ਜਨਮ: ਮਾਰਚ, 1931 ਬਰਮਾ
ਅਜੋਕਾ ਨਿਵਾਸ: ਕੈਲੇਫੋਰਨੀਆਂ, ਯੂ.ਐੱਸ.ਏ.
ਪ੍ਰਕਾਸ਼ਿਤ ਕਿਤਾਬਾਂ: ਕਹਾਣੀ-ਸੰਗ੍ਰਹਿ: ਅਸੀਂ ਵੀ ਕੁਝ ਹਾਂ, ਲੜਕੇ ਤੁਮ ਕੌਨ, ਹਰ ਸਵੇਰੇ ਹਰ ਸਵੇਰ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
-----
ਦੋਸਤੋ! ਘੱਗ ਸਾਹਿਬ ਨੂੰ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਧਾਨ (1980), ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਦੇ ਫਾਊਂਡਰ ਮੈਂਬਰ ਅਤੇ ਪਹਿਲੇ ਪ੍ਰਧਾਨ (1993) ਹੋਣ ਦਾ ਮਾਣ ਹਾਸਿਲ ਹੈ। ਅੱਜ ਉਹਨਾਂ ਨੇ ਇਕ ਬੇਹੱਦ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਭੇਜ ਕੇ ਸ਼ਿਰਕਤ ਕੀਤੀ ਹੈ। ਆਰਸੀ ਪਰਿਵਾਰ ਵੱਲੋਂ ਘੱਗ ਸਾਹਿਬ ਨੂੰ ਖ਼ੁਸ਼ਆਮਦੀਦ ਆਖਦਿਆਂ, ਇਹ ਲੇਖ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਇਸ ਗੱਲ ਲਈ ਮੈਂ ਖ਼ਿਮਾ ਦੀ ਜਾਚਕ ਹਾਂ ਕਿ ਰੁਝੇਵਿਆਂ ਕਰਕੇ, ਘੱਗ ਸਾਹਿਬ ਦੀ ਹਾਜ਼ਰੀ ਬਹੁਤ ਦੇਰੀ ਨਾਲ਼ ਲੱਗ ਰਹੀ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
************
ਹੋਲੀ ਬਨਾਮ ਹੋਲਾ ਮਹੱਲਾ
ਲੇਖ
ਮਾਘ ਦੀ ਸੰਗਰਾਂਦ ਵਾਲੇ ਦਿਨ ਸੂਰਜ ਦੇਵਤਾ ਮਕਰ ਰਾਸ਼ੀ ਵਿਚ ਪ੍ਰਵੇਸ਼ ਕਰਦਿਆਂ ਹੀ ਨਾਰਦਰਨ ਹੈਮੇਸਫੀਰ ( ਧਰਤੀ ਦਾ ਉਤਰੀ ਹਿੱਸਾ ) ਵਿਚ ਆਪਣੀਆਂ ਨਿੱਘੀਆਂ ਕਿਰਨਾਂ ਨਾਲ ਕੁਝ ਸੰਦੇਸ਼ ਦੇਣੇ ਸ਼ੁਰੂ ਕਰ ਦਿੰਦਾ ਹੈ। ਇਸ ਮਿੰਨੇ ਮਿੰਨੇ ਨਿੱਘ ਨਾਲ ਸਿਆਲ ਭਰ ਵਿਚ ਰੁੱਖੇ ਰੁੱਖੇ ਲੱਗ ਰਹੇ ਵੇਲ ਬੂਟਿਆਂ ਵਿਚ ਜੀਵਨ ਦੀ ਝਲਕ ਪ੍ਰਗਟ ਹੋਣ ਲਗਦੀ ਹੈ। ਧਰਤੀ ਵਿਚ ਦੱਬਿਆ ਬੀਜ ਉੱਸਲਵਟੇ ਲੈਣ ਲੱਗ ਜਾਂਦਾ ਹੈ। ਦੇਖਦਿਆਂ ਹੀ ਦੇਖਦਿਆਂ ਧਰਤੀ ਮਖਮਲੀ ਚਾਦਰ ਓੜ੍ਹ ਲੈਂਦੀ ਹੈ, ਰੰਗ ਬਰੰਗੇ ਫੁੱਲ ਇਕ ਅਦਭੁਤ ਨਜ਼ਾਰਾ ਪੇਸ਼ ਕਰਨ ਲੱਗ ਜਾਂਦੇ ਹਨ। ਹਾਈਬਰਨੇਸ਼ਨ ( ਸਿਆਲ ਭਰ ਸੁੱਤੇ ਰਹਿਣ ਵਾਲੇ) ਖ਼ਤਮ ਕਰਕੇ ਰਿੱਛ, ਗਲੈਹਰੀਆਂ ਅਤੇ ਹੋਰ ਬਹੁਤ ਸਾਰੇ ਕੀੜੇ ਪਤੰਗੇ ਵੀ ਜਾਗ ਪੈਂਦੇ ਹਨ ਬਸ ਹਰ ਪਾਸੇ ਰੌਣਕ ਹੀ ਰੋਣਕ ਹੋ ਜਾਂਦੀ ਹੈ। ਬਸੰਤ ਰੁੱਤ ਚੜ੍ਹਦੀ ਕਲਾ ਦੀ ਪ੍ਰਤੀਕ ਹੈ। ਹਰ ਪਾਸੇ ਕੁਝ ਨਵਾਂ ਅਤੇ ਤਾਜ਼ਾ ਨਜ਼ਰ ਆਉਂਦਾ ਹੈ।ਸਰ੍ਹੋਂ ਦੇ ਬਸੰਤੀ ਫੁਲਾਂ ਨਾਲ ਸ਼ੁਰੂ ਹੋਇਆ ਮੌਸਮ ਹੋਰ ਰੰਗਾਂ ਦੀ ਪਰਦਰਸ਼ਨੀ ਕਰਦਾ ਜਦ ਭਰ ਜੋਬਨ ਤੇ ਪੁੱਜਦਾ ਹੈ ਤਾਂ ਢੱਕ ਪਲਾਹ ਜਾਂ ਫਲਾਹ, ਜਿਸਨੂੰ ਕੇਸੂ ਵੀ ਆਖਦੇ ਹਨ, ਲਾਲ ਅਤੇ ਪੀਲੀ ਭਾ ਮਾਰਦੇ ਫੁੱਲਾਂ ਨਾਲ ਲੱਦਿਆ ਹੋਇਆ ਇਦਾਂ ਲੱਗਦਾ ਹੈ ਜਿਵੇਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹੋਣ। ਹੋਲੀ ਦਾ ਮਤਲਬ ਵੀ ਅੱਗ ਵਾਂਗ ਬਲਣਾ ਹੈ ਸ਼ਾਇਦ ਕੇਸੂ ਦੇ ਫੁੱਲਾਂ ਕਾਰਨ ਹੀ ਇਸ ਮੌਸਮੀ ਮੇਲੇ ਦਾ ਨਾਂ ਹੋਲੀ ਪੈ ਗਿਆ ਹੋਵੇ। ਬਾਅਦ ਵਿਚ ਰੁੱਤਾਂ ਨਾਲ ਸਿਰਜੇ ਮੇਲਿਆਂ ਨਾਲ ਜਦ ਕੁਝ ਮਿਥਿਹਾਸਕ ਗਾਥਾਵਾਂ ਜੁੜ ਜਾਂਦੀਆਂ ਹਨ ਤਾਂ ਇਹ ਤਿਉਹਾਰ ਹੋ ਨਿਬੜਦੇ ਹਨ। ਇਹ ਸਾਂਝੇ ਖ਼ੁਸ਼ੀਆਂ ਖੇੜਿਆਂ ਦੇ ਦਿਨ ਜਦ ਕਦੇ ਵੀ ਕਿਸੇ ਇਕ ਧਰਮ ਦੀ ਮਲਕੀਅਤ ਬਣ ਜਾਣ ਤਾਂ ਇਸ ਕੁਦਰਤੀ ਵਰਤਾਰੇ ਦੀ ਸਾਂਝ ਨੂੰ ਵੀ ਖੋਰਾ ਲਗ ਜਾਂਦਾ ਹੈ। ਦਰੱਖਤ ਮੌਲਣ ਤੋਂ ਲੇ ਕੇ ਪੂਰੇ ਫੁੱਲ ਨਿਕਲਣ ਤਕ ਇਹ ਸਾਰੀ ਪ੍ਰਕਿਰਿਆ ਕੋਈ ਚਾਲੀ ਦਿਨਾਂ ਵਿਚ ਪੂਰੀ ਹੋ ਜਾਂਦੀ ਹੈ। ਬਸੰਤ ਪੰਚਮੀ ਤੋਂ ਸ਼ੁਰੂ ਹੋਈਆਂ ਖ਼ੁਸ਼ੀਆਂ ਦਾ ਸਮਾ ਹੋਲੀ ਨਾਲ ਆਖਰੀ ਚਰਨਸੀਮਾ ਤੇ ਪੁੱਜ ਜਾਂਦਾ ਹੈ।
-----
ਸਾਡੇ ਪੂਰਬਲੇ ਵੀ ਜੰਗਲੀ ਰਾਜ ਦਾ ਹੀ ਇਕ ਹਿੱਸਾ ਸਨ। ਕੋਮਲ-ਕੋਮਲ ਪੱਤੀਆਂ ਲੱਦੇ ਟਾਹਣਾਂ ਉਤੇ ਕਲੋਲ ਕਰਦੇ ਪੰਛੀ ਜਦ ਆਪਣੀ ਚਰਪ ਚਰਪ ਚੀਂ ਚੀਂ ਨਾਲ ਰਾਗ ਛੇੜਦੇ ਤਾਂ ਆਦਿਵਾਸੀ ਮਨੁੱਖ ਵੀ ‘ ਹਾ ਹਾ ਹੀ ਹੀ ਹੂ ਹੂ ‘ ਦੀਆਂ ਆਵਾਜ਼ਾਂ ਕੱਢ ਕੇ ਕੁਦਰਤ ਦੇ ‘ ਭਿੰਨ-ਭਿੰਨ ਸੁਰਾਂ ਵਾਲੇ’ ਆਰਕੈਸਟਰੇ ਦਾ ਹਿਸਾ ਹੋ ਜਾਂਦਾ। ਪਸ਼ੂਆਂ ਨੂੰ ਟਪੂਸੀਆਂ ਮਾਰਦੇ ਤਕ ਮਨੁੱਖ ਵੀ ਪਸ਼ੂਆਂ ਵਾਂਗ ਉਛਲਦਾ ਕੁੱਦਦਾ ਸਰਕਸ ਵਿਚ ਸ਼ਾਮਲ ਹੋ ਜਾਂਦਾ।
-----
ਪਰ ਵੇਲ-ਬੂਟਿਆਂ ਵਰਗਾ ਹੋਣ ਦੀਆਂ ਸੋਚਾਂ ਉਸਦੇ ਛੋਟੇ ਜਿਹੇ ਦਿਮਾਗ਼ ‘ਤੇ ਚੋਟਾਂ ਕਰਦੀਆਂ। ਫਿਰ ਇਕ ਦਿਨ ਮਨੁੱਖ ਨੂੰ ਕਿਤੋਂ ਲਾਲ ਮਿੱਟੀ ਹਥਿਆ ਗਈ। ਥੋੜ੍ਹੀ ਜਿਹੀ ਆਪਣੇ ਪਿੰਡੇ ਤੇ ਲਾਈ ਤਾਂ ਉਹ ਡੱਬ-ਖੜੱਬਾ ਦਿਸਣ ਲੱਗਾ। ਉਹ ਖ਼ੁਸ਼ ਸੀ ਕਿ ਉਸਨੇ ਇਕ ਰਾਜ਼ ਲੱਭ ਲਿਆ ਸੀ। ਉਹ ਝੱਟ ਪੱਟ ਕੁਝ ਮਿੱਟੀ ਲੈ ਕੇ ਆਪਣੇ ਸਾਥੀਆਂ ਪਾਸ ਆਇਆ ਅਤੇ ਉਹਨਾਂ ਤੇ ਵੀ ਲਾਲ ਰੰਗ ਦੀ ਮਿੱਟੀ ਪਾ ਦਿੱਤੀ। ਡੱਬ-ਖੜੱਬੇ ਹੋ ਕੇ ਉਹਨਾਂ ਦੀਆਂ ਖ਼ੁਸ਼ੀਆਂ ਤਾਂ ਸੱਤ ਆਸਮਾਨ ਛੂਹਣ ਲਗੀਆਂ, ਉਹਨਾਂ ਨੇ ਬੇਲ ਬੂਟਿਆਂ ਵਰਗੇ ਬਣ ਕੇ ਕੁਦਰਤ ਨਾਲ ਇਕ ਮਿਕ ਹੋਣ ਦਾ ਰਾਜ਼ ਜੁ ਲੱਭ ਲਿਆ ਸੀ। ਯੂ. ਪੀ. ਵਿਚ ਖੇਤੀ ਕਰਦੇ ਸਮੇਂ ਮੈਂ ਆਪਣੇ ਪਹਾੜੀ ਨੌਕਰਾਂ ਨੂੰ ਲਾਲ ਮਿਟੀ ਨਾਲ ਹੋਲੀ ਮਨਾਉਂਦੇ ਤੱਕਿਆ। ਪੁੱਛਣ ਤੇ ਆਖਣ ਲੱਗੇ ‘ ਹਮਾਰੇ ਬੜ੍ਹਊ ਇਸੀ ਤਰਹ ਮਨਾਤੇ ਥੇ’। ਦਰੱਖਤ ਮੌਲਣ ਤੋਂ ਲੈ ਕੇ ਪੂਰੇ ਫੁੱਲ ਨਿਕਲਣ ਤੱਕ ਖੁਸ਼ੀਆਂ ਮਨਾਈਆਂ ਜਾਂਦੀਆਂ ਸਨ। ਘੋੜੇ ਚੜ੍ਹੀ ਜਾਂਦੀ ਜਿੰਦਗੀ ਨੇ ਭਾਵੇਂ ਹੁਣ ਇਕ ਦਿਨ ਹੀ ਰੰਗ ਪਾ ਕੇ ਇਹ ਮੇਲਾ ਮਨਾ ਲਿਆ ਪਰ ਅੱਜ ਵੀ ਹਿਮਾਚਲ ਪ੍ਰਦੇਸ਼ ਵਿਚ ਫਰਵਰੀ ਤੋਂ ਸ਼ੁਰੂ ਹੋ ਕੇ ਮਾਰਚ ਵਿਚ ਆਉਣ ਵਾਲੀ ਪੂਰਨਮਾਸ਼ੀ ਤਕ ਹੋਲੀ ਮਨਾਈ ਜਾਂਦੀ ਹੈ।
-----
ਨਾ ਸਮਾ ਰੁਕਿਆ ਤੇ ਨਾ ਮਨੁੱਖ। ਬਦਲਦੇ ਸਮੇਂ ਨਾਲ ਮਨੁੱਖ ਨੂੰ ਵੀ ਕੁਝ ਸੂਝ ਆਈ ਤਾਂ ਉਸਨੇ ਸੁੱਕੇ ਫੁਲਾਂ ਨੂੰ ਪੀਸ ਕੇ ਰੰਗ ਬਣਾ ਲਏ। ਉਹ ਕੁਝ ਕਲਾਕਾਰ ਵੀ ਹੋ ਗਿਆ ਤਾਂ ਉਸਨੇ ਆਪਣੇ ਪਿੰਡੇ ‘ਤੇ ਸਿਰਫ਼ ਮਿੱਟੀ ਨਾਲ ਡੱਬ-ਖੜੱਬਾ ਹੋਣ ਦੀ ਥਾਂ ਵੇਲ-ਬੂਟੇ ਛਾਪਣੇ ਸ਼ੁਰੂ ਕਰ ਲਏ ‘ ਜੰਗਲ ਵਾਸੀਆਂ ਵਿਚ ਅਜ ਵੀ ਇਹ ਰਿਵਾਜ਼ ਹੈ। ਜੰਗਲ ਅਤੇ ਗੁਫਾਵਾਂ ‘ਚੋਂ ਨਿੱਕਲ ਕੇ ਜਦ ਉਸਨੇ ਨਗਰ ਵਸਾਉਣੇ ਸ਼ੁਰੂ ਕਰ ਦਿਤੇ ਤਾਂ ਆਰਥਿਕ ਨਾ-ਬਰਾਬਰਤਾ ਨੇ ਵੀ ਆ ਡੇਰੇ ਲਾਏ। ਉੱਪਰੋਂ ਵਰਣ ਵੰਡ ਦੀ ਮਾਰ ਪਈ ਤਾਂ ਹੋਲੀ ਦਾ ਰੰਗ ਢੰਗ ਵੀ ਵੱਖਰਾ ਹੋ ਗਿਆ। ਆਰਥਿਕ ਪੱਖੋਂ ਖ਼ੁਸ਼ਹਾਲ ਵਰਗ ਚੰਗਾ ਚੋਸਾ ਪਕਵਾਨ ਬਣਾਉਂਦਾ ਇਕ ਦੂਸਰੇ ਤੇ ਰੰਗ ਸੁੱਟਦਾ ਇਸ ਦੇ ਉਲਟ ਕਮਜ਼ੋਰ ਵਰਗ ਭੰਗ ਦੀ ਸਰਦਾਈ ਅਤੇ ਸ਼ਰਾਬ ਨਾਲ ਗੜੁੱਚ ਹੋ ਕੇ ਗਾਲੀ ਗਲੋਚ ਕਰਦਾ ਅਤੇ ਇਕ ਦੂਸਰੇ ਤੇ ਨਾਲੀਆਂ ਦਾ ਗੰਦ ਸੁੱਟਦਾ, ਜੋ ਅੱਜ ਤਕ ਚੱਲਿਆ ਆ ਰਿਹਾ ਹੈ। ਉੱਚ ਜ਼ਾਤੀ ਦੇ ਬਰਾਹਮਣ ਨੇ ਇਸ ਵਿਚ ਬਰਾਬਰਤਾ ਜਾਂ ਸੁਧਾਰ ਲਿਆਉਂਣ ਦੀ ਬਜਾਏ ਇਸ ਨੂੰ ਸ਼ੂਦਰਾਂ ਦਾ ਤਿਉਹਾਰ ਆਖ ਦਿਤਾ। ਹੋਲੀ ਨਾਲ ਕੁਝ ਮਿਥਿਹਾਸਕ ਗਾਥਾਵਾਂ ਜੁੜਨ ਨਾਲ ਹੋਲੀ ਸਿਰਫ਼ ਹਿੰਦੂ ਧਰਮ ਦੀ ਮਲਕੀਅਤ ਬਣ ਕੇ ਰਹਿ ਗਈ। ਇਸੇ ਲਈ ਮੁਸਲਮਾਨ ਵੀਰ ਹੋਲੀ ਨਹੀਂ ਖੇਡਦੇ ਮੱਲੋ-ਜ਼ੋਰੀ ਰੰਗ ਪਾਉਣ ਤੇ ਫਸਾਦ ਵੀ ਹੋ ਜਾਂਦੇ ਹਨ। ਇਸ ਤੋਂ ਅੱਗੇ ਹੋਲੀ ਨਾਲ ਜੁੜੇ ਮਿਥਿਹਾਸ ਦੀ ਗੱਲ ਕਰਾਂਗੇ।
-----
ਸ਼ਿਵ ਤੇ ਕਾਮਦੇਵ
ਤਾਰਕਾ ਨਾਂ ਦੀ ਰਾਖਸ਼ਸ ਤੋਂ ਛੁਟਕਾਰਾ ਪਾਉਂਣ ਲਈ ਦੇਵਤੇ ਬ੍ਰਹਮਾ ਪਾਸ ਗਏ। ਬ੍ਰਹਮਾ ਨੇ ਦੱਸਿਆ ਕਿ ਤਾਰਕਾ ਦਾ ਵੱਧ ਸਿਰਫ਼ ਸ਼ਿਵ ਅਤੇ ਪਾਰਵਤੀ ਤੋਂ ਪੈਦਾ ਹੋਈ ਸੰਤਾਨ ਹੀ ਕਰ ਸਕਦੀ ਹੈ। ਇਕ ਅੜਚਣ ਸੀ। ਸ਼ਿਵ ਜੀ ਲੰਮੇਂ ਸਮੇਂ ਤੋਂ ਸਮਾਧੀ ਇਸਥਤ ਸਨ। ਨਾ ਉਹਨਾਂ ਦੀ ਸਮਾਧੀ ਖੁੱਲ੍ਹੇ ਨਾ ਪਾਰਵਤੀ ਨਾਲ ਵਿਵਾਹ ਅਤੇ ਨਾ ਸੰਤਾਨ। ਆਖਰ ਇੰਦਰ ਦੇਵ ਨੇ ਕਾਮਦੇਵ ਦੀ ਸਹਾਇਤਾ ਨਾਲ ਸ਼ਿਵ ਦੀ ਸਮਾਧੀ ਭੰਗ ਕਰਵਾ ਲਈ। ਕ੍ਰੋਧਿਤ ਹੋਏ ਸ਼ਿਵ ਨੇ ਆਪਣੀ ਤੀਸਰੀ ਅੱਖ ਖੋਲ੍ਹ ਕੇ ਕਾਮਦੇਵ ਨੂੰ ਭਸਮ ਕਰ ਦਿਤਾ। ਕਾਮਦੇਵ ਦੀ ਪਤਨੀ ਰਤੀ ਦੇ ਰੋਣ ਕਰਲਾਉ ‘ਤੇ ਸ਼ਿਵ ਨੇ ਕਾਮਦੇਵ ਨੂੰ ਇਸ ਸ਼ਰਤ ਤੇ ਮੁੜ ਸੁਰਜੀਤ ਕਰ ਦਿਤਾ ਕਿ ਕਾਮਦੇਵ ਦੇ ਦਿਮਾਗ਼ ਵਿਚ ਤਾਂ ਕਾਮ ਵਾਸਨਾ ਹੋਵੇਗੀ ਪਰ ਸਰੀਰਕ ਸਬੰਧ ਨਹੀਂ ਹੋਣਗੇ। ਪਿਆਰ ਦਾ ਮਹੀਨਾ ਮਾਰਚ ਜਦ ਚਰਿੰਦ, ਪਰਿੰਦੇ ਅਤੇ ਸਾਰੇ ਵਣ-ਤ੍ਰਿਣ ਵਿਚ ਕਾਮ ਦਾ ਹੀ ਬੋਲ ਬਾਲਾ ਹੁੰਦਾ ਹੈ ਤਾਂ ਕੁਝ ਸਾਧੂ ਟੋਲੇ ਕਾਮ ਤੇ ਕਾਬੂ ਕਰਨ ਲਈ ਕਾਮਦੇਵ ਦਾ ਪੁਤਲਾ ਸਾੜ ਕੇ ਹੋਲੀ ਮਨਾਉਂਦੇ ਹਨ। ਕਾਮ ਦੇਵ ਦਾ ਪੁਤਲਾ ਤਾਂ ਜਲਦਾ ਹੈ ਪਰ ਕਾਮ ਨਹੀਂ, ਇਹ ਤਾਂ ਦਿਨੋਂ ਦਿਨ ਅਵਾਰਾ ਹੁੰਦਾ ਜਾ ਰਿਹਾ ਹੈ। ਸਾਰੇ ਸੰਸਾਰ ਵਿਚ ਬਲਾਤਕਾਰ ਦੀਆਂ ਵਾਰਦਾਤਾਂ ਵਿਚ ਵਾਧਾ ਹੋ ਰਿਹਾ ਹੈ।
-----
ਹੋਲਿਕਾ ਅਤੇ ਪ੍ਰਹਿਲਾਦ
ਪ੍ਰਹਿਲਾਦ ਨੇ ਜਦ ਆਪਣੇ ਪਿਤਾ ਹਰਨਾਕਸ਼ਪ ਨੂੰ ਰੱਬ ਮੰਨਣ ਤੋਂ ਇਨਕਾਰ ਕਰ ਦਿਤਾ ਤਾਂ ਹਰਨਾਕਸ਼ਪ ਵਲੋਂ ਪ੍ਰਹਿਲਾਦ ਨੂੰ ਡਰਾਉਣ ਧਮਕਾਉਣ ਉਪਰੰਤ ਜਦ ਮਾਰਨ ਦੀਆਂ ਵਿਉਂਤਾਂ ਬਣੀਆਂ ਤਾਂ ਹਰਨਾਕਸ਼ਪ ਦੀ ਭੈਣ ਹੋਲਿਕਾ ਨੇ ਵੀ ਭਰਾ ਦਾ ਸਾਥ ਦਿਤਾ। ਕਿਹਾ ਜਾਂਦਾ ਹੈ ਕਿ ਹੋਲਿਕਾ ਪਾਸ ਸ਼ਿਵ ਵਲੋਂ ਵਰ ਦੇ ਰੂਪ ਵਿਚ ਇਕ ਚਾਦਰ ਸੀ ਜਿਸ ਨੂੰ ਉਪਰ ਲਿਆਂ ਅੱਗ ਅਸਰ ਨਹੀਂ ਸੀ ਕਰਦੀ। ਉਹੋ ਜਿਹੀਆਂ ਚਾਦਰਾਂ ਅੱਜ ਅੱਗ ਬੁਝਾਉਣ ਵਾਲਿਆਂ ਪਾਸ ਹਨ। ਹੋਲਿਕਾ ਪ੍ਰਹਿਲਾਦ ਨੂੰ ਗੋਦੀ ਵਿਚ ਲੈ ਕੇ ਅੱਗ ਵਿਚ ਬੈਠ ਗਈ। ਕਿਹਾ ਜਾਂਦਾ ਹੈ ਕਿ ਹਵਾ ਦੇ ਬੁੱਲੇ ਨਾਲ ਉਹ ਚਾਦਰ ਪ੍ਰਹਿਲਾਦ ਤੇ ਆ ਗਈ। ਜਿਸ ਕਾਰਨ ਪ੍ਰਹਿਲਾਦ ਬਚ ਗਿਆ ਅਤੇ ਹੋਲਿਕਾ ਜਲ ਗਈ। ਕਹਿੰਦੇ ਨੇ ਲੋਕਾਂ ਨੇ ਘਰਾਂ ਵਿਚੋਂ ਦਾਣਾ-ਫ਼ੱਕਾ ਵੀ ਲਿਆ ਕੇ ਅੱਗ ਵਿਚ ਸੁੱਟ ਦਿਤਾ ਤਾਂ ਕਿ ਪਾਪਣ ਹੋਲਿਕਾ ਬਚ ਨਾ ਸਕੇ। ਅੱਜ ਵੀ ਹੋਲੀ ਵਾਲੀ ਰਾਤ ਨੂੰ ਵੱਡ-ਅਕਾਰੀ ਧੂਣਾ ਤਪਾਇਆ ਜਾਂਦਾ ਹੈ। ਲੋਕੀਂ ਕੱਕਰੀ ਰਾਤ ਵਿਚ ਉਸ ਧੂਣੇ ਦਾ ਨਿੱਘ ਵੀ ਮਾਣਦੇ ਹਨ ਉਸ ਦੁਆਲੇ ਨੱਚਦੇ ਹਨ ਗਾਉਂਦੇ ਹਨ ਅਤੇ ਨਾਲ ਨਾਲ ਤਿਰਚੌਲੀ, ਨਾਰੀਅਲ ਅਤੇ ਹੋਰ ਮੇਵੇ ਅੱਗ ਵਿਚ ਪਾਏ ਜਾਂਦੇ ਹਨ। ਹੋਲੀ ਦੀ ਧੂਣੀ ਅਤੇ ਯੱਗ ਦੋਰਾਨ ਹਵਨ ‘ਤੇ ਸਮਗਰੀ ਪਾ ਕੇ ਦੇਵਤਿਆਂ ਨੂੰ ਰਿਝਾਉਣਾ ਇਹ ਸਦੀਆਂ ਪੁਰਾਣਾ ਰਿਵਾਜ਼ ਹੈ। ਬਾਈਬਲ ਵਿਚ ਵੀ ਇਸ ਦਾ ਜ਼ਿਕਰ ਅਗਨ-ਭੇਟਾ ਵਜੋਂ ਹੈ ।
( ਲੱਕੜੀ ਦੀ ਅੱਗ ਰਾਹੀਂ ਭੇਟਾ ਕੀਤੀ ਹੋਈ ਸਮੱਗਰੀ ਦੇ ਨਾਲ ਜੋ ਮਹਿਕ ਉਠਦੀ ਹੈ ਉਸ ਨਾਲ ਲਾਰਡ ਖ਼ੁਸ਼ ਹੋ ਜਾਂਦਾ ਹੈ)। ਹਰ ਯੁੱਗ ਵਿਚ ਬੇ-ਲਗਾਮ ਤਾਕਤ ਵੱਡੇ ਛੋਟੇ ਹਰਨਾਕਸ਼ਪ ਨੂੰ ਜਨਮ ਦਿੰਦੀ ਰਹੀ ਹੈ। ਮਿਥਹਾਸਕ ਹਰਨਾਕਸ਼ਪ ਦੀ ਪਹੁੰਚ ਤਾਂ ਇਕ ਦਾਇਰੇ ਵਿਚ ਹੀ ਸੀ ਪਰ ਅੱਜ ਦੇ ਹਰਨਾਕਸ਼ਪ ਤਾਂ ਸਾਰੇ ਸੰਸਾਰ ਨੂੰ ਵਖ਼ਤ ਪਾਈ ਬੈਠੇ ਹਨ। ਉਹਨਾਂ ਦਾ ਸਾਥ ਹੋਲਕਾ ਵੀ ਦੇ ਰਹੀਆਂ ਹਨ ਅਤੇ ਅਣਗਿਣਤ ਪ੍ਰਹਿਲਾਦ ਤਸੀਹੇ ਝੱਲ ਰਹੇ ਹਨ। ਇਹ ਤਾਂਡਵ ਨਾਚ ਹਰ ਸਮੇ ਸੰਸਾਰ ਦੇ ਹਰ ਪਾਸੇ ਹੋ ਰਿਹਾ ਹੈ। )
-----
ਰਾਖਸ਼ਸ ਪੂਤਨਾ
ਇਕ ਮਿਥਿਹਾਸਕ ਗਾਥਾ ਹੈ ਕਿ ਰਾਜਾ ਕੰਸ ਵਲੋਂ ਭੇਜੀ ਗਈ ਪੂਤਨਾਂ ਨਾਂ ਦੀ ਔਰਤ ( ਰਾਖਸ਼ਸ਼ ) ਨੇ ਆਪਣੀ ਦੁਧੀਆਂ ਨੂੰ ਜ਼ਹਿਰ ਲਾ ਕੇ ਕ੍ਰਿਸ਼ਨ ਭਗਵਾਨ ਨੂੰ ਮਾਰਨ ਦਾ ਯਤਨ ਕੀਤਾ, ਪਰ ਕ੍ਰਿਸ਼ਨ ਜੀ ਨੇ ਦੁੱਧੀ ਤੇ ਦੰਦੀ ਵੱਢ ਦਿਤੀ ਜਿਸ ਕਾਰਨ ਉਹ ਜ਼ਹਿਰ ਪੂਤਨਾ ਦੇ ਖ਼ੂਨ ਵਿਚ ਰਲ਼ ਗਈ ਅਤੇ ਉਹ ਮਰ ਗਈ। ਨੇਕੀ ਦੀ ਬਦੀ ਤੇ ਜਿੱਤ ‘ਤੇ ਲੋਕਾਂ ਨੇ ਖੁਸ਼ੀ ਮਨਾਈ। ਬੱਚੇ ਨੂੰ ਮਾਰਨ ਦਾ ਮਹਾਂ ਪਾਪ ਸਦੀਆਂ ਤੋਂ ਹੁੰਦਾ ਆ ਰਿਹਾ ਹੈ। ਕ੍ਰਿਸ਼ਨ ਦਾ ਰੂਪ ਭਾਵ ਲੜਕਾ ਤਾਂ ਕਿਸੇ ਜਾਇਦਾਦ ਲਈ ਕੋਈ ਜ਼ਾਤੀ ਕਿੜ ਕਾਰਨ ਹੀ ਕਦੇ ਕਦੇ ਮਰਦਾ ਹੈ ਪਰ ਜੰਮਦੀਆਂ ਬੱਚੀਆਂ ਨੂੰ ਮਾਰਨ ਦਾ ਰਿਵਾਜ਼ ਤਾਂ ਬਹੁਤ ਪੁਰਾਣੇ ਸਮੇਂ ਤੋਂ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਵੀ ਆਪਣੀ ਉਮੱਤ ਨੂੰ ਜੰਮਦੀਆਂ ਬੱਚੀਆਂ ਮਾਰਨ ਦੇ ਪਾਪ ਕਰਨ ਤੋਂ ਰੋਕਿਆ ਸੀ।ਬਾਬੇ ਨਾਨਕ ਦੀ ਬਾਣੀ ਦਾ ‘ ਸੋ ਕਿਊਂ ਮੰਦਾ ਆਖੀਏ ‘ ਬਾਹਾਂ ਉਲਾਰ-ਉਲਾਰ ਕੇ ਹੋਕਾ ਦੇਣ ਵਾਲੇ ਅੱਜ ਭਰੂਣ ਹੱਤਿਆ ਵਿਚ ਸਭ ਤੋਂ ਅੱਗੇ ਹਨ। ਘਰਾਂ ਦੀਆਂ ਵੱਡੀਆਂ ਸੁਆਣੀਆਂ ਹੀ ਪੂਤਨਾ ਦਾ ਰੋਲ ਨਿਭਾ ਰਹੀਆਂ ਹਨ। ਕਿਸੇ ਧਾਰਮਕ ਆਗੂ, ਕਿਸੇ ਸਿਆਸੀ ਨੇਤਾ ਅਤੇ ਨਾ ਹੀ ਕਿਸੇ ਕਾਨੂੰਨ ਨੇ ਇਸ ਅਤਿਆਚਾਰ ਨੂੰ ਠੱਲ ਪਾਉਣ ਦਾ ਯਤਨ ਕੀਤਾ ਹੈ।
-----
ਕ੍ਰਿਸ਼ਨ ਲੀਲਾ
ਨੰਦ ਗਾਓਂ, ਬਰਸਾਨਾ, ਬਰਿੰਦਾਬਨ ਅਤੇ ਬਰਾਜ ਦੀ ਹੋਲੀ ਮੌਜ-ਮੇਲੇ ਦੀ ਹੋਲੀ ਹੈ। ਰਾਧੇ-ਕ੍ਰਿਸ਼ਨਾ ਦੋ ਪ੍ਰੇਮੀਆਂ ਦੇ ਨਾਂ ਪਿਆਰ ਦੀਆਂ ਤੰਦਾਂ ਨਾਲ ਇਨੇ ਇੱਕ-ਮਿੱਕ ਹੋ ਚੁੱਕੇ ਹਨ ਕਿ ਅੱਜ ਚਾਰ ਹਜ਼ਾਰ ਸਾਲ ਬੀਤ ਜਾਣ ਬਾਅਦ ਵੀ ਇਹਨਾ ਨੂੰ ਕੱਲਿਆਂ ਕੱਲਿਆਂ ਕੀਤਿਆਂ ਦੋਵੇਂ ਅਧੂਰੇ ਹੋ ਜਾਂਦੇ ਹਨ। ਰਾਧਾ ਨੂੰ ਕ੍ਰਿਸ਼ਨ ਦੇ ਕਾਲੇ ਹੋਣ ਦਾ ਸ਼ਾਇਦ ਕੋਈ ਫ਼ਰਕ ਨਾ ਵੀ ਹੋਵੇ ਪਰ ਕੁੜੀਆਂ ਚਿੜੀਆਂ ਵੀ ਕਦੇ ਚੀਂ ਚੀਂ ਕਰਨੋ ਜਾਂ ਗੱਲ ਕਹਿਣ ਤੋਂ ਰੁਕੀਆਂ ਹਨ। ਉਹ ਬੋਲ ਕਸਦੀਆਂ ‘ ਕਾਲੇ ਕ੍ਰਿਸ਼ਨ’ਨਾਲ ਖਲੋਤੀ ਰਾਧਾ ਗੋਰੀ, ਲੱਗੇ ਅਨਜੋੜ ਜਿਹਾ , ਇਹ ਫਬਦੀ ਰਤਾ ਵੀ ਨਾਂ ਜੋੜੀ, ਲੱਗੇ ਅਨਜੋੜ ਜਿਹਾ’। ਅੱਜ ਵੀ ਕੁਝ ਇਸੇ ਤਰਾਂ ਦੀ ਲੋਕ ਬੋਲੀ ਪ੍ਰਚੱਲਿਤ ਹੈ ‘ਕਾਲਾ ਭੂੰਡ ਨਾ ਸਹੇੜੀਂ ਮੇਰੇ ਬਾਬਲਾ ਘਰ ਦਾ ਮਾਲ ਡਰੂ’। ਕ੍ਰਿਸ਼ਨ ਆਪ ਤਾਂ ਗੋਰਾ ਨਹੀ ਸੀ ਹੋ ਸਕਦਾ ਪਰ ਉਸਨੇ ਰਾਧਾ ਦੇ ਚੇਹਰੇ ਤੇ ਗੂਹੜਾ ਰੰਗ ਮਲ਼ ਕੇ ਉਸ ਨੂੰ ਆਪਣੇ ਵਰਗੀ ਕਰਨ ਦਾ ਯਤਨ ਜ਼ਰੂਰ ਕੀਤਾ। ਕ੍ਰਿਸ਼ਨ ਦੀ ਰੀਸੇ ਉਸਦੇ ਜੋੜੀਦਾਰਾਂ ਨੇ ਵੀ ਦਲੇਰੀ ਕਰਕੇ ਗੋਪੀਆਂ ਨਾਲ ਇਹੋ ਜਿਹੀ ਛੇੜ-ਛਾੜ ਸ਼ੁਰੂ ਕਰ ਦਿਤੀ। ਅੱਜ ਵੀ ਹੋਲੀ ਸਮੇਂ ਬਹੁਤ ਸਾਰੇ ਗੁੰਡਾ ਬਿਰਤੀ ਦੇ ਕਾਕੇ ਜਦ ਰਾਹ ਜਾਂਦੀ ਕੁੜੀ ਦੇ ਚਿਹਰੇ ਤੇ ਰੰਗ ਲਾ ਕੇ ਆਖਦੇ ਹਨ ‘ਹੋਲੀ ਹੈ’ ਤਾਂ ਕੁੜੀ ਵਿਚਾਰੀ ਨਾ ਚਾਹੁੰਦਿਆਂ ਵੀ ਬਰਦਾਸ਼ਤ ਕਰਨ ਲਈ ਮਜਬੂਰ ਹੋ ਜਾਂਦੀ ਹੈ। ਦਿੱਲੀ ਵਰਗੇ ਸ਼ਹਿਰਾਂ ਵਿਚ ਤਾਂ ਇਹ ਇਕ ਸਮੱਸਿਆ ਬਣ ਚੁੱਕੀ ਹੈ।
------
ਮੁੱਢ ਕਦੀਮਾਂ ਤੋਂ ਹੀ ਭਾਰਤ ਦੀ ਇਸਤਰੀ ਆਪਣੇ ਉਦਾਲੇ ਸਵੈ-ਰੱਖਿਆ ਦਾ ਇੱਕ ਕਿਲ੍ਹਾ ਉਸਾਰ ਕੇ ਰੱਖਦੀ ਆਈ ਹੈ। ਕੋਈ ਉਸ ਹਦੂਦ ਦੀ ਉਲੰਘਣਾ ਕਰੇ ਉਹ ਬਰਦਾਸ਼ਤ ਨਹੀਂ ਕਰ ਸਕਦੀ। ਆਖਰ ਗੋਪੀਆਂ ਵੀ ਬਦਲਾ ਲੈਣ ਲਈ ਲਾਮਬੰਦ ਹੋ ਗਈਆਂ। ਹੱਥੋ ਪਾਈ ਸ਼ੁਰੂ ਹੋ ਗਈ। ਇਸ ਹੱਥੋ ਪਾਈ ਦੌਰਾਨ ਜਿਹੜਾ ਵੀ ਗੋਪੀਆਂ ਦੇ ਕਾਬੂ ਆ ਗਿਆ ਉਸ ਨੂੰ ਜ਼ਨਾਨਾ ਕੱਪੜੇ ਪਵਾ ਇਸਤਰੀਆਂ ਵਾਲੇ ਹਾਰ-ਸ਼ਿੰਗਾਰ ਲਾ ਕੇ ਗਲ਼ੀ ਗਲ਼ੀ ਨਚਾਉਂਦੀਆਂ ਸਨ। ਸੂਰ ਦਾਸ ਅਤੇ ਨੰਦ ਦਾਸ ਦੀਆਂ ਲਿਖਤਾਂ ਵਿਚ ਜ਼ਿਕਰ ਆਉਂਦਾ ਹੈ ਕਿ ਇਕ ਵੇਰ ਕ੍ਰਿਸ਼ਨ ਨੂੰ ਵੀ ਗੋਪੀਆਂ ਦੇ ਇਸ਼ਾਰੇ ਤੇ ਗਲ਼ੀ ਗਲ਼ੀ ਨੱਚਣਾ ਪਿਆ ਸੀ। ਇਸ ਨੂੰ ਲੀਲਾ ਪ੍ਰਸ਼ੋਤਮ ਦੀ ਲੀਲਾ ਵੀ ਕਿਹਾ ਜਾ ਸਕਦਾ ਹੈ। ਹੋਲੀ ਵਾਲੇ ਦਿਨ ਬਿਰਜ ਦੇ ਇਲਾਕੇ ਵਿਚ ਜਦ ਮੁੰਡੇ ਕੁੜੀਆਂ ਵੱਲ ਵਧਦੇ ਹਨ ਤਾਂ ਕੁੜੀਆਂ ਉਹਨਾਂ ਦੀ ਆਓ-ਭਗਤ ਡੰਡਿਆਂ ਨਾਲ ਕਰਦੀਆਂ ਹਨ। ਅੱਜ ਦਾ ਇਹ ਰਿਵਾਜ਼ ਉਸੇ ਪੁਰਾਣੇ ਕੁੜੀਆਂ ਮੁੰਡਿਆਂ ਦੇ ਆਪਸੀ ਮੁਕਾਬਲੇ ਦੀ ਹੀ ਇਕ ਝਲਕ ਹੈ। ਹੋਲੀ ਵਾਲੇ ਦਿਨ ਨੰਦ ਗਾਓਂ ( ਜਿਥੇ ਕ੍ਰਿਸ਼ਨ ਪਲ਼ਿਆ) ਦੇ ਲੋਕੀਂ ਬਰਸਨਾ ( ਜਿਥੇ ਰਾਧਾ ਪਲ਼ੀ) ਵਿਚ ਬਣੇ ਰਾਧਾ ਮੰਦਰ ਤੇ ਝੰਡਾ ਝੁਲਾਉਣ ਜਾਂਦੇ ਹਨ। ਸ਼ਾਇਦ ਚੁੰਨੀ ਚੜ੍ਹਾਉਣ ਦੀ ਰਸਮ ਵੀ ਉਸੇ ਦਾ ਹੀ ਰੂਪ ਹੋਵੇ।
------
ਹੋਲਾ ਮਹੱਲਾ
ਇਤਹਾਸ ਦੇ ਪੰਨੇ ਗਵਾਹ ਹਨ ਕਿ ਕੁਝ ਇਕ ਦਾ ਪਿੰਜਰਾ ਸੋਨੇ ਦਾ ਅਤੇ ਬਹੁਜਨ ਦਾ ਪਿੰਜਰਾ ਲੋਹੇ ਦਾ ਸੀ। ਸਨ ਦੋਵੇਂ ਗ਼ੁਲਾਮ ਹੀ। ਦੋਵਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਸੀ। ਇਹ ਵੱਖਰੀ ਗੱਲ ਸੀ ਕਿ ਸੋਨੇ ਦੇ ਪਿੰਜਰੇ ਵਾਲਾ ਆਪਣੀ ਅਣਖ ਆਨ ਵੇਚ ਚੁੱਕਾ ਸੀ। ਲੋਹੇ ਦੇ ਪਿੰਜਰੇ ਵਾਲਾ ਵਰਣ ਵੰਡ ਅਤੇ ਵਿਦੇਸ਼ੀ ਹਾਕਮਾਂ ਦੇ ਜ਼ੁਲਮ, ਦੋਹਰੀ ਮਾਰ ਝੱਲਣ ਲਈ ਮਜਬੂਰ ਸੀ।ਸਾਹਸ-ਹੀਣ ਹੋਏ ਭਾਰਤੀਆਂ ਨੂੰ ਕੋਈ ਉਸਾਰੂ ਸੇਧ ਦੇਣ ਦੀ ਬਜਾਏ ਧਰਮ ਦੇ ਚੋਲੇ ਵਿਚ ਲੁਕੇ ਹੋਏ ਠਗਾਂ ਨੇ ਲੋਕਾਈ ਨੂੰ ਮਿਥਿਹਾਸ ਦੀ ਐਸੀ ਘੁੱਟੀ ਪਲਾਈ ਕਿ ਉਹ ਹੋਸ਼ੋ-ਹਵਾਸ ਗੁਆ ਬੈਠਾ। ਜਨਸਧਾਰਨ ਉਸਾਰੂ ਦਿਨਾਂ ਦੇ ਜਸ਼ਨ ਭੰਗ ਦੇ ਨਸ਼ੇ ਵਿਚ ਗੁੱਟ ਹੋ ਕੇ ਧੂਮ- ਧੜਕ ਮਚਾਉਣ ਵਿਚ, ਕਾਮਦੇਵ ਦੀ ਚਿਖ਼ਾ ਜਾਲਣ ਵਿਚ, ਨੇਕੀ ਦੀ ਬਦੀ’ਤੇ ਜਿੱਤ ਦੇ ਜਸ਼ਨਾਂ ਵਿਚ, ਧੂਣੀਆਂ ਤੇ ਤਰਚੌਲੀ ਪਾ ਕੇ ਦੇਵਤਿਆਂ ਨੂੰ ਖ਼ੁਸ਼ ਕਰਨ ਵਿਚ ਜਾਂ ਫੇਰ ਰਾਸ ਲੀਲਾ ਵਿਚ ਹੀ ਆਪਣੀ ਸ਼ਕਤੀ ਨੂੰ ਅਜਾਈਂ ਗੁਆ ਰਿਹਾ ਸੀ। ਇਸ ਤੋਂ ਅੱਗੇ ਅਸੀਂ ਜ਼ਿਕਰ ਕਰਾਂਗੇ ਉਸ ਮਰਦ ਅਗੰਮੜੇ ਦਾ ਜਿਸ ਨੇ ਇਸ ਬਰਬਾਦ ਹੋ ਰਹੀ ਜਨਸ਼ਕਤੀ ਨੂੰ ਕਿਵੇਂ ਸਹੀ ਮੋੜ ਦਿਤਾ।
-----
ਮਾਰਚ 30,1699 ਦੇ ਭਾਗਾਂ ਵਾਲੇ ਦਿਨ ਕੋਹ ਸ਼ਿਵਾਲਕ ਦੀ ਰਮਣੀਕ ਪਹਾੜੀ ਤੇ ਬਾਬੇ ਨਾਨਕ ਦੇ ਚਲਾਏ ਹੋਏ ਬਰਾਬਰਤਾ ਦੇ ਮਿਸ਼ਨ ਦਾ ਆਖਰੀ ਅਧਿਆਏ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਉਣ ਉਪਰੰਤ ਆਪ ਖ਼ੁਦ ਆਪਣੇ ਸੇਵਕਾਂ ਦੀ ਕਤਾਰ ਵਿਚ ਖੜੋਅ ਕੇ ਬਾਕੀਆਂ ਵਾਂਗ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਣ ਉਪਰੰਤ ਲਿਖਿਆ ਗਿਆ। ਜਿਸ ਨਾਲ ਇਕ ਕੌਮ ਦਾ ਨਿਰਮਾਣ ਹੋਣ ਲਗਾ। ਸੂਝ ਸਿਆਣਪ ਅਤੇ ਜਿਸਮਾਨੀ ਤਵਾਜ਼ਨ ਨੂੰ ਕਾਇਮ ਰਖਣ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1700 ਦੀ ਹੋਲੀ ਨੂੰ ਹੋਲੇ ਮਹੱਲੇ ਦਾ ਰੂਪ ਦੇ ਦਿਤਾ। ਸਮਝੋ ਮੌਲਦੀ ਰੁੱਤੇ ਕੋਹ ਸ਼ਿਵਾਲਕ ਦੀ ਰਮਣੀਕ ਪਹਾੜੀ ਤੇ ਉਲੰਪਿਕ ਸ਼ੁਰੂ ਹੋ ਗਈ। ਕੁਸ਼ਤੀਆਂ, ਦੌੜਾਂ, ਭਲਥਾ, ਨੇਜ਼ਾਬਾਜ਼ੀ ਅਤੇ ਹੋਰ ਕਈ ਕਿਸਮ ਦੀਆਂ ਜੰਗੀ ਮਸ਼ਕਾਂ ਦੇ ਮੁਕਾਬਲੇ ਸ਼ੁਰੂ ਕੀਤੇ ਗਏ। ਨੌਜਵਾਨ ਵਰਗ ਨੇ ਇਸ ਚੁਣੌਤੀ ਨੂੰ ਖਿੜੇ ਮੱਥੇ ਕਬੂਲਿਆ। ਹੋਲੇ ਮਹੱਲੇ ਨੇ ਖ਼ਾਲਸੇ ਦੀ ਰੂਪ ਰੇਖਾ ਬਦਲ ਦਿੱਤੀ, ਉਸਦਾ ਜੁੱਸਾ ਤਕੜਾ ਅਤੇ ਸੋਚਣੀ ਵਿਸ਼ਾਲ ਹੋਣ ਲਗੀ। ਉਹ ਆਪਣੇ ਆਪ ਨੂੰ ਕੱਲਾ ਸਮਝਣ ਦੀ ਬਜਾਏ ਇਕ ਵੱਡੇ ਭਾਈਚਾਰੇ ( ਵਿਲੱਖਣ ਕੌਮ) ਦਾ ਹਿੱਸਾ ਸਮਝਣ ਲੱਗਾ । ਹੋਲਾ ਮਹੱਲਾ ਇਕ ਐਸਾ ਲੋਕ- ਨਾਟਕ ਹੋ ਨਿੱਬੜਿਆ ਜਿਸ ਨਾਲ ਜੀਵਨ ਦੀਆਂ ਸਾਂਝਾਂ ਦੀ ਸਾਰ ਆਉਣ ਲਗੀ। ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸੋਚ ਵਿਚਾਰ ਉਪਰੰਤ ਉਸ ਅਜਾਈਂ ਜਾਂਦੀ ਜਨਸ਼ਕਤੀ ਦੇ ਅੱਗੇ ਬੰਨ੍ਹ ਲਾ ਕੇ ਉਸਨੂੰ ਐਸੀ ਦਿਸ਼ਾ ਦਿਤੀ ਕਿ ਉਸ ਦੇ ਆਤਮਕ ਵਿਸ਼ਵਾਸ ਅੱਗੇ ਵੱਡੇ ਵੱਡੇ ਖੱਬੀ ਖ਼ਾਨ ਨਾ ਟਿਕ ਸਕੇ।
-----
309 ਸਾਲ ਬੀਤਣ ਨੂੰ ਆ ਗਏ ਹਨ ਹੋਲਾ ਮਹੱਲਾ ਹਰ ਸਾਲ ਪੂਰੇ ਉਮਾਹ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ‘ਤੇ ਅਨੰਦ ਪੁਰ ਸਾਹਿਬ ਵਿਚ ਹੋ ਰਹੇ ਕੀਰਤਨ ਦੀਆਂ ਧੁਨਾਂ ਨਾਲ ਪ੍ਰਾਣੀ ਦੀ ਅਧਿਆਤਮਕ ਚੇਤਨਾ ਤਾਜ਼ੀ ਹੋ ਉਠਦੀ ਹੈ। ਵਾਰਾਂ ,ਕਵਿਤਾ, ਲੈਕਚਰ ਸੁਣਨ ਨਾਲ ਇਤਿਹਾਸਕ, ਜਥੇਬੰਦਕ, ਰਾਜਨੀਤਕ ਸੂਝ ਦਾ ਨਵੀਨੀਕਰਨ ਹੋ ਜਾਂਦਾ ਹੈ। ਹੋਲੇ ਮਹੱਲੇ ਨੇ ਪੰਜਾਬੀਆਂ ਦੇ ਮਨ ਅੰਦਰ ਪੰਜਾਬੀ ਸਭਿਆਚਾਰ ਨੂੰ ਜੀਵਤ ਰੱਖਿਆ ਹੋਇਆ ਹੈ। ਜ਼ੁਲਮ ਵਿਕਾਰ ਨਾਲ ਟੱਕਰ ਲੈਣ ਲਈ ਸ਼ਕਤੀ ਪ੍ਰਦਾਨ ਕੀਤੀ ਹੈ। ਦ੍ਰਿੜਤਾ ਅਤੇ ਆਤਮਕ ਵਿਸ਼ਵਾਸ ਨਾਲ ਜ਼ੁਲਮ ਦੇ ਖ਼ਿਲਾਫ਼ ਜਦ ਪੰਜਾਬੀ ਡਟ ਜਾਂਦਾ ਹੈ ‘ਤਾਂ ਨਿਸਚੇ ਕਰ ਆਪਨੀ ਜੀਤ ਕਰੋਂ ‘ ਦੀ ਧੁਨ ਉਸ ਦੇ ਤਨ ਮਨ ‘ਤੇ ਛਾ ਜਾਂਦੀ ਹੈ। ਨਾ ਹੀ ਮੁਗਲ ਹਕੂਮਤ, ਨਾ ਹੀ ਸ਼ਕਤੀਸ਼ਾਲੀ ਬਰਤਾਨਵੀ ਹਕੂਮਤ ਦਾ ਤਸ਼ੱਦਦ ਗੁਰੂ ਦੇ ਖ਼ਾਲਸੇ ਨੂੰ ਡੁਲਾ ਸਕਿਆ। ਇੰਦਰਾ ਗਾਂਧੀ ਦੀ ਐਮਰਜੈਂਸੀ ਵਕਤ ਜਦ ਸਭ ਦਬਾ ਦਿੱਤੇ ਗਏ ਤਾਂ ਵੀ ਗੁਰੂ ਦੇ ਸਿੰਘ ਮੈਦਾਨ ਵਿਚ ਡਟੇ ਰਹੇ। ਹੋਲੇ ਮਹੱਲੇ ਵਾਲੇ ਦਿਨ ਨਿਹੰਗ ਸਿੰਘਾਂ ਦੀ ਫੌਜ ਵੀ ਆਪ ਅਤੇ ਆਪਣੇ ਘੋੜਿਆਂ ਨੂੰ ਸੰਵਾਰ ਕੇ ਆਮ ਲੋਕਾਂ ਨਾਲ ਇਕ-ਮਿੱਕ ਹੋ ਕੇ ਲਾਲ ਗੁਲਾਲ ਉਡਾਉਂਦੀ ਹੋਈ ਚਰਨ-ਗੰਗਾ ਦੇ ਰੇਤਲੇ ਥਲ ਉਤੇ ਵਿਸ਼ਾਲ ਜੰਗੀ ਖੇਡਾਂ ਖੇਡਦੀ ਹੈ। ਸਿੱਖ ਰਹਿਤ ਮਰਿਆਦਾ ਵਿਚ ਨਸ਼ਾ ਵਿਵਰਜਤ ਹੈ। ਗੁਰੂ ਦੀਆਂ ਲਾਡਲੀਆਂ ਫੌਜਾਂ ਸੁਖ ਨਿਧਾਨ ਨਾਲ ਕਿਉਂ ਤਰਾਰੇ ਵਿਚ ਆਉਂਦੀਆਂ ਹਨ ਇਹ ਤਾਂ ਉਹੀ ਜਾਣ ਸਕਦੀਆਂ ਹਨ। ਹੋਲੇ ਮਹੱਲੇ ਤੋਂ ਵਾਪਸ ਜਾ ਰਿਹਾ ਹਰ ਪ੍ਰਾਣੀ ਹੋਲੀ ਦੇ ਧੂਮ-ਧੜੱਕੇ ਜਾਂ ਭੰਗ ਦੇ ਨਸ਼ੇ ਨਾਲ ਟੁੱਟਿਆ ਟੁੱਟਿਆ ਹੁੱਸਿਆ ਹੁੱਸਿਆ ਜਿਹਾ ਨਹੀਂ ਹੁੰਦਾ ਸਗੋਂ ਉਹ ਤਾਂ ਧਾਰਮਿਕ, ਦਾਰਸ਼ਨਿਕ, ਸਮਾਜਿਕ, ਅਧਿਆਤਮਕ ਅਤੇ ਰਾਜਨੀਤਕ ਹਰ ਪੱਖੋਂ ਅਮੀਰ ਹੋ ਕੇ ਘਰ ਪਰਤ ਰਿਹਾ ਹੁੰਦਾ ਹੈ। ਇਸ ਸਮਾਜਿਕ, ਧਾਰਮਿਕ ਸਭਿਆਚਾਰਕ ਇਕੱਠ ਸਮੇਂ ਸਿਆਸੀ ਪਾਰਟੀਆਂ ਸਿਰਫ਼ ਆਪਣਾ ਰਾਜਨੀਤਕ ਸਨੇਹਾ ਸੰਦੇਸ਼ ਦੇਣ ਤਕ ਹੀ ਸੀਮਤ ਰਹਿਣ ਤਾਂ ਬੜੀ ਚੰਗੀ ਗੱਲ ਹੈ, ਪਰ ਉਹ ਜਦ ਇਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੀਆਂ ਕੁੱਕੜ ਖੇਹ ਉਡਾ ਕੇ ਆਪਣਾ ਹੀ ਮੂੰਹ ਸਿਰ ਭਰ ਲੈਂਦੀਆਂ ਹਨ ਤਾਂ ਹਰ ਸੂਝਵਾਨ ਇਨਸਾਨ ਉਦਾਸ ਵੀ ਹੁੰਦਾ ਹੈ ਅਤੇ ਇਨਾਂ ਦੀ ਮੂਰਖਤਾਈ ਤੇ ਹੱਸਦਾ ਵੀ ਹੈ।
ਪਰ ਅੰਤ ਵਿਚ ਜੋ ਤਸੱਲੀ ਵਾਲੀ ਗੱਲ ਹੈ ਕਿ ਹਰ ਪਰਾਣੀ ਹੋਲੇ ਮਹਲੇ ਤੋਂ ਇਤਿਹਾਸਕ, ਸਾਹਿਤਕ ਅਤੇ ਰਾਜਸੀ ਹਰ ਪੱਖੋਂ ਮਾਲਾ-ਮਾਲ ਹੋਇਆ ਆਪਣੇ ਆਪ ਨੂੰ ਇਕ ਵੱਡੇ ਪਰਿਵਾਰ ਦਾ ਹਿੱਸਾ ਮਹਿਸੂਸ ਕਰਦਾ ਹੋਇਆ ਘਰ ਪਰਤਦਾ ਹੈ।
1 comment:
bahut vadhia jankari. Is taran de hor vee lekh likho.
Post a Comment