ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, May 16, 2010

ਸ਼ਮਸ਼ੇਰ ਸਿੰਘ ਸੰਧੂ - ਰਕਸ ਕਰਦੇ ਵਲਵਲਿਆਂ ਦਾ ਗ਼ਜ਼ਲਗੋ ਪ੍ਰੋ. ਮੋਹਨ ਸਿੰਘ ਔਜਲਾ - ਲੇਖ

ਰਕਸ ਕਰਦੇ ਵਲਵਲਿਆਂ ਦਾ ਗ਼ਜ਼ਲਗੋ ਪ੍ਰੋ. ਮੋਹਨ ਸਿੰਘ ਔਜਲਾ

ਲੇਖ

-----

-----

ਬਹਿਰ ਵਿਚ ਲਿਖਕੇ ਗ਼ਜ਼ਲ ਗਾਵਾਂ ਤੁਰੰਨਮ ਵਿਚ ਜਦੋਂ ਮੈਂ,

ਰਕਸ ਕਰਦੇ ਵਲਵਲੇ ਤੇ ਝੂਮ ਉੱਠਦੀ ਕੁੱਲ ਬਜ਼ਮ ਹੈ

ਪ੍ਰੋ. ਮੋਹਨ ਸਿੰਘ ਔਜਲਾ 1998 ਵਿੱਚ ਪਹਿਲੀ ਵਾਰ ਮੈਨੂੰ ਪੰਜਾਬੀ ਸਾਹਿਤ ਸਭਾ, ਕੈਲਗਰੀ, ਕੈਨੇਡਾ ਦੀ ਇਕ ਮੀਟਿੰਗ ਵਿੱਚ ਮਿਲੇ ਸਨਓਦੋਂ ਵੀ ਉਹ ਜਿੱਥੇ ਖ਼ੂਬਸੂਰਤ ਗ਼ਜ਼ਲ ਲਿਖਦੇ ਸਨ ਓਥੇ ਉਹਨਾਂ ਦੀ ਅਦਾਇਗੀ ਵੀ ਓਨੀ ਹੀ ਸੁਹਣੀ ਸੀ ਜਿੰਨੀ ਹੁਣਭਾਵੇਂ ਓਦੋ ਤਕ ਉਹਨਾਂ ਕੋਈ ਪੁਸਤਕ ਛਪਵਾਉਣ ਵੱਲ ਧਿਆਨ ਨਹੀਂ ਸੀ ਦਿੱਤਾ ਪਰ ਉਹਨਾਂ ਨੂੰ ਗ਼ਜ਼ਲ ਲਿਖਦਿਆਂ 39-40 ਸਾਲ ਹੋ ਗਏ ਸਨ ਉਹਨਾਂ ਦਾ ਖਾਣ ਪੀਣ, ਪਹਿਨਣ ਤੇ ਰਹਿਣੀ ਬਹਿਣੀ ਵੀ ਬੜੀ ਸਲੀਕੇ ਵਾਲੀ ਤੇ ਪ੍ਰਭਾਵਸ਼ਾਲੀ ਹੈਜਦੋਂ ਮੈਂ 2002 ਵਿੱਚ 65 ਸਾਲ ਦੀ ਉਮਰੇ ਗ਼ਜ਼ਲ ਲਿਖਣੀ ਸ਼ੁਰੂ ਕੀਤੀ ਤਾਂ ਕੈਲਗਰੀ ਵਿੱਚ ਜਦ ਵੀ ਅਸੀਂ ਕਿਸੇ ਸਭਾ ਸੁਸਾਇਟੀ ਵਿੱਚ ਇਕੱਠੇ ਹੁੰਦੇ, ਉਹ ਮੇਰੀ ਗ਼ਜ਼ਲ ਬੜੀ ਰੀਝ ਨਾਲ ਸੁਣਦੇ ਤੇ ਉਤਸ਼ਾਹ ਦੇਂਦੇਜਦ 2003 ਵਿੱਚ ਮੇਰਾ ਪਹਿਲਾ ਗ਼ਜ਼ਲ-ਸੰਗ੍ਰਹਿ -ਗਾ ਜ਼ਿੰਦਗੀ ਦੇ ਗੀਤ ਤੂੰ- ਕੈਲਗਰੀ ਵਿੱਚ ਛਪਿਆ ਤਾਂ ਓਸ ਵੇਲੇ ਵੀ ਮੇਰਾ ਉਹਨਾਂ ਬਾਰੇ ਇਹੀ ਪ੍ਰਭਾਵ ਸਨਇਹੀ ਪ੍ਰਭਾਵ ਮੇਰੀ ਇਕ ਗ਼ਜ਼ਲ ਵਿੱਚ ਦਰਜ ਹਨ-

