ਸਵੈ-ਜੀਵਨੀ - ਕਿਸ਼ਤ - 23
ਲੜੀ ਜੋੜਨ ਲਈ ਕਿਸ਼ਤ – 22 ਪੜ੍ਹੋ ਜੀ।
*****
ਭਰਜਾਈ ਪਿੱਛੋਂ ਬੜੇ ਅਮੀਰ ਘਰ ਦੀ ਸੀ। ਉਹਦੇ ਪੇਕੇ ਪਿਛੋਂ ਤਰਨਤਾਰਨ ਦੇ ਲਾਗੇ ਪੈਂਦੇ ਪਿੰਡ ਫਤਿਆਬਾਦ ਦੇ ਸਨ ਜੋ ਕੈਨੇਡਾ ਦੇ ਮਸ਼ਹੂਰ ਰੇਡੀਓ ਹੋਸਟ ਦਿਲਬਾਗ਼ ਚਾਵਲੇ ਦਾ ਪਿੰਡ ਹੈ। ਉਸਦੇ ਪਿਤਾ ਜੀ ਨਹਿਰੀ ਮਹਿਕਮੇ ਵਿਚੋਂ ਬੜੇ ਉਚੇ ਅਫਸਰ ਰਿਟਾਇਰਡ ਹੋਏ ਸਨ। ਲਾਹੌਰ ਵਿਚ ਉਹਨਾਂ ਦੀ ਕੋਠੀ ਤੇ ਸਿਨੇਮਾ ਸੀ। ਭਰਜਾਈ ਦਾ ਇਕ ਭਰਾ ਸ. ਕਰਮ ਸਿੰਘ ਕੋਲ ਰਾਜਸਥਾਨ ਵਿਚ ਗੰਗਾਨਗਰ ਲਾਗੇ ਕਈ ਮੁਰੱਬੇ ਜ਼ਮੀਨ ਸੀ ਤੇ ਉਹ ਫਾਰਮ ਸਾਂਭਦਾ ਸੀ। ਦੂਜੇ ਭਰਾ ਸ. ਕੇਵਲ ਸਿੰਘ ਦਾ ਕਾਨ੍ਹਪੁਰ ਵਿਚ ਸਿਨੇਮਾ ਸੀ। ਭਰਜਾਈ ਦੀ ਇਕ ਭੈਣ ਕੁਲਦੀਪ ਕੌਰ ਆਪਣੇ ਡਾਕਟਰ ਪਤੀ ਦੀ ਮੌਤ ਪਿਛੋਂ ਪੜ੍ਹ ਲਿਖ ਕੇ ਡਾਕਟਰ ਬਣ ਗਈ ਸੀ ਤੇ ਬਹੁਤ ਸਾਲ ਰਾਜਸਥਾਨ ਦੇ ਗੰਗਾ ਨਗਰ ਦੇ ਸਰਕਾਰੀ ਹਸਪਤਾਲ ਵਿਚ ਡਾਕਟਰ ਰਹੀ। ਇਕ ਭੈਣ ਦਾ ਘਰ ਵਾਲਾ ਫੌਜ ਵਿਚ ਬਹੁਤ ਵਡਾ ਅਫ਼ਸਰ ਸੀ ਜਿਸ ਦੇ ਬਾਪ ਨੂੰ ਰਾਏ ਬਹਾਦਰ ਦਾ ਖ਼ਿਤਾਬ ਮਿਲਿਆ ਹੋਇਆ ਸੀ ਤੇ ਵੰਡ ਪਿੱਛੋਂ ਉਹ ਪਰਿਵਾਰ ਲਾਹੌਰ ਤੋਂ ਲੁਧਿਆਣੇ ਆ ਕੇ ਬਹੁਤ ਵਡੀ ਕੋਠੀ ਬਣਾ ਕੇ ਸੈਟਲ ਹੋ ਗਿਆ ਸੀ।
-----
ਭਰਜਾਈ ਦੇ ਪੇਕਿਆਂ ਨੇ ਇਕ ਮੁਰੱਬਾ ਜ਼ਮੀਨ ਦਾ ਗੰਗਾ ਨਗਰ ਲਾਗੇ ਭਰਾ ਦਲੀਪ ਸਿੰਘ ਨੂੰ ਦਾਜ ਵਿਚ ਦਿੱਤਾ ਸੀ ਅਤੇ ਬਾਕੀ ਦੀ ਤਾਇਆ ਬੇਲਾ ਸਿੰਘ ਨੇ ਆਪਣੇ ਮਿਹਨਤ ਦੇ ਪੈਸਿਆਂ ਨਾਲ ਜੋੜੀ ਰਕਮ ਨਾਲ ਲਾਗੇ ਮੁੱਲ ਲੈ ਲਈ ਸੀ। ਤਾਇਆ ਬੇਲਾ ਸਿੰਘ ਹਾਲੇ ਪਿਛਲੀ ਨਵੇਂ ਪਿੰਡ ਵਾਲੀ ਜ਼ਮੀਨ ਵੇਚ ਕੇ ਹੋਰ ਮੁਰੱਬੇ ਲੈਣ ਨੂੰ ਫਿਰਦੇ ਸੀ ਕਿ ਪਾਕਿਸਤਾਨ ਬਣ ਗਿਆ ਤੇ ਪਾਕਿਸਤਾਨ ਵਾਲੀ ਜ਼ਮੀਨ ਬਦਲੇ ਉਹਨਾਂ ਨੂੰ ਹਮੀਰੇ ਜ਼ਮੀਨ ਅਲਾਟ ਹੋ ਗਈ ਸੀ। ਇੰਜ ਭਰਾ ਦਲੀਪ ਸਿੰਘ ਦੀ ਜਿੱਥੇ ਕਾਫੀ ਜਾਇਦਾਦ ਗੰਗਾਨਗਰ ਦੇ ਚੱਕਾਂ ਵਿਚ ਸੀ, ਓਥੇ ਹਮੀਰੇ ਵਿਚ ਅਲਾਟ ਹੋਈ ਜ਼ਮੀਨ ਵਿਚ ਵੀ ਦਲੀਪ ਸਿੰਘ ਦਾ ਭਰਾਵਾਂ ਨਾਲ ਹਿੱਸਾ ਸੀ। ਭਰਾ ਤੇ ਉਹਦਾ ਬਾਕੀ ਟਬੱਰ ਰਾਧਾ ਸਵਾਮੀ ਬਣ ਚੁਕੇ ਸਨ। ਭਰਾ ਦਲੀਪ ਸਿੰਘ ਮੋਮੀ ਜੋ ਬਾਅਦ ਵਿਚ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਡਿਸਟ੍ਰਿਕਟ ਐਗਰੀਕਲਚਰ ਅਫ਼ਸਰ ਵੀ ਰਿਹਾ ਅਤੇ ਅੰਤ ਵਿਚ ਡਿਪਟੀ ਡਾਇਰੈਕਟਰ ਖੇਤੀ ਬਾੜੀ ਵਿਭਾਗ ਪੰਜਾਬ ਰੀਟਾਇਰ ਹੋਇਆ, ਨੇ ਸਾਰੀ ਉਮਰ ਕਿਸੇ ਤੋਂ ਰਿਸ਼ਵਤ ਤਾਂ ਕੀ ਲੈਣੀ ਸੀ, ਚਾਹ ਦਾ ਕੱਪ ਵੀ ਨਹੀਂ ਪੀਤਾ ਸੀ। ਕੁਝ ਚਿਰ ਭਰਾ ਡੈਪੂਟੁਸ਼ਨ ਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਪ੍ਰੋਫੈਸਰ ਵੀ ਲੱਗਾ ਰਿਹਾ ਸੀ। ਦਲੀਪ ਸਿੰਘ ਦੇ ਬਾਕੀ ਭਰਾ ਪੜ੍ਹੇ ਲਿਖੇ ਨਹੀਂ ਸਨ ਤੇ ਵਾਹੀ ਹੀ ਕਰਦੇ ਸਨ। ਸ਼ਰੀਕੇ ਵਿਚੋਂ ਦਸਵੀਂ ਪਾਸ ਕਰਨ ਵਾਲਾ ਮੈਂ ਹੀ ਸਾਂ ਤੇ ਭਰਜਾਈ ਦੇ ਕਹਿਣ ਤੇ ਹੀ ਮੈਂ ਮੈਡੀਕਲ ਲੈ ਲਿਆ ਸੀ। ਭਰਜਾਈ ਮੈਨੂੰ ਇਕ ਪੜ੍ਹ ਲਿਖ ਕੇ ਇਕ ਡਾਕਟਰ ਬਣਿਆ ਵੇਖਣਾ ਚਹੁੰਦੀ ਸੀ।
-----
ਕੁਝ ਦਿਨਾਂ ਬਾਅਦ ਮੈਂ ਸਮਝ ਗਿਆ ਕਿ ਮੈਡੀਕਲ ਮੇਰੇ ਵੱਸ ਦਾ ਰੋਗ ਨਹੀਂ ਸੀ। ਮੈਨੂੰ ਤੇ ਫਿਜ਼ਿਕਸ ਤੇ ਕੈਮੈਸਟਰੀ ਦੇ ਫ਼ਰਕ ਦਾ ਵੀ ਪਤਾ ਨਹੀਂ ਸੀ। ਮੈਂ ਭਰਾ ਭਰਜਾਈ ਅੱਗੇ ਜਾ ਕੇ ਰੋ ਪਿਆ ਕਿ ਮੈਨੂੰ ਕੁਝ ਸਮਝ ਨਹੀਂ ਆਉਂਦੀ ਤੇ ਮੈਂ ਨਹੀਂ ਪੜ੍ਹਨਾ। ਉਹਨਾਂ ਨੇ ਮੈਨੂੰ ਮੈਡੀਕਲ ਬਦਲ ਕੇ ਨਾਨ ਮੈਡੀਕਲ ਲੈ ਦਿਤਾ ਜੋ ਮੈਡੀਕਲ ਨਾਲੋਂ ਵੀ ਜ਼ਿਆਦਾ ਔਖਾ ਸੀ। ਮੈਂ ਫਿਰ ਭਰਾ ਭਰਜਾਈ ਨੂੰ ਕਿਹਾ ਮੈਨੂੰ ਕੋਈ ਪਤਾ ਨਹੀਂ ਲਗਦਾ। ਭਰਜਾਈ ਕਹਿਣ ਲਗੀ ਇਹਨੂੰ ਏ ਬੀ ਕੋਰਸ ਲੈ ਦਿਓ ਜਿਸ ਵਿਚ ਹਿਸਾਬ ਹੁੰਦਾ ਹੈ। ਮੈਂ ਕਿਹਾ ਕਿ ਹਿਸਾਬ ਤਾਂ ਮੈਨੂੰ ਉੱਕਾ ਈ ਨਹੀਂ ਆਉਂਦਾ। ਪਤਾ ਨਹੀਂ ਮੈਟਿਰਿਕ ਦੇ ਇਮਤਿਹਾਨ ਵਿਚ ਹਿਸਾਬ ਵਿਚੋਂ ਮੈਂ ਕਿਵੇਂ ਪਾਸ ਹੋ ਗਿਆ ਹਾਂ। ਜੇ ਕੋਈ ਚੀਜ਼ ਬਾਰਾਂ ਆਨਿਆਂ ਦੀ ਤਿੰਨ ਸੇਰ ਆਉਂਦੀ ਆ ਤੇ ਸਵਾ ਰੁਪਈਏ ਦੀ ਕਿੰਨੀ ਆਈ, ਮੈਂ ਸਾਰਾ ਦਿਨ ਨਹੀਂ ਕੱਢ ਸਕਦਾ। ਆਖਰ ਭਰਾ ਭਰਜਾਈ ਨੇ ਮੇਰੀ ਹਾਲਤ ਵੇਖ ਕੇ ਮੈਨੂੰ ਆਰਟਸ ਲੈ ਦਿਤੇ ਜਿਨ੍ਹਾਂ ਵਿਚ ਇਕਨਾਮਿਕਸ, ਸਿਵਿਕਸ, ਪੰਜਾਬੀ, ਹਿੰਦੀ ਤੇ ਇੰਗਲਿਸ਼ ਵਗੈਰਾ ਸਨ। ਹਿੰਦੀ ਦੇ ਪ੍ਰੋਫੈਸਰ ਮਨੋਹਰ ਲਾਲ ਅਨੰਦ ਨੇ ਸਾਰੀ ਕਲਾਸ ਨੂੰ ਕਿਹਾ ਕਿ ਜਿਨ੍ਹਾਂ ਨੂੰ ਪਹਿਲਾਂ ਹਿੰਦੀ ਨਹੀਂ ਆਉਂਦੀ, ਉਹ ਖੜ੍ਹੇ ਹੋ ਜਾਣ। ਜਿਹੜੇ ਮੁੰਡੇ ਖੜ੍ਹੇ ਹੋਏ, ਉਹ ਬਹੁਤੇ ਸਰਦਾਰਾਂ ਦੇ ਸਨ ਜਿਨ੍ਹਾਂ ਵਿਚ ਮੈਂ ਵੀ ਖੜ੍ਹਾ ਹੋ ਗਿਆ। ਸਭ ਤੋਂ ਪਹਿਲਾਂ ਉਹਨੇ ਮੈਨੂੰ ਕਲਾਸ ਵਿਚੋਂ ਬਾਹਰ ਕਢ ਦਿਤਾ ਤੇ ਫਿਰ ਬਾਕੀ ਦੇ ਸਰਦਾਰ ਮੁੰਡਿਆਂ ਨੂੰ ਭਜਾ ਦਿੱਤਾ। ਉਸ ਬਾਰੇ ਮਸ਼ਹੂਰ ਸੀ ਕਿ ਉਹ ਬੜਾ ਮੁਤੱਸਬੀ ਹੈ। ਹਿੰਦੀ ਦੀ ਜਗ੍ਹਾ ਮੈਂ ਸਿਵਿਕਸ ਲੈ ਲਈ ਤੇ ਕਾਲਜ ਦੀ ਪੜ੍ਹਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਕਾਲਜ ਦਾਖਲ ਹੋਣ ਵੇਲੇ ਮੈਂ ਆਪਣੇ ਵੱਲੋਂ ਜੋ ਬੜੇ ਸੁਹਣੇ ਕਪੜੇ ਸਿਵਾ ਕੇ ਪਾਏ ਸਨ, ਮੈਨੂੰ ਬੜੇ ਅਜੀਬ ਲਗਣ ਲੱਗੇ। ਇਕ ਸਵੇਰ ਅਜੇ ਮੈਂ ਸੁੱਤਾ ਹੋਇਆ ਨਹੀਂ ਉਠਿਆ ਸਾਂ ਕਿ ਬੂਹਾ ਖੜਕਿਆ। ਜਦ ਅੱਖਾਂ ਮਲ਼ਦਿਆਂ ਮੈਂ ਬੂਹਾ ਖੋਲ੍ਹਿਆ ਤਾਂ ਵੇਖਿਆ ਕਿ ਦਰਵਾਜ਼ੇ ਤੇ ਮੇਰਾ ਭਤੀਜਾ ਅਮਰਜੀਤ ਤੇ ਭਤੀਜੀ ਜਸਵਿੰਦਰ ਜੋ ਅਜੇ ਛੋਟੇ ਛੋਟੇ ਸਨ, ਸਾਫ਼ ਚਿਟੇ ਪੋਣੇ ਨਾਲ ਢਕ ਕੇ ਇਕ ਥਾਲ਼ੀ ਵਿਚ ਪਰੌਠੇ, ਆਚਾਰ ਤੇ ਲੱਸੀ ਦਾ ਗਿਲਾਸ ਲੈ ਕੇ ਆਏ ਸਨ ਤੇ ਤੋਤਲੀ ਆਵਾਜ਼ ਵਿਚ ਕਹਿ ਕੇ ਚਲੇ ਗਏ ਕਿ ਮੰਮੀ ਕਹਿੰਦੀ ਸੀ ਕਿ ਚਾਚਾ ਜੀ ਨੂੰ ਘਰ ਆਉਣ ਲਈ ਕਹਿ ਕੇ ਆਇਓ।
-----
ਦਰਅਸਲ ਕਾਲਜ ਦੀ ਪੜ੍ਹਾਈ ਬਹੁਤ ਔਖੀ ਸੀ ਤੇ ਮੈਂ ਇਹਨੂੰ ਐਵੇਂ ਸ਼ੁਗਲ ਮੇਲਾ ਹੀ ਸਮਝਦਾ ਸਾਂ। ਮੈਨੂੰ ਲਗਦਾ ਕਿ ਮੈਂ ਕਾਲਜ ਦਾਖਲ ਹੋਣ ਦਾ ਐਵੇਂ ਪੰਗਾ ਹੀ ਲੈ ਲਿਆ ਸੀ। ਇਥੇ ਤਾਂ ਕਿਸੇ ਪ੍ਰੋਫੈਸਰ ਗੱਲ ਦੀ ਸਮਝ ਹੀ ਨਹੀਂ ਆਉਂਦੀ ਸੀ ਅਤੇ ਕਾਲਜ ਵਿਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਹਨ ਦਾ ਜੋ ਬਠਿੰਡੇ ਪੜ੍ਹਦਿਆਂ ਮਨ ਵਿਚ ਨਕਸ਼ਾ ਬਣਿਆ ਸੀ, ਉਹ ਬੇਕਾਰ ਸੀ। ਸ਼ੁਰੂ ਵਿਚ ਫਸਟ ਯੀਅਰ ਵਿਚ ਦੋ ਸੌ ਤੋਂ ਜ਼ਿਆਦਾ ਮੁੰਡੇ ਇਕ ਕਲਾਸ ਵਿਚ ਸਨ ਤੇ ਕੁੜੀਆਂ ਸਿਰਫ਼ ਗਿਆਰਾਂ ਸਨ। ਉਹ ਪ੍ਰੋਫੈਸਰ ਦੇ ਕਲਾਸ ਅੰਦਰ ਆਉਣ ਤੋਂ ਬਾਅਦ ਸਿਰਾਂ ਤੇ ਦੁਪੱਟੇ ਲੈ ਕੇ ਕਲਾਸ ਵਿਚ ਦਾਖਲ ਹੁੰਦੀਆਂ ਅਤੇ ਕਲਾਸ ਦੇ ਇਕ ਪਾਸੇ ਲੱਗੇ ਬੈਂਚਾਂ ਤੇ ਬਹਿੰਦੀਆਂ। ਪ੍ਰੋਫੈਸਰ ਦੇ ਕਲਾਸ ਛਡਣ ਤੋਂ ਪਹਿਲਾਂ ਕਲਾਸ ਵਿਚੋਂ ਨਿੱਕਲ ਕੇ ਚਲੀਆਂ ਜਾਂਦੀਆਂ। ਉਹਨਾਂ ਦਾ ਕਾਮਨ ਰੂਮ ਵੀ ਵੱਖਰਾ ਸੀ। ਉਹ ਕਿਸੇ ਮੁੰਡੇ ਨਾਲ ਬੋਲਦੀਆਂ ਨਹੀਂ ਸਨ, ਇਥੋਂ ਤਕ ਕਿ ਪ੍ਰੋਫੈਸਰਾਂ ਨਾਲ ਵੀ ਘੱਟ ਹੀ ਬੋਲਦੀਆਂ ਸਨ। ਕਈ ਮੁੰਡਿਆਂ ਨੂੰ ਉਹ ਸੋਹਣੀਆਂ ਲਗਦੀਆਂ ਪਰ ਮੈਂ ਇਕ ਦਿਨ ਬੜੇ ਗੌਰ ਨਾਲ ਵੇਖਿਆ ਤਾਂ ਇਹਨਾਂ ਕੁੜੀਆਂ ਵਿਚੋਂ ਇਕ ਵੀ ਕੁੜੀ ਮਹਿਕ ਨਾਲੋਂ ਜ਼ਿਆਦਾ ਖ਼ੂਬਸੂਰਤ ਨਹੀਂ ਸੀ। ਜੇ ਮਹਿਕ ਨੂੰ ਇਹਨਾਂ ਸ਼ਹਿਰਨਾਂ ਵਰਗੇ ਸਾਫ਼ ਸੁਥਰੇ ਪ੍ਰੈੱਸ ਕੀਤੇ ਕਪੜੇ ਪਵਾ ਕੇ ਕਲਾਸ ਵਿਚ ਬਿਠਾ ਦਿੱਤਾ ਜਾਂਦਾ ਤਾਂ ਉਸ ਵਰਗੀ ਖ਼ੂਬਸੂਰਤ, ਉੱਚੀ ਲੰਮੀ ਅਤੇ ਸਿਹਤਮੰਦ ਕੁੜੀ ਸਾਰੇ ਫਿਰੋਜ਼ਪੁਰ ਸ਼ਹਿਰ ਵਿਚ ਵੀ ਕੋਈ ਨਹੀਂ ਹੋਣੀ ਸੀ। ਸਾਨੂੰ ਪੰਜਾਬੀ ਦਾ ਸਬਜੈਕਟ ਪ੍ਰੋ: ਐਸ. ਐਸ. ਭਾਟੀਆ ਪੜ੍ਹਾਉਂਦਾ ਸੀ। ਉਹ ਅਧਾ ਦਿਨ ਆਰ. ਐਸ. ਡੀ. ਕਾਲਜ ਵਿਚ ਤੇ ਅੱਧਾ ਦਿਨ ਕੁੜੀਆਂ ਦੇ ਦੇਵ ਸਮਾਜ ਕਾਲਜ ਵਿਚ ਪੰਜਾਬੀ ਪੜ੍ਹਾਉਂਦਾ ਸੀ। ਮੈਂ ਪੰਜਾਬੀ ਦੀਆਂ ਸਾਰੀਆਂ ਕਿਤਾਬਾਂ ਕੁਝ ਦਿਨਾਂ ਵਿਚ ਹੀ ਪੜ੍ਹ ਲਈਆਂ ਅਤੇ ਕਾਫੀ ਮੈਨੂੰ ਜ਼ਬਾਨੀ ਯਾਦ ਹੋ ਗਈਆਂ। ਮੈਂ ਪ੍ਰੋ: ਭਾਟੀਆ ਨੂੰ ਵੱਖ ਵੱਖ ਰਸਾਲਿਆਂ ਵਿਚ ਐਮ. ਬੀ. ਮਹਿਤਾ ਨਾਂ ਹੇਠ ਛਪੀਆਂ ਕੁਝ ਕਹਾਣੀਆਂ ਵੀ ਵਿਖਾਈਆਂ ਜਿਨ੍ਹਾਂ ਨੂੰ ਵੇਖ ਕੇ ਉਹ ਬਹੁਤ ਖੁਸ਼ ਹੋਇਆ ਤੇ ਮੇਰੀ ਲੋੜੋਂ ਵੱਧ ਕਦਰ ਕਰਨ ਲੱਗਾ। ਪਰ ਮੈਂ ਆਪਣਾ ਅਸਲੀ ਨਾਂ ਬਲਬੀਰ ਸਿੰਘ ਕਿਉਂ ਨਹੀਂ ਲਿਖਦਾ ਸਾਂ, ਓਸ ਨੂੰ ਦੱਸ ਨਾ ਸਕਿਆ ਤੇ ਦੋ ਸਾਲ ਏਸੇ ਨਾਂ ਹੇਠ ਹੀ ਲਿਖਦਾ ਰਿਹਾ। ਅਸਲ ਰਾਜ਼ ਇਹ ਸੀ ਕਿ ਕਚੀ ਉਮਰ ਦੇ ਅਸਰ ਹੇਠ ਮੈਂ ਆਪਣੇ ਨਾਂ ਤੋਂ ਪਹਿਲਾਂ ਐਮ ਮਹਿਕ ਲਈ ਵਰਤਦਾ ਸਾਂ, ਬੀ ਬਲਬੀਰ ਲਈ ਅਤੇ ਮਹਿਤਾ ਓਸ ਪਿੰਡ ਲਈ ਜਿਥੇ ਤਿੰਨ ਚਾਰ ਸਾਲ ਉਜੜਣ ਪਿਛੋਂ ਕੱਟੇ ਸਨ। ਲਾਇਬਰੇਰੀ ਚੋਂ ਇਰਵਿੰਗ ਸਟੋਨ ਦਾ ਅੰਗਰੇਜ਼ੀ ਦਾ ਨਾਵਲ “ਲਸਟ ਫਾਰ ਲਾਈਫ” ਜੋ ਦੁਨੀਆ ਦੇ ਮਸ਼ਹੂਰ ਪੈਂਟਟਿੰਗ ਕਰਨ ਵਾਲੇ ਆਰਟਿਸਟ “ਵੈਨ ਗਾਗ” ਦੀ ਜ਼ਿੰਦਗੀ ਤੇ ਲਿਖਿਆ ਹੋਇਆ ਸੀ, ਲੈ ਕੇ ਪੜ੍ਹਿਆ। ਬੜਾ ਕਰੁਣਾ ਮਈ ਸੱਚਾ ਨਾਵਲ ਸੀ। ਇਸ ਨਾਵਲ ਨੇ ਮੇਰੇ ਤੇ ਬਹੁਤ ਜ਼ਿਆਦਾ ਅਸਰ ਕੀਤਾ ਅਤੇ ਇਹ ਨਾਵਲ ਮੈਨੂੰ ਅਧੋਂ ਵੱਧ ਜ਼ੁਬਾਨੀ ਯਾਦ ਹੋ ਗਿਆ। ਯੂਰਪ ਦੇ ਡੱਚ ਇਲਾਕੇ ਵਿਚ ਇਕ ਮਹਾਨ ਆਰਟਿਸਟ ਨੂੰ ਸਾਰੀ ਉਮਰ ਕੋਈ ਵੀ ਸਮਝ ਨਾ ਸਕਿਆ। ਉਹਦੀ ਇਕ ਵੀ ਪੇਂਟਿੰਗ ਸਾਰੀ ਉਮਰ ਨਾ ਵਿਕੀ ਤੇ ਤੇ ਕਿਸੇ ਕੁੜੀ ਨੇ ਉਸ ਨੂੰ ਪਿਆਰ ਨਾ ਕੀਤਾ। ਇਥੋਂ ਤਕ ਕਿ ਇਕ ਵੇਸਵਾ ਨੂੰ ਜਿੱਤਣ ਲਈ ਉਹਨੇ ਆਪਣਾ ਇਕ ਕੰਨ ਵੱਢ ਕੇ ਉਹਨੂੰ ਦੇ ਦਿਤਾ ਪਰ ਫਿਰ ਵੀ ਉਹ ਉਹਦੀ ਨਾ ਬਣੀ ਤੇ ਉਹ ਪਾਗਲ ਹੋ ਗਿਆ। ਗਲ਼ੀਆਂ ਦੇ ਮੁੰਡੇ ਉਹਨੂੰ ਰੋੜੇ ਮਾਰਦੇ, “ਫਊ ਰਊ ਵਾਜ਼ ਏ ਕਰੇਜ਼ੀ ਮੈਨ,” ਕਹਿ ਕੇ ਛੇੜਦੇ ਅਤੇ ਕਾਂ ਸਿਰ ਵਿਚ ਠੂੰਗਾਂ ਮਾਰਦੇ ਤੇ ਉਹ ਭੁੱਖ ਦੇ ਦੁੱਖ ਨਾਲ ਮਰ ਗਿਆ। ਮਰਨ ਉਪਰੰਤ ਉਹਦੀਆਂ ਪੇਟਿੰਗਜ਼ ਦੀਆਂ ਕੀਮਤਾਂ ਦੁਨੀਆ ਵਿਚ ਐਨੀ ਬੁਲੰਦੀ ਤੇ ਪਹੁੰਚ ਗਈਆਂ ਕਿ ਉਹਨਾਂ ਨੂੰ ਦੁਨੀਆ ਦਾ ਕੋਈ ਵੱਡੇ ਤੋਂ ਵੱਡਾ ਧਨਾਢ ਵੀ ਖ਼ਰੀਦ ਨਹੀਂ ਸਕਦਾ ਸੀ। ਬਹੁਤ ਸਾਲਾਂ ਪਿਛੋਂ ਵਿਨਸੈਂਟ ਵਾਨ ਗਾਗ ਦੀ ਇਸੇ ਨਾਵਲ ਤੇ ਅੰਗਰੇਜ਼ੀ ਵਿਚ ਬਣੀ ਮੈਂ ਪਿਕਚਰ ਵੀ ਵੇਖੀ ਅਤੇ ਉਹਦੀਆਂ ਪੇਂਟਿੰਗਜ਼ ਵਿਚੋਂ ਰੰਗਾਂ ਦੀ ਮਹਾਨਤਾ ਅਤੇ ਜ਼ਿੰਦਗੀ ਦੇ ਅਰਥ ਸਮਝਣ ਦੀ ਕੋਸਿਸ਼ ਵੀ ਕੀਤੀ।
-----
ਕਾਲਜ ਦੀ ਲਾਇਬਰੇਰੀ ਵਿਚੋਂ ਮੈਂ ਉਰਦੂ ਦੇ ਮਸ਼ਹੂਰ ਲੇਖਕ ਕ੍ਰਿਸ਼ਨ ਚੰਦਰ ਦੀਆਂ ਵੀ ਕਈ ਕਿਤਾਬਾਂ ਲੈ ਕੇ ਵੀ ਪੜ੍ਹ ਲਈਆਂ ਅਤੇ ਇਹਨਾਂ ਵਿਚੋਂ ਕਈ ਕਹਾਣੀਆਂ ਜਿਵੇਂ ਅਜੰਤਾ ਸੇ ਆਗੇ, ਪੂਰੇ ਚਾਂਦ ਕੀ ਰਾਤ ਵਗੈਰਾ ਮੈਨੂੰ ਜ਼ਬਾਨੀ ਯਾਦ ਹੋ ਗਈਆਂ। ਮੈਂ ਇਕ ਇਕ ਰਾਤ ਵਿਚ ਕਈ ਕਿਤਾਬਾਂ ਪੜ੍ਹ ਲੈਂਦਾ ਸਾਂ ਜਿਸ ਨਾਲ ਕਿਤਾਬਾਂ ਅੰਦਰਲਾ ਸਾਹਿਤਕ ਗਿਆਨ ਮੇਰੇ ਅੰਦਰ ਪਰਵੇਸ਼ ਕਰ ਰਿਹਾ ਸੀ ਅਤੇ ਇਹ ਗਿਆਨ ਜਿਥੇ ਮੈਨੂੰ ਲੇਖਕ ਬਣਨ ਲਈ ਉਤਸ਼ਾਹਤ ਕਰ ਰਿਹਾ ਸੀ, ਓਥੇ ਆਪਣੇ ਮਨ ਵਿਚ ਪੈਦਾ ਹੁੰਦੇ ਵਿਚਾਰਾਂ ਨੂੰ ਕਲਮ ਬੰਦ ਕਰਨ ਲਈ ਵੀ ਕਹਿ ਰਿਹਾ ਸੀ। ਪ੍ਰੋ: ਭਾਟੀਆ ਨੇ ਮੈਨੂੰ ਕਾਲਜ ਮੈਗਜ਼ੀਨ ਦੇ ਪੰਜਾਬੀ ਭਾਗ ਦਾ ਫਸਟ ਯੀਅਰ ਵਿਚ ਹੀ ਅਸਿਟੰਟ ਐਡੀਟਰ ਹੀ ਬਣਾ ਦਿਤਾ ਜਿਸ ਦਾ ਪੂਰਾ ਐਡੀਟਰ ਗੁਰਨਾਮ ਸਿੰਘ ਪ੍ਰਭਾਤ ਸੀ। ਹੁਣ ਮੈਂ ਇਕ ਐਸੀ ਕਹਾਣੀ ਲਿਖਣਾ ਚਹੁੰਦਾ ਸਾਂ ਜਿਸ ਨਾਲ ਸਾਰੇ ਕਾਲਜ ਵਿਚ ਯਕ ਦਮ ਮੇਰਾ ਨਾਂ ਮਸ਼ਹੂਰ ਹੋ ਜਾਵੇ ਪਰ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਲਿਖਾਂ। ਬਾਕੀ ਅਜੇ ਕਾਲਜ ਮੈਗਜ਼ੀਨ ਦੇਰ ਨਾਲ ਛਪਣਾ ਸੀ ਤੇ ਪ੍ਰੋਫੈਸਰ ਭਾਟੀਆ ਕਹਿਣ ਲੱਗਾ ਕਿ ਮੈਂ ਹੋਰਨਾਂ ਮੁੰਡਿਆਂ ਤੋਂ ਵੀ ਆਰਟੀਕਲਜ਼ ਇਕੱਠੇ ਕਰਨੇ ਸ਼ੁਰੂ ਕਰ ਦੇਵਾਂ।
------
ਅੰਗਰੇਜ਼ੀ ਦਾ ਪ੍ਰੋ: ਮਨਰਾਏ ਸੀ ਜੋ ਗਿੱਟਿਆਂ ਤੋਂ ਉੱਚੀ ਤੇ ਬੜੀ ਖੁੱਲ੍ਹੀ ਪੈਂਟ ਪਾਉਂਦਾ ਤੇ ਆਪਣੇ ਆਪ ਨੂੰ ਰਾਜ ਕਪੂਰ ਸਮਝਦਾ ਸੀ। ਕਾਲਜ ਵਿਚ ਮਸ਼ਹੂਰ ਸੀ ਕਿ ਪ੍ਰੋ: ਮਨਰਾਏ ਐਕਟਰ ਬਨਣ ਲਈ ਬੰਬਈ ਚਲਾ ਗਿਆ ਸੀ ਤੇ ਕਾਮਯਾਬ ਨਾ ਹੋਣ ਤੇ ਕਿਸੇ ਕੋਲੋਂ ਵਾਪਸੀ ਦਾ ਕਿਰਾਇਆ ਫੜ ਕੇ ਬੜੀ ਮੁਸ਼ਕਿਲ ਨਾਲ ਫਿਰੋਜ਼ਪੁਰ ਪਹੁੰਚਿਆ ਸੀ। ਕਾਲਜ ਵਿਚ ਉਸਦੀ ਬੜੀ ਟੌਹਰ ਸੀ ਤੇ ਅੰਗਰੇਜ਼ੀ ਪੜ੍ਹਾਉਣ ਵਿਚ ਉਸ ਨੂੰ ਕਮਾਲ ਹਾਸਲ ਸੀ। ਹਿੰਦੀ ਦਾ ਪ੍ਰੋਫੈਸਰ ਅਨੰਦ ਵੀ ਆਪਣੇ ਆਪ ਨੂੰ ਦੇਵਾ ਅਨੰਦ ਸਮਝਦਾ ਸੀ ਤੇ ਬਹੁਤ ਸੁਹਣਾ ਹੋਣ ਕਰ ਕੇ ਜਿਥੇ ਕੱਪੜੇ ਵੀ ਬੜੇ ਸੁਹਣੇ ਪਾਉਂਦਾ ਸੀ, ਓਥੇ ਸਿਰ ਦੇ ਪਟੇ ਦੇਵਾ ਨੰਦ ਵਾਂਗ ਵਾਹ ਕੇ ਰੱਖਦਾ ਸੀ। ਫਿਲਮਾਂ ਵਿਚ ਐਕਟਰਾਂ ਤੋਂ ਬਾਅਦ ਮੈਨੂੰ ਇਹ ਪ੍ਰੋਫੈਸਰ ਐਕਟਰਾਂ ਵਰਗੇ ਹੀ ਲੱਗਦੇ ਅਤੇ ਇਹਨਾਂ ਦੀ ਕਾਬਲੀਅਤ ਮੈਨੂੰ ਬੜੀ ਪ੍ਰਭਾਵਿਤ ਕਰਦੀ। ਪ੍ਰੋ ਟੰਡਨ ਇਕਨਾਮਿਕਸ ਪੜ੍ਹਾਉਂਦਾ ਸੀ ਤੇ ਬੜਾ ਸ਼ਰੀਫ਼ ਸੀ।
-----
ਪ੍ਰੋ: ਜੋਤੀ ਡੀ. ਪੀ. ਈ. ਸੀ ਤੇ ਪ੍ਰੋ: ਕੈਸ਼ਪ ਅੰਗਰੇਜ਼ੀ ਦਾ ਟੀਚਰ ਸੀ ਤੇ ਕਾਲਜ ਹੋਸਟਲ ਦਾ ਸੁਪਰਡੈਂਟ ਵੀ ਸੀ। ਪ੍ਰਿੰਸੀਪਲ ਐਸ. ਬੀ. ਸੈਨ ਗੁਪਤਾ ਨੂੰ ਕਾਲਜ ਵਿਚ ਹੀ ਰਹਿਣ ਲਈ ਕੋਠੀ ਮਿਲੀ ਹੋਈ ਸੀ। ਉਹਨੂੰ ਪੰਜਾਬੀ ਬੜੀ ਘੱਟ ਆਉਂਦੀ ਸੀ। ਇਕ ਦਿਨ ਦੋ ਮੁੰਡੇ ਲੜਦੇ ਲੜਦੇ ਉਹਦੇ ਕਮਰੇ ਵਿਚ ਚਲੇ ਗਏ ਤੇ ਇਕ ਦੂਜੇ ਤੇ ਦੋਸ਼ ਲਾਉਣ ਲੱਗੇ
: ਸਰ ਇਹਨੇ ਮੈਨੂੰ ਗਾਲ਼੍ਹ ਕੱਢੀ”
....
“ਦੈੱਨ?”
....
“ਸਰ ਮੈਂ ਇਹਦੇ ਮੁੱਕਾ ਮਾਰਿਆ”
......
“ਦੈੱਨ?”
....
“ਸਰ ਇਹਨੇ ਮੇਰਾ ਝੱਗਾ ਪਾੜ ਦਿਤਾ”
.....
“ਵਾਅਟ ਝੱਗਾ ਪਾੜ ਦਿਤਾ?” ਪ੍ਰਿੰਸੀਪਲ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਤੇ ਪ੍ਰਿੰਸੀਪਲ ਨੇ ਦੋਹਾਂ ਨੂੰ ਜੁਰਮਾਨਾ ਕਰ ਕੇ ਅਤੇ ਅਗੋਂ ਨਾ ਲੜਨ ਲਈ ਕਹਿ ਕੇ ਆਪਣੇ ਦਫ਼ਤਰ ਵਿਚੋਂ ਬਾਹਰ ਕੱਢ ਦਿੱਤਾ।
-----
ਇਕ ਰਾਤ ਨੂੰ ਮੈਂ ਹੋਸਟਲ ਵਿਚ ਕਾਲਜ ਦੇ ਪੁਰਾਣੇ ਮੁੰਡੇ ਜੋ ਆਪਣੇ ਆਪ ਨੂੰ ਖ਼ਲੀਫ਼ੇ ਸਮਝਦੇ ਸਨ, ਦੀ ਰੈਗਿੰਗ ਦਾ ਸ਼ਿਕਾਰ ਹੋ ਗਿਆ। ਉਹਨਾਂ ਅਧੀ ਰਾਤ ਮੇਰੇ ਦਸ ਨੰਬਰ ਕਮਰੇ ਦਾ ਦਰਵਾਜ਼ਾ ਖੜਕਾਇਆ ਤੇ ਆਉਂਦੇ ਈ ਕਹਿਣ ਲਗੇ ਆਪਣਾ ਪਾਜਾਮਾ ਲਾਹ ਦੇ ਨਹੀਂ ਤਾਂ ਅਸੀਂ ਜ਼ਬਰਦਸਤੀ ਕਰਾਂਗੇ। ਉਹ ਜ਼ਬਰਦਸਤੀ ਕਰਨ ਤੇ ਉੱਤਰੇ ਹੋਏ ਸਨ ਤੇ ਗੰਗਾ ਨਗਰ ਵੱਲ ਦਾ ਅਮਰ ਸਿੰਘ ਜਿਸ ਨੂੰ ਮੈਂ ਬੜਾ ਗੁਰਮਖ ਸਮਝਦਾ ਸਾਂ, ਉਹਨਾਂ ਨੂੰ ਹੱਲਾ ਸ਼ੇਰੀ ਦੇ ਰਿਹਾ ਸੀ ਤੇ ਬਧੋ-ਬਧੀ ਮੇਰੇ ਨਾਲ ਲੇਟ ਕੇ ਮੇਰੀਆਂ ਗੱਲ੍ਹਾਂ ਚੂਸਣ ਦੀ ਕੋਸ਼ਿਸ਼ ਕਰਨ ਲੱਗਾ। ਉਹਦੇ ਮੂੰਹ ਵਿਚੋਂ ਦਾਰੂ ਦੀ ਬੂ ਆ ਰਹੀ ਸੀ। ਜਦੋਂ ਮੈਂ ਰੌਲਾ ਪਾ ਦਿੱਤਾ ਤੇ ਉਚੀ ਉਚੀ ਰੋਣ ਲੱਗ ਪਿਆ ਤੇ ਕਿਹਾ ਕਿ ਮੈਂ ਹੋਸਟਲ ਦੇ ਸੁਪਰਡੈਂਟ ਨੂੰ ਦੱਸਾਂਗਾ ਤਾਂ ਉਹ ਕਹਿਣ ਲੱਗੇ ਅਜ ਤਾਂ ਅਸੀਂ ਤੈਨੂੰ ਛੱਡ ਦਿੰਦੇ ਹਾਂ ਪਰ ਜੇ ਤੂੰ ਹੋਸਟਲ ਸੁਪਰਡੈਂਟ ਨੂੰ ਦਸਿਆ ਤਾਂ ਕਾਲਚ ਵਿਚੋਂ ਬਾਹਰ ਲਿਜਾ ਕੇ ਤੈਨੂੰ ਐਨਾ ਕੁੱਟਾਂਗੇ ਕਿ ਤੂੰ ਕਾਲਜ ਛੱਡ ਜਾਏਂਗਾ। ਜਦੋਂ ਉਹ ਚਲੇ ਗਏ ਤਾਂ ਮੈਂ ਜਾ ਕੇ ਹੋਸਟਲ ਸੁਪਰਡੈਂਟ ਦੀ ਬੈਲ ਨੱਪ ਦਿਤੀ। ਉਹ ਸੁੱਤਾ ਪਿਆ ਉਠ ਕੇ ਆਇਆ ਤੇ ਮੈਂ ਉਹਨੂੰ ਸਾਰੀ ਗੱਲ ਦੱਸ ਦਿਤੀ। ਓਸ ਮੈਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਸਵੇਰੇ ਉਹ ਉਹਨਾਂ ਨੂੰ ਬੁਲਾ ਕੇ ਪੁੱਛੇਗਾ ਤੇ ਲੋੜ ਪਈ ਤਾਂ ਪ੍ਰਿੰਸੀਪਲ ਦੇ ਵੀ ਪੇਸ਼ ਕਰੇਗਾ। ਅਗਲੇ ਦਿਨ ਉਹਨਾਂ ਸਭ ਨੇ ਮੁਆਫ਼ੀ ਮੰਗ ਲਈ ਤੇ ਅੱਗੋਂ ਤੋਂ ਅਜਿਹੀ ਹਰਕਤ ਨਾ ਕਰਨ ਦੀ ਸਹੁੰ ਖਾਧੀ ਪਰ ਫਿਰ ਵੀ ਮੈਨੂੰ ਇਹਨਾਂ ਤੋਂ ਡਰ ਈ ਲਗਦਾ ਰਹਿੰਦਾ।
-----
ਅਬੋਹਰ ਵੱਲ ਦੇ ਬਾਗੜੀਆਂ ਅਤੇ ਬਿਸ਼ਨੋਈਆਂ ਦੇ ਮੁੰਡਿਆਂ ਨੂੰ ਵੈਸੇ ਤਾਂ ਫਾਜ਼ਿਲਕਾ ਦਾ ਮੁਨਸ਼ੀ ਰਾਮ ਕਾਲਜ ਨੇੜੇ ਪੈਂਦਾ ਸੀ ਪਰ ਉਹ ਫਿਰੋਜ਼ਪੁਰ ਦੇ ਕਾਲਜ ਜੋ ਵੱਡੇ ਸ਼ਹਿਰ ਵਿਚ ਸੀ, ਪੜ੍ਹਨਾ ਫਖ਼ਰ ਤੇ ਵੱਡੀ ਗੱਲ ਸਮਝਦੇ ਸਨ। ਕਈ ਤਾਂ ਜਲੰਧਰ ਦੇ ਕਾਲਜਾਂ ਵਿਚ ਵੀ ਦਾਖਲ ਹੋ ਜਾਂਦੇ ਸਨ ਜਿਸ ਨਾਲ ਇਲਾਕੇ ਵਿਚ ਇਹਨਾਂ ਦੀ ਟੌਹਰ ਬਣ ਜਾਂਦੀ ਸੀ। ਇਹਨਾਂ ਵਿਚੋਂ ਕਈ ਲੁਕ ਛਿਪ ਕੇ ਹੁੱਕਾ ਵੀ ਪੀਂਦੇ ਸਨ ਜਦ ਕਿ ਸਿਰਗਟਾਂ ਤੇ ਬੀੜੀਆਂ ਤਾਂ ਆਮ ਹੀ ਪੀਂਦੇ ਰਹਿੰਦੇ ਸਨ। ਇਹ ਵਖ ਵਖ ਸਿਨਮਿਆਂ ਵਿਚ ਜਾ ਕੇ ਪਿਕਚਰਾਂ ਵੀ ਬਹੁਤ ਵੇਖਦੇ ਸਨ ਤੇ ਚੌਧਰੀਆਂ ਦੇ ਇਹ ਮੁੰਡੇ ਬਾਗੜੀ ਭਾਸ਼ਾ ਵਿਚ ਪਿਕਚਰਾਂ ਦੀਆਂ ਗੱਲਾਂ ਕਰਿਆ ਕਰਦੇ ਸਨ। ਕੁੜੀਆਂ ਵੇਖ ਕੇ ਆਵਾਜ਼ੇ ਕਸਦੇ, “ ਅਰੇ ਤਨੇ ਦੇਖਣ ਖਾਤਰ ਤੋ ਮੇਰੇ ਖੇਤ ਕੀ ਫਸਲ ਠਾਹ ਠਾਹ ਕੇ ਉਪਰ ਨੂੰ ਆਵੈ ਸੈ-ਜਬ ਤੂੰ ਚਾਲੇ ਸੇ ਤੋ ਮਨ ਮੇਂ ਘੁੰਗਰੂ ਬਾਜੇ ਸੈ”। ਜਿਹੜੇ ਮੁੰਡੇ ਜ਼ਿਆਦਾ ਪਿਕਚਰਾਂ ਵੇਖਦੇ ਸਨ, ਉਹ ਜ਼ਿਆਦਾ ਅਮੀਰ ਤੇ ਸੌਖੇ ਸਮਝੇ ਜਾਂਦੇ ਸਨ। ਇਹ ਸ਼ਰਾਬ ਪੀਣੀ ਵੀ ਮਾੜੀ ਨਹੀਂ ਸਮਝਦੇ ਸਨ। ਇਕ ਦਿਨ ਕੁਝ ਮੁੰਡਿਆਂ ਨੇ ਦਰਿਆ ਸਤਲੁਜ ਦਰਿਆ ਦੀ ਇਕ ਫਾਂਟ ਕੰਢੇ ਪੈਂਦੇ ਪਿੰਡਾਂ ਪਲੇ ਮੇਘੇ ਵਿਚ ਜਾ ਕੇ ਰਾਏ ਸਿੱਖਾਂ ਦੀ ਘਰ ਦੀ ਦਾਰੂ ਪੀਣ ਤੇ ਗਰਮ ਗਰਮ ਪਕੌੜੇ ਤੇ ਜਲੇਬੀਆਂ ਖਾਣ ਦਾ ਪਰੋਗਰਾਮ ਬਣਾ ਲਿਆ।
******
ਚਲਦਾ
No comments:
Post a Comment