ਲੇਖ
ਬੁੱਧੀਜੀਵੀ ਸ਼ਬਦ ਐਵੇਂ ਕਿਵੇਂ ਨਹੀਂ। ਇਸ ਸ਼ਬਦ ਦੇ ਅਰਥਾਂ ਵਿਚ ਏਨਾ ਕੁਝ ਹੈ ਜਿਸ ਨੂੰ ਮਨੁੱਖੀ ਹਸਤੀ ਵਿਚ ਸਮੋਈ ਰੱਖਣਾ ਆਸਾਨ ਨਹੀਂ। ਅਰਥਾਂ ਦੀ ਛਤਰੀ ਹੇਠ ਜੋ ਲੋਕ-ਹਿਤ ਨਹੀਂ ਆਉਂਦੇ ਤਾਂ ਫਿਰ ਕਾਹਦਾ ਕੋਈ ਬੁੱਧੀਜੀਵੀ? ਉਹ ਸ਼ਖ਼ਸ ਜਿਹੜਾ ਬੁੱਧੀ ਸਿਰ ਜਿਉਂਦਾ ਹੈ, ਇਸ ਨੂੰ ਜੀਵੰਤ ਰੱਖਦਾ ਹੈ ਅਤੇ ਜਾਗਦੇ ਪਲਾਂ ਨੂੰ ਹੱਥੋਂ ਨਹੀਂ ਕਿਰਨ ਦਿੰਦਾ ਉਸ ਦੇ ਜਾਗਦੇ ਠੋਸ ਵਿਚਾਰਾਂ ਵਿਚ ਤਾਂ ਏਨੀ ਸ਼ਕਤੀ ਹੋਣੀ ਚਾਹੀਦੀ ਹੈ ਕਿ ਲੋਕ ਆਪ ਹੀ ਉਸ ਮਗਰ ਤੁਰਨ।
-----
ਜੇ ਅਜਿਹਾ ਨਹੀਂ ਹੁੰਦਾ ਤਾਂ ਬੁੱਧੀਜੀਵੀ ਸ਼ਬਦ ਦੀ ਵਰਤੋਂ ਕਰਨ ਵਾਲਾ ਇਸ ਸ਼ਬਦ ਦੇ ਕੱਦ ਬਰਾਬਰ ਨਹੀਂ ਹੁੰਦਾ। ਉਹ ਸਿਰਫ ਆਪਣੀ ਸ਼ਾਨ ਬਨਾਉਣ ਲਈ ਸ਼ਬਦ ਦੀ ਦੁਰਵਰਤੋਂ ਕਰ ਰਿਹਾ ਹੁੰਦਾ ਹੈ ਜਿਸ ਨੂੰ ਕਿਸੇ ਤਰੀਕੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਉਸ ਨੇ ਕਿਸੇ ਹੋਰ ਨੂੰ ਤਾਂ ਕੀ ਰਾਹ ਵਿਖਾਉਣਾ ਹੋਇਆ ਉਹ ਤਾਂ ਖ਼ੁਦ ਹੀ ਭਰਮ-ਭੁਲੇਖਿਆਂ ਦੀ ਧੁੰਦ ਵਿਚ ਏਨਾ ਘਿਰ ਜਾਂਦਾ ਹੈ ਕਿ ਉਸ ’ਚੋਂ ਨਿਕਲਣਾ ਸੌਖਾ ਨਹੀਂ ਹੁੰਦਾ।
-----
ਆਪਣੇ ਆਪ ਨਾਲ ਜਿਹੜਾ ਆਪ ਹੀ ਬੁੱਧੀਜੀਵੀ ਸ਼ਬਦ ਜੋੜਦਾ ਹੈ, ਉਸ ਨੂੰ ਸਹੀ, ਅਸਲੀ ਅਤੇ ਪੂਰਨ ਨਹੀਂ ਮੰਨਿਆ ਜਾ ਸਕਦਾ। ਉਸ ’ਤੇ ਸ਼ੱਕੀ ਨਜ਼ਰਾਂ ਟਿਕਾਈ ਰੱਖਣੀਆਂ ਇਸ ਕਰਕੇ ਜਰੂਰੀ ਹਨ ਕਿ ਉਸਦੇ ਗਿਆਨ ਤੇ ਅਨੁਭਵ ਦੀ ਸੱਚਾਈ ਤੇ ਗਹਿਰਾਈ ਤੱਕ ਦਾ ਪਤਾ ਲਗਾਇਆ ਜਾ ਸਕੇ। ਜੇ ਪਰਖ-ਪੜਚੋਲ ਮਗਰੋਂ ਉਹ ਫਰਾਡ ਨਿਕਲਦਾ ਹੈ ਤਾਂ ਉਸ ਨੂੰ ਲੋਕਾਂ ਵਿਚ ਨੰਗਾ ਕਰਨ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
-----
ਜਿਹੜਾ ਸ਼ਬਦ ਦੇ ਅਸਲੀ ਅਰਥਾਂ ਵਿਚ ਬੁੱਧੀਜੀਵੀ ਹੈ ਉਹ ਤਾਂ ਚਮਕਦੀ ਚਾਨਣੀ ਵਰਗਾ ਹੁੰਦਾ ਹੈ ਅਤੇ ਜਗਦੇ ਦੀਵੇ ਵਰਗਾ। ਉਹ ਖ਼ੁਦ ਵੀ ਚਾਨਣੇ/ਉਜਾਲੇ/ਰੋਸ਼ਨੀ ਵਿਚ ਰਹਿੰਦਾ ਹੈ ਅਤੇ ਆਪਣੇ ਆਲੇ-ਦੁਆਲੇ ਵਿਚਰਨ ਵਾਲਿਆਂ ਨੂੰ ਵੀ ਹਨੇਰੇ ਵਿਚ ਨਹੀਂ ਰਹਿਣ ਦਿੰਦਾ। ਉਸ ਦੇ ਬੋਲਾਂ ਵਿਚ ਏਨੀ ਤਾਕਤ ਅਤੇ ਪ੍ਰਭਾਵ ਹੁੰਦਾ ਹੈ ਕਿ ਉਸ ਨੂੰ ਸੁਣਨ ਵਾਲਿਆਂ ਦੇ ਮਨਾਂ ਅੰਦਰ ਮੋਮਬੱਤੀਆਂ ਵੀ ਜਗ ਪੈਂਦੀਆਂ ਹਨ ਅਤੇ ਜਗਦੇ-ਬੁਝਦੇ ਟਟਹਿਣੇ ਵੀ।
-----
ਉਹ ਬੁੱਧੀ ਦੀ ਅਜਿਹੀ ਵਰਤੋਂ ਕਰਦਾ ਹੈ ਕਿ ਉਸ ਨੂੰ ਸੁਣਨ ਪੜ੍ਹਨ ਵਾਲੇ ਤਾਜ਼ਗੀ ਤੋਂ ਦੂਰ ਨਹੀਂ ਰਹਿ ਸਕਦੇ। ਉਹ ਜੀਵ ਦੇ ਸਿਰਫ਼ ਦਰਵਾਜ਼ੇ ਹੀ ਨਹੀਂ ਖੋਲ੍ਹਦੇ ਸਗੋਂ ਬਾਰੀਆਂ ਅਤੇ ਰੌਸ਼ਨਦਾਨ ਵੀ ਬੰਦ ਨਹੀਂ ਰਹਿਣ ਦਿੰਦਾ। ਨਵੇਂ ਵਿਚਾਰ ਹਾਸਲ ਕਰਨ ਲਈ ਉਹ ਕੰਧਾਂ ਨਹੀਂ ਉਸਾਰਦਾ ਸਗੋਂ ਢਾਹੁੰਦਾ ਹੈ ਤਾਂ ਕਿ ਨਵੇਂ ਵਿਚਾਰਾਂ ਦੇ ਉਸ ਤੱਕ ਪੁੱਜਣ ਦੇ ਰਾਹ ਵਿਚ ਕੋਈ ਵਿਘਨ ਨਾ ਪਵੇ, ਕੋਈ ਰੁਕਾਵਟ ਪੈਦਾ ਨਾ ਹੋਵੇ। ਉਹ ਆਪਣੇ ਅਨੁਭਵ ਦੇ ਫੁੱਲ ਖਿੜਾਉਂਦਾ ਹੈ ਅਤੇ ਦੂਜਿਆਂ ਦੇ ਖਿੜਨ ਤੋਂ ਰੋਕਦਾ ਨਹੀਂ।
-----
ਹੁਣ ਜਿਸ ਬਾਰੇ ਏਨੀਆਂ ਸਿਫ਼ਤਾਂ ਸੁਣ ਲਈਆਂ, ਏਨੇ ਗੁਣ ਪੜ੍ਹ ਲਏ ਉਹ ਹੀ ਦੂਜਿਆਂ ਮਗਰ ਲੱਗਾ ਫਿਰੇ ਤਾਂ ਉਸਦਾ ਰੱਬ ਵੀ ਰਾਖਾ ਨਹੀਂ ਹੋ ਸਕਦਾ। ਜੇ ਬੁੱਧੀਜੀਵੀ ਆਪਣੇ ਰੌਸ਼ਨ ਸਫ਼ਰ ਦੇ ਬਾਵਜੂਦ ਸਿਆਸਤਦਾਨਾਂ ਦਾ ਪਿਛਲੱਗ ਬਣਦਾ ਹੈ ਤਾਂ ਉਹ ਆਪਣੀ ਜਾਗਰਿਤ ਹਸਤੀ ਨੂੰ ਸਮੇਂ ਦੀ ਭ੍ਰਿਸ਼ਟ ਧੂੜ ਵਿਚ ਅਜਿਹੀ ਧੁੰਦਲ਼ੀ ਤੇ ਗੰਧਲ਼ੀ ਕਰ ਲੈਂਦਾ ਹੈ ਕਿ ਉਸ ਨੂੰ ਉਸ ਚੋਂ ਕੱਢਣਾ ਸੌਖਾ ਕੰਮ ਨਹੀਂ ਹੁੰਦਾ। ਆਪ ਨਿਕਲ ਨਹੀਂ ਸਕਦਾ ਦੂਜਾ ਕੱਢਦਾ ਨਹੀਂ।
-----
ਸਿਆਸਤਦਾਨ ਚਲਾਕ ਹੁੰਦੇ ਹਨ, ਸਵਾਰਥੀ ਹੁੰਦੇ ਹਨ ਅਤੇ ਸਿਰੇ ਦੇ ਲੋਭੀ ਹੁੰਦੇ ਹਨ ਪਰ ਆਮ ਤੌਰ ਤੇ ਬੁੱਧੀਜੀਵੀ ਨਹੀਂ ਹੁੰਦੇ। ਜੇ ਕੁਝ ਫੀਸਦੀ ਬੁੱਧੀਜੀਵੀ ਹੋਣ ਵੀ ਤਾਂ ਲੋਕ ਹਿਤਾਂ ਵੱਲ ਨਹੀਂ ਹੁੰਦੇ, ਆਪਣੇ ਤੇ ਆਪਣੇ ਨੇੜਲਿਆਂ ਬਾਰੇ ਹੀ ਸੋਚਦੇ ਹਨ। ਲੋਕਾਂ ਬਾਰੇ ਸੋਚ ਅਤੇ ਸੋਚਣ ਨੂੰ ਆਪਣੇ ਨੇੜੇ ਤੱਕ ਨਹੀਂ ਫਟਕਣ ਦਿੰਦੇ। ਉਹ ਲੋਕਾਂ ਨੂੰ ਕੇਵਲ ਆਪਣੇ ਮੁਫ਼ਾਦਾਂ ਲਈ ਵਰਤਦੇ ਹਨ ਅਤੇ ਮਤਲਬ ਨਿਕਲਣ ਬਾਅਦ ਉਨ੍ਹਾਂ ਨੂੰ ਆਪਣੇ ਚੇਤਿਆਂ ਵਿਚ ਵੀ ਨਹੀਂ ਆਉਣ ਦਿੰਦੇ।
-----
ਚੁਸਤੀ/ਹੁਸ਼ਿਆਰੀ ਕਾਰਨ ਉਹ ਸਮਾਜ ਦੇ ਹਰ ਤਬਕੇ ਨਾਲ ਮਤਲਬੀ ਕਿਸਮ ਦੀ ਪਹੁੰਚ ਬਣਾਈ ਰੱਖਦੇ ਹਨ ਤਾਂ ਕਿ ਚਹੁੰ ਪਾਸੀਂ ਉਨ੍ਹਾਂ ਦਾ ਪ੍ਰਭਾਵ ਕਾਇਮ ਰਹੇ। ਕਿਸੇ ਨੂੰ ਲਾਲਚ ਦਿੰਦੇ ਹਨ, ਕਿਸੇ ਨੂੰ ਉਸਦੀ ਔਕਾਤ ਮੁਤਾਬਕ ਉਸਨੂੰ ਬੁਰਕੀ ਪਾਉਂਦੇ ਹਨ ਅਤੇ ਕਿਸੇ ਨੂੰ ਅਹੁਦੇ ਦਾ ਲਾਰਾ ਲਾ ਕੇ ਕਿਸੇ ਕਿੱਲੇ ਬੱਝੇ ਪਸ਼ੂ ਵਾਂਗ ਅਜਿਹਾ ਟਿਕਾਈ ਰੱਖਦੇ ਹਨ ਕਿ ਉਨ੍ਹਾਂ ਦਾ ਸ਼ਿਕਾਰ ਕਿਸੇ ਹੋਰ ਪਾਸੇ ਜਾਣ ਜੋਗਾ ਨਹੀਂ ਰਹਿੰਦਾ।
-----
ਅਸਲ ਵਿਚ ਉਹ ਬੁੱਧੀਜੀਵੀ ਕਹਾਉਣ ਦੇ ਹੱਕ਼ਦਾਰ ਹੀ ਨਹੀਂ ਹੁੰਦੇ ਜਿਹੜੇ ਸਿਆਸਤਦਾਨਾਂ ਦੇ ਪਿਛਲੱਗ ਬਣ ਜਾਣ। ਆਪਣੀ ਮੌਲਿਕ ਸੋਚ, ਨਿੱਜੀ ਅਮੀਰ ਅਨੁਭਵ ਅਤੇ ਨਵੇਂ ਗਿਆਨ ਦੇ ਤਾਰਿਆਂ ਦੀ ਬਾਰਾਤ ਨੂੰ ਛੱਡ-ਛਡਾਅ ਕੇ ਇਨ੍ਹਾਂ ਸਿਆਸਤਦਾਨਾਂ ਦੇ ਪਿਛਲੱਗ ਓਹੀ ਬਣਦੇ ਹਨ ਜਿਹੜੇ ਆਪਣੇ ਵਿਚਾਰਾਂ ਦੇ ਪ੍ਰਪੱਕ ਨਾ ਹੋਣ ਅਤੇ ਲਾਲਚ ਦੇ ਬੈਟ ਨਾਲ ਆਪਣੀ ਵਿਕਟ ਆਪ ਹੀ ਡੇਗਣ ਦਾ ਸ਼ੌਕ ਰੱਖਦੇ ਹੋਣ।
-----
ਬੁੱਧੀਜੀਵੀ ਹੋਣਾ ਆਪਣੇ ਆਪ ਵਿਚ ਇਕ ਜਲਵਾ ਹੈ ਅਤੇ ਇਕ ਕੌਤਕ ਜਿਹੜਾ ਆਪਣੇ ਰਾਹ ਤੋਂ ਨਾ ਥਿੜਕ ਸਕਦਾ ਹੈ ਅਤੇ ਨਾ ਹੀ ਵਿਕ ਸਕਦਾ ਹੈ ਪਰ ਜੇ ਲਾਰਿਆਂ ਅਤੇ ਲਾਲਚਾਂ ਦੀ ਹਵਾ ’ਤੇ ਸਵਾਰ ਹੋ ਜਾਵੇ ਤਾਂ ਉਸ ਅੰਦਰਲਾ ਬੁੱਧੀਜੀਵੀ ਉਸ ਦੇ ਜ਼ਿਹਨ/ਜਿਸਮ ’ਚੋਂ ਫੰਗ ਲਾ ਕੇ ਉਡ ਜਾਵੇਗਾ। ਅਜਿਹੇ ਬੁੱਧੀਜੀਵੀਆਂ ਦੀ ਘਾਟ ਨਹੀਂ ਜਿਨ੍ਹਾਂ ਨੂੰ ਨ੍ਹੇਰ ਸਵੇਰ ਸਮਾਜ ਵਿਚ ਨਿੱਘਰਦਿਆਂ ਦੇਖਿਆ ਜਾ ਸਕਦਾ ਹੈ।
-----
ਚੋਣਾਂ ਤੇ ਸਾਹਿਤਕਾਰ
ਲੋਕਤੰਤਰ ਦਾ ਅਸਰ ਲੇਖਕਾਂ ’ਤੇ ਵੀ ਹੈ ਜਿਹੜੇ ਆਪਣੇ ਆਪ ਨੂੰ ਕਿਸੇ ਬੁੱਧੀਜੀਵੀ ਦੇ ਲਕਬ ਤੋਂ ਘੱਟ ਨਹੀਂ ਸਮਝਦੇ। ਜਮਹੂਰੀਅਤ ਕਾਰਨ ਹੀ ਲੇਖਕ-ਵਰਗ ਚੋਣਾਂ ਦੇ ਉਸ ਲੰਮੇ ਸਿਲਸਿਲੇ ਵਿਚ ਘਿਰ ਕੇ ਰਹਿ ਗਿਆ ਜਿਸ ਦੇ ਨਤੀਜੇ ਬਹੁਤੇ ਚੰਗੇ ਨਹੀਂ ਨਿਕਲਦੇ। ਚੋਣਾਂ ਸਮੇਂ ਅੱਠ ਦਸ ਦਿਨ ਏਨੀ ਤੇਜ਼ ਸਰਗਰਮੀ ਰਹਿੰਦੀ ਹੈ ਕਿ ਕੋਈ ਵੱਡਾ ਮੋਰਚਾ ਸਰ ਕਰ ਲਿਆ ਜਾਵੇਗਾ ਪਰ ਜਿੱਤਣ ਬਾਅਦ ਜੇਤੂ ਟੀਮ ਤਾਨਾਸ਼ਾਹ ਜਹੀ ਬਣਕੇ ਮਨਮਰਜ਼ੀ ਕਰਨ ਤੋਂ ਗੁਰੇਜ਼ ਨਹੀਂ ਕਰਦੀ।
-----
ਲੇਖਕਾਂ ਵਿਚ ਅਗਾਂਹਵਧੂ ਅਤੇ ਪਿਛਾਂਹਖਿਚੂ ਸ਼ਬਦ ਵੀ ਪ੍ਰਚੱਲਿਤ ਹਨ ਪਰ ਇਹ ਵੀ ਫੱਟੇ ਤੋਂ ਘੱਟ ਨਹੀਂ ਵਰਤੇ ਜਾ ਰਹੇ। ਆਪਣੀ ਰਚਨਾ ਵਿਚ ਹੋਣ ਨਾ ਹੋਣ ਪਰ ਮੱਥੇ ’ਤੇ ਅਗਾਂਵਵਧੂ ਦੀ ਵਰਤੋਂ ਇਵੇਂ ਕਰਦੇ ਹਨ ਜਿਵੇਂ ਮੰਤਰੀ ਸੰਤਰੀ ਤੇ ਨੇਤਾ ਲਾਲ ਬੱਤੀਆਂ ਤੇ ਨੀਲੀਆਂ ਬੱਤੀਆਂ ਦੀ ਨਾਜਾਇਜ਼ ਵਰਤੋਂ ਕਰਨ ਤੋਂ ਨਹੀਂ ਹਟਦੇ। ਆਪਣੇ ਨਾਲ ਪਿਛਾਂਹਖਿਚੂ ਸ਼ਬਦ ਲਾਉਣ ਲਈ ਕੋਈ ਲੇਖਕ ਤਿਆਰ ਨਹੀਂ ਹੁੰਦਾ।
-----
ਲੇਖਕ ਚੋਣਾਂ ਜੰਮ ਜੰਮ ਲੜਨ ਜਿੱਤਣ ਬਾਅਦ ਜੇਤੂ ਟੋਲੀ ਵਾਅਦੇ ਜਰੂਰ ਪੂਰੇ ਕਰੇ ਤਾਂ ਕਿ ਕੰਮ ਪੂਰਾ ਹੁੰਦਾ ਦਿਸੇ। ਇਹ ਵੀ ਕਿ ਟੋਲੀ ਸਿਰਫ਼ ਝੂਠ ਬੋਲ ਕੇ ਨਹੀਂ ਜਿੱਤੀ ਸਗੋਂ ਸੱਚੇ ਮਸਲੇ ਸਭ ਦੇ ਸਾਹਮਣੇ ਰੱਖ ਕੇ ਜਿੱਤੀ ਹੈ ਜਿਨ੍ਹਾਂ ਨੂੰ ਪੂਰੇ ਕੀਤੇ ਬਗੈਰ ਟੋਲੀ ਦੇ ਹਰ ਮੈਂਬਰ ਨੂੰ ਸਾਹ ਨਹੀਂ ਲੈਣਾ ਚਾਹੀਦਾ।
-----
ਉਂਜ ਏਦਾਂ ਹੁੰਦਾ ਨਹੀਂ। ਪੰਜਾਬੀ ਸਾਹਿਤ ਅਕਾਦਮੀ ਦੀ ਦੋ ਸਾਲ ਪਹਿਲਾਂ ਚੋਣ ਹੋਈ। ਬੜੀ ਚਹਿਲ-ਪਹਿਲ। ਜਿਹੜੇ ਜਿੱਤੇ ਉਨ੍ਹਾਂ ਨੂੰ ਹਾਰ ਪਏ, ਦੂਜੇ ਹਾਰ ਗਏ। ਪਰ ਜਿੱਤਿਆਂ ਨੇ ਇਨ੍ਹਾਂ ਸਤਰਾਂ ਦੇ ਲੇਖਕ ਨੂੰ ਦੋ ਸਾਲਾਂ ਦੌਰਾਨ ਇਕ ਵੀ ਚਿੱਠੀ ਨਹੀਂ ਪਾਈ, ਕਿਸੇ ਸਮਾਗਮ ’ਤੇ ਨਹੀਂ ਸੱਦਿਆ। ਇੰਝ ਜਿੱਤੀ ਟੋਲੀ ਹਾਰੀ ਹੋਈ ਲੱਗੀ। ਕੋਈ ਨਹੀਂ ਇਕ-ਅੱਧੇ ਮੈਂਬਰ ਦਾ ਭਲਾਂ ਕੀ ਹੁੰਦਾ, ਚੋਣਾਂ ਆਈਆਂ ਚੋਣਾਂ ਲੜੋ, ਚੋਣਾਂ ਹਾਰੋ ਤੇ ਚੋਣਾਂ ਜਿੱਤੋ।
-----
ਲਤੀਫ਼ੇ ਦਾ ਚਿਹਰਾ –ਮੋਹਰਾ
ਟੋਪੀਆਂ ਵੇਚਣ ਵਾਲੇ ਦੀ ਅੱਖ ਲੱਗੀ ਤਾਂ ਬਾਂਦਰ ਆਏ ਤੇ ਟੋਪੀਆਂ ਲੇ ਕੇ ਦਰੱਖ਼ਤ ’ਤੇ ਜਾ ਚੜ੍ਹੇ। ਵੇਚਣ ਵਾਲੇ ਨੇ ਦਾਦੇ ਦੀ ਸੁਣਾਈ ਕਹਾਣੀ ਮੁਤਾਬਕ ਸਿਰ ਦੀ ਟੋਪੀ ਲਾਹ ਕੇ ਪਰ੍ਹੇ ਸੁੱਟ ਦਿੱਤੀ ਤਾਂ ਇਕ ਬਾਂਦਰ ਉਹ ਵੀ ਚੁੱਕ ਕੇ ਲੈ ਗਿਆ ਅਤੇ ਟੋਪੀਆਂ ਵੇਚਣ ਵਾਲੇ ਨੂੰ ਠੋਕ ਵਜਾ ਕੇ ਇਹ ਵੀ ਕਹਿ ਗਿਆ , “ਸਾਡਾ ਦਾਦਾ ਕਿਹੜਾ ਸਾਨੂੰ ਕਹਾਣੀ ਨਹੀਂ ਸੁਣਾ ਗਿਆ।”
No comments:
Post a Comment