ਸੰਸਾਰ ਪ੍ਰਸਿੱਧ ਕਹਾਣੀ
ਪੰਜਾਬੀ ਰੂਪ: ਬਲਬੀਰ ਸਿੰਘ ਮੋਮੀ
ਲੜੀ ਜੋੜਨ ਲਈ ਭਾਗ ਦੂਜਾ ਉੱਪਰਲੀ ਪੋਸਟ ਜ਼ਰੂਰ ਦੇਖੋ ਜੀ।
ਮੈਂ ਜਦ ਉਸਨੂੰ ਹੱਸ-ਹੱਸ ਕੇ ਜ਼ੀਨਤ ਨਾਲ ਗੱਲਾਂ ਕਰਦੇ ਵੇਖਿਆ ਤਾਂ ਮੈਨੂੰ ਹੈਰਾਨੀ ਨਾ ਹੋਈ ਕਿ ਉਹ ਇੰਝ ਕਿਉਂ ਕਰ ਰਿਹਾ ਹੈ। ਮੈਨੂੰ ਤਾਂ ਇਹ ਸਮਝ ਨਹੀਂ ਸੀ ਆ ਰਹੀ ਕਿ ਉਹ ਏਥੇ ਪੁੱਜਿਆ ਕਿਵੇਂ? ਸੈਂਡੋ ਉਸ ਨੂੰ ਜਾਣਦਾ ਸੀ ਪਰ ਦੋਹਾਂ ਦੀ ਕਾਫੀ ਸਮੇਂ ਤੋਂ ਬੋਲ-ਚਾਲ ਬੰਦ ਸੀ। ਪਿਛੋਂ ਪਤਾ ਲੱਗਾ ਕਿ ਸੈਂਡੋ ਹੀ ਉਸ ਨੂੰ ਲਿਆਇਆ ਸੀ ਤੇ ਦੋਹਾਂ ਦੀ ਸੁਲ੍ਹਾ ਹੋ ਗਈ ਸੀ।
-----
ਬਾਬੂ ਗੋਪੀ ਨਾਥ ਇਕ ਪਾਸੇ ਬੈਠਾ ਹੁੱਕਾ ਪੀ ਰਿਹਾ ਸੀ। ਮੈਂ ਸ਼ਾਇਦ ਪਹਿਲਾ ਨਹੀਂ ਦੱਸਿਆ ਕਿ ਉਹ ਸਿਗਰਟ ਬਿਲਕੁਲ ਨਹੀਂ ਪੀਂਦਾ ਸੀ। ਮੁਹਮੰਦ ਸ਼ਫੀਕ ਤੂਸੀ ਮਰਾਸੀਆਂ ਦੇ ਚੁਕਟਲੇ ਸੁਣਾ ਰਿਹ ਸੀ ਜਿਨਾਂ ਵਿਚ ਜ਼ੀਨਤ ਤਾਂ ਬਹੁਤੀ ਦਿਲਚਸਪੀ ਨਹੀਂ ਲੈ ਰਹੀ ਸੀ ਪਰੰਤੂ ਸਰਦਾਰਾਂ ਬੜੀ ਖ਼ੁਸ਼ ਸੀ। ਸ਼ਫੀਕ ਨੇ ਮੈਨੂੰ ਵੇਖਿਆ ਤੇ ਆਖਿਆ -"ਬਿਸਮਿਲਾ-ਕੀ ਤੁਹਾਡਾ ਗੁਜ਼ਰ ਵੀ ਏਸ ਵਾਦੀ 'ਚ ਹੁੰਦਾ ਹੈ?"
ਸੈਂਡੋ ਨੇ ਆਖਿਆ,"ਤਸ਼ਰੀਫ ਲੈ ਆਓ ਅਜ਼ਰਾਇਲ ਸਾਹਿਬ, ਏਧਰ, ਧੜਨ ਤਖ਼ਤਾ।" ਮੈਂ ਉਸ ਦਾ ਮਤਲਬ ਸਮਝ ਗਿਆ।
-----
ਥੋੜ੍ਹੀ ਦੇਰ ਦੀ ਗੱਪਬਾਜ਼ੀ ਪਿਛੋਂ ਮੈਂ ਜ਼ੀਨਤ ਤੇ ਤੂਸੀ ਦੀਆਂ ਨਜ਼ਰਾਂ ਭਿੜਦੀਆਂ ਵੇਖੀਆਂ। ਸਰਦਾਰਾਂ ਦੋਹਾਂ ਦੀਆਂ ਅੱਖਾਂ ਮਿਲਦੀਆਂ ਇੰਝ ਵੇਖ ਰਹੀ ਸੀ ਜਿਵੇਂ ਅਖਾੜੇ ਦੇ ਬਾਹਰ ਬੈਠੇ ਪਹਿਲਵਾਨ ਖ਼ਲੀਫ਼ੇ ਆਪਣੇ ਪੱਠਿਆਂ ਦੇ ਦਾਅ-ਪੇਚ ਵਿਹੰਦੇ ਹਨ। ਹੁਣ ਤਕ ਮੈਂ ਵੀ ਜ਼ੀਨਤ ਨਾਲ ਕਾਫੀ ਖੁੱਲ੍ਹ ਗਿਆ ਸਾਂ। ਉਹ ਮੈਨੂੰ ਭਰਾ ਕਹਿੰਦੀ ਸੀ ਜੋ ਮੈਨੂੰ ਪਸੰਦ ਸੀ। ਚੰਗੀ ਮਿਲਣਸਾਰ ਔਰਤ ਸੀ। ਘੱਟ ਬੋਲਣਾ, ਸਾਦੀ ਤੇ ਸ਼ਫੀਕ ਨਾਲ ਉਸ ਦੀ ਘਟੀਆ ਅੱਖਾਂ ਮਿਲਾਉਣ ਦੀ ਖੇਡ ਮੈਨੂੰ ਪਸੰਦ ਨਹੀਂ ਸੀ। ਸ਼ਫੀਕ ਤੇ ਸੈਂਡੋ ਜਦੋਂ ਬਾਹਰ ਗਏ ਤਾਂ ਮੈਂ ਬੜੀ ਬੇਰਹਿਮੀ ਨਾਲ ਜ਼ੀਨਤ ਨੂੰ ਕਹਿ ਵੀ ਦਿਤਾ ਤੇ ਉਹ ਰੋਂਦੀ-ਰੋਂਦੀ ਅੰਦਰ ਕਮਰੇ ਵਿਚ ਚਲੀ ਗਈ। ਬਾਬੂ ਗੋਪੀ ਨਾਥ ਜੋ ਇਕ ਨੁੱਕਰੇ ਬੈਠਾ ਹੁੱਕਾ ਪੀ ਰਿਹਾ ਸੀ, ਉਠ ਕੇ ਜ਼ੀਨਤ ਪਿੱਛੇ ਕਮਰੇ ਵਿਚ ਚਲਾ ਗਿਆ ਤੇ ਸਰਦਾਰਾਂ ਨੇ ਇਕ ਐਸੀ ਨਜ਼ਰ ਨਾਲ ਮੇਰੇ ਵਲ ਵੇਖਿਆ ਜਿਸ ਦਾ ਮੈਂ ਮਤਲਬ ਨਾ ਸਮਝ ਸਕਿਆ। ਕੁਝ ਸਮੇਂ ਪਿਛੋਂ ਬਾਬੂ ਗੋਪੀ ਨਾਥ ਅੰਦਰੋਂ ਆ ਕੇ ਮੈਨੂੰ ਵੀ ਨਾਲ ਹੀ ਅੰਦਰ ਲੈ ਗਿਆ।
------
ਜ਼ੀਨਤ ਪਲੰਘ ਤੇ ਬੈਠੀ ਸੀ। ਮੈਂ ਅੰਦਰ ਵੜਿਆ ਤਾਂ ਦੋਹਾਂ ਹੱਥਾਂ ਨਾਲ ਆਪਣਾ ਮੂੰਹ ਢਕ ਕੇ ਉਹ ਪਲੰਘ ‘ਤੇ ਲੇਟ ਗਈ। ਮੈਂ ਤੇ ਬਾਬੂ ਗੋਪੀ ਨਾਥ ਦੋਵੇਂ ਪਲੰਘ ਦੇ ਨੇੜੇ ਪਈਆਂ ਕੁਰਸੀਆਂ ਤੇ ਬੈਠ ਗਏ। ਬਾਬੂ ਗੋਪੀ ਨਾਥ ਨੇ ਬੜੀ ਗੰਭੀਰਤਾ ਨਾਲ ਕਹਿਣਾ ਸ਼ੁਰੂ ਕੀਤਾ, “ਮੰਟੋ ਸਾਹਿਬ, ਮੈਨੂੰ ਇਸ ਔਰਤ ਨਾਲ ਬੜੀ ਮੁਹੱਬਤ ਹੈ। ਦੋ ਵਰ੍ਹਿਆਂ ਤੋਂ ਇਹ ਮੇਰੇ ਕੋਲ ਹੈ। ਮੈਂ ਹਜ਼ਰਤ ਗੌਸ ਆਜ਼ਮ ਜੈਲਾਨੀ ਦੀ ਕਸਮ ਖਾ ਕੇ ਆਖਦਾ ਹਾਂ ਕਿ ਇਸ ਨੇ ਮੈਨੂੰ ਕਦੇ ਕਿਸੇ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ। ਏਸ ਦੀਆਂ ਦੂਜੀਆਂ ਭੈਣਾਂ, ਮੇਰਾ ਮਤਲਬ ਇਸ ਦੇ ਪੇਸ਼ੇ ਦੀਆਂ ਦੂਸਰੀਆਂ ਔਰਤਾਂ ਮੈਨੂੰ ਦੋਹੀਂ ਹੱਥੀ ਲੁੱਟ ਕੇ ਖਾਂਦੀਆਂ ਰਹੀਆਂ। ਇਸ ਔਰਤ ਨੇ ਕਦੇ ਮੇਰੇ ਕੋਲੋਂ ਇਕ ਪੈਸਾ ਵੀ ਫਾਲਤੂ ਨਹੀਂ ਮੰਗਿਆ। ਜੇ ਮੈਂ ਹਫ਼ਤਿਆਂ ਤਕ ਕਿਸੇ ਹੋਰ ਔਰਤ ਦੇ ਪਿਆ ਰਿਹਾ ਤਾਂ ਏਸ ਗ਼ਰੀਬ ਨੇ ਆਪਣਾ ਕੋਈ ਜ਼ੇਵਰ ਗਿਰਵੀ ਰੱਖ ਕੇ ਗੁਜ਼ਾਰਾ ਕਰ ਲਿਆ।
------
ਮੈਂ ਜਿਵੇਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਏਸ ਦੁਨੀਆਂ ਤੋਂ ਛੇਤੀ ਹੀ ਕਿਨਾਰਾਕਸ਼ੀ ਕਰਨ ਵਾਲਾ ਹਾਂ। ਮੇਰੀ ਦੌਲਤ ਹੁਣ ਕੁਝ ਦਿਨਾਂ ਦੀ ਪ੍ਰਾਹੁਣੀ ਹੈ। ਮੈਂ ਨਹੀਂ ਚਾਹੁੰਦਾ ਕਿ ਇਸ ਦੀ ਜ਼ਿੰਦਗੀ ਖ਼ਰਾਬ ਹੋਵੇ। ਮੈਂ ਲਾਹੌਰ ਵਿਚ ਇਸ ਨੂੰ ਬਹੁਤ ਸਮਝਾਇਆ ਕਿ ਤੂੰ ਦੂਸਰੀਆਂ ਕੋਠੇ ਵਾਲੀਆਂ ਵੱਲ ਵੇਖ। ਜੋ ਕੁਝ ਉਹ ਕਰਦੀਆਂ ਹਨ, ਸਿੱਖ ਲੈ। ਅੱਜ ਮੈਂ ਦੌਲਤਮੰਦ ਹਾਂ, ਕੱਲ੍ਹ ਮੈਂ ਮੰਗਤਾ ਬਣ ਜਾਣਾ ਹੈ। ਤੁਸਾਂ ਲੋਕਾਂ ਦੀ ਜ਼ਿੰਦਗੀ 'ਚ ਕੇਵਲ ਇਕ ਦੌਲਤਮੰਦ ਕਾਫੀ ਨਹੀਂ। ਮੇਰੇ ਪਿੱਛੋਂ ਜੇ ਤੂੰ ਕਿਸੇ ਹੋਰ ਨੂੰ ਨਹੀਂ ਫਸਾਏਗੀ ਤਾਂ ਕੰਮ ਕਿਵੇਂ ਚੱਲੇਗਾ। ਪਰ ਮੰਟੋ ਜੀ ਇਸ ਨੇ ਮੇਰੀ ਇਕ ਨਹੀਂ ਸੁਣੀ। ਸਾਰਾ ਦਿਨ ਸ਼ਰੀਫ਼ਜ਼ਾਦੀਆਂ ਵਾਂਗ ਘਰ ਹੀ ਪਈ ਰਹਿੰਦੀ ਹੈ। ਮੈਂ ਗੁਫ਼ਾਰ ਸਾਈਂ ਨਾਲ ਸਲਾਹ ਕੀਤੀ ਤਾਂ ਉਸ ਨੇ ਕਿਹਾ ਕਿ ਇਸ ਨੂੰ ਬੰਬਈ ਲੈ ਜਾਓ। ਇਸ ਨੂੰ ਇਥੇ ਲਿਆਂਦਿਆਂ ਦੋ ਮਹੀਨੇ ਹੋ ਗਏ ਹਨ। ਸਰਦਾਰਾਂ ਨੂੰ ਵੀ ਲਾਹੌਰੋਂ ਬੁਲਾਇਆ ਹੈ ਕਿ ਇਸ ਨੂੰ ਸਾਰੇ ਗੁਰ ਸਿਖਾਵੇ। ਗ਼ੁਫਾਰ ਸਾਈਂ ਤੋਂ ਵੀ ਇਹ ਬਹੁਤ ਕੁਝ ਸਿੱਖ ਸਕਦੀ ਹੈ। ਏਥੇ ਮੈਨੂੰ ਕੋਈ ਨਹੀਂ ਜਾਣਦਾ। ਇਸ ਨੂੰ ਖ਼ਿਆਲ ਸੀ ਕਿ ਬਾਬੂ, ਤੇਰੀ ਬੇਇੱਜ਼ਤੀ ਹੋਵੇਗੀ। ਮੈਂ ਆਖਿਆ, ਤੈਨੂੰ ਕੀ ਇਸ ਦੇ ਨਾਲ, ਬੰਬਈ ਬੜਾ ਵੱਡਾ ਸ਼ਹਿਰ ਹੈ। ਲੱਖਾਂ ਰਈਸ ਹਨ। ਮੈਂ ਇਸ ਨੂੰ ਮੋਟਰ ਲੈ ਦਿੱਤੀ ਹੈ ਕਿ ਕੋਈ ਚੰਗਾ ਬੰਦਾ ਫਸਾ ਲੈ-ਮੰਟੋ ਸਾਹਿਬ, ਮੈਂ ਰੱਬ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਇਹ ਆਪਣੇ ਪੈਰਾਂ ਤੇ ਖੜ੍ਹੀ ਹੋ ਜਾਵੇ। ਚੰਗੀ ਤਰ੍ਹਾਂ ਹੁਸ਼ਿਆਰ ਹੋ ਜਾਵੇ। ਮੈਂ ਇਸ ਦੇ ਨਾਂ ਤੇ ਅੱਜ ਹੀ ਦਸ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਤਿਆਰ ਹਾਂ। ਪਰ ਮੈਨੂੰ ਪਤਾ ਹੈ ਕਿ ਬਾਹਰ ਬੈਠੀ ਸਰਦਾਰਾਂ ਦਸਾਂ ਦਿਨਾਂ ਦੇ ਅੰਦਰ ਅੰਦਰ ਹੀ ਇਸ ਨੂੰ ਠੱਗ ਲਵੇਗੀ। ਤੁਸੀਂ ਵੀ ਇਸ ਨੂੰ ਸਮਝਾਓ ਕਿ ਚਾਲਾਕ ਬਣਨ ਦੀ ਕੋਸ਼ਿਸ਼ ਕਰੇ। ਜਦੋਂ ਦੀ ਮੋਟਰ ਖ਼ਰੀਦੀ ਹੈ, ਸਰਦਾਰਾਂ ਹਰ ਸ਼ਾਮੀ ਇਸ ਨੂੰ ਅਪੋਲੋ ਬੰਦਰ ਲੈ ਜਾਂਦੀ ਹੈ। ਪਰ ਅਜੇ ਤੱਕ ਕੋਈ ਕਾਮਯਾਬੀ ਨਹੀਂ ਹੋਈ। ਸੈਂਡੋ ਬੜੀਆਂ ਮਸ਼ਕਿਲਾਂ ਨਾਲ ਅੱਜ ਮੁਹਮੰਦ ਸਫ਼ੀਕ ਨੂੰ ਏਥੇ ਲਿਆਇਆ ਹੈ। ਤੁਹਾਡਾ ਕੀ ਵਿਚਾਰ ਹੈ"?
