ਲੇਖ / ਯਾਦਾਂ
ਭਾਗ ਪਹਿਲਾ
ਕੋਈ ਵੀ ਬੰਦਾ ਜਦੋਂ ਇੱਕ ਦੇਸ਼ ਵਿੱਚੋਂ ਦੂਜੇ ਦੇਸ਼ ਜਾਂਦਾ ਹੈ ਤਾਂ ਸੰਗਤ ਬਦਲ ਜਾਂਦੀ ਹੈ, ਹਾਲਾਤ ਬਦਲ ਜਾਂਦੇ ਹਨ ਅਤੇ ਮਹੌਲ ਵੀ। ਨਵੇਂ ਲੋਕ ਮਿਲਦੇ ਹਨ, ਕੁੱਝ ਪਾਰਦਰਸ਼ੀ, ਕੁੱਝ ਦੋਗਲੇ। ਪਾਰਦਰਸ਼ੀ ਭਾਵ ਅੰਦਰੋਂ-ਬਾਹਰੋਂ ਇੱਕੋ ਜਿਹੇ । ਅਜਿਹੇ ਬੰਦੇ ਅਕਸਰ ਕਦੇ-ਕਦਾਈਂ ਭਾਵਕ ਵੀ ਹੋ ਜਾਂਦੇ ਹਨ । ਬਹੁਤੇ ਜਜ਼ਬਾਤੀ ਬੰਦੇ ਦਿਮਾਗ਼ ਨਾਲ਼ ਘੱਟ ਸੋਚਦੇ ਹਨ, ਦਿਲ ਨਾਲ਼ ਵਧੇਰੇ । ਬੰਦੇ ਦਾ ਹੱਦੋਂ ਵੱਧ ਜਜ਼ਬਾਤੀ ਹੋਣਾ ਗੁਣ ਵੀ ਹੋ ਸਕਦਾ ਹੈ ਅਤੇ ਔਗੁਣ ਵੀ। ਗੁਣ ਦੂਜਿਆਂ ਲਈ ਕਿਉਂਕਿ ਅਜਿਹਾ ਵਿਅਕਤੀ ਸਰਬਤ ਦਾ ਭਲਾ ਲੋਚਦਾ ਹੈ; ਔਗੁਣ ਬੰਦੇ ਦਾ ਆਪਣੇ ਆਪ ਲਈ, ਕਿਉਂਕਿ ਉਹ ਦੋਗਲ਼ੇ ਲੋਕਾਂ ਰਾਹੀਂ ਛਲ਼ਿਆ ਜਾਂਦਾ ਹੈ ਜੋ ਸਿਰਫ਼ ਆਪਣਾ ਭਲਾ ਹੀ ਸੋਚਦੇ ਹਨ। ਹੱਦ ਤੋਂ ਵੱਧ ਜਜ਼ਬਾਤੀ ਹੋਣ ਕਰਕੇ ਮੈਂ ਖ਼ੁਦ ਵੀ ਅਜਿਹੇ ਧੋਖੇ ਖਾ ਚੁੱਕਾ ਹਾਂ।
------
ਅਜੋਕੇ ਯੁਗ ਵਿੱਚ ਤਾਂ ਆਦਮੀ ਵਰਗੇ ਵੀ ਆਦਮੀ ਨਹੀਂ ਮਿਲਦੇ, ਰੱਬ ਵਰਗੇ ਕਿੱਥੋਂ ? ਇਸ ਕਰਕੇ ਹੀ ਸ਼ਾਇਦ ਸਿਰਫ਼ ਬੰਦੇ ਨੂੰ ਹੀ ਆਖਿਆ ਜਾਂਦਾ ਹੈ – ਬੰਦਾ ਬਣ ਜਾ ਬੰਦਾ। ਕਿਸੇ ਜਾਨਵਰ ਨੂੰ ਇਉਂ ਨਹੀਂ ਕਿਹਾ ਜਾਂਦਾ। ਇਹ ਰੱਬ ਵਰਗਾ ਆਦਮੀ 45 ਸਾਲ ਪਹਿਲਾਂ ਦੁਬਾਰਾ ਮੈਨੁੰ ਇੰਗਲੈਂਡ ਵਿੱਚ ਮਿਲਿਆ ਸੀ। ਉਂਜ ਪੰਜਾਬ ਵਿੱਚ ਪਹਿਲਾਂ ਅਸੀਂ ਸਮਰਾਏ-ਜੰਡਿਆਲਾ ਦੇ ਇੱਕੋ ਸਕੂਲ ਵਿੱਚ ਪੜ੍ਹਦੇ ਰਹੇ ਸਾਂ। ਆਪਣੇ ਪਰਿਵਾਰ ਵਿੱਚੋਂ ਸਿਰਫ਼ ਉਹੀ ਇੱਕ ਅਲੱਗ ਕਿਸਮ ਦਾ ਬੰਦਾ ਸੀ। ਉਸ ਦੀ ਸੰਗਤ ਵਿੱਚ ਆਉਣ ਕਰਕੇ ਹੀ ਮੇਰੀ ਸਾਹਿਤ ਵਲ ਰੁਚੀ ਵਧੀ ਸੀ। ਉਸ ਵੇਲੇ ‘ਪ੍ਰੀਤ ਲੜੀ’ ਅਤੇ ‘ਨਵਾਂ ਜ਼ਮਾਨਾ’ ਪਰਚੇ ਉਹ ਡਾਕ ਰਾਹੀਂ ਭਾਰਤ ਤੋਂ ਮੰਗਵਾਉਂਦਾ ਹੁੰਦਾ ਸੀ ਅਤੇ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ।
-----
ਬਾਰਕਿੰਗ ਵਿੱਚ ਮੈਂ ਉਸਦੇ ਘਰ ਕਿਰਾਏਦਾਰ ਸਾਂ। ਬਿਨਾਂ ਘਰ-ਘਾਟ ਖਰੀਦੇ ਮੈਂ ਆਪਣੀ ਪਤਨੀ ਅਤੇ ਬੇਟਾ ਮੰਗਵਾ ਲਏ ਸਨ। ਸ਼ਾਇਦ ਜ਼ਿੰਦਗੀ ਵਿੱਚ ਇਹ ਮੇਰੀ ਪਹਿਲੀ ਗ਼ਲਤੀ ਸੀ। 1967 ਤੋਂ 1981 ਦੇ ਵਿਚਕਾਰ ਦੋ ਗ਼ਲਤੀਆਂ ਹੋਰ ਵੀ ਹੋਈਆਂ ਪਰ ਉਹਨਾਂ ਦਾ ਜ਼ਿੰਮੇਵਾਰ ਮੈਂ ਨਹੀਂ ਸਗੋਂ ਮੇਰਾ ਪਿਤਾ ਸੀ। ਹੁਣ ਸੋਚਦਾ ਹਾਂ ਕਿ ਹਰ ਚੀਜ਼ ਦੀ ਹੱਦ ਹੁੰਦੀ ਹੈ, ਹੱਦੋਂ ਜਿ਼ਆਦਾ ਆਗਿਆਕਾਰੀ ਹੋਣਾ ਵੀ ਚੰਗਾ ਨਹੀਂ ਹੁੰਦਾ। ਇਹ ਗ਼ਲਤੀਆਂ ਕਿਵੇਂ ਵੀ ਹੋਈਆਂ ਪਰ ਸਜ਼ਾ ਮੈਂ ਹੀ ਭੁਗਤੀ ਹੈ।
------
ਇੱਕ ਦਿਨ ਸਵੇਰੇ ਮੈਨੂੰ ਇਸ ਵੱਡੇ ਭਰਾ ਵਰਗੇ ਮਿੱਤਰ ਨੇ ਸਲਾਹ ਦਿੱਤੀ “ ਦੇਖ ਤੈਨੂੰ ਇੱਕ ਗੱਲ ਦੱਸਾਂ, ਮੇਰੀ ਭੈਣ ਵੀ ਇਸੇ ਘਰ ਵਿੱਚ ਰਹਿੰਦੀ ਹੈ; ਡਰਦਾ ਹਾਂ ਕਿ ਕਿਤੇ ਆਪਣੇ ਮਨਾਂ ਵਿੱਚ ਫਿੱਕ ਨਾ ਪੈ ਜਾਵੇ। ਜ਼ਰੂਰੀ ਨਹੀਂ ਕਿ ਹਰ ਜ਼ਨਾਨੀ ਦਾ ਸੁਭਾ ਦੂਜੀ ਨਾਲ਼ ਰਲ਼ ਸਕੇ। ਚੰਗਾ ਹੋਵੇਗਾ ਜੇ ਤੂੰ ਆਪਣਾ ਘਰ ਖ਼ਰੀਦ ਲਵੇਂ।”
..........
ਮੈਂ ਚੁੱਪ-ਚਾਪ ਥੋੜ੍ਹੀ ਦੇਰ ਸੋਚਦਾ ਰਿਹਾ ਤੇ ਫਿਰ ਕਿਹਾ- “ ਸੋਹਣ, ਤੂੰ ਤਾਂ ਯਾਰ ਭਲੀ-ਭਾਂਤ ਜਾਣਦਾਂ, ਕੱਲ੍ਹ ਹੀ ਤੇਰੇ ਭਣੋਈਏ ਨੇ ਜਦ ਮੈਥੋਂ ਕਿਰਾਏ ਦਾ ਹਿਸਾਬ ਮੰਗਿਆ ਸੀ...”
.........
“ਬੱਸ ਅੱਗੇ ਕੋਈ ਗੱਲ ਕਰਨ ਦੀ ਲੋੜ ਨਹੀਂ ਮੈਂ ਸਭ ਜਾਣਦਾਂ” ਉਹ ਬੋਲਿਆ।
...........
“ਚਾਹ-ਪਾਣੀ ਪੀ ਲੈ, ਫਿਰ ਆਪਾਂ ਘਰ ਦੇਖਣ ਚਲਦੇ ਹਾਂ” ਏਨਾ ਕਹਿ ਕੇ ਉਹ ਸਾਡੇ ਕਮਰੇ ਚੋਂ ਬਾਹਰ ਚਲੇ ਗਿਆ।
-----
ਮੈਂ ਤੇ ਮੇਰੀ ਪਤਨੀ ਸੋਚਾਂ ‘ਚ ਪੈ ਗਏ ਕਿ ਘਰ ਕਿੱਦਾਂ ਲਵਾਂਗੇ। ਘਰ ਲੈਣ ਲਈ ਤਾਂ ਕਾਫ਼ੀ ਪੈਸੇ ਦੀ ਲੋੜ ਹੈ। ਛੇਤੀਂ ਹੀ ਉਹ ਵਾਪਿਸ ਆਇਆ ਤੇ ਕਹਿਣ ਲੱਗਾ, “ਚਲੋ ਫਿਰ ਚਲੀਏ ਘਰ ਵੇਖਣ, ਜਿਹੜਾ ਕੰਮ ਕੱਲ੍ਹ ਨੂੰ ਕਰਨਾ ਅੱਜ ਕਿਉਂ ਨਾ ਕਰ ਲਈਏ।”
ਉਸ ਦਾ ਇਹ ਅਸੂਲ ਹਾਲੇ ਤੱਕ ਵੀ ਮੇਰੇ ਜੀਵਨ ਦੇ ਅਨੁਸਾਸ਼ਨ ਵਿੱਚ ਸ਼ਾਮਿਲ ਹੈ।
ਅਸੀਂ ਰਿੱਪਲ ਰੋਡ ਤੇ ਇੱਕ ਘਰ ਪਸੰਦ ਕੀਤਾ ਅਤੇ ਮੌਰਗੇਜ ਲਈ ਅਪਲਾਈ ਕਰ ਦਿੱਤਾ। 25 ਸਾਲਾਂ ਲਈ ਸੌ ਫ਼ੀਸਦੀ ਲੋਨ ਮਿਲ ਗਿਆ ਅਤੇ ਬਾਕੀ ਵਕੀਲ ਤੇ ਮੁਰੰਮਤ ਦੇ ਪੈਸੇ ਹੀ ਜਮ੍ਹਾ ਕਰਾਉਣੇ ਪੈਣੇ ਸਨ। ਸੋਹਣ ਨੇ ਮਸ਼ਵਰਾ ਦਿੱਤਾ “ਥੋੜ੍ਹੇ ਪੈਸੇ ਆਪਣੀ ਘਰ ਵਾਲ਼ੀ ਦੇ ਚਾਚੇ ਕੋਲੋਂ ਮੰਗ ਕੇ ਵੇਖ ਲਾ।”
.........
“ਨਾ ਬਈ” ਇੱਕ ਦਮ ਮੇਰੇ ਮੂਹੋਂ ਨਿਕਲਿਆ।
..............
ਉਸ ਦੀ ਹੈਰਾਨੀ ਵੇਖ ਕੇ ਮੈਂ ਦੱਸਿਆ, “ਦੇਖ ਤੈਨੂੰ ਪਤਾ, ਦਸ ਪੌਂਡ ਮੈਂ ਉਧਾਰੇ ਮੰਗ ਲਏ ਸਨ ਤਾਂ ਘਰ ਵਾਲ਼ੀ ਦੇ ਫੁੱਫੜ ਨੂੰ ਝੱਟ ਜਾ ਦੱਸਿਆ ਸੀ। ਤਾਂ ਹੀ ਮੈਂ ਉਸ ਦੇ ਪੈਸੇ ਮੋੜ ਕੇ ਉਲਟਾ ਉਸ ਦੇ ਮੁੰਡੇ ਨੂੰ ਬਾਰਾਂ ਪੌਂਡ ਦਾ ਓਵਰਕੋਟ ਖ਼ਰੀਦ ਦਿੱਤਾ ਸੀ।”
.........
