ਲੇਖ
ਅੱਖਾਂ ਬੰਦ ਕਰਦਿਆਂ ਹੀ ਖੁੱਲ੍ਹੇ-ਖੁੱਲ੍ਹੇ ਦਲਾਨਾਂ, ਚੌੜ-ਚੁਪੱਟ ਵਿਹੜਿਆਂ, ਕੱਚੀਆਂ-ਪੱਕੀਆਂ ਕੰਧਾਂ, ਉੱਚਿਆਂ ਚੁਬਾਰਿਆਂ, ਖੁੱਲ੍ਹੀਆਂ ਚਰਾਂਦਾਂ ਤੇ ਚੌੜੇ-ਚੌੜੇ ਦਰਾਂ ਵਾਲਾ ਉਹੀ ਪਿੰਡ ਸਾਫ਼-ਸਪਾਟ ਅੱਖਾਂ ਦੇ ਅਤ੍ਰਿਪਤ ਬਿੰਬਾਂ ਵਿੰਚ ਝਲਕਾਰੇ ਪਿਆ ਮਾਰਨ ਲਗਦੈ, ਜਿਥੇ ਕਦੇ ਹਾਣੀਆਂ ਨਾਲ ਕੋਟਲਾ ਛਪਾਕੀ, ਭੰਡਾ-ਭੰਡਾਰੀਆ ਅਤੇ ਸਟਾਪੂ ਖੇਡਦਿਆਂ ਲੱਤਾਂ ਨਹੀਂ ਸਨ ਥੱਕਦੀਆਂ, ਤੇ ਜ਼ਿੰਦਗੀ ਦੇ ਉਹਲਾਂ ਖ਼ੁਸ਼ਗਵਾਰ ਪਲਾਂ ਅਤੇ ਹੁਸੀਨ ਜਿਹੀਆਂ ਨਿੱਕੀਆਂ-ਨਿੱਕੀਆਂ ਖੇਡਾਂ ਵਿਚ ਪਤਾ ਹੀ ਨਹੀ ਸੀ ਚੰਲਦਾ ਕੇ ਕਦੋਂ ਦਿਨ ਛੁਪ ਗਿਆ।
ਤਰਕਾਲਾਂ ਦਾ ਸੁਰਮਈ ਹਨੇਰਾ ਪੋਲੇ-ਪੋਲੇ ਜਿਹੇ ਪੈਰ ਧਰ ਦੁਮੇਲ ਤੋਂ ਪਿੰਡ ਦੀਆਂ ਫਿਰਨੀਆਂ ਵਿੱਚੋਂ ਹੁੰਦਾ ਹੋਇਆ ਕੱਚੀਆਂ-ਭੀੜੀਆਂ ਗਲੀਆਂ ਤੇ ਪਿੱਪਲ ਥੱਲੇ ਬਣੇ ਸੱਥਾਂ ਦੇ ਥੜ੍ਹਿਆਂ ਤੇ ਆਣ ਉਤਰਦਾ। ਇਸ ਸ਼ਾਮ ਦੇ ਮਾਹੌਲ ਵਿੱਚ ਲੁਕਣਮੀਚੀ ਦੀ ਖੇਡ ਸ਼ੁਰੂ ਹੋ ਜਾਂਦੀ ਤੇ ਹਨੇਰਾ ਗੂੜ੍ਹਾ ਹੁੰਦੇ ਤੱਕ ਅਤੇ ਘਰਾਂ ਤੋ ਵੱਜਦੀਆਂ ਹਾਕਾਂ ਦੇ ਮੁੱਕਣ ਤੱਕ ਜਾਰੀ ਰਹਿੰਦੀ । ਸਾਫ਼ ਪਵਿੱਤਰ ਨੰਨ੍ਹੇ ਮਨਾਂ ਦੀਆਂ ਨੰਨੀਆਂ ਖ਼ਾਹਿਸ਼ਾਂ ਬਸ ਰਾਤ ਨੂੰ ਮਾਂ ਦੀ ਗੋਦੀ ਵਿੱਚ ਆ ਕੇ ਸਿਮਟ ਜਾਂਦੀਆਂ। ਬਚਪਨ ਦੀਆਂ ਉਹਨਾਂ ਬੀਹੀਆਂ, ਵਿਹੜਿਆਂ ਤੇ ਦਲਾਨਾਂ ਵਿਚ ਹਮੇਸ਼ਾਂ ਹਾਸਾ ਚੂੜੀਆਂ ਦੀ ਛਣਕਾਰ ਵਾਂਗੂੰ ਛਣਕਦਾ ਤੇ ਮੱਕੀ ਦੇ ਭੁੱਜਦੇ ਦਾਣਿਆਂ ਤੋਂ ਬਣਦੇ ਫੁੱਲਿਆਂ ਵਾਂਗੂੰ ਗੁਟਕਦਾ ਰਹਿੰਦਾ।
ਦੇਰ ਤੱਕ ਚੰਨ ਚਾਨਣੀ ਰਾਤ ਦੀ ਮੱਧਮ ਮੱਧਮ ਲੋਅ ਵਿੱਚ ਚਰਖਿਆਂ ਦੀ ਘੂਕਰ ਪੂਰੇ ਵਿਹੜੇ ਵਿੱਚ ਪਈ ਸੁਣਾਈ ਦਿੰਦੀ, ਪੂਣੀਆਂ ਮੁੱਕਦੀਆਂ ਜਾਂਦੀਆਂ ਤੇ ਛਿੱਕੂ ਸੂਤ ਦੀਆਂ ਛੱਲੀਆਂ ਨਾਲ ਭਰਦਾ ਜਾਂਦਾ। ਜਦ ਕੋਈ ਤੀਵੀਂ ਗਲੋਟੇ ਅਟੇਰਦੀ ਤਾਂ ਛਿੱਕੂ ਵਿੱਚ ਪਈਆਂ ਛੱਲੀਆਂ ਨੱਚ ਉੱਠਦੀਆਂ। ਚਰਖੇ ਤੇ ਪੂਣੀਆਂ ਕੱਤਦੀ ਮਾਂ ਦੇ ਲਾਗੇ ਵਾਲੀ ਮੰਜੀ ਦੀ ਹੀਂਅ ‘ਤੇ ਠੋਡੀ ਰੱਖ ਕਿਨੀ ਕਿਨੀ ਦੇਰ ਤੱਕਲੇ ‘ਤੇ ਲਵੇਟੇ ਜਾਂਦੇ ਸੂਤਰ ਦੀ ਤੰਦ ਵੱਲ ਪਏ ਤੱਕਦੇ ਰਹਿਣਾ ਜਿਨਾ ਦੇਰ ਉਹ ਛੱਲੀ ਬਣ ਤੱਕਲੇ ਤੋਂ ਲੱਥ ਨਾ ਜਾਣਾ। ਕਪਾਹ ਵੇਲਦੀ ਕਿਸੇ ਤੀਵੀਂ ਨੇ ਫਿਰ ਕਿਸੇ ਡੂੰਘੇ ਤੇ ਸੋਗਮਈ ਵਿਸਮਾਦ ਵਿੱਚ ਇਕ ਗੀਤ ਛੋਹ ਲੈਣਾ....
ਯਾਦਾਂ ਦੇ ਖੰਭ ਲਾ ਕੇ, ਆਈ ਹਾਂ ਕੋਲ ਤੇਰੇ
ਸੀਨੇ ਦੀ ਧੜਕਣਾਂ ਚੋਂ, ਸੁਣਦੀ ਹਾਂ ਬੋਲ ਤੇਰੇ
ਹਰ ਵੇਲੇ ਤੇਰੀ ਯਾਦ ਅੰਦਰ ਮੈ ਹਰ ਘੜੀ ਗੁਜ਼ਾਰਾਂ
ਮਹਿਰਮ ਦਿਲਾਂ ਦੇ ਮਾਹੀ, ਮੋੜੇਗਾ ਕਦ ਮੁਹਾਰਾਂ...
