ਲੇਖ
ਇਤਿਹਾਸ ਮੁਤਾਬਕ ਆਦਿਕਾਲ ’ਚ ਮਨੁੱਖ ਜੰਗਲ਼ਾਂ ਵਿਚ ਰਹਿੰਦਾ ਸੀ ਜਾਂ ਕੰਦਰਾਂ ’ਚ। ਉੱਥੋਂ ਦੇ ਮਹੌਲ ਅਤੇ ਜਾਨਵਰਾਂ ਕਾਰਨ ਆਦਤਾਂ ਜਾਂਗਲ਼ੀ ਹੋ ਗਈਆਂ। ਅਕਲ ਕਾਰਨ ਟਿਕਾਣੇ ਹੋਰ ਲੱਭੇ, ਸਾਧਨ ਹੋਰ ਤਲਾਸ਼ੇ ਤਾਂ ਜੰਗਲ਼ ਨੂੰ ਅਲਵਿਦਾ ਆਖ ਦਿੱਤੀ ਗਈ। ਹੌਲ਼ੀ ਹੌਲ਼ੀ ਮਨੁੱਖ ਆਪਸ ਵਿਚ ਜੁੜਨ ਲੱਗੇ, ਟੋਲੇ ਬਣ ਗਏ। ਨਿਯਮ ਤੇ ਅਸੂਲ ਬਣਾਏ ਗਏ। ਸੱਭਿਅਕ ਹੋਣ ਵੱਲ ਵਧਿਆ ਗਿਆ। ਕਬੀਲੇ ਬਣੇ, ਸਮਾਜ ਉਸਰੇ ਅਤੇ ਮਨੁੱਖ ਸਮਾਜਕ ਵਰਤਾਰਿਆਂ ਵਿਚ ਵਿਚਰਨ ਲੱਗ ਪਿਆ। ਪਤਾ ਨਹੀਂ ਕਿਹੜੇ ਵੇਲੇ ਕਿਹੜੇ ਪੈਮਾਨਿਆਂ ਦੇ ਆਸਰੇ ਜਾਤਪਾਤ ਆ ਵੜੇ, ਗੋਤ-ਉਪਗੋਤ ਆ ਦਾਖਲ ਹੋਏ। ਧਰਮਾਂ ਦਾ ਪ੍ਰਵੇਸ਼ ਹੋ ਗਿਆ ਅਤੇ ਤਾਲੀਮ ਨੇ ਥਾਂ ਲਈ। ਮਨੁੱਖ ਸੱਭਿਅਕ ਹੋ ਕੇ ਸਲੀਕੇ ਨਾਲ, ਪ੍ਰੇਮ ਤੇ ਭਾਈਚਾਰੇ ਵਿਚ ਜੀਊਣ ਲੱਗ ਪਿਆ।
-----
ਧਰਤੀਆਂ ’ਤੇ ਮਲਕੀਅਤ ਹੋ ਗਈ। ਕਿਵੇਂ ਹੋ ਗਈ? ਕਿਉਂ ਹੋ ਗਈ?। ਕਿੰਨੀ ਕਿਸ ਨੇ ਮੱਲ ਲਈ। ਇਸੇ ਹੀ ਧਰਤੀ ਦੇ ਬਹੁਤ ਸਾਰੇ ਪੁੱਤਰ ਧਰਤੀ ਅਤੇ ਹੋਰ ਪਦਾਰਥਾਂ ਤੋਂ ਵਾਂਝੇ ਰਹਿ ਗਏ। ਉਨ੍ਹਾਂ ਨੂੰ ਧਰਤੀ ਦਾ ਕੋਈ ਟੁਕੜਾ ਨਾ ਮਿਲਿਆ। ਉਹ ਖਾਣ-ਪੀਣ ਵਾਸਤੇ ਵੀ ਟੁਕੜੇ ਟੁਕੜੇ ਦੇ ਮੁਹਤਾਜ ਹੋ ਕੇ ਰਹਿ ਗਏ। ਉਨ੍ਹਾਂ ਵੱਲ ਕਿਸੇ ਨੇ ਧਿਆਨ ਤਾਂ ਕੀ ਦੇਣਾ ਸੀ, ਸਗੋਂ ਉਨ੍ਹਾਂ ਨੂੰ ਹੋਰ ਅਣਗੌਲ਼ਿਆ ਗਿਆ, ਹੋਰ ਲਤਾੜਿਆ ਗਿਆ। ਅਜਿਹਾ ਲੋਕ ਸਮੂਹ ਗ਼ਰੀਬ ਤੋਂ ਗ਼ਰੀਬ ਹੁੰਦਾ ਗਿਆ ਅਤੇ ਕਮਜ਼ੋਰ ਤੋਂ ਕਮਜ਼ੋਰ ਹੋ ਕੇ ਰਹਿ ਗਿਆ। ਆਪਣੀ ਹੀ ਮਾਂ ਧਰਤੀ ’ਤੇ ਰਹਿੰਦਾ ਹੋਇਆ ਉਹ ਯਤੀਮਾਂ ਵਾਂਗ ਜੀਉਣ ਲਈ ਮਜਬੂਰ ਹੋ ਗਿਆ ਅਤੇ ਬੇਸਹਾਰਾ ਹੋ ਕੇ ਰਹਿ ਗਿਆ।
-----
ਉਸ ਦਾ ਇਹ ਹਾਲ ਕਿਸੇ ਹੋਰ ਨੇ ਨਹੀਂ ਕੀਤਾ ਸਗੋਂ ਜੰਗਲ਼ ਤੋਂ ਆਏ ਉਨ੍ਹਾਂ ਸੱਭਿਅਕ ਮਨੁੱਖਾਂ ਦੇ ਟੋਲੇ ਨੇ ਹੀ ਕੀਤਾ ਜਿਹੜੇ ਸਮਾਜ ਵਿਚ ਆ ਕੇ ਵੀ ਜਾਂਗਲ਼ੀ ਦੇ ਜਾਂਗਲ਼ੀ ਹੀ ਰਹੇ। ਉਨ੍ਹਾਂ ਦੇ ਅੰਦਰਲਾ ਭੁੱਖਾ ਬਘਿਆੜ ਭੁੱਖੇ ਦਾ ਭੁੱਖਾ ਚਾਂਗਰਾਂ ਮਾਰਦਾ ਕਿਸੇ ਵੀ ਦੂਜੇ ’ਤੇ ਹਮਲਾਵਰ ਹੋਣ ਤੋਂ ਬਾਜ਼ ਨਹੀਂ ਆਉਂਦਾ। ਸਵਾਲ ਕੀਤਾ ਜਾਂਦਾ ਹੈ ਕਿ ਕੋਈ ਫਲਾਂ ਦੇਸ਼ ਕਿਉਂ ਆ ਗਿਆ, ਕੋਈ ਦੂਸਰੇ ਸੂਬੇ ਕਿਉਂ ਵਸਣ ਲੱਗ ਪਿਆ। ਕੋਈ ਕਿਤੇ ਵੀ ਜਾ ਸਕਦਾ ਹੈ ਪਰ ਇਹ ਨਫ਼ਰਤ ਤੇ ਈਰਖਾ ਕਿਉਂ? ਜ਼ਾਤਾਂ ਕਿਉਂ ਲੜ ਪਈਆਂ? ਧਰਮ ਕਿਉਂ ਹਮਲਾਵਰ ਹੋ ਗਏ? ਜਿੱਥੇ ਪਿਆਰ ਨਹੀਂ, ਭਾਈਚਾਰਾ ਨਹੀਂ, ਸਾਂਝਾ ਸਮਾਜ ਨਹੀਂ, ਉਹਨੂੰ ਛੱਡਣਾ ਹੀ ਚੰਗਾ। ਤਾਂ ਫੇਰ ਚੱਲੋ ਜੰਗਲਾਂ ਨੂੰ ‘ਚਲੀਏ’ ਇਕ ਦੂਜੇ ਨੂੰ ਮਾਰੀਏ ਤੇ ਖਾਈਏ ਕੋਈ ਬੁਰਾ ਤਾਂ ਨਹੀਂ ਕਹੇਗਾ।
*********
ਰੁੱਖਾਂ ਬਾਰੇ ਫ਼ਿਕਰਮੰਦੀ
ਕੁਦਰਤ ਦੇ ਖਜ਼ਾਨੇ ਵਿਚ ਕਿਸੇ ਚੀਜ਼ ਦੀ ਘਾਟ ਨਹੀਂ। ਜੇ ਕਿਤੇ ਹੁੰਦੀ ਵੀ ਹੈ ਤਾਂ ਪੂਰੇ ਹੋਣ ਨੂੰ ਦੇਰ ਨਹੀਂ ਲਗਦੀ। ਸੰਸਾਰ ਦੇ ਵਰਤਾਰਿਆਂ ਦੀ ਖ਼ੈਰ-ਖ਼ਬਰ ਰੱਖਣ ਵਾਲਿਆਂ ਨੂੰ ਪਤਾ ਲਗਦਾ ਰਹਿੰਦਾ ਹੈ ਕਿ ਫਲਾਂ ਕਿਸਮ ਦੇ ਜਾਨਵਰਾਂ ਦੀ ਨਸਲ ਖ਼ਤਮ ਹੋ ਰਹੀ ਹੈ ਤੇ ਫਲ਼ਾਂ ਕਿਸਮ ਦੇ ਪੰਛੀਆਂ ਦੀ। ਇਹ ਸਭ ਉਦੋਂ ਨਿਰਮੂਲ ਸਾਬਤ ਹੋ ਜਾਂਦਾ ਹੈ ਜਦੋਂ ਧਰਤੀ ਦੇ ਕਿਸੇ ਨਾ ਕਿਸੇ ਹਿੱਸੇ ਵਿਚੋਂ ਉਨ੍ਹਾਂ ਦੇ ਪ੍ਰਗਟ ਹੋਣ ਦੀ ਕਨਸੋਅ ਮਿਲਦੀ ਹੈ ਅਤੇ ਕਨਸੋਅ ਦੀ ਪੁਸ਼ਟੀ। ਇਹੋ ਜਿਹਾ ਫ਼ਿਕਰ ਪਾਣੀ ਬਾਰੇ ਕੀਤਾ ਜਾਂਦਾ ਹੈ ਕਿ ਧਰਤੀ ਦੇ ਬਹੁਤ ਥੱਲੇ ਚਲਾ ਗਿਆ ਕਦੇ ਉੱਪਰ ਚਲਾ ਗਿਆ। ਪਾਣੀ ਦੀ ਜਿੰਨੀ ਮਾਤਰਾ ਹੈ ਉਹ ਕਦੇ ਨਹੀਂ ਘਟਦੀ। ਵਿਗਿਆਨੀ ਜੋ ਮਰਜ਼ੀ ਕਹੀ ਜਾਣ ਪਰ ਪਾਣੀ ਨੇ ਸੰਸਾਰ ’ਚੋਂ ਕਦੇ ਨਹੀਂ ਮੁੱਕਣਾ।
-----
ਰਹੀ ਗੱਲ ਰੁੱਖਾਂ ਦੀ ਇਹ ਵੀ ਖ਼ਤਮ ਨਹੀਂ ਹੋਣੇ। ਇਨ੍ਹਾਂ ਦਾ ਵੈਰੀ ਕੇਵਲ ਮਨੁੱਖ ਹੈ ਜਾਂ ਕੁਦਰਤੀ ਲਗਦੀ ਅੱਗ-ਦਾਵਾਨਲ। ਭਾਵੇਂ ਕਿ ਇਹ ਦੋਵੇਂ ਸਦੀਆਂ ਤੋਂ ਰੁੱਖਾਂ ਮਗਰ ਪਏ ਹੋਏ ਹਨ ਪਰ ਕੁਦਰਤੀ ਵਰਤਾਰੇ ਕਾਰਨ ਮਨੁੱਖ ਦੇ ਯਤਨਾਂ ਤੋਂ ਬਗੈਰ ਹੀ ਇਹ ਕਦੇ ਵੀ ਉੱਗਣੇ ਬੰਦ ਨਹੀਂ ਹੋਏ। ਸਦੀਆਂ ਦੇ ਚਲੇ ਆ ਰਹੇ ਵਰਤਾਰੇ ਵਾਂਗ ਭਵਿੱਖ ਵਿਚ ਵੀ ਇਨ੍ਹਾਂ ਦੇ ਤੌਖਲੇ ਪ੍ਰਗਟ ਕਰਨੇ ਐਵੈਂ ਰਾਈ ਨੂੰ ਪਹਾੜ ਬਨਾਉਣ ਵਾਲੀ ਗੱਲ ਹੈ, ਜਿਹੜੀ ਨਹੀਂ ਕਰਨੀ ਚਾਹੀਦੀ। ਰੁੱਖਾਂ ’ਚੋਂ ਰੁੱਖ ਉੱਗ ਰਹੇ ਹਨ, ਉਨ੍ਹਾਂ ਦੀਆਂ ਪਿੱਠਾਂ ’ਤੇ ਰੁੱਖ ਉੱਗਣੋਂ ਨਹੀਂ ਹਟਦੇ, ਅਜਿਹੇ ’ਚ ਤੌਖਲੇ ਦੇ ਕੀ ਅਰਥ ਹੋਏ? ਰੁੱਖ ਤਾਂ ਆਪਣੇ ਆਪ ਪੈਦਾ ਹੋ ਰਹੇ ਹਨ, ਕੁਦਰਤ ਦੀ ਮੱਦਦ ਨਾਲ ਜੰਗਲ਼ਾਂ-ਬੇਲਿਆਂ ਵਿਚ ਵੀ ਵਧਣੋਂ-ਫੁੱਲਣੋਂ ਕਦੇ ਨਹੀਂ ਹਟੇ।
-----
ਸ਼ੁਕਰ ਹੈ ਕਿ ਰੁੱਖਾਂ ਦੇ ਰੁੱਖ ਵੈਰੀ ਨਹੀਂ। ਜੇ ਇੰਝ ਹੁੰਦਾ ਤਾਂ ਇਨ੍ਹਾਂ ਨੂੰ ਖ਼ਤਮ ਕਰਨ ਦਾ ‘ਸਿਲਾ’ ਮਨੁੱਖ ਨਾ ਲੈ ਸਕਦਾ। ਜਿੰਨਾ ਚਿਰ ਮਨੁੱਖ, ਮਨੁੱਖ ਦਾ ਵੈਰੀ ਬਣਿਆ ਰਹੇਗਾ ਰੁੱਖਾਂ ਦੀ ਹੋਂਦ ਨੂੰ ਕੋਈ ਖਤਰਾ ਨਹੀਂ। ਕੁਦਰਤ ਦੇ ਨਾਲ ਨਾਲ ਵਣ ਮਹਾਂ ਉਤਸਵ ਦੇ ਮੌਕੇ ਦੇਸ਼ ਵਿਦੇਸ਼ ’ਚ ਹਜ਼ਾਰਾਂ ਲੱਖਾਂ ਰੁੱਖ ਲਗਾਏ ਜਾਂਦੇ ਹਨ ਜਿਸ ਨਾਲ ਰੁੱਖਾਂ ਦੀ ਕੋਈ ਵੀ ਨਸਲ/ਕਿਸਮ ਖ਼ਤਮ ਹੋਣ ਦੇ ਕਿਨਾਰੇ ਨਹੀਂ ਜਾਣ ਲੱਗੀ। ਜਿੰਨਾ ਚਿਰ ਮਨੁੱਖ ਤੇ ਸਮਾਜ ਨੂੰ ਇਹ ਛਾਂ ਸਮੇਤ ਹੋਰ ਸੁੱਖ ਦਿੰਦੇ ਰਹਿਣਗੇ ਮਨੁੱਖ ਇਨ੍ਹਾਂ ਦੀ ਹੋਂਦ ਬਣਾਈ ਰੱਖਣ ਅਤੇ ਇਨ੍ਹਾਂ ਦੇ ਪਾਲਣ-ਪੋਸ਼ਣ ਵੱਲ ਫ਼ਿਕਰਮੰਦੀ ਵੀ ਕਰੇਗਾ ਅਤੇ ਯਤਨ ਵੀ ਕਰਦਾ ਰਹੇਗਾ।
No comments:
Post a Comment