ਲੇਖ
( ਦੋਸਤੋ! ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਦੀ ਲੇਖਣੀ ਕਲਾ ਬਾਰੇ ਸੁਪ੍ਰਸਿੱਧ ਆਲੋਚਕ/ਲੇਖਕ ਸਤਿੰਦਰ ਸਿੰਘ ਨੂਰ ਜੀ ਦਾ ਲਿਖਿਆ ਲੇਖ ਪੰਜਾਬੀ ਟ੍ਰਿਬਿਊਨ, ਚੰਡੀਗੜ੍ਹ ਨੇ – 22 ਜੁਲਾਈ, 2001 ਨੂੰ ਛਾਪਿਆ ਸੀ। ਸ਼ੁਕਰਗੁਜ਼ਾਰ ਹਾਂ ਰਵੀ ਸਾਹਿਬ ਦੀ ਜਿਨ੍ਹਾਂ ਨੇ ਇਹ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਲਈ ਘੱਲਿਆ ਹੈ।)
*******
ਰਵਿੰਦਰ ਰਵੀ ਪੰਜਾਬੀ ਸੰਸਾਰ ਨਾਲ ਆਪਣਾ ਸੰਵਾਦ ਨਿਰੰਤਰ ਕਾਇਮ ਰੱਖਦਾ ਹੈ। ਪੰਜਾਬੀਆਂ ਦਾ ਸੁਭਾੳ ਵੀ ਅਜਿਹਾ ਹੈ ਕਿ ਜਿਹੜਾ ਉਨ੍ਹਾਂ ਨਾਲ ਲਗਾਤਾਰ ਵਾਰਤਾਲਾਪ ਨਹੀਂ ਰੱਖਦਾ, ਉਸ ਨੂੰ ਉਹ ਗੌਲ਼ਦੇ ਵੀ ਨਹੀਂ! ਭਾਵੇਂ ਰਵਿੰਦਰ ਰਵੀ ਨੇ ਕਹਾਣੀਆਂ ਤੇ ਕਵਿਤਾਵਾਂ ਪਹਿਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਉਹ ਪ੍ਰਯੋਗਸ਼ੀਲ ਲਹਿਰ ਵੇਲੇ ਜਸਬੀਰ ਸਿੰਘ ਆਹਲੂਵਾਲੀਆ ਤੇ ਅਜਾਇਬ ਕਮਲ ਨਾਲ ਵਿਸ਼ੇਸ਼ ਚਰਚਾ ਵਿਚ ਆਇਆ ਤੇ ਉਸ ਤੋਂ ਪਿੱਛੋਂ ਉਹ ਨਿਰੰਤਰ ਚਰਚਾ ਵਿਚ ਰਿਹਾ ਹੈ, ਪਰ ਉਸ ਦੀ ਰਚਨਾ ਬਾਰੇ ਚਰਚਾ ਕੇਵਲ ਉਸ ਬਿੰਦੂ ‘ਤੇ ਸਥਿਤ ਹੋ ਕੇ ਨਹੀਂ ਕੀਤੀ ਜਾ ਸਕਦੀ। ਉਹ ਨਿਰੰਤਰ ਪ੍ਰਯੋਗਸ਼ੀਲ ਲੇਖਕ ਹੈ। ਉਹ ਲਹਿਰ ਪ੍ਰਯੋਗਵਾਦ ‘ਤੇ ਸਥਿਤ ਹੋ ਕੇ ਖ਼ਤਮ ਹੋ ਗਈ। ਪ੍ਰਯੋਗਵਾਦ ਤੇ ਪ੍ਰਯੋਗਸ਼ੀਲਤਾ ਵਿਚ ਅੰਤਰ ਹੈ। ਪ੍ਰਯੋਗਸ਼ੀਲਤਾ ਸਥਿਤ ਨਹੀਂ ਹੁੰਦੀ। ਸਿਰਜਣਾ ਹਮੇਸ਼ਾ ਨਵੇਂ ਰੂਪਾਂ, ਰੂਪਾਕਾਰਾਂ, ਭਾਸ਼ਾ, ਚਿਹਨਾਂ ਤੇ ਵਿਧੀਆਂ ਦੀ ਤਲਾਸ਼ ਕਰਦੀ ਰਹਿੰਦੀ ਹੈ। ਇਹ ਨਾ ਹੀ ਵਿਚਾਰਧਾਰਕ ਤੌਰ ਉੱਤੇ ਸਥਿਤ ਹੁੰਦੀ ਹੈ ਤੇ ਨਾ ਹੀ ਰੂਪ ਦੀ ਦ੍ਰਿਸ਼ਟੀ ਤੋਂ।
-----
ਰਵਿੰਦਰ ਰਵੀ ਨੇ ਕਵਿਤਾ ਵਿਚ ਜਿਸ ਬੌਧਿਕ ਅੰਦਾਜ਼ ਨੂੰ ਅਪਣਾਇਆ, ਉਹ “ਦਿਲ ਦਰਿਆ ਸਮੁੰਦਰੋਂ ਡੂੰਘੇ”(1961) ਤੋਂ ਹੀ ਸਾਹਮਣੇ ਆ ਗਿਆ ਸੀ। ਇਹ ਬੌਧਿਕ ਅੰਦਾਜ਼ ਰੋਮਾਨੀ ਪ੍ਰਗਤੀਵਾਦੀ ਧਾਰਾ ਦੀ ਕਵਿਤਾ ਤੋਂ ਵੱਖਰਾ ਸੀ। ਅਜਿਹੇ ਬੌਧਿਕ ਅੰਦਾਜ਼ ਦੇ ਆਲੇ-ਦੁਆਲੇ ਆਖੀ ਜਾਂਦੀ ‘ਆਧੁਨਿਕ’ ਕਵਿਤਾ ਵੀ ਪ੍ਰਫੁੱਲਤ ਹੋਈ। ਇਸ ਕਵਿਤਾ ਵਿਚ ਪਰੰਪਰਾ ਨਾਲ ਜੁੜੀ ਕਵਿਤਾ ਦਾ ਹੋਰ ਵੀ ਬਹੁਤ ਕੁਝ ਤਿਆਗਿਆ ਗਿਆ ਸੀ। ਇਸ ਬਾਰੇ ਰਵੀ ਨੇ ਆਪ ਵੀ ਆਖਿਆ ਸੀ:
..........
