ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, March 30, 2010

ਰਵਿੰਦਰ ਰਵੀ - ਡਾ. ਜਗਤਾਰ: ਅਲਵਿਦਾ – ਸ਼ਰਧਾਂਜਲੀ ਲੇਖ

ਡਾ. ਜਗਤਾਰ: ਅਲਵਿਦਾ

ਸ਼ਰਧਾਂਜਲੀ ਲੇਖ

ਧੁੱਪਾਂ ਤੋਂ ਰਹੇ ਵਿਰਵੇ, ਬਰਖਾ ਤੋਂ ਰਹੇ ਵਾਂਝੇ

ਵੱਸਦੀ ਹੈ ਨਾ ਹਟਦੀ ਹੈ, ਘਟ ਕਿਹੀ ਚੜ੍ਹੀ ਹੈ

ਫਿਰ ਚੰਨ ਦੇ ਦੁਆਲੇ ਇਕ ਗਿਰਝ ਪਈ ਭੌਂਦੀ

ਇਹ ਮੇਰੀ ਤਬਾਹੀ ਦੀ ਇਕ ਹੋਰ ਘੜੀ ਹੈ

( ਡਾ: ਜਗਤਾਰ)

60ਵਿਆਂ ਵਿਚ ਐਸੇ ਸ਼ਿਅਰ ਲਿਖਣ ਵਾਲਾ ਜਗਤਾਰ ਤੁਰ ਗਿਆ ਹੈ! ਉਹ ਇਕ ਹੱਸਾਸ ਵਿਅਕਤੀ ਅਤੇ ਚਿੰਤਨਸ਼ੀਲ ਸ਼ਾਇਰ ਸੀ। ਉਹ ਇਕ ਅਸੰਤੁਸ਼ਟ ਆਤਮਾ ਸੀ, ਜਿਸ ਦੇ ਅੰਦਰ ਭਾਵਾਂ ਤੇ ਵਿਚਾਰਾਂ ਵਿਚਕਾਰ ਲਗਾਤਾਰ ਇਕ ਜੰਗ ਛਿੜੀ ਰਹੀ ਸੀ। ਉਸ ਦੇ ਕਾਵਿਕ ਜੀਵਨ ਦਾ ਆਰੰਭ ਇਕ ਰੋਮਾਂਟਕ ਗੀਤਕਾਰ ਦੇ ਰੂਪ ਵਿਚ ਹੋਇਆ। ਇਨ੍ਹਾਂ ਗੀਤਾਂ ਵਿਚ ਲੋਕ ਗੀਤਾਂ ਵਰਗੀ ਸਾਦਗੀ, ਮਟਕ ਤੇ ਸੰਜੀਦਗੀ ਸੀ। ਰੁੱਤਾਂ ਰਾਂਗਲੀਆਂਇਸੇ ਸਮੇਂ ਦੀ ਰਚਨਾ ਹੈ। ਪ੍ਰਗਤੀਵਾਦੀ ਰੋਮਾਂਸਵਾਦੀ ਧਾਰਾ ਦੇ ਪ੍ਰਭਾਵ ਹੇਠ ਉਸ ਨੇ ਤਲਖੀਆਂ ਰੰਗੀਨੀਆਂਦੀ ਕਵਿਤਾ ਵਿਚ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ ਦੀ ਬਾਤ ਪਾ ਕੇ ਲੋੜਵੰਦਾਂ ਦੇ ਹੱਕ ਵਿਚ ਵੋਟ ਪਾਈ। ਦੁੱਧ ਪੱਥਰੀਨਾਲ ਉਹ 60ਵਿਆਂ ਦੀ ਪ੍ਰਧਾਨ ਕਾਵਿ-ਧਾਰਾ ਪ੍ਰਯੋਗਸ਼ੀਲ ਲਹਿਰਵਿਚ ਆ ਸ਼ਾਮਿਲ ਹੋਇਆ ਅਤੇ ਅਧੂਰਾ ਆਦਮੀਂਤਕ ਇਸ ਤੇਜ਼ ਮੁਕਾਬਲੇ ਵਾਲੀ ਲਹਿਰ ਦੇ ਕਵੀਆਂ ਨਾਲ ਬਿਦ ਕੇ ਚੱਲਦਾ ਰਿਹਾ। ਇਸ ਤੋਂ ਬਾਅਦ ਜਦੋਂ ਨਕਸਲਵਾਦੀ ਜਾਂ ਜੁਝਾਰਵਾਦੀ ਕਾਵਿ-ਧਾਰਾ ਦਾ ਬੋਲ ਬਾਲਾ ਹੋਇਆ, ਤਾਂ ਜਗਤਾਰ ਹੋਰ ਬਹੁਤ ਸਾਰੇ ਸਾਹਿਤਕਾਰਾਂ ਵਾਂਗ ਜੁਝਾਰੂ ਕਵੀ ਬਣ ਗਿਆ! ਪਰ ਉਸਦਾ ਅਸਲ ਰੰਗ ਤੇ ਹੁਨਰ, ਆਧੁਨਿਕ ਗਜ਼ਲ ਦੇ ਖੇਤਰ ਵਿਚ, ਇਕ ਕੁਲਵਕਤੀ ਗ਼ਜ਼ਲਗੋ ਬਣ ਕੇ ਹੀ ਨਿੱਖਰਿਆ। ਆਪਣੀ ਜ਼ਿੰਦਗੀ ਦਾ ਆਖ਼ਰੀ ਤੇ ਵਧੇਰੇ ਹਿੱਸਾ ਉਸ ਨੇ ਗ਼ਜ਼ਲ ਨੂੰ ਹੀ ਅਰਪਿਤ ਕੀਤਾ ਤੇ ਗਜ਼ਲ ਉਸਦੀ ਵਿਲੱਖਣ ਪਹਿਚਾਣ ਬਣ ਗਈ.......ਉਸਦੇ ਨਾਮ ਵਾਂਗ ਹੀ ਜੁ ਜਗਤਾਰ ਪਪੀਹਾਤੋਂ ਸ਼ੁਰੂ ਹੋ ਕੇਜਗਤਾਰਬਣਿਆਂ ਤੇ ਫਿਰ ਡਾ. ਜਗਤਾਰਵਿਚ ਆ ਕੇ, ਇਕ ਸਹੀ ਪਛਾਣ ਵਜੋਂ ਟਿਕ ਗਿਆ।

-----

60ਵਿਆਂ ਵਿਚ ਜਲੰਧਰ ਦੇ ਕੌਫ਼ੀ ਹਾਊਸ ਵਿਚ ਹੋਈਆਂ ਉਹ ਭਖਵੀਆਂ ਬਹਿਸਾਂ ਮੈਨੂੰ ਅਜੇ ਵੀ ਯਾਦ ਨੇ, ਜਦੋਂ ਜਗਤਾਰ ਤਰੱਕੀਪਸੰਦ ਪ੍ਰਯੋਗਾਂ ਦਾ ਮੁੱਦਈ ਬਣ ਕੇ ਆਧੁਨਿਕ ਪ੍ਰਯੋਗਸ਼ੀਲ ਕਵੀਆਂ ਨਾਲ ਦਸਤਪੰਜਾ ਲੈਂਦਾ ਰਿਹਾ ਸੀ। ਬਾਅਦ ਵਿਚ ਜਗਤਾਰ ਨਕਸਲਵਾਦੀ ਬਣ ਗਿਆ ਤੇ ਪ੍ਰਮੁੱਖ ਪ੍ਰਯੋਗਸ਼ੀਲ ਕਵੀ, ਵਿਸ਼ਵੀਕਰਨ ਦੀ ਕਿਰਿਆ ਦੁਆਰਾ, ਬ੍ਰਹਮੰਡਕ ਤੇ ਗਲੋਬਲ ਚੇਤੰਨਤਾ ਨਾਲ ਜੁੜ ਗਏ। ਦੋ ਵੱਖੋ ਵੱਖਰੇ ਰਾਹ, ਜਿਨ੍ਹਾਂ ਦੀ ਆਪੋ ਆਪਣੀ ਦਿਸ਼ਾ ਸੀ, ਤੇ ਆਪੋ ਆਪਣੀ ਸ਼ਨਾਖ਼ਤ।

-----

ਮੈਂ ਤੇ ਗੁਰੂਮੇਲ ਉਸਦੇ ਵਿਆਹ ਵਿਚ ਵੀ ਸ਼ਾਮਿਲ ਹੋਏ ਸਾਂ! ਉਸ ਸਮੇਂ, ਮੈਂ 1965 ਵਿਚ ਛਪੇ ਆਪਣੇ ਤੀਜੇ ਕਾਵਿ-ਸੰਗ੍ਰਹਿ: ਬਿੰਦੂਤੋਂ ਬਿਨਾਂ ਟੀ.ਐਸ. ਐਲੀਅਟ ਦੀਆਂ ਦੋ ਪੁਸਤਕਾਂ: ਵੇਸਟ ਲੈਂਡਤੇ ਫੋਰ ਕੁਆਰਟੈਟਸਜਗਤਾਰ ਨੂੰ ਸ਼ਾਦੀ ਦੇ ਤੁਹਫੇ ਵਜੋਂ ਭੇਟ ਕੀਤੀਆਂ ਸਨ......ਉਨ੍ਹਾਂ ਉੱਤੇ ਇਹ ਲਿਖ ਕੇ ਕਿ ਸਹੀ ਅਰਥਾਂ ਵਿਚ ਆਧੁਨਿਕ ਬਨਣ ਲਈ ਇਨ੍ਹਾਂ ਪੁਸਤਕਾਂ ਦਾ ਗੰਭੀਰ ਅਧਿਐਨ ਬਹੁਤ ਜ਼ਰੂਰੀ ਹੈ! ਦੋਸਤ ਸਾਂ ਤੇ ਸਾਡੇ ਵਿਚ ਇਸ ਤਰ੍ਹਾਂ ਦੀ ਨੋਂਕ ਝੋਂਕ ਅਕਸਰ ਚੱਲਦੀ ਹੀ ਰਹਿੰਦੀ ਸੀ!

-----

ਅਜੇ ਕੱਲ੍ਹ ਦੀਆਂ ਤਾਂ ਗੱਲਾਂ ਹਨ ਇਹ.... ਤੇ ਅੱਜ ਉਹ ਮਹਾਂ ਦੀਪਾਂ ਦੀ ਵਿੱਥ ਉੱਤੇ ਬੈਠਾ, ਜ਼ਿੰਦਗੀ, ਦੁਨੀਆਂ ਤੇ ਸਾਨੂੰ ਸਭ ਨੂੰ ਅੰਤਿਮ ਵਿਦਾ ਕਹੇ ਬਿਨਾਂ ਹੀ ਤੁਰ ਗਿਆ ਹੈ। ਉਸ ਨੂੰ ਜ਼ਿੰਦਗੀ ਨਾਲ ਅੰਤਾਂ ਦਾ ਮੋਹ ਸੀ! ਬਸ, ਇਕ ਦਿਲ ਹੀ ਸੀ, ਜੋ ਉਸ ਦੇ ਕਾਬੂ ਨਾ ਆਇਆ!

ਅੱਜ ਅਲਵਿਦਾਸ਼ਬਦ ਵੀ ਬੇਅਰਥ ਹੋ ਗਿਆ ਜਾਪਦਾ ਹੈ!!!

No comments: