ਵਿਅੰਗ
ਮੈਨੂੰ ਕਰੀਬੀ ਰਿਸ਼ਤੇਦਾਰੀ ਵਿੱਚ ਆਇਆ ਵਿਆਹ ਕਦੇ ਨਹੀਂ ਸੁਖਾਉਂਦਾ; ਜਿੰਨਾ ਨੇੜੇ ਦਾ ਸਾਕ, ਵਿਆਹ ਵਿੱਚ ਓਨੀ ਹੀ ਵਧੇਰੇ ਜ਼ਲਾਲਤ। ਨੇੜਤਾ ਵਿੱਚ ਵਿਆਹ ਖ਼ੁਸ਼ੀ ਦਾ ਸਬੱਬ ਨਹੀਂ ਬਲਕਿ ਹਉਮੈ ਦਾ ਗਹਿਗੱਚ ਭੇੜ ਹੁੰਦਾ ਹੈ। ਪੁੱਛ ਪੁਛਾਈ, ਦੇਖ ਦਿਖਾਈ, ਲੈਣ ਦੇਣ, ਮੰਨ ਮਨੌਤਾਂ ਆਦਿ ਅਣਗਿਣਤ ਮੌਕੇ ਹਨ ਜਦ ਮਨੁਖ ਦੇ ਹੋਛੇਪਣ, ਹੌਲ਼ੇਪਣ ਤੇ ਛੋਟੇਪਣ ਦਾ ਨਿਰਲੱਜ ਵਿਖਾਵਾ ਹੁੰਦਾ ਹੈ। ਵਿਆਹ ਵਿੱਚ ਵਖਾਦ ਆਇਆ ਹੀ ਰਹਿੰਦਾ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਵਿਆਹ ਦੋ ਰੂਹਾਂ ਦਾ ਮੇਲ ਹੁੰਦਾ ਹੈ, ਬਲਕਿ ਕਈ ਰੂਹਾਂ ਦਾ ਤੋੜ ਵਿਛੋੜਾ ਹੈ, ਇਸਦੇ ਕਈ ਪ੍ਰਤੱਖ ਪ੍ਰਮਾਣ ਹਨ। ਤਕੜੇ ਸਾਕ ਧਿੰਗੋਜ਼ੋਰੀ ਵਿਆਹ ਦੇ ਕਾਰਜ ਦਾ ਪੂਰਾ ਚਾਰਜ ਸੰਭਾਲ ਲੈਂਦੇ ਹਨ, ਵਿਚਾਰੇ ਕਮਜ਼ੋਰ ਖੂੰਜੇ ਲਗਦੇ ਲਗਦੇ ਲੱਖ ਤੋਂ ਕੱਖ ਹੋ ਜਾਂਦੇ ਹਨ।
-----
ਸਾਡੀ ਸੁਣ ਲਓ:
ਭਾਣਜੇ ਦੇ ਵਿਆਹ ਵਿੱਚ ਸਾਡੇ ਨਾਲ ਕੀ ਨਹੀਂ ਹੋਇਆ। ਵਿਆਹ ਚ ਕੰਮ ਸਾਰਾ ਮੈਂ ਕੀਤਾ, ਚੱਜ ਦਾ ਝੱਗਾ ਸਿਵਾਉਣ ਦਾ ਵੀ ਟੈਮ ਨਹੀਂ ਮਿਲਿਆ। ਕੀ ਲੱਭਾ ਮੈਨੂੰ ? ਮਿਲਣੀ ਸਮੇਂ ਵੱਡੇ ਭਰਾ ਨੂੰ ਤਾਂ ਡੱਕਰੇ ਵਰਗੀ ਪਰ ਸਾਡੇ ਹਿੱਸੇ ਫਿਟਕੀ ਜਿਹੀ ਮੁੰਦੀ ਆਈ। ਫਿਰ ਜੋ ਦਿੱਤਾ ਲਿਆ, ਵੱਡੇ ਭਰਾ ਭਰਜਾਈ ਨੂੰ ਤਾਂ ਬੂਹਾ ਬੰਦ ਕਰਕੇ ਸਾਰਾ ਦਿਖਾਇਆ ਪਰ ਸਾਨੂੰ ਹਵਾ ਤੱਕ ਨਹੀਂ ਲੁਆਈ। ਮੈਂ ਰਹਿ ਗਿਆ ਘਰ ਵਾਲੀ ਦੇ ਸਾਰੀ ਉਮਰ ਦੇ ਤਾਹਨੇ ਮਿਹਣੇ ਸੁਣਨ ਜੋਗਾ।
ਭਤੀਜੇ ਦੇ ਵਿਆਹ ਵਿੱਚ ਜੋ ਮੇਰਾ ਘਟਾਅ ਹੋਇਆ ਉਸ ਨਾਲ ਤਾਂ ਮੈਂ ਸੋਚੀਂ ਪੈ ਗਿਆ ਸ਼ਰਮ ਦੇ ਮਾਰੇ ਆਦਮੀ ਸੱਚ ਮੁਚ ਹੀ ਕਿਉਂ ਨਹੀਂ ਮਰ ਜਾਂਦਾ। ਵਿਆਹ ਵਿੱਚ ਸਾਰਾ ਭਰਜਾਈ ਦੇ ਪੇਕਿਆਂ ਦਾ ਰਾਜ। ਮੈਨੂੰ ਭਰਜਾਈ ਦੇ ਪੇਕਿਆਂ ਦੇ ਤਕੜੇ ਹੋਣ ਦੀ ਸ਼ੱਕ ਨਹੀਂ ਸੀ, ਐਵੇਂ ਨਾਨਕੀ ਸ਼ੱਕ ਬਾਰੇ ਪੁੱਛ ਬੈਠਾ, ਬੱਸ ਮੇਰਾ ਸਾਰਾ ਅੱਗਾ ਪਿੱਛਾ ਨੌਲ਼ ਦਿੱਤਾ। ਮੇਰੇ ਸਹੁਰਿਆਂ ਦੀ ਮਾਰੂ ਜ਼ਮੀਨ ਘੱਟੇ ਵਿੱਚ ਰੋਲ ਦਿੱਤੀ, ਉਨ੍ਹਾਂ ਵਲੋਂ ਲਿਆਂਦੇ ਤੇਰ ਤੇ ਜੋੜੇ ਜਾਮੇ ਵੱਲ ਨੱਕ ਤਾਂ ਕੀ ਕਰਨਾ ਸੀ ਚਿਮਟਿਆਂ ਨਾਲ ਵੀ ਨਾ ਚੁੱਕਿਆ। ਭਰਾ ਨੇ ਕਿਹੜੀ ਅੱਖ ਨਾਲ ਅੱਖ ਮਿਲਾਈ, ਪੂਰੀ ਸ਼ਰੀਕੇਬਾਜ਼ੀ ਕੀਤੀ। ਆਪਾਂ ਵੀ ਅਨੰਦ ਕਾਰਜ ਵੇਲੇ ਸੌ ਦੇ ਨੋਟ ਨਾਲ ਹੱਥ ਵਾਰ ਕੇ ਮੁੱਠੀ ‘ਚ ਨੋਟ ਘੁੱਟ ਲਿਆ ਤੇ ਖਿਸਕ ਆਏ।
ਮੈਨੂੰ ਨਹੀਂ ਸੀ ਪਤਾ ਸਹੁਰਿਆਂ ਵਿੱਚ ਵੀ ਮੇਰੀ ਸਾਖ ਪੂਰੀ ਤਰਾਂ ਡਿੱਗ ਚੁੱਕੀ ਹੈ ਤੇ ਛੋਟੇ ਸਾਂਢੂ ਨੇ ਪੂਰੀ ਤਰ੍ਹਾਂ ਪੈਰ ਜਮਾ ਲਏ ਹਨ। ਸਾਲੇ ਦੇ ਵਿਆਹ ਸਮੇਂ ਸਹੁਰੇ ਦੇ ਕੰਨ ਵਿੱਚ ਸਾਂਢੂ ਦੀਆਂ ਫੂਸੀਆਂ ਤੇ ਸੱਸ ਦੀਆਂ ਅੱਖਾਂ ਵਿੱਚ ਸਾਲੀ ਦੀਆਂ ਅੱਖਾਂ। ਮੇਰੀ ਵੁਹਟੀ ਨੂੰ ਹੱਟੀ ਤੇ ਤੋਰੀ ਰੱਖਿਆ, ਮਹਿੰਦੀ ਲੈ ਆ, ਮੌਲੀ ਲੈ ਆ, ਸਲਵਾਰਾਂ ‘ਚ ਨਾਲ਼ੇ ਪਾ ਦੇ। ਫਿਰ ਸਾਰੇ ਕੋਕੇ ਕੋਲੇ ਇਨ੍ਹਾਂ ਦੇ ਘੀਚਰ ਜਿਹੇ ਨਿਆਣਿਆਂ ਦੇ ਢਿੱਡ ‘ਚ। ਰਿਸ਼ਤਾ ਮੇਰੀ ਮਾਂ ਦਾ ਮਾਮਾ ਲਿਆਇਆ ਤੇ ਸਾਰੀ ਪੁੱਛ-ਪ੍ਰਤੀਤ ਘੋਗੜ ਜਿਹੀ ਸਾਲੀ ਤੇ ਸੀਂਢਲ ਜਿਹੇ ਸਾਂਢੂ ਦੀ। ਫਿਰ ਮੈਂ ਕਿਹੜੀ ਘੱਟ ਕੀਤੀ, ਹਲਵਾਈ ਨੂੰ ਸੱਦਣ ਦੇ ਬਹਾਨੇ ਬੱਸ ਅੱਡੇ ਭੱਜ ਆਇਆ ਤੇ ਪਿੰਡ ਆ ਗਿਆ। ਜ਼ਨਾਨੀ ਆਪਣੀ ਦੀ ਪੂਰੀ ਮਿਲੀ ਭੁਗਤ ਸੀ, ਖੇਖਨਹਾਰੀ ਨੇ ਆਪਣੀ ਕਲਾ ਦਾ ਪੂਰਾ ਜਾਦੂ ਚਲਾਇਆ। ਪਿੰਡ ਪਹੁੰਚਣ ਤੋਂ ਪਹਿਲਾਂ ਸਾਲਾ ਘਰ ਬੈਠਾ ਸੀ। ਪੈਰੀਂ ਹੱਥ ਲੁਆ ਕੇ ਗਿਆ ਤੇ ਤੋਲੇ ਦੀ ਮੁੰਦੀ ਲੈ ਕੇ ਨੰਦਾਂ ਦੇ ਖ਼ਤਮ ਹੁੰਦਿਆਂ ਹੀ ਉਡੰਤਰ ਹੋ ਗਿਆ।
-----
ਵੱਡੀ ਸਾਲੀ ਦੇ ਮੁੰਡੇ ਦੇ ਵਿਆਹ ਤੇ ਤਾਂ ਮੈਂ ਗਿਆ ਹੀ ਨਹੀਂ; ਰੁੱਸ ਕੇ ਪੂਰਾ ਮਾਸੜਪੁਣਾ ਕੀਤਾ। ਵਿਆਹ ਤੇ ਦੋ ਆਨੇ ਦਾ ਕਾਟ ਜਿਹਾ ਪਾ ਦਿੱਤਾ। ਅੱਜ ਕੱਲ੍ਹ ਰਿਵਾਜ਼ ਹੈ ਆਪ ਟੈਕਸੀ ਕਰਕੇ ਤੇ ਮਿਠਾਈ ਦਾ ਡੱਬਾ ਲੈ ਕੇ ਵਿਆਹ ਦਾ ਨਿਉਂਦਾ ਦੇਣ ਆਈਦਾ ਹੈ। ਚਲੋ ਕਿਸੇ ਦੇ ਹੱਥ ਹੀ ਭੇਜ ਦਿੰਦੇ ਡੱਬਾ। ਬੱਸ ਮਾਣ ਦੀ ਗੱਲ ਸੀ, ਅਸੀਂ ਕਿਹੜੇ ਮਿਠਾਈ ਦੇ ਭੁੱਖੇ ਸਾਂ, ਬਥੇਰੀ ਕਮਾਈ ਸੀ ਸਾਡੀ। ਮਿੱਠਾ ਭੱਤ ਤਾਂ ਮੈਂ ਖਾਂਦਾ ਵੀ ਨਹੀਂ, ਬੱਸ ਪੀਂਦਾ ਹੀ ਹਾਂ। ਸਾਂਢੂ ਆਪ ਆ ਜਾਂਦਾ, ਪੀਟਰ ਸਕੌਟ ਉਸ ਦੀਆਂ ਨਾਸਾਂ ਚੋਂ ਲੰਘਾ ਦੇਣੀ ਸੀ। ਪਰ ਕਿਉਂ, ਸਾਡੀ ਕਮਾਈ ਉਸ ਤੋਂ ਕਿਥੇ ਦੇਖੀ ਜਾਦੀ ਹੈ। ਆਪਾਂ ਵੀ ਡਾਕ ਚ ਮੈਲ਼ਾ ਸੌ ਦਾ ਨੋਟ ਸ਼ਗਨ ਭੇਜ ਦਿਤਾ। ਮੈਨੂੰ ਪਤਾ ਘਰ ਵਾਲੀ ਅੰਦਰੋਂ ਪੂਰੀ ਤਰਾਂ ਹਿੱਲੀ ਪਈ ਸੀ ਪਰ ਪੇਕਿਆਂ ਦੀਆਂ ਕਸਰਾਂ ਵੇਲੇ ਘੋਗਲ ਕੰਨੀ ਬਣ ਜਾਂਦੀ ਹੈ। ਹੁੰਦੀ ਮੇਰੇ ਭਰਾ ਦੀ ਗੱਲ, ਮਸਾਲੇ ਲਾ ਲਾ ਕੇ ਗੱਲਾਂ ਬਣਾਉਣੀਆਂ ਸਨ।
