ਕਹਾਣੀ
ਭਾਗ ਦੂਜਾ
ਲੜੀ ਜੋੜਨ ਲਈ ਭਾਗ ਪਹਿਲਾ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।
ਵੈਸੇ ਤਾਂ ਮੈਂ ਸਵੇਰ ਦਾ ਨਿਕਲਿਆ ਸ਼ਾਮ ਨੂੰ ਘਰ ਪਰਤਦਾ ਹਾਂ ਪਰ ਕਈ ਵਾਰ ਜਲਦੀ ਕੰਮ ਮੁੱਕ ਜਾਵੇ ਤਾਂ ਛੇਤੀ ਆਉਣਾ ਵੀ ਹੋ ਜਾਂਦਾ ਹੈ। ਸਾਡੀ ਰੋਡ ‘ਤੇ ਹੀ ਅਗਾਂਹ ਜਿਹੇ ਕਿਤੇ ਰਹਿੰਦਾ ਬੁੱਢਾ ਅੰਗਰੇਜ਼ ਆਪਣੀ ਸੋਟੀ ਦੇ ਸਹਾਰੇ ਤੁਰਦਾ ਦੁਕਾਨਾਂ ਨੂੰ ਜਾਂਦਾ ਮੇਰੇ ਘਰ ਦੇ ਮੂਹਰ ਦੀ ਨਿਕਲਦਾ ਤੇ ਰੁਕ ਕੇ ਡਰਾਈਵ ਵੇਅ ਵਿਚ ਖੜ੍ਹੀ ਮੇਰੀ ਵੈਨ ਵਲ ਦੇਖਣ ਲਗਦਾ। ਕਈ ਵਾਰ ਅਗੇ ਲੰਘ ਕੇ ਪਿਛੇ ਮੁੜ ਕੇ ਵੀ ਦੇਖਦਾ। ਮੈਂ ਬਾਹਰ ਖੜ੍ਹਾ ਹੁੰਦਾ ਤਾਂ ਮੈਨੂੰ ਭਰਵੀਂ ‘ਵਿਸ਼’ ਵੀ ਕਰਦਾ। ਕਈ ਵਾਰ ਅਸੀਂ ਮੌਸਮ ਬਾਰੇ ਸਰਸਰੀ ਜਿਹੀਆਂ ਗੱਲਾਂ ਵੀ ਕਰਦੇ। ਇਕ ਦਿਨ ਅਚਾਨਕ ਉਸ ਨੇ ਸਵਾਲ ਕਰ ਮਾਰਿਆ,
“ਤੂੰ ਕਿੰਨਾ ਕੁ ਵਧੀਆ ਚਿੱਪੀ ਐਂ?”
“ਮੈਂ? ...ਬਸ ਕੰਮ ਚਲਾ ਲੈਨਾਂ।”
ਉਸ ਦਾ ਸਵਾਲ ਅਜੀਬ ਸੀ। ਇਸ ਤੋਂ ਬਿਨਾਂ ਹੋਰ ਕੋਈ ਉਤਰ ਮੈਂ ਦੇ ਵੀ ਨਹੀਂ ਸਾਂ ਸਕਦਾ। ਉਸ ਨੇ ਫਿਰ ਕਿਹਾ,
“ਮੇਰਾ ਨਾਂ ਜੇਮਜ਼ ਐ, ਇਸੇ ਰੋਡ ਦੇ ਅਖੀਰ ਵਿਚ ਸਤਾਨਵੇਂ ਨੰਬਰ ਵਿਚ ਰਹਿੰਨਾਂ, ਕਦੇ ਮੈਂ ਵੀ ਚਿੱਪੀ ਹੋਇਆ ਕਰਦਾ ਸਾਂ।”
“ਨਹੀਂ ਜੇਮਜ਼, ਤੂੰ ਅੱਜ ਵੀ ਚਿੱਪੀ ਐਂ, ਜਿਹੜਾ ਇਕ ਵਾਰੀ ਚਿੱਪੀ ਬਣ ਗਿਆ ਉਹ ਸਦਾ ਚਿੱਪੀ ਰਹਿੰਦਾ।”
“ਨਹੀਂ ਨੌਜਵਾਨ, ਹੁਣ ਮੈਂ ਬਹੁਤ ਬੁੱਢਾ ਹੋ ਚੁਕਿਆਂ।”
ਉਸ ਨੇ ਹੱਥ ਵਿਚ ਫੜੀ ਸੋਟੀ ਦਿਖਾਂਉਂਦਿਆਂ ਕਿਹਾ। ਇਕ ਪਲ ਰੁਕ ਕੇ ਫਿਰ ਬੋਲਿਆ,
“ਮੈਂ ਹੇਠਾਂ ਅਖ਼ਬਾਰਾਂ ਦੀ ਦੁਕਾਨ ‘ਤੇ ਜਾਇਆ ਕਰਦਾਂ, ਉਹ ਦੁਕਾਨਦਾਰ ਤੈਨੂੰ ਜਾਣਦਾ, ਉਹਨੇ ਮੈਨੂੰ ਤੇਰੇ ਬਾਰੇ ਦਸਿਆ ਕਿ ਤੂੰ ਵਧੀਆ ਕਾਰੀਗਰ ਐਂ, ਪਰ ਮੈਂ ਕਿਸੇ ਨੂੰ ਉਹਦਾ ਕੰਮ ਦੇਖੇ ਬਿਨਾਂ ਵਧੀਆ ਨਹੀਂ ਕਹਿ ਸਕਦਾ, ਸੋ ਨੌਜਵਾਨ, ਮੈਂ ਕਦੇ ਤੇਰਾ ਕੰਮ ਦੇਖਣਾ ਚਾਹਾਂਗਾ।”
“ਚੰਗਾ ਜੇਮਜ਼, ਕਿਸੇ ਦਿਨ ਮੈਂ ਤੈਨੂੰ ਉਸ ਸਾਈਟ ‘ਤੇ ਲੈ ਚਲਾਂਗਾ ਜਿਥੇ ਮੇਰਾ ਕੰਮ ਚਲਦਾ ਹੋਇਆ।”
ਮੇਰੀ ਗੱਲ ਸੁਣੇ ਬਿਨਾਂ ਕਿਧਰੇ ਗਵਾਚਦਾ ਕਹਿਣ ਲਗਿਆ,
“ਮੇਰੇ ਕੰਮ ਨੂੰ ਵੀ ਲੋਕ ਦੂਰੋਂ ਦੂਰੋਂ ਦੇਖਣ ਆਇਆ ਕਰਦੇ ਸਨ।”
-----
ਅਗਲੀ ਵਾਰ ਜਦੋਂ ਜੇਮਜ਼ ਮੈਨੂੰ ਮਿਲਿਆ ਤਾਂ ਉਸ ਦੇ ਹੱਥ ਵਿਚ ਇਕ ਫਾਈਲ ਫੜੀ ਹੋਈ ਸੀ। ਉਹ ਫਾਈਲ ਖੋਲ੍ਹ ਕੇ ਮੈਨੂੰ ਦਿਖਉਣ ਲੱਗਿਆ। ਇਸ ਵਿਚ ਪੁਰਾਣੀਆਂ ਤਸਵੀਰਾਂ ਸਨ। ਕਿਧਰੇ ਜੇਮਜ਼ ਵੱਡੀ ਸਾਰੀ ਇਮਾਰਤ ‘ਤੇ ਹੱਥ ਵਿਚ ਹਥੌੜਾ ਫੜੀ ਖੜ੍ਹਾ ਸੀ, ਕਿਧਰੇ ਕਿਸੇ ਹੋਰ ਕੰਮ ਵਿਚ ਮਸਰੂਫ਼ ਸੀ, ਕਿਧਰੇ ਅਫ਼ਸਰ ਕਿਸਮ ਦੇ ਲੋਕਾਂ ਦੇ ਵਿਚਕਾਰ ਖੜ੍ਹਾ ਸੀ। ਕੁਝ ਕੁ ਪੁਰਾਣੀਆਂ ਅਖ਼ਬਾਰਾਂ ਦੀਆਂ ਕਤਰਨਾਂ ਵੀ ਸਨ ਜਿਹਨਾਂ ਵਿਚ ਉਸ ਦੇ ਕੰਮ ਦੀ ਤਾਰੀਫ਼ ਸੀ। ਇਹ ਸਭ ਉਸ ਦੇ ਚੰਗੇ ਚਿੱਪੀ ਹੋਣ ਦਾ ਪ੍ਰਮਾਣ ਸਨ। ਮੈਨੂੰ ਜ਼ਰਾ ਕੁ ਹੈਰਾਨੀ ਵੀ ਹੋਈ ਕਿ ਪਤਾ ਨਹੀਂ ਕਿੰਨੇ ਕੁ ਦਿਨਾਂ ਤੋਂ ਇਹ ਇਵੇਂ ਫਾਈਲ ਮੈਨੂੰ ਦਿਖਾਉਣ ਲਈ ਫੜੀ ਫਿਰਦਾ ਰਿਹਾ ਹੋਵੇਗਾ।
-----
ਹੁਣ ਮੇਰੇ ਬੱਚੇ ਵੱਡੇ ਹੋ ਰਹੇ ਹਨ। ਸਭ ਨੂੰ ਆਪੋ ਆਪਣਾ ਕਮਰਾ ਚਾਹੀਦਾ ਸੀ। ਘਰ ਦੇ ਨਾਲ ਪਈ ਥਾਂ ‘ਤੇ ਘਰ ਵਧਾਉਣ ਲਈ ਨਕਸ਼ਾ ਪਾਸ ਕਰਾਇਆ ਤੇ ਕੰਮ ਸ਼ੁਰੂ ਕਰ ਦਿਤਾ। ਇੱਟਾਂ ਦਾ ਕੰਮ ਕਿਸੇ ਵਾਕਿਫ਼ ਰਾਜ ਤੋਂ ਕਰਵਾ ਲਿਆ। ਲੱਕੜ ਦਾ ਤਾਂ ਮੈਂ ਆਪ ਹੀ ਕਰਨਾ ਸੀ। ਇਕ ਦਿਨ ਮੈਂ ਜੇਮਜ਼ ਨੂੰ ਆਪਣਾ ਕੰਮ ਦੇਖਣ ਦਾ ਸੱਦਾ ਦਿਤਾ। ਜੇਮਜ਼ ਆਇਆ। ਮੈਂ ਉਸ ਨੂੰ ਬੈਠਣ ਲਈ ਕੁਰਸੀ ਦਿੱਤੀ ਪਰ ਉਹ ਕੁਰਸੀ ‘ਤੇ ਨਾ ਬੈਠਿਆ, ਮੇਰੇ ਪਿੱਛੇ ਖੜ੍ਹ ਕੇ ਮੈਨੂੰ ਕੰਮ ਕਰਦੇ ਨੂੰ ਦੇਖਣ ਲੱਗਿਆ। ਮੈਂ ਚੁੱਪ-ਚਾਪ ਆਪਣਾ ਕੰਮ ਕਰਦਾ ਰਿਹਾ। ਮੈਂ ਹੱਥਲਾ ਕੰਮ ਮੁਕਾ ਕੇ ਰੁਕਿਆ ਤਾਂ ਉਹ ਬੋਲਿਆ,
“ਚੰਗੇ ਚਿੱਪੀ ਦਾ ਪਹਿਲਾ ਵੱਡਾ ਗੁਣ ਤੇਰੇ ਵਿਚ ਹੈ, ਚੰਗਾ ਚਿੱਪੀ ਉਹ ਜੋ ਕੰਮ ਕਰਦੇ ਸਮੇਂ ਕਿਸੇ ਨਾਲ ਗੱਲ ਨਾ ਕਰੇ।”
ਫਿਰ ਉਹ ਮੇਰੇ ਕੰਮ ਨੂੰ ਛੋਹ ਛੋਹ ਕੇ ਦੇਖਣ ਲਗਿਆ। ਫਿਰ ਬਹੁਤਾ ਕੁਝ ਕਹੇ ਬਿਨਾਂ ਚਲੇ ਗਿਆ।
ਜਿੰਨੇ ਦਿਨ ਕੰਮ ਚਲਦਾ ਰਿਹਾ ਉਹ ਹਰ ਰੋਜ਼ ਆਉਂਦਾ ਰਿਹਾ। ਇਕ ਪਾਸੇ ਖੜ੍ਹਾ ਮੈਨੂੰ ਕੰਮ ਕਰਦੇ ਨੂੰ ਦੇਖਦਾ ਰਹਿੰਦਾ। ਘਰ ਤਿਆਰ ਹੋ ਗਿਆ ਤਾਂ ਉਹ ਨਵੇਂ ਬਣੇ ਕਮਰਿਆਂ ਵਿਚ ਘੁੰਮ-ਘੁੰਮ ਕੇ ਦੇਖਣ ਲਗਿਆ। ਦਰਵਾਜ਼ਿਆਂ ਉਪਰ ਉਂਗਲਾਂ ਫੇਰਦਾ, ਫੱਟਿਆਂ ਨੂੰ ਦਮ ਦੇ ਦੇ ਕੇ ਦੇਖਦਾ। ਚੰਗੀ ਤਰ੍ਹਾਂ ਨਰੀਖਣ ਕਰਕੇ ਕਹਿਣ ਲਗਿਆ,
“ਬਹੁਤ ਖ਼ੂਬ! ਅਜਕਲ ਵਧੀਆ ਚਿੱਪੀ ਮਿਲਦੇ ਹੀ ਕਿੱਥੇ ਨੇ, ਅਜਕਲ ਕਾਓ-ਬੁਆਏ ਜ਼ਿਆਦਾ ਤੇ ਚਿੱਪੀ ਘੱਟ ਆ ਪਰ ਨੌਜਵਾਨ ਤੇਰੇ ਕੰਮ ਦਾ ਕੋਈ ਮੁਕਾਬਲਾ ਨਹੀਂ। ਤੇਰਾ ਪਿਓ ਵੀ ਅਜ ਤੇਰਾ ਕੰਮ ਦੇਖੇਗਾ ਤਾਂ ਬਹੁਤ ਖ਼ੁਸ਼ ਹੋਵੇਗਾ, ਤੇਰੇ ‘ਤੇ ਮਾਣ ਕਰੇਗਾ।”
“ਜੇਮਜ਼, ਉਹ ਵਾਕਿਆ ਹੀ ਬਹੁਤ ਮਾਣ ਕਰਦਾ ਪਰ ਉਹ ਇਸ ਦੁਨੀਆਂ ਵਿਚ ਹੈ ਨਹੀਂ।”
“ਓਹ ਸੌਰੀ!”
ਕਹਿੰਦਿਆਂ ਉਸ ਨੇ ਆਪਣੀ ਛਾਤੀ ਉਪਰ ਕਰੌਸ ਦਾ ਨਿਸ਼ਾਨ ਬਣਾਇਆ। ਉਸ ਦੀ ਗੱਲ ਸੁਣ ਕੇ ਮੈਨੂੰ ਭਾਈਏ ਦੀ ਬਹੁਤ ਯਾਦ ਆਈ। ਜਿਸ ਦਿਨ ਮੇਰਾ ਆਰੀ ਫੜਨ ਦਾ ਤਰੀਕਾ ਦੇਖ ਕੇ ਉਸ ਨੇ ਮੈਨੂੰ ਗਲ਼ ਨਾਲ ਲਾਇਆ ਸੀ ਸ਼ਾਇਦ ਇਸੇ ਕਾਰਨ ਹੀ ਅੱਜ ਮੈ ਇਥੇ ਹਾਂ। ਕਾਸ਼! ਅਜ ਭਾਈਆ ਜਿਉਂਦਾ ਹੁੰਦਾ!
-----
ਇਕ ਦਿਨ ਸਵੇਰੇ ਵੇਲੇ ਸਿਰ ਹੀ ਜੇਮਜ਼ ਨੇ ਸਾਡਾ ਦਰਵਾਜ਼ਾ ਆ ਖੜਕਾਇਆ। ਮੈਂ ਕੰਮ ਤੇ ਜਾਣ ਲਈ ਤਿਆਰ ਹੋ ਰਿਹਾ ਸਾਂ। ਮੈਂ ਦੇਖਿਆ ਕਿ ਜੇਮਜ਼ ਇਕ ਰੇਹੜੀ ਲਈ ਖੜ੍ਹਾ ਸੀ। ਰੇਹੜੀ ਪੁਰਾਣੇ ਸੰਦਾਂ ਨਾਲ ਭਰੀ ਹੋਈ ਸੀ। ਮੈ ਪੁੱਛਿਆ,
“ਜੇਮਜ਼ ਇਹ ਕੀ?”
“ਨੌਜਵਾਨ, ਇਹ ਮੇਰੇ ਉਹ ਸੰਦ ਆ ਜਿਹਨਾਂ ਨੇ ਮੇਰਾ ਸਾਰੀ ਉਮਰ ਸਾਥ ਨਿਭਾਇਆ, ਮੈਂ ਕਦੇ ਆਪਣਾ ਸੰਦ ਕਿਸੇ ਨੂੰ ਨਹੀਂ ਦਿੱਤਾ, ਕਈ ਲੋਕ ਮੇਰੇ ਤੋਂ ਇਹ ਸੰਦ ਮੰਗਦੇ ਰਹੇ ਪਰ ਮੇਰੀ ਤਮੰਨਾ ਸੀ ਕਿ ਕੋਈ ਵਧੀਆ ਕਾਰੀਗਰ ਮਿਲੇ ਤਾਂ ਉਸ ਨੂੰ ਹੀ ਦੇਵਾਂਗਾ ਇਹ ਸਭ, ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਇਸ ਲਈ ਨੌਜਵਾਨ ਇਹਨਾਂ ਸੰਦਾਂ ਨੂੰ ਕਬੂਲ ਕਰ।”
-----
ਮੈਂ ਰੇਹੜੀ ਵਿਚ ਪਏ ਸੰਦਾਂ ਵਲ ਦੇਖਿਆ, ਪੁਰਾਣੀ ਕਿਸਮ ਦੇ ਸਨ। ਮੇਰੇ ਕੋਲ ਤਾਂ ਪਹਿਲਾਂ ਹੀ ਬਹੁਤ ਸੰਦ ਸਨ ਤੇ ਸਨ ਵੀ ਅਧੁਨਿਕ ਕਿਸਮ ਦੇ ਬਿਜਲਈ ਸੰਦ। ਇਹ ਪੁਰਾਣੇ ਸੰਦ ਮੇਰੇ ਕਿਸੇ ਕੰਮ ਨਹੀਂ ਸਨ ਆਉਣੇ, ਇਹਨਾਂ ਨੇ ਤਾਂ ਜਗਾਹ ਹੀ ਘੇਰਨੀ ਸੀ। ਮੇਰੀ ਪਤਨੀ ਪਹਿਲਾਂ ਹੀ ਘਰ ਵਿਚ ਖਿੱਲਰੇ ਸੰਦਾਂ ਕਾਰਨ ਲੜਦੀ ਰਹਿੰਦੀ ਸੀ ਕਿ ਇਹ ਪੈਰਾਂ ਵਿਚ ਵੱਜਦੇ ਫਿਰਦੇ ਸਨ। ਮੈ ਕਿਹਾ,
“ਮੈਨੂੰ ਬਹੁਤ ਅਫਸੋਸ ਐ ਜੇਮਜ਼ ਕਿ ਤੇਰੇ ਇਹ ਸੰਦ ਮੈਂ ਨਹੀਂ ਲੈ ਸਕਾਂਗਾ।”
“ਕਿਉਂ?”
“ਕਿਉਂਕਿ ਮੇਰੇ ਕੋਲ ਪਹਿਲਾਂ ਹੀ ਬਹੁਤ ਵਾਧੂ ਸੰਦ ਹੈਗੇ।”
“ਨੌਜਵਾਨ, ਆਪਣੇ ਕਿੱਤੇ ਵਿਚ ਵੀ ਕਦੇ ਸੰਦ ਵਾਧੂ ਹੋਏ ਆ।”
“ਜੇਮਜ਼, ਇਕ ਕਾਰਨ ਹੋਰ ਵੀ ਆ ਕਿ ਮੈਂ ਕਿਸੇ ਦੇ ਸੰਦਾਂ ਨਾਲ ਕੰਮ ਨਹੀਂ ਕਰ ਸਕਦਾ, ਦੂਜੇ ਕਾਰੀਗਰ ਦੇ ਸੰਦਾਂ ਨਾਲ ਕੰਮ ਕੀਤਿਆਂ ਉਹ ਸਫ਼ਾਈ ਨਹੀਂ ਆਉਂਦੀ ਜਿਹੜੀ ਆਪਣੇ ਸੰਦਾਂ ਨਾਲ ਆਉਂਦੀ ਆ।”
“ਇਸ ਗੱਲ ਨਾਲ ਮੈਂ ਤੇਰੇ ਨਾਲ ਕਿਸੇ ਹੱਦ ਤਕ ਸਹਿਮਤ ਆਂ, ਤੇਰੀ ਮਰਜ਼ੀ, ਮੈਂ ਤਾਂ ਸੋਚਿਆ ਸੀ ਕਿ ਮੇਰੇ ਸੰਦਾਂ ਨੂੰ ਵਧੀਆ ਮਾਲਕ ਮਿਲ ਗਿਆ, ਜਿਵੇਂ ਤੇਰੀ ਮਰਜ਼ੀ।”
ਆਖਦਾ ਹੋਇਆ ਉਹ ਰੇਹੜੀ ਧੱਕਦਾ ਆਪਣੇ ਘਰ ਵੱਲ ਨੂੰ ਤੁਰ ਪਿਆ। ਮੈਂ ਉਸ ਨੂੰ ਜਾਂਦੇ ਨੂੰ ਦੂਰ ਤਕ ਦੇਖਦਾ ਰਿਹਾ।
-----
ਉਸ ਦਿਨ ਤੋਂ ਬਾਅਦ ਜੇਮਜ਼ ਮੈਨੂੰ ਮਿਲਦਾ ਤਾਂ ਦੂਰੋਂ ਹੱਥ ਹਿਲਾ ਕੇ ਹੈਲੋ ਕਹਿ ਦਿੰਦਾ ਪਰ ਕਦੇ ਰੁਕ ਕੇ ਗੱਲ ਨਾ ਕਰਦਾ। ਫਿਰ ਕਈ ਦਿਨ ਤਕ ਮੈਂ ਉਸ ਨੂੰ ਦੇਖਿਆ ਹੀ ਨਾ। ਮੇਰੇ ਆਉਣ ਜਾਣ ਦਾ ਵਕਤ ਕਦੇ ਨਿਸ਼ਚਿਤ ਵੀ ਨਹੀਂ ਸੀ ਹੁੰਦਾ। ਇਕ ਦਿਨ ਸਾਡੀ ਗਵਾਂਢਣ ਮਾਗਰੇਟ ਕਹਿਣ ਲਗੀ,
“ਜਿਹੜਾ ਬੁੱਢਾ ਤੇਰੇ ਕੋਲ ਆਇਆ ਕਰਦਾ ਸੀ ਉਹਦੀ ਮੌਤ ਹੋ ਗਈ।”
ਮੈਨੂੰ ਧੱਕਾ ਜਿਹਾ ਲੱਗਿਆ ਕਿ ਇਹ ਕੀ ਹੋ ਗਿਆ। ਵੈਸੇ ਤਾਂ ਉਸ ਦੀ ਉਮਰ ਤੁਰ ਜਾਣ ਦੀ ਹੈ ਹੀ ਸੀ ਪਰ ਮੇਰਾ ਉਸ ਨਾਲ ਜਿੰਨਾ ਕੁ ਵਾਹ ਰਿਹਾ ਸੀ ਉਹ ਮੈਨੂੰ ਉਦਾਸ ਕਰਨ ਲਈ ਕਾਫੀ ਸੀ। ਮੈਨੂੰ ਇਹ ਤਾਂ ਪਤਾ ਸੀ ਕਿ ਜੇਮਜ਼ ਸਾਡੇ ਵਾਲੀ ਰੋਡ ‘ਤੇ ਸਤਾਨਵੇਂ ਨੰਬਰ ਵਿਚ ਰਹਿੰਦਾ ਸੀ ਪਰ ਉਸ ਦੇ ਪਰਿਵਾਰ ਵਿਚ ਹੋਰ ਕੌਣ ਕੌਣ ਹੈ ਮੈਨੂੰ ਨਹੀਂ ਸੀ ਪਤਾ। ਮੈਂ ਆਪਣਾ ਦੁੱਖ ਕਿਸ ਨਾਲ ਸਾਂਝਾ ਕਰ ਸਕਾਗਾਂ ਮੈਨੂੰ ਸਮਝ ਨਹੀਂ ਸੀ ਆਉਂਦੀ। ਮੈਂ ਸੋਚਿਆ ਕਿ ਕੋਈ ਨਾ ਕੋਈ ਤਾਂ ਹੋਵੇਗਾ ਹੀ, ਮੈਂ ਜਾ ਜੇਮਜ਼ ਦੇ ਘਰ ਦੀ ਘੰਟੀ ਜਾ ਖੜਕਾਈ। ਇਕ ਬੁੱਢੀ ਔਰਤ ਨੇ ਦਰਵਾਜ਼ਾ ਖੋਲ੍ਹਿਆ। ਮੈਂ ਕਿਹਾ,
“ਮੈਂ ਜੇਮਜ਼ ਦਾ ਦੋਸਤ ਆਂ, ਮੈਨੂੰ ਅੱਜ ਈ ਪਤਾ ਚੱਲਿਆ ਕਿ ਮੇਰਾ ਦੋਸਤ ਨਹੀਂ ਰਿਹਾ, ਕੀ ਉਹ ਬਿਮਾਰ ਸੀ?”
“ਅੰਦਰ ਲੰਘ ਆ, ...ਉਹ ਖ਼ਾਸ ਬਿਮਾਰ ਨਹੀਂ ਸੀ ਪਰ ਇਹ ਉਮਰ ਦਾ ਕਲੌਕ ਰੁਕਦਾ ਨਹੀਂ, ਮੈਂ ਸੋਚਦੀ ਸੀ ਕਿ ਮੈਂ ਪਹਿਲਾਂ ਜਾਵਾਂਗੀ ਕਿਉਂਕਿ ਉਹ ਮਜ਼ਬੂਤ ਮਨੁੱਖ ਸੀ ਪਰ ਚਲੇ ਉਹ ਪਹਿਲਾਂ ਗਿਆ, ਉਹ ਕਈ ਗੱਲਾਂ ਦਿਲ ਨੂੰ ਲਾ ਲੈਂਦਾ ਸੀ। ਬਸ ਸੈਟੀ ਤੇ ਬੈਠਾ ਬੈਠਾ ਲੁੜਕ ਗਿਆ।”
“ਬਹੁਤ ਠੰਡੇ ਸੁਭਾਅ ਦਾ ਸੀ ਜੇਮਜ਼।”
“ਹਾਂ, ਇੰਨੇ ਸਾਲ ਹੋ ਗਏ, ਸਾਡੀ ਬਹੁਤੀ ਲੜਾਈ ਨਹੀਂ ਸੀ ਹੁੰਦੀ, ਮੈਂ ਕਿਹਾ ਨਾ ਕਈ ਗੱਲਾਂ ਉਹ ਦਿਲ ਨੂੰ ਲਾ ਲੈਂਦਾ ਸੀ ਪਰ ਦਸਦਾ ਨਹੀਂ ਸੀ।”
“ਬਹੁਤ ਵਧੀਆ ਕਾਰੀਗਰ ਸੀ ਉਹ।”
“ਹਾਂ, ਉਹ ਚਿੱਪੀ ਸੀ, ਕਿਸੇ ਵੇਲੇ ਉਸ ਦਾ ਕੋਈ ਮੁਕਾਬਲਾ ਨਹੀਂ ਸੀ, ਇਮਾਰਤਸਾਜ਼ੀ ਵਿਚ ਉਸ ਦਾ ਵੱਡਾ ਨਾਂ ਸੀ। ਅਸੀਂ ਬਹੁਤ ਪੈਸਾ ਕਮਾਇਆ। ਜੇਮਜ਼ ਨੂੰ ਇਕੋ ਝੋਰਾ ਸੀ ਕਿ ਉਸ ਦੇ ਮੁੰਡਿਆਂ ਵਿਚੋਂ ਕੋਈ ਚਿੱਪੀ ਨਾ ਬਣਿਆ, ਉਸ ਦੇ ਕਿੱਤੇ ਨੂੰ ਨਾ ਅਪਣਾਇਆ।”
“ਇਹ ਤਾਂ ਹਰ ਬਾਪ ਨੂੰ ਹੋ ਜਾਂਦਾ।”
“ਇਕ ਝੋਰਾ ਹੋਰ ਸੀ ਉਸ ਨੂੰ।”
“ਉਹ ਕਿਹੜਾ?”
“ਜੇਮਜ਼ ਨੇ ਜਿਹਨਾਂ ਸੰਦਾਂ ਨਾਲ ਆਪਣਾ ਨਾਂ ਕਮਾਇਆ ਸੀ ਉਹ ਇਹ ਸੰਦ ਕਿਸੇ ਅਜਿਹੇ ਚਿੱਪੀ ਨੂੰ ਦੇਣਾ ਚਾਹੁੰਦਾ ਸੀ ਜੋ ਉਸ ਦੇ ਮੁਕਾਬਲੇ ਦਾ ਹੋਵੇ, ਪਹਿਲਾਂ ਤਾਂ ਕੋਈ ਮਿਲਿਆ ਨਹੀਂ ਜਦ ਮਿਲਿਆ ਤਾਂ ਉਸ ਨੇ ਜੇਮਜ਼ ਦੇ ਸੰਦ ਲੈਣ ਤੋਂ ਇਨਕਾਰ ਕਰ ਦਿੱਤਾ, ਬਸ ਉਸੇ ਦਿਨ ਤੋਂ ਜੇਮਜ਼ ਉਦਾਸ ਰਹਿਣ ਲਗਿਆ ਸੀ।”
ਮੈਨੂੰ ਜਾਪਿਆ ਕਿ ਮੈਂ ਇਕ ਵਾਰ ਫਿਰ ਭਾਈਏ ਨੂੰ ਨਾਰਾਜ਼ ਕਰ ਲਿਆ ਹੈ।
******
4 comments:
ਤਨਦੀਪ ਜੀ, ਤੁਸੀਂ ਆਰਸੀ ਰਿਸ਼ਮਾਂ 'ਚ ਪੰਜਾਬੀ ਦੇ ਬਹੁ ਚਰਚਿਤ ਲੇਖਕ ਹਰਜੀਤ ਅਟਵਾਲ ਜੀ ਦੀ ਕਹਾਣੀ "ਚਿੱਪੀ" ਛਾਪੀ, ਮੈਨੂ ਬਹੁਤ ਚੰਗਾ ਲਗਿਆ. ਮੈਨੂ ਇਹ ਵੀ ਜਾਣਕੇ ਬੇਹਦ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਉਨ੍ਹਾਂ ਦੇ ਬੇਹਦ ਚਰਚਿਤ ਹੋਏ ਨਾਵਲ "ਰੇਤ" ਨੂੰ ਲੜੀਵਾਰ ਛਾਪਣ ਜਾ ਰਹੇ ਹੋ. ਹਰਜੀਤ ਅਟਵਾਲ ਮੇਰੇ ਬਹੁਤ ਪ੍ਰਿਯ ਲੇਖਕ ਹਨ. ਮੈਂ ਇਨ੍ਹਾ ਦੀਯਾਂ ਕਈ ਕਹਾਣੀਆਂ ਦਾ ਹਿੰਦੀ ਵਿਚ ਅਨੁਵਾਦ ਕੀਤਾ ਹੈ. ਹੁਣ ਵੀ ਇਨ੍ਹਾਂ ਦੀ ਨਵੀ ਤੋਂ ਨਵੀ ਕਹਾਣੀ ਪੜ੍ਹਨ ਨੂੰ ਉਤਾਵਲਾ ਰਹਿੰਦਾ ਹਾਂ. ਮੈਂ ਇਨ੍ਹਾਂ ਦੇ ਨਾਵਲ 'ਰੇਤ' ਦਾ ਹਿੰਦੀ ਵਿਚ ਅਨੁਵਾਦ ਕੀਤਾ ਹੈ ਜੋ ਪੁਸਤਕ ਰੂਪ ਵਿਚ ਹੀ ਨਹੀ ਛਾਪਿਆ ਬਲਕਿ 'ਸ੍ਰਿਜਨ ਗਾਥਾ ' ਵੇਬ ਸਾਇਟ ਤੇ ਵੀ ਲੜੀਵਾਰ ਪ੍ਰਕਾਸ਼ਿਤ ਹੋਇਆ ਹੈ. ਇਸਤੋਂ ਅਲਾਵਾ 'ਸਵਾਰੀ' ਨਾਵਲ ਮੇਰੇ ਬਲੋਗ 'ਗਵਾਕ੍ਸ਼' ਵਿਚ ਅਤੇ 'ਸਾਉਥਾਲ' ਨਾਵਲ ਮੇਰੀ ਬਿਟਿਯਾ ਦੀਪ੍ਤੀ ਨੀਰਵ ਦੇ ਬਲੋਗ "ਅਨੁਵਾਦਘਾਰ" ਵਿਚ ਮੇਰੇ ਦੁਆਰਾ ਅਨੁਵਾਦ ਹੋਕੇ ਹਿੰਦੀ ਵਿਚ ਲੜੀਵਾਰ ਛਪ ਰਹੇ ਹਨ. ਤੁਸੀਂ ਆਪਣੀ ਮਾਂ-ਬੋਲੀ ਵਾਸਤੇ ਜੋ ਕੰਮ ਅਪਨੇ ਬ੍ਲੋਗਾਂ ਰਹੀ ਕਰ ਰਹੇ ਹੋ, ਉਹ ਆਣ ਵਾਲੇ ਸਮੈਯਾਂ ਵਿਚ ਯਾਦ ਕੀਤਾ ਜਾਏਗਾ. ਹਰਜੀਤ ਜੀ ਦੀ ਕਹਾਣੀ "ਚਿੱਪੀ" ਬਹੁਤ ਵਧੀਆ ਕਹਾਣੀ ਹੈ. ਮੁਬਾਰਕ਼ ਤੁਹਾਨੂ ਤੇ ਹਰਜੀਤ ਜੀ ਨੂੰ.
ਸੁਭਾਸ਼ ਨੀਰਵ
09810534373
ਇੱਕ ਵਧੀਆ ਕਹਾਣੀ.
Atwal Sahib aapdi kahani 'chipi' ne man te dunga asar kita.-Rup Daburji
Atwal Sahib nawane rang di kahani'chipi' rachan li mubarq-Rup daburji
Post a Comment