ਸਵੈ-ਜੀਵਨੀ - ਕਿਸ਼ਤ - 18
ਲੜੀ ਜੋੜਨ ਲਈ ਕਿਸ਼ਤ – 17 ਪੜ੍ਹੋ ਜੀ।
ਕਬਜ਼ਾ ਲੈਣ ਤੋਂ ਪਹਿਲਾਂ ਸਾਨੂੰ ਅਲਾਟ ਹੋਈ ਜ਼ਮੀਨ ਕਾਲੂ ਤੇ ਹਾਕੂ ਰਾਏ ਸਿੱਖਾਂ ਦੇ ਕੋਲ ਸੀ ਜਿਨ੍ਹਾਂ ਦੇ ਪਰਿਵਾਰ ਭਾਵ ਰਾਏ ਸਿੱਖ ਸਵਾਣੀਆਂ ਤੇ ਉਹਨਾਂ ਦੇ ਬੱਚੇ ਵੀ ਬੇਰੀਆਂ ਵਾਲੇ ਖੂਹ ਤੇ ਬਣੀਆਂ ਝੁੱਗੀਆਂ ਵਿਚ ਰਹਿੰਦੇ ਸਨ। ਸਾਨੂੰ ਅਲਾਟ ਹੋਈ ਜ਼ਮੀਨ ਤੋਂ ਪਹਿਲਾਂ ਇਸ ਜ਼ਮੀਨ ਦੀ ਸਾਰੀ ਕਮਾਈ ਇਹ ਰਾਏ ਸਿੱਖਾਂ ਤੇ ਉਹਨਾਂ ਦੇ ਪਰਿਵਾਰ ਹੀ ਖਾਂਦੇ ਸਨ। ਸ਼ਾਇਦ ਇਸ ਵਿਚੋਂ ਕੁਝ ਹਿੱਸਾ ਹਲਕੇ ਦੇ ਪਟਵਾਰੀ ਜਸਵੰਤ ਰਾਏ ਮਹਿਤੇ ਨੂੰ ਚਲਾ ਜਾਂਦਾ ਸੀ ਜੋ ਫਿਰੋਜ਼ਪੁਰ ਸ਼ਹਿਰ ਵਿਚ ਕਾਂਸ਼ੀ ਨਗਰੀ ਦੇ ਬਾਹਰਵਾਰ ਲੰਘਦੇ ਨਾਲੇ ਤੇ ਬਣੇ ਹੋਏ ਮਕਾਨ ਵਿਚ ਰਹਿੰਦਾ ਸੀ। ਨਵੇਂ ਅਲਾਟੀਆਂ ਨੂੰ ਜ਼ਮੀਨ ਦੇ ਕਬਜ਼ੇ ਦੇਣ ਦਾ ਕੰਮ ਕਰਦਾ ਹੋਣ ਕਾਰਨ ਉਹਦੀ ਪੁੱਛ-ਪਰਤੀਤ ਦਾ ਕੋਈ ਅੰਤ ਨਹੀਂ ਸੀ। ਉਹਦੇ ਕਾਲੇ ਪਟੇ ਬੜੇ ਚੋਪੜੇ ਹੁੰਦੇ ਤੇ ਉਹ ਬਹੁਤ ਸ਼ੁਕੀਨੀ ਵਾਲੇ ਕੱਪੜੇ ਪਾ ਕੇ ਰੱਖਦਾ ਸੀ ਤੇ ਉਹਦੇ ਘਰ ਅੱਗੋਂ ਕਾਲਜ ਨੂੰ ਪੜ੍ਹਨ ਜਾਣ ਵਾਲੀਆਂ ਕੁੜੀਆਂ ਨੂੰ ਬੜਾ ਘੂਰ ਕੇ ਵੇਖਿਆ ਕਰਦਾ ਸੀ। ਨਹਿਰੀ ਪਟਵਾਰੀ ਵੀ ਫਿਰੋਜ਼ਪੁਰ ਸ਼ਹਿਰ ਵਿਚ ਹੀ ਰਹਿੰਦਾ ਸੀ ਤੇ ਉਹਦਾ ਘਰ ਸ਼ਿਮਲਾ ਟਾਕੀ ਤੋਂ ਕਸੂਰੀ ਦਰਵਾਜ਼ੇ ਨੂੰ ਮੁੜਦੀ ਸੜਕ ਤੇ ਇਕ ਬਹੁਤ ਵੱਡੀ ਬਿਲਡਿੰਗ ਦੇ ਉਪਰ ਸੀ।
-----
ਬਾਅਦ ਵਿਚ ਉਹਦਾ ਮੁੰਡਾ ਆਰ ਐਸ ਡੀ ਕਾਲਜ ਫਿਰੋਜ਼ਪੁਰ ਵਿਚ ਐਫ. ਏ. ਵਿਚ ਪੜ੍ਹਦਿਆਂ ਮੇਰਾ ਜਮਾਤੀ ਸੀ ਤੇ ਜਦ ਮੈਂ 1971 ਵਿਚ ਪੰਜਾਬ ਸਕੂਲ ਸਿਖਿਆ ਬੋਰਡ ਚੰਡੀਗੜ੍ਹ ਵਿਚ ਖੋਜ ਤੇ ਮੁਲਅੰਕਣ ਅਫਸਰ ਸਾਂ ਤਾਂ ਉਹ ਸਾਡੇ ਡੀ ਪੀ ਆਈ ਆਫਿਸ ਵਿਚ ਕਲਰਕ ਸੀ ਤੇ ਕਈ ਵਾਰ ਫਾਈਲਾਂ ਲੈ ਕੇ ਸਾਡੇ ਦਫਤਰ ਆਇਆ ਕਰਦਾ ਸੀ। ਕਾਲਜ ਪੜ੍ਹਦਿਆਂ ਉਸ ਨੂੰ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਂ ਜੋ ਕਦੇ 1951-52 ਵਿਚ ਪਿੰਡ ਗੁਦੜਢੰਡੀ ਦੇ ਬੇਰੀਆਂ ਵਾਲੇ ਖੂਹ ਤੋਂ ਉਹਨਾਂ ਲਈ ਤਾਜ਼ਾ ਸਬਜ਼ੀਆਂ ਤੇ ਦੁਧ ਘਿਓ ਸਿਰ ਤੇ ਚੁੱਕ ਕੇ ਪਹਿਲਾਂ ਸੱਤ ਅੱਠ ਮੀਲ ਪੈਦਲ ਤੁਰ ਕੇ ਝੋਕ ਟਹਿਲ ਸਿੰਘ ਸਟੇਸ਼ਨ ਤੇ ਪਹੁੰਚਦਾ ਤੇ ਫਿਰ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਸ਼ਿਮਲਾ ਟਾਕੀ ਦੇ ਪਿੱਛੇ ਖੇਤਾਂ ਵਿਚ ਪੈਂਦੀ ਇਕ ਡੰਡੀ ਰਾਹੀਂ ਉਸ ਨਹਿਰੀ ਪਟਵਾਰੀ ਦੇ ਓਸ ਬਹੁਤ ਵੱਡੀ ਬਿਲਡਿੰਗ ਦੇ ਦੀ ਦੂਜੀ ਮੰਜ਼ਲ ਤੇ ਬਣੇ ਘਰ ਇਹ ਸਭ ਕੁਝ ਪੁਚਾਇਆ ਕਰਦਾ ਸਾਂ, ਕਦੇ ਚੰਡੀਗੜ੍ਹ ਵਿਚ ਅਫਸਰ ਵੀ ਲੱਗ ਜਾਵਾਂਗਾ।
-----
ਬਾਪੂ ਦਾ ਕਹਿਣਾ ਸੀ ਕਿ ਨਵੀਂ ਅਲਾਟ ਹੋਈ ਜ਼ਮੀਨ ਤੇ ਕਾਬਜ਼ ਹੋਣ, ਖਸਰੇ ਗਰਦੌਰੀਆਂ ਕਰਾਉਣ, ਜਮ੍ਹਾਂਬੰਦੀਆਂ ਤੇ ਨਕਲਾਂ ਲੈਣ, ਨਹਿਰੀ ਪਾਣੀ ਦੀ ਵਾਰੀ ਮੱਲਣ ਲਈ ਮਾਲ ਤੇ ਨਹਿਰੀ ਪਟਵਾਰੀ ਦੀ ਬੜੀ ਅਹਿਮੀਅਤ ਤੇ ਲੋੜ ਸੀ। ਮੈਂ ਈ ਨਹੀਂ ਓਸ ਇਲਾਕੇ ਦੇ ਸਾਰੇ ਅਲਾਟੀ ਹੀ ਪਟਵਾਰੀਆਂ ਦਾ ਪਾਣੀ ਭਰਦੇ ਸਨ। ਜਦੋਂ ਨਹਿਰੀ ਜਾਂ ਮਾਲ ਪਟਵਾਰੀ ਪਿੰਡ ਆਉਂਦਾ ਤਾਂ ਉਹ ਘੋੜ੍ਹੀ ਤੇ ਚੜ੍ਹਿਆ ਹੁੰਦਾ ਜਿਸ ਦੀ ਲਗਾਮ ਅੱਗੇ ਤੁਰਦੇ ਪਿੰਡ ਦੇ ਚੌਕੀਦਾਰ ਦੇ ਹੱਥ ਹੁੰਦੀ। ਪਿੰਡ ਦੇ ਜੱਟ ਜਾਂ ਨਵੇਂ ਅਲਾਟੀ ਪਟਵਾਰੀ ਦੀ ਘੋੜੀ ਦੇ ਪਿੱਛੇ ਜਾਂ ਪਾਸਿਆਂ ਤੇ ਤੁਰ ਰਹੇ ਹੁੰਦੇ। ਪਟਵਾਰੀ ਅੱਗੇ ਨਿਓਂ ਕੇ ਗੱਲ ਕਰਦੇ। ਪਟਵਾਰੀ ਦੇ ਮੂੰਹੋਂ ਜੋ ਵੀ ਨਿਕਲ ਜਾਂਦਾ, ਜਿਵੇਂ ਐਨੀ ਕਣਕ ਮੇਰੇ ਘਰ ਸੁਟ ਦਿਓ, ਗੱਡਾ ਬਾਲਣ ਦਾ ਸੁੱਟ ਦਿਓ, ਕੋਈ ਅਲਾਟੀ ਅਗੋਂ ਨਾਂਹ ਕਰਨ ਦਾ ਹੀਆ ਨਹੀਂ ਕਰਦਾ ਸੀ। ਗੁਦੜਢੰਡੀ ਤੋਂ ਫਿਰੋਜ਼ਪੁਰ ਦੇ ਕੱਚੇ ਰਾਹਾਂ ਤੇ ਗੱਡਾ ਬਾਲਣ ਦਾ ਜਾਂ ਦਾਣੇ ਪਟਵਾਰੀ ਦੇ ਘਰ ਪਹੁੰਚਦੇ ਹੋ ਜਾਂਦੇ। ਪਟਵਾਰੀ ਜਸਵੰਤ ਰਾਏ ਮਹਿਤਾ ਬੜੇ ਦਲੇਰ ਸੁਭਾਅ ਦਾ ਮਾਲਕ ਸੀ ਤੇ ਆਏ ਗਏ ਨੂੰ ਚਾਹ ਵੀ ਪਿਆਉਂਦਾ ਸੀ। ਮੈਂ ਵੇਖਦਾ ਕਿ ਜਿੰਨੀ ਤਾਕਤ ਪਟਵਾਰੀ ਦੀ ਸੀ, ਸ਼ਾਇਦ ਏਨੀ ਥਾਣੇਦਾਰ ਦੀ ਵੀ ਨਾ ਹੋਵੇ। ਪਟਵਾਰੀ ਦਾ ਲਿਖਿਆ ਇਕ ਹਰਫ ਈ ਜ਼ਿਮੀਂਦਾਰ ਦੀ ਤਕਦੀਰ ਨੂੰ ਪੁੱਠੀ ਕਰ ਸਕਦਾ ਸੀ। ਸੋਕੇ ਜਾਂ ਹੜ ਦੇ ਮਾਰ ਦੀ ਸੱਚੀ ਜਾਂ ਝੂਠੀ ਰਿਪੋਰਟ ਤੇ ਈ ਸਰਕਾਰ ਵੱਲੋਂ ਕਿਸਾਨ ਨੂੰ ਕੋਈ ਮੱਦਦ ਮਿਲ ਸਕਦੀ ਸੀ। ਉਹਨਾਂ ਦਿਨਾਂ ਵਿਚ ਰੇਡੀਓ ਤੋਂ ਇਕ ਗਾਣਾ ਵੀ ਬੜਾ ਆਉਂਦਾ ਹੁੰਦਾ ਸੀ ਕਿ “ਤੂੰ ਕਾਹਦਾ ਪਟਵਾਰੀ, ਮੁੰਡਾ ਮੇਰਾ ਰੋਵੇ ਅੰਬ ਨੂੰ”। ਬਹੁਤ ਸਾਲਾਂ ਬਾਅਦ ਜਦ ਜਸਵੰਤ ਰਾਏ ਪਟਵਾਰੀ ਦੀ ਨੌਕਰੀ ਤੋਂ ਤਰੱਕੀ ਕਰ ਕੇ ਕਾਨੂੰਨਗੋ ਬਣ ਗਿਆ ਤਾ ਕਹਿੰਦਾ ਹੁੰਦਾ ਸੀ ਕਿ ਜੋ ਟੌਹਰ ਬਤੌਰ ਪਟਵਾਰੀ ਸੀ, ਉਹ ਕਾਨੂੰਨਗੋ ਬਣ ਕੇ ਨਹੀਂ ਸੀ। ਕਈ ਵਾਰ ਜਦ ਮਿਲਦਾ ਤਾਂ ਕਹਿੰਦਾ ਕਿ ਹੁਣ ਮੇਰੇ ਹੇਠਾਂ ਕਈ ਪਟਵਾਰੀ ਕੰਮ ਕਰਦੇ ਹਨ ਪਰ ਜੇ ਮੈਨੂੰ ਫਿਰ ਪਟਵਾਰੀ ਬਣਾ ਦੇਣ ਤਾਂ ਮੈਂ ਬੜਾ ਖ਼ੁਸ਼ ਹੋਵਾਂਗਾ। ਜੋ ਸਵਾਦ ਜੱਟਾਂ’ ਤੇ ਰਾਜ ਕਰਨ ਦਾ ਹੈ, ਉਹ ਪਟਵਾਰੀਆਂ ਤੇ ਰਾਜ ਕਰਨ ਦਾ ਨਹੀਂ ਹੈ।
-----
ਕਾਲੂ ਅਤੇ ਹਾਕੂ ਰਾਏ ਸਿੱਖਾਂ ਦੇ ਪਟਰਵਾਰਾਂ ਤੋਂ ਬਿਨਾਂ ਬੇਰੀਆਂ ਵਾਲੇ ਖੂਹ ਤੇ ਘੱਟੋ-ਘੱਟ 11 ਹੋਰ ਬੇਜ਼ਮੀਨੇ ਰਾਏ ਸਿੱਖਾਂ ਦੀਆਂ ਝੁੱਗੀਆਂ ਸਨ ਜੋ 1947 ਤੋਂ ਬਾਅਦ ਇਸ ਬੇਮਾਲਕੀ ਵਾਲੀ ਜ਼ਮੀਨ ਤੇ ਕਬਜ਼ਾ ਕਰੀ ਬੈਠੇ ਸਨ ਤੇ ਉਹਨਾਂ ਨੂੰ ਵੀ ਇਹੀ ਕਿਹਾ ਜਾ ਰਿਹਾ ਸੀ ਕਿ ਪੰਡਤ ਨਹਿਰੂ ਭਾਰਤ ਦੀਆਂ ਪਹਿਲੀਆਂ ਚੋਣਾਂ ਵੇਲੇ ਲੋਕਾਂ ਨੂੰ ਕਾਂਗਰਸ ਨੂੰ ਵੋਟਾਂ ਪੌਣ ਲਈ ਕਹਿਣ ਫਿਰੋਜ਼ਪੁਰ ਆਵੇਗਾ ਤੇ ਸਾਰੇ ਬੇਜ਼ਮੀਨੇ ਰਾਏ ਸਿੱਖਾਂ ਨੂੰ ਉਹਨਾਂ ਦੀ ਕਬਜ਼ੇ ਹੇਠਲੀ ਜ਼ਮੀਨ ਦਾ ਕਬਜ਼ਾ ਦੇਣ ਦਾ ਐਲਾਨ ਕਰ ਜਾਵੇਗਾ। ਪਰ ਜਦੋਂ ਨਵੇਂ ਨਵੇਂ ਅਲਾਟੀ ਆਉਣ ਲੱਗ ਪਏ ਤੇ ਪਟਵਾਰੀ ਨੇ ਉਹਨਾਂ ਨੂੰ ਜ਼ਮੀਨਾਂ ਦੇ ਕਬਜ਼ੇ ਦੇਣੇ ਸ਼ੁਰੂ ਕਰ ਦਿਤੇ ਤਾਂ ਇਹ ਰਾਏ ਸਿੱਖ ਪਟਵਾਰੀ ਕੋਲ ਗਏ ਕਿ ਜ਼ਮੀਨ ‘ਤੇ ਤਾਂ ਸਾਡਾ ਕਬਜ਼ਾ ਹੈ। ਪਟਵਾਰੀ ਨੇ ਸਾਫ਼ ਕਹਿ ਦਿੱਤਾ ਕਿ ਇਸ ਕਨਜ਼ੇ ਦਾ ਕੋਈ ਮਤਲਬ ਨਹੀਂ ਹੈ। ਨਵੇਂ ਅਲਾਟੀ ਜਲੰਧਰ ਤੋਂ ਪਾਕਿਸਤਾਨ ਵਿਚ ਛੱਡੀ ਜ਼ਮੀਨ ਬਦਲੇ ਅਲਾਟਮੈਂਟ ਦੇ ਕਾਗ਼ਜ਼ ਲੈ ਕੇ ਆਏ ਹਨ, ਮੁਜ਼ਾਰਿਆਂ ਦੇ ਤੌਰ ਤੇ ਤੁਹਾਨੂੰ ਰੱਖਦੇ ਹਨ ਰਹਿ ਜਾਓ ਨਹੀਂ ਤਾਂ ਨਾਜਾਇਜ਼ ਕਬਜ਼ੇ ਕਰਨ ਤੇ ਆਪਣਾ ਕੀਤਾ ਭਰੋਗੇ।
-----
ਫਿਰੋਜ਼ਪੁਰ ਤੋਂ ਫਾਜਿਲ਼ਕਾ ਤਕ ਦਰਿਆ ਸਤਲੁਜ ਦੀ ਬੇਟ ਦੇ ਸੈਂਕੜੇ ਪਿੰਡਾਂ ਵਿਚ ਜੋ ਬੇਜ਼ਮੀਨੇ ਰਾਏ ਸਿੱਖ ਆਣ ਵਸੇ ਸਨ, ਹੁਣ ਕਿੱਧਰ ਜਾਣ? ਇਸਦਾ ਕੋਈ ਉੱਤਰ ਨਹੀਂ ਸੀ। ਕਈ ਪਿੰਡਾਂ ਵਿਚ ਰਾਏ ਸਿੱਖਾਂ ਨੇ ਅਲਾਟੀਆਂ ਨੂੰ ਜ਼ਮੀਨ ਦੇ ਕਬਜ਼ੇ ਦੇਣ ਤੋਂ ਨਾਂਹ ਕਰ ਦਿਤੀ। ਕਬਜ਼ੇ ਨੂੰ ਲੈ ਕੇ ਓਥੇ ਬਹੁਤ ਝਗੜੇ ਵੀ ਹੋਏ ਤੇ ਸ਼ਾਇਦ ਕਤਲ ਵੀ ਪਰ ਆਖਰ ਰਾਏ ਸਿੱਖ ਸਮਝ ਗਏ ਕਿ ਇਹ ਜ਼ਮੀਨਾਂ ਉਹਨਾਂ ਦੀਆਂ ਹਨ ਜੋ ਪਿਛੇ ਪਾਕਿਸਤਾਨ ਵਿਚ ਜ਼ਮੀਨਾਂ ਛੱਡ ਕੇ ਆਏ ਹਨ। ਕੁਝ ਸਾਲਾਂ ਪਿਛੋਂ ਸਰਕਾਰ ਨੇ ਰਾਏ ਸਿੱਖਾਂ ਨੂੰ ਸਤਲੁਜ ਦੀ ਬੇਟ ਵਿਚ ਪੰਜ ਪੰਜ ਏਕੜ ਜ਼ਮੀਨ ਦੇਣ ਦਾ ਐਲਾਨ ਵੀ ਕਰ ਦਿੱਤਾ ਪਰ ਇਹ ਜ਼ਮੀਨ ਉਹਨਾਂ ਨੂੰ ਓਨਾ ਚਿਰ ਤਕ ਨਹੀਂ ਮਿਲ ਸਕਦੀ ਸੀ ਜਿੰਨਾ ਚਿਰ ਤਕ ਇਹ ਪਤਾ ਨਹੀਂ ਲੱਗਦਾ ਸੀ ਕਿ ਅਲਾਟੀਆਂ ਨੂੰ ਮਿਲੀ ਜ਼ਮੀਨ ਤੋਂ ਬਾਅਦ ਕੋਈ ਜ਼ਮੀਨ ਬਚੀ ਵੀ ਹੈ ਜਾਂ ਨਹੀਂ। ਜ਼ਮੀਨ ਦਾ ਕੋਈ ਪੱਕਾ ਰਿਕਾਰਡ ਵੀ ਨਹੀਂ ਸੀ। ਸੁਣਿਆ ਜਾਂਦਾ ਕਿ ਹਿੰਦੋਸਤਾਨ ਦੀ ਕੁਝ ਜ਼ਮੀਨ ਸਤਲੁਜ ਦੇ ਪਾਰ ਪਾਕਿਸਤਾਨ ਦੇ ਇਲਾਕੇ ਵਿਚ ਵੀ ਸੀ ਤੇ ਪਾਕਿਸਤਾਨ ਦੀ ਕੁਝ ਜ਼ਮੀਨ ਏਧਰ ਸਤਲੁਜ ਤੋਂ ਪਾਰ ਭਾਰਤੀ ਇਲਾਕੇ ਵਿਚ ਵੀ ਪਰ ਓਸ ਵੇਲੇ ਇਹ ਸਾਰਾ ਇਲਾਕਾ ਕਾਨਿਆਂ ਦਾ ਜੰਗਲ ਸੀ ਤੇ ਖੂਹਾਂ ਦੀ ਵਾਹੀ ਹੋਣ ਕਾਰਨ ਤੇ ਛਿਮਾਹੀਂ ਨਹਿਰੀ ਪਾਣੀ ਮਿਲਣ ਕਾਰਨ ਜ਼ਿਆਦਾ ਜ਼ਮੀਨ ਬੇਆਬਾਦ ਪਈ ਸੀ। ਕਈ ਅਲਾਟੀ ਬੇਰੀਆਂ ਵਾਲੇ ਖੂਹ ਲਾਗੇ ਪਈ ਜ਼ਮੀਨ ਪਸੰਦ ਨਾ ਆਉਣ ਤੇ ਵੇਖ ਕੇ ਮੁੜ ਜਾਂਦੇ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਬੇਰੀਆਂ ਵਾਲੇ ਖੂਹ ਤੇ ਬੈਠੇ ਰਾਏ ਸਿੱਖ ਜਿਨ੍ਹਾਂ ਦੀਆਂ 11 ਤੋਂ ਜ਼ਿਆਦਾ ਝੁੱਗੀਆਂ ਤੇ ਮਾਲ ਡੰਗਰ ਬਾਲ-ਬੱਚਾ ਸੀ, ਹੌਲੀ ਹੌਲੀ ਓਥੋਂ ਕਿਧਰੇ ਫਾਜ਼ਿਲਕਾ ਵੱਲ ਨੂੰ ਨਿੱਕਲ ਗਏ। ਸ਼ਾਇਦ ਓਧਰ ਕਿਧਰੇ ਜ਼ਮੀਨ ਮਿਲਣ ਦੀ ਆਸ ਬੱਝੀ ਹੋਵੇ। ਕਈ ਰਾਏ ਸਿੱਖ ਸੁਣੀਦਾ ਸੀ ਕਿ ਬੀਕਾਨੇਰ ਤੇ ਨੈਨੀਤਾਲ ਵੱਲ ਨੂੰ ਚਲੇ ਗਏ।
-----
ਬਾਪੂ ਮੈਨੂੰ ਸਕੂਲ ਮੁੜਨ ਲਈ ਗੁਦੜਢੰਡੀ ਤੋਂ ਅੱਗੇ ਪਿੰਡ ਹਾਮਦ ਤੇ ਓਥੋਂ ਡਾਂਡੇ ਮੀਂਡੇ ਝੋਕ ਟਹਿਲ ਸਿੰਘ ਦੇ ਸਟੇਸ਼ਨ ਤੱਕ ਛੱਡਣ ਆਇਆ। ਸਾਡੇ ਹੱਥਾਂ ਵਿਚ ਝੋਲੇ ਤੇ ਗੰਢਾਂ ਸਨ ਜਿਨ੍ਹਾਂ ਵਿਚ ਘਿਓ, ਚੌਲ ਤੇ ਸਬਜ਼ੀਆਂ ਸਨ, ਰਾਏ ਸਿੱਖਣੀਆਂ ਨੇ ਮੈਨੂੰ ਦੇਸੀ ਘਿਓ ਵਿਚ ਆਟਾ ਗੁੰਨ੍ਹ ਕੇ ਮੋਟੇ-ਮੋਟੇ ਮੰਨ ਪਕਾ ਕੇ ਤੇ ਮੰਨਾਂ ਦੇ ਵਿਚਕਾਰ ਮਿਰਚਾਂ ਦੀ ਰਗੜੀ ਚਟਣੀ ਰੱਖ, ਪੋਣੇ ਵਿਚ ਬੰਨ੍ਹ ਕੇ ਦੇ ਦਿੱਤੇ ਸਨ ਜੋ ਰਸਤੇ ਵਿਚ ਫਿਰੋਜ਼ਪੁਰ ਛਾਉਣੀ ਤੋਂ ਗੱਡੀ ਬਦਲ ਕੇ ਬਠਿੰਡੇ ਵੱਲ ਨੂੰ ਜਾਂਦੀ ਗੱਡੀ ਵਿਚ ਬੈਠ ਕੇ ਭੁੱਖ ਲਗਣ ਤੇ ਜਦ ਖਾਧੇ ਤਾਂ ਬੜੇ ਸਵਾਦ ਲਗੇ। ਪਹਿਲਾਂ ਮੇਰਾ ਵਿਚਾਰ ਸੀ ਕਿ ਗੋਨਿਆਣਾ ਮੰਡੀ ਦੇ ਸਟੇਸ਼ਨ ਤੋਂ ਉਤਰ ਕੇ ਹੋਸਟਲ ਵਿਚ ਚਲਾ ਜਾਵਾਂ ਤੇ ਅਗਲੇ ਹਫਤੇ ਮਹਿਤੇ ਜਾਵਾਂ ਪਰ ਇਹ ਸਾਮਾਨ ਮਹਿਤੇ ਪੁਚਾਉਣ ਦੇ ਖ਼ਿਆਲ ਨਾਲ ਮੈਂ ਸਿੱਧਾ ਬਠਿੰਡੇ ਆ ਗਿਆ ਤੇ ਅਗੋਂ ਸਰਸੇ-ਹਿਸਾਰ ਜਾਣ ਵਾਲੀ ਨਿੱਕੀ ਗੱਡੀ ਫੜ ਕੇ ਸ਼ੇਰਗੜ੍ਹ ਸਟੇਸ਼ਨ ਤੋਂ ਉਤਰ ਕੇ ਮਹਿਤੇ ਆ ਗਿਆ। ਮਾਂ ਮੈਨੂੰ ਵੇਖ ਕੇ ਬਹੁਤ ਖ਼ੁਸ਼ ਹੋਈ ਕਿ ਉਹਦਾ ਪੁੱਤ ਨਵੀਂ ਜ਼ਮੀਨ ਤੋਂ ਹੋ ਕੇ ਆਇਆ ਸੀ ਤੇ ਓਥੋਂ ਚੌਲ ਤੇ ਘਿਓ ਵੀ ਲੈ ਕੇ ਆਇਆ ਸੀ। ਮਾਂ ਬਾਸਮਤੀ ਦੇ ਚਿਟੇ ਚੌਲਾਂ ਥਾਲ਼ੀ ਭਰ ਕੇ ਮਹਿਕ ਦੇ ਘਰ ਵੀ ਦੇ ਆਈ ਤੇ ਜਦੋਂ ਮਹਿਕ ਥਾਲ਼ੀ ਮੋੜਨ ਆਈ ਤਾਂ ਮੇਰੇ ਵੱਲ ਵੇਖ ਕੇ ਨੀਵੀਂ ਪਾ ਕੇ ਮੁਸਕਰਾ ਪਈ। ਮੈਨੂੰ ਉਹਦੀ ਮੁਸਕਰਾਹਟ ਵਿਚ ਅੱਗੇ ਆਉਣ ਵਾਲੀ ਜ਼ਿੰਦਗੀ ਦੇ ਕਈ ਸੁਪਨੇ ਦਿਸ ਰਹੇ ਸਨ ਕਿ ਆਉਣ ਵਾਲੇ ਦਿਨ ਕਿਹੋ ਜਿਹੇ ਸਨ ਜਦ ਇਹ ਸਾਂਝਾਂ ਖ਼ਤਮ ਹੋ ਜਾਣਗੀਆਂ। ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਫਿਰੋਜ਼ਪੁਰ ਨੂੰ ਚਲਾ ਜਾਵਾਂਗਾ। ਘਰ ਵਾਲੇ ਵੀ ਹੌਲੀ ਹੌਲੀ ਸਾਮਾਨ ਚੁੱਕ ਕੇ ਮਹਿਤਾ ਛੱਡ ਚੁੱਕੇ ਹੋਣਗੇ।
-----
ਮਹਿਕ ਦਾ ਪਿਓ ਵੀ ਫਰੀਦਕੋਟ ਦੇ ਸਟੇਸ਼ਨ ਤੋਂ ਉਤਰ ਕੇ ਮੜਾਰਾਂਵਾਲਾ ਤੋਂ ਅੱਗੇ ਬੀਕਾਨੇਰ ਨਹਿਰ ਦੇ ਕੰਢੇ ਪੈਂਦੇ ਪਿੰਡ ਵਿਚ ਅਲਾਟ ਹੋਈ ਜ਼ਮੀਨ ਦਾ ਕਬਜ਼ਾ ਲੈਣ ਚਲਾ ਗਿਆ ਸੀ। ਦਿਨ ਡੁਬੱਣ ਤਕ ਮਹਿਕ ਕਈ ਗੇੜੇ ਸਾਡੇ ਘਰ ਦੇ ਮਾਰ ਗਈ ਸੀ ਤੇ ਮੇਰੀ ਮਾਂ ਨੂੰ ਤੰਦੂਰੇ ਰੋਟੀਆਂ ਲਾਉਣ ਲਈ ਕਹਿ ਗਈ ਸੀ ਕਿ ਉਹਨਾਂ ਨੇ ਤੰਦੂਰ ਤਾਅ ਦਿੱਤਾ ਸੀ। ਮਾਂ ਕਹਿ ਰਹੀ ਸੀ ਕਿ ਉਹ ਗੁੱਝਿਆ ਹੋਇਆ ਆਟਾ ਲੈ ਜਾਵੇ ਰੋਟੀਆਂ ਲਾਹ ਕੇ ਦੇ ਹੀ ਜਾਵੇ। ਆਟਾ ਤਾਂ ਉਹ ਲੈ ਗਈ ਪਰ ਕਾਫੀ ਦੇਰ ਤਕ ਨਾ ਮੁੜੀ। ਮੈਂ ਘੁਸਮੁਸੇ ਵਿਚ ਪਿੰਡ ਦੇ ਖੂਹ ਤੇ ਛੱਪੜ ਕੋਲੋਂ ਲੰਘ ਪਰ੍ਹਾਂ ਟਿੱਬਿਆਂ ਵੱਲ ਨੂੰ ਚਲਾ ਗਿਆ। ਕੁਝ ਚਿਰ ਪਿਛੋਂ ਮੈਨੂੰ ਇਕ ਜਾਣੀ ਪਹਿਚਾਣੀ ਆਵਾਜ਼ ਸੁਣੀ ਜੋ ਮਾੜੂ ਦੀ ਸੀ ਜੋ ਕੁੜੀਆਂ ਲਈ ਹਰ ਸਾਲ ਛੱਪੜ ਲਾਗਲੇ ਕੰਢਿਆਂ ਤੇ ਲੱਗੇ ਵੱਡੇ ਦਰੱਖਤਾਂ ਤੇ ਪੀਂਘਾਂ ਪਾ ਕੇ ਦਿਆ ਕਰਦਾ ਸੀ ਤੇ ਮੇਰੇ ਨਾਲ ਬੜਾ ਹਿੱਤ ਕਰਦਾ ਸੀ। ਉਹ ਪੜ੍ਹਿਆ ਤਾਂ ਬਿਲਕੁਲ ਨਹੀਂ ਸੀ ਪਰ ਮੇਰੇ ਪੜ੍ਹਦੇ ਹੋਣ ਕਰ ਕੇ ਉਹਨੂੰ ਮੇਰੇ ਨਾਲ ਬੜਾ ਤੇਹ ਸੀ। ਉਹ ਅਕਸਰ ਕਹਿੰਦਾ ਕਿ ਪੜ੍ਹਾਈ ਬੜੀ ਸ਼ੈਅ ਹੁੰਦੀ ਆ ਤੇ ਜਦ ਮੈਂ ਪੜ੍ਹ ਲਿਖ ਕੇ ਕਿਤੇ ਅਫਸਰ ਲਗ ਜਾਵਾਂ ਤਾਂ ਉਹ ਮੈਨੂੰ ਆਪਣੇ ਕੋਲ ਕਿਤੇ ਨੌਕਰ ਰੱਖ ਲਵੇ ਜਾਂ ਫੌਜ ਵਿਚ ਭਰਤੀ ਕਰਵਾ ਦੇਵੇ। ਮੈਨੂੰ ਹਾਲੇ ਇਹਨਾਂ ਸਭ ਗੱਲਾਂ ਦਾ ਕੋਈ ਪਤਾ ਨਹੀਂ ਸੀ। ਕਈ ਵਾਰ ਉਹ ਮੇਰਾ ਸਾਮਾਨ ਫੜ ਕੇ ਮੈਨੂੰ ਛੱਡਣ ਲਈ ਸ਼ੇਰਗੜ੍ਹ ਸਟੇਸ਼ਨ ਤਕ ਨਾਲ ਜਾਂਦਾ ਤੇ ਜਦ ਤਕ ਗੱਡੀ ਨਾ ਤੁਰਦੀ ਤਾਂ ਸਟੇਸ਼ਨ’ਤੇ ਬੈਠਾ ਰਹਿੰਦਾ। ਜਦ ਗੱਡੀ ਤੁਰ ਪੈਂਦੀ ਤਾਂ ਉਹ ਮੇਰੇ ਡੱਬੇ ਦੇ ਬਰਾਬਰ ਦੌੜਦਾ ਤੇ ਓਨਾ ਚਿਰ ਤਕ ਮੈਂ ਗੱਡੀ ਦੀ ਬਾਰੀ ਜਾਂ ਦਰਵਾਜ਼ੇ ਵਿਚੋਂ ਉਹਦੇ ਵੱਲ ਵਿੰਹਦਾ ਰਹਿੰਦਾ ਜਦ ਤੱਕ ਗੱਡੀ ਬਹੁਤ ਅੱਗੇ ਨਾ ਲੰਘ ਜਾਂਦੀ ਤੇ ਉਹ ਮੈਨੂੰ ਦਿਸਣੋ ਨਾ ਹਟ ਜਾਂਦਾ।
-----
ਮਾੜੂ ਮੈਨੂੰ ਟਿਬਿਆਂ ਤੋਂ ਥੋੜ੍ਹਾ ਦੂਰ ਹੋਰ ਪਰ੍ਹਾਂ ਲੈ ਗਿਆ ਤੇ ਮੇਰੇ ਕੰਨ ਵਿਚ ਦੱਸਣ ਲੱਗਾ ਕਿ ਪਿੰਡ ਵਿਚ ਬੜੀ ਅਫ਼ਵਾਹ ਫੈਲ ਗਈ ਆ ਕਿ ਮਹਿਕ ਤੇਰੇ ਨਾਲ ਭੱਜਣ ਨੂੰ ਤਿਆਰ ਖੜ੍ਹੀ ਆ ਤੇ ਤੂੰ ਉਹਨੂੰ ਨਵੀਂ ਮਿਲੀ ਜ਼ਮੀਨ ਤੇ ਲੈ ਜਾਏਂਗਾ। ਉਹ ਤੈਨੂੰ ਬਹੁਤ ਪਿਆਰ ਕਰਦੀ ਆ ਤੇ ਕਹਿੰਦੀ ਆ ਕਿ ਜੇ ਮੈਂ ਉਹਨੂੰ ਨਾ ਲੈ ਕੇ ਗਿਆ ਤਾਂ ਉਹ ਖੂਹ ਵਿਚ ਛਾਲ ਮਾਰ ਕੇ ਡੁੱਬ ਕੇ ਮਰ ਜਾਵੇਗੀ। ਮੈਂ ਮਾੜੂ ਨੂੰ ਕਿਹਾ ਕਿ ਸਭ ਗੱਲਾਂ ਗ਼ਲਤ ਹਨ। ਮੈਂ ਆਪਣੀ ਪੜ੍ਹਾਈ ਕਰ ਰਿਹਾ ਹਾਂ ਤੇ ਇਸ ਤੋਂ ਇਲਾਵਾ ਮੇਰੇ ਅੱਗੇ ਹੋਰ ਕੋਈ ਪਰੋਗਰਾਮ ਨਹੀਂ ਹੈ। ਜੇ ਲੋਕ ਗੱਲਾਂ ਕਰਦੇ ਹਨ ਤਾਂ ਆਪੇ ਚੁੱਪ ਹੋ ਜਾਣਗੇ। ਮਾੜੂ ਕਹਿਣ ਲੱਗਾ ਤੂੰ ਦਲੇਰੀ ਕਰ ਮੈਂ ਤੇਰੇ ਨਾਲ ਹਾਂ ਤੇ ਕਹੇਂ ਤਾਂ ਕਿਸੇ ਵੈਲੀ ਕੋਲੋਂ ਪਸਤੌਲ ਲੈ ਆਵਾਂਗੇ। ਆਪਾਂ ਕੋਈ ਡਾਕਾ ਮਾਰਨਾ ਆ ਕਮਲਿਆ ਤੇ ਇਹੋ ਜਿਹੀਆਂ ਗੱਲਾਂ ਨੀ ਕਰੀਦੀਆਂ ਹੁੰਦੀਆਂ। ਤੂੰ ਤਾਂ ਡਰਦਾ ਏ, ਡਰ ਕਾਹਦਾ ਜਦੋਂ ਮੈਂ ਤੇਰੇ ਨਾਲ ਆਂ। ਮੈਨੂੰ ਕਿਤੇ ਕੋਈ ਇਹੋ ਜਿਹੀ ਛੈਲ ਕੁੜੀ ਨਿੱਕਲ਼ ਜਾਣ ਲਈ ਕਹੇ ਤਾਂ ਮੈਂ ਉਹਨੂੰ ਮੋਢਿਆਂ ਤੇ ਚੁੱਕ ਕੇ ਵਗਦੀ ਨਹਿਰ ਚੋਂ ਨਿੱਕਲ਼ ਜਾਵਾਂ। ਮਜਾਲ ਕੋਰੀ ਖੁਰਾ ਵੀ ਨੱਪ ਜਾਵੇ। ਮੈਨੂੰ ਲੱਗਿਆ ਜਿਵੇਂ ਮਾੜੂ ਨੇ ਪੀਤੀ ਹੋਈ ਸੀ।
-----
ਮੈਂ ਉਹਨੂੰ ਸਮਝਾ ਕੇ ਉਹਦੇ ਘਰ ਅੱਗੇ ਛੱਡਿਆ ਤੇ ਦੇਰ ਨਾਲ ਜਦੋਂ ਮੈਂ ਘਰ ਪੁੱਜਾ ਤਾਂ ਚੁੱਲ੍ਹੇ ਲਾਗੇ ਹਾਰੇ ਵਿਚ ਚਿਟੇ ਪੋਣੇ ਨਾਲ ਢਕੀ ਥਾਲ਼ੀ ਵਿਚ ਚੋਘਿਆਂ ਵਾਲੀਆਂ ਤੰਦੂਰੀਆਂ ਰੋਟੀਆਂ, ਪਿਆਜ਼ ਤੇ ਤਰਦੇ ਘਿਓ ਵਾਲੀ ਦਾਲ਼ ਪਈ ਸੀ ਤੇ ਨਾਲ ਚਿੱਭੜਾਂ ਦੀ ਚਟਣੀ। ਭੁੱਖ ਵੀ ਲੱਗੀ ਹੋਈ ਸੀ ਤੇ ਰੋਟੀਆਂ ਦੀ ਹਰ ਬੁਰਕੀ ਵਿਚ ਸੁਨੇਹੇ ਵੀ ਭਰੇ ਹੋਏ ਸਨ ਜਿਨ੍ਹਾਂ ਨੂੰ ਨਾ ਮੇਰੇ ਬੋਲੇ ਕੰਨ ਸੁਣ ਰਹੇ ਸਨ ਤੇ ਨਾ ਹੀ ਜੀਭ ਕੋਈ ਹੁੰਗਾਰਾ ਭਰ ਰਹੀ ਸੀ। ਕੰਧ ਦੇ ਪਾਰ ਜੋ ਅਖਾਂ ਸਨ, ਉਹਨਾਂ ਪਿੱਛੇ ਕੀ ਸੀ, ਉਹਨਾਂ ਨੂੰ ਵੇਖ ਕੇ ਵੀ ਮੇਰੀਆਂ ਅੱਖਾਂ ਉਹਨਾਂ ਅੱਖਾਂ ਨੂੰ ਅਣਡਿੱਠ ਕਰ ਰਹੀਆਂ ਸਨ। ਜੋ ਕੁਝ ਵਾਪਰ ਰਿਹਾ ਸੀ। ਵਾਪਰਨ ਦੀ ਉਮਰ ਦਾ ਤਕਾਜ਼ਾ ਸੀ ਤੇ ਥੋੜ੍ਹਾ ਬਹੁਤ ਵਾਪਰ ਕੇ ਅੱਖਾਂ ਨੇ ਆਪਣੇ ਹੰਝੂਆਂ ਦੇ ਪਛਤਾਵਿਆਂ ਵਿਚ ਇਕ ਦਿਨ ਆਪ ਹੀ ਡੁੱਬ ਜਾਣਾ ਸੀ। ਪਰ ਅੱਗੇ ਜਾ ਕੇ ਜ਼ਿੰਦਗੀ ਦਾ ਇਹ ਭਾਗ ਸਾਹਿਤ ਦਾ ਇਕ ਹਿੱਸਾ ਬਣ ਜਾਵੇਗਾ, ਓਸ ਵੇਲੇ ਇਸ ਅਹਿਸਾਸ ਦਾ ਇਤਿਹਾਸ ਬਣਨ ਲੱਗ ਪਿਆ ਸੀ ਪਰ ਇਸ ਨੇ ਹਾਲੇ ਸ਼ਿੱਦਤ ਅਖ਼ਤਿਆਰ ਨਹੀਂ ਕੀਤੀ ਸੀ।
-----
ਅਗਲੇ ਦਿਨ ਜਦ ਤਿਆਰ ਹੋ ਕੇ ਮੈਂ ਕਈ ਦਿਨਾਂ ਦੀ ਗ਼ੈਰ-ਹਾਜ਼ਰੀ ਪਿਛੋਂ ਸਕੂਲ ਨੂੰ ਮੁੜ ਰਿਹਾ ਸਾਂ ਮੋਸਮ ਥੋੜ੍ਹਾ ਥੋੜ੍ਹਾ ਬਦਲਣਾ ਸ਼ੁਰੂ ਹੋ ਗਿਆ ਸੀ। ਪਰਛਾਵੇਂ ਲੰਮੇ ਹੋਣ ਲੱਗ ਪਏ ਸਨ ਤੇ ਸ਼ਾਮਾਂ ਕੁਝ ਠੰਢੀਆਂ। ਇਸ ਵਾਰ ਵੱਡੇ ਦਰਵਾਜ਼ੇ ਦੇ ਬਾਰ ਖੋਲ੍ਹਣ ਤੋਂ ਪਹਿਲਾਂ ਜਿਥੇ ਮਹਿਕ ਪਿਛੋਂ ਆ ਕੇ ਮੈਨੂੰ ਕੁਝ ਫੜਾ ਕੇ ਬਿਜਲੀ ਦੀ ਤੇਜ਼ੀ ਵਾਂਗ ਮੁੜ ਜਾਂਦੀ ਹੁੰਦੀ ਸੀ, ਅੱਜ ਮੇਰੇ ਅੱਗੇ ਖੜ੍ਹੀ ਸੀ। ਅੱਖਾਂ ਨੀਵੀਆਂ, ਬੁੱਲ੍ਹਾਂ ਤੇ ਮੁਸਕਾਨ ਜੋ ਆ ਨਹੀਂ ਰਹੀ ਸੀ, ਅੱਖਾਂ ਦੀਆਂ ਪਲਕਾਂ ਵਿਚ ਡੱਕੇ ਹੰਝੂ ਜੋ ਡਿੱਗ ਨਹੀਂ ਰਹੇ ਸਨ। ਉਸ ਮੇਰੇ ਦੋਵੇਂ ਹੱਥ ਜ਼ੋਰ ਨਾਲ ਫੜ ਲਏ, ਮੂੰਹੋਂ ਕੁਝ ਬੋਲ ਨਹੀਂ ਹੋਇਆ। ਮੈਂ ਹਥੱ ਛੁਡਵਾ ਕੇ ਉਹਦੀ ਖ਼ੂਬਸੂਰਤ ਠੋਡੀ ਉੱਚੀ ਚੁੱਕੀ, ਅੱਖਾਂ ਅਜੇ ਵੀ ਨੀਵੀਆਂ ਸਨ। ਏਨੀ ਉੱਚੀ, ਲੰਮੀ, ਜਵਾਨ ਤੇ ਖ਼ੂਬਸੂਰਤ, ਏਨੀ ਪਿਆਰ ਕਰਨ ਵਾਲੀ ਪਿੰਡ ਦੀ ਸਿੱਧੀ-ਸਾਦੀ ਕੁੜੀ ਦੀਆਂ ਰੀਝਾਂ ਦੇ ਰਾਂਝੇ ਨੇ ਅੱਲੜ੍ਹਾਂ ਦੇ ਸਾਵੇ-ਸਾਵੇ ਜਾਪਦੇ ਪਿਆਰ ਨੂੰ ਕੁਝ ਸਮਝਦਿਆਂ, ਕੁਝ ਨਾ ਸਮਝਦਿਆਂ ਵੀ ਅਣਜਾਣ ਬਣ ਵੱਡਾ ਦਰਵਾਜ਼ਾ ਖੋਲ੍ਹਿਆ ਤੇ ਸਟੇਸ਼ਨ ਵੱਲ ਨੂੰ ਚੱਲ ਪਿਆ। ਨਿਆਈਆਂ ਵਿਚ ਵਸੇ ਬੌਰੀਆਂ ਦੇ ਘਰਾਂ ਕੋਲੋਂ ਜਦ ਮੈਂ ਸਟੇਸ਼ਨ ਵੱਲ ਜਾਂਦੇ ਪਹੇ ‘ਤੇ ਪਹੁੰਚਿਆ ਤਾਂ ਆਪਣੇ ਘਰ ਦੀਆਂ ਛੱਤਾਂ ਵੱਲ ਨਿਗ੍ਹਾ ਮਾਰੀ ਤਾਂ ਉਹ ਕੋਠੇ ਦੀ ਛੱਤ 'ਤੇ ਖੜ੍ਹੀ ਮੈਨੂੰ ਜਾਂਦੇ ਨੂੰ ਵੇਖ ਰਹੀ ਸੀ।
*****
ਚਲਦਾ
No comments:
Post a Comment