ਕਹਾਣੀ – ਭਾਗ ਦੂਜਾ
ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।
ਰਿਸ਼ਤੇਦਾਰਾਂ ਨੂੰ ਤੋਰ ਕੇ ਉਹ ਸੋਫੇ ਤੇ ਬੈਠੇ ਗੱਲਾਂ ਵਿੱਚ ਰੁੱਝ ਗਏ ਸਨ।ਨਿਆਣੇ ਬੇਸਮੈਂਟ ਵਿੱਚ ਉੱਤਰ ਗਏ ਸਨ, ਖੁੱਲ੍ਹੇ ਥਾਂ ਖੇਡਣ ਲਈ।ਅਜੇ ਵੀ ਸਮਾਨ ਥਾਂ ਥਾਂ ਖਿੰਡਿਆ ਪਿਆ ਸੀ।ਬਲਦੇਵ ਅਤੇ ਅੰਮ੍ਰਿਤ ਵਿੱਚ ਸਵਾਰਨ ਦੀ ਹਿੰਮਤ ਨਹੀਂ ਸੀ ਪੈ ਰਹੀ।ਅੰਮ੍ਰਿਤ ਪਹਿਲਾਂ ਬਣੀ ਚਾਹ ਗਰਮ ਕਰ ਲਿਆਈ।ਬਲਦੇਵ ਨੇ ਗੱਲ ਫੇਰ ਤੋਰ ਲਈ, “ਤੂੰ ਨੱਥੂ ਚੱਕ ਵਾਲੇ ਦਿਆਲੇ ਨੂੰ ਨੀ ਜਾਣਦੀ।ਐਥੇ ਤਾਂ ਉਹ ਕਨੇਡਾ ਨੂੰ ਪਾਣੀ ਪੀ ਪੀ ਕੋਸਦਾ ਰਹਿੰਦਾ ਪਰ ਇੰਡੀਆ ਜਾ ਕੇ ਸਰਦਾਰ ਦਿਆਲ ਸਿੰਘ ਕਨੇਡਾ ਵਾਲੇ ਅਖਵਾਉਂਦਾ ਹੈ।ਗੁਰਦਵਾਰੇ ਭਾਵੇਂ ਪੰਜ ਰੁਪਈਏ ਦੀ ਦੇਗ ਕਰਵਾਵੇ ਜਾਂ ਕਿਸੇ ਟੂਰਨਾਮੈਂਟ ਤੇ ਪੈਸੇ ਦੇਵੇ ਤਾਂ ਆਪਣੇ ਨਾਂ ਪਿੱਛੇ ਕਨੇਡਾ ਦੀ ਪੂਛ ਲਾਉਣੀ ਨਹੀਂ ਭੁੱਲਦਾ।ਸਕੂਲ ਵਿੱਚ ਇੱਕ ਪੱਖਾ ਲਗਵਾ ਕੇ ਵੀ ‘ਸੇਵਾ ਕਰਵਾਈ ਸ; ਦਿਆਲ ਸਿੰਘ ਕਨੇਡਾ ਵਾਲੇ ਨੇ’ ਲਿਖਵਾਇਆ।ਉਨ੍ਹਾਂ ਦਾ ਪ੍ਰਾਹੁਣਾ ਜੋ ਮੇਰੇ ਨਾਲ ਕੰਮ ਕਰਦਾ ਹੈ ਉਹ ਤਾਂ ਹੋਰ ਵੀ ਹਾਸੇ ਵਾਲੀਆਂ ਗੱਲਾਂ ਸੁਣਾਉਂਦਾ ਸੀ ਕਿ ਪਿੰਡ ਜਾਕੇ ਰੌਲ਼ਾ ਪਾਇਆ ਕਰੇ ‘ਡੋਰਾਂ ਬੰਦ ਰੱਖੋ ਅੰਦਰ ਡਸਟਾਂ ਆਉਂਦੀਆਂ ਨੇ।ਕਦੇ ਕਿਹਾ ਕਰੇ ਰੋਡਾਂ ਟੁੱਟੀਆਂ ਨੇ, ਸਾਰੇ ਕੰਟਰੀ ਚੋਂ ਹੀ ਗੰਦੀਆਂ ਸਮੈੱਲਾਂ ਮਾਰਦੀਆਂ ਨੇ’।ਜੋ ਏਥੇ ਪਲਾਜ਼ਿਆਂ ‘ਚ ਕੁੜਤਾ ਪਜਾਮਾ ਪਾਕੇ ਤੁਰਿਆ ਫਿਰਦਾ ਸੀ ਉੱਥੇ ਗਰਮ ਮੌਸਮ ਵਿੱਚ ਕੀ ਕੋਟ ਪੈਂਟ ਚੜ੍ਹਾਈ ਰੱਖਦਾ।
-----
ਅਜੇ ਉਹ ਗੱਲਾਂ ਕਰ ਹੀ ਰਹੇ ਸਨ ਕਿ ਬਲਦੇਵ ਦੋ ਦੋਨੋ ਸਾਲ਼ੇ ਦਾਰਾ ਅਤੇ ਕੀਤੂ ਮਹਾਰਾਜ ਦੀ ਸਵਾਰੀ ਗੁਰਦੁਵਾਰੇ ਛਡਵਾ ਕੇ ਵਾਪਿਸ ਆ ਗਏ।ਪਿਛਲੇ ਤਿੰਨ ਚਾਰ ਦਿਨਾਂ ਤੋਂ ਉਹ ਹੀ ਭੱਜੇ ਨੱਸੇ ਫਿਰ ਰਹੇ ਸਨ।ਉਨਾਂ ਲਈ ਤਾਂ ਅੱਜ ਰੀਲੈਕਸ ਹੋਣ ਦਾ ਦਿਨ ਸੀ।ਬਲਦੇਵ ਨੇ ਹੀ ਕਿਹਾ ਸੀ ਕਿ ਸ਼ਾਮ ਨੂੰ ਨਾਲੇ ਗੱਲਾਂ ਮਾਰਾਂਗੇ ਤੇ ਨਾਲੇ ਪਾਰਟੀ ਕਰਾਂਗੇ।
-----
ਦਿਨ ਢਲਣ ਤੇ ਬਲਦੇਵ ਨੇ ਸਵਰਨੇ ਅਤੇ ਸ਼ਿੰਦਰ ਨੂੰ ਫੋਨ ਵੀ ਕਰ ਦਿੱਤਾ।ਸਵਰਨਾ ਸ਼ਾਮ ਨੂੰ ਆਉਦਾ ਹੋਇਆ ਬੋਤਲ ਘਰ ਦੀ ਕੱਢੀ ਹੋਈ ਦੀ ਵੀ ਲੈ ਆਇਆ।ਅੰਮ੍ਰਿਤ ਨੇ ਹੈਰਾਨ ਹੋ ਕੇ ਪੁੱਛਿਆ ਸੀ “ਅੱਛਾ ਆਪਣੇ ਲੋਕ ਹੁਣ ਏਥੇ ਆ ਕੇ ਵੀ ਕੱਢਣ ਲੱਗ ਪਏ ਨੇ”ਕੀਤੂ ਭੈਣ ਦੀ ਗੱਲ ਸੁਣ ਕੇ ਹੱਸਿਆ ਤੇ ਬੋਲਿਆ “ਉਧਰ ਲੀਡਰ ਕਹਿੰਦੇ ਨੇ ਕਿ ਪੰਜਾਬ ਨੂੰ ਕੈਲੇਫੋਰਨੀਆਂ ਬਣਾ ਦੇਣਾ ਏਂ ਤੇ ਏਧਰ ਇਹ ਧਾਰੀ ਬੈਠੇ ਨੇ ਕਿ ਕਨੇਡਾ ਨੂੰ ਪੰਜਾਬ ਬਣਾ ਕੇ ਛੱਡਣਾ ਹੈ।”
.............
ਤਾਂ ਬਲਦੇਵ ਬੋਲਿਆ “ਫੇਰ ਦਵਿੰਦਰ ਵਰਗੇ ਕਿੱਥੇ ਜਾ ਕੇ ਰਹਿਣਗੇ?”
..............
ਦਾਰੇ ਦੇ ਮੂੰਹੋਂ ਨਿੱਕਲਿਆ “ਚੰਦ ਤੇ…ਇੱਕ ਕੰਪਨੀ ਉੱਥੇ ਪਲਾਟ ਵੇਚਦੀ ਆ।ਕਹੋ ਦਵਿੰਦਰ ਭਾਜੀ ਨੂੰ ਅਜੇ ਉੱਥੇ ਕੋਈ ਪੰਜਾਬੀ ਨਹੀਂ ਗਿਆ, ਲੈ ਲੈਣ”।ਸਾਰੇ ਜਾਣੇ ਹਾਸੇ ਨਾਲ ਲੋਟ ਪੋਟ ਹੁੰਦੇ ਰਹੇ ਤੇ ਗੱਲਾਂ ‘ਚ ਗੱਲ ਨਿੱਕਲਦੀ ਰਹੀ।
-----
ਪਾਠ ਦਾ ਥਕੇਵਾਂ ਲਾਹੁਣ ਲਈ ਮਹਿਮਾਨ ਗੈਸਟ ਰੂਮ ਵਿੱਚ ਜੁੜ ਬੈਠੇ।ਬਲਦੇਵ ਨੇ ਆਪਣੇ ਬੱਚਿਆਂ ਨਵਨੀਤ ਅਤੇ ਸੋਨੂੰ ਪਾਣੀ ਧਾਣੀ ਧਰਨ ਲਈ ਕਿਹਾ।ਪਰ ਦੋਨੋ ਬੱਚੇ ਵੀਡੀਉ ਗੇਮ ਨੂੰ ਨੂੰ ਛੱਡਣ ਦਾ ਨਾ ਨਹੀਂ ਸੀ ਲੈ ਰਹੇ।ਤਿੰਨ ਦਿਨਾਂ ਬਾਅਦ ਮਸਾਂ ਹੀ ਟੀ ਵੀ ਦੇਖਣ ਨੂੰ ਤੇ ਖੇਡਣ ਨੂੰ ਮਿਲਿਆ ਸੀ।ਬਲਦੇਵ ਨੇ ਦਾਰੂ ਦੀ ਬੋਤਲ ਦੇ ਨਾਲ ਸਵੇਰ ਦੇ ਬਚੇ ਪਕੌੜੇ, ਰਾਇਤਾ ਅਤੇ ਸਲਾਦ ਵੀ ਟੇਬਲ ਤੇ ਰੱਖ ਲਿਆ।ਫੇਰ ਉਸ ਨੇ ਇੱਕ ਕੌਲੀ ਵਿੱਚ ਕੱਟਿਆ ਹੋਇਆ ਬਚਦਾ ਖੋਪਾ ਵੀ ਰੱਖ ਲਿਆ।ਦਾਰੇ ਅਤੇ ਕੀਤੂ ਦਾ ਹਾਸਾ ਆਪ ਮੁਹਾਰੇ ਫੁੱਟਿਆ “ਭਾਅ ਜੀ ਕੋਕੋਨਟ ਨੂੰ ਵੀ ਸੱਦ ਲੈਂਦੇ।ਹੋਰ ਨੀ ਤਾਂ ਦੋ ਘੜੀ ਗੱਲਾਂ ਹੀ ਸੁਣਦੇ।ਫੱਨ ਸ਼ੱਨ ਹੋ ਜਾਂਦਾ?”
............
ਸ਼ਿੰਦਰ ਬੋਲਿਆ “ਮੇਰੇ ਪਿੱਛੇ ਪਾ ਦਿੰਦੇ ਕਿ ਦੇਸੀ ਸ਼ਰਾਬ ਇਹ ਲੈ ਕੇ ਆਇਆ ਬੱਸ ਫੇਰ ਸੁਣੀ ਜਾਂਦੇ ਉਹਦਾ ਲੈਕਚਰ।ਆਪਾ ਦੇਸੀ ਪੀਈ ਜਾਂਦੇ ਤੇ ਉਹ ਦੇਸੀਆਂ ਪਿੱਛੇ ਪਿਆ ਰਹਿੰਦਾ।ਅਪਣੀ ਸ਼ਕਲ ਤਾਂ ਉਸ ਨੇ ਕਦੇ ਸ਼ੀਸ਼ੇ ਵਿੱਚ ਦੇਖੀ ਨਹੀਂ।ਉਸ ਦਾ ਵਸ ਚੱਲੇ ਤਾਂ ਆਪਣਾ ਮੂੰਹ ਹੀ ਬਦਲਵਾ ਲਵੇ।ਪਰ ਵਸ ਨਹੀਂ ਚੱਲਦਾ ਵਿਚਾਰਾ ਕਰੇ ਕੀ।”
..............
“ਆਪਣੇ ਆਪ ਨੂੰ ਅੰਗਰੇਜ਼ ਸਮਝਣ ਵਾਲੇ ਆਪਣੇ ਹੀ ਨਿਆਣਿਆਂ ਲਈ ਬੁਝਾਰਤ ਹਨ।ਨਾ ਤਾਂ ਉਹ ਉਨ੍ਹਾਂ ਨੂੰ ਇੰਡੀਅਨ ਲੋਕਾਂ ਨਾਲ ਮਿਕਸ ਹੋਣ ਦਿੰਦੇ ਤੇ ਨਾ ਹੀ ਗੋਰਿਆਂ ਕਾਲ਼ਿਆਂ ਨਾਲ।ਤਾਂ ਕਿ ਉਨ੍ਹਾ ਦੇ ਬੱਚੇ ਪੂਰੀ ਤਰ੍ਹਾਂ ਪੱਛਮੀ ਵੀ ਨਾ ਹੋ ਜਾਣ”ਬਲਦੇਵ ਨੇ ਗੱਲ ਅੱਗੇ ਤੋਰੀ।
................
ਸਵਰਨਾ ਕਹਿ ਰਿਹਾ ਸੀ “ਅਸਲ ਵਿੱਚ ਸਾਡੇ ਅਤੇ ਪਾਕਿਸਤਾਨੀ ਲੋਕਾਂ ਦਾ ਡਬਲ ਸਟੈਂਡਰਡ ਹੈ।ਮੁਸਲਿਮ ਭਾਈਚਾਰਾ ਵੀ ਊ ਤਾਂ ਆਪਣੇ ਆਪ ਨੂੰ ਕਨੇਡੀਅਨ ਸਮਝਦਾ ਹੈ ਪਰ ਲੜਕੀਆਂ ਪ੍ਰਤੀ ਉਹ ਪਿਛਾਂਹ ਵਾਲੀ ਨੀਤੀ ਹੀ ਅਪਣਾਉਂਦਾ ਹੈ।”
.............
ਕੀਤੂ ਨੇ ਗੱਲ ਗੁਰਦੁਵਾਰਿਆ ਵਲ ਮੋੜ ਦਿੱਤੀ “ਹੁਣ ਦੇਖ ਲਉ ਗੁਰਦੁਵਾਰੇ ਵਿੱਚ ਆਪਣਾ ਬੰਦਾ ਜਿੱਡਾ ਮਰਜੀ ਗੁਣੀ ਗਿਆਨੀ ਹੋਵੇ ਪਰ ਉਨੇ ਦਾੜੀ ਕੱਟੀ ਹੋਵੇ ਅਗਲੇ ਸਟੇਜ ਦੇ ਨੇੜੇ ਨੀ ਢੁੱਕਣ ਦਿੰਦੇ।ਪਰ ਜੇ ਕੋਈ ਗੋਰੀ ਜਾਂ ਗੋਰਾ ਸਿਆਸਤਦਾਨ ਆ ਜਾਵੇ, ਭਾਵੇਂ ਉਹ ਸਿਗਰਟਾਂ ਵੀ ਪੀਂਦਾ ਹੋਵੇ ਤੇ ਪਹਿਲੇ ਪ੍ਰਗਰਾਮ ਵਿੱਚ ਵਾਈਨ ਦਾ ਗਲਾਸ ਪੀ ਕੇ ਵੀ ਆਇਆ ਹੋਵੇ ਤਾਂ ਪ੍ਰਬੰਧਕ ਚਾਪਲੂਸੀ ਦੀਆਂ ਸਭ ਹੱਦਾਂ ਟੱਪ ਜਾਂਦੇ ਨੇ।ਇਹ ਦੋਗਲਾਪਣ ਹਰ ਜਗ੍ਹਾ ਹੀ ਹੈ।”
................
ਦਾਰਾ ਬੋਲਿਆ “ ਚੱਲੋ ਛੱਡੋ ਇਬ ਬਹਿਸ ਕੋਈ ਦੋਗਲਾ ਜਿਹਾ ਗੀਤ ਸਣਾਉ ਮੇਰਾ ਮਤਲਬ ਰੀਮਿਕਸ।ਥੋੜ੍ਹਾ ਪਾਰਟੀ ਖਿੜੇ।”
------
ਫੇਰ ਪੈੱਗ ਵਰਤਾਏ ਜਾਣ ਲੱਗੇ।ਗੱਲਾਂ ਦੀ ਆਵਾਜ਼ ਹੋਰ ਉੱਚੀ ਹੋ ਗਈ।ਨਵੇਂ ਘਰ ਦੀ ਪਾਰਟੀ ਜੋਬਨ ‘ਤੇ ਸੀ।ਗੱਲਾਂ ਗੁਰਦੁਵਾਰਿਆਂ, ਸਿਆਸੀ ਗਲਿਆਰਿਆ ‘ਚੋਂ ਘੁੰਮਦੀਆਂ ਕਦੇ ਸਥਾਨਕ ਮੀਡੀਏ ਵਲ ਅਤੇ ਕਦੇ ਕਦੇ ਭਾਰਤੀ ਕਮਿਊਨਟੀ ਵਲ ਸੇਧਤ ਹੁੰਦੀਆਂ ਰਹੀਆਂ।ਨਿਚੋੜ ਇਹ ਕੱਢਿਆ ਜਾ ਰਿਹਾ ਸੀ ਕਿ ਸਾਡੀ ਹਰ ਗੱਲ ਵਿੱਚ ਹੀ ਬੇਲੋੜਾ ਦਿਖਾਵਾ ਹੈ।ਪਾਰਟੀਆਂ, ਗੁਰਦੁਵਾਰੇ, ਆਖੰਡਪਾਠ ਸਭ ਦਿਖਾਵਾ ਹਨ।
------
ਸ਼ਿੰਦਰ ਤਾਂ ਏਥੋਂ ਤੱਕ ਵੀ ਕਹਿ ਗਿਆ ਕਿ ਬਲਦੇਵ ਦਾ ਆਖੰਡਪਾਠ ਵੀ ਸਿਰਫ਼ ਦਿਖਾਵਾ ਸੀ ਤਾਂ ਕਿ ਲੋਕਾਂ ਨੂੰ ਆਪਣਾ ਨਵਾਂ ਘਰ ਦਿਖਾ ਸਕੇ।ਸਵਰਨਾ ਬੋਲਿਆ ਯਾਰ ਇਹ ਤੋਂ ਪਹਿਲਾਂ ਕਿ ਦਾਰੂ ਚੜ੍ਹ ਜਾਵੇ ਬਾਈ ਦਾ ਘਰ ਤਾਂ ਚੰਗੀ ਤਰ੍ਹਾਂ ਦੇਖ ਲਈਏ।
-----
ਹੁਣ ਹੱਥਾਂ ਵਿੱਚ ਗਲਾਸ ਪਕੜੀ ਸਭ ਬਲਦੇਵ ਦੇ ਪਿੱਛੇ ਪਿੱਛੇ ਤੁਰ ਰਹੇ ਸਨ ਤੇ ਉਹ ਦਿਖਾ ਰਿਹਾ ਸੀ ‘ਆਹ ਸਰੈਮਿਕ ਟਾਇਲਾਂ ਤੇ ਮਾਰਬਲ,ਔਹ ਸਕਾਈ ਲਾਈਟ ਆਹ ਜਕੂਜ਼ੀ ਟੱਬ, ਔਹ ਘੁੰਮਵੀਆਂ ਪੌੜੀਆਂ ਤੇ ਆਹ ਸਟੀਲ ਅਪਲਾਇਸੰਸ’।ਹਰ ਗੱਲ ਚੀਜ ਨੂੰ ਦਿਖਾਉਂਦਾ ਉਹ ਮਾਣ ਨਾਲ ਉੱਚਾ ਹੋ ਰਿਹਾ ਸੀ।ਜਿਵੇਂ ਕਨੇਡਾ ਆ ਕੇ ਉਸਦਾ ਕੱਦ ਵਧ ਗਿਆ ਹੋਵੇ।ਕੀਤੂ ਭੱਜ ਕੇ ਚਿਕਨ ਅਤੇ ਗੋਟ ਮੀਟ ਵੀ ਫੜ ਲਿਆਇਆ ਸੀ।ਘਰ ਤੋਂ ਕੁਝ ਦੂਰ ਬਣੀ ਉਸੇ ਮੀਟ ਸ਼ੌਪ ਤੋਂ ਜਿੱਥੇ ਕਹਿੰਦੇ ਸੀ ਕਿ ਡੋਡੇ ਵੀ ਮਣਾਂ ਮੂੰਹੀ ਵੇਚੇ ਜਾਂਦੇ ਹਨ।ਕਿਉਂਕਿ ਨਵੇਂ ਏਰੀਏ ਵਿੱਚ ਪੰਜਾਬੀ ਟਰੱਕਾਂ ਵਾਲਿਆਂ ਨੇ ਵਧੇਰੇ ਘਰ ਲਏ ਸਨ।ਮੀਟ ਵਾਲੇ ਨੂੰ ਏਦਾਂ ਦੀ ਮਾਰਕੀਟ ਹੀ ਚਾਹੀਦੀ ਸੀ।
-----
ਮੁਰਗੇ ਦੀ ਮਹਿਕ ਨੇ ਧੂਫ਼ ਦਾ ਪ੍ਰਭਾਵ ਧੋਅ ਸੁੱਟਿਆ।ਸ਼ਰਾਬ ਅਤੇ ਮੀਟ ਦੀ ਮਹਿਫ਼ਿਲ ਨੇ ਤਿੰਨ ਦਿਨਾਂ ਤੋਂ ਚੱਲ ਰਹੇ ਧਾਰਮਿਕ ਮਹੌਲ ਨੂੰ ਬਦਲ ਦਿੱਤਾ।ਹੁਣ ਭੰਗੜਾ ਪੈ ਰਿਹਾ ਸੀ।ਬੱਚੇ ਕੀ ਦੇਖਦੇ ਹੋਣਗੇ ਜਾ ਕੀ ਸਿੱਖਦੇ ਹੋਣਗੇ, ਕਿਸੇ ਕੋਲ ਸੋਚਣ ਦਾ ਸਮਾਂ ਹੀ ਨਹੀਂ ਸੀ।ਸਾਰੇ ਪੰਜਾਬੀ ਏਦਾਂ ਹੀ ਤਾਂ ਕਰਦੇ ਸਨ ਕਿਹੜਾ ਕੋਈ ਨਵੀਂ ਗੱਲ ਸੀ।
.............
ਫੇਰ ਕੀਤੂ ਬੋਲਿਆ “ਭਾਅ ਜੀ ਇਸ ਵੀਕੈਂਡ ਤੇ ਬਹੁਤੇ ‘ਖੰਡਪਾਠ ਖੁੱਲ੍ਹੇ ਹੋਏ ਸੀ।ਸੜਕਾਂ ਕਾਰਾਂ ਨਾਲ ਭਰੀਆਂ ਪਈਆਂ ਸੀ।ਲੰਘਣ ਨੂੰ ਵੀ ਰਸਤਾ ਨ੍ਹੀਂ ਸੀ ਮਿਲਦਾ।ਆਪਣੀਆਂ ਕਾਰਾਂ ‘ਚ ਲੜਕਦੇ ਖੰਡਿਆਂ ਤੋਂ ਹੀ ਪਛਾਣ ਆ ਜਾਂਦੀ ਆ।ਮੈਨੂੰ ਲੱਗਦੈ ਸਾਰੇ ਘਰ ਮੋਸਟਲੀ ਆਪਣੇ ਬੰਦਿਆਂ ਨੇ ਈ ਲੈ ਲਏ ਆ…”
............
ਫੇਰ ਸ਼ਿੰਦਰ ਬੋਲਿਆ ਤਾਂ ਹੀ ਤਾਂ ਹਰ ਦੂਜੀ ਤੀਜੀ ਸਟਰੀਟ ਤੇ ਪਾਠੀ ਕਛਹਿਰੇ ਪਾਈਂ ਘੁੰਮਦੇ ਫਿਰਦੇ ਆ।ਦੇਖ ਕੇ ਇੱਕ ਗੋਰਾ ਮੈਨੂੰ ਪੁੱਛਣ ਲੱਗਿਆ ਕਿ ‘ਇਹ ਸਕਰਟਾਂ ਵਾਲੇ ਬੰਦੇ ਵੀ ਸਿੱਖ ਕਮਿਉਨਟੀ ਨਾਲ ਰਿਲੇਟਡ ਨੇ’ ਭਰਾਵਾ ਮੇਰਾ ਤਾਂ ਹਾਸਾ ਨਾ ਰੁਕੇ।ਮੈਂ ਉਸ ਨੂੰ ਸਮਝਾਇਆ ਕਿ ਇਹ ਸਕਰਟਾਂ ਨਹੀਂ ਬਿੱਗ ਬਿੱਗ ਬਿੱਗ ਅੰਡਰਵੀਅਰ ਨੇ।ਪਰ ਉਸ ਨੂੰ ਸਮਝ ਹੀ ਨਾ ਲੱਗੀ ”ਸਾਰੇ ਜਾਣੇ ਉਸ ਦੀ ਗੱਲ ਸੁਣ ਕੇ ਉੱਚੀ ਉੱਚੀ ਹੱਸਣ ਲੱਗੇ।
..............
ਸਵਰਨ ਕਹਿ ਰਿਹਾ ਸੀ “ਮੈਨੂੰ ਲੱਗਦਾ ਹੈ ਪੰਜ ਦਸ ਸਾਲਾਂ ਤੱਕ ਗੋਰਾ ਏਥੇ ਕੋਈ ਰੜਕਣਾ ਹੀ ਨਹੀਂ” ਦਾਰਾ ਬਲਿਆ “ਜਿਵੇਂ ਉੱਧਰ ਪੰਜਾਬ ਵਿੱਚ ਪੰਜਾਬੀ ਨਹੀਂ ਰੜਕਣਾ।ਐਧਰ ਪੰਜਾਬੀ ਮਨਿਸਟਰ ਬਣਨਗੇ ਪੰਜਾਬ ਵਿੱਚ ਪਿੰਡਾਂ ਦੇ ਪੰਚ ਸਰਪੰਚ ਹੋਣਗੇ ਭਈਏ.।.”
..............
“ਤੂੰ ਤਾਂ ਯਾਰਾ ਕਪਾਟ ਖੋਲ੍ਹਤੇ।ਪੰਜਾਬ ਤਾਂ ਖ਼ਤਮ ਆ।ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ।ਸਾਰਾ ਪੰਜਾਬ ਭਈਆਂ ਭਰ ਗਿਆ।ਬੱਸ ਹਰ ਚੀਜ਼ ਤੇ ਕਬਜ਼ਾ ਸਮਝ।ਭਈਏ ਤਾਂ ਹੁਣ ਕਹਿੰਦੇ ਪੰਜਾਬੀ ਕੁੜੀਆਂ ਨੂੰ ਵੀ ਭਜਾਉਣ ਲੱਗ ਪਏ।ਕੱਲ ਨੂੰ ਵਿਆਹ ਵੀ ਕਰਵਾਉਣ ਲੱਗ ਪੈਣਗੇ ” ਸ਼ਿੰਦਰ ਨੇ ਫਿਕਰ ਜ਼ਾਹਿਰ ਕੀਤਾ।
...............
ਬਲਦੇਵ ਬੋਲਿਆ “ਕਸੂਰ ਕੀਹਦਾ ਆ,ਅਸੀਂ ਵੀ ਤਾਂ ਲਾਈਨਾਂ ਬਣਾਈ ਅਮਰੀਕਾ ਕਨੇਡਾ ਨੂੰ ਤੁਰੇ ਆਉਂਦੇ ਆਂ।ਬਾਹਰ ਆਉਣ ਲਈ ਜੋ ਵੀ ਦਾਅ ਲੱਗੇ ਲਾਉਂਦੇ ਹਾਂ।ਜੇ ਪੰਜਾਬ ਖਾਲੀ ਹੋਊ ਤਾਂ ਹੋਰ ਕੋਈ ਤਾਂ ਉੱਥੇ ਆਊ ਹੀ।ਗੋਰੇ ਵੀ ਫੇਰ ਏਵੇ ਸੋਚਦੇ ਹੋਣੇ ਆ ਕਿ ਅਸੀਂ ਉਨ੍ਹਾਂ ਦੇ ਮੁਲਕ ਕਿਉਂ ਆਏ ਹਾਂ।ਵੋਟਾਂ ‘ਚ ਕਿਉਂ ਖੜ੍ਹਦੇ ਹਾਂ।ਫੇਰ ਅਸੀ ਕਹਿੰਦੇ ਹਾਂ ਕਿ ਉਹ ਨਸਲਵਾਦੀ ਨੇ।ਸਭ ਤੋਂ ਵੱਡੇ ਨਸਲਵਾਦੀ ਤਾਂ ਅਸੀਂ ਆਪ ਹਾਂ।ਆਪ ਤਾਂ ਚਾਹੁੰਦੇ ਹਾਂ ਕਿ ਅਸੀਂ ਤਾਂ ਕਨੇਡਾ ‘ਚ ਤਰੱਕੀ ਵੀ ਕਰੀਏ ਤੇ ਮਨਿਸਟਰ ਵੀ ਬਣੀਏ ਪਰ ਸਾਡੇ ਪਿੰਡ ਦਾ ਸਰਪੰਚ ਕਿਤੇ ਭਈਆ ਨਾ ਬਣ ਜਾਵੇ।ਦਰਅਸਲ ਅਸੀਂ ਦੋਗਲੇ ਆ।ਇਕੱਲਾ ਦਵਿੰਦਰ ਹੀ ਨਹੀਂ ਅਸੀਂ ਸਾਰੇ ਹੀ ਕੋਕੋਨਟ ਹਾਂ।ਅੰਦਰੋ ਕੁੱਝ ਹੋਰ ਤੇ ਬਾਹਰੋਂ ਕੁੱਝ ਹੋਰ ”ਬਲਦੇਵ ਨੂੰ ਸਰੂਰ ਹੋ ਗਿਆ ਸੀ।
------
ਦਾਰੇ ਨੇ ਕਿਹਾ “ਭਾਅ ਜੀ ਸੱਚ ਕਹਿੰਦੇ ਨੇ ਸਾਡਾ ਧਰਮ ਤੇ ਸੱਭਿਆਚਾਰ ਸਿਰਫ਼ ਪੈਸਾ ਹੈ।ਪੈਸੇ ਲਈ ਅਸੀਂ ਕੁਝ ਵੀ ਕਰ ਸਕਦੇ ਹਾਂ।ਟਰੱਕਾਂ ਵਾਲੇ ਡਰੱਗ ਦਾ ਗੇੜਾ ਲਾ ਰਾਤੋ ਰਾਤ ਅਮੀਰ ਹੋ ਵੱਡੇ ਘਰ ਲੈਣੇ ਚਾਹੁੰਦੇ।ਅਖੌਤੀ ਸੇਵਾਦਾਰ ਗੋਲਕ ਦੀ ਮਾਇਆ ਹੜੱਪਣ ਲਈ ਇੱਕ ਦੂਜੇ ਦੇ ਸਿਰ ਪਾੜ ਰਹੇ ਨੇ।ਕੋਈ ਡੋਡੇ ਵੇਚ ਕਿ ਤੇ ਕੋਈ ਜ਼ਮੀਰ ਵੇਚ ਕੇ ਅਮੀਰ ਹੋਣਾ ਚਾਹੁੰਦਾ ਹੈ।ਹਰ ਕੋਈ ਚਾਹੁੰਦਾ ਹੈ ਕਿ ਇੱਕ ਸ਼ਾਨਦਾਰ ਘਰ ਮੂਹਰੇ ਹੱਮਰ ਖੜ੍ਹਾ ਹੋਵੇ।ਨਿਆਣੇ ਪੈਣ ਚਾਹੇ ਢੱਠੇ ਖੂਹ ਵਿੱਚ।ਪੰਦਰਾਂ ਪੰਦਰਾਂ ਦਿਨ ਬੇਹੀਆਂ ਰੋਟੀਆਂ ਖਾਂਦੇ ਅਗਲੇ ਘਰ ਨਹੀਂ ਵੜਦੇ।ਗੋਰੇ ਕਹਿੰਦੇ ਨੇ ਏਨ੍ਹਾਂ ਸਾਡਾ ਕਲਚਰ ਖ਼ਰਾਬ ਕਰਤਾ।ਬਾਈ ਦਵਿੰਦਰ ਦਰਅਸਲ ਗੋਰਿਆਂ ਦੀ ਬੋਲੀ ਹੀ ਤਾਂ ਬੋਲਦਾ ਹੈ।ਸੱਚ ਤਾਂ ਉਸਦੀਆਂ ਗੱਲਾਂ ਵਿੱਚ ਵੀ ਹੈ।”
------
ਸਵਰਨੇ ਨੂੰ ਕੁੱਝ ਜਿਆਦਾ ਹੀ ਚੜ੍ਹ ਗਈ ਸੀ।ਉਸ ਨੂੰ ਸਮਝ ਨਹੀਂ ਸੀ ਆਉਂਦੀ ਕਿ ਅਗਲਾ ਪੈੱਗ ਘਰ ਦੀ ਕੱਢੀ ਹੋਈ ਦਾ ਲਾਵੇ ਜਾਂ ਅੰਗਰੇਜ਼ੀ ਦਾ ਲਾਵੇ।ਜਿਵੇਂ ਦੋ ਕਲਚਰ ਉਸ ਦੇ ਟੇਬਲ ਤੇ ਪਰੋਸੇ ਪਏ ਹੋਣ।ਉਹ ਹੱਥ ‘ਚ ਫੜੇ ਖੋਪੇ ਦੇ ਟੁੱਕੜੇ ਨੂੰ ਘੁਮਾ ਰਿਹਾ ਸੀ, ਕਦੇ ਭੂਰਾ ਪਾਸਾ ਉੱਤੇ ਕਰ ਲੈਂਦਾ ਅਤੇ ਕਦੇ ਚਿੱਠਾ ਪਾਸਾ।ਉਸਦੇ ਜ਼ਿਹਨ ਵਿੱਚ ਕੋਈ ਤਰਥੱਲੀ ਪੈ ਰਹੀ ਸੀ।ਸਵਾਲ ਉੱਠ ਰਹੇ ਸਨ ਤੇ ਜਵਾਬ ਪੈਦਾ ਹੋ ਰਹੇ ਸਨ।
------
ਬੱਚੇ ਅੰਮ੍ਰਿਤ ਦੇ ਕਹਿਣ ਤੇ ਚੋਰੀ ਅੱਖ ਨਾਲ ਗੈਸਟ ਰੂਮ ‘ਚ ਝਾਤੀ ਮਾਰ ਜਾਂਦੇ ਕਿ ਪੀਣ ਦਾ ਸਿਲਸਲਾ ਅਜੇ ਮੁੱਕਿਆ ਹੈ ਕਿ ਨਹੀਂ।ਪਰ ਹੁਣ ਤਾਂ ਬੱਚਿਆਂ ਨੂੰ ਭਾਰਤੀ ਕਲਚਰ ਸਿਖਉਣ ਬਾਰੇ ਬਹਿਸ ਚੱਲ ਪਈ ਸੀ।ਸਵਰਨਾ ਪੁੱਛ ਰਿਹਾ ਸੀ “ਕਿਹੜਾ ਕਲਚਰ ਕਿਸ ਕਲਚਰ ਦੀ ਗੱਲ ਕਰਦੇ ਹੋਂ?” ਉਸਦੀ ਉੱਚੀ ਅਵਾਜ਼ ਨੂੰ ਸੁਣ ਕੇ ਅੰਮ੍ਰਿਤ ਨੂੰ ਲੱਗਿਆ ਕਿ ਕਿਤੇ ਪੀ ਕੇ ਬਹਿਸ ਹੀ ਨਾ ਪੈਣ।ਉਸ ਨੇ ਬਲਦੇਵ ਨੂੰ ਹਾਕ ਮਾਰ “ਰੋਟੀ ਤਿਆਰ ਹੈ” ਦਾ ਹੁਕ਼ਮ ਸੁਣਾ ਦਿੱਤਾ ਸੀ।ਸਵਰਨੇ ਦੇ ਹੱਥ ਵਿੱਚ ਅਜੇ ਵੀ ਖੋਪੇ ਦੀ ਗਿਰੀ ਘੁੰਮ ਰਹੀ ਸੀ।ਜਿਸ ਨੂੰ ਦੋਨੋ ਬੱਚੇ ਚੋਰੀ ਅੱਖ ਨਾਲ ਵੇਖ ਰਹੇ ਸਨ।ਕੀਤੂ ਬੋਲਿਆ “ਚਲੋ ਸਵਰਨ ਭਾਅ ਜੀ ਰੋਟੀ ਤਿਆਰ ਹੈ।ਲੱਗਦਾ ਹੈ ਥੋਨੂੰ ਕੋਕੋਨੱਟ ਯਾਦ ਆ ਗਿਆ ” ਹਾਸੇ ਦਾ ਫੁਹਾਰਾ ਇੱਕ ਵਾਰ ਫੇਰ ਫੁੱਟਿਆਤੇ ਡਗਮਗਾਉਂਦੇ ਕਦਮ ਡਾਈਨਿੰਗ ਟੇਬਲ ਵੱਲ ਹੋ ਤੁਰੇ…।
*****
ਸਮਾਪਤ
No comments:
Post a Comment