ਸਵੈ-ਜੀਵਨੀ - ਕਿਸ਼ਤ - 15
ਲੜੀ ਜੋੜਨ ਲਈ ਕਿਸ਼ਤ – 14 ਪੜ੍ਹੋ ਜੀ।
ਗਰਮੀਆਂ ਦੀ ਇਕ ਸ਼ਾਮ ਨੂੰ ਮੈਂ ਮਹਿਤੇ ਆਇਆ ਤਾਂ ਬਾਪੂ ਕਹਿਣ ਲੱਗਾ ਕਿ ਜੇ ਮੈਂ ਚਾਹਾਂ ਤਾਂ ਗੋਨਿਆਣਾ ਮੰਡੀ ਵਾਲੇ ਸਕੂਲ ਦੀ ਬਜਾਏ ਮੈਂ ਫਿਰੋਜ਼ਪੁਰ ਦੇ ਕਿਸੇ ਸਕੂਲ ਵਿਚ ਦਾਖਲ ਹੋ ਜਾਵਾਂ ਤੇ ਓਥੇ ਹੀ ਹੋਸਟਲ ਵਿਚ ਰਹਿ ਕੇ ਪੜ੍ਹਾਈ ਕਰਾਂ। ਓਥੋਂ ਪੱਕੀ ਅਲਾਟ ਹੋਈ ਜ਼ਮੀਨ ਵਾਲੇ ਪਿੰਡ ਵੀ ਮਹੀਨੇ ਵਿਚ ਇਕ ਦੋ ਵਾਰ ਗੇੜਾ ਮਾਰ ਜਾਇਆ ਕਰਾਂ। ਮੈਂ ਕਿਹਾ ਕਿ ਮੈਂ ਮੰਡੀ ਵਾਲੇ ਸਕੂਲ ਦੋਬਾਰਾ ਦਾਖਲ ਹੋ ਕੇ ਮੈਂ ਆਪਣੇ ਆਪ ਨੂੰ ਪੜ੍ਹਾਈ ਵਿਚ ਖੋਭ ਲਿਆ ਹੈ। ਨਾਲੇ ਮਹਿਤਾ ਛੱਡਦਿਆਂ ਛੱਡਦਿਆਂ ਸਾਲ ਛੇ ਮਹੀਨੇ ਲੱਗ ਜਾਣੇ ਹਨ। ਫਿਰੋਜ਼ਪੁਰ ਵੱਡਾ ਸ਼ਹਿਰ ਹੈ ਅਤੇ ਮੈਨੂੰ ਓਥੇ ਕੋਈ ਜਾਣਦਾ ਵੀ ਨਹੀਂ। ਇਸ ਲਈ ਏਥੇ ਈ ਠੀਕ ਆ। ਫੇਲ੍ਹ ਹੋਏ ਮੁੰਡਿਆਂ ਵਿਚੋਂ ਕਈ ਤਾਂ ਸਕੂਲ ਛੱਡ ਗਏ ਸਨ ਅਤੇ ਕੁਝ ਦੋਬਾਰਾ ਦਾਖਲ ਹੋ ਗਏ ਸਨ। ਨਹੀਆਂਵਾਲਾ ਪਿੰਡ ਕੋਲੋਂ ਬਠਿੰਡੇ ਨੂੰ ਜਾਂਦੀ ਰੇਲਵੇ ਲਾਈਨ ਦੇ ਦੂਜੇ ਪਾਸੇ ਹੋਸਟਲ ਦੇ ਬਾਹਰ ਇਕ ਛੱਪੜ ਸੀ ਜਿਸ ਦੇ ਕੰਢੇ ਤੇ ਇਕ ਬਹੁਤ ਵੱਡਾ ਬੋਹੜ ਦਾ ਰੁੱਖ ਸੀ। ਮੈਂ ਅਕਸਰ ਸ਼ਾਮ ਨੂੰ ਇਸ ਬੋਹੜ ਉਤੇ ਚੜ੍ਹ ਕੇ ਟਾਹਣਿਆਂ ਦੇ ਵਿਚਕਾਰ ਬਣੇ ਇਕ ਥਾਂ ਤੇ ਬੈਠ ਜਾਂਦਾ ਤੇ ਪੜ੍ਹਦਾ ਰਹਿੰਦਾ। ਕਈ ਵਾਰ ਹੋਸਟਲ ਦੇ ਨਾਲ ਰਹਿੰਦੇ ਮੁੰਡਿਆਂ ਨੂੰ ਪਤਾ ਵੀ ਨਾ ਲਗਦਾ ਕਿ ਮੈਂ ਕਿੱਥੇ ਚਲਾ ਜਾਂਦਾ ਸਾਂ।
-----
ਜਦੋਂ ਕੋਟਕਪੂਰੇ ਮਾਰਚ ਵਿਚ ਇਮਤਿਹਾਨ ਦੇਣ ਦਾ ਸੈਂਟਰ ਬਣਿਆ ਸੀ ਤਾਂ ਓਥੋਂ ਦਾ ਇਕ ਬੜਾ ਖ਼ੂਬਸੂਰਤ ਮੁੰਡਾ ਬਲਦੇਵ ਜੋ ਬੜੇ ਕੀਮਤੀ ਤੇ ਖ਼ੂਬਸੂਰਤ ਕਪੜੇ ਪਹਿਨਦਾ ਸੀ, ਮੇਰਾ ਦੋਸਤ ਬਣ ਗਿਆ। ਅਮੀਰ ਹੋਣ ਕਰ ਕੇ ਉਹ ਕਈ ਵਾਰ ਮੈਨੂੰ ਜਾਂ ਮੇਰੇ ਨਾਲ ਦਿਆਂ ਨੂੰ ਚਾਹ ਨਾਲ ਪੇਸਟਰੀ ਜਾਂ ਕੇਕ ਲੈ ਕੇ ਖਵਾ ਦੇਂਦਾ। ਇਹ ਸਾਨੂੰ ਬੜੇ ਸਵਾਦ ਲਗਦੇ ਤੇ ਬਲਦੇਵ ਸਾਨੂੰ ਆਪਣੇ ਨਾਲੋਂ ਬੜਾ ਵੱਡਾ ਵੱਡਾ ਲਗਦਾ ਤੇ ਅਸੀਂ ਉਹਦਾ ਰੁਅਬ ਜਿਹਾ ਵੀ ਮੰਨਦੇ। ਇਕ ਵਾਰ ਓਸ ਕਿਹਾ ਕਿ ਮੈਂ ਐਕਟਰ ਬਣਨ ਲਈ ਬੰਬਈ ਵੀ ਜਾ ਆਇਆ ਹਾਂ ਅਤੇ ਬੰਬਈ ਤੋਂ ਸੱਪ ਦੀ ਖੱਲ ਦੇ ਬੂਟ ਲੈ ਕੇ ਆਇਆ ਹਾਂ। ਅਸੀਂ ਉਹਦਾ ਸੱਚ ਮੰਨ ਲੈਂਦੇ ਅਤੇ ਓਸ ਨੂੰ ਕਿਸੇ ਦਿਨ ਸੱਪ ਦੀ ਖੱਲ ਦੇ ਬਣੇ ਹੋਏ ਬੂਟ ਪਾ ਕੇ ਆਉਣ ਲਈ ਕਹਿੰਦੇ। ਕਈ ਵਾਰ ਓਸ ਨਾਲ ਬਠਿੰਡੇ ਸਟੇਸ਼ਨ ਤੇ ਤੁਰੇ ਫਿਰਦਿਆਂ ਮੇਲ ਹੋ ਜਾਂਦਾ। ਹਰ ਵਾਰ ਉਸਦੇ ਕੱਪੜੇ ਵਧੀਆ ਪਾਏ ਹੁੰਦੇ। ਉਹਦੀ ਜੇਬ ਵਿਚ ਪੈਸੇ ਵੀ ਹੁੰਦੇ ਅਤੇ ਉਹ ਸਾਨੂੰ ਸਟੇਸ਼ਨ ਤੇ ਚਾਹ ਵੇਚਣ ਵੇਚਣ ਵਾਲਿਆਂ ਚਾਹ ਖਰੀਦ ਕੇ ਜ਼ਰੂਰ ਪਿਆਉਂਦਾ ਤੇ ਚਾਹ ਨਾਲ ਕੁਝ ਨਾ ਕੁਝ ਖਾਣ ਲਈ ਵੀ ਜ਼ਰੂਰ ਲੈਂਦਾ। ਕਰੀਮ ਰੋਲ ਮੈਂ ਜ਼ਿੰਦਗੀ ਵਿਚ ਪਹਿਲੀ ਵਾਰ ਬਠਿੰਡੇ ਦੇ ਰੇਲਵੇ ਸਟੇਸ਼ਨ ‘ਤੇ ਹੀ ਖਾਧੇ। ਉਹ ਕਦੀ ਟਿਕਟ ਨਹੀਂ ਲੈਂਦਾ ਸੀ ਅਤੇ ਕਹਿੰਦਾ ਕਿ ਰੇਲਵੇ ਵਾਲੇ ਬਹੁਤੇ ਉਹਨੂੰ ਜਾਣਦੇ ਸਨ। ਪਤਾ ਨਹੀਂ ਉਹ ਘਰੋਂ ਕਿੰਨਾ ਕੁ ਅਮੀਰ ਸੀ ਪਰ ਬਹੁਤ ਪਿਛੋਂ ਜਦੋਂ ਮੈਂ ਆਰ ਐਸ ਡੀ ਕਾਲਜ ਫਿਰੋਜ਼ਪੁਰ ਦਾਖਲ ਹੋ ਗਿਆ ਸਾਂ ਤਾਂ ਕੋਟਕਪੂਰੇ ਜਾ ਕੇ ਉਹਨੂੰ ਲੱਭ ਲਿਆ ਤਾਂ ਉਹ ਆਪਣੇ ਪਿਓ ਦੀ ਟਰੰਕਾਂ ਦੀ ਦੁਕਾਨ ਤੇ ਬੈਠਾ ਸੀ ਤੇ ਪੜ੍ਹਾਈ ਛਡ ਗਿਆ ਸੀ। ਮੈਂ ਉਹਨੂੰ ਆਪਣਾ ਕਾਲਜ ਦਾ ਅਤਾ-ਪਤਾ ਲਿਖਾ ਦਿਤਾ ਤੇ ਉਹ ਕਦੀ ਕਦੀ ਮੈਨੂੰ ਮਿਲਣ ਲਈ ਆ ਜਾਂਦਾ ਤੇ ਫਿਰ ਹੋਰ ਕੁਝ ਸਾਲਾਂ ਪਿੱਛੋਂ ਪਤਾ ਲੱਗਾ ਕਿ ਉਹ ਇਸ ਦੁਨੀਆ ਵਿਚ ਨਹੀਂ ਰਿਹਾ ਸੀ। ਮੈਂ ਸੋਚਿਆ ਉਸ ਦੇ ਬਗੈਰ ਕੋਟਕਪੂਰੇ ਵਿਚ ਹੁਣ ਮੇਰਾ ਕੌਣ ਸੀ। ਵੈਸੇ ਵੀ ਮੈਂ ਕੋਟ ਕਪੂਰੇ ਨੂੰ ਪਸੰਦ ਨਹੀਂ ਕਰਦਾ ਸਾਂ ਜਿਥੇ ਸੈਂਟਰ ਬਣਨ ਨਾਲ ਮੇਰੀ ਪੜ੍ਹਾਈ ਵਿਚ ਵਿਘਨ ਪਿਆ ਤੇ ਸ਼ੇਖ਼ ਚਿਲੀ ਵਾਲੇ ਸੁਫ਼ਨੇ ਲੈਣ ਵਾਲਾ ਮੈਂ ਦਸਵੀਂ ਵਿਚੋਂ ਹੀ ਫੇ੍ਹ ਹੋ ਗਿਆ ਸਾਂ। ਮੈਨੂੰ ਕਲਾਸ ਵਿਚ ਪੜ੍ਹਦਿਆਂ ਪੜ੍ਹਦਿਆਂ ਦਿਮਾਗ਼ੀ ਤੌਰ ਤੇ ਗ਼ੈਰ ਹਾਜ਼ਰ ਹੋਣ ਦੀ ਆਦਤ ਪੈ ਗਈ ਸੀ। ਟੀਚਰ ਜੋ ਪੜ੍ਹਾ ਰਿਹਾ ਹੁੰਦਾ, ਮੈਂ ਘਟ ਸੁਣਦਾ ਅਤੇ ਖ਼ਿਆਲਾਂ ਦੇ ਘੋੜੇ ਦੁੜਾ ਕੇ ਕਿਧਰੇ ਹੋਰ ਪਹੁੰਚ ਜਾਂਦਾ। ਦਿਨੇ ਸੁਪਣੇ ਲੈਣ ਦੀ ਆਦਤ ਫਿਲਮਾਂ ਵੇਖ-ਵੇਖ ਅਤੇ ਨਾਵਲ ਪੜ੍ਹ-ਪੜ੍ਹ ਕੇ ਪੈ ਗਈ ਸੀ। ਪਤਾ ਨਹੀਂ ਇਹ ਆਦਤ ਚੰਗੀ ਜਾਂ ਮਾੜੀ ਪਰ ਇਹ ਮੇਰਾ ਨੁਕਸਾਨ ਕਰ ਰਹੀ ਸੀ।
-----
ਗਰਮੀਆਂ ਦੀ ਇਕ ਸ਼ਾਮ ਹਾਲੇ ਰਾਤ ਵਿਚ ਨਹੀਂ ਸੀ ਬਦਲੀ। ਮਾਂ ਗੁਰਦਵਾਰੇ ਚੋਂ ਰਹਿਰਾਸ ਦਾ ਪਾਠ ਸੁਣ ਕੇ ਅਤੇ ਮੱਥਾ ਟੇਕ ਕੇ ਮੁੜੀ ਹੀ ਸੀ ਕਿ ਨਾਲ ਦੇ ਘਰੋਂ ਮਹਿਕ ਤੇ ਉਹਦੀ ਮਾਂ ਨੂੰ ਚਾਨਣ ਸਿੰਘ ਵੱਲੋਂ ਕੁੱਟ ਮਾਰ ਅਤੇ ਗਾਲ੍ਹਾਂ ਦੀਆਂ ਆਵਾਜ਼ਾਂ ਸਾਡੇ ਪਾਸੇ ਸੁਣ ਰਹੀਆਂ ਸਨ। ਮਾਂ ਧੀ ਦੀਆਂ ਰੋਂਦੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਕਿ ਸਾਨੂੰ ਬਚਾਓ ਨਹੀਂ ਤਾਂ ਇਹ ਸਾਨੂੰ ਮਾਰ ਦੇਵੇਗਾ। ਕੁਝ ਚਿਰ ਤਾਂ ਮੈਂ ਬਾਪੂ ਤੇ ਮੇਰੀ ਮਾਂ ਰੋਣ ਪਿਟਣ, ਕੁੱਟ ਤੇ ਗਾਲ੍ਹਾਂ ਦੀਆਂ ਅਵਾਜ਼ਾਂ ਸੁਣਦੇ ਰਹੇ ਪਰ ਜਦ ਇਹ ਬੰਦ ਨਾ ਹੋਈਆਂ ਤਾਂ ਬਾਪੂ ਮੇਰੀ ਮਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਓਸ ਪਾਸੇ ਚਲਾ ਗਿਆ। ਚਾਨਣ ਸਿਹੁੰ ਨੇ ਸ਼ਰਾਬ ਪੀਤੀ ਹੋਈ ਸੀ। ਬਾਪੂ ਦੇ ਜਾਣ ਤੇ ਉਹ ਕੁੱਟਣੋਂ ਤਾਂ ਹਟ ਗਿਆ ਪਰ ਗਾਲ੍ਹਾਂ ਦੀਆਂ ਆਵਾਜ਼ਾਂ ਅਜੇ ਵੀ ਆ ਰਹੀਆਂ ਸਨ। ਬਾਪੂ ਨੇ ਚਾਨਣ ਸਿਹੁੰ ਨੂੰ ਸਮਝਾਇਆ ਕਿ ਇਹਨਾਂ ਗਰੀਬਣੀਆਂ ਨੂੰ ਕਿਉਂ ਕੁੱਟਦਾ ਏਂ ਤਾਂ ਅੱਗੋਂ ਕਹਿਣ ਲਗਾ ਤੈਨੂੰ ਨਹੀਂ ਪਤਾ ਜੱਥੇਦਾਰਾ ਇਹਨਾਂ ਨੇ ਬੜਾ ਗੰਦ ਪਾਇਆ ਹੋਇਆ ਹੈ। ਬਾਪੂ ਨੇ ਫਿਰ ਕਿਹਾ ਜਵਾਨ ਧੀ ਨੂੰ ਨਹੀਂ ਕੁੱਟੀਦਾ ਹੁੰਦਾ ਤਾਂ ਜਾ ਕੇ ਚੰਨਣ ਸਿਹੁੰ ਹਟਿਆ ਪਰ ਦੋਹਾਂ ਮਾਵਾਂ ਧੀਆਂ ਅਜੇ ਵੀ ਰੋ ਰਹੀਆਂ ਸਨ ਅਤੇ ਲੱਗਦਾ ਸੀ ਕਿ ਉਹਨਾਂ ਨੂੰ ਚੰਨਣ ਸਿਹੁੰ ਨੇ ਬਹੁਤ ਕੁੱਟਿਆ ਸੀ। ਅਗਲੇ ਦਿਨ ਨਮੋਸ਼ੀ ਦੀਆਂ ਮਾਰੀਆਂ ਮਾਵਾਂ ਧੀਆਂ ਬਾਹਰ ਨਹੀਂ ਨਿਕਲ ਰਹੀਆਂ ਸਨ ਤੇ ਮੈਂ ਵੇਖਿਆ ਕਿ ਮਹਿਕ ਦੇ ਖ਼ੂਬਸੂਰਤ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਸਨ। ਮੇਰੀ ਮਾਂ ਨੇ ਮੈਨੂੰ ਮਹਿਕ ਦੇ ਘਰ ਵੱਲ ਝਾਤੀ ਮਾਰਨ ਤੋਂ ਹਟਕ ਦਿੱਤਾ ਸੀ ਤੇ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਲਈ ਕਹਿੰਦੀ ਰਹਿੰਦੀ। ਜਿਸ ਦਿਨ ਵੀ ਚੰਨਣ ਸਿਹੁੰ ਸ਼ਰਾਬ ਪੀ ਕੇ ਆਉਂਦਾ, ਮਾਵਾਂ ਧੀਆਂ ਦਾ ਕੁਟਾਪਾ ਜ਼ਰੂਰ ਕਰਦਾ। ਹੁਣ ਬਾਪੂ ਦੇ ਸਮਝਾਉਣ ਤੇ ਵੀ ਨਹੀਂ ਸਮਝਦਾ ਸੀ। ਮਹਿਕ ਹੁਣ ਬਹੁਤਾ ਅੰਦਰ ਈ ਵੜੀ ਰਹਿੰਦੀ ਤੇ ਚੁੱਪ-ਚਾਪ ਰਹਿੰਦੀ। ਜੇ ਕਿਤੇ ਟਾਕਰਾ ਹੋ ਵੀ ਜਾਂਦਾ ਤਾਂ ਪਾਸਾ ਵੱਟ ਕੇ ਲੰਘ ਜਾਂਦੀ ਜਿਵੇਂ ਇਕ ਦੂਜੇ ਨੂੰ ਕਦੇ ਵੇਖਿਆ ਵੀ ਨਾ ਹੋਵੇ ਤੇ ਜਾਣਦੇ ਵੀ ਨਾ ਹੋਈਏ। ਮਾਵਾਂ-ਧੀਆਂ ਨੂੰ ਪੈਂਦੀ ਕੁੱਟ ਦਾ ਪਤਾ ਸਾਰੇ ਪਿੰਡ ਵਿਚ ਲੱਗ ਗਿਆ ਸੀ। ਇਕ ਦਿਨ ਮਹਿਕ ਦੀ ਇਕ ਸਹੇਲੀ ਸੰਤੋ ਮੈਨੂੰ ਅਮਰ ਨਾਥ ਸਿੰਗਲਾ ਦੇ ਬਾਗ਼ ਲਾਗੇ ਮਿਲ ਗਈ ਤੇ ਇਕ ਪਾਸੇ ਕਰ ਕੇ ਕਹਿਣ ਲਗੀ ਕਿ ਮਹਿਕ ਸੁਨੇਹਾ ਦਿੰਦੀ ਸੀ ਕਿ ਮੈਂ ਉਹਨੂੰ ਕਿਤੇ ਲੈ ਜਾਵਾਂ ਕਿਉਂਕਿ ਉਹਦਾ ਪਿਓ ਡੱਬਵਾਲੀ ਮੰਡੀ ਤੋਂ ਪਰ੍ਹਾਂ ਪੈਂਦੇ ਕਿਸੇ ਪਿੰਡ ਦੇ ਅਧਖੜ੍ਹ-ਅਨਪੜ੍ਹ ਜੱਟ ਨਾਲ ਉਹਦਾ ਮੰਗਣਾ ਕਰਨ ਵਾਲਾ ਹੈ ਤੇ ਅਗਲੇ ਸਾਲ ਹਾੜ ਵਿਚ ਉਹਦਾ ਵਿਆਹ ਕਰ ਕੇ ਨਵੀਂ ਅਲਾਟ ਹੋਈ ਜ਼ਮੀਨ ਤੇ ਚਲਾ ਜਾਵੇਗਾ। ਮੈਂ ਉਹਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਮੇਰੇ ਕੋਲ ਇਸ ਦਾ ਜਵਾਬ ਵੀ ਕੋਈ ਨਹੀਂ ਸੀ। ਮੈਂ ਤਾਂ ਹੁਣ ਦਿਨ ਰਾਤ ਮਿਹਨਤ ਕਰ ਰਿਹਾ ਸਾਂ ਕਿ ਦੋਬਾਰਾ ਦਸਵੀਂ ਜਮਾਤ ਦਾ ਇਮਤਿਹਾਨ ਦੇਵਾਂ ਤੇ ਪਾਸ ਹੋ ਕੇ ਅਗਲੇਰੀ ਵਿਦਿਆ ਲਈ ਕਾਲਜ ਵਿਚ ਦਾਖਲ ਹੋ ਜਾਵਾਂ।
-----
ਤੀਆਂ ਦੇ ਦਿਨ ਹੋਣ ਕਰ ਕੇ ਵਿਆਹੀਆਂ ਮੁਟਿਆਰਾਂ ਪੇਕੀਂ ਆਈਆਂ ਹੋਈਆਂ ਸਨ। ਛੱਪੜ ਤੇ ਖੂਹ ਲਾਗਲੇ ਰੁੱਖਾਂ ਤੇ ਕੁੜੀਆਂ ਪੀਂਘਾਂ ਝੂਟਦੀਆਂ, ਗੀਤ ਗਾਉਂਦੀਆਂ, ਗਿੱਧਾ ਪਾਉਂਦੀਆਂ ਤੇ ਨੱਚਦੀਆਂ। ਘਰਾਂ ਚੋਂ ਪੂੜੇ ਪੱਕਣ ਦੀਆਂ ਖ਼ੁਸ਼ਬੂਆਂ ਆਉਂਦੀਆਂ। ਮੁੰਡੇ ਵੀ ਕੁੜੀਆਂ ਤੋਂ ਥੋੜ੍ਹਾ ਪਾਸੇ ਹੋ ਕੇ ਕੌਡੀ ਖੇਡਦੇ ਤੇ ਘੁਲ਼ਦੇ। ਭਾਵੇਂ ਮੇਰੀ ਉਮਰ ਪੀਂਘਾਂ ਝੂਟਣ ਤੇ ਹੱਸਣ ਖੇਡਣ ਦੀ ਸੀ ਪਰ ਮੈਂ ਆਪਣਾ ਜ਼ਿਆਦਾ ਧਿਆਨ ਪੜ੍ਹਾਈ ਵੱਲ ਰੱਖਦਾ ਸਾਂ। ਮਹਿਕ ਦੀਆਂ ਸਹੇਲੀਆਂ ਵੀ ਉਹਨੂੰ ਮਜਬੂਰ ਕਰ ਕੇ ਤੀਆਂ ਵਿਚ ਲੈ ਜਾਂਦੀਆਂ ਪਰ ਦਿਸਦਾ ਸੀ ਕਿ ਜੋ ਕੁਝ ਉਹਦੇ ਘਰ ਵਿਚ ਹੁੰਦਾ ਸੀ, ਓਸ ਤੋਂ ਉਹ ਵੀ ਤੀਆਂ ਵਿਚ ਆ ਕੇ ਬਹੁਤੀ ਖ਼ੁਸ਼ ਨਹੀਂ ਸੀ। ਤੀਆਂ ਲੱਗੀਆਂ ਹੁੰਦੀਆਂ ਤੇ ਮੈਂ ਓਥੋਂ ਰਿਹਾ ਹੁੰਦਾ ਤਾਂ ਹੁਣ ਮਹਿਕ ਮੇਰੇ ਵੱਲ ਵਿੰਹਦੀ ਨਹੀਂ ਸੀ। ਕੁੜੀਆਂ ਮੈਨੂੰ ਤੁਰੇ ਜਾਂਦੇ ਨੂੰ ਵੇਖ ਕੇ ਇਸ਼ਾਰਾ ਵੀ ਕਰਦੀਆਂ ਸਨ ਪਰ ਉਹ ਮੁੱਖ ਮੋੜ ਲੈਂਦੀ ਸੀ। ਇਹ ਦਿਨ ਖ਼ਤਮ ਹੋ ਗਏ ਤੇ ਗਰਮੀਆਂ ਦੀਆਂ ਛੁੱਟੀਆਂ ਵੀ ਖ਼ਤਮ ਹੋ ਗਈਆਂ। ਮੈਂ ਸਕੂਲ ਨੂੰ ਤੁਰ ਗਿਆ ਤੇ ਬਾਪੂ ਜਿਸ ਨੇ ਹੁਣ ਬਾਜ਼ਾਰ ਲਾਉਣਾ ਛੱਡ ਦਿਤਾ ਸੀ, ਨਵੀਂ ਅਲਾਟ ਹੋਈ ਜ਼ਮੀਨ ਵਾਲੇ ਪਿੰਡ ਨੂੰ ਚਲਾ ਗਿਆ। ਮਾਂ ਅਜੇ ਬਾਜ਼ਾਰ ਲਾਉਣ ਦਾ ਕੰਮ ਛੱਡਣ ਦੇ ਹੱਕ ਵਿਚ ਨਹੀਂ ਸੀ ਕਿਓਂਕਿ ਨਕਦ ਪੈਸੇ ਘਰ ਆ ਜਾਂਦੇ ਸਨ। ਜਦੋਂ ਵੀ ਉਹ ਜਾਂਦਾ ਤਾਂ ਜਿੰਨਾ ਕੁ ਘਰ ਦਾ ਸਾਮਾਨ ਨਾਲ ਲਿਜਾ ਹੁੰਦਾ, ਲੈ ਜਾਂਦਾ।
-----
ਮੈਨੂੰ ਵੀ ਬਾਪੂ ਨੇ ਕਿਹਾ ਕਿ ਸਤੰਬਰ ਦੇ ਅਖੀਰ ਵਿਚ ਮੈਂ ਵੀ ਨਵੀਂ ਅਲਾਟ ਹੋਈ ਜ਼ਮੀਨ ਤੇ ਆਵਾਂ ਕਿਉਂਕਿ ਝੋਨਾ ਪੱਕ ਕੇ ਝਾੜਿਆ ਜਾਣਾ ਸੀ। ਝੋਨੇ ਦਾ ਝਾੜ ਵੀ ਇਸ ਵਾਰ ਬਹੁਤ ਸੀ। ਮੰਡੀ ਝੋਨਾ ਵੇਚ ਕੇ ਬਾਪੂ ਕੋਲ ਵਾਹਵਾ ਪੈਸੇ ਹੋ ਜਾਣੇ ਸਨ। ਬਾਪੂ ਦੱਸਣ ਲੱਗਾ ਕਿ ਪਿੰਡ ਗੁਦੜਢੰਡੀ ਕਿਵੇਂ ਪੁੱਜਣਾ ਹੈ। ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਫਾਲਿਜ਼ਕਾ ਵਾਲੀ ਗਡੀ ਫੜ ਕੇ ਝੋਕ ਟਹਿਲ ਸਿੰਘ ਸਟੇਸ਼ਨ ਤੋਂ ਪੰਜ ਛੇ ਕੋਹ ਤੁਰ ਕੇ ਗੁਦੜਢੰਡੀ ਆ ਜਾਈਦਾ ਹੈ। ਸਾਰੇ ਰਾਹ ਵਿਚ ਕੋਈ ਪਿੰਡ ਨਹੀਂ ਆਉਂਦਾ ਤੇ ਸਾਰਾ ਰਾਹ ਡਾਂਡਾ ਮੀਂਡਾ ਹੀ ਹੈ। ਜੇ ਝੋਕ ਟਹਿਲ ਸਿੰਘ ਨਹੀਂ ਉਤਰਣਾ ਤਾਂ ਮੰਡੀ ਗੁਰੂ ਹਰ ਸਹਾਏ ਤੋਂ ਉਤਰ ਕੇ ਵੀ ਆ ਜਾਈਦਾ ਹੈ। ਇਥੋਂ ਪੈਂਡਾ ਥੋੜ੍ਹਾ ਦੂਰ ਪੈਂਦਾ ਹੈ। ਰਾਤ ਪੈ ਜੇ ਤਾਂ ਆੜ੍ਹਤੀਆਂ ਦੀ ਦੁਕਾਨ ਤੇ ਰਾਤ ਕੱਟ ਕੇ ਸਵੇਰੇ ਤੁਰ ਕੇ ਗੁਦੜਢੰਡੀ ਆ ਜਾਵੀਂ। ਪਿੰਡੋਂ ਬੇਰੀਆਂ ਵਾਲਾ ਖੂਹ ਪੁੱਛ ਕੇ ਆ ਜਾਈਂ। ਖੇਮ ਸਿੰਘ ਲੰਬਰਦਾਰ ਦਾ ਟੱਬਰ ਜੀਹਦਾ ਮੁੰਡਾ ਨਿਰੰਜਨ ਨਵੇਂ ਪਿੰਡ ਤੈਥੋਂ ਦੋ ਸਾਲ ਅੱਗੇ ਪੜ੍ਹਦਾ ਹੁੰਦਾ ਸੀ। ਉਹਨਾਂ ਨੂੰ ਵੀ ਜ਼ਮੀਨ ਏਸੇ ਪਿੰਡ ਅਲਾਟ ਹੋਈ ਆ ਤੇ ਉਹਨਾਂ ਦੀ ਰਿਹਾਇਸ਼ ਪਿੰਡ ਵਿਚ ਈ ਆ। ਜੇ ਹਨੇਰਾ ਹੋ ਜਾਵੇ ਤਾਂ ਉਹਨਾਂ ਦੇ ਘਰ ਚਲਾ ਜਾਈਂ। ਬਾਪੂ ਨੇ ਇਹ ਵੀ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਦੇ ਬਾਹਰ ਇਕ ਆਹਾਤੇ ਵਿਚੋਂ ਇਕ ਬੱਸ ਵੀ ਫਿਰੋਜ਼ਪੁਰ ਨੂੰ ਚਲਦੀ ਹੈ। ਖਾਈ ਫੇਮੇ ਕੀ ਤਕ ਸੜਕ ਪੱਕੀ ਹੈ ਅਤੇ ਅੱਗੇ ਸਾਰੀ ਕੱਚੀ। ਕੱਚੇ ਰਾਹ ਵਿਚ ਮਿੱਟੀ ਘੱਟਾ ਬਹੁਤ ਹੈ। ਬੱਸ ਦਿਨ ਵਿਚ ਇਕ ਵਾਰ ਹੀ ਚਲਦੀ ਹੈ ਤੇ ਇਹਨੂੰ ਲਾਂਬਿਆਂ ਦੀ ਬੱਸ ਵੀ ਕਹਿੰਦੇ ਹਨ। ਇਹਦਾ ਭਰੋਸਾ ਵੀ ਕੋਈ ਨਹੀਂ। ਕਈ ਵਾਰ ਕਈ ਕਈ ਦਿਨ ਚਲਦੀ ਹੀ ਨਹੀਂ ਹੈ। ਪਤਾ ਕਰ ਲਈਂ।
-----
ਚਲੋ ਪਿਛਲੇ ਪਿੰਡਾਂ ਦਾ ਕੋਈ ਵਾਕਿਫ਼ ਤਾਂ ਗੁਦੜਢੰਡੀ ਪਿੰਡ ਵਿਚ ਆ ਕੇ ਆਬਾਦ ਹੋਇਆ ਹੈ। ਨਿਰੰਜਨ ਜੀਹਦਾ ਛੋਟਾ ਨਾਂ ਨੰਜੀ ਸੀ, ਕੱਦ ਦਾ ਲੰਮਾ ਸੀ ਤੇ ਵਾਲੀਬਾਲ ਦਾ ਬਹੁਤ ਵਧੀਆ ਖਿਡਾਰੀ ਸੀ। ਨੇਂ ਪਿੰਡ ਵਾਲੇ ਸਕੂਲ ਵਿਚ ਉਹਦਾ ਬੜਾ ਨਾਂ ਸੀ। ਮੇਰੇ ਦਿਲ ਵਿਚ ਇਸ ਅਗਲੇ ਪਿੰਡ ਨੂੰ ਵੇਖਣ ਦੀ ਬੜੀ ਰੀਝ ਸੀ। ਸਤੰਬਰ ਮਹੀਨੇ ਦਾ ਅੰਤ ਆਇਆ ਤਾਂ ਮੈਂ ਬੜੀ ਰੀਝ ਨਾਲ ਗੋਨਿਆਣਾ ਮੰਡੀ ਦੇ ਸਟੇਸ਼ਨ ਤੋਂ ਫਿਰੋਜ਼ਪੁਰ ਜਾਂਦੀ ਗੱਡੀ ‘ਤੇ ਚੜ੍ਹ ਗਿਆ। ਹਾਲੇ ਰਾਤਾਂ ਠੰਢੀਆਂ ਹੋਣੀਆਂ ਸ਼ੁਰੂ ਨਹੀਂ ਸੀ ਹੋਈਆਂ। ਸ਼ਾਮ ਪੈਣ ਵਾਲੀ ਜਦੋਂ ਇਹ ਗੱਡੀ ਫਿਰੋਜ਼ਪੁਰ ਸਟੇਸ਼ਨ ਤੇ ਪਹੁੰਚ ਗਈ। ਏਥੋਂ ਜੇ ਮੈਂ ਫਾਜ਼ਿਲਕਾ ਵਾਲੀ ਗੱਡੀ ਫੜਦਾ ਸਾਂ ਤਾਂ ਉਹਨੇ ਰਾਤ ਨੂੰ ਮੰਡੀ ਗੁਰੂ ਹਰ ਸਹਾਏ ਪਹੁੰਚਣਾ ਸੀ ਤੇ ਆੜ੍ਹਤੀਆਂ ਦੀ ਦੁਕਾਨ ਓਸ ਵੇਲੇ ਬੰਦ ਵੀ ਹੋ ਸਕਦੀ ਸੀ। ਝੋਕ ਟਹਿਲ ਸਿੰਘ ਉਤਰਣ ਦੀ ਵੀ ਕੋਈ ਤੁਕ ਨਹੀਂ ਸੀ। ਰਾਤ ਓਭੜ ਸਟੇਸ਼ਨ ਤੇ ਕਿਵੇਂ ਰਿਹਾ ਜਾ ਸਕਦਾ ਸੀ। ਮੈਂ ਸੋਚਿਆ ਕਿ ਜਿਥੋਂ ਗੱਡੀ ਦੀਆਂ ਟਿਕਟਾਂ ਮਿਲਦੀਆਂ ਹਨ, ਓਥੇ ਬਣੇ ਰਾਤ ਵੇਟਿੰਗ ਰੂਮ ਤੇ ਕਿਸੇ ਬੈਂਚ ਤੇ ਲੇਟ ਕੇ ਰਾਤ ਲੰਘਾ ਲਈ ਜਾਵੇ ਅਤੇ ਸਵੇਰੇ ਫਾਜ਼ਿਲਕਾ ਜਾਣ ਵਾਲੀ ਗੱਡੀ ਫੜਨੀ ਠੀਕ ਰਹੇਗੀ। ਪਰ ਸਾਰੀ ਰਾਤ ਬੈਂਚ ਤੇ ਕੱਟਣੀ ਕੁਝ ਵੀ ਔਖੀ ਸੀ। ਸਤਿਆਂ ਕੋਈ ਜੇਬ ਕਤਰ ਲਵੇ ਜਾਂ ਝੋਲਾ ਲੈ ਕੇ ਭੱਜ ਜਾਵੇ ਤਾਂ ਕੀ ਬਣੇਗਾ। ਫਿਰੋਜ਼ਪੁਰ ਵਿਚ ਕਿਸੇ ਗੁਰਦਵਾਰੇ ਦਾ ਵੀ ਪਤਾ ਨਹੀਂ ਸੀ। ਓਪਰੀ ਥਾਂ ਕਰ ਕੇ ਡਰ ਵੀ ਲਗਦਾ ਸੀ। ਭਾਵੇਂ ਮੈਨੂੰ ਦੋ ਮਹੀਨਿਆਂ ਤਕ ਸੋਲ੍ਹਵਾਂ ਸਾਲ ਚੜ੍ਹਨ ਵਾਲਾ ਸੀ ਪਰ ਤਾਂ ਵੀ ਮੈਂ ਅਜੇ ਨਿਆਣਾ ਈ ਸਾਂ। ਕੁਝ ਚਿਰ ਮੈਂ ਆਪਣਾ ਝੋਲ਼ਾ ਸਿਰ ਹੇਠ ਰੱਖ ਕੇ ਲੇਟਿਆ ਵੀ ਪਰ ਨੀਂਦ ਕਿਥੇ ਆ ਰਹੀ ਸੀ।
-----
ਬਾਹਰ ਸੜਕ ਤੇ ਅਮਰ ਟਾਕੀ ਸਿਨਮੇ ਵਿਚ ਚੱਲ ਰਹੀ ਪੰਜਾਬੀ ਫਿਲਮ ਭਾਈਆ ਜੀ ਦਾ ਇਸ਼ਤਿਹਾਰ ਲਗਾ ਹੋਇਆ ਸੀ। ਮੈਂ ਸੋਚਿਆ ਕਿ ਰਾਤ ਵਾਲਾ ਸ਼ੋਅ ਵੇਖ ਕੇ ਫਿਰ ਸਟੇਸ਼ਨ ‘ਤੇ ਆ ਜਾਵਾਂਗਾ ਤੇ ਸਵੇਰ ਵਾਲੀ ਗੱਡੀ ਫੜ ਕੇ ਝੋਕ ਟਹਿਲ ਸਿੰਘ ਚਲਾ ਜਾਵਾਂਗਾ ਤੇ ਅੱਗੋਂ ਤੁਰ ਕੇ ਪਿੰਡ। ਕਿਸੇ ਤੋਂ ਮੈਂ ਅਮਰ ਟਾਕੀ ਦਾ ਰਾਹ ਪੁੱਛਿਆ ਤੇ ਪੈਦਲ ਚੱਲ ਪਿਆ। ਡੀ ਸੀ ਜੈਨ ਕਾਲਜ ਕੋਲੋਂ ਲੰਘ ਤੇ ਅੱਗੋਂ ਐਲ ਐਮ ਐੱਲ ਸਕੂਲ ਨੂੰ ਮੁੜ ਕੇ ਤੇ ਓਸ ਤੋਂ ਅੱਗੇ ਮੋਗੇ ਵੱਲ ਨੂੰ ਜਾਂਦੀ ਵੱਡੀ ਸੜਕੇ ਕੁਝ ਚਿਰ ਤੁਰ ਕੇ ਫਿਰ ਸੱਜੇ ਮੁੜ ਕੇ ਅਮਰ ਟਾਕੀ ਅੱਗੇ ਪਹੁੰਚ ਗਿਆ। ਤੁਰਦਿਆਂ ਕੁਝ ਵਾਰ ਅਮਰ ਟਾਕੀ ਪਹੁੰਚਣ ਦਾ ਰਾਹ ਪੁੱਛਣਾ ਪਿਆ ਸੀ। ਭੁੱਖ ਲੱਗੀ ਹੋਣ ਕਰ ਕੇ ਟਾਕੀ ਅਗਿਓਂ ਲੰਘਦੀ ਸੜਕ ਦੇ ਦੂਜੇ ਪਾਸੇ ਇਕ ਦੁਕਾਨ ਤੋਂ ਪੂਰੀਆਂ ਛੋਲੇ ਖਾ ਲਏ ਅਤੇ ਜਦੋਂ ਟਾਕੀ ਦੀਆਂ ਟਿਕਟਾਂ ਖੁੱਲ੍ਹੀਆਂ ਤਾਂ ਥਰਡ ਕਲਾਸ ਦੀ ਟਿਕਟ ਲੈ ਕੇ ਰਾਤ ਦਾ ਸ਼ੋਅ ਵੇਖਿਆ। ਮੇਰੇ ਨਾਲ ਬੈਠੇ ਸ਼ਹਿਰ ਦੇ ਤਿੰਨ ਚਾਰ ਹੋਰ ਲਾਲਿਆਂ ਦੇ ਮੁੰਡੇ ਵੀ ਇਹ ਪਿਕਚਰ ਵੇਖਣ ਆਏ ਸਨ ਜੋ ਮੇਰੇ ਵਾਕਿਫ਼ ਬਣ ਗਏ। ਜਦੋਂ ਮੈਂ ਦੱਸਿਆ ਕਿ ਸਾਨੂੰ ਗੁਦੜਢੰਡੀ ਪਿੰਡ ਵਿਚ ਜ਼ਮੀਨ ਅਲਾਟ ਹੋਈ ਆ ਤਾਂ ਉਹ ਕਹਿਣ ਲਗੇ ਕਿ ਤੂੰ ਰਾਤ ਲੂਣ ਮੰਡੀ ਵਿਚ ਸਾਡੀ ਆੜ੍ਹਤ ਦੀ ਦੁਕਾਨ ਵਿਚ ਕੱਟ ਕੇ ਸਵੇਰੇ ਸਬਜ਼ੀ ਮੰਡੀ ਦੇ ਬਾਹਰੋਂ ਚੱਲਣ ਵਾਲੀ ਬੱਸ ਫੜ ਕੇ ਚਲਾ ਜਾਈਂ। ਫਿਲਮ ਵੇਖ ਕੇ ਅਸੀਂ ਸਾਰੇ ਤੁਰ ਕੇ ਰਾਤ ਦੇ ਹਨੇਰੇ ਵਿਚ ਬਸਤੀ ਟੈਂਕਾਂ ਵਾਲੀ ਤੇ ਰੇਲਵੇ ਦਾ ਫਾਟਕ ਟੱਪ ਕੇ ਸੈਂਟਰਲ ਜੇਲ੍ਹ ਫਿਰੋਜ਼ਪੁਰ ਦੇ ਪਿਛੇ ਪੈਂਦੀ ਸੜਕ ਜੋ ਕੋੜ੍ਹੀਆਂ ਦੀ ਬਸਤੀ ਵਿਚੋਂ ਲੰਘਦੀ ਸੀ, ਵਿਚੋਂ ਹੁੰਦੇ ਹੋਏ ਆਖ਼ਰ ਕਾਫੀ ਰਾਤ ਗਈ ਲੂਣ ਮੰਡੀ ਵਿਚ ਆ ਗਏ ਜਿਥੇ ਉਹਨਾਂ ਨੇ ਆਪਣੀ ਦੁਕਾਨ ਖੁਲ੍ਹਵਾ ਕੇ ਮੈਨੂੰ ਅੰਦਰ ਸੌਣ ਲਈ ਥਾਂ ਦੇ ਦਿਤੀ ਤੇ ਨਾਲ ਇਹ ਵੀ ਕਿਹਾ ਕਿ ਆਪਣੀ ਫ਼ਸਲ ਸਾਡੀ ਆੜ੍ਹਤ ‘ਤੇ ਲਿਆਇਆ ਕਰਨੀ। ਅੰਦਰ ਗਰਮੀ ਸੀ ਪਰ ਥੋੜ੍ਹੀ ਸਪੀਡ ਤੇ ਪੱਖਾ ਚੱਲ ਰਿਹਾ ਸੀ। ਥੱਕੇ ਹੋਣ ਕਰ ਕੇ ਮੈਨੂੰ ਛੇਤੀ ਹੀ ਨੀਂਦ ਆ ਗਈ। ਸਵੇਰੇ ਉਠੇ ਤਾਂ ਰਾਤ ਨੂੰ ਆੜ੍ਹਤ ਦੀ ਦੁਕਾਨ ਦਾ ਬੂਹਾ ਖੋਲ੍ਹਣ ਵਾਲੇ ਨੇ ਚਾਹ ਮੰਗਵਾ ਕੇ ਪਿਆਈ ਤੇ ਕਸੂਰੀ ਗੇਟ ਦੇ ਬਾਹਰ ਜਿਥੋਂ ਫਾਜ਼ਿਲਕਾ ਨੂੰ ਬੱਸ ਚਲਦੀ ਸੀ, ਉਥੇ ਕਿਵੇਂ ਪਹੁੰਚਣਾ ਹੈ, ਸਮਝਾ ਦਿੱਤਾ।
*********
ਲੜੀ ਜੋੜਨ ਲਈ ਕਿਸ਼ਤ 16 – ਹੇਠਲੀ ਪੋਸਟ ਵੇਖੋ ਜੀ!
No comments:
Post a Comment