ਮੈਂ ਆਪਣਾ ਵਿਚਾਰ ਦੱਸਣਾ ਠੀਕ ਨਾ ਸਮਝਿਆ ਪਰ ਬਾਬੂ ਗੋਪੀ ਨਾਥ ਨੇ ਆਪ ਹੀ ਕਹਿ ਦਿੱਤਾ,"ਚੰਗਾ ਖਾਂਦਾ ਪੀਂਦਾ ਆਦਮੀ ਦਿਸਦਾ ਹੈ, ਖ਼ੂਬਸੂਰਤ ਵੀ ਹੈ। ਕਿਉਂ ਜੀ਼ਨੋ ਬਾਈ ਪਸੰਦ ਏ ਤੈਨੂੰ?
ਜ਼ੀਨੋ ਚੁੱਪ ਰਹੀ।
ਬਾਬੂ ਗੋਪੀ ਨਾਥ ਜ਼ੀਨੋ ਦੇ ਬੰਬਈ ਲਿਆਉਣ ਦੀ ਗੱਲ ਸੁਣ ਕੇ ਮੇਰਾ ਦਿਮਾਗ਼ ਹੀ ਚਕਰਾ ਗਿਆ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇੰਝ ਵੀ ਹੋ ਸਕਦਾ ਹੈ। ਪਿੱਛੋਂ ਪੂਰੇ ਅਧਿਐਨ ਬਾਅਦ ਮੇਰੀ ਹੈਰਾਨੀ ਦੂਰ ਹੋ ਗਈ ਕਿ ਬਾਬੂ ਗੋਪੀ ਨਾਥ ਦੀ ਸੱਚ ਮੁਚ ਹੀ ਦਿਲੀ ਖ਼ਾਹਿਸ਼ ਸੀ ਕਿ ਜ਼ੀਨਤ ਬੰਬਈ ਵਿਚ ਕਿਸੇ ਮਾਲਦਾਰ ਆਦਮੀ ਦੀ ਰਖੇਲ ਬਣ ਜਾਵੇ ਜਾਂ ਐਸੇ ਸਾਰੇ ਤਰੀਕੇ ਸਿੱਖ ਜਾਵੇ ਜਿਨ੍ਹਾਂ ਨਾਲ ਉਹ ਵੱਖ-ਵੱਖ ਆਦਮੀਆਂ ਕੋਲੋਂ ਰੁਪਏ ਪੈਸੇ ਬਟੋਰ ਸਕੇ।
-----
ਜ਼ੀਨਤ ਕੋਲੋਂ ਜੇ ਛੁਟਕਾਰਾ ਹੀ ਪਾਉਣਾ ਸੀ ਤਾਂ ਇਹ ਕੋਈ ਔਖਾ ਕੰਮ ਨਹੀਂ ਸੀ। ਬਾਬੂ ਗੋਪੀ ਨਾਥ ਇਕ ਦਿਨ 'ਚ ਹੀ ਇਹ ਕੰਮ ਕਰ ਸਕਦਾ ਸੀ। ਪਰ ਉਸ ਦੀ ਨੀਅਤ ਨੇਕ ਸੀ ਤੇ ਉਸ ਨੇ ਸੱਚੇ ਦਿਲੋਂ ਜ਼ੀਨਤ ਵਾਸਤੇ ਸੁੰਦਰ ਭਵਿੱਖ ਦੀ ਕੋਸ਼ਿਸ ਕੀਤੀ। ਉਸ ਨੂੰ ਐਕਟਰੈਸ ਬਣਾਉਣ ਲਈ ਕਈ ਨਕਲੀ ਡਾਇਰੈਕਟਰਾਂ ਦੀਆਂ ਪਾਰਟੀਆਂ ਕੀਤੀਆਂ। ਘਰ ਵਿਚ ਟੈਲੀਫੋਨ ਵੀ ਲਵਾ ਦਿਤਾ ਪਰ ਗੱਲ ਕਿਸੇ ਤਰਾਂ ਵੀ ਨਾ ਬਣੀ। ਮੁਹੰਮਦ ਸ਼ਫੀਕ ਤੂਸੀ ਲਗਭਗ ਡੇਢ ਮਹੀਨਾ ਆਉਂਦਾ ਰਿਹਾ। ਕਈ ਰਾਤਾਂ ਵੀ ਉਹਨੇ ਜ਼ੀਨਤ ਨਾਲ ਲੰਘਾਈਆਂ ਪਰ ਉਹ ਐਸਾ ਆਦਮੀ ਨਹੀਂ ਸੀ ਜੋ ਕਿਸੇ ਔਰਤ ਦਾ ਸਹਾਰਾ ਬਣ ਸਕੇ। ਬਾਬੂ ਗੋਪੀ ਨਾਥ ਨੇ ਇਕ ਦਿਨ ਬੜੇ ਹੀ ਅਫਸੋਸ ਤੇ ਗ਼ੁੱਸੇ ਨਾਲ ਆਖਿਆ, "ਸ਼ਫੀਕ ਸਾਹਿਬ ਖ਼ਾਲੀ ਖੂਲੀ ਜੈਂਟਲਮੈਨ ਹੀ ਨਿਕਲੇ। ਠੁੱਸਾ ਦੇਖੋ, ਵਿਚਾਰੀ ਜ਼ੀਨਤ ਕੋਲੋਂ ਚਾਰ ਚਾਦਰਾਂ, ਛੇ ਸਰ੍ਹਾਹਣੇ, ਗੁਲਾਫ ਅਤੇ ਦੋ ਸੌ ਰੁਪਏ ਨਕਦ ਹਥਿਆ ਕੇ ਲੈ ਗਏ। ਸੁਣਿਆ ਹੈ ਕਿ ਅੱਜ ਕਲ੍ਹ ਇਕ ਕੁੜੀ ਅਲਮਾਸ ਨਾਲ ਇਸ਼ਕ਼ ਲੜਾ ਰਹੇ ਹਨ"।
-----
ਇਹ ਠੀਕ ਸੀ। ਅਲਮਾਸ ਨਜ਼ੀਰ ਜਾਨ ਪਟਿਆਲੇ ਵਾਲੀ ਦੀ ਸਭ ਤੋਂ ਛੋਟੀ ਤੇ ਆਖ਼ਰੀ ਲੜਕੀ ਸੀ। ਇਸ ਤੋਂ ਪਹਿਲਾਂ ਤਿੰਨ ਭੈਣਾਂ ਸ਼ਫੀਕ ਦੀਆਂ ਦਾਸੀਆਂ ਰਹਿ ਚੁਕੀਆਂ ਸਨ। ਦੋ ਸੌ ਰੁਪਏ ਜੋ ਜ਼ੀਨਾਂ ਤੋਂ ਲਏ ਸਨ, ਮੈਨੂੰ ਪਤਾ ਹੈ ਅਲਮਾਸ ਤੇ ਖ਼ਰਚ ਹੋਏ ਸਨ। ਭੈਣਾਂ ਨਾਲ ਲੜ ਝਗੜ ਕੇ ਅਲਮਾਸ ਨੇ ਜ਼ਹਿਰ ਖਾ ਲਿਆ ਸੀ। ਮੁਹਮੰਦ ਸ਼ਫੀਕ ਤੂਸੀ ਨੇ ਜਦੋਂ ਆਉਣਾ ਜਾਣਾ ਬੰਦ ਕਰ ਦਿਤਾ ਤਾਂ ਜ਼ੀਨਤ ਨੇ ਮੈਨੂੰ ਟੈਲੀਫੋਨ ਤੇ ਤੂਸੀ ਨੂੰ ਲੱਭ ਕੇ ਲਿਆਉਣ ਲਈ ਆਖਿਆ। ਪਰ ਕਿਸੇ ਨੂੰ ਪਤਾ ਹੀ ਨਹੀਂ ਸੀ ਕਿ ਉਹ ਕਿੱਥੇ ਰਹਿੰਦਾ! ਇਕ ਦਿਨ ਅਚਾਨਕ ਰੇਡੀਉ ਸਟੇਸ਼ਨ ਤੇ ਮੁਲਾਕਾਤ ਹੋ ਗਈ। ਸਖ਼ਤ ਪਰੇਸ਼ਾਨ ਦਿਖਾਈ ਦੇਂਦਾ ਸੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਜ਼ੀਨਤ ਸੁਨੇਹਾ ਦੇਂਦੀ ਸੀ ਤਾਂ ਕਹਿਣ ਲੱਗਾ, "ਇਹ ਸੁਨੇਹੇ ਮੈਨੂੰ ਹੋਰ ਵੀ ਕਈ ਪਾਸਿਉਂ ਮਿਲ ਚੁਕੇ ਹਨ। ਅਫਸੋਸ ਹੈ ਕਿ ਅੱਜ ਕਲ੍ਹ ਮੇਰੇ ਕੋਲ ਸਮਾਂ ਹੀ ਨਹੀਂ। ਜ਼ੀਨਤ ਤੇ ਬੜੀ ਚੰਗੀ ਔਰਤ ਹੈ ਪਰ ਅਫ਼ਸੋਸ ਹੈ ਕਿ ਬੇਹੱਦ ਸ਼ਰੀਫ਼ ਹੈ। ਐਸੀਆਂ ਔਰਤਾਂ ਜੋ ਵਹੁਟੀਆਂ ਵਰਗੀਆਂ ਹੋਣ, ਮੈਨੂੰ ਚੰਗੀਆ ਨਹੀਂ ਲਗਦੀਆਂ"।
------
ਸ਼ਫੀਕ ਤੋਂ ਜਵਾਬ ਮਿਲਣ ਪਿੱਛੋਂ ਸਰਦਾਰਾਂ ਤੇ ਜ਼ੀਨਤ ਨੇ ਫੇਰ ਅਪੋਲੋ ਬੰਦਰ ਜਾਣਾ ਸ਼ੁਰੂ ਕਰ ਦਿਤਾ। ਪੰਦਰਾਂ ਦਿਨਾਂ ਦੀ ਖੇਚਲ ਤੇ ਕਈ ਗੈਲਣ ਪਟਰੋਲ ਫੂਕਣ ਪਿੱਛੋਂ ਬੜੀ ਮੁਸ਼ਕਿਲ ਨਾਲ ਦੋ ਆਦਮੀਆਂ ਕੋਲੋਂ ਚਾਰ ਸੌ ਰੁਪਏ ਪ੍ਰਾਪਤ ਹੋਏ। ਬਾਬੂ ਗੋਪੀ ਨਾਥ ਨੇ ਸਮਝਿਆ ਕਿ ਹਾਲਾਤ ਹੁਣ ਠੀਕ ਹੋ ਜਾਣਗੇ ਪਰ ਉਹਨਾਂ ਵਿਚੋਂ ਇਕ ਆਦਮੀ ਜਿਹੜਾ ਰੇਸ਼ਮੀ ਕੱਪੜੇ ਦੀ ਮਿੱਲ ਦਾ ਮਾਲਕ ਸੀ, ਵਿਆਹ ਕਰਵਾਉਣ ਦਾ ਲਾਰਾ ਲਾ ਕੇ ਮਹੀਨਾ ਲੰਘਾ ਗਿਆ, ਨਾ ਆਇਆ।
ਇਕ ਦਿਨ ਮੈਂ ਹਾਰਬਨੀ ਰੋਡ ਤੇ ਕਿਸੇ ਕੰਮ ਜਾ ਰਿਹਾ ਸਾਂ ਕਿ ਫੁਟਪਾਥ ਤੇ ਮੈਂ ਜ਼ੀਨਤ ਦੀ ਮੋਟਰ ਖੜੀ ਵੇਖੀ। ਪਿਛਲੀ ਸੀਟ ਤੇ ਮੁਹਮੰਦ ਨਸੀਨ ਬੈਠਾ ਸੀ, ਨਗੀਨਾ ਹੋਟਲ ਦਾ ਮਾਲਕ। ਮੈਂ ਉਸ ਨੂੰ ਪੁੱਛਿਆ, “ਤੂੰ ਇਹ ਮੋਟਰ ਕਿਥੋਂ ਲਈ ਹੈ?”
ਨਸੀਨ ਮੁਸਕਰਾਇਆ, "ਤੂੰ ਜਾਣਦਾ ਏ ਮੋਟਰ ਵਾਲੀ ਨੂੰ''?
ਮੈਂ ਆਖਿਆ, "ਜਾਣਦਾ ਹਾਂ"।
ਤਾਂ ਬੱਸ ਸਮਝ ਲੈ ਮੇਰੇ ਕੋਲ ਕਿਵੇਂ ਆਈ। ਚੰਗੀ ਕੁੜੀ ਹੈ ਯਾਰ"।
ਨਸੀਨ ਨੇ ਅੱਖ ਦੱਬੀ ਤੇ ਮੁਸਕਰਾ ਪਿਆ।
ਚੌਥੇ ਦਿਨ ਬਾਬੂ ਗੋਪੀ ਨਾਥ ਟੈਕਸੀ ਤੇ ਮੇਰੇ ਦਫ਼ਤਰ ਆਇਆ ਤਾਂ ਉਹਦੇ ਕੋਲੋਂ ਪਤਾ ਲੱਗਾ ਕਿ ਨਸੀਨ ਤੇ ਜ਼ੀਨਤ ਦੀ ਮੁਲਾਕਾਤ ਕਿਵੇਂ ਹੋਈ। ਇਕ ਸ਼ਾਮ ਅਪੋਲੋ ਬੰਦਰ ਤੋਂ ਕੋਈ ਆਦਮੀ ਲੈ ਕੇ ਸਰਦਾਰਾਂ ਤੇ ਜ਼ੀਨਤ ਨਗੀਨਾ ਹੋਟਲ ਗਈਆਂ। ਉਹ ਆਦਮੀ ਤਾਂ ਕਿਸੇ ਗੱਲੋਂ ਝਗੜ ਕੇ ਟੁਰ ਗਿਆ ਪਰ ਹੋਟਲ ਦੇ ਮਾਲਕ ਨਾਲ ਜ਼ੀਨਤ ਦੀ ਦੋਸਤੀ ਹੋ ਗਈ।
ਬਾਬੂ ਗੋਪੀ ਨਾਥ ਨੂੰ ਹੁਣ ਤਸੱਲੀ ਸੀ ਕਿਉਂਕਿ ਦਸ ਪੰਦਰਾਂ ਦਿਨਾਂ ਦੀ ਦੋਸਤੀ 'ਚ ਨਸੀਨ ਨੇ ਜ਼ੀਨੋ ਨੂੰ ਛੇ ਬੜੀਆਂ ਸੁੰਦਰ ਤੇ ਕੀਮਤੀ ਸਾੜ੍ਹੀਆਂ ਲੈ ਦਿੱਤੀਆਂ ਸਨ। ਬਾਬੂ ਗੋਪੀ ਨਾਥ ਹੁਣ ਇਹ ਸੋਚ ਰਿਹਾ ਸੀ ਕਿ ਇਹਨਾਂ ਦੀ ਦੋਸਤੀ ਹੋਰ ਪੱਕੀ ਹੋ ਜਾਵੇ ਤਾਂ ਉਹ ਲਾਹੌਰ ਵਾਪਿਸ ਚਲਾ ਜਾਵੇ ਪਰ ਇੰਝ ਨਾ ਹੋਇਆ।
-----
ਨਗੀਨਾ ਹੋਟਲ ਵਿਚ ਇਕ ਕਰਿਸਚੀਅਨ ਔਰਤ ਨੇ ਕਮਰਾ ਕਿਰਾਏ ਤੇ ਲਿਆ ਤਾਂ ਉਸ ਦੀ ਜਵਾਨ ਲੜਕੀ ਮਿੳਰੇਲ ਨਾਲ ਨਸੀਨ ਦੀ ਅੱਖ ਲੜ ਗਈ ਤੇ ਵਿਚਾਰੀ ਜ਼ੀਨਤ ਤਾਂ ਹੋਟਲ 'ਚ ਬੈਠੀ ਰਹਿੰਦੀ ਤੇ ਨਸੀਨ ਉਸ ਦੀ ਮੋਟਰ ਵਿਚ ੳਸ ਕੁੜੀ ਨੂੰ ਘੁਮਾਉਂਦਾ ਰਹਿੰਦਾ। ਬਾਬੂ ਗੋਪੀ ਨਾਥ ਨੂੰ ਪਤਾ ਲੱਗਾ, "ਮੰਟੋ ਸਾਹਿਬ , ਇਹ ਕਿਸ ਤਰਾਂ ਦੇ ਲੋਕ ਹਨ, ਮੇਰਾ ਤਾਂ ਦਿਲ ਉਚਾਟ ਹੋ ਗਿਆ ਹੈ ਇਹਨਾਂ ਕੋਲੋਂ। ਪਰ ਜ਼ੀਨਤ ਵੀ ਅਜੀਬ ਹੈ, ਮੂੰਹੋਂ ਏਨਾਂ ਵੀ ਨਹੀਂ ਕਹਿੰਦੀ, ਭਾਈ ਜੇ ਇਸ ਕਰਿਸਚੀਅਨ ਕੁੜੀ ਨਾਲ ਇਸ਼ਕ ਕਰਨਾ ਹੈ ਤਾਂ ਮੇਰੀ ਮੋਟਰ ਤਾਂ ਨਾ ਲਿਜਾਓ, ਆਪਣੀ ਮੋਟਰ ਦਾ ਇੰਤਜ਼ਾਮ ਕਰੋ। ਮੈਂ ਕੀ ਕਰਾਂ ਮੰਟੋ ਸਾਹਿਬ ਬੜੀ ਸ਼ਰੀਫ਼ ਤੇ ਨੇਕਬਖ਼ਤ ਔਰਤ ਹੈ, ਕੁਝ ਸਮਝ 'ਚ ਨਹੀਂ ਆਉਂਦਾ, ਕੁਝ ਚਲਾਕ ਬਣਨਾ ਚਾਹੀਦਾ ਹੈ ਇਸ ਨੂੰ"।
-----
ਨਸੀਨ ਨਾਲ ਗੱਲ ਟੁੱਟੀ ਤਾਂ ਜ਼ੀਨਤ ਨੂੰ ਕੋਈ ਦੁੱਖ ਨਾ ਹੋਇਆ। ਕਈ ਦਿਨ ਕੋਈ ਖ਼ਾਸ ਗੱਲ ਨਾ ਵਾਪਰੀ। ਇਕ ਦਿਨ ਟੈਲੀਫੋਨ ਤੇ ਪਤਾ ਲੱਗਾ ਕਿ ਬਾਬੂ ਗੋਪੀ ਨਾਥ, ਗ਼ੁਲਾਮ ਅਲੀ ਤੇ ਗੁਫ਼ਰ ਸਾਈਂ ਨਾਲ ਲਾਹੌਰ ਰੁਪਈਆਂ ਦਾ ਬੰਦੋਬਸਤ ਕਰਨ ਚਲੇ ਗਏ ਹਨ ਕਿਉਂਕਿ ਪੰਜਾਹ ਹਜ਼ਾਰ ਖ਼ਤਮ ਹੋ ਚੁਕੇ ਸਨ। ਜਾਣ ਲੱਗਾ ਉਹ ਜ਼ੀਨਤ ਨੂੰ ਕਹਿ ਗਿਆ ਸੀ ਕਿ ਉਸ ਨੂੰ ਲਾਹੌਰ ਕਈ ਦਿਨ ਲੱਗ ਜਾਣਗੇ ਕਿਉਂਕਿ ਕਈ ਮਕਾਨ ਵੇਚਣੇ ਪੈਣੇ ਸਨ।
----
ਸਰਦਾਰਾਂ ਨੂੰ ਮਾਰਫੀਏ ਦੇ ਟੀਕਿਆਂ ਦੀ ਲੋੜ ਸੀ। ਸੈਂਡੋ ਨੂੰ ਪੋਲਸਨ ਮੱਖਣ ਦੀ। ਏਸ ਲਈ ਦੋਹਾਂ ਨੇ ਯਤਨ ਕੀਤੇ ਤੇ ਹਰ ਰੋਜ਼ ਦੋ-ਤਿੰਨ ਆਦਮੀ ਫਸਾ ਕੇ ਲੈ ਆਉਂਦੇ। ਜ਼ੀਨਤ ਨੂੰ ਦੱਸਿਆ ਗਿਆ ਕਿ ਬਾਬੂ ਗੋਪੀ ਨਾਥ ਵਾਪਿਸ ਨਹੀਂ ਆਵੇਗਾ, ਏਸ ਲਈ ਤੁਹਾਨੂੰ ਆਪਣੀ ਫ਼ਿਕਰ ਕਰਨੀ ਚਾਹੀਦੀ ਹੈ। ਸੌ, ਸਵਾ ਸੌ ਰੁਪਏ ਰੋਜ਼ ਦੇ ਹੋ ਜਾਂਦੇ ਸਨ, ਜਿਨ੍ਹਾਂ ਵਿਚੋਂ ਅੱਧੇ ਜ਼ੀਨਤ ਨੂੰ ਮਿਲਦੇ ਤੇ ਬਾਕੀ ਦੇ ਸੈਂਡੋ ਤੇ ਸਰਦਾਰਾਂ ਦੱਬ ਲੈਂਦੇ।
ਮੈਂ ਇਕ ਦਿਨ ਜ਼ੀਨਤ ਨੂੰ ਕਿਹਾ । "ਇਹ ਤੂੰ ਕੀ ਕਰ ਰਹੀ ਹੈਂ"?
ਉਸ ਨੇ ਬੜੇ ਅੱਲ੍ਹੜਪਨ 'ਚ ਆਖਿਆ, ਮੈਨੂੰ ਕੋਈ ਪਤਾ ਨਹੀਂ ਭਾਈ ਜਾਨ, ਇਹ ਲੋਕ ਜੋ ਕੁਝ ਕਹਿੰਦੇ ਹਨ, ਮੈਂ ਮੰਨ ਲੈਂਦੀ ਹਾਂ"।
-----
ਦਿਲ ਕਰਦਾ ਸੀ ਕਿ ਕੋਲ ਬੈਠ ਕੇ ਸਮਝਾਵਾਂ ਕਿ ਜੋ ਕੁਝ ਤੂੰ ਕਰ ਰਹੀ ਏ ਠੀਕ ਨਹੀਂ। ਸੈਂਡੋ ਤੇ ਸਰਦਾਰਾਂ ਆਪਣਾ ਉੱਲੂ ਸਿਧਾ ਕਰਨ ਲਈ ਤੈਨੂੰ ਵੇਚ ਵੀ ਦੇਣਗੇ। ਪਰ ਮੈਂ ਕੁਝ ਨਾ ਆਖਿਆ। ਜ਼ੀਨਤ ਅਕਾਅ ਦੇਣ ਤੀਕ ਦੀ ਹੱਦ ਤਕ ਬੇ-ਸਮਝ, ਬੇ-ਉਮੰਗ ਤੇ ਬੇ-ਜ਼ੁਬਾਨ ਔਰਤ ਸੀ। ਉਸ ਕਮਬਖ਼ਤ ਨੂੰ ਆਪਣੀ ਜ਼ਿੰਦਗੀ ਦੀ ਕੋਈ ਕਦਰ-ਕੀਮਤ ਹੀ ਨਹੀਂ ਸੀ। ਜੇ ਜਿਸਮ ਹੀ ਵੇਚਣਾ ਸੀ ਤਾਂ ਕੋਈ ਢੰਗ ਤਾਂ ਹੋਣਾ ਚਾਹੀਦਾ ਸੀ। ਅੱਲਾ ਕਸਮ ਇਹ ਜਾਣ ਕੇ ਬੜਾ ਜੀਅ ਦੁਖੀ ਹੁੰਦਾ ਸੀ। ਸਿਗਰਟ, ਸ਼ਰਾਬ, ਖਾਣਾ,ਘਰ, ਟੈਲੀਫੋਨ, ਤੇ ਸੋਫੇ ਜਿਸ ਤੇ ਉਹ ਅਕਸਰ ਲੇਟਦੀ ਸੀ, ਵਿਚ ਉਸ ਨੂੰ ਕੋਈ ਦਿਲਚਸਪੀ ਨਹੀਂ ਸੀ।
-----
ਬਾਬੂ ਗੋਪੀ ਨਾਥ ਪੂਰੇ ਇਕ ਮਹੀਨੇ ਬਾਅਦ ਪਰਤਿਆ। ਮਾਹਿਮ ਵਾਲੇ ਫਲੈਟ ਤੇ ਇਕ ਦਿਨ ਗਿਆ ਵੇਖਿਆ, ਕੋਈ ਹੋਰ ਹੀ ਰਹਿ ਰਿਹਾ ਸੀ। ਸੈਂਡੋ ਨੇ ਸਰਦਾਰਾਂ ਦੀ ਸਲਾਹ ਨਾਲ ਜ਼ੀਨਤ ਲਈ ਬਾਂਦਰਾ 'ਚ ਇਕ ਬੰਗਲੇ ਦਾ ਉਪਰਲਾ ਹਿੱਸਾ ਕਿਰਾਏ ਤੇ ਲੈ ਲਿਆ ਸੀ। ਬਾਬੂ ਗੋਪੀ ਨਾਥ ਮੇਰੇ ਕੋਲ ਆਇਆ ਤਾਂ ਮੈਂ ਉਸ ਨੂੰ ਪੂਰਾ ਪਤਾ ਦੱਸ ਦਿਤਾ। ਉਸ ਨੇ ਮੈਨੂੰ ਜ਼ੀਨਤ ਬਾਰੇ ਪੁੱਛਿਆ, ਜੋ ਕੁਝ ਮੈਨੂੰ ਪਤਾ ਸੀ, ਮੈਂ ਦੱਸ ਦਿਤਾ ਪਰ ਇਹ ਨਾ ਦੱਸਿਆ ਕਿ ਸੈਂਡੋ ਤੇ ਸਰਦਾਰਾਂ ਉਸ ਕੋਲੋਂ ਪੇਸ਼ਾ ਕਰਾਉਂਦੇ ਰਹੇ ਹਨ।
-----
ਬਾਬੂ ਗੋਪੀ ਨਾਥ ਐਤਕੀਂ ਦਸ ਹਜ਼ਰ ਰੁਪਇਆ ਆਪਣੇ ਨਾਲ ਲਿਆਇਆ ਸੀ। ਇਹ ਪੈਸਾ ਵੀ ਬੜੀਆਂ ਮੁਸ਼ਕਲਾਂ ਨਾਲ ਪ੍ਰਾਪਤ ਹੋਇਆ ਸੀ। ਗ਼ੁਲਾਮ ਅਲੀ ਤੇ ਗੁਫ਼ਾਰ ਸਾਈਂ ਨੂੰ ਉਹ ਲਾਹੌਰ ਹੀ ਛੱਡ ਆਇਆ ਸੀ। ਟੈਕਸੀ ਥੱਲੇ ਖਲੋਤੀ ਸੀ। ਬਾਬੂ ਗੋਪੀ ਨਾਥ ਨੇ ਜ਼ਿੱਦ ਕੀਤੀ ਕਿ ਮੈਂ ਵੀ ਉਸ ਦੇ ਨਾਲ ਚੱਲਾਂ।
ਕੋਈ ਇਕ ਘੰਟੇ ਪਿੱਛੋਂ ਅਸੀਂ ਬਾਂਦਰਾ ਪੁੱਜ ਗਏ। ਪਾਲੀਹਿੱਲ ਤੇ ਟੈਕਸੀ ਚੜ੍ਹ ਰਹੀ ਸੀ ਕਿ ਸਾਹਮਣੇ ਤੰਗ ਸੜਕ ਤੇ ਸੈਂਡੋ ਦਿਸਿਆ।
ਬਾਬੂ ਗੋਪੀ ਨਾਥ ਨੇ ਜ਼ੋਰ ਨਾਲ ਆਵਾਜ਼ ਦਿੱਤੀ, “ਸੈਂਡੋ” !
ਸੈਂਡੋ ਨੇ ਜਦ ਬਾਬੂ ਗੋਪੀ ਨਾਥ ਨੂੰ ਵੇਖਿਆ ਤਾਂ ਉਸ ਦੇ ਮੂੰਹੋਂ ਸਿਰਫ਼ ਇਹੋ ਨਿਕਲਿਆ,"ਧੜਨ ਤਖ਼ਤਾ"।
ਬਾਬੂ ਗੋਪੀ ਨਾਥ ਨੇ ਉਸ ਨੂੰ ਆਖਿਆ,"ਆਓ ਟੈਕਸੀ 'ਚ ਬਹਿ ਕੇ ਸਾਡੇ ਨਾਲ ਚੱਲੋ"। ਪਰ ਸੈਂਡੋ ਨੇ ਆਖਿਆ ਟੈਕਸੀ ਇਕ ਪਾਸੇ ਖੜ੍ਹੀ ਕਰੋ, ਮੈਂ ਤੁਹਾਡੇ ਨਾਲ ਕੁਝ ਪਰਾਈਵੇਟ ਗੱਲਾਂ ਕਰਨੀਆਂ ਹਨ"। ਟੈਕਸੀ ਇਕ ਪਾਸੇ ਖਲ੍ਹਾਰ ਦਿਤੀ ਗਈ। ਬਾਬੂ ਗੋਪੀ ਨਾਥ ਖ਼ੁਸ਼ ਸੀ। ਅਸੀ ਦਾਦਰ ਪੁੱਜੇ ਤਾਂ ਉਸ ਕਿਹਾ, "ਮੰਟੋ ਸਾਹਿਬ ਜ਼ੀਨੋ ਦੀ ਸ਼ਾਦੀ ਹੋਣ ਵਾਲੀ ਹੈ"। ਮੈਂ ਹੈਰਾਨੀ ਨਾਲ ਪੁੱਛਿਆ, "ਕੀਹਦੇ ਨਾਲ?"
-----
ਬਾਬੂ ਗੋਪੀ ਨਾਥ ਨੇ ਉੱਤਰ ਦਿਤਾ-"ਹੈਦਰਾਬਾਦ ਸਿੰਧ ਦਾ ਇਕ ਜ਼ਿਮੀਂਦਾਰ ਹੈ ਬੜਾ ਅਮੀਰ। ਰੱਬ ਕਰੇ ਦੋਵੇਂ ਖ਼ੁਸ਼ ਰਹਿਣ। ਇਹ ਵੀ ਚੰਗਾ ਹੈ ਕਿ ਮੈਂ ਸਮੇਂ ਸਿਰ ਪੁੱਜ ਗਿਆ। ਜੋ ਰੁਪਏ ਮੇਰੇ ਕੋਲ ਹਨ, ਇਹਨਾਂ ਨਾਲ ਜ਼ੀਨੋ ਦਾ ਜ਼ੇਵਰ ਬਣ ਜਾਵੇਗਾ ਕਿਉਂ ਕੀ ਖ਼ਿਆਲ ਹੈ ਤੁਹਾਡਾ"? ਮੇਰੇ ਦਿਮਾਗ਼ 'ਚ ਉਸ ਵੇਲੇ ਕੋਈ ਖ਼ਿਆਲ ਨਹੀਂ ਸੀ। ਮੈਂ ਸੋਚ ਰਿਹਾ ਸਾਂ ਕਿ ਹੈਦਰਾਬਾਦ ਸਿੰਧ ਦਾ ਦੌਲਤਮੰਦ ਜ਼ਿਮੀਂਦਾਰ ਕੌਣ ਹੈ। ਸੈਂਡੋ ਤੇ ਸਰਦਾਰਾਂ ਦੀ ਕੋਈ ਜਾਅਲਸਾਜ਼ੀ ਤਾਂ ਨਹੀਂ। ਪਰ ਪਿਛੋਂ ਇਸ ਦੀ ਤਸਦੀਕ ਹੋ ਗਈ ਕਿ ਉਹ ਸੱਚ ਮੁੱਚ ਹੈਦਰਾਬਾਦ ਸਿੰਧ ਦਾ ਅਮੀਰ ਜ਼ਿਮੀਂਦਾਰ ਸੀ ਜਿਸ ਦਾ ਹੈਦਰਾਬਾਦ ਸਿੰਧ ਦੇ ਹੀ ਇਕ ਮਿਊਜ਼ਿਕ ਮਾਸਟਰ ਰਾਹੀਂ ਜ਼ੀਨਤ ਨਾਲ ਪਰੀਚੈ ਹੋਇਆ। ਇਹ ਮਾਸਟਰ ਜ਼ੀਨੋ ਨੂੰ ਗਾਣਾ ਸਿਖਾਉਣ ਦੀ ਫਜ਼ੂਲ ਕੋਸ਼ਿਸ ਕਰਿਆ ਕਰਦਾ ਸੀ।
ਇਕ ਦਿਨ ਉਹ ਆਪਣੇ ਹੈਦਰਾਬਾਦ ਦੇ ਰਈਸ ਨੂੰ ਨਾਲ ਲੈ ਕੇ ਆਇਆ। ਜ਼ੀਨਤ ਨੇ ਚੰਗੀ ਖ਼ਾਤਰ ਕੀਤੀ ਤੇ ਰਈਸ ਦੀ ਫਰਮਾਇਸ਼ ਵੀ ਸੁਣਾਈ-
"ਨੁਕਤਾ ਚੀਂ ਹੈ ਗ਼ਮੇ -ਦਿਲ ਉਸ ਕੋ ਸੁਨਾਏ ਨਾ ਬਨੇ" ਹੈਦਰਾਬਾਦ ਸਿੰਧ ਦਾ ਰਈਸ ਜ਼ਿਮੀਂਦਾਰ ਗੁਲਾਮ ਹੁਸੈਨ ਉਸ ਤੇ ਆਸ਼ਕ਼ ਹੋ ਗਿਆ। ਇਸ ਗੱਲ ਦਾ ਜ਼ਿਕਰ ਮਿਊਜ਼ਿਕ ਮਾਸਟਰ ਨੇ ਜ਼ੀਨਤ ਨਾਲ ਕੀਤਾ। ਸਰਦਾਰਾਂ ਤੇ ਸੈਂਡੋ ਨੇ ਰਲ ਮਿਲ ਕੇ ਗੱਲ ਪੱਕੀ ਕਰ ਦਿਤੀ ਤੇ ਵਿਆਹ ਬੱਝ ਗਿਆ।
-----
ਬਾਬੂ ਗੋਪੀ ਨਾਥ ਖ਼ੁਸ਼ ਸੀ। ਇਕ ਵਾਰ ਉਹ ਸੈਂਡੋ ਦੇ ਦੋਸਤ ਦੇ ਰੂਪ 'ਚ ਜ਼ੀਨਤ ਵੱਲ ਗਿਆ। ਗ਼ੁਲਾਮ ਹੁਸੈਨ ਨਾਲ ਉਸਦੀ ਮੁਲਾਕਾਤ ਹੋਈ ਤੇ ਉਸ ਨੂੰ ਮਿਲ ਕੇ ਬਾਬੂ ਗੋਪੀ ਨਾਥ ਦੀ ਖ਼ੁਸ਼ੀ ਦੂਣੀ ਹੋ ਗਈ। ਮੈਨੂੰ ਕਿਹਾ, “ਮੰਟੋ ਸਾਹਿਬ, ਖ਼ੂਬਸੂਰਤ, ਜਵਾਨ ਅਤੇ ਬੜਾ ਲਾਇਕ ਆਦਮੀ ਹੈ। ਮੈਂ ਏਥੇ ਆਉਂਦਿਆ ਈ ਦਾਤਾ ਗੰਜ ਬਖ਼ਸ਼ ਦੀ ਦਰਗਾਹ ਵਿਚ ਦੁਆ ਮੰਗੀ ਸੀ ਜੋ ਕਬੂਲ ਹੋ ਗਈ। ਰੱਬ ਕਰੇ! ਦੋਵੇਂ ਖ਼ੁਸ਼ ਰਹਿਣ।”
ਬਾਬੂ ਗੋਪੀ ਨਾਥ ਨੇ ਬੜੀ ਵਫ਼ਾਦਾਰੀ ਤੇ ਧਿਆਨ ਨਾਲ ਜ਼ੀਨਤ ਦੀ ਸ਼ਾਦੀ ਦਾ ਪਰਬੰਧ ਕੀਤਾ। ਦੋ ਹਜ਼ਾਰ ਦੇ ਜ਼ੇਵਰ ਤੇ ਦੋ ਹਜ਼ਾਰ ਦੇ ਕੱਪੜੇ ਬਣਵਾਏ। ਪੰਜ ਹਜ਼ਾਰ ਨਕਦ ਦੇ ਦਿਤੇ।
ਮੁਹੰਮਦ ਸ਼ਫੀਕ ਤੂਸੀ, ਮੁਹੰਮਦ ਨਸੀਨ ਮਾਲਕ ਨਗੀਨਾ ਹੋਟਲ, ਸੈਂਡੋ, ਮਿਊਜ਼ਿਜਕ ਟੀਚਰ, ਮੈਂ ਅਤੇ ਬਾਬੂ ਗੋਪੀ ਨਾਥ ਸ਼ਾਦੀ 'ਚ ਸ਼ਾਮਲ ਹੋਏ। ਵਹੁਟੀ ਵਲੋਂ ਸੈਂਡੋ ਵਕੀਲ ਸੀ। ਨਿਕਾਹ ਵੇਲੇ ਇਕ ਦੂਜੇ ਨੂੰ ਕਬੂਲ ਕਰਨ ਦੀਆਂ ਗੱਲਾਂ ਹੋਈਆਂ ਤਾਂ ਸੈਂਡੋ ਨੇ ਹੌਲੀ ਜਿਹੀ ਆਖਿਆ---
"ਧੜਨ ਤਖ਼ਤਾ"।
ਗ਼ੁਲਾਮ ਹੁਸੈਨ ਨੇ ਸਰਜ ਦਾ ਨੀਲਾ ਸੂਟ ਪਾਇਆ ਹੋਇਆ ਸੀ। ਸਾਰਿਆਂ ਉਸ ਨੂੰ ਵਧਾਈ ਦਿੱਤੀ ਜਿਹੜੀ ਉਸ ਨੇ ਖਿੜੇ ਮੱਥੇ ਕਬੂਲ ਕੀਤੀ। ਕਾਫੀ ਲੰਮਾ ਲੰਝਾ ਸੀ ਤੇ ਬਾਬੂ ਗੋਪੀ ਨਾਥ ਉਸ ਦੇ ਸਾਹਮਣੇ ਛੋਟਾ ਜਿਹਾ ਬਟੇਰਾ ਲਗਦਾ ਸੀ।
ਵਿਆਹ ਤੇ ਖਾਣ ਪੀਣ ਦਾ ਇੰਤਜ਼ਾਮ ਵੀ ਗੋਪੀ ਨਾਥ ਦਾ ਹੀ ਸੀ। ਖਾ ਪੀ ਕੇ ਜਦੋਂ ਵਿਹਲੇ ਹੋਏ ਤਾਂ ਬਾਬੂ ਗੋਪੀ ਨਾਥ ਨੇ ਸਾਰਿਆ ਦੇ ਹੱਥ ਧੁਆਏ। ਜਦੋਂ ਮੈਂ ਹੱਥ ਧੋਣ ਲੱਗਾ ਤਾਂ ਉਸ ਨੇ ਬੱਚਿਆਂ ਵਾਂਗ ਆਖਿਆ -"ਮੰਟੋ ਸਾਹਿਬ ਜ਼ਰਾ ਅੰਦਰ ਜਾ ਕੇ ਵੇਖੋ, ਜ਼ੀਨੋ ਵਹੁਟੀ ਵਾਲੇ ਕਪੜਿਆਂ 'ਚ ਕੈਸੀ ਲਗਦੀ ਹੈ"?
-----
ਮੈਂ ਪਰਦਾ ਪਰ੍ਹਾਂ ਕਰ ਕੇ ਅੰਦਰ ਵੜਿਆ। ਜ਼ੀਨੋ ਨੇ ਲਾਲ ਰੰਗ ਦੇ ਕੁੜਤਾ ਸਲਵਾਰ ਪਹਿਨੇ ਹੋਏ ਸਨ। ਦੁਪੱਟਾ ਵੀ ਲਾਲ ਸੀ ਜਿਸ ਤੇ ਗੋਟਾ ਲਾਇਆ ਹੋਇਆ ਸੀ। ਚਿਹਰੇ ਤੇ ਹਲਕਾ ਮੇਕਅਪ ਸੀ। ਮੈਨੂੰ ਭਾਵੇਂ ਬੁੱਲ੍ਹਾਂ ਤੇ ਲਿਪਸਟਕ ਬੜੀ ਭੈੜੀ ਲਗਦੀ ਹੈ ਪਰ ਜ਼ੀਨੋ ਦੇ ਚੰਗੀ ਲੱਗ ਰਹੀ ਸੀ। ੳਸ ਨੇ ਮੈਨੂੰ ਥੋੜ੍ਹਾ ਜਿਹਾ ਝੁਕ ਕੇ ਸਲਾਮ ਆਖਿਆ ਤਾਂ ਬੜੀ ਪਿਆਰੀ ਲੱਗੀ ਪਰ ਜਦੋਂ ਮੈਂ ਕਮਰੇ ਦੇ ਇਕ ਪਾਸੇ ਸੇਜ ਵੇਖੀ ਜਿਸ ਤੇ ਫੁੱਲ ਹੀ ਫੁੱਲ ਸਨ ਤਾਂ ਮੈਨੂੰ ਹਾਸਾ ਆ ਗਿਆ। ਮੈਂ ਜ਼ੀਨਤ ਨੂੰ ਆਖਿਆ, "ਇਹ ਕੀ ਬਕਵਾਸ ਹੈ"?
ਜ਼ੀਨਤ ਨੇ ਮੇਰੇ ਵੱਲ ਇਕ ਮਾਸੂਮ ਕਬੂਤਰੀ ਵਾਂਗ ਵੇਖ ਕੇ ਆਖਿਆ,"ਭਾਈ ਸਾਹਿਬ ਮਜ਼ਾਕ ਕਰਦੇ ਹੋ"। ਤੇ ਇਹ ਆਖ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ।
ਮੈਨੂੰ ਅਜੇ ਆਪਣੀ ਗ਼ਲਤੀ ਦਾ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਬਾਬੂ ਗੋਪੀ ਨਾਥ ਅੰਦਰ ਆਇਆ। ਬੜੇ ਪਿਆਰ ਨਾਲ ਉਸਨੇ ਰੁਮਾਲ ਨਾਲ ਜ਼ੀਨਤ ਦੇ ਅੱਥਰੂ ਪੂੰਝੇ ਤੇ ਦੁੱਖ ਨਾਲ ਮੈਨੂੰ ਆਖਿਆ, "ਮੰਟੋ ਸਾਹਿਬ, ਮੈਂ ਸਮਝਦਾ ਸਾਂ ਤੁਸੀਂ ਬੜੇ ਸਮਝਦਾਰ ਅਤੇ ਲਾਇਕ ਆਦਮੀ ਹੋ। ਜ਼ੀਨੋ ਦਾ ਮਜ਼ਾਕ ਉਡਾਉਣ ਤੋਂ ਪਹਿਲਾਂ ਤੁਸਾਂ ਕੁਝ ਸੋਚਿਆ ਤਾਂ ਹੁੰਦਾ!"
-----
ਬਾਬੂ ਗੋਪੀ ਨਾਥ ਦੇ ਵਤੀਰੇ 'ਚ ਮੇਰੇ ਵਾਸਤੇ ਜਿਹੜੀ ਸ਼ਰਧਾ ਸੀ, ਜ਼ਖ਼ਮੀ ਹੋ ਗਈ। ਏਸ ਤੋਂ ਪਹਿਲਾਂ ਕਿ ਮੈਂ ਉਸ ਦੇ ਕੋਲੋਂ ਮੁਆਫ਼ੀ ਮੰਗਦਾ, ਉਸ ਨੇ ਜ਼ੀਨਤ ਦੇ ਸਿਰ ਤੇ ਹੱਥ ਫੇਰਿਆ ਅਤੇ ਪਿਆਰ ਭਿੱਜੀ ਵਫ਼ਾ ਨਾਲ ਆਖਿਆ, “ਰੱਬ ਤੈਨੂੰ ਖ਼ੁਸ਼ ਰਖੇ।” ਇਹ ਕਹਿ ਕੇ ਗਿੱਲੀਆਂ ਅੱਖਾਂ ਨਾਲ ਬਾਬੂ ਗੋਪੀ ਨਾਥ ਨੇ ਮੇਰੇ ਵੱਲ ਵੇਖਿਆ। ਉਨ੍ਹਾਂ ਅੱਖਾਂ 'ਚ ਮਲਾਮਤ ਸੀ-ਬਹੁਤ ਹੀ ਕਰੁਣਾ ਭਰਪੂਰ ਮਲਾਮਤ ਤੇ ਫੇਰ ਉਹ ਚਲਾ ਗਿਆ।
******
ਸਮਾਪਤ
No comments:
Post a Comment