ਕਹਾਣੀ
ਭਾਗ - ਪਹਿਲਾ
******
ਮੈਂ ਤਾਂ ਇਥੋਂ ਤੱਕ ਸੋਚਿਆ ਹੀ ਨਹੀਂ ਸੀ। ਮੇਰੇ ਲਈ ਉਸ ਦੀ ਔਕਾਤ ਪੰਜਾਹ/ਸੌ ਰੁਪਿਆ ਹੀ ਸੀ।
ਉਹਨੂੰ ਮੈਂ ਤਿੰਨ ਵਾਰ ਫ਼ੋਨ ਕੀਤਾ ਸੀ। ਉਸ ਦਾ ਫੋਨ ਬਿਜ਼ੀ ਆਇਆ ਸੀ। ਫੇਰ ਮੈਂ ਦੋ ਵਾਰ ਮਿਸ ਕਾਲ ਕੀਤੀ ਸੀ। ਉਸ ਨੂੰ ਮੇਰੀ ਮਿਸ ਕਾਲ ਦਾ ਪਤਾ ਹੁੰਦਾ ਹੈ। ਮਿਸ ਕਾਲ ਮਤਲਬ, ਮੈਂ ਉਹਨੂੰ ਬੁਲਾ ਰਿਹਾ ਹਾਂ। ਮੈਨੂੰ ਕਿਸੇ ਚੀਜ਼ ਦੀ ਲੋੜ ਹੈ। ਮਿਸ ਕਾਲ ਦੀ ਆਦਤ ਵੀ ਉਸੇ ਦੀ ਪਾਈ ਹੋਈ ਹੈ। ਉਸ ਮੈਨੂੰ ਕਿਹਾ ਸੀ, ‘‘ਸਾਹਿਬ ਜੀ, ਐਵੇਂ ਫ਼ੋਨ ਕਰਨ ਦਾ ਕੀ ਫਾਇਦਾ। ਮਿਸ ਕਾਲ ਮਾਰ ਦਿਆ ਕਰੋ। ਮੈਂ ਆਪੇ ਸਮਝ ਜਾਵਾਂਗਾ। ਜੇ ਅੱਗੇ ਪਿਛੇ ਹੋਇਆ ਤਾਂ ਫ਼ੋਨ ਕਰਲਾਂਗਾ।’’ ਪਰ ਉਹ ਮੇਰੇ ਕੋਲ਼ ਆਇਆ ਨਹੀਂ। ਅਜੇ ਤਾਈਂ ਤਾਂ ਕੋਈ ਪੀ. ਜੀ. ਵੀ ਨਹੀਂ ਆਇਆ ਹੋਣਾ। ਵਿਦਿਆਰਥੀਆਂ ਦੀਆਂ ਆਈਲੈਟਸ ਦੀ ਕੋਚਿੰਗ ਕਲਾਸਾਂ ਸੱਤ ਵਜੇ ਖ਼ਤਮ ਹੁੰਦੀਆਂ ਹਨ। ਸਾਢੇ ਸੱਤ ਵਜੇ ਤੋਂ ਪਹਿਲਾਂ ਕੋਈ ਨਹੀਂ ਆਉਂਦਾ। ਜਸਪਾਲ ਵੀ ਨਹੀਂ ਹੈ। ਫੇਰ ਉਹ ਕਿਹੜੇ ਕੰਮਾਂ ’ਚ ਰੁਝਿਆ ਹੋਇਆ ਹੈ? ਜਸਪਾਲ ਘਰੇ ਹੋਵੇ ਤਾਂ ਉਹ ਦੇ ਕੰਮ ਅਵੱਸ਼ ਹੀ ਵੱਧ ਜਾਂਦੇ ਹਨ। ਜਸਪਾਲ ਨੂੰ ਮਹਿਫ਼ਿਲ ਸਜਾਉਣ ਦਾ ਸ਼ੌਕ ਹੈ। ਉਹ ਨਵਾਬ ਬਣਿਆ, ਹੁਕਮ ਤੇ ਹੁਕਮ ਚਾੜ੍ਹੀ ਜਾਂਦਾ ਹੈ। ਕਈ ਵਾਰ ਤਾਂ ਉਹ ਮੋਹਣੀ ਦੀ ਭੂਤਨੀ ਭੁਲਾ ਦਿੰਦਾ ਹੈ।
ਪਹਿਲਾਂ ਕੀਤੀ ਕਾਲ ਦਾ ਸਮਾਂ ਦੇਖਦਾ ਹਾਂ। ਚਾਲੀ ਮਿੰਟ ਤੇ ਪਚਵੰਜਾ ਸੈਕਿੰਡ ਹੋ ਗਏ ਹਨ। ਜਦੋਂ ਮੈਂ ਗੇਟ ਖੋਲ੍ਹ ਕੇ ਅੰਦਰ ਆਇਆ ਸੀ ਤਾਂ ਉਹ ਮੈਨੂੰ ਰਸੋਈ ’ਚ ਖੜ੍ਹਾ ਦਿਸਿਆ ਨਹੀਂ ਸੀ। ਜਦੋਂ ਵੀ ਮੈਂ ਆਵਾਂ, ਉਹ ਮੈਨੂੰ ਰਸੋਈ ’ਚ ਮਿਲਦਾ ਸੀ। ਐਸ ਵੇਲੇ ਉਹ ਜਾਂ ਤਾਂ ਸਬਜ਼ੀ ਕੱਟ ਰਿਹਾ ਹੁੰਦਾ ਸੀ ਜਾਂ ਗੈਸ ਚੁੱਲ੍ਹੇ ’ਤੇ ਬਣਾਈ ਜਾ ਰਹੀ ਸਬਜੀ ’ਚ ਕੜਛੀ ਫੇਰਦਾ ਖੜ੍ਹਾ ਹੁੰਦਾ ਸੀ। ਉਹ ਮੈਨੂੰ ਗੇਟ ਤੋਂ ਲੰਘਦਿਆਂ ਹੀ ਦੇਖ ਲੈਂਦਾ ਸੀ। ਅੰਦਰ ਆਉਂਦੇ ਸਾਰ ਉਹ ਹੱਥ ਜੋੜ ਕੇ ਨਮਸਕਾਰ ਕਰਦਾ ਸੀ। ਕਹਿੰਦਾ ਸੀ, ‘‘ਸਾਹਿਬ ਜੀ, ਬੜੇ ਦਿਨਾਂ ਬਾਅਦ ਆਏ ਹੋਂ। ਬਾਬੂ ਜੀ, ਮੈਨੂੰ ਤੁਹਾਡੇ ਬਾਰੇ ਰੋਜ਼ ਪੁੱਛਦੇ ਆ। ਤੁਸੀਂ ਉਨ੍ਹਾਂ ਨੂੰ ਫੋਨ ਵੀ ਨ੍ਹੀਂ ਕੀਤਾ।’’ ਮੈਂ ਉਸਨੂੰ ਦੱਸਦਾ ਸੀ ਕਿ ਇਸ ਵਾਰੀ ਮੇਰਾ ਟੂਰ ਪ੍ਰੋਗਰਾਮ ਲੰਬਾ ਹੋ ਗਿਆ ਸੀ। ਇਸੇ ਲਈ ਐਨੇ ਦਿਨ ਆਇਆ ਨਹੀਂ ਗਿਆ ਸੀ। ਉਸ ਨੂੰ ਪਤਾ ਹੁੰਦਾ ਸੀ ਕਿ ਇਸ ਵੇਲੇ ਮੈਂ ਚਾਹ ਪੀਂਦਾ ਹਾਂ। ਫੇਰ ਵੀ ਉਹ ਪੁੱਛਦਾ ਸੀ, ‘‘ਪੈੱਗ ਚੱਲੇਗਾ ਜਾਂ ਚਾਹ ਪੀਉਂਗੇ?’’ ਮੈਂ ਨਾਂਹ ’ਚ ਸਿਰ ਹਿਲਾ ਕੇ ਚਾਹ ਦਾ ਕੱਪ ਬਣਾਉਣ ਦਾ ਇਸ਼ਾਰਾ ਕਰਦਾ ਸੀ।
ਉਹਨੂੰ ਆਵਾਜ਼ ਮਾਰਨ ਲਈ ਮੈਂ ਰੇਲਿੰਗ ਕੋਲ ਆ ਕੇ ਖੜ੍ਹ ਜਾਂਦਾ ਹਾਂ। ਹੇਠਾਂ ਨਜ਼ਰ ਮਾਰਦਾ ਹਾਂ। ਡਾਇਨਿੰਗ ਟੇਬਲ ਖ਼ਾਲੀ ਪਿਆ ਹੈ। ਟੀ. ਵੀ. ਬੰਦ ਹੈ। ਰਸੋਈ ’ਚੋਂ ਭਾਂਡੇ ਖੜਕਣ ਦੀ ਆਵਾਜ਼ ਆ ਰਹੀ ਹੈ। ਮੈਂ ਅੰਦਾਜ਼ਾ ਲਾਉਂਦਾ ਹਾਂ ਕਿ ਉਹ ਰਸੋਈ ’ਚ ਖੜ੍ਹਾ ਹੈ। ਪਰ ਉਸ ਮੇਰੀ ਮਿਸ ਕਾਲ ਵੱਲ ਧਿਆਨ ਕਿਉਂ ਨਹੀਂ ਦਿੱਤਾ। ਉਸ ਐਨੀ ਬੇਪ੍ਰਵਾਹੀ ਕਿਵੇਂ ਕੀਤੀ ਹੈ? ਮੈਨੂੰ ਗ਼ੁੱਸਾ ਆਉਣ ਲੱਗਾ ਹੈ। ਮੈਂ ਉਸ ਦੀਆਂ ਅਨੇਕਾਂ ਗਰਜ਼ਾਂ ਪੂਰੀਆਂ ਕੀਤੀਆਂ ਸਨ। ਕਈ ਵਾਰ ਅਲਮਾਰੀ ’ਚ ਅਧੀਆ ਜਾਂ ਪਊਆ ਪਿਆ ਹੁੰਦਾ ਸੀ। ਉਹ ਮੈਥੋਂ ਪੁੱਛਿਆਂ ਬਿਨਾਂ ਹੀ ਪੀ ਲੈਂਦਾ ਸੀ। ਪਰ ਜਦੋਂ ਮੈਂ ਆਉਂਦਾ ਸੀ ਤਾਂ ਮੈਨੂੰ ਦੱਸ ਅਵੱਸ਼ ਦਿੰਦਾ ਸੀ, ‘‘ਤੁਹਾਡਾ ਹਿੱਸਾ ਮੈਂ ਪੀ ਲਿਆ। ਦਰਅਸਲ ਮੈਂ ਥੱਕ ਗਿਆ ਸੀ। ਇਕੱਲੀ ਜਾਨ। ਢੇਰ ਸਾਰੇ ਕੰਮ। ਇਕੱਲੇ-ਇਕੱਲੇ ਕਮਰੇ ’ਚ ਜਾ ਕੇ ਚਾਹ ਦੇ ਕੇ ਆਉ। ਸਵੇਰ ਦੀ ਰੋਟੀ ਪਾਣੀ ਦਾ ਕੰਮ ਨਬੇੜ ਕੇ ਕੋਠੀ ਦੀ ਸਫ਼ਾਈ ਕਰੋ। ਬਾਬੂ ਜੀ ਦੇ ਕਪੜੇ ਧੋਉ। ਬੈੱਡ ਸ਼ੀਟਾਂ ਹਫ਼ਤੇ ਬਾਅਦ ਧੋਣ ਵਾਲੀਆਂ ਹੋ ਜਾਂਦੀਆਂ। ਮੇਰੀ ਜਨਾਨੀ ਦਾ ਬਹੁਤ ਸਮਾਂ ਤਾਂ ਬੱਚਿਆਂ ਦੀ ਸਾਂਭ-ਸੰਭਾਲ ’ਤੇ ਹੀ ਲੱਗ ਜਾਂਦਾ। ਵੱਡੀ ਕੁੜੀ ਜੁਆਨ ਹੋ ਗਈ ਆ। ਉਹ ਦੀ ਮੰਮੀ ਉਸ ਨੂੰ ਆਪ ਸਕੂਲੇ ਛੱਡਣ ਜਾਂਦੀ ਆ। ਆਪ ਲੈ ਕੇ ਆਉਂਦੀ ਆ। ਰਾਤ ਨੂੰ ਮੇਰਾ ਅੰਗ-ਅੰਗ ਦੁੱਖਣ ਲੱਗ ਜਾਂਦਾ। ਘੁੱਟ ਪੀ ਕੇ ਥਕੇਵਾਂ ਲੱਥ ਜਾਂਦਾ....।’’ ਦਿਨ-ਬ-ਦਿਨ ਮੇਰੀ ਹਮਦਰਦੀ ਉਸ ਪ੍ਰਤੀ ਵਧਦੀ ਹੀ ਗਈ ਸੀ। ਪਰ ਅੱਜ ਵਾਲੀ ਗੱਲ ਨੇ ਮੈਨੂੰ ਡਾਵਾਂਡੋਲ ਕਰ ਦਿੱਤਾ ਸੀ। ਅਜਿਹਾ ਪਹਿਲਾਂ ਵੀ ਪੰਜ-ਸੱਤ ਵਾਰ ਹੋਇਆ ਸੀ। ਪਰ ਉਹ ਮੇਰੇ ਕਮਰੇ ਦੀ ਲਾਈਟ ਜਗਦੀ ਦੇਖ ਕੇ ਅਵੱਸ਼ ਹੀ ਆਉਂਦਾ ਸੀ। ਮੈਨੂੰ ਜਸਪਾਲ ਦਾ ਸਮਝਾਇਆ ਯਾਦ ਆਉਂਦਾ ਹੈ, ‘‘ਨੌਕਰ ਨਾਲ਼ ਬਹੁਤਾ ਖੁੱਲ੍ਹੀਦਾ ਨ੍ਹੀਂ ਹੁੰਦਾ। ਦੂਰੀ ਬਣਾ ਕੇ ਰੱਖੋ। ਜੇ ਉਹ ਪਹਿਲੀ ਵਾਰ ਫੋਨ ਕਰੇ ਤਾਂ ਅਟੈਂਡ ਹੀ ਨਾ ਕਰੋ। ਜੇ ਦੂਜੀ ਵਾਰ ਕਰੇ ਤਾਂ ਕਹੋ-‘ਹਾਂ-ਦੱਸ-ਕੀ ਗੱਲ ਆ। ਮੈਂ ਬਹੁਤ ਬਿਜ਼ੀ ਆਂ। ਜਲਦੀ-ਜਲਦੀ ਦੱਸ।’ ਜੇ ਗੱਲ ਤੁਹਾਡੇ ਨਾਲ ਸੰਬੰਧਤ ਆ ਤਾਂ ਸੁਣ ਲਉ। ਜੇ ਉਹ ਕਿਸੇ ਬੀਮਾਰੀ ਬਾਰੇ ਗੱਲ ਕਰੇ ਜਾਂ ਆਪਣੇ ਦੁੱਖ ਬਾਰੇ ਤਾਂ ਜੁਆਬ ਦੇ ਦਿਉ-ਮੈਂ ਆ ਕੇ ਦੇਖਦਾਂ......।’’ ਪਰ ਮੈਂ ਉਸ ਦੇ ਕਹੇ ਨਾਲ ਸਹਿਮਤ ਨਹੀਂ ਹੋਇਆ ਸੀ। ਮੈਂ ਉਸਨੂੰ ਜ਼ੋਰ ਦੇ ਕੇ ਕਿਹਾ ਸੀ, ‘‘ਨੌਕਰ ਘਰ ਦਾ ਅਹਿਮ ਜੀਅ ਹੁੰਦਾ। ਜਿੰਨੀ ਆਪਾਂ ਉਸ ਨਾਲ ਹਮਦਰਦੀ ਕਰਾਂਗੇ-ਉਹ ਉਨਾ ਹੀ ਜ਼ਿਆਦਾ ਵਫ਼ਾਦਾਰ ਹੋਵੇਗਾ।’’ ਜਸਪਾਲ ਨੇ ਕਿਹਾ ਸੀ, ‘‘ਤੂੰ ਪਿੰਡ ਦੇ ਨੌਕਰ ਦੇਖੇ ਆ ਜਿਹੜੇ ਰਿਸ਼ਤਿਆਂ ਵਿਚ ਬੱਝੇ ਹੁੰਦੇ ਆ। ਕੋਈ ਕਿਸੇ ਦਾ ਚਾਚਾ ਹੁੰਦਾ ਆ। ਕੋਈ ਤਾਇਆ। ਵੱਡੇ ਭਾਜੀ। ਸਰਦਾਰ ਸਾਹਿਬ। ਸ਼ਹਿਰ ਦੇ ਨੌਕਰ ਬਹੁਤ ਤੇਜ਼ ਹੁੰਦੇ ਆ।’’
ਸਿਰ ਦਾ ਦਰਦ ਵਧ ਰਿਹਾ ਹੈ। ਮੈਂ ਅਲਮਾਰੀ ਦੇ ਵੱਖ-ਵੱਖ ਖਾਨਿਆਂ ’ਚ ਹੱਥ ਮਾਰਦਾ ਹਾਂ। ਮੈਨੂੰ ਕੋਈ ਟੈਬਲਿਟ ਨਹੀਂ ਮਿਲਦੀ। ਮੈਂ ਜਸਪਾਲ ਦੇ ਕਮਰੇ ’ਚ ਵੀ ਜਾਂਦਾ ਹਾਂ। ਉੱਥੋਂ ਵੀ ਮੈਨੂੰ ਕੁਝ ਨਹੀਂ ਮਿਲਦਾ। ਮੈਨੂੰ ਚਾਹ ਦੇ ਕੱਪ ਦੀ ਲੋੜ ਹੈ। ਮੇਰਾ ਹੱਥ ਮੋਬਾਇਲ ’ਤੇ ਜਾਂਦਾ ਜਾਂਦਾ ਰੁਕ ਜਾਂਦਾ ਹੈ। ਮੈਂ ਆਪਣੇ ਕਮਰੇ ’ਚ ਆ ਕੇ ਮੁੜ ਕੰਧ ਨਾਲ ਢੋਅ ਲਾ ਕੇ ਬੈਠ ਜਾਂਦਾ ਹਾਂ। ਰਜਾਈ ਲੱਕ ਤੱਕ ਖਿਚ ਲੈਂਦਾ ਹਾਂ। ਮੈਂ ਲੈਪਟਾਪ ਔਨ ਕਰਦਾ ਹਾਂ। ਡਿਕਸ਼ਨਰੀ ’ਚੋਂ ‘ਵਫ਼ਾਦਾਰ’ ਸ਼ਬਦ ਦੇ ਅਰਥ ਲੱਭਦਾ ਹਾਂ। ਉਥੇ ਇਸ ਸ਼ਬਦ ਦੇ ਕਈ ਅਰਥ ਦਰਜ ਹਨ। ਇਕ ਅਰਥ ਹੈ : ਨਮਕ ਹਲਾਲ। ਇਸ ਅੱਖਰ ’ਚੋਂ ਹੀ ਕਰਮੂ ਦਾ ਚਿਹਰਾ ਉਭਰਦਾ ਹੈ। ਕਰਮੂ ਸਾਡੇ ਨਾਲ ਕਈ ਸਾਲ ਰਿਹਾ ਸੀ। ਮੇਰੇ ਬਾਬਾ ਜੀ ਉਸ ਦੀਆਂ ਸਿਫ਼ਤਾਂ ਕਰਦੇ ਸਨ। ਇਕ ਵਾਰੀ ਛੋਟੇ ਬਾਬਾ ਜੀ ਨੇ ਭੱਠੀ ਲਾਈ ਹੋਈ ਸੀ। ਬਾਬਾ ਜੀ ਖੂਹ ਦੀ ਗਾਧੀ ’ਤੇ ਬੈਠੇ ਸਨ। ਪੁਲਿਸ ਦਾ ਰੇਡ ਪਿਆ ਸੀ। ਪੁਲਿਸ ਦੇਖ ਕੇ ਛੋਟੇ ਬਾਬਾ ਜੀ ਦੌੜ ਗਏ ਸਨ। ਬਾਬਾ ਜੀ ਨੂੰ ਕੁੱਤੇ ਦੀ ਟਿਕ ਟਿਕ ’ਚ ਪੁਲਿਸ ਦੇ ਆਉਣ ਦਾ ਪਤਾ ਹੀ ਨਹੀਂ ਲੱਗਾ ਸੀ। ਜਦੋਂ ਵਗਦੇ ਖੂਹ ਦੀ ਗਾਦੀ ਤੋਂ ਇਕ ਸਿਪਾਹੀ ਨੇ ਬਾਬਾ ਜੀ ਨੂੰ ਗੁੱਟੋਂ ਫੜ ਕੇ ਹੇਠਾਂ ਖਿਚਿਆ ਸੀ ਤਾਂ ਬਾਬਾ ਜੀ ਨੇ ਇਕੋ ਝਟਕੇ ਨਾਲ ਆਪਣਾ ਗੁੱਟ ਛੁਡਾ ਲਿਆ ਸੀ। ਔਖ ਮੰਨਦਿਆਂ ਪੁੱਛਿਆ ਸੀ, ‘‘ਕੀ ਗੱਲ ਆ?’’ ਸਿਪਾਹੀ ਉਨ੍ਹਾਂ ਨਾਲੋਂ ਵੀ ਜ਼ਿਆਦਾ ਔਖਾ ਸੀ, ‘‘ਚਲ ਦੇਖ ਆਪਣੇ ਕਾਰੇ।’’ ਥਾਣੇਦਾਰ ਨੇ ਉਨ੍ਹਾਂ ਨੂੰ ਮੋਹਰੇ ਲਾ ਲਿਆ ਸੀ। ਚਲਦੀ ਭੱਠੀ ਕੋਲ ਲਿਆ ਖੜ੍ਹਾ ਕੀਤਾ ਸੀ। ਉਥੇ ਪੰਜ ਸਤ ਸਿਪਾਹੀ ਖੜ੍ਹੇ ਸਨ। ਉਨ੍ਹਾਂ ਨੂੰ ਸਾਰੇ ਮਾਜਰੇ ਦਾ ਪਤਾ ਲੱਗ ਗਿਆ ਸੀ। ਮੁਖ਼ਬਰੀ ਕਰਨ ਵਾਲੇ ਨੇ ਪੂਰੀ ਸੂਹ ਦਿੱਤੀ ਸੀ। ਥਾਣੇਦਾਰ ਨੇ ਕਿਹਾ ਸੀ, ‘‘ਹੁਣ ਦੱਸ?’’ ਬਾਬਾ ਜੀ ਸੋਚੀਂ ਪੈ ਗਏ ਸਨ ਕਿ ਉਹ ਇਸ ਗੱਲ ਦਾ ਕੀ ਜਵਾਬ ਦੇਣ। ਕਮਾਦ ਉਨ੍ਹਾਂ ਦਾ ਸੀ। ਫੇਰ ਵੀ ਉਨ੍ਹਾਂ ਨੇ ਕਿਹਾ ਸੀ, ‘‘ਸਾਹਿਬ ਬਹਾਦਰ, ਇਹ ਤਾਂ ਕਿਸੇ ਹੋਰ ਦਾ ਕਾਰਾ।’’ ਥਾਣੇਦਾਰ ਨੇ ਕੁਰੱਖਤ ਆਵਾਜ਼ ’ਚ ਪੁੱਛਿਆ ਸੀ, ‘‘ਫੇਰ ਤੂੰ ਦੱਸ। ਕਿਹਦਾ ਕਾਰਾ।’’ ਬਾਬਾ ਜੀ ਨੇ ਕਿਹਾ ਸੀ, ‘‘ਕੋਈ ਲਾਗਡਾਟ ਵਾਲਾ ਲੱਗਦਾ। ਸ਼ਾਇਦ.....।’’ ਉਦੋਂ ਹੀ ਕਰਮੂ ਆ ਗਿਆ ਸੀ। ਉਸ ਦੱਸਿਆ ਸੀ ਕਿ ਉਹ ਭੱਠੀ ਉਸ ਲਾਈ ਸੀ। ਇਸ ਬਾਰੇ ਬਾਬਾ ਜੀ ਨੂੰ ਕੁਝ ਨਹੀਂ ਪਤਾ। ਇਕ ਸਿਪਾਹੀ ਬੋਲਿਆ ਸੀ, ‘‘ਕਿਉਂ ਅਣਿਆਈਂ ਮੌਤੇ ਮਰਦਾਂ। ਕਾਰਾ ਤਾਂ ਤੇਰੇ ਕੁਛ ਲੱਗਦੇ ਇਨ੍ਹਾਂ ਪਤੰਦਰਾਂ ਦਾ।’’ ਪਰ ਕਰਮੂ ਵਾਰ-ਵਾਰ ਇਹੀ ਕਹੀ ਗਿਆ ਸੀ ਕਿ ਇਸ ਬਾਰੇ ਬਾਬਾ ਜੀ ਨੂੰ ਕੁਝ ਨਹੀਂ ਪਤਾ। ਥਾਣੇਦਾਰ ਨੇ ਚੌਕੀਦਾਰ ਨੂੰ ਭੇਜ ਕੇ ਸਰਪੰਚ ਤੇ ਪੰਚਾਂ ਨੂੰ ਸੱਦ ਲਿਆ ਸੀ। ਕਰਮੂ ਨੇ ਸਰਪੰਚ ਸਾਹਮਣੇ ਵੀ ਇਹੀ ਕਿਹਾ ਸੀ ਕਿ ਇਹ ਘੜੇ ਉਸ ਦੇ ਪਾਏ ਸਨ। ਸਿਪਾਹੀਆਂ ਨੇ ਕਰਮੂ ਨੂੰ ਉਥੇ ਹੀ ਢਾਹ ਲਿਆ ਸੀ। ਬਹੁਤ ਬੇਕਿਰਕੀ ਨਾਲ ਕੁੱਟਿਆ ਸੀ। ਆਲੇ-ਦੁਆਲੇ ਖੜ੍ਹੇ ਲੋਕਾਂ ਦੀ ਰੂਹ ਕੰਬ ਗਈ ਸੀ। ਪਰ ਕਰਮੂ ਮੋੜ ਘੋੜ ਕੇ ਉਹੀ ਕਹੀ ਗਿਆ ਸੀ। ਅਰਧ ਬੇਹੋਸ਼ ਹੋਏ ਨੂੰ ਸਿਪਾਹੀਆਂ ਨੇ ਟਾਂਗੇ ’ਚ ਸੁੱਟ ਲਿਆ ਸੀ। ਫੇਰ ਮੁਕੱਦਮਾ ਚਲਿਆ ਸੀ। ਕਰਮੂ ਨੂੰ ਦੋ ਸਾਲਾਂ ਦੀ ਸਜ਼ਾ ਹੋਈ ਸੀ। ਬਾਬਾ ਜੀ ਨੇ ਪੈਸੇ ਖ਼ਰਚਣ ਲੱਗਿਆਂ ਕਿਰਸ ਨਹੀਂ ਕੀਤੀ ਸੀ। ਉਸਦੇ ਘਰ ਪਰਿਵਾਰ ਦਾ ਖ਼ਰਚਾ ਚੁੱਕਿਆ ਸੀ। ਜਦੋਂ ਕਰਮੂ ਛੁੱਟ ਕੇ ਆਇਆ ਸੀ ਤਾਂ ਬਾਬਾ ਜੀ ਨੇ ਸ਼ਹਿਰੋਂ ਦੇਸ਼ੀ ਸ਼ਰਾਬ ਦੀ ਬੋਤਲ ਮੰਗਵਾਈ ਸੀ। ਕੁੱਕੜ ਬਣਾਇਆ ਸੀ। ਦੋ ਪੈੱਗ ਲਾਉਣ ਤੋਂ ਬਾਅਦ ਕਰਮੂ ਨੂੰ ਪੁੱਛਿਆ ਸੀ, ‘‘ਕਰਮ ਚੰਦਾ, ਅਸੀਂ ਤਾਂ ਕਿਸੇ ਨੇ ਵੀ ਤੈਨੂੰ ਇਹ ਭੱਠੀ ਆਪਣੇ ਸਿਰ ਲੈਣ ਲਈ ਨ੍ਹੀਂ ਕਿਹਾ ਸੀ। ਫੇਰ ਤੂੰ ਆਪ ਕਿਉਂ ਮੂਹਰੇ ਹੋ ਗਿਆ ਸੀ?’’ ‘‘ਚਾਚਾ, ਆਪਣੇ ਅੰਨਦਾਤਾ ਪ੍ਰਤੀ ਵਫ਼ਾਦਾਰੀ ਵੀ ਹੋਣੀ ਚਾਹੀਦੀ ਆ। ਆਖਿਰ ਮੈਂ ਇਸ ਘਰ ਦਾ ਲੂਣ ਖਾਧਾ ਆ। ਮੈਂ ਆਪਣੇ ਬਾਬੇ ਤੋਂ ਇਹੀ ਕੁਸ਼ ਤਾਂ ਸਿੱਖਿਆ.....।’’
ਮੈਨੂੰ ਆਪਣੇ ਆਪ ’ਤੇ ਖਿੱਝ ਆਉਂਦੀ ਹੈ ਕਿ ਮੈਂ ਮੋਹਣੀ ਨੂੰ ਆਵਾਜ਼ ਕਿਉਂ ਨਹੀਂ ਮਾਰਦਾ। ਆਪਣੇ ਆਪ ਨੂੰ ਐਡਾ ਵੱਡਾ ਕਿਉਂ ਸਮਝਣ ਲੱਗ ਪਿਆ ਹਾਂ? ਹੋ ਸਕਦਾ ਹੈ ਕਿ ਉਹ ਕਿਸੇ ਕੰਮ ’ਚ ਲੱਗਾ ਹੋਵੇ। ਮੇਰੀ ਮਿਸ ਕਾਲ ਨੂੰ ਦੇਖਿਆ ਹੀ ਨਾ ਹੋਵੇ ਜਾਂ ਕਿਸੇ ਟੈਨਸ਼ਨ ’ਚ ਹੋਵੇ। ਇਕ ਦਿਨ ਮੈਂ ਸਵੇਰ ਨੂੰ ਬਾਹਰਲੀ ਰੇਲਿੰਗ ਕੋਲ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ। ਉਹ ਸੱਜੇ ਹੱਥ ’ਚ ਕੱਚੀ ਲੱਸੀ ਦਾ ਗਿਲਾਸ ਫੜੀ ਅੰਦਰ ਵੱਲ ਜਾਂਦਾ ਦਿਸਿਆ ਸੀ। ਮੈਂ ਸੋਚਣ ਲੱਗਾ ਸੀ ਕਿ ਉਹਨੂੰ ਮੰਦਿਰ ਜਾਣ ਦੀ ਕੀ ਲੋੜ ਪੈ ਗਈ ਸੀ। ਅੱਗੇ ਤਾਂ ਮੈਂ ਕਦੇ ਉਸ ਨੂੰ ਮੰਦਰ ਜਾਂਦਿਆਂ ਦੇਖਿਆ ਨਹੀਂ ਸੀ। ਸ਼ਾਇਦ ਉਹ ਕਿਸੇ ਮੁਸੀਬਤ ’ਚ ਹੋਏ। ਜਦੋਂ ਉਹ ਵਾਪਸ ਆਇਆ ਸੀ ਤਾਂ ਮੈਂ ਉਹਨੂੰ ਆਵਾਜ਼ ਮਾਰ ਕੇ ਪੁੱਛਿਆ ਸੀ, ‘‘ਮੋਹਨੀ ਪਿਆਰੇ, ਰੱਬ ਯਾਦ ਆ ਗਿਆ।’’ ਉਸ ਦੱਸਿਆ ਸੀ, ‘‘ਜਦੋਂ ਬਾਕੀ ਸਾਰੇ ਸਹਾਰੇ ਨਾ ਰਹਿਣ ਤਾਂ ਰੱਬ ਬਿਨਾਂ ਕੋਈ ਗੁਜ਼ਾਰਾ ਨ੍ਹੀਂ। ਮੰਦਰ ਜਾ ਕੇ ਦੋ ਘੜੀਆਂ ਲਈ ਸ਼ਾਂਤੀ ਮਿਲ ਜਾਂਦੀ ਆ।’’ ਮੈਂ ਉਸ ਦੀ ਮੁਸੀਬਤ ਬਾਰੇ ਜਾਨਣਾ ਚਾਹਿਆ ਸੀ ਪਰ ਉਹ ਮੇਰੀ ਗੱਲ ਨੂੰ ਟਾਲ਼ ਗਿਆ ਸੀ।
ਮੈਂ ਆਪਣੇ ਬੈਗ ’ਚੋਂ ਪੀਟਰ ਸਕੌਚ ਦੀ ਬੋਤਲ ਕੱਢਦਾ ਹਾਂ। ਬੈੱਡ ਦੇ ਢੋਅ ’ਤੇ ਰੱਖਦਾ ਹਾਂ। ਮੈਨੂੰ ਪਾਣੀ ਤੇ ਖਾਣ ਪੀਣ ਲਈ ਕਿਸੇ ਚੀਜ਼ ਦੀ ਲੋੜ ਹੈ। ਮੈਂ ਫੇਰ ਜਸਪਾਲ ਦੇ ਕਮਰੇ ’ਚ ਜਾਂਦਾ ਹਾਂ। ਗਿਲਾਸ ਲੱਭਣ ਲਈ। ਜਸਪਾਲ ਦੀ ਭੈੜੀ ਆਦਤ ’ਤੇ ਖਿਝ ਆਉਂਦੀ ਹੈ ਕਿ ਉਹ ਆਪਣੇ ਕਮਰੇ ’ਚ ਕੋਈ ਫਾਲਤੂ ਚੀਜ਼ ਨਹੀਂ ਰੱਖਦਾ ਹੈ। ਬਾਥਰੂਮ ’ਚ ਜਾ ਵੜਦਾ ਹਾਂ। ਉਥੇ ਬਾਲਟੀ ਤੇ ਮੱਘ ਪਿਆ ਹੈ। ਇਸ ਨਾਲ ਮੇਰਾ ਸਰਣਾ ਨਹੀਂ ਹੈ। ਇਕ ਮਨ ਕਰਦਾ ਹੈ ਕਿ ਨੀਟ ਹੀ ਪੀ ਲਵਾਂ। ਇਸ ਨਾਲ ਸਿਰ ਦੁਖਣੋਂ ਤਾਂ ਹੱਟ ਹੀ ਜਾਵੇਗਾ। ਮੈਥੋਂ ਅਜਿਹਾ ਨਹੀਂ ਹੁੰਦਾ ਰੇਲਿੰਗ ਕੋਲ ਆ ਖੜ੍ਹਦਾ ਹਾਂ। ਟੀ. ਵੀ. ਚਲ ਰਿਹਾ ਹੈ। ਇਸ ਦਾ ਮਤਲਬ ਹੈ ਕਿ ਹੇਠਾਂ ਪੀ. ਜੀ. ਆਉਣੇ ਸ਼ੁਰੂ ਹੋ ਗਏ ਸਨ। ਮੁੜ ਮਿਸ ਕਾਲ ਦੇਖਦਾ ਹਾਂ। ਮਨ ਕਰਦਾ ਹੈ ਕਿ ਚੀਕ ਮਾਰ ਕੇ ਮੋਹਣੀ ਨੂੰ ਆਵਾਜ਼ ਮਾਰਾਂ। ਮੈਥੋਂ ਕਦੇ ਉੱਚੀ ਬੋਲਿਆ ਹੀ ਨਹੀਂ ਗਿਆ। ਆਪਣੇ ਬੈੱਡ ’ਤੇ ਆ ਬੈਠਦਾ ਹਾਂ।
ਉਸ ਦਾ ਵੀ ਫ਼ਰਜ਼ ਬਣਦਾ ਸੀ ਕਿ ਉਹ ਮੇਰੀ ਮਿਸ ਕਾਲ ਦੇਖ ਕੇ ਤੁਰੰਤ ਆਉਂਦਾ। ਜਸਪਾਲ ਨੇ ਪਹਿਲੇ ਦਿਨ ਹੀ ਉਹ ਨੂੰ ਮੇਰੇ ਸਾਹਮਣੇ ਕਿਹਾ ਸੀ, ‘‘ਇਹ ਮੇਰੇ ਖ਼ਾਸ ਦੋਸਤ ਨੇ। ਤੂੰ ਸਾਰੇ ਕੰਮ ਛੱਡ ਕੇ ਪਹਿਲਾਂ ਇਨ੍ਹਾਂ ਨੂੰ ਅਟੈਂਡ ਕਰਨਾ ਆ। ਦੇਖੀਂ-ਕੋਈ ਸ਼ਿਕਾਇਤ ਨ੍ਹੀਂ ਆਉਣੀ ਚਾਹੀਦੀ। ਸਮਝਿਆ।’’ ਉਹ ਨੇ ਸਿਰ ਝੁਕਾ ਕੇ ਹਾਂ ਕਹੀ ਸੀ। ਉਹ ਮੇਰਾ ਖ਼ਾਸ ਖ਼ਿਆਲ ਰੱਖਣ ਲੱਗ ਪਿਆ ਸੀ। ਉਹ ਛੇ ਕੁ ਵਜੇ ਟਰੇਅ ’ਚ ਪਾਣੀ ਦਾ ਗਿਲਾਸ ਤੇ ਚਾਹ ਦਾ ਕੱਪ ਲਿਆਉਂਦਾ। ਠੀਕ ਅੱਠ ਵਜੇ ਖਾਰਾ ਸੋਡਾ ਤੇ ਸਲਾਦ ਦੀ ਪਲੇਟ, ਸਵਾ ਨੌਂ ਵਜੇ ਰੋਟੀ। ਪੌਣੇ ਦਸ ਵਜੇ ਦੁੱਧ ਦਾ ਗਿਲਾਸ। ਦੁੱਧ ਦਾ ਗਿਲਾਸ ਮੇਜ਼ ’ਤੇ ਰੱਖਦਿਆਂ ਹੋਇਆਂ ਕਹਿੰਦਾ, ‘‘ਜੇ ਕਿਸੇ ਚੀਜ਼ ਦੀ ਲੋੜ ਪਈ ਤਾਂ ਆਵਾਜ਼ ਮਾਰ ਲੈਣਾ।’’ ਫੇਰ ਦੋਵੇਂ ਹੱਥ ਜੋੜ ਕੇ ‘ਗੁੱਡ ਨਾਈਟ’ ਕਹਿੰਦਾ।
ਸਵੇਰ ਦੀ ਚਾਹ ਵੇਲੇ ਉਹ ਮੇਰੇ ਨਾਲ ਘਰ ਪਰਿਵਾਰ ਦੀਆਂ ਗੱਲਾਂ ਕਰਦਾ ਹੈ। ਗੱਲਾਂ ਕਰਨ ਦੀ ਆਦਤ ਵੀ ਮੇਰੀ ਹੀ ਪਾਈ ਹੋਈ ਹੈ। ਮੈਨੂੰ ਆਪ ਗੱਲਾਂ ਕਰਨ ਵਾਲਾ ਚਾਹੀਦਾ ਹੈ। ਪਹਿਲਾਂ ਜਦੋਂ ਉਹ ਮੈਨੂੰ ਕੋਈ ਚੀਜ਼ ਦੇਣ ਆਉਂਦਾ ਸੀ ਤਾਂ ਖੜ੍ਹੇ ਪੈਰੀਂ ਹੀ ਵਾਪਸ ਮੁੜ ਜਾਂਦਾ ਸੀ। ਮੈਨੂੰ ਉਸ ਦੀ ਚੁੱਪ ਅੱਖਰਦੀ ਸੀ। ਮੈਂ ਉਹਨੂੰ ਕਿਹਾ ਸੀ, ‘‘ਕਦੇ ਤਾਂ ਹੱਸ ਬੋਲ ਵੇ। ਮਨ ਦੀ ਘੁੰਡੀ ਖੋਲ੍ਹ ਵੇ।’’ ਫੇਰ ਉਹ ਕੁਝ ਕੁ ਖੁੱਲ੍ਹਿਆ ਸੀ। ਉਸ ਦੇ ਪਰਿਵਾਰ ’ਚ ਉਸ ਤੋਂ ਬਿਨਾਂ ਉਸ ਦੀ ਪਤਨੀ, ਇਕ ਕੁੜੀ ਤੇ ਦੋ ਮੁੰਡੇ ਹਨ। ਉਸ ਦੀ ਚਿੰਤਾ ਦਾ ਕਾਰਨ ਉਸ ਦੀ ਵੱਡੀ ਕੁੜੀ ਨਿਸ਼ਾ ਹੈ। ਉਹ ਦਸਵੀਂ ’ਚ ਪੜ੍ਹਦੀ ਹੈ। ਉਹ ਮੈਨੂੰ ਵਾਰ-ਵਾਰ ਪੁੱਛਦਾ ਸੀ ਕਿ ਨਿਸ਼ਾ ਨੂੰ ਅੱਗੇ ਕਿਹੜੇ ਕਾਲਜ ਪੜ੍ਹਾਇਆ ਜਾਵੇ। ਉਹਨੂੰ ਕਿਹੜੇ ਕਿਹੜੇ ਸਬਜੈਕਟ ਰਖਵਾਏ ਜਾਣ। ਮੈਂ ਉਸ ਨੂੰ ਆਪਣੀ ਸਲਾਹ ਦਿੰਦਾ ਸੀ। ਉਹ ਮੇਰੀ ਸਲਾਹ ਨੂੰ ਮੰਨ ਲੈਂਦਾ ਸੀ। ਕੁਝ ਦਿਨ ਬੀਤ ਜਾਂਦੇ ਸਨ। ਉਹ ਫੇਰ ਉਹੀ ਕੁਝ ਪੁੱਛਣ ਲੱਗ ਜਾਂਦਾ ਸੀ। ਮੈਂ ਉਹਨੂੰ ਕਹਿੰਦਾ ਸੀ, ‘‘ਤੈਨੂੰ ਦੱਸਿਆ ਤਾਂ ਸੀ।’’ ਉਹ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਮੱਥੇ ’ਤੇ ਠੋਲਾ ਜਿਹਾ ਮਾਰਦਾ ਕਹਿੰਦਾ ਸੀ, ‘‘‘ਸੌਰੀ ਸਰ ਜੀ, ਮੈਂ ਭੁੱਲ ਗਿਆਂ। ਮੈਂ ਅਨਪੜ੍ਹ ਵਰਗਾ। ਅੱਜ ਕਲ੍ਹ ਦੀਆਂ ਪੜ੍ਹਾਈਆਂ ਨੂੰ ਕੀ ਜਾਣਾਂ।’’ ਮੈਂ ਉਸ ਨੂੰ ਛੇੜਦਾ ਸੀ, ‘‘ਤੂੰ ਕਿਸ ਪਾਸਿਉਂ ਅਨਪੜ੍ਹ ਆਂ। ਪੜ੍ਹੇ ਲਿਖੇ ਪਰਿਵਾਰ ’ਚ ਰਹਿਣਾ ਆਂ। ਪੜ੍ਹੇ ਲਿਖੇ ਬੰਦਿਆਂ ਨਾਲ ਤੇਰਾ ਵਾਹ ਪੈਂਦਾ ਆ।’’ ਉਹ ਮੇਰੀ ਗੱਲ ਨਾਲ ਸਹਿਮਤ ਹੋ ਜਾਂਦਾ ਸੀ। ਮੈਂ ਉਸ ਨੂੰ ਕਹਿੰਦਾ ਸੀ, ‘‘ਤੂੰ ਆਪਣੇ ਬੱਚਿਆਂ ਬਾਰੇ ਪ੍ਰੋਫੈਸਰ ਸਾਹਿਬ ਕੋਲੋਂ ਸਲਾਹ ਲਿਆ ਕਰ। ਮੇਰੇ ਨਾਲੋਂ ਜ਼ਿਆਦਾ ਤਾਂ ਉਨ੍ਹਾਂ ਨੂੰ ਪਤਾ ਆ। ਉਹ ਤੇਰੀ ਇਸ ਕੰਮ ਵਿਚ ਮਦੱਦ ਕਰ ਸਕਦੇ ਆ।’’ ਉਹ ਨੀਵੀਂ ਪਾਈ ਹੀ ਜੁਆਬ ਦਿੰਦਾ ਸੀ, ‘‘ਪ੍ਰੋਫੈਸਰ ਸਾਹਿਬ ਤਾਂ ਬਹੁਤ ਹੀ ਚੰਗੇ ਇਨਸਾਨ ਨੇ। ਉਨ੍ਹਾਂ ਦੀ ਜਿੰਨੀ ਵੀ ਪ੍ਰਸੰਸਾ ਕਰਾਂ, ਉਨੀ ਹੀ ਥੋੜ੍ਹੀ ਹੋਵੇਗੀ। ਪਰ ਉਨ੍ਹਾਂ ਕੋਲ਼ ਮੇਰੀ ਗੱਲ ਸੁਣਨ ਦੀ ਕਦੇ ਵਿਹਲ ਹੀ ਨ੍ਹੀਂ ਹੋਈ। ’’ ਮੈਨੂੰ ਲੱਗਦਾ ਸੀ ਕਿ ਪਿਛਲੇ ਸ਼ਬਦ ਬੋਲਦਿਆਂ ਹੋਇਆਂ ਉਹਦੀ ਆਵਾਜ਼ ਬੈਠਣ ਲੱਗਦੀ ਸੀ। ਇਕ ਦਿਨ ਮੈਂ ਉਸਨੂੰ ਕਿਹਾ ਸੀ ਕਿ ਉਹ ਘਰ ਪਰਿਵਾਰ ਤੋਂ ਬਾਹਰ ਦੀਆਂ ਗੱਲਾਂ ਵੀ ਕਰਿਆ ਕਰੇ। ਕਈ ਵਾਰ ਮੈਂ ਉਸ ਦੇ ਰੰਡੀ-ਰੋਣੇ ਸੁਣਦਾ ਅਕੇਵਾਂ ਮਹਿਸੂਸ ਕਰਦਾ ਸੀ। ਹਫਤੇ ਕੁ ਬਾਅਦ ਉਹ ਅਖ਼ਬਾਰ ਦੀ ਕਟਿੰਗ ਲੈ ਕੇ ਆਇਆ ਸੀ। ਮੇਰੇ ਸਾਹਮਣੇ ਰੱਖ ਕੇ ਉਸ ਕਿਹਾ ਸੀ ਕਿ ਮੈਂ ਇਹਨੂੰ ਪੜ੍ਹਾਂ। ਮੈਂ ਪੜ੍ਹਿਆ ਸੀ। ਮੁੰਬਈ ਦੇ ਮਨੋਵਿਗਿਆਨੀ ਹਰੀਸ਼ ਸੈਟੀ ਦੇ ਵਿਚਾਰ ਸਨ, ‘‘ਇਸ ਭੂਮੰਡਲੀਯ ਵਿਸ਼ਵ ਮੇਂ ਜੋ ਭੀ ਤਾਕਤਵਰ ਹੋਗਾ, ਵਹ ਕਮਜ਼ੋਰ ਪਰ ਨਿਸ਼ਾਨਾ ਸਾਧੇਗਾ।’’ ਮੈਂ ਉਸ ਨੂੰ ਪੁੱਛਿਆ ਸੀ ਕਿ ਉਹ ਕੀ ਕਹਿਣਾ ਜਾਂ ਜਾਣਨਾ ਚਾਹੁੰਦਾ ਸੀ। ਉਸ ਪੁੱਛਿਆ ਸੀ, ‘‘ਮਨੋਵਿਗਿਆਨੀ ਕੌਣ ਹੁੰਦਾ ਆ?’’ ਮੈਂ ਦੱਸਿਆ ਸੀ, ‘‘ਮਨ ਦੀਆਂ ਗੱਲਾਂ ਜਾਨਣ ਵਾਲਾ।’’ ਫੇਰ ਮੈਂ ਉਸਨੂੰ ਮਨੋਵਿਗਿਆਨ ਬਾਰੇ ਵਿਸਥਾਰ ਸਹਿਤ ਦੱਸਿਆ ਸੀ। ਉਸ ਦਾ ਕਹਿਣਾ ਸੀ, ‘‘ਇਹ ਕਿਹੜੀ ਨਵੀਂ ਗੱਲ ਆ।’’ ਅਕਸਰ ਉਹ ਨਵੀਆਂ-ਨਵੀਆਂ ਗੱਲਾਂ ਮੈਥੋਂ ਪੁੱਛਦਾ ਰਹਿੰਦਾ ਸੀ। ਕਈ ਵਾਰ ਮੇਰਾ ਉਸ ਨੂੰ ਸਤੁੰਸ਼ਟ ਕਰਾਉਣਾ ਔਖਾ ਹੋ ਜਾਂਦਾ ਸੀ।
ਜਦੋਂ ਉਹ ਪਹਿਲੀ ਵਾਰ ਮੈਨੂੰ ਰੋਟੀ ਦੇਣ ਆਇਆ ਸੀ ਤਾਂ ਜਸਪਾਲ ਘਰੇ ਨਹੀਂ ਸੀ। ਕੁਝ ਚਿਰ ਪਹਿਲਾਂ ਉਹ
ਮੇਰੇ ਕੋਲ ਬੈਠਾ ਸਿਗਰੇਟ ਤੇ ਸਿਗਰੇਟ ਫੂਕੀ ਗਿਆ ਸੀ। ਉਸ ਨੂੰ ਕਿਸੇ ਦੋਸਤ ਦਾ ਫੋਨ ਆਇਆ ਸੀ। ਉਸ ਦੱਸਿਆ ਸੀ, ‘‘ਮੇਰੇ ਕੋਲ ਮੇਰਾ ਦੋਸਤ ਅਜੈ ਆਇਆ ਹੋਇਆ। ਅਸੀਂ ਯੂਨੀਵਰਸਿਟੀ ਵਿਚ ਇਕੱਠੇ ਪੜ੍ਹੇ ਆਂ। ਜਦੋਂ ਇਹ ਆਪਣੀ ਜਨਾਨੀ ਕੋਲੋਂ ਅੱਕ ਜਾਵੇ ਤਾਂ ਮੇਰੇ ਕੋਲ ਆਉਂਦਾ ਆ। ਜਦੋਂ ਮੇਰੀ ਮਿਸਿਜ਼ ਤੰਗ ਕਰਨ ਲੱਗ ਜਾਵੇ ਤਾਂ ਮੈਂ ਇਸ ਕੋਲ ਚਲਾ ਜਾਂਦਾ ਆਂ। ਹੁਣ ਇਹ ਦੀ ਟਰਾਂਸਫਰ ਇਥੇ ਦੀ ਹੋ ਗਈ ਆ। ਇਹ ਮੇਰੇ ਕੋਲ ਹੀ ਠਹਿਰਿਆ ਕਰੂਗਾ।’’ ਉਹ ਗੱਲਾਂ ਕਰਦਾ-ਕਰਦਾ ਹੱਸੀ ਗਿਆ ਸੀ। ਫ਼ੋਨ ਬੰਦ ਕਰਨ ਤੋਂ ਪਹਿਲਾਂ ਉਸ ਕਿਹਾ ਸੀ, ‘‘ਅੱਜ ਨ੍ਹੀਂ। ਅੱਜ ਮੈਨੂੰ ਲੁਧਿਆਣੇ ਵਾਪਸ ਜਾਣਾ ਪੈਣਾ। ਮਿਸਿਜ਼ ਦਾ ਦੋ ਵਾਰ ਫ਼ੋਨ ਆ ਚੁੱਕਾ।’’ ਉਸ ਫ਼ੋਨ ਬੰਦ ਹੀ ਕੀਤਾ ਸੀ ਕਿ ਮਗਰੇ ਉਸ ਦੀ ਮਿਸਿਜ਼ ਦਾ ਫ਼ੋਨ ਆ ਗਿਆ ਸੀ। ਉਹ ਪੁੱਛ ਰਹੀ ਸੀ, ‘‘ਤੁਸੀਂ ਅਜੇ ਤੁਰੇ ਨ੍ਹੀਂ।’’ ਉਸ ਨੇ ਫ਼ੋਨ ਬੰਦ ਕਰ ਕੇ ਜੇਬ ’ਚ ਪਾ ਲਿਆ ਸੀ। ਮੇਰੇ ਨਾਲ ਹੱਥ ਮਿਲਾਉਂਦਿਆਂ ਹੋਇਆਂ ਕਿਹਾ ਸੀ, ‘‘ਸੌਰੀ, ਅਜੈ-ਮੈਨੂੰ ਜਾਣਾ ਪੈ ਰਿਹਾ। ਮਿਸਿਜ਼ ਦੀ ਸਖ਼ਤ ਹਦਾਇਤ ਆ। ਅੱਜ ਤੂੰ ਇਕੱਲਾ ਇੰਜੁਆਏ ਕਰ। ਓ. ਕੇ. ਫੇਰ ਮਿਲਦੇ ਆਂ।’’ ਉਸ ਦੇ ਜਾਣ ਤੋਂ ਘੰਟਾ ਕੁ ਬਾਅਦ ਹੀ ਮੋਹਨੀ ਨੇ ਆ ਕੇ ਕਿਹਾ ਸੀ ਕਿ ਖਾਣਾ ਮੇਜ਼ ’ਤੇ ਲੱਗ ਚੁੱਕਾ ਸੀ। ਮੈਂ ਆ ਕੇ ਖਾ ਲਵਾਂ। ਮੈਂ ਲੈਪਟਾਪ ’ਤੇ ਬਿਜ਼ੀ ਸੀ। ਮੈਂ ਉਹਨੂੰ ਦੱਸਿਆ ਸੀ, ‘‘ਇਥੇ ਹੀ ਫੜਾ ਦੇ। ਤਿੰਨ ਰੋਟੀਆਂ। ਮੇਰੀ ਇੰਨੀ ਕੁ ਹੀ ਭੁੱਖ ਹੁੰਦੀ ਆ। ਮੇਰੀ ਰੁਟੀਨ ਸਮਝ ਲੈ। ਸਵੇਰੇ ਨੂੰ ਸਾਢੇ ਪੰਜ ਵਜੇ ਸੈਰ ਕਰਦਾ ਆਂ। ਵਾਪਸੀ ’ਤੇ ਮੈਨੂੰ ਪਾਣੀ ਦਾ ਗਲਾਸ ਤੇ ਚਾਹ ਦਾ ਕੱਪ ਚਾਹੀਦਾ। ਅੱਠ ਵਜੇ ਇਕ ਪਰਾਉਂਠਾ। ਸਮਝ ਗਿਆ ਨਾ?’’ ਉਸ ਹਾਂ ’ਚ ਸਿਰ ਹਿਲਾਇਆ ਸੀ। ਮੈਂ ਉਸ ਨੂੰ ਸੌ ਦਾ ਨੋਟ ਦਿੱਤਾ ਸੀ। ਪਰ ਉਸ ਨੋਟ ਨਹੀਂ ਫੜਿਆ ਸੀ। ਉਸ ਦੱਸਿਆ ਸੀ, ‘‘ਬਾਬੂ ਜੀ ਨੇ ਮੈਨੂੰ ਸਖ਼ਤ ਹਦਾਇਤ ਕੀਤੀ ਹੋਈ ਆ ਕਿ ਕਿਸੇ ਕੋਲੋਂ ਕੋਈ ਪੈਸਾ ਨ੍ਹੀਂ ਲੈਣਾ। ਜੇ ਮੈਂ ਪੀ. ਜੀ. ਕੋਲੋਂ ਜਾਂ ਕਿਸੇ ਗੈਸਟ ਕੋਲੋਂ ਪੈਸੇ ਲੈ ਲਏ ਤਾਂ ਫੇਰ ਮੇਰੀ ਉਹ ਇੱਜ਼ਤ ਨ੍ਹੀਂ ਰਹਿਣੀ।’’ ਮੈਂ ਉਹਨੂੰ ਦੱਸਿਆ ਸੀ ਕਿ ਮੈਂ ਉਨ੍ਹਾਂ ਜਿਹਾ ਨਹੀਂ ਹਾਂ। ਮੈਂ ਰੋਟੀ ਖਾ ਕੇ ਥਾਲੀ ਹੇਠਾਂ ਨੋਟ ਰੱਖ ਦਿੱਤਾ ਸੀ। ਖੁੱਲ੍ਹੀ ਹਵਾ ਲੈਣ ਲਈ ਛੱਤ ’ਤੇ ਚਲਾ ਗਿਆ ਸੀ।
****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment