ਸਵੈ-ਜੀਵਨੀ - ਕਿਸ਼ਤ - 16
ਲੜੀ ਜੋੜਨ ਲਈ ਉੱਪਰਲੀ ਕਿਸ਼ਤ – 15 ਪੜ੍ਹੋ ਜੀ।
ਬਠਿੰਡੇ ਸ਼ਹਿਰ ਤੇ ਉਹਦਾ ਆਲਾ ਦਵਾਲਾ ਮੇਰਾ ਸਾਰਾ ਪੈਦਲ ਗਾਹਿਆ ਹੋਇਆ ਸੀ ਤੇ ਮੈਂ ਬਠਿੰਡੇ ਦੀਆਂ ਗਲ਼ੀਆਂ ਤੋਂ ਪੂਰੀ ਤਰ੍ਹਾਂ ਵਾਕਿਫ਼ ਸਾਂ। ਓਦੋਂ ਬਠਿੰਡਾ ਸ਼ਹਿਰ ਹੁੰਦਾ ਵੀ ਬਹੁਤ ਛੋਟਾ ਸੀ ਪਰ ਨਿਆਣੀ ਉਮਰ ਵਿਚ ਵੇਖੀ ਹਰ ਸ਼ੈਅ ਵੱਡੀ ਵੱਡੀ ਲੱਗਦੀ ਹੈ ਅਤੇ ਬੜੀ ਅਜੀਬ ਤੇ ਅਦਭੁੱਤ ਵੀ। ਵੈਸੇ ਵੀ ਮੇਰੀ ਆਦਤ ਜਾਂ ਸ਼ੌਕ ਸੀ ਕਿ ਮੈਂ ਹਰ ਚੀਜ਼ ਨੂੰ ਆਪਣੇ ਅੰਦਰ ਸਮੋਅ ਲੈਣਾ ਚਾਹੁੰਦਾ ਸਾਂ ਤੇ ਸ਼ਾਇਦ ਇਸ ਉਮਰੇ ਸਾਰੇ ਇਸ ਤਰ੍ਹਾਂ ਹੀ ਸੋਚਦੇ ਹਨ। ਕਈ ਵਾਰ ਉਹ ਕੁਝ ਕਰਨ ਨੂੰ ਵੀ ਦਿਲ ਕਰਦਾ ਜੋ ਸਮਾਜਿਕ, ਕਾਨੂੰਨੀ ਜਾਂ ਨੈਤਿਕ ਤੌਰ ਤੇ ਮਾੜਾ ਸਮਝਿਆ ਜਾਂਦਾ ਸੀ, ਜਿਵੇਂ ਇਕ ਵਾਰ ਬਠਿੰਡੇ ਰੇਲਵੇ ਸਟੇਸ਼ਨ ਤੇ ਮੈਂ ਜ਼ਨਾਨਾ ਟੱਟੀਆਂ ਵਿਚ ਵੜ ਗਿਆ ਤੇ ਝਿੜਕਾਂ ਖਾਧੀਆਂ ਪਰ ਮਨ ਵਿਚ ਜਾਨਣ ਦੀ ਉਤਸੁਕਤਾ ਸੀ ਕਿ ਫ਼ਰਕ ਕੀ ਹੈ। ਬਠਿੰਡੇ ਸਟੇਸ਼ਨ ਤੇ ਰੇੜ੍ਹੀ ਲਾ ਕੇ ਚਾਹ, ਕਰੀਮ ਰੋਲ, ਬਿਸਕੁਟ, ਕੇਕ ਵੇਚਣ ਵਾਲਿਆਂ ਤੋਂ ਪਹਿਲੀ ਵਾਰ ਮੈਂ ਪੇਸਟਰੀ ਜਾਂ ਕੇਕ ਸਣੇ ਕਾਗ਼ਜ਼ ਹੀ ਖਾ ਲਿਆ ਸੀ। ਇਸੇ ਤਰ੍ਹਾਂ ਪਹਿਲੀ ਵਾਰ ਮੈਨੂੰ ਇਹ ਵੀ ਪਤਾ ਨਾ ਲੱਗੇ ਕਿ ਚਾਹ ਕੱਪ ਨਾਲ ਪੀਣੀ ਹੈ ਜਾਂ ਥੱਲੇ ਰੱਖੀ ਪਲੇਟ ਵਿਚ। ਮੈਂ ਜੋ ਅੰਦਾਜ਼ਾ ਲਾ ਸਕਿਆ ਸਾਂ ਉਹ ਸਿਰਫ਼ ਇਹ ਸੀ ਕਿ ਜੇ ਜਲਦੀ ਹੋਵੇ ਭਾਵ ਗੱਡੀ ਟੁਰਨ ਵਾਲੀ ਹੋਵੇ ਤਾਂ ਗਰਮ ਚਾਹ ਥੱਲੇ ਪਲੇਟ ਵਿਚ ਪਾ ਕੇ ਪੀ ਲਓ ਕਿਉਂਕਿ ਪਲੇਟ ਵਿਚ ਠੰਢੀ ਜਲਦੀ ਹੋ ਜਾਂਦੀ ਹੈ। ਜੇਕਰ ਚਾਹ ਵੇਚਣ ਵਾਲੇ ਦਾ ਧਿਆਨ ਥੋੜ੍ਹਾ ਏਧਰ ਓਧਰ ਹੋਵੇ ਤਾਂ ਇਕ ਅੱਧੀ ਚੀਜ਼ ਚੁੱਕ ਕੇ ਮੂੰਹ ਵਿਚ ਪਾ ਲਓ ਜਿਵੇਂ ਦੁਕਾਨਦਾਰ ਤੋਂ ਕੁਝ ਖ਼ਰੀਦਣ ਤੋਂ ਬਾਅਦ ਝੂੰਗਾ ਮੰਗਣ ਦਾ ਬੜਾ ਰਿਵਾਜ਼ ਸੀ ਤੇ ਕਈ ਵਾਰ ਕਹਿਣਾ ਕਿ ਝੂੰਗਾ ਥੋੜ੍ਹਾ ਦਿੱਤਾ ਹੈ। ਕਣਕ ਦੀਆਂ ਵਾਢੀਆਂ ਦੇ ਦਿਨਾਂ ਵਿਚ ਜਦੋਂ ਫਲ੍ਹੇ ਵਾਹ ਕੇ ਕਣਕ ਨਿਕਲਣੀ। ਤੂੜੀ ਤੇ ਕਣਕ ਅੱਡ-ਅੱਡ ਹੋ ਜਾਣੀ ਤਾਂ ਓਥੇ ਪਿੜਾਂ ਵਿਚ ਜਾ ਕੇ ਰਿੜੀ ਜ਼ਰੂਰ ਮੰਗਣੀ। ਫਿਰ ਇਹ ਮਿੱਟੀ ਤੇ ਸਿਟੇ ਰਲੇ ਦਾਣੇ ਹੱਟੀ ਤੇ ਜਾ ਕੇ ਵੇਚਣੇ ਤੇ ਮਰੂੰਡਾ ਜਾਂ ਕੋਈ ਹੋਰ ਚੀਜ਼ ਲੈ ਕੇ ਖਾਣੀ।
-----
ਫਿਰੋਜ਼ਪੁਰ ਆੜ੍ਹਤ ਦੀ ਦੁਕਾਨ ਤੋਂ ਮੁਲਤਾਨੀ ਗੇਟ ਜਿਥੋਂ ਫਾਜ਼ਿੱਲਕਾ ਨੂੰ ਬੱਸ ਚਲਦੀ ਸੀ, ਕਿਵੇਂ ਪੁਜਣਾ ਹੈ, ਦੁਕਾਨ ਤੇ ਕੰਮ ਕਰਨ ਵਾਲੇ ਨੇ ਸਮਝਾ ਤਾਂ ਦਿਤਾ ਸੀ ਪਰ ਬਾਹਰ ਆ ਕੇ ਮੈਂ ਗਵਾਚ ਗਿਆ। ਕਿਸੇ ਗਲੀ ਮੁਹੱਲੇ ਦੀ ਕੋਈ ਵਾਕਫ਼ੀਅਤ ਨਹੀਂ ਸੀ। ਇਸ ਸ਼ਹਿਰ ਦੀ ਬਨਾਵਟ ਬਠਿੰਡੇ ਨਾਲੋਂ ਕਾਫੀ ਵੱਖਰੀ ਸੀ। ਪਹਿਰਾਵਾ, ਬੋਲੀ, ਲੋਕ ਤੇ ਦੁਕਾਨਾਂ ਦੇ ਰੰਗਾਂ ਦਾ ਵੀ ਫ਼ਰਕ ਸੀ। ਮੁਲਤਾਨੀ ਗੇਟ ਲੱਭਦਾ-ਲੱਭਦਾ ਮੈਂ ਮੁੜ ਕੇ ਲੂਣ ਮੰਡੀ ਹੀ ਆ ਜਾਂਦਾ ਸਾਂ। ਸੰਗਦਾ ਕਿਸੇ ਨੂੰ ਜ਼ਿਆਦਾ ਪੁੱਛਦਾ ਵੀ ਨਹੀਂ ਸਾਂ। ਬੜਾ ਭੁੱਲ ਭੁਲੱਈਆਂ ਵਾਲਾ ਸ਼ਹਿਰ ਸੀ ਫਿਰੋਜ਼ਪੁਰ। ਲੂਣ ਮੰਡੀ ਦਾ ਓਦੋਂ ਇਕੋ ਗੇਟ ਹੁੰਦਾ ਸੀ। ਓਥੋਂ ਮੈਂ ਫਿਰੋਜ਼ਪੁਰ ਦੇ ਮੇਨ ਬਾਜ਼ਾਰ ਵਿਚ ਆ ਗਿਆ। ਏਥੋਂ ਇਕ ਰਾਹ ਸੱਜੇ, ਇਕ ਖੱਬੇ, ਇਕ ਸਿੱਧਾ ਗੋਬਰ ਮੰਡੀ ਵੱਲ ਤੇ ਖੱਬੇ ਪਾਸੇ ਮੋਚੀ ਬਾਜ਼ਾਰ ਨੂੰ ਨਿਕਲਦਾ ਸੀ। ਏਥੇ ਆ ਕੇ ਮੈਨੂੰ ਸਮਝ ਨਾ ਸਾਵੇ ਕਿ ਕਿਸ ਪਾਸੇ ਜਾਵਾਂ। ਸੋਚ ਕੇ ਮੈਂ ਚੌਂਕ ਵਿਚੋਂ ਸੱਜੇ ਪਾਸੇ ਨੂੰ ਮੁੜ ਗਿਆ ਤੇ ਤੁਰੀ ਗਿਆ। ਅਖੀਰ ਮੈਂ ਦੇਵ ਸਮਾਜ ਕਾਲਜ ਅੱਗੋਂ ਲੰਘਦਾ ਹੋਇਆ ਬਾਂਸੀ ਗੇਟ ਟੱਪ ਗਿਆ ਤੇ ਏਥੋਂ ਫਿਰ ਪਤਾ ਨਾ ਲੱਗੇ ਕਿ ਏਥੋਂ ਖੱਬੇ ਮੁੜਨਾ ਹੈ ਜਾਂ ਸੱਜੇ ਜਾਂ ਸਿੱਧੇ ਬਸਤੀ ਕੰਬੋਜ ਵੱਲ ਜਾਣਾ ਹੈ। ਏਥੋਂ ਫਿਰ ਮੈਂ ਸੱਜੇ ਪਾਸੇ ਵਲ ਮੁੜ ਕੇ ਮਖੂ ਗੇਟ ਪਹੁੰਚ ਗਿਆ ਤੇ ਕਿਸੇ ਨੂੰ ਪੁੱਛਿਆ ਕਿ ਮੈਂ ਮੁਲਤਾਨੀ ਗੇਟ ਕਿਵੇਂ ਪੁੱਜਣਾ ਹੈ। ਓਸ ਆਪਣੀ ਸਮਝ ਅਨੁਸਰ ਮੈਨੂੰ ਮਖੂ ਗੇਟ ਅੰਦਰ ਜਾ ਕੇ ਸਿਧੇ ਤੁਰੇ ਜਾਣ ਨੂੰ ਕਿਹਾ। ਅੱਗੇ ਜਾ ਕੇ ਇਹ ਰਾਹ ਫਿਰ ਦੋ ਪਾਸੇ ਮੁੜਦਾ ਸੀ। ਇਕ ਸਿੱਧਾ ਤੇ ਇਕ ਸੱਜੇ ਪਾਸੇ ਬਾਵਿਆਂ ਵਾਲੇ ਮੁਹੱਲੇ ਵੱਲ ਨੂੰ। ਏਥੋਂ ਮੈਂ ਸਿੱਧੇ ਜਾਣਾ ਠੀਕ ਸਮਝਿਆ ਤੇ ਫਿਰ ਲੂਣ ਮੰਡੀ ਅੱਗੇ ਪਹੁੰਚ ਗਿਆ ਜਿਥੋਂ ਮੈਂ ਸਵੇਰੇ ਤੁਰਿਆ ਸਾਂ। ਹੁਣ ਫਿਰ ਸਿਧਾ ਤੁਰਿਆ ਗਿਆ ਤੇ ਮੇਨ ਬਾਜ਼ਾਰ ਤੇ ਆ ਕੇ ਇਸ ਵਾਰ ਸੱਜੇ ਦੀ ਬਜਾਏ ਖੱਬੇ ਨੂੰ ਮੁੜ ਗਿਆ ਤੇ ਦਿੱਲੀ ਦਰਵਾਜ਼ੇ ਪਹੁੰਚ ਗਿਆ। ਏਥੋਂ ਫਿਰ ਕਿਸੇ ਤੋਂ ਪੁੱਛਿਆ ਤਾਂ ਕੋਈ ਦੱਸਣ ਲੱਗਾ ਜਾਂ ਤਾਂ ਸਿਟੀ ਥਾਣੇ ਅੱਗੋਂ ਦੀ ਹੋ ਕੇ, ਸੱਜੇ ਮੁੜ ਕੇ ਕਾਸ਼ੀ ਨਗਰੀ ਵਾਲੀ ਸੜਕ ਤੇ ਸਿੱਧਾ ਤੁਰਿਆ ਜਾ ਤੇ ਮੈਗਜ਼ੀਨੀ ਗੇਟ ਟੱਪ ਕੇ ਫਿਰ ਮੁਲਤਾਨੀ ਗੇਟ ਦੇ ਬਾਹਰਵਾਰ ਇਕ ਆਹਾਤੇ ਵਿਚੋਂ ਬੱਸਾਂ ਚਲਦੀਆਂ ਹਨ। ਜਾਂ ਦਿੱਲੀ ਗੇਟ ਵਿਚੋਂ ਪਿਛੇ ਮੁੜ ਜਾ ਤੇ ਅੱਗੇ ਖੱਬੇ ਹੱਥ ਤੁਰਿਆ ਜਾ ਤੇ ਇਕ ਚੌਕ ਆਏਗਾ ਪੁਰਾਣੇ ਬਾਜ਼ਾਰ ਦਾ। ਏਥੋਂ ਖੱਬੇ ਮੁੜ ਕੇ ਮੁਲਤਾਨੀ ਗੇਟ ਦੇ ਬਾਹਰ ਬੱਸਾਂ ਦਾ ਅੱਡਾ ਮਿਲ ਜਾਵੇਗਾ।
-----
ਵੈਸੇ ਤਾਂ ਮੈਨੂੰ ਪੂਰੀ ਤਰ੍ਹਾਂ ਕੁਝ ਸਮਝ ਨਹੀਂ ਆ ਰਹੀ ਸੀ। ਦਰਅਸਲ ਗੱਲ ਇੰਜ ਹੋਈ ਕਿ ਬੜਾ ਖੱਜਲ ਖਵਾਰ ਹੋ ਕੇ ਮੈਂ ਬਾਰਾਂ ਵਜੇ ਤਕ ਸਬਜ਼ੀ ਮੰਡੀ ਦੇ ਬਾਹਰਵਾਰ ਇਕ ਹਾਤੇ ਵਿਚ ਤਾਂ ਪਹੁੰਚ ਗਿਆ ਜਿਥੋਂ ਸਾਰੇ ਦਿਨ ਵਿਚ ਇਕ ਬੱਸ ਫਾਜ਼ਿਲਕਾ ਨੂੰ ਜਾਂਦੀ ਸੀ ਪਰ ਉਸਦੇ ਚੱਲਣ ਦਾ ਕੋਈ ਟਾਈਮ ਮੁਕੱਰਰ ਨਹੀਂ ਸੀ। ਓਥੇ ਜਾ ਕੇ ਪਤਾ ਲੱਗਾ ਕਿ ਬੱਸ ਚਾਰ ਵਜੇ ਚੱਲਣੀ ਹੈ। ਰੀਪੇਅਰ ਹੋਣ ਗਈ ਹੋਈ ਹੈ। ਟਿਕਟ ਹੁਣ ਲੈ ਲਵੋ। ਮੈਂ ਟਿਕਟ ਤਾਂ ਖ਼ਰੀਦ ਲਈ ਪਰ ਕਈ ਸਵਾਰੀਆਂ ਲੰਮੀ ਉਡੀਕ ਪਿਛੋਂ ਅੱਕ ਕੇ ਟਿਕਟਾਂ ਮੋੜ ਕੇ ਚਲੀਆਂ ਗਈਆਂ ਤੇ ਹੋਰ ਸਵਾਰੀਆਂ ਆ ਗਈਆਂ ਸਨ। ਇਥੇ ਇਹ ਹੀ ਪਤਾ ਲੱਗਾ ਕਿ ਕਈ ਵਾਰ ਇਹ ਬੱਸ ਚੱਲਦੀ ਸੀ ਤੇ ਕਈ ਵਾਰ ਚੱਲਦੀ ਹੀ ਨਹੀਂ ਸੀ।
-----
ਪਾਠਕ ਹੈਰਾਨ ਹੋਣਗੇ ਕਿ ਮੈਨੂੰ ਨਵੇਂ ਨਵੇਂ ਨੂੰ ਫਿਰੋਜ਼ਪੁਰ ਸ਼ਹਿਰ ਦੀਆਂ ਗਲ਼ੀਆਂ ਤੇ ਗੇਟਾਂ ਦਾ ਇਕ ਦਮ ਕਿਵੇਂ ਪਤਾ ਲੱਗ ਗਿਆ ਸੀ। ਦਰਅਸਲ ਬਾਅਦ ਵਿਚ ਮੈਂ ਫਿਰੋਜ਼ਪੁਰ ਸ਼ਹਿਰ ਤੇ ਇਸ ਇਲਾਕੇ ਵਿਚ ਅਪ੍ਰੈਲ 1951 ਤੋਂ ਲੈ ਕੇ ਮਈ 1971 ਤਕ 20 ਸਾਲ ਇਥੇ ਰਿਹਾ ਅਤੇ ਇਹ ਲੰਮਾ ਸਮਾਂ ਫਿਰੋਜ਼ਪੁਰ ਵਿਚ ਰਹਿਣ ਨਾਲ ਸਿਰਫ਼ ਸ਼ਹਿਰ ਦੇ ਸਭ ਗਲੀ, ਮੁਹੱਲਿਆਂ ਤੇ ਕੂਚਿਆਂ ਦਾ ਪਤਾ ਈ ਨਾ ਲੱਗਾ, ਸਗੋਂ ਜੀਵਨ ਦੇ ਪਹਿਲੇ 35 ਸਾਲਾਂ ਵਿਚੋਂ ਫਿਰੋਜ਼ਪੁਰ ਵਿਚ 20 ਸਾਲ ਰਹਿਣਾ ਜੀਵਨ ਦਾ ਬਹੁਤ ਵੱਡਾ ਤਜਰਬਾ ਅਤੇ ਵਰਦਾਨ ਸੀ। ਖ਼ੈਰ ! ਮੈਂ ਮੁਲਤਾਨੀ ਗੇਟ ਦੇ ਬਾਹਰਵਾਰ ਸਬਜ਼ੀ ਮੰਡੀ ਦੇ ਬਾਹਰ ਬਣੇ ਢਾਬਿਆਂ ਤੋਂ ਬੜੇ ਸਵਾਦ ਪੂੜੀਆਂ ਛੋਲੇ ਖਾਧੇ। ਕਿਉਂਕਿ ਬੱਸ ਸ਼ਾਮੀਂ ਚਾਰ ਵਜੇ ਚੱਲਣੀ ਸੀ, ਇਸ ਲਈ ਮੈਂ ਲਾਗੇ ਪੈਂਦਾ ਫਿਰੋਜ਼ਪੁਰ ਦਾ ਰੇਲਵੇ ਸਟੇਸ਼ਨ ਵੀ ਵੇਖ ਆਇਆ ਤੇ ਮੈਨੂੰ ਯਾਦ ਆ ਗਿਆ ਕਿ ਜਦੋਂ ਸਾਡੀ ਗੱਡੀ ਪਾਕਿਸਤਾਨ ਵਿਚੋਂ ਸਤਲੁਜ ਦਰਿਆ ਪਾਰ ਕਰ ਕੇ ਫਿਰੋਜ਼ਪੁਰ ਦੇ ਰੇਲਵੇ ਸਟੇਸ਼ਨ ਤੇ ਰੁਕੀ ਸੀ ਤਾਂ ਇਸ ਸ਼ਹਿਰ ਦੇ ਲੋਕਾਂ ਨੇ ਗੱਡੀ ਵਿਚ ਡੱਕੇ ਹੋਏ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਭੁੱਖੇ ਅਤੇ ਤਿਹਾਏ ਨਿਢਾਲ ਸ਼ਰਨਾਰਥੀਆਂ ਨੂੰ ਲੰਗਰ ਛਕਾਇਆ ਸੀ। ਫਾਜ਼ਿਲਕਾ ਨੂੰ ਜਾਣ ਵਾਲੀਆਂ ਜੋ ਗੱਡੀਆਂ ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਤੋਂ ਚਲਦੀਆਂ ਸਨ, ਉਹ ਇਸ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਆ ਕੇ ਕਈ ਵਾਰ ਕਾਫੀ ਦੇਰ ਰੁਕਦੀਆਂ ਸਨ। ਇਥੋਂ ਫਾਜ਼ਿਲਕਾ ਰੇਲਵੇ ਲਾਈਨ ਤੇ ਅਗਲਾ ਸਟੇਸ਼ਨ ਖਾਈ ਫੇਮੇ ਕੀ, ਫਿਰ ਝੋਕ ਟਹਿਲ ਸਿੰਘ, ਫਿਰ ਕੋਰ ਸਿੰਘ ਵਾਲਾ ਤੇ ਅਗਲਾ ਸਟੇਸ਼ਨ ਮੰਡੀ ਗੁਰੂ ਹਰ ਸਹਾਏ ਸੀ। ਇਕ ਤਰ੍ਹਾਂ ਦਾ ਕੁਝ ਕੁ ਨਕਸ਼ਾ ਮੇਰੇ ਮਨ ਵਿਚ ਬਣ ਗਿਆ ਸੀ। ਸ਼ਾਮ ਤੱਕ ਫਾਜ਼ਿਲਕਾ ਨੂੰ ਜਾਣ ਵਾਲੀ ਬੱਸ ਏਨੀ ਭਰ ਗਈ ਕਿ ਬੱਸ ਦੀ ਛੱਤ ਉਤੇ ਵੀ ਬੈਠਣ ਨੂੰ ਥਾਂ ਨਹੀਂ ਸੀ। ਬਹੁਤ ਲੋਕ ਬੱਸ ਦੇ ਇੰਜਣ ਅੱਗੇ ਵੀ ਬੈਠੇ ਹੋਏ ਸਨ ਤੇ ਕੁਝ ਬਾਰੀਆਂ ਨਾਲ ਲਟਕੇ ਹੋਏ ਸਨ। ਇਸ ਛੋਟੀ ਜਿਹੀ ਬੱਸ ਦਾ ਇੰਜਣ ਸਟਾਰਟ ਕਰਨ ਲਈ ਇਸ ਦੇ ਮੂਹਰੇ ਇਕ ਲੋਹੇ ਦਾ ਹੈਂਡਲ ਕਈ ਵਾਰ ਫੇਰਨਾ ਪੈਂਦਾ ਸੀ ਤਾਂ ਜੇ ਮਸਾਂ ਇਹ ਬੱਸ ਸਟਾਰਟ ਹੁੰਦੀ ਸੀ। ਜੇ ਡਰਾਈਵਰ ਬੱਸ ਦਾ ਇੰਜਣ ਬੰਦ ਕਰ ਦੇਵੇ ਤਾਂ ਕੰਡਕਟਰ ਨੂੰ ਫਿਰ ਹੈਂਡਲ ਫੇਰਨਾ ਪੈਂਦਾ ਸੀ। ਇਕ ਹੋਰ ਬੱਸ ਵੀ ਓਥੇ ਖੜ੍ਹੀ ਸੀ ਜੀਹਦੇ ਮਗਰ ਚੂਨੇ ਵਾਲਾ ਢੋਲ ਜਿਹਾ ਲੱਗਾ ਹੋਇਆ ਸੀ ਤੇ ਉਹ ਸ਼ਾਇਦ ਕੋਇਲੇ ਨਾਲ ਚੱਲਦੀ ਸੀ ਤੇ ਇਸ ਨੂੰ ਕਾਫੀ ਚਿਰ ਪਹਿਲਾਂ ਗਰਮ ਕਰਨਾ ਪੈਂਦਾ ਸੀ।
-----
ਜਦੋਂ ਬੱਸ ਖਾਈ ਫੇਮੇ ਕੀ ਟੱਪ ਕੇ ਅੱਗੇ ਨਹਿਰ ਦਾ ਪੁਲ ਲੰਘ ਕੇ ਫਾਜ਼ਿਲਕਾ ਨੂੰ ਜਾਂਦੀ ਕੱਚੀ ਸੜਕ ਤੇ ਚੱਲੀ ਤਾਂ ਸਾਰੇ ਮੁਸਾਫ਼ਿਰਾਂ ਦੇ ਮੂੰਹ ਸਿਰ ਮਿੱਟੀ ਨਾਲ ਭਰ ਗਏ। ਕੰਡਕਟਰ ਦੀ ਆਵਾਜ਼ ਤੋਂ ਈ ਪਤਾ ਲਗਦਾ ਸੀ ਕਿ ਹੁਣ ਕਿਹੜਾ ਅੱਡਾ ਆਇਆ ਹੈ। ਏਨੀ ਜ਼ਿਆਦਾ ਭਰੀ ਬੱਸ ਵਿਚੋਂ ਉਤਰਨਾ ਤੇ ਚੜ੍ਹਨਾ ਬਹੁਤ ਔਖਾ ਸੀ ਕਿਓਂਕਿ ਮੂੰਹ ਸਿਰ ਘੱਟੇ ਮਿੱਟੀ ਨਾਲ ਭਰ ਜਾਣ ਕਰ ਕੇ ਪੂਰੀ ਤਰ੍ਹਾਂ ਦਿਸਦਾ ਹੀ ਕੁਝ ਨਹੀਂ ਸੀ। ਜਿਵੇਂ ਕਿਵੇਂ ਬੱਸ ਹੌਲੀ ਹੌਲੀ ਚੱਲਦੀ, ਡਿੱਕ ਡੋਲੇ ਖਾਂਦੀ ਤੇ ਟੋਇਆਂ ਵਿਚ ਹਜੋਕੇ ਮਾਰਦੀ ਚੱਲ ਰਹੀ ਸੀ। ਮੁਸਾਫ਼ਿਰ ਇਕ ਦੂਜੇ ਉੱਤੇ ਡਿੱਗ ਰਹੇ ਸਨ। ਬੱਸ ਦੇ ਅੰਦਰ ਸਾਹ ਵੀ ਘੁੱਟ ਰਿਹਾ ਸੀ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਗੁਦੜਢੰਡੀ ਅਜੇ ਕਿੰਨੂ ਕੁ ਦੂਰ ਹੈ। ਨਾਲ ਬੈਠੇ ਇਕ ਹੱਟੇ ਕੱਟੇ ਪੱਕੇ ਰੰਗ ਦੇ ਇਕ ਮੁਸਾਫ਼ਿਰ ਜਿਸ ਦਾ ਮੂੰਹ ਸਿਰ ਤਾਂ ਮੁੰਨਿਆ ਹੋਇਆ ਸੀ ਪਰ ਮੁੱਛਾਂ ਨੂੰ ਵੱਟ ਦਿਤੇ ਹੋਏ ਸਨ ਤੇ ਵੇਖਣ ਨੂੰ ਡਾਕੂ ਲਗਦਾ ਸੀ, ਨੂੰ ਮੈਂ ਪੁੱਛਿਆ ਕਿ ਪਿੰਡ ਗੁੱਦੜਢੰਡੀ ਕਿੰਨੂ ਕੁ ਦੂਰ ਹੈ। ਉਹਨੇ ਬੜੀ ਹਲੀਮੀ ਨਾਲ ਦੱਸਿਆ ਕਿ ਅਜੇ ਪਿੰਡ ਭੂਰੇ, ਫਿਰ ਕਰੀਆਂ ਪਹਿਲਵਾਨ, ਫਿਰ ਲਖੋ ਕੇ ਬਹਿਰਾਮ, ਫਿਰ ਅਲਫੂ ਕੇ, ਫਿਰ ਲੋਧਰਾਂ, ਫਿਰ ਹਾਮਦ ਤੇ ਫਿਰ ਗੁੱਦੜਢੰਡੀ ਆਉਣਾ ਹੈ। ਘੰਟਾ ਕੁ ਲੱਗ ਜਾਵੇਗਾ। ਫਿਰ ਉਹਨੇ ਆਪ ਈ ਦੱਸ ਦਿਤਾ ਕਿ ਉਹਨੇ ਵੀ ਪਿੰਡ ਗੁੱਦੜਢੰਡੀ ਹੀ ਜਾਣਾ ਹੈ ਤੇ ਮੈਨੂੰ ਪੁੱਛਿਆ ਕਿ ਮੈਂ ਕਿਨ੍ਹਾਂ ਵੱਲ ਜਾਣਾ ਹੈ। ਮੈਂ ਦਸਿਆ ਸਾਨੂੰ ਇਸ ਪਿੰਡ ਵਿਚ ਬੇਰੀਆਂ ਵਾਲੇ ਖੂਹ ਤੇ ਜ਼ਮੀਨ ਅਲਾਟ ਹੋਈ ਹੈ ਤੇ ਪਿੰਡ ਵਿਚ ਲੰਬਰਦਾਰ ਖੇਮ ਸਿੰਘ ਦੇ ਘਰ ਜਾਣਾ ਹੈ ਜਿਹੜਾ ਪਿਛੋਂ ਪਾਸਿਤਾਨ ਵਿਚੋਂ ਸਾਡੇ ਪਿੰਡ ਲਾਗੇ ਦਾ ਹੈ। ਉਹ ਫੱਟ ਕਹਿਣ ਲੱਗਾ ਕਿ ਤੂੰ ਜੱਥੇਦਾਰ ਭਗਤ ਸਿੰਘ ਦਾ ਲੜਕਾ ਹੈ? ਮੈਂ ਜਦੋਂ ਹਾਂ ਕਿਹਾ ਤਾਂ ਉਹ ਕਹਿਣ ਲੱਗਾ ਕਿ ਮੈਂ ਪਿੰਡ ਦਾ ਚੌਕੀਦਾਰ ਹਾਂ। ਮੈਂ ਤੈਨੂੰ ਤੁਹਾਡੇ ਖੂਹ ਤੇ ਛੱਡ ਕੇ ਆਵਾਂਗਾ ਤੇ ਜੇ ਤੂੰ ਪਿੰਡ ਰਹਿਣਾ ਹੋਇਆ ਤਾਂ ਲੰਬਰਦਰ ਖੇਮ ਸਿੰਘ ਦੇ ਘਰ ਛੱਡ ਆਵਾਂਗਾ। ਇਹ ਤਾਂ ਮੇਰੇ ਬਾਪੂ ਨੂੰ ਵੀ ਜਾਣਦਾ ਸੀ ਤੇ ਨਾਲੇ ਸਾਡੇ ਓਸ ਪਿੰਡ ਦਾ ਈ ਆ ਜਿਥੇ ਸਾਨੂੰ ਜ਼ਮੀਨ ਅਲਾਟ ਹੋਈ ਆ, ਇਸ ਤੋਂ ਵੱਧ ਮੈਨੂੰ ਹੋਰ ਖ਼ੁਸ਼ੀ ਕੀ ਹੋ ਸਕਦੀ ਸੀ। ਜਿਵੇਂ ਕਿਵੇਂ ਵੀ ਸ਼ਾਮ ਤਕ ਜਦੋਂ ਬੱਸ ਨੇ ਸਾਨੂੰ ਪਿੰਡ ਗੁੱਦੜਢੰਡੀ ਦੇ ਅੱਡੇ ‘ਤੇ ਉਤਾਰਿਆ ਤਾਂ ਮੂੰਹ ਸਿਰ ਘੱਟੇ ਤੇ ਮਿੱਟੀ ਨਾਲ ਭਰੇ ਹੋਏ ਸਨ।
-----
ਚੌਕੀਦਾਰ ਜਿਸਦਾ ਨਾਂ ਮੈਨੂੰ ਭੁੱਲ ਗਿਆ ਹੈ ਪਰ ਏਨਾ ਯਾਦ ਹੈ ਕਿ ਉਹ ਈਸਾਈ ਸੀ, ਨੇ ਆਪਣੇ ਪਰਨੇ ਨਾਲ ਮੇਰਾ ਸਾਰਾ ਮੂੰਹ ਸਿਰ ਝਾੜਿਆ ਤੇ ਮੈਂ ਆਪਣੇ ਕੱਪੜੇ ਸਾਫ਼ ਕੀਤੇ। ਉਹਨੇ ਬਧੋ-ਬਧੀ ਝੋਲਾ ਮੇਰੇ ਹੱਥੋਂ ਫੜ ਲਿਆ ਤੇ ਅਸੀਂ ਦਸ ਕੁ ਮਿੰਟਾਂ ਬਾਅਦ ਅਸੀੰ ਪਿੰਡ ਗੁਦੜਢੰਡੀ ਅੰਦਰ ਪਹੁੰਚ ਗਏ ਜਿਥੇ ਚੌਕੀਦਾਰ ਨੇ ਮੈਨੂੰ ਸਾਨੂੰ ਅਲਾਟ ਹੋਇਆ ਕੱਚੇ ਕੋਠੇ ਵਾਲਾ ਘਰ ਵਿਖਾਇਆ ਅਤੇ ਨਾਲ ਹੀ ਲੱਗਦੇ ਲੰਬਰਦਾਰ ਖੇਮ ਸਿੰਘ ਦੇ ਘਰ ਮੈਨੂੰ ੱਛਡ ਆਇਆ। ਜਦ ਉਹਨੇ ਲੰਬੜਦਾਰਨੀ ਭਾਵ ਨੰਜੀ ਦੀ ਮਾਂ ਨੂੰ ਦੱਸਿਆ ਕਿ ਇਹ ਬੇਰੀਆਂ ਵਾਲੇ ਖੂਹ ਦੇ ਨਵੇਂ ਅਲਾਟੀ ਜਥੇਦਾਰ ਭਗਤ ਸਿਹੁੰ ਦਾ ਲੜਕਾ ਹੈ ਤਾਂ ਉਹ ਬਹੁਤ ਖ਼ੁਸ਼ ਹੋਈ। ਮੇਰਾ ਸਿਰ ਪਲੋਸਿਆ। ਮੇਰੀ ਮਾਂ ਦਾ ਹਾਲ-ਚਾਲ ਪੁੱਛਿਆ ਤੇ ਮੇਰੇ ਹਾਣ ਦੀਆਂ ਕੁੜੀਆਂ ਨੂੰ ਚਾਹ ਪਾਣੀ ਬਣਾਉਣ ਲਈ ਚੌਂਕੇ ਵਿਚ ਭੇਜ ਦਿਤਾ। ਉਹਨਾਂ ਨੂੰ ਅਲਾਟ ਹੋਇਆ ਵੀ ਸਾਰਾ ਘਰ ਕੱਚਾ ਸੀ। ਮੈਂ ਵੇਖਿਆ ਕਿ ਪਿੰਡ ਤਾਂ ਛੋਟਾ ਜਿਹਾ ਹੀ ਸੀ ਤੇ ਸਾਰੇ ਪਿੰਡ ਵਿਚ ਕੋਈ ਪੱਕਾ ਘਰ ਨਹੀਂ ਸੀ। ਚੌਕੀਦਾਰ ਇਹ ਕਹਿ ਕੇ ਚਲਾ ਗਿਆ ਕਿ ਮੈਂ ਚਾਹ ਪਾਣੀ ਪੀ ਲਵਾਂ ਤੇ ਉਹ ਮੈਨੂੰ ਬੇਰੀਆਂ ਵਾਲੇ ਖੂਹ ਤੇ ਛੱਡ ਆਵੇਗਾ ਜਿਥੇ ਸਾਨੂੰ ਨਵੀਂ ਜ਼ਮੀਨ ਅਲਾਟ ਹੋਈ ਸੀ। ਕਿਉਂਕਿ ਰਾਹ ਵਿਚ ਕਾਨਿਆਂ ਦਾ ਏਡਾ ਵੱਡਾ ਜੰਗਲ ਸੀ ਕਿ ਮੈਂ ਜੇ ਇਕ ਵਾਰ ਡੰਡੀ ਭੁੱਲ ਗਿਆ ਤਾਂ ਗਵਾਚ ਜਾਵਾਂਗਾ। ਨੰਬਰਦਾਰ ਦੇ ਪਰਿਵਾਰ ਨੇ ਬਹੁਤ ਕਿਹਾ ਕਿ ਮੈਂ ਰਾਤ ਉਹਨਾਂ ਦੇ ਘਰ ਰਹਾਂ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਏਸੇ ਪਿੰਡ ਦੇ ਰਕਬੇ ਵਿਚ ਪੈਂਦੀ ਜ਼ਮੀਨ ਬਸਤੀ ਟਰਿਡਿਆਂ ਵਾਲੀ ਵਿਚ ਬੇਰੀਆਂ ਵਾਲੇ ਖੂਹ ਦੇ ਲਾਗੇ ਹੀ ਅਲਾਟ ਹੋਈ ਹੈ ਪਰ ਉਹਨਾਂ ਅਜੇ ਰਿਹਾਇਸ਼ ਪਿੰਡ ਵਿਚ ਹੀ ਰਖੀ ਆ ਕਿਉਂਕਿ ਓਥੇ ਰਹਿਣ ਲਈ ਹਾਲੇ ਕਾਨਿਆਂ ਦੀ ਕੋਈ ਛੰਨ ਜਾਂ ਝੁੱਗੀ ਨਹੀਂ ਬਣੀ। ਤੁਹਾਡੇ ਬੇਰੀਆਂ ਵਾਲੇ ਖੂਹ ਤੇ ਤਾਂ ਰਾਏ ਸਿੱਖਾਂ ਨੇ ਤੇਰੇ ਬਾਪੂ ਨੂੰ ਕੱਚਾ ਕੋਠਾ ਖ਼ਾਲੀ ਕਰ ਦਿਤਾ ਹੈ ਤੇ ਲਾਗੇ ਦੋ ਛੰਨਾਂ ਵੀ ਬਣਾ ਦਿਤੀਆਂ ਹਨ। ਇਕ ਪਸੂ ਡੰਗਰਾਂ ਲਈ ਤੇ ਇਕ ਆਏ ਗਏ ਲਈ ਜਾਂ ਫ਼ਸਲ ਰੱਖਣ ਲਈ। ਵਾਹੀ ਕਰਨ ਲਈ ਪਿੰਡੋਂ ਜ਼ਮੀਨ ਬੜੀ ਦੂਰ ਪੈਂਦੀ ਆ। ਆਹ ਸਿਆਲ ਕੱਢ ਕੇ ਅਸੀਂ ਵੀ ਅਗਲੇ ਸਾਲ ਬਸਤੀ ਟਰਿਡਿਆਂ ਵਾਲੀ ਚਲੇ ਜਾਵਾਂਗੇ। ਮੈਂ ਚਾਹ ਪੀ ਕੇ ਸਾਨੂੰ ਕਨਾਲ ਦੇ ਪਲਾਟ ਵਿਚ ਅਲਾਟ ਹੋਇਆ ਕੱਚਾ ਕੋਠਾ ਵੇਖਿਆ ਜਿਥੇ ਬਾਹਰ ਇਕ ਰਾਏ ਸਿੱਖ ਔਰਤ ਚੁੱਲ੍ਹੇ ਦੀ ਸਵਾਹ ਨਾਲ ਭਾਂਡੇ ਮਾਂਜ ਰਹੀ ਸੀ। ਕੋਲ ਉਸਦੇ ਵਗਦੇ ਨੱਕਾਂ ਵਾਲੇ ਬੱਚੇ ਖੇਡ ਰਹੇ ਸਨ ਤੇ ਉਹਨਾਂ ਨੇ ਬੜੇ ਮਾੜੇ ਕਪੜੇ ਪਾਏ ਹੋਏ ਸਨ।
-----
ਕੁਝ ਚਿਰ ਬਾਅਦ ਚੌਕੀਦਾਰ ਵੀ ਆ ਗਿਆ ਤੇ ਉਹਦੇ ਨਾਲ ਪਿੰਡ ਦਾ ਦੁਕਾਨਦਾਰ ਸ਼ਾਦੀ ਲਾਲ ਵੀ ਸੀ ਜਿਸ ਦੀ ਪਿੰਡ ਵਿਚ ਛੋਟੀ ਜਿਹੀ ਦੁਕਾਨ ਸੀ। ਇਹ ਲੋਕ ਵੰਡ ਤੋਂ ਪਹਿਲਾਂ ਦੇ ਏਥੇ ਰਹਿੰਦੇ ਸਨ। ਮੁਸਲਮਾਨ ਚਲੇ ਗਏ ਸਨ ਤੇ ਹੁਣ ਇਹਨਾਂ ਦੀ ਆਮਦਨ ਦਾ ਦਾਰੋ-ਮੁਦਾਰ ਨਵੇਂ ਅਲਾਟੀ ਹੀ ਸਨ। ਜਦ ਚੌਂਕੀਦਾਰ ਮੈਨੂੰ ਬੇਰੀਆਂ ਵਾਲੇ ਖੂਹ ਤੇ ਛੱਡਣ ਗਿਆ ਤਾਂ ਮੈਂ ਐਨੇ ਕਾਨੇ ਤੇ ਸੜਕੜੇ ਦਾ ਜੰਗਲ ਵੇਖ ਕੇ ਸਿਰਫ਼ ਹੈਰਾਨ ਹੀ ਨਾ ਹੋਇਆ, ਸਗੋਂ ਡਰ ਗਿਆ ਕਿ ਵਾਕਿਆ ਈ ਇਸ ਜੰਗਲ ਵਿਚ ਕੋਈ ਗਵਾਚ ਜਾਵੇ ਤਾਂ ਫਿਰ ਰਾਹ ਲੱਭਣਾ ਬਹੁਤ ਮੁਸ਼ਕਿਲ ਸੀ। ਜਦੋਂ ਅਸੀਂ ਖੂਹ ਤੇ ਪਹੁੰਚੇ ਤਾਂ ਇਕ ਝੋਨੇ ਵਾਲੀ ਪੈਲੀ ਵਿਚ ਬਾਪੂ ਮੰਜੀ ਤੇ ਬੈਠਾ ਸੀ ਤੇ ਰਾਏ ਸਿੱਖ ਤੇ ਉਹਨਾਂ ਦੀਆਂ ਘਰ ਵਾਲੀਆਂ ਇਕ ਮੋਟੀ ਵੱਟ ਤੇ ਝੋਨੇ ਦੀਆਂ ਪਰਾਲੀਆਂ ਜ਼ੋਰ-ਜ਼ੋਰ ਨਾਲ ਮਾਰ ਕੇ ਝੋਨਾ ਝਾੜ ਰਹੀਆਂ ਸਨ। ਬਾਪੂ ਨੇ ਖ਼ੁਸ਼ ਹੋ ਕੇ ਮੈਨੂੰ ਜੱਫ਼ੀ ਪਾ ਕੇ ਪਿਆਰ ਕੀਤਾ ਤੇ ਮੰਜੀ ਤੇ ਬਿਠਾਲ ਦਿਤਾ ਤੇ ਕੁਝ ਰਾਏ ਸਿੱਖ ਮੁਜ਼ਾਰਿਆਂ ਨੇ ਮੈਨੂੰ ਛੋਟਾ ਲੰਬੜਦਾਰ ਕਹਿੰਦਿਆਂ ਮੇਰੇ ਪੈਰੀਂ ਹੱਥ ਲਾਏ। ਚੌਕੀਦਾਰ ਤਾਂ ਮੈਨੂੰ ਛੱਡ ਕੇ ਤੇ ਬਾਪੂ ਨੂੰ ਮਿਲ ਕੇ ਪਿੰਡ ਨੂੰ ਮੁੜ ਗਿਆ।
-----
ਨਵੀਂ ਅਲਾਟ ਹੋਈ ਜ਼ਮੀਨ ਦੇ ਖੇਤਾਂ ਵਿਚ ਇਹ ਮੇਰੀ ਪਹਿਲੀ ਸ਼ਾਮ ਸੀ ਜੋ ਰਾਤ ਵਿਚ ਵਟਣ ਤੋਂ ਪਹਿਲਾਂ ਬਾਪੂ ਤੇ ਰਾਏ ਸਿੱਖਾਂ ਨੇ ਰਲ ਕੇ ਘਰ ਦੀ ਕੱਢੀ ਸੁਲਫੇ ਦੀ ਲਾਟ ਵਰਗੀ ਸ਼ਰਾਬ ਪੀਤੀ। ਰਾਏ ਸਿੱਖਾਂ ਨੇ ਸ਼ਿਕਾਰ ਕਰ ਕੇ ਲਿਆਂਦਾ ਸਈਅੜ (ਖ਼ਰਗੋਸ਼) ਦਾ ਮਾਸ ਚੰਗਾ ਮਿਰਚ ਮਸਾਲਾ ਪਾ ਕੇ ਦੇਸੀ ਘਿਓ ਵਿਚ ਭੁੰਨ ਕੇ ਨਿਟੀ ਦੇ ਬਰਤਨਾਂ ਵਿਚ ਪਾ ਕੇ ਰੜ੍ਹੀਆਂ ਹੋਈਆਂ ਤੰਦੂਰੀ ਰੋਟੀਆਂ ਨਾਲ ਖਵਾਇਆ ਜੋ ਏਨਾ ਸਵਾਦ ਸੀ ਕਿ ਅੱਜ ਤੱਕ ਵੀ ਨਹੀਂ ਭੁੱਲਿਆ। ਤੰਦੂਰ ਦੋਹੜਾਂ ਚੋਘੇ ਕੱਢ ਕੱਢ ਕੇ ਮੱਖਣ ਨਾਲ ਚੋਪੜੀਆਂ ਹੋਈਆਂ ਸਨ ਅਤੇ ਦੇਸੀ ਘਿਓ ਵਿਚ ਰਲ਼ੀ ਸ਼ੱਕਰ ਦਾ ਆਪਣਾ ਹੀ ਸਵਾਦ ਸੀ। ਘੀਆ ਤੋਰੀਆਂ ਦੀ ਸਬਜ਼ੀ ਤਾਂ ਓਸ ਰਾਤ ਤੋਂ ਬਾਅਦ ਵੀ ਹਜ਼ਾਰਾਂ ਵਾਰ ਖਾਧੀ ਹੋਵੇਗੀ ਪਰ ਕਰਾਰੀਆਂ ਮਿਰਚਾਂ ਪਾ ਕੇ ਜੋ ਸਵਾਦ ਤੋਰੀਆਂ ਘੱਗਰੀਆਂ ਵਾਲੀਆਂ ਰਾਏ ਸਿੱਖਣੀਆਂ ਨੇ ਬਣਾਈਆਂ ਸਨ, ਉਹੋ ਜਿਹੀ ਬਣੀ ਸਵਾਦ ਸਬਜ਼ੀ ਕਦੇ ਵੀ ਨਹੀਂ ਭੁੱਲੀ। ਮੱਠੀ ਮੱਠੀ ਠੰਢ ਵਿਚ ਖੂਹ ਲਾਗੇ ਧਾਈਆਂ ਦੀਆਂ ਪੈਲੀਆਂ ਵਿਚ ਮੱਛਰ ਲੜਨ ਦੇ ਬਾਵਜੂਦ ਵੀ ਭਿੰਨੀ ਰੈਣੜੀਏ ਤੇ ਚਮਕਣ ਤਾਰਿਆਂ ਵਿਚ ਧਾਈਆਂ ਦੇ ਖੇਤਾਂ ਵਿਚ ਕੱਟੀ ਉਹ ਰਾਤ ਕਦੇ ਨਹੀਂ ਭੁੱਲੀ, ਕਦੇ ਭੁੱਲ ਵੀ ਨਹੀਂ ਸਕਦੀ।
*******
ਚਲਦਾ
No comments:
Post a Comment