ਲੇਖ – ਭਾਗ ਪਹਿਲਾ
ਜਦੋਂ ਕੋਈ ਮਨੁੱਖ ਕਾਰਗੁਜ਼ਾਰੀਆਂ ਕਰਦਾ ਜਾਂ ਮਾਅਰਕੇ ਮਾਰਦਾ ਹੈ ਤਾਂ ਉਸ ਦੀ ਸਫ਼ਲਤਾ ਕੇਵਲ ਦੋ ਭਾਗਾਂ ਵਿਚ ਵਿਭਾਜਿਤ ਹੁੰਦੀ ਹੈ, ਇਕ ਤਾਂ ਉਹ ਖੇਤਰ ਜੋ ਉਸ ਦੀ ਉਪਜੀਵਕਾ ਦਾ ਸਾਧਨ ਬਣਿਆ ਹੋਵੇ ਤੇ ਦੂਜਾ ਕੇਵਲ ਤੇ ਕੇਵਲ ਉਸਦਾ ਸ਼ੌਂਕ ਜੋ ਅਕਸਰ ਕਲਾ ਦੇ ਮਾਧਿਅਮ ਨਾਲ ਸਬੰਧਿਤ ਹੁੰਦਾ ਹੈ।ਇਹ ਗੱਲ ਵੱਖਰੀ ਹੈ ਕਿ ਇਨਸਾਨ ਦਾ ਰੁਜ਼ਗਾਰ ਜਾਂ ਕਲਾ ਕਿਸ ਕਿਸਮ ਦੀ ਹੈ।
-----
ਕਲਾ ਦਾ ਇਕ ਐਸਾ ਹੀ ਰੂਪ ਹੈ ਕਾਗ਼ਜ਼ ਦੀ ਸਤਹ ਉੱਤੇ ਕਲਮ ਨਾਲ ਸ਼ਿਲਪਕਾਰੀ ਕਰਨਾ… ਅੱਖਰਾਂ ਦਾ ਕਸੀਦਾ ਕੱਢਣਾ… ਅਲਫ਼ਾਜ਼ ਦੇ ਤੰਦ ਪਾਉਣੇ…, ਵਾਕਾਂ ਦੀਆਂ ਜਾਦੂਈ ਬੁਣਤੀਆਂ ਬੁਣਨੀਆਂ ਅਤੇ ਪੁਨਰ ਨਿਰਧਾਰਿਤ ਵਿਧਾ ਦੇ ਕੈਨਵਸ ਉੱਤੇ ਕਲਪਨਾ ਦੇ ਰੰਗ ਬਿਖੇਰਨੇ। ਇਹ ਕਲਾ ਉਨ੍ਹਾਂ ਹੱਥਾਂ ਨੂੰ ਨਸੀਬ ਹੁੰਦੀ ਹੈ ਜਿਨ੍ਹਾਂ ਨੂੰ ਕੁਦਰਤ ਨੇ ਸ਼ਫਾਅ ਬਖ਼ਸ਼ੀ ਹੋਵੇ, ਪ੍ਰਮਾਤਮਾ ਜਿਨ੍ਹਾਂ ’ਤੇ ਮਿਹਰਬਾਨ ਹੋਇਆ ਹੋਵੇ। ਦੁਸਰੀਆਂ ਭਾਸ਼ਾਵਾਂ ਵਾਂਗ ਪੰਜਾਬੀ ਅਦਬ ਨੇ ਵੀ ਬਹੁਤ ਅਦੀਬ ਪੈਦਾ ਕੀਤੇ ਹਨ। ‘ਪੱਤ ਝੜੇ ਪੁਰਾਣੇ ਨੀ ਰੁੱਤ ਨਵਿਆਂ ਦੀ ਆਈ ਆ’ ਦੇ ਸਿਧਾਂਤ ਅਨੁਸਾਰ ਅਨੇਕਾਂ ਸਾਹਿਤਕਾਰ ਆਏ, ਅਣਗਿਣਤ ਕਲਮਕਾਰ ਗਏ ਤੇ ਬੇਸ਼ੁਮਾਰ ਮੌਜੂਦ ਹਨ ਤੇ ਬੇਤਹਾਸ਼ਾ ਅੱਗੋਂ ਆਉਣਗੇ। ਪਰ ਚੰਦ ਕੁ ਦਸਤ-ਏ-ਮੁਬਾਰਕ ਅਜਿਹੇ ਹੁੰਦੇ ਹਨ ਕਿ ਉਨ੍ਹਾਂ ਦੀ ਪਕੜ ਵਿਚ ਆਈਆਂ ਕਲਮਾਂ ਇਤਿਹਾਸ ਸਿਰਜ ਦਿੰਦੀਆਂ ਹਨ ਤੇ ਲੇਖਣੀ ਦੀਆਂ ਪੈੜਾਂ ਦੀ ਅਮਿੱਟ ਛਾਪ ਗੱਡ ਦਿੰਦੇ ਹਨ ਉਹ ਹੱਥ।ਇਥੇ ਮੈਨੂੰ ਮਿਰਜ਼ਾ ਗ਼ਾਲਿਬ ਦੀ ਗ਼ਜ਼ਲ ਦਾ ਇਕ ਸ਼ਿਅਰ ਤੁਹਾਡੇ ਨਾਲ ਸਾਂਝਾ ਕਰਨ ਦੀ ਇੱਛਾ ਹੋ ਰਹੀ ਹੈ, “ਯੂੰ ਤੋਂ ਦੁਨੀਆ ਮੇ ਹੈਂ ਸੁਖ਼ਨਵਰ ਬਹੁਤ ਅੱਛੇ, ਕਹਿਤੇ ਹੈ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ।”
-----
ਜਿਵੇਂ ਵਰਿਸ ਸ਼ਾਹ ਨੇ ਫਰਮਾਇਆ ਹੈ ਕਿ, “ਗੁੱਝੀ ਰਹੇ ਨਾ ਹੀਰ ਹਜ਼ਾਰ ਵਿਚੋਂ” ਉਵੇਂ ਹੀ ਸਾਹਿਤਕਾਰਾਂ ਦੀ ਭੀੜ ਵਿਚ ਵੱਖਰਾ ਪਹਿਚਾਣਿਆ ਜਾਣ ਵਾਲਾ ਸਾਹਿਤਕਾਰ, ਬ੍ਰਤਾਨਵੀ ਪੰਜਾਬੀ ਗੀਤਕਾਰੀ ਦੇ ਅੰਬਰ ਵਿਚ ਧਰੂ-ਤਾਰੇ ਵਾਂਗ ਚਮਕਦਾ, ਦਮਕਦਾ ਇਕ ਐਸਾ ਹੀ ਨਾਮ ਹੈ, ਤਰਲੋਚਨ ਸਿੰਘ ਚੰਨ ਜੰਡਿਆਲਵੀ। ਨਿਰਸੰਦੇਹ ਹੀ ਉਹਨਾਂ ਦਾ ਨਾਮ ਪ੍ਰਵਾਸੀ ਗੀਤਕਾਰਾਂ ਦੀ ਪਹਿਲੀ ਕਤਾਰ ਵਿਚ ਦਰਜ ਹੈ।ਇਸ ਗੱਲ ਦੀ ਸ਼ਾਹਦੀ ਭਰਦੇ ਹੋਏ ਸਵ: ਲੋਕ ਕਵੀ ਅਵਤਾਰ ਸਿੰਘ ਅਰਪਣ ਜੀ ਲਿਖਦੇ ਹਨ, “ਚੰਨ ਜੀ ਦੀਆਂ ਲਿਖਤਾਂ ਸਲਾਹੁਣ ਯੋਗ ਹਨ, ਭਾਵੇਂ ਹੀ ਗੀਤ ਹਨ, ਭਾਵੇਂ ਕਵਿਤਾਵਾਂ ਜਾਂ ਕੱਵਾਲੀਆਂ, ਹਰ ਇਕ ਵਿਚ ਵੱਖੋ-ਵੱਖਰਾ ਰੰਗ ਹੈ।”
------
ਇਸ ਬਿਆਨ ਦੀ ਕੁੰਡੀ ਨਾਲ ਕੁੰਡੀ ਮੇਲ਼ਦੇ ਹੋਏ ਬਜ਼ੁਰਗ ਕਵੀ ਚਰਨ ਸਿੰਘ ਸਫ਼ਰੀ ਆਖਦੇ ਹਨ, “ਚੰਨ ਦਾ ਆਪਣਾ ਗੀਤਾਂ-ਰੂਪੀ ਚਮਕਾਰਾ ਵਿਸ਼ੇਸ਼ ਖਿੱਚ ਪਾਉਂਦਾ ਹੈ। ਇਨ੍ਹਾਂ ਦੇ ਗੀਤਾਂ ਵਿਚ ਚੌਖੀ ਜਾਨ ਹੈ। ਵਲਵਲਾ ਭਰਪੂਰ ਗੀਤਾਂ ਰਾਹੀਂ ਚੰਨ ਜੀ ਨੇ ਪੰਜਾਬੀ ਦੀ ਨਿੱਗਰ ਸੇਵਾ ਕੀਤੀ ਹੈ।”
...............
ਚੰਨ ਸਾਹਿਬ ਦੇ ਗੀਤਾਂ ਦੇ ਸੰਦਰਭ ਵਿਚ ਸਤਿਕਾਰਯੋਗ ਬਾਈ ਜੀ ਹਰਦੇਵ ਦਿਲਗੀਰ ਦੇਵ ਥਰੀਕੇ ਵਾਲਿਆਂ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ, “ਚੰਨ ਦੇ ਗੀਤ ਮੈਨੂੰ ਆਪਣੇ ਗੀਤਾਂ ਨਾਲੋਂ ਵੀ ਪਿਆਰੇ ਲਗਦੇ ਹਨ।”
-----
ਚੰਨ ਸਾਹਿਬ ਦੇ ਕੁਝ ਕੁ ਗੀਤਾਂ ਨੂੰ ਤਾਂ ਲੋਕ-ਗੀਤ ਹੋ ਨਿੱਬੜਣ ਦਾ ਮਾਣ ਪ੍ਰਾਪਤ ਹੈ। ਲੇਕਿਨ ਫਿਰ ਵੀ ਚੰਨ ਸਾਹਿਬ ਵਿਚ ਇਸ ਗੱਲ ਦੀ ਨਾ ਆਕੜ ਤੇ ਨਾ ਹੀ ਅਫਰੇਵਾਂ ਹੈ। ਨਿੱਕੇ ਹੁੰਦੇ ਰੇਡੀਓ ਤੋਂ ਕੁਝ ਗੀਤ ਅਕਸਰ ਸੁਣਿਆ ਕਰਦੇ ਸੀ, “ਨੱਚਾਂ ਮੈਂ ਲੁਧਿਆਣੇ ਤੇ ਮੇਰੀ ਧਮਕ ਜਲੰਧਰ ਪੈਂਦੀ” ਅਤੇ “ਮਧਾਣੀਆਂ ਹਾਏ ਓ ਮੇਰੇ ਡਾਢਿਆ ਰੱਬਾ ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ” ਆਦਿ।ਜਿਸ ਸਮੇਂ ਤੋਂ ਇਹ ਗੀਤ ਕੰਨਾਂ ਵਿਚ ਰਸ ਘੋਲ਼ ਰਹੇ ਸਨ ਉਸ ਸਮੇਂ ਤਾਂ ਭਾਵੇਂ ਬਹੁਤੀ ਸੋਝੀ ਨਹੀਂ ਸੀ। ਪਰੰਤੂ ਫਿਰ ਇੰਗਲੈਂਡ ਆ ਕੇ ਸਾਹਿਤ ਦੇ ਖੇਤਰ ਵਿਚ ਪੈਰ ਰੱਖਿਆ ਤੇ ਚੰਨ ਸਾਹਿਬ ਨਾਲ ਮੇਲ ਮਿਲਾਪ ਹੋਣ ਲੱਗਿਆ।ਫਿਰ ਵੀ ਕਈ ਵਰ੍ਹਿਆਂ ਤੱਕ ਇਲਮ ਨਾ ਹੋ ਸਕਿਆ ਕਿ ਉਪਰੋਕਤ ਵਰਣਿਤ ਗੀਤਾਂ ਨੂੰ ਜਨਮ ਦੇਣ ਵਾਲੇ ਚੰਨ ਜੰਡਿਆਲਵੀ ਜੀ ਹਨ। ਮੇਰੇ ਵਾਂਗ ਬਹੁਤ ਸਾਰੇ ਲੋਕ ਇਸ ਸਚਾਈ ਤੋਂ ਨਾਵਾਕਿਫ਼ ਹਨ। ਇਸ ਤੱਥ ਦਾ ਇੰਕਸ਼ਾਫ਼ ਸੁਰਿੰਦਰ ਕੌਰ ਜੀ ਦੀ ਬੇਟੀ ਡੌਲੀ ਗੁਲੇਰੀਆ ਇੰਝ ਕਰਦੀ ਹੈ, “ਚੰਨ ਜੀ ਦਾ ਗੀਤ ‘ਪਿੱਪਲੀ ‘ਤੇ ਪੀਂਘ ਝੂਟਦੀ, ਨੀ ਮੈਂ ਤਾਂ ਅੜੀਓ ਸ਼ਰਾਬਣ ਹੋਈ।’ ਲੰਡਨ ਦੇ ਸ਼ੋਅ ਵਿਚ ਮੈਂ ਗਾਇਆ ਤੇ ਫਿਰ ਰਿਕਾਰਡ ਵੀ ਕਰਾਇਆ। ਮੇਰੀ ਮਾਂ, ਸ਼੍ਰੀਮਤੀ ਸੁਰਿੰਦਰ ਕੌਰ ਦੇ, ਮਸ਼ਹੂਰ ਗੀਤਾਂ ਵਿਚੋਂ ਇਕ ਗੀਤ, ਜੋ ਪੰਜਾਬੀਆਂ ਦੇ ਦਿਲਾਂ ਤੇ ਸਦਾ ਲਈ ਉਲੀਕਿਆ ਗਿਆ ਹੈ, ‘ਮਧਾਣੀਆਂ, ਹਾਏ ਓ ਮੇਰੇ ਡਾਢਿਆ ਰੱਬਾ…।’ ਇਕ ਲੋਕ ਗੀਤ ਬਣ ਚੁੱਕਿਆ ਹੈ। ਉਸ ਦੇ ਰਚੇਤਾ ਚੰਨ ਜੀ ਹਨ। ਇਹ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ, ਪਰ ਹਕੀਕਤ ਤਾਂ ਹਕੀਕਤ ਹੀ ਹੈ।”
-----
ਕਈ ਦਹਾਕੇ ਬੀਤ ਗਏ ਹਨ ਚੰਨ ਸਾਹਿਬ ਨੂੰ ਲਿਖਦਿਆਂ, ਅਨੇਕਾਂ ਰੁੱਤਾਂ ਆਈਆਂ, ਮੌਸਮ ਬਦਲੇ, ਲੇਕਿਨ ਚੰਨ ਸਾਹਿਬ ਦੀ ਕਲਮ ਉਸੇ ਰਵਾਨਗੀ ਅਤੇ ਮਟਕ ਨਾਲ ਅੱਜ ਵੀ ਆਪਣੀ ਤੋਰ ਤੁਰੀ ਜਾ ਰਹੀ ਹੈ। ਅਵਾਜ਼-ਏ-ਪੰਜਾਬ ਸ਼ੌਕਤ ਅਲੀ, ਲਾਹੌਰ ਤੋਂ ਚੰਨ ਜੀ ਦੀ ਪ੍ਰਤੀ ਆਪਣੇ ਲਫ਼ਜ਼ਾਂ ਰਾਹੀਂ ਅਕੀਦਤ ਦੇ ਫੁੱਲ ਭੇਂਟ ਕਰਦਾ ਹੋਇਆ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਪੰਜਾਬੀ ਜ਼ਬਾਨ ਦੇ ਗੀਤ ਨਿਗਾਰਾਂ ਵਿਚ ਇਕ ਬਹੁਤ ਵੱਡਾ ਮੋਤਬਰ ਨਾਮ ਹੈ। ਉਨ੍ਹਾਂ ਦੇ ਕਲਾਮ ਦੀ ਸਚਾਈ ਤੇ ਜ਼ਾਤ ਦੀ ਨਫ਼ੀ ਉਨ੍ਹਾਂ ਨੂੰ ਬਹੁਤ ਵੱਡਾ ਤੇ ਉੱਚਾ ਸ਼ਾਇਰ ਬਣਾ ਦਿੰਦੀ ਹੈ।”
-----
ਨੰਦ ਲਾਲ ਨੂਰਪੂਰੀ ਦੇ ਸ਼ਾਗਿਰਦ ਅਤੇ ਇੰਦਰਜੀਤ ਹਸਨਪੂਰੀ ਤੇ ਚਮਨ ਲਾਲ ਸ਼ੁਗਲ ਦੇ ਗੁਰ-ਭਾਈ ਚੰਨ ਜੰਡਿਆਲਵੀ ਜੀ ਦੀਆਂ ਹੁਣ ਤੱਕ ਚੌਦਾਂ ਪੁਸਤਕਾਂ ਛੱਪ ਚੁੱਕੀਆਂ ਹਨ ਤੇ ਉਹਨਾਂ ਦੇ ਹਜ਼ਾਰ ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ।
.....
ਬਲਬੀਰ ਸਿੰਘ ਕਲਸੀ, ਆਲ ਇੰਡੀਆ ਰੇਡਿਓ, ਜਲੰਧਰ ਵਾਲੇ ਚੰਨ ਸਾਹਿਬ ਮੁਤੱਲਿਕ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਆਖਦੇ ਹਨ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਕਾਵਿ-ਰੂਪੀ ਰਿਸ਼ਮਾਂ ਵੰਡਦਾ ਹੋਇਆ ਇਕ ਚੰਨ ਹੈ ਇਸ ਦੇ ਗੀਤਾਂ ਦੀ ਰੌਸ਼ਨੀ ਨਾਲ ਅੱਜ ਪੰਜਾਬ ਦੇ ਗਾਇਕ ਅਤੇ ਗਾਇਕਾਵਾਂ ਪੰਜਾਬ ਦੀ ਧਰਤੀ ਨੂੰ ਰੁਸ਼ਨਾ ਰਹੇ ਹਨ।”
......
ਮਸ਼ਹੂਰ ਸੰਗੀਤ ਨਿਰਦੇਸ਼ਕ ਜਨਾਬ ਕੇ. ਐਸ. ਨਰੂਲਾ ਜੀ ਚੰਨ ਸਾਹਿਬ ਦੀਆਂ ਸਿਨਫ਼ਾਂ ਦੇ ਪਰੀਪੇਖ ਵਿਚ ਆਪਣੀ ਰਾਏ ਇਉਂ ਵਿਅਕਤ ਕਰਦੇ ਹਨ, “ਸ਼ਾਇਰ ਦੀ ਉਡਾਰੀ ਦਾ ਥੋੜ੍ਹੇ ਹੀ ਲਫ਼ਜ਼ਾਂ ਵਿਚ ਪਤਾ ਲੱਗ ਜਾਂਦਾ ਹੈ ਕਿ ਸ਼ਾਇਰ ਕੀ ਕਹਿਣਾ ਚਾਹੁੰਦਾ ਹੈ। ਚੰਨ ਜੰਡਿਆਲਵੀ ਸਾਹਿਬ ਦੇ ਗੀਤ ਮੈਂ ਐਚ. ਐਮ. ਵੀ. ਤੋਂ ਲੈ ਕੇ ਬਹੁਤ ਸਾਰੀਆਂ ਕੰਪਨੀਆਂ ਵਿਚ ਰਿਕਾਰਡ ਕਰਵਾਏ ਹਨ ਜੋ ਗਿਣਤੀ ਤੋਂ ਬਾਹਰ ਹਨ।”
.........
ਚੰਨ ਸਾਹਿਬ ਦੇ ਗੀਤਾਂ ਬਾਰੇ ਜ਼ਿਕਰ ਕਰਦਿਆਂ ਚਮਨ ਲਾਲ ਸ਼ੁਗਲ ਲਿਖਦਾ ਹੈ, “ਚੰਨ ਜੰਡਿਆਲਵੀ ਦੀ ਕਲਮ ਨੇ ਐਸੇ ਗੀਤ ਲਿਖੇ, ਜੋ ਚੰਗੇ-ਚੰਗੇ ਗਾਇਕਾਂ ਦੀ ਜ਼ਬਾਨ ’ਤੇ ਨੱਚਣ ਲੱਗ ਪਏ, ਸੰਗੀਤ ਨਾਲ ਖੇਡਣ ਲੱਗ ਪਏ, ਨਵੇਂ-ਨਵੇਂ ਸਾਜ਼ ਮੰਗਣ ਲੱਗ ਪਏ।”
.......
ਲੰਡਨ ਦੇ ਰੇਡੀਓ ਪ੍ਰਜ਼ੈਂਟਰ ਚਮਨ ਲਾਲ ਚਮਨ ਦੀ ਜਾਚੇ ਚੰਨ ਜੀ ਦੇ ਗੀਤ, “ਮਿੱਠੇ ਖੂਹਾਂ ਦੇ ਪਾਣੀ ਵਰਗੇ, ਚਰਖੇ ਦੀਆਂ ਘੂਕਾਂ ਵਰਗੇ, ਪਹਿਲੇ ਤੋੜ ਦੀ ਬੋਤਲ ਵਰਗੇ ਹਨ।”
........
ਚੰਨ ਸਾਹਿਬ ਦੇ ਕਲਾਮ ਪ੍ਰਤੀ ਆਪਣੀ ਸ਼ਰਧਾ ਅਤੇ ਰਾਏ ਵਿਅਕਤ ਕਰਦਾ ਹੋਇਆ ਗਾਇਕ ਬਲਵਿੰਦਰ ਸਫ਼ਰੀ ਕਹਿੰਦਾ ਹੈ, “ਚੰਨ ਜੀ ਦੀ ਲੇਖਣੀ ਕੋਈ ਬਨਾਵਟੀ ਨਹੀਂ ਹੈ, ਆਮ ਜ਼ਿੰਦਗੀ ਵਿਚੋਂ ਲਿਖਣਾ ਉਨ੍ਹਾਂ ਦਾ ਸਭ ਤੋਂ ਵੱਡਾ ਗੁਣ ਹੈ, ਜੋ ਹਰ ਇਕ ਗਾਇਕ ਨੂੰ ਅਤੇ ਸਰੋਤੇ ਦੇ ਮਨ-ਭਾਉਂਦਾ ਹੈ। ਉਨ੍ਹਾਂ ਦਾ ਸੁਭਾਅ ਬੜਾ ਹੀ ਮਿਲਣਸਾਰ ਹੈ। ਉਹ ਪਹਿਲੀ ਮਿਲਣੀ ਵਿਚ ਹੀ ਕਿਸੇ ਦੂਸਰੇ ਨੂੰ ਆਪਣੇ ਪਿਆਰ ਨਾਲ ਆਪਣਾ ਬਣਾ ਲੈਂਦੇ ਹਨ।”
-----
ਚੰਨ ਸਾਹਿਬ ਦੇ ਗੀਤਾਂ ਨੂੰ ਸੁਰਿੰਦਰ ਕੌਰ, ਜਗਮੋਹਣ ਕੌਰ, ਮਲਕੀਤ ਸਿੰਘ, ਬਲਵਿੰਦਰ ਸਫਰੀ, ਪਾਲੀ ਦੇਤਵਾਲੀਆ, ਆਸੀਆ ਸੁੰਮਨ, ਸ਼ੌਕ਼ਤ ਅਲੀ, ਨਰਿੰਦਰ ਬੀਬਾ, ਕੁਲਦੀਪ ਪਾਰਸ, ਡੌਲੀ ਗਲੋਰੀਆ, ਅਵਤਾਰ ਫਲੋਰਾ ਵਰਗੇ ਬੇਸ਼ੁਮਾਰ ਕਲਾਕਾਰਾਂ ਨੇ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਤੇ ਚਰਨਜੀਤ ਅਹੂਜਾ, ਕੇਸਰ ਸਿੰਘ ਨਰੂਲਾ ਅਤੇ ਬਲਦੇਵ ਮਸਤਾਨਾ ਵਰਗੇ ਸੁਘੜ ਸੰਗੀਤਕਾਰਾਂ ਨੇ ਆਪਣੀਆਂ ਤਿਲਸਮੀ ਧੁਨਾਂ ਵਿਚ ਪਰੋਇਆ ਹੈ। ਬਲਦੇਵ ਮਸਤਾਨਾ ਚੰਨ ਜੀ ਬਾਰੇ ਜ਼ਿਕਰ ਕਰਦਾ ਹੋਇਆ ਕਹਿੰਦਾ ਹੈ, “ਤਰਲੋਚਨ ਸਿੰਘ ਚੰਨ ਜੰਡਿਆਲਵੀ ਉਹ ਸ਼ਖ਼ਸ ਹੈ, ਜਿਸਨੂੰ ਇਕ ਉੱਚ-ਕੋਟੀ ਦਾ ਗੀਤਕਾਰ ਹੋਣ ਦੇ ਨਾਲ ਓਨਾ ਹੀ ਵਧੀਆ ਇਨਸਾਨ ਹੋਣ ਦਾ ਵਰ ਵੀ ਹਾਸਿਲ ਹੈ। ਮੇਰੀ ਇਹ ਖ਼ੁਸ਼ਕਿਸਮਤੀ ਹੈ ਕਿ ਹੁਣ ਤਾਈਂ ਚੰਨ ਸਾਹਿਬ ਦੇ ਦਰਜਨਾਂ-ਬੱਧੀ ਗੀਤਾਂ ਦੀਆਂ ਧੁੰਨਾਂ ਬਣਾ ਕੇ ਰਿਕਾਰਡ ਕਰਨ ਦਾ ਮਾਣ ਪ੍ਰਾਪਤ ਹੈ।”
-----
ਵਿਲੀਅਮ ਵਰਡਜ਼ਵਰਥ ਅਨੁਸਾਰ, “ਕਵੀ ਇਕ ਮਨੁੱਖ ਹੁੰਦਾ ਹੈ ਜੋ ਦੂਸਰੇ ਮਨੁੱਖਾਂ ਨੂੰ ਸੰਬੋਧਨ ਕਰਦਾ ਹੈ ਤੇ ਉਨ੍ਹਾਂ ਦੀ ਰੂਹ ਨਾਲ ਸੰਵਾਦ ਰਚਾਉਂਦਾ ਹੈ।” ਬਾਇਬਲ ਦੇ ਨਵੇਂ ਟੈਸਟਾਮੈਂਟ ਤਾਂ ਇਥੋਂ ਤੱਕ ਗਵਾਹੀ ਭਰਦੇ ਹਨ ਕਿ , “ਸ਼ਾਇਰ ਪ੍ਰਮਾਤਮਾ ਦੇ ਪ੍ਰਤੀਨੀਧੀ ਹੁੰਦੇ ਹਨ।” ਇਕ ਵਧੀਆ ਕਲਮਕਾਰ ਹੋਣਾ ਹੋਰ ਗੱਲ ਹੈ ਤੇ ਵਧੀਆ ਇਨਸਾਨ ਹੋਣਾ ਵੱਖਰੀ ਗੱਲ ਹੈ। ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਵਧੀਆ ਫਨਕਾਰ ਵਧੀਆ ਇਨਸਾਨ ਵੀ ਹੋਵੇ। ਚੰਨ ਸਾਹਿਬ ਬਾਰੇ ਇਹ ਗੱਲ ਬੇਧੜਕ ਅਤੇ ਬੇਹਿਚਕ ਕਹੀ ਜਾ ਸਕਦੀ ਹੈ ਕਿ ਜਿੰਨੇ ਉਹ ਕਲਮ ਦੇ ਧੰਨੀ ਹਨ, ਉਸ ਨਾਲੋਂ ਕਿਤੇ ਵਧੀਆ ਉਹ ਇਨਸਾਨ ਹਨ। ਇਸ ਗੱਲ ਦੀ ਗੋਲਡਨ ਸਟਾਰ ਮਲਕੀਤ ਸਿੰਘ ਵੀ ਤਸਦੀਕ ਕਰਦਾ ਹੈ, “ਚੰਨ ਜੰਡਿਆਲਵੀ ਆਪਣੇ ਆਪ ’ਚ ਇਕ ਸੰਸਥਾ ਹੈ। ਅਗਰ ਵਧੀਆ ਲੇਖਕ ਤੇ ਵਧੀਆ ਇਨਸਾਨ ਦੀ ਕੋਈ ਮਿਸਾਲ ਦੇਣੀ ਹੋਵੇ ਤਾਂ ਉਹ ਚੰਨ ਜੀ ਹਨ।”
-----
ਚੰਨ ਸਾਹਿਬ ਜ਼ਿੰਦਾਦਿਲ, ਰੰਗੀਨ ਤਬੀਅਤ, ਮਿਲਾਪੜੇ ਸੁਭਾਅ ਅਤੇ ਸਮੇਂ ਦੇ ਹਾਣੀ ਹੋ ਕੇ ਜੀਉਣ ਵਾਲੇ ਆਸ਼ਾਵਾਦੀ ਮਨੁੱਖ ਹਨ।ਮਿੱਠਾ ਬੋਲਣਾ, ਨਿਮਰਤਾ, ਨਿਰਛਲਤਾ, ਉਨ੍ਹਾਂ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ ਹੈ।ਹਰ ਇਕ ਨਾਲ ਪਹਿਲੀ ਸੱਟੇ ਯਾਰੀ ਗੰਢ ਲੈਣਾ ਤੇ ਅਗਲੇ ਦਾ ਹਿਰਦਾ ਜਿੱਤ ਲੈਣਾ ਉਹਨਾਂ ਦੇ ਵਿਅਕਤਿੱਤਵ ਦੀ ਪ੍ਰਾਪਤੀ ਹੈ। ਉਹਨਾਂ ਦੀ ਫਿਤਰਤ ਵਿਚ ਸ਼ਾਮਿਲ ਹਲੀਮੀ, ਸਹਿਜਤਾ, ਨਿਰਲੇਪਤਾ ਅਤੇ ਭੋਲਾਪਨ ਉਨ੍ਹਾਂ ਦੇ ਵਿਅਕਤਿੱਤਵ ਦੇ ਆਦਾਰਸ਼ਕ ਅਤੇ ਪਾਰਦਰਸ਼ਕ ਰੂਪ ਨੂੰ ਉਜਾਗਰ ਕਰਦਾ ਹੈ।ਇਸ ਨੂੰ ਚੰਨ ਸਾਹਿਬ ਦੀ ਖ਼ੂਬੀ ਹੀ ਕਿਹਾ ਜਾ ਸਕਦਾ ਹੈ ਕਿ ਉਹ ਜਿਸ ਉਮਰ ਦੇ ਵਿਅਕਤੀ ਨੂੰ ਮਿਲਦੇ ਹਨ ਤਾਂ ਉਸ ਦੇ ਹਾਣ ਦੇ ਹੋ ਕੇ ਮਿਲਦੇ ਹਨ। ਇਸ ਗੱਲ ਦਾ ਮੈਂ ਖ਼ੁਦ ਚਸ਼ਮਦੀਦ ਗਵਾਹ ਹਾਂ। ਇਹ ਘਟਨਾ ਕੁਝ ਵਰ੍ਹੇ ਪਹਿਲਾਂ ਦੀ ਹੈ। ਭਾਰਤ ਤੋਂ ਚਰਨ ਸਿੰਘ ਸਫ਼ਰੀ ਆਏ ਹੋਏ ਸਨ। ਨਾਨਕਸਰ ਠਾਠ ਵਿਖੇ ਕਵੀ ਦਰਬਾਰ ਉਪਰੰਤ ਚੰਨ ਸਾਹਿਬ ਦੀ ਸਫ਼ਰੀ ਹੋਰਾਂ ਨਾਲ ਮਿਲਣੀ ਕਾਫੀ ਲੰਮਾ ਸਮਾਂ ਚੱਲੀ। ਇਸ ਮੁਲਾਕਾਤ ਦੌਰਾਨ ਉਹ ਸਫ਼ਰੀ ਹੋਰਾਂ ਨੂੰ ਉਨ੍ਹਾਂ ਦੀ ਉਮਰ ਦੇ ਹਾਣੀ ਹੋ ਕੇ ਮਿਲੇ। ਉਸ ਉਪਰੰਤ ਮੈਂ ਤੇ ਚੰਨ ਸਾਹਿਬ ਬੈਠੇ ਤੇ ਦੇਰ ਰਾਤ ਤੱਕ ਸਾਡੀ ਗੁਫ਼ਤਗੂ ਹੁੰਦੀ ਰਹੀ। ਮੈਨੂੰ ਇਹ ਮਹਿਸੂਸ ਹੀ ਨਹੀਂ ਹੋਇਆ ਜਿਵੇਂ ਉਹ ਮੇਰੇ ਨਾਲੋਂ ਉਮਰ ਵਿਚ ਕਈ ਸਾਲ ਵੱਡੇ ਹਨ। ਮੈਨੂੰ ਤਾਂ ਇੰਝ ਹੀ ਪ੍ਰਤੀਤ ਹੋਇਆ ਜਿਵੇਂ ਉਹ ਮੇਰੇ ਹਮ-ਉਮਰ ਹੀ ਹੋਣ। ਇਹ ਅਨੁਭਵ ਉਹ ਹਰ ਮਿਲਣੀ ਵਿਚ ਕਰਵਾ ਜਾਂਦੇ ਹਨ। ਚੰਨ ਸਾਹਿਬ ਹਰ ਕਿਸੇ ਨੂੰ ਆਪਣਾ ਬਣਾ ਲੈਣ ਦੀ ਕਲਾ ਵਿਚ ਮਾਹਿਰ ਹਨ।ਉਨ੍ਹਾਂ ਦੀ ਸ਼ਖ਼ਸੀਅਤ ਵਿਚ ਮਿਕਨਾਤੀਸੀ ਖਿੱਚ ਹੈ ਜਿਸ ਬਾਰੇ ਗਾਇਕ ਨਿਰਮਲ ਸਿੱਧੂ ਫਰਮਾਉਂਦਾ ਹੈ, “ਚੰਨ ਜੰਡਿਆਲਵੀ ਜੀ ਨੂੰ ਮੈਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਘਰ ਇੰਗਲੈਂਡ ਵਿਚ ਮਿਲਿਆ ਤੇ ਇੰਝ ਲੱਗਾ ਜਿੱਦਾਂ ਮੈਂ ਉਨ੍ਹਾਂ ਨੂੰ ਬਚਪਨ ਤੋਂ ਹੀ ਜਾਣਦਾ ਹੋਵਾਂ। ਸ਼ਾਂਤ ਸੁਭਾਅ, ਮਿਲਣਸਾਰ, ਖ਼ਾਤਰਦਾਰੀ ’ਚ ਨਿਪੁੰਨ ‘ਚੰਨ ਜੰਡਿਆਲਵੀ’ ਉਹ ਸ਼ਾਇਰ ਹੈ ਜੋ ਖ਼ਿਆਲਾਂ ਦੀ ਤਰਜਮਾਨੀ ਕਰਦੀ ਸ਼ਾਇਰੀ ਹੀ ਨਹੀਂ, ਬਲਕਿ ਹਕੀਕਤ ਨੁੰ ਬਿਆਨ ਕਰਦੀ ਸਾਦਗੀ ਤੇ ਖ਼ੂਬਸੂਰਤੀ ਦੇ ਨਾਲ ਹਰ ਵਰਗ ਨੂੰ ਮੋਹ ਲੈਂਦੀ ਹੈ ਤੇ ਸ਼ਾਇਰੀ ਦੇ ਹਰ ਅਲਫ਼ਾਜ਼ ਨੂੰ ਕਮਰਸ਼ੀਅਲ ਦਿਸ਼ਾ ਵੀ ਪ੍ਰਦਾਨ ਕਰਦੀ ਹੈ।”
******
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment