ਵਿਅੰਗ
'ਸਿਰਦਾਰਜੀ' ਨਾਲੋਂ ਸਿਰ ਲਾਹ ਦੇਵੋ ਤਾਂ ਬਣ ਜਾਂਦਾ ਹੈ 'ਦਾਰਜੀ'। ਅਜੇਹੇ ਕਈ ਸਿਰਲੱਥਾਂ ਦੀਆਂ ਸਰਦਾਰਨੀਆਂ ਆਪਣੇ ਪਤੀਆਂ ਨੂੰ ਦਾਰਜੀ ਕਹਿਕੇ ਬੁਲਾਉਂਦੀਆਂ ਹਨ ਤੇ ਨਾਲ ਹੀ ਸਾਰੇ ਘਰ ਦੇ ਜੀਆਂ, ਰਿਸ਼ਤੇਦਾਰਾਂ ਏਥੋਂ ਤੱਕ ਕਿ ਵਾਕਿਫ਼ਕਾਰਾਂ ਦੇ ਵੀ ਉਹ ਦਾਰਜੀ ਬਣ ਜਾਂਦੇ ਹਨ। ਮੈਂ ਹੁਣ ਤੱਕ ਜਿੰਨੇ ਦਾਰਜੀ ਦੇਖੇ, ਸੁਣੇ, ਬੁਲਾਏ ਹਨ ਸਾਰੇ ਧੁੰਨ ਦੇ ਬੜੇ ਪੱਕੇ ਮਲੂਮ ਹੋਏ ਹਨ। ਬਠਿੰਡੇ ਵਸਦੇ ਮੇਰੀ ਪਤਨੀ ਦੇ ਨਾਨਾ ਜੀ ਅਜਿਹੇ ਜਗਤ-ਦਾਰਜੀ ਸਨ ਜੋ ਵਸਤੂਜਗਤ ਨੂੰ ਹਮੇਸ਼ਾ ਖਿੱਚ ਕੇ ਰੱਖਦੇ ਸਨ। ਦਾਰਜੀ ਨੇ ਇਕ ਵਾਰੀ ਆਪਣੇ ਦਿੱਲੀ ਤੋਂ ਆਏ ਪੋਤੇ ਨੂੰ ਬੱਸ ਸਟੈਂਡ ਤੇ ਚੜ੍ਹਾਉਣ ਜਾਣਾ ਸੀ। ਉਨ੍ਹਾਂ ਨੂੰ ਪਤਾ ਸੀ, ਨਵੀਂ ਪੀੜੀ ਚੜ੍ਹਦਾ ਸੂਰਜ ਦੇਖਕੇ ਨਹੀਂ ਰਾਜ਼ੀ। ਉਨ੍ਹਾਂ ਮੂੰਹ ਹਨੇਰੇ ਘੂਕ ਸੁੱਤੇ ਪਏ ਪੋਤੇ ਦੇ ਸਰੀਰ ਤੋਂ ਖੇਸ ਚੁੱਕ ਮਾਰਿਆ। ਸੂਰਜ ਚੜ੍ਹਨ ਤੱਕ ਸੁੱਤੇ ਘਰ ਦੇ ਜੀਆਂ ਨਾਲ ਉਹ ਅਕਸਰ ਅਜਿਹਾ ਹੀ ਵਿਹਾਰ ਕਰਿਆ ਕਰਦੇ ਸਨ। ਵਿਚਾਰਾ ਸੁੱਤ ਉਣੀਂਦਾ ਪੋਤਾ, ਮੂੰਹ ਹੱਥ ਧੋ, ਸਾਮਾਨ ਚੁੱਕ ਕੇ ਰਿਕਸ਼ੇ ਤੇ ਚੜ੍ਹ ਗਿਆ।
-----
ਪਰ ਦਾਰਜੀ ਠਹਿਰੇ ਕੱਟੜ ਰਿਕਸ਼ਾ-ਵਿਰੋਧੀ। ਕਿਤੇ ਜਾਣਾ ਹੋਵੇ, ਦਾਰਜੀ ਨੇ ਰਿਕਸ਼ੇ ਤੇ ਥੋੜ੍ਹੀ ਚੜ੍ਹਨਾ ਹੁੰਦਾ ਸੀ। ਉਨ੍ਹਾਂ ਜ਼ਿੰਦਗੀ ਭਰ ਇਸ ਤਿਪਹੀਏ ਦੀ ਸਵਾਰੀ ਨਹੀਂ ਕੀਤੀ। ਉਨ੍ਹਾਂ ਦੀ ਪੈਦਲ ਚਾਲ ਹੀ ਹਰ ਪ੍ਰਕਾਰ ਦੇ ਪਹੀਏ ਨੂੰ ਮਾਤ ਪਾਉਂਦੀ ਸੀ। ਨੱਕ ਦੀ ਸੇਧੇ ਤੁਰੇ ਜਾਓ, ਮੰਜ਼ਿਲ ਮੂਹਰੇ ਖੜ੍ਹੀ ਹੁੰਦੀ ਹੈ। ਰਿਕਸ਼ੇ ਨੇ ਵੀਹ ਮੋੜ ਘੇੜ ਕੱਟਣੇ ਹਨ, ਤੀਹਾਂ ਬੰਦਿਆਂ ਦੇ ਵਿੱਚ ਵੱਜਣਾ ਹੈ, ਪੰਜਾਹਾਂ ਦਾ ਨੋਟ ਖਿੱਚਣਾ ਹੈ- ਰਿਕਸ਼ਾ ਚੜ੍ਹਨ ਵਿੱਚ ਤਾਂ ਸੌ-ਸੌ ਘਾਟੇ ਹਨ। ਨਾਲੇ ਬਠਿੰਡੇ ਦੀ ਆਵਾਜਾਈ ਵਿੱਚ ਇਕੱਲੇ ਮਨੁੱਖ-ਮਾਤਰ ਦੀ ਇਜਾਰੇਦਾਰੀ ਨਹੀਂ, ਏਥੇ ਊਠਾਂ ਦੀ ਚੜ੍ਹਤ ਹੈ, ਸੂਰਾਂ ਦਾ ਬੋਲਬਾਲਾ ਹੈ, ਮਾਰੂਤੀਆਂ ਤੇ ਘੜੂਕਿਆਂ ਦਾ ਧੂਮ ਧੜੱਕਾ ਹੈ। ਇਹ ਤਾਂ ਕੁਝ ਵੀ ਨਹੀਂ, ਏਥੇ ਰਾਹਾਂ ਦੀ ਹੇਠਲੀ ਉਤੇ ਆਈ ਰਹਿੰਦੀ ਹੈ; ਸੜਕਾਂ ਨੂੰ ਖੋਦ ਖੋਦ ਕੇ, ਸੀਵਰੇਜ ਨੂੰ ਪੁੱਟ ਪੁੱਟ ਕੇ ਤੇ ਨਾਲਿਆਂ ਦਾ ਗੰਦ ਚੁੱਕ ਚੁੱਕ ਕੇ ਪਾਸਿਆਂ ਤੇ ਢੇਰ ਲਗਦੇ ਰਹਿੰਦੇ ਹਨ ਤਾਂ ਕਿ ਟਿੱਬਿਆਂ ਵਾਲੇ ਬਠਿੰਡੇ ਦੀ ਪੁਰਾਣੀ ਦਿੱਖ ਬਹਾਲ ਕੀਤੀ ਜਾ ਸਕੇ। ਕਾਲੀਆਂ ਬੋਲੀਆਂ ਤੇ ਪੀਲੀਆਂ ਹਨੇਰੀਆਂ ਮੁੜ ਚੜ੍ਹਾਉਣ ਦੇ ਵੀ ਗੰਭੀਰ ਉਪਰਾਲੇ ਹੁੰਦੇ ਰਹਿੰਦੇ ਸਨ। ਇਸ ਸ਼ਹਿਰ ਵਿੱਚ ਆਵਾਜਾਈ ਵਜੋਂ ਸੜਕ ਦਾ ਸੰਕਲਪ ਲੋਕਾਂ ਦੇ ਜ਼ਿਹਨ ਵਿੱਚ ਅਜੇ ਤੱਕ ਧੁੰਦਲ਼ਾ ਧੁੰਦਲ਼ਾ ਹੀ ਹੈ। ਦਾਰਜੀ ਖ਼ੁਦ ਬਠਿੰਡੇ ਦੇ ਟਿੱਬੇ ਤੇ ਇਸਦੀਆਂ ਕਾਲ਼ੀਆਂ ਬੋਲ਼ੀਆਂ ਤੇ ਪੀਲ਼ੀਆਂ ਯਾਦ ਕਰਦੇ ਓਦਰੇ ਰਹਿੰਦੇ ਸਨ - ਉਨ੍ਹਾਂ ਨੂੰ ਅਜੇਹੇ ਭੂ-ਦ੍ਰਿਸ਼ ਤੋਂ ਇਕ ਮਾਨਸਿਕ ਸਕੂਨ ਮਿਲਦਾ ਸੀ।
-----
ਪਰ ਉਹ ਔਖੇ ਸਨ ਤਾਂ ਇਸ ਗੱਲੋਂ ਕਿ ਆਈ ਬਰਸਾਤ ਉਨ੍ਹਾਂ ਦੇ ਘਰ ਪਾਣੀ ਹੀ ਪਾਣੀ ਹੋਣ ਲੱਗ ਪਿਆ ਸੀ, ਅਣਚਾਹਤ ਪਾਣੀ। ਉਨ੍ਹਾਂ ਤਾਂ ਕਦੇ ਬਠਿੰਡੇ ਵਿੱਚ ਪਾਣੀ ਦੀ ਬੂੰਦ ਨਹੀਂ ਸੀ ਦੇਖੀ ਤੇ ਹੁਣ ਪਾਣੀ ਆਇਆ ਤਾਂ ਪਾਣੀ ਜਾਂਦਾ ਹੀ ਨਹੀਂ ਸੀ। ਇਸ ਵਿੱਚ ਵੀ ਇਕ ਚੱਕਰ ਸੀ। ਗੱਲ ਇਉਂ ਹੋਈ ਕਿ ਇਕ ਵਾਰੀ ਬਠਿੰਡੇ ਵਿੱਚ ਨਿਯੁਕਤ ਸਿਵਿਲ ਇੰਜਨੀਅਰਾਂ ਨੇ ਆਪਣਾ ਦਿਮਾਗ਼ ਨਾ ਵਰਤਦਿਆਂ ਹੋਇਆਂ ਭਰਤੀ ਪੁਆ ਪੁਆ ਕੇ ਸ਼ਹਿਰ ਦੀਆਂ ਗਲ਼ੀਆਂ ਗਜ਼ ਗਜ਼ ਉਚੀਆਂ ਚੁੱਕ ਦਿੱਤੀਆਂ। ਮਕਸਦ ਸੀ ਮੀਂਹ ਦਾ ਪਾਣੀ ਆਬਾਦੀ ਵਿਚ ਨਾ ਆਵੇ। ਪਰ ਇਸ ਭਰਤੀ ਨਾਲ ਗਲ਼ੀਆਂ ਨਾਲ ਲਗਦੇ ਘਰ ਨੀਵੇਂ ਹੋ ਗਏ ਤੇ ਬਰਸਾਤਾਂ ਦਾ ਸਾਰਾ ਪਾਣੀ ਗਲ਼ੀਆਂ ਚੋਂ ਘਰਾਂ ਚ ਆ ਗਿਆ। ਹਾਹਾਕਾਰ ਮਚ ਗਈ। ਸਿਵਿਲ ਇੰਜਨੀਅਰਾਂ ਨੂੰ ਪਾਣੀ ਦੇ ਨਿਯਮਾਂ ਵਿੱਚ ਕੁਝ ਕਾਲ਼ਾ ਕਾਲ਼ਾ ਦਿਖਾਈ ਦਿੱਤਾ। ਨਿਯਮ ਹੈ ਕਿ ਪਾਣੀ ਉਚਾਣ ਤੋਂ ਨਿਵਾਣ ਵੱਲ ਵਹਿੰਦਾ ਹੈ। ਇੰਜਨੀਅਰਾਂ ਨੂੰ ਸ਼ੱਕ ਪੈ ਗਈ ਕਿ ਬਠਿੰਡੇ ਵਿੱਚ ਸ਼ਾਇਦ ਇਹ ਨਿਯਮ ਉਲਟੇ ਦਾਅ ਲਾਗੂ ਹੁੰਦਾ ਹੈ। ਹਾਕਮਾਂ ਨੂੰ ਯਕੀਨ ਦੁਆਇਆ ਗਿਆ ਕਿ ਜਦ ਸਲਾਮ ਹੇਠਾਂ ਤੋਂ ਉਪਰ ਵੱਲ ਨੂੰ ਵੱਜਦਾ ਹੈ ਤਾਂ ਪਾਣੀ ਵੀ ਨਿਵਾਣ ਤੋਂ ਉਚਾਣ ਵੱਲ ਵਗ ਸਕਦਾ ਹੈ। ਇਸ ਤਰਾਂ ਉਨ੍ਹਾਂ ਨੂੰ ਇਸ ਨਿਯਮ ਦੀ ਸਚਾਈ ਪਰਖ ਕਰਨ ਦੀ ਇਜਾਜ਼ਤ ਮਿਲ ਗਈ। ਉਦੋਂ ਤੋਂ ਉਹ ਮਿੱਟੀ ਪੁੱਟ ਪੁੱਟ ਕੇ ਏਧਰ ਉਧਰ ਕਰਦੇ ਧਰਾਤਲ ਦਾ ਪਾਸਕੂ ਠੀਕ ਕਰਦੇ ਰਹਿੰਦੇ ਹਨ ਤੇ ਘੋਖ ਕਰਦੇ ਰਹਿੰਦੇ ਹਨ ਕਿ ਕਿਹੜੇ ਕਾਰਨਾਂ ਕਰਕੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਜਾਂਦਾ ਹੈ ਤੇ ਕਿਹੜੇ ਕਾਰਨਾਂ ਕਰਕੇ ਸੜਕਾਂ ‘ਤੇ ਸੁਕਪਕਾ ਰਹਿੰਦਾ ਹੈ।
-----
ਦਾਰਜੀ ਨੇ ਪੈਦਲ ਚੱਲ ਕੇ ਵੀ ਤੇ ਸਭ ਸਲਾਮਾਂ ਵਸੂਲ ਕੇ ਵੀ ਰਿਕਸ਼ੇ ਤੋਂ ਪਹਿਲਾਂ ਅੱਡੇ ਤੇ ਪਹੁੰਚ ਜਾਣਾ ਸੀ। ਉਨ੍ਹਾਂ ਖੰਘੂਰੇ ਮਾਰਦੇ ਹੋਏ ਚੱਲਣਾ ਹੁੰਦਾ ਸੀ। ਦਾਰਜੀ ਦਾ ਖੰਘੂਰਾ ਸੁਣਕੇ ਸੱਤ ਘਰਾਂ ਦੀਆ ਵਹੁਟੀਆਂ ਕੁੜੀਆਂ ਅਨੁਸ਼ਾਸਨ ਵਿੱਚ ਆ ਜਾਂਦੀਆਂ ਸਨ- ਪਹਿਲੀਆਂ ਚ ਤਾਂ ਧਾਰ ਕੱਢਦੀ ਉਨ੍ਹਾਂ ਦੀ ਆਪਣੀ ਸਰਦਾਰਨੀ ਦੇ ਪੱਟਾਂ ਚੋਂ ਦੁੱਧ ਵਾਲੀ ਬਾਲਟੀ ਭੁੜਕ ਜਾਂਦੀ ਸੀ। ਉਹ ਖ਼ੁਦ ਇਸਦੀ ਤਾਨ ਵਿੱਚ ਆਏ ਮਿੰਟਾਂ ਸਕਿੰਟਾਂ ਚ ਕਿਤੇ ਦੀ ਕਿਤੇ ਪਹੁੰਚ ਜਾਂਦੇ ਸਨ। ਏਹੀ ਹੋਇਆ। ਦਾਰਜੀ ਨੇ ਅੱਡੇ ਪਹੁੰਚ ਕੇ ਦਿੱਲੀ ਵਾਲੀ ਬੱਸ ਨੂੰ ਵੀ ਕਾਬੂ ਕਰ ਲਿਆ ਪਰ ਭੱਈਆ ਅਜੇ ਸ਼ਾਇਦ ਰਿਕਸ਼ੇ ਨੂੰ ਹੱਥਾਂ ਨਾਲ ਧੱਕ ਧੱਕ ਕੇ ਰਸਤੇ ਦੇ ਟੋਏ ਟਿੱਬੇ ਹੀ ਪਾਰ ਕਰਾ ਰਿਹਾ ਸੀ। ਦਾਰਜੀ ਨੂੰ ਪਤਾ ਸੀ ਕਿ ਦਿੱਲੀ ਵਾਲੀ ਬੱਸ ਦਿੱਲੀ ਵਾਲੇ ਕਊਂਟਰ ਤੇ ਨਹੀਂ ਬਲਕਿ ਇੱਕਲਵਾਂਝੇ ਖਲੋਤੀ ਹੋਵੇਗੀ ਜਿੱਥੇ ਆਲੇ ਦੁਆਲੇ ਪਾਣੀ ਦੇ ਚਰਗਲ਼ਾਂ ਦੀ ਭਰਮਾਰ ਹੋਵੇਗੀ। ਦਿੱਲੀ ਵਾਲੀ ਬੱਸ ਵੈਸੇ ਵੀ ਆਪਣੇ ਆਪ ਨੂੰ ਦਿੱਲੀ ਵਾਲੀ ਬੱਸ ਸਮਝਦੀ ਹੈ, ਇਹ ਕੋਈ ਬਾਜਾਖਾਨੇ ਜਾਣ ਵਾਲੀ ਬੱਸ ਥੋੜ੍ਹੀ ਹੈ ਜੋ ਆਪਣੇ ਬਜਦੇ ਹੋਏ ਬਾਜੇ ਲੁਕੋਣ ਲਈ ਹੋਰ ਬੱਸਾਂ ਦੇ ਝੁਰਮੁਟ ‘ਚ ਲੁਕਦੀ ਫਿਰੇ। ਸ਼ਹਿਰ ਦੇ ਪੁਰਾਣੇ ਵਾਸੀ ਹੋਣ ਦੇ ਬੜੇ ਲਾਭ ਹੁੰਦੇ ਹਨ। ਅਸਮਾਨੀ ਨਛੱਤਰਾਂ ਤੋਂ ਇਲਾਵਾ ਤੁਹਾਨੂੰ ਸ਼ਹਿਰ ਦੀ ਹਰ ਗਤੀ ਦਾ ਗਿਆਨ ਹੁੰਦਾ ਹੈ। ਨਾਲੇ ਦਾਰਜੀ ਬਠਿੰਡੇ ਦੇ ਪੁਰਾਣੇ ਵਾਸੀ ਹੀ ਨਹੀ, ਉਨ੍ਹਾਂ ਬਠਿੰਡੇ ਨੂੰ ਪਿੰਡ ਤੋਂ ਸ਼ਹਿਰ ਬਣਦਾ ਵੇਖਿਆ ਸੀ। ਉਹ ਤਾਂ ਅੱਖਾਂ ਮੀਟਕੇ ਵੀ ਸਾਰਾ ਸ਼ਹਿਰ ਗਾਹ ਸਕਦੇ ਸਨ ਤੇ ਮੁਬਾਰਕ ਕਿਲੇ ਦੀ ਦੀਵਾਰ ਉਪਰ ਪਰਕਿਰਮਾ ਕਰ ਸਕਦੇ ਸਨ।
-----
ਦੁਨੀਆ ਭਰ ਦੇ ਪੋਤੇ ਹਮੇਸ਼ਾ ਚੰਦ ਚੜ੍ਹਾਈ ਰੱਖਦੇ ਹਨ ਪਰ ਦਾਰਜੀ ਦੇ ਇਸ ਪੋਤੇ ਨੇ ਤਾਂ ਉਸ ਦਿਨ ਸੂਰਜ ਵੀ ਚੜ੍ਹਾ ਦਿੱਤਾ। ਪਹੁ-ਫੁਟਾਲੇ ਦੀਆਂ ਸੀਤਲ ਕਿਰਨਾਂ ਦਾਰਜੀ ਦੀਆਂ ਅੱਖਾਂ ਵਿੱਚ ਸੂਲਾਂ ਬਣ ਬਣ ਠੁਕਣ ਲੱਗ ਪਈਆਂ। ਉਨ੍ਹਾਂ ਨੂੰ ਰਹਿ ਰਹਿ ਕੇ ਗ਼ੇੱਸਾ ਆ ਰਿਹਾ ਸੀ, ਅਜੇ ਤੱਕ ਪੋਤੇ ਦਾ ਰਿਕਸ਼ਾ ਅੱਡੇ ‘ਤੇ ਨਹੀਂ ਅੱਪੜਿਆ। ਕਿਧਰੇ ਬੱਸ ਹੀ ਨਾ ਖੁੰਝ ਜਾਏ। ਦਾਰਜੀ ਨੇ ਖ਼ੁਦ ਆਪਣੀ ਜ਼ਿੰਦਗੀ ਵਿੱਚ ਕਦੇ ਪਹਿਲੀ ਬੱਸ ਨਹੀਂ ਖੁੰਝਾਈ। ਉਹ ਕਦੇ ਪਹਿਲੀ ਬੱਸ ਤੋਂ ਬਿਨਾ ਦੂਜੀ ਬੱਸ ਵਿੱਚ ਬੈਠੇ ਹੀ ਨਹੀਂ। ਬੱਸ ਇਕ ਵਾਰੀ ਜ਼ਿੰਦਗੀ ਵਿੱਚ ਉਨ੍ਹਾਂ ਤੋਂ ਇਕ ਗ਼ਲਤੀ ਜ਼ਰੂਰ ਹੋ ਗਈ। ਕਿਤੇ ਜਾਣ ਲਈ ਉਹ ਜਦ ਸਵੇਰੇ ਸਵੇਰੇ ਅੱਡੇ ਤੇ ਪਹੁੰਚੇ ਤਾਂ ਪਹਿਲੀ ਬੱਸ ਨਿਕਲ ਚੁੱਕੀ ਸੀ, ਦਾਰਜੀ ਉਨੀ ਪੈਰੀਂ ਮੁੜ ਆਏ। ਉਹ ਮੁਕਾਣ ਅਗਲੇ ਦਿਨ ਦੇ ਆਉਣਗੇ ਪਰ ਸਫ਼ਰ ਪਹਿਲੀ ਬੱਸ ਦਾ ਹੀ ਕਰਨਾ ਹੈ। ਦਾਰਜੀ ਦਾ ਵੱਸ ਚੱਲਦਾ ਜਾਂ ਘੱਟੋ ਘੱਟ ਬੱਸ ਚੱਲਦੀ ਤਾਂ ਉਨ੍ਹਾਂ ਦੂਜੀਆਂ ਤੀਜੀਆਂ ਬੱਸਾਂ ਹੀ ਚਲਾਉਣੀਆਂ ਬੰਦ ਕਰ ਦੇਣੀਆਂ ਸਨ।
-----
ਪੋਤਾ ਅਜੇ ਤੱਕ ਨਹੀਂ ਆਇਆ। ਦਾਰਜੀ ਤੰਤ ਮੰਤ ਹੋ ਗਏ। ਪਰ ਉਹ ਕਦੇ ਪੋਤਿਆਂ ਨੂੰ ਬੁਰਾ ਭਲਾ ਨਹੀਂ ਸੀ ਕਹਿੰਦੇ। ਬੇਚੈਨੀ ਵਿੱਚ ਉਨ੍ਹਾਂ ਏਧਰ ਉਧਰ ਕਵਾਇਦ ਕਰਨੀ ਸ਼ੁਰੂ ਕਰ ਦਿੱਤੀ। ਬਠਿੰਡੇ ਦੇ ਪਿੰਡ ਤੋਂ ਸ਼ਹਿਰ ਬਣਨ ਪਿਛੋਂ ਡੱਡੂ-ਰੰਗੇ ਹੋ ਚੁਕੇ ਲੋਕਾਂ ਦੀ ਹੋਣੀ ਤੇ ਕੁੜ੍ਹਨਾ ਸ਼ੁਰੂ ਕਰ ਦਿੱਤਾ; ਲੋਕਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ ਬਾਰੇ ਆਪਣੇ ਆਪ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਸ਼ਹਿਰ ਤੇ ਧਾਵਾ ਕਰ ਚੁੱਕੇ ਵਾਹਣਾਂ ਦੇ ਪਰਦੂਸ਼ਨ ਤੇ ਥਰਮਲ ਪਲਾਂਟਾਂ ਦੀ ਸਿਰ ‘ਚ ਪੈਂਦੀ ਸੁਆਹ ਨੂੰ ਕੋਸਣ ਲੱਗ ਪਏ। ਉਹ ਧਰਤੀ ‘ਚ ਜ਼ੋਰ ਜ਼ੋਰ ਦੀ ਪੈਰ ਮਾਰਨ ਲੱਗੇ, ਤੇ ਹੱਥਾਂ ਨੂੰ 'ਹੈ ਨਹੀਂ, ਹੈ ਨਹੀਂ' ਦੀ ਮੁਦਰਾ ਚ ਛਣਕਾਉਣ ਲੱਗੇ। ਪਰ ਐਨ ਇਸੇ ਵੇਲੇ ਪੋਤੇ ਦਾ ਰਿਕਸ਼ਾ ਉਨ੍ਹਾਂ ਦੇ ਅੱਗੇ ਆ ਪਹੁੰਚਾ। ਇਕ ਦਮ ਸਥਿਰ ਹੋ ਗਏ ਦਾਰਜੀ, ਅੱਖਾਂ ਲਟ ਲਟ ਬਲ ਗਈਆਂ। ਉਨ੍ਹਾਂ ਰਿਕਸ਼ੇ ਦੇ ਸਿੰਗਾਂ ਨੂੰ ਮੂਹਰਿਓਂ ਹੀ ਫੜ ਲਿਆ। ਮੁੰਡੇ ਨੇ ਉਤਰਦਿਆਂ ਹੀ ਫਟਾਫਟ ਰਿਕਸ਼ੇ ਵਾਲੇ ਦਾ ਭੁਗਤਾਨ ਕੀਤਾ, ਉਸਨੂੰ ਪਤਾ ਸੀ ਦਾਰਜੀ ਵਿੱਚ ਆ ਗਏ ਤਾਂ ਅਸੂਲੀ ਲੜਾਈ ਸ਼ੁਰੂ ਹੋ ਜਾਣੀ ਸੀ। ਦਾਰਜੀ ਨੇ ਅਟੈਚੀ ਚੁੱਕਿਆ ਤੇ ਬੈਗ ਮੁੰਡੇ ਦੇ ਹੱਥ ਫੜਾਇਆ। ਪਰਿਵਹਨ ਨਿਯਮਾਂ ਅਨੁਸਾਰ ਅਟੈਚੀ ਬੱਸ ਦੀ ਛੱਤ ਤੇ ਰੱਖਣਾ ਅਨਿਵਾਰੀ ਸੀ। ਮੁੰਡੇ ਖੁੰਡੇ ਬੱਸ ਦੀ ਛੱਤ ਤੇ ਚੜ੍ਹਨਾ ਸ਼ਾਨ ਦੇ ਖਿਲਾਫ ਸਮਝਦੇ ਹਨ ਤੇ ਪੁਰਾਣੇ ਖੁੰਢ ਦਾਰਜੀ ਕੁਲੀ ਤੋਂ ਸਮਾਨ ਚੜ੍ਹਾਉਣਾ ਨੇਕ ਕਮਾਈ ਨੂੰ ਰੋੜ੍ਹ ਦੇਣਾ ਖ਼ਿਆਲਦੇ ਸਨ। ਦਾਰਜੀ ਦੇ ਸਾਹਮਣੇ ਤਾਂ ਵੈਸੇ ਵੀ ਕੋਈ ਕੁਲੀ ਖੜ੍ਹਾ ਨਹੀਂ ਹੋ ਸਕਦਾ। ਦਾਰਜੀ ਦੇ ਸਾਹਮਣੇ ਤਾਂ ਕਦੇ ਕੋਈ ਮੰਗਤਾ ਨਹੀਂ ਖੜਿਆ। ਇੱਕ ਵਾਰੀ ਪੱਟੀਆਂ ਬੰਨ੍ਹੀ ਇਕ ਢੋਂਗੀ ਮੰਗਤਾ ਆਪਣੇ ਅਪਾਹਜਪੁਣੇ ਤੇ ਤਰਸ ਦੀ ਭਾਵਨਾ ਜਗਾਉਂਦਾ ਗਲੀ ਵਿੱਚ ਆ ਗਿਆ। ਦਾਰਜੀ ਨੇ ਉਸਦੀਆਂ ਪੱਟੀਆਂ ਖੋਲ੍ਹ ਕੇ ਸ਼ਰੇਆਮ ਉਸਦੇ ਸਾਬਤ ਅੰਗਾਂ ਦਾ ਪਰਦਾ ਫਾਸ਼ ਕਰ ਦਿੱਤਾ ਤੇ ਉਸਦਾ ਉਹ ਤਵੰਜ ਉਡਾਇਆ ਕਿ ਮੰਗਤਾ ਬਠਿੰਡੇ ਦੀ ਜੂਹ ਹੀ ਛੱਡ ਗਿਆ।
-----
ਦਾਰਜੀ ਅਟੈਚੀਕੇਸ ਸਿਰ ‘ਤੇ ਰੱਖਕੇ ਬੱਸ ਦੀ ਛੱਤ ਤੇ ਚੜਨ੍ਹ ਲੱਗੇ ਤਾਂ ਪੋਤੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਣ ਲੱਗੀ। ਸਾਰੇ ਬਠਿੰਡੇ ਦੇ ਚੜ੍ਹ ਚੜ੍ਹਾਉਂਦੇ ਲੋਕ ਬੱਸ ਅੱਡੇ ‘ਤੇ ਸਨ ਤੇ ਉਸਦੇ ਦਾਰਜੀ ਸਿਰ ‘ਤੇ ਅਟੈਚੀ ਰੱਖੀ ਜਲੂਸ ਕੱਢਣ ਲੱਗੇ ਹੋਏ ਸਨ। ਉਹ ਆਪਣਾ ਸਿਰ ਲੁਕਾਉਂਦਾ ਨੱਸਾ। ਉਸਨੇ ਪਹਿਲਾਂ ਅਖ਼ਬਾਰ ਖਰੀਦੀ ਤੇ ਫਿਰ ਕੰਧ ਨਾਲ ਲੱਗਕੇ ਪਿਸ਼ਾਬ ਕਰਨ ਲੱਗ ਪਿਆ। ਸਭ ਕੰਮ ਨਿਪਟਾਕੇ ਉਸਨੇ ਚੋਰ ਅੱਖ ਨਾਲ ਦੇਖਿਆ, ਦਾਰਜੀ ਅਜੇ ਵੀ ਬੱਸ ਦੀ ਛੱਤ ‘ਤੇ ਹੀ ਸਨ। ਹਾਰਕੇ ਉਹ ਮੀਣੇ ਵੱਛੇ ਵਾਂਗ ਨੀਵਾਂ ਹੁੰਦਾ ਹੁੰਦਾ ਬੱਸ ਦੇ ਅੰਦਰ ਵੜਕੇ ਅਖ਼ਬਾਰ ਪੜ੍ਹਨ ਲੱਗ ਪਿਆ। ਦਾਰਜੀ ਅਟੈਚੀਕੇਸ ਰੱਖਣ ਲਈ ਢੁਕਦੀ ਜਗ੍ਹਾ ਲੱਭਣ ਦੇ ਆਹਰ ਵਿੱਚ ਕਿੰਨਾ ਚਿਰ ਜੋੜ ਤੋੜ ਲਾਉਂਦੇ ਰਹੇ। ਉਨ੍ਹਾਂ ਨੂੰ ਇਸ ਗੱਲ ਦੀ ਖੜਕ ਸੀ ਕਿ ਜੇ ਅਟੈਚੀ ਮੂਹਰੇ ਜਿਹੇ ਰੱਖਿਆ ਤਾਂ ਰਾਹ ਚੋਂ ਉਤਰਦੀ ਕੋਈ ਸਵਾਰੀ ਖਿਸਕਾਕੇ ਤੁਰਦੀ ਬਣੇਗੀ 'ਮੇਰੇ ਸਾਲੇ ਅੱਜ ਦੇ ਜੁਆਕ, ਕਿਤੇ ਬੱਸ ਚੋਂ ਉਤਰਕੇ ਥੋੜ੍ਹੋ ਦੇਖਦੇ ਨੇ' ਦਾਰਜੀ ਠੀਕ ਸੋਚ ਰਹੇ ਸਨ। ਅਖੀਰ ਉਨ੍ਹਾਂ ਬੱਸ ਦੇ ਅੱਗੇ ਜਿਹੇ ਸਪੇਅਰ ਟਾਇਰ ਵਾਲੀ ਸਭ ਤੋਂ ਸੁਰੱਖਿਅਤ ਥਾਂ ‘ਤੇ ਅਟੈਚੀ ਕੇਸ ਟਿਕਾਉਣ ਦਾ ਵਿਚਾਰ ਬਣਾਇਆ। ਪਰ ਦਾਰਜੀ ਦੂਰਦਰਸ਼ੀ ਸਨ, ਉਨ੍ਹਾਂ ਦਾ ਅਨੁਭਵ ਤੇ ਸੂਝ ਵਿਸ਼ਾਲ ਸੀ। ਉਨ੍ਹਾਂ ਨੂੰ ਪਤਾ ਸੀ ਮੌਸਮ ਬੇਯਕੀਨਾ ਹੁੰਦਾ ਹੈ। ਨਾਲੇ ਚਲਦੀ ਬੱਸ ਤਾਂ ਉਂਝ ਵੀ ਤੇਜ਼ ਹਵਾ ਨੂੰ ਨਾਲ ਲਈ ਫਿਰਦੀ ਹੈ। ਨੇ ਜਾਣੀਏ, ਰਾਹ ‘ਚ ਕਿਤੇ ਇਹ ਹਲਕਾ ਜਿਹਾ ਅਟੈਚੀ ਹਵਾ ਹੀ ਉਡਾ ਲਿਜਾਵੇ। ਦਾਰਜੀ ਤਾਂ ਹਰ ਚੀਜ਼ ਕੱਸਣ ਦੇ ਮਾਹਰ ਸਨ, ਸਾਰੇ ਘਰ ਬਾਹਰ ਦੇ ਮੰਜੇ ਤੇ ਬੰਦੇ ਉਨ੍ਹਾਂ ਕੱਸ ਕੇ ਰੱਖੇ ਹੋਏ ਸਨ। ਉਹ ਕਦੇ ਕਿਸੇ ਢਿੱਲ ਨੂੰ ਬਰਦਾਸ਼ਤ ਨਹੀਂ ਸੀ ਕਰਦੇ। ਢਿਲਾ ਮੰਜਾ ਦੇਖਿਆ ਨਹੀਂ, ਇਸ ਨੂੰ ਵਿਹੜੇ ‘ਚ ਢਾਹ ਲੈਂਦੇ ਸਨ। ਫਿਰ ਇਸਦੀ ਦੌਣ ਕੱਸ ਕੱਸ ਕੇ ਮੰਜੇ ਦੀਆ ਚੂਲ਼ਾਂ ਹਿਲਾ ਦਿੰਦੇ ਸਨ। ਗੱਲ ਬਹੁਤੀ ਵਿਗੜੀ ਹੋਵੇ ਤਾਂ ਉਹ ਮੰਜਾ ਉਧੇੜਕੇ, ਨਵਾਂ ਜੀਅ ਪਾਕੇ ਨਵੇਂ ਸਿਰਿਉਂ ਬੁਣਨ ਲੱਗ ਪੈਂਦੇ ਸਨ, ਲੋੜ ਪੈਣ ਤੇ ਹੋਰ ਵਾਣ ਖ਼ਰੀਦ ਲਿਆਉਂਦੇ ਸਨ। ਪਰ ਇਸ ਰੁਝੇਵੇਂ ਦੌਰਾਨ ਉਹ ਕਿਸੇ ਹੋਰ ਨੂੰ ਨੇੜੇ ਨਹੀਂ ਸਨ ਫੜਕਣ ਦੇਂਦੇ। ਢਿੱਲਾ ਮੰਜਾ ਤੇ ਢਿੱਲਾ ਬੰਦਾ ਤਾਂ ਉਨ੍ਹਾਂ ਨੂੰ ਚਾਰ ਘਰ ਪਰੇ ਵੀ ਦਿਸ ਪੈਂਦਾ ਸੀ।
------
ਦਾਰਜੀ ਨੇ ਏਧਰ ਉਧਰ ਦੇਖਿਆ। ਅੱਡੇ ਦੀਆਂ ਹੱਟੀਆਂ ਤੋਂ ਤਾਂ ਰੱਸੀਆਂ ਨਹੀਂ ਮਿਲ ਸਕਦੀਆਂ, ਮਿਲ ਵੀ ਜਾਂਦੀਆਂ, ਦਾਰਜੀ ਅਜੇਹੇ ਕੰਮਾਂ ਲਈ ਰੁਪਿਆਂ ਦਾ ਨਬੇੜਾ ਨਹੀਂ ਸਨ ਕਰਦੇ। ਦਾਰਜੀ ਚਾਹੁੰਦੇ ਤਾਂ ਡਰਾਈਵਰ ਬੱਸ ਨੂੰ ਉਨ੍ਹਾਂ ਦੇ ਘਰ ਦੇ ਕੋਲ ਦੀ ਲਿਜਾ ਸਕਦਾ ਸੀ ਪਰ ਬਠਿੰਡੇ ਦੀਆਂ ਗਲ਼ੀਆਂ ਰੁਕਾਵਟ ਸਨ। ਕਿਧਰੇ ਤਾਂ ਏਨੀਆਂ ਚੌੜੀਆਂ ਕਿ ਭਾਵੇਂ ਬੋਇੰਗ ਜਹਾਜ਼ ਲੰਘਾ ਲਵੋ ਤੇ ਕਿਧਰੇ ਏਨੀਆਂ ਭੀੜੀਆਂ ਕਿ ਭੋਰਾ ਜੁਆਕ ਗਡੀਰਾ ਵੀ ਨਹੀਂ ਲੰਘਾ ਸਕਦਾ। ਪਰ ਦਾਰਜੀ ਨੂੰ ਦਾਰਜੀ ਫਿਰ ਕੌਣ ਆਖਦਾ ਜੇ ਉਹ ਖੜੇ ਪੈਰ ਏਨੇ ਗੰਭੀਰ ਮਸਲੇ ਦਾ ਹੱਲ ਨਾ ਲੱਭਦੇ। ਉਨ੍ਹਾਂ ਏਧਰ ਉਧਰ ਮੌਕਾ ਦੇਖਿਆ, ਹੱਲ ਉਨ੍ਹਾਂ ਦੇ ਨੇਫੇ ਚ ਸੀ। ਉਨ੍ਹਾਂ ਝਬਦੇ ਆਪਣਾ ਪਾਜਾਮਾ ਖੋਲ੍ਹਿਆ ਤੇ ਮਦਾਰੀ ਦੇ ਖੁੱਡ ਚੋਂ ਸੱਪ ਕੱਢਣ ਵਾਂਗ ਇਸਦੇ ਨੇਫੇ ਚੋਂ ਨਾਲ਼ਾ ਕੱਢ ਲਿਆ। ਦਾਰਜੀ ਦੇ ਪਾਜਾਮੇ ਦਾ ਨਾਲਾ ਕੋਈ ਹਮਾਤੜ ਦੇ ਪਾਜਾਮੇ ਦਾ ਨਾਲ਼ਾ ਥੋੜ੍ਹੀ ਸੀ। ਊਠ ਦੀ ਲਗਾਮ ਜਿੱਡਾ ਸੀ, ਭਾਵੇਂ ਬੱਸ ਦੇ ਸਾਰੇ ਨੱਗਾਂ ਨੂੰ ਇਸ ਨਾਲ ਬੰਨ੍ਹ ਲਵੋ। ਉਨ੍ਹਾਂ ਪਾਜਾਮਾ ਝਾੜਕੇ ਬੱਲਾਰੱਤੇ ਮੋਢੇ ਤੇ ਸੁੱਟਿਆ ਤੇ ਅਟੈਚੀ ਕੇਸ ਨੂੜਨ ਦੀ ਵਿਉਂਤ ਲਾਉਣ ਲੱਗੇ। ਉਨ੍ਹਾਂ ਬੱਸ ਦੀ ਛੱਤ ਤੇ ਅਟੈਚੀ ਦੀ ਹਰ ਸੰਭਵ ਵਿਰਲ, ਗਲੀ ਤੇ ਟੇਕ ਵਿੱਚ ਦੀ ਨਾਲੇ ਨੂੰ ਲੰਘਾਇਆ ਤੇ ਅਟੈਚੀ ਨੂੰ ਇਸ ਤਰਾਂ ਜਕੜ ਦਿੱਤਾ ਕਿ ਹੁਣ ਭਾਵੇਂ ਕਿੰਨੀ ਕਾਲ਼ੀ ਬੋਲ਼ੀ ਤੇ ਪੀਲ਼ੀ ਹਨੇਰੀ ਬੱਸ ਦੇ ਉਪਰ ਦੀ ਲੰਘ ਜਾਵੇ, ਬੱਸ ਉਡ ਜਾਵੇਗੀ ਪਰ ਅਟੈਚੀ ਟੱਸ ਤੋਂ ਮੱਸ ਨਹੀਂ ਹੋਵੇਗਾ।
-----
ਸਾਰਾ ਕੰਮ ਨਿਬੇੜਕੇ ਤੇ ਤਸੱਲੀ ਵਜੋਂ ਵੱਡਾ ਸਾਰਾ ਖੰਘੂਰਾ ਮਾਰਕੇ ਦਾਰਜੀ ਬੱਸ ਤੋਂ ਹੇਠਾਂ ਲਹਿ ਗਏ ਤੇ ਇਸ ਦੇ ਅੰਦਰ ਵੜ ਗਏ। ਮੁੰਡੇ ਨੂੰ ਸਮਝਾਉਣਾ ਸੀ, ਬੱਸ ਵਿੱਚ ਸਾਮਾਨ ਕਿਵੇਂ ਸੰਭਾਲੀਦਾ ਹੈ। ਬੱਸ ਦੀਆਂ ਸਵਾਰੀਆਂ ਨੇ ਗੋਡਿਆਂ ਤੱਕ ਨੰਗੇ ਤੇ ਮੋਢੇ ਪਾਜਾਮਾ ਰੱਖੀ ਵਧੇ ਆ ਰਹੇ ਦਾਰਜੀ ਨੂੰ ਦੇਖਿਆ। ਦਾਰਜੀ ਨੂੰ ਕੌਣ ਕੁਝ ਕਹਿ ਸਕਦਾ ਸੀ, ਅਧੀਆਂ ਸਵਾਰੀਆਂ ਤਾਂ ਉਨ੍ਹਾਂ ਨੂੰ ਜਾਣਦੀਆਂ ਸਨ। ਉਨ੍ਹਾਂ ਸ਼ਰਧਾ ਤੇ ਸ਼ਰਮ ਦੇ ਮਿਲੇ ਜੁਲੇ ਭਾਵਾਂ ਨਾਲ ਅੱਖਾਂ ਨੀਵੀਆਂ ਪਾ ਲਈਆਂ। ਪਰ ਸਭਿਅਤਾ ਦੀ ਇਸ ਮੁਢਲੀ ਅਵਸਥਾ ਵਿੱਚ ਦਾਰਜੀ ਨੂੰ ਦੇਖਕੇ ਮੁੰਡੇ ਦੇ ਹੋਸ਼ ਉੱਡ ਗਏ। ਪਾਣੀਉਂ ਪਾਣੀ ਹੋਇਆ, ਸੋਚਣ ਲੱਗਾ ਪਾਣੀ ਬਣਿਆ ਉਹ ਕਿਧਰੇ ਬੱਸ ਦੀ ਫ਼ਰਸ਼ ਵਿਚ ਹੀ ਵਹਿ ਜਾਵੇ। ਇਨ੍ਹਾਂ ਸਵਾਰੀਆਂ ਦੇ ਸੰਗ ਵਿੱਚ ਇਹ ਨਮੋਸ਼ੀ ਹੁਣ ਦੂਰ ਦਿੱਲੀ ਤੱਕ ਉਸਦੇ ਨਾਲ ਚੁੰਬੜੀ ਰਹਿਣੀ ਸੀ। ਉਹ ਕੰਬ ਉਠਿਆ। ਉਸਨੇ ਇਸ਼ਾਰਿਆਂ ਨਾਲ ਬਥੇਰਾ ਕਿਹਾ ਕਿ ਦਾਰਜੀ ਹੁਣ ਜਾਓ; ਦਿੱਲੀ ਤੱਕ ਮੈਂ ਆਪਣਾ ਆਪ ਤੇ ਆਪਣਾ ਸਾਮਾਨ ਸੰਭਾਲ ਲਵਾਂਗਾ; ਪਰ ਦਾਰਜੀ ਨੂੰ ਪਤਾ ਸੀ ਅਜੋਕੀ ਪੀੜ੍ਹੀ ਕਿੰਨੀ ਅਲਗਰਜ਼ ਹੈ। ਉਨ੍ਹਾਂ ਪਾਜਾਮੇ ਨਾਲ ਨੱਕ ਪੂੰਝਿਆ ਤੇ ਪੋਤੇ ਨੂੰ ਮੁਖਾਤਿਬ ਹੋਏ," ਕਾਕਾ ਹੁਣ ਨਹੀਂ ਜਾਂਦਾ ਤੇਰਾ ‘ਟੈਚੀ ਕਿਤੇ। ਰਾਹ ‘ਚ ਦੇਖਦਾ ਜਾਈਂ।" ਪਰ ਖਿੜਕੀ ਤੋਂ ਬਾਹਰ ਮੂੰਹ ਕਰੀ ਮੁੰਡਾ ਦਾਰਜੀ ਨੂੰ ਅਣਡਿੱਠ ਕਰ ਰਿਹਾ ਸੀ, ਬੁੜ੍ਹਾ ਹੁਣ ਦਫ਼ਾ ਹੋਵੇ ਪਰਾਂਹ। ਪਰ ਦਾਰਜੀ ਦੀ ਅਜੇ ਵੀ ਇਕ ਹੋਰ ਕਾਰਵਾਈ ਬਾਕੀ ਰਹਿੰਦੀ ਸੀ। ਉਨ੍ਹਾਂ ਜੇਬ ਵਿਚੋਂ ਦਸਾਂ ਦਾ ਨੋਟ ਕੱਢ ਲਿਆ। ਜਿਨਾਂ ਦਿਨਾਂ ਵਿੱਚ ਲੋਕ ਪਿਆਰ ਵਜੋਂ ਇਕ ਰੁਪਿਆ ਦਿਆ ਕਰਦੇ ਸਨ, ਦਾਰਜੀ ਦਸ ਰੁਪਏ ਦਿੰਦੇ ਸਨ ਤੇ ਹੁਣ ਜਦੋਂ ਸੌ ਰੁਪਏ ਦੇਣ ਦਾ ਰਿਵਾਜ ਚੱਲ ਪਿਆ ਤਾਂ ਵੀ ਦਾਰਜੀ ਜੇਬ ਚੋਂ ਦਸ ਰੁਪਏ ਹੀ ਢਿੱਲੇ ਕਰਦੇ ਸਨ। ਮੋਢੇ ਤੇ ਪਾਜਾਮਾ ਤੇ ਹੱਥ ਵਿੱਚ ਦਸ ਦਾ ਨੋਟ ਫੜੀ ਦਾਰਜੀ ਪੋਤੇ ਨੂੰ ਜਮਦੂਤ ਦਿਖਾਈ ਦੇ ਰਹੇ ਸਨ। ਪੋਤੇ ਨੇ ਉਨ੍ਹਾਂ ਦੇ ਹੱਥ ਚੋਂ ਦਵਾਸ਼ੱਟ ਨੋਟ ਖਿਚ ਲਿਆ ਤੇ ਬੱਸ ਤੋਂ ਉਤਰ ਆਇਆ। ਉਹ ਦੂਜੀ ਬੱਸ ਫੜਨ ਬਾਰੇ ਵੀ ਸੋਚਣ ਲੱਗਾ ਸੀ ਕਿ ਕੰਡਕਟਰ ਨੇ ਸੀਟੀ ਵਜਾ ਦਿੱਤੀ। ਦਾਰਜੀ ਬੱਸ ਤੋਂ ਬਾਹਰ ਹੋ ਗਏ।
-----
ਦਾਰਜੀ ਵਾਪਸੀ ਤੇ ਮੋਢੇ ‘ਤੇ ਪਾਜਾਮਾ ਰੱਖੀ ਘਰ ਆ ਰਹੇ ਸਨ ਪਰ ਮਜਾਲ ਹੈ ਦੁਕਾਨਦਾਰ, ਗਲ਼ੀ ਮਹੱਲਿਆਂ ਦੇ ਲੋਕ, ਗੁਆਂਢੀ ਉਨ੍ਹ੍ਹਾਂ ਦੀ ਅੱਖ ਨਾਲ ਅੱਖ ਮਿਲਾ ਸਕਣ। ਕਈ ਤਾਂ ਡਰਦੇ ਮਾਰੇ ਸਬਾਤਾਂ ਚ ਹੀ ਵੜ ਜਾਂਦੇ ਸਨ। ਘਰ ਪਹੁੰਚਣ ਤੇ ਨਾਨੀ ਜੀ ਨੇ ਦਾਰਜੀ ਦੀ ਸਾਰੀ ਵਿਥਿਆ ਸੁਣੀ ਤਾਂ ਬੋਲੀ, "ਜੇ ਦੋ ‘ਟੈਚੀ ਹੁੰਦੇ ਤਾਂ ਤੁਸੀਂ ਆਪਣੇ ਕਛਿਹਰੇ ਦਾ ਨਾਲ਼ਾ ਵੀ ਖੋਲ੍ਹ ਲੈਣਾ ਸੀ। ਉਸਦਾ ਨਾਲ਼ਾ ਤਾਂ ਪਾਜਾਮੇ ਨਾਲੋਂ ਵੀ ਲੰਮਾ ਹੈ।" ਦਾਰਜੀ ਤੋਂ ਠੁਸਕ ਜਿਹਾ ਖੰਘੂਰਾ ਹੀ ਸਰਿਆ ਤੇ ਉਹ ਪਰੇ ਨੂੰ ਚਲੇ ਗਏ। ਉਹ ਆਪਣੀ ਸਰਦਾਰਨੀ ਤੋਂ ਹੀ ਸੂਤ ਰਹਿੰਦੇ ਸਨ।
*****
No comments:
Post a Comment