ਮਿਹਨਤਾਂ ਕਰ ਹੋਂਵਦੀ ਆਪੇ ਸਿਆਣੀ ਜ਼ਿੰਦਗੀ

ਸੰਘਰਸ਼ ਬਿਨ ਜਾਪਦੀ ਹੈ ਬਦਗੁਮਾਨੀ ਜ਼ਿੰਦਗੀ

ਗੁਣ ਗਿਆਨੀ ਦੇ ਸਦਾ ਹਨ ਤੌਰ ਮੋਹਨ ਦੇ ਰਹੇ

ਗੀਤ ਸੁਰ ਹੈ ਗਾ ਰਹੀ ਹੁਣ ਚੁਪਚਾਨੀ ਜ਼ਿੰਦਗੀ

-----

ਪ੍ਰੋ. ਮੋਹਨ ਸਿੰਘ ਔਜਲਾ ਦਾ ਸਾਰਾ ਜੀਵਨ ਇਕ ਸੰਘਰਸ਼ ਦੀ ਦਾਸਤਾਨ ਹੈਉਹ 8 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਤੇ 9 ਸਾਲ ਵਿਚ ਮਾਤਾਉਹਨਾਂ ਦਾ ਇਕ ਸ਼ਿਅਰ ਹੈ-

ਮੇਰਾ ਬਚਪਨ ਤੇ ਜਵਾਨੀ ਸੋਗ ਵਿਚ ਡੁੱਬੇ ਰਹੇ,

ਕਰ ਇਨਾਇਤ ਮਹਿਰਮਾਂ ਦੋ ਚਾਰ ਪਲ ਮੁਸਕਾ ਲਵਾਂ

ਦਫ਼ਨ ਸੀਨੇ ਵਿਚ ਅਪੂਰਨ ਹਨ ਹਜ਼ਾਰਾਂ ਹਸਰਤਾਂ,

ਕਰ ਮੁਰਾਦਾਂ ਪੂਰੀਆਂ ਦੋ ਚਾਰ ਸੁਖ ਦੇ ਸਾਹ ਲਵਾਂ

-----

ਕਾਲਜ ਪੜ੍ਹਦਿਆਂ ਉਹ ਕਵਿਤਾ ਲਿਖਣ ਲੱਗ ਪਏ ਸਨਮਨ ਵਿੱਚ ਕਈ ਵਾਰੀ ਸਵਾਲ ਉਠਦਾ- ਬਿਨਾ ਮੁਰਸ਼ਦਾਂ ਰਾਹ ਨਾ ਹੱਥ ਆਵਣਆਖੇ ਪੁੱਛਣ ਦੱਸਿਆਂ ਲਾਹੇ ਵਿਸ਼ਵਾਸ ---1961 ਵਿੱਚ ਅੰਮ੍ਰਿਤ ਦਸੂਹਵੀ ਦੇ ਸ਼ਗਿਰਦ, ਆਪਣੇ ਸਹਿਪਾਠੀ ਗੁਰਚਰਨ ਸਿੰਘ ਗ਼ੁਸਤਾਖ਼ ਤੋਂ ਔਜਲਾ ਜੀ ਨੇ ਗ਼ਜ਼ਲ ਦੇ ਵੱਟਿਆਂ (ਰੁਕਨਾਂ) ਅਤੇ ਲਘੂ ਗੁਰੂ ਮਾਤਰਾਵਾਂ ਬਾਰੇ ਮੁਢਲੀ ਜਾਣਕਾਰੀ ਪ੍ਰਾਪਤ ਕੀਤੀਬਹਿਰਾਂ ਦਾ ਹੋਰ ਗਿਆਨ ਪ੍ਰਾਪਤ ਕਰਨ ਲਈ ਉਹਨਾਂ ਨੇ ਸਾਧੂ ਸਿੰਘ ਹਮਦਰਦ ਦੀ ਪੁਸਤਕ ਗ਼ਜ਼ਲ -, ਦੀਪਕ ਜੈਤੋਈ ਦੀ ਪੁਸਤਕ - ਗ਼ਜ਼ਲ ਕੀ ਹੈ-, ਪ੍ਰੋ. ਜੋਗਿੰਦਰ ਸਿੰਘ ਦੀ ਪੁਸਤਕ ਪਿੰਗਲ ਅਤੇ ਅਰੂਜ਼ -, ਮਹਿੰਦਰ ਮਾਨਵ ਦੀ ਪੁਸਤਕ ਪਿੰਗਲ ਅਤੇ ਅਰੂਜ਼-, ਚਾਨਣ ਗੋਬਿੰਦ ਪੁਰੀ ਦੀ ਪੁਸਤਕ ਪੰਜਾਬੀ ਗ਼ਜ਼ਲ ਦਾ ਪਿੰਗਲ ਅਤੇ ਅਰੂਜ਼-, ਡਾ. ਐਸ ਤਰਸੇਮ ਦੀ ਪੁਸਤਕ ਗ਼ਜ਼ਲ ਅਰੂਜ਼ ਤੇ ਪਿੰਗਲ-, ਸੁਲੱਖਣ ਸਰਹੱਦੀ ਦੀ ਪੁਸਤਕ ਸੰਪੂਰਨ ਪਿੰਗਲ ਅਤੇ ਅਰੂਜ਼- ਪੜ੍ਹੀਆਂ ਤੇ ਘੋਖੀਆਂ ਅਤੇ ਇਸ ਪ੍ਰਕਾਰ ਇਹਨਾਂ ਸਾਰਿਆਂ ਨੂੰ ਹੀ ਉਹ ਆਪਣਾ ਉਸਤਾਦ ਮੰਨਦੇ ਹਨ

-----

ਉਹਨਾਂ ਨੂੰ ਗ਼ਜ਼ਲ ਦੇ ਅਰੂਜ਼ ਬਾਰੇ ਨਿਰਸੰਦੇਹ ਪੂਰੀ ਜਾਣਕਾਰੀ ਤੇ ਪਕੜ ਹਾਸਲ ਹੈਗ਼ਜ਼ਲ ਅਜਿਹੀ ਸਿਨਫ਼ ਹੈ ਜਿਸ ਵਿੱਚ ਸ਼ਿਲਪ ਅਤੇ ਕਲਾ ਦਾ ਬਹੁਤ ਮਹੱਤਵ ਹੈਤਕਨੀਕੀ ਗੁਣਾਂ ਤੋਂ ਸੱਖਣੀ ਗ਼ਜ਼ਲ, ਗ਼ਜ਼ਲ ਨਹੀਂ ਰਹਿੰਦੀਪ੍ਰੋ. ਔਜਲਾ ਨੇ ਗ਼ਜ਼ਲ ਵਿਧਾਨ ਅਤੇ ਸ਼ਿਲਪ ਵਿੱਚ ਪਰਬੀਨਤਾ ਪ੍ਰਾਪਤ ਕਰਨ ਲਈ ਬਹੁਤ ਮਿਹਨਤ ਕੀਤੀ ਹੈਮੈਨੂੰ ਆਸ ਹੈ ਕਿ ਜਾਣਕਾਰ ਪਾਠਕ ਤੇ ਅਲੋਚਕ ਅਵੱਸ਼ ਇਸ ਦੀ ਦਾਦ ਦੇਣਗੇ ਪ੍ਰੋ. ਮੋਹਨ ਸਿੰਘ ਔਜਲਾ ਵੱਲੋਂ ਵਰਤੀਆਂ ਗਈਆਂ ਬਹਿਰਾਂ ਦਾ ਵੇਰਵਾ ਉਹਨਾਂ ਦੀ ਗ਼ਜ਼ਲ ਵਿਧਾਨ ਅਤੇ ਸ਼ਿਲਪ ਵਿੱਚ ਪਰਬੀਨਤਾ ਦਾ ਪ੍ਰਮਾਣ ਹੈ

-----

ਆਓ ਜ਼ਰਾ ਪ੍ਰੋ. ਔਜਲਾ ਦੀਆਂ ਗ਼ਜ਼ਲਾਂ ਦੇ ਵਿਸ਼ਿਆਂ ਤੇ ਇਕ ਝਾਤ ਮਾਰੀਏਪਿਆਰ ਆਦਮ ਜ਼ਾਤ ਦਾ ਆਦਿ ਹੈਪਿਆਰ ਬਿਨ ਬੰਦਾ ਨਿਰਾ ਹੈਵਾਨ ਹੈਪ੍ਰੋ. ਔਜਲਾ ਦੀ ਸ਼ਾਇਰੀ ਦਾ ਆਰੰਭ ਵੀ ਪਿਆਰ ਤੋਂ ਹੋਇਆਪਿਆਰ ਦੀ ਛਾਪ ਅਮਿੱਟ ਹੁੰਦੀ ਹੈ ਅਤੇ ਦਿਲ ਤੇ ਯਾਰ ਦੇ ਉੱਕਰੇ ਨਕਸ਼ ਮਿਟਾਏ ਨਹੀਂ ਜਾ ਸਕਦੇਪਿਆਰ ਨੂੰ ਉਹ ਅੱਲਾਹ ਦਾ ਨੂਰ ਮੰਨਦੇ ਹਨ-

ਇੱਕ ਨਿਰ - ਮੋਹੇ ਤੋਂ ਆਪਾ ਵਾਰ ਕੇ

ਬਹਿ ਗਏ ਜੀਵਨ ਦੀ ਬਾਜ਼ੀ ਹਾਰ ਕੇ

ਦਿਲ ਤਾਂ ਸੀ ਬਚਪਨ ਤੋਂ ਭੁੱਖਾ ਪਿਆਰ ਦਾ,

ਮੋਹ ਲਿਆ ਮਹਿਰਮ ਨੇ ਪਲ ਭਰ ਪਿਆਰ ਕੇ

-----

ਦੂਰ ਇਕ ਦੂਜੇ ਤੋਂ ਰਹਿ ਸਕਦੇ ਨਹੀਂ,

ਇਸ਼ਕ ਨਗਮਾਂ ਹੁਸਨ ਉਸਦੀ ਤਾਨ ਹੈ

ਇਸ਼ਕ ਤੋਂ ਹੈ ਆਦਿ ਆਦਮ ਜ਼ਾਤ ਦਾ,

ਪਿਆਰ ਬਿਨ ਬੰਦਾ ਨਿਰਾ ਹੈਵਾਨ ਹੈ

----

ਖਰੇ ਕਿਹੜਾ ਜਾਦੂ ਉਹ ਸਿਰ ਪਾ ਗਿਆਏ

ਜਿਦ੍ਹੀ ਭਾਲ ਕਰਦੇ ਹਾਂ ਹੋਇਆ ਸ਼ੁਦਾਈ

ਗਿਆ ਦਿਲ ਤੇ ਉੱਕਰ ਕੋਈ ਨਕਸ਼ ਅਪਣੇ

ਕਿ ਤਸਵੀਰ ਉਸ ਦੀ ਨਾ ਜਾਵੇ ਮਿਟਾਈ

-----

ਮੋਹ ਲਵੇ ਦਿਲ ਹਰ ਕਿਸੇ ਦਾ ਰੂਪ ਦੀ ਜਲਵਾਗਰੀ,

ਇਸ਼ਕ ਹੈ ਮੂਸਾ ਨਿਮਾਣਾ ਹੁਸਨ ਕੋਹੇਤੂਰ ਹੈ

ਨੂਰ ਅੱਲਾਹ ਦੇ ਨੇ ਜਿਸਦੇ ਸਿਰ ਤੇ ਜਾਦੂ ਧੂੜਿਆ,

ਬਣ ਗਿਆ ਸੁਕਰਾਤ, ਈਸਾ ਤੇ ਕੋਈ ਮਨਸੂਰ ਹੈ

-----

ਜਦ ਮਹਿਰਮ ਯਾਰ ਨਾਲ ਰੂਹਾਂ ਦਾ ਰਿਸ਼ਤਾ ਜੁੜ ਜਾਂਦਾ ਹੈ, ਮਹਿਰਮ ਯਾਰ ਨਸ ਨਸ ਅੰਦਰ ਅਨੁਭਵ ਹੁੰਦਾ ਹੈ ਤੇ ਇਸ਼ਕ ਹੀ ਦੀਨ, ਈਮਾਨ ਤੇ ਲਕਸ਼ ਹੋ ਨਿਬੜਦਾ ਹੈ-

ਨਸ ਨਸ ਅੰਦਰ ਅਨੁਭਵ ਹੋਵੇ ਹੁਣ ਤਾਂ ਮਹਿਰਮ ਯਾਰ ਸਮਾਇਆ

ਦੋ ਕਾਲਿਬ ਪਰ ਜਾਨ ਹੈ ਇੱਕੋ ਮੈਂ ਉਸਦਾ ਉਹ ਮੇਰਾ ਸਾਇਆ

-----

ਇਸ਼ਕ ਮੇਰਾ ਦੀਨ ਹੈ ਈਮਾਨ ਹੈ ਤੇ ਲਕਸ਼ ਹੈ

ਕਰਾਂ ਇਸਦੀ ਇਬਾਦਤ ਸਮਝ ਰੱਬ ਦੀ ਜ਼ਾਤ ਹੈ

-----

ਪ੍ਰੋ. ਮੋਹਨ ਸਿੰਘ ਔਜਲਾ ਦਾ ਪਿਆਰ ਨੂੰ ਸੰਜੋਗਾਂ ਦੀ ਗੱਲ ਮੰਨਦੇ ਹਨਇਹ ਅਗਨੀ ਕੱਖਾਂ ਚ ਵੀ ਨਹੀਂ ਛੁਪਾਈ ਜਾਂਦੀ

ਜਦੋਂ ਯਾਦ ਆਵੇ ਛਲਕ ਆਉਣ ਅੱਥਰੂ

ਨਾ ਕੱਖਾਂ ਚ ਅਗਨੀ ਹੈ ਜਾਂਦੀ ਛੁਪਾਈ

-----

ਜੋ ਪਿਆਰਾ ਕਦੇ ਮਹਿਲਾਂ ਨੂੰ ਨਫ਼ਰਤ ਕਰਦਾ ਸੀ ਜੇ ਓਹੀ ਸੋਨੇ ਦੀ ਤੱਕੜੀ ਤੁਲ ਜਾਏ ਤਾਂ ਸਹਿਣਾ ਬੜਾ ਕਠਣ ਹੁੰਦਾ ਹੈ, ਝੋਲ਼ ਖਾਰਾਂ ਦੀ ਭਰ ਜਾਂਦੀ ਹੈ-

ਮਿਰੇ ਵਾਂਗੂੰ ਹੀ ਮਹਿਲਾਂ ਨੂੰ ਤੂੰ ਕਰਦਾ ਸੀ ਸਦਾ ਨਫ਼ਰਤ,

ਕਿਵੇਂ ਸੋਨੇ ਦੀ ਤੱਕੜੀ ਫਿਰ ਹਿਯਾਤੀ ਤੋਲ ਦਿੱਤੀ ਏ

ਵਿਛਾਏ ਰਾਹ ਤੇਰੀ ਫੁਲ ਮੈਂ ਸ਼ੁਭ-ਕਾਮਨਾਵਾਂ ਦੇ,

ਤੂੰ ਪਾ ਕੇ ਖ਼ੈਰ ਖਾਰਾਂ ਦੀ ਮਿਰੀ ਭਰ ਝੋਲ਼ ਦਿੱਤੀ ਏ

-----

ਜਵਾਨੀ ਢਲ਼ ਗਈ, ਦੇਸ ਤੋਂ ਪਰਦੇਸ ਆ ਗਏਖਾਧੀਆਂ ਕਸਮਾਂ ਤੇ ਕੀਤੇ ਵਾਅਦੇ, ਮਾਣੇ ਵਸਲਾਂ ਦੇ ਪਲ ਤੇ ਸੁੱਚੀਆਂ ਛੋਹਾਂ, ਯਾਦਾਂ ਦੀ ਅਟੁਟ ਮਾਲ਼ਾ ਵਿਚ ਸੁੱਚੇ ਮੋਤੀਆਂ ਵਾਂਗ ਪਰੋਏ ਪਏ ਰਹਿੰਦੇ ਹਨ, ਮਹਿਰਮ ਸਾਹਾਂ ਵਾਂਗ ਦਿਲ ਵਿਚ ਸਮੋਇਆ ਰਹਿੰਦਾ ਹੈ

ਵਸਲਾਂ ਦੇ ਪਲ, ਸੁੱਚੀਆਂ ਛੋਹਾਂ, ਸਭ ਕਸਮਾਂ ਤੇ ਵਾਅਦੇ,

ਯਾਦਾਂ ਦੀ ਮਾਲ਼ਾ ਵਿਚ ਰਹਿੰਦੇ ਮੋਤੀਆਂ ਵਾਂਗ ਪਰੋਏ

ਦਿਲ ਤੇ ਉੱਕਰੇ ਨਕਸ਼ ਜਿਨ੍ਹਾਂ ਦੇ ਕੋਈ ਮੇਟ ਸਕੇ ਨਾ,

ਮਹਿਰਮ ਰਹਿੰਦੇ ਸੀਨੇ ਅੰਦਰ ਸਾਹਾਂ ਵਾਂਗ ਸਮੋਏ

-----

ਪਰਾਏ ਦੇਸ਼ ਵਿਚ ਦਿਲ ਵਿਚ ਸਮੋਏ ਦਰਦ ਦਾ ਹਮਰਾਜ਼ ਵੀ ਕੋਈ ਨਹੀਂ, ਵਿਛੋੜੇ ਵਿਚ ਬਹਾਰਾਂ ਦੀ ਰੁੱਤ ਵੀ ਨਹੀਂ ਗਾਖਦੀ, ਪਰ ਮਹਿਰਮ ਦੀ ਦੀਦ ਦੀ ਤਾਂਘ ਅਜੇ ਵੀ ਹੈ

ਦੇਸ਼ ਪਰਾਇਆ ਕਿਸ ਸੰਗ ਫੋਲਾਂ, ਜੋ ਜੋ ਦਿਲ ਵਿਚ ਦਰਦ ਸਮੋਏ

ਦੀਦ ਬਿਨਾ ਦਰ ਦੋ ਨੈਣਾਂ ਦੇ, ਆ ਜਾ ਕਿਧਰੇ ਜਾਣ ਨਾ ਢੋਏ

------

ਆਈ ਪੀੜ ਵਧਾ ਗਈ ਰੁੱਤ ਬਹਾਰਾਂ ਦੀ

ਫੁੱਲਾਂ ਦੀ ਥਾਂ ਵਰਖਾ ਕਰ ਗਈ ਖ਼ਾਰਾਂ ਦੀ

-----

ਆਪਣੇ ਦੇਸ ਅਤੇ ਪਿਆਰੇ ਤੋਂ ਦੂਰ, ਪਰਾਏ ਦੇਸ ਦੀ ਫਿਜ਼ਾ ਰਾਸ ਨਾ ਆਵੇ ਤਾਂ ਬੰਦਾ ਮਾਨਸਿਕ ਦੁਅੰਧ ਦਾ ਸ਼ਿਕਾਰ ਹੋਕੇ ਰਹਿ ਜਾਂਦਾ ਹੈ-

ਕਿਸ ਤਰ੍ਹਾਂ ਖ਼ੁਸ਼ੀਆਂ ਮਨਾਵੇ ਗੀਤ ਗਾਵੇ ਕਿਸਤਰ੍ਹਾਂ,

ਰਾਸ ਨਾ ਆਵੇ ਫ਼ਿਜ਼ਾ ਜਿਸ ਨੂੰ ਪਰਾਏ ਦੇਸ ਦੀ

ਖ਼ੂਬਸੂਰਤ ਪਾਰਕਾਂ ਦਿਲਕਸ਼ ਨਜ਼ਾਰੇ ਮੋਹਣ ਨਾ,

ਮਨ ਜਦੋਂ ਵਤਨੀ ਫਿਰੇ ਤਾਂ ਤਨ ਕਿਵੇਂ ਮਾਣੇ ਖ਼ੁਸ਼ੀ

-----

ਹਰ ਬੰਦਾ ਆਪਣੀ ਪਹਿਚਾਣ ਉਮਰ ਭਰ ਦੀ ਮਿਹਨਤ ਨਾਲ ਬਣਾਉਂਦਾ ਹੈਪਰਦੇਸ ਆਕੇ ਵੱਡਾ ਦੁੱਖ ਗੁੰਮ ਗਈ ਪਹਿਚਾਣ ਦਾ ਵੀ ਹੁੰਦਾ ਹੈ ਜੋ ਬੰਦੇ ਨੂੰ ਘੁਣ ਵਾਂਗ ਖਾ ਲੈਂਦਾ ਹੈ-

ਵਾਂਗ ਘੁਣ ਦੇ ਖਾ ਲਵੇ ਦੁੱਖ ਗੁੰਮ ਗਈ ਪਹਿਚਾਣ ਦਾ,

ਜਦ ਰਹੇ ਤਿੰਨਾ ਨਾ ਤ੍ਹੇਰਾਂ ਵਿਚ ਕੋਈ ਬੰਦਾ ਕਦੀ

ਅਜ ਵੀ ਉਸ ਦੇ ਨਾਮ ਦੀ ਫੇਰੇ ਹੈ ਮਾਲ਼ਾ ਰਾਤ ਦਿਨ,

ਜਿਸ ਦੇ ਦਰ ਤੋਂ ਉਮਰ ਭਰ ਨਾ ਖ਼ੈਰ ਵਸਲਾਂ ਦੀ ਮਿਲੀ

-----

ਕਵੀ ਫਿਰ ਮਨ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਕਿ ਜੋ ਪਲ ਜੀਵਨ ਚੋਂ ਮਨਫ਼ੀ ਹੋ ਗਏ ਉਹ ਵਾਪਸ ਕਦੇ ਨਹੀਂ ਆਉਂਦੇ

ਮਨਾ ਕਿਉਂ ਯਾਦ ਕਰ ਬੀਤੇ ਨੂੰ ਦੀਦੇ ਗਾਲ਼ਦਾ ਰਹਿਨੈ

ਗੁਆਚੇ ਨਕਸ਼ ਭੀਤਾਂ ਚੋਂ ਅਜਾਈਂ ਭਾਲ਼ਦਾ ਰਹਿਨੈ

ਜੋ ਮਨਫੀ ਹੋ ਗਏ ਜੀਵਨ ਚੋਂ ਪਲ ਵਾਪਸ ਨਹੀਂ ਆਉਂਦੇ,

ਕਿਸੇ ਦੇ ਪਰਤਣੇ ਦਾ ਭਰਮ ਕਿਉਂ ਤੂੰ ਪਾਲ਼ਦਾ ਰਹਿਨੈ

-----

ਨਿਰਾਸ਼ਾ ਦੇ ਇਹਨਾਂ ਘੁੱਪ ਹਨੇਰਿਆਂ ਵਿੱਚ ਵੀ ਕਵੀ ਆਸ਼ਾਵਾਦੀ ਹੈ ਤੇ ਲੰਮਾ ਜੇਰਾ ਰੱਖ ਕੇ ਤੁਰਦੇ ਜਾਣ ਦਾ ਧਾਰਨੀ-

ਵਗਦੀਆਂ ਪੌਣਾਂ, ਉੱਡਦੇ ਪੰਛੀ , ਚਲਦੇ ਨਦੀਆਂ ਨਾਲ਼ੇ

ਸਾਰੇ ਆਖਣ ਤੁਰਦਾ ਚੱਲ ਤੂੰ ਰੱਖ ਕੇ ਲੰਮਾ ਜੇਰਾ

ਬੱਦਲਾਂ ਦੀ ਕੰਨੀ ਚੁੱਕ ਸੂਰਜ ਸੈਨਤ ਕਰਕੇ ਆਖੇ,

ਘੁਪ ਹਨੇਰਿਆਂ ਦੀ ਬੁੱਕਲ਼ ਵਿੱਚ ਹੁੰਦਾ ਸੋਨ-ਸਵੇਰਾ

-----

ਧਰਮਾਂ ਦੀਆਂ ਵਲਗਣਾਂ ਤੋਂ ਮੁਕਤ, ਮਾਨਵਵਾਦੀ ਪ੍ਰੋ. ਮੋਹਨ ਸਿੰਘ ਔਜਲਾ ਲਈ ਪਹਿਲਾਂ ਸਭ ਇਨਸਾਨ ਹਨ ਤੇ ਧਰਮ ਪਿਛੋਂ-

ਨਾ ਹਿੰਦੂ ਨਾ ਮੁਸਲਿਮ ਬਣੀਏਂ ਤੇ ਨਾ ਸਿੱਖ ਈਸਾਈ

ਪਹਲਾਂ ਸਭ ਇਨਸਾਨ ਤੇ ਪਿੱਛੋਂ ਬਣੀਏਂ ਭਾਈ ਭਾਈ

-----

ਪ੍ਰੋ. ਔਜਲਾ ਤੰਗ ਦਿਲੀ ਤੇ ਸਉੜੀਆਂ ਸੋਚਾਂ ਦੀ ਹਰ ਦੀਵਾਰ ਢਾਉਣ ਅਤੇ ਦੂਜਿਆਂ ਦੇ ਐਬ ਵੇਖਣ ਤੋਂ ਪਹਿਲਾਂ ਆਪਣੇ ਐਬਾਂ ਤੇ ਝਾਤ ਪਾਉਣ ਲਈ ਪ੍ਰੇਰਦੇ ਹਨ

ਤੰਗ ਦਿਲੀ ਚੋਂ ਜਨਮ ਲੈਂਦੀ ਹੈ ਹਮੇਸ਼ਾ ਸੰਗ-ਦਿਲੀ,

ਸਉੜੀਆਂ ਸੋਚਾਂ ਦੀ ਹਰ ਦੀਵਾਰ ਢਾਹੀਏ ਦੋਸਤੋ

ਦੂਸਰੇ ਦੇ ਦੋਸ਼ ਫੋਲਣ ਤੋਂ ਤਾਂ ਬਿਹਤਰ ਹੈ ਇਹੋ,

ਆਪਣੇ ਐਬਾਂ ਤੇ ਪਹਿਲਾਂ ਝਾਤ ਪਾਈਏ ਦੋਸਤੋ

----

ਹਰ ਤਰਫ਼ ਖ਼ੁਦਗਰਜ਼ੀ ਦਾ ਦੌਰ ਦੌਰਾ ਹੈਇਸ ਲਈ ਕਵੀ ਸਭ ਨੂੰ ਨਫ਼ਰਤਾਂ ਤਿਆਗ ਕੇ ਨੇਕ-ਦਿਲੀ ਤੇ ਸਦ-ਵਿਵਹਾਰ ਵਈ ਪ੍ਰੇਰਦਾ ਅਤੇ ਸਾਰਿਆਂ ਦੀ ਬਿਹਤਰੀ ਲਈ ਸਹਿ- ਹੋਂਦ ਦਾ ਸੰਦੇਸ਼ ਦੇਂਦਾ ਹੈ -

ਪਿਆਰ ਵਫ਼ਾ ਤੇ ਸਾਫ਼-ਦਿਲੀ ਦੇ ਲਗਦਾ ਅਰਥ ਗੁਆਚ ਗਏ,

ਖ਼ੁਦਗਰਜ਼ੀ ਦੀਆਂ ਹਰ ਰਿਸ਼ਤੇ ਤੇ ਪੈ ਚੁੱਕੀਆਂ ਪਰਛਾਈਆਂ ਨੇ

----

ਐ ਪਰਾਣੀ ਹਰ ਕਿਸੇ ਨੂੰ ਤਹਿ-ਦਿਲੋਂ ਤੂੰ ਪਿਆਰ ਕਰ

ਚਾਰ ਦਿਨ ਦੀ ਜ਼ਿੰਦਗੀ ਹੈ ਨੇਕ ਸਦ-ਵਿਵਹਾਰ ਕਰ

ਕਿਸ ਲਈ ਤੂੰ ਪਾਲ਼ਦਾ ਏਂ ਨਫਰਤਾਂ ਦੇ ਸ਼ੇਸ਼ਨਾਗ,

ਮੰਗ ਸਰਬੱਤ ਦਾ ਭਲਾ ਤੇ ਨਾ ਕਿਸੇ ਤੇ ਵਾਰ ਕਰ

------

ਪ੍ਰੋ. ਮੋਹਨ ਸਿੰਘ ਔਜਲਾ ਤਰਕਵਾਦੀ ਚੇਤਨਾ ਵਾਲਾ, ਲੁਟੇਰੇ ਅਹਿਲਕਾਰਾਂ ਦਾ ਵਰੋਧੀ ਹੈ ਤੇ ਸੁਰਗ ਦੇ ਲਾਰੇ ਲਗਾਉਣ ਵਾਲਿਆਂ ਦੇ ਪਾਜ ਉਘੇੜਣ ਜਾਣਦਾ ਹੈਉਸ ਨੂੰ ਪੂਰਾ ਯਕੀਨ ਹੈ ਕਿ ਚੇਤਨਾ ਲੋਕਾਂ ਚ ਏਕਤਾ ਪੈਦਾ ਕਰ ਰਹੀ ਹੈਹਾਲਾਤ ਵਿਸਫੋਟਕ ਬਣ ਰਹੇ ਹਨ ਅਤੇ ਸਦੀਆਂ ਪੁਰਾਣਾਂ ਮਨੂੰਵਾਦੀ ਜ਼ਾਤ-ਪਾਤੀ ਸਿਲਸਿਲਾ ਆਖਰ ਢਹਿ ਢੇਰੀ ਹੋਣਾ ਹੈ। -

ਅਹਿਲਕਾਰਾਂ ਤੇਰਿਆਂ ਲੁਟ ਕੇ ਲੁਕਾਈ ਖਾ ਲਈ,

ਭੁੱਖ ਹੂਰਾਂ ਦੀ ਜਗਾ ਕੇ ਸੁਰਗ ਦੇ ਲਾਰੇ ਲਗਾ

ਤਰਕਵਾਦੀ ਚੇਤਨਾ ਨੇ ਹੋਰ ਹੁਣ ਜਰਨਾ ਨਹੀਂ,

ਇਹ ਮਨੂੰਵਾਦੀ ਪੁਰਾਣਾ ਜ਼ਾਤ-ਪਾਤੀ ਸਿਲਸਿਲਾ

-----

ਹੁਣ ਤੇਰੇ ਛਡਯੰਤਰਾਂ ਨੇ ਕੰਮ ਕਿਸੇ ਆਉਣਾ ਨਹੀਂ,

ਚੇਤਨਾ ਲੋਕਾਂ ਪੈਦਾ ਕਰ ਰਹੀ ਹੈ ਏਕਤਾ

ਦਿਸ ਰਹੇ ਨੇ ਹਰ ਜਗ੍ਹਾ ਹਾਲਾਤ ਵਿਸਫੋਟਕ ਬਣੇ,

ਰਹਿ ਨਹੀਂ ਸਕਣਾ ਸਥਿਰ ਸਦੀਆਂ ਪੁਰਾਣਾਂ ਸਿਲਸਿਲਾ

ਰਿੰਦ ਰੋਹ ਵਿਚ ਆਣਕੇ ਦੇਵਣਗੇ ਪੈਮਾਨੇ ਬਦਲ,

ਕਰਨਗੇ ਕਬਜ਼ੇ ਚ ਅਪਣੇ ਮੈਅਕਦਾ ਦਰ ਮੈਅਕਦਾ

ਹੈ ਗਵਾਹ ਇਤਿਹਾਸ ਹੋਣੀ ਬਦਲਦੀ ਦੇਖੀ ਗਈ,

ਮਿਲ ਕੇ ਜਦ ਕੀਤਾ ਹੈ ਚਾਰਾ ਸਾਰਿਆਂ ਚਾਰਾਗਰਾਂ।



No comments: