ਲੇਖ
ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਊਚ-ਨੀਚ ਅਤੇ ਜ਼ਾਤ-ਪਾਤ ਦੇ ਕੀਟਾਣੂੰ ਦਿਮਾਗ਼ੀ ਕੈਂਸਰ ਦੀ ਬੀਮਾਰੀ ਦੇ ਕੀਟਾਣੂੰਆਂ ਵਾਂਗ ਕੁਰਬਲ਼ ਕੁਰਬਲ਼ ਕਰਦੇ ਹਨ। ਭਾਰਤੀ ਮੂਲ ਦੇ ਲੋਕਾਂ ਦੀ ਮਾਨਸਿਕਤਾ ਵਿੱਚ ਇਸ ਖ਼ਤਰਨਾਕ ਬੀਮਾਰੀ ਦੇ ਕੀਟਾਣੂੰ ਕਿਵੇਂ ਫੈਲੇ? ਇਸਦਾ ਇੱਕ ਲੰਬਾ ਅਤੇ ਦਿਲ-ਕੰਬਾਊ ਇਤਿਹਾਸ ਹੈ। ਇਹ ਇਤਿਹਾਸ ਭਾਰਤੀ ਸਭਿਅਤਾ ਦੇ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੇ ਇਸ ਮਹਾਂ-ਦੁਖਾਂਤ ਦੇ ਕਾਰਨਾਂ ਨੂੰ ਸਮਝੇ ਬਿਨ੍ਹਾਂ ਅਸੀਂ ਅਜੋਕੇ ਸਮਿਆਂ ਵਿੱਚ ਕਰੋੜਾਂ ਲੋਕਾਂ ਵੱਲੋਂ ਹੰਢਾਏ ਜਾ ਰਹੇ ਸੰਤਾਪ ਨੂੰ ਮਹਿਸੂਸ ਨਹੀਂ ਕਰ ਸਕਦੇ।
-----
ਕੈਨੇਡੀਅਨ ਪੰਜਾਬੀ ਲੇਖਕ ਤਲਵਿੰਦਰ ਸਿੰਘ ਸੱਭਰਵਾਲ ਨੇ 2009 ਵਿੱਚ ਪ੍ਰਕਾਸ਼ਿਤ ਕੀਤੀ ਆਪਣੀ ਪੁਸਤਕ ‘ਹਤਿਆਰਾ ਦੇਵ’ ਵਿੱਚ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਗੰਭੀਰ ਸਮੱਸਿਆ ਬਾਰੇ ਖੋਜ ਭਰਪੂਰ ਜਾਣਕਾਰੀ ਪੇਸ਼ ਕੀਤੀ ਹੈ। ਭਾਰਤੀ ਮੂਲ ਦੇ ਲੋਕਾਂ ਦੀਆਂ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਧਾਰਮਿਕ ਸਮੱਸਿਆਵਾਂ ਭਾਰਤੀ ਸਭਿਅਤਾ ਦੇ ਇਤਿਹਾਸ ਨਾਲ ਜੁੜੀ ਇਸ ਮੂਲ ਸਮੱਸਿਆ ਨੂੰ ਸਮਝਣ ਤੋਂ ਬਿਨ੍ਹਾਂ ਹੱਲ ਨਹੀਂ ਕੀਤੀਆਂ ਜਾ ਸਕਦੀਆਂ।
-----
ਭਾਰਤ ਵਰਗੀ ਸਥਿਤੀ ਧਰਤੀ ਦੇ ਅਨੇਕਾਂ ਹੋਰ ਹਿੱਸਿਆਂ ਵਿੱਚ ਵੀ ਵਾਪਰੀ; ਪਰ ਜਿਸ ਤਰ੍ਹਾਂ ਦੇ ਯੋਜਨਾਬੱਧ ਅਤੇ ਗ਼ੈਰ-ਮਾਨਵੀ ਢੰਗ ਨਾਲ ਹਮਲਾਵਰ ਆਰੀਅਨ ਮੂਲ ਦੇ ਲੋਕਾਂ ਨੇ ਭਾਰਤ ਦੇ ਮੂਲ ਵਸਨੀਕ ਦਰਾਵੜ ਲੋਕਾਂ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੰਨ੍ਹਿਆ ਉਸ ਤਰ੍ਹਾਂ ਦੀ ਮਿਸਾਲ ਹੋਰ ਕਿਤੇ ਵੀ ਨਹੀਂ ਲੱਭਦੀ। ਭਾਰਤ ਵਿੱਚ ਇਹ ਮਹਾਂ-ਦੁਖਾਂਤ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਵਾਪਰਿਆ। ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਮਹਾਂ-ਦੁਖਾਂਤ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:
..........
...ਆਰੀਆ ਨੇ ਈਸਾ ਤੋਂ ਲੱਗਭਗ 3,000 ਸਾਲ ਪਹਿਲਾਂ ਭਾਰਤ ਤੇ ਹਮਲਾ ਕੀਤਾ, ਉਹਨਾਂ ਦਾ ਮੁਕਾਬਲਾ ਭਾਰਤ ਦੇ ਆਦਿਵਾਸੀਆਂ ਨੇ ਡਟ ਕੇ ਕੀਤਾ। ਜਿਹਨਾਂ ਨੂੰ ਰਿਗਵੇਦ ਵਿੱਚ ਕੀਕਟ, ਅਜ, ਸ੍ਰਿੰਮ, ਯਮ, ਰਾਖਸ਼ ਕਿਹਾ ਗਿਆ ਹੈ...ਇਸ ਹਮਲੇ ਵਿੱਚ ਪ੍ਰੋਫੈਸਰ ਸਟਾਰ ਟੂਲਿੰਗ ਦੀ ਰਾਏ ਵਿੱਚ ਭਾਰਤ ਦੇ ਪ੍ਰਸਿੱਧ ਸਿੰਧੂ ਸੱਭਿਅਤਾ ਦੇ ਵਿਸ਼ਾਲ ਨਗਰ ਮੋਹਿੰਜੋਦੜੋ, ਚਹੰਦੜੋ, ਹੜੱਪਾ ਆਦਿ ਨੂੰ ਨਸ਼ਟ ਕੀਤਾ ਗਿਆ। ਇਹਨਾਂ ਦੇ ਬਾਜ਼ਾਰਾਂ, ਨਗਰਾਂ, ਗਲ਼ੀਆਂ ‘ਚ ਜੰਮ ਕੇ ਲੜਾਈ ਹੋਈ। ਇਸ ਲੜਾਈ ਵਿੱਚ ਰਿਗਵੇਦ ਅਨੁਸਾਰ 26066 ਆਦਿਵਾਸੀ ਮੌਤ ਦੇ ਘਾਟ ਉਤਾਰੇ ਗਏ...
-----
ਆਰੀਆ ਲੋਕਾਂ ਨੇ ਭਾਰਤ ਦੇ ਆਦਿਵਾਸੀ ਲੋਕਾਂ ਨੂੰ ਯੁੱਧ ਵਿੱਚ ਹਰਾਉਣ ਤੋਂ ਬਾਹਦ ਉਨ੍ਹਾਂ ਉੱਤੇ ਗ਼ੈਰ-ਮਾਨਵੀ ਵਿਧਾਨ ਠੋਸ ਦਿੱਤਾ। ਜਿਸ ਕਾਰਨ ਆਦਿਵਾਸੀ ਨਾ ਸਿਰਫ਼ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਜਾਂ ਧਾਰਮਿਕ ਪੱਖੋਂ ਹੀ ਨਿਤਾਣੇ ਬਣ ਗਏ; ਬਲਕਿ, ਆਰੀਅਨ ਲੋਕਾਂ ਨੇ ਆਦਿਵਾਸੀਆਂ ਨੂੰ ਮਾਨਸਿਕ ਤੌਰ ਉੱਤੇ ਗ਼ੁਲਾਮ ਬਨਾਉਣ ਲਈ ਅਜਿਹੇ ਕਠੋਰ ਆਦੇਸ਼ ਜਾਰੀ ਕਰ ਦਿੱਤੇ ਕਿ ਉਹ ਨਾ ਤਾਂ ਕੋਈ ਸਾਹਿਤਕ ਜਾਂ ਧਾਰਮਿਕ ਗ੍ਰੰਥ ਪੜ੍ਹ ਸਕਦੇ ਸਨ ਅਤੇ ਨਾ ਹੀ ਸੁਣ ਸਕਦੇ ਸਨ। ਜੇਕਰ ਕੋਈ ਆਦਿਵਾਸੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਫੜਿਆ ਜਾਂਦਾ ਤਾਂ ਉਸਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ। ਅਜਿਹੇ ਕਠੋਰ ਵਿਧਾਨ ਨੂੰ ਮਨੂੰ ਸਿਮਰਤੀਆਂ ਵੀ ਕਿਹਾ ਜਾਂਦਾ ਹੈ। ਭਾਰਤੀ ਸਭਿਅਤਾ ਵਿੱਚ ਆਏ ਇਸ ਗ਼ੈਰ-ਮਾਨਵੀ ਸਮੇਂ ਨੂੰ ‘ਵੈਦਿਕ ਕਾਲ’ ਦਾ ਸਮਾਂ ਕਿਹਾ ਜਾਂਦਾ ਹੈ। ਇਸ ਗ਼ੈਰ-ਮਾਨਵੀ ਵਰਤਾਰੇ ਬਾਰੇ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਇਸ ਤਰ੍ਹਾਂ ਲਿਖਦਾ ਹੈ:
.........
ਬ੍ਰਾਹਮਣਾਂ ਨੇ ਆਪਣੇ ਪੈਰ ਪੱਕੇ ਕਰਨ ਲਈ ਸਾਹਿਤਕ ਰਚਨਾਵਾਂ ਜਿਵੇਂ ਕਿ ਮਹਾਂਭਾਰਤ, ਮਨੂੰ ਸਿਮਰਤੀਆਂ, ਗੀਤਾ, ਪੁਰਾਣਾਂ ਨੂੰ ਧਾਰਮਿਕਤਾ ਦਾ ਸਗੋਂ ਪਵਿੱਤਰਤਾ ਦਾ ਦਰਜਾ ਦਿੱਤਾ। ਉਨ੍ਹਾਂ ਵਿੱਚ ਦਰਜ ਹੁਕ਼ਮਾਂ, ਆਦੇਸ਼ਾਂ-ਬੰਦਿਸ਼ਾਂ ਅਤੇ ਰੀਤੀ ਰਿਵਾਜਾਂ ਦੀ ਉਲੰਘਣਾ ਕਰਨ ਵਾਲਿਆਂ ਵਾਸਤੇ ਮੌਤ ਦੀ ਸਜ਼ਾ ਮੁਕ਼ੱਰਰ ਕਰ ਦਿੱਤੀ...ਅਸ਼ੌਕ ਦੇ ਪੋਤਰੇ ਬਿਦਿਰਹਦ ਦਾ ਕ਼ਤਲ ਕਰਕੇ ਮੌਰੀਆ ਰਾਜ ਦਾ ਅੰਤ ਕੀਤਾ ਅਤੇ 185 ਈਸਵੀ ਪੂਰਵ ਤੇ ਗ਼ੈਰ-ਮਾਨਵੀ ਵਿਧਾਨ ਸਥਾਪਤ ਕੀਤਾ। ਜਿਸ ਦੌਰਾਨ ਮਨੂੰ ਸਿਮਰਤੀ ਵਰਗਾ ਅਤਿ ਘਟੀਆ ਤੇ ਗ਼ੈਰ-ਮਾਨਵੀ ਵਿਧਾਨ ਲਿਖਿਆ ਗਿਆ। ਜਿਸਦਾ ਮਨੋਰਥ ਸੀ ਕਿ ਭਾਰਤੀ ਮੂਲ ਨਿਵਾਸੀਆਂ ਨੂੰ ਇਤਨਾ ਤੋੜ ਦਿੱਤਾ ਦਿੱਤਾ ਜਾਵੇ ਕਿ ਉਹ ਮੁੜ ਇਕੱਠੇ ਨਾ ਹੋ ਸਕਣ। ਉਹ ਰੋਟੀ ਤੇ ਬੇਟੀ ਦੀ ਸਾਂਝ ਬਾਰੇ ਸੋਚਣਾ ਵੀ ਬੰਦ ਕਰ ਦੇਣ। ਕੁਝ ਕਿੱਤੇ ਉੱਤਮ, ਕੁਝ ਮੱਧਮ, ਕੁਝ ਘਟੀਆ ਕਰਾਰ ਦੇ ਕੇ ਲੋਕਾਂ ਨੂੰ ਉੱਤਮ, ਮੱਧਮ ਤੇ ਨੀਚ ਵਿੱਚ ਵੰਡ ਕੇ ਹੇਠ ਉੱਤੇ ਖੜ੍ਹਾ ਕਰ ਦਿੱਤਾ ਗਿਆ। ਤੇ ਆਪਸੀ ਛੂਤ ਛਾਤ ਦਾ ਵਿਧਾਨ ਲਾਗੂ ਕਰਕੇ ਦੂਰੀ ਬਣੀ ਰਹਿਣ ਲਈ ਪੱਕਾ ਉਪਰਾਲਾ ਕੀਤਾ। ਇਸ ਤੋਂ ਵੀ ਵੱਧ ਜੋ ਕਬੀਲੇ ਆਰੀਅਨ ਨਾਲ ਜ਼ਿਆਦਾ ਲੜੇ ਅਤੇ ਅਧੀਨਗੀ ਕਬੂਲ ਨਹੀਂ ਕੀਤੀ ਜਿਵੇਂ ਨਾਗ, ਭੀਲ, ਭੋਲ, ਚੰਡਾਲ, ਸਪੇਰੇ, ਕੱਛੂ ਖਾਣੇ, ਸਿਗਲੀਗਰ, ਛੱਜਘਾੜੇ, ਬੌਰੀਏ, ਗਿੱਦੜ ਕੁੱਟ ਆਦਿਕ ਵਾਂਗ ਹਜ਼ਾਰਾਂ ਜਾਤਾਂ ਦੇ ਲੋਕਾਂ ਨੂੰ ਸਮਾਜ ਵਿੱਚੋਂ ਛੇਕ ਦਿੱਤਾ। ਉਨ੍ਹਾਂ ਲਈ ਸਮਾਜ ਅੰਦਰ ਆਉਣ ਦੀ ਥਾਂ ਬੰਦ ਕਰ ਦਿੱਤੀ। ਬਹੁਤਿਆਂ ਨੂੰ ਤਾਂ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਜੋ ਹੌਲੀ ਹੌਲੀ ਗ਼ੁਲਾਮ ਬਣ ਗਏ ਤੇ ਆਰੀਆ ਦੀ ਮਰਜ਼ੀ ਤੇ ਨਿਰਭਰ ਹੋ ਕੇ ਜੀਵਨ ਕੱਟਣ ਲੱਗੇ ਉਹ ਦਾਸ ਅਖਵਾਏ। ਜਿਹਨਾਂ ਅਧੀਨਗੀ ਦੀ ਥਾਂ ਜੰਗਲੀਂ ਰਹਿਣਾ ਮਨਜ਼ੂਰ ਕੀਤਾ, ਉਹ ਦਾਸਿਉ ਅਖਵਾਏ ਗਏ।
------
ਭਾਰਤੀ ਸਭਿਅਤਾ 7,500 ਬੀਸੀ ਪੁਰਾਣੀ ਸਮਝੀ ਜਾਂਦੀ ਹੈ। ਪਰ ਆਰੀਅਨ ਲੋਕਾਂ ਵੱਲੋਂ ਭਾਰਤ ਦੇ ਆਦੀਵਾਸੀ ਲੋਕਾਂ ਦੇ ਵੱਡੇ ਕੇਂਦਰ ਮਹਿੰਜੋਦੜੋ, ਹੜੱਪਾ, ਟੈਕਸਲਾ ਆਦਿ ਤਬਾਹ ਕਰ ਦਿੱਤੇ ਜਾਣ ਕਾਰਨ ਅਤੇ ਭਾਰਤੀ ਸਭਿਅਤਾ ਦਾ ਇਤਿਹਾਸ ਆਰੀਅਨ ਲੋਕਾਂ ਵੱਲੋਂ ਹੀ ਮੂਲ ਰੂਪ ਵਿੱਚ ਲਿਖੇ ਅਤੇ ਪ੍ਰਚਾਰੇ ਜਾਣ ਕਾਰਨ ਆਰੀਅਨ ਲੋਕਾਂ ਦੀ ਮਾਨਸਿਕਤਾ ਬਾਰੇ ਵੀ ਜਾਣਕਾਰੀ ਮਿਲਦੀ ਹੈ।
-----
ਇਸ ਤਰ੍ਹਾਂ ਭਾਰਤੀ ਸਭਿਅਤਾ ਦਾ ਇਤਿਹਾਸ, ਮੂਲ ਰੂਪ ਵਿੱਚ ਇਸ ਖਿੱਤੇ ਉੱਤੇ ਜ਼ਬਰਦਸਤੀ ਕਾਬਜ਼ ਹੋਏ ਆਰੀਅਨ ਲੋਕਾਂ ਅਤੇ ਧਰਤੀ ਦੇ ਇਸ ਹਿੱਸੇ ਉੱਤੇ ਰਹਿ ਰਹੇ ਆਦਿਵਾਸੀ ਲੋਕਾਂ ਦਰਮਿਆਨ ਹਜ਼ਾਰਾਂ ਸਾਲਾਂ ਤੋਂ ਚੱਲੇ ਆ ਰਹੇ ਨਿਰੰਤਰ ਯੁੱਧ ਦੀ ਹੀ ਕਹਾਣੀ ਹੈ। ਮਨੂੰ ਸਿਮਰਤੀਆਂ ਵੱਲੋਂ ਲੋਕ ਮਨਾਂ ਵਿੱਚ ਪਾਈਆਂ ਵਰਣ ਵੰਡ ਦੀਆਂ ਲਕੀਰਾਂ ਦੀ ਤੇਜ਼ਾਬੀ ਛਾਪ ਏਨੀ ਗੂੜ੍ਹੀ ਹੈ ਕਿ ਹਜ਼ਾਰਾਂ ਸਾਲ ਬੀਤ ਜਾਣ ਬਾਅਦ ਵੀ ਇਹ ਮਿਟਾਈਆਂ ਨਹੀਂ ਜਾ ਸਕਦੀਆਂ। ਲੋਕ ਇਨ੍ਹਾਂ ਲਕੀਰਾਂ ਨੂੰ ਇੱਕ ਸਦੀਵੀ ਹਕੀਕਤ ਦੇ ਰੂਪ ਵਿੱਚ ਸਵੀਕਾਰ ਕਰੀ ਬੈਠੇ ਜਾਪਦੇ ਹਨ।
-----
ਭਾਰਤੀ ਸਮਾਜ ਵਿੱਚ ਘਰ ਕਰ ਬੈਠੇ ਇਸ ਗ਼ੈਰ-ਮਾਨਵੀ ਵਰਤਾਰੇ ਨੂੰ ਡੰਕੇ ਦੀ ਚੋਟ ਉੱਤੇ ਚੁਣੌਤੀ ਦੇਣ ਦਾ ਸਿਹਰਾ ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੂੰ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕੀਤੀ। ਜਿਸਦਾ ਨਾਮ ‘ਖ਼ਾਲਸਾ’ ਰੱਖਿਆ ਗਿਆ। ਇਹ ਨਵਾਂ ਸਮਾਜ ਵਰਣਵੰਡ ਰਹਿਤ ਸੀ। ਜਿਸ ਕਾਰਨ ਇਹ ਸਮਾਜ ਮਨੂੰਵਾਦ ਲਈ ਸਿੱਧੀ ਚੁਣੌਤੀ ਸੀ। ਭਾਰਤੀ ਸਭਿਅਤਾ ਦੇ ਇਤਿਹਾਸ ਵਿੱਚ ਵਾਪਰੀ ਇਸ ਕ੍ਰਾਂਤੀਕਾਰੀ ਘਟਨਾ ਨੂੰ ਤਲਵਿੰਦਰ ਸਿੰਘ ਸੱਭਰਵਾਲ ਆਪਣੇ ਨਿਬੰਧ ‘ਭਾਰਤੀ ਧਰਤ ਤੇ ਧਰਮ’ ਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
.........
...ਖਾਲਸਾ ਸੁਣੇਗਾ, ਬੋਲੇਗਾ ਤੇ ਪੜ੍ਹੇਗਾ...ਖਾਲਸਾ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਰਹੇਗਾ। ਕਿਉਂਕਿ ਬ੍ਰਾਹਮਣਵਾਦ ਸ਼ੂਦਰਾਂ ਨੂੰ ਹਥਿਆਰ ਰੱਖਣ ਦੀ ਮਨਾਹੀ ਕਰਦਾ ਸੀ। ਖਾਲਸਾ ਸਰਬ ਲੋਹ ਦੇ ਬਰਤਨਾਂ ‘ਚ ਖਾਏ ਪੀਏਗਾ। ਕਿਉਂਕਿ ਸ਼ੂਦਰਾਂ ਨੂੰ ਸਿਰਫ਼ ਮਿੱਟੀ ਦੇ ਟੁੱਟੇ ਹੋਏ ਭਾਂਡਿਆਂ ‘ਚ ਖਾਣ ਦਾ ਹੁਕ਼ਮ ਸੀ। ਖਾਲਸਾ ਸਿਰ ਉੱਤੇ ਦਸਤਾਰ, ਕਲਗੀ ਅਤੇ ਬਸਤਰ ਪਹਿਨੇਗਾ। ਕਿਉਂਕਿ ਸ਼ੂਦਰਾਂ ਨੂੰ ਸਿਰ ਉੱਤੇ ਖੰਭ ਲਾ ਕੇ ਅਤੇ ਮੁਰਦਿਆਂ ਦੇ ਖੱਫਣ ਤੇ ਫਟੇ ਪੁਰਾਣੇ ਕੱਪੜੇ ਪਾਉਣ ਦਾ ਹੁਕ਼ਮ ਸੀ। ਖਾਲਸਾ ਹਮੇਸ਼ਾ ਫਤਿਹ ਦਾ ਨਾਅਰਾ ਲਾਏਗਾ। ਕਿਉਂਕਿ ਬ੍ਰਾਹਮਣਵਾਦ ਵਿਚਾਰਧਾਰਾ ਨੇ ਸ਼ੂਦਰਾਂ ਨੂੰ ਹਰ ਖੇਤਰ ਵਿੱਚ ਹਾਰ ਦਿੱਤੀ ਸੀ। ਖਾਲਸਾ ਘੋੜੇ ਦੀ ਸਵਾਰੀ ਕਰੇਗਾ ਕਿਉਂਕਿ ਸ਼ੂਦਰਾਂ ਨੂੰ ਉੱਚੀ ਥਾਂ ਬੈਠਣ ਤੇ ਗਰਮ ਸਰੀਆਂ ਨਾਲ ਦਾਗਣ ਦਾ ਹੁਕਮ ਸੀ। ਖਾਲਸਾ ਇਕ ਹੀ ਬਾਟੇ ਵਿੱਚੋਂ ਅੰਮ੍ਰਿਤ ਪਾਨ ਕਰੇਗਾ। ਕਿਉਂਕਿ ਸ਼ੂਦਰਾਂ ਤੇ ਉੱਚ ਜਾਤਾਂ ਵਿੱਚ ਭਿੱਟ ਦਾ ਰਿਵਾਜ਼ ਸੀ। ਖਾਲਸਾ ਭਿੱਟ ਨਹੀਂ ਕਰੇਗਾ ਅਤੇ ਇੱਕ ਪੰਗਤ ‘ਚ ਬੈਠ ਕੇ ਲੰਗਰ ਛਕੇਗਾ। ਕਿਉਂਕਿ ਬ੍ਰਾਹਮਣ ਵਿਚਾਰਧਾਰਾ ਨੇ ਸਮਾਜ ਵਿੱਚੋਂ ਰੋਟੀ ਦੀ ਸਾਂਝ ਖ਼ਤਮ ਕਰ ਦਿੱਤੀ ਤੇ ਇੱਕ ਦੂਸਰੀ ਜ਼ਾਤ ਤੋਂ ਅੰਨ ਖਾਣ ਦੀ ਨਫ਼ਰਤ ਫੈਲਾਈ ਹੋਈ ਸੀ। ਖਾਲਸਾ ਆਪਣੇ ਨਾਂ ਨਾਲ ਸਿੰਘ ਲਗਾ ਕੇ ਸ਼ੇਰ ਬਣੇਗਾ ਕਿਉਂਕਿ ਸ਼ੂਦਰਾਂ ਦੀ ਕਦਰ ਕਾਂ, ਕੁੱਤੇ, ਬਿੱਲੇ ਦੇ ਬਰਾਬਰ ਮਿੱਥੀ ਗਈ ਸੀ। ਉਹ ਅਨਿਆਂ ਦੇ ਬਰਾਬਰ ਚੂੰ ਤੱਕ ਵੀ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਾਂ ਭੱਦੇ ਕਿਸਮ ਦੇ ਰੱਖਣ ਦਾ ਹੁਕ਼ਮ ਸੀ। ਖਾਲਸਾ ਸਾਰੇ ਸਮਾਜ ਦੇ ਲੋਕਾਂ ਨੂੰ ਮਾਂ, ਭੈਣ, ਭਾਈ ਦਾ ਸਤਿਕਾਰ ਦੇਵੇਗਾ ਕਿਉਂਕਿ ਸ਼ੂਦਰਾਂ ਨੂੰ ਸਿਵਾਏ ਆਪਣੀ ਜ਼ਾਤ ਦੇ ਰਿਸ਼ਤੇ ਬਣਾਉਣ ਦੀ ਆਗਿਆ ਨਹੀਂ ਸੀ।
