘਾਟ ਏ!”
-----
ਪਰ ਮੇਰੇ ਮਨ ਵਿਚ ਇਹ ਖ਼ਿਆਲ ਵੀ ਵਾਰ–ਵਾਰ ਘੁੰਮੀ ਜਾ ਰਿਹਾ ਸੀ ਕਿ ਇਨ੍ਹਾਂ ਲੇਖਕਾਂ ਨੂੰ ਉਦੋਂ ਮੇਰਾ ਚੇਤਾ ਕਿਉਂ ਨੀ ਆਇਆ ਜਦੋਂ ਮੇਰੀ ਪਤਨੀ ਕੈਂਸਰ ਹਸਪਤਾਲ ਵਿਚ ਦਾਖਲ ਸੀ ਅਤੇ ਦੋ ਸਾਲ ਅਸੀਂ ਉੱਥੇ ਖੱਜਲ ਖ਼ੁਆਰ ਹੁੰਦੇ ਰਹੇ ਸਨ।ਦੋ-ਤਿੰਨ ਲੇਖਕਾਂ ਕੋਲ ਤਾਂ ਮੈਂ ਖ਼ੁਦ ਹੀ ਜਿਵੇਂ ਬੇਨਤੀ ਕਰਨ ਗਿਆ ਸੀ –“ਯਾਰ ਤੁਸੀਂ ਹੋਰ ਤਾਂ ਕੁਝ ਮੱਦਦ ਨੀ ਕਰ ਸਕਦੇ ਪਰ ਕਦੇ ਕਦਾਈ ਹਸਪਤਾਲ ਈ ਮੇਰੇ ਕੋਲ ਗੇੜਾ ਮਾਰ ਜਾਇਆ ਕਰੋ।ਰਤਾ ਮੇਰਾ ਮਨ ਈ ਬਦਲ ਜਾਇਆ ਕਰੇਗਾ” ਪਰ ਇਸ ਦੇ ਬਾਵਜੂਦ ਵੀ ਕੋਈ ਇੱਕ ਇਕ ਵਾਰੀ ਵੀ ਨਹੀਂ ਆਇਆ ਸੀ।ਪਤਨੀ ਦੀ ਮੌਤ ਮਗਰੋਂ ਵੀ ਕਿਸੇ ਲੇਖਕ ਦੇ ਦਰਸ਼ਨ ਤਾਂ ਕੀ ਹੋਣੇ ਸਨ ਕਿਸੇ ਵੱਲੋਂ ਅਫ਼ਸੋਸ ਦੀ ਚਿੱਠੀ ਵੀ ਨਹੀਂ ਆਈ ਸੀ। ਭੋਗ ਤੇ ਵੀ ਮਸਾਂ ਦੋ ਤਿੰਨ ਲੇਖਕ ਹੀ ਆਏ ਸਨ।
....ਤੇ ਹੁਣ ਮੈਂ ਖ਼ੁਦ ਹੈਰਾਨ ਸਾਂ ਕਿ ਪਤਾ ਨਹੀਂ ਕਿਵੇਂ ਅਜਿਹੇ ਲੇਖਕਾਂ ਨੂੰ ਮੈਂ ਪਾਰਟੀ ਦੇਣ ਲਈ ਮੰਨ ਗਿਆ ਸੀ।ਸ਼ਾਇਦ ਜੱਟਾਂ ਵਰਗੀਆਂ ਆਪਣੀਆਂ ਆਦਤਾਂ ਸਦਕਾ ਫ਼ੂਕ ਛਕ ਗਿਆ ਹੋਣਾ।
-----
ਖ਼ੈਰ! ਲੇਖਕਾਂ ਦੀ ਲਿਸਟ ਬਣਾਈ–ਘਟਾਈ ਗਈ।ਤੇ ਅਖੀਰ ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਹੋਟਲ ਵਿਚ ਪਾਰਟੀ ਸ਼ੁਰੂ ਹੋ ਗਈ।ਇਕ ਦੋ ਲੇਖਕ ਖ਼ੁਦ ਹੀ ਚੌਧਰੀ ਬਣਕੇ ਆਰਡਰ ਦਿੰਦੇ ਗਏ।ਮੇਰੇ ਵਰਗੇ ਵੈਸ਼ਨੂੰ ਬੰਦੇ ਦੇ ਮੂਹਰੇ ਮਾਸ-ਮੱਛੀ ਦੇ ਤਰ੍ਹਾਂ-ਤਰ੍ਹਾਂ ਦੇ ਵਿਅੰਜਨਾਂ ਦੀਆਂ ਪਲੇਟਾਂ ਆ ਰਹੀਆਂ ਸਨ।ਤੇ ਉਨ੍ਹਾਂ ਚੌਧਰੀਆਂ ਨੇ ਆਮ ਕਿਸਮ ਦੀ ਸ਼ਰਾਬ ਦੀ ਬਜਾਏ ਸਕੌਚ ਮੰਗਵਾਉਣ ਵਿਚ ਵੀ ਸੰਕੋਚ ਨਹੀਂ ਕੀਤਾ ਸੀ।
-----
ਸਕੌਚ ਦੇ ਕੁੱਝ ਪੈੱਗ ਅੰਦਰ ਜਾਂਦਿਆਂ ਸਾਰ ਹੀ ਲੇਖਕਾਂ ਦੇ ਗਿਆਨ-ਚਕਸ਼ੂ ਖੁੱਲ੍ਹਣ ਲੱਗੇ ਸਨ।ਕਿਹੜੀ ਲੇਖਿਕਾ ਕੀਹਦੇ ਨਾਲ ਫਸੀ ਹੋਈ ਐ, ਕੌਣ ਕਿਹੜੀ ਲੇਖਿਕਾ ਨੂੰ ਖ਼ੁਦ ਗ਼ਜ਼ਲਾਂ ਲਿਖ ਕੇ ਦੇਂਦੈ, ਕਿਸ ਲੇਖਕ ਦੀ ਬਦੌਲਤ ਥੋੜ੍ਹੇ ਸਮੇਂ ’ਚ ਈ ਇਕ ਲੇਖਿਕਾ ਟੀ.ਵੀ. ਅਤੇ ਲਾਲ ਕਿਲੇ ਤੇ ਹੋਣ ਵਾਲੇ ਮੁਸ਼ਾਹਿਰਿਆਂ ਦੀ ਸ਼ਾਨ ਬਣ ਗਈ ਏ..ਵਗੈਰਾ-ਵਗੈਰਾ ਦਾ ਪਰਦਾਫਾਸ਼ ਹੋਣ ਲੱਗਾ ਸੀ।
-----
ਮੈਂ ਘੜੀ-ਮੁੜੀ ਏਹੋ ਸੋਚ ਰਿਹਾ ਸੀ ਬਈ ਇਨ੍ਹਾਂ ‘ਚੋਂ ਕਦੋਂ ਕੋਈ ਮੈਥੋਂ ਮੇਰੇ ਲੇਖਣ ਬਾਰੇ ਪੁੱਛਣਾ ਸ਼ੁਰੂ ਕਰੇਗਾ।ਮੇਰੇ ਐਵਾਰਡ ਜਾਂ ਮੇਰੇ ਵਿਗਿਆਨੀ ਹੋਣ ਦੇ ਨਾਤੇ ਸਾਹਿਤਕ ਖੇਤਰ ਵਿਚ ਮੇਰੀ ਪ੍ਰਾਪਤੀਆਂ ਬਾਰੇ ਜ਼ਿਕਰ ਕਰਨਗੇ ਜਾਂ ਮੇਰੀ ਘਾਲਣਾ ਬਾਰੇ ਪੁੱਛਣਗੇ।ਪਰ ਨਹੀਂ ਉੱਥੇ ਤਾਂ ਇਕ ਦੂਜੇ ਦੇ ਕੱਚੇ ਚਿੱਠੇ ਸੁਣਾਏ ਜਾ ਰਹੇ ਸਨ ਜਾਂ ਫੇਰ ਖ਼ੁਦ ਆਪਣੀਆਂ ਤਾਰੀਫ਼ਾਂ ਦੀ ਡੁਗਡੁਗੀ ਵਜਾਈ ਜਾ ਰਹੇ ਸਨ।
-----
ਪਾਰਟੀ ਵਿਚ ਦੋ ਤਿੰਨ ਅਜਿਹੇ ਲੇਖਕ ਵੀ ਆ ਗਏ ਸਨ ਜਿਨ੍ਹਾਂ ਨਾਲ ਕਦੇ ਕਦਾਈ ਦੁਆ-ਸਲਾਮ ਤੋਂ ਵੱਧ ਕੋਈ ਗੱਲ ਨਹੀਂ ਹੋਈ ਸੀ ਤੇ ਜਿਨ੍ਹਾਂ ਨਾਲ ਦੁਆ ਸਲਾਮ ਕਰਨਾ ਵੀ ਸ਼ਾਇਦ ਮੈਂ ਆਪਣੀ ਤੌਹੀਨ ਸਮਝਦਾ ਹਾਂ। ਜ਼ਿਆਦਾ ਅਫ਼ਸੋਸ ਏਸ ਗੱਲ ਦਾ ਸੀ ਕਿ ਉਨ੍ਹਾਂ ਨੂੰ ਉਹੀ ਲੇਖਕ ਨਾਲ ਲੈ ਕੇ ਆਏ ਸਨ ਜਿਹੜੇ ਉਨ੍ਹਾਂ ਦੀ ਰੱਜ ਕੇ ਮੁਖ਼ਾਲਫ਼ਤ ਕਰਦੇ ਸਨ ਅਤੇ ਜਿਨ੍ਹਾਂ ਮੈਨੂੰ ਖੁੱਲ੍ਹੇ ਲਫ਼ਜ਼ਾਂ ਵਿਚ ਚਿਤਾਵਨੀ ਵੀ ਦਿੱਤੀ ਸੀ –“ਜੇ ਉਹਨਾਂ ਨੂੰ ਬੁਲਾਉਣੈ, ਤਾਂ ਅਸੀਂ ਤੇਰੀ ਪਾਰਟੀ ਵਿਚ ਨਹੀਂ ਜੇ ਆਉਣਾ”।
...............
“ਉਹਨਾ ਨਾਲ ਤਾਂ ਮੇਰੀ ਰਸਮੀ ਬੋਲਚਾਲ ਦੀ ਵੀ ਸਾਂਝ ਨ੍ਹੀਂ ” ਮੈਂ ਸਪੱਸ਼ਟ ਕੀਤਾ ਸੀ।ਪਰ ਹੁਣ ਉਹ ਖ਼ੁਦ ਹੀ ਉਹਨਾਂ ਲੇਖਕਾਂ ਨੂੰ ਨਾਲ ਲੈ ਕੇ ਆਏ ਸਨ।ਪਾਰਟੀ ਵਿਚ ਸਭ ਤੋਂ ਜ਼ਿਆਦਾ ਅਸੱਭਿਅਕ ਗੱਲਾਂ ਵੀ ਇਹ ਬਗੈਰ ਬੁਲਾਏ ਆਏ ਲੇਖਕ ਹੀ ਕਰ ਰਹੇ ਸਨ।
-----
ਮੇਜਾਂ ਉੱਤੇ ਖਾਧੇ, ਬਗੈਰ ਖਾਧੇ ਮੀਟ, ਚਿਕਨ ਅਤੇ ਮੱਛੀ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੀ ਪਲੇਟਾਂ ਪਈਆਂ ਸਨ ਤੇ ਇੰਜ ਜਾਪ ਰਿਹਾ ਸੀ ਜਿਵੇਂ ਸਾਰੇ ਰੱਜ-ਪੁੱਜ ਗਏ ਹੋਣ।ਕਈ ਤਾਂ ਪੂਰੇ ਟੱਲੀ ਹੋ ਗਏ ਜਾਪਦੇ ਸਨ।ਫੇਰ ਵੀ ਸਿਸ਼ਟਾਚਾਰ ਦੇ ਨਾਤੇ ਮੈਂ ਪੁੱਛ ਲਿਆ ਸੀ- “ਬਈ ਹੋਰ ਤਾਂ ਨੀ ਕੁੱਝ ਮੰਗਵਾਉਣਾ ?” ਦਰਅਸਲ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਸਾਰਿਆਂ ਨੂੰ ਬੇਨਤੀ ਕਰ ਦਿੱਤੀ ਸੀ ਕਿ ਮੈਂ ਸਾਢੇ ਨੌਂ ਵਜੇ ਇਕ ਪਰਿਵਾਰਕ ਫੰਕਸ਼ਨ ਤੇ ਜਾਣਾ ਹੈ ਤੇ ਮੈਂ ਚਾਹੁੰਦਾ ਸੀ ਕਿ ਅਸੀਂ ਸਾਰੇ ਸਮੇਂ ਸਿਰ ਵਿਹਲੇ ਹੋ ਜਾਈਏ।
............
“ਨਹੀਂ ਯਾਰ ਹੋਰ ਲੋੜ ਨੀ..ਆਪਾਂ ਤਾਂ ਪਹਿਲਾਂ ਈ ਵਾਧੂ ਖਾ ਪੀ ਗਏ ਆਂ ” ਲਗਭਗ ਸਾਰਿਆਂ ਲੇਖਕਾਂ ਦੇ ਹੀ ਕੁੱਝ ਇਸ ਤਰ੍ਹਾਂ ਦੇ ਵਿਚਾਰ ਸਨ।
..................
ਪਰ ਇਕ ਮਸ਼ਹੂਰ ਲੇਖਕ ਤੁਰੰਤ ਬੋਲ ਪਿਆ-“ਨਹੀਂ, ਮੈਂ ਤਾਂ ਹਾਲੇ ਹੋਰ ਪੀਣੀ ਐ ”ਤੇ ਉਸ ਖ਼ੁਦ ਹੀ ਵੇਟਰ ਨੂੰ ਆਰਡਰ ਦੇ ਦਿੱਤਾ ਸੀ-“ਜਾਹ ਇਕ ਬੋਤਲ ਸਿਗਨੇਚਰ ਦੀ ਲੈ ਆ ।” ਬੋਤਲ ਆਈ ਤਾਂ ਉਸ ਮਸਾਂ ਅੱਧਾ ਕੁ ਪੈੱਗ ਪੀਤਾ ਤੇ ਬੋਤਲ ਮੇਜ ਤੇ ਆਪਣੇ ਕੋਲ ਸਰਕਾ ਲਈ।
.................
ਉਸਨੂੰ ਇੰਜ ਕਰਦਿਆਂ ਵੇਖ ਮੈਂ ਵੀ ਵੇਟਰ ਨੂੰ ਬੁਲਾਏ ਬਿਨਾ ਨਾ ਰਹਿ ਸਕਿਆ- “ਵੇਟਰ,ਆਹ ਬੋਤਲ ਬਾਹਰ ਮੇਰੀ ਕਾਰ ’ਚ ਰੱਖ ਦੇ।”
..............
“ਤੂੰ ਕੀ ਕਰਨੀ ਐ, ਤੂੰ ਤਾਂ ਪੀਂਦਾ ਨ੍ਹੀਂ ”ਬੋਤਲ ਮੰਗਵਾਉਣ ਵਾਲਾ ਲੇਖਕ ਤਿਲਮਿਲਾ ਉੱਠਿਆ ਸੀ।
.............
“ਮੈਂ ਨੀ ਪੀਂਦਾ ਤਾਂ ਕੀ ਹੋਇਆ, ਮੇਰੇ ਘਰ ਕੋਈ ਪੀਣ ਵਾਲਾ ਵੀ ਤਾਂ ਆ ਸਕਦੈ ”ਮੈਨੂੰ ਵੀ ਢੀਠਾਂ ਵਾਂਗ ਕਹਿਣਾ ਪਿਆ ਸੀ।
------
... ਤੇ ਲਓ ਜੀ ਆਖਿਰ ਪਾਰਟੀ ਖ਼ਤਮ ਹੋ ਗਈ ਸੀ।ਮਹਿੰਗਾ ਏ.ਸੀ.ਹੋਟਲ ਤੇ ਹਰ ਇਕ ਚੀਜ ਦੇ ਚੌਗਣੇ ਰੇਟ। ਖ਼ੈਰ!ਦਸ ਹਜ਼ਾਰ ਦੇ ਕਰੀਬ ਬਿਲ ਦੇ ਕੇ ਜਦੋਂ ਬਾਹਰ ਆਏ ਤਾਂ ਮੈਂ ‘ਸ਼ੁਕਰੀਆ’ਜਾਂ ‘ਰੱਬ ਤੈਨੂੰ ਹੋਰ ਮਾਨ-ਸਨਮਾਨ ਦੁਆਵੇ’ਵਰਗੇ ਰਸਮੀ ਸ਼ਬਦਾਂ ਦੀ ਉਮੀਦ ਕਰ ਰਿਹਾ ਸੀ, ਪਰ ਲੇਖਕ ਵੀਰ ਤਾਂ ਜਿਵੇਂ ਘੋੜਿਆਂ ਦੀ ਬਜਾਏ ਹਵਾਈ ਜਹਾਜ਼ ਤੇ ਸਵਾਰ ਹੋ ਕੇ ਉਹ ਜਾਹ, ਉਹ ਜਾਹ......ਅੱਖਾਂ ਤੋਂ ਓਝਲ ਹੋ ਰਹੇ ਸਨ।
...........
‘ਏਹ ਕੀ ਹੋ ਰਿਹੈ?ਪਾਰਟੀ ਤੋਂ ਬਾਅਦ ਇੰਜ ਵੀ ਚਲੇ ਜਾਈਦੈ?”ਮੈਂ ਹਾਲੇ ਕੁਝ ਸੋਚ ਵੀ ਨਹੀਂ ਸਕਿਆ ਸੀ ਕਿ ਇਕਦਮ ਜਿਵੇਂ ਬੰਬ ਫਟਿਆ ਹੋਵੇ- “ਓਏ! ਰੋਟੀ ਤਾਂ ਖੁਆ ਸਾਨੂੰ”।
..............
ਤਿੰਨ ਲੇਖਕ ਮੈਨੂੰ ਘੇਰੀ ਖਲੋਤੇ ਸਨ।ਉਹਨਾਂ’ਚੋਂ ਬਿਨਾ ਬੁਲਾਏ ਆਇਆ ਲੇਖਕ ਕੁਝ ਜ਼ਿਆਦਾ ਈ ਫੁਦਕ ਰਿਹਾ ਸੀ-“ਹੁਣ ਰਾਤ ਨੂੰ ਅਸੀਂ ਭੁੱਖੇ ਤਾਂ ਨੀ ਸੌਣਾ।”
..............
“ਆਰਡਰ ਤਾਂ ਤੁਸੀਂਓ ਦੇ ਰਹੇ ਸੀ ,ਜੋ ਚਾਹੁੰਦੇ ਮੰਗਵਾ ਸਕਦੇ ਸੀ ”ਮੇਰੀ ਅਵਾਜ਼ ਵੀ ਰਤਾ ਤਲਖ਼ ਹੋ ਗਈ ਸੀ-“ਮੈਂ ਤਾਂ ਸਾਢੇ ਨੌਂ ਵਜੇ ਫੰਕਸ਼ਨ ਤੇ ਜ਼ਰੂਰ ਪਹੁੰਚਣੈ।”
...............
“..ਤਾਂ ਫੇਰ ਸਾਨੂੰ ਰੋਟੀ ਜੋਗੇ ਪੈਸੇ ਦੇ ਜਾਹ ”ਉਹਨਾਂ ਢੀਠਾਂ ਵਾਂਗ ਆਖਿਆ “ਕਿੰਨੇ ਦਵਾਂ?”ਮੈਂ ਪੁੱਛਿਆ ਤਾਂ ਬਗੈਰ ਸੱਦਿਆ ਲੇਖਕ ਬੋਲਿਆ-“ਅਸੀਂ ਤਿੰਨ ਆਂ, ਤਿੰਨ ਸੌ ਦੇ ਦੇ ।”
ਮੈਂ ਬਟੂਆ ਖੋਲ੍ਹ ਕੇ ਸੌ-ਸੌ ਦੇ ਤਿੰਨ ਨੋਟ ਕੱਢ ਕੇ ਉਨ੍ਹਾਂ ਵੱਲ ਵਧਾਏ ਤਾਂ ਉਨ੍ਹਾਂ ‘ਚੋਂ ਇਕ ਨੇ ਇੰਜ ਝੱਪਟਾ ਮਾਰਿਆ ਜਿਵੇਂ ਕੋਈ ਭੁੱਖਾ ਸ਼ਰਨਾਰਥੀ ਰੋਟੀ ਤੇ ਟੁੱਟ ਪੈਂਦਾ ਹੈ।
-----
...ਤੇ ਲਓ ਜੀ ਪਾਰਟੀ ਦਾ ਭੋਗ ਪੈ ਗਿਆ।ਮੇਰਾ ਮਨ ਵਾਰ-ਵਾਰ ਮੁਹਮੰਦ ਤੁਗਲਕ ਦੀ ਫੋਟੋ ਵੇਖਣ ਨੂੰ ਕਰ ਰਿਹਾ ਸੀ ਤਾਂ ਕਿ ਵੇਖ ਸਕਾਂ ਕਿ ਮੇਰੀ ਸ਼ਕਲ ਉਸ ਨਾਲ ਕਿੰਨੀ ਕੁ ਮਿਲਦੀ ਹੈ।ਵਾਰ-ਵਾਰ ਮੇਰੇ ਮਨ ਵਿਚ ਇਹ ਖ਼ਿਆਲ ਵੀ ਆਈ ਜਾ ਰਿਹਾ ਸੀ ਕਿ ਏਸ ਨਾਲੋਂ ਤਾਂ ਚੰਗਾ ਹੁੰਦਾ ਏਹ ਪੈਸੇ ਲੋੜਵੰਦ ਵਿਦਿਆਰਥੀਆਂ ਤੇ ਖ਼ਰਚ ਦੇਂਦਾ।ਸ਼ਾਇਦ ਲੇਖਕ ਵੀਰਾਂ ਨੂੰ ਇਹ ਨਹੀਂ ਪਤਾ ਸੀ ਕਿ ਐਵਾਰਡ ਦਾ ਇਕ ਲੱਖ ਰੁਪਈਆ ਤਾਂ ਮੈਂ ਐਵਾਰਡ ਮਿਲਣ ਤੋਂ ਦੋ ਦਿਨ ਬਾਅਦ ਹੀ ਆਪਣੀ ਪਤਨੀ ਸਨੇਹ ਪ੍ਰਭਾ ਦੀ ਯਾਦ ਵਿਚ ਚੈਰੀਟੇਬਲ ਸੰਸਥਾਵਾਂ ਨੂੰ ਦਾਨ ਦੇ ਆਇਆ ਸੀ। ਪਰ ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਐਵਾਰਡ ਦੀ ਖ਼ੁਸ਼ੀ ਮਨਾਈ ਸੀ ਜਾਂ ਆਪਣੇ ਆਪ ਨੂੰ ਬੇਵਕੂਫ਼ ਬਣਾਇਆ ਸੀ। ਪਰ ਕਿਸੇ ਦਾ ਕੀ ਕਸੂਰ .... ਜੱਟਾਂ ਆਲੀਆਂ ਮੇਰੀਆਂ ਆਦਤਾਂ ਤੋਂ ਮੈਨੂੰ ਬਚਾਵੇ ਕੌਣ!!!
No comments:
Post a Comment