ਸਵੈ-ਜੀਵਨੀ - ਕਿਸ਼ਤ - 17
ਲੜੀ ਜੋੜਨ ਲਈ ਕਿਸ਼ਤ – 16 ਪੜ੍ਹੋ ਜੀ।
ਧਾਈਆਂ ਦੇ ਖੁੱਲ੍ਹੇ ਖੇਤਾਂ ਵਿਚ ਜਿਥੇ ਚਾਰ ਚੁਫ਼ੇਰੇ ਬਾਸਮਤੀ ਦੀ ਖ਼ੁਸ਼ਬੂ ਬਿਖਰੀ ਹੋਈ ਸੀ, ਰਾਤੀਂ ਨੀਂਦ ਤਾਂ ਬੜੀ ਆਈ ਪਰ ਸਵੇਰੇ ਉੱਠ ਕੇ ਵੇਖਿਆ ਕਿ ਸਾਰਾ ਮੂੰਹ ਤੇ ਹੱਥ ਪੈਰ ਜਿਥੇ ਰਾਤੀਂ ਮੱਛਰ ਲੜਦਾ ਰਿਹਾ ਸੀ, ਦੇ ਧੱਫੜ ਪੈ ਗਏ ਸਨ। ਮੱਛਰ ਲੜੀਆਂ ਥਾਵਾਂ ਤੇ ਖੁਰਕ ਹੋ ਰਹੀ ਸੀ। ਇਹ ਵੀ ਪਤਾ ਲੱਗਾ ਕਿ ਇਸ ਇਲਾਕੇ ਵਿਚ ਮਲੇਰੀਆ ਹੋਣ ਨਾਲ ਬਹੁਤ ਤੇਜ਼ ਬੁਖਾਰ ਚੜ੍ਹਦਾ ਸੀ ਤੇ ਕਈ ਲੋਕ ਹਰ ਸਾਲ ਮਰ ਜਾਂਦੇ ਸਨ। ਨੇੜੇ ਤੇੜੇ ਕੋਈ ਡਾਕਟਰ ਵੀ ਨਹੀਂ ਸੀ। ਸਰਕਾਰੀ ਹਸਪਤਾਲ ਮਮਦੋਟ ਵਿਚ ਸੀ ਜਾਂ ਮੰਡੀ ਗੁਰੂ ਹਰਸਹਾਏ ਵਿਚ। ਦੋਵੇਂ ਥਾਵਾਂ ਜੋ ਵੱਡੇ ਕਸਬੇ ਸਨ, ਕਾਫੀ ਦੂਰ ਪੈਂਦੇ ਸਨ। ਉਹਨਾਂ ਦਿਨਾਂ ਵਿਚ ਸਾਈਕਲ ਵੀ ਕਿਸੇ ਕਿਸੇ ਕੋਲ ਹੀ ਹੁੰਦਾ ਸੀ। ਲੋਕ ਪੈਦਲ ਹੀ ਤੁਰ ਕੇ ਜਾਂਦੇ ਸਨ। ਸੌਖੇ ਲੋਕਾਂ ਕੋਲ ਘੋੜੀ ਹੋ ਸਕਦੀ ਸੀ ਪਰ ਇਹ ਇਲਾਕਾ ਤਾਂ ਮੁੱਖ ਤੌਰ ਤੇ ਗਰੀਬ ਤੇ ਉਜਾੜ ਇਲਾਕਾ ਸੀ, ਕਿਸੇ ਕੋਲ ਸ਼ਾਇਦ ਹੀ ਸਾਈਕਲ ਜਾਂ ਘੋੜੀ ਹੋਵੇਗੀ। ਮਹਿਤੇ ਵਿਚ ਸ਼ਾਹ ਕੋਲ ਜੀਪ ਸੀ ਤੇ ਪਿੰਡ ਵਿਚ ਲੋਕਾਂ ਕੋਲ ਊਠ, ਗੱਡੇ ਤੇ ਰਥ ਆਦਿ ਵੀ ਸਨ ਪਰ ਇਸ ਬੇਟ ਦੇ ਇਲਾਕੇ ਵਿਚ ਕਿਸੇ ਕੋਲ ਊਠ ਹੋਣ ਦੀ ਸੰਭਾਵਨਾ ਘੱਟ ਹੀ ਸੀ। ਸ਼ਾਇਦ ਅਜੇ ਗੱਡਾ ਵੀ ਕਿਸੇ ਕੋਲ ਨਹੀਂ ਸੀ। ਹਾਂ, ਖੋਤੀਆਂ ਹੀ ਢੋਆ ਢਵਾਈ ਦਾ ਮੁੱਖ ਜ਼ਰੀਆ ਸਨ। ਪਿੰਡ ਦੇ ਚੌਕੀਦਾਰ ਨੇ ਖੋਤੀਆਂ ਰੱਖੀਆਂ ਹੋਈਆਂ ਸਨ।
-----