-----
ਸਿੱਖ ਧਰਮ ਦੇ ਬਾਨੀ ਗੁਰੂ ਗੋਬਿੰਦ ਸਿੰਘ ਨੇ ਭਾਵੇਂ ਕਿ ਸਿੱਖ ਧਰਮ ਦੀ ਨੀਂਹ ਰੱਖਣ ਵੇਲੇ ਭਾਰਤੀ ਸਭਿਅਤਾ ਦੇ ਸੰਦਰਭ ਵਿੱਚ ਬਹੁਤ ਵੱਡੀ ਕ੍ਰਾਂਤੀਕਾਰੀ ਗੱਲ ਕੀਤੀ ਸੀ, ਇੱਕ ਅਜਿਹੇ ਸਮਾਜ ਦੀ ਸਿਰਜਣਾ ਦੀ ਨੀਂਹ ਰੱਖੀ ਸੀ ਜਿਸ ਬਾਰੇ ਉਨ੍ਹਾਂ ਸਮਿਆਂ ਵਿੱਚ ਸੋਚਣਾ ਵੀ ਮੁਸ਼ਕਿਲ ਸੀ। ਇੱਕ ਅਜਿਹੇ ਸਮਾਜ ਦੀ ਸਿਰਜਣਾ ਜਿਸ ਵਿੱਚ ਕੋਈ ਉੱਚਾ-ਨੀਵਾਂ ਨਹੀਂ ਹੋਵੇਗਾ, ਜਿਸ ਸਮਾਜ ਵਿੱਚ ਕੋਈ ਜ਼ਾਤ-ਪਾਤ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਭਿੱਟ ਨਹੀਂ ਹੋਵੇਗੀ। ਜਿਸ ਸਮਾਜ ਵਿੱਚ ਕੋਈ ਵਰਨ-ਵੰਡ ਨਹੀਂ ਹੋਵੇਗੀ। ਪਰ ਸਮੇਂ ਦੇ ਬੀਤਣ ਨਾਲ ‘ਸਿੱਖ ਧਰਮ’ ਜਾਂ ‘ਖਾਲਸਾ’ ਵੀ ਮਨੂੰਵਾਦ ਦੇ ਪ੍ਰਭਾਵ ਹੇਠ ਆਉਣ ਲੱਗਾ। ਮਨੂੰਵਾਦ ਵੱਲੋਂ ਜਿਹੜੀਆਂ ਕੁਰੀਤੀਆਂ ਸਮਾਜ ਵਿੱਚ ਪ੍ਰਚਲਤ ਕੀਤੀਆਂ ਗਈਆਂ ਸਨ, ਮਨੂੰਵਾਦ ਵੱਲੋਂ ਸਮਾਜ ਵਿੱਚ ਜਿਹੜੀ ਗ਼ੈਰ-ਮਾਨਵੀ ਵੰਡ ਪੈਦਾ ਕੀਤੀ ਹੋਈ ਸੀ - ਜਿਸ ਨੂੰ ਚੁਣੌਤੀ ਦੇਣ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਮੇਂ ਦੀ ਸਭ ਤੋਂ ਵੱਧ ਕ੍ਰਾਂਤੀਕਾਰੀ ਵਿਚਾਰਧਾਰਾ ਭਾਰਤੀ ਸਭਿਅਤਾ ਨੂੰ ਦਿੱਤੀ ਸੀ। ਉਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ, ਸਿੱਖਾਂ ਵੱਲੋਂ, ਅੱਜ ਉਸ ਵਿਚਾਰਧਾਰਾ ਦੇ ਮੁੱਢਲੇ ਅਸੂਲਾਂ ਨੂੰ ਹੀ ਭੁਲਾ ਦਿੱਤਾ ਗਿਆ। ਤਲਵਿੰਦਰ ਸਿੰਘ ਸੱਭਰਵਾਲ ਇਸ ਇਤਿਹਾਸਕ ਤੱਥ ਨੂੰ ਆਪਣੇ ਨਿਬੰਧ ‘ਇਤਿਹਾਸਕ ਲੇਖਾ ਜੋਖਾ’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
...........
1.ਉਹ ਕ਼ੁਰਬਾਨੀਆਂ ਦੇਣ ਵਾਲਾ ਸਿੰਘ ਜਾਤ ਪਾਤ ਦੇ ਆਧਾਰ ਤੇ ਨੀਚ ਬਣਾ ਦਿੱਤਾ ਤੇ ਜਾਤ ਅਭਿਮਾਨੀ ਸਿੰਘ ਨੂੰ ਇਹਨਾਂ ਤੋਂ ਭਿੱਟ ਤੇ ਬੋਅ ਆਉਣ ਲੱਗ ਪਈ। ਇਹ ਇੱਕ ਸਚਾਈ ਲੰਬੇ ਸਮੇਂ ਦੀ ਖੋਜ ਤੋਂ ਬਾਅਦ ਲਿਖਣ ਦਾ ਉੱਦਮ ਕੀਤਾ ਹੈ, ਉਹ ਸਿੱਖ ਪ੍ਰੰਪਰਾ ਦੇ ਉਲਟ ਚੱਲ ਰਿਹਾ ਹੈ। ਸ਼ਾਇਦ ਇਹ ਉਸ ਨੂੰ ਹਜ਼ਮ ਨਾ ਹੋਵੇ। ਅੰਗ੍ਰੇਜ਼ਾਂ ਨੂੰ ਡੋਗਰਿਆਂ ਰਾਜ ਥਾਲੀ ‘ਚ ਪ੍ਰੋਸ ਕੇ ਦਿੱਤਾ ਤੇ ਆਪ ਰਾਜ ਦੀ ਲਾਲਸਾ ਨਾਲ ਲੱਖਾਂ ਹੀ ਸਿੰਘਾਂ ਦੇ ਕ਼ਾਤਿਲਾਂ ਦੀ ਲਾਈਨ ‘ਚ ਜਾ ਲੱਗੇ।
.........
2.ਬੁੱਧ ਸਿੰਘ ਦਾ ਪੁੱਤਰ ਚੰਦਾ ਸਿੰਘ ਤੇ ਨੌਦ ਸਿੰਘ ਦਾ ਪੁੱਤਰ ਚੜ੍ਹਤ ਸਿੰਘ, ਚੜ੍ਹਤ ਸਿੰਘ ਦਾ ਪੁੱਤਰ ਮਹਾਂ ਸਿੰਘ ਮਹਾਰਾਜੇ ਰਣਜੀਤ ਸਿੰਘ ਦਾ ਬਾਪ ਸੀ। ਜੋ ਸਿੱਖ ਰਾਜ ਦਾ ਮਹਾਰਾਜਾ ਅਖਵਾਇਆ। ਤੇਰਾਂ ਸੌ ਘੋੜਸਵਾਰ ਦੀ ਮਿਸਲ ਬੀਰ ਸਿੰਘ ਰੰਗਰੇਟੇ ਦੀ ਕਮਾਂਡ ਹੇਠ ਸੀ। ਰਾਜਿਆਂ ‘ਚ ਗੁਰੂ ਪੰਥ ਦੀ ਸੇਵਾ ਦੀ ਥਾਂ ਜਾਤੀ ਹੰਕਾਰ ਦੇ ਕਾਰਨ ਇਸ ਬੀਰ ਸਿੰਘ ਦੀ ਮਿਸਲ ਨੂੰ ਸ. ਚੜ੍ਹਤ ਸਿੰਘ ਅਤੇ ਬਾਬਾ ਆਲਾ ਸਿੰਘ ਦਿਲੋਂ ਨਹੀਂ ਸੀ ਭਾਉਂਦੇ। ਅਕਾਲ ਤਖ਼ਤ ਤੋਂ ਹੁਕ਼ਮਨਾਮਾ ਭੇਜ ਕੇ ਬੀਰ ਸਿੰਘ ਸਣੇ ਨਿਹੰਗ ਸਿੰਘ ਭਾਵ ਮਿਸਲ ਦੇ ਸਿਪਾਹੀ ਅੰਮ੍ਰਿਤਸਰ ਬੁਲਾ ਕੇ ਰਾਮ ਰੌਣੀ ਠਹਿਰਾਏ ਗਏ। ਫੇਰ ਪੰਜ ਪੰਜ ਦੇ ਜੱਥੇ ਭੀੜ ਦੇ ਬਹਾਨੇ ਨਿਰ-ਸ਼ਸ਼ਤਰ ਕਰਕੇ ਭੇਜੇ ਗਏ। ਉਹ ਗੁਰੂ ਦਰਸ਼ਨ ਲਈ ਗਿਆਂ ਨੂੰ ਪ੍ਰਕਰਮਾ ਵਿੱਚ ਝਟਕਾਈ ਜਾਂਦੇ ਸਨ। ਉਸ ਵਕ਼ਤ ਵੀ ਉਹ ਸਰੋਵਰ ਦਾ ਪਾਣੀ ਲਹੂ ਤੇ ਮਿੱਝ ਨਾਲ ਸੁਰਖ਼ ਹੋਇਆ ਹੋਇਆ ਸੀ ਤੇ ਇਸ ਰੰਘਰੇਟਾ ਮਿਸਲ ਦਾ ਭੋਗ ਪੈ ਗਿਆ। ਕਿਸੇ ਤਰ੍ਹਾਂ ਕਾਰਵਾਈ ਲੀਕ ਹੋ ਗਈ ਤੇ ਬਚਦੇ ਸਿੰਘ ਗੜ੍ਹੀ ‘ਚੋਂ ਜਿਧਰ ਮੂੰਹ ਹੋਇਆ ਭੱਜ ਤੁਰੇ ਉਹਨਾਂ ‘ਚੋਂ ਜ਼ਿਆਦਾ ਜਾ ਕੇ ਜੰਮੂ ਦੇ ਏਰੀਏ ‘ਚ ਵੱਸੇ। ਹਰੀ ਸਿੰਘ ਨਲੂਆ ਉਹਨਾਂ ਦੀ ਸੰਤਾਨ ‘ਚੋਂ ਸੀ, ਜੋ ਸੂਰਬੀਰ ਨਲੂਆ ਦੇ ਨਾਂ ਨਾਲ ਪ੍ਰਸਿੱਧ ਹੋਇਆ।
-----
‘ਸਿੱਖ ਧਰਮ’ ਵਿੱਚ ਬ੍ਰਾਹਮਣਵਾਦ ਦੇ ਅਸਰ ਹੇਠ ਜ਼ਾਤ-ਪਾਤ ਦੇ ਉਭਾਰ ਦੀ ਇੱਕ ਹੋਰ ਵੱਡੀ ਮਿਸਾਲ ਆਪਣੇ ਨਿਬੰਧ ‘ਹਊ ਨੀਚ ਕਰਹੁ ਬੇਨਤੀ। ਸਾਚੁ ਨਾ ਛੱਡੋ ਭਾਈ’ ਵਿੱਚ ਤਲਵਿੰਦਰ ਸਿੰਘ ਸੱਭਰਵਾਲ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
............
ਸਿੱਖ ਰਾਜ ਦੀ ਢਹਿੰਦੀ ਕਲਾ 'ਤੇ ਅੰਗਰੇਜ਼ ਰਾਜ ‘ਚ ਬ੍ਰਾਹਮਣਵਾਦ ਬਹੁਤ ਪ੍ਰਫੁੱਲਤ ਹੋਇਆ। ਜ਼ਾਤ ਪਾਤ ਸਿਖਰਾਂ ਤੇ ਆਈ ਤੇ ਸਿੱਖਾਂ ‘ਚੋਂ ਵੀ ਸਿੱਖ ਹੋਣ ਦੇ ਬਾਵਜੂਦ ਜਾਤੀਵਾਦ ਜੁੜਦਾ ਰਿਹਾ। ਰਾਮਗੜ੍ਹੀਆ ਸਿੰਘ, ਜੱਟ ਸਿੰਘ, ਮਜ਼੍ਹਬੀ ਸਿੰਘ, ਰਵੀਦਾਸੀਆ ਸਿੰਘ ਆਦਿਕ। ਉਤਲੀ ਜਾਤੀ ਦੇ ਸਿੰਘ ਆਪਣੇ ਆਪ ਨੂੰ ਅੱਬਲ ਦਰਜਾ ਸਿੰਘ ਸਮਝਦੇ ਹਨ ਤੇ ਬਾਕੀ ਸਾਰੀ ਕੌਮ, ਸੋਮ ਹਨ। ਪਰ ਸਿੱਖ ਕ੍ਰਾਂਤੀਕਾਰੀ ਜ਼ਿਆਦਾ ਕਰਕੇ ਸ਼ੂਦਰਾਂ ਤੇ ਨੀਵੀਂ ਜਾਤ ਵੰਸ਼ਾਂ ਵਿਚੋਂ ਆਏ ਸਨ....1935-36 ਵਿੱਚ ਡਾਕਟਰ ਅੰਬੇਦਕਰ ਲੱਗ ਭੱਗ ਛੇ ਸੱਤ ਕਰੋੜ ਅਛੂਤਾਂ ਦੇ ਪਰਮਾਣਿਕ ਨੇਤਾ ਸਨ। ਆਪ ਨੇ ਇਹ ਇੱਛਾ ਪ੍ਰਗਟ ਕੀਤੀ ਕਿ ਦੇਸ਼ ਦੇ ਸਾਰੇ ਅਛੂਤ ਸਿੱਖ ਬਣ ਜਾਣ ਤਾਂ ਇਹ ਜ਼ਾਤ ਪਾਤ ਦੀ ਹਜ਼ਾਰਾਂ ਵਰ੍ਹਿਆਂ ਦੀ ਗ਼ੁਲਾਮੀ ਤੋਂ ਮੁਕਤ ਹੋ ਸਕਦੇ ਹਨ। ਪਰ ਅਕਾਲੀ ਆਗੂ ਤੇ ਸਿਰਕੱਢ ਲੀਡਰ ਹਰਨਾਮ ਸਿੰਘ ਡੱਲਾ ਐਮ.ਏ., ਐੱਲ.ਐੱਲ.ਬੀ., ਜੱਜ ਹਾਈਕੋਰਟ ਨੇ ਆਖਿਆ ਕਿ ਛੇ ਕਰੋੜ ਅਛੂਤਾਂ ਨੂੰ ਸਿੱਖ ਬਣਾ ਕੇ ਦਰਬਾਰ ਸਾਹਿਬ ਚੂੜ੍ਹਿਆਂ ਨੂੰ ਦੇ ਛੱਡੀਏ।
*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment