ਸਵੈ-ਜੀਵਨੀ - ਕਿਸ਼ਤ - 21
ਲੜੀ ਜੋੜਨ ਲਈ ਕਿਸ਼ਤ – 20 ਪੜ੍ਹੋ ਜੀ।
ਮੈਂ ਗੋਇਲ ਨੂੰ ਕਿਹਾ ਕਿ ਮੈਂ ਟੀਚਰ ਨਹੀਂ ਲੱਗਣਾ ਚਹੁੰਦਾ। ਅਜੇ ਤਾਂ ਮੇਰੀ ਉਮਰ ਈ ਬਹੁਤ ਛੋਟੀ ਹੈ। ਮੈਂ ਤਾਂ ਨਵੰਬਰ ਵਿਚ 16 ਸਾਲਾਂ ਦਾ ਹੋਵਾਂਗਾ। ਮੈਂ ਦਸਵੀਂ ਪਾਸ ਕਰ ਕੇ ਕਾਲਜ ਦਾਖਲ ਹੋਊਂਗਾ ਤੇ ਬੀ. ਏ. ਤੇ ਫਿਰ ਐਮ. ਏ. ਕਰ ਕੇ ਕਿਸੇ ਵੱਡੀ ਨੌਕਰੀ ਤੇ ਅਫਸਰ ਲੱਗੂੰਗਾ। ਹੋ ਸਕਦਾ ਹੈ ਕਿ ਮੈਂ ਵਲਾਇਤ ਪਾਸ ਕਰਨ ਲਈ ਇੰਗਲੈਂਡ ਚਲਾ ਜਾਵਾਂ ਕਿਓਂਕਿ ਮੇਰੇ ਬਾਪੂ ਦਾ ਸੁਪਨਾ ਮੈਨੂੰ ਵਲਾਇਤ ਪਾਸ ਕਰਾਉਣਾ ਹੈ। ਸਿਆਲ਼ਾਂ ਵਿਚ ਬਾਪੂ ਨਰਮੇ ਦਾ ਟਰੱਕ ਫਾਜ਼ਿਲਕਾ ਦੀ ਮੰਡੀ ਜਾ ਕੇ ਵੇਚ ਆਇਆ ਸੀ ਤੇ ਹੁਣ ਬਾਪੂ ਕੋਲ ਪੈਸੇ ਸਨ ਜੋ ਉਹਨੇ ਮੰਡੀ ਗੁਰੂ ਹਰ ਸਹਾਏ ਆੜ੍ਹਤੀਆਂ ਕੋਲ਼ ਰੱਖ ਦਿਤੇ ਸਨ। ਓਦੋਂ ਬੈਂਕਾਂ ਵਿਚ ਪੈਸੇ ਜਮ੍ਹਾਂ ਕਰਵਾਉਣ ਦਾ ਰਿਵਾਜ਼ ਨਹੀਂ ਸੀ। ਬੈਂਕ ਵੀ ਬਹੁਤ ਘੱਟ ਸਨ। ਜ਼ਿਮੀਂਦਾਰ ਪੈਸੇ ਆਪਣੇ ਆੜ੍ਹਤੀਆਂ ਕੋਲ ਹੀ ਰੱਖਦੇ ਸਨ ਜਾਂ ਡਾਕਖਾਨੇ ਵਿਚ ਜਮ੍ਹਾਂ ਕਰਵਾ ਦੇਂਦੇ ਸਨ। ਪਿੰਡ ਦੇ ਲਾਗੇ ਕੋਈ ਡਾਕਖਾਨਾ ਵੀ ਨਹੀਂ ਸੀ। ਜੇ ਮਮਦੋਟ ਜਾਂ ਮੰਡੀ ਗੁਰੂ ਹਰ ਸਹਾਏ ਵਿਚ ਡਾਕਖਾਨਾ ਸੀ ਤਾਂ ਓਥੇ ਬਹੁਤੀ ਰਕਮ ਜਮ੍ਹਾਂ ਕਰਾਉਣੀ ਜਾਂ ਕਢਾਉਣੀ ਵੀ ਔਖੀ ਸੀ। ਵੱਡਾ ਡਾਕਖਾਨਾ ਫਿਰੋਜ਼ਪੁਰ ਸ਼ਹਿਰ ਵਿਚ ਹੀ ਸੀ ਤੇ ਓਸ ਨੂੰ ਡਾਕਖਾਨੇ ਵਾਲੀ ਗਲ਼ੀ ਹੀ ਕਿਹਾ ਜਾਂਦਾ ਸੀ। ਇਸ ਡਾਕਖਾਨੇ ਵਿਚੋਂ ਹੀ ਸਾਡੇ ਪਿੰਡਾਂ ਦੀ ਡਾਕ ਪਹਿਲਾਂ ਮਮਦੋਟ ਜਾਂਦੀ ਸੀ ਤੇ ਓਥੋਂ ਡਾਕੀਆ ਮਹੀਨੇ ਵਿਚ ਦੋ ਚਾਰ ਵਾਰ ਆ ਕੇ ਚਿੱਠੀਆਂ ਵੰਡ ਦੇਂਦਾ ਸੀ। ਉਸ ਵੇਲੇ ਚਿੱਠੀ ਆਉਣ ਦੀ ਅਹਿਮੀਅਤ ਵੀ ਬੜੀ ਹੁੰਦੀ ਸੀ। ਸੰਚਾਰ ਸਾਧਨ ਚਿੱਠੀਆਂ ਤੋਂ ਬਗੈਰ ਕੋਈ ਨਹੀਂ ਸੀ। ਟੈਲੀਫੋਨ ਤਾਂ ਬਹੁਤ ਹੀ ਘੱਟ ਸਨ। ਇਸ ਤੋਂ ਕੁਝ ਸਮਾਂ ਪਹਿਲਾਂ ਲੋਕ ਮੇਲੇ ਮੁਸਾਹਬਿਆਂ ਤੇ ਮਿਲ ਕੇ ਇਕ ਦੂਜੇ ਨੂੰ ਸੁੱਖ ਸੁਨੇਹੇ ਸਾਂਝੇ ਕਰਿਆ ਕਰਦੇ ਸਨ ਜਾਂ ਗੰਢਾਂ ਭੇਜਣ ਦਾ ਰਿਵਾਜ਼ ਸੀ।
-----
ਬਾਕੀ ਅਸੀਂ ਹੁਣ ਇਹ ਮਹਿਤਾ ਪਿੰਡ ਛੱਡ ਚੁੱਕੇ ਹਾਂ ਤੇ ਮੈਂ ਇਥੇ ਹੁਣ ਇਕੱਲਾ ਨਹੀਂ ਰਹਿਣਾ ਚਹੁੰਦਾ। ਮਾਸਟਰ ਗੋਇਲ ਨੇ ਮਖੌਲ ਕੀਤਾ ਕਿ ਤੂੰ ਇਕੱਲਾ ਕਿੱਥੇ ਹੈਂ। ਇਸ ਪਿੰਡ ਦੀ ਸਭ ਤੋਂ ਸੋਹਣੀ ਕਬੂਤਰੀ ਵੀ ਤਾਂ ਤੇਰੇ ਨਾਲ਼ ਹੈ ਜਿਸਦੇ ਹੱਥ ਦਾ ਕੱਢਿਆ ਰੁਮਾਲ ਜੇਬ ਵਿਚ ਪਾਈਂ ਫਿਰਦਾ ਏਂ। ਮੈਨੂੰ ਗੋਇਲ ਦਾ ਮਖੌਲ ਬਹੁਤਾ ਚੰਗਾ ਨਾ ਲੱਗਾ। ਮੈਂ ਗੰਭੀਰ ਚਿੱਤ ਸੋਚਣ ਵਾਲਾ ਮੁੰਡਾ ਸਾਂ ਤੇ ਮਸਖ਼ਰੀਆਂ ਮੈਨੂੰ ਚੰਗੀਆਂ ਨਹੀਂ ਲਗਦੀਆਂ ਸਨ। ਮੈਂ ਤੇ ਅਮਰਨਾਥ ਸਿੰਗਲੇ ਨੇ ਓਸ ਦਿਨ ਦੀ ਆਥਣ ਨੂੰ ਮਹਿਕ ਦੇ ਘਰ ਜਾਣ ਦਾ ਪਰੋਗਰਾਮ ਬਣਾ ਲਿਆ ਕਿਉਂਕਿ ਅਗਲੇ ਦਿਨ ਮੈਂ ਬਠਿੰਡੇ ਜਾ ਕੇ ਫਿਰੋਜ਼ਪੁਰ ਦੀ ਗੱਡੀ ਪਕੜ ਲੈਣੀ ਸੀ। ਸਿੰਗਲੇ ਨੇ ਬਠਿੰਡੇ ਤੱਕ ਮੇਰੇ ਨਾਲ਼ ਜਾਣਾ ਸੀ। ਅਸੀਂ ਮਹਿਕ ਦੇ ਘਰ ਓਸ ਵੇਲੇ ਜਾਣਾ ਚਹੁੰਦੇ ਸਾਂ ਜਦੋਂ ਉਸਦਾ ਪਿਓ ਚੰਨਣ ਸਿੰਘ ਘਰ ਨਾ ਹੋਵੇ। ਇਸ ਦਾ ਪਤਾ ਮਾਸਟਰ ਗੋਇਲ ਨੇ ਮਹਿਕ ਦੇ ਛੋਟੇ ਭਰਾ ਮਹਿੰਗੇ ਤੋਂ ਲੈ ਦਿਤਾ ਸੀ ਕਿ ਉਹਦਾ ਪਿਓ ਚੰਨਣ ਸਿੰਘ ਬਠਿੰਡੇ ਗਿਆ ਹੋਇਆ ਸੀ। ਮਹਿੰਗਾ ਉਹਦੇ ਕੋਲ਼ ਸਕੂਲ ਵਿਚ ਪੜ੍ਹਦਾ ਸੀ। ਸ਼ਾਮੀਂ ਜਦੋਂ ਮੈਂ ਤੇ ਸਿੰਗਲਾ ਉਹਦੇ ਘਰ ਗਏ ਤਾਂ ਗੋਇਲ ਵੀ ਸਾਡੇ ਨਾਲ ਈ ਚੱਲ ਪਿਆ। ਮਹਿਕ ਮੰਜੇ ਤੇ ਬੈਠੀ ਇਕ ਚਾਦਰ ‘ਤੇ ਬੂਟੀਆਂ ਪਾ ਰਹੀ ਸੀ। ਚਾਚੀ ਲਾਗੇ ਪੀੜ੍ਹੀ ਤੇ ਬੈਠੀ ਚਰਖਾ ਕੱਤ ਰਹੀ ਸੀ। ਮੇਂ ਮਹਿਕ ਵੱਲ ਵੇਖਿਆ ਪਰ ਓਸ ਮੇਰੇ ਵੱਲ ਨਹੀਂ ਵੇਖਿਆ ਤੇ ਸਦਾ ਵਾਂਗ ਨੀਵੀਂ ਪਾ ਕੇ ਬੂਟੀਆਂ ਪਾਉਂਦੀ ਰਹੀ। ਮੈਂ ਚਾਚੀ ਦੇ ਪੈਰੀਂ ਹੱਥ ਲਾਇਆ ਤੇ ਓਸ ਮੈਨੂੰ ‘ਜੀਂਦਾ ਰਹੇਂ ਜਵਾਨੀਆਂ ਮਾਣੇ’ ਦੀ ਅਸ਼ੀਰਵਾਦ ਦਿੱਤੀ ਤੇ ਪੁੱਛਿਆ ਕਿ ਮੇਰੇ ਦਸਵੀਂ ਦੇ ਪਰਚੇ ਕਿਹੋ ਜਿਹੇ ਹੋ ਗਏ ਸਨ। ਮੈਂ ਕਿਹਾ ਕਿ ਪਰਚੇ ਚੰਗੇ ਹੋ ਗਏ ਹਨ ਤੇ ਇਸ ਵਾਰ ਮੈਂ ਜ਼ਰੂਰ ਪਾਸ ਹੋ ਜਾਵਾਂਗਾ। ਫਿਰ ਅੱਗੇ ਪੜ੍ਹਨ ਲਈ ਫਿਰੋਜ਼ਪੁਰ ਕਾਲਜ ਵਿਚ ਦਾਖਲ ਹੋ ਜਾਵਾਂਗਾ।
-----
ਉਸਨੇ ਮਹਿਕ ਨੂੰ ਚੁਲ੍ਹੇ ਤੇ ਚਾਹ ਰੱਖਣ ਲਈ ਕਿਹਾ ਪਰ ਉਹ ਮੰਜੇ ਤੋਂ ਨਾ ਉੱਠੀ। ਚਾਚੀ ਨੇ ਉੱਠ ਕੇ ਚੁੱਲ੍ਹੇ ਵਿਚ ਅੱਗ ਬਾਲ਼ੀ ਤੇ ਪਾਣੀ ਦਾ ਪਤੀਲੀ ਚੁੱਲ੍ਹੇ ਉਤੇ ਰੱਖ ਦਿੱਤੀ। ਅਸੀਂ ਲਾਗੇ ਪਏ ਮੰਜੇ ਤੇ ਬੈਠ ਗਏ। ਚਾਹ ਰੱਖ ਕੇ ਚਾਚੀ ਫਿਰ ਪੀੜ੍ਹੀ ਤੇ ਆ ਬੈਠੀ ਤੇ ਕਹਿਣ ਲੱਗੀ, “ਮਹਿਕ ਦਾ ਬਾਪੂ ਇਹਦਾ ਵਿਆਹ 15 ਹਾੜ੍ਹ ਦਾ ਪੱਕਾ ਕਰ ਆਇਆ ਏ ਤੇ ਹੁਣ ਟੂਮ ਛੱਲਾ ਬਣਵਾਉਣ ਬਠਿੰਡੇ ਗਿਆ ਹੋਇਆ ਆ। ਪ੍ਰਾਹੁਣੇ ਨੂੰ ਕੰਠਾ ਵੀ ਪਾਵਾਂਗੇ। ਆਪਣੀ ਮਾਂ ਤੇ ਬਾਪੂ ਨੂੰ ਕਹੀਂ ਕਿ ਵਿਆਹ ਤੇ ਜ਼ਰੂਰ ਆਉਣ ਤੇ ਤੂੰ ਵੀ ਜ਼ਰੂਰ ਆਈਂ”। ਤੁਸੀਂ ਏਥੇ ਨਾਲ ਰਹਿੰਦੇ ਸੀ ਤੇ ਵਕਤ ਬਹੁਤ ਸੋਹਣਾ ਲੰਘ ਗਿਆ। ਹੁਣ ਤੁਹਾਡੇ ਵਾਲੇ ਪਾਸੇ ਲਾਹੌਰੀਏ ਆ ਗਏ ਹਨ ਤੇ ਸਾਡੀ ਹਾਲੇ ਤਕ ਉਹਨਾਂ ਨਾਲ ਸਾਡੀ ਜ਼ਬਾਨ ਸਾਂਝੀ ਨਹੀਂ ਹੋਈ। ਵਡੇ ਅਲਾਟੀ ਆ ਤੇ ਸਾਡੇ ਪਾਸੇ ਵਾਲਾ ਘਰ ਵੀ ਉਹਨਾਂ ਨੂੰ ਅਲਾਟ ਹੋ ਗਿਆ ਏ। ਛੇਤੀ ਘਰ ਖ਼ਾਲੀ ਕਰਨ ਲਈ ਕਹਿੰਦੇ ਹਨ”। ਜਦੋਂ ਚਾਚੀ ਨੇ 15 ਹਾੜ੍ਹ ਦੀ ਗੱਲ ਕੀਤੀ ਤਾਂ ਮਹਿਕ ਨੇ ਬੂਟੀਆਂ ਕੱਢਣੀਆਂ ਛੱਡ ਦਿਤੀਆਂ ਤੇ ਮੰਜੇ ਤੇ ਲੰਮੀ ਪੈ ਗਈ ਤੇ ਮੂੰਹ ਸਿਰ ਤੇ ਸਾਰਾ ਤਨ ਬਦਨ ਖੇਸ ਵਿਚ ਲਪੇਟ ਲਿਆ। ਕੁਝ ਚਿਰ ਬਾਅਦ ਉਹਦੇ ਹੌਲ਼ੀ ਹੌਲ਼ੀ ਰੋਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ।
-----
ਏਨੇ ਵਿਚ ਚਾਚੀ ਬਾਟੀਆਂ ਵਿਚ ਸਾਡੇ ਲਈ ਚਾਹ ਪਾ ਕੇ ਲੈ ਆਈ ਜੋ ਅਸੀਂ ਫੂਕਾਂ ਮਾਰ ਮਾਰ ਕੇ ਪੀਣ ਲੱਗ ਪਏ। ਚਾਚੀ ਨੇ ਮਹਿਕ ਨੂੰ ਵੀ ਉਠ ਕੇ ਚਾਹ ਪੀਣ ਲਈ ਕਿਹਾ ਪਰ ਉਹ ਨਾ ਉੱਠੀ। ਚਾਚੀ ਦੱਸਣ ਲੱਗੀ ਕਿ ਜੰਞ ਇਕ ਰਾਤ ਰਹੂਗੀ ਤੇ ਮੁਕਲਾਵਾ ਅਸੀਂ ਮਹੀਨੇ ਬਾਅਦ ਤੋਰਾਂਗੇ। ਓਦੋਂ ਤਕ ਹੱਥ ਕੁਝ ਹੋਰ ਸੌਖਾ ਹੋ ਜੂਗਾ। ਮਹਿਕ ਦਾ ਰੋਣਾ ਬਦਸਤੂਰ ਜਾਰੀ ਰਿਹਾ। ਚਾਚੀ ਨੇ ਫਿਰ ਕਿਹਾ, “ਬਲਬੀਰ ਤੂੰ ਇਹਨੂੰ ਸਮਝਾ ਕਿ ਧੀਆਂ ਦਾ ਧੰਨ ਪਰਾਇਆ ਹੁੰਦਾ ਏ ਤੇ ਇਹਨਾਂ ਨੇ ਇਕ ਦਿਨ ਪਿਓ ਦਾ ਘਰ ਛੱਡ ਕੇ ਜਾਣਾ ਈ ਹੁੰਦਾ ਹੈ। ਬੱਸ ਸੁਖੀ ਵਸੇ, ਅਸੀਂ ਤਾਂ ਇਹੀ ਚਹੁੰਦੇ ਆਂ”। ਮੈਂ ਮਹਿਕ ਨੂੰ ਕੀ ਸਮਝਾ ਸਕਦਾ ਸਾਂ। ਮੇਰੀ ਆਪਣੀ ਅਜੇ ਸਮਝਾਉਣ ਦੀ ਉਮਰ ਕਿਥੇ ਸੀ। ਮੈਂ ਤਾਂ ਖ਼ੁਦ ਹੀ ਬੇਸਮਝ ਸਾਂ। ਮੈਂ ਤਾਂ ਆਪ ਹੀ ਭਟਕਿਆ ਹੋਇਆ ਸਾਂ। ਸਾਡੀ ਇਸ ਆਖਰੀ ਮੁਲਾਕਾਤ ਦੇ ਸਾਰੇ ਗਵਾਹ ਚੁੱਪ ਚਾਪ ਉਹਦੇ ਹੌਕਿਆਂ ਨੂੰ ਸੁਣ ਰਹੇ ਸਨ। ਚਾਚੀ ਦੀ ਦਲੀਲ ਵਿਚ ਕਿੰਨਾ ਵਜ਼ਨ ਸੀ ਕਿ ਧੀਆਂ ਧੰਨ ਪਰਾਇਆ ਤੇ ਇਹਨਾਂ ਦਾ ਕਾਹਦਾ ਮਾਣ। ਮਾਪਿਆਂ ਪਾਲ਼ੀਆਂ, ਪੋਸੀਆਂ, ਵੱਡੀਆਂ ਕੀਤੀਆਂ ਤੇ ਅਗਲੇ ਘਰ ਨੂੰ ਤੋਰ ਦਿਤੀਆਂ। ਅੰਦਰੋਂ ਜੀਅ ਤਾਂ ਕਰਦਾ ਸੀ ਕਿ ਮਹਿਕ ਨੂੰ ਅਸੀਸ ਦਵਾਂ ਤੇ ਕਹਾਂ ਕਿ ਆਰਾਮ ਨਾਲ ਵਿਆਹ ਕਰਵਾ ਕੇ ਸੁਖੀਂ ਵਸੀਂ। ਮੈਂ ਦੁਨੀਆਂ ਦੀ ਕਿਸੇ ਚੋਟੀ ਤੇ ਵੀ ਪਹੁੰਚ ਜਾਵਾਂ, ਤੈਨੂੰ ਕਦੇ ਨਹੀਂ ਭੁੱਲਾਂਗਾ। ਮੈਨੂੰ ਸਦਾ ਤੇਰਾ ਚੇਤਾ ਆਉਂਦਾ ਰਹਾਂਗਾ। ਪਰ ਇਹ ਸਭ ਗੱਲਾਂ ਮਨ ਦੀਆਂ ਮਨ ਵਿਚ ਹੀ ਹੋ ਰਹੀਆਂ ਸਨ। ਚੜ੍ਹਦੀ ਜਵਾਨੀ ਦੀ ਵਰੇਸ ਦੇ ਹਾਣੀ ਅਸੀਂ ਇਕ ਦੂਜੇ ਨੂੰ ਬਹੁਤ ਚੰਗੇ ਲੱਗਣ ਲੱਗ ਪਏ ਸਾਂ ਪਰ ਇਸਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਇਕ ਦੂਜੇ ਨਾਲ ਵਿਆਹ ਕਰਾਵਾਂਗੇ।
-----
ਮੈਂ ਉਠਿਆ, ਉਹਦੇ ਰੋਂਦੀ ਦੇ ਸਿਰ ਤੋਂ ਖੇਸ ਪਰ੍ਹਾਂ ਕੀਤਾ। ਉਹਨੇ ਆਪਣੇ ਦੋਹਾਂ ਹੱਥਾਂ ਨਾਲ ਆਪਣਾ ਹੌਕੇ ਲੈਂਦਾ ਮੂੰਹ ਢਕ ਲਿਆ। ਮੈਂ ਜੇਬ ਵਿਚੋਂ ਪੰਜ ਰੁਪਏ ਕੱਢੇ ਤੇ ਬਧੋ-ਬਧੀ ਉਹਦੇ ਹੱਥਾਂ ਵਿਚ ਫੜਾ ਦਿਤੇ। ਪੰਜ ਰੁਪਏ ਦਾ ਸਗਨ ਉਹਨਾਂ ਸਮਿਆਂ ਵਿਚ ਬੜੀ ਗੱਲ ਸਮਝਿਆ ਜਾਂਦਾ ਸੀ। ਅਕਸਰ ਲੋਕ ਇਕ ਜਾਂ ਦੋ ਰੁਪੈ ਸ਼ਗਨ ਪਾਉਂਦੇ ਸਨ। ਉਹ ਉੱਠ ਕੇ ਬੈਠ ਗਈ ਅਤੇ ਪੰਜ ਰੁਪਏ ਵਗਾਹ ਕੇ ਪਰ੍ਹਾਂ ਮਾਰੇ।
-----
“ਪੰਦਰਾਂ ਹਾੜ ਨੂੰ ਮੇਰੀ ਅਰਥੀ ਉੱਠੂਗੀ ਤੇ ਵੇਖ ਲੀਂ ਆ ਕੇ ਜੇ ਆ ਹੋਇਆ ਤਾਂ,” ਕੁਰਲਾਉਂਦੀ ਉੱਠ ਕੇ ਉਹ ਅੰਦਰ ਨੂੰ ਚਲੀ ਗਈ। 1947 ਤੋਂ 1951 ਦੇ ਅਤਿ ਲਾਚਾਰੀ ਤੇ ਗ਼ਰੀਬੀ ਦੇ ਦਿਨਾਂ ਵਿਚ ਕੱਚੇ ਕੋਠਿਆਂ ਵਿਚ ਰਹਿੰਦਿਆਂ ਸ਼ੁਰੂ ਤੇ ਅੰਤ ਹੋਈ ਖ਼ਾਮੋਸ਼ ਤੇ ਪਵਿੱਤਰ ਮੁਹੱਬਤ ਦੀ ਇਹ ਆਖਰੀ ਝਾਕੀ ਸੀ ਜਿਸਦੇ ਦੀ ਗਵਾਹੀ ਦੇ ਪਾਤਰ ਮੌਕੇ ‘ਤੇ ਮੌਜੂਦ ਸਨ। ਤਿੰਨਾਂ ਚਹੁੰ ਸਾਲਾਂ ਦੇ ਅਰਸੇ ਵਿਚ ਅਸੀਂ ਕਦੇ ਇਕ ਦੂਜੇ ਨਾਲ ਜ਼ਬਾਨ ਸਾਂਝੀ ਨਹੀਂ ਸੀ ਕੀਤੀ ਸੀ। ਪਹਿਲੇ ਕੁਝ ਸਾਲ ਤਾਂ ਵੈਸੇ ਹੀ ਬਚਪਨ ਦੀਆਂ ਬਾਹਾਂ ਦੀ ਗਲਵੱਕੜੀ ਵਿਚੋਂ ਨਿਕਲ਼ ਕੇ ਜਵਾਨੀ ਦੀਆਂ ਬਰੂਹਾਂ ਵਿਚ ਦਾਖਲ ਹੋਣ ਤੇ ਲੱਗ ਗਏ ਸਨ। ਉਚੇ ਲੰਮੇ ਕੱਦ ਦੀ ਲਗਰ ਵਰਗੀ ਮਲਵੈਣ ਦੀਆਂ ਮਸਤ ਨਸ਼ੀਲੀਆਂ ਮ੍ਰਿਗਨੈਣੀ ਅੱਖਾਂ, ਬੁੱਲ੍ਹੀਆਂ ਦੀਆਂ ਮਾਸੂਮ ਅਰਥ ਭਰਪੂਰ ਮੁਸਕਾਨਾਂ ਤੇ ਚਿੱਟੇ ਦੰਦਾਂ ਦੀ ਚਮਕ ਤੋਂ ਇਲਾਵਾ ਸਿਰਫ਼ ਖ਼ਾਮੋਸ਼ ਮੁਹੱਬਤ ਹੀ ਤੱਕੀ ਸੀ। ਪਹਿਲੀ ਵਾਰ ਮਹਿਕ ਦੇ ਮੂੰਹ ਵਿਚੋਂ ਨਿਕਲੇ ਇਹਨਾਂ ਦਰਦਨਾਕ ਬੋਲਾਂ ਨੇ ਮੇਰੇ ਕੰਨਾਂ ਵਿਚ ਸਿੱਕਾ ਘੋਲ ਕੇ ਪਾ ਦਿੱਤਾ ਸੀ। ਇਹ ਸਾਡੀ ਆਖਰੀ ਮਿਲਣੀ ਸੀ ਜਿਸ ਵਿਚ ਇਕ ਹਾਣ ਲੱਭਦੀ ਮੁਟਿਆਰ ਦਾ ਜ਼ਖ਼ਮੀ ਅੰਤਰੀਵ, ਵਿਲਕਦਾ ਚਿਹਰਾ ਤੇ ਜਿਸਮ ਵਿਹੜੇ ਚੋਂ ਉਠ ਕੇ ਕੱਚੇ ਕੋਠੇ ਅੰਦਰ ਗੁੰਮ ਹੋ ਗਿਆ ਸੀ। ਦਿਲ ਦਿਮਾਗ ਦੀਆਂ ਅਖਾਂ ਅਗੇ ਬੱਸ ਇਹ ਝਾਕੀ ਹੀ ਬਾਕੀ ਰਹਿ ਗਈ ਸੀ। ਇਹ ਝਾਕੀ ਵਿਚੋਂ ਮੇਰੀਆਂ ਕੁਝ ਰਚਨਾਵਾਂ ਜਿਵੇਂ “ਪ੍ਰੀਤ ਦੀ ਰੀਤ,” “ਅਸਾਂ ਬੇਕਦਰਾਂ ਨਾਲ ਲਾਈਆਂ” ਕਹਾਣੀਆਂ ਦੇ ਰੂਪ ਵਿਚ ਮੇਰੀਆਂ ਲੇਖਣੀਆਂ ਵਿਚੋਂ ਉੱਭਰੀਆਂ। ਚੜ੍ਹਦੀ ਜਵਾਨੀ ਦੇ ਸੂਹੇ ਗੁਲਾਬ ਪੀਲੇ ਪੈ ਗਏ ਸਨ। ਇਸ ਵਿਸ਼ੇ ਨੂੰ ਲੈ ਕੇ ਮੈਂ 1975 ਵਿਚ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ, ਸਹਿਤ ਅਤੇ ਸਭਿਆਚਾਰ ਵਿਭਾਗ ਵਿਚ ਲੈਕਚਰਰ ਸਾਂ, ਦੁਖਾਂਤ ਨਾਵਲ “ਪੀਲਾ ਗੁਲਾਬ” ਲਿਖਿਆ ਜਿਸ ਨੂੰ ਕਈ ਪਾਠਕਾਂ ਨੇ ਪੰਜਾਬੀ ਵਿਚ ਦੇਵਦਾਸ ਦਾ ਨਾਂ ਦਿੱਤਾ।
------
ਇਸ ਦਿਨ ਤੋਂ ਬਾਅਦ ਬਾਕੀ ਦੀ ਜ਼ਿੰਦਗੀ ਵਿਚ ਮੈਂ ਫਿਰ ਕਦੀ ਮਹਿਤੇ ਨਹੀਂ ਗਿਆ। ਅਸੀਂ ਮਹਿਕ ਦੇ ਘਰੋਂ ਉਠ ਕੇ ਅਮਰ ਨਾਥ ਸਿੰਗਲੇ ਦੇ ਘਰ ਆ ਗਏ। ਸਿੰਗਲੇ ਦੇ ਘਰ ਦੀ ਛੱਤ ਤੇ ਪਏ ਮੰਜਿਆਂ ਤੇ ਬਿਸਤਰੇ ਲੱਗੇ ਹੋਏ ਸਨ। ਰੋਟੀ ਪਾਣੀ ਖਾ ਪੀ ਕੇ ਅਸੀਂ ਛੱਤ ਤੇ ਚਲੇ ਗਏ। ਮਹਿਤੇ ਵਿਚ ਕੱਟੀ ਉਹ ਆਖਰੀ ਰਾਤ ਬੜੀ ਉਪਰਾਮ ਕਰਨ ਵਾਲੀ ਰਾਤ ਸੀ। ਅੱਖਾਂ ਮੀਚਦਾ ਸਾਂ ਤਾਂ ਨੀਂਦ ਨਹੀਂ ਆਉਂਦੀ ਸੀ। ਜੇ ਥੋੜ੍ਹੀ ਬਹੁਤ ਅੱਖ ਲਗਦੀ ਸੀ ਤਾਂ ਬੜੇ ਅਜੀਬ, ਮਾੜੇ ਤੇ ਡਰਾਉਣੇ ਸੁਪਨੇ ਆਉਂਦੇ ਸਨ। ਜਿਵੇਂ ਮਹਿਕ ਰਾਤ ਨੂੰ ਛੱਤ ਤੇ ਆ ਮੇਰੇ ਕੰਨਾਂ ਵਿਚ ਕਹਿ ਰਹੀ ਸੀ ਕਿ ਮੈਂ ਓਥੇ ਵਿਆਹ ਨਹੀਂ ਕਰਵਾਉਣਾ। ਪਰ ਇਹ ਤਾਂ ਸੁਪਨਾ ਹੀ ਸੀ। ਸੁਪਨਿਆਂ ਦਾ ਕੀ ਇਤਬਾਰ, ਜੋ ਜਾਗ ਖੁੱਲ੍ਹਦਿਆਂ ਹੀ ਟੁੱਟ ਜਾਂਦੇ ਹਨ। ਸਵੇਰੇ ਉੱਠ ਕੇ ਮੈਂ ਇਕ ਵਾਰ ਹਸਰਤ ਭਰੀਆਂ ਅੱਖਾਂ ਨਾਲ ਮਹਿਤੇ ਨੂੰ ਵੇਖਿਆ ਤੇ ਮੈਂ ਤੇ ਅਮਰ ਨਾਥ ਤੁਰ ਕੇ ਬਠਿੰਡੇ ਆ ਗਏ। ਕੁਝ ਚਿਰ ਅਸੀਂ ਬਠਿੰਡੇ ਦੀਆਂ ਗਲੀਆਂ ਵਿਚ ਘੁੰਮੇ। ਮੈਂ ਆਪਣਾ ਸਾਮਾਨ ਤੇ ਕਿਤਾਬਾਂ ਚੁੱਕੀਆਂ। ਅਮਰ ਨਾਥ ਮੈਨੂੰ ਸ਼ਾਮ ਨੂੰ ਫਿਰੋਜ਼ਪੁਰ ਜਾਣ ਵਾਲੀ ਗੱਡੀ ਵਿਚ ਚੜ੍ਹਾ ਗਿਆ ਤੇ ਚਿੱਠੀ ਪੱਤਰ ਲਿਖਦੇ ਰਹਿਣ ਦਾ ਵਾਇਦਾ ਕੀਤਾ। ਜਦੋਂ ਗੱਡੀ ਗੋਨਿਆਣਾ ਮੰਡੀ ਰੁਕੀ ਤਾਂ ਮੈਂ ਆਪਣੇ ਸਕੂਲ ਨੂੰ ਤੱਕਿਆ ਜਿਥੇ ਪਿਛਲੇ ਤਿੰਨ ਚਾਰ ਸਾਲ ਪੜ੍ਹਾਈ ਕੀਤੀ ਸੀ। ਹੁਣ ਤਾਂ ਪਾਸ ਹੋਣ ਤੇ ਬੱਸ ਏਥੇ ਸਰਟੀਫਿਕੇਟ ਲੈਣ ਹੀ ਆਉਣਾ ਸੀ। ਰਸਤੇ ਵਿਚ ਮੈਂ ਸਾਰੇ ਸਟੇਸ਼ਨ ਗਿਣਦਾ ਗਿਆ। ਫਿਰੋਜ਼ਪੁਰ ਛਾਉਣੀ ਦੇ ਰੇਲਵੇ ਸਟੇਸ਼ਨ ਉਤਰ ਕੇ ਮੈਂ ਸ਼ਹਿਰ ਨੂੰ ਜਾਂਦੇ ਇਕ ਟਾਂਗੇ ਵਿਚ ਬੈਠ ਗਿਆ ਜਿਸ ਮੈਨੂੰ ਮਹਿਰਿਆਂ ਵਾਲੀ ਬਸਤੀ ਲਾਹ ਦਿਤਾ।
-----
ਭਰਾ ਦਾ ਘਰ ਲੱਭਣ ਵਿਚ ਕੋਈ ਔਖ ਨਾ ਹੋਈ। ਛੋਟੀ ਜਹੀ ਭੀੜੀ ਗਲੀ ਵਿਚ ਸਜੇ ਪਾਸੇ ਭਰਾ ਕਿਰਾਏ ਦੇ ਦੋ ਮੰਜ਼ਲਾ ਮਕਾਨ ਲੈ ਕੇ ਰਹਿੰਦਾ ਸੀ। ਭਰਾ ਭਰਜਾਈ ਅਤੇ ਬੱਚੇ ਬੜੇ ਤਪਾਕ ਨਾਲ ਮਿਲੇ। ਭਰਾ ਦੇ ਪੰਜ ਬੱਚੇ ਸਨ। ਸਭ ਤੋਂ ਵਡੀ ਕੁੜੀ ਜਸਵਿੰਦਰ, ਫਿਰ ਕਾਕਾ ਅਮਰਜੀਤ, ਫਿਰ ਕੰਵਰਜੀਤ, ਕੁੱਕੀ ਤੇ ਪਰਮਜੀਤ ਸਨ। ਜਸਵਿੰਦਰ ਤੇ ਅਮਰਜੀਤ ਸਕੂਲ ਜਾਂਦੇ ਸਨ ਤੇ ਬਾਕੀ ਅਜੇ ਛੋਟੇ ਸਨ। ਪਰਮਜੀਤ ਜਿਸ ਨੂੰ ਪੰਮੀ ਕਹਿੰਦੇ ਸਨ, ਅਜੇ ਬੋਲਣ ਨਹੀਂ ਲੱਗਾ ਸੀ। ਸਾਰੇ ਬੱਚੇ ਮੇਰੇ ਨਾਲ ਰਚ ਮਿਚ ਗਏ ਤੇ ਮੈਂ ਕਈ ਦਿਨ ਓਥੇ ਰਿਹਾ। ਸ਼ਾਮੀਂ ਮੈਂ ਤੇ ਬੱਚੇ ਗੋਲ ਬਾਗ਼ ਦੀ ਸੈਰ ਕਰਨ ਲਈ ਚਲੇ ਜਾਂਦੇ। ਗੋਲ ਬਾਗ ਮਖੂ ਗੇਟ ਤੋਂ ਅੱਗੇ ਆਰ ਐਸ ਡੀ ਕਾਲਜ ਲੰਘ ਕੇ ਖੱਬੇ ਹੱਥ ਪੈਂਦਾ ਸੀ। ਇਸ ਦੇ ਨਾਲ ਲਗਦਾ ਇਕ ਹੋਰ ਬਾਗ਼ ਵੀ ਸੀ। ਇਕ ਬਾਗ ਮਖੂ ਗੇਟ ਲੰਘਦਿਆਂ ਖੱਬੇ ਹੱਥ ਵੀ ਪੈਂਦਾ ਸੀ। ਸ਼ਾਮਾਂ ਨੂੰ ਬਹੁਤ ਖ਼ੂਬਸੂਰਤ ਲੋਕ ਜਿਨ੍ਹਾਂ ਵਿਚ ਸੁਹਣੀਆਂ ਔਰਤਾਂ, ਕੁੜੀਆਂ, ਮੁੰਡੇ ਤੇ ਬੰਦੇ ਸ਼ਾਮਲ ਹੁੰਦੇ ਸਨ, ਸੁਹਣੇ ਕਪੜੇ ਪਾ ਕੇ ਇਹਨਾਂ ਬਾਗ਼ਾਂ ਵਿਚ ਸੈਰ ਕਰਨ ਆਉਂਦੇ ਸਨ। ਕਈ ਰੰਗਾਂ ਦੇ ਫੁੱਲ ਖਿੜੇ ਹੋਏ ਸਨ। ਗੁਲਾਬ ਦੇ ਫੁੱਲ ਮੈਨੂੰ ਬੜੇ ਪਿਆਰੇ ਤੇ ਖ਼ੂਬਸੂਰਤ ਲਗਦੇ। ਇਸ ਤਰ੍ਹਾਂ ਦਾ ਬਾਗ਼ ਪਾਕਿਸਤਾਨ ਵਿਚ ਵੱਡੀ ਨਹਿਰ ਦੇ ਕੰਢੇ ਤੇ ਪਕੇ ਡੱਲੇ ਦੇ ਡਾਕ ਬੰਗਲੇ ਵਿਚ ਵੀ ਸੀ। ਉਹ ਇਸ ਬਾਗ਼ ਦੇ ਮੁਕਾਬਲੇ ਵਿਚ ਬਹੁਤ ਵੱਡਾ ਸੀ। ਮੈਨੂੰ ਲਗਦਾ ਕਿ ਫਿਰੋਜ਼ਪੁਰ ਬਠਿੰਡੇ ਦੇ ਮੁਕਾਬਲੇ ਤੇ ਵਧੀਆ ਤੇ ਖ਼ੂਬਸੂਰਤ ਸ਼ਹਿਰ ਸੀ। ਏਥੇ ਪੀਣ ਵਾਲਾ ਪਾਣੀ ਕਾਫੀ ਉੱਚਾ ਸੀ। ਰੇਲ ਦੇ ਪੁਲ ਦੇ ਪਾਰ ਫਿਰੋਜ਼ਪੁਰ ਦੀ ਛਾਉਣੀ ਸੀ ਜੋ ਮੈਂ ਅਜੇ ਨਹੀਂ ਵੇਖੀ ਸੀ। ਭਰਾ ਦੱਸਦਾ ਕਿ ਓਥੇ ਮਾਲ ਰੋਡ ਤੇ ਵਡੇ ਵਡੇ ਅਫਸਰਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਕੋਠੀਆਂ ਸਨ ਜੋ ਕਈ ਕਈ ਏਕੜਾਂ ਵਿਚ ਬਣੀਆਂ ਹੋਈਆਂ ਸਨ।
-----
ਅੰਗਰੇਜ਼ਾਂ ਵੇਲੇ ਫਿਰੋਜ਼ਪੁਰ ਛਾਉਣੀ ਦੀ ਬੜੀ ਮਹੱਤਤਾ ਸੀ। ਇਥੇ ਇਕ ਜ਼ਮੀਨ ਦੋਜ਼ ਕਿਲਾ ਵੀ ਸੀ ਜੋ ਸ਼ਹਿਰ ਤੋਂ ਖਾਈ ਫੇਮੇ ਕੀ ਜਾਂਦੀ ਸੜਕ ਅਤੇ ਛਾਉਣੀ ਤੋਂ ਹੁਸੈਨੀ ਵਾਲੇ ਬਾਰਡਰ ਨੂੰ ਜਾਂਦੀ ਸੜਕ ਦੀ ਤਿਕੋਨੀ ਨੁੱਕਰ ਦੇ ਅੰਦਰ ਵਾਰ ਪੈਂਦਾ ਸੀ। ਮੇਰਾ ਜੀ ਕਰਦਾ ਕਿ ਜਿੰਨੀ ਜਲਦੀ ਹੋ ਸਕੇ, ਮੈਂ ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀ ਹਰ ਸੜਕ, ਹਰ ਗਲੀ ਦਾ ਵਾਕਿਫ਼ ਹੋ ਜਾਵਾਂ ਤੇ ਏਥੋਂ ਦੇ ਕਿੰਨੇ ਸਾਰੇ ਲੋਕ ਮੇਰੇ ਵਾਕਿਫ਼ ਹੋ ਜਾਣ। ਪਰ ਇਸ ਸਭ ਲਈ ਕਾਫੀ ਸਮੇਂ ਦੀ ਲੋੜ ਸੀ। ਹੀਰਾ ਮੰਡੀ ਅਤੇ ਲੂਣ ਮੰਡੀ ਕਿਓਂਕਿ ਮਹਿਰਿਆਂ ਵਾਲੀ ਬਸਤੀ ਦੇ ਨੇੜੇ ਪੈਂਦੀਆਂ ਸਨ, ਇਹਨਾਂ ਬਾਰੇ ਮੈਨੂੰ ਪਤਾ ਲੱਗ ਗਿਆ ਸੀ। ਫਿਰੋਜ਼ਪੁਰ ਦੇ ਲੋਕਾਂ ਅਤੇ ਬਠਿੰਡੇ ਦੇ ਲੋਕਾਂ ਦੀ ਬੋਲੀ ਅਤੇ ਪਹਿਰਾਵੇ ਵਿਚ ਬੜਾ ਫ਼ਰਕ ਸੀ। ਬਠਿੰਡੇ ਦੇ ਮੁਕਾਬਲੇ ਤੇ ਫਿਰੋਜ਼ਪੁਰ ਅਮੀਰ ਲਗਦਾ ਸੀ। ਹਫਤਾ ਕੁ ਮੈਂ ਫਿਰੋਜ਼ਪੁਰ ਰਿਹਾ ਤੇ ਫਿਰ ਇਕ ਦਿਨ ਬੱਸ ਤੇ ਚੜ੍ਹ ਕੇ ਗੁਦੜਢੰਡੀ ਆ ਗਿਆ। ਬੱਸ ਵਿਚ ਮੈਨੂੰ ਖੰਨਾ ਨਾਂ ਦਾ ਇਕ ਮੁੰਡਾ ਮਿਲ ਗਿਆ ਜੋ ਡੀ ਸੀ ਜੈਨ ਕਾਲਜ ਵਿਚ ਫਸਟ ਈਅਰ ਵਿਚ ਪੜ੍ਹਦਾ ਸੀ ਤੇ ਬੇਟੂ ਪਿੰਡ ਵਿਚ ਉਹਨਾਂ ਨੂੰ ਕਾਫੀ ਜ਼ਮੀਨ ਅਲਾਟ ਹੋਈ ਸੀ। ਬੱਸ ਵਿਚ ਹੀ ਉਹ ਮੇਰਾ ਦੋਸਤ ਬਣ ਗਿਆ ਤੇ ਕਹਿਣ ਲੱਗਾ ਕਿ ਤੂੰ ਸਾਡੇ ਡੀ ਸੀ ਜੈਨ ਕਾਲਜ ਵਿਚ ਹੀ ਦਾਖਲ ਹੋਈਂ, ਆਰ ਐਸ ਡੀ ਕਾਲਜ ਇਸ ਦੇ ਮੁਕਾਬਲੇ ਕੁਝ ਵੀ ਨਹੀਂ ਹੈ।
******
ਚਲਦਾ
1 comment:
Momi sahib, Bahut khoob. Kamal kar rahe ho... tuhadi lekhni da jadu tan pehlan hi mannia hoia hai. Jivni vich Katha ras da maza aagia hai.
Pl send me your address and phone number ji.
Regards
Tarlok
Post a Comment