ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, June 29, 2010

ਜਰਨੈਲ ਸਿੰਘ ਸੇਖਾ - ਮੇਰਾ ਜਨਮ ਤੇ ਜਨਮ ਤਰੀਕ ਦਾ ਭੰਬਲਭੂਸਾ – ਲੇਖ – ਭਾਗ ਦੂਜਾ

ਮੇਰਾ ਜਨਮ ਤੇ ਜਨਮ ਤਰੀਕ ਦਾ ਭੰਬਲਭੂਸਾ

ਯਾਦਾਂ ਦੇ ਝਰੋਖੇ ਚੋਂ

ਲੇਖ

ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

ਜਦੋਂ ਮੇਰੀ ਮਾਂ ਅਚਾਰ ਨਾਲ ਰੋਟੀਆਂ ਤੇ ਲੱਸੀ ਦਾ ਮੱਘਾ ਲੈ ਕੇ ਖੇਤ ਪਹੁੰਚੀ ਤਾਂ ਪੋਹ ਦੇ ਦਿਨ ਦਾ ਦੁਪਹਿਰਾ ਹੋ ਗਿਆ ਸੀ। ਮੇਰਾ ਬਾਪ ਕਮਾਦ ਬੀਜਣ ਦੀ ਤਿਆਰੀ ਵਾਸਤੇ ਕਪਾਹ ਦੇ ਵੱਢ ਵਿਚ ਹਲ਼ ਵਾਹ ਰਿਹਾ ਸੀ। ਕੋਲ਼ ਹੀ ਸੀਰੀ ਨਾਲ ਦੋਵੇਂ ਚਾਚੇ ਕਣਕ ਗੁੱਡ ਰਹੇ ਸਨ। ਮੇਰੀ ਮਾਂ ਨੇ ਵਾਹੇ ਵਾਹਣ ਵਿਚ ਰੋਟੀਆਂ ਰੱਖ ਦਿੱਤੀਆਂ ਤੇ ਆਪ ਇਕ ਪਾਸੇ ਹੋ ਕੇ ਵੱਟ ਤੇ ਬੈਠ ਗਈ। ਮੇਰੇ ਚਾਚੇ ਤੇ ਸੀਰੀ ਆਪਣੇ ਰੰਬੇ ਉੱਥੇ ਹੀ ਰੱਖ ਕੇ ਰੋਟੀਆਂ ਕੋਲ ਆ ਗਏ. ਪਰ ਮਾਂ ਚੁੱਪ ਕਰਕੇ ਬੈਠੀ ਰਹੀ। ਜਦੋਂ ਰਹਿਲ ਵਿਚ ਦੀ ਸਿਆੜ ਕੱਢਦਾ ਮੇਰਾ ਬਾਪ ਰੋਟੀਆਂ ਕੋਲ਼ ਆਇਆ ਤਾਂ ਉਸ ਨੇ ਗ਼ੁੱਸੇ ਵਿਚ ਕਿਹਾ, “ਆਹ ਵੇਲ਼ਾ ਭੱਤੇ ਲਿਆਉਣ ਦਾ ਐ? ਵੇਲ਼ੇ ਸਿਰ ਰੋਟੀ ਵੀ ਨਹੀਂ ਲੈ ਕੇ ਆਇਆ ਜਾਂਦਾ? ਘਰੇ ਵਿਹਲੀਆਂ ਬੈਠੀਆਂ ਕੀ ਕਰਦੀਆਂ ਰਹਿੰਦੀਆਂ ਓ?”

............

ਜਾ ਕੇ ਓਸ ਬਾਂਗਰੋ ਤੋਂ ਪੁੱਛ ਜਿਹੜੀ ਮੰਜੇ ਤੋਂ ਪੈਰ ਨਈ ਲਾਹੁੰਦੀਤਿੰਨ ਰੋਟੀਆਂ ਦੇ ਉਪਰ ਗੰਢਾ ਤੇ ਅਚਾਰ ਰੱਖ ਕੇ ਉਸ ਨੇ ਮੇਰੇ ਬਾਪ ਨੂੰ ਫੜਾ ਦਿੱਤੀਆਂ ਤੇ ਨਾਲ ਲੱਸੀ ਦੀ ਬਾਟੀ ਭਰ ਕੇ ਉਸ ਦੇ ਅੱਗੇ ਰੱਖ ਦਿੱਤੀ। ਸੀਰੀ ਨੂੰ ਰੋਟੀਆਂ ਫੜਾ ਕੇ ਉਸ ਦਾ ਕੌਲਾ ਲੱਸੀ ਨਾਲ ਭਰ ਦਿੱਤਾ ਪਰ ਉਸ ਨੇ ਮੇਰੇ ਚਾਚਿਆਂ ਨੂੰ ਰੋਟੀ ਨਾ ਫੜਾਈ।

.............

ਅਹੁ ਦੋਵੇਂ ਤੇਰੇ ਵੱਲ ਝਾਕੀ ਜਾਂਦੇ ਐ. ਉਹਨਾਂ ਨੂੰ ਨਹੀਂ ਰੋਟੀ ਫੜਾਉਣੀ?” ਮੇਰੇ ਬਾਪ ਨੇ ਗ਼ੁੱਸੇ ਨਾਲ ਮਾਂ ਨੂੰ ਕਿਹਾ।

............

ਕਦੋਂ ਦੇ ਇਹ ਇਥੇ ਆਏ ਬੈਠੇ ਐ ਇਹ ਆਪ ਚੱਕ ਕੇ ਨਈਂ ਸੀ ਖਾ ਸਕਦੇ। ਮੈਥੋਂ ਨਈਂ ਕਿਸੇ ਦਾ ਗੋਲਪੁਣਾ ਹੁੰਦਾ।ਮਾਂ ਨੇ ਇੰਨਾ ਕਿਹਾ ਹੀ ਸੀ ਕਿ ਮੇਰੇ ਬਾਪ ਨੇ ਗ਼ੁੱਸੇ ਵਿਚ ਦੋ ਤਿੰਨ ਪਰਾਣੀਆਂ ਮਾਂ ਦੀ ਢੂਹੀ ਤੇ ਮਾਰੀਆਂ ਤੇ ਆਪ ਵੀ ਰੋਟੀ ਉੱਥੇ ਹੀ ਪੋਣੇ ਉੱਤੇ ਰੱਖ ਦਿੱਤੀ ਅਤੇ ਜਾ ਕੇ ਹਲ਼ ਵਿਚ ਕਿੱਲੀ ਪਾ ਲਈ।

ਸਭ ਕੁਝ ਉੱਥੇ ਹੀ ਛੱਡ ਮਾਂ ਰੋਂਦੀ ਰੋਂਦੀ ਘਰ ਨੂੰ ਆ ਗਈ। ਉਸ ਨੇ ਪਸ਼ੂਆਂ ਵਾਸਤੇ ਹਰੇ ਦੀ ਪੰਡ ਲੈ ਕੇ ਆਉਣੀ ਸੀ, ਉਹ ਵੀ ਨਾ ਲੈ ਕੇ ਆਈ।

-----

ਆਥਣ ਨੂੰ ਜਦੋਂ ਕਾਮੇ ਘਰ ਆਏ ਤਾਂ ਘਰ ਵਿਚ ਕਲੇਸ਼ ਪਿਆ ਹੋਇਆ ਸੀ। ਦੋਵੇਂ ਦਰਾਣੀ ਜਿਠਾਣੀ ਮਿਹਣੋ-ਮਿਹਣੀ ਹੋ ਰਹੀਆਂ ਸਨ। ਮਾਂ ਨੂੰ ਫਿਰ ਬੱਚਿਆਂ ਦੇ ਸਾਹਮਣੇ ਕੁੱਟਿਆ ਗਿਆ।

ਉਸ ਰਾਤ ਮਾਂ ਦੋ ਬੱਚਿਆਂ ਨੂੰ ਆਪਣੇ ਨਾਲ ਸੁਆਈ, ਸਾਰੀ ਰਾਤ ਪਾਸੇ ਮਾਰਦੀ ਤੇ ਸੋਚਾਂ ਸੋਚਦੀ ਰਹੀ ਕਿ ਇਹ ਜੂੰਨ ਹੰਢਾਉਣ ਨਾਲੋਂ ਤਾਂ ਮਰ ਜਾਣਾ ਬਿਹਤਰ। ਮਰਨ ਦਾ ਸੋਚ ਕੇ ਉਸ ਨੂੰ ਆਪਣੇ ਜੁਆਕਾਂ ਦਾ ਧਿਆਨ ਆ ਜਾਂਦਾ ਕਿ ਮੇਰੇ ਮਗਰੋਂ ਇਹ ਰੁਲ਼ ਜਾਣਗੇ, ਪਰ ਫਿਰ ਜਦੋਂ ਉਸ ਨੂੰ ਆਪਣੀ ਨਿੱਤ ਦੀ ਦੁਰਦਸ਼ਾ ਅਤੇ ਅੱਜ ਜਿਹੜੀ ਦੁਰਗਤੀ ਹੋਈ ਸੀ ਦਾ ਧਿਆਨ ਆਉਂਦਾ ਤਾਂ ਉਹ ਸੋਚਦੀ ਕਿ ਮਰੇ ਬਿਨਾਂ ਇਸ ਜੂੰਨ ਤੋਂ ਛੁਟਕਾਰਾ ਨਹੀਂ ਹੋਣਾ। ਆਪ ਮਰੇ ਜਗ ਪਰਲੋਅਤੇ ਉਸ ਨੇ ਆਪਣੇ ਮਨ ਨਾਲ ਮਰਨ ਦਾ ਪੱਕਾ ਫੈਸਲਾ ਕਰ ਲਿਆ।

-----

ਉਸ ਸਵੇਰੇ ਸਾਝਰੇ ਉਠ ਕੇ ਚੱਕੀ ਝੋ ਲਈ। ਫਿਰ ਸਦੇਹਾਂ ਹੀ ਆਟਾ ਗੁੰਨ੍ਹ ਕੇ ਰੋਟੀਆਂ ਪਕਾਈਆਂ। ਖੇਤ ਰੋਟੀਆਂ ਲੈ ਜਾਣ ਲਈ ਛੋਟਾ ਚਾਚਾ ਘਰ ਰਹਿ ਪਿਆ ਸੀ। ਖੇਤ ਨੂੰ ਰੋਟੀਆਂ ਤੋਰ ਕੇ ਆਪ ਵੀ ਖਾਧੀਆਂ ਤੇ ਚਾਰਾਂ ਬੱਚਿਆਂ ਨੂੰ ਦਹੀਂ ਨਾਲ ਖੁਆ ਦਿੱਤੀਆਂ। ਫਿਰ ਬਿਨਾਂ ਕਿਸੇ ਨੂੰ ਕੁਝ ਦੱਸਿਆਂ ਸਲਾਰੀ ਦੀ ਬੁੱਕਲ਼ ਮਾਰ ਕੇ ਘਰੋਂ ਨਿਕਲ ਗਈ।

-----

ਉਹ ਘਰੋਂ ਇਹ ਸੋਚ ਕੇ ਨਿਕਲ਼ੀ ਸੀ ਕਿ ਸਿੱਧੀ ਜਾ ਕੇ ਨਹਿਰ ਦੇ ਉੱਚੇ ਪੁਲ਼ ਤੋਂ ਛਾਲ ਮਾਰ ਦਿਆਂਗੀ ਤੇ ਸਭ ਸਿਆਪੇ ਮੁੱਕ ਜਾਣਗੇ, ਪਰ ਜਦੋਂ ਉਹ ਸਮਾਲਸਰ ਦੇ ਰਾਹ ਪਈ ਤਾਂ ਪਿੰਡੋਂ ਨਿਕਲਦਿਆਂ ਹੀ ਉਸ ਨੂੰ ਕੁਝ ਬੰਦੇ ਬੁੜ੍ਹੀਆਂ ਮਿਲ਼ ਗਏ ਜਿਹੜੇ ਡਗਰੂ ਕਿਸੇ ਮਰਗ ਦੀ ਮਕਾਣ ਜਾ ਰਹੇ ਸਨ। ਉੱਥੋਂ ਮੇਰਾ ਨਾਨਕਾ ਪਿੰਡ ਸੱਦਾ ਸਿੰਘ ਵਾਲਾ ਇਕ ਕੋਹ ਦੂਰ ਸੀ। ਨਹਿਰ ਵਿਚ ਡੁੱਬ ਮਰਨ ਦੀ ਥਾਂ ਮਾਂ ਉਨ੍ਹਾਂ ਦੇ ਸਾਥ ਨਾਲ ਆਪਣੇ ਪੇਕੇ ਪਿੰਡ ਪਹੁੰਚ ਗਈ। ਜਦੋਂ ਮੇਰੀ ਮਾਂ ਇਹ ਗੱਲਾਂ ਦੱਸ ਰਹੀ ਸੀ ਤਾਂ ਮੈਂ ਪੁੱਛ ਲਿਆ, “ਬੇਬੇ, ਫੇਰ ਤੂੰ ਉੱਚੇ ਪੁਲ਼ ਤੋਂ ਨਹਿਰ ਵਿਚ ਛਾਲ ਕਿਉਂ ਨਾ ਮਾਰੀ?” ਤਾਂ ਉਹ ਹੱਸ ਕੇ ਕਹਿੰਦੀ, “ਵੇਅਖਾਂ! ਅੰਨ੍ਹਾ ਜਲਾਹਾ ਮਾਂ ਨਾਲ ਮਸ਼ਕਰੀਆਂਜੇ ਮੈਂ ਛਾਲ ਮਾਰ ਦਿੰਦੀ ਤਾਂ ਤੂੰ ਇਹ ਜਗ ਕਿਵੇਂ ਦੇਖਦਾ

------

ਮਾਂ ਦੇ ਦੱਸਣ ਅਨੁਸਾਰ, ਜਦੋਂ ਉਹ ਹਨੇਰੇ ਹੋਏ ਆਪਣੇ ਪੇਕੇ ਘਰ ਪਹੁੰਚੀ ਤਾਂ ਅੱਗੋਂ ਮੇਰੀ ਨਾਨੀ ਉਸ ਨੂੰ ਝਈ ਲੈ ਕੇ ਪਈ, “ਤੂੰ ਏਸ ਹਾਲਤ ਵਿਚ ਘਰੋਂ ਪੈਰ ਕਿਉਂ ਪੱਟਿਆ? ਤੇਰੇ ਵਰਗੀਆਂ ਪੰਜ ਹੋਰ ਐ, ਜੇ ਉਹ ਸਾਰੀਆਂ ਤੇਰੇ ਵਾਂਗ ਲੜ ਕੇ ਇੱਥੇ ਆ ਬੈਠਣ ਤਾਂ ਮੈਂ ਸਿਰੋਂ ਨੰਗੀ ਤੀਵੀਂ ਕਿਵੇਂ ਥੋਨੂੰ ਸੰਭਾਲੂੰਗੀ? ਥੋਡਾ ਕੱਲਾ ਭਰਾ ਅਜੇ ਕਬੀਲਦਾਰੀ ਸਾਂਭਣ ਜੋਗਾ ਨਈਂ ਹੋਇਆ।ਮਾਂ ਅੱਗੋਂ ਕੁਝ ਨਾ ਬੋਲੀ ਤੇ ਬੈਠੀ ਰੋਂਦੀ ਰਹੀ।

------

ਉਧਰ ਆਥਣ ਨੂੰ ਜਦੋਂ ਮੇਰਾ ਬਾਪ ਖੇਤੋਂ ਘਰ ਆਇਆ ਤਾਂ ਉਸ ਦੇਖਿਆ ਕਿ ਮੇਰੀ ਚਾਚੀ ਰੋਟੀਆਂ ਪਕਾ ਰਹੀ ਸੀ ਤੇ ਮੇਰੀ ਭੈਣ ਤਿੰਨਾਂ ਬੱਚਿਆਂ ਨੂੰ ਰੋਟੀ ਖੁਆ ਰਹੀ ਸੀ- ਮੇਰਾ ਦਾਦਾ ਭੂਆ ਨੂੰ ਲੈ ਕੇ ਅਜੇ ਤਾਈਂ ਨਹੀਂ ਸੀ ਮੁੜਿਆ- ਮੇਰੇ ਬਾਪ ਨੇ ਚੁਰ੍ਹ ਉੱਤੇ ਰੱਖੀ ਬਲਟੋਹੀ ਵਿਚੋਂ ਗਰਮ ਪਾਣੀ ਲੈ ਕੇ ਮੂੰਹ ਹੱਥ ਧੋਤਾ ਤੇ ਇਧਰ ਉਧਰ ਨਜ਼ਰ ਘਮਾਉਂਦੇ ਨੇ ਮੇਰੀ ਭੈਣ ਕੋਲੋਂ ਪੁੱਛਿਆ, “ਕੁੜੀਏ, ਤੇਰੀ ਬੇਬੇ ਨਈ ਦਿਸਦੀ, ਉਹ ਉਧਰ ਪਸ਼ੂਆਂ ਵਾਲੇ ਘਰ ਵੀ ਨਹੀਂ ਸੀ?”

.........

ਉਹ ਤਾਂ ਸਵੇਰ ਦੀ ਕਿਤੇ ਗਈ ਅਜੇ ਤਾਈਂ ਨਈ ਮੁੜੀਤੇ ਮੇਰੀ ਭੈਣ ਦਾ ਨਾਲ ਹੀ ਰੋਣ ਨਿਕਲ ਗਿਆ।

............

ਉਹ ਸੱਦੇ ਆਲੇ ਚਲੀ ਗਈ ਹੋਊਗੀ, ਹੋਰ ਓਸ ਨੇ ਕਿੱਥੇ ਜਾਣੈ। ਆਪੇ ਧੱਕੇ ਖਾ ਕੇ ਚਹੁੰ ਦਿਨਾਂ ਨੂੰ ਮੁੜ ਆਊਗੀਮੇਰੇ ਬਾਪ ਨੇ ਲਾਪਰਵਾਹੀ ਨਾਲ ਕਿਹਾ।

...........

ਉਹ ਤਾਂ ਕੱਲ੍ਹ ਚਾਚੀ ਨਾਲ ਲੜਦੀ ਕਹਿੰਦੀ ਸੀ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਣੈ ਜਾਂ ਨਹਿਰ ਵਿਚ ਡੁੱਬ ਮਰਨੈ. ਬਸ ਮੈਂ ਤੇਰੇ ਸਿਰ ਚੜ੍ਹ ਕੇ ਮਰਨੈਭੈਣ ਨੇ ਰੋਂਦਿਆਂ ਕਿਹਾ।

.............

ਕੋਈ ਨ੍ਹੀ ਉਹ ਮਰਨ ਲੱਗੀ, ਤੂੰ ਲਿਆ ਮੈਨੂੰ ਰੋਟੀ ਫੜਾ

ਇੰਨੇ ਨੂੰ ਮੇਰੇ ਦੂਜੇ ਚਾਚੇ ਵੀ ਘਰ ਆ ਗਏ ਤੇ ਮੇਰੀ ਅੱਠ ਕੁ ਸਾਲ ਦੀ ਭੈਣ ਨੇ ਵਾਰੀ ਵਾਰੀ ਸਾਰਿਆਂ ਨੂੰ ਰੋਟੀ ਖਵਾ ਦਿੱਤੀ।

-----

ਅਗਲੇ ਦਿਨ ਦਾਦਾ ਭੂਆ ਨੂੰ ਲੈ ਕੇ ਆ ਗਿਆ। ਭੂਆ ਨੇ ਘਰ ਦੀ ਹਾਲਤ ਦੇਖੀ ਤਾਂ ਮੱਥੇ ਤੇ ਹੱਥ ਮਾਰ ਕੇ ਬੈਠ ਗਈ। ਜਦੋਂ ਉਸ ਨੇ ਸੁਣਿਆ ਕਿ ਮਾਂ ਰੁੱਸ ਕੇ ਘਰੋਂ ਚਲੀ ਗਈ ਹੈ ਤਾਂ ਉਹ ਮੇਰੇ ਬਾਪ ਨਾਲ ਬਹੁਤ ਗ਼ੁੱਸੇ ਹੋਈ ਕਿ ਉਹ ਉਸ ਨੂੰ ਕੱਲ੍ਹ ਹੀ ਲੈਣ ਕਿਉਂ ਨਹੀਂ ਚਲਿਆ ਗਿਆ। ਉਹ ਤਾਂ ਉਸ ਨੂੰ ਉਸੇ ਵੇਲ਼ੇ ਸੱਦਾ ਸਿੰਘ ਵਾਲੇ ਜਾਣ ਲਈ ਕਹਿ ਰਹੀ ਸੀ ਪਰ ਸਰਦੀ ਦਾ ਮੌਸਮ ਹੋਣ ਕਰਕੇ ਮੇਰਾ ਬਾਪ ਅਗਲੇ ਦਿਨ ਜਾਣ ਲਈ ਤਿਆਰ ਹੋ ਗਿਆ।

------

ਸਵੇਰੇ ਉਠਣ ਸਾਰ ਉਸ ਰੋਟੀ ਖਾ ਕੇ ਬੋਤੀ ਉਪਰ ਕਾਠੀ ਪਾਈ ਤੇ ਮੇਰੀ ਮਾਂ ਨੂੰ ਲੈਣ ਤੁਰ ਗਿਆ। ਤੁਰੇ ਜਾਂਦੇ ਨੂੰ ਭੂਆ ਨੇ ਤਾਕੀਦ ਕੀਤੀ, “ਮੁੰਡਿਆ, ਵਹੁਟੀ ਨੂੰ ਲੈ ਕੇ ਮੁੜੀਂ ਐਵੇਂ ਨਾ ਉੱਥੋਂ ਗੇੜਾ ਕੱਢ ਕੇ ਆ ਜਾਈਂ

ਜਦੋਂ ਉਹ ਆਪਣੇ ਸਹੁਰੇ ਘਰ ਅੱਗੇ ਜਾ ਕੇ ਬੋਤੀ ਤੋਂ ਉਤਰਿਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਬੂਹੇ ਅੱਗੇ ਸਰੀਂਹ ਬੱਝਾ ਹੋਇਆ ਸੀ।

ਹੋਇਆ ਇਹ ਸੀ ਕਿ ਜਦੋਂ ਮੇਰੀ ਮਾਂ ਥੱਕੀ ਟੁੱਟੀ ਆਪਣੇ ਪੇਕੇ ਘਰ ਪਹੁੰਚੀ ਤਾਂ ਉਸ ਦਾ ਉਸ ਸਮੇਂ ਹੀ ਬੁਰਾ ਹਾਲ ਸੀ। ਅੱਗੋਂ ਉਸ ਦੀ ਮਾਂ ਵੀ ਉਸ ਨੂੰ ਖਿੜੇ ਮੱਥੇ ਨਹੀਂ ਸੀ ਮਿਲੀ। ਹੁਣ ਪਿੱਛੇ ਬੱਚਿਆਂ ਦਾ ਫ਼ਿਕਰ ਵੀ ਉਸ ਨੂੰ ਵੱਢ ਵੱਢ ਖਾਣ ਲੱਗਾ ਸੀ। ਅਜੇਹੀ ਹਾਲਤ ਵਿਚ ਅੱਧੀ ਰਾਤੀਂ ਹੀ ਉਸ ਦੇ ਪੀੜਾਂ ਉਠ ਪਈਆਂ ਤੇ ਸਵੇਰ ਨੂੰ ਸਿਆਣੀ ਦਾਈ ਦੀਆਂ ਕੋਸ਼ਿਸ਼ਾਂ ਨੇ ਸੱਤ ਮਹੀਨਿਆਂ ਮਗਰੋਂ ਹੀ ਮੈਨੂੰ ਇਹ ਸੰਸਾਰ ਦਿਖਾ ਦਿੱਤਾ। ਮੇਰੀ ਨਾਨੀ ਨੇ ਮੇਰੇ ਜਨਮ ਦਾ ਸੁਨੇਹਾ ਨਾਈ ਹੱਥ ਪਿੰਡ ਘੱਲ ਦਿੱਤਾ ਸੀ ਪਰ ਉਹ ਅਜੇ ਪਿੰਡ ਨਹੀਂ ਸੀ ਪਹੁੰਚਿਆ ਕਿ ਮੇਰਾ ਬਾਪ ਇਧਰ ਨੂੰ ਆ ਗਿਆ ਸੀ।

-----

ਮੇਰਾ ਬਾਪ ਇਸੇ ਹਾਲਤ ਵਿਚ ਹੀ ਸਾਨੂੰ ਪਿੰਡ ਲੈ ਜਾਣਾ ਚਾਹੁੰਦਾ ਸੀ ਪਰ ਮੇਰੀ ਨਾਨੀ ਸਵਾ ਮਹੀਨੇ ਮਗਰੋਂ ਤੋਰਨਾ ਚਾਹੁੰਦੀ ਸੀ। ਮੇਰੇ ਬਾਪ ਦੇ ਉੱਥੇ ਬੈਠਿਆਂ ਹੀ ਚੌਕੀਦਾਰ ਆਪਣੇ ਕਾਗਜ਼ਾਂ ਵਿਚ ਮੇਰਾ ਨਾਮ ਦਰਜ ਕਰਵਾਉਣ ਤੇ ਵਧਾਈ ਦੇਣ ਆ ਗਿਆ. ਉਸ ਨੇ ਸਭਾਉਕੀਂ ਹੀ ਪੁੱਛ ਲਿਆ, “ਰਤਨ ਕੁਰੇ, ਸੁੱਖ ਨਾਲ ਪਰਾਹੁਣੇ ਨੂੰ ਸੁਨੇਹਾ ਘੱਲ ਕੇ ਮੰਗਵਾਇਐ?”

.........

ਕਾਹਨੂੰ ਭਾਈ, ਇਹ ਤਾਂ ਇਹਨਾਂ ਨੂੰ ਲੈਣ ਵਾਸਤੇ ਆਇਆ ਬੈਠਾਸਭਾਉਕੀ ਹੀ ਮੇਰੀ ਨਾਨੀ ਕਹਿ ਦਿੱਤਾ।

.............

ਨਾ ਭਾਈ ਗੱਭਰੂਆ, ਵੇਖੀਂ ਕਿਤੇ ਇਹ ਕਮਅਕਲੀ ਨਾ ਕਰ ਬੈਠੀਂ। ਏਹੋ ਜੇਹੀ ਠੰਢ ਵਿਚ ਸਾਏ ਬੱਚੇ ਨੂੰ ਲੈ ਕੇ ਤੁਰਨਾ ਠੀਕ ਨਹੀਂ।ਚੌਕੀਦਾਰ ਨੇ ਮੱਤ ਦਿੱਤੀ ਪਰ ਮੇਰੇ ਬਾਪ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ ਤੇ ਚੁੱਪ ਕਰਕੇ ਬੈਠਾ ਰਿਹਾ। ਮੇਰੀ ਨਾਨੀ ਨੇ ਛੱਜ ਭਰ ਕੇ ਚੌਕੀਦਾਰ ਦੀ ਝੋਲੀ ਵਿਚ ਕਣਕ ਪਾ ਦਿੱਤੀ ਤੇ ਉਹ ਨਾਨੀ ਨੂੰ ਅਸੀਸਾਂ ਦਿੰਦਾ ਹੋਇਆ ਵਾਪਸ ਮੁੜ ਗਿਆ। ਉਸ ਨੇ ਮੇਰੇ ਜਨਮ ਦੇ ਬਾਰੇ ਕੋਈ ਵੇਰਵਾ ਨਾ ਪੁੱਛਿਆ।

----

ਚੌਕੀਦਾਰ ਦੇ ਚਲੇ ਜਾਣ ਮਗਰੋਂ ਮੇਰੀ ਨਾਨੀ ਨੇ ਮੇਰੇ ਬਾਪ ਨੂੰ ਸਮਝਾਉਂਦਿਆਂ ਕਿਹਾ, “ਦੇਖ ਸਾਊ! ਤੁੰ ਆਪ ਸਿਆਣੈਂ, ਜਿਹੋ ਜ੍ਹੀ ਕੰਧ ਕੁੱਟ ਲਈ ਉਹੋ ਜ੍ਹੀ ਤੀਵੀਂ ਕੁੱਟ ਲਈ। ਉਹਨੇ ਕਿਹੜਾ ਮੂਹਰਿਓਂ ਬੋਲਣਾ ਜਾਂ ਹੱਥ ਚਕਣਾ ਹੁੰਦੈ। ਥੋਨੂੰ ਆਪ ਨੂੰ ਈ ਕੁਸ਼ ਸਿਆਣਫ ਚਾਹੀਦੀ ਐ। ਜੇ ਮੇਰੀ ਧੀ ਨੂੰ ਰਾਹ ਵਿਚ ਈ ਕੁਸ਼ ਹੋ ਜਾਂਦਾ ਤਾਂ ਤੇਰੇ ਵੀ ਜੁਆਕ ਰੁਲ਼ ਜਾਣੇ ਸੀ ਤੇ ਅਸੀਂ ਵੀ ਕਿਸੇ ਪਾਸੇ ਜੋਗੇ ਨਹੀਂ ਸੀ ਰਹਿਣਾ

-----

ਮੇਰਾ ਬਾਪ ਅੱਗੋਂ ਕੁਝ ਨਾ ਬੋਲਿਆ ਅਤੇ ਚੁੱਪ ਕਰਕੇ ਚਤਈ ਵਾਲੇ ਬਿਸਤਰਾ ਵਿਛਾਏ ਮੰਜੇ ਉਪਰ ਬੈਠਾ ਰਿਹਾ. ਅਤੇ ਫੇਰ ਉਠ ਕੇ ਮੇਰੇ ਮਾਮੇ ਨਾਲ ਬਾਹਰ ਖੇਤਾਂ ਨੂੰ ਚਲਿਆ ਗਿਆ। ਅਗਲੇ ਦਿਨ ਸਵੇਰੇ ਹੀ ਉਠ ਕੇ ਮੇਰੀ ਮਾਂ ਨੂੰ ਕਹਿਣ ਲੱਗਾ ਕਿ ਉਹ ਪਿੰਡ ਜਾਣ ਵਾਸਤੇ ਤਿਆਰ ਹੋ ਜਾਵੇ। ਮਾਂ ਨੇ ਅਗਾਂਹ ਆਪਣੀ ਮਾਂ ਨੂੰ ਦੱਸ ਦਿੱਤਾ। ਉਸ ਨੇ ਕਿਹਾ, “ਸਾਊ, ਤੂੰ ਆਪ ਸਿਆਣੈ, ਏਸ ਹਾਲਤ ਵਿਚ ਇਹ ਜਾਂਦੀ ਚੰਗੀ ਲਗਦੀਐ। ਜੁਆਕ ਵੀ ਸਤਮਾਹਾ। ਲੋਕ ਮੈਨੂੰ ਕੀ ਆਖਣਗੇ ਕਿ ਮਾਂ ਕੋਲੋਂ ਚਾਰ ਦਿਨ ਧੀ ਨਈ ਸੰਭਾਲੀ ਗਈ. ਭਾਵੇਂ ਤੂੰ ਰਹਿ ਗੁੱਸੇ ਤੇ ਭਾਵੇਂ ਰਹਿ ਰਾਜੀ, ਅਸੀਂ ਕੁੜੀ ਨੂੰ ਸਵਾ ਮਹੀਨੇ ਤੋਂ ਪਹਿਲਾਂ ਨਈ ਤੋਰਨਾ।

..............

ਇਹ ਇਹਨੇ ਪਿੰਡੋਂ ਤੁਰਨ ਲੱਗੀ ਨੇ ਸੋਚਣਾ ਸੀ. ਚੰਗਾ! ਮੈਂ ਦਸਾਂ ਕੁ ਦਿਨਾਂ ਨੂੰ ਫੇਰ ਆਊਂਗਾ, ਓਥੇ ਜੁਆਕਾਂ ਦਾ ਰੋ ਰੋ ਕੇ ਊਂ ਬੁਰਾ ਹਾਲ ਹੋਇਆ ਪਿਐਇਹ ਕਹਿ ਕੇ ਉਸ ਬੋਤੀ ਤੇ ਕਾਠੀ ਪਾਈ ਤੇ ਵਾਪਸ ਮੁੜ ਗਿਆ, ਪਰ ਦੋ ਹਫਤੇ ਬਾਅਦ ਉਹ ਸਾਨੂੰ ਲੈਣ ਵਾਸਤੇ ਫਿਰ ਆ ਗਿਆ। ਨਾਨੀ ਸਾਨੂੰ ਤੋਰਨ ਵਾਸਤੇ ਅਜੇ ਵੀ ਤਿਆਰ ਨਹੀਂ ਸੀ ਪਰ ਮੇਰੀ ਮਾਂ ਨੇ ਆਪਣੀ ਮਾਂ ਨੂੰ ਕਿਹਾ, “ਮਾਂ! ਪਿੱਛੇ ਮੇਰੇ ਜੁਆਕ ਰੁਲਦੇ ਹੋਣਗੇ। ਉਹਨਾਂ ਦੀ ਕਿਸੇ ਬਾਤ ਵੀ ਨਹੀਂ ਪੁੱਛੀ ਹੋਣੀ। ਤੂੰ ਸਾਨੂੰ ਖੁਸ਼ੀ ਖੁਸ਼ੀ ਤੋਰ ਦੇ

ਮੇਰੀ ਉਮਰ ਅਜੇ ਤਿੰਨ ਹਫਤੇ ਦੀ ਵੀ ਨਹੀਂ ਸੀ ਹੋਈ, ਮਾਂ ਦੇ ਪੱਟਾਂ ਵਿਚ ਬੈਠਾ, ਬੋਤੀ ਦੀ ਸਵਾਰੀ ਕਰਕੇ ਆਪਣੇ ਪਿੰਡ ਆ ਗਿਆ।

-----

ਹੁਣ ਮੈਂ ਸੋਚਦਾ ਹਾਂ ਕਿ ਮੇਰੇ ਜਨਮ ਦਾ ਇੰਦਰਾਜ ਸੱਦਾ ਸਿੰਘ ਵਾਲੇ ਚੌਕੀਦਾਰ ਨੇ ਕਰਵਾਇਆ ਹੀ ਨਹੀਂ ਹੋਣਾ ਤੇ ਸੇਖਾ ਕਲਾਂ ਦੇ ਚੌਕੀਦਾਰ ਨੇ ਇਸ ਕਰਕੇ ਇੰਦਰਾਜ ਨਹੀਂ ਕੀਤਾ ਹੋਣਾ ਕਿ ਇਸ ਮੁੰਡੇ ਦਾ ਜਨਮ ਤਾਂ ਸੱਦਾ ਸਿੰਘ ਵਾਲੇ ਹੋਇਆ ਹੈ ਫਿਰ ਇਸ ਦੇ ਜਨਮ ਦਾ ਇੰਰਾਜ ਇੱਥੇ ਕਿਉਂ ਕੀਤਾ ਜਾਵੇ। ਇਹ ਵੀ ਹੋ ਸਕਦਾ ਹੈ ਕਿ ਜਨਮ ਮਰਨ ਦਾ ਲੇਖਾ ਰੱਖਣ ਵਾਲੇ ਕਲਰਕਾਂ ਨੇ ਰਜਿਸਟਰ ਹੀ ਨਾ ਫਰੋਲ਼ੇ ਹੋਣ ਤੇ ਸਿਫ਼ਾਰਸ਼ ਹੋਣ ਕਰਕੇ ਜਨਮ ਤਰੀਕ ਨਹੀਂ ਮਿਲੀਦਾ ਸਰਟੀਫਿਕੇਟ ਉਂਝ ਹੀ ਦੇ ਦਿੱਤਾ ਹੋਵੇ। ਕੁਝ ਹੀ ਹੋਵੇ ਹੁਣ ਤਾਂ ਮੇਰਾ ਜਨਮ ਸਥਾਨ ਸੇਖਾ ਕਲਾਂ ਅਤੇ ਦਸਵੀਂ ਦੇ ਸਰਟੀਫਿਕੇਟ ਅਨੁਸਾਰ ਜਨਮ ਤਰੀਕ ਪਹਿਲੀ ਅਗਸਤ 1934 ਪੱਕੀ ਹੋ ਗਈ ਹੈ।

*****

ਸਮਾਪਤ

1 comment:

bee said...

bahut he khoobh...sach nu tusi kinne bebak trike pesh kita....