ਯਾਦਾਂ
ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ਅੱਗੇ ਬੀ.ਆਰ. ਚੋਪੜਾ ਦੀ ਫਿਲਮ 'ਕਰਮ' ਦੀ ਸ਼ੂਟਿੰਗ ਚੱਲ ਰਹੀ ਸੀ। ਇਸ ਦੇ ਹੀਰੋ ਰਾਜੇਸ਼ ਖੰਨਾ, ਹੀਰੋਇਨ ਵਿਦਿਆ ਸਿਨਹਾ ਅਤੇ ਕਾਮੇਡੀਅਨ ਅਸਰਾਨੀ ਸਨ। ਵਿਦਿਆਰਥੀਆਂ ਦੀ ਹੇੜ ਹੀਰੋ ਹੀਰੋਇਨਾਂ ਦੀ ਇਕ ਝਲਕ ਲੈਣ ਲਈ ਧੱਕਮ-ਧੱਕਾ ਹੋ ਰਹੀ ਸੀ। ਉਨ੍ਹਾਂ ਦਾ ਕੋਈ ਅੰਗ ਤਾਂ ਕੀ ਨੇੜਲੀ ਹਵਾ ਦੀ ਛੂਹ ਵੀ ਪ੍ਰਾਪਤ ਹੋ ਜਾਵੇ ਤਾਂ ਉਹ ਧੰਨ ਧੰਨ ਹੋ ਜਾਣਗੇ। ਬਹੁਤੇ ਇਸ ਜੱਦੋ-ਜਹਿਦ ਵਿੱਚ ਸਨ ਕਿ ਹੋਰ ਨਹੀਂ ਤਾਂ ਉਨ੍ਹਾਂ ਦਾ ਨੱਕ, ਠੋਡੀ, ਕੂਹਣੀ, ਪੱਗ ਦੀ ਨੋਕ ਹੀ ਕਿਸੇ ਤਰਾਂ ਕੈਮਰੇ ਦੇ ਫੋਕਸ ਵਿੱਚ ਆ ਜਾਣ। ਪੁਲੀਸ ਤੇ ਸਕਿਉਰਿਟੀ ਵਾਲਿਆਂ ਦੀ ਪੇਸ਼ ਨਹੀਂ ਸੀ ਜਾ ਰਹੀ। ਆਖਰ ਡੰਡੇ ਵਰ੍ਹਾਏ ਜਾਣ ਲੱਗੇ। ਇਸ ਘੜਮੱਸ ਚੌਦੇ ਵਿੱਚ ਕੈਮਰੇ ਦੀ ਕਿਰਪਾ-ਦ੍ਰਿਸ਼ਟੀ ਤਾਂ ਕੀ ਨਸੀਬ ਹੋਣੀ ਸੀ, ਕਈ ਉਲਟੇ ਪੁਲਿਸ ਦੇ ਡੰਡਿਆਂ ਨਾਲ ਆਪਣੇ ਹੱਡ ਗੋਡੇ ਭੰਨਵਾ ਬੈਠੇ। ਰੀਟੇਕ ਤੇ ਰੀਟੇਕ ਹੋਈ ਜਾ ਰਹੇ ਸਨ। ਮੇਰੇ ਦੋਸਤ ਅਮਰੀਕ ਗਿੱਲ ਨੂੰ ਕਿਤਿਓਂ ਇਸ ਗੱਲ ਦੀ ਭਿਣਕ ਪੈ ਗਈ ਕਿ ਸ਼ਾਮ ਨੂੰ ਲਾਇਬਰੇਰੀ ਦੇ ਅੰਦਰ ਵੀ ਸ਼ੂਟਿੰਗ ਹੋਣੀ ਹੈ ਤੇ ਇਸ ਭੇਤ ਦਾ ਆਮ ਖ਼ਾਸ ਨੂੰ ਪਤਾ ਨਹੀਂ ਲੱਗਾ। ਅਸੀਂ ਸਲਾਹ ਬਣਾਈ ਕਿ ਇਸ ਖਿਚ-ਧੱਕ ਨੂੰ ਛੱਡ ਕੇ, ਜਨਮ ਸਫ਼ਲਾ ਕਰਨ ਲਈ ਸ਼ਾਮ ਨੂੰ ਲਾਇਬਰੇਰੀ ਦੀ ਸ਼ੂਟਿੰਗ ਆਰਾਮ ਨਾਲ ਦੇਖੀਏ।
-----
ਸ਼ਾਮ ਢਲ਼ੀ ਤਾਂ ਦੇਖਿਆ ਲਾਇਬਰੇਰੀ ਦੁਆਲੇ ਕੋਈ ਖ਼ਾਸ ਚਹਿਲ ਪਹਿਲ ਨਹੀਂ ਸੀ। ਸ਼ੂਟਿੰਗ ਲਾਇਬਰੇਰੀ ਦੀ ਪਹਿਲੀ ਮੰਜ਼ਿਲ ਵਾਲੇ ਮੁੱਖ ਰੀਡਿੰਗ ਹਾਲ ਵਿੱਚ ਹੋਣੀ ਸੀ। ਅਸੀਂ ਉਪਰ ਵੱਲ ਜਾਣ ਲਈ ਪੌੜੀਆਂ ਤੇ ਚ੍ਹੜ ਰਹੇ ਸਾਂ ਕਿ ਸਾਨੂੰ ਅਸਰਾਨੀ ਉਪਰੋਂ ਹੇਠਾਂ ਵੱਲ ਪੌੜੀਆਂ ਉਤਰਦਾ ਟੱਕਰ ਪਿਆ। ਅਮਰੀਕ ਨੇ ਉਸਨੂੰ ਪਛਾਣ ਲਿਆ ਤੇ ਲੱਗਾ ਟੱਪੂੰ ਟਪੂੰ ਕਰਨ। ਫਿਰ ਅਸਰਾਨੀ ਦੇ ਹੋਰ ਕੋਲ ਵੱਲ ਨੂੰ ਹੋਇਆ ਤੇ ਲੰਮਾ ਸਾਰਾ ਹੱਥ ਉਸ ਵੱਲ ਵਧਾਉਂਦਿਆ ਚਿੱਲਾਇਆ, "ਅਸਰਾਨੀ!" ਭੰਬਤਰੇ ਹੋਏ ਅਸਰਾਨੀ ਨੇ ਮਿਲਾਉਣ ਵਾਸਤੇ ਹੱਥ ਤਾਂ ਅੱਗੇ ਵਧਾ ਦਿੱਤਾ ਪਰ ਉਸਦਾ ਚਿਹਰਾ ਲਮਕ ਗਿਆ। ਸ਼ਾਇਦ ਉਸਨੇ ਮਹਿਸੂਸ ਕਰ ਲਿਆ ਸੀ ਕਿ ਲਾਇਬਰੇਰੀ ਚ ਹੋਣ ਜਾ ਰਹੀ ਸ਼ੂਟਿੰਗ ਦੀ ਖ਼ਬਰ ਫੈਲ ਚੁੱਕੀ ਹੈ ਤੇ ਹੁਣ ਛੇਤੀ ਹੀ ਏਥੇ ਵੀ ਵਿਦਿਆਰਥੀ ਦਲ ਦੇ ਹਮਲਾ ਹੋਣ ਦੀ ਸੰਭਾਵਨਾ ਹੈ। ਖ਼ੈਰ, ਹਫੜਾ ਦਫੜੀ ਵਿੱਚ ਅਸਰਾਨੀ ਨਾਲ ਹੱਥ ਮਿਲਾਉਣ ਦਾ ਠੁੱਚੂ ਮੈਂ ਵੀ ਲਾ ਲਿਆ। ਅਸੀਂ ਕੁਝ ਪਲ ਪੌੜੀਆਂ ਵਿੱਚ ਖੜ੍ਹੇ ਰਹੇ ਕਿ ਸ਼ਾਇਦ ਵੱਡੇ ਸਿਤਾਰੇ ਵੀ ਹੁਣ ਪੌੜੀਆਂ ‘ਚ ਉਤਰੇ ਕਿ ਉਤਰੇ। ਪਰ ਹੀਰੋ ਹੀਰੋਇਨਾਂ ਐਵੇਂ ਪੌੜੀਆਂ ਉਤਰਨ ਚੜ੍ਹਨ ਜਿਹੀ ਫਜ਼ੂਲ ਦੀ ਕਵਾਇਦ ‘ਚ ਨਹੀਂ ਪੈਂਦੇ। ਜਦ ਇਕ ਛੋਟਾ ਰੋਲ ਕਰਨ ਵਾਲਾ ਐਕਟਰ ਸਿਗਰਟਾਂ ਦੀ ਡੱਬੀ ਢੂੰਡ ਰਿਹਾ ਹੁੰਦਾ ਹੈ, ਹੀਰੋ-ਹੀਰਇਨਾਂ ਨੂੰ ਪੱਖੇ ਝੱਲੇ ਜਾ ਰਹੇ ਹੁੰਦੇ ਹਨ, ਪਟੇ ਵਾਹੇ ਜਾ ਰਹੇ ਹੁੰਦੇ ਹਨ, ਰਾਜੇਸ਼ ਖੰਨਾ ਵਰਗਾ ਵਿਸਕੀ ਦਾ ਸ਼ਰਬਤ ਪੀ ਰਿਹਾ ਹੁੰਦਾ ਹੈ। ਅਜਿਹਾ ਚਾਨਣ ਹੋਣ ਦੀ ਦੇਰ ਸੀ, ਅਸੀਂ ਭੱਜੇ ਰੀਡਿੰਗ ਹਾਲ ਵੱਲ ਤੇ ਜਾਂਦਿਆਂ ਹੀ ਇਕ ਦੂਸਰੇ ਤੋਂ ਅਲੱਗ ਦੂਰ ਦੂਰ ਕੁਰਸੀਆਂ ਮੱਲ ਲਈਆਂ। ਸ਼ੂਟਿੰਗ ਸ਼ੁਰੂ ਹੋਣ ਤੱਕ ਵੀ ਆਮ ਨਾਲੋਂ ਵੱਧ ਵਿਦਿਆਰਥੀ ਨਹੀਂ ਸੀ ਪਹੁੰਚੇ। ਇਸ ਦਾ ਮਤਲਬ ਸੀ ਕਿ ਜਾਂ ਤਾਂ ਇਸ ਗੱਲ ਦਾ ਹਰ ਇਕ ਨੂੰ ਪਤਾ ਨਹੀਂ ਸੀ ਲੱਗਾ ਜਾਂ ਲਾਇਬਰੇਰੀ ਦਾ ਗੇਟ ਬੰਦ ਕਰ ਦਿੱਤਾ ਗਿਆ ਹੋਵੇਗਾ। ਅਸੀਂ ਆਪਣੀ ਖ਼ੁਸ਼ਕਿਸਮਤੀ ਤੇ ਬਾਗ਼ੋ-ਬਾਗ਼ ਸਾਂ।
-----
ਹਾਲ ਦੇ ਇਕ ਖੂੰਜੇ ‘ਚ ਖੜ੍ਹ ਕੇ ਫਿਲਮ ਦੇ ਡਾਇਰੈਕਟਰ ਬੀ.ਆਰ. ਚੋਪੜਾ ਨੇ ਚਾਰੇ ਪਾਸੇ ਇਕ ਬਾਜ਼ ਦੀ ਨਜ਼ਰ ਘੁਮਾਈ ਤੇ ਮੇਰੇ ‘ਤੇ ਖ਼ਤਮ ਕੀਤੀ। ਫਿਰ ਮਲਕੜੇ ਜਿਹੇ ਮੇਰੇ ਕੋਲ ਆ ਕੇ ਕਹਿਣ ਲੱਗਾ, "ਤੁਸੀਂ ਵਿਦਿਆ ਸਿਨਹਾ ਦੇ ਨਾਲ ਵਾਲੀ ਸੀਟ ਤੇ ਬੈਠ ਜਾਓਗੇ?" ਮੇਰਾ ਤਾਂ ਜਿਵੇਂ ਕੰਨ ਸੇਕਿਆ ਗਿਆ ਹੋਵੇ। ਮੈਨੂੰ ਯਕੀਨ ਨਾ ਆਵੇ ਜੋ ਮੈਂ ਸੁਣਿਆ। ਪਰ ਦੂਜੇ ਪਲ ਮੈਨੂੰ ਜਿਵੇਂ ਸੰਗ ਆ ਗਈ। ਕੋਈ ਹੋਰ ਹੁੰਦਾ, ਅਮਰੀਕ ਗਿੱਲ ਵਰਗਾ, ਉਸਨੇ ਪਾਂਧਾ ਨਹੀਂ ਸੀ ਪੁੱਛਣਾ, ਉਠਕੇ ਕਹਿਣਾ ਸੀ, ਦੱਸੋ ਜੀ ਕਿੱਥੇ ਬੈਠੀ ਹੈ ਵਿਦਿਆ ਸਿਨਹਾ? ਪਰ ਜਿੰਦਗੀ ‘ਚ ਆਪਣੀ ਏਹੀ ਤਾਂ ਘਾਟ ਰਹੀ ਹੈ। ਛੱਤ ਪਾਟਕੇ ਆਈ ਨਿਆਮਤ ਵੀ ਛਕਣ ਤੋਂ ਕਤਰਾਉਣ ਲੱਗ ਪੈਂਦਾ ਹਾਂ। ਮੈਨੂੰ ਕੁਝ ਬਹਾਨਾ ਨਹੀਂ ਸੀ ਔੜ ਰਿਹਾ। ਮਨ ਵਿੱਚ ਮਹਿਸੂਸ ਹੋ ਰਹੇ ਸੰਗ ਦੇ ਭਾਵਾਂ ਤੋਂ ਖੰਘ ਦਾ ਖ਼ਿਆਲ ਆਉਂਦਿਆਂ ਹੀ ਮੈਂ ਬਨਾਵਟੀ ਖੰਘ ਖੰਘਦਾ ਬੋਲਿਆ,"ਜੀ ਮੈਨੂੰ ਤਾ ਬਹੁਤ ਖੰਘ ਹੋਈ ਹੋਈ ਹੈ, ਐਵੇਂ ਮੇਰੇ ਤੇ ਕੈਮਰਾ ਟਿਕਾਉਂਦਿਆਂ ਛਿੜ ਪਈ ਤਾਂ ਤੁਹਾਡਾ ਸੀਨ ਖ਼ਰਾਬ ਹੋਵੇਗਾ।" ਡਾਇਰੈਕਟਰ ਮੇਰੀ ਤਕਲੀਫ਼ ਸਮਝ ਗਿਆ ਤੇ ਹੱਸਦਾ ਹੋਇਆ ਕਿਸੇ ਹੋਰ ਪਾੜ੍ਹੇ ਵੱਲ ਚਲੇ ਗਿਆ। ਪਰ ਉਸਦੇ ਝੱਟ ਹੀ ਜਾਣ ਪਿਛੋਂ ਮੈਨੂੰ ਆਪਣੇ ਕੀਤੇ ਇਨਕਾਰ ਕਾਰਨ ਬਹੁਤ ਪਛਤਾਵਾ ਲੱਗਾ। ਆਪਣੇ ਆਪ ਨੂੰ ਕੋਸੀ ਜਾਵਾਂ, ਹੁਣ ਕੋਈ ਝੁੱਡੂ ਜਿਹਾ ਵਿਦਿਆ ਸਿਨਹਾ ਦੀਆਂ ਖ਼ੁਸ਼ਬੂਆਂ ਸੁੰਘ ਰਿਹਾ ਹੋਣਾ। ਸ਼ੂਟਿੰਗ ਮੈਂ ਕੀ ਦੇਖਣੀ ਸੀ, ਘੰਟਾ ਭਰ ਕਿਤਾਬ ‘ਚ ਹੀ ਸਿਰ-ਮੂੰਹ ਖੋਭੀ ਛੱਡੇ।
-----
ਜਦ ਹੋਸਟਲ ਚ ਆਕੇ ਮੈਂ ਦੋਸਤਾਂ ਨੂੰ ਆਪਣੀ ਹਮਾਕਤ ਦਾ ਕਿੱਸਾ ਸੁਣਾਇਆ ਤਾਂ ਉਹ ਕਚੀਚੀਆਂ ਵੱਟਣ ਲੱਗ ਪਏ; ਕਈਆਂ ਨੇ ਮੁੱਕੇ ਵੱਟ ਲਏ; ਮੇਰੇ ਮੰਜੇ ਤੇ ਪਏ ਦੇ ਹੂਰਿਆਂ, ਲੱਤਾਂ, ਸਿਰਹਾਣਿਆਂ ਦੀ ਝੜੀ ਲੱਗ ਗਈ। ਉਹ ਝਈਆਂ ਲੈ ਲੈ ਪੈ ਰਹੇ ਸਨ- ਮੈਂ ਸੁਨਹਿਰੀ ਮੌਕਾ ਕਿਉਂ ਗਵਾਇਆ? ਮੈਂ ਕੱਖੋਂ ਹੌਲਾ ਹੋਇਆ ਪਿਆ ਸਾਂ। ਅਖੀਰ ਫਿਲਮੀ ਡਾਇਲਾਗ ਝਾੜਨਾ ਪਿਆ,"ਜਾਨੇ ਭੀ ਦੋ ਯਾਰੋ, ਅਬ ਜਾਨੇ ਭੀ ਦੋ।" ਉਹ ਦਿਨ ਗਿਆ ਤੇ ਆਹ ਆਇਆ, ਨਾ ਮੈਨੂੰ ਮੁੜ ਹਿੰਦੁਸਤਾਨ ‘ਚ ਰਹਿੰਦਿਆਂ ਬਾਲੀਵੁੱਡ ਵਿੱਚ ਕੰਮ ਦੀ ਪੇਸ਼ਕਸ਼ ਹੋਈ ਤੇ ਨਾ ਅਮਰੀਕਾ ਆਕੇ ਹਾਲੀਵੁੱਡ ‘ਚ। ਹੁਣ ਤਾਂ ਇਹ ਹਾਲ ਹੈ ਕਿ ਮਜ਼ਦੂਰੀ ਵੀ ਨਹੀਂ ਮਿਲਦੀ।
-----
ਮਜ਼ਦੂਰੀ ਨਾ ਮਿਲਣ ਦੀ ਗੱਲ ਮੈਂ ਐਵੇਂ ਨਹੀਂ ਕਹੀ। ਜਦ ਦਾ ਆਹ ਚੰਦਰਾ ਰੀਸੈਸ਼ਨ ਆਇਆ ਹੈ, ਆਟੋ ਇੰਡਸਟਰੀ ਦਾ ਗੜ੍ਹ ਮਿਸ਼ੀਗਨ ਹੁਣ ਕਾਰਾਂ ਦੀ ਥਾਂ ਬੇਕਾਰ ਬਣਾ ਰਿਹਾ ਹੈ। ਬੇਰੁਜ਼ਗਾਰੀ ਦੀ ਦਰ 16% ਤੱਕ ਹੈ ਤੇ ਅਰਥਸ਼ਾਸਤਰੀ ਕਹਿ ਰਹੇ ਹਨ ਕਿ ਮਿਸ਼ੀਗਨ ਦਾ ਆਟੋ-ਇੰਡਸਟਰੀ ਵਜੋਂ ਜਾਣੇ ਜਾਣ ਵਾਲੀ ਗੱਲ ਹੁਣ ਭੁੱਲ ਜਾਉ। ਇਹ ਰਾਜ ਹੁਣ ਹੋਰ ਪਾਸੇ ਹੱਥ ਪੈਰ ਮਾਰ ਰਿਹਾ ਹੈ ਜਿਨ੍ਹਾਂ ਵਿਚੋਂ ਇਕ ਹੈ ਫਿਲਮ ਇੰਡਸਟਰੀ ਨੂੰ ਉਤਸ਼ਾਹਤ ਕਰਨ ਦਾ ਸ਼ੋਸ਼ਾ। ਦੱਸਿਆ ਜਾਂਦਾ ਹੈ ਕਿ ਮਿਸ਼ੀਗਨ ਹੁਣ ਫਿਲਮ ਇੰਡਸਟਰੀ ਪੱਖੋਂ ਤੀਜੇ ਨੰਬਰ ਤੇ ਆ ਗਿਆ ਹੈ। ਏਥੇ ਫਿਲਮਾਂ ਬਣਾਉਣ ਵਾਲਿਆਂ ਨੂੰ 40-42% ਟੈਕਸ ਰੀਬੇਟ ਤੋਂ ਇਲਾਵਾ ਹੋਰ ਸਹੂਲਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਕਹਿੰਦੇ ਹਨ ਵੀਰਾਨ ਹੋ ਚੁਕੇ ਸ਼ਹਿਰ ਡਿਟਰਾਇਟ ਦੀਆਂ ਉਜੜੀਆਂ ਇਮਾਰਤਾਂ, ਭੂਤਵਾੜੇ ਤੇ ਖੋਲ਼ੇ ਡਰਾਉਣੀਆਂ ਤੇ ਭੂਤਾਂ ਪਰੇਤਾਂ ਵਾਲੀਆਂ ਫਿਲਮਾਂ ਲਈ ਬਹੁਤ ਢੁਕਵੇਂ ਲੋਕੇਸ਼ਨ ਸਾਬਤ ਹੋ ਸਕਦੇ ਹਨ। ਇਸ ਪ੍ਰਲੋਭਨ ‘ਚ ਆਏ ਕਈ ਫਿਲਮ ਨਿਰਮਾਤਾਵਾਂ ਨੇ ਏਥੇ ਕੁਝ ਪੂਰੀਆਂ ਤੇ ਕੁਝ ਅੱਧ-ਪਚੱਧੀਆਂ ਫਿਲਮਾਂ ਬਣਾਈਆਂ। ਮੌਕੇ ਦਾ ਲਾਹਾ ਚੁੱਕਦਿਆਂ ਬਣ ਰਹੀ ਫਿਲਮ ਸਕਰੀਮ4 ਦੇ ਨਿਰਮਾਤਾ ਵੀ ਡੇਰਾ ਡੰਡਾ ਚੁੱਕ ਕੇ ਮਿਸ਼ੀਗਨ ਦੇ ਸ਼ਹਿਰਾਂ ਵੱਲ ਦੌੜੇ ਆਏ। ਪਿਛਲੇ ਦਿਨਾਂ ਵਿੱਚ ਡਿਟਰਾਇਟ ਖ਼ਾਸ, ਡੀਅਰਬਾਰਨ ਤੇ ਨਾਰਥਵਿਲ ਵਿੱਚ ਇਸ ਫਿਲਮ ਦੇ ਸੀਨ ਫਿਲਮਾਏ ਜਾ ਚੁੱਕੇ ਸਨ। ਖ਼ਬਰਾਂ ਆਈਆਂ ਕਿ ਮੇਰੇ ਸ਼ਹਿਰ ਪਲਿਮਥ ਦੇ ਡਾਊਨਟਾਊਨ ਵਿੱਚ ਵੀ ਸੋਮਵਾਰ ਤੇ ਮੰਗਲਵਾਰ ਸ਼ੂਟਿੰਗਾਂ ਹੋਣਗੀਆਂ। ਮੈਂ ਤਾਂ ਅਕਸਰ ਹੀ ਡਾਊਨਟਾਊਨ ਸੈਰ ਕਰਨ ਜਾਂਦਾ ਰਹਿੰਦਾ ਹਾਂ। ਪਤਨੀ ਨੂੰ ਨਾ ਸੈਰ ਕਰਨ ਦਾ ਸ਼ੌਕ ਹੈ ਤੇ ਨਾ ਸ਼ੂਟਿੰਗ ਦੇਖਣ ਦਾ; ਬੁੱਧੂ ਡੱਬਾ ਭਾਵੇਂ ਉਸ ਦੀਆਂ ਅੱਖਾਂ ਅੱਗੇ ਚੱਤੋ ਪਹਿਰ ਬੰਨ੍ਹੀ ਰੱਖੋ। ਇਉਂ ਲਗਦਾ ਹੈ ਮੇਰੀ ਬੀਵੀ ਤੇ ਟੀਵੀ ਇਕ ਦੂਜੇ ਲਈ ਬਣੇ ਹਨ, ਮੈਂ ਤਾਂ ਐਵੇਂ ਤਿਕੋਨ ਬਣਾਈ ਬੈਠਾਂ। ਫਿਲਮ ਉਸਨੇ 'ਜੈ ਸੰਤੋਸ਼ੀ ਮਾਂ' 'ਪੰਡਿਤ ਔਰ ਪਹਿਲਵਾਨ', 'ਮੱਘਾ ਜੱਟ ਦਾ' ਵੀ ਨਹੀਂ ਛੱਡੀ। ਸਕਰੀਮ 1 ਤੋਂ ਲੈ ਕੇ 3 ਤੱਕ ਸਾਰੀਆਂ ਦੇਖ ਸੁੱਟੀਆਂ ਹਨ। ਨਾਲੇ ਉਸਨੂੰ ਵਿਦਿਆ ਸਿਨਹਾ-ਲਾਇਬਰੇਰੀ-ਖੰਘ ਵਾਲੀ ਗੱਲ ਤੋਂ ਮੇਰੇ ਇਖ਼ਲਾਕ ਦੀ ਬੁਲੰਦੀ( ਕਮਜ਼ੋਰੀ?) ਦਾ ਖ਼ੂਬ ਅਨੁਮਾਨ ਲੱਗ ਚੁੱਕਾ ਸੀ। ਇਸ ਉਮਰ ਵਿੱਚ ਤਾਂ ਮੈਂ ਵੈਸੇ ਵੀ ਕਿਹੜਾ ਖੋਹਣ ਖੋਹਣਾ ਹੈ। ਉਸਨੇ ਮੈਨੂੰ ਇਕੱਲਿਆਂ ਸ਼ੂਟਿੰਗ ਦੇਖਣ ਦੀ ਖੁੱਲ੍ਹ ਦੇ ਦਿਤੀ।
-----
ਡਾਇਰੈਕਟਰ ਵੈਸ ਕਰੇਨ ਦੇ ਨਿਰਦੇਸ਼ਨ ਅਧੀਨ ਬਣੀਆਂ ਸਕਰੀਮ ਲੜੀ ਦੀਆਂ ਫਿਲਮਾਂ ਹੌਲਨਾਕ, ਸਨਸਨੀਖ਼ੇਜ਼ ਤੇ ਕਾਲੇ ਉਪਹਾਸ ਨਾਲ ਪਰੁੱਚੀਆਂ ਹੁੰਦੀਆਂ ਹਨ। ਕਥਾਨਕ-ਅੰਦਰ-ਕਥਾਨਕ ਛਿੜਦੇ ਜਾਂਦੇ ਹਨ। ਸ਼ਾਂ ਸ਼ਾਂ... ਟਰਨ ਟਰਨ...ਠਾਹ ਠਾਹ... ਰਕਤਪਾਤ....- ਦਰਸ਼ਕ ਸਾਰੀ ਫਿਲਮ ਦੌਰਾਨ ਸਾਹ ਚੜ੍ਹਾਈ ਰਖਦਾ ਹੈ। ਕ਼ਾਤਿਲਾਂ ਨੇ ਕਾਲੇ ਮੁਖੌਟੇ ਪਾਏ ਹੁੰਦੇ ਹਨ ਤੇ ਸਾਰੀ ਸੁਨਸੁਨੀ ‘ਚ ਏਹੀ ਨਹੀਂ ਪਤਾ ਲਗਦਾ ਕਿ ਖ਼ੂਨ ਕਿਸ ਨੇ ਕੀਤਾ ਹੈ। ਹਾਸੇ ਦੇ ਮੜਾਸੇ ਨਾਲੋ ਨਾਲ ਵਿਆਪਦੇ ਹਨ। ਮੈਂ ਆਪ ਤਾਂ ਇਕੋ ਸਕਰੀਮ ਹੀ ਦੇਖੀ ਹੈ ਤੇ ਉਸਦਾ ਵੀ ਕੱਖ ਯਾਦ ਨਹੀਂ। ਬਾਕੀ ਸਾਰੀਆਂ ਦੇ ਵੇਰਵੇ ਘਰ ਵਾਲੀ ਤੋਂ ਹੀ ਸੁਣੇ ਹਨ।
-----
ਕੁਝ ਵੀ ਹੋਵੇ, ਮੈਂ ਤਾਂ ਸ਼ੂਟਿੰਗ ਦੇਖਣ ਚੱਲਿਆ ਸਾਂ ਸਿਰਫ਼ ਇਸਦੀ 46 ਸਾਲਾ ਧਮਾਕੇਦਾਰ ਐਕਟਰੈਸ ਕੋਟਨੀ ਕਾਕਸ ਦੇ ਦਰਸ਼ਨਾਂ ਨਮਿਤ। ਕੋਟਨੀ ਕਾਕਸ, ਇਕ ਜ਼ਬਰਦਸਤ ਮਨੋਵੇਗਾਂ ਨਾਲ ਸਰਸ਼ਾਰ ਖ਼ਬਤੀ ਔਰਤ ਦਾ ਰੋਲ ਨਿਭਾਉਣ ਵਾਲੀ ਕਮਾਲ ਦੀ ਐਕਟਰੈਸ। ਡਾਊਨਟਾਊਨ ਪੁੱਜਾ ਤਾਂ ਦੇਖਿਆ, ਐਨ ਕੇਂਦਰ ਵਿੱਚ ਸਥਿਤ ਕੈਲੌਗਜ਼ ਪਾਰਕ ਦੇ ਕਈ ਦਰਖ਼ਤਾਂ, ਖੰਭਿਆਂ, ਤਾਰਾਂ ਆਦਿ ਤੇ ਡਰਨਿਆਂ ਵਰਗੇ ਕਾਲੇ ਮੁਖੌਟੇ ਟੰਗੇ ਹੋਏ ਸਨ। ਹੈਲੋਵੀਨ ਵਰਗਾ ਵਚਿਤਰ ਮਾਹੌਲ ਸਿਰਜਿਆ ਗਿਆ ਸੀ। ਥੋੜਾ ਅੱਗੇ ਵਧਿਆ ਤਾਂ ਅੰਦਰ ਨੂੰ ਜਾਣ ਵਾਲੀ ਸੜਕ ਦੇ ਸ਼ੁਰੂ ਵਿੱਚ ਇਕ ਨੋਟਿਸ ਬੋਰਡ ਰੱਖਿਆ ਹੋਇਆ ਦੇਖਿਆ ਜਿਸ ਦੀ ਇਬਾਰਤ ਕੁਝ ਇਸ ਤਰਾਂ ਸੀ:
ਰਜ਼ਾਮੰਦੀ ਦਾ ਨੋਟਿਸ
-----
ਨੈਕਸਟ ਫਿਲਮਜ਼ ਇਨਕਾਰਪਰੇਸ਼ਨ ਵਲੋਂ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ। ਹੋਰ ਅਗੇਰੇ ਜਾਣ ਤੋਂ ਪਹਿਲਾਂ ਪੜ੍ਹਿਆ ਵਿਚਾਰ ਲਵੋ। ਚਲਦੀ ਸ਼ੂਟਿੰਗ ਦੌਰਾਨ ਕੈਮਰਾ ਤੁਹਾਡੇ ਸਰੀਰ ਦੀ ਪੂਰੀ ਜਾਂ ਅਧਪਚੱਧੀ ਤਸਵੀਰ ਖਿੱਚ ਸਕਦਾ ਹੈ। ਤੁਹਾਡੇ ਸਰੀਰ ਤੋਂ ਪੈਦਾ ਹੁੰਦੀ ਮਹੀਨ ਤੋਂ ਮਹੀਨ ਆਵਾਜ਼ ਰਿਕਾਰਡ ਹੋ ਸਕਦੀ ਹੈ ਜਾਂ ਕੀਤੀ ਜਾ ਸਕਦੀ ਹੈ। ਸ਼ੂਟਿੰਗ ਖੇਤਰ ‘ਚ ਵੜਨ ਦਾ ਮਤਲਬ ਹੈ ਤੁਸੀਂ ਇਨਕਾਰਪਰੇਸ਼ਨ ਤੇ ਉਸਦੇ ਉਤਰਾਧਿਕਾਰੀਆਂ, ਮੁਖ਼ਤਿਆਰਾਂ, ਲਾਇਸੈਂਸਧਾਰੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਆਪਣੀਆਂ ਤਸਵੀਰਾਂ ਅਤੇ ਰਿਕਾਰਡ ਹੋਈਆਂ ਆਵਾਜ਼ਾਂ ਨੂੰ ਵਰਤਣ ਦਾ ਅਧਿਕਾਰ ਦੇਣ ਲਈ ਰਜ਼ਾਮੰਦ ਹੋ। ਇਸ ਸਭ ਕੁਝ ਨੂੰ ਅਸੀਂ ਦੁਨੀਆ ਭਰ ਵਿੱਚ, ਹਰ ਤਰਾਂ ਨਾਲ ਤੋੜ ਮਰੋੜ ਕੇ ਹਰ ਤਰਾਂ ਦੇ ਮੀਡੀਆ ਵਿੱਚ ਹਮੇਸ਼ਾ ਹਮੇਸ਼ਾ ਲਈ ਵਰਤ ਸਕਦੇ ਹਾਂ। ਇਨ੍ਹਾਂ ਸਾਰੀਆਂ ਫੋਟੋਆਂ ਤੇ ਭਰੀਆਂ ਹੋਈਆਂ ਅਵਾਜ਼ਾਂ ਉਤੇ ਸਿਰਫ਼ ਅਤੇ ਸਿਰਫ਼ ਨੈਕਸਟ ਫਿਲਮਜ਼ ਇਨਕਾਰਪੋਰੇਸਨ ਦਾ ਅਧਿਕਾਰ ਹੈ। ਇਨਕਾਰਪੋਰੇਸ਼ਨ, ਇਸ ਦੇ ਉਤਰਾਅਧਿਕਾਰੀ, ਮੁਖ਼ਤਿਆਰ, ਲਇਸੈਂਸਧਾਰੀ ਤੁਹਾਡੇ ਵੱਲ ਕਿਸੇ ਵੀ ਤਰਾਂ ਦੀ ਦੇਣਦਾਰੀ ਤੋਂ ਰਹਿੰਦੀ ਦੁਨੀਆ ਤੱਕ ਮੁਕਤ ਹੋਣਗੇ। ਤੁਸੀਂ ਕਿਸੇ ਤਰਾਂ ਦੇ ਮਾਇਕ ਜਾਂ ਹੋਰ ਤਰਾਂ ਦੇ ਇਵਜ਼ਾਨੇ ਦਾ ਕਦੇ ਦਾਅਵਾ ਨਹੀਂ ਕਰ ਸਕਦੇ। ਜੇ ਤੁਸੀਂ ਉਪਰੋਕਤ ਦੇ ਪਾਬੰਦ ਨਹੀਂ ਰਹਿਣਾ ਚਾਹੁੰਦੇ ਤਾਂ, ਅੰਦਰ ਨਾ ਜਾਓ।
-----
ਨੋਟਿਸ ਪੜ੍ਹ ਕੇ ਇਕ ਦਮ ਤਾਂ ਮੈਂ ਡਰ ਗਿਆ, ਫਿਲਮ ਦੀ ਸ਼ੂਟਿੰਗ ਹੈ ਜਾਂ ਕੋਈ ਚਾਂਦਮਾਰੀ ? ਲੋਕਾਂ ਦੀਆਂ ਅਰਧ-ਤਸਵੀਰਾਂ ਤੇ ਪੈੜ-ਚਾਪਾਂ ਦੀ ਵੀ ਇਸ ਦੇਸ ਵਿੱਚ ਏਨੀ ਕੀਮਤ ਹੈ। ਜ਼ਰੂਰ ਕਿਸੇ ਨੇ ਕਿਸੇ ਵੇਲੇ ਫਿਲਮ ਚ ਆਪਣੀ ਮਨਹੂਸ ਤਸਵੀਰ ਦੇਖਕੇ ਫਿਲਮ ਨਿਰਮਾਤਾਵਾਂ ਉਤੇ ਨਿੱਜੀ ਜ਼ਿੰਦਗੀ ਦੇ ਅਧਿਕਾਰਾਂ ਵਾਲੇ ਕਾਨੂੰਨ ਅਧੀਨ ਦਾਅਵਾ ਠੋਕ ਕੇ ਮਿਲੀਅਨ ਵਸੂਲ ਲਿਆ ਹੋਣਾ ਹੈ। ਆਪਣੇ ਦੇਸ ਵਿੱਚ ਤਾਂ ਕਿਤੇ ਫਿਲਮ ‘ਚ ਨਹੁੰ ਵੀ ਅੜੁੰਗਿਆ ਜਾਵੇ ਤਾਂ ਧੰਨ ਭਾਗ ਸਮਝੇ ਜਾਣਗੇ।... ਪਾਰਕ ਦੇ ਦੂਜੇ ਬੰਨੇ ਏਥੋਂ ਕੋਈ ਇਕ ਫਰਲਾਂਗ ਦੀ ਵਿੱਥ ‘ਤੇ ਐਨਾਰਬਰ ਟਰੇਲ ਤੇ ਸਥਿਤ ਇਕ ਬਾਕਸ ਬਾਰ ਦੇ ਨਾਲ ਪੋਲੀਸ ਸਟੇਸ਼ਨ ਦਾ ਢਾਂਚਾ ਖੜ੍ਹਾ ਕੀਤਾ ਗਿਆ ਸੀ। ਇਹ ਪੋਲੀਸ ਸਟੇਸ਼ਨ ਅਸਲ ਵਿੱਚ ਫਿਲਮ ‘ਚ ਆਏ ਕੈਲੀਫੋਰਨੀਆ ਦੇ ਕਾਲਪਨਿਕ ਸ਼ਹਿਰ ਵੁਡਜ਼ਬੌਰੋ ਦਾ ਹੈ। ਢਾਂਚੇ ਵਿੱਚ ਥਾਣੇ ਦਾ ਸਿਰਫ ਸਾਹਮਣਲਾ ਮੁੱਖ ਹੀ ਖੜ੍ਹਾ ਕੀਤਾ ਗਿਆ ਸੀ, ਅੰਦਰਲੇ ਵਾਕਿਆਤ ਪਹਿਲਾਂ ਹੀ ਨਾਰਥਵਿਲ ਦੀ ਇਕ ਵੀਰਾਨ ਕਚਿਹਰੀ ਵਿੱਚ ਫਿਲਮਾਏ ਜਾ ਚੁਕੇ ਸਨ। ਫਿਲਮ ਦਾ ਐਕਸ਼ਨ ਇਸ ਢਾਂਚੇ ਦੁਆਲੇ ਹੋ ਰਿਹਾ ਸੀ ਜਿਸ ਨੂੰ ਕਾਸ਼ਨ ਵਾਲੀ ਟੇਪ ਨਾਲ ਵਗਲ਼ ਦਿੱਤਾ ਗਿਆ ਸੀ। ਚਾਰੇ ਪਾਸੇ ਥਾਣੇ ਦਾ ਪ੍ਰਭਾਵ ਦੇਣ ਲਈ ਵੁਡਜ਼ਬੌਰੋ ਪੋਲੀਸ ਦੀਆਂ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਸਨ। ਸ਼ੂਟਿੰਗ-ਦਰਸ਼ਕ ਵਲਗਣ ਦੇ ਨਾਲ ਨਾਲ ਖੜ੍ਹੇ ਸਨ। ਮੈਂ ਫਾਸਟ ਫਾਰਵਰਡ ਹੋਇਆ ਤੇ ਦਰਸ਼ਕਾਂ ਵਿਚਕਾਰ ਖੜ੍ਹਾ ਹੋ ਗਿਆ। ਜੋ ਸੀਨ ਫਿਲਮਾਇਆ ਜਾ ਰਿਹਾ ਸੀ ਉਸ ਵਿੱਚ ਜਾਮਨੀ ਰੰਗ ਦਾ ਕੱਸਵਾਂ ਡਰੈਸ ਪਹਿਨੇ ਐਕਟਰੈਸ ਕੋਟਨੀ ਕਾਕਸ ਆਪਣੀ ਸਾਥਣ ਹੇਡਨ ਪੈਨੇਟਿਅਰ ਨਾਲ ਵਾਰਤਾਲਾਪ ਕਰਦੀ ਪੋਲੀਸ ਸਟੇਸ਼ਨ ਦੇ ਅਗਾੜੀ ਵਾਲੀ ਫਰੰਟ ਵਾਕ ਤੇ ਤੇਜ਼ ਤੇਜ਼ ਤੁਰੀ ਜਾਂਦੀ ਹੈ। ਉਸਦੇ ਨਾਲ ਨਾਲ ਭੱਜ ਰਹੇ ਹਨ ਲਾਈਟ ਰਿਫਲੈਕਟਰ ਚੁੱਕਣ ਵਾਲੇ, ਕੈਮਰਾ ਮੈਨ ਤੇ ਹੋਰ ਲਾਣਾ। ਏਨੇ ਨੇੜੇ ਖੜ੍ਹ ਕੇ ਵੀ ਸੀਨ ਦਾ ਸਿਰਫ਼ ਝੌਲਾ ਹੀ ਪੈਂਦਾ ਸੀ। ਪਰ ਆਸ ਪਾਸ ਖੜ੍ਹੇ ਨੌਜਵਾਨ ਮੁੰਡੇ ਕੁੜੀਆਂ ਖ਼ੂਬ ਉਤੇਜਤ ਨਜ਼ਰ ਆ ਰਹੇ ਸਨ।
------
ਸਾਡੇ ਦੇਸ਼ ਵਾਂਗ ਉਧੜਧੂਮੀ ਤਾਂ ਨਹੀਂ ਸੀ ਪਰ ਫਿਰ ਵੀ ਫਿਲਮੀ ਐਕਟਰ ਐਕਟਰਸਾਂ ਨੂੰ ਨੇੜਿਓਂ ਦੇਖਣ ਦੀ ਉਤਸੁਕਤਾ ਘਟ ਨਹੀਂ ਸੀ। ਸਕਿਉਰਟੀ ਵਾਲੇ ਸਭ ਨੂੰ ਬਾਰ ਬਾਰ ਚੁੱਪ ਰਹਿਣ ਲਈ ਕਹਿ ਰਹੇ ਸਨ ਤਾਂ ਕਿ ਸ਼ੂਟਿੰਗ ਵਿੱਚ ਵਿਘਨ ਨਾ ਪਵੇ ਪਰ ਕਈਆਂ ਦੇ ਲਿਆਂਦੇ ਹੋਏ ਕੁਤੇ ਭੌਂਕਣੋਂ ਨਹੀਂ ਸੀ ਹਟ ਰਹੇ। ਦਰਸ਼ਕਾਂ ਦੇ ਕੈਮਰੇ ਅਲੱਗ ਟਰਰ ਟਰਰ ਕਰ ਰਹੇ ਸਨ। ਦਿਸਦਾ ਤਾਂ ਕੁਝ ਘਟ ਹੀ ਸੀ ਫਿਰ ਵੀ ਕਈ ਆਪਣੇ ਦੋਸਤਾਂ ਮਿੱਤਰਾਂ ਨੂੰ ਲਗਾਤਾਰ ਸੈਲ ਫੋਨ ਤੇ ਸਾਰੀ ਖ਼ਬਰ ਦੇਈ ਜਾ ਰਹੇ ਸਨ। ਇਕ ਅਧਖੜ੍ਹ ਇਸਤਰੀ ਨੇ ਪੂਰੀ ਸ਼ੂਟਿੰਗ ਦੌਰਾਨ ਫੋਨ ਤੇ ਲਾਈਵ ਕਮੈਂਟਰੀ ਬੰਦ ਨਾ ਕੀਤੀ। ਕੁਝ ਲੋਕ ਪਾਰਕ ਵਿੱਚ ਨਾਲ ਦੀ ਨਾਲ ਪਿਕਨਿਕ ਮਨਾਉਣ ਲੱਗੇ ਹੋਏ ਸਨ। ਮੇਰਾ ਖ਼ਿਆਲ ਹੈ ਕਿ ਘੱਟੋ ਘਟ ਦੋ ਦਰਜਨ ਰੀਟੇਕ ਹੋਏ ਤਾਂ ਜਾ ਕੇ ਸੀਨ ਸੂਤ ਬੈਠਾ। ਮੈਂ ਕੋਟਨੀ ਕਾਕਸ ਦੇ ਹੁਸਨ ਦਾ ਸਮੂਲਚਾ ਘੁਟ ਭਰਨ ਲਈ ਕਈ ਆਸਣ ਤੇ ਜ਼ਾਵੀਏ ਬਦਲੇ ਪਰ ਨਸੀਬ ਵਿੱਚ ਕਦੇ ਉਸਦਾ ਸਿਰ, ਕਦੇ ਲੱਤਾਂ, ਕਦੇ ਬਾਹਵਾਂ ਤੇ ਕਦੇ ਸੈਂਡਲ ਹੀ ਜੁੜਦੇ। ਮੇਰੇ ਅੰਦਰ ਬੁਝੀ ਹੋਈ ਜਵਾਨੀ ਦੀ ਜਵਾਲਾ ਧੁਖਣ ਲੱਗ ਪਈ। ਕੋਈ ਦੋ ਕੁ ਘੰਟੇ ਦੀ ਝਖ ਝਖ ਪਿਛੋਂ ਸ਼ੂਟਿੰਗ ਬੰਦ ਕਰ ਦਿੱਤੀ ਗਈ। ਬਰੇਕ ਦਾ ਟਾਈਮ ਆ ਗਿਆ ਸੀ। ਸਾਰਾ ਅਮਲਾ ਏਧਰ ਉਧਰ ਕੈਲੌਗ ਪਾਰਕ ਵਿੱਚ ਆ ਚੁੱਕਾ ਸੀ। ਕੋਈ ਕੋਕ ਪੀਣ ਲੱਗਾ, ਕੋਈ ਆਈਸ ਕਰੀਮ ਤੇ ਕੋਈ ਉਂਝ ਹੀ ਅਮਰੀਕੀ ਮਸਤੀਆਂ ਖਰਮਸਤੀਆਂ। ਅਚਾਨਕ ਇਕ ਬਿਜਲੀ ਦੀ ਤਰਾਂ ਕੋਟਨੀ ਕਾਕਸ ਫੋਨ ਕੰਨ ਤੇ ਰੱਖੀ ਪਾਰਕ ਵੱਲ ਵਧੀ ਤੇ ਇਕ ਬੈਂਚ ਤੇ ਬੈਠ ਕੇ ਫੋਨ ‘ਚ ਰੁੱਝ ਗਈ। ਇਹ ਜਗਹ ਮੇਰੇ ਕੋਲੋਂ ਮਸਾਂ ਦਸ ਬਾਰਾਂ ਫੁੱਟ ਤੇ ਸੀ, ਨਹੀਂ ਬੱਸ ਚੰਦ ਇਕ ਕਦਮਾਂ ਤੇ ਹੀ; ਅਤੇ ਦਰਮਿਆਨ ਕੋਈ ਲਾਈਟ ਰਿਫ਼ਲੈਕਟਰ ਨਹੀਂ ਸੀ, ਕਿਸੇ ਕੈਮਰਾਮੈਨ ਦੀ ਰੁਕਾਵਟ ਨਹੀ ਸੀ, ਬੱਸ ਕਾਸ਼ਨ ਵਾਲੀ ਪਤਲੀ ਟੇਪ ਤਾਣੀ ਹੋਈ ਸੀ। ਸ਼ਾਹ ਕਾਲੇ ਵਾਲਾਂ ਵਾਲੀ ਕੋਟਨੀ ਕਾਕਸ ਆਪਣੇ ਭਰਪੂਰ ਜਿਸਮ ਨਾਲ ਸਾਹਮਣੇ ਪੇਸ਼ ਪੇਸ਼ ਸੀ। ਇਸ ਉਮਰ ਵਿੱਚ ਵੀ ਉਸਦੀ ਸ਼ਖਖਸੀਅਤ ਵਿੱਚ ਮਿਕਨਾਤੀਸੀ ਖਿੱਚ ਸੀ। ਮੇਰੇ ਕੋਲ ਖੜ੍ਹੀਆਂ ਗੋਰੀਆਂ ਯੁਵਤੀਆਂ ਚੀਕਾਂ ਮਾਰਨ ਲੱਗੀਆਂ। ਕਈ ਨੱਚਣ ਟੱਪਣ ਲੱਗੀਆਂ। ਫੋਨ ਤੇ ਕੁਮੈਂਟਰੀ ਦੇ ਰਹੀ ਮਹਿਲਾ ਦੀ ਆਵਾਜ਼ ਹੋਰ ਤੇਜ਼ ਹੋ ਗਈ। ਉਸਦੇ ਮੂੰਹ ‘ਚੋਂ ਝੱਗ ਨਿਕਲਣ ਲੱਗ ਪਈ। ਕੁਝ ਗੋਰੀਆਂ ਲਾਚੜ ਗਈਆਂ, ਉਨ੍ਹਾਂ ਤੋਂ ਆਪਣਾ ਆਪ ਸਾਂਭਿਆ ਨਹੀਂ ਸੀ ਜਾਂਦਾ। ਅਚਾਨਕ ਉਹ ਇਕੋ ਆਵਾਜ਼ ਬਣਕੇ ਗਰਜੀਆਂ, "ਵੀ ਲਵ ਯੂ ਕਾਟਨੀ।" ਕਾਟਨੀ ਨੇ ਫੋਨ ਤੋਂ ਸਿਰ ਨਾ ਚੁਕਿਆ ਪਰ ਹੱਥ ਹਿਲਾ ਦਿਤੇ। ਕੁੜੀਆਂ ਖਿੜਪੁੜ ਗਈਆਂ ਤੇ ਤਾੜੀ ਮਾਰਨ ਲੱਗੀਆਂ। ਮੇਰੇ ਅੰਦਰਲਾ ਮਰਿਆ ਹੋਇਆ ਛੋਕਰਾ ਖਲਬਲੀ ਮਚਾਉਣ ਲੱਗਾ। ਵਿਦਿਆ ਸਿਨਹਾ ਨੂੰ ਠੁਕਰਾਏ ਪਲ ਮੇਰੇ ਸਿਰ ਤੇ ਸਵਾਰ ਹੋ ਗਏ ਤੇ ਆਪਣੇ ਆਪ ਤੇ ਘਿਣ ਜਿਹੀ ਆਈ। ਆਪਣੇ ਗਲੇ ਦਾ ਗੱਚ ਭਰ ਕੇ ਦੇਖਿਆ, ਇਸ ਵਿੱਚ ਕੋਈ ਖੰਘ-ਖੰਘਾਰ ਨਹੀਂ ਸੀ, ਸਾਰ ਪਾਰ ਇਕ ਦਮ ਸਾਫ਼, ਟੁਣਕਦਾ ਹੋਇਆ ਜਿਵੇਂ ਫੁਲਤਰੂ ਫੇਰਿਆ ਹੁੰਦਾ। ਅਧਖੜ੍ਹ ਤੋਂ ਇਕੀ ਸਾਲ ਦਾ ਬਣਿਆ ਪਿਆ ਪਰ ਤੋਲ ਰਿਹਾ ਸਾਂ ਮੈਂ। ਮੈਨੂੰ ਪਤਾ ਹੀ ਨਾ ਲੱਗਾ ਕਿਹੜੇ ਵੇਲੇ ਆਪਮੁਹਾਰੇ ਮੇਰੇ ਮੂੰਹੋਂ ਉਚੀ ਦੇਣੀ ਨਿਕਲਿਆ," ਆਈ ਲਵ ਯੂ ਕਾਟਨੀ।" ਤੇ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦ ਮੈਂ ਦੇਖਿਆ ਕਾਟਨੀ ਨੇ ਫੋਨ ਤੋਂ ਸਿਰ ਚੁਕਿਆ, ਤੇਜ਼ੀ ਨਾਲ ਹੱਥ ਹਿਲਾਏ ਤੇ ਬੋਲੀ ," ਆਈ ਲਵ ਯੂ ਟੂ।" ਉਸਦੇ ਬੁੱਲਾਂ ‘ਤੇ ਮੁਸਕਰਾਹਟ ਸੀ। ਸ਼ਾਇਦ ਉਸਨੂੰ ਕਿਸੇ ਮਰਦਾਵੀਂ 'ਲਵ ਯੂ' ਦੀ ਉਡੀਕ ਸੀ ਜਿਸ ਦਾ ਉਸਨੇ ਉਤਰ ਦੇਣਾ ਯੋਗ ਸਮਝਿਆ ਹੋਵੇ। ਗੋਰੀਆਂ ਮੇਰੇ ਵੱਲ ਬਿਟ ਬਿਟ ਦੇਖਣ ਲੱਗੀਆਂ, ਮੇਰੇ ਭੋਇੰ ‘ਤੇ ਪੈਰ ਨਹੀਂ ਸੀ ਟਿਕ ਰਹੇ ਤੇ ਮੈਂ ਲੜਖੜਾਉਂਦਾ ਕਿਸੇ ਤਰ੍ਹਾਂ ਵਾਪਸ ਘਰ ਆ ਗਿਆ।
No comments:
Post a Comment