ਮੰਚ-ਸੰਚਾਲਕ ਕਿਉਂ ਕਰਦੇ ਨੇ ਗੱਲਾਂ ਕਿਤੇ ਕੁਵੱਲੀਆਂ
ਲੇਖ
ਮੰਚ-ਸੰਚਾਲਨਾ ਕਰਨ ਵਾਲਾ ਮੰਚ ਸੰਚਾਲਕ। ਮੰਚ ‘ਤੇ ਹੋਣ ਵਾਲੇ ਪ੍ਰੋਗਰਾਮ ਨੂੰ ਨਿਭਾਉਣ ਵਾਲਾ, ਜ਼ਾਬਤਾ ਰੱਖਣ ਵਾਲਾ ਅਤੇ ਪੂਰੀ ਤਰ੍ਹਾਂ ਜ਼ਿੰਮੇਵਾਰ। ਉਸ ਕੋਲ ਮਿੰਟ ਮਿੰਟ ਦਾ ਪ੍ਰੋਗਰਾਮ ਹੁੰਦਾ ਹੈ ਤੇ ਸਭ ਦਾ ਸਭ ਪ੍ਰਬੰਧ ਉਸਦੇ ਹੱਥ। ਮੰਚ ਸੰਚਾਲਨਾ ਦਾ ਕਾਰਜ ਐਵੇਂ ਕਿਵੇਂ ਨਹੀਂ ਹੁੰਦਾ। ਸ਼ਬਦ ਸਹੀ ਵਰਤਣੇ ਪੈਂਦੇ ਹਨ ਤੇ ਬੋਲ ਸੰਜਮ ਵਾਲੇ। ਕਈ ਵਾਰ ਬੋਲ ਮਿਠਾਸ ਅਤੇ ਨਿਮਰਤਾ ਵਾਲੇ, ਕਈ ਵਾਰ ਉਚੀ, ਕਈ ਵਾਰ ਉਸ ਨੇ ਸਹਿਜ ਤੇ ਸੁਹਜ ਦਾ ਪੱਲਾ ਨਹੀਂ ਛੱਡਣਾ ਹੁੰਦਾ।
-----
ਜਿਸ ਮੰਚ-ਸੰਚਾਲਕ ਕੋਲ ਜਿੰਨੀ ਵੱਧ ਜਾਣਕਾਰੀ ਅਤੇ ਗਿਆਨ ਹੁੰਦਾ ਹੈ ਉਸਦੀ ਮੰਚ-ਸੰਚਾਲਨਾ ਓਨੀ ਹੀ ਵਿਸ਼ਾਲ ਹੋਵੇਗੀ ਅਤੇ ਸੁਹਜ-ਭਰੀ ਵੀ। ਮੌਕੇ ਮੁਤਾਬਕ ਗੱਲ ਨੂੰ ਸਾਂਭਣ ਦੀ ਸਮਰੱਥਾ, ਲੋੜੀਂਦੇ ਮੋੜ ਦੇਣ ਦੀ ਕਲਾ, ਪ੍ਰਭਾਵ ਬਣਾਈ ਰੱਖਣ ਦਾ ਢੰਗ ਅਤੇ ਸਰੋਤਿਆਂ/ਦਰਸ਼ਕਾਂ ਨੂੰ ਬੰਨ੍ਹੀ ਰੱਖਣ ਦੇ ਅੰਦਾਜ਼ ਏਨੇ ਕਾਰਗਰ ਸਿੱਧ ਹੁੰਦੇ ਹਨ ਜਿਨ੍ਹਾਂ ਦਾ ਕੋਈ ਹੋਰ ਬਦਲ ਕੰਮ ਨਹੀਂ ਸਾਰਦਾ। ਜਿਹੜਾ ਹੋ ਰਹੇ ਪ੍ਰੋਗਰਾਮ ਦੀ ਰਮਜ਼ ਨੂੰ ਸਮਝਦਾ ਹੋਵੇ ਉਹ ਉਸਨੂੰ ਸਫ਼ਲ ਬਣਾਉਣ ਵਿਚ ਮਾਰ ਨਹੀਂ ਖਾਂਦਾ।