“ਚੱਲ ਕੋਈ ਨਾ ਆਪਾਂ ਪ੍ਰਬੰਧ ਕਰ ਲਾਂਗੇ” ਉਸ ਨੇ ਧਰਵਾਸ ਦੇਣ ਵਾਂਗ ਆਖਿਆ।
ਪੰਜ ਸੌ ਪੌਡ ਸਾਨੂੰ ਵਕੀਲ ਅਤੇ ਮੁਰੰਮਤ ਦਾ ਖ਼ਰਚਾ ਦੇਣਾ ਪਿਆ ਜੋ ਸਾਰਾ ਸੋਹਣ ਸਿੰਘ ਧਾਲੀਵਾਲ਼ ਨੇ ਦੇ ਦਿੱਤਾ ਅਤੇ ਮਹੀਨੇ ਦੇ ਅੰਦਰ ਅਸੀਂ ਘਰ ਵਾਲ਼ੇ ਬਣ ਗਏ ਸਾਂ। ਕੁਝ ਰਿਸ਼ਤੇ ਹੈਰਾਨ-ਪਰੇਸ਼ਾਨ ਰਹਿ ਗਏ ਅਖੇ ਹੈਂ ਹਾਲੇ ਕੱਲ੍ਹ ਆਇਆ, ਸਾਡੇ ਨਾਲੋਂ ਵੱਡਾ ਘਰ ਲੈ ਲਿਆ। ਉਹ ਨਹੀਂ ਸਨ ਜਾਣਦੇ ਕਿ ਦੁਨੀਆਂ ਵਿੱਚ ਕੁਝ ਲੋਕ ਦਿਲ ਵਾਲ਼ੇ ਵੀ ਹੁੰਦੇ ਹਨ। ਤੇ ਵਿਸ਼ਵਾਸ ਕਰਨਯੋਗ ਵੀ। ਬੇ-ਇਤਬਾਰੇ ਨੂੰ ਕਦੇ ਕੋਈ ਪੈਸਾ ਨਹੀਂ ਦਿੰਦਾ।
-----
ਕਈ ਵਾਕਿਫ਼ਕਾਰਾਂ ਤੇ ਰਿਸ਼ਤੇਦਾਰਾਂ ਸਲਾਹ ਦਿੱਤੀ ਕਿ ਤਿੰਨ ਕਮਰੇ ਕਿਰਾਏ ਤੇ ਦੇ ਦਿਓ, ਸੋਹਣ ਸਿੰਘ ਧਾਲੀਵਾਲ਼ ਨੇ ਵੀ। ਮਨ ‘ਚ ਸੋਚਿਆ ਫਿਰ ਆਪਣੇ ਘਰ ਦਾ ਕੀ ਫ਼ਾਇਦਾ? ਜਿਹਾ ਕਿਰਾਏ ਤੇ ਰਹਿ ਲਿਆ ਜਿਹੇ ਕਿਰਾਏਦਾਰ ਵਾੜ ਲਏ! ਪਰਿਵਾਰਿਕ ਸੁਖ-ਸਹੂਲਤ ਪਹਿਲਾਂ ਤੇ ਧਨ ਦਾ ਲੋਭ ਬਾਦ ਵਿੱਚ । ਮੇਰੀ ਸੋਚ ਦਾ ਖਾਨਾ ਪੌਂਡਾਂ ਦੀ ਬੇ-ਵਸਾਹੀ ਤੋਂ ਊਣਾ ਸੀ।
------
ਛੇਤੀ ਹੀ ਮੈਂ ਆਪਣੇ ਪਿਤਾ ਨੂੰ ਬੁਲਾ ਲਿਆ ਜਿਸ ਨੂੰ ਮੈਂ ਭਾਈਆ ਆਖਦਾ ਹੁੰਦਾ ਸੀ। ਸੋਹਣ ਸਿੰਘ ਨੇ ਉਸ ਨੂੰ ਆਪਣੇ ਨਾਲ਼ ਹੀ ਕੰਮ ਤੇ ਲੁਆ ਲਿਆ। ਉਹ ਮੇਰੇ ਪਿਤਾ ਨੂੰ ਮਾਮਾ ਆਖਦਾ ਸੀ ਕਿਉਂਕਿ ਉਸ ਦੇ ਨਾਨਕੇ ਧਨੀ ਪਿੰਡ, ਸਾਡੇ ਨਾਲ਼ ਦੇ ਘਰ ਹੀ ਸਨ। ਮੇਰੀ ਤਨਖ਼ਾਹ ਨਾਲ਼ੋ-ਨਾਲ਼ ਖ਼ਰਚ ਹੋ ਜਾਂਦੀ। ਘਰ ਵਾਲ਼ੀ ਨੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਉਸ ਦਾ ਫੁੱਫੜ ਕਹਿਣ ਲੱਗਾ “ਆਪਣੇ ਘਰ ਤੀਵੀਂਆਂ ਨਹੀਂ, ਮਰਦ ਹੀ ਕੰਮ ਕਰਦੇ ਹਨ।”
ਏਨਾ ਕਹਿਣ ਤੇ ਮੇਰੀ ਪਤਨੀ ਨੇ ਉਸਦਾ ਕਿਹਾ ਸਵੀਕਾਰ ਕਰ ਲਿਆ। ਅਸੀਂ ਸਾਰੇ ਉਨ੍ਹਾਂ ਦਾ ਬੜਾ ਸਤਿਕਾਰ ਕਰਦੇ ਸਾਂ। ਮੇਰੇ ਪਿਤਾ ਜੀ ਵੀ ਉਹਨਾਂ ਦੀ ਗੱਲ ਨਹੀਂ ਸਨ ਮੋੜਦੇ। ਉਹ ਜਵਾਨੀ ਦੇ ਵੇਲੇ ਤੋਂ ਹੀ ਪੱਗ-ਵੱਟ ਭਰਾ ਬਣੇ ਹੋਏ ਸਨ।
-----
ਆਖ਼ਰ ਅਸੀਂ ਇੱਕ ਕਮਰਾ ਕਿਰਾਏ ਤੇ ਦੇ ਦਿੱਤਾ। ਇਸ ਆਦਮੀ ਦਾ ਪਿੰਡ ਬੁਲੇਨਾ ਸੀ ਅਤੇ ਸੁਨੰੜ ਖੁਰਦ ਵਿਆਹਿਆ ਹੋਇਆ ਸੀ ਜਿਸ ਘਰ ਮੇਰੇ ਬਾਬੇ ਦੇ ਨਾਨਕੇ ਸਨ। ਇਸ ਤਰ੍ਹਾਂ ਮੇਰੇ ਪਿਤਾ ਜੀ ਨੇ ਰਿਸ਼ਤੇਦਾਰੀ ਕੱਢ ਲਈ। ਰਿਵਰ ਰੋਡ ਤੇ ਇੱਕ ਵੇਅਰਹਾਊਸ ਵਿੱਚ ਅਸੀਂ ਇਕੱਠੇ ਕੰਮ ਵੀ ਕਰਦੇ ਰਹੇ ਸਾਂ। ਅਸੀਂ ਬਰੇਕਫਾਸਟ ਤੋਂ ਬਾਦ ਗੱਲਾਂ-ਬਾਤਾਂ ਕਰ ਰਹੇ ਸਾਂ ਕਿ ਸੋਹਣ ਸਿੰਘ ਧਾਲੀਵਾਲ਼ ਵੀ ਆ ਗਿਆ। ਆਉਂਦੇ ਹੀ ਮੇਰੇ ਪਿਤਾ ਵੱਲ ਇਸ਼ਾਰਾ ਕਰਦਿਆਂ ਆਖਣ ਲੱਗਾ-“ਮਾਮੇ ਨੂੰ ਪਤਾ ਨਹੀਂ ਕਿਉਂ ਮਾਮੀ ਤੇ ਨਿਆਣੇ ਏਨੇ ਯਾਦ ਆਉਂਦੇ ਨੇ ? ਚਲੋ ਕੱਲ੍ਹ ਨੂੰ ਹੀ ਮਾਮੇ ਤੋਂ ਰਾਹਦਾਰੀ ਬਣਵਾ ਕੇ ਭੇਜ ਦਿੰਦੇ ਹਾਂ ਤੇ ਦੋ ਮਹੀਨੇ ਦੇ ਅੰਦਰ ਮਾਮੀ ਅਤੇ ਸਾਰੇ ਨਿਆਣੇ ਇੱਥੇ ਆ ਜਾਣਗੇ। ਹਰਜੀਤ ਸਿੰਘ ਦਾ ਡੈਡੀ ਵੀ ਰਾਹਦਾਰੀ ਭੇਜਣ ਲੱਗਾ ਹੈ। ਤੁਸੀਂ ਵੀ ਸਾਰਾ ਟੱਬਰ ਇਕੱਠੇ ਹੋ ਜਾਵੋਗੇ। ਮਾਮਾ ਤੂੰ ਤਾਂ ਬੜਾ ਲੱਕੀ ਏਂ। ਉਹਨਾਂ ਲੋਕਾਂ ਵੱਲ ਵੇਖ ਜਿਹੜੇ ਦਸ ਸਾਲ ਬਾਦ ਸਫ਼ਰ ਲਾ ਕੇ ਆਏ ਹਨ ਅਤੇ ਉਹਨਾਂ ਦੇ ਟੱਬਰ ਹਾਲੇ ਵੀ ਇੰਡੀਆ ਵਿੱਚ ਹੀ ਰਹਿ ਰਹੇ ਆ।”
..............
“ਪਰ ਉਹਨਾਂ ਨੇ ਜ਼ਮੀਨ-ਜਾਇਦਾਦ ਵੀ ਤਾਂ ਬਣਾ ਲਈ ਹੈ।” ਪਿਤਾ ਜੀ ਨੇ ਮੋੜਵਾਂ ਜੁਆਬ ਦਿੱਤਾ।
.............
“ਇਹ ਤਾਂ ਮਾਮਾ ਵਕਤ ਹੀ ਦੱਸੂ ਕਿ ਉਸ ਜ਼ਮੀਨ ਦਾ ਕੋਈ ਕੀ ਕਰੇਗਾ!” ਸੋਹਣ ਨੇ ਜੁਵਾਬ ਦਿੱਤਾ।
.............
ਉਸਨੇ ਫਿਰ ਆਪਣੀ ਗੱਲ ਜਾਰੀ ਰੱਖੀ “ਇੱਕ ਤਾਂ ਪਤਾ ਨਹੀਂ ਕੌਣ ਮਾਮੇ ਨੂੰ ਪੁੱਠੀਆਂ-ਸਿੱਧੀਆਂ ਪੜ੍ਹਾਉਂਦੇ ਰਹਿੰਦੇ ਆ; ਅਖੇ ਤੇਰੇ ਮੁੰਡੇ ਨੇ ਤਾਂ ਪੱਚੀ ਸਾਲ ਲਈ ਕਰਜ਼ਾ ਲੈ ਰੱਖਿਆ ਹੈ। ਇਹ ਘਰ ਇਸਦਾ ਆਪਣਾ ਥੋੜੈ! ਮਾਮਾ ਘਰ ਉਨ੍ਹਾਂ ਦੇ ਵੀ ਹੈ ਨਹੀਂ, ਉਹਨੇ ਵੀ ਕਰਜ਼ਾ ਲੈ ਰੱਖਿਆ ਹੈ। ਮੇਰੇ ਪੰਜ ਸੌ ਪੌੰਡ ਦਾ ਫਿਕਰ ਨਾ ਕਰ, ਐਵੇਂ ਉਨ੍ਹਾਂ ਦੇ ਚੱਕੇ ਚਕਾਏ ਇਹ ਵਸਦਾ-ਰਸਦਾ ਘਰ ਛੱਡ ਕੇ ਵਾਪਸ ਨਾ ਮੁੜ ਜਾਣਾ। ਨਾਲ਼ੇ ਇਹ ਦੱਸ ਪਈ ਉਹ ਆਪ ਵਾਪਸ ਕਿਉਂ ਨਹੀਂ ਜਾਂਦੇ? ਇੰਡੀਆ ਵਿੱਚ ਕੀ ਰੱਖਿਆ ਆ, ਬਤਾਊਂ?” ਸੋਹਣ ਨੇ ਪਿਤਾ ਜੀ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ------!
------
ਇੰਗਲੈਂਡ ਛੱਡ ਕੇ ਭਾਰਤ ਆਉਣ ਬਾਦ ਜਦੋਂ ਮੈਂ ਕੰਗਣੀਵਾਲ਼ ਰਾਹੀਂ ਜੱਲੰਧਰ ਜਾ ਰਿਹ ਸੀ ਤਾਂ ਅਚਾਨਕ ਮੈਨੂੰ ਸੋਹਣ ਦੇ ਬੋਲ ਯਾਦ ਆਏ, “ਇੰਗਲੈਂਡ ਨੂੰ ਦੁਲੱਤਾ ਮਾਰ ਕੇ ਭਾਰਤ ਤਾਂ ਚਲੇ ਚਲਿਆਂ ਪਰ ਆਖਰ ਤਾਂ ਇੰਗਲੈਂਡ ਨੇ ਹੀ ਸ਼ਰਣ ਦੇਣੀ ਆਂ।” ਕੰਗਣੀਵਾਲ਼ ਸੋਹਣ ਸਿੰਘ ਦਾ ਪਿੰਡ ਹੈ।
ਉਸਦੇ ਬੋਲ ਬਿਲਕੁਲ ਸੱਚੇ ਨਿਕਲੇ, ਹੁਣ ਸੋਚਦਾ ਹਾਂ ਕਿ ਮੈਨੂੰ ਇੰਗਲੈਂਡ ਨੇ ਬਚਾ ਲਿਆ, ਨਹੀਂ ਤਾਂ ਭਾਰਤ ਵਿੱਚ ਰਹਿੰਦਿਆਂ ਗ਼ਰੀਬੀ ਨੇ ਖਾ ਜਾਣਾ ਸੀ।
------
ਇੱਕ ਦਿਨ ਸ਼ਹੀਦੇ-ਆਜ਼ਮ ਭਗਤ ਸਿੰਘ ਦੇ ਛੋਟੇ ਭਰਾ ਕੁਲਤਾਰ ਸਿੰਘ ਨੂੰ ਮਿਲਣ ਦਾ ਸਬੱਬ ਬਣਿਆ ਤਾਂ ਮੈਂ ਉਸ ਨੂੰ ਸਾਰੀ ਨਿੱਜੀ ਕਹਾਣੀ ਤੋਂ ਜਾਣੂੰ ਕਰਵਾਇਆ । ਉਸ ਨਸੀਅਤ ਵਜੋਂ ਆਖਿਆ, ਦੇਖ ਗ਼ਲਤੀ ਜੋ ਹੋ ਗਈ ਸੋ ਹੋ ਗਈ। ਕਿਸੇ ਦਿਨ ਆਵੀਂ ਤੇ ਵੇਖੀਂ ਆਪਣੀ ਆਂਟੀ ਨੂੰ, ਆਖ਼ਰ ਤਾਂ ਜੱਟੀ ਆ, ਖੇਤੀ ਦੇ ਨਿੱਕੇ-ਮੋਟੇ ਕੰਮ ਆਪ ਹੀ ਕਰ ਲੈਂਦੀ ਆ ਜਿਵੇਂ ਨੱਕਾ ਮੋੜਨਾ ਪਵੇ ਤਾਂ।”
...........
“ਪਰ ਅਸੀਂ ਕਦੇ ਖੇਤੀ ਕੀਤੀ ਹੀ ਨਹੀਂ। ਪਿਓ ਮੇਰਾ ਇਕੱਲਾ ਹੈ, ਖੇਤੀ ਤਿੰਨ-ਚਾਰ ਬੰਦਿਆਂ ਦਾ ਕੰਮ ਹੈ। ਇਸ ਕਰਕੇ ਉਹ ਦੋ ਮੱਝਾਂ ਰੱਖਕੇ ਪੱਠੇ ਪਾ ਛੱਡਦਾ ਸੀ।”
................
“ਹੁਣ ਮਸ਼ੀਨੀ ਖੇਤੀ ਹੈ, ਇਹ ਕੋਈ ਵੀ ਕਰ ਸਕਦਾ ਹੈ। ਤੂੰ ਥੋੜ੍ਹੇ ਚਿਰ ‘ਚ ਆਪੇ ਸਿੱਖ ਜਾਣਾ ਏ। ਨਾਲ਼ੇ ਹੁਣ ਤਾਂ ਤੁਸੀਂ ਤਿੰਨ ਜਣੇ ਆਂ, ਤੇਰਾ ਛੋਟਾ ਭਰਾ ਗਭਰੂ ਆ।” ਉਸ ਨੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
-----
ਉਸ ਵਕਤ ਦੋ ਸਾਲ ਦੇ ਸਮੇਂ ਅੰਦਰ ਪਾਸਪੋਰਟ ਤੇ ਮੋਹਰ ਲੁਆਉਣ ਲਈ ਵਾਪਸ ਇੰਗਲੈਂਡ ਆਉਣਾ ਪੈਂਦਾ ਸੀ। ਮੈਂ ਇੱਕ ਵਾਰੀ ਫਿਰ ਉਸੇ ਰੱਬ ਵਰਗੇ ਦੋਸਤ ਦੇ ਘਰ ਵਿੱਚ ਕਿਰਾਏਦਾਰ ਬਣਿਆ ਤੇ ਕਮਰਾ ਵੀ ਉਹੀ ਸੀ। ਤੀਜੀ ਵੱਡੀ ਗ਼ਲਤੀ ਫਿਰ ਹੋ ਗਈ ਜਾਂ ਕਰਵਾਈ ਗਈ। ਮੇਰੀ ਘਰ ਲੈਣ ਦੀ ਮਜਬੂਰੀ, ਛੇ ਹਵਾਈ ਟਿਕਟਾਂ ਅਤੇ ਛੋਟੀ ਭੈਣ ਦੇ ਵਿਆਹ ਦੇ ਖਰਚ ਵਲ ਵੇਖਦਿਆਂ, ਕੁੱਝ ਦੋਸਤਾਂ ਨੇ ਝੱਟ-ਪੱਟ ਪੈਸੇ ਤਾਂ ਇਕੱਠੇ ਕਰਕੇ ਮੇਰੇ ਅੱਗੇ ਰੱਖ ਦਿੱਤੇ। ਮੈਂ ਪਰਵਾਨ ਵੀ ਕਰ ਲਏ ਪਰ ਅੰਦਰੋਂ ਸ਼ਰਮਸਾਰ ਵੀ ਸਾਂ। ਮੇਰੇ ਰੱਬ ਵਰਗੇ ਦੋਸਤ ਨੇ ਮੇਰਾ ਹੌਸਲਾ ਬੁਲੰਦ ਕਰਨ ਲਈ ਆਖਿਆ, “ਔਕੜਾਂ ਵਿੱਚ ਹੌਸਲਾ ਨਹੀਂ ਹਾਰੀਦਾ, ਜ਼ਿੰਦਗੀ ਹੈ ਨਾਮ ਤੁਰਦੇ ਰਹਿਣ ਦਾ।”
-----
ਵਿਆਹ ਤੋਂ ਪਹਿਲਾਂ ਹਰ ਹਾਲਤ ਵਿੱਚ ਪਰਿਵਾਰ ਦਾ ਆਉਣਾ ਜ਼ਰੂਰੀ ਸੀ। ਵੀਜ਼ੇ ਲਈ ਮੈਂ ਸਿੱਧਾ ਦਿੱਲੀ ਪਹੁੰਚਾ ਤੇ ਫਿਰ ਦਿੱਲੀ ਤੋਂ ਸਹਾਰਨਪੁਰ ਰਾਹੀਂ ਆਪਣੇ ਘਰ। ਫਾਰਮ ਦੇ ਵਿੱਚ ਹੀ ਸਾਡੀ ਰਹਾਇਸ਼ ਸੀ। ਉਸ ਵੇਲੇ ਅੰਕਲ ਕੁਲਤਾਰ ਸਿੰਘ ਸਟੇਟ ਮਨਿਸਟਰ ਸਨ। ਮਾਤਾ ਜੀ ਨੂੰ ਕੁੱਝ ਸਾਲ ਪਹਿਲਾਂ ਹੀ ਗਿਆਨੀ ਜ਼ੈਲ ਸਿੰਘ ਨੇ ਰਾਜ-ਮਾਤਾ ਦੇ ਖ਼ਿਤਾਬ ਨਾਲ਼ ਸਨਮਾਨਿਆ ਸੀ। ਉਹਨਾਂ ਦੇ ਬੇਟੇ ਨੇ ਸਹਾਰਨਪੁਰ ਵਿਖੇ ਹੀ ਵਕਾਲਤ ਸ਼ੁਰੂ ਕੀਤੀ ਸੀ।
------
ਇੰਗਲੈਂਡ ਪਰਤਣ ਤੋਂ ਇੱਕ ਦਿਨ ਪਹਿਲਾਂ ਮੈਂ ਆਪਣੀ ਪਤਨੀ ਨਾਲ਼ ਉਹਨਾਂ ਦੇ ਫਾਰਮ ਹਾਊਸ ਵਿਖੇ ਗਿਆ ਜਿੱਥੇ ਉਨ੍ਹਾਂ ਦੀ ਰਹਾਇਸ਼ ਸੀ। ਉਹਨਾਂ ਦਾ ਫਾਰਮ ਸ਼ਹਿਰ ਦੇ ਬਿਲਕੁਲ ਨਾਲ਼ ਲਗਦਾ ਸੀ। ਉਸ ਦਿਨ ਕੋਈ ਸਿਆਸੀ ਇਕੱਠ ਹੋਣ ਕਰਕੇ ਮੈਂ ਉਹਨਾਂ ਦਾ ਬਹੁਤਾ ਸਮਾਂ ਨਹੀਂ ਲੈਣਾ ਚਾਹਿਆ, ਸਿਰਫ ਏਨਾ ਹੀ ਆਖ ਸਕਿਆ-“ਅੰਕਲ ਜੀ ਮੈਨੂੰ ਪਤਾ ਅੱਜ ਤੁਸੀਂ ਬਿਜ਼ੀ ਹੋ, ਅਸੀਂ ਕੱਲ੍ਹ ਨੂੰ ਵਾਪਸ ਚਲੇ ਜਾਣਾ, ਵੱਡੀ ਭੈਣ ਜੀ ਲਈ ਕੋਈ ਸੁੱਖ ਸੁਨੇਹਾ?”
-----
ਸਾਨੂੰ ਬਿਠਾ ਕੇ ਉਹ ਆਪਣੀ ਛੋਟੀ ਬੇਟੀ ਬਬਲੀ ਨੂੰ ਸਾਡੇ ਕੋਲ ਭੇਜ ਗਏ। ਉਹ ਸਾਡੇ ਨਾਲ਼ ਗੱਲਾਂ ਕਰਦੀ ਆਪਣੀ ਵੱਡੀ ਭੈਣ ਨੂੰ ਭੇਜਣ ਲਈ ਗ੍ਰਾਮੋਫੋਨ ਦੇ ਰਿਕਾਰਡ ਚੁਣਨ ਲੱਗੀ। ਲੰਡਨ ਵਿੱਚ ਬਬਲੀ ਦੇ ਜੀਜਾ ਜੀ, ਬੀ ਬੀ ਸੀ ਵਰਲਡ ਸਰਵਿਸ ਵਿੱਚ ਕੰਮ ਕਰਦੇ ਸਨ ਅਤੇ ਨੌਰਥ ਹੈਰੋ ਵਿਖੇ ਰਹਿੰਦੇ ਸਨ। ਚਾਹ-ਪਾਣੀ ਪੀ ਕੇ ਅਸੀਂ ਵਿਦਾ ਲਈ ਤੇ ਆਪਣੇ ਘਰ ਵੱਲ ਚੱਲ ਪਏ ਜੋ ਕੁੱਝ ਮੀਲ ਦੀ ਦੂਰੀ ਤੇ ਸੀ।
------
ਲੰਡਨ ਪਹੁੰਚ ਕੇ ਅਸੀਂ ਪਰਵਾਸ ਦੀਆਂ ਮਜ਼ਬੂਰੀਆਂ ਅਤੇ ਘਰੇਲੂ ਸਮਸਿਆਵਾਂ ਨੂੰ ਸੁਲਝਾਣ ਵਿੱਚ ਰੁੱਝ ਗਏ। ਭੈਣ ਦੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ । ਵਿਆਹ ਵਾਸਤੇ ਮੇਰੀ ਪਤਨੀ ਦੀ ਭੂਆ ਦੇ ਮੁੰਡੇ ਨੇ ਆਪਣੀ ਰਿਸ਼ਤੇਦਾਰੀ ਦੇ ਵਿਸ਼ਾਲ ਦਾਇਰੇ ਦੇ ਹਿਸਾਬ ਨਾਲ਼ ਮੈਨੂੰ ਵੀ 750 ਪੌਂਡ ਦੀ ਸ਼ਰਾਬ ਖਰੀਦ ਦਿੱਤੀ। ਸ਼ਰਾਬ ਸਿਰਫ਼ 30 ਪੌੰਡ ਦੀ ਲੱਗੀ ਤੇ ਬਾਕੀ ਸਾਰੀ ਬਚ ਰਹੀ। ਜੰਞ ਤਾਂ ਪਹਿਲਾਂ ਹੀ ਸ਼ਰਾਬੀ ਹੋ ਕੇ ਆਈ ਸੀ। ਇੱਕ ਦਿਨ ਮੈਂ ਕਾਰ ਵਾਲ਼ੇ ਇੱਕ ਰਿਸ਼ਤੇਦਾਰ ਨੂੰ ਪੁੱਛਿਆ ਕਿ ਅਗਰ ਇਹ £720 ਦੀ ਸ਼ਰਾਬ £600 ਵਿੱਚ ਵੀ ਵਾਪਸ ਕਰ ਲੈਣ ਤਾਂ ਵੀ ਚੰਗਾ ਏ ਕਿਉਂਕਿ ਉਸ ਵਕਤ ਦਾ £600 ਅੱਜ ਦੇ ਚਾਲ਼ੀ ਹਜ਼ਾਰ ਪੌਂਡ ਦੇ ਬਰਾਬਰ ਸੀ। ਪਰ ਉਹ ਟਾਲ਼-ਮਟੋਲ਼ ਕਰ ਗਿਅ। ਮੈਂ ਕੰਮ ਤੋਂ ਸੱਤ ਵਜੇ ਘਰ ਪੁਹੰਚਦਾ ਹੁੰਦਾ ਸੀ ਤੇ ਉਹ ਨਾਲ਼ ਇੱਕ ਹੋਰ ਬੰਦੇ ਨੂੰ ਲੈ ਕੇ, ਪੰਜ ਵਜੇ ਮੇਰੇ ਘਰ ਪਹੁੰਚਕੇ ਪੀਣੀ ਸ਼ੁਰੂ ਕਰ ਦਿੰਦੇ ਸਨ ਤੇ ਰਾਤ ਦਸ ਵਜੇ ਤੋਂ ਪਹਿਲਾਂ ਉੱਠ ਕੇ ਨਹੀਂ ਸਨ ਜਾਂਦੇ। ਰੱਬ ਵਰਗੇ ਇਨਸਾਨ ਦੇ ਨਾਲ਼ ਮੈਨੂੰ ਇਸ ਤਰ੍ਹਾਂ ਦੇ ਕਈ ਸ਼ੈਤਾਨ ਵੀ ਮਿਲੇ ਹਨ। ਰੱਬ ਉਨ੍ਹਾਂ ਦਾ ਵੀ ਭਲਾ ਕਰੇ।
-----
ਵਿਆਹ ਵਾਲੇ ਦਿਨ ਔਰਤਾਂ ਨੂੰ ਹਾਲ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਕਰਕੇ ਉਹਨਾਂ ਨੂੰ ਘਰ ਵਿੱਚ ਰਹਿਣ ਲਈ ਮਜਬੂਰ ਹੋਣਾ ਪਿਆ। ਖਾਣ-ਪੀਣ ਦਾ ਸਭ ਸਮਾਨ ਹਾਲ ਵਿੱਚ ਪਹੁੰਚ ਚੱਕਾ ਸੀ। ਇਸ ਸਥਿਤੀ ਨੂੰ ਮੱਦੇ-ਨਜ਼ਰ ਰੱਖਦਿਆਂ, ਸੋਹਣ ਸਿੰਘ ਧਾਲੀਵਾਲ ਨੇ ਸਲਾਹ ਦਿੱਤੀ, “ਕਿਉਂ ਨਾ ਆਪਾਂ ਇੱਕ ਦੋ ਕਾਰਾਂ ਵਾਲਿਆਂ ਨੂੰ ਕਹੀਏ ਕਿ ਔਰਤਾਂ ਲਈ ਖਾਣਾ ਘਰ ਲੈ ਜਾਣ। ਉਹ ਵਿਚਾਰੀਆਂ ਉੱਥੇ ਭੁੱਖੀਆਂ ਬੈਠੀਆਂ ਹੋਣਗੀਆਂ।” ਉਸ ਨੇ ਇੱਕ ਦੋ ਬੰਦਿਆਂ ਨਾਲ਼ ਗੱਲ ਕੀਤੀ ਪਰ ਉਹ ਦੀਦਾਰ ਸਿੰਘ ਪਰਦੇਸੀ ਨੂੰ ਸੁਣਨ ਅਤੇ ਖਾਣ-ਪੀਣ ਵਿੱਚ ਰੁੱਝੇ ਰਹੇ।
...........
“ਜਾਹ ਜਾ ਕੇ ਤੂੰ ਕਹਿ ਕੇ ਆ” ਸੋਹਣ ਨੇ ਬੇਬਸੀ ਵਿੱਚ ਆਖਿਆ। ਪਰ ਮੈਂ ਹਿਰਖ ਦੇ ਅਹਿਸਾਸ ਨਾਲ਼ ਭਰਿਆ ਰਿਹਾ। ਮਨੋ-ਮਨੀ ਪਛਤਾ ਰਿਹਾ ਸਾਂ ਕਿ ਅਗਰ ਮੈਂ ਵੀ ਟੈਸਟ ਪਾਸ ਕਰਕੇ ਔਖੇ-ਸੌਖੇ ਕੋਈ ਟੁੱਟੀ-ਫੁੱਟੀ ਕਾਰ ਖ਼ਰੀਦੀ ਹੁੰਦੀ ਤਾਂ ਅੱਜ ਅਜਿਹੇ ਲੋਕਾਂ ਅੱਗੇ ਤਰਲੇ ਨਾ ਪਾਉਣੇ ਪੈਂਦੇ।
..........
“ਬੁੜ੍ਹੀਆਂ ਤਾਂ ਸਾਰੀਆਂ ਭੁੱਖੀਆਂ ਹੀ ਚਲੀਆਂ ਗਈਆਂ ਹੁਣ ਇਸ ਖਾਣੇ ਦਾ ਕੀ ਕਰੀਏ?” ਸੋਹਣ ਨੇ ਮੇਰੇ ਵੱਲ ਵੇਖਦਿਆਂ ਪੁੱਛਿਆ।
...............
“ਜੀਤ ਲਾਲੀ ਜਾਂ ਰੇਸ਼ਮ ਨੂੰ ਪੁੱਛਦੇ ਆਂ ਜੇ ਉਹ ਕਾਰਾਂ ਵਿੱਚ ਰੱਖ ਕੇ ਕਿਤੇ ਸੁੱਟ ਆਉਣ! ਈਸਟਹੈਮ ਕੌਂਸਲ ਦਾ ਜਿੱਥੇ ਕੂੜਾ ਸੁੱਟਿਆ ਜਾਂਦਾ।” ਮੈਂ ਸਲਾਹ ਦਿੱਤੀ।
...........
