ਲੇਖ
“ਸ਼ਬਦੋਂ ਪਾਰ” ਰਵਿੰਦਰ ਰਵੀ ਦੀ ਕਾਵਿ-ਟਕਸਾਲ ਵਿੱਚੋਂ ਸਿਰਜਿਤ ਪੰਦਰ੍ਹਵਾਂ ਆਭੂਖਣ ਹੈ! ਇਸ ਵਿਚ ਉਸਦੀਆਂ 1994 ਤੋਂ 1998 ਤਕ ਰਚੀਆਂ ਗਈਆਂ 97 ਕਵਿਤਾਵਾਂ ਸੰਗ੍ਰਹਿਤ ਹਨ! ਇਸ ਸੰਗ੍ਰਹਿ ਵਿਚ ਰਵੀ ਆਪਣੇ ਕਾਵਿ-ਕਰਮ, ਸਿਰਜਨ-ਪ੍ਰਕਿਰਿਆ ਅਤੇ ਅਭਿਅਕਤੀ ਨਾਲ ਜੁੜੇ ਧਰਾਤਲਾਂ ਨੂੰ ਪਰਿਭਾਸ਼ਤ ਕਰਨ ਦੇ ਅਮਲ ਨਾਲ ਜੁੜਿਆ ਹੋਇਆ ਹੈ! ਬੜੀ ਦੇਰ ਤੋਂ ਉਹ ਇਸ ਤੱਥ ਉੱਪਰ ਸੁਦ੍ਰਿੜ੍ਹ ਹੈ ਕਿ “ਸ਼ਬਦ” ਹੀ ਸੰਸਾਰ ਹੈ, ਪਰੰਤੂ ਉਸਦੇ ਸੰਸਾਰ ਦੀ ਕਲਪਨਾ ਬੜੀ ਵਸੀਹ ਹੈ! ਇਸ ਵਿਚ ਦਿਸਦਾ ਅਤੇ ਅਣਦਿਸਦਾ, ਸੂਖਮ ਅਤੇ ਸਥੂਲ, ਕਿਹਾ ਅਤੇ ਅਣਕਿਹਾ, ਸਭ ਕੁਝ ਆ ਜਾਂਦਾ ਹੈ! ਇਹੋ ਜਿਹੇ ਸੰਸਾਰ ਦੀ ਨਿਸ਼ਾਨੇਦਹੀ ਕਰਨਾ ਅਤੇ ਇਸ ਨੂੰ ਕਾਵਿ ਦੇ ਮਾਧਿਅਮ ਦੁਆਰਾ ਅਭਿਵਿਅਕਤ ਕਰਨਾ – ਰਵਿੰਦਰ ਰਵੀ ਦੇ ਫਨ ਅਤੇ ਫਿਕਰ ਦਾ ਮੁੱਖ ਸਰੋਕਾਰ ਹੈ!
-----
ਕਾਵਿ-ਕਰਮ ਨਾਲ ਜੁੜੇ ਹੋਏ ਆਧੁਨਿਕ ਯੁੱਗ ਦੇ ਕਈ ਮਹੱਤਵ ਪੂਰਨ ਕਵੀਆਂ ਨੇ “ਸ਼ਬਦ” ਦੀ ਸੀਮਾ-ਬੱਧਤਾ ਵਲ ਵੀ ਸੰਕੇਤ ਕੀਤਾ ਹੈ! ਵਸਤੂਗਤ ਜਗਤ ਦੀ ਪਹਿਚਾਣ ਨਾਲ ਜੁੜਿਆ ਹੋਣ ਕਰਕੇ ਸ਼ਬਦ ਰੂੜ੍ਹੀਗ੍ਰਸਿਤ, ਏਕਾਂਕੀ ਅਤੇ ਮਕੈਨਕੀ ਹੋ ਜਾਂਦਾ ਹੈ; ਜਿਸ ਕਾਰਨ ਨਵੇਂ ਭਾਵਬੋਧ ਵਾਲੇ ਕਿਸੇ ਰੈਡੀਕਲ ਕਵੀ ਵਾਸਤੇ ਇਸਦੇ ਮਾਧਿਅਮ ਦੁਆਰਾ ਆਪਣੇ ਆਪ ਨੂੰ ਅਭਿਵਿਅਕਤ ਕਰਨਾ ਕਠਿਨ ਹੋ ਜਾਂਦਾ ਹੈ! ਸ਼ਬਦਾਂ ਦੀ ਅਜਿਹੀ ਸੀਮਾਂ ਉੱਪਰ ਕਾਬੂ ਪਾਉਣ ਵਾਸਤੇ ਕਵੀ ਨੂੰ ਪ੍ਰਤੀਕਾਂ ਦਾ ਸਹਾਰਾ ਲੈਣਾ ਪੈਂਦਾ ਹੈ! ਪ੍ਰੰਤੂ ਕਈ ਵਾਰ ਪ੍ਰਤੀਕ-ਵਿਧਾਨ ਵੀ ਏਨਾ ਜੱਟਿਲ ਅਤੇ ਵਿਅਕਤੀਗਤ ਹੋ ਜਾਂਦਾ ਹੈ ਕਿ ਪਾਠਕ ਕਾਵਿ-ਪਾਠ ਨਾਲ ਇਕਸੁਰ ਨਹੀਂ ਹੋ ਪਾਉਂਦਾ ਅਤੇ ਇਉਂ ਕਵੀ ਆਪਣੇ ਪਾਠਕਾਂ ਲਈ ਬੇਗਾਨਾ ਅਤੇ ਅਜਨਬੀ ਹੋ ਜਾਂਦਾ ਹੈ! ਇਸ ਤਰ੍ਹਾਂ ਕਾਵਿ ਦੇ ਮਾਧਿਅਮ ਦੁਆਰਾ ਆਪਣੀ ਵਿਲੱਖਣਤਾ ਦੀ ਪਹਿਚਾਣ ਅਤੇ ਪੇਸ਼ਕਾਰੀ ਕਰਨਾ ਇਕ ਬਹੁਤ ਹੀ ਪੇਚੀਦਾ ਮਸਲਾ ਹੈ! ਫਰਾਂਸ ਵਿਚ ਸੁਰ-ਰੀਅਲਿਜ਼ਮ ਦੀ ਲਹਿਰ ਨਾਲ ਜੁੜੇ ਸਟੀਫਨ ਜਾਰਜ, ਮਲਾਰਮੀ ਅਤੇ ਰਿੰਬੋ ਵਰਗੇ ਬਹੁਤ ਸਾਰੇ ਪ੍ਰਤਿਭਾਸ਼ੀਲ ਕਵੀ “ਸ਼ਬਦ” ਦੇ ਇਸ ਵਚਿੱਤਰ ਅਤੇ ਰਹੱਸਮਈ ਸਰੂਪ ਕਾਰਨ ਆਪਣੇ ਪਾਠਕ-ਵਰਗ ਤੋਂ ਕੱਟੇ ਗਏ ਸਨ!
-----
ਰਵਿੰਦਰ ਰਵੀ ਆਪਣੀ ਕਾਵਿ-ਯਾਤਰਾ ਦੀ ਸ਼ੁਰੂਆਤ ਸ਼ਬਦਾਂ ਦੀ ਇਸ ਰਹੱਸਮਈ ਲੀਲ੍ਹਾ ਤੋਂ ਹੀ ਕਰਦਾ ਹੈ! ਮਾਧਿਅਮ ਨੂੰ ਪਹਿਚਾਣਕੇ ਮੰਜ਼ਿਲ ਦੀ ਪ੍ਰਾਪਤੀ ਵਲ ਅਗਰਸਰ ਹੂੰਦਾ ਹੈ! ਉਹ “ਸ਼ਬਦ” ਨੂੰ ਕੋਸ਼ਗਤ, ਸੰਦਰਭਗਤ ਅਤੇ ਪ੍ਰਤੀਕਗਤ ਅਰਥਾਂ ਤੋਂ ਨਿਖੇੜ ਕੇ, ਇਸ ਦੀ ਪ੍ਰਕ੍ਰਿਤੀ ਅਤੇ ਸ਼ਕਤੀ ਨੂੰ ਪਰਿਭਾਸ਼ਤ ਕਰਨ ਦੇ ਆਹਰ ਵਿਚ ਹੈ! ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ:
ਸ਼ਬਦ ਦਰਵਾਜ਼ੇ ਬਣੇ ਵਿੰਹਦੇ ਰਹੇ:
ਅਰਥ ਉੱਚੇ
ਅਰਥ ਸੁੱਚੇ
ਅੱਖਰਾਂ ਦੇ ਜੋੜ ਨੂੰ ਵੀ
ਨਿਰ-ਅਰਥ ਕਹਿੰਦੇ ਰਹੇ!
ਕੁਝ ਤਾਂ ਰਹਿਣਾ ਹੈ
ਹਵਾਵਾਂ ਵਿਚ......
.......”ਹਵਾ” ਦੇ “ਸ਼ਬਦ” ਵਿਚ
ਸ਼ਬਦ ਦੇ ਇਕ-ਅਰਥ ਤੋਂ ਵੱਖਰਾ ਜਿਹਾ!!!
- (“ਖਲਾਈ ਕੈਪਸਿਊਲ”) -
-----
ਰਵਿੰਦਰ ਰਵੀ ਗਾਹੇ ਅਤੇ ਹੰਢਾਏ ਰਸਤਿਆਂ ਉੱਪਰ ਚੱਲਣ ਦਾ ਅਭਿਲਾਖੀ ਨਹੀਂ ਹੈ! ਉਹ ਆਪਣੇ ਰਸਤੇ ਆਪ ਬਣਾਉਂਦਾ ਹੈ, ਚਾਹੇ ਇਹ ਪਗਡੰਡੀਆਂ ਵਰਗੇ ਵਲਦਾਰ ਅਤੇ ਉੱਚੇ ਨੀਵੇਂ ਹੀ ਕਿਉਂ ਨਾ ਹੋਣ! ਸਪੱਸ਼ਟ ਹੈ ਕਿ ਆਪ ਬਣਾਏ ਇਨ੍ਹਾਂ ਰਸਤਿਆਂ ਉੱਪਰ ਚੱਲਣ ਸਮੇਂ ਉਸ ਨਾਲ ਯਾਤਰੀਆਂ ਦੀ ਭੀੜ ਵੀ ਨਹੀਂ ਹੋਵੇਗੀ ਬਲਕਿ ਬਹੁਤੀ ਵਾਰ ਕਵੀ ਨੂੰ ਇਕੱਲਿਆਂ ਹੀ ਚਿੰਤਨ ਅਤੇ ਅਭਿਵਿਅੰਜਨ ਦੀਆਂ ਵਾਦੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ! ਜੀਵਨ ਦੀ ਇਸ ਲੰਬੀ ਅਤੇ ਕਠਿਨ ਯਾਤਰਾ ਵਿਚ ਥੋੜ੍ਹੇ ਸਮੇਂ ਲਈ ਕੁਝ ਮਿੱਤਰ ਅਤੇ ਮਹਿਬੂਬ ਉਸ ਦੇ ਹਮਸਫ਼ਰ ਜ਼ਰੂਰ ਬਣਦੇ ਹਨ ਪਰ ਮਨੁੱਖ ਆਪਣੀ ਹੋਂਦ ਅਤੇ ਸ਼ਨਾਖ਼ਤ ਦੀ ਯਾਤਰਾ ਇਕੱਲਿਆਂ ਹੀ ਤੈਅ ਕਰਦਾ ਹੈ! ਅਸਤਿਤਵਵਾਦੀ ਚਿੰਤਕਾਂ ਨੇ ਮਨੁੱਖ ਦੇ ਇਕਲਾਪੇ ਅਤੇ ਅਜਨਬੀਪਨ ਬਾਰੇ ਕੁਝ ਸਾਰਥਿਕ ਗੱਲਾਂ ਕੀਤੀਆਂ ਵੀ ਹਨ ਪਰੰਤੂ ਇਹ ਤੱਥ ਤਾਂ ਇਕ ਇਤਿਹਾਸਿਕ ਹਕੀਕਤ ਹੀ ਹੈ ਕਿ ਜੈਨੁਅਨ ਵਿਅਕਤੀ ਇਕੱਲਾ ਹੀ ਵਿਚਰਦਾ ਹੈ! ਇਕਲਾਪੇ ਦੀ ਸਥਿਤੀ ਵਿਚ ਉਸ ਦੀ ਸ਼ਖ਼ਸੀਅਤ ਸਗੋਂ ਹੋਰ ਵੀਰਾਨ ਹੋ ਜਾਂਦੀ ਹੈ! ਕਵੀ ਦੇ ਸ਼ਬਦਾਂ ਵਿਚ:
ਸ਼ਬਦਾਂ ਦੇ ਇਸ ਮੇਲੇ ਵਿਚ
ਕਦੇ, ਕਦੇ
ਮਨ ਬਹੁਤ ਉਦਾਸ ਹੋ ਜਾਂਦਾ ਹੈ!
ਅਤਿ ਦੇ ਏਕਾਂਕੀਪਨ ‘ਚੋਂ
ਰੋਹ ਜਾਗਦਾ ਹੈ!
ਮੇਰਾ ਕੱਦ ਫ਼ੈਲਦਾ ਹੈ..........
ਅਸਤਿਤਵ ‘ਤੇ ਮੜ੍ਹੇ
ਸ਼ਬਦਾਂ ਦੇ ਭੀੜੇ ਵਸਤਰ
ਸੀਣਾਂ ਤੋਂ ਫਟ
ਉੱਧੜ ਜਾਂਦੇ ਹਨ!
ਖਿਤਿਜ ਤੋਂ ਵੀ
ਅਗਾਂਹ ਵੇਖਦੀ ਹੈ ਨਜ਼ਰ
ਐਕਸ-ਰੇ ਵਾਂਗ.....
ਹਰ ਧੁੰਦ, ਧੂੰਏਂ ਤੋਂ ਪਾਰ
ਜਿੱਥੇ ਅਰਥਾਂ ਲਈ ਸੌੜਾ ਜਾਪਦਾ ਹੈ
ਸ਼ਬਦਾਂ ਦਾ ਸੰਸਾਰ!
- (“ਸ਼ਬਦੋਂ ਪਾਰ”) -
-----
“ਸ਼ਬਦੋਂ ਪਾਰ” ਦੀਆਂ ਕਵਿਤਾਵਾਂ ਵਿਚ ਕਵੀ ਉਰਵਾਰ-ਪਾਰ/ਇਹ/ਔਹ ਅਤੇ ਨਾਂਹ/ਨਹੀਂ ਦੀ ਮਕੈਨਕੀ ਵਿਭਾਜਤ ਰੇਖਾ ਨੂੰ ਉਲੰਘਕੇ ਜੀਵਨ ਅਤੇ ਜਗਤ ਨੂੰ ਇਸ ਦੀ ਸਮੁੱਚਤਾ ਵਿਚ, ਇਸ ਦੇ ਸਾਰੇ ਅੰਤਰ-ਵਿਰੋਧਾਂ ਸਮੇਤ ਪਕੜਨਾ ਚਾਹੁੰਦਾ ਹੈ! ਉਸ ਲਈ ਵਾਂਛਿਤ ਅਤੇ ਵਿਵਰਜਿਤ ਵਿਚ ਕੋਈ ਭੇਦ ਨਹੀਂ! ਮਨੁੱਖੀ ਜੀਵਨ ਵਿਚ ਸਭ ਕੁਝ ਹੀ ਸਵੀਕਾਰ ਕਰਨ ਯੋਗ ਹੈ, ਪਰ ਸਾਂਭਣ ਯੋਗ ਕੁਝ ਵੀ ਨਹੀਂ! ਇਸ ਅੰਤਰ-ਦ੍ਰਿਸ਼ਟੀ ਨੇ ਕਵੀ ਨੂੰ ਦਰਵੇਸ਼ਾਂ ਵਾਲਾ ਜਿਗਰਾ(ਜੀਰਾਂਦ) ਪ੍ਰਦਾਨ ਕਰ ਦਿੱਤਾ ਹੈ! ਹੁਣ ਉਸ ਲਈ ਸਾਰਾ ਬ੍ਰਹਿਮੰਡ ਹੀ ਆਪਣਾ ਘਰ ਬਣ ਗਿਆ ਹੈ! “ਅਘਰਵਾਸੀ” ਦੀ ਯਾਤਰਾ ਅਤੇ ਸਾਧਨਾ ਸੰਪੂਰਨ ਹੋ ਗਈ ਹੈ! ਇਸੇ ਮਾਨਸਿਕਤਾ ਵਿੱਚੋਂ ਆਉਣ ਵਾਲੇ ਯੁੱਗ ਲਈ ਉਸ ਦਾ ਫਿਕਰ ਆਕਾਰਵੰਤ ਹੁੰਦਾ ਹੈ! ਉਹ ਚਾਹੁੰਦਾ ਹੈ ਕਿ ਉਸਦੀ ਪ੍ਰਿਥਵੀ(earth) ਅਤੇ ਉਸ ਦਾ ਬ੍ਰਹਿਮੰਡ(universe) ਖ਼ੂਬਸੂਰਤ ਬਣਿਆ ਰਹੇ ਅਤੇ ਕਿਸੇ ਵੀ ਤਰ੍ਹਾਂ ਦਾ ਸਥੂਲ ਜਾਂ ਸੂਖਮ ਪ੍ਰਦੂਸ਼ਣ ਇਸ ਦੀ ਖ਼ੂਬਸੂਰਤੀ ਉੱਪਰ ਦਾਗ਼ ਨਾ ਲਗਾਏ! “ਸ਼ਬਦੋਂ ਪਾਰ” ਦੀਆਂ ਕਵਿਤਾਵਾਂ ਵਿਚ ਰਵੀ ਦੀ ਇਸ ਇੱਛਾ ਦਾ ਅੰਕਣ ਹੋਇਆ ਹੈ! ਦੇਖੋ:
ਇਹ ਕੂੜਾ ਸ੍ਰਿਸ਼ਟੀ ਲਈ ਖ਼ਤਰਾ!
ਸਵਸਥ ਸੋਚ, ਦ੍ਰਿਸ਼ਟੀ ਲਈ ਖ਼ਤਰਾ!
ਆਦਮ-ਬੋ, ਆਦਮ-ਬੋ ਕਰਦੇ
ਇਸ ਕੂੜੇ ਦੇ ਚੱਕ੍ਰਵਯੂਹ ਨੂੰ
ਕਿਹੜਾ ਸੂਰਾ ਤੋੜ ਸਕੇਗਾ?
ਵਾਤਾਵਰਣ ਦੀ ਸ਼ੁੱਧੀ ਦੇ ਲਈ
ਸਭ ਦੀ ਸੁਰਤੀ ਜੋੜ ਸਕੇਗਾ?
– (“ਪ੍ਰਦੂਸ਼ਣ”) –
.........
ਪ੍ਰਮਾਣੂੰ-ਛਤਰੀ ਹੇਠ
ਤਮਾਸ਼ਬੀਨ ਬਣੇ ਲੋਕ –
ਸੁਪਨ-ਪੂਰਤੀ ਵਿਚ ਮਸਤ –
ਗ਼ੁਬਾਰੇ ਦੇ ਫੁਲਾਟ
ਤੇ ਰੰਗ ਰੂਪ ਨੂੰ
ਸਲਾਹ ਰਹੇ ਹਨ!
ਆਫਰੇ ਹੋਏ ਸਾਗਰਾਂ ਵਿਚਕਾਰ
ਛੇਕ ਹੋਈਆਂ ਕਿਸ਼ਤੀਆਂ ‘ਚ ਬੈਠੇ,
ਜ਼ਿੰਦਗੀ ਦਾ ਗੀਤ
ਗਾ ਰਹੇ ਹਨ!
– (“ਗ਼ੁਬਾਰਾ ਤੇ ਜ਼ਿੰਦਗੀ ਦਾ ਗੀਤ”)
-----
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉੱਤਰ-ਆਧੁਨਿਕਤਾ ਤੇ ਉੱਤਰ-ਈਸ਼ਵਰ-ਕਾਲ ਨੂੰ ਵੀ ਮੁਖ਼ਾਤਿਬ ਹਨ! ਜਿਵੇਂ ਜਿਵੇਂ ਕਵੀ ਇਸ ਨਵੇਂ ਯੁੱਗ ਦੀ ਕਲਪਨਾ ਕਰਦਾ ਹੈ, ਹਜ਼ਾਰਾਂ ਹੀ ਨਵੇਂ ਦਰ ਅਤੇ ਨਵੇਂ ਦਿਸਹੱਦੇ ਉਸਦੇ ਜ਼ੇਹਨ ਵਿਚ ਖੁੱਲ੍ਹਦੇ ਚਲੇ ਜਾਂਦੇ ਹਨ! ਉਸਨੂੰ ਅਹਿਸਾਸ ਹੋ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਆਪਣੀ ਕਲਪਨਾ ਵਿੱਚੋਂ ਰੱਬ ਸਿਰਜਣ ਵਾਲਾ ਮਨੁੱਖ ਹੁਣ ਹੌਲੀ ਹੌਲੀ ਰੱਬ-ਹੀਣ ਹੁੰਦਾ ਜਾ ਰਿਹਾ ਹੈ! ਕਦੇ ਕਦੇ ਉਸਨੂੰ ਇਉਂ ਲੱਗਦਾ ਹੈ ਜਿਵੇਂ ਰੱਬ ਨੇ ਆਪਣੀ ਰੱਬਤਾ ਤੋਂ ਅਵਕਾਸ਼ ਪ੍ਰਾਪਤ ਕਰ ਲਿਆ ਹੈ! ਉਹ ਲਿਖਦਾ ਹੈ:
ਜਾਪਦਾ ਹੈ ਕਿ
ਚਾਰ ਚੁਫੇਰੇ
ਬੇਕਾਰਾਂ ਦੀ ਭੀੜ ਵਿਚ ਖੜੋਤਾ
ਈਸ਼ਵਰ ਵੀ ਬੇਕਾਰ ਹੋ ਗਿਆ ਹੈ!
..................................
ਕੱਲ੍ਹ ਤਕ ਜੋ ਅਕਾਲ ਸੀ,
ਕਾਲ-ਯੁਕਤ ਹੋ ਗਿਆ ਹੈ,
ਉਸਦਾ ਸਮਾਂ ਖੜੋ ਗਿਆ ਹੈ!
ਪ੍ਰਭੂ ਆਪਣੇ ਪ੍ਰਭੂਤਵ ਤੋਂ
ਮੁਕਤ ਹੋ ਗਿਆ ਹੈ!
(“ਕਲੋਨਿੰਗ: ਉੱਤਰ-ਈਸ਼ਵਰ-ਕਾਲ”) –
-----
ਜੇ ਅਸੀਂ ਰਵਿੰਦਰ ਰਵੀ ਦੇ ਇਸ ਕਾਵਿ-ਸੰਗ੍ਰਹਿ ਨੂੰ ਉਸਦੇ ਸਮੁੱਚੇ ਕਾਵਿ-ਲੋਕ ਦੇ ਪਰਿਪੇਖ ਵਿਚ ਰੱਖ ਕੇ ਵੇਖੀਏ, ਤਾਂ ਪਤਾ ਚੱਲਦਾ ਹੈ ਕਿ ਉਸਦੀ ਕਵਿਤਾ ਵਿਚ ਕੁਝ ਵਿਸ਼ੇ ਨਿਰੰਤਰ(ਰੲਚੁਰਰੲਨਟ ਟਹੲਮੲਸ) ਗਤੀਸ਼ੀਲ਼ ਰਹੇ ਹਨ! ਵਿਸ਼ਵ ਦੀ ਤੇਜ਼ੀ ਨਾਲ ਬਦਲ ਰਹੀ ਨੁਹਾਰ, ਮਾਨਵੀ ਰਿਸ਼ਤਿਆਂ ਵਿਚ ਆ ਰਿਹਾ ਬਦਲਾਅ ਅਤੇ ਐਟਮੀ ਅਸਤਰਾਂ-ਸ਼ਸਤਰਾਂ ਦਾ ਵਿਕਰਾਲ ਸਰੂਪ ਆਦਿ ਵਿਸ਼ੈ ਉਸਦੀ ਹਰ ਕਾਵਿ-ਕਿਰਤ ਵਿਚ ਰੂਪਮਾਨ ਹੋਏ ਹਨ! ਪਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਜੀਵਨ ਦੇ ਬੁਨਿਆਦੀ ਮਸਲਿਆਂ ਦੀ ਪੁਣ-ਛਾਣ ਵਲ ਵੀ ਅਗਰਸਰ ਹੋਇਆ ਹੈ! ਮਾਨਵ ਦੀ ਹੋਂਦ ਅਤੇ ਹੋਣੀ ਨਾਲ ਜੁੜੇ ਅਜਿਹੇ ਵਿਸ਼ੇ ਉਸਦੇ ਕਾਵਿ-ਜਗਤ ਨੂੰ ਇਕ ਨਿਵੇਕਲੀ ਕੈਫੀਅਤ ਪ੍ਰਦਾਨ ਕਰਦੇ ਹਨ!
-----
“ਸ਼ਬਦੋਂ ਪਾਰ” ਦੀਆਂ ਕੁਝ (ਵਿਸ਼ੇਸ਼ ਕਰ ਮੁੱਢਲੀਆਂ) ਕਵਿਤਾਵਾਂ ਪੜ੍ਹਕੇ ਮਨ ਵਿਚ ਕੁਝ ਇਸ ਤਰ੍ਹਾਂ ਦੇ ਵਿਚਾਰ ਵੀ ਪੈਦਾ ਹੰਦੇ ਹਨ ਕਿ ਹੁਣ ਪੰਜਾਬੀ ਵਿਚ ਲਿਖ ਰਹੇ ਬਾਕੀ ਕਵੀਆਂ ਦੇ ਕਹਿਣ ਲਈ ਕੀ ਬਚਿਆ ਹੈ? ਜਿਵੇਂ ਕਦੇ ਬੈਕੇਟ, ਰੋਬ ਗ੍ਰੀਏ ਅਤੇ ਇਆਨੈਸਕੋ ਵਰਗੇ ਨਾਵਲਕਾਰਾਂ ਜਾਂ ਨਾਟਕਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਕੇ ਮਹਿਸੂਸਸ ਹੁੰਦਾ ਸੀ ਕਿ ਹੁਣ ਹੋਰ ਨਾਵਲ ਜਾਂ ਨਾਟਕ ਲਿਖਣ ਦੀ ਗੁੰਜਾਇਸ਼ ਹੀ ਕਿੱਥੇ ਰਹਿ ਗਈ ਹੈ? ਇੱਥੇ ਰਵਿੰਦਰ ਰਵੀ ਦਾ ਅਨੁਭਵ, ਬ੍ਰਿਤਾਂਤ-ਸ਼ੈਲੀਆਂ, ਸ਼ਿਲਪ ਅਤੇ ਸ਼ਬਦਾਵਲੀ, ਕਾਵਿਕ ਊਰਜਾ ਦੇ ਇਕ ਅਨੰਤ ਅਤੇ ਅਮੁੱਕ ਸੋਮੇਂ ਵਿਚ ਅਭੇਦ ਹੋ ਕੇ ਮਹਾਂ ਕਵਿਤਾ(ਬਾਣੀ) ਦਾ ਰੂਪ ਧਾਰਨ ਕਰ ਗਏ ਹਨ! ਇਨ੍ਹਾਂ ਕਵਿਤਾਵਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਪਾਠਕ ਵਿਸਮਾਦ ਦੇ ਅਸੀਮ ਸਾਗਰ ਵਿਚ ਵਿਲੀਨ ਹੋ ਜਾਂਦਾ ਹੈ!
-----
“ਸ਼ਬਦ” ਦੀ ਅਜਿਹੀ ਅਰਾਧਨਾ ਦੁਆਰਾ ਕਵੀ ਨੇ ਜੀਵਨ ਅਤੇ ਜਗਤ ਦੇ ਰਹੱਸ ਨੂੰ ਜਾਣ ਲਿਆ ਹੈ! ਉਹ ਸਾਰੇ ਭਰਮਾਂ ਅਤੇ ਪੂਰਵਾਗ੍ਰਹਿਆਂ ਤੋਂ ਮੁਕਤ ਹੋ ਗਿਆ ਹੈ! “ਸ਼ਬਦੋਂ ਪਾਰ” ਕਾਵਿ-ਸੰਗ੍ਰਹਿ ਵਿਚ ਕਵੀ ਵਿਮੁਕਤ ਮਾਨਸਿਕਤਾ ਨਾਲ ਆਪਣੇ ਯੁੱਗ ਦੀਆਂ ਵਿਸੰਗਤੀਆਂ ਅਤੇ ਵਿਕ੍ਰਿਤੀਆਂ ਦੇ ਰੂ-ਬ-ਰੂ ਹੁੰਦਾ ਹੈ! ਅਜੋਕੇ ਉਪਭੋਗਤਾਵਾਦੀ ਸੱਭਿਆਚਾਰ ਵਿਚ ਅਜਿਹੇ ਸਹਿਜ-ਬੋਲ ਮਨ ਅਤੇ ਆਤਮਾਂ ਨੂੰ ਇਕ ਅਨੋਖੀ ਕੈਫੀਅਤ ਪ੍ਰਦਾਨ ਕਰਦੇ ਹਨ! ਇਸ ਪ੍ਰਸੰਗ ਵਿਚ ਉਸਦੀ ਮਹਾਂ ਕਵਿਤਾ ਦੇ ਕੁਝ ਅੰਸ਼ ਵੇਖੋ:
ਪਾਰਦਰਸ਼ੀ ਨਜ਼ਰ ਸ਼ਬਦ,
ਦ੍ਰਿਸ਼ ਸ਼ਬਦ, ਦਰਸ਼ਨ ਸ਼ਬਦ!
ਸ਼ਬਦ ਤੋਰ, ਸ਼ਬਦ ਤੁਰਨ!
ਸ਼ਬਦ ਖੜੋਤ, ਸ਼ਬਦ ਖੜ੍ਹਨ!
ਆਪ ਹੀ ਰਹਾਓ ਸ਼ਬਦ,
ਆਪ ਹੀ ਟਿਕਾਓ ਸ਼ਬਦ!
ਸ਼ੋਰ ਸ਼ਬਦ, ਮੌਨ ਸ਼ਬਦ!
ਕੱਥ ਅਤੇ ਅਕੱਥ ਸ਼ਬਦ,
ਸ਼ਬਦ ਸੂਰਜ, ਛਾਂ ਸ਼ਬਦ,
ਸ਼ਬਦ ਨਾਂ, ਅਨਾਂ ਸ਼ਬਦ!
ਖੰਡਨ ਤੇ ਮੰਡਨ ਸ਼ਬਦ,
ਕਲਾ, ਮਨੋਰੰਜਨ ਸ਼ਬਦ!
ਮੌਤ ਅਤੇ ਜਨਮ ਸ਼ਬਦ,
ਆਪ ਆਪਣਾ ਸਨਮ ਸ਼ਬਦ!
ਨੀਤੀ ਅਤੇ ਰੀਤੀ ਸ਼ਬਦ,
ਆਪ, ਜੱਗਬੀਤੀ ਸ਼ਬਦ!
(“ਸ਼ਬਦ”) –
ਪੁਸਤਕ: ਸ਼ਬਦੋਂ ਪਾਰ(ਕਾਵਿ-ਸੰਗ੍ਰਹਿ) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ, ਭਾਰਤ
ਪੰਨੇ 148 ਮੁੱਲ: 125 ਰੁਪਏ
******
No comments:
Post a Comment