ਉਸ ਵਕਤ ਸਾਡੀ ਨਿਆਣੀ ਸੋਚ ਅੰਦਰ ਇਸ ਗੀਤ ਦੇ ਅਰਥ ਸਮਝ ਹੀ ਕਿੱਥਟ ਪੈਂਦੇ ਸੀ। ਪਰ ਹੌਲੀ-ਹੌਲੀ ਜਦ ਬਚਪਨ ਜਵਾਨੀ ਦੇ ਪਰਛਾਵਿਆਂ ਥੱਲੇ ਕਿਧਰੇ ਗਵਾਚਣ ਲੱਗਾ ਤਾਂ ਇਹਨਾਂ ਸਤਰਾਂ ਦੀ ਕੁਝ ਸਮਝ ਇਸ ਅਕਲ ਵਿਚ ਵੜੀ। ਵਿਛੋੜਾ, ਵਿਯੋਗ ਉਹਨਾ ਚਰਖੇ ਕੱਤਦੀਆਂ, ਗਲੋਟੇ ਅਟੇਰਦੀਆਂ ਤੇ ਫੁਲਕਾਰੀ ਤੇ ਫੁੱਲ ਕੱਢਦੀਆਂ ਕੁੜੀਆਂ, ਵਿਆਹੀਆਂ ਤੇ ਮਾਈਆਂ ਦੀ ਆਵਾਜ਼ ਵਿੱਚ ਖ਼ੌਰੇਰੇ ਕਿੱਥੋਂ ਆਣ ਸਮੋਇਆ ਸੀ? ਕਈਆਂ ਦੇ ਮਾਹੀ ਪਰਦੇਸ ਰੋਜ਼ੀ ਲਈ ਭਟਕਦੇ ਫਿਰ ਵਾਪਿਸ ਪਿੰਡ ਨਹੀਂ ਪਰਤੇ ਸਨ, ਕਈਆਂ ਦੇ ਕੰਤ ਲਾਮ ‘ਤੇ ਗਏ ਨੇ ਤੇ ਕਈਆਂ ਦੇ ਮਾਹੀ ਅਜੇ ਨਵੇ ਰੰਗਰੂਟ ਭਰਤੀ ਹੋਏ ਨੇ। ਸਾਰੀਆਂ ਦਾ ਬਿਰਹਾ ਆਪੋ-ਆਪਣਾ ਹੈ। ਕੋਈ ਮਹਿਰਮ ਨੂੰ ਪਈ ਪੁਕਾਰਦੀ ਏ ਤੇ ਕੋਈ ਕੁਝ ਇੰਝ ਪਈ ਆਖਦੀ ਏ :-
ਵਾਸਤਾ ਈ ਮੇਰਾ, ਮੇਰੇ ਦਿਲਾਂ ਦਿਆ ਮਹਿਰਮਾਂ
ਫੁੱਲੀਆਂ ਕਨੇਰਾਂ ਘਰ ਆ...
ਪਤਾ ਨਹੀਂ ਕਿਨੀਆਂ ਤਰਕਾਲਾਂ ਇਸੇ ਤਰਾਂ ਦੇ ਵਿਯੋਗੀ ਨਗ਼ਮਿਆਂ 'ਚ ਢਲ਼ ਕੇ ਗੂੜ੍ਹਾ ਹਨੇਰਾ ਬਣ ਜਾਂਦੀਆਂ। ਹੁਣ ਜਦ ਇਸ ਤਰਾਂ ਦੇ ਕਿਸੇ ਗੀਤ ਦੇ ਬੋਲ ਕੰਨੀ ਪੈਦੇ ਨੇ ਤਾਂ ਆਪਣੇ ਆਪ ਨੂੰ 20 ਸਾਲ ਪੁਰਾਣੇ ਉਸ ਪਿੰਡ ਦੀ ਕਿਸੇ ਛੱਤ ‘ਤੇ ਖਲੋਤੇ ਮਹਿਸੂਸ ਹੁੰਦਾ ਏ, ਤੇ ਯਾਦ ਆ ਜਾਂਦੇ ਨੇ ਉਹ ਸਾਥੀ-ਆੜੀ, ਉਹ ਖੇਡਾਂ ਜਿਹੜੀਆਂ ਨਿਰਛਲ ਮਨ ਨਾਲ ਕੁੜੀਆਂ ਮੁੰਡੇ ਰਲ਼ ਕੇ ਖੇਡਦੇ ਸੀ, ਤੇ ਜਿਨਾਂ ਨੂੰ ਖੇਡਦਿਆਂ ਕਦੀ ਲੱਤਾਂ ਨਹੀ ਸਨ ਥੱਕਦੀਆਂ।
ਪਰ ਹੁਣ ਛੂਹਣ-ਸਿਪਾਹੀ ਦੀ ਖੇਡ ਵਾਂਗ ਅਸੀ ਭੱਜ ਰਹੇ ਹਾਂ ਪੈਸੇ ਮਗਰ, ਪੈਸਾ ਖਿਡਾ ਰਿਹਾ ਹੈ ਸਾਨੂੰ ਨਿਰਾਲੀਆਂ ਖੇਡਾਂ, ਤੇ ਇਹਨਾਂ ਖੇਡਾਂ ਮਗਰ, ਪੈਸੇ ਮਗਰ ਭੱਜਦੇ-ਭੱਜਦੇ ਅਸੀ ਆਪਣੇ ਪਿੰਡ ਆਪਣੇ ਪਿੱਤਰਾਂ ਦੀ ਧਰਤੀ ਤੋਂ ਕੋਹਾਂ ਦੂਰ ਪਹੁੰਚ ਗਏ। ਉਸ ਪਿੰਡ ਦੀ ਮਹਿਕ ਤੋਂ ਦੂਰ ਜਿਥੇ ਸੁਖਨਮਈ, ਤ੍ਰੇਲ ਭਿਜੇ ਸ਼ਬਨਮੀ ਸੁਪਨਿਆਂ ਦਾ ਮੌਸਮ ਛਾਇਆ ਰਹਿੰਦਾ ਸੀ । ਬਚਪਨ ਦੇ ਦੋਸਤ ਖਿੰਡ ਗਏ, ਕੋਈ ਵਿਦੇਸ਼ ਚਲਾ ਗਿਆ, ਕੋਈ ਆਪਣੇ ਹੀ ਦੇਸ਼ ‘ਚ ਪਰਾਇਆ ਹੈ। ਪਿੰਡਾਂ ਦੀਆਂ ਕੱਚੀਆਂ ਕੰਧਾਂ, ਖੁੱਲ੍ਹੇ ਦਲਾਨਾਂ ਤੇ ਚੌੜੇ ਦਰਾਂ ਦੀ ਥਾਂ, ਪੱਕੀਆਂ ਮਹਿਲਨੁਮਾ ਕੋਠੀਆਂ ਬਣ ਗਈਆਂ ਨੇ। ਘਰ ਵੱਡੇ ਹੁੰਦੇ ਗਏ ਤੇ ਦਿਲ ਛੋਟੇ। ਸਕੂਨ ਕਿਧਰੇ ਨਹੀਂ ਮਿਲਦਾ। ਘਰ ਖੁੱਲ੍ਹੇ ਨੇ ਤੇ ਘਰਾਂ ਵਿੱਚ ਜੀਅ ਘੱਟ ਨੇ।
ਬਹੁਤੇ ਵਿਅਕਤੀ ਤਾਂ ਆਪਣੀਆਂ ਨਵ-ਵਿਆਹੀਆਂ ਨੂੰ ਪਿੰਡ ਛੱਡ ਕੇ ਵਿਦੇਸ਼ ਪੈਸੇ ਪਿਛੇ ਦੌੜ ਰਹੇ ਨੇ, ਤੇ ਉਹਲਾਂ ਵਿਚਾਰੀਆਂ ਦੀ ਮਨੋ-ਬਿਰਤੀ ਤੇ ਮਾਨਸਿਕ ਦਾ ਬਿਆਨ ਤਾਂ ਉਹ ਆਪ ਵੀ ਨਹੀ ਕਰ ਸਕਦੀਆਂ। ਇਕੱਲਤਾ, ਤਨਹਾਈ ਕਿਵੇ ਹੱਡਾਂ ਨੂੰ ਖਾਂਦੀ ਹੈ ਖ਼ੁਦਾ ਜਾਣੇ। ਇਸ ਤਰਾਂ ਦੇ ਆਲਮ ਵਿੱਚ ਅੱਜ ਵੀਹ ਸਾਲ ਪਹਿਲਾਂ ਜੁੜਦੀਆਂ ਤ੍ਰਿੰਝਣਾਂ ਵਿੱਚ ਚਰਖੇ ਕੱਤਦੀਆਂ ਤੀਵੀਆਂ ਵੱਲੋ ਲੰਮੀਆਂ ਹੇਕਾਂ ਲਾ ਗਾਏ ਜਾਂਦੇ ਉਹਨਾਂ ਅਮਰ ਗੀਤਾਂ ਦੀਆਂ ਸਤਰਾਂ ਚੇਤਿਆਂ 'ਚ ਉਮੜ ਆਉਂਦੀਆਂ ਨੇ, ਤੇ ਇਉ ਲਗਦੈ ਦਿਨ ਛੁਪਦੇ ਕੋਈ ਬਿਰਹਣ ਤਰਕਾਲਾਂ ਦੇ ਸੁਰਮਈ ਹਨੇਰੇ ਵਿੱਚ ਕੋਠੇ ਤੇ ਚੜ੍ਹ ਕੇ ਆਪਣੇ ਮਾਹੀ ਨੂੰ ਆਖਦੀ ਹੋਵੇ:-
ਦਿਨ ਰਾਤ ਤੜਫ਼ਦੇ ਨੇ ਅਰਮਾਨ ਬੇ-ਸ਼ੁਮਾਰਾਂ...
1 comment:
ਬਹੁਤ ਸੁੰਦਰ ਆਲੇਖ ਹੈ ਰੋਜ਼ੀ ਜੀਓ, ਤੁਹਾਡਾ ਗੱਲ ਕਹਿਣ ਦਾ ਅੰਦਾਜ਼ ਪਾਣੀ ਦੇ ਵਹਾਓ ਵਰਗਾ ਹੈ..
Post a Comment