ਕਹਾਣੀ
ਭਾਗ ਪਹਿਲਾ
ਬਸ਼ੀਰ ਲਾਹੌਰ ਜ਼ਿਲੇ ਦੇ ਇਕ ਨਿੱਕੇ ਜਿਹੇ ਪਿੰਡ ਖਰਦੂਮ ਪੁਰੇ ਦਾ ਜੰਮ ਪਲ ਤੇ ਮੈਂ ਜਲੰਧਰ ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਗੋਰਾਇਆਂ ਕੋਲ਼ੇ ਪਿੰਡ ‘ਚੋਂ ਆਇਆ ਹੋਇਆ, ਸਾਡਾ ਮੇਲ ਇਤਫ਼ਾਕਨ ਹੀ ਹੋ ਸਕਦਾ ਸੀ ਤੇ ਹੋ ਗਿਆ। ਅਸੀਂ ਵੁਲਵਰਹੈਮਪਟਨ ਨੇੜੇ ਪੈਂਦੇ ਪਰੈਟਸਵੁਡ ਸੈਨੇਟੋਰੀਅਮ ਦੇ ਇਕੋ ਕਮਰੇ ‘ਚ, ਇਕੋ ਬੀਮਾਰੀ ‘ਚ ਮੁਬਤਲਾ ਮਿਲੇ ਸਾਂ, ਜਾਂ ਏਸੇ ਬੀਮਾਰੀ ਦੇ ਚਿੱਟੇ ਰੰਗੇ ਬੀਮਾਰਾਂ ਤੋਂ ਜਾਣ ਬੁੱਝ ਕੇ ਇਕ ਵੱਡੇ ਕਮਰੇ ‘ਚ ਖੁੱਡੇ ਜਿਹੇ ਲਾ ਦਿੱਤੇ ਗਏ ਸਾਂ । ਏਸ਼ੀਅਨਾਂ ਨੂੰ ਇਸ ਤਰ੍ਹਾਂ ਇਕੋ ਕਮਰੇ ‘ਚ ਇਕੱਠੇ ਰੱਖਣ ਨਾਲ ਕਰਮਚਾਰੀਆਂ ਨੂੰ ਬਹੁਤ ਸਾਰੀਆਂ ਸੌਖਾਂ ਹੋ ਜਾਂਦੀਆਂ ਸਨ । ਬੋਲੀ ਦੀ ਸੌਖ । ਖਾਣ-ਪੀਣ ਦੀਆਂ ਅਦਤਾਂ ਵੀ ਲੱਗ ਭੱਗ ਇਕੋ ਜਿਹੀਆਂ । ਜੇ ਕਿਸੇ ਨੂੰ ਬਾਤ (ਅੰਗ੍ਰੇਜ਼ੀ) ਨਹੀਂ ਆਉਂਦੀ ਤਾਂ ਕੋਈ ਹੋਰ ਬੁੱਤਾ ਸਾਰ ਦਿੰਦਾ । ਅੰਗ੍ਰੇਜ਼ੀ ਦੀ ਬਹੁਤੀ ਲੋੜ ਵੀ ਕਿਹੜੀ ਸੀ । ਬਿਮਾਰੀ ਡਾਇਗਨੋਜ਼ ਹੋ ਗਈ ਸੀ ਤੇ ਇਲਾਜ ਲਈ ਇੱਥੇ ਪਹੁੰਚਾ ਦਿੱਤੇ ਗਏ ਸਾਂ । ਸਾਡੀ ਬੀਮਾਰੀ ਵਾਲਿਆਂ ਨੂੰ ਆਮ ਹਸਪਤਾਲਾਂ ‘ਚ ਰੱਖਿਆ ਨਹੀਂ ਸੀ ਜਾ ਸਕਦਾ ਕਿਉਂਕਿ ਇਹ ਛੂਤ ਦੀ ਬੀਮਾਰੀ ਸੀ ਤੇ ਹੋਰਨਾਂ ਨੂੰ ਵੀ ਲੱਗ ਸਕਦੀ ਸੀ । ਅੱਜ ਤੋਂ ਕੁਝ ਚਿਰ ਪਹਿਲਾਂ ਜਦੋਂ ਹਾਲੇ ਇਸ ਬੀਮਾਰੀ ਦਾ ਇਲਾਜ ਨਹੀਂ ਸੀ ਨਿਕਲਿਆ ਤਾਂ ਖੁੱਲ੍ਹੀ ਹਵਾ ‘ਚ ਰਹਿ ਕੇ ਅੱਧੋਂ ਵੱਧ ਮਰੀਜ਼ ਤੰਦਰੁਸਤ ਹੋ ਜਾਂਦੇ ਸਨ। ਪਹਾੜੀ ‘ਤੇ ਇਕੱਲੇ ਇਕੱਲੇ ਖੋਖੇ ਜਹੇ ਬਣਾ ਕੇ ਇਕਾਂਤ ‘ਚ ਇੱਕ ਦੂਜੇ ਦਿਆਂ ਸਾਹਾਂ ਦੀ ਵਿਥ ਤੋਂ ਦੂਰ-ਦੂਰ ਰਖਿਆ ਜਾਂਦਾ ਸੀ। ਪਰ ਫੇਰ ਹੌਲ਼ੀ-ਹੌਲ਼ੀ ਇਲਾਜ ਦੀ ਦਵਾਈ ਨਿਕਲ ਆਈ ਤੇ ਇਸ ਪਹਾੜੀ ‘ਤੇ ਸੈਨੀਟੋਰੀਅਮ ਬਣਾ ਦਿਤਾ ਗਿਆ ਸੀ ਤੇ ਇਸ ‘ਚ ਅੱਡ ਅੱਡ ਕਮਰਿਆਂ ਦੇ ਨਾਲ ਵਾਰਡ ਵੀ ਬਣਾ ਦਿਤੇ ਗਏ ਸਨ ਪਰ ਤਾਂ ਵੀ ਬਹੁਤੇ ਗੋਰੇ ਮਰੀਜ਼ਾਂ ਨੂੰ ਇਕੱਲਿਆਂ ਹੀ ਰੱਖਿਆ ਜਾਂਦਾ, ਪਰ ਅਸੀਂ ਛੇ ਜਣੇ, ਸਾਰੇ ਹੀ ਏਸ਼ੀਅਨ ਇੱਕੋ ਵੱਡੇ ਕਮਰੇ (ਵਾਰਡ ਜਿਹੇ) ‘ਚ ਦਾਖਲ ਕੀਤੇ ਹੋਏ ਸਾਂ। ਇੱਥੇ ਇਸ ਵਾਰਡ ਜਿਹੇ ‘ਚ ਵੀ ਇਕ ਮੀਰਪੁਰੀਆ ਬਜ਼ੁਰਗ ਜਿਸਨੂੰ ਅੰਗ੍ਰੇਜ਼ੀ ਬਿਲਕੁਲ ਨਹੀਂ ਸੀ ਆਉਂਦੀ। ਬਸ਼ੀਰ ਪਾਕਿਸਤਾਨ ‘ਚੋਂ ਦਸਵੀਂ ਦਾ ਇਮਤਿਹਾਨ ਦਿੱਤੇ ਬਿਨਾ ਵਲੈਤ ਨੂੰ ਚੜ੍ਹ ਆਇਆ ਸੀ। ਇੱਕ ਗੁਜਰਾਤੀ ਵੀ ਅਨਪੜ੍ਹ ਜਿਹਾ ਹੀ, ਤੇ ਤਿੰਨ ਅਸੀਂ ਜਲੰਧਰ ਜ਼ਿਲ੍ਹੇ ਦੇ ਪੰਜਾਬੀ। ਇੱਕ ਤਾਂ ਮੇਰਾ ਢੇਸੀਆਂ ਸੰਗ ਦੇ ਪ੍ਰਾਇਮਰੀ ਸਕੂਲ ਦਾ ਜਾਣੂੰ ਤੇ ਛੇਵਾਂ ਮੇਰਾ ਛੋਟਾ ਭਰਾ ਵੀ ਇਸ ਬੀਮਾਰੀ ਨੇ ਡੰਗਿਆ ਹੋਇਆ ਸੀ। ਕਮਰੇ ‘ਚ ਅੱਠਾਂ ਬੈਡਾਂ ‘ਚੋਂ ਦੋ ਖ਼ਾਲੀ ਸਨ ।
-----
ਮੈਂ ਤੇ ਬਸ਼ੀਰ ਅਸੀਂ ਦੋਨੋ ਹੀ ਇਸ ਬੀਮਾਰੀ (ਟੀ. ਬੀ ) ਦੇ ਮਰੀਜ਼ ਨਹੀਂ ਸਾਂ ਲਗਦੇ, ਕਿਉਂਕਿ ਟੀ. ਵੀ ਦੇ ਮਰੀਜ਼ ਤਾਂ ਸੁੱਕੇ ਸੜੇ ਜਹੇ ਹੋ ਜਾਂਦੇ ਹਨ । ਉਨ੍ਹਾਂ ਦਾ ਭਾਰ ਘਟ ਜਾਂਦਾ ਹੈ । ਚਿਹਰੇ ਤੋਂ ਚਮਕ ਸੂਤੀ ਜਾਂਦੀ ਹੈ। ਸਾਡੇ ਵਰਗੇ ਹੱਟੇ ਕੱਟੇ ਨਹੀਂ ਹਨ ਹੁੰਦੇ । ਸਾਡੇ ਏਸ ਵਾਰਡ ‘ਚ ਤਿੰਨ ਜਣੇ ਕਾਫੀ ਕਮਜ਼ੋਰ ਹੋਏ ਪਏ ਸਨ। ਖੰਘੀ ਵੀ ਜਾਂਦੇ ਸਨ। ਤੇ ਸਾਹ ਵੀ ਔਖਾ ਔਖਾ ਲੈਂਦੇ ਸਨ ।ਇਹੀ ਤਾਂ ਟੀ ਬੀ ਦੀਆਂ ਇਲਾਮਤਾਂ ਹੁੰਦੀਆਂ ਹਨ। ਮੈਨੂੰ ਤਾਂ ਇਕ ਫੌਂਡਰੀ ‘ਚੋਂ ਕੰਮ ਕਰਦੇ ਨੂੰ ਹੀ ਐਕਸਰੇ ਦੀ ਚਿੱਠੀ ਆਈ ਸੀ ਤੇ ਫੇਰ ਇਸ ਸੈਨੇਟੋਰੀਅਮ ‘ਚ ਲਿਆਂਦਾ ਗਿਆ ਸੀ । ਇਵੇਂ ਹੀ ਬਸ਼ੀਰ ਵੀ ਕੰਮ ਕਰਦਾ ਹੀ ਇਥੇ ਘੜੀਸ ਲਿਆਂਦਾ ਸੀ । ਆਪਣੇ ਆਪ ‘ਚ ਅਸੀਂ ਨੌ ਬਰ ਨੌ ਸਾਂ, ਉਹ ਵੀ ਉੱਚਾ ਲੰਮਾ, ਮੋਟਾ ਡਾਢਾ ਤੇ ਮੈਂ ਵੀ ਸਵਾ ਛੇ ਫੁੱਟਾ 200 ਪੌਂਡ ਭਾਰਾ । ਸਾਨੂੰ ਕੌਣ ਕਹਿ ਸਕਦਾ ਸੀ ਕਿ ਅਸੀਂ ਟੀ.ਬੀ ਦੇ ਮਰੀਜ਼ ਹੋਵਾਂਗੇ । ਨਾ ਸਾਨੂੰ ਕਦੇ ਤਾਪ ਚੜ੍ਹਿਆ ਸੀ, ਨਾ ਖੰਘ ਛਿੜੀ ਸੀ ਤੇ ਨਾ ਹੀ ਤੁਰਦਿਆਂ ਫਿਰਦਿਆਂ ਕਦੇ ਸਾਹ ਹੀ ਚੜ੍ਹਿਆ ਸੀ, ਪਰ ਮੈਂ ਕਈ ਵੇਰ ਇਵੇਂ ਵੀ ਸੋਚਦਾ ਸਾਂ ਕਿ ਕੁਝ ਤਾਂ ਜ਼ਰੂਰ ਹੋਵੇਗਾ ਨਹੀਂ ਤਾਂ ਇਨ੍ਹਾਂ ਨੂੰ ਸਾਨੂੰ ਇੱਥੇ ਲਿਆਉਣ ਦੀ ਕਿਹੜੀ ਲੋੜ ਪੈ ਗਈ ਸੀ।
-----
ਬਸ਼ੀਰ ਤੇ ਮੈਂ ਅੰਗ੍ਰੇਜ਼ ਕਰਮਚਾਰੀਆਂ ਨੂੰ ਵੇਖਣ ‘ਚ ਇਕੋ ਜਿਹੇ ਹੀ ਲਗਦੇ ਸਾਂ । ਸਾਡੇ ਨੈਣ ਨਕਸ਼, ਪਹਿਰਾਵਾ, ਖਾਣ ਪੀਣ ਦੀਆਂ ਆਦਤਾਂ ਇਕੋ ਜਿਹੀਆਂ ਹੀ ਸਨ, ਤੇ ਇਸ ਗੱਲ ਨੇ ਅੰਗ੍ਰੇਜ਼ ਕਰਮਚਾਰੀਆਂ ਨੂੰ ਹੋਰ ਵੀ ਭੰਬਲਭੂਸੇ ਜਹੇ ‘ਚ ਪਾ ਦਿੱਤਾ ਸੀ ਕਿ ਨਾ ਉਹ ਬੇਕਣ (ਸੂਅਰ ਤੋਂ ਬਣਿਆ) ਖਾਣ ਤੋਂ ਗੁਰੇਜ਼ ਕਰਦਾ ਸੀ ਤੇ ਨਾ ਮੈਂ ਬੀਫ ਬਰਗਰ ਆਦਿ (ਗਾਂ ਦੇ ਮੀਟ) ਤੋਂ ਬਣੇ ਖਾਣੇ ਤੋਂ । ਸਾਡੇ ਹਸਪਤਾਲੀ ਰੀਕਾਰਡ ਕਾਰਡਾਂ ਤੇ ਉਸਦਾ ਮਜ਼੍ਹਬ ਮੁਸਲਿਮ ਤੇ ਮੇਰਾ ਸਿੱਖ ਲਿਖਿਆ ਹੋਇਆ ਸੀ । ਤੇ ਨਾਲ ਹੀ ਸਾਡੇ ਨਾਵਾਂ ਦੇ ਸ਼ੁਰੂ ‘ਚ ਲਾਲ ਸਿਆਹੀ ਨਾਲ ਸਟਾਰ ਜਿਹਾ ਬਣਾਇਆ ਹੋਇਆ ਸੀ । ਜਿਹੜਾ ਸਾਰੇ ਹੀ ਏਸ਼ੀਅਨ ਦੇ ਨਾਵਾਂ ਨਾਲ ਉਨ੍ਹਾਂ ਦੇ ਮਜ਼੍ਹਬ ਤੇ ਖਾਣ-ਪੀਣ ਦੇ ਸੰਕੋਚਾਂ ਬਾਰੇ ਜਾਣਕਾਰੀ ਲਈ ਲਾਇਆ ਹੁੰਦਾ ਸੀ । ਕਾਮਿਆਂ ਨੂੰ ਚੁਕੰਨੇ ਕਰਨ ਲਈ ਨਾਵਾਂ ਥੱਲੇ ਲਾਲ ਲੀਕਾਂ ਵੀ ਵਾਹੀਆਂ ਹੋਈਆਂ ਸਨ, ਇਹ ਦੱਸਣ ਲਈ ਕਿ ਬਸ਼ੀਰ ਮੀਟ ਸਿਰਫ਼ ਹਲਾਲ ਖਾਂਦਾ ਹੈ, ਸੂਅਰ ਦਾ ਮੀਟ ਉਸਦੇ ਮਜ਼੍ਹਬ ‘ਚ ਮਨਾਹੀ ਹੈ ਤੇ ਮੋਹਣ ਲਈ ਗਾਂ ਦੇ ਮੀਟ ਦੀ ਮਨਾਹੀ ਹੈ ਤੇ ਹਲਾਲ ਨਹੀਂ ਖਾਂਦਾ । ਇਹ ਲਾਲ ਸਿਆਹੀ ਅੰਗ੍ਰੇਜ਼ਾਂ ਦੇ ਨਾਵਾਂ ਲਈ ਨਹੀਂ ਵਰਤੀ ਜਾਂਦੀ ਕਿਉਂਕਿ ਉਨ੍ਹਾਂ ਨੂੰ ਗਾਂ ਜਾਂ ਸੂਅਰ ਦੇ ਮੀਟ ਲਈ ਕੋਈ ਭਿੰਨ-ਭੇਦ ਨਹੀਂ ਹੈ । ਉਹ ਜੋ ਕੁਝ ਵੀ ਉਨ੍ਹਾਂ ਦੇ ਮਨ ‘ਚ ਖਾਣ ਨੂੰ ਆਵੇ ਜਾਂ ਜੋ ਕੁਝ ਵੀ ਪਲੇਟਾਂ ‘ਚ ਆ ਜਾਵੇ ਖਾ ਲੈਂਦੇ ਹਨ । ਹਲਾਲ ਜਾ ਝਟਕੇ ਦਾ ਵੀ ਕੋਈ ਵਿਚਾਰ ਨਹੀਂ ਹੈ । ਹਲਾਲ ਮੀਟ ਤਾਂ ਹੁੰਦਾ ਹੀ ਨਹੀਂ ਸੀ ਇਹ ਤਾਂ ਹੁਣੇ ਹੁਣੇ ਹੀ ਆਉਣ ਲਗਾ ਸੀ । ਜਦੋਂ ਤੋਂ ਇੰਗਲੈਂਡ ‘ਚ ਮੁਸਲਿਮ ਭਾਈਚਾਰੇ ਦੀ ਨਵੇਕਲੀ ਥਾਂ ਜਹੀ ਬਣ ਗਈ ਸੀ। ਹੁਣ ਤਾਂ ਸੁਪਰ ਮਾਰਕਿਟਾਂ ‘ਚ ਵੀ ਹਲਾਲ ਲੇਬਲ ਵਾਲਾ ਮੀਟ ਮਿਲਣ ਲੱਗ ਪਿਆ ਸੀ।
-----
ਜੇ ਮੀਟ ਹੀ ਖਾਣਾ ਫੇਰ ਸੂਅਰ ਤੇ ਗਾਂ ‘ਚ ਕੀ ਫ਼ਰਕ ਹੈ? ਹਲਾਲ ਤੇ ਝਟਕੇ ‘ਚ ਕਾਹਦਾ ਅੰਤਰ ਹੈ? ਇਹ ਸਾਡੇ ਮੌਲਵੀਆਂ ਤੇ ਤੁਹਾਡੇ ਗੁਰਦੁਆਰੇ ਦੇ ਭਾਈਆਂ ਨੇ ਆਪੋ ਆਪਣੀ ਝੰਡੀ ਉੱਚੀ ਕਰਨ, ਜਾਂ ਇਵੇਂ ਕਹਿ ਲਈਏ ਕਿ ਆਪਣੇ ਦਾਲ ਫੁਲਕੇ ਦਾ ਵਧੀਆ ਵਸੀਲਾ ਬਣਾਇਆ ਹੋਇਆ ਹੈ । ਸੂਅਰ ਤੇ ਗਾਂ ਦੀ ਜਾਨ ‘ਚ ਕੀ ਫ਼ਰਕ ਹੈ। ਮੁਰਗੇ ‘ਚ ਕੀ ਫ਼ਰਕ ਹੈ ? ਉਹ ਵੀ ਤਾਂ ਇਕ ਜਾਨ ਹੀ ਹੈ ? ਤੇ ਜਦੋਂ ਜਾਨ ਲੈ ਹੀ ਲਈ, ਹਾਲਲ ਕਰਕੇ ਲੈ ਲਈ ਜਾਂ ਝਟਕ ਕੇ, ਜਾਨਵਰ ਨੂੰ ਤਾਂ ਪਤਾ ਨਹੀਂ ਲਗਣਾ ਤੇ ਫੇਰ ਫ਼ਰਕ ਵੀ ਕੀ ਹੈ । ਹਲਾਲ ਕਰਨ ਨਾਲ ਤਾਂ ਸਗੋਂ ਜਾਨਵਰ ਬਹੁਤਾ ਔਖਾ ਹੁੰਦਾ ਹੈ ।ਬ ਸ਼ੀਰ ਕਈ ਵਾਰ ਆਪਣੇ ਮੁਸਲਮਾਨ ਭਰਾਵਾਂ ਦੀ ਸੋਚ ਤੇ ਟਿੱਪਣੀ ਕਰਦਾ।
-----
ਅਸੀਂ ਹੁਣ ਇਹੋ ਜਿਹੇ ਸਵਾਲ ਜਵਾਬ ਕਰਕੇ ਮਖੌਲ ਜਿਹਾ ਉਡਾਉਣ ਲਗ ਪਏ ਸਾਂ । ਮੈਨੂੰ ਇਵੇਂ ਮਹਿਸੂਸ ਹੋਣ ਲਗ ਪਿਆ ਸੀ ਕਿ ਅਸੀਂ ਦੋਸਤੀ ਦੇ ਪਿੜਾਂ ‘ਚ ਸਾਂਝੀਆਂ ਪੈੜਾਂ ਬੀਜ ਰਹੇ ਹਾਂ । ਸਾਡੀ ਨੇੜਤਾ ਹੋਰ ਡੂੰਘੀ ਹੋ ਰਹੀ ਹੈ । ਪਾਕਿਸਤਾਨੀ ਪੰਜਾਬ ਤੋਂ ਆਇਆ ਇਹ ਮੁੰਡਾ ਮੇਰੇ ਸੁਣਨ ਤੇ ਸੰਪਰਕ ‘ਚ ਪਹਿਲਾ ਸੀ ਤੇ ਉਹ ਵੀ ਏਨਾ ਲਿਬਰਲ ਖ਼ਿਆਲਾਂ ਦਾ, ਮੈਂ ਕਈ ਵੇਰ ਹੈਰਾਨ ਜਿਹਾ ਵੀ ਹੋਣ ਲਗ ਪਿਆ ਸਾਂ ।
----
ਇਹ ਕੀ ਹੈ ? ਇਹ ਸੋਚ ਕੇ, ਮੈਂ ਬੌਖ਼ਲਾ ਉਠਦਾ ਤੇ ਮੈਂ ਸੈਨੀਟੋਰੀਅਮ ‘ਚ ਸਰੀਰਕ ਬੀਮਾਰੀ ਤੋਂ ਬਿਨਾ ਇਸ ਉਲਝਣ ਜਹੀ ‘ਚ ਵੀ ਪਿਆ ਰਹਿੰਦਾ ਸਾਂ । ਜੋ ਮੈਂ ਹੁਣ ਤਕ ਸਾਰਾ ਕੁਝ ਪੜ੍ਹਿਆ ਤੇ ਸੁਣਿਆ ਸੀ ਕਿ ਪਾਕਿਸਤਾਨੀ ਬਹੁਤੇ ਜਨੂੰਨੀ ਹੁੰਦੇ ਹਨ। ਆਪਣੇ ਮਜ਼੍ਹਬ ਦੀਆ ਦੀਵਾਰਾਂ ਕਦੇ ਨਹੀਂ ਟੱਪਦੇ ਪਰ ਇਹ ਮੁੰਡਾ ਤਾਂ ਸਾਰੀਆਂ ਫ਼ਸੀਲਾਂ ਤੋੜੀ ਤੁਰਿਆ ਜਾ ਰਿਹਾ ਹੈ । ਉਸ ਸਾਰੇ ਕੁਝ ਤੋਂ ਹਟਵਾਂ ਹੈ। ਮੈਂ ਹੈਰਾਨੀ ਭਰੀ ਖ਼ੁਸ਼ੀ ‘ਚ ਰਤਾ ਕੁ ਸਰੂਰਿਆ ਵੀ ਜਾਂਦਾ ਕਿ ਅਣਜਾਣੀਆਂ ਧਰਤੀਆਂ ਨੂੰ ਹੀ ਅਸੀਂ ਐਂਵੇ ਸੱਚੀਆਂ ਸਵੀਕਾਰੀ ਫਿਰਦੇ ਹਾਂ ਪਰ ਇਹ ਵੀ ਸ਼ਾਇਦ ਮਜ਼੍ਹਵੀ ਫ਼ਸੀਲਾਂ ਤੋਂ ਮੇਰੇ ਵਾਂਗਰ ਹੀ ਬਾਹਰ ਨਿਕਲ ਕੇ ਵਿਚਰਨਾ ਚਾਹੁੰਦਾ ਹੈ । ਇਹ ਸੋਚ ਕੇ ਮੇਰੀ ਰੂਹ ਕਈ ਵੇਰ ਹੁਲਾਰ ਜਿਹਾ ਵੀ ਜਾਂਦੀ ਪਰ ਫੇਰ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਦਾ ਕਿ ਮੈਂ ਉਸਦੇ ਯਕੀਨ ਨੂੰ ਕਦੇ ਵੀ ਚੁਣੌਤੀ ਨਾ ਦਿਆਂ ਤੇ ਨਾ ਹੀ ਉਸਨੇ ਕਦੇ ਮੇਰੇ ਅਕੀਦਿਆਂ ਤੇ ਮੇਰੇ ਵਿਸ਼ਵਾਸਾਂ ਨੂੰ ਠੇਸ ਪਹੁੰਚਾਈ ਸੀ। ਇਹੋ ਹੀ ਸ਼ਾਇਦ ਇਕ ਦੂਸਰੇ ਦੇ ਜਜ਼ਬਾਤ ਦੀ ਕਦਰ ਕਰਨਾ ਹੀ ਸਾਡੀ ਦੋਸਤੀ ਦੀ ਪਿੱਠ-ਭੂਮੀ ਸੀ । ਕਿਸੇ ਬੰਧਨ ਤੋਂ ਕਿਸੇ ਲਕੀਰ ਤੋਂ ਪਾਸੇ ਹੋ ਕੇ ਕਿਸੇ ਨੂੰ ਮਿੱਤਰ ਕਹਿਣਾ ਜਾਂ ਬਣਨਾ ਸਾਡੀ ਦੋਸਤੀ ਦੀ ਨੀਂਹ ਸੀ।ਜਿਸ ਨੇ ਮੈਨੂੰ ਉਸਦੇ ਬਹੁਤ ਨੇੜੇ ਕਰ ਦਿਤਾ ਸੀ ।
-----