ਖ਼ੈਰ! ਇਕ ਕਿੱਕਰ ਤੋਂ ਟਾਹਣੀ ਤੋੜ ਕੇ ਮੈਂ ਦਾਤਣ ਬਣਾਈ ਤੇ ਦਾਤਣ ਕਰਦਾ ਕਰਦਾ ਏਧਰ ਓਧਰ ਫਿਰ ਕੇ ਆਲਾ ਦੁਆਲਾ ਵੇਖਣ ਲੱਗਾ। ਬੇਰੀਆਂ ਦੇ ਰੁੱਖਾਂ ਵਿਚ ਰਾਏ ਸਿੱਖਾਂ ਨੇ ਆਪਣੇ ਤੇ ਪਸੂਆਂ ਲਈ ਝੁੱਗੀਆਂ ਪਾਈਆਂ ਹੋਈਆਂ ਸਨ। ਵਿਚ ਇਕ ਕੱਚਾ ਕੋਠਾ ਸੀ ਜੋ ਰਾਵਾਂ ਨੇ ਸਾਨੂੰ ਵੱਡੇ ਅਲਾਟੀ ਹੋਣ ਕਰ ਕੇ ਦੇ ਦਿੱਤਾ ਸੀ। ਧਾਈਆਂ ਦੀ ਫ਼ਸਲ ਸਾਂਭ ਸੰਭਾਲ ਪਿਛੋਂ ਉਹਨਾਂ ਨੇ ਕਾਨੇ ਤੇ ਸਰਕੜਾ ਵੱਢ ਕੇ ਕੱਚੇ ਕੋਠੇ ਦੇ ਸਾਹਮਣੇ ਸਾਡੇ ਲਈ ਦੋ ਝੁੱਗੀਆਂ ਪਾ ਦੇਣੀਆਂ ਸਨ। ਇਹਨਾਂ ਝੁੱਗੀਆਂ ਅੱਗੇ ਜੇ ਫਿੜਕਾ ਨਾ ਲਾਇਆ ਜਾਵੇ ਤਾਂ ਸਿਆਲਾਂ ਵਿਚ ਠੰਢ ਅੰਦਰ ਆ ਸਕਦੀ ਸੀ। ਕਮਾਲ ਇਹ ਸੀ ਕਾਨਿਆਂ ਦੀਆਂ ਇਹਨਾਂ ਝੁੱਗੀਆਂ ਵਿਚ ਮੀਂਹ ਦਾ ਪਾਣੀ ਅੰਦਰ ਨਹੀਂ ਆਉਂਦਾ ਸੀ। ਜੇ ਕਿਤੇ ਬਹੁਤ ਜ਼ਿਆਦਾ ਤੂਫਾਨ ਆ ਜਾਵੇ ਤਾਂ ਝੁੱਗੀਆਂ ਜੜ੍ਹਾਂ ਤੋਂ ਪੁੱਟੀਆਂ ਵੀ ਜਾਂਦੀਆਂ ਸਨ। ਇਕ ਖੇਤ ਦੀ ਵੱਟ ਲਾਗੇ ਬਹੁਤ ਸਾਰੇ ਕੇਲਿਆਂ ਦੇ ਰੁੱਖ ਸਨ ਜੋ ਬੜੇ ਖ਼ੂਬਸੂਰਤ ਲਗਦੇ ਸਨ। ਬਾਰ ਵਿਚ ਸਾਡੇ ਮੁਰਬਿਆਂ ਵਿਚ ਵੀ ਬਹੁਤ ਕੇਲੇ ਲਾਏ ਹੋਏ ਸਨ ਤੇ ਹੁਣ ਏਥੇ ਵੀ ਤਿੰਨ ਚਾਰ ਸਾਲ ਬਾਅਦ ਕੇਲੇ ਵੇਖਣ ਨੂੰ ਮਿਲੇ ਸਨ। ਕੇਲਿਆਂ ਨੂੰ ਕੇਲੇ ਲੱਗੇ ਵੀ ਹੋਏ ਸਨ ਪਰ ਅਜੇ ਕੱਚੇ ਸਨ। ਨਾਲ ਦੇ ਖੇਤਾਂ ਵਿਚ ਬੇਰੀਆਂ ਦੇ ਬਹੁਤ ਰੁੱਖ ਸਨ। ਜਦੋਂ ਮੈਂ ਵੱਟ ਤੇ ਤੁਰਦੇ ਨੇ ਕੇਲਿਆਂ ਦੇ ਇਕ ਵੱਡੇ ਗੁੱਛੇ ਵੱਲ ਵੇਖਿਆ ਤਾਂ ਵੇਖ ਕੇ ਜਿੱਥੇ ਹੈਰਾਨ ਹੋ ਗਿਆ, ਓਥੇ ਡਰ ਵੀ ਗਿਆ ਕਿ ਕੇਲਿਆਂ ਦੇ ਗੁੱਛੇ ਤੇ ਇਕ ਫਨੀਅਰ ਨਾਗ ਬੈਠਾ ਹੋਇਆ ਸੀ। ਮੈਂ ਡਰ ਕੇ ਭੱਜਾ ਤੇ ਹਾਕੂ ਤੇ ਕਾਲੂ ਰਾ ਨੂੰ ਸੱਪ ਬਾਰੇ ਦਸਿਆ। ਇਕ ਦਮ ਕਿੰਨੇ ਸਾਰੇ ਰਾ ਡਾਂਗਾਂ ਕੱਢ ਕੇ ਕੇਲੇ ਦਵਾਲੇ ਇਕਠੇ ਹੋ ਗਏ ਤੇ ਕਾਲੇ ਨਾਗ ਨੂੰ ਮਾਰਨ ਦੀਆਂ ਵਿਉਂਤਾਂ ਕਰਨ ਲਗੇ। ਉਹ ਆਪਣੀ ਬੋਲੀ ਵਿਚ ਗੱਲਾਂ ਕਰ ਰਹੇ ਸਨ ਜਿਸ ਦੀ ਮੈਨੂੰ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ ਸੀ। ਮੈਂ ਏਨਾ ਸਮਝ ਰਿਹਾ ਸਾਂ ਕਿ ਉਹਨਾਂ ਵਿਚੋਂ ਇਕ ਕਹਿ ਰਿਹਾ ਸੀ ਕਿ ਜੇ ਨਾਗ ਕੇਲੇ ਤੋਂ ਥੱਲੇ ਉਤਰ ਆਵੇ ਤਾਂ ਇਸ ਨੂੰ ਡਾਂਗਾਂ ਨਾਲ ਮਾਰ ਦਈਏ। ਏਨੇ ਨੂੰ ਬਾਪੂ ਵੀ ਇਕ ਸੋਟਾ ਲੈ ਕੇ ਆ ਗਿਆ। ਬਾਪੂ ਨੇ ਕਿਹਾ ਕਿ ਨਾਗ ਨੂੰ ਸਿੱਧਾ ਸੋਟਾ ਨਾ ਮਾਰਿਓ ਇਹਨੇ ਇਕ ਦਮ ਧੌਣ ਏਧਰ ਓਧਰ ਕਰ ਲੈਣੀ ਹੈ। ਇਹਨੂੰ ਪਾਸੇ ਤੋਂ ਸੋਟੇ ਦੀ ਫੇਟ ਮਾਰ ਕੇ ਇਹਦਾ ਲੱਕ ਤੋੜ ਦਿਓ ਤੇ ਜਦੋਂ ਥੱਲੇ ਡਿੱਗੇ ਤਾਂ ਇਹਦੀ ਸਿਰੀ ਫੇਹ ਦਿਓ। ਪਰ ਸੱਪ ਤਾਂ ਕੇਲਿਆਂ ਦੇ ਗੁੱਛੇ ਉਤੇ ਹੀ ਬੈਠਾ ਹੋਇਆ ਸੀ ਤੇ ਸੀ ਵੀ ਐਨਾ ਉੱਚਾ ਜਿਥੇ ਡਾਂਗ ਦੀ ਮਾਰ ਨਹੀਂ ਪੈ ਸਕਦੀ ਸੀ। ਕੁਝ ਚਿਰ ਬਾਅਦ ਕਾਲੂ ਰਾ ਨੇ ਪੈਲੀ ਵਿਚੋਂ ਦੋ ਤਿੰਨ ਢੀਮਾਂ ਲਿਆ ਕੇ ਸੱਪ ਵੱਲ ਮਾਰਨੀਆਂ ਸ਼ੁਰੂ ਕਰ ਦਿਤੀਆਂ। ਜਦੋਂ ਉਹ ਢੀਮਾਂ ਉਹਦੇ ਲੱਗੀਆਂ ਤਾਂ ਉਹਨੇ ਫੰਨ ਖੜ੍ਹੀ ਕਰ ਲਈ ਤੇ ਥੋੜ੍ਹਾ ਉੱਚਾ ਹੋਇਆ। ਕਾਲੂ ਨੇ ਹੋਰ ਢੀਮਾਂ ਮਾਰੀਆਂ ਕਿ ਸੱਪ ਥੱਲੇ ਨੂੰ ਆਵੇ ਤੇ ਉਹਨੂੰ ਕੁੱਟ ਦਈਏ ਪਰ ਸੱਪ ਥੱਲੇ ਨਹੀਂ ਉੱਤਰ ਰਿਹਾ ਸੀ। ਹਾਕੂ ਨੇ ਪਰਾਲ਼ੀ ਲਿਆ ਕੇ ਕੇਲੇ ਦੇ ਮੁੱਢ ਵਿਚ ਸੁੱਟ ਕੇ ਓਸ ਨੂੰ ਅੱਗ ਲਾ ਦਿਤੀ ਤੇ ਜਦੋਂ ਅੱਗ ਦਾ ਸੇਕ ਤੇ ਧੂੰਆਂ ਸੱਪ ਨੂੰ ਚੜ੍ਹਿਆ ਤਾਂ ਉਹ ਥੱਲੇ ਡਿੱਗ ਪਿਆ ਤੇ ਰਾਵਾਂ ਨੇ ਉਹਦੇ ਤੇ ਡਾਂਗਾਂ ਦਾ ਮੀਂਹ ਵਰ੍ਹਾ ਦਿਤਾ ਤੇ ਮਾਰ ਕੇ ਪੈਲੀ ਵਿਚ ਕਹੀ ਨਾਲ ਕਾਫੀ ਡੂੰਘਾ ਟੋਆ ਪੁੱਟ ਕੇ ਵਿਚ ਦੱਬ ਦਿਤਾ ਤੇ ਉਤੋਂ ਚੰਗੀ ਤਰ੍ਹਾਂ ਮਿੱਟੀ ਪਾ ਦਿਤੀ। ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਇਸ ਧਰਤੀ ਤੇ ਖੱਪਰੇ, ਕੱਲਰੇ, ਕਾਲੇ ਤੇ ਭੂਰੇ ਨਾਗ ਆਮ ਤੁਰੇ ਫਿਰਦੇ ਸਨ ਤੇ ਉਹ ਰਾ ਸਿੱਖ ਅਕਸਰ ਇਹਨਾਂ ਸੱਪਾਂ ਨੂੰ ਮਾਰਦੇ ਰਹਿੰਦੇ ਸਨ। ਜੇ ਕਿਤੇ ਉਹਨਾਂ ਨੂੰ ਸੱਪਣੀ ਦੇ ਦਿਤੇ ਆਂਡੇ ਦਿਸ ਪੈਂਦੇ ਤਾਂ ਉਹ ਮਿੱਟੀ ਦਾ ਤੇਲ ਪਾ ਕੇ ਸਾੜ ਦੇਂਦੇ ਪਰ ਵਿਚੋਂ ਕਈ ਸਪੋਲੀਏ ਭੱਜ ਕੇ ਖੇਤਾਂ ਵਿਚ ਗਵਾਚ ਜਾਂਦੇ ਤੇ ਫਿਰ ਸੱਪ ਬਣ ਜਾਂਦੇ।
-----
ਸੱਪਾਂ, ਗਿੱਦੜਾਂ, ਸੂਰਾਂ, ਸਹਿਆਂ, ਤਿੱਤਰਾਂ ਤੇ ਹੋਰ ਜੰਗਲੀ ਜਾਨਵਰਾਂ ਦੀ ਇਸ ਧਰਤੀ ਤੋਂ ਡਰ ਲੱਗਣਾ ਕੁਦਰਤੀ ਸੀ। ਵੈਸੇ ਹੋਰ ਜਾਨਵਰ ਜਿਵੇਂ ਚਿੜੀਆਂ, ਤੋਤੇ, ਘੁਗੀਆਂ, ਸੇੜ੍ਹੀਆਂ, ਗੁਟਾਰਾਂ ਤੇ ਕਾਂ ਵੀ ਚੁਗਦੇ ਜਾਂ ਉੱਡਦੇ ਦਿਸਦੇ ਸਨ ਤੇ ਵਿਚ ਵਿਚ ਕਾਲੇ ਤੇ ਭੂਰੇ ਤਿਤਰਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਸੱਪ ਮਾਰਨ ਦੀ ਖੇਡ ਖ਼ਤਮ ਹੋਣ ਪਿਛੋਂ ਬਾਪੂ ਨੇ ਦਸਿਆ ਕਿ ਇਹ ਕਮਾਦ, ਕਪਾਹ, ਮਿਰਚਾਂ ਦੀ ਫ਼ਸਲ ਵੀ ਆਪਣੀ ਸੀ ਤੇ ਧਾਈਆਂ ਵਾਲੀਆਂ ਪੈਲੀਆਂ ਦਾ ਝਾੜ ਲੈਣ ਪਿਛੋਂ ਇਸ ਨੂੰ ਵਾਹ ਕੇ ਇਹਨਾਂ ਵਿਚ ਕਣਕ ਬੀਜ ਦੇਣੀ ਸੀ। ਬਾਪੂ ਨੇ ਇਹ ਵੀ ਦੱਸਿਆ ਕਿ ਰਾਤ ਨੂੰ ਗਿੱਦੜ ਕਮਾਦ ਖ਼ਰਾਬ ਕਰ ਜਾਂਦੇ ਸਨ। ਮੈਂ ਬੇਰੀਆਂ ਵਾਲੇ ਖੂਹ ਤੋਂ ਥੋੜ੍ਹਾ ਚੜ੍ਹਦੇ ਵੱਲ ਗਿਆ ਤਾਂ ਓਥੇ ਕਾਨਿਆਂ ਤੇ ਸਰਕੜੇ ਵਿਚ ਲੁਕਿਆ ਹੋਇਆ ਇਕ ਅੰਨ੍ਹਾ ਖੂਹ ਸੀ। ਪਾਣੀ ਤਾਂ ਦਿਸਦਾ ਸੀ ਪਰ ਖੂਹ ਕਾਫੀ ਦੇਰ ਤੋਂ ਵਰਤੋਂ ਵਿਚ ਨਹੀਂ ਸੀ। ਏਸ ਖੂਹ ਦੇ ਆਲੇ ਦਵਾਲੇ ਵੀ ਬੜੀਆਂ ਬੇਰੀਆਂ ਸਨ ਪਰ ਹੁਣ ਬੇਰਾਂ ਦੀ ਰੁੱਤ ਲੰਘ ਚੁੱਕੀ ਸੀ। ਚਾਰ ਚੁਫੇਰਾ ਕਾਨਿਆਂ ਦੇ ਜੰਗ਼ ਸਨ ਜਿਥੇ ਰਾਵਾਂ ਦੇ ਨਿੱਕੇ ਨਿੱਕੇ ਮੁੰਡੇ ਦਿਨ ਵੇਲੇ ਮਾਲ ਡੰਗਰ ਚਾਰਦੇ ਅਤੇ ਦੋਪਹਿਰ ਵੇਲੇ ਪਸੂਆਂ ਨੂੰ ਬੇਰੀਆਂ ਥੱਲੇ ਲਿਆ ਕੇ ਬਿਠਾ ਦੇਂਦੇ। ਮੈਂ ਇਕ ਬੇਰੀ ਥੱਲੇ ਖੜ੍ਹਾ ਸਾਂ ਕਿ ਇਕ ਸੁੰਡੀ ਜਹੀ ਮੇਰੀ ਧੌਣ ਤੇ ਆਣ ਡਿੱਗੀ। ਮੈਂ ਹਥ ਨਾਲ ਪਰ੍ਹਾਂ ਕਰ ਹੀ ਰਿਹਾ ਸਾਂ ਕਿ ਇੰਚ ਤੋਂ ਲੰਮੀ ਸੁੰਡੀ ਜਿਸ ਉਪਰ ਕਾਫੀ ਵਾਲ਼ ਸਨ, ਦੇ ਛੂਹਣ ਨਾਲ ਹੀ ਧੌਣ ਵਿਚ ਖ਼ਾਰਿਸ਼ ਹੋਣ ਲਗੀ। ਪਿਛੋਂ ਪਤਾ ਲੱਗਾ ਕਿ ਇਸ ਸੁੰਡੀ ਦਾ ਨਾਂ ਕੰਨਾ-ਕੁੱਤੀ ਸੀ ਜੋ ਬੇਰੀਆਂ ਤੇ ਆਮ ਹੁੰਦੀ ਸੀ ਤੇ ਜਿਸ ਪਸੂ ਜਾਂ ਬੰਦੇ ਤੇ ਡਿੱਗ ਪੈਂਦੀ, ਓਥੇ ਕਈ ਦਿਨ ਖਾਰਸ਼ ਹੁੰਦੀ ਰਹਿੰਦੀ ਸੀ ਅਤੇ ਧੱਫੜ ਪੈ ਜਾਂਦੇ ਸਨ। ਮੱਛਰ, ਕੰਨਾ-ਕੁੱਤੀਆਂ ਤੇ ਸੱਪਾਂ ਦੇ ਇਸ ਬੇਟ ਦੇ ਇਲਾਕੇ ਵਿਚ ਹੁਣ ਨਵਾਂ ਜੀਵਨ ਸ਼ਰੂ ਹੋਣਾ ਸੀ। ਹੋਰ ਵੇਖਿਆ ਕਿ ਚਾਰ ਚੁਫੇਰੇ ਜਿਥੇ ਸਰਕੜਾ ਤੇ ਕਾਨੇ ਹੀ ਕਾਨੇ ਸਨ, ਓਥੇ ਖੇਤਾਂ ਵਿਚ ਦੱਭ, ਜਵ੍ਹਾਂ ਤੇ ਪੋਹਲੀ ਵੀ ਬੜੀ ਉੱਗੀ ਹੋਈ ਸੀ। ਕਿਧਰੇ ਕਿਧਰੇ ਹਰਮਲ ਦੇ ਬੂਟੇ ਵੀ ਸਨ। ਦੱਭ ਦਾ ਕੰਡਾ ਤੇ ਪੋਹਲੀ ਦਾ ਕੰਡਾ ਜੇ ਪੈਰ ਵਿਚ ਚੁਭ ਜਾਵੇ ਤਾਂ ਵਿਚੇ ਈ ਟੁੱਟ ਜਾਂਦਾ ਸੀ ਤੇ ਕਈ ਦਿਨ ਪੀੜ ਨਹੀਂ ਜਾਂਦੀ ਸੀ। ਦੱਭ ਦੇ ਬਹੁਤੇ ਕੰਡੇ ਚੁਭਨ ਨਾਲ ਪੈਰਾਂ ਵਿਚ ਗੜ੍ਹਮੋਰੀਆਂ ਵੀ ਹੋ ਜਾਂਦੀਆਂ ਸਨ ਜੋ ਬੜੀਆਂ ਰੜਕਦੀਆਂ ਸਨ। ਰਾਵਾਂ ਦੇ ਮੁੰਡੇ ਤਾਂ ਦੱਭ ਦੇ ਕੰਡਿਆਂ ਦੀ ਪਰਵਾਹ ਨਹੀਂ ਕਰਦੇ ਸਨ ਤੇ ਨੰਗੇ ਪੈਰੀਂ ਹੀ ਦੱਭ ਅਤੇ ਪੋਹਲੀ ਤੇ ਤੁਰੇ ਫਿਰਦੇ ਸਨ। ਉਹਨਾਂ ਦੇ ਪੈਰਾਂ ਨੂੰ ਗਰਮੀ ਸਰਦੀ ਦਾ ਕੋਈ ਅਸਰ ਨਹੀਂ ਹੁੰਦਾ ਸੀ।
-----
ਮੈਂ ਕਈ ਦਿਨ ਬੇਰੀਆਂ ਵਾਲੇ ਖੂਹ ਤੇ ਰਿਹਾ। ਰਾਵਾਂ ਦੀਆਂ ਘਰ ਵਾਲੀਆਂ ਜੋ ਉੱਖਲੀ ਵਿਚ ਧਾਈਂ ਪਾ ਕੇ ਧਾਈਆਂ ਨੂੰ ਮੋਹਲਿਆਂ ਨਾਲ ਕੁੱਟਦੀਆਂ ਸਨ ਤੇ ਫਿਰ ਉਹਨਾਂ ਵਿਚੋਂ ਛੱਜ ਨਾਲ ਛੱਟ ਕੇ ਚਿੱਟੇ ਚਿੱਟੇ ਚੌਲ਼ ਕੱਢ ਲੈਂਦੀਆਂ ਸਨ। ਚੱਕੀ ਝੋਅ ਕੇ ਕਣਕ ਤੇ ਮੱਕੀ ਦਾ ਆਟਾ ਵੀ ਪੀਹ ਲੈਂਦੀਆਂ ਸਨ। ਇਹ ਰਾਏ ਸਿੱਖ ਲੋਕ ਚੌਲ ਬੜੇ ਖ਼ੁਸ਼ ਹੋ ਕੇ ਖਾਂਦੇ ਸਨ। ਰਾਏ ਸਿੱਖ ਮੱਛੀਆਂ ਫੜ ਲਿਆਉਂਦੇ ਅਤੇ ਮੱਛੀ ਦੀ ਤਰੀ ਚੌਲਾਂ ਤੇ ਪਾ ਕੇ ਖਾਂਦੇ ਤੇ ਮੱਛੀ ਜਾਂ ਸਈਅੜ (ਖਰਗੋਸ਼) ਦੀ ਸਬਜ਼ੀ ਵਿਚ ਮਿਰਚਾਂ ਬਹੁਤ ਪਾਉਂਦੇ। ਕੁਝ ਦਿਨਾਂ ਬਾਅਦ ਮੈਨੂੰ ਵੀ ਤੇਜ਼ ਮਿਰਚਾਂ ਵਾਲੀ ਇਹਨਾਂ ਦੀ ਸਬਜ਼ੀ ਚੰਗੀ ਲੱਗਣ ਲੱਗ ਪਈ। ਇਹਨਾਂ ਦੀਆਂ ਮੋਟੀਆਂ ਠੁੱਲੀਆਂ ਰੋਟੀਆਂ ਤੇ ਸਬਜ਼ੀ ਦਾ ਸਵਾਦ ਨਿਆਰਾ ਤੇ ਵੱਖਰਾ ਸੀ। ਇਹ ਮਿਰਚਾਂ ਦੀ ਚਟਣੀ ਵੀ ਬਣਾਉਂਦੇ। ਇਸ ਬੇਰੀਆਂ ਵਾਲੇ ਖੂਹ ਤੇ ਨਹਾਉਣ ਦਾ ਆਪਣਾ ਈ ਸਵਾਦ ਸੀ। ਪਾਣੀ ਬੜਾ ਠੰਢਾ ਤੇ ਮਿੱਠਾ ਸੀ। ਜਦੋਂ ਬਲਦ ਜੋੜ ਕੇ ਖੂਹ ਚਲਦਾ ਤਾਂ ਟਿੰਡਾਂ ਦਾ ਪਾਣੀ ਪਾੜਛੇ ਵਿਚ ਡਿੱਗ ਕੇ ਚੁਬੱਚੇ ਵਿਚ ਆ ਜਾਂਦਾ ਤੇ ਓਥੋਂ ਬਾਲਟੀਆਂ ਭਰ ਭਰ ਕੇ ਪਿੰਡੇ ਤੇ ਪਾਉਣ ਦਾ ਬੜਅ ਅਨੋਖਾ ਸਵਾਦ ਸੀ। ਰਾਵਾਂ ਦੇ ਕਈ ਮੁੰਡੇ ਖੂਹ ਵਿਚ ਛਾਲ ਮਾਰ ਦਿੰਦੇ ਤੇ ਨਹਾ ਕੇ ਟਿੰਡਾਂ ਦੀ ਮਾਹਲ ਰਾਹੀਂ ਬਾਹਰ ਆ ਜਾਂਦੇ। ਇਹਨਾਂ ਦੀ ਰੀਸ ਬਰੀਸੇ ਮੈਂ ਵੀ ਖੂਹ ਵਿਚ ਛਾਲ ਮਾਰ ਕੇ ਕਾਫੀ ਚਿਰ ਠੰਢੇ ਪਾਣੀ ਦਾ ਅਨੰਦ ਮਾਣਿਆ ਤੇ ਵੇਖਿਆ ਕਿ ਖੂਹ ਵਿਚ ਡੱਡੂ ਵੀ ਬੜੇ ਸਨ ਪਰ ਉਹਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਸੀ। ਉਹ ਕੁਝ ਨਹੀਂ ਕਹਿੰਦੇ ਸਨ ਤੇ ਉਹਨਾਂ ਦਾ ਰੰਗ ਬਹਤਾ ਕਰ ਕੇ ਪੀਲਾ ਈ ਸੀ। ਜਦੋਂ ਉਹ ਬੋਲਦੇ ਤਾਂ ਉਹਨਾਂ ਦੀ ਗੜੈਂ-ਗੜੈਂ ਬੜੀ ਦੂਰ ਤੋਂ ਹੀ ਸੁਣ ਜਾਂਦੀ ਸੀ। ਰਾਤ ਨੂੰ ਇਸ ਬੇਰੀਆਂ ਵਾਲੇ ਖੂਹ ਤੇ ਬਿੰਡੇ ਵੀ ਬੜੇ ਬੋਲਦੇ ਸਨ। ਟਿਕੀ ਰਾਤ ਵਿਚ ਇਹਨਾਂ ਦੀ ਆਵਾਜ਼ ਦਾ ਆਪਣਾ ਹੀ ਅਦਭੁੱਤ ਤੇ ਅਨੋਖਾ ਰੰਗ ਸੀ। ਜਿੰਨੇ ਦਿਨ ਮੈਂ ਬੇਰੀਆਂ ਵਾਲੇ ਖੂਹ ਤੇ ਰਿਹਾ, ਸ਼ੁਰੂ ਵਿਚ ਤਾਂ ਬੜਾ ਡਰ ਲਗਦਾ ਸੀ ਪਰ ਪਿਛੋਂ ਇਹ ਡਰ ਲੱਗਣਾ ਘਟ ਗਿਆ। ਘੱਗਰੀਆਂ ਵਾਲੀਆਂ ਕਈ ਰਾਏ ਸਿੱਖਣੀਆਂ ਬੜੀਆਂ ਜਵਾਨ, ਸੁਡੌਲ ਤੇ ਖ਼ੂਬਸੂਰਤ ਸਨ ਤੇ ਅਨਪੜ੍ਹ ਹੋਣ ਕਾਰਨ ਬੜੀਆਂ ਸਿੱਧੀਆਂ ਸਾਦੀਆਂ ਸਨ। ਇਹਨਾਂ ਦੇ ਵਰਤੋਂ ਵਾਲੇ ਬਰਤਨ ਤੇ ਗਹਿਣੇ ਵੀ ਵੱਖਰੀ ਤਰ੍ਹਾਂ ਦੇ ਸਨ। ਇਹ ਮਿੱਟੀ ਦੀ ਪਰਾਤ ਵਿਚ ਆਟਾ ਗੁੰਨ੍ਹਦੀਆਂ ਸਨ ਤੇ ਆਮ ਤੌਰ ਤੌਰ ਘੱਗਰੀਆਂ ਹੀ ਪਾਉਂਦੀਆਂ ਸਨ। ਮਰਦ ਤਹਿਮਤਾਂ ਬੰਨ੍ਹਦੇ ਸਨ। ਮੁੰਡੇ ਨੰਗੇ ਪੈਰੀਂ ਹੀ ਤੁਰੇ ਫਿਰਦੇ ਸਨ। ਲਾਗੇ ਕੋਈ ਸਕੂਲ ਨਾ ਹੋਣ ਕਰ ਕੇ ਇਹ ਪੜ੍ਹਨ ਵੀ ਨਹੀਂ ਜਾਂਦੇ ਸਨ।
-----
ਦਰਅਸਲ ਇਹ ਇਲਾਕਾ ਪਾਕਿਸਤਾਨ ਬਨਣ ਤੋਂ ਪਹਿਲਾਂ ਵਧੇਰੇ ਤੌਰ ਤੇ ਨਵਾਬ ਮਮਦੋਟ ਦਾ ਇਲਾਕਾ ਸੀ। ਇਸ ਸਾਰੇ ਇਲਾਕੇ ਵਿਚ ਕਈ ਪਿੰਡ ਉਹਦੇ ਸਨ ਤੇ ਮੁਸਲਮਾਨ ਮੁਜ਼ਾਰੇ ਉਹਦੀਆਂ ਜ਼ਮੀਨਾਂ ਵਹੁੰਦੇ ਸਨ। ਵੰਡ ਪਿਛੋਂ ਜਿਥੇ ਨਵਾਬ ਮਮਦੋਟ ਪਾਕਿਸਤਾਨ ਚਲਾ ਗਿਆ, ਓਥੇ ਮੁਸਲਮਾਨ ਮੁਜ਼ਾਰੇ ਵੀ ਪਾਕਿਸਤਾਨ ਚਲੇ ਗਏ ਤੇ ਜ਼ਿਲ੍ਹਾ ਮਿੰਟਗੁਮਰੀ ਵਿਚੋਂ ਆਪਣੇ ਆਪ ਨੂੰ ਰਾਏ ਸਿੱਖ ਅਖਵਾਉਂਦੇ ਇਹ ਹਜ਼ਾਰਾਂ ਮੋਨੇ ਸਿੱਖ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰ ਕੇ ਬੈਠ ਗਏ ਸਨ। ਕਿਓਂਕਿ ਪਿਛੋਂ ਇਹ ਬੇ-ਜ਼ਮੀਨੇ ਆਏ ਸਨ, ਇਸ ਲਈ ਇਹਨਾਂ ਨੂੰ ਇਹ ਜ਼ਮੀਨਾਂ ਅਲਾਟ ਨਹੀਂ ਹੋਈਆਂ ਸਨ ਤੇ ਸਿਰਫ਼ ਇਹਨਾਂ ਦੇ ਕਬਜ਼ੇ ਅਧੀਨ ਸਨ। ਜਿਹੜੇ ਰਾਏ ਸਿੱਖ ਸਤਲੁਜ ਪਾਰੋਂ ਏਧਰ ਹਿੰਦੋਸਤਾਨ ਨਹੀਂ ਆਏ ਸਨ, ਉਹ ਓਧਰ ਹੀ ਮੁਸਲਮਾਨ ਹੋ ਗਏ ਸਨ। ਜਦ ਅਲਾਟੀ ਆਉਣੇ ਸ਼ਰੂ ਹੋ ਗਏ ਤਾਂ ਇਹ ਰਾਏ ਸਿੱਖ ਜਿਨ੍ਹਾਂ ਨੂੰ ਇਹ ਭਰੋਸਾ ਸੀ ਕਿ ਆਜ਼ਾਦ ਹਿੰਦੋਸਤਾਨ ਵਿਚ ਇਕ ਦਿਨ ਜਵਾਹਰ ਲਾਲ ਨਹਿਰੂ ਫਿਰੋਜ਼ਪੁਰ ਆਏਗਾ ਅਤੇ ਸਾਰੇ ਬੇਜ਼ਮੀਨੇ ਰਾਏ ਸਿੱਖਾਂ ਨੂੰ ਇਹ ਜ਼ਮੀਨਾਂ ਪੱਕੇ ਤੌਰ ਤੇ ਦੇ ਜਾਵੇਗਾ, ਦੀ ਉਡੀਕ ਵਿਚ ਸਨ। ਜਦੋਂ ਅਲਾਟੀ ਆਉਣੇ ਸ਼ਰੂ ਹੋ ਗਏ ਤੇ ਇਹਨਾਂ ਕੋਲੋਂ ਜ਼ਮੀਨਾਂ ਦੇ ਕਬਜ਼ੇ ਮੰਗਣ ਲਗੇ ਤਾਂ ਕਈ ਥਾਵਾਂ ਤੇ ਖ਼ੂਨ ਖਰਾਬੇ ਵੀ ਹੋਏ ਸਨ। ਪਰ ਜਦੋਂ ਇਹਨਾਂ ਰਾਵਾਂ ਨੇ ਪਟਵਾਰੀਆਂ ਤੇ ਤਹਿਸੀਲਦਾਰਾਂ ਕੋਲ ਸਤਲੁਜ ਦਰਿਆ ਦੀ ਬੇਟ ਵਿਚ ਆ ਕੇ ਆਪਣੇ ਕਬਜ਼ਿਆਂ ਹੇਠ ਰੱਖੀਆਂ ਜ਼ਮੀਨਾਂ ਦੀਆਂ ਗੁਹਾਰਾਂ ਪਾਈਆਂ ਤੇ ਬੰਜਰ ਬੇਆਬਾਦ ਜ਼ਮੀਨਾਂ ਨੂੰ ਆਬਾਦ ਕਰਨ ਦੇ ਵਾਸਤੇ ਪਾਏ ਤਾਂ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਸਰਕਾਰ ਉਹਨਾਂ ਨੂੰ ਬਾਰਡਰ ਦੇ ਇਸ ਬੇਟ ਇਲਾਕੇ ਵਿਚ ਪੰਜ ਪੰਜ ਏਕੜ ਜ਼ਮੀਨ ਅਲਾਟ ਕਰੇਗੀ। ਮੈਂ ਹੁਣ ਜਲਦੀ ਵਾਪਸ ਸਕੂਲ ਨੂੰ ਮੁੜਨ ਦਾ ਪ੍ਰੋਗਰਾਮ ਬਣਾ ਰਿਹਾ ਸਾਂ ਕਿਉਂਕਿ ਮੇਰੀ ਪੜ੍ਹਾਈ ਖ਼ਰਾਬ ਹੋ ਰਹੀ ਸੀ। ਰਾਏ ਸਿੱਖਣੀਆਂ ਜੋ ਸਾਡੇ ਮੁਜ਼ਾਰਿਆਂ ਦੀਆਂ ਸਵਾਣੀਆਂ ਸਨ, ਮੇਰੇ ਲਈ ਗਾਵਾਂ ਦਾ ਘਿਓ ਇਕੱਠਾ ਕਰ ਰਹੀਆਂ ਸਨ ਬਾਸਮਤੀ ਦੇ ਚੌਲ ਵੀ ਜੋ ਮੈਂ ਨਾਲ ਪਿੰਡ ਮਹਿਤੇ ਨੂੰ ਲੈ ਕੇ ਜਾਣੇ ਸਨ।
******
ਚਲਦਾ
No comments:
Post a Comment