-----
ਇਹੋ ਜਿਹੇ ਜ਼ਲਾਲਤ ਭਰੇ ਮਨੋ-ਇਤਿਹਾਸ ਕਾਰਨ ਮੈਂ ਨਿਕਟਵਰਤੀਆਂ ਦੇ ਵਿਆਹ ਜਾਣ ਦਾ ਫਸਤਾ ਹੀ ਵੱਢ ਦਿੱਤਾ। ਘਰ ਵਾਲੀ ਜਿੱਧਰ ਮਰਜ਼ੀ ਆਪਣੀ ਲੁਹਾਈ ਜਾਵੇ। ਦੂਰ ਦੀ ਰਿਸ਼ਤੇਦਾਰੀ ਜਾਂ ਚਾਣਚੱਕ ਕਿਸੇ ਓਪਰੇ ਬੰਦੇ ਦੇ ਵਿਆਹ ਦਾ ਸੱਦਾ ਮੈਂ ਖਿੜੇ ਮੱਥੇ ਸਵੀਕਾਰ ਕਰਨ ਲੱਗਾ। ਐਧਰ ਆ ਕੇ ਤਾਂ ਮੈਂ ਇਸ ਫੈਸਲੇ ਨੂੰ ਪੂਰਾ ਅੰਜਾਮ ਦੇ ਦਿੱਤਾ। ਬੜਾ ਆਰਾਮ ਹੈ ਪਰਾਏ ਬੰਦੇ ਦੇ ਵਿਆਹ ਵਿੱਚ। ਕੋਈ ਬੇਲੋੜਾ ਚਾਅ ਨਹੀਂ, ਕੋਈ ਤਣਾਅ ਨਹੀਂ ਤੇ ਕੋਈ ਹਉਮੈ ਦਾ ਟਕਰਾਅ ਨਹੀਂ। ਗਿਆਰਾਂ ਤੋਂ ਗਿਆਰਾਂ ਸੌ ਤੱਕ ਜਿੰਨੇ ਮਰਜ਼ੀ ਪਾ ਦੇਵੋ, ਕੋਈ ਅੰਦੇਸ਼ਾ ਨਹੀਂ। ਚਾਹੇ ਨਾ ਵੀ ਪਾਵੋ, ਲੋਕ ਸਮਝਣਗੇ ਕੋਈ ਮਹਾਪੁਰਸ਼ ਹੈ। ਗੜੀ ਗੜਬੜ ਦੇ ਆਸਾਰ ਦਿਸਣ, ਖਿਸਕ ਆਵੋ। ਤੁਹਾਡੀ ਬੁੱਕਤ ਗਿਣਤੀ ਪੂਰੀ ਕਰਨ ਜਿੰਨੀ ਹੀ ਹੈ।
-----
ਕੈਲਾਮਜ਼ੂ ਗੈਸ ਸਟੇਸ਼ਨ ਵਾਲਾ ਆਪਣਾ ਮਿੱਤਰ ਚਰਨ ਸਿੰਘ ਆਪਣੇ ਸੱਦਿਆਂ ਚ ਹਮੇਸ਼ਾ ਮੈਨੂੰ ਨਾਲ ਜਾਣ ਲਈ ਕਹਿੰਦਾ। ਉਸਦੇ ਮਿੱਤਰ ਸਤਨਾਮ ਦਾ ਵਿਆਹ ਹੋਣਾ ਸੀ, ਮੈਨੂੰ ਵੀ ਚੱਲਣ ਲਈ ਆਖਣ ਲੱਗਾ। ਵਿਆਹ ਤੇ ਜਾਣ ਦੀ ਮੇਰੀ ਕਸਵੱਟੀ ਤੇ ਇਹ ਕੇਸ ਪੂਰਾ ਉਤਰਦਾ ਸੀ। ਮੈਂ ਰਾਜ਼ੀ ਹੋ ਗਿਆ। ਵਿਆਂਦੜ ਨਾਲ ਆਪਣਾ ਤਾਂ ਦੂਰ ਦਾ ਵੀ ਵਾਸਤਾ ਨਹੀਂ, ਆਪਾਂ ਤਾਂ ਚਿਕਨ ਸ਼ਿਕਨ ਦੇ ਨਾਲ ਸ਼ਿਵਜ਼ ਦੇ ਛੇ ਪੈੱਗ ਅੰਦਰ ਸੁੱਟਣੇ ਹਨ, ਹੋਰ ਜੋ ਮਿਲੇ ਲਾਹੇ ਦਾ।
-----
ਤਿਆਰ-ਬਰ-ਤਿਆਰ ਹੋ ਕੇ ਜਦ ਮੈਂ ਚਰਨ ਸਿੰਘ ਦੇ ਘਰ ਪਹੁੰਚਾ ਤਾਂ ਉਹ ਕਹਿੰਦਾ,"ਯਾਰ ਤੂੰ ਤਾਂ ਬੜਾ ਕੁੱਕੜ ਲੱਗ ਰਿਹਾਂ, ਚਮਕਾਂ ਮਾਰਦਾਂ, ਕਿਥੋਂ ਲੈਂਦਾਂ ਕੱਪੜੇ?" ਮੈਂ ਭੇਦ ਦੀ ਗੱਲ ਦੱਸੀ, "ਬੱਸ ਤਣਾਅ ਨਹੀਂ ਰੱਖਣਾ, ਕਪੜੇ ਗੜਵੇ ਵਾਂਗ ਫਿੱਟ ਆਉਂਦੇ ਹਨ। ਤੇਰੇ ਦੋਸਤ ਦਾ ਵਿਆਹ, ਆਪਾਂ ਕੀ ਲੈਣਾ ਦੇਣਾ। ਤੂੰ ਫ਼ਿਕਰਾਂ ਨਾਲ਼ ਮੁੱਕਿਆ ਪਿਆਂ, ਤਾਹੀਂ ਤੇਰਾ ਕੋਟ ਢਿੱਡ ਤੋਂ ਬਾਰ ਬਾਰ ਸਲਿੱਪ ਮਾਰ ਰਿਹਾ ਹੈ ਤੇ ਬੂਟਾਂ ਦੇ ਤਸਮੇ ਢਿੱਲਮ ਢਿੱਲੇ ਹਨ।" ਉਹ ਇਕੋ ਵੇਲੇ ਢਿੱਡ, ਕੋਟ ਤੇ ਬੂਟ ਕੰਨੀਂ ਝਾਕਦਾ ਡਿੱਗਣ ਲੱਗਾ ਸੀ ਕਿ ਮੈਂ ਫੜ ਲਿਆ।
-----
ਮਿਸ਼ੀਗਨ ਲੇਕ ਤੇ ਵਸੇ ਸੁਹਾਵਣੇ ਸ਼ਹਿਰ ਮਸਕੀਗਨ ਦੇ ਇਕ ਗੈਸ ਸਟੇਸ਼ਨ ਦਾ ਮਾਲਕ ਸਤਨਾਮ ਸਿੰਘ ਕਿਸਮਤ ਦਾ ਧਨੀ ਨਿਕਲਿਆ। ਇੰਡੀਆ ਚ ਵਿਆਹਿਆ ਵਰਿਆ ਬਾਲ-ਬੱਚੇਦਾਰ। ਏਧਰ ਘਰਬਾਰ ਦੀ ਮਾਲਕਣ ਤੇ ਚੋਖੀ ਮਾਲਦਾਰ ਅਧਖੜ੍ਹ ਛੜੀ ਗੋਰੀ ਸਤਨਾਮ ਦੇ ਗੇੜ ਵਿੱਚ ਆ ਗਈ। ਗੇੜ ਚ ਤਾਂ ਪਤਾ ਨਹੀਂ ਕੌਣ ਕੇਹਦੇ ਚ ਆਇਆ ਪਰ ਨੈੱਟ ਰਿਜ਼ਲਟ ਇਹ ਸੀ ਕਿ ਦੋਵਾਂ ਦਾ ਵਿਆਹ ਹੋ ਰਿਹਾ ਸੀ। ਵਿਆਹ ਕਾਹਨੂੰ, ਵਿਆਹ ਦੀ ਪਾਰਟੀ ਸੀ, ਇਕ ਛੋਟੇ ਹੋਟਲ ਵਿੱਚ। ਵਿਆਹ ਤਾਂ ਪਤਾ ਨਹੀਂ ਕੋਰਟ ਵਿੱਚ ਹੋ ਚੁੱਕਾ ਸੀ। ਦੇਸੀਆਂ ਦੀਆਂ ਸੌ ਰਮਜ਼ਾਂ ਹੁੰਦੀਆਂ ਵਿਆਹਾਂ ਚ, ਆਪਾਂ ਕੀ ਲੈਣਾ।
-----
ਗੈਸ ਸਟੇਸ਼ਨਾਂ ਵਾਲਿਆਂ ਦੀ ਇਕ ਆਪਣੀ ਹੀ ਦੁਨੀਆਂ ਹੈ, ਇਹ ਸਾਰੇ ਇਕ ਦੂਸਰੇ ਨੂੰ ਜਾਣਦੇ ਹੁੰਦੇ ਹਨ। ਆਪਸ ਵਿੱਚ ਠੱਗੀਆਂ-ਠੋਰੀਆਂ, ਚੋਰ-ਮੋਰੀਆਂ ਤੇ ਹੇਰਾ-ਫੇਰੀਆਂ ਦੇ ਗੁਰ ਸਾਂਝੇ ਕਰਦੇ ਰਹਿੰਦੇ ਹਨ। ਯੂਬਾ ਸਿਟੀ ਵਾਲਾ ਹਰਮੋਹਨ ਬੈਟਲਕਰੀਕ ਦੇ ਸੁਖਪਾਲ ਟਾਂਡੇ ਦੀਆ ਅਗਲੀਆਂ, ਪਿਛਲੀਆਂ ਤੇ ਹੁਣ ਦੀਆਂ ਸਭ ਜਾਣਦਾ ਹੈ। ਦਾਰੂ ਪਿਆਲਾ ਕਰਦੇ ਸਮੇਂ ਇਹ ਝਟਾਪਟ ਐਕਸ਼ਨ ਦੇ ਕਾਇਲ ਹਨ । ਗਾਹਕ ਤਾਂ ਕਦੇ ਆਖਰੀ ਨਹੀਂ ਹੁੰਦਾ ਪਰ ਇਹ ਆਖਰੀ ਤੋਂ ਪਹਿਲਾ ਗਾਹਕ ਭੁਗਤਾ ਕੇ ਮਹਿਫ਼ਿਲ ਵਿੱਚ ਆ ਗੱਜਦੇ ਹਨ ਤੇ ਜਿਸ ਜਿਸ ਦੀ ਗਾਹਕੀ ਦਾ ਟੈਮ ਹੁੰਦਾ ਜਾਂਦਾ ਹੈ, ਗਲਾਸਾ ਚੁੱਕ ਕੇ ਰੁੜ੍ਹਦਾ ਬਣਦਾ ਹੈ।
-----
ਅਸੀਂ ਸਿੱਧੇ ਹੀ ਸਤਨਾਮ ਸਿੰਘ ਦੇ ਗੈਸ ਸਟੇਸ਼ਨ ਤੇ ਸ਼ਾਮ ਦੇ ਪੰਜ ਕੁ ਵਜੇ ਪਹੁੰਚ ਗਏ। ਵਸਾਰ-ਰੰਗਾ ਮਾੜਕੂ ਜਿਹਾ ਸਤਨਾਮ ਕਾਊਂਟਰ ਤੇ ਉਲਝਿਆ ਖੜ੍ਹਾ ਸੀ ਤੇ ਅੱਗੇ ਗਾਹਕਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ। ਮੈਂ ਭਮੱਤਰ ਗਿਆ, ਇਸ ਸ਼ਖ਼ਸ ਦਾ ਵਿਆਹ ਹੋਣ ਲੱਗਾ ਹੈ ਤੇ ਇਹ ਅਜੇ ਗੱਲੇ ਤੇ ਬੈਠਾ ਹੈ। ਚਰਨ ਸਿੰਘ ਨੂੰ ਪੁਛਿਆ,"ਏਹੀ ਬੰਦਾ ਹੈ ਜਿਸ ਦੇ ਵਿਆਹ ਤੇ ਤੂੰ ਮੈਨੂੰ ਲਿਆਇਆਂ?"
"ਕੋਈ ਸ਼ੱਕ ਹੈ?" ਕਹਿੰਦਿਆਂ ਚਰਨ ਸਿੰਘ ਮੁਸ਼ਕੜੀਆਂ ਚ ਹੱਸਿਆ ਜਿਸ ਨੂੰ ਸ਼ਾਬਦਿਕ ਭਾਸ਼ਾ ਚ ਇਸ ਤਰ੍ਹਾਂ ਉਲਥਾਇਆ ਜਾ ਸਕਦਾ ਹੈ, 'ਇਸ ਦੇਸ਼ ਵਿੱਚ ਜਿੰਨਾ ਚਿਰ ਵੱਟਤ ਹੋ ਸਕਦੀ ਹੈ ਕਰੀ ਜਾਓ, ਵਿਆਹ ਤਾਂ ਕੀ ਭਾਵੇਂ ਮੌਤ ਵੀ ਦੋ ਘੰਟਿਆਂ ਨੂੰ ਆਉਣ ਵਾਲੀ ਹੋਵੇ।'
-----
ਪਰ ਚਰਨ ਸਿੰਘ ਸਮਝ ਗਿਆ ਕਿ ਉਸਨੇ ਇਕ ਗ਼ਲਤੀ ਕਰ ਲਈ ਹੈ, ਮੇਰਾ ਸਤਨਾਮ ਸਿੰਘ ਨਾਲ ਪਰਿਚੈ ਨਹੀਂ ਕਰਵਾਇਆ। ਸੋ ਛੇਤੀ ਦੇਣੀ ਉਸ ਨੇ ਗ਼ਲਤੀ ਸੁਧਾਰੀ। ਸਤਨਾਮ ਸਿੰਘ ਨੇ ਖਿੜੇ ਮੱਥੇ ਮੇਰਾ ਪਰਿਚੈ ਤੇ ਵਿਆਹ ਵਿੱਚ ਸ਼ਮੂਲੀਅਤ ਤਸਲੀਮ ਕਰ ਲਈ। ਉਸ ਨੂੰ ਮੇਜ਼ਬਾਨ ਹੋਣ ਦਾ ਫ਼ਰਜ਼ ਯਾਦ ਆਇਆ," ਜੇ ਚਾਹ ਪੀਣੀ ਹੈ ਤਾਂ ਮੈਂ ਘਰ ਦੀਆਂ ਡਾਇਰੈਕਸ਼ਨਾਂ ਦੇ ਦਿੰਨਾਂ, ਜੇ ਬੀਅਰ ਪੀਣੀ ਹੈ ਤਾਂ ਸਟੋਰ ਦੇ ਪਿਛਵਾੜੇ ਚਲੇ ਜਾਓ।" ਬੀਅਰ ਦਾ ਥਿਆਕੜਾ ਬਲਿਆ ਪਿਆ ਸੀ, ਚਾਹ ਕਿਸਨੇ ਫ਼ੂਕਣੀ ਸੀ। ਅਸੀਂ ਸਟੋਰ ਦੇ ਪਿਛਵਾੜੇ ਚਲੇ ਗਏ। ਉਥੇ ਸਾਡੇ ਵਰਗੇ ਹੋਰ ਅਤਿਥੀ ਬੀਅਰ ਡਕਾਰ ਰਹੇ ਸਨ। ਚਰਨ ਸਿੰਘ ਉਨ੍ਹਾਂ ਵਿਚੋਂ ਕਈਆਂ ਨੂੰ ਜਾਣਦਾ ਸੀ। ਉਹ ਮੇਰੀ ਪਸੰਦ ਦੀ ਬੀਅਰ ਕਾਰੋਨਾ ਲੈ ਆਇਆ ਤੇ ਅਸੀਂ ਸਾਰੇ ਚੀਅਰਜ਼ ਕਰਕੇ ਪੀਣ ਲੱਗ ਪਏ।
-----
ਸਤਨਾਮ ਸਿੰਘ ਦੇ ਇਸ ਅਜਬ ਵਿਆਹ ਦੀਆਂ ਗੱਲਾਂ ਕਰਦਿਆਂ ਸੱਤ ਤੋਂ ਉਪਰ ਟਾਈਮ ਹੋ ਗਿਆ। ਸਤਨਾਮ ਸਟੋਰ ਬੰਦ ਕਰਕੇ ਸਾਨੂੰ ਹੋਟਲ ਲੈ ਆਇਆ। ਹੋਟਲ ਦੇ ਬਾਹਰ ਲੰਬੀ ਦਾੜ੍ਹੀ, ਉਨਾਬੀ ਪੱਗ, ਪੱਕੇ ਰੰਗ ਤੇ ਇਕਹਿਰੇ ਸਰੀਰ ਵਾਲਾ ਅੱਧਖੜ੍ਹ ਬੰਦਾ ਖੜ੍ਹਾ ਦਿਸਿਆ। ਇਹ ਜਗਤਾਰ ਸਿੰਘ ਸੀ ਜੋ ਸ਼ਿਕਾਗੋ ਤੋਂ ਆਇਆ ਸੀ ਤੇ ਮੇਰੇ ਵਰਗਾ ਬਿਨ ਬੁਲਾਇਆ ਮਹਿਮਾਨ ਸੀ। ਵੱਡੀ ਗੱਲ ਬੁਲਾਇਆ ਵੀ ਚਰਨ ਸਿੰਘ ਨੇ ਹੀ ਸੀ। ਸਤਨਾਮ ਸਿੰਘ ਨੂੰ ਕੀ ਫ਼ਰਕ ਸੀ, ਛੋਟੀ ਜਿਹੀ ਪਾਰਟੀ ਸੀ, ਥੋੜ੍ਹੀ ਰੌਣਕ ਵਧ ਜਾਵੇਗੀ। ਬਥੇਰੇ ਬੁਲਾਏ ਮਹਿਮਾਨ ਨਹੀਂ ਵੀ ਆਉਂਦੇ, ਉਨ੍ਹਾਂ ਦੀ ਖ਼ਾਲੀ ਜਗ੍ਹਾ ਮੈਂ ਤੇ ਜਗਤਾਰ ਸਿੰਘ ਪੁਰ ਕਰ ਦੇਵਾਂਗੇ। ਪਰ ਚਰਨ ਸਿੰਘ ਦਾ ਇਹ ਬੰਦਾ ਪੁਰਾਣਾ ਯਾਰ ਸੀ, ਉਸਨੇ ਮੈਨੂੰ ਇਸ ਬਾਰੇ ਇਸ਼ਾਰੇ ਮਾਤਰ ਦੱਸਿਆ ਸੀ।
-----
ਛੋਟੇ ਜਿਹੇ ਹਾਲ ਵਿੱਚ ਸਾਰਾ ਪ੍ਰੋਗਰਾਮ ਸੀ, ਮਸਾਂ ਪੰਜਾਹ ਬੰਦੇ ਹੀ ਹੋਣਗੇ। ਉੱਘੜ-ਦੁੱਘੜੇ ਡੱਠੇ ਹੋਏ ਮੇਜ਼ ਜਿਵੇਂ ਢਾਬਾ ਹੁੰਦਾ, ਪਰੇ ਖਾਣਾ ਲੱਗਾ ਹੋਇਆ ਸੀ। ਆਉਂਦਿਆਂ ਹੀ ਲੋਕਾਂ ਨੇ ਬਾਰ ਦੁਆਲੇ ਝੁਰਮਟ ਪਾ ਕੇ ਚੱਕ ਲੈ ਚੱਕ ਲੈ ਕਰ ਦਿੱਤੀ। ਸਵਾ ਲੱਖ ਜਗਤਾਰ ਸਿੰਘ ਹੀ ਸੀ ਜੋ ਘਣੇਰੀ ਵਾਟ ਝਾਗ ਕੇ ਆਇਆ ਸੀ। ਬਾਕੀ ਸਾਰਾ ਲਾਣਾ ਤਾਂ ਲੋਕਲ ਜਾਂ ਲੋਕਲ ਜਿਹਾ ਹੀ ਸੀ। ਮੈਂ ਜਗਤਾਰ ਦੇ ਕੋਲ ਨੂੰ ਹੋਇਆ ਕਿ ਇਸ ਸੂਰਮੇ ਦੀ ਕੁਝ ਸਾਰ ਲਈ ਜਾਵੇ। ਉਹ ਗਟਾ-ਗਟ ਪੀ ਰਿਹਾ ਸੀ। ਮੈਂ ਉਸ ਨੂੰ ਪੁੱਛਿਆ, "ਤੁਸੀਂ ਸ਼ਿਕਾਗੋ ਤੋਂ ਹੋ, ਕੀ ਕਰਦੇ ਹੋ?" ਓਕੜਛੋਹਾ ਬੈਠਾ ਉਹ ਥੋੜ੍ਹਾ ਚੌੜਾ ਹੋਇਆ ਤੇ ਬਣਾ ਸੁਆਰ ਕੇ ਬੋਲਿਆ,"ਬੈਂਗਣ ਬੀਜਿਆ ਨਹੀਂ, ਭੁੜਥਾ ਬਣਾ ਲਿਆ।" ਮੈਂ ਆਊਂ ਬਤਾਊਂ, ਇਹ ਕੀ ਜਵਾਬ ਹੋਇਆ। ਸ਼ਾਇਦ ਉਸ ਕੋਈ ਕਹਾਵਤ ਕਥੀ ਸੀ ਜੋ ਮੈਂ ਨਹੀਂ ਸੀ ਸਮਝਦਾ। ਜੇ ਨਹੀਂ ਤਾਂ ਇਸ ਵਿੱਚ ਕਹਾਵਤ ਦੇ ਲੱਛਣ ਜ਼ਰੂਰ ਸਨ, ਕਹਾਵਤ ਬਣਨ ਦੀ ਯੋਗਤਾ ਸੀ। ਮੇਰੀ ਉਸ ਪ੍ਰਤੀ ਦਿਲਚਸਪੀ ਵਧ ਗਈ, ਹਮ-ਚਿਪਕ ਹੋਣਾ ਵੀ ਇਸਦਾ ਇਕ ਕਾਰਨ ਸੀ। ਜਦ ਵੀ ਮੈਂ ਉਸਨੂੰ ਕੁਝ ਪੁੱਛਾਂ ਏਹੀ ਰਹੱਸਵਾਦੀ ਤੋੜਾ,"ਬੈਂਗਣ ਬੀਜਿਆ ਨਹੀਂ, ਭੁੜਥਾ ਬਣਾ ਲਿਆ।" ਹਾਰ ਕੇ ਮੈਂ ਚਰਨ ਸਿੰਘ ਨੂੰ ਇਸ ਉਕਤੀ ਦੇ ਭਾਵ ਅਰਥ ਪੁੱਛੇ। ਉਸਨੇ ਕੁਝ ਗੁਣਨ-ਗੁਣਨ ਕੀਤਾ। ਸ਼ੋਰ ਸ਼ਰਾਬੇ ਤੇ ਘੁੰਮਦੇ ਸਿਰ ਕਾਰਨ ਸਿਰ ਚ ਕੁਝ ਵੜ ਨਹੀਂ ਸੀ ਰਿਹਾ। ਪੰਜ ਸੱਤ ਵਾਰੀ ਹੈਂ ਹੈਂ ਤੇ ਗੁਣਨ-ਗੁਣਨ ਪਿਛੋਂ ਜੋਂ ਟੋਟਿਆਂ ਵਿੱਚ ਗ੍ਰਹਿਣ ਹੋਇਆ ਉਹ ਜੋੜਨ ਪਿਛੋਂ ਤੱਤਪਰਜ ਇਹ ਨਿਕਲਿਆ ਕਿ ਇਹ ਸ਼ਖ਼ਸ ਇਲਲੀਗਲ ਆਇਆ ਹੈ ਤੇ ਜੋ ਵੀ ਕੰਮ ਕਰਦਾ ਹੈ ਉਸ ਵਿੱਚ ਵਾਹਵਾ ਕਮਾਈ ਹੈ।
-----
ਪਾਰਟੀ ਭਖ ਪਈ। ਬੱਕਰੇ ਬੁਲਾਏ ਜਾ ਰਹੇ ਸਨ, ਮੱਘੇ ਨਿਕਲ ਰਹੇ ਸਨ, ਬੱਘੀਆਂ ਮੋੜੀਆਂ ਜਾ ਰਹੀਆਂ ਸਨ ਤੇ ਚਿਕਨ ਦੀਆਂ ਟੰਗਾਂ ਮਰੋੜੀਆਂ ਜਾ ਰਹੀਆਂ ਸਨ। ਸਤਨਾਮ ਤੇ ਉਸਦੀ ਨਵੀਂ ਕੀਤੀ ਗੋਰੀ ਮਹਿਫ਼ਿਲ ਵਿੱਚ ਗੇੜੀ ਦੇ ਰਹੇ ਸਨ, ਖ਼ੁਸ਼ ਖ਼ੁਸ਼। ਕਈ ਲੋਕ ਉਸਦੀ ਪਤਨੀ ਨੂੰ ਫਲਾਇੰਗ ਕਿੱਸ ਦੇ ਰਹੇ ਸਨ, ਕੁਝ ਵਧੇਰੇ ਉਤਸ਼ਾਹੀ ਸਚਮੁੱਚ ਦੀ ਕਿੱਸ। ਪਰ ਸਤਨਾਮ ਸਿੰਘ ਦੀ ਸਿਹਤ ਤੇ ਕੋਈ ਅਸਰ ਨਹੀਂ ਸੀ ਹੋ ਰਿਹਾ। ਜ਼ਰ, ਜ਼ੋਰੂ ਤੇ ਜ਼ਮੀਨ ਉਸ ਕੋਲ ਵਾਧੂ ਸਨ।
-----
ਪਤਾ ਨਹੀਂ ਕਿਹੜੇ ਵੇਲੇ ਗਾਉਣਾ-ਵਜਾਉਣਾ ਸ਼ੁਰੂ ਹੋ ਗਿਆ। ਕੁਝ ਲੋਕ ਅਖਾੜੇ ਵਿੱਚ ਆਉਂਦੇ ਪਰ ਮਾੜਾ ਮੋਟਾ ਲੱਕ ਹਿਲਾ ਕੇ ਤੇ ਉਂਗਲਾਂ ਉਪਰ ਨੂੰ ਉਠਾ ਕੇ ਬਾਰ ਵੱਲ ਹੁੰਦੇ ਹੋਏ ਟੇਬਲ ਤੇ ਲੁੜਕ ਜਾਂਦੇ। ਮੱਛੀ ਮਾਰਕੀਟ ਦਾ ਦ੍ਰਿਸ਼ ਬਣਦਾ ਜਾ ਰਿਹਾ ਸੀ। ਅਖੀਰ ਵਿੱਚ ਬੈਂਗਣ ਭੜਥੇ ਵਾਲੇ ਦਾ ਇਕ ਗੱਦਾਜ਼ ਤੇ ਖ਼ੂਬਸੂਰਤ ਗੋਰੀ ਨਾਲ ਨਾਚ ਕਰਦੇ ਹੋਣ ਦਾ ਟਿਕਾਊ ਸੀਨ ਦਿਸਿਆ। ਗੋਰੀ ਕੁੱਲ੍ਹੇ ਮਟਕਾਉਂਦੀ ਹਿੱਪ ਹੌਪ ਨੱਚੇ ਤੇ ਜਗਤਾਰ ਭੰਗੜੇ ਦੀਆਂ ਮੁਦਰਾਵਾਂ ਨਾਲ ਉਸ ਵੱਲ ਮੇਲ੍ਹਦਾ ਆਵੇ। ਦੋਨੋਂ ਹਰ ਅਗਲੇ ਗੇੜ ਵਿੱਚ ਇਕ ਦੂਜੇ ਦੇ ਹੋਰ ਨੇੜੇ ਹੁੰਦੇ ਜਾਣ। ਅਛੋਪਲੇ ਹਿੱਪ ਹੌਪ ਭੰਗੜੇ ਵਿੱਚ ਤੇ ਭੰਗੜਾ ਹਿਪ ਹੌਪ ਵਿਚ ਅਭੇਦ ਹੁੰਦਾ ਗਿਆ। ਨਵੀਂ ਨਾਚ-ਕ੍ਰੀੜਾ ਸਹਿਜੇ ਸਹਿਜੇ ਕਾਮ-ਕ੍ਰੀੜਾ ਵਿੱਚ ਵਟਦੀ ਗਈ। ਵਜਦ ਵਿੱਚ ਨੱਚਦੀ ਆਉਂਦੀ ਗੋਰੀ ਨੇ ਆਪਣੀ ਸਕਰਟ ਥੋੜ੍ਹੀ ਥੋੜ੍ਹੀ ਉਪਰ ਨੂੰ ਸਰਕਾਉਣੀ ਸ਼ੁਰੂ ਕਰ ਦਿੱਤੀ ਤੇ ਜਗਤਾਰ ਸਿੰਘ ਉਸਦੇ ਜਿਸਮ ਦੇ ਹੋਰ ਨਿਕਟ ਆਉਂਦਾ ਆਉਂਦਾ ਉਸਦੇ ਪੱਟਾਂ ਦੇ ਵਿੱਚ ਵੜਨ ਨੂੰ ਕਰਨ ਲੱਗ ਪਿਆ। ਉਸਦੀਆਂ ਅੱਖਾਂ ਚੋਂ ਵਾਸਨਾ ਟਪਕਣ ਲੱਗੀ; ਉਸਦੀ ਲੰਬੀ ਦਾੜ੍ਹੀ ਦੋ ਫਾਕਾਂ ਵਿੱਚ ਲਹਿਰਾ ਰਹੀ ਸੀ। ਸਾਰੇ ਲੋਕਾਂ ਦੀਆਂ ਅੱਖਾਂ ਉਘੜ ਆਈਆਂ, ਉਹ ਬਹਿ ਜਾ ਬਹਿ ਜਾ ਕਰ ਉਠੇ। ਇਹ ਸਾਰਾ ਜਲਵਾ ਇਕ ਪਾਸੇ ਟੇਬਲ ਤੇ ਬੈਠਾ ਇਕ ਹੋਰ ਬੰਦਾ ਦੇਖ ਦੇਖ ਕੇ ਜਲ਼ ਭੁੱਜ ਰਿਹਾ ਸੀ। ਉਹ ਕਦੋਂ ਦਾ ਹੁੰਦੇ ਨਾਚ ਵੱਲ ਕੌੜ ਕੌੜ ਝਾਕਦਾ, ਟੇਬਲ ਤੇ ਮੁੱਕੀਆਂ ਮਾਰਦਾ ਰਿਹਾ ਸੀ। ਜਦ ਨਾਚ ਦੀ ਗਰਮੀ ਉਬਲਣ ਬਿੰਦੂ ਤੇ ਪਹੁੰਚ ਗਈ ਤਾਂ ਉਸ ਬੰਦੇ ਤੋਂ ਰਿਹਾ ਨਾ ਗਿਆ। ਉਹ ਯਕਾਯਕ ਉਠਿਆ ਤੇ ਧੁੱਸ ਦੇ ਕੇ ਅਖਾੜੇ ਵੱਲ ਵਧਿਆ। ਜਾਂਦਿਆਂ ਹੀ ਉਸਨੇ ਜਗਤਾਰ ਸਿੰਘ ਦੇ ਤਾਅੜ ਕਰਦਾ ਥੱਪੜ ਠੋਕ ਦਿੱਤਾ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੰਜਾਬੀ ਬੰਦਾ ਇਸ ਗੋਰੀ ਦਾ ਬੁਆਏ ਫਰੈਂਡ ਸੀ। ਜਗਤਾਰ ਸਿੰਘ ਘੁਮੇਟਣੀਆਂ ਖਾਂਦਾ ਫ਼ਰਸ਼ ਤੇ ਢਹਿ ਪਿਆ। ਰੋਹ ਚ ਆਏ ਬੰਦੇ ਨੇ ਚੌਫਾਲ ਡਿਗੇ ਪਏ ਜਗਤਾਰ ਸਿੰਘ ਤੇ ਹੋਰ ਹੂਰੇ ਮੁੱਕੇ ਜੜ੍ਹਦਿਆਂ ਉਸਦਾ ਪੂਰਾ ਭੁੜਥਾ ਬਣਾ ਦਿਤਾ। ਸ਼ਰਾਬ ਨਾਲ ਧੁੱਤ, ਖ਼ੂਨ ਨਾਲ ਲੱਥ ਪਥ ਤੇ ਸ਼ਿਕਾਗੋ ਦੀ ਵਾਟ ਤੇ ਨਾਚ ਦਾ ਥੱਕਾ ਟੁੱਟਾ ਜਗਤਾਰ ਫ਼ਰਸ਼ ਨਾਲ ਚਿਪਕਿਆ ਪਿਆ ਸੀ। ਹਾਲ ਵਿੱਚ ਹਫੜਾ-ਦਫੜੀ ਮੱਚ ਗਈ। ਮਿਊਜ਼ਿਕ ਬੰਦ ਹੋ ਗਿਆ। ਕੋਈ ਉਸਨੂੰ ਹਿਲਾਉਣ ਨਾ ਆਇਆ। ਮੈਂ ਤੇ ਚਰਨ ਸਿੰਘ ਨੇ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਪੈਂਥੜ ਦਾ ਨਪੈਂਥੜ।
-----
ਹੋਟਲ ਵਾਲਿਆਂ ਪੁਲੀਸ ਨੂੰ ਫੋਨ ਖੜਕਾ ਦਿੱਤਾ ਤੇ ਪੰਜਾਂ ਮਿੰਟਾਂ ਵਿੱਚ ਚਊਂ ਚਊਂ ਕਰਦੀਆਂ ਪੋਲੀਸ ਦੀਆਂ ਦੋ ਗੱਡੀਆਂ ਆ ਗਈਆਂ। ਏਨੇ ਨੂੰ ਕਿਸੇ ਨਾ ਕਿਸੇ ਤਰਾਂ ਜਗਤਾਰ ਨੂੰ ਖੜ੍ਹਾ ਕਰ ਲਿਆ ਗਿਆ। ਉਹ ਪੱਗ ਦੇ ਮੰਢੇਰ ਮਾਰ ਰਿਹਾ ਸੀ ਕਿ ਪੁਲਸੀਏ ਅੰਦਰ ਆ ਵੜੇ। ਉਨ੍ਹਾਂ ਕਊਂਟਰ ਤੇ ਕੁਝ ਘੁਸਰ ਮੁਸਰ ਕੀਤੀ, ਸਭ ਨੂੰ ਹੋਟਲ ਦੇ ਕਰਮਚਾਰੀ ਜਗਤਾਰ ਵੱਲ ਇਸ਼ਾਰਾ ਕਰਦੇ ਦਿਖਾਈ ਦਿੱਤੇ। ਇਕ ਪੋਲੀਸ ਆਫ਼ੀਸਰ ਨੇ ਸਭ ਨੂੰ ਸੰਬੋਧਤ ਹੁੰਦਿਆ ਪੁੱਛਿਆ, "ਇਹ ਕੌਣ ਹੈ, ਕਿਸ ਨੇ ਇਸਨੂੰ ਬੁਲਾਇਆ?" ਵਿਆਹ ਵਾਲਾ ਸਤਨਾਮ ਸਿੰਘ ਚੁੱਪ, ਚਰਨ ਸਿੰਘ ਨੇ ਮੂੰਹ ਹੋਰ ਪਾਸੇ ਕਰ ਲਿਆ, ਨਾਚ ਕਰਨ ਵਾਲੀ ਗੋਰੀ ਆਪਣੇ ਬੁਆਏ ਫਰੈਂਡ ਦੇ ਨਾਲ ਚਿੰਬੜ ਗਈ। ਮੈਂ ਖ਼ੁਦ ਡਰ ਗਿਆ, ਜੇ ਕੁਝ ਬੋਲ ਬੈਠਾ ਤਾਂ ਮੇਰੀ ਪੁੱਛ-ਗਿੱਛ ਹੋਵੇਗੀ, ਤੂੰ ਕਿਹੜੇ ਬਾਗ਼ ਦੀ ਮੂਲੀ? ਜਗਤਾਰ ਸਿੰਘ ਤੋਂ ਪੁੱਛਿਆ ਗਿਆ ਕਿ ਉਹ ਕਿਥੋਂ ਆਇਆ ? ਉਸਨੇ ਦੱਸਿਆ ਕਿ ਉਹ ਸ਼ਿਕਾਗੋ ਤੋਂ ਆਇਆ ਹੈ। ਪਰ ਕਿਸਨੇ ਸੱਦਿਆ, ਉਸਨੇ ਨਾਂ ਨਹੀਂ ਲਿਆ ਸ਼ਾਇਦ ਕਿਸੇ ਨੂੰ ਉਲਝਾਉਣਾ ਨਾ ਚਾਹੁੰਦਾ ਹੋਵੇ। ਅਖੀਰ ਪੁਲਸੀਏ ਨੇ ਜਗਤਾਰ ਨੂੰ ਹੁਕਮ ਲਾਇਆ, "ਮੈਂ ਤੈਨੂੰ ਇਕ ਮਿੰਟ ਯਾਨੀ 60 ਸੈਕਿੰਡ ਦਿੰਦਾ ਹਾਂ, ਏਥੋਂ ਰਿੜ੍ਹਦਾ ਹੋ, ਜੇ ਮਿੰਟ ਦੇ ਵਿੱਚ ਵਿੱਚ ਤੂੰ ਨਹੀਂ ਭੱਜਿਆ ਤਾਂ ਤੂੰ ਜੇਲ੍ਹ ਵਿੱਚ ਹੋਵੇਂਗਾ।" ਇਹ ਕਹਿੰਦੇ ਹੋਏ ਉਹ ਘੜੀ ਵੱਲ ਦੇਖਣ ਲੱਗ ਪਿਆ ਤੇ ਹੁਕਮ ਦੀ ਤਾਮੀਲ ਉਡੀਕਣ ਲੱਗਾ। ਜਗਤਾਰ ਨੇ ਏਧਰ ਉਧਰ ਦੇਖਿਆ, ਕੋਈ ਉਸਦਾ ਹਮਦਰਦ ਨਹੀਂ ਸੀ। ਉਹ ਦੋ ਤਿੰਨ ਵਾਰ ਪੁਲਸ ਵੱਲ ਝਈਆਂ ਲੈ ਲੈ ਗਰਜਿਆ,"ਯੂ ਵਾਈਟ ਮੈਨ, ਯੂ ਰੇਸਿਸਟ, ਯੂ ਫੱਕ!' ਮੈਨੂੰ ਪੁਲੀਸ ਨੂੰ ਸ਼ਰੇਆਮ ਕੋਸ ਰਹੇ ਜਗਤਾਰ ਦੇ ਹੌਸਲੇ ਤੋਂ ਘਬਰਾਹਟ ਹੋਣ ਲੱਗੀ, ਸੋਚਿਆ ਹੋਰ ਫਸੇਗਾ। ਲੱਗਦਾ ਉਸ ਨੇ ਇਹ ਟਰਿੱਕ ਪਹਿਲਾਂ ਕਈ ਵਾਰੀ ਵੀ ਚਲਾਇਆ ਹੋਵੇਗਾ ਤੇ ਜ਼ਰੂਰ ਉਸਨੂੰ ਰਾਸ ਆਉਂਦਾ ਹੋਵੇਗਾ। ਪਰ ਇਸ ਵੇਲੇ ਪੋਲੀਸ ਤੇ ਕੋਈ ਅਸਰ ਨਹੀਂ ਹੋਇਆ। ਪੋਲੀਸ ਏਹੋ ਜਿਹੇ ਮੌਕਿਆਂ ਤੇ ਭੜਕਾਹਟ ਵਿੱਚ ਨਹੀਂ ਆਉਂਦੀ। ਓੜਕ ਜੱਕੋ ਤੱਕਾਂ ਕਰਦੇ ਉਸ ਨੇ ਚਾਬੀ ਚੁਕੀ ਤੇ ਕਾਰ ਸਟਾਰਟ ਕਰਕੇ ਸ਼ਿਕਾਗੋ ਵਾਲੀ ਸੜਕ ਤੇ ਪੈ ਗਿਆ। ਮੂੰਹ ਲਟਕਾਈ ਸਾਰੇ ਲੋਕ ਉਸ ਨੂੰ ਜਾਂਦੇ ਵੱਲ ਦੇਖ ਰਹੇ ਸਨ, ਜਿਵੇਂ ਕੁੜੀ ਨੂੰ ਤੋਰ ਰਹੇ ਹੋਣ। ਮੈਂ ਹੈਰਾਨ ਸਾਂ ਕਿ ਜਦ ਪੋਲੀਸ ਨੂੰ ਪਤਾ ਹੈ ਉਸਨੇ ਐਨੀ ਸ਼ਰਾਬ ਪੀਤੀ ਹੋਈ ਹੈ ਫਿਰ ਉਸ ਨੂੰ ਕਾਰ ਤੇ ਕਿਉਂ ਜਾਣ ਲਈ ਕਹਿ ਰਹੀ ਹੈ, ਉਹ ਵੀ ਐਡੀ ਦੂਰ। ਪੋਲੀਸ ਜ਼ਰੂਰ ਆਪਣੇ ਗਲ਼ੋ ਗਲਾਮਾਂ ਲਾਹੁਣਾ ਚਾਹੁੰਦੀ ਹੈ। ਫਿਰ ਇਕ ਪੋਲੀਸ ਆਫ਼ੀਸਰ ਨੇ ਸਾਰਿਆਂ ਨੂੰ ਫਟਾਫਟ ਤਿਤਰ ਬਿੱਤਰ ਹੋ ਜਾਣ ਲਈ ਕਿਹਾ।
-----
No comments:
Post a Comment