ਵਿਅੰਗ
ਅਖ਼ਬਾਰ ਵਿੱਚ ਛਪੇ ਇਸ਼ਤਿਹਾਰ ਨੂੰ ਸਵੇਰੇ ਚਾਹ ਤੋਂ ਪਹਿਲਾਂ ਮੇਰੇ ਮੂਹਰੇ ਧਰਦਿਆਂ ਮੇਰੀ ਸਰਦਾਰਨੀ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਵਾਂਗ ਦੱਸ ਰਹੀ ਸੀ, ‘‘ ਵੇਖੋ ਜੀ ਸੁਪਰ ਡੁਪਰ ਬਜ਼ਾਰ ਵਾਲੇ ਕਿੰਨੇ ਮਹਿੰਗੇ ਭਾਅ ਕਬਾੜ ਖ਼ਰੀਦ ਰਹੇ ਆ,.... ਪੰਜਾਹ ਰੁਪਏ ਕਿਲੋ ਪੁਰਾਣੇ ਅਖ਼ਬਾਰ, ਦੋ ਸੌ ਰੁਪਏ ਕਿਲੋ ਪਲਾਸਟਿਕ , ਟੁੱਟੀਆਂ ਚੱਪਲਾਂ, ਬੂਟ ਤੇ ਜੁੱਤੀਆਂ, ਢਾਈ ਸੌ ਰੁਪਏ ਕਿਲੋ ਪੁਰਾਣੇ ਟਾਇਰ ਟਿਊਬਾਂ, ਤਿੰਨ ਸੌ ਰੁਪਏ ਕਿਲੋ ਪੁਰਾਣੇ ਕੱਪੜੇ ........ ਮੈਂ ਤਾਂ ਜੀ ਅੱਕੀ ਪਈ ਸੀ... ਬਈ ਇਨ੍ਹਾਂ ਨੂੰ ਸਿੱਟਾਂ ਤਾਂ ਸਿੱਟਾਂ ਕਿੱਥੇ? ਪੁਰਾਣੇ ਕੱਪੜੇ ਤਾਂ ਹੁਣ ਕੰਮ ਵਾਲੀਆਂ ਵੀ ਨੀ ਲੈ ਕੇ ਜਾਂਦੀਆਂ ਤੇ ਆਹ ਦੇਖ ਲਓ ਕਿ ਅੱਜ ..... ਮਲਟੀ ਨੈਸ਼ਨਲ ਕੰਪਨੀਆਂ ਦਾ ਕਮਾਲ, ਨਵਿਆਂ ਤੋਂ ਵੀ ਮਹਿੰਗਾ ਵਿਕੂ ਇਹ ਸਭ ਕੁਝ। ’’
------
ਮੇਰੇ ਚਾਹ ਪੀਦਿਆਂ-ਪੀਦਿਆਂ ਉਹਨੇ ਇਧਰ ਉਧਰ ਪਿਆ ਪੁਰਾਣਾ ਸਮਾਨ ਚੁੱਕ ਚੁੱਕ ਵੇਖਣਾ ਸ਼ੁਰੂ ਵੀ ਕਰਤਾ। ਕਿਸੇ ਵੱਡੀ ਲਾਟਰੀ ਦੇ ਨਿਕਲਣ ਵਾਂਗ ਬਾਗ਼ੋ-ਬਾਗ਼ ਹੋਈ ਉਹ ਮੈਨੂੰ ਸਕੂਲ ਜਾਂਦੇ ਬੱਚੇ ਵਾਂਗ ਵਾਰ-ਵਾਰ ਸਮਝਾ ਰਹੀ ਸੀ , ‘‘ ਪੂਰੇ ਪੰਜ ਵਜੇ ਆ ਜਾਇਓ। ਭੀੜ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਦੇਈਏ ਆਪਾਂ ਤਾਂ ਠੀਕ ਹੈ। ਇਹੋ ਜੀ ਸਕੀਮ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ। ’’
.............
ਮੈਂ ਇਸ਼ਤਿਹਾਰ ਨੂੰ ਇਕ ਵਾਰ ਫਿਰ ਗ਼ੌਰ ਨਾਲ ਵੇਖਿਆ ‘ਗੱਲ ਤਾਂ ਠੀਕ ਆ’ ਇਕੱਲੀ ਇਕੱਲੀ ਚੀਜ਼ ਦੇ ਭਾਅ ਸਪੱਸ਼ਟ ਲਿਖੇ ਸੀ। ਪਰ ਇਸ ਭਾਅ ਕਬਾੜ ਖ਼ਰੀਦ ਕੇ ਸੁਪਰ ਡੁਪਰ ਬਜ਼ਾਰ ਨੂੰ ਕੀ ਬਚੂ ਇਸ ਸੌਦੇ ਵਿੱਚ ? ........ਸੋਚਦਾ ਸੋਚਦਾ ਮੈਂ ਡਿਪਾਰਟਮੈਂਟ ਚਲਾ ਗਿਆ।
-------
ਤਿੰਨ ਕੁ ਵਜੇ ਸਰਦਾਰਨੀ ਦਾ ਫੋਨ ਆ ਗਿਆ, ‘ ਯਾਦ ਆ ਅੱਜ ਜਾਣਾ ਆਪਾਂ ਸੁਪਰ ਡੁਪਰ ਬਜ਼ਾਰ, ਮੈਂ ਤਾਂ ਸਾਰਾ ਸਮਾਨ ਕੱਢ ਲਿਆ, ਕੋਸ਼ਿਸ਼ ਕਰਾਂਗੇ ਕਿ ਸਾਰਾ ਸਮਾਨ ਇੱਕੇ ਗੇੜੇ ਵਿੱਚ ਲੈ ਜਾਈਏ ਪਰ ਸਮਾਨ ਹੈ ਜ਼ਿਆਦਾ। ਚਲ ਕੋਈ ਨੀ ਜਿੰਨਾਂ ਵੱਧ ਹਊ ਉਨਾਂ ਈ ਫਾਇਦਾ। ਇਸ ਭਾਅ ਮੁੜ ਕੇ ਨੀ ਵਿਕਣਾ ਜ਼ਿੰਦਗੀ ਵਿੱਚ ਕਬਾੜ। ਬੱਸ ਤੁਸੀਂ ਆ ਜਾਓ.. ਜਦ ਤੱਕ ਮੈਂ ਤੇ ਬਿਨੇ ( ਪੁੱਤਰ ) ਬਾਕੀ ਸਮਾਨ ਵੀ ਇਕੱਠਾ ਕਰ ਲਈਏ।’ ਆਪਣਾ ਭਾਸ਼ਣ ਦੇ ਕੇ ਉਹਨੇ ਫੋਨ ਕੱਟ ਦਿੱਤਾ। ਮੈਂ ਡਿਪਾਰਟਮੈਂਟ ਦੀ ਲਾਇਬ੍ਰੇਰੀ ਵਿੱਚ ਜਾ ਕੇ ਇਕ ਵਾਰੀ ਫਿਰ ਉਹ ਇਸ਼ਤਿਹਾਰ ਦੇਖਿਆ, ਰੇਟ ਚੈੱਕ ਕੀਤੇ, ਹੁਣ ਮੈਂ ਵੀ ਪੱਕਾ ਮਨ ਬਣਾ ਲਿਆ ਸੁਪਰ ਡੁਪਰ ਬਜ਼ਾਰ ਵਿੱਚ ਕਬਾੜ ਵੇਚਣ ਦਾ ।
-----
ਪੰਜ ਵਜੇ ਘਰ ਪਹੁੰਚਿਆ, ਕਬਾੜ ਨਾਲ ਪੂਰੀ ਤਰ੍ਹਾਂ ਲੈਸ ਕਾਰ ਦਰਵਾਜ਼ੇ ਮੂਹਰੇ ਖੜੀ ਸੀ। ਮੋਟਰ ਸਾਈਕਲ ਖੜ੍ਹਾ ਕਰਕੇ ਕਾਰ ਦੇ ਆਲੇ ਦੁਆਲੇ ਗੇੜਾ ਮਾਰਿਆ, ਤੂੜ-ਤੂੜ ਕੇ ਕਬਾੜ ਭਰਿਆ ਪਿਆ ਸੀ। ਬਿਨੇ ਨੂੰ ਪਹਿਲਾਂ ਹੀ ਉਹਨੇ ਅਗਲੀਆਂ ਦੋਹਾਂ ਸੀਟਾਂ ਦੇ ਵਿਚਾਲੇ ਫਿਟ ਕਰਕੇ ਬਿਠਾਇਆ ਹੋਇਆ ਸੀ ਤੇ ਆਪ ਘਰ ਨੂੰ ਜਿੰਦਾ ਲਾ ਕੇ ਚਾਬੀ ਘੁਮਾਉਂਦੀ-ਘੁਮਾਉਂਦੀ ਮੇਰੇ ਵੱਲ ਐਂ ਦੇਖ ਰਹੀ ਸੀ ਜਿਵੇਂ ਜੰਗਲ ’ਚ ਖੜ੍ਹਾ ਸ਼ਿਕਾਰੀ ਸਾਹਮਣੇ ਖੜ੍ਹਾ ਸ਼ਿਕਾਰ ਨੂੰ ਦੇਖਦਾ । ਮੈਂ ਅਜੇ ਚਾਹ ਪਾਣੀ ਬਾਰੇ ਸੋਚ ਹੀ ਰਿਹਾ ਸੀ ਕਿ ਉਹਨੇ ਪਹਿਲਾਂ ਹੀ ਜੋਤਸ਼ੀ ਵਾਂਗ ਮੇਰੇ ਚਿਹਰੇ ਨੂੰ ਪੜ੍ਹ ਕੇ ਕਿਹਾ, ‘ ਅੱਜ ਚਾਹ ਛੱਡੋ ਪਹਿਲਾਂ ਕਬਾੜ ਵੇਚ ਆਈਏ, ਆਉਂਦੇ ਹੋਏ ਕੌਫੀ ਪੀ ਲਵਾਂਗੇ ਕਿਤੋਂ , ਮੇਰਾ ਤਾਂ ਇਰਾਦਾ ਅੱਜ ਡਿਨਰ ਵੀ ਰੈਸਟੋਰੈਂਟ ਵਿਚ ਕਰਾਂਗੇ.... ਬਥੇਰੇ ਪੈਸੇ ਬਣ ਜਾਣੇ ਆਂ ਇਸ ਰੱਦੀ ਸਮਾਨ ਦੇ।"
-----
ਕਾਰ ਦੇ ਕੋਲ ਚਾਰ-ਪੰਜ ਗਠੜੀਆਂ ਕੱਪੜਿਆਂ ਦੀਆਂ ਬੰਨ੍ਹੀਆਂ ਪਈਆਂ ਸਨ। ਡਰਾਈਵਰ ਦੇ ਨਾਲ ਦੀ ਸੀਟ ਤੇ ਬੈਠ ਕੇ ਉਹ ਆਖਣ ਲੱਗੀ ਲਓ, “ ਹੁਣ ਮੈਨੂੰ ਫੜਾ ਦਿਓ ਇਹ ਗਠੜੀਆਂ।”ਮੈਂ ਸਾਰੀਆਂ ਗਠੜੀਆਂ ਉਹਦੇ ਗੋਡਿਆਂ ‘ਤੇ ਧਰ ਦਿੱਤੀਆਂ । ਗਠੜੀਆਂ ਥੱਲੇ ਉਹ ਮਾਂ-ਪੁੱਤ ਲੁਕੇ ਪਏ ਸਨ ਪਰ ਫਿਰ ਵੀ ਉਹ ਥੱਲਿਉਂ ਕੁਝ ਨਾ ਕੁਝ ਬੋਲੀ ਜਾਂਦੀ ਸੀ, ‘ ਕੋਈ ਨੀ ਬੱਸ ਸਾਹ ਆਉਣ ਜੋਗੀ ਜਗ੍ਹਾ ਹੈਗੀ... ਤੁਸੀਂ ਤੋਰੀ ਰੱਖੋ ਗੱਡੀ। ਦਸ ਮਿੰਟ ਔਖੇ ਹੋ ਲਾਂਗੇ।....ਕਬਾੜ ਤਾਂ ਸਾਰਾ ਵਿਕ ਜਾਊ ...ਉਹ ਵੀ ਐਨੇ ਮਹਿੰਗੇ ਭਾਅ। ’ ਉਹ ਔਖੀ ਹੋ ਕੇ ਵੀ ਜੇਤੂ ਭਲਵਾਨ ਵਾਂਗ ਖ਼ੁਸ਼ ਸੀ।
-----
ਡਰਾਈਵਰ ਸੀਟ ਤੇ ਇਕ ਤਾਂ ਮੈਂ ਬੈਠਾ ਬਹੁਤ ਔਖਾ ਸੀ ਤੇ ਦੂਜਾ ਕਾਰ ’ਚੋਂ ਮੁਸ਼ਕ ਮਾਰਨ ਲੱਗ ਪਿਆ, ਪਤਾ ਨੀ ਕਿੰਨਾ ਕਿੰਨਾ ਪੁਰਾਣਾ ਨਿੱਕ-ਸੁਕ ਰੱਖਿਆ ਸੀ। ਮੇਨ ਰੋਡ ‘ਤੇ ਚੜ੍ਹਦਿਆਂ ਹਿੱਲ-ਹਿੱਲ ਕੇ ਕੁਝ ਸੈੱਟ ਹੋਏ। ਪਤਾ ਨਹੀਂ ਉਹਨੇ ਔਖੀ-ਸੌਖੀ ਹੋ ਕੇ ਕਿਵੇਂ ਪਰਸ ਚੋਂ ਫੋਨ ਕੱਢ ਕੇ ਆਵਦੇ ਪੇਕੀਂ ਮਿਲਾ ਲਿਆ, ‘‘ ਹਾਂ ਮੰਮੀ... ਅਸੀਂ ਤਾਂ ਚੱਲੇ ਆਂ... ਹਾਂ ਹਾਂ ਸਾਰਾ ਸਮਾਨ ਲੱਦ ਲਿਆ, ਹੋਏ ਤਾਂ ਔਖੇ ਪਰ ਇੱਕ ਗੇੜੇ ’ਚ ਹੀ ਲੈ ਚੱਲੇ ਆਂ.....ਅੱਛਾ ਹੁਣ ਤੁਸੀਂ ਐਥੇ ਨਾ ਵੇਚਿਓ ਕਬਾੜ ਸਾਈਕਲਾਂ ਵਾਲਿਆਂ ਨੂੰ... ਬੱਸ ਗੱਡੀ ’ਚ ਲੱਦ ਕੇ ਸਾਡੇ ਕੋਲ ਆ ਜਾਓ....... ਪਰ ਪ੍ਰੋਗਰਾਮ ਇਕ ਅੱਧੇ ਦਿਨ ’ਚ ਹੀ ਬਣਾ ਲਿਓ। ਇਹੋ ਜਿਹੀਆਂ ਸਕੀਮਾਂ ਐਟਰੈਕਸ਼ਨ ਵਾਸਤੇ ਹੁੰਦੀਆਂ........ਇਕ ਦੋ ਦਿਨਾਂ ’ਚ ਜਿਹੜੇ ਫਾਇਦਾ ਲੈ ਗਏ....ਲੈ ਗਏ ’’। ਸ਼ਾਇਦ ਇਸ ਕਬਾੜ ਬਾਰੇ ਉਹ ਪਹਿਲਾਂ ਵੀ ਦਿਨੇ ਉਨ੍ਹਾਂ ਨੂੰ ਦੱਸ ਚੁੱਕੀ ਸੀ। ਸੁਪਰ ਡੁਪਰ ਸ਼ੋਅ ਰੂਮ ਪਹੁੰਚੇ ... ਭੀੜ ਭੜੱਕਾ....ਪਾਂ ਪਾਂ... ਪੀਂ ਪੀਂ.... ਗੱਡੀਆਂ ਤੇ ਗੱਡੀਆਂ। ਲੋਕ ਤਾਂ ਜਿਵੇਂ ਘਰਾਂ ਦਾ ਸਾਰਾ ਕਬਾੜ ਚੁੱਕ ਲਿਆਏ ਹੋਣ।
-----
‘‘ ਦੇਖਿਆ ਮੈਂ ਕਿਹਾ ਸੀ ਨਾ..ਆਹ ਵੇਖ ਲਓ ਹੁਣ, ਅਜੇ ਵੀ ਵੇਲੇ ਸਿਰ ਆ ਗਏ ਆਪਾਂ ... ਹੁਣ ਛੇਤੀ ਕਰੋ..... ਇਧਰ ਉਧਰ ਵੇਖਣ ਦਾ ਟੈਮ ਨਹੀਂ ਹੁਣ......ਉਹ ਵੇਖੋ ਸਾਹਮਣੇ ਲਿਖਿਆ, ਕਬਾੜ ਇਥੇ ਵੇਚੋ।’’
ਕਬਾੜ ਖਰੀਦਣ ਵਾਲੇ ਕਾਉਂਟਰ ਤੇ ਲੰਮੀ ਕਤਾਰ ਸੀ । ਆਸੇ ਪਾਸੇ ਮੈਨੂੰ ਜਾਨਣ ਵਾਲੇ ਕਈ ਬੰਦੇ ਖੜ੍ਹੇ ਸੀ। ਘਰਵਾਲੀ ਨੇ ਮੇਰੀ ਝਿਜਕ ਸਮਝਦਿਆਂ ਕਿਹਾ ,‘‘ ਲੈ ਮੈਂ ਖੜ੍ਹ ਜਾਨੀ ਆਂ ...ਇਹ ਕੋਈ ਮਾੜੀ ਥਾਂ... ਆਪਣਾ ਸਮਾਨ ਆ... ਆਪ ਵੇਚਦੇ ਆਂ.... ਕਿਸੇ ਨੂੰ ਕੀ ?’’ ਉਹਨੂੰ ਮੇਰੇ ਨਾਲੋਂ ਜ਼ਿਆਦਾ ਗੁੱਸਾ ਮੈਨੂੰ ਜਾਨਣ ਵਾਲਿਆਂ ਤੇ ਸੀ। ਦੋ ਢਾਈ ਘੰਟਿਆਂ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਪਹਿਲਾਂ ਮੈਂ ਰੇਟ ਕਨਫਰਮ ਕੀਤੇ। ਜਦੋਂ ਉਨ੍ਹਾਂ ਕਿਹਾ ਬਿਲਕੁਲ ਏਸੇ ਰੇਟ ਤੇ ਖ਼ਰੀਦ ਰਹੇ ਹਾਂ ਤਾਂ ਮੈਨੂੰ ਕਾਰ ਵਿਚਲੀ ਮੁਸ਼ਕਿਲ ਤੇ ਮੁਸ਼ਕ ਦੇ ਨਾਲ-ਨਾਲ ਢਾਈ ਘੰਟੇ ਕਤਾਰ ਵਿੱਚ ਖੜ੍ਹਨ ਦਾ ਥਕੇਵਾਂ ਵੀ ਭੁੱਲ ਗਿਆ।
-----
ਟਰਾਲੀਆਂ ’ਚੋਂ ਸਮਾਨ ਲਾਹ ਕੇ ਤੋਲਣਾ ਸ਼ੁਰੂ ਕੀਤਾ। ਅਖ਼ਬਾਰ, ਮੈਗਜ਼ੀਨ, ਪਲਾਸਟਿਕ, ਜੁੱਤੀਆਂ, ਚੱਪਲਾਂ, ਬਾਲਟੀਆਂ, ਕੱਪ, ਟਾਇਰ, ਟਿਊਬਾਂ, ਕੱਪੜੇ ਤੇ ਹੋਰ ਨਿੱਕ-ਸੁਕ। ਕਬਾੜ ਤੁਲਦਾ ਜਾ ਰਿਹਾ ਸੀ ਸਰਦਾਰਨੀ ਦੀਆਂ ਉਂਗਲਾਂ ਕੈਲਕੂਲੇਟਰ ਤੇ ਟੱਕ-ਟੱਕ ਵੱਜ ਰਹੀਆਂ ਸੀ। ਕਾਉਂਟਰ ਤੇ ਬੈਠੇ ਟਾਈ ਵਾਲੇ ਬਾਊ ਨੇ ਸਾਰਾ ਜੋੜ ਲਾ ਕੇ ਪਰਚੀ ਮੇਰੇ ਵੱਲ ਕਰਦਿਆਂ ਕਿਹਾ, ‘‘ ਉਨੀ ਹਜ਼ਾਰ ਦੋ ਸੌ ਤੀਹ ਰੁਪਏ ਬਣ ਗਏ ਤੁਹਾਡੇ ’’
ਸਰਦਾਰਨੀ ਨੇ ਕੈਲਕੂਲੇਟਰ ਨਾਲ ਰਕਮ ਮਿਲਾਈ ਤੇ ਮੈਨੂੰ ਇਸ਼ਾਰੇ ਨਾਲ ਦੱਸ ਦਿੱਤਾ, ਬਈ ਠੀਕ ਹੈ......ਨਾਲੇ ਮੇਰੇ ਵੱਲ ਇਸ ਤਰ੍ਹਾਂ ਵੇਖ ਰਹੀ ਸੀ ਜਿਵੇਂ ਆਖ ਰਹੀ ਹੋਵੇ ‘‘ ਕਿਉਂ ਸਰਦਾਰ ਜੀ.. ਅਖ਼ਬਾਰ ਪੜ੍ਹਨਾ ਸਿਖੋ, ਕੰਮ ਦੀਆਂ ਗੱਲਾਂ ਪੜ੍ਹਿਆ ਕਰੋ, ਸਿਰਫ਼ ਆਵਦੀਆਂ ਖ਼ਬਰਾਂ ਤੇ ਫੋਟੋਆਂ ਦੇਖ ਕੇ ਖ਼ੁਸ਼ ਹੋ ਜਾਂਦੇ ਰਹਿੰਨੇ ਆਂ।’
-----
ਮੈਂ ਵੀ ਮਨ ਬਣਾਇਆ...ਹੋਰ ਕੁਝ ਨਹੀਂ ਖਰੀਦਣਾ ਇਨਾ ਪੈਸਿਆਂ ਦਾ, ਤੋਲੇ ਸਵਾ ਤੋਲੇ ਸੋਨੇ ਦੀ ਮੁੰਦਰੀ ਬਣਵਾ ਕੇ ਘਰ ਵਾਲੀ ਨੂੰ ਦੇ ਦਿਆਂਗੇ ਆਖਰ ਮਿਹਨਤ ਤਾਂ ਸਾਰੀ ਏਹਨੇ ਈ ਕੀਤੀ ਆ। ਟਾਈ ਵਾਲੇ ਬਾਬੂ ਨੇ ਮੇਰੀ ਸੋਚ ਨੂੰ ਤੋੜਦਿਆਂ ਉਨੀ ਹਜ਼ਾਰ ਦੋ ਸੌ ਤੀਹ ਰੁਪਏ ਦੇ ਕੂਪਨ ਮੇਰੇ ਹੱਥ ’ਚ ਫੜਾਤੇ ਅਖੇ ਸ਼ੋਅ ਰੂਮ ਦੇ ਅੰਦਰ ਚਲੇ ਜਾਓ ਜੋ ਸਮਾਨ ਖ਼ਰੀਦਣਾ ਹੈ ਖ਼ਰੀਦ ਲਓ।
ਆਹ ਕੀ ਹੋ ਗਿਆ ? ਸਾਰਾ ਸਮਾਨ ਏਥੋਂ ਖ਼ਰੀਦਣਾ ਪਊ?
ਇਕੱਠ ਜ਼ਿਆਦਾ ਹੋਣ ਕਰਕੇ ਮੈਂ ਬਹਿਸ ’ਚ ਪੈਣਾ ਠੀਕ ਨਾ ਸਮਝਿਆ। ਸਰਦਾਰਨੀ ਵੀ ਆਖਣ ਲੱਗੀ ‘‘ ਚੱਲੋ ਸ਼ੋਅ ਰੂਮ ਦੇ ਅੰਦਰ ਚਲਦੇ ਆਂ... ਆਪਾਂ ਸਾਮਾਨ ਤਾਂ ਖ਼ਰੀਦਣਾ ਈ ਐ ...ਏਥੋਂ ਖ਼ਰੀਦ ਲੈਨੇ ਆ.. ’’
------
ਅਸੀਂ ਸ਼ੋਅ ਰੂਮ ਅੰਦਰ ਚਲੇ ਗਏ। ਮੈਂ ਬਿਨੇ ਨੂੰ ਕਿਹਾ ਤੂੰ ਦੋ ਤਿੰਨ ਜ਼ੀਨਾਂ ਤੇ ਟੀ ਸ਼ਰਟਾਂ ਪਸੰਦ ਕਰ ਲੈ .. ਮੈਂ ਵੀ ਦੋ ਕੁ ਸ਼ਰਟਾਂ ਵੇਖ ਲੈਨਾ। ਘਰ ਵਾਲੀ ਇਕ ਦਮ ਭੜਕ ਉੱਠੀ, ‘‘ ਲੈ ਹੁਣ ਤੁਹਾਡੇ ਕੱਪੜਿਆਂ ਤੇ ਤਾਂ ਨੀ ਬਰਬਾਦ ਕਰਨੇ ਸਾਰੇ ਪੈਸੇ, ਪਹਿਲਾਂ ਘਰ ਦਾ ਜ਼ਰੂਰੀ ਸਮਾਨ ਖ਼ਰੀਦ ਲਈਏ।’’
ਵੱਖ-ਵੱਖ ਕਾਉਂਟਰਾਂ ਤੇ ਖੜ੍ਹੇ ਟਾਈ ਵਾਲੇ ਸੇਲਜ਼ਮੈਨਾਂ ਦੇ ਨਾਲ ਝਗੜ ਰਹੇ ਕਸਟਮਰਾਂ ਦੇ ਹੱਥ ਵਿੱਚ ਸਾਡੇ ਵਰਗੇ ਕੂਪਨ ਫੜੇ ਦੇਖ ਕੇ ਅਸੀਂ ਵੀ ਉਹਨਾਂ ਵੱਲ ਨੂੰ ਹੋਏ ਤਾਂ ਮੇਰੇ ਵੱਲ ਹੱਥ ਕਰਕੇ ਇਕ ਸੇਲਜ਼ਮੈਨ ਮੁੰਡਾ, ਜਿਹੜਾ ਸ਼ਾਇਦ ਮੈਨੂੰ ਜਾਣਦਾ ਸੀ, ਆਖਣ ਲੱਗਾ, ‘‘ ਲੈ ਆਹ ਪ੍ਰੋਫੈਸਰ ਸਾਹਿਬ ਨੂੰ ਪੁੱਛ ਲਵੋ, ਇਹਨਾਂ ਕੋਲ ਵੀ ਕੂਪਨ ਆ, ਇਹ ਪੜ੍ਹੇ ਲਿਖੇ ਆ.. ਸਾਰੀ ਗੱਲ ਸਮਝਦੇ ਆ। ਲਓ.. ਦੱਸੋ ਇਨ੍ਹਾਂ ਨੂੰ ਪ੍ਰੋਫੈਸਰ ਸਾਹਿਬ ....ਬਈ ਆਹ ਜਿਹੜੀ ਕਬਾੜ ਵੇਚ ਕੇ ਐਕਸਚੇਂਜ ਵਾਲੀ ਸਕੀਮ ਐ......ਇਹਦੇ ਵਿੱਚ ਜਿੰਨੇ ਕੂਪਨ ਤੁਸੀਂ ਐਡਜਸਟ ਕਰਵਾਉਣੇ ਹੋਣ ....ਉਸ ਤੋਂ ਚਾਰ ਗੁਣਾ ਸਮਾਨ ਖ਼ਰੀਦਣਾ ਪੈਂਦਾ... ਯਾਨੀ ਜੇਕਰ ਤੁਸੀਂ ਦਸ ਹਜ਼ਾਰ ਰੁਪਏ ਦਾ ਸਮਾਨ ਖ਼ਰੀਦਿਆ ਤਾਂ ਢਾਈ ਹਜ਼ਾਰ ਰੁਪਏ ਦੇ ਕੂਪਨ ਐਡਜਸਟ ਹੋ ਜਾਣਗੇ ਤੇ ਤੁਹਾਨੂੰ ਸਿਰਫ਼ ਸਾਢੇ ਸੱਤ ਹਜ਼ਾਰ ਰੁਪਏ ਨਗਦ ਦੇਣੇ ਪੈਣਗੇ।’’ ਗੱਲ ਸੁਣ ਕੇ ਮੇਰੇ ਆਵਦੇ ਹੋਸ਼ ਉੱਡ ਗਏ। ਅੱਖ ਦੇ ਝਪਕੇ ਨਾਲ ਮੈਂ ਤਾਂ ਸੱਸੀ ਵਾਂਗੂ ਲੁੱਟਿਆ-ਪੁੱਟਿਆ ਮਹਿਸੂਸ ਕੀਤਾ। ਨਾਲ ਖੜ੍ਹੀ ਸਰਦਾਰਨੀ ਦਾ ਮੂੰਹ ਪੀਲਾ ਪੈਣਾ ਸ਼ੁਰੂ ਹੋ ਗਿਆ। ਟਾਈ ਵਾਲਾ ਮੁੰਡਾ ਵਾਰ ਵਾਰ ਮੈਨੂੰ ਕਹਿ ਰਿਹਾ ਸੀ , ‘‘ ਦੱਸੋ ਪ੍ਰੋਫੈਸਰ ਸਾਹਿਬ... ਆਹ ਕੂਪਨ ਦੇ ਥੱਲੇ ਬਾਰੀਕ ਲਾਈਨ ਪੜ੍ਹ ਕੇ ਇਨ੍ਹਾਂ ਨੂੰ ਸਮਝਾਓ । ’’
-------
ਇਸ਼ਤਿਹਾਰ ਅਤੇ ਕੂਪਨ ਦੇ ਥੱਲੇ ਵਾਲੀ ਬਰੀਕ ਲਾਈਨ ਨੂੰ ਜ਼ੋਰ ਲਗਾ ਕੇ ਪੜ੍ਹਦਿਆਂ-ਪੜ੍ਹਦਿਆਂ ਮੇਰੀਆਂ ਅੱਖਾਂ ਘਰਵਾਲੀ ਨਾਲ ਮਿਲੀਆਂ, ਦੋ ਨੈਣ ਤੇਰੇ ਦੋ ਨੈਣ ਮੇਰੇ ਮਿਲ ਕੇ ਦੋ ਤੋਂ ਚਾਰ ਹੋਏ ...ਪਰ ਸਾਡੇ ਚਾਰੇ ਨੈਣਾਂ ਵਿੱਚ ਵੀ ਜਿਵੇਂ ਹਨੇਰਾ ਪਸਰਨ ਲੱਗਾ.....ਮਤਲਬ ਜੇ ਇਹ ਸਵਾ ਉਨੀ ਹਜ਼ਾਰ ਦੇ ਕੂਪਨ ਐਡਜਸਟ ਕਰਨੇ ਹਨ ਤਾਂ ਸਾਨੂੰ ਅੱਸੀ ਹਜ਼ਾਰ ਦਾ ਸਮਾਨ ਖ਼ਰੀਦਣਾ ਪਊ। ਫਿਲਮੀ ਸੀਨ ਵਾਂਗ ਇਕ ਦੂਜੇ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਟਿਲ ਖੜ੍ਹੇ ਰਹੇ। ਨਾਲ ਦੀ ਨਾਲ ਬਿਨੇ ਜੀ ਇੱਕ ਕੈਮਰਾ ਚੱਕ ਲਿਆਏ ਅਖੇ, “ਪਾਪਾ ਆਹ ਕੈਮਰਾ ਆਪਾਂ ਲੈ ਲਈਏ.. ਬਹੁਤ ਸੋਹਣਾ।” ਉਸ ਕੈਮਰੇ ਤੇ ਨੌ ਹਜ਼ਾਰ ਨੌ ਸੌ ਨੜਿੱਨਵੇਂ ਰੁਪਏ ਦਾ ਟੈਗ ਲੱਗਾ ਸੀ। ਟਾਈ ਵਾਲਾ ਬਾਬੂ ਕਹਿੰਦਾ ‘ ਇਸ ਕੈਮਰੇ ਦੇ ਨਾਲ ਆਹ ਢਾਈ ਸੌ ਰੁਪਏ ਦੀ ਟਾਰਚ ਬਿਲਕੁਲ ਫਰੀ ਆ ਜੀ। ’ ਘਰ ਵਾਲੀ ਟਾਰਚ ਜਗਾ ਬੁਝਾ ਕੇ ਦੇਖਣ ਲੱਗ ਪਈ। ਮੇਰਾ ਮੱਥਾ ਹੋਰ ਠਣਕਿਆ। ਬਈ ਜੇ ਇਹਨੂੰ ਇਹ ਟਾਰਚ ਪਸੰਦ ਆ ਗਈ ਤਾਂ ਕੈਮਰਾ ਵੀ ਖ਼ਰੀਦਣਾ ਪਊ। ਸਰਦਾਰਨੀ ਲੱਗੀ ਹਿਸਾਬ ਕਿਤਾਬ ਲਾਉਣ ‘ ਨੌ ਹਜ਼ਾਰ ਨੌ ਸੌ ਨੜਿੱਬਵੇਂ....ਤੇ ਸਾਡੇ ਕੋਲੇ ਆਹ ਕੂਪਨ ਆ ....ਪੱਚੀ ਪ੍ਰਤੀਸ਼ਤ ਤਾਂ ਇਹ ਐਡਜਸਟ ਹੋ ਜਾਣਗੇ। ’ ਟਾਈ ਵਾਲਾ ਬਾਬੂ ਝਟਪਟ ਬੋਲਿਆ ‘ ਨਹੀਂ ਭੈਣਜੀ ਨਹੀਂ, ਇਹ ਕਬਾੜ ਐਕਸਚੇਂਜ਼ ਆਫਰ ਇਲੈਕਟ੍ਰੋਨਿਕ ਸਮਾਨ ਤੇ ਲਾਗੂ ਨਹੀਂ ਹੁੰਦੀ। ਇਹ ਸਿਰਫ਼ ਕੱਪੜਿਆਂ ਅਤੇ ਜੁੱਤੀਆਂ ਤੇ ਲਾਗੂ ਹੁੰਦੀ ਆ।’
‘‘ਤੇ ਘਰੇਲੂ ਸਮਾਨ ਤੇ ?’’ ਸਰਦਾਰਨੀ ਨੇ ਵੇਲਾ ਸੰਭਾਲਦਿਆਂ ਟਾਈ ਵਾਲੇ ਬਾਬੂ ਨੂੰ ਪੁੱਛਿਆ।
‘‘ ਨਹੀਂ ਭੈਣਜੀ ..ਗਰੌਸਰੀ ਤੇ ਫੂਡ ਤੇ ਵੀ ਇਹ ਆਫਰ ਲਾਗੂ ਨਹੀਂ ਹੁੰਦੀ, ਇਹ ਸਿਰਫ਼ ਕੱਪੜਿਆਂ ਅਤੇ ਜੁੱਤੀਆਂ ਤੇ ਹੀ ਲਾਗੂ ਹੁੰਦੀ ਆ।’’ ਅਸੀਂ ਜਿਵੇਂ ਇਕ ਦਮ ਠੰਡੇ ਪਾਣੀ ਵਿੱਚ ਬਹਿ ਗਏ। ਸਿਰਫ਼ ਕੱਪੜੇ ਅਤੇ ਜੁੱਤੀਆਂ ਕਿਵੇਂ ਖਰੀਦੀਆਂ ਜਾਣ ਅੱਸੀ ਹਜ਼ਾਰ ਦੀਆਂ। ਕਬਾੜ ਦਾ ਜੁਗਾੜ ਮਹਿੰਗਾ ਪੈਂਦਾ ਦੇਖਕੇ ਅਸੀਂ ਇਕ ਦੂਜੇ ਨੂੰ ਬਿਨਾਂ ਬੁਲਾਏ ਸ਼ੋਅ ਰੂਮ ਤੋਂ ਬਾਹਰ ਆ ਗਏ । ਮੈਂ ਸਰਦਾਰਨੀ ਦਾ ਮੂਡ ਬਦਲਣ ਦੀ ਕੋਸ਼ਿਸ਼ ਕੀਤੀ, ‘‘ਚੱਲ ਕੋਈ ਨੀ, ਤੂੰ ਮਨ ਨਾ ਖ਼ਰਾਬ ਕਰ, ਦੱਸ ਕਿਹੜੇ ਰੈਸਟੋਰੈਂਟ ਵਿਚ ਰੋਟੀ ਖਾਣੀ ਆਂ ? ’’
ਸਰਦਾਰਨੀ ਕਹਿੰਦੀ , ‘‘ਘਰ ਚੱਲੋ, ਦਾਲ ਬਣੀ ਪਈ ਆ.... ਆਟਾ ਗੁੰਨਿਆਂ ਪਿਆ, ਟੈਮ ਨਾਲ ਰੋਟੀ ਖਾਈਏ। ਘਰ ਵਰਗੀ ਰੋਟੀ ਦੀ ਰੀਸ ਨਹੀਂ। ’’ਉਹਨੇ ਕਾਹਲੀ ਕਾਹਲੀ ਨਾਲ ਪਰਸ ’ਚੋਂ ਫੋਨ ਕੱਢਿਆ ਤੇ ਡਾਇਲ ਕਰਦੀ-ਕਰਦੀ ਆਖਣ ਲੱਗੀ , ‘‘ ਪਹਿਲਾਂ ਮੈਂ ਮੰਮੀ ਨੂੰ ਫੋਨ ਕਰ ਦਿਆਂ.. ਹੋਰ ਨਾ ਸਵੇਰ ਨੂੰ ਗੱਡੀ ਭਰ ਕੇ ਲੈ ਆਉਣ ਕਬਾੜ ਦੀ।’’
No comments:
Post a Comment