ਕਹਾਣੀ
ਪਿੰਕੀ ਭਾਰਤ ਤੋਂ ਵਿਆਹ ਕਰਵਾ ਕੇ ਵਾਪਿਸ ਪਰਤ ਆਈ ਸੀ।ਵਿਆਹ ਤੋਂ ਬਾਅਦ ਕੁੜੀਆਂ ਤੇ ਜੋ ਰੂਪ ਚੜ੍ਹਦਾ ਹੈ, ਉਸ ਨੂੰ ਨਹੀਂ ਸੀ ਚੜ੍ਹਿਆ। ਵਾਪਿਸ ਆਉਣ ਸਾਰ ਉਸ ਨੇ ਗਹਿਣੇ-ਗੱਟੇ ਤੇ ਬਿੰਦੀਆਂ ਚੂੜੇ ਲਾਹ, ਵਗਾਹ ਮਾਰੇ ਸਨ। ਉਹ ਤਾਂ ਸਗੋਂ ਪਹਿਲਾਂ ਨਾਲੋਂ ਵੀ ਮੁਰਝਾ ਗਈ ਸੀ। ਕੀ ਹੋ ਗਿਆ ਸੀ ਉਸ ਨੂੰ?
-----
ਉਹ ਮੈਨੂੰ ਉਦੋਂ ਤੋਂ ਹੀ ਜਾਣਦੀ ਸੀ,ਜਦੋਂ ਉਸ ਨੇ ਤਿੰਨ ਸਾਲ ਪਹਿਲਾਂ ਯੌਰਕ ਯੂਨੀਵਰਸਿਟੀ ਚਾਈਲਡ ਸਾਈਕਾਲੋਜੀ ਵਿੱਚ ਦਾਖਲਾ ਲਿਆ ਸੀ। ਉਦੋਂ ਉਹ ਮੇਰੇ ਕੋਲ ਡ੍ਰਾਈਵਿੰਗ ਦੇ ਲੈਸਨ ਲੈਣ ਆਈ ਸੀ। ਭਾਰਤ ਜਾਕੇ ਵਿਆਹ ਕਰਵਾਉਣ ਤੋਂ ਬਾਅਦ ਉਹ ਹਾਈਵੇਅ ਦਾ ਟੈਸਟ ਪਾਸ ਕਰਨ ਲਈ ਇੱਕ ਦਮ ਕਾਹਲੀ ਪੈ ਗਈ ਸੀ। ਪਹਿਲਾਂ ਵੀ ਉਹ ਮੇਰੇ ਨਾਲ ਆਪਣੇ ਪਰਿਵਾਰ ਅਤੇ ਜੀਵਨ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕਰ ਲੈਂਦੀ ਸੀ। ਮੈਨੂੰ ਲੱਗਦਾ ਸੀ ਕੇ ਜੇ ਮੈਂ ਹੁਣ ਵੀ ਕੋਈ ਗੱਲ ਛੇੜੀ ਤਾਂ ਉਹ ਸਾਰਾ ਕੁੱਝ ਦੱਸ ਦੇਵੇਗੀ।
-----
ਉਸ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਉਹ ਗਿਆਰਾਂ ਕੁ ਸਾਲ ਦੀ ਉਸ ਦੀ ਵੱਡੀ ਭੈਣ ਨੇ ਉਨ੍ਹਾਂ ਨੂੰ ਸਪਾਂਸਰ ਕੀਤਾ ਸੀ, ਜੋ ਆਪ ਕਿਸੇ ਹਸਪਤਾਲ ਵਿੱਚ ਨਰਸ ਹੈ ਅਤੇ ਉਸ ਦਾ ਪਤੀ ਇੱਕ ਡਾਕਟਰ। ਪਿੰਕੀ ਦੇ ਮਾਤਾ ਪਿਤਾ ਉਸ ਨੂੰ ਭੈਣ ਕੋਲ ਕੈਨੇਡਾ ਛੱਡ ਕੇ ਵਾਪਿਸ ਭਾਰਤ ਮੁੜ ਗਏ ਸਨ। ਏਥੇ ਉਨ੍ਹਾਂ ਦਾ ਦਿਲ ਨਹੀਂ ਸੀ ਲੱਗਿਆ।
-----
ਉਹ ਨੇ ਇਹ ਵੀ ਦੱਸਿਆ ਸੀ ਕਿ ਉਸਦੇ ਪਾਪਾ ਆਈ. ਏ. ਐੱਸ. ਆਫੀਸਰ ਰਿਟਾਇਰ ਹੋਏ ਸਨ ਤੇ ਮੰਮੀ ਟੀਚਰ ਸੀ। ਮੰਡੀ ਗੋਬਿੰਦਗੜ੍ਹ ਉਨ੍ਹਾਂ ਦੀ ਬਹੁਤ ਵੱਡੀ ਕੋਠੀ ਹੈ, ਨੌਕਰ ਚਾਕਰ ਸਨ। ਵੱਡੇ ਲੋਕਾਂ ਨਾਲ ਸਬੰਧ ਸਨ। ਮਹੱਲੇ ਦੇ ਲੋਕ ਉਨ੍ਹਾਂ ਦੀ ਬੇਹੱਦ ਇੱਜ਼ਤ ਕਰਦੇ ਹਨ, ਪਰ ਕੈਨੇਡਾ ਆਕੇ ਉਨ੍ਹਾਂ ਦੇ ਮੰਮੀ ਪਾਪਾ ਦੀ ਸ਼ਖ਼ਸੀਅਤ ਸੁੰਗੜ ਗਈ ਸੀ। ਘਰ ਵਿੱਚ ਕੈਦ ਹੋ ਗਏ ਸਨ ਤੇ ਰਿਸ਼ਤਿਆਂ ਵਿੱਚ ਠੰਢ ਭਰ ਗਈ ਸੀ।ਤਾਂ ਉਨ੍ਹਾਂ ਵਾਪਿਸ ਮੁੜਨਾ ਹੀ ਮੁਨਾਸਿਬ ਸਮਝਿਆ ਸੀ। ਹੁਣ ਉਹ ਸਾਲ ਦੋ ਸਾਲ ਬਾਅਦ ਕਨੇਡਾ ਗੇੜਾ ਜ਼ਰੂਰ ਮਾਰ ਜਾਂਦੇ ਸਨ।ਉਸ ਨੇ ਦੱਸਿਆ ਕਿ ਕਈ ਵਾਰੀ ਉਸਦਾ ਪਿਤਾ ਹਰਗੁਰਲਾਲ ਸਿੰਘ ਸੋਚਦਾ ਵੀ ਕਿ ਉਸਦੇ ਸਿਰਫ਼ ਦੋ ਧੀਆਂ ਹੀ ਸਨ ਉਸ ਨੇ ਕੈਨੇਡਾ ਕਿਉਂ ਤੋਰ ਦਿੱਤੀਆਂ, ਜਦ ਕਿ ਸਾਰਾ ਕੁਝ ਉਸ ਪਾਸ ਸੀ, ਤਾਂ ਬੱਸ ਕੈਨੇਡਾ ਦੀ ਕਰੇਜ਼ ਤੋਂ ਬਿਨਾਂ ਉਸ ਨੂੰ ਕੁਝ ਵੀ ਸਮਝ ਨਾ ਪੈਂਦਾ।
-----
ਏਸੇ ਤਰ੍ਹਾਂ ਬਹੁਤ ਸਾਰੇ ਲੋਕ ਕਾਰ ਸਿੱਖਣ ਦੇ ਨਾਲ ਨਾਲ ਮੇਰੇ ਨਾਲ ਨਿੱਜੀ ਗੱਲਾਂ ਵੀ ਸਾਝੀਆਂ ਕਰ ਲੈਂਦੇ। ਵੱਡੀ ਉਮਰ ਦੇ ਆਏ ਵੀ ਘਰੇਲੂ ਸਮੱਸਿਆਵਾਂ ਛੋਹ ਲੈਂਦੇ। ਕਈ ਵਾਰ ਇਨਸਟਕਟਰ ਤੇ ਸਟੂਡੈਂਟ ਵਾਲਾ ਰਿਸ਼ਤਾ ਦੋਸਤੀ ਵਿੱਚ ਬਦਲ ਜਾਂਦਾ। ਪੰਜਾਬੀ, ਬੰਗਾਲੀ, ਗੁਜਰਾਤੀ, ਨੇਪਾਲੀ ਲੋਕਾਂ ਦੇ ਨਾਲ ਨਾਲ ਮੇਰੇ ਪਾਸ ਪਾਕਿਸਤਾਨੀ, ਰੂਸੀ, ਇਰਾਨੀ, ਬੰਗਲਾਦੇਸੀ, ਸ਼੍ਰੀਲੰਕਨ ਅਤੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀ ਹੁੰਦੇ। ਸੱਭਿਆਚਾਰ ਭਾਵੇਂ ਵੱਖੋ-ਵੱਖਰੇ ਸਨ ਪਰ ਸਮੱਸਿਆਵਾਂ ਸਭ ਦੀਆਂ ਇੱਕੋ ਜਿਹੀਆਂ ਸਨ। ਉਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਸੀ।ਮਾਪੇ, ਭੈਣ, ਭਰਾ, ਦੋਸਤ, ਮਿੱਤਰ, ਰਿਸ਼ਤੇਦਾਰ ਸਭ ਆਪੋ-ਆਪਣੇ ਕੰਮਾਂ ਵਿੱਚ ਬਿਜ਼ੀ ਸਨ। ਮੇਰੇ ਕੋਲ ਦਿਲ ਦੀਆਂ ਗੱਲਾਂ ਕਰ ਉਹ ਮਨ ਦਾ ਬੋਝ ਹੌਲ਼ਾ ਕਰ ਲੈਂਦੇ।
-----
ਪਿੰਕੀ ਨੇ ਵੀ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ। ਪਿੰਕੀ ਦੀਆਂ ਯੂਨੀਵਰਸਿਟੀ ਵਿੱਚ ਹੋਰ ਵੀ ਸਹੇਲੀਆਂ ਸਨ ਜੋ ਇਕੱਠੀਆਂ ਰਲ ਕੇ ਅਸਾਈਨਮੈਂਟਸ ਪੂਰੀਆਂ ਕਰਦੀਆਂ। ਥੀਏਟਰ ਵਿੱਚ ਫਿਲਮ ਵੇਖਣ ਜਾਂ ਕੋਈ ਸੰਗੀਤ ਪ੍ਰੋਗਰਾਮ ਸੁਣਨ ਜਾਂਦੀਆਂ ਤੇ ਜਾਂ ਫਿਰ ਕਿਸੇ ਪਾਰਟੀ ਤੇ ਜਾ ਡਾਂਸ ਵਗੈਰਾ ਕਰਦੀਆਂ। ਸਹੇਲੀਆਂ ਉਸ ਦੀ ਹਰ ਗੱਲ ਨੂੰ ਬਹੁਤ ਲਾਈਟਲੀ ਲੈਂਦੀਆਂ ਤੇ ਕਈ ਵਾਰ ਮਜ਼ਾਕ ਵਿੱਚ ਵੀ ਉਡਾ ਦਿੰਦੀਆਂ। ਭੈਣ ਅਤੇ ਜੀਜੇ ਕੋਲ ਤਾਂ ਵਕ਼ਤ ਹੀ ਨਹੀਂ ਸੀ ਹੁੰਦਾ ਮਾਂ ਪਿਉਂ ਭਾਰਤ ਸਨ।ਫੇਰ ਉਹ ਗੰਭੀਰ ਗੱਲਾਂ ਕਿਸ ਨਾਲ ਕਰਦੀ?
-----
ਇੱਕ ਦਿਨ ਉਸ ਨੇ ਦੱਸਿਆ ਕਿ ਉਸ ਦਾ ਇੱਕ ਬੁਆਏ ਫਰੈਂਡ ਵੀ ਹੈ, ਪਰ ਹੈ ਉਹ ਪਾਕਿਸਤਾਨੀ। ਓਦਾਂ ਰੰਧਾਵੇ ਜੱਟ ਹਨ। ਲਾਹੌਰ ਕੋਲ਼ ਉਨ੍ਹਾਂ ਦਾ ਪਿੰਡ ਹੈ ਉਸ ਦਾ ਪਿਤਾ ਖੇਤੀ ਕਰਦਾ ਹੈ ਤੇ ਭਾਈ ਕਿਸੇ ਚੰਗੀ ਨੌਕਰੀ ਤੇ ਹੈ। ਆਪ ਉਹ ਕੈਨੇਡਾ ਵਿੱਚ ਸਟੂਡੈਂਟ ਵੀਜ਼ੇ ਤੇ ਆਇਆ ਹੈ ਤੇ ਅੱਜ ਕੱਲ ਆਪਣੇ ਮਾਮੇ ਕੋਲ ਰਹਿੰਦਾ ਹੈ। ਉਸ ਨੇ ਦੱਸਿਆ ਕਿ “ਅਰਸ਼ਦ ਹੈ ਬਹੁਤ ਚੰਗਾ ਹੈ....ਬਿਲਕੁਲ ਮੇਰ ਖ਼ਿਆਲਾਂ ਦਾ...”
-----
ਪਿੰਕੀ ਰੋਜ਼ ਹੀ ਅਰਸ਼ਦ ਦੀ ਗੱਲ ਤੋਰ ਲੈਂਦੀ ਕਿ ਅਰਸ਼ਦ ਆਹ ਤੇ ਅਰਸ਼ਦ ਉਹ...। ਉਹ ਦੱਸ ਰਹੀ ਸੀ ਕਿ “ਉਸ ਨੂੰ ਏਨੇ ਚੁਟਕਲੇ ਆਂਉਦੇ ਨੇ ਕਿ ਹਸਾ-ਹਸਾ ਢਿੱਡੀਂ ਪੀੜਾਂ ਪੁਆ ਦਿੰਦਾ ਹੈ।” ਉਸ ਨੇ ਇਹ ਵੀ ਦੱਸਿਆ ਕਿ ਪਿਛਲੇ ਵੈਲਇਨਟਾਈਨ ਨੂੰ ਉਹ ਪਹਿਲੀ ਵਾਰ ਉਸ ਨਾਲ ਡੇਟ ਤੇ ਗਈ ਸੀ। ਫੇਰ ਤਾਂ ਉਸ ਨਾਲ ਹਰ ਦੂਜੇ ਤੀਜੇ ਦਿਨ ਬਾਹਰ ਚਲੀ ਜਾਂਦੀ ਸੀ। ਉਹ ਉਸ ਨੂੰ ਬੇਹੱਦ ਚਾਹੁੰਦੀ ਸੀ।
----=
ਉਦੋਂ ਮੈਂ ਚਿੰਤਤ ਹੋ ਕੇ ਉਸ ਨੂੰ ਪੁੱਛਿਆ ਸੀ ਕਿ “ਪਿੰਕੀ ਤੇਰੇ ਘਰ ਦੇ ਉਸ ਨਾਲ ਤੇਰਾ ਵਿਆਹ ਕਰਨਾ ਮੰਨ ਜਾਣਗੇ?” ਤਾਂ ਉਹ ਬੋਲੀ ਪਾਪਾ ਨੂੰ ਪੁੱਛਾਂਗੀ, ਪਰ ਅਜੇ ਡਰ ਲੱਗਦਾ ਹੈ ਸ਼ਾਇਦ ਮੁਸਲਿਮ ਕਰਕੇ ਨਾ ਕਰਨ। ਫਿਰ ਉਹ ਆਪ ਹੀ ਕਹਿੰਦੀ ਨਾਂ ਪਾਪਾ ਇਉਂ ਤਾਂ ਨੀ ਕਰਦੇ ਪੜ੍ਹੇ ਲਿਖੇ ਨੇ, ਮੈਨੂੰ ਐਨਾ ਪਿਆਰ ਵੀ ਕਰਦੇ ਨੇ। ਨਾਲੇ ਉਨ੍ਹਾਂ ਆਪ ਵੀ ਤਾਂ ਅਠਾਈ ਸਾਲ ਪਹਿਲਾਂ ਮੰਮੀ ਨਾਲ ਲਵ ਮੈਰਿਜ਼ ਕਰਵਾਈ ਸੀ। ਫੇਰ ਉਹ ਸੋਚੀਂ ਪੈ ਜਾਂਦੀ।
-----
ਕਦੇ ਉਦਾਸ ਹੁੰਦੀ ਪਿੰਕੀ ਕਹਿੰਦੀ “ਪਾਪਾ ਨਾਲ ਗੱਲ ਕਿਵੇਂ ਕਰਾਂ?”
..........
ਮੈਂ ਜਵਾਬ ਦਿੰਦਾ, “ਪਿੰਕੀ ਜੇ ਇਸ ਰਿਸ਼ਤੇ ਵਿੱਚ ਅੱਗੇ ਵਧਣਾ ਏਂ ਤਾਂ ਜਿੰਨੀ ਛੇਤੀ ਹੋ ਸਕਦਾ ਏ ਗੱਲ ਤੋਰ ਲੈ। ਇਹ ਨਾ ਹੋਵੇ ਕਿ ਤੂੰ ਐਨੀ ਅੱਗੇ ਲੰਘ ਜਾਵੇਂ ਫੇਰ ਪਿੱਛੇ ਮੁੜਨਾ ਔਖਾ ਹੋ ਜਾਵੇ।”
...........
ਮੇਰੀ ਗੱਲ ਮੰਨ ਉਸ ਨੇ ਆਪਣੇ ਪਾਪਾ ਨੂੰ ਉਸੇ ਦਿਨ ਫੋਨ ਲਗਾ ਦਿੱਤਾ ਸੀ, “ਪਾਪਾ ਮੇਰੇ ਲਈ ਇੰਡੀਆ ‘ਚ ਮੁੰਡਾ ਨਾ ਦੇਖਿਉ। ਮੈਂ ਇਸ ਵਾਰ ਇੰਡੀਆ ਆਵਾਂਗੀ ਜ਼ਰੂਰ ਪਰ ਵਿਆਹ ਨਹੀਂ ਕਰਵਾਵਾਂਗੀ।ਉਹ ਮੈਂ ਕਨੇਡਾ ਹੀ ਕਰਵਾਂਵਾਂਗੀ। ਮੁੰਡਾ ਮੈਂ ਡੀਸਾਈਡ ਕਰ ਲਿਆ ਹੈ।”
.........
ਸੁਣਕੇ ਉਸਦੇ ਪਾਪਾ ਮੁੰਡੇ ਬਾਰੇ ਜਾਨਣ ਲਈ ਬੇਹੱਦ ਉਤੇਜਤ ਹੋ ਗਏ ਤੇ ਬੋਲੇ “ਅੱਛਾ ਹੁਣ ਮੇਰੀ ਬੇਟੀ ਐਨੀ ਸਿਆਣੀ ਹੋ ਗਈ ਹੈ ਕਿ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਸਕਦੀ ਆ ” ਤੇ ਫੇਰ ਉਨਾਂ ਸਵਾਲਾਂ ਦੀ ਝੜੀ ਹੀ ਲਾ ਦਿੱਤੀ। “ਕੀ ਮੁੰਡਾਂ ਸਿੱਖਾਂ ਦਾ ਹੈ? ਜੱਟ ਹੈ? ਜ਼ਮੀਨ ਕਿੰਨੀ ਆਉਂਦੀ ਹੈ ਪਿੱਛੇ...? ਕੀ ਪੜ੍ਹਦਾ ਹੈ? ਜਾਂ ਨੌਕਰੀ ਕਰਦਾ ਹੈ?”
........
ਪਿੰਕੀ ਨੇ ਲੰਬਾ ਸਾਹ ਲੈ ਕੇ ਕਿਹਾ ਸੀ, “ਪਾਪਾ ਸਿੱਖ ਨਹੀਂ ਮੁਸਲਿਮ ਹੈ।ਹਾਂ ਜੱਟ ਜ਼ਰੂਰ ਹੈ ਟੋਰਾਂਟੋ ਸਟੂਡੈਂਟ ਵੀਜ਼ੇ ਤੇ ਹੈ।ਮੇਰੇ ਨਾਲ ਹੀ ਯੂਨੀਵਰਸਿਟੀ ਵਿੱਚ ਆ...”
-------
ਹਰਗੁਰਲਾਲ ਨੂੰ ਜਿਵੇਂ ਕਰੰਟ ਵੱਜਿਆ। ਖ਼ੂਨ ਉਬਾਲੇ ਖਾਣ ਲੱਗਿਆ। ਅੰਦਰ ਸੁੱਤਾ ਅੱਖੜ ਜੱਟ ਜਾਗ ਪਿਆ। ਪਿਆਰ ਦੀ ਪਰਿਭਾਸ਼ਾ ਧੁੰਦਲੀ ਪੈ ਗਈ, ਉਹ ਭੁੜਕਿਆ, “ਤੇਰਾ ਦਿਮਾਗ ਤਾਂ ਠੀਕ ਆ...ਮੈਂ ਐਨਾ ਮਾਡਰਨ ਵੀ ਨਹੀਂ ਕਿ ਇੱਕੋ ਛਾਲ ਨਾਲ ਸਭ ਹੱਦਾਂ ਬੰਨੇ ਟੱਪ ਜਾਵਾਂ। ਮੁਸਲਿਮ ਆ ਪਾਕਿਸਤਾਨੀ ਆ..ਮੈਂ ਭਾਈਚਾਰੇ ‘ਚ ਕੀ ਮੂੰਹ ਦਿਖਾਵਾਂਗਾ? ਤੂੰ ਮੁਸਲਮਾਨ’ ਤੇ ਯਕੀਨ ਕਿਵੇਂ ਕਰ ਲਿਆ? ”ਉਸ ਦੇ ਅੰਦਰ ਸੁੱਤਾ ਸਿੱਖ ਵੀ ਜਾਗ ਪਿਆ ਸੀ। ਉਹ ਕੜਕਿਆ “ਕਿਉਂ ਮੈਨੂੰ ਜੀਂਦੇ ਜੀ ਮਾਰਨ ਲੱਗੀ ਏਂ? ਇਹ ਕਹਾਣੀ ਏਥੇ ਹੀ ਖ਼ਤਮ ਕਰ ਦੇ। ਕੋਈ ਫਾਇਦਾ ਨਹੀਂ ਅੱਗੇ ਵਧਾਉਣ ਦਾ...” ਪਿੰਕੀ ਨੇ ਆਪਣੇ ਪਾਪਾ ਦਾ ਇਹ ਰੂਪ ਪਹਿਲੀ ਵਾਰ ਦੇਖਿਆ ਸੀ। ਜਿਵੇਂ ਉਦੇ ਪਾਪਾ ਨੇ ਠੱਕ ਦੇ ਕੇ ਫੋਨ ਮਾਰਿਆ ਸੀ ਉਹ ਠੱਕ-ਠੱਕ ਕਈ ਦਿਨ ਉਸਦੇ ਦਿਮਾਗ਼ ਵਿੱਚ ਵੱਜਦੀ ਰਹੀ।
-----
ਫੇਰ ਪਿੰਕੀ ਕਈ ਦਿਨ ਰੋਂਦੀ ਰਹੀ ਸੀ। ਉਸ ਨੇ ਦੱਸਿਆ ਸੀ ਕਿ ਨਾਂ ਤਾਂ ਉਸ ਨੇ ਚੱਜ ਨਾਲ ਰੋਟੀ ਖਾਧੀ ਤੇ ਨਾ ਹੀ ਚੱਜ ਨਾਲ ਸੁੱਤੀ। ਉਹ ਅਗਲੇ ਕੁੱਝ ਦਿਨ ਲਈ ਯੂਨੀਵਰਸਿਟੀ ਚਲੀ ਗਈ ਸੀ, ਪਰ ਉਸੇ ਦਿਨ ਉਸ ਦੇ ਪਾਪਾ ਨੇ ਆਪਣੀ ਵੱਡੀ ਬੇਟੀ ਸਿਮਰਤ ਨੂੰ ਫ਼ੋਨ ਕੀਤਾ ਸੀ। ਉਹ ਉਸ ਨੂੰ ਵੀ ਬੇਹੱਦ ਗ਼ੁੱਸੇ ਵਿੱਚ ਬੋਲੇ ਸਨ “ਤੂੰ ਪਿੰਕੀ ਦਾ ਖ਼ਿਆਲ ਨਹੀਂ ਰੱਖਦੀ। ਜੇ ਅਸੀਂ ਕੋਲ ਨਹੀਂ ਤਾਂ ਏਹਦਾ ਇਹ ਮਤਲਬ ਨਹੀਂ ਕਿ ਉਹ ਜੋ ਮਰਜੀ ਕਰਦੀ ਫਿਰੇ। ਜੇ ਨਹੀ ਖ਼ਿਆਲ ਰੱਖ ਸਕਦੇ ਤਾਂ ਸਾਫ਼-ਸਾਫ਼ ਦੱਸ ਦਿਉ ਅਸੀਂ ਥੋਡੀ ਜ਼ਿੰਮੇਵਾਰੀ ਤੇ ਛੱਡੀ ਆ। ਚੱਲ ਜੇ ਮੁੰਡਾ ਜਾਤ ਧਰਮ ਦਾ ਹੁੰਦਾ ਤਾਂ ਵੀ ਹੋਰ ਗੱਲ ਸੀ, ਸੋਚ ਲੈਂਦੇ। ਹਰਗੁਰਲਾਲ ਨੂੰ ਹੁਣ ਜਿਹੜੇ ਮਾਣ ਇੱਜ਼ਤ ਨਾਲ ਬੁਲਾਉਂਦੇ ਨੇ ਕੱਲ੍ਹ ਨੂੰ ਉਹ ਕਹਿਣਗੇ ਕਿ ਮੈਂ ਕੁੜੀ ਮੁਸਲਮਾਨਾਂ ਦੇ ਤੋਰ ਦਿੱਤੀ,” ਇਸ ਤੋਂ ਬਾਅਦ ਤਾਂ ਉਹ ਰੋ ਹੀ ਪਏ ਸਨ।
-----
ਇਸ ਤੋਂ ਬਾਅਦ ਪਿੰਕੀ ਦੇ ਪਰਿਵਾਰ ਵਿੱਚ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਹਸਦੀ-ਗੁਟਕਦੀ ਪਿੰਕੀ ਕਮਲਾਉਣ ਲੱਗੀ ਸੀ। ਮਨ ਵਿੱਚ ਉਸਾਰੇ ਸੁਪਨਿਆਂ ਦੇ ਮਹਿਲ ਢਹਿ-ਢੇਰੀ ਹੋਣ ਲੱਗੇ ਸੀ। ਕਦੀ ਪਿਆਰ ਨਾਲ ਅਤੇ ਕਦੀ ਤਕਰਾਰ ਨਾਲ ਪਿੰਕੀ ਨੂੰ ਸਮਝਾਇਆ ਜਾਣ ਲੱਗਾ।ਪਰ ਅਰਸ਼ਦ ਤਾਂ ਉਸ ਦੇ ਰੋਮ ਰੋਮ ਵਿੱਚ ਰਚਿਆ ਪਿਆ ਸੀ।
-----
ਪਿਤਾ ਦੀ ਆਧੁਨਿਕਤਾ ਅਲੋਪ ਹੋ ਗਈ। ਉਸ ਅੰਦਰੋਂ ਤਾਂ ਸਗੋਂ ਸਦੀਆਂ ਦੇ ਦੱਬੇ ਸੰਸਕਾਰ ਵੀ ਉੱਠ ਖਲੋਤੇ। ਉਹ ਮੁਸਲਮਾਨਾਂ ਨੂੰ ਕਦੇ ਗੁਰੂ ਸਾਹਿਬ ਦੇ ਬੱਚਿਆਂ ਤੇ ਕੀਤੇ ਜ਼ੁਲਮਾਂ ਲਈ ਗਾਲ਼੍ਹਾਂ ਕੱਢਦਾ ਤੇ ਕਦੇ ਆਨੰਦਪੁਰ ਸਾਹਿਬ ਵਿੱਚ ਤੋੜੇ ਵਾਅਦਿਆਂ ਲਈ। ਉਹ ਕਹਿੰਦਾ ਕਿ “ਇਸ ਕੌਮ ਤੇ ਤਾਂ ਵਿਸ਼ਵਾਸ ਕੀਤਾ ਹੀ ਨਹੀਂ ਜਾ ਸਕਦਾ, ਅਨਵਰ ਨੇ ਇਮੀਗਰੇਸ਼ਨ ਲੈਣ ਹੀ ਮਕਾਰੀ ਨਾਲ ਪਿੰਕੀ ਨੂੰ ਫ਼ਸਾਇਆ ਹੋਵੇਗਾ।ਇਹ ਉਹ ਹੀ ਲੋਕ ਨੇ ਜਿੰਨਾਂ 1947 ਵਿੱਚ ਸਾਡੇ ਦਾਦੇ ਪੜਦਾਦਿਆਂ ਨੂੰ ਪਾਕਿਸਤਾਨ ਵਿੱਚੋਂ ਉਜਾੜਿਆ ਸੀ।ਗੁਰੂ ਸਾਹਿਬ ਦੇ ਬੱਚੇ ਜਾਨਾਂ ਕੁਰਬਾਨ ਕਰ ਗਏ ਪਰ ਧਰਮ ਨਹੀ ਬਦਲਿਆ। ਕੀਹਦੀ ਖ਼ਾਤਰ...ਸਾਡੀ ਖ਼ਾਤਰ...। ਮੈਂ ਆਪਣੀ ਔਲਾਦ ਨੂੰ ਕਿਵੇਂ ਮੁਸਲਮਾਨ ਬਣਦਾ ਵੇਖ ਲਵਾਂ ? ਮੈਂ ਮਰ ਜਾਵਾਂਗਾ ਪਰ ਇਹ ਅਨਰਥ ਨਹੀਂ ਹੋਣ ਦੇਣਾ।”
-----
ਉਸ ਨੂੰ ਸੁਪਨੇ ਵਿੱਚ ਵੀ ਮੁਸਲਮਾਨ ਹਮਲਾਵਰ ਕ਼ਤਲੋ-ਗਾਰਤ ਮਚਾਉਂਦੇ ਤੇ ਲੋਕਾਂ ਦੀਆਂ ਧੀਆਂ ਭੈਣਾਂ ਚੁੱਕਦੇ ਵਿਖਾਈ ਦਿੰਦੇ। ਉਸ ਨੂੰ ਮਹਿਮੂਦ ਗਜ਼ਨਵੀ, ਮੁਹੰਮਦ ਗੌਰੀ ਦੇ ਹਮਲੇ ਯਾਦ ਆਉਦੇ ਅਤੇ ਲੱਗਦਾ ਕਿ ਇਹ ਵੀ ਇੱਕ ਹਮਲਾ ਹੀ ਹੈ। ਕੋਈ ਉਸ ਦੀ ਧੀ ਨੂੰ ਉਸ ਪਾਸੋਂ ਖੋਹਣ ਦਾ ਯਤਨ ਕਰ ਰਿਹਾ ਹੈ। ਉਹ ਉਸ ਦਾ ਧਰਮ ਬਦਲੇਗਾ, ਨਿਮਾਜ਼ ਪੜ੍ਹਾਏਗਾ, ਨਾਂ ਤੱਕ ਵੀ ਬਦਲ ਦੇਵੇਗਾ। ਫੇਰ ਉਸ ਦੀ ਧੀ ਦੇ ਮੁਸਲਮ ਬੱਚੇ ਪੈਦਾ ਹੋਣਗੇ। ਨਸਲ ਹੀ ਬਦਲ ਹੋ ਜਾਵੇਗੀ। ਉਹ ਸੋਚ ਸੋਚ ਸ਼ਰਾਬ ਪੀਂਦਾ ਸਿਰ ਦੇ ਵਾਲ ਪੁੱਟਦਾ। ਇਹ ਸਿਉਂਕ ਉਸ ਦੀ ਆਧੁਨਿਕਤਾ ਨੂੰ ਖਾ ਗਈ ਸੀ। ਕਦੀ ਸੋਚਦਾ ਇੰਡੀਆ ਬਲਾਕੇ ਕੁੜੀ ਨੂੰ ਹੀ ਮਾਰ ਮੁਕਾਵੇ ਕਦੀ ਸੋਚਦਾ ਖ਼ੁਦ ਨੂੰ ਗੋਲੀ ਮਾਰ ਲਵੇ। ਉਹ ਆਪਣੇ ਪ੍ਰੇਮ ਵਿਆਹ ਦੇ ਦਿਨ ਭੁੱਲ ਗਿਆ ਸੀ। ਉਸ ਦੇ ਤਾਂ ਖ਼ਾਸ ਦੋਸਤ ਵੀ ਬਲਦੀ ਤੇ ਤੇਲ ਪਾ ਰਹੇ ਸਨ।
-----
ਉਸਦਾ ਇੰਗਲੈਂਡ ਤੋਂ ਮੁੜਿਆ ਇੱਕ ਦੋਸਤ ਕਹਿ ਰਿਹਾ ਸੀ ਕਿ “ਮੁਸਲਮਾਨ ਮੁੰਡੇ ਇੰਗਲੈਂਡ ‘ਚੋਂ ਵਿਆਹ ਦਾ ਝਾਂਸਾ ਦੇਕੇ ਸੈਂਕੜੇ ਕੁੜੀਆਂ ਨੂੰ ਪਾਕਿਸਤਾਨ ਲੈ ਗਏ ਤੇ ਬਾਅਦ ਵਿੱਚ ਜਾਂ ਵੇਚ ਦਿੱਤੀਆਂ ਜਾਂ ਧੰਦਾ ਕਰਨ ਲਾ ਦਿੱਤੀਆਂ। ਅਖੇ ਕਾਫ਼ਿਰਾਂ ਦੀਆਂ ਕੁੜੀਆਂ ਨੇ। ਜਿਨ੍ਹਾਂ ਚੋਂ ਬਹੁਤੀਆਂ ਲਾਹੌਰ ਦੀ ਹੀਰਾ ਮੰਡੀ ਵਿੱਚ ਧੰਦਾ ਕਰਦੀਆਂ ਨੇ। ਜੇ ਕੋਈ ਭਾਰਤੀ ਜਾਂ ਪੰਜਾਬੀ ਮਿਲਦਾ ਏਂ ਤਾਂ ਉਨ੍ਹਾਂ ਨੂੰ ਉਸ ਨਰਕ ਚੋਂ ਕੱਢਣ ਲਈ ਤਰਲੇ ਲੈਂਦੀਆ ਨੇ, ਪਰ ਬਾਅਦ ‘ਚ ਪਛਤਾਇਆਂ ਕੀ ਬਣਦੈ?” ਇਹ ਗੱਲਾਂ ਸੁਣ ਸੁਣ ਹਰਗੁਰਲਾਲ ਦੀ ਰੂਹ ਕੰਬਦੀ। ਉਹ ਉਸੇ ਵਕ਼ਤ ਆਪਣੀ ਵੱਡੀ ਬੇਟੀ ਸਿਮਰਤ ਨੂੰ ਫੋਨ ਕਰਦਾ ਸਮਝਾਉਂਦਾ, ਤਰਲੇ ਕਰਦਾ, ਵਿਲਕਦਾ ਤੇ ਭਾਂਬੜ ਵਾਂਗੂੰ ਮੱਚਦਾ।
-----
ਸਿਮਰਤ ਨੇ ਜਦੋਂ ਇਹ ਸਮੱਸਿਆ ਆਪਣੇ ਪਤੀ ਹਰਕੇਸ਼ ਨਾ ਸਾਂਝੀ ਕੀਤੀ ਤਾਂ ਉਸ ਦਾ ਵੀ ਡਾਕਟਰ ਮਨ ਡੋਲ ਗਿਆ। ਉਹ ਵੀ ਇਨਸਾਨੀ ਲਹੂ ਨੂੰ ਵੱਖਰੇ ਰੰਗਾਂ ਅਤੇ ਵੱਖਰੀ ਤਾਸੀਰ ਵਿੱਚ ਵੇਖਣ ਲੱਗਿਆ। ਉਹ ਆਪਣੀ ਪਤਨੀ ਨੂੰ ਕਹਿੰਦਾ “ਠੀਕ ਹੈ ਇਨਸਾਨੀ ਲਹੂ ਦਾ ਰੰਗ ਇੱਕ ਹੈ, ਪਰ ਨਸਲ ਵੀ ਤਾਂ ਮਾਅਨੇ ਰੱਖਦੀ ਆ। ਜਾਨਵਰਾਂ ਦੀਆਂ ਨਸਲਾਂ ਹੁੰਦੀਆਂ ਨੇ, ਪਸ਼ੂਆਂ ਪੰਛੀਆਂ ਦੀਆਂ ਤੇ ਫ਼ਸਲਾਂ ਬੂਟਿਆਂ ਦੀਆਂ ਵੀ, ਹਰ ਨਸਲ ਦਾ ਸੁਭਾਅ ਵੱਖਰਾ ਹੁੰਦਾ ਹੈ। ਪਿੰਕੀ ਹੋਰ ਧਰਮ ਵਿੱਚ ਜੰਮੀ ਪਲੀ ਉਸਦੇ ਸੰਸਕਾਰ ਹੋਰ ਹਨ। ਓਪਰੀ ਜ਼ਮੀਨ ਵਿੱਚ ਉਹ ਕਿਵੇਂ ਖ਼ੁਸ਼ ਰਹੇਗੀ? ਓਪਰੀ ਮਿੱਟੀ ਵਿੱਚ ਤਾਂ ਬੂਟੇ ਵੀ ਸੁੱਕ ਜਾਂਦੇ ਨੇ। ਐਵੇਂ ਤਾਂ ਨੀ ਲੋਕ ਚੰਗੀਆਂ ਨਸਲਾਂ ਪਾਲ਼ਦੇ” ਉਸ ਨੇ ਤਾਂ ਏਥੋਂ ਤੱਕ ਵੀ ਆਖ ਦਿੱਤਾ, “ਜੇ ਪਿੰਕੀ ਨਾ ਹਟੀ ਤਾਂ ਉਹ ਮੇਰੇ ਘਰ ਨਹੀਂ ਰਹਿ ਸਕਦੀ। ਅੱਗੋਂ ਸਾਡੇ ਬੱਚੇ ਵੀ ਅਜਿਹਾ ਕੁੱਝ ਹੀ ਸਿੱਖਣਗੇ। ਜੇ ਉਸ ਮੁੰਡੇ ਦਾ ਫ਼ੋਨ ਮੇਰੇ ਘਰ ਆਇਆ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ।”
-----
ਪਿੰਕੀ ਦੇ ਚਾਰੇ ਪਾਸੇ ਇੱਕ ਝੱਖੜ ਸ਼ੂਕ ਰਿਹਾ ਸੀ ਤੇ ਉਹ ਆਪਣੇ ਆਪ ਨੂੰ ਕੱਖੋਂ ਹੌਲੀ ਮਹਿਸੂਸ ਕਰ ਰਹੀ ਸੀ।ਘਰ ਦਾ ਮਹੌਲ ਜਦੋਂ ਕੰਡਿਆਂ ਦੀ ਸੇਜ ਬਣ ਗਿਆ ਤਾਂ ਉਸ ਨੇ ਘਰ ਆਉਣਾ ਹੀ ਛੱਡ ਦਿੱਤਾ।ਉਸ ਦਾ ਪੜ੍ਹਾਈ ਵਿੱਚ ਵੀ ਮਨ ਨਾ ਲੱਗਦਾ। ਅਰਸ਼ਦ ਉਸ ਨੂੰ, ਇਸ ਉਦਾਸੀ ‘ਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਦਾ, ਪਰ ਉਸ ਨੂੰ ਲੱਗਦਾ ਜਿਵੇਂ ਉਸ ਦਾ ਪੁਨੂੰ ਕੋਈ ਉਧਾਲ ਕੇ ਲੈ ਜਾਵੇਗਾ ਤੇ ਉਹ ਬ੍ਰਿਹਾ ਦਾ ਮਾਰੂਥਲ ਵਿੱਚ ਤੜਫ਼-ਤੜਫ਼ ਕੇ ਮਰ ਜਾਵੇਗੀ। ਘੋਰ ਉਦਾਸੀ ਦੇ ਇਸ ਮਾਹੌਲ਼ ਵਿੱਚ ਕੋਈ ਕੁੜੀ ਉਸ ਨੂੰ ਕੋਈ ਸਲਾਹ ਦਿੰਦੀ ਤੇ ਦੂਸਰੀ ਹੋਰ ਕੋਈ।
------
ਇੱਕ ਦਿਨ ਉਸ ਦੀ ਭੈਣ ਨੇ ਫੋਨ ‘ਤੇ ਦੱਸਿਆ ਕਿ “ਪਾਪਾ ਕਹਿੰਦੇ ਨੇ ਜੇ ਪਿੰਕੀ ਨਾ ਮੰਨੀ ਤਾਂ ਮੈਂ ਖ਼ੁਦ ਮਰ ਜਾਂਵਾਗਾ ਉਹ ਜੋ ਮਰਜੀ ਚੁਣ ਲਵੇ। ਮੈਨੂੰ ਜਾਂ ਅਰਸ਼ਦ ਨੂੰ” ਉਸ ਦੀ ਭੈਣ ਦੱਸਦੀ ਰੋ ਰਹੀ ਸੀ। ਉਹਦੇ ਪਾਪਾ ਜ਼ਿੱਦੀ ਸਨ, ਉਹ ਜਾਣਦੀ ਸੀ। ਉਸ ਰਾਤ ਉਸ ਨੂੰ ਨੀਂਦ ਨਹੀਂ ਆਈ। ਸੁਪਨੇ ਵਿੱਚ ਕਦੇ ਦਿਖਦਾ ਪਾਪਾ ਨੇ ਰਿਵਾਲਵਰ ਪੁੜਪੜੀ ਤੇ ਰੱਖੀ ਹੋਈ ਆ। ਕਦੀ ਵਿਹੜੇ ਵਿੱਚ ਚਿੱਟੀ ਚਾਦਰ ਤੇ ਪਈ ਲਾਸ਼ ਦਿਖਾਈ ਦਿੰਦੀ ਅਤੇ ਕਦੀ ਉਸ ਦੀ ਮੰਮੀ ਵਾਲ਼ ਪੁੱਟਦੀ ਅਤੇ ਸਿਆਪਾ ਕਰਦੀ ਦਿਸਦੀ।ਪਿਆਰ ਉਹ ਆਪਣੇ ਮੰਮੀ-ਪਾਪਾ ਨੂੰ ਵੀ ਘੱਟ ਨਹੀਂ ਸੀ ਕਰਦੀ।ਉਹ ਆਪਣੇ ਪਿਆਰ ਦੀ ਏਡੀ ਵੱਡੀ ਕੀਮਤ ਨਹੀਂ ਸੀ ਚੁਕਾ ਸਕਦੀ ਕਿ ਮੰਮੀ-ਪਾਪਾ ਦੇ ਨਾਲ ਨਾਲ ਉਸ ਲਈ ਦੇਸ਼ ਦੇ ਦਰਵਾਜ਼ੇ ਵੀ ਬੰਦ ਹੋ ਜਾਣ। ਉਹ ਇਸ ਧਮਕੀ ਤੋਂ ਸਹਿਮ ਗਈ ਸੀ।
------
ਮਨ ‘ਚ ਆਉਣ ਲੱਗਿਆ ਕਿ ਜੇ ਪਿਆਰ ਕ਼ੁਰਬਾਨੀ ਦਾ ਹੀ ਨਾਂ ਹੈ ਤਾਂ ਉਹ ਆਪਣੀ ਕ਼ੁਰਬਾਨੀ ਦਵੇਗੀ ਤੇ ਜਿੰਦਾ ਲਾਸ਼ ਬਣ ਕੇ ਰਹੇਗੀ। ਅਰਸ਼ਦ ਨੇ ਉਸ ਨੂੰ ਸਮਝਾਇਆ ਪਿਆਰ ਨਿਕਾਹ ਦੇ ਬੰਧਨ ਤੋਂ ਕਿਤੇ ਉੱਚਾ ਹੈ ਅਸੀਂ ਵਧੀਆ ਦੋਸਤ ਬਣ ਕੇ ਵੀ ਤਾਂ ਰਹਿ ਸਕਦੇ ਹਾਂ। ਉਸ ਦਿਨ ਉਹ ਅਨਵਰ ਦੀ ਹਿੱਕ ਤੇ ਸਿਰ ਧਰ ਕੇ ਬਹੁਤ ਰੋਈ ਕਿ “ਮੈਂ ਹਾਰ ਗਈ ਹਾਂ ਅਰਸ਼ਦ, ਅਜੇ ਧਰਮ ਦੀਆਂ ਕੰਧਾਂ ਬਹੁਤ ਉੱਚੀਆਂ ਨੇ ਤੇ ਮੈਂ ਨਿੱਕੀ ਜਿਹੀ ਜਾਨ..। ਜੇ ਮੈਂ ਇਹ ਕੰਧ ਤੋੜੀ ਤਾਂ ਮੇਰੇ ਪਾਪਾ ਇਸ ਦੇ ਥੱਲੇ ਆ ਜਾਣਗੇ। ਮੈਂ ਤੇਰੇ ਨਾਲ ਨਿਕਾਹ ਨਹੀਂ ਪੜ੍ਹਵਾ ਸਕਦੀ। ਜਦੋਂ ਮੈਂ ਤੇਰੀ ਹੋ ਹੀ ਨਹੀਂ ਸਕਦੀ ਫੇਰ ਮਿਲ਼ਣਾ-ਗਿਲ਼ਣਾ ਵੀ ਕੀ ਹੋਇਆ। ਅੱਜ ਤੋਂ ਆਪਣੇ ਰਸਤੇ ਅੱਡ-ਅੱਡ ” ਅਨਵਰ ਨੇ ਅੱਖਾਂ ਪੂੰਝਦੇ ਨੇ ਐਨਾ ਹੀ ਕਿਹਾ ਸੀ “ਝੱਲੀ ਨਾ ਹੋਵੇ ਤਾਂ...।ਹੋਰ ਦੱਸ ਮੈਂ ਤੇਰੇ ਲਈ ਕੀ ਕਰਾਂ ” ਪਿੰਕੀ ਨੇ ਕਿਹਾ “ਅੱਜ ਤੋਂ ਬਾਅਦ ਮੈਨੂੰ ਨਾ ਮਿਲੀ” ਤੇ ਉਹ ਆਪਣੇ ਬੋਲਾਂ ‘ਤੇ ਪੂਰਾ ਉਤਰਿਆ ਸੀ।
ਪਿੰਕੀ ਨੇ ਘਰ ਫੋਨ ਕਰ ਦਿੱਤਾ ਸੀ ਕਿ ਅਨਵਰ ਨਾਲ ਉਸ ਨੇ ਸਬੰਧ ਤੋੜ ਲਏ ਹਨ। ਸਿਮਰਤ ਉਸ ਨੂੰ ਉਸੇ ਵੀਕ ਐਂਡ ਤੇ ਯੂਨੀਵਰਸਿਟੀ ‘ਚੋਂ ਆ ਕੇ ਲੈ ਗਈ ਸੀ। ਪਰ ਉਸ ਦੀਆਂ ਗੱਲਾਂ ਵਿੱਚ ਅਜੇ ਵੀ ਅਰਸ਼ਦ ਬਾਰੇ ਨਫ਼ਰਤ ਦਾ ਡੰਗ ਸੀ। ਪਿੰਕੀ ਆਪਣੀ ਭੈਣ ਨੂੰ ਕਹਿਣਾ ਤਾਂ ਚਾਹੁੰਦੀ ਸੀ ਕਿ ‘ਅਰਸ਼ਦ ਤੁਹਾਡੇ ਵਰਗਾ ਮਤਲਬੀ ਬੰਦਾ ਨਹੀਂ ਸੀ ।’ਜੇ ਉਸ ਨੇ ਕੈਨੇਡਾ ਪੱਕਾ ਹੋਣ ਲਈ ਹੀ ਰਿਸ਼ਤਾ ਜੋੜਿਆ ਹੁੰਦਾ ਤਾਂ ਹੋਰ ਬਥੇਰੀਆਂ ਕੁੜੀਆਂ ਸਨ ਉਸ ਤੇ ਮਰ ਮਿਟਣ ਵਾਲੀਆਂ, ਪਰ ਉਹ ਚੁੱਪ ਹੀ ਰਹੀ।ਕਦੀ ਰੋ ਪੈਂਦੀ ਅਤੇ ਉਦਾਸ ਹੋ ਜਾਂਦੀ। ਭੁੱਖ ਨਾ ਲੱਗਦੀ ਨਾਂ ਰਾਤਾਂ ਨੂੰ ਨੀਂਦ ਪੈਂਦੀ। ਅਰਸ਼ਦ ਬਹੁਤ ਯਾਦ ਆਉਂਦਾ ਜੋ ਉਸ ਦੀ ਜਾਨ ਕੱਢ ਕੇ ਲੈ ਗਿਆ ਸੀ। ਉਹ ਬੇਜਾਨ ਬੁੱਤ ਬਣ ਗਈ ਸੀ। ਸੋਚਦੀ ਮਿੱਟੀ ਦਾ ਕੀ ਏ ਕਿਤੇ ਵੀ ਤੋਰ ਦੇਣ...। ਉਸ ਨੇ ਆਪਣੀ ਮਰਜੀ ਮਾਰ ਲਈ ਸੀ।
-----
ਘਰ ਵਿੱਚ ਖ਼ੁਸ਼ੀਆਂ ਫੇਰ ਤੋਂ ਪਰਤ ਆਈਆਂ ਸਨ।ਉਸਦੇ ਪਾਪਾ ਪਿੰਕੀ ਨਾਲ ਕਮਜ਼ੋਰ ਪੈ ਗਏ ਰਿਸ਼ਤੇ ਨੂੰ ਫਿਰ ਤੋਂ ਗੰਢ ਤੁੱਪ ਕਰਨ ਲੱਗੇ। ਕੁਝ ਮਹੀਨੇ ਦੀ ਚੁੱਪ ਚਾਪ ਤੋਂ ਬਾਅਦ ਉਸ ਦੇ ਰਿਸ਼ਤੇ ਦੀ ਗੱਲ ਉੱਸਲਵੱਟੇ ਲੈਣ ਲੱਗੀ। ਤੇ ਅੱਜ ਉਸ ਤੋਂ ਬਾਅਦ ਦੀ ਕਹਾਣੀ ਪਿੰਕੀ ਮੈਨੂੰ ਇੱਕੋ ਸਾਹੇ ਸੁਣਾ ਦੇਣਾ ਚਾਹੁੰਦੀ ਸੀ।
...........
“ਫੇਰ ਮੇਰਾ ਜੀਜਾ ਆਪਣੀ ਮਾਸੀ ਮੁੰਡੇ ਨਾਲ ਮੇਰਾ ਰਿਸ਼ਤਾ ਕਰਵਾਉਣ ਲੱਗਿਆ।ਉਹ ਗੰਗਾਨਗਰ ਲਾੱਅ ਕਰ ਰਿਹਾ ਸੀ ਤੇ ਕਿਸੇ ਵੀ ਕੀਮਤ ਤੇ ਅਮਰੀਕਾ ਜਾਂ ਕੈਨੇਡਾ ਆਂਉਣਾ ਚਾਹੁੰਦਾ ਸੀ। ਉਂਝ ਉਨ੍ਹਾਂ ਕੋਲ ਰਾਜਸਥਾਨ ਵਿੱਚ ਪੰਜਾਹ ਏਕੜ ਜ਼ਮੀਨ ਸੀ ਆਪਣੀ ਕੋਠੀ ਸੀ। ਘਰੇ ਦੋ ਕਾਰਾਂ ਖੜ੍ਹੀਆਂ ਸਨ, ਪਰ ਉਹ ਬਾਹਰਲੇ ਮੁਲਕ ਆਉਣ ਲਈ ਜ਼ਿੱਦ ਕਰਦਾ ਸੀ। ਬੀ ਏ ਤੱਕ ਉਹ ਚੰਡੀਗੜ ਪੜ੍ਹਿਆ ਸੀ ਮੌਡਰਨ ਸੀ। ਮੈਂ ਵੀ ਕੋਈ ਨਾਂਹ ਨੁੱਕਰ ਨਾ ਕੀਤੀ। ਜੇ ਅਰਸ਼ਦ ਨਹੀਂ ਸੀ ਮਿਲਿਆ ਫੇਰ ਕੋਈ ਵੀ ਮਿਲ ਜਾਂਦਾ ਕੀ ਫ਼ਰਕ ਪੈਂਦਾ ਸੀ। ਉਸ ਨਾਲ ਗੱਲ ਪੱਕੀ ਹੋ ਗਈ ਤੇ ਮੈਨੂੰ ਇੰਡੀਆ ਵਿਆਹ ਵਾਸਤੇ ਲੈ ਗਏ....ਤੇ ਬੱਸ ਵਿਆਹ ਹੋ ਗਿਆ...।”
******
ਲੜੀ ਜੋੜਨ ਲਈ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।
No comments:
Post a Comment