ਲੇਖ – ਭਾਗ ਦੂਜਾ
ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼
ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
ਮੇਰੀ ਜਾਣ-ਪਹਿਚਾਣ ਅੰਧੇਰੀ ਸਟੇਸ਼ਨ ਦੇ ਨੇੜੇ ਫੁੱਟਪਾਥ ਤੇ ਇਕ ਸੈਕਿੰਡ ਹੈਂਡ ਕਿਤਾਬਾਂ ਵੇਚਣ ਵਾਲੇ ਨਾਲ ਹੋ ਗਈ ਹੈ। ਇਸ ਕਰਕੇ ਕਿਤਾਬਾਂ ਦੀ ਕੋਈ ਘਾਟ ਨਹੀਂ। ਰਾਤ-ਰਾਤ ਭਰ ਕੰਪਾਊਂਡ ਵਿਚ ਜਿੱਥੇ ਵੀ ਥੋੜ੍ਹੀ ਜਹੀ ਰੌਸ਼ਨੀ ਹੁੰਦੀ ਹੈ, ਉੱਥੇ ਹੀ ਬੈਠ ਕੇ ਪੜ੍ਹਦਾ ਰਹਿੰਦਾ ਹਾਂ। ਦੋਸਤ ਮਜ਼ਾਕ ਕਰਦੇ ਹਨ ਕਿ ਮੈਂ ਇੰਨੀ ਘੱਟ ਰੌਸ਼ਨੀ ਵਿਚ ਇੰਨਾ ਜ਼ਿਆਦਾ ਪੜ੍ਹਦਾ ਰਿਹਾ ਤਾਂ ਕੁੱਝ ਦਿਨਾਂ ਵਿਚ ਅੰਨ੍ਹਾ ਹੋ ਜਾਵਾਂਗਾ। ......... ਅੱਜ ਕੱਲ੍ਹ ਇਕ ਕਮਰੇ ਵਿਚ ਸੌਣ ਦਾ ਮੌਕਾ ਮਿਲ ਗਿਆ ਹੈ। ਸਟੂਡੀਉ ਦੇ ਇਸ ਕਮਰੇ ਵਿਚ ਚਾਰੇ ਪਾਸੇ ਕੰਧਾਂ ਨਾਲ ਲੱਗੀਆਂ ਵੱਡੀਆਂ ਵੱਡੀਆਂ ਅਲਮਾਰੀਆਂ ਹਨ ਜਿਨ੍ਹਾਂ ਵਿਚ ਫਿਲਮ ਪਾਕੀਜ਼ਾ ਦੇ ਦਰਜਣਾਂ ਕਾਸਟਿਊਮ ਰੱਖੇ ਹਨ। ਮੀਨਾ ਕੁਮਾਰੀ, ਕਮਾਲ ਸਾਹਿਬ ਤੋਂ ਵੱਖ ਹੋ ਗਈ ਹੈ ਇਸ ਕਰਕੇ ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਬੰਦ ਹੈ। ਇਕ ਦਿਨ ਮੈਂ ਇਕ ਅਲਮਾਰੀ ਨੂੰ ਖੋਲ੍ਹਦਾ ਹਾਂ ਇਸ ਵਿਚ ਫਿਲਮ ਅੰਦਰ ਵਰਤੇ ਜਾਣ ਵਾਲੇ ਪੁਰਾਣੀ ਕਿਸਮ ਦੀਆਂ ਜੁੱਤੀਆਂ, ਚੱਪਲਾਂ ਅਤੇ ਸੈਂਡਲ ਪਏ ਹਨ ਅਤੇ ਉਸ ਵਿਚ ਹੀ ਮੀਨਾ ਕੁਮਾਰੀ ਦੇ ਫਿਲਮ ਫੇਅਰ ਐਵਾਰਡ ਪਏ ਹਨ। ਮੈਂ ਉਨ੍ਹਾਂ ਨੂੰ ਝਾੜ-ਪੂੰਝ ਕੇ, ਸਾਫ਼ ਕਰਕੇ ਇਕ ਪਾਸੇ ਵੱਖਰੇ ਰੱਖ ਦਿੰਦਾ ਹਾਂ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਫਿਲਮੀ ਐਵਾਰਡ ਨੂੰ ਛੋਹਿਆ ਹੈ। ਹਰ ਰੋਜ਼ ਰਾਤ ਨੂੰ ਕਮਰਾ ਅੰਦਰ ਤੋਂ ਬੰਦ ਕਰਕੇ, ਉਹ ਟਰਾਫੀ ਆਪਣੇ ਹੱਥ ਵਿਚ ਲੈ ਕੇ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਹੁੰਦਾ ਹਾਂ ਅਤੇ ਸੋਚਦਾ ਹਾਂ ਕਿ ਜਦੋਂ ਇਹ ਟਰਾਫੀ ਮੈਨੂੰ ਮਿਲੇਗੀ ਤਾਂ ਤਾੜੀਆਂ ਨਾਲ ਗੂੰਜਦੇ ਹੋਏ ਹਾਲ ਵਿਚ ਬੈਠੇ ਹੋਏ ਲੋਕਾਂ ਵੱਲ ਵੇਖਦਿਆਂ ਮੈਂ ਕਿਸ ਤਰ੍ਹਾਂ ਮੁਸਕਰਾਵਾਂਗਾ ਅਤੇ ਕਿਵੇਂ ਹੱਥ ਹਿਲਾਵਾਂਗਾ। ਇਸ ਤੋਂ ਪਹਿਲਾਂ ਕਿ ਇਸ ਬਾਰੇ ਕੋਈ ਫੈਸਲਾ ਕਰ ਸਕਾਂ, ਸਟੂਡੀਉ ਦੇ ਬੋਰਡ ’ਤੇ ਨੋਟਿਸ ਲੱਗਾ ਹੋਇਆ ਹੈ ਕਿ ਜਿਹੜੇ ਲੋਕ ਸਟੂਡੀਉ ਵਿਚ ਕੰਮ ਨਹੀਂ ਕਰਦੇ ਉਹ ਕੰਪਾਊਂਡ ਵਿਚ ਨਹੀਂ ਸੌਂ ਸਕਦੇ। ਜਗਦੀਸ਼ ਫੇਰ ਮੈਨੂੰ ਇਕ ਤਰਕੀਬ ਦੱਸਦਾ ਹੈ ਕਿ ਜਦੋਂ ਤੱਕ ਕੋਈ ਹੋਰ ਇੰਤਜ਼ਾਮ ਨਹੀਂ ਹੁੰਦਾ ਤਾਂ ਆਪਾਂ ਮਹਾਂਕਾਲੀ ਦੀਆਂ ਗੁਫ਼ਾਵਾਂ ਵਿਚ ਰਵ੍ਹਾਂਗੇ। (ਮਹਾਂਕਾਲੀ ਅੰਧੇਰੀ ਤੋਂ ਅੱਗੇ ਇਕ ਇਲਾਕਾ ਹੈ ਉੱਥੇ ਹੁਣ ਸੰਘਣੀ ਅਬਾਦੀ ਤੇ ਕਮਾਲਿਸਤਾਨ ਸਟੂਡੀਉ ਹੈ। ਉਸ ਜ਼ਮਾਨੇ ਵਿਚ ਉੱਥੇ ਸਿਰਫ਼ ਇਕ ਸੜਕ ਸੀ, ਜੰਗਲ ਸੀ ਅਤੇ ਛੋਟੀਆਂ ਛੋਟੀਆਂ ਪਹਾੜੀਆਂ ਜਿਨ੍ਹਾਂ ਵਿਚ ਬੋਧੀ ਭਿਕਸ਼ੂਆਂ ਦੀਆਂ ਬਣਾਈਆਂ ਹੋਈਆਂ ਗੁਫ਼ਾਵਾਂ ਸਨ, ਜੋ ਅੱਜ ਵੀ ਹਨ। ਉਨ੍ਹਾਂ ਦਿਨਾਂ ਵਿਚ ਉੱਥੇ ਕੁੱਝ ਚਰਸ-ਗਾਂਜਾ ਪੀਣ ਵਾਲੇ ਸਾਧੂ ਪਏ ਰਹਿੰਦੇ ਸਨ) ਮਹਾਂਕਾਲੀ ਦੀਆਂ ਗੁਫ਼ਾਵਾਂ ਵਿਚ ਮੱਛਰ ਇੰਨੇ ਵੱਡੇ ਹਨ ਕਿ ਉਨ੍ਹਾਂ ਨੂੰ ਲੜਨ ਦੀ ਨਹੀਂ ਤੁਹਾਡੇ ਪਿੰਡੇ ’ਤੇ ਸਿਰਫ਼ ਬੈਠ ਜਾਣ ਤਾਂ ਅੱਖ ਖੁੱਲ੍ਹ ਜਾਂਦੀ ਹੈ। ਇਕ ਹੀ ਰਾਤ ਵਿਚ ਇਹ ਗੱਲ ਸਮਝ ਆ ਗਈ ਕਿ ਇੱਥੇ ਚਰਸ ਪੀਤੇ ਬਿਨਾਂ ਕੋਈ ਸੌਂ ਹੀ ਨਹੀਂ ਸਕਦਾ। ਤਿੰਨ ਦਿਨ ਜਿਵੇਂ ਕਿਵੇਂ ਗੁਜ਼ਾਰਦਾ ਹਾਂ। ਬਾਂਦਰਾ ਤੋਂ ਇਕ ਦੋਸਤ ਕੁੱਝ ਦਿਨਾਂ ਵਾਸਤੇ ਆਪਣੇ ਕੋਲ ਰਹਿਣ ਲਈ ਸੱਦ ਲੈਂਦਾ ਹੈ। ਮੈਂ ਬਾਂਦਰਾ ਜਾ ਰਿਹਾ ਹਾਂ। ਜਗਦੀਸ਼ ਕਹਿ ਰਿਹਾ ਹੈ ਕਿ ਇਕ-ਦੋ ਦਿਨਾਂ ਵਿਚ ਉਹ ਵੀ ਕਿਧਰੇ ਚਲਾ ਜਾਵੇਗਾ। (ਇਹ ਜਗਦੀਸ਼ ਨਾਲ ਮੇਰੀ ਆਖਰੀ ਮੁਲਾਕਾਤ ਸੀ। ਆਉਣ ਵਾਲੇ ਸਾਲਾਂ ਵਿਚ ਜ਼ਿੰਦਗੀ ਮੈਨੂੰ ਕਿੱਥੋਂ ਤੋਂ ਕਿੱਥੇ ਲੈ ਗਈ ਪਰ ਉਹ ਗਿਆਰਾਂ ਸਾਲ ਬਾਅਦ ਉੱਥੇ, ਉਨ੍ਹਾਂ ਹੀ ਗੁਫ਼ਾਵਾਂ ਵਿਚ ਚਰਸ ਅਤੇ ਕੱਚੀ ਦਾਰੂ (ਲਾਹਣ) ਪੀ ਪੀ ਕੇ ਮਰ ਗਿਆ। ਉੱਥੇ ਰਹਿਣ ਵਾਲੇ ਸਾਧੂਆਂ ਅਤੇ ਨੇੜੇ ਰਹਿੰਦੇ ਝੌਂਪੜੀਆਂ ਵਾਲਿਆਂ ਨੇ ਚੰਦਾ ਇਕੱਠਾ ਕਰਕੇ ਉਸਦਾ ਸੰਸਕਾਰ ਕਰ ਦਿੱਤਾ- ਕਿੱਸਾ ਖ਼ਤਮ। ਮੈਨੂੰ ਤੇ ਉਸਦੇ ਹੋਰ ਦੋਸਤਾਂ ਨੂੰ ਉਸਦੇ ਮਰਨ ਦੀ ਖ਼ਬਰ ਵੀ ਬਾਅਦ ਵਿਚ ਮਿਲੀ। ਮੈਂ ਅਕਸਰ ਸੋਚਦਾ ਹਾਂ ਕਿ ਮੇਰੇ ਨਾਲ ਕਿਹੜੇ ਮੋਤੀ ਲੱਗੇ ਹਨ ਅਤੇ ਜਗਦੀਸ਼ ਵਿਚ ਅਜਿਹੀ ਕੀ ਖ਼ਰਾਬੀ ਸੀ। ਇਹ ਵੀ ਤਾਂ ਹੋ ਸਕਦਾ ਸੀ ਕਿ ਤਿੰਨ ਦਿਨ ਬਾਅਦ ਜਗਦੀਸ਼ ਦੇ ਕਿਸੇ ਦੋਸਤ ਨੇ ਉਹਨੂੰ ਬਾਂਦਰਾ ਸੱਦ ਲਿਆ ਹੁੰਦਾ ਅਤੇ ਮੈਂ ਪਿੱਛੇ ਉਨ੍ਹਾਂ ਗੁਫਾਵਾਂ ਵਿਚ ਰਹਿ ਜਾਂਦਾ। ਕਦੇ ਕਦੇ ਇਹ ਸਭ ਇਤਫ਼ਾਕ਼ ਲਗਦਾ ਹੈ। ਅਸੀਂ ਲੋਕ ਕਿਸ ਗੱਲ ’ਤੇ ਘੁਮੰਡ ਕਰਦੇ ਹਾਂ?
..........
ਮੈਂ ਬਾਂਦਰਾ ਵਿਚ ਜਿਸ ਦੋਸਤ ਕੋਲ ਆ ਕੇ ਜਿਸ ਕਮਰੇ ਵਿਚ ਰਿਹਾ ਉਹ ਪੇਸ਼ਾਵਰ ਜੁਆਰੀਆ ਹੈ। ਉਹ ਤੇ ਉਸਦੇ ਦੋ ਸਾਥੀ ਜੂਏ ਵਿਚ ਪੱਤੇ ਲਾਉਣੇ ਜਾਣਦੇ ਹਨ। ਮੈਨੂੰ ਵੀ ਸਿਖਾ ਦਿੰਦੇ ਹਨ। ਕੁਝ ਦਿਨ ਉਸ ਨਾਲ ਤਾਸ਼ ਦੇ ਪੱਤਿਆਂ ’ਤੇ ਗੁਜ਼ਾਰਾ ਹੁੰਦਾ ਹੈ। ਫੇਰ ਉਹ ਲੋਕ ਬੰਬਈ ਤੋਂ ਚਲੇ ਜਾਂਦੇ ਹਨ ਅਤੇ ਮੈਂ ਫੇਰ ਉੱਥੇ ਦਾ ਉੱਥੇ। ਹੁਣ ਅਗਲੇ ਮਹੀਨੇ ਇਸ ਕਮਰੇ ਦਾ ਕਿਰਾਇਆ ਕੌਣ ਦੇਵੇਗਾ। ਇਕ ਮਸ਼ਹੂਰ ਅਤੇ ਕਾਮਯਾਬ ਲੇਖਕ ਮੈਨੂੰ ਸੱਦ ਕੇ ਆਫਰ ਦਿੰਦੇ ਹਨ ਕਿ ਜੇ ਮੈਂ ਉਨ੍ਹਾਂ ਦੇ ਡਇਲਾਗ ਲਿਖ ਦਿਆ ਕਰਾਂ ( ਜਿਸ ਤੇ ਪੱਕਾ ਹੈ ਕਿ ਮੇਰਾ ਨਹੀਂ ਉਸਦਾ ਹੀ ਨਾਮ ਛਪੇਗਾ) ਤਾਂ ਉਹ ਮੈਨੂੰ ਛੇ ਸੌ ਰੁਪਏ ਮਹੀਨਾ ਦੇਣਗੇ। ਸੋਚਦਾ ਹਾਂ ਕਿ ਇਹ ਛੇ ਸੌ ਰੁਪਏ ਇਸ ਵਕਤ ਮੇਰੇ ਵਾਸਤੇ ਛੇ ਕਰੋੜ ਦੇ ਬਰਾਬਰ ਹਨ, ਇਹ ਨੌਕਰੀ ਕਰ ਲਵਾਂ। ਫੇਰ ਸੋਚਦਾ ਹਾਂ ਕਿ ਜੇ ਨੌਕਰੀ ਕਰ ਲਈ ਤਾਂ ਕਦੇ ਵੀ ਛੱਡਣ ਦੀ ਹਿੰਮਤ ਨਹੀਂ ਪੈਣੀ। ਜ਼ਿੰਦਗੀ ਭਰ ਇਹ ਹੀ ਕੁੱਝ ਕਰਦਾ ਰਹਿ ਜਾਵਾਂਗਾ, ਫੇਰ ਸੋਚਦਾ ਹਾਂ ਕਿ ਅਗਲੇ ਮਹੀਨੇ ਦਾ ਕਿਰਾਇਆ ਦੇਣਾ ਹੈ। ਫੇਰ ਸੋਚਦਾਂ- ਦੇਖੀ ਜਾਊ। ਤਿੰਨ ਦਿਨ ਸੋਚਣ ਤੋਂ ਬਾਅਦ ਇਨਕਾਰ ਕਰ ਦਿੰਦਾ ਹਾਂ। ਦਿਨ, ਹਫਤੇ, ਮਹੀਨੇ ਅਤੇ ਸਾਲ ਲੰਘਦੇ ਹਨ। ਬੰਬਈ ਵਿਚ ਪੰਜ ਸਾਲ ਲੰਘ ਗਏ। ਰੋਟੀ ਚੰਦ ਬਣੀ ਹੋਈ ਹੈ ਅਤੇ ਹਾਲਾਤ ਬੱਦਲ਼। ਚੰਦ ਕਦੇ ਦਿਖਾਈ ਦਿੰਦਾ ਹੈ ਤੇ ਕਦੇ ਛੁਪ ਜਾਂਦਾ ਹੈ। ਇਹ ਪੰਜ ਸਾਲ ਮੇਰੇ ਲਈ ਬਹੁਤ ਔਖੇ ਸਨ, ਪਰ ਮੇਰਾ ਸਿਰ ਨਹੀਂ ਝੁਕਾ ਸਕੇ। ਮੈਂ ਨਾ-ਉਮੀਦ ਨਹੀਂ ਹਾਂ। ਮੈਨੂੰ ਵਿਸ਼ਵਾਸ ਹੈ, ਪੂਰਾ ਵਿਸ਼ਵਾਸ ਹੈ, ਕੁਝ ਹੋਵੇਗਾ, ਜ਼ਰੂਰ ਕੁਝ ਹੋਵੇਗਾ। ਮੈਂ ਉਂਜ ਹੀ ਤਾਂ ਮਰ ਜਾਣ ਵਾਸਤੇ ਪੈਦਾ ਨਹੀਂ ਹੋਇਆ ਹਾਂ।- ਅਤੇ ਨਵੰਬਰ 1969 ਵਿਚ ਮੈਨੂੰ ਉਹ ਕੰਮ ਮਿਲਦਾ ਹੈ ਜਿਸਨੂੰ ਫਿਲਮ ਵਾਲਿਆਂ ਦੀ ਜ਼ੁਬਾਨ ਵਿਚ ਸਹੀ ‘ਬ੍ਰੇਕ’ ਕਿਹਾ ਜਾਂਦਾ ਹੈ।
...............
ਕਾਮਯਾਬੀ ਵੀ ਜਿਵੇਂ ਅਲਾਦੀਨ ਦਾ ਚਿਰਾਗ਼ ਹੈ। ਅਚਾਨਕ ਦੇਖਦਾ ਹਾਂ ਕਿ ਦੁਨੀਆਂ ਖ਼ੂਬਸੂਰਤ ਹੈ ਅਤੇ ਲੋਕ ਮਿਹਰਬਾਨ। ਸਾਲ, ਡੇਢ ਸਾਲ ਵਿਚ ਬਹੁਤ ਕੁਝ ਮਿਲ ਗਿਆ ਹੈ ਅਤੇ ਬਹੁਤ ਕੁੱਝ ਮਿਲਣ ਵਾਲਾ ਹੈ। ਹੱਥ ਲੱਗਦਿਆਂ ਹੀ ਮਿੱਟੀ ਸੋਨਾ ਹੋ ਰਹੀ ਹੈ ਅਤੇ ਮੈਂ ਦੇਖ ਰਿਹਾ ਹਾਂ – ਆਪਣਾ ਪਹਿਲਾ ਘਰ, ਆਪਣੀ ਪਹਿਲੀ ਕਾਰ। ਆਸ਼ਾਵਾਂ ਪੂਰੀਆਂ ਹੋਣ ਦੇ ਦਿਨ ਆ ਗਏ ਹਨ। ਪਰ, ਜ਼ਿੰਦਗੀ ਵਿਚ ਇਕ ਤਨਹਾਈ ਤਾਂ ਅਜੇ ਵੀ ਹੈ। ‘ਗੀਤਾ ਔਰ ਸੀਤਾ’ ਦੇ ਸੈੱਟ ’ਤੇ ਮੇਰੀ ਮੁਲਾਕਾਤ ਹਨੀ ਇਰਾਨੀ ਨਾਲ ਹੁੰਦੀ ਹੈ । ਉਹ ਇਕ ਖੁੱਲ੍ਹੇ ਦਿਲ ਵਾਲੀ, ਖਰੀ ਜ਼ੁਬਾਨ ਵਾਲੀ ਪਰ ਬਹੁਤ ਹਸਮੁਖ ਸੁਭਾਅ ਦੀ ਲੜਕੀ ਹੈ। ਮਿਲਣ ਤੋਂ ਚਾਰ ਮਹੀਨੇ ਬਾਅਦ ਸਾਡੀ ਸ਼ਾਦੀ ਹੋ ਜਾਂਦੀ ਹੈ। ਮੈਂ ਸਾ਼ਦੀ ਵਿਚ ਆਪਣੇ ਬਾਪ ਦੇ ਕਈ ਦੋਸਤਾਂ ਨੂੰ ਬੁਲਾਇਆ ਹੈ ਪਰ ਆਪਣੇ ਬਾਪ ਨੂੰ ਨਹੀਂ (ਕੁਝ ਜ਼ਖ਼ਮਾਂ ਨੂੰ ਭਰਨਾ ਅਲਾਦੀਨ ਦੇ ਚਿਰਾਗ਼ ਵਾਲੇ ਦੇਵਤੇ ਦੇ ਵਸ ਦੀ ਵੀ ਗੱਲ ਨਹੀਂ ਇਹ ਕੰਮ ਸਿਰਫ਼ ਵਕ਼ਤ ਹੀ ਕਰ ਸਕਦਾ ਹੈ) ਦੋ ਸਾਲ ਵਿਚ ਇਕ ਧੀ ਅਤੇ ਇਕ ਪੁੱਤਰ ਜੋਯਾ ਤੇ ਫਰਹਾਨ ਹੁੰਦੇ ਹਨ।
ਅਗਲੇ ਛੇ ਸਾਲਾਂ ਵਿਚ ਇਕ ਤੋਂ ਬਾਅਦ ਇਕ ਇਨਾਮ, ਲਗਾਤਾਰ ਬਾਰਾਂ ਸੁਪਰ ਹਿੱਟ ਫਿਲਮਾਂ, ਪੁਰਸਕਾਰ, ਸਿਫ਼ਤਾਂ, ਅਖ਼ਬਾਰਾਂ ਤੇ ਰਸਾਲਿਆਂ ਵਿਚ ਇਂਟਰਵਿਊ, ਤਸਵੀਰਾਂ ਪੈਸਾ ਅਤੇ ਪਾਰਟੀਆਂ, ਦੁਨੀਆਂ ਦੇ ਸਫ਼ਰ, ਚਮਕਦੇ ਹੋਏ ਦਿਨ, ਜਗਮਾਉਂਦੀਆਂ ਰਾਤਾਂ – ਜ਼ਿੰਦਗੀ ਇਕ ਟੈਕਨੀਕਲਰ (ਬਹੁ-ਰੰਗਾ) ਸੁਪਨਾ ਹੈ। ਪਰ ਹਰ ਸੁਪਨੇ ਦੀ ਤਰ੍ਹਾਂ ਇਹ ਸੁਪਨਾ ਵੀ ਟੁੱਟਦਾ ਹੈ। ਪਹਿਲੀ ਵਾਰ ਇਕ ਫਿਲਮ ਦੀ ਨਾਕਾਮੀ (ਫਿਲਮਾਂ ਤਾਂ ਉਸਤੋਂ ਬਾਅਦ ਨਾਕਾਮ ਵੀ ਹੋਈਆਂ ਤੇ ਕਾਮਯਾਬ ਵੀ। ਪਰ ਕਾਮਯਾਬੀ ਦੀ ਉਹ ਖ਼ੁਸ਼ੀ ਅਤੇ ਖ਼ੁਸ਼ੀ ਦੀ ਮਾਸੂਮੀਅਤ ਜਾਂਦੀ ਰਹੀ)।
................
18 ਅਗਸਤ 1976 ਨੂੰ ਮੇਰੇ ਬਾਪ ਦੀ ਮੌਤ ਹੁੰਦੀ ਹੈ (ਮਰਨ ਤੋਂ 9 ਦਿਨ ਪਹਿਲਾਂ ਉਨ੍ਹਾਂ ਨੇ ਮੈਨੂੰ ਆਪਣੀ ਕਿਤਾਬ ਆਟੋਗ੍ਰਾਫ ਕਰਕੇ ਦਿੱਤੀ ਸੀ ਉਸ ’ਤੇ ਲਿਖਿਆ ਸੀ – ‘ਜਬ ਹਮ ਨਾ ਰਹੇਂਗੇ ਤੋ ਬਹੁਤ ਯਾਦ ਕਰੋਗੇ’ ਉਨ੍ਹਾਂ ਨੇ ਠੀਕ ਲਿਖਿਆ ਸੀ। ਹੁਣ ਤੱਕ ਤਾਂ ਮੈਂ ਆਪਣੇ ਆਪ ਨੂੰ ਬਾਗੀ ਅਤੇ ਨਰਾਜ਼ ਬੇਟੇ ਦੇ ਰੂਪ ਵਿਚ ਪਹਿਚਾਣਦਾ ਸੀ ਪਰ ਹੁਣ ਮੈਂ ਕੌਣ ਹਾਂ? ਮੈਂ ਆਪਣੇ ਆਪ ਨੂੰ ਅਤੇ ਫੇਰ ਆਪਣੇ ਚਾਰੇ ਪਾਸੇ, ਨਵੀਆਂ ਨਜ਼ਰਾਂ ਨੂੰ ਦੇਖਦਾ ਹਾਂ ਕਿ ਬੱਸ ਕੀ ਇਹ ਹੀ ਚਾਹੀਦਾ ਸੀ ਮੈਨੂੰ ਜਿ਼ੰਦਗੀ ਤੋਂ। ਇਸ ਦਾ ਪਤਾ ਅਜੇ ਦੂਜਿਆਂ ਨੂੰ ਨਹੀਂ ਹੈ ਪਰ ਉਹ ਸਾਰੀਆਂ ਚੀਜਾਂ ਜੋ ਕੱਲ੍ਹ ਤੱਕ ਮੈਨੂੰ ਖੁਸ਼ੀ ਦਿੰਦੀਆਂ ਸਨ ਝੂਠੀਆਂ ਤੇ ਨੁਮਾਇਸ਼ੀ ਲੱਗਣ ਲੱਗੀਆਂ ਹਨ। ਹੁਣ ਮੇਰਾ ਦਿਲ ਉਨ੍ਹਾਂ ਗੱਲਾਂ ਵਿਚ ਜ਼ਿਆਦਾ ਲਗਦਾ ਹੈ ਜਿਸ ਨੂੰ ਦੁਨੀਆਂ ਦੀ ਜ਼ੁਬਾਨ ਵਿਚ ਕਿਹਾ ਜਾਵੇ ਤਾਂ, ਕੋਈ ਫਾਇਦਾ ਨਹੀਂ। ਸ਼ਾਇਰੀ ਨਾਲ ਮੇਰਾ ਰਿਸ਼ਤਾ ਪੈਦਾਇਸ਼ੀ ਅਤੇ ਦਿਲਚਸਪੀ ਹਮੇਸ਼ਾ ਤੋਂ ਹੈ। ਗਭਰੇਟ ਉਮਰ ਤੋਂ ਹੀ ਜਾਣਦਾ ਹਾਂ ਕਿ ਜੇ ਚਾਹਵਾਂ ਤਾਂ ਸ਼ਾਇਰੀ ਕਰ ਸਕਦਾ ਹਾਂ, ਪਰ ਅੱਜ ਤੱਕ ਕੀਤੀ ਨਹੀਂ ਹੈ। ਇਹ ਵੀ ਮੇਰੀ ਨਰਾਜ਼ਗੀ ਤੇ ਬਗਾਵਤ ਦਾ ਇਕ ਪ੍ਰਤੀਕ ਹੈ। 1979 ਵਿਚ ਪਹਿਲੀ ਵਾਰ ਸਿ਼ਅਰ ਪੜ੍ਹਦਾ ਹਾਂ ਅਤੇ ਇਹ ਸ਼ਿਅਰ ਲਿਖ ਕੇ ਮੈਂ ਅਪਣੀ ਵਿਰਾਸਤ ਅਤੇ ਆਪਣੇ ਬਾਪ ਨਾਲ ਸਮਝੌਤਾ (ਸੁਲਾਹ ਜਾਂ ਰਾਜ਼ੀਨਾਮਾ) ਕਰ ਲਿਆ ਹੈ। ਇਸ ਦੌਰਾਨ ਮੇਰੀ ਮੁਲਾਕਾਤ ਸ਼ਬਾਨਾ ਨਾਲ ਹੁੰਦੀ ਹੈ। ਕੈਫ਼ੀ ਆਜ਼ਮੀ ਦੀ ਧੀ ਸ਼ਬਾਨਾ ਵੀ ਸ਼ਾਇਦ ਆਪਣੀਆਂ ਜੜ੍ਹਾਂ ਵੱਲ ਮੁੜ ਰਹੀ ਹੈ। ਉਹਨੂੰ ਵੀ ਅਜਿਹੇ ਹਜ਼ਾਰਾਂ ਸਵਾਲ ਸਤਾਉਣ ਲੱਗੇ ਹਨ ਜਿਨ੍ਹਾਂ ਦੇ ਬਾਰੇ ਉਸਨੇ ਕਦੇ ਪਹਿਲਾਂ ਨਹੀਂ ਸੋਚਿਆ ਸੀ। ਕੋਈ ਹੈਰਾਨੀ ਨਹੀ ਕਿ ਅਸੀਂ ਨੇੜੇ ਆਉਣ ਲਗਦੇ ਹਾਂ। ਹੌਲੀ ਹੌਲੀ ਮੇਰੇ ਅੰਦਰ ਬਹੁਤ ਕੁੱਝ ਬਦਲ ਰਿਹਾ ਹੈ। ਫਿਲਮੀ ਦੁਨੀਆਂ ਵਿਚ ਜੋ ਮੇਰੀ ਪਾਰਟਨਰਸ਼ਿੱਪ ਸੀ ਉਹ ਟੁੱਟ ਜਾਂਦੀ ਹੈ। ਮੇਰੇ ਨੇੜਲੇ ਲੋਕ ਮੇਰੇ ਵਿਚ ਹੋਣ ਵਾਲੀਆਂ ਇਨ੍ਹਾਂ ਤਬਦੀਲੀਆਂ ਨੂੰ ਪ੍ਰੇਸ਼ਾਨੀ ਨਾਲ ਦੇਖ ਰਹੇ ਹਨ। 1983 ਵਿਚ ਮੈਂ ਤੇ ਹਨੀ ਵੱਖ ਹੋ ਜਾਂਦੇ ਹਾਂ।(ਹਨੀ ਨਾਲ ਮੇਰੀ ਸ਼ਾਦੀ ਜ਼ਰੂਰ ਟੁੱਟ ਗਈ ਹੈ ਪਰ ਤਲਾਕ ਵੀ ਸਾਡੀ ਦੋਸਤੀ ਦਾ ਕੁਝ ਨਹੀਂ ਵਿਗਾੜ ਸਕਿਆ। ਜੇ ਕਰ ਮਾਂ-ਬਾਪ ਦੇ ਅਲੱਗ ਹੋਣ ’ਤੇ ਬੱਚਿਆਂ ਵਿਚ ਕੜਵਾਹਟ ਨਹੀਂ ਆਈ ਤਾਂ ਇਸ ਵਿਚ ਮੇਰਾ ਕਮਾਲ ਬਹੁਤ ਘੱਟ ਹੈ ਤੇ ਹਨੀ ਦੀ ਸਿਫ਼ਤ ਬਹੁਤ ਜ਼ਿਆਦਾ ਹੈ। ਹਨੀ ਅੱਜ ਕੱਲ੍ਹ ਬਹੁਤ ਕਾਮਯਾਬ ਫਿਲਮ ਰਾਈਟਰ ਹੈ ਅਤੇ ਮੇਰੀ ਬਹੁਤ ਵਧੀਆ ਦੋਸਤ। ਮੈਂ ਦੁਨੀਆਂ ਵਿਚ ਬਹੁਤ ਘੱਟ ਲੋਕਾਂ ਦੀ ਇੰਨੀ ਇੱਜ਼ਤ ਕਰਦਾ ਹਾਂ ਜਿੰਨੀ ਮੇਰੇ ਮਨ ਵਿਚ ਹਨੀ ਵਾਸਤੇ ਹੈ)।
...........
ਮੈਂ ਇਕ ਕਦਮ ਚੁੱਕ ਤਾਂ ਲਿਆ ਸੀ ਪਰ ਘਰ ਤੋਂ ਨਿਕਲ ਕੇ ਕਈ ਸਾਲਾਂ ਤੱਕ ਮੇਰੀ ਜ਼ਿੰਦਗੀ “ਕਟੀ ਉਮਰ ਹੋਟਲੋਂ ਮੇਂ, ਮਰੇ ਹਸਪਤਾਲ ਜਾ ਕਰ” ਵਰਗੀ ਹੋ ਗਈ ਸੀ। ਸ਼ਰਾਬ ਪਹਿਲਾਂ ਵੀ ਬਹੁਤ ਪੀਂਦਾ ਸਾਂ ਪਰ ਫੇਰ ਬਹੁਤ ਹੀ ਜ਼ਿਆਦਾ ਪੀਣ ਲੱਗਾ। ਇਹ ਮੇਰੀ ਜ਼ਿੰਦਗੀ ਦਾ ਇਕ ਦੌਰ ਹੈ ਜਿਸ ’ਤੇ ਮੈਂ ਸ਼ਰਮਿੰਦਾ ਹਾਂ। ਇਨ੍ਹਾਂ ਥੋੜ੍ਹੇ ਜਹੇ ਸਾਲਾਂ ਵਿਚ ਜੇ ਦੂਸਰਿਆਂ ਨੇ ਮੈਨੂੰ ਬਰਦਾਸ਼ਤ ਕਰ ਲਿਆ ਤਾਂ ਇਹ ਉਨ੍ਹਾਂ ਦਾ ਅਹਿਸਾਨ ਹੈ। ਇਹ ਸੁਭਾਵਕ ਹੀ ਸੀ ਕਿ ਮੈਂ ਇੰਜ ਹੀ ਸ਼ਰਾਬ ਪੀਂਦਾ ਪੀਂਦਾ ਮਰ ਜਾਂਦਾ ਪਰ ਇਕ ਸਵੇਰੇ ਕਿਸੇ ਦੀ ਕਹੀ ਗੱਲ ਨੇ ਅਜਿਹਾ ਫੜਿਆ ਕਿ ਉਸ ਦਿਨ ਤੋਂ ਮੈਂ ਸ਼ਰਾਬ ਨੂੰ ਹੱਥ ਨਹੀਂ ਲਾਇਆ ਤੇ ਨਾ ਹੀ ਕਦੀ ਲਾਵਾਂਗਾ।
.............
ਅੱਜ ਇੰਨੇ ਸਾਲਾਂ ਬਾਅਦ ਜਦ ਆਪਣੀ ਜ਼ਿੰਦਗੀ ਨੂੰ ਦੇਖਦਾ ਹਾਂ ਤਾਂ ਲਗਦਾ ਹੈ ਕਿ ਪਹਾੜਾਂ ਤੋਂ ਝਰਨੇ ਵਾਂਗ ਉਤਰਦੀ, ਚੱਟਾਨਾਂ ਨਾਲ ਟਕਰਾਉਂਦੀ, ਪੱਥਰਾਂ ਵਿਚੋਂ ਆਪਣਾ ਰਸਤਾ ਢੂੰਡਦੀ, ਫੈਲਦੀ, ਵਲ਼ ਖਾਂਦੀ, ਅਣਗਿਣਤ ਘੁੰਮਣਘੇਰੀਆਂ ਬਣਾਉਂਦੀ ਅਤੇ ਆਪਣੇ ਹੀ ਕਿਨਾਰਿਆਂ ਨੂੰ ਖੋਰਦੀ ਹੋਈ ਇਹ ਨਦੀ ਹੁਣ ਮੈਦਾਨਾਂ ਵਿਚ ਆ ਕੇ ਸ਼ਾਂਤ ਅਤੇ ਗਹਿਰੀ ਹੋ ਗਈ ਹੈ।
...........
ਮੇਰੇ ਬੱਚੇ ਜੋਯਾ ਤੇ ਫਰਹਾਨ ਵੱਡੇ ਹੋ ਗਏ ਹਨ ਅਤੇ ਬਾਹਰ ਵਾਲੀ ਦੁਨੀਆਂ ਵਿਚ ਆਪਣੇ ਪਹਿਲੇ ਕਦਮ ਰੱਖਣ ਵਾਲੇ ਹਨ। ਉਨ੍ਹਾਂ ਦੀਆਂ ਅੱਖਾਂ ਵਿਚ ਆਉਣ ਵਾਲੇ ਕੱਲ੍ਹ ਬਾਰੇ ਹੁਸੀਨ ਸੁਪਨੇ ਹਨ। ਸਲਮਾਨ, ਮੇਰਾ ਛੋਟਾ ਭਰਾ ਅਮਰੀਕਾ ਵਿਚ ਬਹੁਤ ਕਾਮਯਾਬ ਸਾਇਕੋਇਨਾਲਿਸਟ,(ਮਾਨਸਿਕ ਰੋਗਾਂ ਦਾ ਮਾਹਰ) ਬਹੁਤ ਸਾਰੀਆਂ ਕਿਤਾਬਾਂ ਦਾ ਲੇਖਕ, ਬਹੁਤ ਵਧੀਆ ਸ਼ਾਇਰ, ਇਕ ਮੁਹੱਬਤ ਕਰਨ ਵਾਲੀ ਬੀਵੀ ਦਾ ਪਤੀ ਅਤੇ ਦੋ ਬਹੁਤ ਹੀ ਹੋਣਹਾਰ ਬੱਚਿਆਂ ਦਾ ਬਾਪ ਹੈ। ਜ਼ਿੰਦਗੀ ਦੇ ਰਸਤੇ ਉਹਦੇ ਵਾਸਤੇ ਘੱਟ ਮੁਸ਼ਕਿਲ ਨਹੀਂ ਸਨ। ਪਰ ਉਸਨੇ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਆਪਣੀ ਹਰ ਮੰਜ਼ਿਲ ਪਾ ਲਈ ਹੈ ਅਤੇ ਅਜੇ ਵੀ ਅੱਗੇ ਤੋਂ ਅੱਗੇ ਵਧ ਰਿਹਾ ਹੈ। ਮੈਂ ਖ਼ੁਸ਼ ਹਾਂ ਤੇ ਸ਼ਬਾਨਾ ਵੀ ਜੋ ਸਿਰਫ਼ ਮੇਰੀ ਪਤਨੀ ਹੀ ਨਹੀਂ ਮੇਰੀ ਮਹਿਬੂਬਾ ਵੀ ਹੈ। ਜੋ ਇਕ ਖ਼ੂਬਸੂਰਤ ਦਿਲ ਵੀ ਹੈ ਅਤੇ ਕੀਮਤੀ ਜ਼ਿਹਨ ਵੀ “ਮੈਂ ਜਿਸ ਦੁਨੀਆਂ ਮੇਂ ਰਹਿਤਾ ਹੂੰ ਵੋਹ ਉਸ ਦੁਨੀਆਂ ਕੀ ਔਰਤ ਹੈ” ਇਹ ਸਤਰ ਜੇ ਵਰ੍ਹਿਆਂ ਪਹਿਲਾਂ ‘ਮਜ਼ਾਜ਼’ ਨੇ ਕਿਸੇ ਲਈ ਨਾ ਲਿਖੀ ਹੁੰਦੀ ਤਾਂ ਮੈਂ ਸ਼ਬਾਨਾ ਵਾਸਤੇ ਲਿਖਦਾ।
...........
ਅੱਜ, ਉਂਜ ਤਾਂ ਜ਼ਿੰਦਗੀ ਮੇਰੇ ਉੱਪਰ ਹਰ ਪਾਸਿਉਂ ਮਿਹਰਬਾਨ ਹੈ ਪਰ ਬਚਪਨ ਦਾ ਉਹ ਇਕ ਦਿਨ 18 ਜਨਵਰੀ 1953 ਹੁਣ ਵੀ ਯਾਦ ਆਉਂਦਾ ਹੈ। ਥਾਂ ਲਖਨਊ – ਮੇਰੇ ਨਾਨੇ ਦਾ ਘਰ – ਰੋਂਦੀ ਹੋਈ ਮੇਰੀ ਮਾਸੀ, ਮੇਰੇ ਛੋਟੇ ਭਰਾ ਸਲਮਾਨ ਨੂੰ, ਜਿਸ ਦੀ ਉਮਰ ਸਾਢੇ ਛੇ ਸਾਲ ਹੈ ਅਤੇ ਮੈਨੂੰ ਹੱਥ ਫੜ ਕੇ ਘਰ ਦੇ ਉਸ ਵੱਡੇ ਕਮਰੇ ਵਿਚ ਲੈ ਜਾਂਦੀ ਹੈ ਜਿੱਥੇ ਫਰਸ਼ ’ਤੇ ਬਹੁਤ ਸਾਰੀਆਂ ਔਰਤਾਂ ਬੈਠੀਆਂ ਹਨ। ਤਖਤ ਪਰ ਸਫੈਦ ਕਫ਼ਨ ਵਿਚ ਲਪੇਟੀ ਮੇਰੀ ਮਾਂ ਦਾ ਚਿਹਰਾ ਨੰਗਾ ਹੈ। ਸਿਰਹਾਣੇ ਬੈਠੀ ਮੇਰੀ ਬੁੱਢੀ ਨਾਨੀ ਥੱਕੀ ਜਹੀ ਹੌਲ਼ੀ ਹੌਲ਼ੀ ਰੋ ਰਹੀ ਹੈ। ਦੋ ਔਰਤਾਂ ਉਹਨੂੰ ਸੰਭਾਲ ਰਹੀਆਂ ਹਨ। ਮੇਰੀ ਮਾਸੀ ਸਾਨੂੰ ਦੋਹਾਂ ਬੱਚਿਆਂ ਨੂੰ ਉਸ ਤਖ਼ਤ ਕੋਲ ਲੈ ਜਾਂਦੀ ਹੈ ਅਤੇ ਕਹਿੰਦੀ ਹੈ, ਆਪਣੀ ਮਾਂ ਨੂੰ ਆਖਰੀ ਵਾਰ ਦੇਖ ਲਉ। ਮੈਂ ਕੱਲ੍ਹ ਹੀ ਅੱਠਾਂ ਸਾਲਾਂ ਦਾ ਹੋਇਆ ਸੀ। ਸਮਝਦਾਰ ਹਾਂ। ਪਤਾ ਹੈ ਮੌਤ ਕੀ ਹੁੰਦੀ ਹੈ। ਮੈਂ ਆਪਣੀ ਮਾਂ ਦੇ ਚਿਹਰੇ ਨੂੰ ਬਹੁਤ ਹੀ ਧਿਆਨ ਨਾਲ ਦੇਖਦਾ ਹਾਂ ਕਿ ਚੰਗੀ ਤਰ੍ਹਾਂ ਯਾਦ ਹੋ ਜਾਵੇ। ਮੇਰੀ ਮਾਸੀ ਕਹਿ ਰਹੀ ਹੈ – ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਬਣੋਗੇ। ਇਹਦੇ ਨਾਲ ਵਾਅਦਾ ਕਰੋ ਕਿ ਤੁਸੀਂ ਜ਼ਿੰਦਗੀ ਵਿਚ ਕੁਝ ਕਰੋਗੇ। ਮੈਥੋਂ ਕੁੱਝ ਕਹਿ ਨਹੀਂ ਹੁੰਦਾ, ਬਸ! ਦੇਖਦਾ ਰਹਿੰਦਾ ਹਾਂ ਅਤੇ ਫੇਰ ਕੋਈ ਔਰਤ ਮੇਰੀ ਮਾਂ ਦੇ ਚਿਹਰੇ ’ਤੇ ਕਫ਼ਨ ਪਾ ਦਿੰਦੀ ਹੈ।
...........
ਅਜਿਹਾ ਤਾਂ ਨਹੀਂ ਕਿ ਮੈਂ ਜ਼ਿੰਦਗੀ ਵਿਚ ਕੁਝ ਕੀਤਾ ਹੀ ਨਹੀਂ ਪਰ ਫੇਰ ਇਹ ਖ਼ਿਆਲ ਆਉਂਦਾ ਹੈ ਕਿ ਜਿੰਨਾ ਕਰ ਸਕਦਾ ਹਾਂ ਉਸਦਾ ਤਾਂ ਚੌਥਾ ਹਿੱਸਾ ਵੀ ਅਜੇ ਤੱਕ ਨਹੀਂ ਕੀਤਾ ਅਤੇ ਇਸ ਖ਼ਿਆਲ ਦੀ ਦਿੱਤੀ ਹੋਈ ਬੇਚੈਨੀ ਜਾਂਦੀ ਨਹੀਂ।
*****
ਸਮਾਪਤ
1 comment:
Kehar ji,
Javed and Shabana ji are my favorite people.
I am very glad to read his biodata, finally he found his Manjil ,love and comfort in life.
The way you wrote very ineteresting to read.
Keep up with good work.
Best wishes
Davinder Kaur California
Post a Comment