ਲੇਖ
ਲੜੀ ਜੋੜਨ ਲਈ ਭਾਗ ਪਹਿਲਾ ਉੱਪਰਲੀ ਪੋਸਟ ਜ਼ਰੂਰ ਪੜ੍ਹੋ ਜੀ।
ਧਰਮ ਨਾਲ ਸਬੰਧਤ ਸਮੱਸਿਆਵਾਂ ਵੀ ਇਸ ਕਰਕੇ ਆ ਰਹੀਆਂ ਹਨ ਕਿ ਅਸੀਂ ਧਰਮ ਨੂੰ ਵੀ ਸਹੀ ਅਰਥਾਂ ਵਿੱਚ ਸਮਝਣ ਦਾ ਯਤਨ ਨਹੀਂ ਕਰਦੇ। ਧਰਮ ਵੀ ਇੱਕ ਪਾਖੰਡ ਬਣ ਕੇ ਰਹਿ ਗਿਆ ਹੈ। ਥਾਂ ਥਾਂ ਪਾਖੰਡੀ ਸੰਤ-ਬਾਬਿਆਂ ਦੀਆਂ ਡੇਰਾ-ਰੂਪੀ ਦੁਕਾਨਾਂ ਖੁੱਲ੍ਹ ਰਹੀਆਂ ਹਨ। ਅਜਿਹੇ ਪਾਖੰਡੀ ਸੰਤ-ਬਾਬਿਆਂ ਦੇ ਰੂਪ ਵਿੱਚ ਕਾਤਲ, ਬਲਾਤਕਾਰੀ, ਡਰੱਗ ਸਮੱਗਲਰ, ਗੁੰਡੇ, ਰੰਡੀਆਂ ਦਾ ਧੰਦਾ ਕਰਨ ਵਾਲੇ ਦੱਲੇ ਆਮ ਜਨਤਾ ਦੀ ਮਾਨਸਿਕ, ਸਰੀਰਕ ਅਤੇ ਆਰਥਿਕ ਲੁੱਟ ਮਚਾ ਰਹੇ ਹਨ। ਪੇਸ਼ ਹਨ ‘ਸ਼ਾਇਦ ਇਹ ਸੱਚ ਹੋਵੇ’ ਅਤੇ ‘ਸੱਚੇ ਸ਼ਰਧਾਲੂ’ ਨਾਮ ਦੀਆਂ ਕਵਿਤਾਵਾਂ ਵਿੱਚੋਂ ਕੁਝ ਉਦਾਹਰਣਾਂ:
1.ਬੱਚੇ ਵਿਲਕਣ ਭੁੱਖੇ ਪੂੜੇ ਸਾਧਾਂ ਨੂੰ
ਅੰਨ੍ਹੀ ਸ਼ਰਧਾ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸੀ ਬਣੇ ਹਾਂ ਛੱਡ ਕੇ ਤਰਕਾਂ ਨੂੰ
ਵਹਿਮਾਂ-ਭਰਮਾਂ ਪੈ ਕੇ ਕੀ ਸੰਵਾਰ ਲਿਆ
ਅਗਲਾ ਜਨਮ ਬਣਾਉਣਾ ਆਪਾ ਸਫ਼ਲ ਹੈ
ਅਸੀਂ ਉਹਦੇ ਪਿੱਛੇ ਲੱਗਕੇ ਇਹ ਉਜਾੜ ਲਿਆ
ਹੁਣ ਇੰਟਰਨੈਟ ‘ਤੇ ਕਰੇ ਕਰਾਏ ਪਾਠ ਮਿਲਣ
ਕੀ ਲੈਣਾ ਬਾਣੀ ਪੜ੍ਹਕੇ, ਕੀਤੇ ਲੈ ਕੇ ਸਾਰ ਲਿਆ
..........
2.ਘਰੇਲੂ ਕਲੇਸ਼ ਦਾ ਅੰਤ
ਸਿਰਫ਼ ਚੌਵੀ ਘੰਟਿਆਂ ਵਿੱਚ
ਸ਼ਰਤੀਆ ਮੁੰਡਾ ਹੀ ਹੋਵੇਗਾ ਆਦਿ...
ਬਾਬਾ ਜੀ ਦਾ ਇਹ ਇਸ਼ਤਿਹਾਰ
ਸਾਰੇ ਮਸ਼ਹੂਰ ਅਖ਼ਬਾਰਾਂ ਵਿਚ ਛਪਦਾ
ਆਪ ਉਹ ਪੰਜ ਲੜਕੀਆਂ ਦਾ ਬਾਪ ਹੈ
ਘਰ ਵਾਲੀ ਲੜਕੇ ਪੇਕੇ ਚਲੀ ਗਈ
ਪਰ ਫੇਰ ਵੀ ਉਸਦੇ ਡੇਰੇ ਤੇ
ਲੋਕਾਂ ਦੀ ਭੀੜ ਦਿਨੋਂ-ਦਿਨ ਵੱਧ ਰਹੀ ਹੈ...
-----
ਅਜਿਹੀ ਹਾਲਤ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਦੇਸ-ਵਿਦੇਸ਼ ਦਾ ਪੰਜਾਬੀ ਪ੍ਰਿੰਟ / ਰੇਡੀਓ / ਟੀਵੀ ਮੀਡੀਆ ਇਸ ਗੱਲ ਨੂੰ ਘਟਾਉਣ ਦੀ ਥਾਂ ਅਜਿਹੇ ਪਾਖੰਡੀ ਸੰਤ-ਠੱਗ-ਬਾਬਿਆਂ ਦੀ ਇਸ਼ਤਿਹਾਰਬਾਜ਼ੀ ਕਰਕੇ ਆਪਣੇ ਬੈਂਕ ਬੈਲੈਂਸ ਵਧਾਉਣ ਵਿੱਚ ਲੱਗਾ ਹੋਇਆ ਹੈ ਅਤੇ ਇਨ੍ਹਾਂ ਹੀ ਸੰਤ-ਠੱਗ-ਬਾਬਿਆਂ ਦੀ ਕਿਰਪਾ ਨਾਲ ਲੱਗੀ ਡਾਲਰਾਂ ਦੀ ਬਰਸਾਤ ਸਦਕਾ ਮਹਿਲਾਂ ਵਰਗੀਆਂ ਕੋਠੀਆਂ ਵਿੱਚ ਰਹਿ ਰਿਹਾ ਹੈ। ਸਾਡੇ ਮੀਡੀਆ ਦੇ ਕੁਝ ਹਿੱਸੇ ਵੱਲੋਂ ਦਿਖਾਈ ਜਾ ਰਹੀ ਗ਼ੈਰ-ਜ਼ਿੰਮੇਵਾਰੀ ਵਾਂਗੂੰ ਸਾਡੇ ਗੀਤਕਾਰਾਂ/ਗਾਇਕਾਂ ਦਾ ਕੁਝ ਹਿੱਸਾ ਵੀ ਬੜੀ ਗ਼ੈਰ-ਜ਼ਿੰਮੇਵਾਰੀ ਦਿਖਾ ਰਿਹਾ ਹੈ। ਕੈਨੇਡਾ/ਇੰਗਲੈਂਡ/ਅਮਰੀਕਾ/ਇੰਡੀਆ/ਪਾਕਿਸਤਾਨ-ਹਰ ਜਗ੍ਹਾ ਹੀ ਪੰਜਾਬੀ ਨੌਜਵਾਨ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਨ; ਪਰ ਸਾਡੇ ਗਾਇਕ ਪੰਜਾਬੀ ਟੀਵੀ ਚੈਨਲਾਂ ਰਾਹੀਂ ਦਿਖਾਏ ਜਾ ਰਹੇ ਗੀਤਾਂ ਵਿੱਚ ਪੰਜਾਬੀ ਨੌਜਵਾਨਾਂ ਨੂੰ ਬੱਕਰੇ ਬੁਲਾਉਂਦੇ ਹੋਏ ਅਤੇ ਲਲਕਾਰੇ ਮਾਰਦੇ ਦਿਖਾ ਰਹੇ ਹਨ। ਇਸ ਤਰ੍ਹਾਂ ਸਾਡੀ ਗਾਇਕੀ ਅਤੇ ਸਭਿਆਚਾਰਕ ਟੀਵੀ ਪ੍ਰੋਗਰਾਮਾਂ ਦੀ ਪੇਸ਼ਕਾਰੀ ਹਕੀਕਤਾਂ ਦੀ ਗਲਤ ਪੇਸ਼ਕਾਰੀ ਕਰ ਰਹੀ ਹੈ। ਇਹੀ ਗੱਲ ਬਲਜਿੰਦਰ ਸੰਘਾ ਵੀ ਆਪਣੀ ਰਚਨਾ ‘ਕੌੜਾ ਸੱਚ’ ਵਿੱਚ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ:
ਪੱਟ ਦਿੱਤੇ ਨੇ ਨਸ਼ਿਆਂ ਨੇ
ਗੱਭਰੂ ਮੇਰੇ ਪੰਜਾਬ ਦੇ
ਮਾਰ-ਮੁਕਾਏ ਹਨ
ਬੇ-ਰੋਜ਼ਗਾਰੀ ਨੇ
ਗੱਭਰੂ ਮੇਰੇ ਪੰਜਾਬ ਦੇ
ਆਪਣਾ ਹਨ੍ਹੇਰਾ ਭਵਿੱਖ ਦੇਖਕੇ
ਆਵਾਜ਼ ਨਹੀਂ ਨਿੱਕਲਦੀ
ਉਹਨਾਂ ਦੇ ਮੂੰਹੋਂ
ਪਰ ਅੱਜ ਵੀ ਦਿਖਾਏ ਜਾਂਦੇ ਨੇ
ਬੇ-ਅਰਥੇ ਗੀਤਾਂ ‘ਤੇ
ਲਲਕਾਰੇ ਮਾਰਦੇ
ਖੜ-ਮਸਤੀਆਂ ਕਰਦੇ
ਤੇ ਬੱਕਰੇ ਬੁਲਾਉਂਦੇ
ਟੀਵੀ ਚੈਨਲਾਂ ਵੱਲੋਂ
ਗੱਭਰੂ ਮੇਰੇ ਪੰਜਾਬ ਦੇ
------
ਸਾਡਾ ਮੀਡੀਆ ਇੱਕ ਹੋਰ ਪੱਖ ਤੋਂ ਵੀ ਗ਼ੈਰ-ਜ਼ਿੰਮੇਵਾਰੀ ਵਾਲਾ ਵਤੀਰਾ ਦਿਖਾਂਦਾ ਹੈ। ਪਹਿਲਾਂ ਤਾਂ ਧਰਮ ਦੇ ਨਾਮ ਉੱਤੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਦੰਗੇ-ਫਸਾਦ ਕਰਵਾਏ ਜਾਂਦੇ ਹਨ। ਫਿਰ ਦੂਜੀ ਵਾਰ ਗ਼ੈਰ-ਜ਼ਿੰਮੇਵਾਰੀ ਦਿਖਾਈ ਜਾਂਦੀ ਹੈ ਜਦੋਂ ਇਨ੍ਹਾਂ ਦੰਗੇ-ਫਸਾਦਾਂ ਦੀਆਂ ਖਬਰਾਂ ਦਾ ਵਿਸਥਾਰ ਦੇਣ ਵੇਲੇ ਟੀਵੀ ਚੈਨਲਾਂ ਉੱਤੇ ਇਸ ਗੱਲ ਦਾ ਸ਼ੋਰ ਪਾਇਆ ਜਾਂਦਾ ਹੈ ਕਿ ਇਨ੍ਹਾਂ ਦੰਗਿਆਂ ਵਿੱਚ ਇੰਨੇ ਹਿੰਦੂ, ਇੰਨੇ ਸਿੱਖ, ਇੰਨੇ ਮੁਸਲਮਾਨ, ਇੰਨੇ ਈਸਾਈ, ਇੰਨੇ ਜੈਨੀ, ਇੰਨੇ ਬੋਧੀ ਮਾਰੇ ਗਏ। ਜਿਸ ਕਾਰਨ ਦੰਗੇ ਹੋਰ ਵੀ ਭੜਕਦੇ ਹਨ। ਜੇਕਰ ਇਨ੍ਹਾਂ ਦੰਗੇ-ਫਸਾਦਾਂ ਦੀਆਂ ਖ਼ਬਰਾਂ ਪ੍ਰਸਾਰਿਤ ਕਰਨ ਵੇਲੇ ਸਾਡਾ ਮੀਡੀਆ ਮਰਨ ਵਾਲਿਆਂ ਨੂੰ ਸਿਰਫ਼ ਇਨਸਾਨ ਹੀ ਸਮਝੇਗਾ ਤਾਂ ਟੀਵੀ ਪ੍ਰੋਗਰਾਮ ਦੇਖਣ ਵਾਲਿਆਂ ਦੇ ਦਿਮਾਗ਼ਾਂ ਵਿੱਚ ਇਹ ਵਿਚਾਰ ਆਵੇਗਾ ਕਿ ਇਨ੍ਹਾਂ ਦੰਗਿਆਂ ਨੇ ਇੰਨੇ ਇਨਸਾਨਾਂ ਦੀ ਜਾਨ ਲੈ ਲਈ। ਮਰਨ ਵਾਲੇ ਚਾਹੇ ਕਿਸੇ ਵੀ ਧਾਰਮਿਕ ਵਿਸ਼ਵਾਸ਼ ਵਾਲੇ ਸਨ - ਪਰ ਉਹ ਸਭ ਇਨਸਾਨ ਸਨ। ਉਨ੍ਹਾਂ ਸਾਰਿਆਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖ਼ੂਨ ਵਹਿੰਦਾ ਸੀ। ਉਹ ਸਾਰੇ ਇੱਕੋ ਹਵਾ ਵਿੱਚ ਹੀ ਸਾਹ ਲੈਂਦੇ ਸਨ। ਉਹ ਸਭ ਹੱਡ-ਮਾਸ ਦੇ ਬਣੇ ਹੋਏ ਪੁਤਲੇ ਸਨ। ਆਪਣੀ ਕਵਿਤਾ ‘ਮੀਡੀਆ’ ਵਿੱਚ ਬਲਜਿੰਦਰ ਸੰਘਾ ਇਸ ਨੁਕਤੇ ਨੂੰ ਬੜੀ ਸ਼ਿੱਦਤ ਨਾਲ ਉਭਾਰਦਾ ਹੈ:
ਦੰਗੇ ਹੁੰਦੇ ਰਹਿੰਦੇ ਨੇ
ਖ਼ਬਰਾਂ ਸੁਣਦੇ ਹਾਂ ਖ਼ਬਰਾਂ ਪੜ੍ਹਦੇ ਹਾਂ
ਹਰ ਇੱਕ ਦੂਸਰੇ ਤੋਂ
ਵਧ-ਚੜ੍ਹ ਕੇ ਆਖਦਾ ਹੈ
ਕਿ
ਮੁਸਲਮਾਨਾਂ ਨੇ ਹਿੰਦੂ ਮਾਰ ਦਿੱਤੇ
ਕਿ
ਹਿੰਦੂਆਂ ਨੇ ਮੁਸਲਮਾਨ ਮਾਰ ਦਿੱਤੇ
ਕਿ
ਸਿੱਖਾਂ ਨੇ ਹਿੰਦੂ ਮਾਰ ਦਿੱਤੇ
ਪਰ ਕੋਈ ਨਹੀਂ ਕਹਿੰਦਾ
ਕਿ
ਮਨੁੱਖਾਂ ਨੇ ਮਨੁੱਖ ਮਾਰ ਦਿੱਤੇ
ਤੇ ਸ਼ਾਇਦ ਇਸੇ ਕਰਕੇ
ਦੰਗੇ ਹੁੰਦੇ ਰਹਿੰਦੇ ਨੇ...
------
ਬਲਜਿੰਦਰ ਸੰਘਾ ਨੇ ਆਪਣੇ ਕਾਵਿ ਸੰਗ੍ਰਹਿ ‘ਕਵਿਤਾ...ਮੈਨੂੰ ਮੁਆਫ਼ ਕਰੀਂ’ ਵਿੱਚ ਭਾਵੇਂ ਕਿ ਹੋਰ ਵੀ ਵਿਸਿ਼ਆਂ ਬਾਰੇ ਕਵਿਤਾਵਾਂ ਲਿਖੀਆਂ ਹਨ; ਪਰ ਮੈਂ ਉਸਦੀ ਸਿਰਫ਼ ਇੱਕ ਹੋਰ ਕਵਿਤਾ ਨੂੰ ਵਿਚਾਰ ਅਧੀਨ ਲਿਆ ਕੇ ਆਪਣੀ ਗੱਲ ਖ਼ਤਮ ਕਰਨੀ ਚਾਹਾਂਗਾ। ਪਰਵਾਸੀ ਪੰਜਾਬੀਆਂ ਦੀਆਂ ਅਨੇਕਾਂ ਸਮੱਸਿਆਵਾਂ ਦਾ ਜਿਸ ਤਰ੍ਹਾਂ ਕਾਰਨ ਵੀ ਉਨ੍ਹਾਂ ਦਾ ਸਭਿਆਚਾਰਕ ਵਿਰਸਾ ਹੈ; ਇਸੇ ਤਰ੍ਹਾਂ ਹੀ ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਉਨ੍ਹਾਂ ਦਾ ਵਿਰਸਾ ਹੀ ਹੈ। ਉਨ੍ਹਾਂ ਦੇ ਵਿਰਸੇ ਦਾ ਸਬੰਧ ਉਨ੍ਹਾਂ ਦੀ ਮਾਂ ਬੋਲੀ ਪੰਜਾਬੀ ਨਾਲ ਜੁੜਿਆ ਹੋਇਆ ਹੈ। ਪਰਵਾਸੀ ਪੰਜਾਬੀਆਂ ਦੀਆਂ ਸਭਿਆਚਾਰਕ ਸਮੱਸਿਆਵਾਂ ਦਾ ਜਦੋਂ ਲੇਖਾ-ਜੋਖਾ ਕਰਨ ਲੱਗਦੇ ਹਾਂ ਤਾਂ ਇਹ ਗੱਲ ਉੱਭਰਕੇ ਸਾਹਮਣੇ ਆਉਂਦੀ ਹੈ ਕਿ ਪ੍ਰਵਾਸੀ ਪੰਜਾਬੀ ਪ੍ਰਵਾਰਾਂ ਵਿੱਚ ਵੱਧ ਰਹੀ ਪ੍ਰਵਾਰਕ ਹਿੰਸਾ, ਪਤੀਆਂ ਵੱਲੋਂ ਆਪਣੀਆਂ ਹੀ ਪਤਨੀਆਂ ਦੇ ਕੀਤੇ ਜਾ ਰਹੇ ਕਤਲ, ਪਿਉਆਂ ਵੱਲੋਂ ਧਰਮ ਦੇ ਨਾਮ ਉੱਤੇ ਆਪਣੀਆਂ ਹੀ ਧੀਆਂ ਨੂੰ ਕਤਲ ਕਰਵਾ ਦੇਣਾ, ਪੰਜਾਬੀ ਨੌਜਵਾਨ ਬੱਚਿਆਂ ਦਾ ਨਸ਼ਿਆਂ ਦੇ ਆਦੀ ਹੋ ਕੇ ਡਰੱਗ ਸਮੱਗਲਰ/ਡਰੱਗ ਗੈਂਗਸਟਰ ਬਣ ਜਾਣਾ - ਇਹ ਸਾਰੀਆਂ ਗੱਲਾਂ ਪੰਜਾਬੀ ਸਭਿਆਚਾਰਕ ਵਿਰਸੇ ਨਾਲੋਂ ਟੁੱਟ ਜਾਣ ਕਰਕੇ ਵਾਪਰ ਰਿਹਾ ਹੈ। ਕਿਉਂਕਿ ਪੰਜਾਬੀ ਸਭਿਆਚਾਰਕ ਵਿਰਸਾ ਤਾਂ ਔਰਤ ਅਤੇ ਮਰਦ ਦੀ ਬਰਾਬਰੀ ਦੀ ਗੱਲ ਕਰਦਾ ਹੈ, ਨਸਿ਼ਆਂ ਦੀ ਸਖਤ ਆਲੋਚਨਾ ਕਰਦਾ ਹੈ, ਧੀਆਂ ਨੂੰ ਪਰਿਵਾਰ ਦੀ ਖ਼ੁਸ਼ਬੂ ਕਰਾਰ ਦਿੰਦਾ ਹੈ, ਪੰਜਾਬੀ ਸਭਿਆਚਾਰਕ ਵਿਰਸਾ ਤਾਂ ਪਿਆਰ-ਮੁਹੱਬਤ, ਸਾਂਝੀਵਾਲਤਾ ਅਤੇ ਏਕਤਾ ਦਾ ਸੰਦੇਸ਼ ਦਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਅਸੀਂ ਕਾਫੀ ਹੱਦ ਤੱਕ ਬਚੇ ਰਹਿ ਸਕਦੇ ਹਾਂ ਜੇਕਰ ਅਸੀਂ ਆਪ/ਆਪਣੇ ਬੱਚਿਆਂ ਨੂੰ ਪੰਜਾਬੀ ਜ਼ੁਬਾਨ ਨਾਲ ਜੋੜੀ ਰੱਖੀਏ ਅਤੇ ਉਨ੍ਹਾਂ ਦੀ ਚੇਤਨਾ ਅੰਦਰ ਪੰਜਾਬੀ ਸਭਿਆਚਾਰਕ ਵਿਰਸੇ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦਾ ਚਾਨਣ ਬਿਖੇਰਦੇ ਰਹੀਏ। ਕੁਝ ਇਸ ਤਰ੍ਹਾਂ ਦੀ ਹੀ ਗੱਲ ਬਲਜਿੰਦਰ ਸੰਘਾ ਆਪਣੀ ਕਵਿਤਾ ‘ਦੋਸਤ ਲਈ ਦੁਆ’ ਵਿੱਚ ਕਰ ਰਿਹਾ ਜਾਪਦਾ ਹੈ:
ਜੇ ਤੂੰ ਪੰਜਾਬ ਵਿੱਚ ਹੁੰਦਾ ਤਾਂ
ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜ੍ਹਾਈ ਦਾ ਮੁੱਲ ਪਵੇ
ਤੇ ਤੂੰ ਵੀ ਖੜ੍ਹਾ ਹੋਵੇਂ ਆਪਣੇ ਪੈਰਾਂ ਭਾਰ
ਪਰ ਹੁਣ ਤੂੰ ਕੈਨੇਡਾ ਵਿੱਚ ਵੱਸਦਾ ਏਂ
ਤੇ ਆਰਥਿਕ ਪੱਖੋਂ ਖ਼ੁਸ਼ਹਾਲ ਏਂ
ਤੇ ਮੈਂ ਦੁਆ ਕਰਦਾ ਹਾਂ ਕਿ
ਤੇਰੇ ਬੱਚੇ ਪੰਜਾਬੀ ਵੀ ਪੜ੍ਹਣ...
ਕੈਨੇਡੀਅਨ ਪੰਜਾਬੀ ਕਵੀ ਬਲਜਿੰਦਰ ਸੰਘਾ ਦਾ ਪਹਿਲਾ ਹੀ ਕਾਵਿ-ਸੰਗ੍ਰਹਿ ‘ਕਵਿਤਾ...ਮੈਨੂੰ ਮੁਆਫ਼ ਕਰੀਂ’ ਪੜ੍ਹ ਕੇ ਇਸ ਗੱਲ ਦੀ ਤਸੱਲੀ ਮਿਲਦੀ ਹੈ ਕਿ ਉਹ ਵਿਚਾਰਧਾਰਕ ਤੌਰ ਉੱਤੇ ਨਾ ਸਿਰਫ਼ ਇੱਕ ਚੇਤੰਨ ਕਵੀ ਹੀ ਹੈ; ਬਲਕਿ ਉਹ ਇਸ ਗੱਲ ਨੂੰ ਵੀ ਭਲੀ-ਭਾਂਤ ਸਮਝਦਾ ਹੈ ਕਿ ਕਾਵਿ ਸਿਰਜਣਾ ਦੀ ਪ੍ਰਕ੍ਰਿਆ ਵਿੱਚ ਕਵੀ ਵੱਲੋਂ ਵਿਚਾਰਧਾਰਕ ਤੌਰ ਉੱਤੇ ਦਖ਼ਲ-ਅੰਦਾਜ਼ੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ।
No comments:
Post a Comment