-----
ਧਾਰਮਿਕ ਮੰਚ ਹੋਵੇ ਤਾਂ ਨਿਮਰਤਾ, ਮਿਠਾਸ ਅਤੇ ਸ਼ਰਧਾ ਬਿਨਾ ਕੰਮ ਨਹੀਂ ਚੱਲ ਸਕਦਾ। ਸ਼ਬਦਾਵਲੀ ਇਸ ਤਰ੍ਹਾਂ ਦੀ ਵਰਤੀ ਜਾਵੇ ਕਿ ਰੂਹਾਨੀ ਅਤੇ ਅਗੰਮੀ ਅਨੁਭਵਾਂ ਦੇ ਬੂਹੇ ਖੁੱਲ੍ਹਦੇ ਪ੍ਰਤੀਤ ਹੋਣ। ਇਕ ਅਜਿਹਾ ਸਾਫ਼-ਸੁਥਰਾ ਅਤੇ ਅਧਿਆਤਮਕ ਮਾਹੌਲ ਸਿਰਜ ਦਿੱਤਾ ਜਾਵੇ ਕਿ ਸਾਹਮਣੇ ਬੈਠਾ ਸਰੋਤਾ ਸਮਾਧੀ ਦੀਆਂ ਉਡਾਣਾਂ ਵਿਚ ਉਡਿਆ ਫਿਰੇ। ਇਸ ਮੰਚ ਤੋਂ ਨਾ ਤਾਂ ਕੋਈ ਖਰ੍ਹਵਾਂ ਬੋਲ ਬੋਲਿਆ ਜਾ ਸਕਦਾ ਹੈ ਅਤੇ ਨਾ ਹੀ ਧਾਰਮਿਕ ਸ਼ਰਧਾ ਤੇ ਖ਼ਿਲਾਫ। ਜਿਸ ਨੂੰ ਧਰਮ ਦੇ ਇਸਦੇ ਆਲੇ-ਦੁਆਲੇ ਪਸਰੇ ਗਿਆਨ ਦਾ ਪਤਾ ਨਾ ਹੋਵੇ ਉਹ ਮੰਚ ਨਾ ਸੰਭਾਲੇ ਤਾਂ ਚੰਗਾ।
-----
ਸ਼ਰਧਾਂਜਲੀ ਸਮਾਗਮ ਦੀ ਸੁਰ ਬੜੀ ਉਦਾਸ-ਮੁਦਰਾ ਵਾਲੀ ਹੁੰਦੀ ਹੈ ਪਰ ਕਈ ਵਾਰ ਉੱਥੇ ਬੋਲਣ ਵਾਲੇ ਏਨੀ ਉਚੀ ਸੁਰ ‘ਚ ਕਿੱਲ੍ਹ-ਕਿੱਲ੍ਹ ਕੇ ਬੋਲਦੇ ਹਨ ਜਿਵੇਂ ਮਰੇ ਹੋਏ ਅਤੇ ਦੂਰ ਜਾ ਚੁੱਕੇ ਨੂੰ ਸੁਣਾ ਰਹੇ ਹੋਣ। ਮਧੁਰ ਤੇ ਨਿਮਰ ਹੋਏ ਬਿਨਾ ਅਤੇ ਉਦਾਸ ਅੰਦਾਜ਼ ਨੂੰ ਧਾਰੇ ਬਗੈਰ ਕੋਈ ਵੀ ਮੰਚ-ਸਕੱਤਰ ਸਫ਼ਲ ਨਹੀਂ ਹੋ ਸਕਦਾ। ਖ਼ਾਸ ਤਰ੍ਹਾਂ ਦੇ ਸ਼ਾਂਤੀ-ਭਰੇ ਬੋਲ ਬੋਲੇ ਜਾਣ ਤਾਂ ਮੰਚ-ਸੰਚਾਲਨਾ ਕਰ ਰਿਹਾ ਮਾਨਵ ਅਜਿਹੇ ਮੌਕੇ ਭਾਣਾ ਮੰਨਣ ਦਾ ਮਾਹੌਲ ਸਿਰਜਣ ਦੇ ਕਾਬਲ ਹੋ ਸਕਦੈ। ਕਈ ਵਾਰ ਅਜਿਹੇ ਮੌਕੇ ਨੂੰ ਸਾਹਿਤਕ ਰੰਗਣ ਦੇਣ ਦਾ ਜਤਨ ਕੀਤਾ ਜਾਂਦਾ ਹੈ ਜਿਸ ਨੂੰ ਮੰਚ-ਸੰਚਾਲਕ ਦੀ ਮੁਕੰਮਲ ਅਸਫ਼ਲਤਾ ਮੰਨਿਆ ਜਾ ਸਕਦੈ। ਅਜਿਹੇ ਮੌਕੇ ਸਾਹਿਤਕ-ਮਾਹੌਲ ਸਿਰਜਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਮੰਨਿਆ ਜਾ ਸਕਦਾ। ਗੱਜ-ਵੱਜ ਕੇ ਬੋਲਣਾ ਵੀ ਇਸ ਮੌਕੇ ਸਹੀ ਨਹੀਂ ਹੁੰਦਾ।
-----
ਸਾਹਿਤਕ-ਪ੍ਰੋਗਰਾਮ ਦੀ ਮੰਚ-ਸੰਚਾਲਨਾ ਵੇਲੇ ਅਸਾਹਿਤਕ ਵਿਚਾਰ ਸੁਣਨ ਲਈ ਕੋਈ ਤਿਆਰ ਨਹੀਂ ਹੁੰਦਾ। ਮੰਚ ਵਾਲੇ ਨੇ ਸ਼ੁਰੂ ਤੋਂ ਅੰਤ ਤੱਕ ਸਾਹਿਤਕ-ਸੁਰ ਅਤੇ ਰਚਨਾਤਮਕ ਮਾਹੌਲ ਨੂੰ ਕਾਇਮ ਰੱਖਣਾ ਹੁੰਦਾ ਹੈ ਤਾਂ ਕਿ ਪ੍ਰੋਗਰਾਮ ਸਿਖ਼ਰ ਵੱਲ ਤੁਰਦਾ ਜਾਵੇ, ਕਿਤੇ ਰਾਹ ਵਿਚ ਹੀ ਦਮ ਨਾ ਤੋੜ ਕੇ ਖੁਰ-ਖ਼ਤਮ ਹੋ ਕੇ ਹੀ ਨਾ ਰਹਿ ਜਾਵੇ। ਜੇ ਸਾਹਿਤ ਦੀ ਸੂਝ-ਬੂਝ ਹੋਵੇ, ਸੱਜਰੇ ਸਾਹਿਤ ਨਾਲ ਵਾ-ਬਾਸਤਾ ਹੋਵੇ ਅਤੇ ਚੱਲ ਰਹੀਆਂ ਸਾਹਿਤਕ-ਲਹਿਰਾਂ ਦੀ ਜਾਣਕਾਰੀ ਹੋਵੇ ਤਾਂ ਮੰਚ ਵਾਲਾ ਵੱਖਰੇ ਰੰਗ ਬਖੇਰ ਸਕਦਾ ਹੈ ਅਤੇ ਵੱਖਰੇ ਅੰਦਾਜ਼। ਕਿਸੇ ਨੂੰ ਵੀ ਮੰਚ ‘ਤੇ ਪੇਸ਼ ਕਰਨ ਲੱਗਿਆਂ ਉਸਦੀ ਲੋੜ ਤੋਂ ਜ਼ਿਆਦਾ ਹਵਾ ਬੰਨ੍ਹਣੀ ਸਰੋਤਿਆਂ ਨੂੰ ਕਦੇ ਹਜ਼ਮ ਨਹੀਂ ਹੁੰਦੀ।
ਕਾਫ਼ੀ ਦੇਰ ਤੋਂ ਸੱਭਿਆਚਾਰਕ ਮੇਲਿਆਂ ਦਾ ਰਿਵਾਜ ਜਿਹਾ ਪੈ ਗਿਆ ਜਿਨ੍ਹਾਂ ‘ਤੇ ਮੰਚ-ਸੰਚਾਲਨਾ ਕਰਨ ਵਾਲੇ ਏਨਾ ਢਿੱਲਾ ਬੋਲਦੇ ਹਨ ਕਿ ਸੁਣਨ ਵਾਲਾ ਸ਼ਰਮਿੰਦਾ ਹੋਏ ਬਿਨਾ ਨਹੀਂ ਰਹਿੰਦਾ। ਜਿਸ ਨੂੰ ਸੁਰ ਦੀ ਸਾਰ ਨਹੀਂ ਹੁੰਦੀ ਉਸਨੂੰ ਸੁਰੀਲਾ ਗਾਇਕ ਕਹਿ ਕੇ ਨਿਵਾਜਣ ਵਾਲੇ ਮੰਚ-ਸੰਚਾਲਕਾਂ ਦੀ ਘਾਟ ਨਹੀਂ। ਨਾਮਵਰ ਗਾਇਕ, ਸੁਰ ਦਾ ਬਾਦਸ਼ਾਹ, ਪੰਜਾਬ ਦਾ ਮਾਣ, ਸੁਰੀਲੀਆਂ ਆਵਾਜ਼ਾਂ ‘ਚੋਂ ਇਕ ਵੱਖਰੀ ਆਵਾਜ਼, ਪੰਜਾਬੀ ਦੀ ਕੋਇਲ, ਕਲੀਆਂ ਦਾ ਬਾਦਸ਼ਾਹ ਅਤੇ ਅਜਿਹੇ ਹੋਰ ਵਿਸ਼ੇਸ਼ਣਾਂ ਨੇ ਇਕ ਭੇਡ-ਚਾਲ ਪੈਦਾ ਕਰਕੇ ਰੱਖ ਦਿੱਤੀ ਹੈ। ਪੰਜਾਬ ਦੇ ਜਿਹੋ ਜਿਹੇ ਗਾਇਕਾਂ ਬਾਰੇ ਇਹ ਸ਼ਬਦ ਆਮ ਹੀ ਵਰਤੇ ਜਾ ਰਹੇ ਹਨ ਉਨ੍ਹਾਂ ਬਾਰੇ ਹਰ ਕੋਈ ਜਾਣਦਾ ਹੀ ਹੈ ਕਿ ਉਨ੍ਹਾਂ ‘ਚੋਂ ਕਿੰਨੇ ਕੁ ਇਨ੍ਹਾਂ ਸ਼ਬਦਾਂ ਦੇ ਯੋਗ ਹਨ ਅਤੇ ਕਿੰਨੇ ਕੁ ਨਹੀਂ। ਲੱਚਰਤਾ ਦੀ ਜਿੰਨੀ ਕੁ ਗੰਦੀ ਹਵਾ ਚੱਲ ਰਹੀ ਹੈ ਉਸ ਲਈ ਗਾਇਕ ਤਾਂ ਜ਼ਿੰਮੇਵਾਰ ਹਨ ਹੀ, ਮੰਚ-ਸੰਚਾਲਕ ਵੀ ਮੁਕਤ ਨਹੀਂ ਕੀਤੇ ਜਾ ਸਕਦੇ।
-----
ਕਈ ਵਾਰ ਸੈਮੀਨਾਰਾਂ ਦੇ ਮੰਚ ਸੰਚਾਲਕ ਬੁਲਾਰਿਆਂ ਦੇ ਹਾਣ ਦੀ ਗੱਲ ਨਹੀਂ ਕਰਦੇ। ਕਰਨ ਤਾਂ ਸੈਮੀਨਾਰ ਦਾ ਕੱਦ ਵਧ ਸਕਦੈ। ਗੱਲਾਂ ਅਸਪੱਸ਼ਟ ਨਹੀਂ ਰਹਿ ਸਕਦੀਆਂ। ਧੁੰਦ ਮਿਟਾ ਸਕਣ ਦੇ ਕਾਬਲ ਹੋਣਾ ਚਾਹੀਦਾ ਹੈ ਮੰਚ-ਸਕੱਤਰ। ਜੇ ਮੰਚ-ਸੰਚਾਲਨਾ ਬੁਲਾਰਿਆਂ ਅਤੇ ਬਹਿਸ ਕਰਨ ਵਾਲਿਆਂ ਵਿਚ ਕੜੀ ਜਾਂ ਪੁਲ ਬਣਦੀ ਰਹੇ ਤਾਂ ਸੈਮੀਨਾਰਾਂ ਦੇ ਵਿਸ਼ੇ ਸਪੱਸ਼ਟਤਾ ਅਤੇ ਬੌਧਿਕਤਾ ਦੀਆਂ ਸਿਖ਼ਰਾਂ ਛੋਹੇ ਬਗੈਰ ਨਹੀਂ ਰਹਿ ਸਕਦੇ। ਅਜਿਹੇ ਸਮੇਂ ਜੇ ਮੰਚ-ਸੰਚਾਲਕ ਢਿੱਲਾ ਅਤੇ ਬੇਮੇਚ ਹੋਵੇ ਤਾਂ ਗੱਲ ਕਿਸੇ ਸਿਖ਼ਰ ਨਹੀਂ ਪਹੁੰਚਣ ਦਿੰਦਾ।
-----
ਕਾਲਜਾਂ/ਯੂਨੀਵਰਸਿਟੀ ਦੇ ਯੁਵਕ ਮੇਲਿਆਂ ਵਿਚ ਮੰਚ-ਸੰਚਾਲਨਾ ਦਾ ਕੰਮ ਬੜਾ ਢਿੱਲਾ ਅਤੇ ਬਹੁਤ ਉਕਾਊ ਹੁੰਦਾ ਹੈ ਜਿਸਨੂੰ ਨਿਰੰਤਰ ਸੁਣਦੇ ਰਹਿਣਾ ਹਰ ਕਿਸੇ ਦੇ ਵਸ ਦਾ ਰੋਗ ਨਹੀਂ। ਪਹੁੰਚੇ ਮੁੱਖ ਮਹਿਮਾਨ ਨੂੰ ਏਨੀ ਫੂਕ ਛਕਾਈ ਜਾਂਦੀ ਹੈ ਜਿਵੇਂ ਧਰਤੀ ਉਤੇ ਕੇਵਲ ਉਹ ਹੀ ਉਹ ਹੈ ਬਾਕੀ ਦੇ ਸਭ ਕੀੜੇ ਮਕੌੜਿਆਂ ਤੋਂ ਵੱਧ ਨਹੀਂ। ਬੱਚਿਆਂ/ਜਵਾਨਾਂ ਨੂੰ ਚੁੱਪ ਕਰਾਉਣ ਲਈ ਮੰਚ-ਸੰਚਾਲਕ ਝਿੜਕਾਂ ਜਾਂ ਦਬਕੇ ਮਾਰੇ, ਜ਼ਰਾ ਮਾਤਰ ਵੀ ਜਾਇਜ਼ ਨਹੀਂ। ਉਹ ਸਗੋਂ ਹੋਰ ਸ਼ੋਰ ਮਚਾਉਂਦੇ ਹਨ, ਕਹਿਣ ‘ਤੇ ਵੀ ਚੁੱਪ ਨਹੀਂ ਕਰਦੇ। ਮਾਹੌਲ ਖ਼ਰਾਬ ਦਾ ਖ਼ਰਾਬ ਤੇ ਪ੍ਰੋਗਰਾਮ ਫੇਰ ਵੀ ਨਹੀਂ ਰੁਕਦਾ।
-----
ਸਿਆਸੀ ਕਾਨਫਰੰਸਾਂ ਵਿਚ ਜਿਹੜੇ ਵਿਸ਼ੇਸ਼ਣ ਮੰਚ-ਸੰਚਾਲਨ ਕਰਨ ਵਾਲਾ ਸਿਆਸਤਦਾਨਾਂ ਲਈ ਵਰਤਦਾ ਹੈ, ਸੁਣਨ ਨੂੰ ਉੱਕਾ ਹੀ ਜੀਅ ਨਹੀਂ ਕਰਦਾ। ਭ੍ਰਿਸ਼ਟਾਚਾਰੀ ਨੂੰ ਕੌਮ ਦਾ ਅਨਮੋਲ ਆਗੂ, ਰਾਜਨੀਤੀ ਦੀ ਰੂਹੇ-ਰਵਾਂ, ਲੋਹ-ਪੁਰਸ਼ ਅਤੇ ਇਹੋ ਜਿਹੇ ਹੋਰ ਦਰਜਨਾਂ ਸ਼ਬਦ ਸੁਣ ਕੇ ਲੱਗਦਾ ਹੈ ਕਿ ਚਿੱਟੇ ਦਿਨ ਕਿੰਨੇ ਬੇ-ਮੇਚ ਅਤੇ ਗਲਤ ਸ਼ਬਦ ਵਰਤੇ ਜਾ ਰਹੇ ਹਨ, ਕਿੰਨਾ ਝੂਠ ਬੋਲਿਆ ਜਾ ਰਿਹੈ। ਜ਼ਰੂਰੀ ਨਹੀਂ ਮੰਚ-ਸੰਚਾਲਕ ਹਰ ਬੁਲਾਰੇ ਲਈ ਅਢੁਕਵੇਂ ਬੋਲ ਬੋਲ ਕੇ ਉਸਦੀ ਖ਼ੁਸ਼ਾਮਦ ਕਰੇ। ਉਸਦਾ ਅਹੁਦਾ ਦੱਸੇ ‘ਤੇ ਗੱਲ ਖ਼ਤਮ।
-----
ਲਤੀਫ਼ੇ ਦਾ ਚਿਹਰਾ-ਮੋਹਰਾ
ਇਕ ਲੇਖਕ ਨੇ ਕਿਤਾਬ ਦਾ ਖਰੜਾ ਤਿਆਰ ਕਰ ਲਿਆ, ਪਰ ਉਸਨੂੰ ਕੋਈ ਢੁਕਵਾਂ ਨਾਂ ਨਹੀਂ ਸੀ ਸੁੱਝ ਰਿਹਾ। ਨਵਾਂ ਲੇਖਕ ਹੋਣ ਕਾਰਨ ਕਲਮਾਂ ਵਾਲੇ ਉਸ ਦੀ ਰਚਨਾ ਬਾਰੇ ਗੰਭੀਰ ਨਹੀਂ ਸਨ। ਉਸਨੇ ਪਾਠਕਾਂ ਦੀ ਇਕ ਮੀਟਿੰਗ ਬੁਲਾਈ। ਸਾਰੀ ਕਿਤਾਬ ਸੁਣਾ ਦਿੱਤੀ। ਕਈਆਂ ਨੇ ਨਾਂ ਸੁਝਾਏ ਪਰ ਮੇਚ ਨਾ ਆਏ। ਦੋ ਤਿੰਨ ਪਾਠਕ ਜਿਹੜੇ ਉਸਨੂੰ ਪੂਰੀ ਤਰ੍ਹਾਂ ਜਾਣਦੇ ਸਨ ਉਨ੍ਹਾਂ ਕਿਹਾ, ''ਤੇਰੀ ਰਚਨਾ ‘ਚ ਕਰਨੀ ਤੇ ਕਥਨੀ ਦਾ ਪਾੜਾ ਹੈ।‘‘ ਲੇਖਕ ਨੇ ਕਿਹਾ ਬਸ ਲੱਭ ਪਿਆ: “ਕਰਨੀ ਤੇ ਕਥਨੀ ਦਾ ਪਾੜਾ।”
No comments:
Post a Comment