“ਜੀਤ ਤਾਂ ਖਿਸਕ ਗਿਆ ਲਗਦਾ, ਰੇਸ਼ਮ ਨੂੰ ਪੁੱਛਦੇ ਆਂ” ਸੋਹਣ ਦਾ ਮਸ਼ਵਰਾ ਸੀ।
ਅਸੀਂ ਰੇਸ਼ਮ ਨੂੰ ਕਿਹਾ ਕਿ ਪਹਿਲਾਂ ਤੂੰ ਮੀਟ ਸੁੱਟ ਆ। ਤੇਰੇ ਵਾਪਸ ਆਉਣ ਤੱਕ ਅਸੀਂ ਦਾਲ਼ ਤੇ ਰੈਤਾ, ਥੋੜ੍ਹਾ-ਥੋੜ੍ਹਾ ਕਰਕੇ ਟਾਇਲਟ ਵਿੱਚ ਸੁੱਟ ਕੇ ਫਲੱਸ਼ ਕਰੀ ਜਾਨੇ ਆਂ। ਪੂਰਾ ਡੇੜ ਘੰਟਾ ਹੋ ਗਿਆ ਜਦੋਂ ਉਹ ਵਾਪਿਸ ਨਾ ਅਇਆ ਤਾਂ ਸੋਹਣ ਨੇ ਅਨੁਮਾਨ ਲਾਇਆ, “ਮੈਨੂੰ ਲਗਦੈ ਉਹ ਜਾਣ-ਪਹਿਚਾਣ ਵਾਲ਼ੇ ਘਰੀਂ ਵੰਡਣ ਲੱਗ ਪਿਆ ਹੋਣਾ। ਇਹਦੇ ਨਾਲ਼ੋਂ ਤਾਂ ਜਿਹੜੀਆਂ ਦਸ-ਬਾਰਾਂ ਬੁੜ੍ਹੀਆਂ ਇੱਥੌਂ ਗਈਆਂ ਸਨ, ਉਨ੍ਹਾਂ ਨੂੰ ਦੇ ਦੇਣਾ ਸੀ। ਕਈ ਕਾਰਾਂ ਵਾਲੇ ਵੀ ਸਨ।”
..........
“ਐਵੇਂ ਸੋਚਣਗੇ ਕਿ ਅਸੀਂ ਕੋਈ ਮੀਟ- ਸਮੋਸਿਆਂ ਦੇ ਭੁੱਖੇ ਆਂ, ਫਿਰ ਆਪਾਂ ਹੀ ਸ਼ਰਮਿੰਦੇ ਹੋਣਾ ਸੀ।”
.............
“ਇਹ ਸਿਰਫ਼ ਤੇਰੀ ਸੋਚ ਆ, ਉਹਨਾਂ ਦੀ ਨਹੀਂ। ਉਹਨਾਂ ਖ਼ੁਸ਼ ਹੋ ਕੇ ਸਭ ਕੁਝ ਲੈ ਜਾਣਾ ਸੀ।”
-----
ਕੁੱਝ ਸਾਲਾਂ ਬਾਦ, ਕਰਜ਼ਿਆਂ ਤੋਂ ਥੋੜਾ ਸੁਰਖ਼ਰੂ ਹੋ ਕੇ, ਮੈਂ ਇਲਫਰਡ ਵਿੱਚ ਘਰ ਲੈਣ ਦਾ ਸੁਪਨਾ ਵੇਖਣ ਲੱਗਾ ਸੀ। ਲੋਕੀ ਅਰਦਾਸ ਕਰਕੇ ਤਾਂ ਸਭ ਦੇ ਭਲੇ ਦੀ ਗੱਲ ਕਰਦੇ ਹਨ ਪਰ ਅਸਲ ਵਿੱਚ ਹਰ ਕੋਈ ਆਪਣਾ ਹੀ ਭਲਾ ਚਾਹੁੰਦਾ ਹੈ। ਮੈਂ ਆਪਣੇ ਦਿਲ ਦੀ ਹਸਰਤ ਧਾਲੀਵਾਲ ਨਾਲ਼ ਸਾਂਝੀ ਕੀਤੀ ਤਾਂ ਉਹ ਕਹਿਣ ਲੱਗਾ-“ ਜੇ ਇਹ ਘਰ ਖੁੰਝ ਗਿਆ ਤਾਂ ਹੋਰ ਬਥੇਰੇ। ਪਰ ਜੇ ਤੇਰੀ ਨਜ਼ਰ ਇਸ ‘ਤੇ ਹੀ ਟਿਕੀ ਹੋਈ ਏ ਤਾਂ 24 ਹਜ਼ਾਰ ਮੇਰਾ ਬਿਲਡਿੰਗ ਸੁਸਾਇਟੀ ਵਿੱਚ ਪਿਆ, ਤਿੰਨ-ਚਾਰ ਦਾ ਬੰਦੋਬਸਤ ਕਰ ਕੇ ਆਪਾਂ ਕੈਸ ਹੀ ਲੈ ਲੈਂਦੇ ਹਾਂ। ਬਾਅਦ ਵਿੱਚ ਮੌਰਗੇਜ ਲੈਂਦੇ ਰਹਾਂਗੇ । ਪਰ ਤੂੰ ਇਸ ਘਰ ਲਈ ਏਨਾ ਉਤਾਵਲਾ ਕਿਉਂ ਏ?”
............
“ਦੇਖ ਦੋ ਨੰਬਰ ਅਤੇ ਅਠਾਈ ਨੰਬਰ ਵਿੱਚ ਬਹੁਤਾ ਫ਼ਰਕ ਨਹੀਂ। ਦੋ ਨੰਬਰ ਬਲਬੀਰ ਸਿੰਘ ਕੰਵਲ ਲੈ ਰਿਹੈ; ਇੱਕ ਦੂਜੇ ਦੇ ਨੇੜੇ ਰਹਿੰਦਿਆਂ ਸਾਡੀ ਸਾਹਿਤਕ ਭੁੱਖ ਪੂਰੀ ਹੁੰਦੀ ਰਹੇਗੀ।”
...........
“ਪਰ ਉਸ ਦਾ ਲਾਈਫ-ਸਟਾਈਲ ਤੇਰੇ ਨਾਲੋਂ ਕਾਫੀ ਵੱਖਰਾ ਲਗਦੈ, ਯਾਰੀ ਨਿਭੇਗੀ?”
............
“ਯਾਰ ਜਦ ਆਪਣਾ ਲਾਈਫ-ਸਟਾਈਲ ਆਪਣੀਆਂ ਪਤਨੀਆਂ ਨਾਲ਼ ਨਹੀਂ ਮਿਲਦਾ ਜਿਨ੍ਹਾਂ ਨਾਲ਼ ਚੌਵੀ ਘੰਟੇ ਰਹਿੰਨੈ ਆਂ, ਉਸ ਨਾਲ਼ ਤਾਂ ਸ਼ਾਮ ਨੂੰ ਦੋ ਘੰਟੇ ਬੈਠਣ ਲਈ ਮਿਲਿਆ ਕਰਨੇ ਆਂ, ਉਹ ਪੀਂਦੇ-ਪਿਲਾਂਦੇ ਪੌਣੇ ਘੰਟੇ ਵਾਂਗ ਗੁਜ਼ਰ ਜਾਇਆ ਕਰਨੇ ਆਂ।” ਮੈਂ ਮਖ਼ੌਲ ਕਰਦਿਆਂ ਆਖਿਆ।
............
“ਚਲੋ ਜਿਵੇਂ ਤੂੰ ਖ਼ੁਸ਼ ਏਂ।”
*************
(ਲੜੀ ਜੋੜਨ ਲਈ ਦੂਜਾ ਭਾਗ – ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ)
No comments:
Post a Comment