“ਮੇਰੇ ਪੋਚ ਦੇ ਤੇ ਇਸ ਤੋਂ ਅਗਲੇ ਪੋਚ ਦੇ ਕਵੀ ਹੰਢ ਹਾਰ ਚੁੱਕੀ ਮਰਿਆਦਾ ਦੇ ਤੰਗ ਚੌਖਟੇ ਵਿੱਚੋਂ ਨਿਕਲਕੇ ਸੁਤੰਤਰ ਰੂਪ ਵਿਚ ਆਪਣੇ ਯੁੱਗ-ਬੋਧ ਦੇ ਹਾਣ-ਪਰਵਾਨ ਦੀ ਰਚਨਾ ਕਰ ਰਹੇ ਹਨ।”
(“ਵਣ ਵਾਣੀ”, ਪੰਨਾਂ: 258 - ਦੂਜਾ ਐਡੀਸ਼ਨ-2005)
........
ਸੰਤ ਸਿੰਘ ਸੇਖੋਂ ਨੇ ਇਸ ਨੂੰ “ਉੱਤਰ-ਪ੍ਰਗਤੀਵਾਦੀ” ਦੌਰ ਆਖਿਆ।
(“ਅਜੀਤ”, ਜਾਲੰਧਰ, ਭਾਰਤ: 29–7-1968)
-----
ਇਸ ਕਵਿਤਾ ਵਿਚ ਨਗਰ, ਮਹਾਂ ਨਗਰ, ਅੰਤਰ-ਰਾਸ਼ਟਰੀ ਨਗਰਾਂ ਦਾ ਯਥਾਰਥ, ਆਧੁਨਿਕਤਾ ਤੋਂ ਪਾਰ ਉੱਤਰ-ਆਧੁਨਿਕਤਾ ਵਲ ਵਧਦੀ ਸਥਿਤੀ, ਉਸ ਵਿਚ ਮਨੁੱਖ ਦਾ ਬਦਲਦਾ ਸਰੂਪ, ਵਿਗਿਆਨ ਦੇ ਬਦਲਦੇ ਪਰਿਪੇਖ, ਜਿਸ ਨੂੰ ਉਸ ਦੀ ਕਵਿਤਾ ਵਿਚ “ਬ੍ਰਹਿਮੰਡੀ ਚੇਤਨਾ” ਵੀ ਆਖਿਆ ਗਿਆ, ਉਸ ਦੇ ਆਲੇ-ਦੁਆਲੇ ਪ੍ਰਸ਼ਨ ਵੀ ਜਾਗਦੇ ਹਨ ਤੇ ਉਨ੍ਹਾਂ ਸਥਿਤੀਆਂ ਵਿਚ ਮਾਨਵੀ ਅਸਤਿੱਤਵ ਦੀ ਤੀਬਰ ਤਲਾਸ਼ ਵੀ ਹੈ।
-----
ਇਸ ਬੌਧਿਕ ਅੰਦਾਜ਼ ਦੇ ਕਾਵਿ ਦਾ ਉਦੋਂ ਵਿਸ਼ੇਸ਼ ਚਰਚਾ ਹੋਇਆ, ਜਦੋਂ ਉਸ ਨੇ “ਦਿਲ-ਟ੍ਰਾਂਸਪਲਾਂਟ ਤੋਂ ਬਾਅਦ”(1969) ਦੀ ਰਚਨਾਂ ਕੀਤੀ। ਉਸ ਬੌਧਿਕ ਅੰਦਾਜ਼ ਨੇ ਉਸ ਕਾਵਿ-ਭਾਸ਼ਾ ਨੂੰ ਸਾਹਮਣੇ ਲਿਆਂਦਾ, ਜਿਸ ਨੂੰ ਪਰੰਪਰਿਕ ਕਾਵਿ-ਸ਼ਾਸ਼ਤਰ ਨੇ ਕਾਵਿ ਤੋਂ ਬਾਹਰ ਰੱਖਿਆ ਹੋਇਆ ਸੀ:
...........
ਯਾਂਤਰਕ ਯੁੱਗ ‘ਚ ਧਰਮ-ਹੀਣਤਾ ਦਾ ਸ਼ਰਾਪ,
ਆਸਥਾ
ਮਿਥਿਹਾਸ ਦੇ ਹੱਥਾਂ ‘ਚ
ਖਿਡੌਣਾ ਬਣਨ ਤੋਂ ਆਕੀ ਹੈ!
ਫਿਰ ਵੀ ਪਤਾ ਨਹੀਂ ਕਿਉਂ ਚੋਰ-ਨਜ਼ਰ
ਸ਼ਿਵ-ਮੰਦਰ ‘ਚ ਸ਼ਿਵ-ਲਿੰਗ ਵਲਾਂ
ਹਿਰਸ ਭਰੀ ਤੱਕਦੀ ਹੈ ਤਾਂ ਆਪਣੇ ਅੰਦਰ
ਹੌਲ਼ੀ, ਹੌਲ਼ੀ ਹੰਢ ਸੁਕੜ ਕੇ ਝੜ ਚੁੱਕੇ ਮਨੁੱਖ ਨੂੰ
ਸਿਰਜਣਾ-ਹੀਣ ਆਪਣੀ ਹੋਂਦ
ਕਰਮ-ਹੀਣ ਹੋ ਡੱਸਦੀ, ਬੇਲੋੜਾ ਬੋਝ ਜਿਹਾ ਲੱਗਦੀ ਹੈ!
ਇਕਾਂਗੀ ਅਕੇਵੇਂ ‘ਚ ਠੰਡੀ ਸੋਚ,
ਹੱਡਾਂ ‘ਚ ਹਰ ਸਮੇਂ ਹੀ ਇਕ ਸੁੰਨ ਜਿਹੀ ਚੜ੍ਹਦੀ ਹੈ!
ਦਿਲ-ਟ੍ਰਾਂਸਪਲਾਂਟ ਦੀ ਕਥਾ,
ਲਿੰਗ-ਟ੍ਰਾਂਸਪਲਾਂਟ ਬਿਨਾਂ ਅਧੂਰੀ ਹੈ!
.........
“ਲਿੰਗ-ਟ੍ਰਾਂਸਪਲਾਂਟ ਬਨਾਮ ਦਿਲ-ਟ੍ਰਾਂਸਪਲਾਂਟ”( “ਵਣ ਵਾਣੀ”, ਪੰਨਾਂ: 386-387 – ਦੂਜਾ ਐਡੀਸ਼ਨ-2005)
-----
ਇਹ ਕਵਿਤਾ ਉਨ੍ਹਾਂ ਆਦਰਸ਼ਵਾਦੀ ਚਿਹਨਾਂ ਤਕ ਸੀਮਤ ਨਹੀਂ ਸੀ, ਜਿਸ ਨਾਲ ਸਾਡੀ ਪਰੰਪਰਕ ਕਵਿਤਾ ਸੰਬੰਧਤ ਰਹੀ ਸੀ, ਕਿਉਂਕਿ ਇਸ ਦੇ ਯਥਾਰਥ ਦੀ ਸੀਮਾਂ ਵੀ ਉਹ ਨਹੀਂ ਸੀ। ਪਰ ਰਵਿੰਦਰ ਰਵੀ ਨਵੀਆਂ ਸਥਿਤੀਆਂ ਵਿਚ ਡੂੰਘੀ ਤਰ੍ਹਾਂ ਮਾਨਵੀ ਸਰੋਕਾਰਾਂ ਨਾਲ ਸੰਬੰਧਤ ਰਹਿੰਦਾ ਹੈ। ਮਾਨਵੀ ਸਰੋਕਾਰ ਇਹ ਕਵਿਤਾ ਉਸ ਸਰਲੀਕ੍ਰਿਤ ਵਿਧੀ ਵਿਚ ਪਰਭਾਸ਼ਿਤ ਨਹੀਂ ਕਰਦੀ, ਜਿਵੇਂ ਪਰੰਪਰਕ ਵਿਧੀ ਵਿਚ ਲਿਖਣ ਵਾਲੇ ਪ੍ਰਗਤੀਵਾਦੀ ਕਵੀ ਅਜੇ ਵੀ ਕਰਦੇ ਹਨ। ਇਸ ਦ੍ਰਿਸ਼ਟੀ ਤੋਂ ਉਸ ਦੀ ਕਵਿਤਾ: “ਤੀਜੀ ਧਿਰ” ਧਿਆਨ ਯੋਗ ਹੈ। ਉਹ ਮਨੁੱਖੀ ਸਰੋਕਾਰ ਤੀਜੀ ਧਿਰ ਨਾਲ ਸੰਬੰਧਤ ਹਨ:
........
ਇਹ ਇਕ ਅਤਿਵਾਦੀ ਦੀ ਲਾਸ਼ ਹੈ
ਤੇ ਔਹ ਇਕ ਪੁਲਿਸ ਦੇ ਸਿਪਾਹੀ ਦੀ,
ਆਪਣੀ, ਆਪਣੀ ਧਿਰ ਦੀ ਨਜ਼ਰ ਵਿਚ
ਦੋਵੇਂ ਸ਼ਹੀਦ ਹੋ ਗਏ ਹਨ!
ਇਨ੍ਹਾਂ ਦੋਂਹਾਂ ਧਿਰਾਂ ਦੇ ਵਿਚਕਾਰ
ਅਨੇਕਾਂ ਲਾਸ਼ਾਂ ਹੋਰ ਹਨ,
ਬੇਪਛਾਣ ਹੋਈ, ਤੀਜੀ ਧਿਰ,
ਇਨਸਾਨੀਅਤ ਦੀਆਂ!
ਬੱਚੇ, ਬੁੱਢੇ, ਇਸਤਰੀ, ਯੁਵਕ,
ਦੋ ਅੱਤਾਂ ਹੇਠ ਰੌਂਦੇ, ਦਰੜੇ ਗਏ!
ਤੁਰਦੀਆਂ, ਫਿਰਦੀਆਂ ਲਾਸ਼ਾਂ ਬਣੇ ਫਿਰਦੇ ਲੋਕ
ਗੁੰਗੇ ਹੋ ਗਏ ਹਨ –
ਬੰਦ, ਬੰਦ ਕੱਟ ਹੁੰਦੇ
ਆਪਣੇ ਸ਼ੀਸ਼ੇ ‘ਚ
ਆਪਣਾ ਸਿਵਾ ਬਾਲਦੇ ਹਨ ਰੋਜ਼!
ਭਵਿੱਖ ਦੀ ‘ਨ੍ਹੇਰੀ ਖਲਾਅ ਦੇ ਪਰਬਤ ਹੇਠ
ਨਿਰੰਤਰ ਦੱਬ ਰਹੇ
ਵਰਤਮਾਨ ਦੀ ਕਬਰ ਖੋਦਦੇ ਹਨ, ਨਿਸ ਦਿਨ,
ਆਮ ਜਿਹੇ ਲੋਕ!
ਆਪੋ ਆਪਣੇ ਸ਼ਹੀਦ ਹਿੱਕ ਨੂੰ ਲਾਈ,
ਆਪੋ ਆਪਣਾ ਇਤਿਹਾਸ ਲਿਖ ਰਹੀਆਂ ਹਨ ਦੋਵੇਂ ਧਿਰਾਂ –
ਤੀਜੀ ਧਿਰ ਦਾ ਕੌਣ ਲਿਖੇਗਾ?
.........
