ਸਵੈ-ਜੀਵਨੀ - ਕਿਸ਼ਤ - 22
ਲੜੀ ਜੋੜਨ ਲਈ ਕਿਸ਼ਤ – 22 ਪੜ੍ਹੋ ਜੀ।
*****
ਖੰਨੇ ਦਾ ਪਿੰਡ ਬੇਟੂ ਕਦੀਮ ਸੀ ਜਿਥੇ ਉਹਨਾਂ ਨੂੰ ਪਾਕਿਸਤਾਨ ਵਿਚ ਛੱਡੀ ਜ਼ਮੀਨ ਦੇ ਬਦਲੇ ਵਿਚ ਕਾਫੀ ਜ਼ਮੀਨ ਅਲਾਟ ਹੋਈ ਤੇ ਇਕ ਤਰ੍ਹਾਂ ਨਾਲ ਉਹ ਪਿੰਡ ਦੇ ਵੱਡੇ ਅਲਾਟੀ ਤੇ ਸ਼ਾਹ ਸਨ। ਬੇਟੂ ਕਦੀਮ ਪਿੰਡ ਅਲਫੂ ਕੇ ਦੇ ਅੱਡੇ ਤੋਂ ਨੇੜੇ ਪੈਂਦਾ ਸੀ। ਖੰਨੇ ਹੁਰਾਂ ਨੂੰ ਫ਼ਿਰੋਜ਼ਪੁਰ ਸ਼ਹਿਰ ਵਿਚ ਵੀ ਮਕਾਨ ਅਲਾਟ ਹੋਇਆ ਹੋਇਆ ਸੀ ਜਿਥੇ ਪਰਿਵਾਰ ਦੇ ਬਾਕੀ ਲੋਕ ਰਹਿੰਦੇ ਸਨ ਅਤੇ ਬੱਚੇ ਪੜ੍ਹਾਈ ਕਰਦੇ ਸਨ। ਉਹਦਾ ਅੱਧਾ ਪਰਿਵਾਰ ਪਿੰਡ ਵਿਚ ਵੀ ਰਹਿੰਦਾ ਸੀ ਅਤੇ ਖੇਤੀ ਬਾੜੀ ਦਾ ਕੰਮ ਕਰਵਾਉਂਦਾ ਸੀ। ਉਸ ਮੈਨੂੰ ਸ਼ਹਿਰ ਦਾ ਪਤਾ ਵੀ ਲਿਖ ਕੇ ਦੇ ਦਿੱਤਾ। ਉਨਾਂ ਸਮਿਆਂ ਵਿਚ ਕਾਲਜ ਪੜ੍ਹਨਾ ਬੜੀ ਵਡੀ ਗੱਲ ਸਮਝੀ ਜਾਂਦੀ ਸੀ। ਮੇਰੇ ਦਿਲ ਵਿਚ ਵੀ ਬੜਾ ਚਾਅ ਸੀ ਕਿ ਮੈਂ ਕਾਲਜ ਦਾਖਲ ਹੋਵਾਂਗਾ। ਨਵੇਂ ਨਵੇਂ ਦੋਸਤ ਬਣਨਗੇ ਅਤੇ ਨਵੇਂ ਲੋਕਾਂ ਨਾਲ ਵਾਹ ਪਵੇਗਾ। ਖੰਨਾ ਅਲਫੂ ਕੇ ਤੋਂ ਬੱਸ ਵਿਚੋਂ ਉਤਰ ਕੇ ਆਪਣੇ ਪਿੰਡ ਨੂੰ ਚਲਾ ਗਿਆ। ਬੜਾ ਤੇਜ਼ ਲੱਗ ਰਿਹਾ ਸੀ। ਕੱਪੜੇ ਵੀ ਪ੍ਰੈੱਸ ਕੀਤੇ ਹੋਏ ਪਾਏ ਹੋਏ ਸਨ ਕਿਓਂਕਿ ਕਾਲਜ ਵਿਚ ਪੜ੍ਹਦਾ ਸੀ।
-----
ਮੈਂ ਗੁਦੜ ਢੰਡੀ ਦੇ ਅਡੇ ਤੋਂ ਉੱਤਰ ਕੇ ਜਦ ਬੇਰੀਆਂ ਵਾਲੇ ਖੂਹ ਨੂੰ ਜਾ ਰਿਹਾ ਸਾਂ ਤਾਂ ਵੇਖਿਆ ਕਿ ਮੇਰੇ ਖੱਬੇ ਹੱਥ ਇਕ ਬੜੀ ਵੱਡੀ ਵੀਰਾਨ ਸਰਕਾਰੀ ਕੋਠੀ ਭਾਵ ਡਾਕ ਬੰਗਲਾ ਸੀ ਜੋ ਖ਼ਾਂਲੀ ਪਈ ਸੀ। ਪਤਾ ਨਹੀਂ ਕਿ ਇਹ ਨਹਿਰੀ ਮਹਿਕਮੇ ਦੀ ਸੀ ਜਾਂ ਨਵਾਬ ਮਮਦੋਟ ਦਾ ਇਸ ਇਲਾਕੇ ਵਿਚ ਫੇਰਾ ਮਾਰਨ ਵੇਲੇ ਰੁਕਣ ਦਾ ਅੱਡਾ ਸੀ। ਭਾਵੇਂ ਗੁੱਦੜ ਢੰਡੀ ਅਡੇ ਤੋਂ ਮਸਾਂ ਦਸ ਪੰਦਰਾਂ ਮਿੰਟ ਦਾ ਰਸਤਾ ਸੀ ਪਰ ਸੱਜੇ ਹੱਥ ਇਕ ਪੁਰਾਣੇ ਉੱਚੇ ਖਾਲ ਤੇ ਕਾਨੇ ਹੀ ਕਾਨੇ ਸਨ। ਇਹ ਸਭ ਟੱਪ ਕੇ ਅਤੇ ਗੁਦੜ ਢੰਡੀ ਵਿਚੋਂ ਲੰਘ ਕੇ ਖੂਹ ਨੂੰ ਜਾ ਰਿਹਾ ਸਾਂ ਤਾਂ ਸ਼ਾਦੀ ਲਾਲ ਮਿਲ ਪਿਆ ਜੋ ਪਿੰਡ ਵਿਚ ਹੱਟੀ ਕਰਦਾ ਸੀ ਤੇ ਪਿੰਡ ਦਾ ਪੁਰਾਣਾ ਵਸਨੀਕ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਉਹ ਫ਼ਿਰੋਜ਼ਪੁਰ ਟਾਂਗਾ ਵਹੁੰਦਾ ਹੁੰਦਾ ਸੀ ਤੇ ਉਸ ਨੂੰ ਇਸ ਇਲਾਕੇ ਬਾਰੇ ਬਹੁਤ ਜਾਣਕਾਰੀ ਸੀ। ਉਸ ਦੱਸਿਆ ਕਿ ਪਿੰਡ ਵਿਚ ਖੱਤਰੀਆਂ ਦੀਆਂ ਦੋ ਹੋਰ ਹੱਟੀਆਂ ਵੀ ਹਨ ਅਤੇ ਹੱਟੀਆਂ ਵਾਲੇ ਵੰਡ ਤੋਂ ਪਹਿਲਾਂ ਦੇ ਏਥੇ ਰਹਿੰਦੇ ਹਨ।
-----
ਉਸ ਹੋਰ ਦੱਸਿਆ ਕਿ ਪਿੰਡ ਦੇ ਵਡੇ ਅਲਾਟੀ ਬ੍ਰਾਹਮਣ ਹਨ ਜਿਨ੍ਹਾਂ ਨੂੰ ਸੈਂਕੜੇ ਏਕੜ ਜ਼ਮੀਨ ਅਲਾਟ ਹੋਈ ਹੈ ਅਤੇ ਵੱਡਾ ਬ੍ਰਾਹਮਣ ਪਿੰਡ ਦਾ ਲੰਬਰਦਾਰ ਹੈ। ਦੂਜਾ ਨੰਬਰਦਾਰ ਖੇਮ ਸਿੰਘ ਸੀ ਜੋ ਬਹੁਤ ਵੱਡਾ ਅਲਾਟੀ ਨਹੀਂ ਸੀ। ਇਕ ਜ਼ਿਲ੍ਹਾ ਮਿੰਟਗੁਮਨਰੀ ਵਿਚੋਂ ਆਇਆ ਤਖਾਣਾਂ ਦਾ ਪਰਿਵਾਰ ਸੀ ਤੇ ਉਹਨਾਂ ਨੂੰ ਵੀ ਗੁੱਦੜ ਢੰਡੀ ਪਿੰਡ ਵਿਚ ਚਾਲੀ ਏਕੜ ਜ਼ਮੀਨ ਅਲਾਟ ਹੋਈ ਸੀ ਪਰ ਉਹ ਵਾਹੀ ਨਹੀਂ ਕਰਦੇ ਸਨ ਤੇ ਤਖਾਣੇ ਲੁਹਾਰੇ ਕੰਮ ਦੀ ਪਿੰਡ ਦੀ ਸੇਪੀ ਕਰਦੇ ਸਨ। ਦਾਤੀਆਂ, ਰੰਬੇ, ਕਹੀਆਂ, ਫਾਲ਼ੇ ਆਦਿ ਤਿੱਖੇ ਕਰਦੇ ਸਨ। ਵੱਡਾ ਮਿਸਤਰੀ ਸੱਤਰਾਂ ਦਾ, ਅੱਗੇ ਉਹਦਾ ਮੁੰਡਾ ਪੰਜਾਹ ਤੋਂ ਉੱਤੇ ਤੇ ਅੱਗੇ ਉਹਦਾ 25 ਕੁ ਸਾਲ ਦਾ ਮੁੰਡਾ ਅਮਰ ਸਿੰਘ ਫਿਰੋਜ਼ਪੁਰ ਸ਼ਹਿਰ ਵਿਚ ਸਿਨਮੇ ਦੀਆਂ ਸਲਾਈਡਾਂ ਬਣਾਉਣ ਦਾ ਕੰਮ ਕਰਦਾ ਸੀ। ਮੁਲਕ ਦੀ ਵੰਡ ਤੋਂ ਪਹਿਲਾਂ ਦਾ ਮੈਟਰਿਕ ਪਾਸ ਸੀ।
-----
ਸ਼ਾਦੀ ਲਾਲ ਮੈਨੂੰ ਪੰਡਤ ਲੰਬਰਦਾਰ ਦੇ ਘਰ ਲੈ ਗਿਆ। ਦੋ ਕੋਠੇ ਕੱਚੇ ਪਰ ਵਿਹੜਾ ਬਹੁਤ ਖੁੱਲ੍ਹਾ। ਲੰਰਦਾਰ ਦਾ ਕੱਦ ਛੇ ਫੁੱਟ ਤੋਂ ਉੱਚਾ, ਚਿੱਟਾ ਕੁੜਤਾ ਤੇ ਚਿੱਟੀ ਧੋਤੀ ਬੰਨ੍ਹੀ ਹੋਈ। ਉਹਦੇ ਵੱਡੇ ਮੁੰਡੇ ਵੀ ਛੇ ਛੇ ਫੁਟ ਲੰਮੇ ਸਨ ਅਤੇ ਬਾਕੀ ਛੋਟੇ ਸਨ। ਲੰਬਰਦਾਰ ਨੇ ਮੈਨੂੰ ਸਿਰ ਤੇ ਪਿਆਰ ਦਿਤਾ। ਉਹ ਬਾਪੂ ਨੂੰ ਜਾਣਦਾ ਸੀ। ਘਰ ਚਾਹ ਧਰਨ ਲਈ ਕਿਹਾ ਪਰ ਖੂਹ ਤੇ ਜਲਦੀ ਜਾਣ ਲਈ ਕਹਿਣ ਤੇ ਚਾਹ ਰੁਕਵਾ ਦਿੱਤੀ। ਫਿਰ ਕਹਿਣ ਲੱਗਾ ਕਿ ਰੋਟੀ ਖਾ ਕੇ ਜਾਈਂ ਪਰ ਮੈਂ ਨਾਂਹ ਕਰ ਦਿਤੀ। ਸ਼ਾਦੀ ਲਾਲ ਮੈਨੂੰ ਕਾਨਿਆਂ ਵਿਚ ਪੈਂਦੀ ਡੰਡੀ ਤਕ ਛਡਣ ਆਇਆ ਤੇ ਦੱਸਣ ਲੱਗਾ ਕਿ ਪੰਡਤ ਨੰਬਰਦਾਰ ਪਿਛੋਂ ਬੜੇ ਰਈਸ ਸਨ ਤੇ ਨੰਬਰਦਾਰ ਰੋਜ਼ ਘਰ ਦੀ ਕੱਢੀ ਸ਼ਰਾਬ ਸਿਰਫ਼ ਆਪ ਈ ਨਹੀਂ ਪੀਂਦਾ, ਸਗੋਂ ਪਿੰਡ ਦੇ ਹੋਰਨਾਂ ਲੋਕਾਂ ਨੂੰ ਵੀ ਪਿਆਉਂਦਾ ਹੈ। ਪੁਲਸ ਵੀ ਇਸ ਨੂੰ ਕੁਝ ਨਹੀਂ ਕਹਿੰਦੀ ਕਿਓਂਕਿ ਜਦੋਂ ਕਿਤੇ ਥਾਣੇਦਾਰ ਪਿੰਡ ਆਉਂਦਾ ਹੈ ਤਾਂ ਪੁਲਸ ਵਾਲ਼ਿਆਂ ਦੀ ਰੋਟੀ ਨੰਬਰਦਾਰ ਦੇ ਘਰ ਹੀ ਪਕਦੀ ਹੈ। ਨੰਬਰਦਾਰ ਦੀ ਥਾਣੇ ਵਿਚ ਵੀ ਚਲਦੀ ਆ ਤੇ ਜਿਸ ਨੂੰ ਛੁਡਾਣਾ ਚਾਹੇ, ਪੁਲਸ ਛਡ ਦਿੰਦੀ ਆ। ਗੁੱਦੜ ਢੰਡੀ ਪਿੰਡ ਦਾ ਇਹ ਸਾਰਾ ਨਕਸ਼ਾ ਲੈ ਕੈ ਮੈਂ ਬੇਰੀਆਂ ਵਾਲੇ ਖੂਹ ਤੇ ਪਹੁੰਚ ਗਿਆ। ਸਾਰੇ ਪਰਿਵਾਰ ਨੂੰ ਪਹਿਲੀ ਵਾਰ ਖੂਹ ਤੇ ਵੇਖ ਰਿਹਾ ਸਾਂ। ਮਾਂ ਬੜੀ ਖ਼ੁਸ਼ ਸੀ ਕਿ ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਨਵੀਂ ਅਲਾਟ ਹੋਈ ਜ਼ਮੀਨ ਭਾਵ ਬੇਰੀਆਂ ਵਾਲੇ ਖੂਹ ਤੇ ਆ ਗਿਆ ਸਾਂ।
-----
ਬੇਰੀਆਂ ਵਾਲੇ ਖੂਹ ਤੇ ਪੁਜਣ ਦੇ ਹੋਰ ਵੀ ਕਈ ਰਾਹ ਸਨ ਜਿਵੇਂ ਇਕ ਤਾਂ ਸੀ ਗੁਦੜਢੰਡੀ ਪਿੰਡ ਦੇ ਅੱਡੇ ਤੋਂ ਉੱਤਰ ਕੇ ਪਿੰਡ ਪਾਰ ਕਰ ਕੇ ਕਾਨਿਆਂ ਤੇ ਸੜਕੜੇ ਦੇ ਸੰਘਣੇ ਜੰਗਲਾਂ ਵਿਚ ਬਣੀਆਂ ਡੰਡੀਆਂ ਵਿਚੋਂ ਲੰਘ ਕੇ ਜਾਣਾ। ਇਹ ਕਈ ਡੰਡੀਆਂ ਸਨ ਜੋ ਵੱਖ ਵੱਖ ਖੂਹਾਂ ਤੇ ਲੈ ਜਾਂਦੀਆਂ ਸਨ ਜਿਵੇਂ ਇਕ ਡੰਡੀ ਸਰਵਣ ਰਾਏ ਸਿੱਖ ਦੇ ਖੂਹ ਅਤੇ ਝੁੱਗੀਆਂ ਤੇ ਲੈ ਜਾਂਦੀ ਸੀ। ਇਕ ਡੰਡੀ ਬਸਤੀ ਟਰਿਡਿਆਂ ਵਾਲੀ ਲੈ ਜਾਂਦੀ ਸੀ। ਇਕ ਡੰਡੀ ਇਕ ਹੋਰ ਖੂਹ ਤੇ ਲੈ ਜਾਂਦੀ ਸੀ ਜਿਥੇ ਰਾਏ ਸਿੱਖਾਂ ਦੀਆਂ ਕਈ ਝੁੱਗੀਆਂ ਸਨ ਜਿਨ੍ਹਾਂ ਵਿਚ ਉਹ ਰਹਿੰਦੇ ਸਨ ਤੇ ਜਿੱਥੇ ਰਾਏ ਸਿੱਖਾਂ ਦਾ ਇਕ ਬੜਾ ਅਜੀਬ ਜਿਹੀ ਕਿਸਮ ਦਾ ਇਕ ਝੁੱਗੀ ਵਿਚ ਗੁਰਦਵਾਰਾ ਜਿਹਾ ਬਣਿਆ ਹੋਇਆ ਸੀ। ਇਥੇ ਧੂਫ਼ ਤੇ ਸਰ੍ਹੋਂ ਦੇ ਤੇਲ ਦੇ ਦੀਵੇ ਜਗਦੇ ਤੇ ਉਹਨਾਂ ਦਾ ਧੂੰਆਂ ਨੱਕ ਨੂੰ ਚੜ੍ਹਦਾ। ਇਥੇ ਬੀੜ ਕੋਈ ਨਹੀਂ ਪਰ ਕੁਝ ਮਾਲਾਂ ਟੰਗੀਆਂ ਹੋਈਆਂ ਸਨ। ਇਕ ਵੱਡੀ ਉਮਰ ਦੀ ਜਨਾਨੀ ਏਥੇ ਸਿਰ ਮਾਰ ਕੇ ਖਿੰਡਾਉਂਦੀ ਅਤੇ ਭੂਤ ਪ੍ਰੇਤ ਕੱਢਦੀ ਸੀ। ਆਸੇ ਪਾਸੇ ਦੇ ਰਾਏ ਸਿੱਖ ਉਹਨੂੰ ਮੰਨਦੇ ਸਨ। ਮੈਂ ਵੀ ਇਕ ਦਿਨ ਆਪਣੀ ਮਾਂ ਨਾਲ ਉਹਦੇ ਦਰਸ਼ਨ ਕਰ ਆਇਆ ਸਾਂ ਤੇ ਮੈਨੂੰ ਵੇਖ ਕੇ ਉਸ ਨੇ ਮੇਰੀ ਮਾਂ ਨੂੰ ਕਿਹਾ ਸੀ ਕਿ ਤੇਰਾ ਪੁੱਤ ਇਕ ਦਿਨ ਬਹੁਤ ਵੱਡਾ ਅਫ਼ਸਰ ਬਣੂਗਾ।
----
ਪਾਕਿਸਤਾਨ ਦੇ ਜ਼ਿਲ੍ਹਾ ਮਿੰਟਗੁਮਰੀ ਵਿਚੋਂ ਵੰਡ ਕਾਰਨ ਉਜੜ ਕੇ ਆਏ ਇਹ ਲੋਕ ਜੋ ਆਪਣੇ ਆਪ ਨੂੰ ਰਾ ਸਿੱਖ ਅਖਵਾਉਂਦੇ ਸਨ, ਅਖਵਾਉਂਦੇ ਤਾਂ ਆਪਣੇ ਆਪ ਨੂੰ ਸਿੱਖ ਸਨ ਪਰ ਇਹਨਾਂ ਵਿਚ ਸਿੱਖੀ ਵਾਲੀ ਕੋਈ ਗੱਲ ਨਹੀਂ ਸੀ। ਇਹਨਾਂ ਦੀ ਰਾਅ ਬੋਲੀ ਤਾਂ ਵੱਖਰੀ ਸੀ ਹੀ ਪਰ ਇਹ ਸਾਰੇ ਮੋਨੇ ਸਨ, ਲਿਬਾਸ ਵੀ ਵੱਖਰਾ ਸੀ ਤੇ ਸਿੱਖੀ ਧਰਮ ਨੂੰ ਮੰਨਣ ਵਾਲੀ ਵੀ ਕੋਈ ਨਿਸ਼ਾਨੀ ਨਹੀਂ ਦਿਸਦੀ ਸੀ। ਇਹਨਾਂ ਦੀਆਂ ਰਸਮਾਂ ਵਧੇਰੇ ਹਿੰਦੂਆਂ ਵਾਲੀਆਂ ਜਾਂ ਆਦਿਵਾਸੀ ਕਬੀਲਿਆਂ ਵਾਲੀਆ ਸਨ। ਬੇਰੀਆਂ ਵਾਲੇ ਖੂਹ ਨੂੰ ਦੂਜਾ ਰਾਹ ਸੀ ਹਾਮਦ ਪਿੰਡ ਦੇ ਅੱਡੇ ਤੋਂ ਪਿੰਡ ਟੱਪ ਕੇ ਇਕ ਸਿੱਧਾ ਰਾਹ ਜੋ ਅੱਗੇ ਬੇਟ ਦੇ ਪਿੰਡਾਂ ਨੂੰ ਜਾਂਦਾ ਸੀ। ਇਸ ਰਾਹ ਤੇ ਇਕ ਬਰਸਾਤੀ ਨਾਲ਼ਾ ਪੈਂਦਾ ਸੀ ਜਿਸ ਨੂੰ ਲੰਘ ਕੇ ਅੱਗੋਂ ਜਿਥੋਂ ਪਹਿਆ ਸਿੱਧਾ ਅਗਲੇ ਪਿੰਡਾਂ ਨੂੰ ਜਾ ਪੈਂਦਾ ਸੀ, ਖੱਬੇ ਚਾਰ ਕੁ ਪੈਲੀਆਂ ਤੇ ਕਾਨਿਆਂ ਵਿਚੋਂ ਲੰਘ ਕੇ ਖੂਹ ਤੇ ਪਹੁੰਚ ਸਕੀ ਦਾ ਸੀ।
-----
ਇਸ ਰਾਹ ਵਿਚ ਕਾਨੇ ਘੱਟ ਪੈਂਦੇ ਸਨ ਪਰ ਜਿਥੇ ਇਹ ਰਾਹ ਕਾਫੀ ਨੇੜੇ ਪੈਂਦਾ ਸੀ, ਓਥੇ ਬਰਸਾਤੀ ਨਾਲੇ ਵਿਚ ਜੇਕਰ ਪਾਣੀ ਜ਼ਿਆਦਾ ਚੜ੍ਹਿਆ ਹੋਵੇ ਜੋ ਕਈ ਵਾਰ ਨੇਫਿਆਂ ਤਕ ਆ ਜਾਂਦਾ ਸੀ ਤੇ ਕੱਪੜੇ ਭਿੱਜ ਜਾਂਦੇ ਸਨ। ਇਸ ਲਈ ਪੈਂਟ ਜਾਂ ਪਾਜਾਮਾ ਤਾਂ ਲਾਹ ਕੇ ਮੋਢਿਆਂ ਤੇ ਰੱਖਣ ਦੇ ਬਾਵਜੂਦ ਕੱਛਾ ਜ਼ਰੂਰ ਭਿੱਜ ਜਾਂਦਾ ਸੀ। ਕਈ ਰਾਹੀ ਅੱਗਾ ਪਿੱਛਾ ਵੇਖ ਨੰਗੇ ਹੋ ਕੇ ਲੰਘ ਜਾਂਦੇ ਸਨ ਤੇ ਪਰਲੇ ਪਾਰ ਜਾ ਕੇ ਕੱਪੜੇ ਪਾ ਲੈਂਦੇ ਸਨ। ਔਰਤਾਂ ਨੂੰ ਬੜੀ ਤਕਲੀਫ਼ ਹੁੰਦੀ ਸੀ ਕਿਓਂਕਿ ਉਹਨਾਂ ਨੂੰ ਘੱਗਰੇ ਉੱਚੇ ਕਰ ਕੇ ਜਾਂ ਸਲਵਾਰਾਂ ਲਾਹ ਕੇ ਲੰਘਦਿਆਂ ਮਰਦ ਅੱਖਾਂ ਤੋਂ ਬਚਣਾ ਪੈਂਦਾ ਸੀ। ਕਈ ਵਾਰ ਉਹ ਓਨਾ ਚਿਰ ਇਹ ਬਰਸਾਤੀ ਨਾਲ਼ਾ ਨਾ ਲੰਘਦੀਆਂ ਜਿੰਨਾ ਚਿਰ ਮਰਦ ਨਾ ਲੰਘ ਜਾਂਦੇ ਜਾਂ ਦੂਜੇ ਪਾਸੇ ਮੂੰਹ ਨਾ ਕਰੀ ਰੱਖਦੇ। ਅਕਸਰ ਔਰਤਾਂ ਘੱਗਰੀਆਂ ਜਾਂ ਸਲਵਾਰਾਂ ਹੇਠ ਕੁਛ ਨਹੀਂ ਪਾਉਂਦੀਆਂ ਸਨ। ਜੇ ਪਾਣੀ ਘੱਟ ਹੁੰਦਾ ਤਾਂ ਸਲਵਾਰਾਂ ਜਾਂ ਪਾਜਾਮੇ ਉਚੇ ਛੁੰਗ ਕੇ ਲੰਘ ਜਾਂਦੇ ਸਨ। ਉਹਨਾਂ ਦਿਨਾਂ ਵਿਚ ਇਸ ਇਲਾਕੇ ਦੀਆਂ ਬਹੁਤੀਆਂ ਜ਼ਨਾਨੀਆਂ ਘੱਗਰੇ ਹੀ ਪਾਉਂਦੀਆਂ ਸਨ। ਬੰਦੇ ਜਿਨ੍ਹਾਂ ਲੱਕ ਦੀ ਬੰਨ੍ਹੀ ਹੁੰਦੀ, ਉਹ ਝੱਟ ਧੋਤੀ ਲਾਹੁੰਦੇ ਤੇ ਅਗਲੇ ਪਾਰ ਜਾ ਕੇ ਫਿਰ ਬੰਨ੍ਹ ਲੈਂਦੇ। ਕਈ ਮਨਚਲੇ ਨਜ਼ਾਰੇ ਲੈਣੋਂ ਨਾ ਹਟਦੇ ਪਰ ਜਦੋਂ ਮੀਂਹ ਬਹੁਤ ਪੈਂਦੇ ਤਾਂ ਇਹ ਨਾਲ਼ਾ ਉੱਚਾ ਹੋ ਕੇ ਵਗਦਾ ਜਾਂ ਡੋਬੂ ਹੋ ਜਾਂਦਾ ਸੀ। ਫਿਰ ਲੋਕ ਇਸ ਰਾਹੇ ਨਹੀਂ ਲੰਘਦੇ ਸਨ ਤੇ ਗੁਦੜਢੰਡੀ ਹੋ ਕੇ ਜਾਂਦੇ ਸਨ। ਜਿਹੜੇ ਪਿੰਡ ਸੜਕ ਦੇ ਉਤੇ ਸਨ ਜਿਵੇਂ ਕਰੀਆਂ ਪਜਿਲਵਾਨ, ਲਖੋ ਕੇ ਬਹਿਰਾਮ, ਅਲਫੂ ਕੇ, ਲੋਧਰਾਂ, ਹਾਮਦ, ਡੁਲਚੀ ਕੇ ਆਦਿ, ਉਹਨਾਂ ਨੂੰ ਬੜੀਆਂ ਮੌਜਾਂ ਸਨ। ਹਾਂ, ਜਿਨ੍ਹਾਂ ਦੀ ਜ਼ਮੀਨ ਨਾਲੇ ਤੋਂ ਪਾਰ ਪੈਂਦੀ ਸੀ, ਉਹਨਾਂ ਨੂੰ ਨਾਲ਼ਾ ਪਾਰ ਕਰਨਾ ਹੀ ਪੈਂਦਾ ਸੀ। ਮੰਡੀ ਗੁਰੂ ਹਰ ਸਹਾਏ ਜਾਂ ਝੋਕ ਟਹਿਲ ਸਿੰਘ ਜਾਂ ਕੋਰ ਸਿੰਘ ਵਾਲੇ ਤੋਂ ਬੇਰੀਆਂ ਵਾਲਾ ਖੂਹ ਤੁਰ ਕੇ ਬਹੁਤ ਦੂਰ ਪੈਂਦਾ ਸੀ। ਹੁਣ ਜਦ ਇਸ ਨਵੇਂ ਇਲਾਕੇ ਭਾਵ ਸਤਲੁਜ ਦਰਿਆ ਦੀ ਬੇਟ ਵਿਚ ਜ਼ਮੀਨ ਅਲਾਟ ਹੋ ਗਈ ਸੀ ਤਾਂ ਇਹਨਾਂ ਰਾਹਾਂ ਦੀ ਜਾਣਕਾਰੀ ਬੜੀ ਜ਼ਰੂਰੀ ਸੀ।
----
ਬੇਰੀਆਂ ਵਾਲੇ ਖੂਹ ਤੇ ਰਾਏ ਸਿੱਖਾਂ ਨੇ ਕਈ ਕੁੱਤੇ ਰੱਖੇ ਹੋਏ ਸਨ ਜਿਨ੍ਹਾਂ ਤੋਂ ਡਰਦੇ ਲੋਕ ਰਾਤ ਬਰਾਤੇ ਤਾਂ ਕੀ, ਦਿਨੇ ਵੀ ਬੇਰੀਆਂ ਵਾਲੇ ਖੂਹ ਦੀਆਂ ਝੁੱਗੀਆਂ ਵਿਚ ਨਹੀਂ ਵੜਦੇ ਸਨ। ਮੈਨੂੰ ਵੀ ਇਹਨਾਂ ਕੁੱਤਿਆਂ ਦੀ ਹੇੜ੍ਹ ਤੋਂ ਡਰ ਲਗਦਾ ਸੀ ਕਿਤੇ ਵੱਢ ਨਾ ਖਾਣ ਕਿਓਂਕਿ ਓਭੜ ਨੂੰ ਵੇਖਦਿਆਂ ਹੀ ਇਹ ਕੁੱਤੇ ਇਕੱਠੇ ਹੋ ਕੇ ਉੱਚੀ ਉੱਚੀ ਭੌਂਕਣ ਲੱਗ ਜਾਂਦੇ ਸਨ। ਬਾਪੂ ਨੇ ਦਸਿਆ ਕਿ ਜੇ ਮੈਂ ਕੁਝ ਦਿਨ ਇਹਨਾਂ ਕੁੱਤਿਆਂ ਨੂੰ ਰੋਟੀ ਪਾਵਾਂ ਤਾਂ ਇਹ ਮੇਰੇ ਮਿੱਤਰ ਬਣ ਜਾਣਗੇ ਤੇ ਮੈਨੂੰ ਕੁਝ ਨਹੀਂ ਕਹਿਣਗੇ, ਸਿਰਫ਼ ਭੌਂਕ ਕੇ ਚੁੱਪ ਹੋ ਜਾਣਗੇ। ਚੈਰੀ ਵੀ ਬੇਰੀਆਂ ਵਾਲੇ ਖੂਹ ਤੇ ਰਚ-ਮਿਚ ਗਈ ਸੀ ਅਤੇ ਕਈ ਵਾਰ ਤਿੱਤਰਾਂ ਨੂੰ ਉਡਾਣ ਦਾ ਕੰਮ ਕਰਦੀ ਸੀ। ਕਾਨਿਆਂ ਤੇ ਸਰਕੜੇ ਦੇ ਜੰਗਲ ਵਿਚ ਕਾਲੇ ਤੇ ਭੂਰੇ ਰੰਗ ਦੇ ਚੰਗੇ ਪਲੇ ਹੋਏ ਤਿੱਤਰ ਸਨ ਤੇ ਪੈਲੀਆਂ ਦੀਆਂ ਵੱਟਾਂ ਤੇ ਭੱਜੇ ਫਿਰਦਿਆਂ ਦੀਆਂ ਆਵਾਜ਼ਾਂ ਅਕਸਰ ਆਉਂਦੀਆਂ ਰਹਿੰਦੀਆਂ ਸਨ। ਦਿਨ ਵੇਲੇ ਤਾਂ ਝੁੱਗੀਆਂ ਵਿਚ ਕੁਝ ਰੌਣਕ ਰਹਿੰਦੀ ਸੀ ਪਰ ਰਾਤਾਂ ਸਾਂ-ਸਾਂ ਕਰਦੀਆਂ ਸਨ।
----
ਪਾਕਿਸਤਾਨ ਵਿਚੋਂ ਉੱਜੜ ਕੇ ਆਏ ਮੁੜ ਵਸੇਬੇ ਲਈ ਧੱਕੇ ਖਾਂਦੇ ਲੋਕਾਂ ਦਾ ਇਸ ਪਿੰਡ ਦੇ ਇਲਾਕੇ ਵਿਚ ਜ਼ਮੀਨ ਅਲਾਟ ਹੋਣ ਤੋਂ ਪਹਿਲਾਂ ਜ਼ਮੀਨ ਵੇਖਣ ਲਈ ਆਉਣਾ ਜਾਣਾ ਕਾਫੀ ਬਣਿਆ ਰਹਿੰਦਾ ਸੀ। ਬੜਾ ਉੱਥਲ-ਪੁੱਥਲ ਦਾ ਸਮਾਂ ਸੀ ਪਰ ਚੋਰੀ ਬਹੁਤ ਘੱਟ ਹੁੰਦੀ ਸੀ। ਫ਼ਸਲ ਦੀ ਚੋਰੀ ਤਾਂ ਖ਼ੈਰ ਸਦਾ ਹੁੰਦੀ ਆਈ ਹੈ ਤੇ ਥੋੜ੍ਹੀ ਬਹੁਤੀ ਹੋ ਜਾਂਦੀ ਸੀ, ਜਿਵੇਂ ਪੱਠੇ ਵੱਢੇ ਜਾਣੇ, ਗੰਨੇ ਤੇ ਮੱਕੀ ਦੀਆਂ ਛੱਲੀਆਂ ਭੰਨ ਲੈਣੀਆਂ। ਕਈ ਵਾਰ ਮਿਰਚਾਂ ਵੀ ਤੋੜ ਲਈਆਂ ਜਾਂਦੀਆਂ ਜਾਂ ਚੁਗਣ ਤੇ ਆਈ ਖਿੜੀ ਕਪਾਹ ਦੇ ਫੁੱਟ ਵੀ ਚੁਗ ਲਏ ਜਾਂਦੇ। ਕਈ ਵਾਰ ਮੈਂ ਰਾ ਸਿੱਖਾਂ ਦੇ ਮੁੰਡਿਆਂ ਨਾਲ ਮਾਲ ਚਾਰਨ ਚਲਾ ਜਾਂਦਾ ਪਰ ਮੈਨੂੰ ਉਹਨਾਂ ਨਿੱਕੇ ਨਿੱਕੇ ਮੁੰਡਿਆਂ ਦੀ ਬੋਲੀ ਦੀ ਸਮਝ ਨਾ ਆਉਂਦੀ। ਮਾਲ ਚਾਰਦੇ ਕਈ ਵਾਰ ਉਹ ਘੋੜੀ ਦੀ ਪੂਛ ਦੇ ਵਾਲਾਂ ਦੀ ਫਾਹੀ ਬਣਾ ਕੇ ਡੰਡੀਆਂ ਵਿਚ ਰੱਖ ਦਿੰਦੇ ਤੇ ਡੰਡੀਆਂ ਵਿਚ ਭਜੇ ਜਾਂਦੇ ਤਿੱਤਰ ਇਹਨਾਂ ਫਾਹੀਆਂ ਵਿਚ ਫਸ ਜਾਂਦੇ ਤੇ ਸ਼ਾਮਾਂ ਨੂੰ ਉਹਨਾਂ ਦੇ ਪਰਿਵਾਰ ਇਹ ਤਿੱਤਰ ਭੁੰਨ ਭੁੰਨ ਖਾਂਦੇ। ਇਹ ਨਿੱਕੇ ਨਿੱਕੇ ਮੁੰਡੇ ਬਚਪਨ ਤੋਂ ਈ ਸ਼ਿਕਾਰੀ ਸਨ। ਕਦੀ ਕਦੀ ਇਹ ਡੰਡਿਆਂ ਨਾਲ ਸਹੀਅੜ (ਖ਼ਰਗੋਸ਼) ਕੁੱਟ ਲੈਂਦੇ। ਕਈ ਵਾਰ ਛਪੜਾਂ ਵਿਚੋਂ ਮੱਛੀਆਂ ਫੜ ਲਿਆਉਂਦੇ। ਰਾਏ ਸਿੱਖ ਸ਼ਿਕਾਰ ਦੇ ਬੜੇ ਸ਼ੁਕੀਨ ਸਨ। ਇਹਨਾਂ ਦਾ ਪਹਿਰਾਵਾ ਸਾਡੇ ਨਾਲੋਂ ਕਾਫੀ ਵੱਖਰਾ ਸੀ ਤੇ ਇਹ ਆਪਸ ਵਿਚ ਲੜਦੇ ਵੀ ਬਹੁਤ ਸਨ ਤੇ ਗਾਲ਼੍ਹਾਂ ਵੀ ਕਢਦੇ ਸਨ। ਬਰਛਿਆਂ ਨਾਲ ਜੰਗਲੀ ਸੂਰ ਦਾ ਸ਼ਿਕਾਰ ਖੇਡਣ ਵਿਚ ਇਹਨਾਂ ਦੀ ਮੁਹਾਰਤ ਸੀ। ਇਹਨਾਂ ਦਾ ਕਹਿਣਾ ਸੀ ਸਤਲੁਜ ਤੋਂ ਪਾਰ ਪਾਕਿਸਤਾਨ ਦੇ ਮੁਸਲਮਾਨ ਸੂਰਾਂ ਨੂੰ ਹਿੰਦੋਸਤਾਨ ਦੀ ਹੱਦ ਵੱਲ ਧੱਕ ਦਿੰਦੇ ਸਨ। ਉਹਨਾਂ ਦੇ ਮਜ਼੍ਹਬ ਵਿਚ ਸੂਰ ਖਾਣਾ ਪਾਪ ਸੀ ਤੇ ਸੂਰ ਉਹਨਾਂ ਦੀਆਂ ਫ਼ਸਲਾਂ ਦੀ ਤਬਾਹੀ ਵੀ ਕਰਦੇ ਸਨ।
-----
ਬੇਰੀਆਂ ਵਾਲੇ ਖੂਹ ਤੇ ਆ ਕੇ ਮੈਂ ਸਾਰੀ ਦੁਨੀਆ ਨਾਲੋਂ ਕੱਟਿਆ ਗਿਆ ਸਾਂ। ਏਥੇ ਦੂਰ ਦੂਰ ਤਕ ਨਾ ਕੋਈ ਅਖ਼ਬਾਰ ਅਤੇ ਨਾ ਕਿਤੇ ਰੇਡੀਓ ਸੀ। ਇਥੇ ਜੀਵਨ ਦਿਨ ਅਤੇ ਰਾਤ ਵਿਚ ਵੰਡਿਆ ਹੋਇਆ ਸੀ। ਜਦ ਰਾਤ ਪੈ ਜਾਂਦੀ ਤੇ ਸਭ ਪਾਸੇ ਹਨੇਰਾ ਈ ਹਨੇਰਾ ਹੋ ਜਾਂਦਾ ਜਿਸ ਵਿਚ ਕੁਤਿਆਂ ਦੇ ਭੌਂਕਣ ਦੀਆਂ ਆਵਾਜ਼ਾਂ ਆਉਂਦੀਆਂ ਤੇ ਅਕਸਰ ਡਰ ਵੀ ਲਗਦਾ। ਰਾਤ ਨੂੰ ਜਦੋਂ ਗਿਦੜ ਹਵਾਂਕਦੇ ਤਾਂ ਵੀ ਜਾਗ ਖੁੱਲ੍ਹ ਜਾਂਦੀ। ਸੂਰਜ ਚੜ੍ਹਦਾ ਤਾਂ ਦਿਨ ਹੋ ਜਾਂਦਾ ਤੇ ਵਾਰਸ ਸ਼ਾਹ ਦੀਆਂ ਸਤਰਾਂ ਯਾਦ ਆ ਜਾਂਦੀਆਂ, “ਚਿੜੀ ਚੂਕਦੀ ਨਾਲ ਜਾਂ ਤੁਰੇ ਪਾਂਧੀ ਪਈਆਂ ਦੁੱਧ ਦੇ ਵਿਚ ਮਧਾਣੀਆਂ ਨੇ।” ਗੁੱਦੜ ਢੰਡੀ ਦੇ ਜਿਨ੍ਹਾਂ ਅਲਾਟੀਆਂ ਦੀਆਂ ਜ਼ਮੀਨਾਂ ਬੇਰੀਆਂ ਵਾਲੇ ਖੂਹ ਦੇ ਲਾਗੇ ਚਾਗੇ ਪੈਂਦੀਆਂ ਸਨ, ਉਹਨਾਂ ਨੇ ਹੌਲੀ ਹੌਲੀ ਕਾਨਿਆਂ ਦੀਆਂ ਝੁਗੀਆਂ ਪਾ ਕੇ ਬਸਤੀ ਟਰਿਡਿਆਂ ਵਾਲੀ ਵਸਾ ਲਈ ਸੀ। ਇਥੇ ਜ਼ਿਆਦਾ ਕੰਬੋ ਤੇ ਰਾਏ ਸਿੱਖ ਦੀਆਂ ਝੁੱਗੀਆਂ ਈ ਸਨ। ਇਕ ਤਰ੍ਹਾਂ ਨਾਲ ਛੋਟਾ ਜਿਹਾ ਪਿੰਡ ਹੀ ਬੱਝ ਗਿਆ ਸੀ ਜੋ ਗੁਦੜਢੰਡੀ ਦੇ ਰਕਬੇ ਅਧੀਨ ਪੈਂਦਾ ਸੀ। ਨਵੇਂ ਅਲਾਟੀਆਂ ਵਿਚ ਪਿਛੋਂ ਸਾਡੇ ਜ਼ਿਲ੍ਹਾ ਸ਼ੇਖੂਪੁਰੇ ਦੇ ਕਈ ਕੰਬੋ ਏਥੇ ਆ ਵਸੇ ਸਨ ਤੇ ਕੁਝ ਲਾਹੌਰੀਏ ਕੰਬੋਆਂ ਨੂੰ ਵੀ ਇਥੇ ਜ਼ਮੀਨ ਅਲਾਟ ਹੋ ਗਈ ਸੀ।
-----
ਜੀਵਨ ਭਾਵੇ ਬਹੁਤ ਔਖਾ ਸੀ ਪਰ ਕੁਝ ਧਰਤੀ ਉਪਜਾਊ ਸੀ, ਫਸਲ ਹੁੰਦੀ ਸੀ ਤੇ ਦਿਨ ਫਿਰਨ ਲਗ ਪਏ ਸਨ। ਹੌਲੀ ਹੌਲੀ ਮੈਨੂੰ ਇਸ ਇਲਾਕੇ ਦੀ ਵਾਕਫ਼ੀਅਤ ਹੋਣੀ ਸ਼ੁਰੂ ਹੋ ਗਈ ਸੀ। ਮਮਦੋਟ ਲਾਗੇ ਪਿੰਡ ਜੋਧਪੁਰ ਵਿਚ ਵੀ ਕੰਬੋਆਂ ਦੇ ਕਈ ਘਰ ਆ ਵਸੇ ਸਨ ਜਿਨ੍ਹਾਂ ਵਿਚ ਪਿਛੋਂ ਪਿੰਡ ਚੋਰ ਕੋਟ ਦੇ ਪਰਕਾਸ਼ ਸਿੰਘ ਜੰਮੂ ਜੋ ਬਾਅਦ ਵਿਚ ਪੰਜਾਬੀ ਯੂਨੀਵਰਸਿਟੀ ਵਿਚੋਂ ਬਤੌਰ ਪ੍ਰੋਫੈਸਰ ਐਂਡ ਮੁਖੀ ਸਮਾਜ ਵਿਗਿਆਨ ਵਿਭਾਗ ਰੀਟਾਇਰ ਹੋਇਆ ਤੇ ਹੁਣ ਵੈਕੂਵਰ ਰਹਿੰਦਾ ਹੈ ਤੇ ਉਹਦਾ ਵਡਾ ਭਰਾ ਸਾਧੂ ਵੀ ਸੀ ਜੋ ਪਾਕਿਸਤਾਨ ਵਾਲੇ ਸਾਡੇ ਪਿੰਡ ਦੇ ਹਾਈ ਸਕੂਲ ਵਿਚ ਮੇਰਾ ਜਮਾਤੀ ਸੀ। ਇਹ ਪਰਿਵਾਰ ਕੈਨੇਡਾ ਆਣ ਵਸੇ ਹਿੰਦੀ ਅਖਬਾਰ “ਇੰਡੋ ਕੈਨੇਡੀਅਨ ਸਮੇ” ਦੇ ਮਾਲਕ ਅਤੇ ਪ੍ਰਸਿਧ ਫੋਟੋਗਰਾਫਰ ਕੰਵਲਜੀਤ ਸਿੰਘ ਕੰਵਲ ਦੇ ਨੇੜਿਆਂ ਵਿਚੋਂ ਸੀ। ਕੰਵਲ ਦਾ ਪਿਤਾ ਵੀ ਪਾਕਿਸਤਾਨ ਵਿਚ ਮੇਰਾ ਜਮਾਤੀ ਸੀ ਪਰ ਵੰਡ ਪਿਛੋਂ ਇਹ ਜੰਡਿਆਲਾ ਗੁਰੂ ਸੈਟਲ ਹੋ ਗਏ ਸਨ। ਰਿਸ਼ਤੇ ਵਜੋਂ ਇਹ ਸਾਰੇ ਮੇਰੀ ਭੂਆ ਭਗਵਾਨੀ ਦੀ ਔਲਾਦ ਵਿਚੋਂ ਸਨ ਜਿਸਦਾ ਮੇਰੇ ਨਾਲ ਬਹੁਤ ਪਿਆਰ ਸੀ। ਪਤਾ ਲੱਗਾ ਕਿ ਸਾਧੂ ਤੇ ਪਰਕਾਸ਼ ਬਸਤੀ ਕੰਬੋਜ ਫਿਰੋਜ਼ਪੁਰ ਵਿਚ ਕਿਰਾਏ ਤੇ ਇਕ ਬੈਠਕ ਲੈ ਕੇ ਦਸਵੀਂ ਦੀ ਤਿਆਰੀ ਕਰਦੇ ਸਨ। ਕਦੀ ਕਦੀ ਮੈਂ ਫ਼ਿਰੋਜ਼ਪੁਰ ਜਾ ਕੇ ਦਸਵੀਂ ਦੇ ਨਤੀਜੇ ਦਾ ਪਤਾ ਕਰ ਆਉਂਦਾ ਜੋ ਹਾਲੇ ਨਿਕਲਿਆ ਨਹੀਂ ਸੀ। ਏਨਾ ਕੁ ਪਤਾ ਲਗਦਾ ਸੀ ਕਿ ਰੀਜ਼ਲਟ ਬੱਸ ਆਉਣ ਵਾਲਾ ਈ ਹੈ। ਜਦੋਂ ਮੈਂ ਫਿਰੋਜ਼ਪੁਰ ਸ਼ਹਿਰ ਆਉਂਦਾ ਤਾਂ ਬੱਸ ਦੇ ਮਿਲਣ ਨਾ ਮਿਲਣ ਦੀ ਕੁੱਤੇ ਝਾਕ ਤੋਂ ਬਚਣ ਲਈ ਰੇਲਵੇ ਸਟੇਸ਼ਨ ਕੋਰ ਸਿੰਘ ਵਾਲਾ ਜਾਂ ਝੋਕ ਟਹਿਲ ਸਿੰਘ ਤਕ ਤੁਰ ਕੇ ਅੱਗੋਂ ਗੱਡੀ ਫੜ ਲੈਂਦਾ। ਝੋਕ ਟਹਿਲ ਸਿੰਘ ਦਾ ਸਟੇਸ਼ਨ ਬਹੁਤ ਦੂਰ ਪੈਂਦਾ ਸੀ ਪਰ ਹੋਰ ਕੋਈ ਚਾਰਾ ਨਹੀਂ ਸੀ। ਭਾਵੇਂ ਫ਼ਿਰੋਜ਼ਪੁਰ ਗੁੱਦੜ ਢੰਡੀ ਤੋਂ ਲਗ ਭਗ 20 ਮੀਲ ਦੂਰ ਸੀ ਪਰ ਸ਼ਹਿਰ ਆ ਕੇ ਇਸ ਤਰ੍ਹਾਂ ਲਗਦਾ ਕਿ ਪਿੰਡ ਨਰਕ ਸਨ ਤੇ ਸ਼ਹਿਰ ਸੁਰਗ।
-----
ਅੱਗੇ ਜਾ ਕੇ ਜਦੋਂ ਪਿੰਡਾਂ ਦਾ ਜੀਵਨ ਹੋਰ ਵੀ ਬਹੁਤ ਔਖਾ ਲੱਗਣ ਲੱਗਾ ਜਿਵੇਂ ਮਲੇਰੀਆ ਬੁਖ਼ਾਰ ਚੜ੍ਹ ਜਾਣਾ ਮੀਂਹ ਪੈਣ ਤੇ ਗਾਰੇ ਵਿਚ ਖੁੱਭ ਜਾਣਾ ਤਾਂ ਮੈਨੂੰ ਪਿੰਡ ਹੋਰ ਵੀ ਨਰਕ ਲੱਗਣ ਲੱਗ ਪਏ। ਮਲੇਰੀਆ ਬੁਖ਼ਾਰ ਇਸ ਇਲਾਕੇ ਵਿਚ ਬਹੁਤ ਚੜ੍ਹਦਾ ਸੀ ਤੇ ਮਲੇਰੀਆ ਦਾ ਕੋਈ ਠੀਕ ਇਲਾਜ ਨਾ ਹੋਣ ਕਾਰਨ ਬਹੁਤ ਮੌਤਾਂ ਹੋ ਜਾਂਦੀਆਂ ਸਨ। ਸ਼ਹਿਰ ਸੁਰਗ ਲਗਦੇ ਸਨ ਜਿਥੇ ਪਕੀਆਂ ਸੜਕਾਂ ਤੇ ਬਿਜਲੀ ਸੀ। ਸੈਰ ਕਰਨ ਲਈ ਪਾਰਕਾਂ ਤੇ ਬਾਗ਼ ਸਨ। ਪਾਣੀ ਠੰਢਾ ਕਰਨ ਲਈ ਬਰਫ਼ ਮਿਲ ਜਾਂਦੀ ਸੀ ਅਤੇ ਮਨੋਰੰਜਨ ਲਈ ਕਈ ਸਿਨਮੇ ਸਨ। ਮੈਂ ਯਾਦ ਕਰਦਾ ਕਿ ਅਸਲ ਸੁਰਗ ਤਾਂ ਪਿਛੇ ਪਾਕਿਸਤਾਨ ਵਾਲੇ ਪਿੰਡ ਰਹਿ ਗਿਆ ਸੀ। ਮਹਿਤਾ ਵੀ ਅੱਧਾ ਕੁ ਸੁਰਗ ਤੇ ਅੱਧਾ ਕੁ ਨਰਕ ਸੀ ਜਿਥੇ ਪੈਦਲ ਤੁਰ ਕੇ ਜਾਣਾ ਬੜਾ ਔਖਾ ਸੀ। ਪਰ ਮਹਿਤੇ ਘਰ ਤਾਂ ਮਿਲ ਗਿਆ ਸੀ ਤੇ ਜਿਸ ਵਿਚ ਪਿਛੇ ਦੋ ਕੋਠੇ ਸਨ ਤੇ ਅੱਗੇ ਵੱਡਾ ਦਰਵਾਜ਼ਾ ਜਿਥੇ ਬਹਿ ਕੇ ਪੜ੍ਹਨ ਦਾ ਬੜਾ ਸਵਾਦ ਆਉਂਦਾ ਸੀ। ਜਿਥੇ ਬਹਿ ਕੇ ਮੈਂ ਆਪਣੇ ਜੀਵਨ ਦੀਆਂ ਪਹਿਲੀਆਂ ਪੰਜ ਕਹਾਣੀਆਂ ਲਿਖੀਆਂ ਸਨ। ਇਥੇ ਬੇਰੀਆਂ ਵਾਲੇ ਖੂਹ ਤੇ ਤਾਂ ਦਰੱਖਤਾਂ ਹੇਠਾਂ ਟੁਟੀ ਪੈਂਦ ਵਾਲੀ ਮੁੰਜ ਦੀ ਮੰਜੀ ਡਾਹ ਕੇ ਹੀ ਪੜ੍ਹਿਆ ਜਾ ਸਕਦਾ ਸੀ। ਕੱਲਰੀ ਭੋਂ ਵਿਚ ਖੜੱਪੇ ਸੱਪਾਂ ਤੋਂ ਬੜਾ ਡਰ ਲਗਦਾ ਸੀ। ਦਸਦੇ ਕਿ ਖੜੱਪੇ ਸੱਪ ਦਾ ਡੰਗਿਆ ਬੰਦਾ ਪਾਣੀ ਨਹੀਂ ਮੰਗਦਾ ਸੀ। ਇਹ ਸੱਪ ਛੋਟੇ ਆਕਾਰ ਦਾ ਹੁੰਦਾ ਹੈ। ਵੈਸੇ ਇਸ ਇਲਾਕੇ ਵਿਚ ਕਈ ਤਰ੍ਹਾਂ ਦੇ ਸੱਪ ਜਿਨ੍ਹਾਂ ਵਿਚ ਖ਼ਤਰਨਾਕ ਫਨੀਅਰ ਸੱਪ ਵੀ ਸਨ।
-----
ਆਖ਼ਿਰ ਰੀਜ਼ਲਟ ਆ ਗਿਆ ਤੇ ਮੈਂ ਪਾਸ ਹੋ ਗਿਆ। ਨੰਬਰ ਭਾਵੇਂ ਬਹੁਤੇ ਨਹੀਂ ਸਨ ਆਏ ਪਰ ਪਾਸ ਹੋਣ ਦੀ ਬੜੀ ਖ਼ੁਸ਼ੀ ਹੋਈ। ਜਿਥੋਂ ਤਕ ਮੈਨੂੰ ਯਾਦ ਹੈ ਕਿ ਤੇਤੀਆਂ ਵਿਚੋਂ ਗਿਆਰਾਂ ਮੁੰਡੇ ਹੀ ਪਾਸ ਹੋਏ ਸਨ। ਬਾਣੀਆਂ ਦੇ ਇਕ ਮੁੰਡੇ ਬਨਾਰਸੀ ਦਾਸ ਦੇ ਸਭ ਤੋਂ ਵਧ ਨੰਬਰ ਆਏ ਸਨ। ਮੈਂ ਗੋਨਿਆਣਾ ਮੰਡੀ ਦੇ ਸਕੂਲ ਵਿਚੋਂ ਕਰੈਕਟਰ ਸਰਟੀਫਿਕੇਟ ਬਣਵਾ ਲਿਆਇਆ ਜਿਸ ਦੀ ਕਾਲਜ ਦਾਖਲ ਹੋਣ ਲਈ ਬੜੀ ਲੋੜ ਸੀ। ਮੈਂ ਬਾਪੂ ਨੂੰ ਕਿਹਾ ਕਿ ਮੈਂਨੂੰ ਕਾਲਜ ਦਾਖਲ ਹੋਣ ਲਈ ਬਹੁਤ ਵਧੀਆ ਕੱਪੜੇ ਚਾਹੀਦੇ ਹਨ। ਬਾਪੂ ਤਾਂ ਪੈਸੇ ਹੀ ਦੇ ਸਕਦਾ ਸੀ ਤੇ ਮੈਂ ਵਧੀਆ, ਕਮੀਜ਼ਾਂ, ਪੈਂਟਾਂ ਤੇ ਬੁਸ਼ਰਟਾਂ ਤੇ ਪਾਜਾਮੇ ਸਵਾ ਲਏ। ਉਹਨੀਂ ਦਿਨੀਂ ਫ਼ਿਰੋਜ਼ਪੁਰ ਸ਼ਹਿਰ ਵਿਚ ਵਜ਼ੀਰ ਸਿੰਘ ਦਰਜ਼ੀ ਜੋ ਬਾਂਸੀ ਗੇਟ ਦੇ ਅੰਦਰਵਾਰ ਬਾਵਿਆਂ ਵਾਲੇ ਮੁਹੱਲੇ ਦੀ ਨੁਕਰ ਤੇ ਕੰਮ ਕਰਦਾ ਸੀ, ਦਾ ਬੜਾ ਨਾਂ ਸੀ ਜੋ ਕਾਲਜ ਪੜ੍ਹਨ ਵਾਲਿਆਂ ਦੇ ਕਪੜੇ ਸਿਉਣ ਦਾ ਬੜਾ ਮਾਹਰ ਕਾਰੀਗਰ ਮੰਨਿਆ ਜਾਂਦਾ ਸੀ। ਸ਼ਿਵ ਕੁਮਾਰ ਸ਼ਰਮਾ ਵੀ ਜੋ ਪਿਛੋਂ ਪੰਜਾਬੀ ਦਾ ਸ਼ਾਇਰ ਬਣ ਗਿਆ ਸੀ, ਕਪੜੇ ਕੱਟਣ ਤੇ ਸਿਓਣ ਦਾ ਬੜਾ ਕਾਰੀਗਰ ਸੀ ਪਰ ਉਹ ਲੇਡੀਜ਼ ਸੂਟਾਂ ਦਾ ਸਪੈਸ਼ਲਿਸਟ ਸੀ ਤੇ ਮਰਦਾਵੇਂ ਕਪੜੇ ਬਹੁਤ ਘੱਟ ਸੀਂਦਾ ਸੀ। ਉਸਦੀ ਦੁਕਾਨ ਬੁਧਵਾਰਾਂ ਵਾਲੇ ਮੁਹੱਲੇ ਵਿਚ ਸੀ ਜਿੱਥੇ ਹਰ ਵੇਲੇ ਕਪੜੇ ਸਵਾਉਣ ਵਾਲੀਆਂ ਕੁੜੀਆਂ ਤੇ ਜ਼ਨਾਨੀਆਂ ਦੀ ਭੀੜ ਲੱਗੀ ਰਹਿੰਦੀ ਸੀ।
-----
ਭੋਲੂ ਦੀ ਦੁਕਾਨ ਤੋਂ ਮੈਂ ਮਹਿੰਗੇ ਸਾਬਰ ਦੇ ਬੂਟ ਖ਼ਰੀਦ ਲਏ ਸਨ। ਬਾਟਾ ਦੀ ਦੁਕਾਨ ਤੋਂ ਫਲੀਟ ਲੈ ਲਏ ਸਨ ਜੋ ਦੌੜਨ ਵੇਲੇ ਠੀਕ ਰਹਿੰਦੇ ਸਨ। ਨਵੀਆਂ ਪੱਗਾਂ, ਰੁਮਾਲ ਤੇ ਜਰਾਬਾਂ ਵੀ ਖਰੀਦ ਲਈਆਂ ਸਨ। ਇਸ ਤੋਂ ਪਹਿਲਾਂ ਮੈਂ ਅਤਿ ਗ਼ਰੀਬੀ ਦੇ ਤਿੰਨ ਚਾਰ ਸਾਲ ਕੱਟੇ ਸਨ। 1947 ਵਿਚ ਸਾਂਦਲ ਬਾਰ ਚੋਂ ਉਜੜਨ ਵੇਲੇ ਬੂਟ ਤੇ ਪਗ ਰਾਹ ਵਿਚ ਹੀ ਰਹਿ ਗਏ ਸਨ ਅਤੇ ਪੈਸੇ ਤੇ ਟੂਮ ਛੱਲਾ ਸਭ ਕੁਝ ਸ਼ੇਖੂਪੁਰੇ ਦੇ ਰੇਲਵੇ ਸਟੇਸ਼ਨ ਤੇ ਗੱਡੀ ਦੀ ਤਲਾਸ਼ੀ ਲੈਣ ਵੇਲੇ ਬਲੋਚ ਮਿਲਟਰੀ ਨੇ ਖੋਹ ਲਿਆ ਸੀ। ਕਈ ਸਾਲ ਨੰਗੇ ਪੈਰੀਂ ਤੇ ਬਗੈਰ ਪੱਗ ਦੇ ਸਕੂਲ ਪੜ੍ਹਨ ਜਾਂਦਾ ਰਿਹਾ ਸਾਂ। ਹੁਣ ਉਸ ਦੇ ਉਲਟ ਕਰਨਾ ਚਹੁੰਦਾ ਸਾਂ। ਮਾਂ ਨੇ ਪਿੰਨੀਆਂ ਤੇ ਘਿਓ ਜੋੜ ਦਿੱਤਾ। ਮੈਂ ਐਫ. ਏ. ਵਿਚ ਕਿਹੜੇ ਸਬਜੈਕਟ ਲੈਣੇ ਹਨ, ਇਸ ਬਾਰੇ ਮੈਨੂੰ ਉੱਕਾ ਈ ਕੋਈ ਪਤਾ ਨਹੀਂ ਸੀ। ਮੈਨੂੰ ਤਾਂ ਸਿਰਫ਼ ਏਨਾ ਪਤਾ ਲੱਗਾ ਸੀ ਕਾਲਜ ਵਿਚ ਪ੍ਰੋਫੈਸਰ ਸਟੂਡੈਂਟਸ ਨੂੰ ਕੁਟਦੇ ਨਹੀਂ ਸਨ ਅਤੇ ਜਦੋਂ ਚਾਹੋ ਕਲਾਸ ਵਿਚੋਂ ਪੀਰੀਅਡ ਛੱਡ ਕੇ ਬਾਹਰ ਆ ਸਕਦੇ ਹੋ।
----
ਭਰਜਾਈ ਕਹਿਣ ਲੱਗੀ ਕਿ ਮੈਂ ਮੈਡੀਕਲ ਲੈ ਲਵਾਂ ਤੇ ਪੜ੍ਹ ਕੇ ਡਾਕਟਰ ਬਣਾਂ। ਭਰਾ ਕਾਲਜ ਦਾਖਲ ਕਰਾਉਣ ਗਿਆ ਤੇ ਮੈਂ ਮੈਡੀਕਲ ਲੈ ਲਿਆ। ਕਾਲਜ ਦਾ ਪ੍ਰਿੰਸੀਪਲ ਐਸ ਬੀ ਸੈਨ ਗੁਪਤਾ ਜੋ ਬੰਗਾਲੀ ਸੀ, ਪਹਿਲਾਂ ਲਾਇਲਪੁਰ ਖਾਲਸਾ ਕਾਲਜ ਦਾ ਪ੍ਰਿੰਸੀਪਲ ਰਿਹਾ ਸੀ ਤੇ ਭਰਾ ਨੂੰ ਜਾਣਦਾ ਸੀ ਕਿਓਂਕਿ ਭਰਾ ਲਾਇਲਪੁਰ ਪੜ੍ਹਿਆ ਸੀ। ਭਰਾ ਦੇ ਕਹਿਣ ਤੇ ਪ੍ਰਿੰਸੀਪਲ ਨੇ ਮੇਰੀ ਅੱਧੀ ਫੀਸ ਵੀ ਮੁਆਫ ਕਰ ਦਿਤੀ ਤੇ ਮੈਨੂੰ ਆਰ ਐਸ ਡੀ ਕਾਲਜ ਦੇ ਹੋਸਟਲ ਵਿਚ ਕਮਰਾ ਨੰਬਰ 10 ਮਿਲ ਗਿਆ। ਹੋਸਟਲ ਦੇ ਮੁੰਡੇ ਮੁੰਡੇ ਮੈਨੂੰ ਦਸ ਨੰਬਰੀਆਂ ਕਹਿਣ ਲੱਗ ਪਏ। ਮੈਂ ਆਪਣੀ ਦੇਸੀ ਘਿਓ ਵਾਲੀ ਪੀਪੀ ਜਿੰਦਰੀ ਲਾ ਕੇ ਟੱਕ ਸ਼ਾਪ ਜਿਸ ਨੂੰ ਅੱਜ ਕਲ੍ਹ ਕਨਟੀਨ ਕਹਿੰਦੇ ਹਨ, ਵਿਚ ਰੱਖ ਦਿਤੀ। ਏਥੇ ਹੋਰ ਵੀ ਬਹੁਤ ਸਾਰੇ ਮੁੰਡਿਆਂ ਦੀਆਂ ਪੀਪੀਆਂ ਪਈਆਂ ਸਨ ਜਿਨ੍ਹਾਂ ਵਿਚੋਂ ਕਈ ਤਾਂ ਆਪਣੀਆ ਪੀਪੀਆਂ ਨੂੰ ਜਿੰਦਰੀਆਂ ਵੀ ਨਹੀਂ ਲੌਂਦੇ ਸਨ। ਦਰ ਅਸਲ ਇਹ ਕਾਲਜ ਦੇ ਪੁਰਾਣੇ ਖ਼ਲੀਫ਼ੇ ਸਨ ਤੇ ਇਹਨਾਂ ਤੋਂ ਸਾਰੇ ਡਰਦੇ ਸਨ। ਇਹ ਕਈ ਕਈ ਸਾਲਾਂ ਤੋਂ ਐਫ. ਏ., ਬੀ.ਏ. ਵਿਚੋਂ ਫੇਲ੍ਹ ਹੋ ਰਹੇ ਸਨ ਪਰ ਕਾਲਜ ਨਹੀਂ ਛਡਦੇ ਸਨ।
-----
ਜ਼ੀਰੇ ਵਾਲਾ ਕਾਮਰੇਡ ਜੋਗਿੰਦਰ ਸਿੰਘ, ਹੁਣ ਹਾਈਕੋਰਟ ਦਾ ਵਕੀਲ ਮੇਜਾ ਸਿੰਘ, ਬਸਤੀ ਕੰਬੋਆਂ ਵਾਲਾ ਜਾਗੀਰ ਸਿੰਘ, ਮ੍ਰਿਤਕ ਲੇਖਕ ਸੋਹਨ ਲਾਲ ਮੋਹਿਤ, ਅਮੀਰ ਖਾਸ ਵਾਲ ਹਰਬੰਸ ਸਿੰਘ ਜਿਸ ਦਾ ਲੜਕਾ ਹਰਜਿੰਦਰ ਸਿੰਘ ਅੰਗਰੇਜ਼ੀ ਦਾ ਅਖ਼ਬਾਰ ਇੰਡੀਆ ਜਰਨਲ ਕਢਦਾ ਹੈ, ਗੰਗਾ ਨਗਰ ਵੱਲ ਦਾ ਮਧਰੇ ਕੱਦ, ਸੰਘਣੀ ਦਾੜ੍ਹੀ ਤੇ ਚਾਲਾਕ ਅਖਾਂ ਵਾਲਾ ਅਮਰ ਸਿੰਘ, ਦੱਬ ਵਾਲੀ ਮੰਡੀ ਵੱਲ ਦੇ ਕਈ ਸਰਦਾਰਾਂ ਦੇ ਮੁੰਡੇ, ਕੋਟਕਪੂਰੇ ਵੱਲ ਦਾ ਬਹੁਤ ਸ਼ੁਕੀਨ ਗੁਰਨਾਮ ਸਿੰਘ ਪ੍ਰਭਾਤ ਜੋ ਕਵਿਤਾ ਲਿਖਣ ਕਾਰਨ ਕਾਲਜ ਮੈਗਜ਼ੀਨ ਦਾ ਪੰਜਾਬੀ ਭਾਗ ਦਾ ਸਟੂਡੰਟ ਐਡੀਟਰ ਸੀ ਤੇ ਅੰਤ ਸਟੇਟ ਕਾਲਜ ਆਫ ਐਜੂਕੇਸ਼ਨ ਪਟਿਆਲਾ ਵਿਖੇ ਪ੍ਰੋਫੈਸਰ ਲਗ ਗਿਆ ਸੀ, ਮਧਰੇ ਕੱਦ ਦਾ ਅਮਰ ਸਿੰਘ ਤੇ ਪਕੀ ਉਮਰ ਦੇ ਕਈ ਹੋਰ ਸਨ ਤੇ ਨਵੇਂ ਮੁੰਡਿਆ ਤੇ ਪੂਰਾ ਰੁਅਬ ਪਾਉਂਦੇ ਸਨ ਤੇ ਤੰਗ ਕਰਦੇ ਸਨ।
-----
ਮੇਰੇ ਲਈ ਇਹ ਸਭ ਕੁਝ ਨਵਾਂ ਸੀ। ਜਦ ਮੈਂ ਪਹਿਲੇ ਦਿਨ ਮੈਡੀਕਲ ਦੀਆਂ ਕਲਾਸਾਂ ਵਿਚ ਗਿਆ ਤਾਂ ਮੇਰੇ ਕੁਝ ਪੱਲੇ ਨਾ ਪਿਆ। ਗੋਨਿਆਣੇ ਮੰਡੀ ਵਾਲਾ ਬਨਾਰਸੀ ਦਾਸ ਵੀ ਇਸੇ ਕਾਲਜ ਵਿਚ ਦਾਖਲ ਹੋ ਗਿਆ ਸੀ। ਓਸ ਨੇ ਵੀ ਮੈਡੀਕਲ ਲੈ ਲਿਆ ਸੀ ਤੇ ਹੋਸਟਲ ਦੀ ਉਪਰਲੀ ਮੰਜ਼ਲ ਤੇ ਉਸ ਨੂੰ ਕਮਰਾ ਮਿਲ ਗਿਆ ਸੀ। ਪਤਾ ਨਹੀਂ ਉਹਨੂੰ ਕੀ ਹੋ ਗਿਆ ਕਿ ਉਹਨੇ ਛੱਤ ਦੇ ਪੱਖੇ ਨਾਲ ਰੱਸੀ ਲਮਕਾ ਕੇ ਆਪਣੀ ਬੋਦੀ ਰੱਸੀ ਨਾਲ ਬੰਨ੍ਹ ਕੇ ਅੰਗਰੇਜ਼ੀ ਦੀ ਡਿਕਸ਼ਨਰੀ ਜ਼ਬਾਨੀ ਯਾਦ ਕਰਨੀ ਸ਼ੁਰੂ ਕਰ ਦਿੱਤੀ। ਅਜੇ ਉਹਨੇ “ਏ” ਦੇ ਸਾਰੇ ਸ਼ਬਦ ਵੀ ਯਾਦ ਨਹੀਂ ਸਨ ਕੀਤੇ ਕਿ ਪਾਗਲ ਹੋ ਗਿਆ ਅਤੇ ਕਾਲਜ ਛੱਡ ਕੇ ਦੌੜ ਗਿਆ।
******
ਚਲਦਾ
No comments:
Post a Comment