ਲੇਖ
ਜੇ ਹੋ ਸਕੇ ਤਾਂ
ਮੈਨੂੰ ਮੁਆਫ਼ ਕਰੀਂ
ਕਿਉਂਕਿ ਮੈਂ ਤੈਨੂੰ ਉਸੇ ਰੂਪ ਵਿਚ
ਉਤਾਰ ਨਹੀਂ ਸਕਿਆ ਕੋਰੇ ਸਫ਼ਿਆਂ ‘ਤੇ
ਜਿਸ ਰੂਪ ਵਿਚ ਤੂੰ ਆਈ ਸੀ
ਮੇਰੇ ਦਿਲ ਦੇ ਵਿਹੜੇ ਵਿਚ
ਮੈਂ ਖ਼ੁਦਗਰਜ਼ ਹਾਂ
ਤੇ ਮੇਰੀ ਖ਼ੁਦਗਰਜ਼ੀ ਨੇ ਹੀ ਕੀਤਾ ਹੈ
ਤੇਰੇ ਅਸਲੀ ਰੂਪ ਨੂੰ ਗੰਧਲਾ
ਕੈਨੇਡੀਅਨ ਪੰਜਾਬੀ ਸ਼ਾਇਰ ਬਲਜਿੰਦਰ ਸੰਘਾ ਵੱਲੋਂ 2008 ਵਿੱਚ ਪ੍ਰਕਾਸ਼ਿਤ ਕੀਤੇ ਗਏ ਕਾਵਿ-ਸੰਗ੍ਰਹਿ ‘ਕਵਿਤਾ...ਮੈਨੂੰ ਮੁਆਫ਼ ਕਰੀਂ’ ਵਿੱਚ ਸ਼ਾਮਿਲ ਕੀਤੀ ਗਈ ਕਵਿਤਾ ‘ਕਵਿਤਾ ਮੈਨੂੰ ਮੁਆਫ਼ ਕਰੀਂ’ ਵਿੱਚੋਂ ਇਹ ਸਤਰਾਂ ਲਈਆਂ ਗਈਆਂ ਹਨ।
-----
ਬਲਜਿੰਦਰ ਸੰਘਾ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ਹੈ। ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਸਾਰੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ ਸੰਗ੍ਰਹਿ ਦੀ ਇਸ ਅੰਤਲੀ ਕਵਿਤਾ ਨੂੰ ਸਮਝਣਾ ਜ਼ਰੂਰੀ ਹੈ। ਇਹ ਕਵਿਤਾ ਬਲਜਿੰਦਰ ਸੰਘਾ ਦੇ ਕਾਵਿ-ਉਦੇਸ਼, ਕਾਵਿ-ਸਿਰਜਣ ਪ੍ਰਕ੍ਰਿਆ ਅਤੇ ਕਾਵਿ-ਚਿੰਤਨ ਬਾਰੇ ਬਹੁਤ ਹੀ ਸਪੱਸ਼ਟ ਰੂਪ ਵਿੱਚ ਜਾਣਕਾਰੀ ਦਿੰਦੀ ਹੈ। ਇਹ ਕਵਿਤਾ, ਦਰਅਸਲ, ਕਵਿਤਾ ਬਾਰੇ ਉਸਦਾ ਹਲਫ਼ੀਆ ਬਿਆਨ ਹੈ। ਉਹ ਸਪੱਸ਼ਟ ਸ਼ਬਦਾਂ ਵਿੱਚ ਇਹ ਕਹਿ ਦਿੰਦਾ ਹੈ ਕਿ ਉਸਦੀ ਕਵਿਤਾ ਕਿਸੀ ਕਿਸਮ ਦੇ ਆਵੇਸ਼ ਵਿੱਚ ਆ ਕੇ ਉਤਰੀ ਹੋਈ ਕਵਿਤਾ ਦਾ ਹੂ-ਬ-ਹੂ ਉਤਾਰਾ ਨਹੀਂ। ਜਿਸ ਵਿੱਚ ਉਸਦਾ ਕੰਮ ਇਸ ਕਵਿਤਾ ਨੂੰ, ਮਹਿਜ਼, ਕਾਗ਼ਜ਼ ਉੱਤੇ ਉਤਾਰਨ ਤੱਕ ਹੀ ਸੀਮਿਤ ਹੋਵੇ। ਬਲਕਿ, ਉਹ ਕਾਵਿ-ਸਿਰਜਣ ਪ੍ਰਕ੍ਰਿਆ ਵਿੱਚ ਆਪਣੀ ਸੋਚ ਸਮਝ ਅਤੇ ਪ੍ਰਤੀਬੱਧਤਾ ਅਨੁਸਾਰ ਦਖਲਅੰਦਾਜ਼ੀ ਕਰਦਾ ਹੈ। ਕਵਿਤਾ ਨੂੰ ਆਪਣੀ ਲੋੜ ਅਨੁਸਾਰ ਸਿਰਜਦਾ ਹੈ। ਕਵਿਤਾ ਜਿਸ ਉੱਤੇ ਉਸਦੀ ਆਪਣੀ ਸੋਚ ਦੀ ਸਪੱਸ਼ਟ ਮੋਹਰ ਲੱਗੀ ਹੋਈ ਹੋਵੇ।
-----
‘ਕਵਿਤਾ...ਮੈਨੂੰ ਮੁਆਫ਼ ਕਰੀਂ’ ਕਾਵਿ-ਸੰਗ੍ਰਹਿ ਦੀ ਕਵਿਤਾ ‘ਕੌਣ ਜ਼ਿੰਮੇਵਾਰ’ ਨਾਲ ਇਸ ਕਾਵਿ-ਸੰਗ੍ਰਹਿ ਬਾਰੇ ਚਰਚਾ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਕਵਿਤਾ ਸਾਡੇ ਸਮਾਜ ਦੀਆਂ ਅਨੇਕਾਂ ਆਪਸ ਵਿੱਚ ਜੁੜੀਆਂ ਹੋਈਆਂ ਸਮੱਸਿਆਵਾਂ ਵੱਲ ਸਾਡਾ ਧਿਆਨ ਖਿੱਚਦੀ ਹੈ। ਭਾਰਤੀ ਸਮਾਜ ਵਿੱਚ ਧੀ ਦਾ ਜੰਮਣਾ ਅਜੇ ਵੀ ਇੱਕ ਭਾਰ ਸਮਝਿਆ ਜਾਂਦਾ ਹੈ। ਇਸ ਦਾ ਮੁੱਖ ਕਾਰਨ ਧੀਆਂ ਦੇ ਵਿਆਹਾਂ ਉੱਤੇ ਹੋਣ ਵਾਲਾ ਬੇਹਿਸਾਬਾ ਖਰਚਾ ਹੈ। ਇਸ ਖਰਚੇ ਨੂੰ ਇਸ ਹੱਦ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਰਦਾਂ ਉੱਪਰ ਹੀ ਆਉਂਦੀ ਹੈ; ਪਰ ਅਫਸੋਸ ਹੈ ਕਿ ਮਰਦਾਂ ਨੇ ਇਸ ਸਮੱਸਿਆ ਲਈ ਆਪਣੇ ਆਪਨੂੰ ਹੀ ਮੁੱਖ ਜ਼ਿੰਮੇਵਾਰ ਹੋਣ ਬਾਰੇ ਕਦੀ ਸੋਚਿਆ ਵੀ ਨਹੀਂ। ਬਲਜਿੰਦਰ ਸੰਘਾ ਨੇ ਇਸ ਤੱਥ ਨੂੰ ਆਪਣੀ ਕਵਿਤਾ ‘ਕੌਣ ਜ਼ਿੰਮੇਵਾਰ’ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਉਭਾਰਿਆ ਹੈ:
ਭੈਣ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਭਰਜਾਈ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਮਾਂ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਦਾਦੀ ਨੂੰ ਪ੍ਰਵਾਹ ਨਹੀਂ ਹੁੰਦੀ
ਇਸ ਗੱਲ ਦੀ ਕਿ ਕਿੱਦਾਂ ਤੋਰੀ ਹੋਊ
ਨਵੀਂ ਪੋਤ ਨੂੰਹ ਉਸਦੇ ਮਾਪਿਆਂ ਨੇ
ਸੋਨੇ ਤੇ ਕੀਮਤੀ ਸਮਾਨ ਨਾਲ ਲੱਦਕੇ
ਪਰ ਤਿੰਨਾਂ ਨੂੰ ਹੀ ਦਿਸਦਾ ਹੈ
ਆਪਣਾ ਨੱਕ ਕਈ ਗੁਣਾਂ ਵੱਡਾ
ਸਮਾਨ ਨਾਲ ਭਰੀ ਘਰ ਦੀ ਹਰ ਨੁੱਕਰ ਦੇਖਕੇ
ਤੇ ਇਸ ਸਮੱਸਿਆ ਦਾ ਕੱਦ
ਦਿਨੋਂ ਦਿਨ ਵਧ ਰਿਹਾ ਹੈ
ਪਰ ਮਰਦ ਇਸ ਵਿਚ ਕਿਤੇ ਵੀ
ਦਿਖਾਈ ਨਹੀਂ ਦਿੰਦਾ
ਇਹ ਸਮੱਸਿਆ ਜਿਸ ਹੱਦ ਤੱਕ ਪ੍ਰਚੰਡ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ ਉਸ ਨੂੰ ਦੇਖਦਿਆਂ ਇਹ ਗੱਲ ਕਹਿਣ ਵਿੱਚ ਮੈਨੂੰ ਕੋਈ ਸੰਕੋਚ ਨਹੀਂ ਕਿ ਨ ਸਿਰਫ ਮਰਦ ਪ੍ਰਧਾਨ ਸਮਾਜ ਨੂੰ ਇਸ ਸਮੱਸਿਆ ਨੂੰ ਇਸ ਹੱਦ ਤੱਕ ਪ੍ਰਚੰਡ ਰੂਪ ਅਖਤਿਆਰ ਕਰਨ ਵਿੱਚ ਨਿਭਾਹੀ ਗਈ ਆਪਣੀ ਭੂਮਿਕਾ ਦੀ ਜ਼ਿੰਮੇਵਾਰੀ ਵੀ ਸਵੀਕਾਰਨੀ ਪਵੇਗੀ; ਬਲਕਿ ਉਸਨੂੰ ਇਸ ਸਮੱਸਿਆ ਨੂੰ ਹੱਲ ਕਰਨ ਵਿੱਚ ਵੀ ਮੁੱਖ ਭੂਮਿਕਾ ਨਿਭਾਉਣੀ ਪਵੇਗੀ। ਤਾਂ ਜੁ ਸਾਡੇ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਜ਼ਿੰਦਗੀ ਨਾਲ ਸਬੰਧਤ ਹਰ ਖੇਤਰ ਵਿੱਚ ਹੀ ਸਮਾਨਤਾ ਮਿਲ ਸਕੇ।
------
ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀ ਗਈ ਇੱਕ ਹੋਰ ਕਵਿਤਾ ‘ਔਰਤ ਦੀ ਪੁਕਾਰ’ ਇਸੇ ਸਮੱਸਿਆ ਦੇ ਇੱਕ ਹੋਰ ਪੱਖ ਨੂੰ ਬੜੀ ਸ਼ਿੱਦਤ ਨਾਲ ਉਭਾਰਦੀ ਹੈ। ਪਿਛਲੇ ਕੁਝ ਸਮੇਂ ਵਿੱਚ ਇੱਕ ਰਿਵਾਜ ਵਾਂਗ ਪੰਜਾਬੀ ਦੇ ਕੁਝ ਕਵੀਆਂ ਵੱਲੋਂ ਇੱਕ ਦੂਜੇ ਦੀ ਰੀਸ ਕਰਦਿਆਂ ਅਜਿਹੀਆਂ ਕਵਿਤਾਵਾਂ ਲਿਖੀਆਂ ਗਈਆਂ ਹਨ ਜਿਸ ਵਿੱਚ ਧੀ ਵੱਲੋਂ ਮਿੰਨਤਾਂ ਤਰਲੇ ਕਰਵਾਏ ਗਏ ਹਨ ਕਿ ਉਸਨੂੰ ਜਨਮ ਲੈਣ ਦਿੱਤਾ ਜਾਵੇ ਅਤੇ ਮਾਂ ਦੇ ਪੇਟ ਵਿੱਚ ਹੀ ਕਤਲ ਨ ਕਰਵਾਇਆ ਜਾਵੇ। ਬਲਜਿੰਦਰ ਸੰਘਾ ਇਹ ਗੱਲ ਉਭਾਰਦਾ ਹੈ ਕਿ ਇਸ ਦੁਨੀਆਂ ਵਿੱਚ ਜਨਮ ਲੈਣ ਦਾ ਧੀ ਨੂੰ ਵੀ ਉਨਾਂ ਹੀ ਅਧਿਕਾਰ ਹੈ ਜਿੰਨਾ ਕਿ ਪੁੱਤਰ ਨੂੰ। ਧੀ ਜਨਮ ਲੈਣ ਲਈ ਕਿਸੀ ਕੋਲੋਂ ਆਪਣੇ ਹੱਕ ਦੀ ਭੀਖ ਕਿਉਂ ਮੰਗੇ? ਇਹ ਉਸਦਾ ਮੌਲਿਕ ਅਧਿਕਾਰ ਹੈ:
1.ਇਸ ਲਈ ਸਫ਼ੇ ਕਾਲੇ ਕਰ-ਕਰ
ਜਾਂ ਗੀਤ ਗਾ-ਗਾ ਕੇ ਇਕ ਅਣਜੰਮੀ ਧੀ ਤੋਂ
ਇਹ ਅਖਵਾਉਣਾ
ਕਿ
ਮਾਂ ਮੈਨੂੰ ਕਤਲ ਨਾ ਕਰਵਾ
ਕਿ
ਮਾਂ ਮੈਨੂੰ ਜੱਗ ਦੇਖਣ ਦਾ ਚਾਅ
ਕਿ
ਮਾਂ ਮੈਂ ਵੀਰੇ ਨੂੰ ਲੋਰੀ ਦੇਵਾਂਗੀ
ਕਿ
ਮਾਂ ਮੈਂ ਤੁਹਾਡੀ ਸੇਵਾ ਕਰਾਂਗੀ
ਇੱਕ ਅਣਜੰਮੀ ਧੀ ਨੂੰ ਭੀਖ ਵਿੱਚ
ਜ਼ਿੰਦਗੀ ਦਿਵਾਉਣ ਦੇ ਤੁੱਲ ਹੈ
ਤੇ ਭੀਖ ਦੀ ਜ਼ਿੰਦਗੀ ਨਾਲ ਜਵਾਨ ਹੋਈ ਇਕ ਧੀ
ਇਕ ਨਰੋਆ ਸਮਾਜ ਪੈਦਾ ਕਿਵੇਂ ਕਰੂ
ਮੈਨੂੰ ਇਸ ਤਰ੍ਹਾਂ ਦੇ ਖੋਖਲੇ ਵਿਚਾਰਾਂ
ਜਾਂ ਗੀਤਾਂ ਦੀ ਲੋੜ ਨਹੀਂ
ਤੇ ਮੇਰੀ ਧੀ ਦਾ ਵੀ ਭੀਖ ਦੀ ਜ਼ਿੰਦਗੀ ਨਾਲੋਂ
ਨਾ ਜੰਮਣਾ ਕਈ ਗੁਣਾ ਚੰਗਾ ਹੈ
ਲੋੜ ਹੈ ਸਾਡੇ ਸਮਾਜ ਨੂੰ
ਦਾਦੀਆਂ-ਪੜਦਾਦੀਆਂ ਦੀ
ਇਸ ਗ੍ਰਹਿਣੀ ਸੋਚ ‘ਚੋਂ ਬਾਹਰ ਕੱਢਣ ਦੀ ਕਿ
‘ਕੁੱਲ ਦੇ ਚਿਰਾਗ਼ ਸਿਰਫ਼ ਪੁੱਤ ਹੀ ਨੇ’
ਨਾ ਕਿ ਲੋੜ ਹੈ ਅਣਜੰਮੀ ਧੀ ਤੋਂ
ਭੀਖ ਮੰਗਵਾਉਣ ਦੀ
ਤੇ ਉਹ ਵੀ ਜਨਮ ਲੈਣ ਵਾਸਤੇ
-----
ਇਸੇ ਹੀ ਸਮੱਸਿਆ ਦੇ ਇੱਕ ਹੋਰ ਪੱਖ ਨੂੰ ਬਲਜਿੰਦਰ ਸੰਘਾ ਆਪਣੀ ਕਵਿਤਾ ‘ਜਾਗਣ ਦੀ ਲੋੜ’ ਵਿੱਚ ਉਭਾਰਦਾ ਹੈ। ਇਹ ਸਮੱਸਿਆ ਹੈ ਹੋਰਨਾਂ ਦੀ ਰੀਸੋ ਰੀਸ ਵਿਆਹਾਂ ਉੱਤੇ ਬੇਹਿਸਾਬਾ ਖ਼ਰਚਾ ਕਰਨਾ ਅਤੇ ਫਿਰ ਇਸ ਖਰਚੇ ਦੇ ਬੋਝ ਥੱਲੋਂ ਸਾਰੀ ਉਮਰ ਨਿਕਲ ਨਾ ਸਕਣਾ:
ਪਿੰਡਾਂ ਵਿਚ ਵੱਡੀਆਂ ਧਰਮਸ਼ਾਲਾਵਾਂ ਅੱਜ ਵੀ ਨੇ
ਪਰ ਰੀਸੋ-ਰੀਸੀ ਤੇਰੀਆਂ ਬਰਾਤਾਂ ਵੀ
ਮੈਰਿਜ ਪੈਲਿਸਾਂ ਵੱਲ ਹੀ ਜਾਂਦੀਆਂ ਨੇ
ਤੇ ਜਿਨ੍ਹਾਂ ਦੇ ਖ਼ਰਚੇ ਥੱਲੇ ਦੱਬਿਆ ਤੂੰ
ਕਈ ਵਾਰ ਸਾਰੀ ਜ਼ਿੰਦਗੀ ਨਹੀਂ ਉੱਠਦਾ
ਲੋੜ ਹੈ ਤੇਰੇ ਜਾਗਣ ਦੀ
ਕਿਉਂਕਿ ਇਹ ਵੇਲਾ ਨਹੀਂ
‘ਜੱਟਾਂ ਨੇ ਪੀਣੀ ਦਾਰੂ’
ਜਿਹੇ ਗੀਤਾਂ ਤੇ ਨਸ਼ੇ ਵਿੱਚ ਧੁੱਤ ਹੋ ਕੇ
ਲਲਕਾਰੇ ਮਾਰਨ,
ਬੱਕਰੇ ਬੁਲਾਉਣ
ਤੇ ਸੌਂ ਜਾਣ ਦਾ...
------
ਇੱਕ ਚੇਤੰਨ ਲੇਖਕ ਹੋਣ ਦੇ ਨਾਤੇ ਬਲਜਿੰਦਰ ਸੰਘਾ ਔਰਤ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਾ ਹੋਇਆ ਇਸ ਗੱਲ ਵੱਲ ਵੀ ਧਿਆਨ ਦੁਆਉਂਦਾ ਹੈ ਕਿ ਸਾਡੇ ਲੇਖਕ ਔਰਤ ਦੀ ਗੱਲ ਕਰਨ ਲੱਗੇ ਆਪਣਾ ਧਿਆਨ ਮਹਿਜ਼ ਰੋਮਾਂਸਵਾਦੀ ਪੇਸ਼ਕਾਰੀ ਕਰਨ ਤੱਕ ਹੀ ਸੀਮਿਤ ਰੱਖਦੇ ਹਨ। ਵਿਸ਼ੇਸ਼ ਕਰਕੇ ਪ੍ਰਵਾਸੀ ਮੁਲਕਾਂ ਵਿੱਚ ਆ ਕੇ ਪੰਜਾਬੀ ਔਰਤਾਂ ਨੂੰ ਮਰਦ ਨਾਲੋਂ ਵੀ ਵੱਧ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਉਸਦਾ ਜ਼ਿਕਰ ਸਾਡੇ ਕਵੀਆਂ ਦੀਆਂ ਲਿਖਤਾਂ ਵਿੱਚ ਨਹੀਂ ਆਉਂਦਾ। ਇਸ ਪੱਖੋਂ ਬਲਜਿੰਦਰ ਸੰਘਾ ਦੀ ਕਵਿਤਾ ‘ਪੰਜਾਬਣ’ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ:
1.ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਲੱਕ ਹਿੱਲੇ ਮਜਾਜਣ ਜਾਂਦੀ ਦਾ’
ਕਿਉਂਕਿ ਦੋ-ਦੋ ਸ਼ਿਫਟਾਂ ਦਾ ਝੰਬਿਆ
ਤੇਰਾ ਲੱਕ ਹਿੱਲ ਨਹੀਂ ਸਕਦਾ
ਤੇ ਫੈਮਿਲੀ ਡਾਕਟਰ ਦੀ ਵੀ
ਤੈਨੂੰ ਸਖ਼ਤ ਹਿਦਾਇਤ ਹੈ ਕਿ
ਇਸ ਨੂੰ ਹਿਲਾਉਣਾ ਨਹੀਂ
........
2.ਤੂੰ ਉਹ ਨਹੀਂ
ਜਿਸਦੇ ਬਾਰੇ
ਇਕ ਗੀਤ ਕਹਿੰਦਾ ਹੈ ਕਿ
‘ਤੇਰੇ ਟੂਣੇਹਾਰੇ ਨੈਣ ਕੁੜੇ’
ਕਿਉਂਕਿ ਉਨੀਂਦਰੇ ਦੇ ਭੰਨੇ ਹੋਏ
ਤੇਰੇ ਨੈਣ ਮਟਕ ਨਹੀਂ ਸਕਦੇ
ਤੇ ਸੁੱਜੀਆਂ ਹੋਈਆਂ ਪਲਕਾਂ ਦੀ ਵੀ
ਤੈਨੂੰ ਸਖ਼ਤ ਹਦਾਇਤ ਹੈ ਕਿ
ਇਹਨਾਂ ਨੂੰ ਮਟਕਾਉਣਾ ਨਹੀਂ
ਬਲਕਿ ਸਵਾਉਣਾ ਹੈ
------
ਪੰਜਾਬੀ/ਭਾਰਤੀ ਮੂਲ ਦੇ ਲੋਕ ਜਿੱਥੇ ਵੀ ਜਾਂਦੇ ਹਨ, ਇੱਕ ਸਮੱਸਿਆ ਉਨ੍ਹਾਂ ਦੇ ਨਾਲ ਹੀ ਜਾਂਦੀ ਹੈ। ਉਹ ਸਮੱਸਿਆ ਹੈ ਧਰਮ ਅਤੇ ਜ਼ਾਤ-ਪਾਤ ਦੇ ਨਾਮ ਉੱਤੇ ਇੱਕ ਦੂਜੇ ਵਿਰੁੱਧ ਨਫ਼ਰਤ ਫੈਲਾਉਣੀ ਅਤੇ ਦੰਗੇ ਫਸਾਦ ਕਰਨੇ। ‘ਅੱਗੇ-ਪਿੱਛੇ’ ਕਵਿਤਾ ਵਿੱਚ ਬਲਜਿੰਦਰ ਸੰਘਾ ਇਸ ਸਮੱਸਿਆ ਬਾਰੇ ਕੁਝ ਇਸ ਤਰ੍ਹਾਂ ਲਿਖਦਾ ਹੈ:
ਅਸੀਂ ਅੱਗੇ ਹਾਂ, ਅਸੀਂ ਅੱਗੇ ਹਾਂ
ਅਸੀਂ ਧਰਮ ਯੁੱਧਾਂ ਵਿਚ ਅੱਗੇ ਹਾਂ...
ਅਸੀਂ ਪਿੱਛੇ ਹਾਂ, ਅਸੀਂ ਪਿੱਛੇ ਹਾਂ
ਇਨਸਾਨੀਅਤ ਦੀ ਕਦਰ ਵਿੱਚ ਪਿੱਛੇ ਹਾਂ...
ਅਸੀਂ ਆਪ ਬੁਰਾਈਆਂ ਕਰਦੇ ਹਾਂ,
ਅਸੀਂ ਦੋਸ਼ ਹੋਰਾਂ ਸਿਰ ਧਰਦੇ ਹਾਂ,
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ,
ਅਸੀਂ ਪਸ਼ੂਆਂ ਨਾਲੋਂ ਗੰਦੇ ਹਾਂ,
ਘਰ ਇਕ ਦੂਜੇ ਦੇ ਸਮਝ-ਸਮਝ ਕੇ,
ਢਾਹੁਣ ਮੰਦਰ ਮਸਜਿਦਾਂ ਲੱਗੇ ਹਾਂ,
ਅਸੀਂ ਢੱਗੇ ਹਾਂ, ਅਸੀਂ ਅੱਗੇ ਹਾਂ,
ਅਸੀਂ ਧਰਮ ਯੁੱਧਾਂ ਵਿੱਚ ਅੱਗੇ ਹਾਂ...
*****
ਲੜੀ ਜੋੜਨ ਲਈ ਭਾਗ ਦੂਜਾ ਹੇਠਲੀ ਪੋਸਟ ਜ਼ਰੂਰ ਪੜ੍ਹੋ ਜੀ।
No comments:
Post a Comment