“ ਤੀਜੀ ਧਿਰ” (“ਗੰਢਾਂ”, ਪੰਨਾ: 70 – ਪਹਿਲਾ ਐਡੀਸ਼ਨ – 1993)
------
ਉਸ ਦੀਆਂ ਕਈ ਕਵਿਤਾਵਾਂ ਵਿਚ ਹੋ ਗਈ ਅਰਥਹੀਣ ਸਥਿਤੀ, ਸ਼ਹਿਰ ਦੇ ਜੰਗਲੀ ਹੋ ਜਾਣ ਆਦਿ ਚਿਹਨਾਂ ਦਾ ਦੁਹਰਾਅ ਸਹਿਜੇ ਹੀ ਆ ਜਾਂਦਾ ਹੈ, ਪਰ ਉਪ੍ਰੋਕਤ ਕਵਿਤਾ ਦਾ ਬੌਧਿਕ ਅੰਦਾਜ਼ ਤੇ ਅਪਰਿਭਾਸ਼ਿਤ ਤੀਜੀ ਧਿਰ ਵਰਗੇ ਪ੍ਰਸ਼ਨ ਸਾਡੀ ਚੇਤਨਾਂ ਨਾਲ ਅਹਿਮ ਰੂਪ ਵਿਚ ਜੁੜਦੇ ਹਨ! ਇਹ ਸਮਰੱਥਾ ਉਸੇ ਕਾਵਿ ਵਿਚ ਪੈਦਾ ਹੁੰਦੀ ਹੈ, ਜੋ “ਪ੍ਰਯੋਗਵਾਦ” ਵਾਂਗ ਖੜੋਤ ਦਾ ਸ਼ਿਕਾਰ ਨਾਂ ਹੋਈ, ਸਗੋਂ ਨਿਰੰਤਰ ਰੂਪ ਵਿਚ ਪ੍ਰਯੋਗਸ਼ੀਲ ਰਹੀ। ਅਜਿਹਾ ਕਾਵਿ ਵਿਚਾਰਧਾਰਕ ਤੌਰ ਉੱਤੇ ਸੁਤੰਤਰ ਹੁੰਦਾ ਹੈ, ਇਸੇ ਲਈ ਆਧੁਨਿਕ ਹੁੰਦਾ ਹੈ(ਆਧੁਨਿਕਤਾਵਾਦੀ ਨਹੀਂ, ਉਹ ਵੀ ਸੁਤੰਤਰ ਨਹੀਂ ਰਹਿੰਦਾ, ਇਕਹਿਰੀ ਵਿਚਾਰਧਾਰਾ ਨਾਲ ਸੰਬੰਧਤ ਹੋ ਕੇ, ਪ੍ਰਤਿਗਾਮੀ ਹੋ ਜਾਂਦਾ ਹੈ)। ਰਵਿੰਦਰ ਰਵੀ ਨੇ ਉੱਤਰ-ਪ੍ਰਗਤਿਵਾਦੀ ਸਥਿਤੀ ਬਾਰੇ ਆਪਣੀ ਕਵਿਤਾ: “ਸਿਫ਼ਰ-ਸਥਿਤੀ ‘ਚ ਵਿਚਰਦੀ ਪੀੜ੍ਹੀ” ਇਸੇ ਦ੍ਰਿਸ਼ਟੀ ਤੋਂ ਲਿਖੀ ਹੈ:
...........
ਉਹ ਅਜੇ ਜੰਮੇ ਵੀ ਨਹੀਂ ਸਨ, ਕਿ
ਉਨ੍ਹਾਂ ਦੇ ਘਰ ਦਾ ਮੂੰਹ ਜ਼ਾਰ ਵਲਾਂ ਸੀ
ਜੰਮਦਿਆਂ ਹੀ ਉਨ੍ਹਾਂ ਦੇ ਸਨਮੁਖ ਪਹਿਲਾਂ
ਲੈਨਿਨ
ਤੇ ਫੇਰ ਸਟਾਲਿਨ ਹੋਇਆ
ਤੇ ਹੁਕਮ ਮਿਲਿਆ ਕਿ
ਆਪਣੇ ਵਲਾਂ ਪਿੱਠ ਭੁਆ ਲਓ
ਕੁਝ ਨਾ ਵੇਖੋ
ਕੁਝ ਨਾ ਬੋਲੋ
ਕੁਝ ਨਾ ਸੁਣੋ
ਤੇ ਤੁਰੇ ਚੱਲੋ ਅਨੰਤ ਤਕ!
..........
“ਸਿਫ਼ਰ-ਸਥਿਤੀ ‘ਚ ਵਿਚਰਦੀ ਪੀੜ੍ਹੀ” (“ਗੰਢਾਂ”, ਪੰਨਾਂ: 75 – ਪਹਿਲਾ ਐਡੀਸ਼ਨ - 1993)
-----
ਕਵਿਤਾ ਦੀ ਅਜਿਹੀ ਕਟਾਖਸ਼ ਉਸ ਸਥਾਪਨਾਵਾਦ, ਨਿਸਚਿਤਤਾਵਾਦ ਤੇ ਇਕਹਿਰੀ ਦ੍ਰਿਸ਼ਟੀ ਦੇ ਖ਼ਿਲਾਫ਼ ਹੈ, ਜਿਸ ਨੂੰ ਉੱਤਰ-ਆਧੁਨਿਕਤਾ ਤਕ ਪਹੁੰਚਦਿਆਂ ਮਨੁੱਖ ਨੇ ਰੱਦ ਕਰ ਦਿੱਤਾ ਹੈ, ਭਾਵੇਂ ਉਹ ਕਲਾਸਿਕੀ ਪੂੰਜੀਵਾਦ ਹੈ ਤੇ ਭਾਵੇਂ ਕਲਾਸਿਕੀ ਸਮਾਜਵਾਦ। ਇਹ ਵਰਤਮਾਨ ਯਥਾਰਥ ਦਾ ਧਰਾਤਲ ਹੈ, ਜਿਸ ਨੂੰ ਉਹ ਭਾਵੁਕ ਰੂਪ ਵਿਚ ਨਹੀਂ ਸਗੋਂ ਉਸੇ ਬੌਧਿਕ ਅੰਦਾਜ਼ ਨਾਲ ਪੇਸ਼ ਕਰਦਾ ਹੈ, ਜਿਸ ਦਾ ਉਸ ਦੀ ਕਵਿਤਾ ਵਿਚ ਨਿਰੰਤਰ ਵਿਕਾਸ ਹੁੰਦਾ ਹੈ ਤੇ ਇਸੇ ਲਈ ਉਸ ਦੀ ਕਵਿਤਾ ਨੂੰ ਵੀ ਵਿਚਾਰਧਾਰਕ ਗਤੀਸ਼ੀਲ ਚੇਤਨਾ ਤੋਂ ਬਿਨਾ ਨਹੀਂ ਪੜ੍ਹਿਆ ਜਾ ਸਕਦਾ। ਨਾ ਹੀ ਉਸ ਨੂੰ ਕੇਵਲ “ਪ੍ਰਯੋਗਵਾਦ” ਦੇ ਬਿੰਦੂ ‘ਤੇ ਸਥਿਤ ਕਰ ਕੇ ਪੜ੍ਹਿਆ ਜਾ ਸਕਦਾ ਹੈ।
-----
ਉਸ ਦੀ ਇਹ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਹੀ ਉਸ ਦੇ ਕਾਵਿ-ਨਾਟਕਾਂ ਵਿਚ ਸਾਹਮਣੇ ਆਉਂਦੀ ਹੈ। ਉਪਰੋਕਤ ਕਵਿਤਾ ਵਿਚ ਉਸ ਨੇ ਜੋ ਕਟਾਖਸ਼ ਕਾਇਮ ਕੀਤੀ ਹੈ, ਉਹੀ ਕਟਾਖਸ਼ ਆਪਣੇ ਕਾਵਿ-ਨਾਟਕ: “ਮੱਕੜੀ ਨਾਟਕ”(“ਤਿੰਨ ਨਾਟਕ”) ਵਿਚ ਕਾਇਮ ਕੀਤੀ ਹੈ। ਕਾਮਰੇਡ ਦੇ ਲਾਲ ਰੰਗ ਦਾ ਚੋਲਾ ਪਹਿਨਿਆਂ ਹੋਇਆ ਹੈ! ਚੋਲੇ ਉੱਤੇ ਕਾਲੇ ਰੰਗ ਵਿਚ ਹੱਦਾਂ ਵਰਗੀਆਂ ਮੋਟੀਆਂ ਮੋਟੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ। ਤਰੇੜਾਂ ਵਿਚਕਾਰ ਕਾਲੇ ਰੰਗ ਵਿਚ ਦਾਤੀਆਂ ਤੇ ਹਥੌੜਿਆਂ ਦੇ ਨਿਸ਼ਾਨ ਹਨ। ਇਕ ਭਾਗ ਵਿਚ “ਸੀ.ਪੀ.ਆਈ”., ਦੂਜੇ ਵਿਚ “ਸੀ.ਪੀ.ਆਈ.ਐਮ.” ਤੇ ਤੀਜੇ ਵਿਚ “ਨਕਸਲਵਾਦੀ” ਲਿਖਿਆ ਹੋਇਆ ਹੈ। ਮੋਟੇ ਮੋਟੇ ਅੱਖਰਾਂ ਅਤੇ ਕਾਲੇ ਰੰਗ ਵਿਚ ਕਾਮਰੇਡ ਦੀ ਪਿੱਠ ਉੱਤੇ ਉੱਪਰਲੇ ਅੱਧ ਵਿਚ “ਨਵ-ਕ੍ਰਾਂਤੀਕਾਰੀ” ਅਤੇ ਹੇਠਲੇ ਅੱਧ ਵਿਚ “ਮਾਰਕਸਵਾਦੀ-ਲੈਨਿਨਿਸਟ” ਉੱਕਰਿਆ ਹੋਇਆ ਹੈ(“ਮੰਚ ਨਾਟਕ”, ਪੰਨਾ 50)! ਇਸ ਉਪਰੰਤ ਲੋਕਾਂ ਸਾਹਵੇਂ ਉਸ ਪਾਤਰ ਦੇ ਆਲੇ-ਦੁਆਲੇ ਕਟਾਖਸ਼ ਤੇ ਵਿਸ਼ਲੇਸ਼ਣ ਇਕੱਠੇ ਹੀ ਵਿਸਤ੍ਰਿਤ ਹੋਣ ਲੱਗਦੇ ਹਨ! ਇਹ ਰਾਜਨੀਤੀ ਦਾ ਰੁਕਿਆ ਹੋਇਆ ਯਥਾਰਥ ਹੈ ਤੇ ਰੁਕਿਆ ਹੋਇਆ ਯਥਾਰਥ ਹੋਰ ਕਈ ਰੂਪਾਂ ਵਿਚ ਉਸ ਦੇ ਕਾਵਿ-ਨਾਟਕਾਂ ਵਿਚ ਉੱਘੜਦਾ ਹੈ। ਸਮਾਜਿਕ ਰੁਕਿਆ ਹੋਇਆ ਯਥਾਰਥ। ਔਰਤ-ਮਰਦ ਸਥਿਤੀਆਂ ਦਾ ਰੁਕਿਆ ਹੋਇਆ ਯਥਾਰਥ। ਨਾਟਕ “ਰੁਕੇ ਹੋਏ ਯਥਾਰਥ”(“ਤਿੰਨ ਨਾਟਕ”) ਇਸੇ ਵਿੱਚੋਂ ਰੂਪਮਾਨ ਹੁੰਦਾ ਹੈ।
-----
ਰਵੀ ਆਪਣੇ ਨਾਟਕਾਂ ਵਿਚ ਵਿਧੀ ਦੀ ਦ੍ਰਿਸ਼ਟੀ ਤੋਂ ਵੀ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਵਿਚ ਰਿਹਾ ਹੈ। “ਬੀਮਾਰ ਸਦੀ” ਤੋਂ ਲੈ ਕੇ ਉਸ ਦੇ ਬਾਅਦ ਦੇ ਨਾਟਕਾਂ ਤਕ ਇਹ ਨਿਰੰਤਰਤਾ ਦੇਖੀ ਜਾ ਸਕਦੀ ਹੈ। “ਸਿਫ਼ਰ ਨਾਟਕ” ਵਿਚ “ੳ-1”, “ੳ-2”, “ਸਿਫਰ-1”, “ਸਿਫਰ-2”, “ਆਵਾਜ਼” ਤੇ ਦੂਜੇ ਪਾਸੇ “ਨੌਜਵਾਨ ਕੁੜੀ” ਦੇ ਸੰਵਾਦ ਦੇ ਪ੍ਰਤੀਕਾਤਮਕ ਅਰਥ ਬਣਦੇ ਹਨ। “ਚੌਕ ਨਾਟਕ” ਵਿਚ “ਅੰਨ੍ਹਾ”, “ਗੂੰਗਾ”, “ਪੈਗੰਬਰ”, “ਆਦਮ” ਚਿਨ੍ਹਾਂ ਦੇ ਸੰਵਾਦ ਦੇ ਵੀ ਪ੍ਰਤੀਕਾਤਮਕ ਅਰਥ ਬਣਦੇ ਹਨ। ਅਜਿਹੀ ਪ੍ਰਤੀਕਾਤਮਕ ਵਿਧੀ ਨੂੰ ਉਸ ਨੇ “ਬੀਮਾਰ ਸਦੀ” ਵਿਚ ਵੀ ਵਰਤਿਆ ਸੀ। “ਚਿੱਟੇ ਮਖੌਟੇ”, “ਕਾਲੇ ਮਖੌਟੇ”, “ਕਬਰ” ਦੇ ਪ੍ਰਤੀਕਾਤਮਕ ਅਰਥ ਵੀ ਬਣਦੇ ਹਨ। ਕਈ ਥਾਂ ਅਮੂਰਤ ਨੂੰ ਸਮੂਰਤ ਪਾਤਰ ਵਾਂਗ ਸੰਵਾਦ ਦੇਣਾ, ਹੋਰ ਸਿਨਮੈਟਿਕ ਤੇ ਨਾਟਕੀ ਵਿਧੀਆਂ ਨੂੰ ਉਨ੍ਹਾਂ ਨਾਲ ਸੰਯੁਕਤ ਕਰਨਾ, ਸਾਡੇ ਪ੍ਰਾਪਤ ਰੰਗਮੰਚ ਨੂੰ ਪ੍ਰਯੋਗਸ਼ੀਲਤਾ ਦੀ ਸਥਿਤੀ ਨਾਲ ਜੋੜਦਾ ਹੈ। ਅਸੀਂ ਸਾਧਾਰਨ ਵਿਧੀਆਂ ਦੇ ਨਾਟਕ ਖੇਡਣ ਦੇ ਆਦੀ ਹਾਂ, ਪਰ ਕੁਝ ਨਿਰਦੇਸ਼ਕਾਂ ਵਲੋਂ ਰਵਿੰਦਰ ਰਵੀ ਦੇ ਇਹ ਨਾਟਕ ਖੇਡਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ।
-----
ਰਵਿੰਦਰ ਰਵੀ ਦੀਆਂ ਕਹਾਣੀਆਂ ਨੂੰ ਵੱਧ ਗੌਲਣ ਦੀ ਲੋੜ ਹੈ। ਸਾਡੇ ਬਾਹਰ ਰਹਿੰਦੇ ਬਹੁਤੇ ਕਹਾਣੀਕਾਰਾਂ ਨੇ ਵਧੇਰੇ ਕਹਾਣੀਆਂ ਉੱਥੋਂ ਦੀ ਸਥਿਤੀ ਵਿਚ ਵੀ ਭਾਰਤੀ ਪਾਤਰਾਂ ਬਾਰੇ ਹੀ ਲਿਖੀਆਂ ਹਨ ਤੇ ਪਿਛਲੀ ਪੀੜ੍ਹੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਅਜੇ ਵੀ ਪਰੰਪਰਿਕ ਪ੍ਰਗਤਿਵਾਦੀ ਆਦਰਸ਼ਵਾਦ ਦੀਆਂ ਕਾਇਲ ਹਨ। ਰਵਿੰਦਰ ਰਵੀ ਉਹ ਕਹਾਣੀਕਾਰ ਹੈ, ਜੋ ਬਾਹਰਲੇ ਪਾਤਰਾਂ ਨਾਲ ਸਭ ਤੋਂ ਵੱਧ ਮੇਲ-ਜੋਲ ਵਿਚ ਰਿਹਾ ਹੈ, ਇਸ ਲਈ ਉਸ ਨੇ ਉਨ੍ਹਾਂ ਦੇ ਯਥਾਰਥ ਨੂੰ ਸਭ ਤੋਂ ਵੱਧ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ। ਔਰਤ-ਮਰਦ ਦੇ ਟੁੱਟਦੇ, ਵਿਕ੍ਰਿਤ ਹੁੰਦੇ ਸੰਬੰਧਾਂ, ਯੌਨ-ਵਿਹਾਰ ਤੇ ਟੁੱਟਦੀ ਨੈਤਿਕ ਭਾਸ਼ਾ ਦੇ ਇਸ ਯਥਾਰਥ ਨੂੰ ਉਸ ਨੇ ਨਿਸ਼ੰਗ ਹੋ ਕੇ ਬਿਆਨ ਕੀਤਾ ਹੈ। ਇਸ ਲਈ ਪਰੰਪਰਕ ਗਲਪੀ ਭਾਸ਼ਾ ਦੀ ਸੀਮਾਂ ਨੂੰ ਉਹ ਸਵੀਕਾਰ ਨਹੀਂ ਕਰਦਾ! ਫਿਰ ਵੀ ਉਸ ਦੀਆਂ ਸਾਰੀਆਂ ਕਹਾਣੀਆਂ ਇਕ ਜਿਹੀਆਂ ਨਹੀਂ।
-----
ਕਈ ਕਹਾਣੀਆਂ ਵਿਚ ਤਾਂ ਉਹ ਦਾਰਸ਼ਨਿਕ ਵਿਚਾਰਾਂ ਨਾਲ ਮਨੁੱਖੀ ਵਿਹਾਰ ਦੇ ਸੰਦਰਭ ਵਿਚ ਇਕ ਸੰਵਾਦ ਰਚਾਉਂਦਾ ਨਜ਼ਰ ਆਉਂਦਾ ਹੈ। “ਇਕ ਹੋਰ ਹੈਮਿੰਗਵੇ”, “ਜਿੱਥੇ ਦੀਵਾਰਾਂ ਨਹੀਂ”, ਮੈਲੀ ਪੁਤਕ” ਵਰਗੀਆਂ ਕਹਾਣੀਆਂ ਇਸੇ ਵਿਧੀ ਵਿੱਚੋਂ ਉੱਸਰਦੀਆਂ ਹਨ। ਉਸ ਦੇ ਪਾਤਰ ਨੈਤਿਕਤਾ, ਸੱਭਿਆਚਾਰ ਆਦਿ ਬਾਰੇ ਸਾਧਾਰਣੀ-ਕਰਤ ਵਿਧੀ ਵਿਚ ਸਿੱਟੇ ਕੱਢਦੇ ਨਜ਼ਰ ਆਉਂਦੇ ਹਨ:
.........
“ਇਹ ਸਾਡਾ ਦੁਖਾਂਤ ਹੈ ਕਿ ਹਿੰਸਾ ਜਾਂ ਅਜਿਹਾ ਹੋਰ ਕੁਝ, ਜੋ ਵੀ ਅਸੀਂ ਆਪਣੇ ਅੰਦਰ ਨਹੀਂ ਵੇਖਣਾ ਚਾਹੁੰਦੇ, ਉਹ ਕੁਝ ਅਸੀਂ ਜਾਨਵਰਾਂ ਵਿਚ ਵੇਖਦੇ ਹਾਂ। ਅਚੇਤ ਮਨ ਇਸ ਤਰ੍ਹਾਂ ਸ਼ਾਇਦ ਅਸੀਂ ਆਪਣਾ ਨਿਆਏਕਰਨ ਕਰਨ ਦਾ ਯਤਨ ਕਰਦੇ ਹਾਂ। ਜਿਸ ਮਨੁੱਖ ਦਾ ਵਤੀਰਾ ਸਥਾਪਤ ਸਦਾਚਾਰਕ ਆਧਾਰ ਦੇ ਅਨੁਕੂਲ ਨਾ ਹੋਵੇ, ਖ਼ਾਸ ਕਰ ਵਿਰੋਧੀ ਲਿੰਗ ਪ੍ਰਤੀ, ਅਸੀਂ ਉਸ ਨੂੰ “ਜੰਗਲੀ” ਕਹਿ ਕੇ ਸੰਬੋਧਨ ਕਰਦੇ ਹਾਂ।” – (“ਜਿੱਥੇ ਦੀਵਾਰਾਂ ਨਹੀਂ”)
-----
ਉਹ ਕਾਮ-ਮੱਤੇ ਪਾਤਰਾਂ , ਦ੍ਰਿਸ਼ਾਂ, ਉਸ ਸਥਿਤੀ ਵਿਚ ਉਲਾਰ ਹੋ ਗਏ ਪਾਤਰਾਂ, ਅਜਿਹੀਆਂ ਮਾਨਸਿਕ ਗੁੰਝਲਾਂ ਨੂੰ ਆਪਣੀਆਂ ਕਹਾਣੀਆਂ ਵਿਚ ਆਮ ਪੇਸ਼ ਕਰਦਾ ਹੈ ਤੇ ਉਦੋਂ ਉਸ ਦੀ ਭਾਸ਼ਾ ਲਾਰੰਸ ਜਾਂ ਹੈਨਰੀ ਮਿਲਰ ਵਾਂਗ ਖੁੱਲ੍ਹਦੀ ਜਾਂਦੀ ਹੈ। “ਜੁਰਮ ਦੇ ਪਾਤਰ” ਦੀ ਊਸ਼ਾ ਆਖਦੀ ਹੈ:
.........
“ਨਹੀਂ, ਨਹੀਂ, ਮੈਂ ਆਪਣੇ ਜਿਸਮ ਨੂੰ ਜਾਗਦੇ ਰੱਖਣਾ ਹੈ – ਤੇ ਜਦੋਂ ਇਹ ਜਾਗਦਾ ਹੈ, ਤਾਂ ਪੰਜ ਸੱਤ ਵੈਲੀ ਮਰਦਾਂ ਨਾਲ ਸੰਗ ਕੀਤੇ ਬਿਨਾਂ, ਇਸ ਨੂੰ ਤ੍ਰਿਪਤੀ ਨਹੀਂ ਹੁੰਦੀ। ਕੀ ਤੂੰ ਇਸ ਨੂੰ ਜਾਗਦਿਆਂ ਰੱਖ ਸਕਦਾ ਹੈਂ? ਕੀ ਤੂੰ ਇਸ ਨੂੰ ਤ੍ਰਿਪਤ ਕਰ ਸਕਦਾ ਹੈਂ? ਨਹੀਂ, ਨਹੀਂ, ਇਹ ਤੇਰੇ ਵੱਸ ਦਾ ਰੋਗ ਨਹੀਂ, ਕਪਿਲ! ਤੂੰ ਮੈਨੂੰ ਕੁਰਾਹੇ ਨਾ ਪਾ। ਅੱਜ ਜੋ ਰੂਹ ਦੀ ਗੱਲ਼ ਕਰਦਾ ਹੈ, ਮੈਨੂੰ ਮੱਕਾਰ ਲੱਗਦਾ ਹੈ। ਨਿਪੁੰਸਕ ਲੱਗਦਾ ਹੈ! “
-----
ਅਜਿਹੀਆਂ ਗੁੰਝਲਾਂ ਕਈ ਵਾਰ ਉਸਦੀਆਂ ਕਹਾਣੀਆਂ ਦਾ ਕੇਂਦਰ ਹੁੰਦੀਆਂ ਹਨ ਤੇ ਇਨ੍ਹਾਂ ਦਾ ਸੰਬੰਧ ਬਾਹਰ ਵਿਕਸਿਤ ਹੋਏ ਸੱਭਿਆਂਚਾਰ ਤੇ ਉਸ ਦੇ ਯਥਾਰਥ ਨਾਲ ਵਧੇਰੇ ਹੁੰਦਾ ਹੈ। ਆਪਣੀਆਂ ਕਹਾਣੀਆਂ ਵਿਚ ਵੀ ਉਹ ਕਈ ਵਾਰ ਵਿਦੇਸ਼ਾਂ ਵਿਚ ਵੱਸਦੇ ਮਖੌਟਾਵਾਦੀ ਪ੍ਰਗਤਿਵਾਦੀ ਲੇਖਕਾਂ ਨੂੰ ਨੰਗਿਆਂ ਕਰਦਾ ਹੈ, ਜੋ ਫਿਊਡਲ ਕਿਸਮ ਦੀ ਸੋਚ ਦਾ ਸ਼ਿਕਾਰ ਹਨ। ਔਰਤ ਨੂੰ ਜਾਇਦਾਦ ਜਾਂ ਵਸਤ ਵਾਂਗ ਰੱਖਣਾ ਚਾਹੁੰਦੇ ਹਨ। ਕਹਾਣੀ “ਸੁਤੰਤਰਤਾ ਦੇ ਸਮਾਨ-ਅੰਤਰ ਸਿਰੇ”(ਆਪਣੇ ਆਪਣੇ ਟਾਪੂ”) ਵਿਚ ਉਹ ਕੁਮਾਰੀ ਵਰਸ਼ਾ ਇੰਦਰਾਨੀ ਦਾ ਇੰਗਲੈਂਡ ਵਿਚ ਆਪਣੇ ਅਜਿਹੇ “ਪ੍ਰਗਤੀਵਾਦੀ” ਲੇਖਕ ਪਤੀ ਦੇ ਖ਼ਿਲਾਫ਼ ਵਿੱਦਰੋਹ ਦਿਖਾਉਂਦਾ ਹੈ।
----
ਇਸ ਕਟਾਖਸ਼ ਨੂੰ ਕਾਇਮ ਕਰਨ ਲਈ ਉਹ ਕਹਾਣੀ ਨੂੰ ਨਿਰੋਲ ਭਾਸ਼ਨ ਬਣਾ ਦਿੰਦਾ ਹੈ! ਪਰ ਇਓਂ ਕਵਿਤਾ ਤੋਂ ਕਹਾਣੀ ਤਕ ਉਸ ਦੀ “ਅਖੌਤੀ ਪ੍ਰਗਤੀਵਾਦ” ‘ਤੇ ਕਟਾਖਸ਼ ਜਾਰੀ ਰਹਿੰਦੀ ਹੈ, ਪਰ ਉਸ ਦੇ ਵਿਸ਼ਵ ਵਿਚ ਫੈਲਦੇ ਸਮੁੱਚੇ ਰਚਨਾ-ਜਗਤ ਨੂੰ ਧਿਆਨ ਵਿਚ ਰੱਖਦਿਆਂ “ਪ੍ਰਯੋਗਵਾਦ” ਨਾਲ ਜੁੜੇ ਨਿਸ਼ਚਿਤ ਨਿਰਣਿਆਂ ਤੋਂ ਅਗੇਰੇ ਉਸ ਨੂੰ ਪੁਨਰ-ਰੂਪ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ। ਭਾਵੇਂ ਬਹੁਤ ਸਾਰੇ ਆਲੋਚਕਾਂ ਨੇ ਉਸ ਦੀ ਰਚਨਾ ਬਾਰੇ ਲਿਖਿਆ ਹੈ ਪਰ ਉਸ ਦੀ ਰਚਨਾ ਦੀ ਤਹਿ ਥੱਲੇ ਅਜੇ ਹੋਰ ਵਿਸਥਾਰ ਪਏ ਹਨ, ਜਿਨ੍ਹਾਂ ਦੇ ਵਿਸ਼ਲੇਸ਼ਣ ਦੀ ਲੋੜ ਹੈ।
******
ਰਵਿੰਦਰ ਰਵੀ ਰਚਿਤ ਪੁਸਤਕਾਂ ਦੀ ਅਪਡੇਟਿਡ ਹਵਾਲਾ ਸੂਚੀ
ਵਣ ਵਾਣੀ(ਦੂਜਾ ਐਡੀਸ਼ਨ - 2005) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ 110006, ਭਾਰਤ
ਦਿਲ-ਟ੍ਰਾਂਸਪਲਾਂਟ ਤੋਂ ਬਾਅਦ(ਪਹਿਲਾ ਐਡੀਸ਼ਨ - 1969) – ਪ੍ਰਕਾਸ਼ਕ: ਨਿਊ ਬੁਕ ਕੰਪਨੀ, ਜਲੰਧਰ, ਭਾਰਤ
ਗੰਢਾਂ(ਪਹਿਲਾ ਐਡੀਸਨ – 1993) – ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
ਤਿੰਨ ਨਾਟਕ(ਪਹਿਲਾ ਐਡੀਸ਼ਨ – 1990) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ 110006, ਭਾਰਤ
ਮੰਚ ਨਾਟਕ(ਸਮੁੱਚਾ ਸੰਗ੍ਰਹਿ: ਪਹਿਲਾ ਐਡੀਸ਼ਨ – 1993) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
ਸਿਫਰ ਨਾਟਕ(ਪਹਿਲਾ ਐਡੀਸ਼ਨ – 1987) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
ਜੁਰਮ ਦੇ ਪਾਤਰ(ਦੂਜਾ ਐਡੀਸ਼ਨ - 2010) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
ਜਿੱਥੇ ਦੀਵਾਰਾਂ ਨਹੀਂ(ਦੂਜਾ ਐਡੀਸ਼ਨ – 2010) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
ਕੰਪਿਊਟਰ ਕਲਚਰ(ਦੂਜਾ ਐਡੀਸ਼ਨ – 2010) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
ਮੈਲੀ ਪੁਸਤਕ(ਦੂਜਾ ਐਡੀਸ਼ਨ – 2010) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
ਆਪਣੇ ਆਪਣੇ ਟਾਪੂ(ਦੂਜਾ ਐਡੀਸ਼ਨ -2010) - ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
ਮੇਰੀ ਕਹਾਣੀ( ਸਮੁੱਚੀ ਕਹਾਣੀ – 2006) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ 110006, ਭਾਰਤ
ਮੇਰੇ ਕਾਵਿ-ਨਾਟਕ (# 1, 2 ਤੇ 3 - 2007) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ 110006, ਭਾਰਤ
*****
No comments:
Post a Comment