ਜਨਮ ਸਥਾਨ: ਮਾਛੀਵਾੜਾ, ਪੰਜਾਬ
ਅਜੋਕਾ ਨਿਵਾਸ: ਫ਼ਿਰੋਜ਼ਪੁਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਿਤਾਬ ਹਾਲੇ ਨਹੀਂ ਛਪੀ। ਕਹਾਣੀਆਂ, ਮਿੰਨੀ ਕਹਾਣੀਆਂ ਅਤੇ ਲੇਖ ਆਦਿ
ਵੱਖ-ਵੱਖ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ।
------
ਦੋਸਤੋ! ਅੱਜ ਫ਼ਿਰੋਜ਼ਪੁਰ ਤੋਂ ਸੱਤਪਾਲ ਬਰਮੌਤਾ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਲੇਖ ਭੇਜ ਕੇ ਆਰਸੀ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਇਸ ਲੇਖ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਅੱਜ ਦਾ ਨੌਜਵਾਨ, ਨਸ਼ੀਲੀਆਂ ਵਸਤਾਂ ਅਤੇ ਸੱਭਿਆਚਾਰ
ਲੇਖ
ਅੱਜ ਦੇ ਨੌਜਵਾਨ ਨੂੰ ਨਸ਼ਿਆਂ ਨੇ ਬੁਰੀ ਤਰ੍ਹਾਂ ਘੇਰਿਆ ਹੋਇਆ ਹੈ। ਨਸ਼ਿਆਂ ਦਾ ਪੂਰੀ ਤਰ੍ਹਾਂ ਗ਼ੁਲਾਮ ਹੋ ਚੁੱਕਾ ਇਹ ਨੌਜਵਾਨ ਸਰੀਰ ਦੇ ਨਾਲ ਨਾਲ ਮਾਨਸਿਕ ਰੂਪ ਵਿੱਚ ਵੀ ਅਪੰਗ ਹੋ ਰਿਹਾ ਹੈ, ਉਸ ਦੀ ਸੋਚ ਨਿਪੁੰਸਕ ਹੋ ਰਹੀ ਹੈ, ਉਹ ਢਹਿੰਦੀ ਕਲਾ ਵੱਲ ਜਾ ਰਿਹਾ ਹੈ, ਉਸ ਦੀਆਂ ਆਸਾਂ, ਉਮੰਗਾਂ, ਸੁਪਨੇ ਤੇ ਕਲਪਨਾਵਾਂ ਸਭ ਕੁੱਝ ਇਹਨਾਂ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ ਅਤੇ ਉਸ ਦੇ ਇੱਕ ਯੋਗ ਡਾਕਟਰ, ਇੰਜੀਨੀਅਰ,ਵਿਗਿਆਨੀ, ਲੇਖਕ, ਅਧਿਆਪਕ, ਕਲਾਕਾਰ ਅਤੇ ਇੱਕ ਸਫ਼ਲ ਵਪਾਰੀ ਬਣਨ ਦੀਆਂ ਸੰਭਾਵਨਾਵਾਂ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ।
-----
ਅਜੋਕੇ ਸਮਾਜ ਲਈ ਇੱਕ ਗੰਭੀਰ ਚੁਣੌਤੀ ਬਣ ਰਹੀ ਇਸ ਨਸ਼ਾ ਪ੍ਰਵਿਰਤੀ ਤੋਂ ਸਾਡਾ ਪੰਜਾਬੀ ਨੌਜਵਾਨ ਵੀ ਬਚ ਨਹੀਂ ਸਕਿਆ। ਉਹ ਵੀ ਆਪਣੇ ਸਾਰੇ ਉਸਾਰੂ ਰੁਝੇਵੇਂ, ਪਰੰਪਰਾਗਤ ਸੂਰਬੀਰਤਾ ਅਤੇ ਅਣਖੀਲੇ ਯੋਧੇ ਵਾਲੀ ਪਛਾਣ ਨੂੰ ਭੁੱਲ ਕੇ ਆਪਣੇ ਆਪ ਨੂੰ ਨਸ਼ਿਆਂ ਵਿੱਚ ਗਲਤਾਨ ਕਰੀ ਜਾ ਰਿਹਾ ਹੈ। ਜਿਸ ਦੇ ਸਿੱਟੇ ਵੱਜੋਂ ਉਹ ਬਚਪਨ ਤੋਂ ਸਿੱਧਾ ਬੁਢਾਪੇ ਵਿੱਚ ਪੈਰ ਰੱਖਣ ਲਈ ਮਜਬੂਰ ਹੁੰਦਾ ਜਾ ਰਿਹਾ ਹੈ।
-----
ਨਸ਼ੀਲੀਆਂ ਵਸਤਾਂ ਜਦੋਂ ਵੀ ਇਨਸਾਨੀ ਜਿਸਮ ਵਿੱਚ ਪ੍ਰਵੇਸ਼ ਕਰਦੀਆਂ ਹਨ, ਤਾਂ ਤੁਰੰਤ ਲਹੂ ਵਿੱਚ ਮਿਲ ਕੇ ਉਸ ਦੇ ਨਾੜੀ-ਤੰਤਰ ਨੂੰ ਪ੍ਰਭਾਵਿਤ ਕਰ ਦਿੰਦੀਆਂ ਹਨ। ਨਸ਼ੇ ਦੀ ਬਹੁਤਾਤ ਕਾਰਨ ਦਿਮਾਗ਼ ਦੀਆਂ ਸੰਦੇਸ਼ਵਾਹਿਨੀਆਂ ਸੁਸਤ ਹੋ ਜਾਂਦੀਆਂ ਹਨ ਜਿਸ ਦੇ ਸਿੱਟੇ ਵੱਜੋਂ ਵਿਅਕਤੀ ਦੀ ਮਹਿਸੂਸ ਕਰਨ ਦੀ ਅਤੇ ਕਿਰਿਆਸ਼ੀਲ ਰਹਿਣ ਦੀ ਸ਼ਕਤੀ ਸਿਥਿਲ ਹੋ ਜਾਂਦੀ ਹੈ, ਭਾਵ ਕਿ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਉੱਤੇ ਇੱਕ ਸਰੂਰ ਤਾਰੀ ਹੋ ਜਾਂਦਾ ਹੈ ਤੇ ਇਸ ਦੀ ਲੋਰ ਵਿੱਚ ਉਸ ਦਾ ਦਿਮਾਗ਼ ਹਰ ਪ੍ਰਕਾਰ ਦੇ ਤਨਾਓ ਤੋਂ ਮੁਕਤ ਹੋ ਜਾਂਦਾ ਹੈ। ਇਸ ਪ੍ਰਕਾਰ ਨਸ਼ੇ ਦੇ ਆਲਮ ਵਿੱਚ ਆਦਮੀ ਆਪਣੀ ਅਸਲ ਦਿਮਾਗ਼ੀ ਸਥਿਤੀ ਤੋਂ ਵਿਹੂਣਾ ਹੋ ਕੇ ਇੱਕ ਕਾਲਪਨਿਕ ਸੰਸਾਰ ਵਿੱਚ ਪਹੁੰਚ ਜਾਂਦਾ ਹੈ, ਜਿੱਥੇ ਉਸਨੂੰ ਇੱਕ ਵਿਸ਼ੇਸ਼ ਪ੍ਰਕਾਰ ਦੇ ਸਕੂਨ ਦੀ ਅਨੁਭੂਤੀ ਹੁੰਦੀ ਹੈ, ਜਿਸ ਸਦਕਾ ਉਹ ਆਪਣੇ ਯਥਾਰਥਕ ਜੀਵਨ ਦੀਆਂ ਅਸਫ਼ਲਤਾਵਾਂ ਨੂੰ ਕੁੱਝ ਦੇਰ ਲਈ ਭੁੱਲ ਜਾਂਦਾ ਹੈ। ਇਸ ਭ੍ਰਾਮਿਕ ਅਹਿਸਾਸ ਨੂੰ ਵਾਰ-ਵਾਰ ਭੋਗਣ ਲਈ ਉਹ ਲਗਾਤਾਰ ਨਸ਼ਿਆਂ ਦਾ ਸੇਵਨ ਕਰਨ ਲੱਗ ਜਾਂਦਾ ਹੈ, ਜਿਸ ਨਾਲ ਕਿ ਉਹ ਗਲ਼ ਤੇ ਫੇਫੜਿਆਂ ਦੇ ਕੈਂਸਰ, ਦਿਲ ਦੀ ਬਿਮਾਰੀ, ਟੀ.ਬੀ., ਨਿਪੁੰਸਕਤਾ ਤੇ ਏਡਜ਼ ਵਰਗੀਆਂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।
-----
ਸ਼ੌਂਕ ਜਾਂ ਫੈਸ਼ਨ ਵੱਜੋਂ ਨਸ਼ਾ ਕਰਨ ਵਾਲਿਆਂ ਦੀ ਜਿੱਥੇ ਗਿਣਤੀ ਵਧੇਰੇ ਹੈ, ਉੱਥੇ ਆਪਣੇ ਜੀਵਨ ਦੀ ਕਿਸੇ ਅਸਫ਼ਲਤਾ ਤੋਂ ਨਿਰਾਸ਼ ਹੋ ਕੇ ਨਸ਼ਾ ਕਰਨ ਵਾਲੇ ਵੀ ਅਧਿੱਕ ਤਾਦਾਦ ਵਿੱਚ ਪਾਏ ਜਾਂਦੇ ਹਨ। ਬੇਰੋਜ਼ਗਾਰੀ, ਆਪਣੇ ਆਪ ਵਿੱਚ ਇੱਕ ਵੱਡੀ ਨਿਰਾਸ਼ਾ ਹੈ, ਇਸ ਤੋਂ ਇਲਾਵਾ ਅਣਸੁਖਾਵਾਂ ਘਰੇਲੂ ਤੇ ਸਾਮਾਜਿਕ ਵਾਤਾਵਰਣ, ਗੰਦੀਆਂ ਤੇ ਅਸ਼ਲੀਲ ਫਿਲਮਾਂ ਦੇ ਥਾਂ ਥਾਂ ’ਤੇ ਲੱਗੇ ਪੋਸਟਰ, ਵਿਗਿਆਪਨਾਂ ਤੇ ਪੱਤਰ-ਪੱਤ੍ਰਿਕਾਵਾਂ ਵਿੱਚ ਛਪਦੀਆਂ ਔਰਤਾਂ ਦੀਆਂ ਅੱਧਨੰਗੀਆਂ ਤਸਵੀਰਾਂ, ਦੂਰਦਰਸ਼ਨ ਉੱਤੇ ਕੇਬਲ ਰਾਹੀਂ ਅੰਤਰ ਰਾਸ਼ਟਰੀ ਚੈਨਲਾਂ ਦੁਆਰਾ ਦਿਖਾਏ ਜਾਣ ਵਾਲੇ ਅਸ਼ਲੀਲ ਪ੍ਰੋਗਰਾਮਾਂ ਵਿੱਚ ਆ ਰਹੇ ਵਿਸ਼ਵ ਸੱਭਿਆਚਾਰ ਅਤੇ ਆਧੁਨਿਕ ਫੈਸ਼ਨ ਆਦਿ ਜਿਹੇ ਬਹੁਤ ਸਾਰੇ ਹੋਰ ਵੀ ਤੱਤ ਹਨ ਜਿਨ੍ਹਾਂ ਦੇ ਦੁਸ਼ਪ੍ਰਭਾਵ ਸਦਕਾ ਸਾਡਾ ਨੌਜਵਾਨ ਆਪਣੀ ਮੰਜ਼ਿਲ ਜਾਂ ਟੀਚੇ ਤੋਂ ਭਟਕ ਕੇ ਨਿਰਾਸ਼ਾ ਕਾਰਨ ਨਸ਼ਿਆਂ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ।
-----
ਵਾਸਤਵ ਵਿੱਚ ਅੱਜ ਦਾ ਮਨੁੱਖ ਵਿਚਾਰਧਾਰਕ ਦ੍ਰਿਸ਼ਟੀਕੋਣ ਤੋਂ ਆਜ਼ਾਦ ਹੈ। ਉਸ ਦੀ ਸੋਚ ਦੀ ਉਡਾਰੀ ਬੇਅੰਤ ਹੈ, ਉਸ ਦੀਆਂ ਕਲਪਨਾਵਾਂ, ਸੁਪਨੇ ਤੇ ਕੁੱਝ ਵੀ ਕਰ ਜਾਣ ਦੀ ਇੱਛਾ ਦੀ ਕੋਈ ਸੀਮਾ ਨਹੀਂ ਹੈ। ਆਦਿ ਕਾਲ ਤੋਂ ਹੀ ਮਨੁੱਖ ਸੋਚ ਸ਼ਕਤੀ ਦੇ ਸੰਦਰਭ ਵਿੱਚ ਦੂਸਰੇ ਪ੍ਰਾਣੀਆਂ ਨਾਲੋਂ ਵਿਲੱਖਣਤਾ ਤੇ ਸ੍ਰੇਸ਼ਟਤਾ ਦਾ ਧਾਰਨੀ ਰਿਹਾ ਹੈ, ਜਿਸ ਦੇ ਸਿੱਟੇ ਵੱਜੋਂ ਅੱਜ ਦਾ ਮਨੁੱਖ ਸੱਭਿਅਕ ਹੈ ਅਤੇ ਇੱਕ ਸੱਭਿਅਕ ਸਮਾਜ ਦੀ ਸਿਰਜਣਾ ਕਰੀ ਬੈਠਾ ਹੈ। ਭਾਵੇਂ ਪਿਛਲੇਰੇ ਕਾਲ ਦੇ ਮਨੁੱਖ ਕੋਲ ਅਜੋਕੇ, ਵਿਗਿਆਨਕ ਅਤੇ ਨਵੀਂ ਤਕਨਾਲੋਜੀ ਨਾਲ ਜਲ, ਥਲ ਅਤੇ ਪੁਲਾੜ ਦੀ ਭਰਪੂਰ ਜਾਣਕਾਰੀ ਇਕੱਤਰ ਕਰਨ ਵਾਲੇ ਯੁੱਗ ਵਾਲਾ ਸੁਪਨਿਆਂ ਦਾ ਵਿਸ਼ਾਲ ਸੰਕਲਪ ਨਹੀਂ ਸੀ, ਜਿਸ ਵਿੱਚ ਕਿ ਅੱਜ ਦਾ ਮਨੁੱਖ ਆਪਣੇ ਚਾਰੇ ਪਾਸੇ ਆਧੁਨਿਕਤਾ ਦੇ ਵਿਸ਼ਾਲ ਪਸਾਰੇ ਵਿੱਚੋਂ ਕੁੱਝ ਨਾ ਕੁੱਝ ਪ੍ਰਾਪਤ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ, ਪਰ ਪੁਰਾਤਨ ਮਾਨਵ ਦੀਆਂ ਇੱਛਾਵਾਂ ਅਤੇ ਕਲਪਨਾਵਾਂ ’ਤੇ ਕਿਸੇ ਪ੍ਰਕਾਰ ਦੀ ਕੋਈ ਪਾਬੰਦੀ ਆਇਦ ਨਹੀਂ ਸੀ। ਉਸ ਦੀਆਂ ਇਹਨਾਂ ਕਲਪਨਾਵਾਂ ਕਾਰਣ ਹੀ ਮਹਾਨ ਅਵਿਸ਼ਕਾਰ ਹੋਂਦ ਵਿੱਚ ਆਏ। ਰ੍ਹਾਈਟ ਭਰਾਵਾਂ ਦੀ ਇੱਕ ਕਲਪਨਾ ਸਦਕਾ ਹੀ ਅੱਜ ਦਾ ਮਨੁੱਖ ਅੰਬਰ ਦੀਆਂ ਉਚਾਈਆਂ ਨਾਪ ਰਿਹਾ ਹੈ, ਸਟੀਮ ਇੰਜਣ, ਧਰਤੀ ਦੀ ਖਿੱਚ ਸ਼ਕਤੀ ਦਾ ਸਿਧਾਂਤ, ਬਿਜਲੀ, ਰੇਡੀਓ, ਟੈਲੀਵੀਜ਼ਨ ਅਤੇ ਅਨੇਕਾਂ ਹੋਰ ਅਜਿਹੇ ਅਵਿਸ਼ਕਾਰ ਹਨ ਜਿਹਨਾਂ ਤੋਂ ਅੱਜ ਦੇ ਵਿਗਿਆਨੀ ਸੇਧ ਲੈ ਰਹੇ ਹਨ। ਪਰ ਅਜਿਹੀ ਵਿਲੱਖਣਤਾ ਬਹੁਤ ਘੱਟ ਵਿਅਕਤੀਆਂ ਦੇ ਹਿੱਸੇ ਆਉਂਦੀ ਹੈ, ਆਮ ਆਦਮੀ ਤਾਂ ਆਪਣੇ ਦਿਸਦੇ ਸੰਸਾਰ ਵਿੱਚੋਂ ਹੀ ਸੁਪਨੇ ਬੁਣਦਾ ਹੈ, ਜੋ ਸਾਹਮਣੇ ਦਿਸ ਗਿਆ, ਉਸੇ ਤਰ੍ਹਾਂ ਦੀ ਆਪਣੀ ਜ਼ਰੂਰਤ ਨਿਰਧਾਰਤ ਕਰ ਲੈਂਦਾ ਹੈ। ਅੱਜ ਦੇ ਮਨੁੱਖ ਕੋਲ ਵੇਖਣ ਲਈ ਬਹੁਤ ਕੁੱਝ ਹੋਣ ਕਾਰਣ ਉਸ ਦੀਆਂ ਜ਼ਰੂਰਤਾਂ ਵੀ ਬੇਅੰਤ ਹਨ ਤੇ ਉਹਨਾਂ ਨੂੰ ਉਹ ਉਸੇ ਹੀ ਪੱਧਰ ’ਤੇ ਪੂਰੀਆਂ ਵੀ ਕਰਨਾ ਲੋਚਦਾ ਹੈ। ਇਨ੍ਹਾਂ ਦੀ ਪੂਰਤੀ ਅਸੰਭਵ ਹੋਣ ਕਾਰਣ ਉਹ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਸ ਨਿਰਾਸ਼ ਤੋਂ ਛੁਟਕਾਰਾ ਪਾਉਣ ਲਈ ਮਸਨੂਈ ਸਹਾਰੇ ਲੱਭਦਾ ਹੈ। ਜਿਨ੍ਹਾਂ ਵਿੱਚੋਂ ਇੱਕ ਨਸ਼ਾ ਹੈ, ਤੇ ਨਸ਼ੀਲੀਆਂ ਵਸਤਾਂ ਉਸਨੂੰ ਸਹਿਜੇ ਹੀ ਉਪਲੱਬਧ ਹੋ ਜਾਂਦੀਆਂ ਹਨ।
-----
ਇਹ ਗੱਲ ਘੱਟ ਖ਼ਤਰਨਾਕ ਨਹੀਂ ਕਿ ਸਾਡਾ ਨੌਜਵਾਨ ਆਪਣੀ ਪਰੰਪਰਾ ਦੇ ਨਾਲ ਨਾਲ ਆਪਣੇ ਸੱਭਿਆਚਾਰਕ ਵਿਰਸੇ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਉਸਨੂੰ ਇਸ ਸਭ ਕਾਸੇ ਤੋਂ ਵਿਮੁੱਖ ਕਰਨ ਦੀ ਸਿੱਧੀ ਜ਼ਿੰਮੇਵਾਰੀ ਅੰਤਰਰਾਸ਼ਟਰੀ ਪੱਧਰ ’ਤੇ ਹੋ ਰਹੇ ਸੱਭਿਆਚਾਰ ਦੇ ਸੰਸਾਰੀਕਰਨ ਉੱਤੇ ਨਿਸ਼ਚਿਤ ਕੀਤੀ ਜਾ ਸਕਦੀ ਹੈ, ਜਿਸ ਦੇ ਲਈ ਸੂਚਨਾ ਤੇ ਸੰਚਾਰ ਮਾਧਿਅਮ ਅਹਿਮ ਭੂਮਿਕਾ ਨਿਭਾਅ ਰਹੇ ਹਨ। ਸੱਭਿਆਚਾਰ ਦੇ ਇਸ ਵਿਸ਼ਵੀਕਰਨ ਨਾਲ ਨੈਤਿਕਤਾ ਮਰ ਰਹੀ ਹੈ, ਕਿਉਂਕਿ ਇਸ ਰਾਹੀਂ ਪੇਸ਼ ਕੀਤੇ ਜਾ ਰਹੇ ਚਕਾਚੌਂਧ ਤੇ ਤੜਕ-ਭੜਕ ਦੇ ਜੀਵਨ ਵਾਲੇ, ਆਧੁਨਿਕ ਸੁੱਖ-ਸੁਵਿਧਾਵਾਂ ਯੁਕਤ ਰਹਿਣ-ਪੱਧਰ ਦੇ ਮਾਡਲ ਨੇ ਪੰਜਾਬ ਦੀ ਨੌਜਵਾਨੀ ਨੂੰ ਵੀ ਇਸੇ ਰਸਤੇ ਉੱਤੇ ਤੋਰ ਲਿਆ ਹੈ ਜਿਸ ਨਾਲ ਨੈਤਿਕਤਾ ਦਾ ਗ੍ਰਾਫ਼ ਡਿੱਗਿਆ ਹੈ, ਵਿਅਕਤੀਗਤ ਰਿਸ਼ਤਿਆਂ ਦਾ ਵਪਾਰੀਕਰਨ ਹੋਇਆ ਹੈ ਤੇ ਮਰਿਆਦਿਤ ਰਿਸ਼ਤਿਆਂ ਵਿੱਚ ਗੰਧਲਾਪਨ ਪੈਦਾ ਹੋਣ ਨਾਲ ਬਲਾਤਕਾਰ ਦੀ ਪ੍ਰਵਿਰਤੀ ਵਧੀ ਹੈ। ਲੋਕ ਸੰਗੀਤ, ਸ਼ਾਸਤਰੀ ਸੰਗੀਤ, ਸੁਗ਼ਮ ਸੰਗੀਤ, ਕਲਾਸੀਕਲ ਸੰਗੀਤ ਆਦਿ ਅਲੋਪ ਹੋ ਰਹੇ ਹਨ, ਪੰਜਾਬੀ ਭੰਗੜੇ ਦੀ ਸਿਰਫ਼ ਬੀਟ ਉੱਤੇ ਥਿਰਕ ਰਹੀਆਂ ਅੱਧਨੰਗੀਆਂ ਔਰਤਾਂ ਦੇ ਜਿਸਮ ਦੀ ਨੁਮਾਇਸ਼ ਰਾਹੀਂ ਪੰਜਾਬੀਅਤ ਨੂੰ ਅਨੈਤਿਕਤਾ ਦਾ ਲਿਬਾਸ ਪਹਿਨਾਇਆ ਜਾ ਰਿਹਾ ਹੈ। ਪੀਰਾਂ ਅਤੇ ਫ਼ਕੀਰਾਂ ਦੀ ਜਨਨੀ ਔਰਤ ਦਾ ਮਾਡਲ ਅਜੋਕੀ ਐਸ਼ਵਰਿਆ ਰਾਏ, ਕੈਟਰੀਨਾ ਕੈਫ਼ ਅਤੇ ਕਰੀਨਾ ਕਪੂਰ ਦੇ ਰੂਪ ਵਿੱਚ ਬਦਲ ਰਿਹਾ ਹੈ। ਇਸ ਪ੍ਰਕਾਰ ਅਜੋਕੀ ਵਿਸ਼ਵ ਸਭਿਆਚਾਰਕ ਚੇਤਨਾ ਸਿੱਖ ਗੁਰੂਆਂ ਦੀ ਬ੍ਰਹਿਮੰਡੀ ਚੇਤਨਾ ਵਾਂਗ ਦਾਰਸ਼ਨਿਕ, ਨੈਤਿਕ, ਰਹੱਸਵਾਦੀ, ਆਦਰਸ਼ਵਾਦੀ ਅਤੇ ਕਦਰਾਂ ਕੀਮਤਾਂ ਨਾਲ ਓਤ-ਪ੍ਰੋਤ ਨਾ ਹੋ ਕੇ ਅਸੱਭਿਅਕ, ਅਨੈਤਿਕ, ਗੈਰ ਪਰੰਪਰਿਕ ਅਤੇ ਕਦਰਾਂ ਕੀਮਤਾਂ ਤੋਂ ਸੱਖਣੀ ਹੈ ਜਿਹੜੀ ਕਿ ਅੱਜ ਦੇ ਨੌਜਵਾਨ ਨੂੰ ਉਸ ਦੇ ਸੰਸਕਾਰਾਂ ਤੇ ਅਮੀਰ ਪਰੰਪਰਿਕ ਵਿਰਸੇ ਤੋਂ ਵਿਮੁੱਖ ਕਰਨ ਵਿੱਚ ਇੱਕ ਖ਼ਲਨਾਇਕ ਜਿਹੀ ਭੂਮਿਕਾ ਨਿਭਾਅ ਰਹੀ ਹੈ।
-----
ਮਾਰਕਸੀ ਵਿਚਾਰਾਂ ਵਾਲੇ ਲੇਖਕਾਂ ਅਨੁਸਾਰ ਪੂੰਜੀਵਾਦੀ ਚੜ੍ਹਤ ਦੀ ਪ੍ਰਤੀਨਿਧਤਾ ਕਰਨ ਵਾਲਾ ਇਹ ਸੰਸਾਰੀਕਰਨ ਇੱਕ ਵਿਸ਼ਵ ਮੰਡੀ ਬਣਦਾ ਜਾ ਰਿਹਾ ਹੈ ਤੇ ਸੱਭਿਆਚਾਰਕ ਪੱਖ ਤੋਂ ਇਸ ਵਿੱਚ ਮਾਨਵਤਾ, ਆਦਰਸ਼ਵਾਦ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਅਣਹੋਂਦ ਕਾਰਣ ਇਹ ਇੱਕ ਨਾਂਹ ਪੱਖੀ ਵਰਤਾਰਾ ਹੋ ਨਿੱਬੜਿਆ ਹੈ। ਤਾਂ ਹੀ ਇਹਨਾਂ ਲੇਖਕਾਂ ਦੀਆਂ ਰਚਨਾਵਾਂ ਦਾ ਪਾਤਰ ਆਦਰਸ਼ ਰਹਿਤ ਅਤੇ ਨੈਤਿਕਤਾ ਤੇ ਪਰੰਪਰਿਕ ਕਦਰਾਂ ਕੀਮਤਾਂ ਤੋਂ ਸੱਖਣਾ ਹੁੰਦਾ ਜਾ ਰਿਹਾ ਹੈ, ਜਿਸਨੂੰ ਕਿ ਉਹ ਯਥਾਰਥ ਦੇ ਨੇੜੇ ਹੋਣਾ ਦੱਸਦੇ ਹਨ, ਬੇਸ਼ੱਕ ਯਥਾਰਥ ਦੀ ਸਿਰਜਣਾ ਵੀ ਭਾਵੇਂ ਸਾਹਿਤ ਦੇ ਘੇਰੇ ਅੰਦਰ ਹੀ ਆਉਂਦੀ ਹੈ, ਪਰ ਇੱਕ ਲੇਖਕ ਅਰਥਾਤ ਸਾਹਿਤਕਾਰ, ਸਮਾਜ ਨੂੰ ਮਾਨਵਤਾ, ਆਦਰਸ਼ਵਾਦ, ਨੈਤਿਕਤਾ ਤੇ ਪਰੰਪਰਿਕ ਕਦਰਾਂ ਕੀਮਤਾਂ ਰਾਹੀਂ ਸਹੀ ਸੇਧ ਦੇਣ ਦੀ ਆਪਣੀ ਵਚਨ-ਬੱਧਤਾ ਅਤੇ ਜ਼ਿੰਮੇਵਾਰੀ ਤੋਂ ਕਦੇ ਵੀ ਮੁਕਤ ਨਹੀਂ ਹੋ ਸਕਦਾ। ਉਹ ਭਾਵੇਂ ਕਵੀ ਹੋਵੇ, ਗਲਪਕਾਰ ਹੋਵੇ, ਅਲੋਚਕ ਹੋਵੇ ਜਾਂ ਨਾਟਕਕਾਰ, ਉਸਨੂੰ ਆਪਣੀ ਸਿਰਜਣਾ ਰਾਹੀਂ ਅੱਜ ਦੇ ਨੌਜਵਾਨ ਨੂੰ ਵਿਦੇਸ਼ੀ ਸੱਭਿਆਚਾਰ ਦੀ ਮਾਰੂ ਪ੍ਰਵਿਰਤੀ ਪ੍ਰਤੀ ਸੁਚੇਤ ਕਰਦੇ ਹੋਏ ਆਪਣੀ ਪਰੰਪਰਾ ਨਾਲ ਜੋੜੀ ਰੱਖਣ ਦੇ ਯਤਨ ਵੀ ਨਿਰੰਤਰ ਕਰਦੇ ਰਹਿਣਾ ਚਾਹੀਦਾ ਹੈ। ਇਸ ਗੱਲ ਨੂੰ ਅੱਜ ਦੇ ਲੇਖਕ ਤੋਂ ਬਿਨਾਂ ਹੋਰ ਕੋਈ ਵੀ ਬੇਹਤਰ ਢੰਗ ਨਾਲ ਨਹੀਂ ਸਮਝ ਸਕਦਾ ਕਿ ਅੱਜ ਦਾ ਨੌਜਵਾਨ ਲੋਭ ਵੱਸ ਹੀ ਪੱਛਮ ਦੇ ਤੜਕ-ਭੜਕ ਵਾਲੇ ਤਲਿੱਸਮੀ ਸੱਭਿਆਚਰ ਵਿੱਚ ਫਸਦਾ ਜਾ ਰਿਹਾ ਹੈ। ਇਨ੍ਹਾਂ ਲਈ ਇੱਕ ਨਾਮਵਰ ਸ਼ਾਇਰ ਦੀਆਂ ਲਾਈਨਾਂ ਬਹੁਤ ਢੁੱਕਵੀਆਂ ਹਨ:
‘ਮਛਲੀ ਕੋ ਹੈ ਗ਼ੁਮਾਂ, ਕਿ ਲੁਕਮਾਂ ਹੂਆ ਨਸੀਬ,
ਸਈਯਾਦ ਜਾਨਤਾ ਹੈ ਕਿ, ਕਾਂਟਾ ਨਿਗਲ ਗਈ’।
ਅੱਜ ਦੇ ਲੇਖਕ ਨੂੰ ਸੁੰਦਰ ਚਿਹਰੇ ਵਾਲੀਆਂ ਕਿਤਾਬਾਂ ਛਪਵਾ ਕੇ ਅਤੇ ਅਖ਼ਬਾਰਾਂ ਵਿੱਚ ਆਪਣੀ ਫੋਟੋ ਛਪਵਾ ਕੇ ਵਾਹਾ-ਵਾਹੀ ਖੱਟਣ ਦਾ ਰੁਝਾਨ ਤਿਆਗ ਦੇਣਾ ਚਾਹੀਦਾ ਹੈ। ਕਿਉਂਕਿ ਅੱਜ ਉਸਦੇ ਸਨਮੁੱਖ ਸਾਡੀ ਪਰੰਪਰਾ ਨੂੰ ਢਾਹ ਲਾਉਣ ਵਾਲਾ ਵਿਦੇਸ਼ੀ ਸੱਭਿਆਚਾਰ ਇੱਕ ਬਹੁਤ ਵੱਡੀ ਚੁਣੌਤੀ ਦੇ ਰੂਪ ਵਿੱਚ ਖੜ੍ਹਾ ਹੈ। ਉਸ ਲਈ ਆਪਣੀ ਬਿਰਤੀ, ਸੁਰਤੀ ਅਤੇ ਇਕਾਗਰਤਾ ਨੂੰ ਇਸ ਦੇ ਹਮਲੇ ਤੋਂ ਬਚਾਉਣ ਦੀ ਲੋੜ ਹੈ। ਜਿੰਨਾਂ ਚਿਰ ਉਹ ਆਪਣੇ ਸੱਭਿਆਚਾਰਕ ਵਿਰਸੇ ਤੇ ਪਰੰਪਰਾ ਨੂੰ ਕ੍ਰਾਂਤੀਕਾਰੀ ਅਵਸਥਾ ਵਿੱਚ ਨਹੀਂ ਲਿਆਉਂਦਾ ਉਨਾਂ ਚਿਰ ਇਨ੍ਹਾਂ ਹਮਲਿਆਂ ਨੂੰ ਰੋਕਣਾ ਉਸ ਲਈ ਸੰਭਵ ਨਹੀਂ ਹੋ ਸਕੇਗਾ।
-----
ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੂਰਦਰਸ਼ਨ ਦੇ ਉਨ੍ਹਾਂ ਚੈਨਲਾਂ ਉੱਤੇ ਪਾਬੰਦੀ ਲਗਾਵੇ ਜਿਨ੍ਹਾਂ ਰਾਹੀਂ ਦੂਸ਼ਿਤ ਸੱਭਿਆਚਾਰ ਦੀ ਨਿਰੰਤਰ ਘੁਸਪੈਠ ਹੋਣ ਨਾਲ ਸਾਡੀ ਪਰੰਪਰਾ ਲਈ ਖ਼ਤਰਾ ਪੈਦਾ ਹੋ ਰਿਹਾ ਹੈ। ਸਿੱਖਿਆ ਦਾ ਪ੍ਰਯੋਜਨ ਵੀ ਕੇਵਲ ਨੌਕਰੀ ਪ੍ਰਾਪਤ ਕਰਨ ਤੱਕ ਹੀ ਸੀਮਿਤ ਹੋ ਗਿਆ ਹੈ। ਖੋਜਾਰਥੀ ਭਾਵੇਂ ਵਧ ਰਹੇ ਹਨ, ਪਰ ਖੋਜ ਦਾ ਪੱਧਰ ਡਿੱਗਦਾ ਜਾ ਰਿਹਾ ਹੈ ਜਿਸ ਨਾਲ ਸਿੱਖਿਆ ਗ਼ੈਰ-ਅਕਾਦਮਿਕ ਹੋ ਕੇ ਵਪਾਰੀਕਰਨ ਵੱਲ ਵਧ ਰਹੀ ਹੈ। ਉਚੇਰੀ ਸਿੱਖਿਆ ਮਹਿੰਗੀ ਹੋਣ ਕਾਰਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਨੂੰ ਸਸਤੀਆਂ ਦਰਾਂ ’ਤੇ ਸਭ ਲਈ ਮੁਹੱਈਆ ਕਰਵਾਉਣਾ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ। ਸਰਕਾਰ ਵੱਲੋਂ ਕਿੱਤਾ-ਮੁਖੀ ਸਿੱਖਿਆ ਉਪਲੱਬਧ ਕਰਾ ਕੇ ਬੇਰੋਜ਼ਗਾਰੀ ਦੂਰ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਸਾਡੇ ਬੁੱਧੀਜੀਵੀ ਵਰਗ ਅਤੇ ਮਾਪਿਆਂ ਨੂੰ ਵੀ ਅੱਜ ਦੇ ਨੌਜਵਾਨ ਵਿੱਚ ਪੁਰਾਣੇ ਤੇ ਬੇਲੋੜੇ ਸੰਸਕਾਰਾਂ ਵਿੱਚ ਜਕੜੇ ਨੌਜਵਾਨ ਦੀ ਛਾਪ ਨਹੀਂ ਦੇਖਣੀ ਚਾਹੀਦੀ ਸਗੋਂ ਉਸਦੀ ਬਦਲ ਰਹੀ ਸੋਚ ਦੇ ਸੰਦਰਭ ਵਿੱਚ ਉਸਦੀ ਮਾਨਸਿਕ ਸਿਹਤ ਦਾ ਖਿਆਲ ਰੱਖਦੇ ਹੋਏ ਉਸਦੇ ਸੁਪਨਿਆਂ ਤੇ ਕਲਪਨਾਵਾਂ ਵਿੱਚ ਮਾਨਵਤਾ ਤੇ ਨੈਤਿਕਤਾ ਦੀ ਖਾਦ ਪਾਉਣੀ ਚਾਹੀਦੀ ਹੈ। ਉਸਨੂੰ ਸਮੂਹਿਕ ਪਰਿਵਾਰ ਦੀ ਮਹੱਤਤਾ, ਰਿਸ਼ਤਿਆਂ ਦੀ ਪਵਿੱਤਰਤਾ ਤੇ ਮਰਿਆਦਾ ਅਤੇ ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨ ਜਿਹੇ ਸੰਸਕਾਰ ਦੇਣ ਦੇ ਉਪਰਾਲੇ ਕਰਨੇ ਚਾਹੀਦੇ ਹਨ, ਜਿਸ ਤੋਂ ਕਿ ਅੱਜ ਦਾ ਨੌਜਵਾਨ ਵਿਰਵਾ ਰਹਿੰਦਾ ਜਾ ਰਿਹਾ ਹੈ। ਅਜਿਹਾ ਕਰਨ ਨਾਲ ਬਚਪਨ ਤੋਂ ਹੀ ਉਸਨੂੰ ਆਪਣੀ ਪਰੰਪਰਾ, ਸੱਭਿਅਤਾ ਅਤੇ ਸੰਸਕ੍ਰਿਤੀ ਨਾਲ ਜੋੜ ਕੇ ਰੱਖਿਆ ਜਾ ਸਕਦਾ ਹੈ।
-----
ਅੱਜ ਦੇ ਨੌਜਵਾਨ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਹਰ ਕੰਮ ਲਈ ਇੱਕ ਉਮਰ ਦਰਕਾਰ ਹੁੰਦੀ ਹੈ। ਜਿੰਨਾਂ ਚਿਰ ਉਹ ਵਿਦਿਆਰਥੀ ਹੈ, ਉਨਾਂ ਚਿਰ ਆਪਣੇ ਲਕਸ਼ ਦੀ ਪ੍ਰਾਪਤੀ ਲਈ ਹੀ ਉਸ ਨੂੰ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਉਸਨੂੰ ਚਾਹੀਦਾ ਹੈ ਕਿ ਆਪਣੀ ਮਿੱਟੀ ਅਰਥਾਤ ਆਪਣੀ ਧਰਤੀ ਨਾਲ ਹੀ ਜੁੜ ਕੇ ਚੱਲੇ। ਪੱਛਮੀ ਜਾਂ ਵਿਦੇਸ਼ੀ ਸੱਭਿਆਚਾਰ ਤੋਂ ਪ੍ਰਭਾਵਿਤ ਜ਼ਰੂਰ ਹੋਣਾ ਚਾਹੀਦਾ ਹੈ, ਪਰ ਉਸ ਵਿੱਚੋਂ ਅਜਿਹੀ ਨਵੀਨਤਾ ਹੀ ਧਾਰਨ ਕਰਨੀ ਚਾਹੀਦੀ ਹੈ ਜਿਹੜੀ ਕਿ ਸਾਡੀ ਪਰੰਪਰਾ ਤੇ ਨੈਤਿਕ ਮੁੱਲਾਂ ਲਈ ਖ਼ਤਰਾ ਨਾ ਬਣੇ ਅਤੇ ਜਿਸ ਵਿੱਚ ਸਮੁੱਚੀ ਮਾਨਵਤਾ ਲਈ ਆਦਰਸ਼ ਛੁਪੇ ਹੋਣ। ਉਸ ਲਈ ਆਪਣੇ ਬੇਲੋੜੇ ਤੇ ਵਾਧੂ ਸੁਪਨਿਆਂ ਤੇ ਕਲਪਨਾਵਾਂ ਨੂੰ ਕਾਬੂ ਕਰਨ ਦੀ ਵੀ ਵੱਡੀ ਲੋੜ ਹੈ। ਕੁਇਕ-ਬੱਕ ਦੀ ਧਾਰਨਾ ਅਰਥਾਤ ਜਲਦੀ ਅਮੀਰ ਬਣਨ ਦੀ ਲਾਲਸਾ ਵੀ ਉਸ ਲਈ ਬਹੁਤ ਘਾਤਕ ਹੈ, ਇਸਦੇ ਲਈ ਪਰੰਪਰਾ ਵਿੱਚ ਪਏ ਸਬਰ-ਸੰਤੋਖ ਦੇ ਗੁਣ ਨੂੰ ਧਾਰਣ ਕਰਨਾ ਉਸ ਲਈ ਅਤੀ ਜ਼ਰੂਰੀ ਹੈ। ਕਿਸੇ ਹਾਰ, ਅਸਫ਼ਲਤਾ ਜਾਂ ਨਾਕਾਮੀ ਕਾਰਣ ਨਿਰਾਸ਼ ਹੋ ਕੇ ਨਸ਼ਿਆਂ ਜਿਹਾ ਮਸਨੂਈ ਸਹਾਰਾ ਲੱਭਣਾ ਕਾਇਰਤਾ ਤੇ ਬੁਝਦਿਲੀ ਦੀ ਨਿਸ਼ਾਨੀ ਹੈ। ਮਰਦਾਨਗੀ ਜਾਂ ਬਹਾਦਰੀ ਤਾਂ ਇਸੇ ਵਿੱਚ ਹੀ ਹੈ ਕਿ ਅਸਫ਼ਲਤਾ ਦਾ ਕਾਰਣ ਲੱਭ ਕੇ, ਸਫ਼ਲਤਾ ਦੇ ਰਾਹ ਵਿੱਚ ਆਉਣ ਵਾਲੀਆਂ ਔਕੜਾਂ ਦਾ ਨਿਡਰਤਾ ਤੇ ਸੂਰਬੀਰਤਾ ਨਾਲ ਸਾਹਮਣਾ ਕਰਦੇ ਹੋਏ ਫਿਰ ਤੋਂ ਮੁਕਾਬਲੇ ਵਿੱਚ ਹਿੱਸਾ ਲੈ ਕੇ ਸਫ਼ਲਤਾ ਪ੍ਰਾਪਤ ਕਰਨ ਦਾ ਯਤਨ ਕਰਨਾ। ਇਸ ਲਈ ਅੱਜ ਦੇ ਨੌਜਵਾਨ ਨੂੰ ਚਾਹੀਦਾ ਹੈ ਕਿ ਵਿਦੇਸ਼ੀ ਸੱਭਿਆਚਾਰ ਦੇ ਪ੍ਰਭਾਵ ਹੇਠ ਪਣਪ ਰਹੇ ਮਾਰੂ ਸਾਹਿੱਤ ਦੇ ਜਾਲ ਵਿੱਚ ਨਾ ਫਸਦੇ ਹੋਏ ਆਪਣੀ ਜ਼ਮੀਨ, ਆਪਣੇ ਅਮੀਰ ਤੇ ਸੱਭਿਆਚਾਰਕ ਵਿਰਸੇ ਅਤੇ ਪਰੰਪਰਾ ਵਿੱਚ ਹੀ ਰਹਿ ਕੇ ਇੱਕ ਆਦਰਸ਼, ਮਾਨਵਵਾਦੀ, ਨਸ਼ਾ-ਰਹਿਤ ਤੇ ਨੈਤਿਕ ਕਦਰਾਂ ਕੀਮਤਾਂ ਨਾਲ ਭਰਪੂਰ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਵੇ। ਇੱਕ ਪ੍ਰਸਿੱਧ ਸ਼ਾਇਰ ਦੀਆਂ ਪੰਕਤੀਆਂ ਅੱਜ ਦੇ ਨੌਜਵਾਨ ’ਤੇ ਪੂਰੀ ਤਰ੍ਹਾਂ ਢੁੱਕਦੀਆਂ ਹਨ:
“ ਅਪਨੀ ਧਰਤੀ ਪੇ ਚਲਨੇ ਕਾ ਤਰੀਕਾ ਸੀਖੋ,
ਸੰਗੇ ਮਰ-ਮਰ ਪੇ ਚਲੋਗੇ ਤੋ ਫ਼ਿਸਲ ਜਾਓਗੇ।”
******
1 comment:
A lot of thanks for an attempt to make the youth aware of the negetive impact of intoxicants and the best part of your article is that you have also suggested a way to leave this evil and live the life in a better way .
Post a Comment