ਲੇਖ
ਪੰਜਾਬੀ ਦੇ ਸ਼ਬਦ-ਜੋੜ ਅਜੇ ਤੱਕ ਪੱਕੇ ਨਹੀਂ ਹੋਏ, ਮਿਆਰੀ ਨਹੀਂ ਬਣੇ। ਇਕਸਾਰ ਨਹੀਂ ਹੋਏ ਅਤੇ ਲਿਖਣ /ਵਰਤਣ ਵਾਲੇ ਇਕਸੁਰ ਨਹੀਂ ਹੋ ਸਕੇ। ਕਿਉਂ ਨਹੀਂ ਹੋਏ ਇਸ ਦਾ ਜਵਾਬ ਤਾਂ ਭਾਸ਼ਾ ਦੇ ਉਸਤਾਦ / ਵਿਦਵਾਨ / ਮਾਹਰ ਅਤੇ ਭਾਸ਼ਾ ਵਿਗਿਆਨੀ ਲੱਭਣ, ਏਥੇ ਤਾਂ ਇਕ ਪਾਠਕ ਵਜੋਂ ਭਾਸ਼ਾ ਨਾਲ ਨਿੱਤ ਹੋ ਰਹੇ ਮਜ਼ਾਕ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਤਾਂ ਕਿ ਮਾਂ ਬੋਲੀ ਨਾਲ ਜੁੜੇ ਲੋਕ ਉੱਠ ਰਹੇ ਸਵਾਲਾਂ ਦੇ ਹੱਲ ਵਾਸਤੇ ਆਪੋ-ਆਪਣੀਆਂ ਸੋਚਾਂ ਦੇ ਘੋੜੇ ਦੁੜਾਉਣ ਲਈ ਤਿਆਰ ਹੋ ਜਾਣ।
-----
ਆਮ ਲੋਕ ਸਮਾਜ ਦੇ ਵੱਡੇ ਘੇਰੇ ’ਚੋਂ ਜੋ ਕੁਝ ਪ੍ਰਾਪਤ ਕਰਦੇ ਹਨ ਉਸੇ ਨੂੰ ਅਪਣਾ ਕੇ ਬੋਲਦੇ ਵੀ ਹਨ ਤੇ ਲਿਖਦੇ ਵੀ, ਸੰਚਾਰ ਵੀ ਕਰਦੇ ਹਨ ਅਤੇ ਵਿਹਾਰ ਵੀ। ਉਨ੍ਹਾਂ ਨੂੰ ਜੋ ਕੁਝ ਉਸਤਾਦਾਂ / ਵਿਦਵਾਨਾਂ ਤੋਂ ਅਗਵਾਈ ਮਿਲਦੀ ਹੈ ਉਸ ਨੂੰ ਹਾਸਲ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਉਨ੍ਹਾਂ ’ਤੇ ਕਿੰਤੂ-ਪ੍ਰੰਤੂ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਸੋਚ ਉਡਾਰੀ ਮੌਲਿਕ ਨਹੀਂ ਹੁੰਦੀ ਅਤੇ ਆਪਣੇ ਵਲੋਂ ਕੁਝ ਨਿਵੇਕਲ਼ਾ ਕਰਨ ਦੀ ਸ਼ੇਖ਼ੀ ਮਾਰਨ ਦੀ ਵੀ ਹਿੰਮਤ ਨਹੀਂ ਕਰਦੇ।
-----
ਵਿਦਿਆਰਥੀ ਉਸ ਸੀਮਤ ਦਾਇਰੇ ਵਿਚ ਪੜ੍ਹਦਾ / ਵਿਚਰਦਾ ਹੈ ਜਿੱਥੇ ਉਸ ਦੇ ਉੱਡਣ ਲਈ ਖੁੱਲ੍ਹਾ ਅੰਬਰ ਨਹੀਂ ਦਿੱਤਾ ਜਾਂਦਾ ਸਗੋਂ ਉਸ ਨੂੰ ਪਈਆਂ ਪੈੜਾਂ ’ਤੇ ਹੀ ਪੈਰ ਧਰਨ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਉਹ ਤਾਜ਼ਗੀ ਦੇ ਦਾਇਰਿਆਂ ਵਿਚ ਦਾਖਲ ਹੋ ਹੀ ਨਹੀਂ ਸਕਦਾ। ਇਸ ਲਈ ਉਹ ਨਵਾਂ-ਨਿਵੇਕਲ਼ਾ ਕਰਨ ਦੇ ਯੋਗ ਨਹੀਂ ਹੁੰਦਾ। ਆਪਣੀ ਅਸਮਰਥਤਾ ਕਾਰਨ ਉਹ ਰਵਾਇਤੀ ਰਾਹਾਂ ’ਤੇ ਅੱਖਾਂ ਬੰਦ ਕਰਕੇ ਤੁਰਿਆ ਰਹਿੰਦਾ ਹੈ ਕਿ ਕੋਹਲੂ ਦੇ ਬੈਲ ਦੀ ਕਥਾ ਉਸ ਦੀ ਨਿਤਾ-ਪ੍ਰਤੀ ਜ਼ਿੰਦਗੀ ਤੋਂ ਦੂਰ ਨਹੀਂ ਰਹਿੰਦੀ।
-----
ਸਰਕਾਰ ਦੀ ਵੱਡੀ ਭੂਮਿਕਾ ਹੁੰਦੀ ਹੈ ਭਾਸ਼ਾ ਦੇ ਮਿਆਰ ਨੂੰ ਉੱਨਤੀ ਵੱਲ ਲਿਜਾਣ ਦੀ। ਉਸ ਕੋਲ ਸਾਧਨ ਵੀ ਬਹੁਤ ਹੁੰਦੇ ਹਨ ਜਿਹੜੇ ਭਾਸ਼ਾ ਦੇ ਵਿਕਾਸ ਲਈ ਚੌਕਸੀ ਨਾਲ ਨਹੀਂ ਵਰਤੇ ਜਾਂਦੇ। ਪੰਜਾਬ ਸਰਕਾਰ ਦੀ ਗੱਲ ਕਰਨੀ ਹੋਵੇ ਤਾਂ ਅਜੇ ਤੱਕ ਇਸ ਦੇ ਕਾਰਕੁਨਾਂ ਵਲੋਂ ‘ਮੁੱਖ ਮੰਤਰੀ ਪੰਜਾਬ ਜੀ’ ਲਿਖਿਆ ਜਾ ਰਿਹਾ ਹੈ ਜਦ ਕਿ ਜੀ ਮੁੱਖ ਮੰਤਰੀ ਦੇ ਆਦਰ-ਮਾਣ ਲਈ ਹੈ , ਪੰਜਾਬ ਲਈ ਨਹੀਂ। ਇਕ ਇਹੋ ਨਹੀਂ ਹੋਰ ਵੀ ਬਹੁਤ ਸਾਰੇ ਸ਼ਬਦ ਹਨ ਜਿਹੜੇ ਢੁਕਵੀਂ ਥਾਂ ’ਤੇ ਸਹੀ ਤਰ੍ਹਾਂ ਨਹੀਂ ਵਰਤੇ ਜਾਂਦੇ। ਕੀ ਕਰ ਲਵਾਂਗੇ?
-----
ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਬਹੁਤੀ ਚੰਗੀ ਨਹੀਂ। ਦਸਵੀਂ ਤੱਕ ਪੰਜਾਬੀ ਪੜ੍ਹੇ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣੀ ਨਹੀਂ ਆਉਂਦੀ। ਕਿਧਰੇ ਵਾਕ-ਬਣਤਰ ਠੀਕ ਨਹੀਂ ਹੁੰਦੀ ਅਤੇ ਕਿਧਰੇ ਸ਼ਬਦਾਂ ਦੇ ਜੋੜ ਠੀਕ ਨਹੀਂ ਹੁੰਦੇ। ਸ਼ਬਦਾਂ ਦੇ ‘ਜੋੜ’ ਹਿੱਲੇ ਹੋਏ ਹੋਣ, ਢਿੱਲੇ ਹੋਣ ਤਾਂ ਭਾਸ਼ਾ ਦਾ ਮੁਹਾਂਦਰਾ ਠੀਕ ਨਹੀਂ ਰਹਿੰਦਾ, ਕੁਝ ਹੋਰ ਦਾ ਹੋਰ ਹੀ ਹੋ ਜਾਂਦਾ ਹੈ ਜਿਸ ਦੀ ਲੋੜ ਨਹੀਂ ਹੁੰਦੀ। ਦਸਵੀਂ ਤੱਕ ਦੀ ਵਿੱਦਿਆ ਦੇਣ ਵਾਲੇ ਅਧਿਆਪਕਾਂ ਨੇ ਭਾਸ਼ਾ ਦੀ ਨੀਂਹ ਧਰਨੀ ਹੁੰਦੀ ਹੈ ਜਿਹੜੀ ਜਿੰਨੀ ਪੱਕੀ / ਸਹੀ / ਮਿਆਰੀ ਹੋਵੇਗੀ ਉੱਨੀ ਹੀ ਠੀਕ ਅਤੇ ਮਜ਼ਬੂਤ ਹੋਵੇਗੀ ਹੋਵੇਗੀ। ਅਧਿਆਪਕ ਆਪਣੀ ਅਹਿਮ ਜ਼ਿੰਮੇਵਾਰੀ ਤੋਂ ਅਵੇਸਲ਼ਾ ਰਹੇਗਾ ਤਾਂ ਵਿਦਿਆਰਥੀ ਭਾਸ਼ਾ ਦੀ ਬੇੜੀ ਨੂੰ ਤਣ-ਪੱਤਣ ਤੱਕ ਨਹੀਂ ਲਿਜਾ ਸਕਣਗੇ।
-----
ਮਾਹਿਰ / ਵਿਦਵਾਨ / ਭਾਸ਼ਾ ਵਿਗਿਆਨੀਆਂ ਦੀ ਨਜ਼ਰ ਚੌਕਸ ਰਹੇ ਤਾਂ ਭਾਸ਼ਾ ਕਦੇ ਨਿੱਘਰ ਨਹੀਂ ਸਕਦੀ। ਪਰ ਜੇ ਇਹ ਆਪੋ ਆਪਣੀ ਹਉਮੇਂ ਕਾਰਨ ਆਪੋ ਆਪਣੀ ਡੱਫ਼ਲੀ ਵਜਾਉਣ ਲੱਗ ਪੈਣ ਅਤੇ ਭਾਸ਼ਾ ਨੂੰ ਉੱਨਤ ਕਰਨ ਦੀ ਥਾਂ ਨਿਘਾਰ ਵੱਲ ਲਜਾਉਣ ਲੱਗ ਪੈਣ ਤਾਂ ਭਾਸ਼ਾ ਦੀ ਤਰੱਕੀ ਦਾ ਕਿਆਸ ਵੀ ਨਹੀਂ ਕੀਤਾ ਜਾ ਸਕਦਾ। ਸੈਕੜੇ ਕਿਤਾਬਾਂ ਵਿਚ ਛਪੇ ਸ਼ਬਦ-ਜੋੜ ਵੀ ਜਦ ਅਖ਼ਬਾਰਾਂ / ਰਸਾਲਿਆਂ ਵਿਚ ਹੋਰ ਤਰ੍ਹਾਂ ਲਿਖੇ ਮਿਲਦੇ ਹਨ ਤਾਂ ਪਾਠਕ ਸ਼ਸ਼ੋਪੰਜ / ਭੰਬਲ਼ਭੂਸੇ ਵਿਚ ਪਏ ਬਗੈਰ ਨਹੀਂ ਰਹਿੰਦੇ। ਅਖ਼ਬਾਰਾਂ ਰੋਜ਼ ਪਾਠਕਾਂ ਦੇ ਰੂ-ਬ-ਰੂ ਹੁੰਦੀਆਂ ਹਨ ਜਿਨ੍ਹਾਂ ਵਿਚ ਜਿੰਨੇ ਗ਼ਲਤ ਸ਼ਬਦ-ਜੋੜ ਛਾਪੇ ਜਾਣਗੇ ਪਾਠਕ ਉੱਨਾ ਹੀ ਵੱਧ ਮਜ਼ਾਕ ਪੰਜਾਬੀ ਭਾਸ਼ਾ ਨਾਲ ਹੁੰਦਾ ਦੇਖ ਸਕੇਗਾ।
-----
ਪੰਜਾਬੀ ਭਾਸ਼ਾ ਨਾਲ ਮਜ਼ਾਕ ਇਸ ਕਰਕੇ ਹੁਣ ਤੱਕ ਹੋਈ ਜਾ ਰਿਹਾ ਹੈ ਕਿਉਂਕਿ ਇਸ ਦਾ ਕੋਈ ਵਾਲੀ ਵਾਰਿਸ ਨਹੀਂ। ਇਸ ’ਤੇ ਕੋਈ ਮਿਆਰੀ ਕਾਬੂ ਨਹੀਂ। ਦੂਰ ਦ੍ਰਿਸ਼ਟੀ ਵਾਲੇ ਵਿਦਵਾਨਾਂ / ਮਾਹਿਰਾਂ ਨੇ ਕੋਈ ਅਜਿਹੀ ਅਧਿਕਾਰਤ ਸੱਤਾ ਕਾਇਮ ਨਹੀਂ ਕੀਤੀ ਜਿਸ ਵਲੋਂ ਘੜੇ / ਮਿੱਥੇ / ਮੰਨੇ ਸ਼ਬਦ-ਜੋੜਾਂ ਦੀ ਕੋਈ ਅਵੱਗਿਆ ਨਾ ਕਰ ਸਕੇ। ਇਹ ਵੀ ਕਿ ਕੋਈ ਇਕ ਇਕੱਲਾ ਧੂੜ ਵਿਚ ਟੱਟੂ ਦੌੜਾਉਣ ਤੋਂ ਨਹੀਂ ਹਟਿਆ। ਜਿਹੜਾਂ ਗਿਆਨ / ਵਿਗਿਆਨ / ਜਾਣਕਾਰੀ / ਅਨੁਭਵ ਦੇ ਸਹਾਰੇ ਦੀ ਛਤਰੀ ਤਾਣ ਕੇ ਅਜਿਹੇ ਸ਼ਬਦ ਜੋੜ ਲਿਖੀ ਜਾ ਰਿਹਾ ਜਿਹੜੇ ਵਿਦਵਾਨਾਂ / ਮਾਹਿਰਾਂ / ਭਾਸ਼ਾ ਵਿਗਿਆਨੀਆਂ ਦੇ ਬਹੁਮਤ ਨੂੰ ਪ੍ਰਵਾਨ ਨਹੀਂ ਹੋਣਗੇ।
=====
ਮਿਆਰੀ ਸ਼ਬਦ-ਜੋੜਾਂ ਵੱਲ ਜਤਨ
ਕਈ ਵਾਰ ਜਤਨ ਹੋਏ ਕਿ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਵੱਲ ਉਚੇਚਾ ਧਿਆਨ ਦਿੱਤਾ ਜਾਵੇ ਤਾਂ ਕਿ ਇਨ੍ਹਾਂ ਵਿਚ ਇਕਸਾਰਤਾ ਲਿਆਂਦੀ ਜਾ ਸਕੇ। ਅਜਿਹੇ ਜਤਨ ਵੱਖ ਵੱਖ ਤੌਰ ’ਤੇ ਸਰਕਾਰਾਂ ਨੇ ਵੀ ਕੀਤੇ, ਯੂਨੀਵਰਸਿਟੀਆਂ ਨੇ ਵੀ, ਪ੍ਰਾਈਵੇਟ ਅਕਾਦਮੀਆਂ ਨੇ ਵੀ ਕੀਤੇ ਅਤੇ ਪੰਜਾਬੀ ਅਖਬਾਰਾਂ ਦੇ ਅਦਾਰਿਆਂ ਨੇ ਵੀ। ਇੰਨੇ ਪਾਸਿਉਂ ਜਤਨ ਹੋਣ ਦੇ ਬਾਵਜੂਦ ਅਜੇ ਤੱਕ ਸ਼ਬਦ-ਜੋੜ ਨਾ ਤਾਂ ਇਕੋ ਜਿਹੇ ਹੋਏ ਹਨ ਅਤੇ ਨਾ ਹੀ ਪੱਕੇ ਮਿਆਰੀ। ਕਾਰਨ ਸ਼ਾਇਦ ਭਾਸ਼ਾ ਪ੍ਰਤੀ ਅਵੇਸਲਾਪਨ ਹੈ ਜਾਂ ਫੇਰ ਬੇਧਿਆਨੀ।
-----
ਹੁਣ ਨੈੱਟ ’ਤੇ ਨਿਕਲਦੇ ‘ਮੀਡੀਆ ਪੰਜਾਬ’ (ਜਰਮਨੀ ਤੋਂ) ਪਰਚੇ ਨੇ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਨੂੰ ਪੱਕੇ ਤੌਰ ’ਤੇ ਤੈਅ ਕਰਨ ਲਈ ਵਿਦਵਾਨਾਂ / ਮਾਹਿਰਾਂ / ਭਾਸ਼ਾ ਵਿਗਿਆਨੀਆਂ / ਲੇਖਕਾਂ / ਪਾਠਕਾਂ ਨਾਲ ਸੰਪਰਕ ਕਰਨ ਦਾ ਮਨ ਬਣਾਇਆ ਹੈ ਤਾਂ ਕਿ ਭਾਸ਼ਾ ਦੀ ਨੁਹਾਰ ਨਿੱਖਰ ਸਕੇ ਅਤੇ ਠੁੱਕ ਬਣ ਸਕੇ। ਇਹ ਤਾਂ ਹੀ ਸੰਭਵ ਹੋਵੇਗਾ ਜੇ ਭਾਸ਼ਾ ਨਾਲ ਜੁੜੇ ਸਾਰੇ ਦੇ ਸਾਰੇ ਲੋਕ ‘ਮੀਡੀਆ ਪੰਜਾਬ’ ਵਲੋਂ ਛੇੜੀ ਇਸ ਮੁਹਿੰਮ ਵਾਸਤੇ ਤਿਆਰ ਹੋਣ ਅਤੇ ਭਰਵਾਂ ਹੁੰਗਾਰਾ ਭਰਨ। ਜਿਹੜੇ ਸੱਜਣਾਂ ਨੂੰ ਜਿਹੜੇ ਵੀ ਸ਼ਬਦ-ਜੋੜ ਗ਼ਲਤ ਲਗਦੇ ਹੋਣ ਉਹ ਧਿਆਨ ਵਿਚ ਲਿਆਂਦੇ ਜਾਣ ਅਤੇ ਜੇ ਗਲਤ ਦੀ ਥਾਂ ਠੀਕ ਪਤਾ ਹੋਣ ਤਾਂ ਉਹ ਵੀ ਦੱਸੇ ਜਾਣ। ਅਜਿਹਾ ਹੋਣ ਨਾਲ ਇਕ ਸੰਪਰਕ ਬਣੇਗਾ, ਇਕ ਸੰਵਾਦ ਰਚੇਗਾ ਜਿਸ ਵਿੱਚੋਂ ਭਾਸ਼ਾ ਦੀ ਸਹੀ ਨੁਹਾਰ ਪੈਦਾ ਹੋ ਸਕਣ ਦੀ ਸੰਭਾਵਨਾ ਹੋਵੇਗੀ।
-----
ਜਜ਼ਬਾਤਾਂ, ਅਜ, ਅਗੇ ਚਲ ਕੇ, ਰੈਹਣਾ, ਚਲਣ, ਵਡੀਆਂ, ਪਠੇ, ਮੁਖ, ਲੈਹਰ, ਸਾਹਿਬਾਨਾਂ, ਹਾਲਾਤਾਂ, ਮੈਹਕਮਾ, ਬਾਗਡੋਰ, ਬੌਹਤ, ਪੈਹਲੋਂ, ਮੱਦੇ ਨਜ਼ਰ ਰੱਖਦਿਆਂ, ਗਡੀ, ਠੈਹਰਨਾ, ਬਾਵਜੂਦ ਵੀ, ਲਗਦਾ, ਵਿਧਵਾ ਔਰਤ, ਓਹਦੇਦਾਰ, ਮੈਨਿਆਂ, ਢਿਲੀ, ਐਹਸਾਨ, ਸੈਹਯੋਗ ਅਤੇ ਸਹਿਮ ਅਜਿਹੇ ਸ਼ਬਦ ਹਨ ਜਿਨ੍ਹਾਂ ਦੇ ਜੋੜ ਸਹੀ ਨਹੀਂ, ਜਿਨ੍ਹਾਂ ਦੀ ਵਰਤੋਂ ਗਲਤ ਹੈ, ਜਿਹੜੇ ਇਸ ਤਰ੍ਹਾਂ ਨਹੀਂ ਲਿਖੇ ਜਾਣੇ ਚਾਹੀਦੇ। ਭਾਸ਼ਾ ਦੇ ਸੁਧਾਰ ਲਈ ਅਤੇ ਸ਼ਬਦ-ਜੋੜਾਂ ਦੀ ਇਕਸਾਰਤਾ ਲਈ ਅਤੇ ਮਾਹਿਰਾਂ / ਵਿਦਵਾਨਾਂ / ਉਸਤਾਦਾਂ ਦੀ ਇਕਸਾਰਤਾ ਲਈ ਇਸ ਮੁਹਿੰਮ ਦਾ ਹੁੰਗਾਰਾ ਉਸ ਸਾਈਟ ’ਤੇ ਭਰਿਆ ਜਾਵੇ।
No comments:
Post a Comment