ਤਿੰਨ ਮਹੀਨੇ ਇਕੋ ਵੱਡੇ ਕਮਰੇ ‘ਚ ਰਹਿੰਦਿਆਂ ਅਸੀਂ ਟੀ.ਬੀ ਵਰਗੀ ਨਾਮੁਰਾਦ ਬੀਮਾਰੀ ਤੋਂ ਸੁਰਖ਼ਰੂ ਹੋ ਕੇ ਘਰੇ ਆ ਗਏ। ਇਹ ਵੀ ਸ਼ਾਇਦ ਇਕ ਸਵਬ ਹੀ ਸੀ ਕਿ ਗੁਡਯੀਅਰ(ਟਾਇਰ ਫੈਕਟਰੀ ਦਾ ਇੱਕ ਉੱਚ ਅਧਿਕਾਰੀ ਉੱਥੇ ਹਸਪਤਾਲ ‘ਚ ਹੀ ਮੈਨੂੰ ਮਿਲ ਪਿਆ ਤੇ ਉਸ ਨਾਲ ਹਰ ਰੋਜ਼ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ। ਉਹ ਮੇਰੇ ਏਨਾ ਕੁ ਨੇੜੇ ਹੋ ਗਿਆ ਸੀ ਤੇ ਉਸਨੂੰ ਛੁੱਟੀ ਮਿਲਣ ਤੇ ਉਸਨੇ ਮੈਨੂੰ ਆਪ ਹੀ ਕਿਹਾ ਸੀ ਕਿ ਜੇ ਗੁਡਯੀਅਰ ‘ਚ ਜੌਬ ਕਰਨੀ ਹੋਈ ਤਾਂ ਮੇਰੇ ਨਾਲ ਸੰਪਰਕ ਕਰ ਲਵੀਂ। ਮੈਨੂੰ ਹੋਰ ਕੀ ਚਾਹੀਦਾ ਸੀ। ਮੈਂ ਤਾਂ ਪਹਿਲੋਂ ਹੀ ਕੁਆਲਕਾਸਟ ਫੌਂਡਰੀ ਦੇ ਔਖੇ ਕੰਮ ਦਾ ਭੰਨਿਆ ਉਥੋਂ ਭੱਜਣ ਲਈ ਕੋਈ ਰਾਹ ਟੋਲ੍ਹ ਰਿਹਾ ਸੀ। ਹਸਪਤਾਲੋਂ ਸਾਨੂੰ ਛੁੱਟੀ ਵੀ ਇੱਕ ਹਫ਼ਤੇ ਦੇ ਵਕਫੇ ਨਾਲ ਤਕਰੀਬਨ ਇਕੱਠਿਆਂ ਹੀ ਮਿਲ ਗਈ ਸੀ ਤੇ ਫੇਰ ਸਾਨੂੰ ਰੌਜਰ ਦੀ ਮੱਦਦ ਨਾਲ ਇਕੱਠਿਆਂ ਨੂੰ ਹੀ ਗੁੱਡਯੀਅਰ ‘ਚ ਕੰਮ ਮਿਲ ਗਿਆ ਸੀ। ਸਾਡੇ ਡੀਪਾਰਟਮੈਂਟ ਭਾਵੇਂ ਅੱਡ-ਅੱਡ ਸਨ ਤਾਂ ਵੀ ਲੰਚ ਬਰੇਕ ਤੇ ਅਸੀਂ ਇੱਕਠੇ ਹੀ ਬੈਠਦੇ ।ਅਸੀਂ ਇੱਥੇ ਵੀ ਜੋ ਜੀ ਆਉਂਦਾ, ਦੋਨਾਂ ‘ਚੋਂ ਜਿਹੜਾ ਜੋ ਕੁਝ ਵੀ ਲੈ ਆਉਂਦਾ ਖਾ ਲੈਂਦੇ ।ਸਾਡੇ ਆਲੇ ਦੁਆਲੇ ਬੈਠੇ ਹਿੰਦੋਸਤਾਨੀ ਤੇ ਪਾਕਿਸਤਾਨੀ ਸਾਨੂੰ ਕੈੜੀਆਂ ਨਜ਼ਰਾਂ ਨਾਲ ਵੇਖਦੇ, ਤਿੱਖੇ ਬੋਲ ਵੀ ਮਾਰਦੇ ਪਰ ਅਸੀਂ ਕਦੇ ਕਿਸੇ ਦੀ ਪਰਵਾਹ ਨਹੀਂ ਸੀ ਕੀਤੀ। ਸਾਡੀ ਦੋਸਤੀ ਇਨ੍ਹਾਂ ਨਿਗੂਣੀਆਂ ਤੇ ਨਿੱਕੀਆਂ ਨਿੱਕੀਆਂ ਮਜ਼੍ਹਵੀ ਚੁਣੌਤੀਆਂ ਤੋ ਉਤਾਂਹ ਹੋ ਗਈ ਸੀ । ਬਸ਼ੀਰ ਤੇ ਮੈਂ ਅਨਿੱਖੜਵੇਂ ਅੰਗ ਬਣ ਗਏ ਸਾਂ । ਮੇਰੇ ਪਰਿਵਾਰ ਨੇ ਉਸਨੂੰ ਅਪਣਾ ਲਿਆ ਸੀ । ਉਹ ਮੇਰੇ ਦੋਸਤਾਂ ਦਾ ਵੀ ਦੋਸਤ ਬਣ ਗਿਆ ਸੀ। ਉਹ ਸਾਡੇ ਨਾਲ ਪੱਬ ਨੂੰ ਜਾਂਦਾ । ਰੱਜ ਕੇ ਬੀਆਰ ਪੀਂਦਾ ਤੇ ਘਰੇ ਆ ਕੇ ਸਾਡੇ ਨਾਲ ਹੀ ਜੋ ਕੁਝ ਵੀ ਬਣਿਆ ਹੁੰਦਾ ਖਾਂਦਾ ।
-----
ਸਾਡੀ ਦੋਸਤੀ ਇਕ ਰਸ਼ਕ ਜਿਹਾ ਬਣ ਗਈ । ਉਹ ਸਾਡੇ ਘਰੇ ਆਉਂਦਾ, ਮੇਰੇ ਭਰਾਵਾਂ ਦੇ ਜਨਮ ਦਿਨਾਂ ਤੇ ਉਨ੍ਹਾਂ ਨੂੰ ਤੋਹਫ਼ੇ ਦਿੰਦਾ। ਮੇਰੀ ਮਾਂ ਨੂੰ ਪੂਰਾ ਆਦਰ ਦਿੰਦਾ । ਮੇਰੇ ਪਿਉ ਨੂੰ ਸਾਡੇ ਵਾਂਗਰ ਹੀ ਬਾਪੂ ਜੀ ਕਹਿੰਦਾ । ਇਵੇਂ ਕਰਦਾ ਉਹ ਮੈਨੂੰ ਚੰਗਾ ਲਗਦਾ। ਸਾਡੇ ਘਰ ਦਾ ਕੋਈ ਵੀ ਫੰਕਸ਼ਨ ਇਹੋ ਜਿਹਾ ਨਹੀਂ ਸੀ ਹੁੰਦਾ ਜਿਸ ‘ਚ ਬਸ਼ੀਰ ਮੋਹਰੀ ਨਾ ਹੁੰਦਾ ।
.........
-ਬਸ਼ੀਰ ਪੁੱਤ ਤੁੰ ਹੁਣ ਵਿਆਹ ਕਰਾ ਲੈ--? ਮੇਰੀ ਮਾਂ ਉਸਨੂੰ ਮੋਹ ‘ਚ ਭਿੱਜੀ ਚਿਤਾਵਨੀ ਜਿਹੀ ਕਰਦੀ।ਉਸਦੀ ਵਧੀ ਜਾ ਰਹੀ ਉਮਰ ਵਲ ਵੀ ਮਾਂ ਕਈ ਵੇਰ ਇਸ਼ਾਰਾ ਕਰ ਜਾਂਦੀ ।
.......
-ਬੀਬੀ ਟੋਲ੍ਹ ਫੇਰ ਕੁੜੀ ਕੋਈ ---?
.........
-ਮੈਨੂੰ ਕੌਣ ਜਾਣਦਾ ਤੇਰੇ ਮੁਲਕ ਦੇ ਲੋਕਾਂ ਦਾ ?” ਮਾਂ ਸ਼ਾਇਦ ਪਾਕਿਸਤਾਨੀ ਜਾਂ ਮੁਸਲਮਾਨ ਕਹਿਣਾ ਚਾਹੁੰਦੀ ਹੋਈ ਵੀ ਸੰਕੋਚ ਕਰ ਜਾਂਦੀ । ਮਾਂ ਕਹਿੰਦੀ ਤਾਂ ਉਹ ਹੱਸ ਪੈਂਦਾ ।
........
-ਚੱਲ ਬੀਬੀ ਕਿਸੇ ਜਲੰਧਰ ਵਾਲੀ ਨਾਲ ਹੀ ਕਰਾ ਦੇਹ ?”
........
-ਤੂੰ ਆਪਣੇ ਮੁਲਕ ‘ਚ ਆਪਣੇ ਮਾਂ ਪਿਉ ਦੀ ਸਹਿਮਤੀ ਨਾਲ ਵਿਆਹ ਕਰਾ ਜਾ ਕੇ ?”ਮਾਂ ਉਸਨੂੰ ਤਾੜਵਿਆਂ ਬੋਲਾਂ ‘ਚ ਕਹਿੰਦੀ ।
............
-ਸਾਡੇ ਵਿਆਹ ਨਹੀਂ ਬੀਬੀ, ਨਿਕਾਹ ਹੁੰਦਾ ਹੈ ਮੇਰੀ ਤਾਂ ਹੁਣ ਤੂੰ ਹੀ ਮਾਂ ਹੈਂ ਵਿਆਹ ਕਰਾਦੇ ਜਾਂ ਨਿਕਾਹ---?” ਕਹਿ ਕੇ ਉਹ ਅੱਖਾਂ ਭਰ ਲੈਂਦਾ। ਉਸਨੂੰ ਉਸਦੀ ਮਾਂ ਚੇਤੇ ਆ ਜਾਂਦੀ ਤੇ ਮੇਰੀ ਮਾਂ ਉਸਨੂੰ ਘੁੱਟ ਕੇ ਆਪਣੀ ਹਿੱਕ ਨਾਲ ਲਾ ਲੈਂਦੀ ।
...........
ਤੇ ਇਨ੍ਹਾਂ ਸਾਰਿਆਂ ਵਰਤਾਰਿਆਂ ‘ਚੋਂ ਗੁਜ਼ਰਦਿਆਂ ਬਸ਼ੀਰ ਨੂੰ ਪਾਕਿਸਤਾਨੋ ਉਸਦੇ ਪਰਿਵਾਰ ਦੇ ਖ਼ਤ ਆਉਂਦੇ ਰਹਿੰਦੇ ਜਿਨ੍ਹਾਂ ‘ਚ ਪਾਕਿਸਤਾਨ ਨਿਕਾਹ ਕਰਾਉਣ ਵਾਸਤੇ ਆਉਣ ਲਈ ਬਾਰ-ਬਾਰ ਤਾਕੀਦਾਂ ਕੀਤੀਆਂ ਹੁੰਦੀਆਂ। ਮਾਸੀਆਂ ਫੁੱਫੀਆਂ ਦੀਆਂ ਉਸਦੀ ਉਮਰ ਦੀਆਂ ਕੁੜੀਆਂ ਦੀਆਂ ਫ਼ੋਟੋਆਂ ਤੇ ਨਾਲ ਹੀ ਉਨ੍ਹਾਂ ਬਾਰੇ ਤਫ਼ਸੀਲਾਂ ਵੀ ਆਉਂਦੀਆਂ ਰਹਿੰਦੀਆਂ । ਆਪਣੇ ਮਾਂ-ਪਿਉ ਦੇ ਜ਼ੋਰ ਦੇਣ ਤੇ ਉਸਨੇ ਆਪਣੀ ਮਾਸੀ ਦੀ ਕੁੜੀ ਨਾਲ ਨਿਕਾਹ ਦੀ ਹਾਂ ਕਰ ਦਿੱਤੀ ਸੀ ਤੇ ਸਾਡੇ ਵੀ ਸਾਰਿਆਂ ਦੇ ਜ਼ੋਰ ਪਾਉਣ ਤੇ ਪਾਕਿਸਤਾਨ ਜਾਣ ਲਈ ਆਪਣਾ ਮਨ ਬਣਾ ਲਿਆ ਤੇ ਸੀਟ ਬੁੱਕ ਕਰਾ ਲਈ । ਮੈਂ ਉਸਨੂੰ ਆਪ ਹੀਥਰੋ ਏਅਰਪੋਰਟ ਤੇ ਚੜ੍ਹਾ ਕੇ ਆਇਆ।
...........
-ਭਾਈ ਸਾਹਿਬ, ਤੁਹਾਥੋਂ ਬਗ਼ੈਰ ਨਿਕਾਹ ਦਾ ਅਨੰਦ ਜਿਹਾ ਨਹੀਂ ਆਉਣਾ।” ਉਸਨੇ ਉਦਾਸੀ ਜਿਹੀ ‘ਚ ਕਹਿੰਦਿਆਂ ਅੱਖਾਂ ਸੇਜਲ ਕਰ ਲਈਆਂ ।
..............
-ਮੈਨੂੰ ਤਾਂ ਤੇਰੇ ਮੁਲਕ ‘ਚ ਵੜਨ ਹੀ ਨਹੀਂ ਦੇਣਾ ਕਿਸੇ ਨੇ। ਹਵਾਈ ਜਹਾਜ਼ੋਂ ਹੀ ਨਹੀਂ ਬਾਹਰ ਨਿਕਲਣ ਦੇਣਾ।” ਸੁਣ ਕੇ ਉਹ ਹੋਰ ਉਦਾਸ ਜਿਹਾ ਹੋ ਗਿਆ ।
..........
-ਇਹ ਸਾਲੀਆਂ ਹੱਦਾਂ---?” ਫਿਕਰਾ ਉਸਤੋਂ ਪੂਰਾ ਨਾ ਹੋਇਆ ।
------
ਬਸ਼ੀਰ ਦੇ ਵਲੈਤੋਂ ਤੁਰਨ ਤੋਂ ਪਹਿਲਾਂ ਹੀ ਹਿੰਦ-ਪਾਕ ਦੀਆਂ ਸਰਹੱਦਾਂ ਤੇ ਦੋਨਾਂ ਮੁਲਕਾਂ ਦੀ ਮਿਲਟਰੀ ਤੇ ਬਾਰੂਦ ਦੇ ਅੰਬਾਰਾਂ ਨਾਲ਼ ਬੂਥੀਆਂ ਅਸੀਂ ਇਕੱਠਿਆਂ ਬੈਠ ਕੇ ਟੈਲੀਵੀਯਨ ਤੇ ਵੇਖੀਆਂ । ਪੱਬ ‘ਚ ਬੈਠਿਆਂ ਬੀਅਰ ਦੇ ਘੁੱਟਾਂ ਨਾਲ ਆਪ ਇੱਕਠਿਆ ਨਿਗਲੀਆਂ । ਉਸਦੇ ਪਹੁੰਚਣ ਮਗਰੋਂ ਹਫ਼ਤੇ ਦੇ ਅੰਦਰ ਅੰਦਰ ਹੀ ਦੋਨੇ ਮੁਲਕਾਂ ਦੀਆਂ ਫੋਜਾਂ ਭਿੜ ਪਈਆਂ ਸਨ । ਸਾਰਾ ਮਾਹੌਲ ਹੀ ਤਣਿਆ ਗਿਆ ਸੀ। ਪਾਕਿਸਤਾਨ ਪਹੁੰਚਣ ਤੋਂ ਬਾਅਦ ਮੇਰੇ ਕਈ ਖ਼ਤਾਂ ਮਗਰੋਂ ਕਿੰਨੇ ਹੀ ਚਿਰ ਬਾਅਦ ਉਸਦਾ ਖ਼ਤ ਆਇਆ ਤੇ ਉਸ ਖ਼ਤ ‘ਚ ਨਿਕਾਹ ਦੀ ਖ਼ੁਸ਼ੀ ਨਾਲੋਂ ਹਿੰਦ-ਪਾਕ ਦੀ ਲੜਾਈ ਦਾ ਵਿਸਥਾਰ ਬਹੁਤਾ ਸੀ ।ਮੈਨੂੰ ਮਹਿਸੂਸ ਹੋਇਆ ਕਿ ਖ਼ਤ ਦੀ ਸੁਰ ਹਿੰਦੋਸਤਾਨ ਨੂੰ ਇਸ ਲੜਾਈ ਲਈ ਕਸੂਰਵਾਰ ਗਰਦਾਨਦੀ ਹੈ । ਮੈਂ ਉਸਨੂੰ ਨਿਕਾਹ ਦੀ ਵਧਾਈ ਦਾ ਮੋੜਵਾਂ ਖ਼ਤ ਲਿਖਿਆ ਤੇ ਲੜਾਈ ਲਈ ਦੋਨਾਂ ਮੁਲਕਾਂ ਦੀਆਂ ਸਰਕਾਰਾਂ ਦੀ ਚੰਗੀ ਲਾਹ ਪਾਹ ਕੀਤੀ । ਬਸ਼ੀਰ ਨੇ ਮੇਰੇ ਖ਼ਤ ਦਾ ਕੋਈ ਜਵਾਬ ਨਾ ਦਿਤਾ ਤੇ ਖ਼ਾਮੋਸ਼ ਹੋ ਗਿਆ । ਦੋ ਕੁ ਹਫ਼ਤੇ ਦੀ ਉਡੀਕ ਮਗਰੋਂ ਮੈਂ ਇਕ ਫੇਰ ਖ਼ਤ ਲਿਖਿਆ ਪਰ ਉਸਦਾ ਵੀ ਕੋਈ ਜਵਾਬ ਨਾ ਆਇਆ । ਕੰਜਰ ਦਾ ਨਵੀਂ ਰੰਨ ਦੀਆਂ ਬਾਹਵਾਂ ‘ਚ ਉਲਝ ਗਿਆ ਹੋਣੈ । ਮੈਂ ਆਪਣੀਆਂ ਸੋਚਾਂ ਨੂੰ ਇਵੇਂ ਕਹਿ ਕੇ ਪਰਚਾ ਲਿਆ ।
-----
ਵਕਤ ਨੇ ਤਾਂ ਤੁਰਦੇ ਰਹਿਣਾ ਹੀ ਹੁੰਦਾ ਹੈ । ਸੋ ਤੁਰਦਾ ਰਿਹਾ ।ਮੈਂ ਵੀ ਨੌਕਰੀ ਦੇ ਸਿਲਸਲੇ ‘ਚ ਮਿਡਲੈਂਡ ‘ਚੋਂ ਨਿਕਲ ਆਪਣੇ ਇਕ ਦੋਸਤ ਕੋਲ ਗਰੇਵਜ਼ੈਂਡ ਚਲੇ ਗਿਆ । ਬਸ਼ੀਰ ਦਾ ਚੇਤਾ ਤਾਂ ਕਈ ਵੇਰ ਆਉਂਦਾ ਪਰ ਏਨੀ ਸ਼ਿੱਦਤ ਨਾਲ ਨਹੀਂ ਕਿ ਮੈਂ ਕਈ ਕਈ ਦਿਨ ਤੜਫ਼ਦਾ ਰਹਿੰਦਾ । ਮੈਂ ਇਹ ਸਵੀਕਾਰ ਜਿਹਾ ਹੀ ਲਿਆ ਸੀ ਕੇ ਜੇ ਬਸ਼ੀਰ ਨੂੰ ਮੇਰੀ ਦੋਸਤੀ ਰਾਸ ਨਹੀਂ ਆ ਰਹੀ ਤਾਂ ਮੈਂ ਕੀ ਕਰ ਸਕਦਾ ਹਾਂ, ਪਰ ਨਾਲ ਇਹ ਵੀ ਸੋਚ ਰੜਕਦੀ ਰਹੀ ਕਿ ‘ਕੰਜਰ ਦਾ ਜੰਨੂਨੀ ਤਾਂ ਹੈ ਨਹੀਂ ਸੀ ਫੇਰ ਇਵੇਂ ਪਾਸਾ ਕਿਉਂ ਵੱਟ ਗਿਆ?”
-----
ਕੁਝ ਚਿਰ ਬਾਅਦ ਮੈਂ ਮਿਡਲੈਂਡ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਤਾਂ ਮੈਂ ਬਸ਼ੀਰ ਨੂੰ ਉਸਦੇ ਘਰ ਮਿਲਣ ਵੀ ਗਿਆ। ਉਸਨੇ ਬੂਹਾ ਤਾਂ ਖੋਲ੍ਹਿਆ ਪਰ ਉਸਦੇ ਚਿਹਰੇ ਤੇ ਦੋਸਤ ਨੂੰ ਚਿਰਾਂ ਪਿਛੋਂ ਮਿਲਣ ਵਰਗੀ ਖ਼ੁਸ਼ੀ ਨਹੀਂ ਸੀ । ਇੰਝ ਲਗਦਾ ਸੀ ਕਿ ਉਹ ਮੈਨੂੰ ਅੰਦਰ ਆਉਣ ਲਈ ਵੀ ਨਹੀਂ ਕਹੇਗਾ, ਪਰ ਝਿਜਕਦੇ ਜਿਹੇ ਨੇ ਮੈਨੂੰ ਅੰਦਰ ਬੁਲਾ ਲਿਆ । ਮੈਂ ਉਸਦੇ ਵਤੀਰੇ ਤੇ ਰੋਸਾ ਜਿਹਾ ਕੀਤਾ ਤਾਂ ਉਹ ਮੈਨੂੰ ਹਿੰਦ-ਪਾਕ ਲੜਾਈ ਦੀਆਂ ਤਫ਼ਸੀਲਾਂ ਦੇਣ ਲਗ ਪਿਆ । ਹਿੰਦੋਸਤਾਨ ਨੂੰ ਬੁਰਾ ਭਲਾ ਬੋਲਣ ਲਗ ਪਿਆ ।
...........
-ਬਸ਼ੀਰ ਜੰਗ ਤਾਂ ਆਪਣੇ ਦੋਂਹ ਮੁਲਕਾਂ ਦੀ ਲੱਗੀ ਹੈ ਤੇਰੇ ਮੇਰੇ ਵਿਚਾਲੇ ਤਾਂ ਕੁਝ ਨਹੀਂ ਵਾਪਰਿਆ । ਇਹ ਤਾਂ ਆਪਣੇ ਮੁਲਕਾਂ ਦੇ ਸਿਆਸਤਦਾਨ ਆਪਣੀਆਂ ਕੁਰਸੀਆਂ ਰਾਖਵੀਆਂ ਰਖਣ ਲਈ ਆਮ ਜਨਤਾ ਨੂੰ ਭੜਕਾ ਕੇ ਲੜਾਈ ਦਾ ਮਾਹੌਲ ਬਣਾ ਦਿੰਦੇ ਹਨ, ਆਪਾਂ ਥੋੜ੍ਹਾ ਲੜੇ ਹਾਂ ?
..........
-ਨਹੀਂ ਭਾਈ ਸਾਹਿਬ-ਜਦੋਂ ਸਾਡੇ ਮੁਲਕ ਹੀ ਇਕ ਦੂਜੇ ਦੇ ਦੁਸ਼ਮਨ ਬਣੇ ਹੋਏ ਹਨ । ਹਜ਼ਾਰਾਂ ਸਾਡੇ ਮੁਸਲਮਾਨ ਭਰਾ ਮਾਰ ਦਿਤੇ ਹਨ । ਮੇਰਾ ਚਚੇਰਾ ਭਾਈ ਵੀ ਇਸ ਜੰਗ ਦੀ ਭੇਂਟ ਚੜ੍ਹਿਆ ਹੈ ।ਫੇਰ ਅਸੀਂ ਦੋਸਤੀਆਂ ਕਿਵੇਂ ਨਿਭਾ ਸਕਦੇ ਹਾਂ ?
..............
-ਹੈਂਅ-----। ਮੈਨੂੰ ਬਸ਼ੀਰ ਦਿਆਂ ਬੋਲਾਂ ਤੇ ਯਕੀਨ ਨਹੀਂ ਸੀ ਆ ਰਿਹਾ ।
..............
-ਮੈਨੂੰ ਤੇਰੇ ਚਚੇਰੇ ਭਰਾ ਦੀ ਮੌਤ ਦਾ ਅਫਸੋਸ ਹੈ, ਬਸ਼ੀਰ । ਜੰਗ ‘ਚ ਮਰੇ ਤਾਂ ਹਿੰਦੋਸਤਾਨੀ ਵੀ ਬਥੇਰੇ ਹਨ, ਬਾਰੂਦ ਨੇ ਤਾਂ ਜਾਨਾਂ ਹੀ ਲੈਣੀਆਂ ਹੁੰਦੀਆਂ ਹਨ ਪਰ ਆਪਣੀ ਦੋਸਤੀ ਤਾਂ ਇਨ੍ਹਾਂ ਲਕੀਰਾਂ, ਇਨ੍ਹਾਂ ਨਫ਼ਰਤਾਂ ਤੋਂ ਬਹੁਤ ਉੱਚੀ ਹੈ ।
..............
ਉਹ ਕੁਝ ਨਾ ਬੋਲਿਆ ।ਉਸਨੇ ਮੈਨੂੰ ਚਾਹ ਪਾਣੀ ਦੀ ਸੁਲਾਹ ਵੀ ਚੰਗੀ ਤਰ੍ਹਾਂ ਨਾ ਮਾਰੀ । ਮੈਂ ਨਿਰਾਸ਼ ਜਿਹਾ ਹੋ ਕੇ ਉਸਦੇ ਘਰੋਂ ਪਰਤ ਆਇਆ । ਕਈ ਦਿਨ ਉਦਾਸ ਜਿਹਾ ਵੀ ਰਿਹਾ । ਇਹ ਸ਼ਾਇਦ ਸੁਭਾਵਿਕ ਵੀ ਸੀ । ਕਈਆਂ ਵਰ੍ਹਿਆਂ ਦੀ ਦੋਸਤੀ ਦੀ ਨੀਂਹ ਹਿੱਲ ਗਈ ਸੀ । ਮੈਂ ਅੰਦਰੋਂ ਅੰਦਰੀ ਉਸਨੂੰ ਗਾਲ੍ਹਾਂ ਕੱਢਦਾ, ਬੁਰਾ ਭਲਾ ਕਹਿੰਦਾ ਪਰ ਮੈਨੂੰ ਉਸਤੇ ਕਦੀ ਵੀ ਬਹੁਤਾ ਗ਼ੁੱਸਾ ਨਾ ਆਉਂਦਾ ।ਸਾਡੀ ਦੋਸਤੀ ਦੀਆਂ ਜੜ੍ਹਾਂ ਹਿਲਾਉਣ ਦੀ ਵਜ੍ਹਾ ਬਸ਼ੀਰ ਨਹੀਂ ਸਗੋਂ ਹਿੰਦ-ਪਾਕ ਦੀਆਂ ਸਰਕਾਰਾਂ ਲਗਦੀਆਂ, ਤੇ ਮੈਂ ਫੇਰ ਆਪਣੀਆਂ ਸਰਕਾਰਾਂ ਨੂੰ ਕੋਸਣ ਲਗ ਜਾਂਦਾ ।
*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment