ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, December 11, 2011

ਗੁਰਮੇਲ ਬਦੇਸ਼ਾ - ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ – ਮਜ਼ਾਹੀਆ ਖ਼ਤ

ਬਾਬੇ ਬਖਤੌਰੇ ਦਾ ਨਿਹਾਲੋ ਡਾਰਲਿੰਗ ਦੇ ਨਾਂ ਇੱਕ ਪ੍ਰੇਮ -ਖੁਲਾਸਾ !

ਮਜ਼ਾਹੀਆ ਖ਼ਤ



ਲਿਖਤੁਮ ਬਖਤਾਵਰ ਸਿੰਘ , ਅੱਗੇ ਮਿਲੇ ਨਿਹਾਲੋ !
.......
ਪੇਂਦੂ ਬੇਰ ਵਰਗੀਏ ! ਨਿਆਈਂ ਆਲੇ ਖੱਤਿਆਂ 'ਚ ਆਖਰੀ ਵਾਰ ਛੱਡ ਕੇ ਕਨੇਡਾ ਜਾਣ ਵਾਲੀਏ !!……ਤੈਨੂੰ ਸਾਸਰੀ 'ਕਾਲ ਬੁਲਾਵਾਂ , ਕਿ ਆਹ ! ਤੇਰੇ ਮੁਲਖ ਆਲਾ ਲਵ ਜੂ -ਲੱਭ ਜੂ ਕਰਾਂ ?
ਪਰ , ਡੰਗੋਰੀ ਨਾਲ ਢੂਈ ਖੁਰਕਦਾ ਮੈਂ ਕਈ ਵਾਰ ਸੋਚਦਾਂ , ਕਿ ਮਨਾ ! ਹੌਂਸਲਾ ਰੱਖ !! ਇੱਕ ਦਿਨ ਤੇਰੀ ਨਿਹਾਲੋ ਤੈਨੂੰ ਲੱਭ ਜੂ -ਲੱਭ ਜੂ ……….!!!
ਨਿਹਾਲੋ ਝੱਲੀਏ ! ਕਦੇ ਆ ਜਾ ਕਿਤੋਂ ਪੁਰ੍ਹੇ ਦੀ ਵ੍ਹਾ ਬਣ ਕੇ ! ਐਥੇ ਤਾਂ ਬਿਜਲੀ ਦੇ ਕੱਟ ਈ ਬੜੇ ਲੱਗਦੇ ਆ , ਸਾਡੇ ਨਾਲੋਂ ਤਾਂ ਬਠਿੰਡੇ ਆਲੇ ਹੀ ਚੰਗੇ ! ਮਾਹਾਰਾਜਾ ਰਣਜੀਤ ਸਿਹੁੰ ਬਾਦਲ ਦਾ 'ਲਾਕਾ ਜੁ ਹੋਇਆ
............
ਪਰ ਦੇਖ 'ਲਾ ਨਿਹਾਲੋ ! ਮਾਂ ਦਾ ਪੁੱਤ ਸਾਰੇ ਵਾਦ੍ਹਿਆਂ ਨੂੰ ਗੇੜਾ ਚਾੜ੍ਹ ਜਾਂਦੈ ! ਅਖੇ , ਰਣਜੀਤ ਸਿਹੁੰ ਆਲਾ ਰਾਜ ਦੇਊਂਗਾ ਬਈ , ਬੰਦਾ ਪੁੱਛਣ ਵਾਲਾ ਹੋਵੇ ; ਪਹਿਲਾਂ ਮਾਹਾਰਾਜੇ ਆਲੇ ਕੰਮ ਤਾਂ ਕਰ ਕੇ ਦਿਖਾ ! , ਪਰ ਕਿੱਥੇ ! ਹੁਣ ਸੰਗਤ-ਦਰਸ਼ਨਾਂ ਦੇ ਬਹਾਨੇ ਕਹਿੰਦੇ ਆ ……………………!! ਚੱਲ ਛੱਡ !
ਪਰ ਪੱਖੇ - ਪੱਖੀਆਂ ਵੰਡਣ ਨਾਲ ਮਨਾਂ ਦੀ ਗਰਮੀ ਤਾਂ ਨਹੀਂ ਨਿਕਲਣ ਲੱਗੀ , 'ਸੀਆਂ ਮੂਹਰੇ ਬੈਠ ਕੇ ਕਿੰਨਾ ਕੁ ਚਿਰ ਪਰਜਾ ਦੇ 'ਤੱਤੇ ਹੌਂਕਿਆਂ ਤੋਂ ਬਚ ਕੇ ਰਹੋਗੇ ? ਜਾਂ ਸ਼ੌਲ-ਕੰਬਲ ਦੇ ਕੇ ਥੋਡੀ ਠੁਰ- ਠੁਰ ਨਿੱਘ 'ਚ ਤਾਂ ਨਹੀਂ ਬਦਲਣ ਲੱਗੀ !

ਓ-ਹੋ ! ਮੈਂ ਕਿੱਧਰ ਨੂੰ ਤੁਰ ਪਿਆਂ !?! ਪਰ ਜਦੋਂ ਦੀ ਤੂੰ ਛੱਡ ਕੇ ਗਈ ਏਂ , ਮੇਰੇ ਕੋਲੋਂ ਵੀ ਹੁਣ ਨਾਨੀ ਚਾਰ ਕਨਾਲਾਂ ਦੂਰ ਦੀ ਲੰਘਦੀ ਆ !
..............
ਤਿੱਖੜ ਦੁਪਿਹਰ ਵਰਗੀਏ ! ਤੂੰ ਓਹ ਵੇਲਾ ਯਾਦ ਕਰ , ਜਦੋਂ ਪਾਥੀਆਂ ਆਲਾ ਟੋਕਰਾ ਝਾੜ ਕੇ ਗੀਰਿਆਂ ਦੇ ਸੰਨ੍ਹਾਂ 'ਚੋਂ ਬਿੜਕਾਂ ਲੈਂਦੀ ਹੁੰਦੀ ਸੀ ..! ਲੈ , ਔਹ ਆ ਗਿਆ ! ਲੈ ਅਜੇ ਵੀ ਨਹੀਂ ਆਇਆ !! ਹੈਂ ….!?! ਅਜੇ ਵੀ ਨਈਂ ਆਇਆ ? 'ਚੰਦਰਾ ਕਿੱਥੇ ਮਰ ਗਿਆ ਨੀ …! ਬਾਬਾ ਬਖਤੌਰਾ , ਗੋਲ ਮਸ਼ਕਰੀ ਕਰ ਗਿਆ ਨੀ …..!! ਬਾਬਾ ਬਖਤੌਰਾ '
………………'
ਤੇ ਮੈਂ , ਸੁੱਕੀ ਪਾਥੀ ਗੋਡੇ 'ਤੇ ਭੰਨ੍ਹ ਕੇ ਜਦੋਂ ਤੇਰੀ ਵੱਖੀ ਤੋਂ ਡੂਢ ਕੁ ਗਿੱਠ ਉੱਤੇ ਚੜਦੇ ਪਾਸੇ ਰੈਣਿਆਂ ਵਾਂਗੂੰ ਚੋਰੀ - ਚੋਰੀ ਚਲਾਉਂਦਾ ਹੁੰਦਾ ਸੀ ਤਾਂ ਤੂੰ ਸਾਇਰਾ ਬਾਨੋ ਆਂਗੂੰ ਜਕਦੀ - ਜਕਦੀ ਆਂਦਰਾਂ ਅੰਦਰ ਸੂਤ ਕੇ ਕਸੂਤਾ ਜਿਹਾ ਹੌਂਕਾ ਲੈਂਦੀ ਹੁੰਦੀ ਸੀ , 'ਤੇ ਤੇਰੇ ਹੌਂਕਿਆਂ ਵਿਚਲਾ ਵਰਲਾਪ ਤੂਤਕ-ਤੂਤਕ ਤੂਤੀਆਂ ਬਣ ਕੇ ਆਪ ਮੁਹਾਰੇ ਫੁੱਟ ਪੈਂਦਾ ਸੀ ; ਔੜਾਂ ਮਾਰੀ ਬੰਜਰ ਧਰਤੀ 'ਤੇ ਵਰ੍ਹ ਗਿਆ ਨੀ .! ਬਾਬਾ ਬਖਤੌਰਾ , ਪਾਥੀਆਂ ਦਾ ਟੋਕਰਾ ਫੁੱਲਾਂ ਬਰੋਬਰ ਕਰ ਗਿਆ ਨੀ ……..ਬਾਬਾ ਬਖਤੌਰਾ ……………..!!
...........


ਪਰ ਹੁਣ ? ਹੁਣ ਤਾਂ ਨਿਹਾਲੋ ! ਕੋਈ ਦੌਣ ਵਟਾਉਣ ਬਹਾਨੇ ਵੀ ਕੋਲ ਨਹੀਂ ਆਉਂਦੀ , ਪਤਾ ਨਹੀਂ ਹੁਣ ਮੈਥੋਂ ਈ ਪੂਰਾ ਵਟਾ ਨਹੀਂ ਚੜ੍ਹਦਾ..? ……ਕਹਿੰਦੀਆਂ ; 'ਬੁੜ੍ਹੇ ਦੀ ਤਾਂ ਆਵਦੀ ਮੰਜੀ ਦੀ ਝੋਲੀ ਬਣੀ ਪਈ ਆ …, ਦੌਣ ਕਿੱਥੋਂ ਕੱਸੀ ਜਾਣੀ ਐ ! ਫੇਰ ਕਹਿੰਦੀਆਂ ; ਮੰਜੇ 'ਤੇ ਪਿਆ ਆਏਂ ਲੱਗਦੈ ; ਜਿਵੇਂ : ਕਿਸੇ ਦਾ ਜੁਆਕ ਪੰਘੂੜੇ 'ਚ ਪਾਇਆ ਹੋਵੇ …..!!' ਪੁੱਛਣ ਆਲਾ ਹੋਵੇ -ਬਈ , ਮੈਂ ਕਿਹੜਾ ਹੋਰ ਹੁਣ ਥੋਤੋਂ ਪੋਤੜੇ ਬਦਲਾਉਣੇ ਆ ! ਚਲੋ , ਪੰਘੂੜਾ ਸਮਝ ਕੇ ਈ ਮਾੜੇ - ਮੋਟੇ ਹੂਟੇ -ਮਾਟੇ ਕਰ'ਕੇ -- ਲੋਰੀਆਂ ਦੇ ਕੇ ਸੁਆ ਜਾਇਆ ਕਰੋ ,……………..; ਸ਼ੈਦ .., ਨਿਹਾਲੋ ਮੇਰੇ ਸੁਪਨੇ ' ਈ ਆ ਜਾਵੇ !?!
............
ਪਰ ਚੰਦਰੀਏ ! ਹੁਣ ਤਾਂ ਤੂੰ ਵੀ ਜਹਾਜਾਂ ਦੇ ਝੂਟੇ ਲੈਣ ਗਿੱਝ ਗਈਂ ਏਂ ……………….., ਮੇਰੇ ਹੁੱਲੇ -ਹੁਲਾਰੇ ਹੁਣ ਤੈਨੂੰ ਕਿੱਥੇ ਯਾਦ ਹੋਣਗੇ' …!?!

ਪਰ ਦੇਖ ਲੈ ..! ਲੋਹਗੜ ਆਲੇ ਨਲਿਆਂ ( ਇਕ ਇਲਾਕਾ ) 'ਚੋਂ ਜਦੋਂ ਤੂੰ ਭੱਤਾ ਦੇ ਕੇ ਪਿੱਛੇ ਮੁੜਦੀ ਹੁੰਦੀ ਸੀ , ….'ਤੇ ਮੈਂ ਜੋਤਾ ਲਾ ਕੇ ਤੂਤਾਂ ਹੇਠਾਂ ਪਾਣੀ ਛਿੜਕ ਕੇ ਮੰਜੇ 'ਤੇ ਖੜ੍ਹ ਖੜ੍ਹ ਕੇ ਤੈਨੂੰ ਬਿੜਕਾਂ ਲੈਂਦਾ ਹੁੰਦਾ ਸੀ

'
ਤੇ ਤੂੰ ਬੂਝਿਆਂ ਥਾਣੀ ਦੱਬਵੇਂ ਪੈਰੀਂ ਪਿੱਛੋਂ ਦੀ ਆ ਕੇ ਠਾਹ ! ਕਰਕੇ ਮੇਰੀ ਜਾਨ ਕੱਢ ਲੈਂਦੀ ਹੁੰਦੀ ਸੀ 'ਤੇ ਫਿਰ ਮੈਂ ਤੈਨੂੰ ਔਲੂ 'ਤੇ ਬਿਠਾ ਕੇ ਤੇਰੇ ਵਾਲਾਂ 'ਚੋਂ ਚੀਚਕ ਵਹੁਟੀਆਂ ਚੁਗਦਾ - ਚੁਗਦਾ ਤੇਰੇ ਪਿੰਡੇ 'ਤੇ ਆਏ ਸਲਵਾੜ ਦੇ ਚੀਰਾਂ 'ਤੇ ਸਾਫੇ ਦੀ ਕੰਨੀ ਪਾੜ ਕੇ ਪੱਟੀਆਂ ਬੰਨਦਾ ਹੁੰਦਾ ਸੀ …….ਤੇ ਤੂੰ ਕਹਿੰਦੀ.., ਤੇ….ਤੂੰ ਕਹਿੰਦੀ ਹੁੰਦੀ ਸੀ ; ਵੇ ਬਖਤੌਰਿਆ ! ਘੱਗਰੇ ਦੀ ਲੌਣ ਚੱਕ ਕੇ ਦੇਖ ! ਲੱਤਾਂ ਚੋਂ ਮੈਲਾ ਕਿਵੇਂ ਸਿੰਮੀ ਜਾਂਦੈ ..!?!
ਤੇ ਤੂੰ ਮੇਰਾ ਸਾਰਾ ਦੁਪਿਹਰਾ ਮਲ੍ਹਮ - ਪੱਟੀਆਂ 'ਚ ਹੀ ਨਘ੍ਹਾ ਦਿੰਦੀ ਸੀ
............
ਭਲਾ, ਓਹ ਦਿਨ ਵੀ ਕਦੇ ਮੁੜ ਕੇ ਆਉਣਗੇ ? ਮੈਨੂੰ ਯਾਦ ਐ , ਜਦੋਂ ਮੂੰਹ -ਨੇਰ੍ਹੇ , ਸਵੇਰੇ - ਸਵੇਰੇ ਬਾਹਰ - ਅੰਦਰ ਦੇ ਬਹਾਨੇ ਨਿੱਤ ਤੇਰੀ ਝਾਂਜਰ ਦੀ ਛਣਕਾਰ ਸੁਣਨ ਲਈ ਬਾਹਰਲੇ ਪਹੇ 'ਤੇ ਬੈਠ ਕੇ ਮੈਂ ਸ਼ੈਦ ਐਹੋ ਜਿਹੇ ਗਾਣੇ ਗਾਉਂਦਾ ਹੁੰਦਾ ਸੀ ; " ਨੇਰ੍ਹੇ ਦੇ ਵਿੱਚ ਤੇਰੀ ਏਦਾਂ ਰੁਸ਼ਨਾਈ ਹੁੰਦੀ ਆ …, : ਜਿਵੇਂ ਕਿਸੇ ਨੇ ਆਲੇ ਦੇ ਵਿੱਚ ਜੋਤ ਜਗਾਈ ਹੁੰਦੀ ਆ ।"

ਯਾਦਾਂ ਪੁਰਾਣੀਆਂ ਨ੍ਹੇਰੀ ਆਂਗੂੰ ਅੱਜ ਤਾਂ ਆ 'ਗੀਆਂ ਨਿਹਾਲੋ ! ਤੇਰੀ ਸੁੱਖ ਸਾਂਦ ਬਾਦ 'ਚ ਪੁੱਛਦਾਂ , ਪਹਿਲਾਂ ਮੈਨੂੰ ਢਿੱਡ ਹੌਲਾ ਕਰ ਲੈਣ ਦੇ ਅੱਜ ..!
……….
ਤੈਨੂੰ ਯਾਦ ਐ ਨਾ , ਜਦੋਂ ਤੂੰ ਗੁਆਰੇ ਦੀਆਂ ਫਲੀਆਂ ਤੋੜਣ ਸਾਡੇ ਖੇਤਾਂ ਵੱਲ ਆਈ ਸੀ ਕੇਰਾਂ !?!….. ਤੇ ਤੂੰ ਫੇਰ ਡੁਸਕ -ਡੁਸਕ ਕੇ ਮੈਨੂੰ ਲਾਂਭਾ ਦਿੱਤਾ , "ਵੇ ਟੁੱਟ ਪੈਣਿਆ ! ਤੇਰੇ ਗੁਆਰੇ ਦੀ ਕੰਡ ਨੇ ਮੇਰਾ ਪਿੰਡਾ ਛਿੱਲਤਾ ।"

ਤੇ ਓਹਦਾ 'ਲਾਜ ਵੀ ਮੈਥੋਂ ਈ ਕਰਾਇਆ ਸੀ , ਮੈਂ ਭੱਜ ਕੇ ਖਾਡੇ ( ਔਲ਼ੂ) 'ਚ ਪਏ ਲੱਸੀ ਆਲੇ ਡੋਲੂ 'ਚੋਂ ਥੰਧਿਆਈ ਲਾਹ ਕੇ ਤੇਰੇ ਮਲੀ ਸੀ …………'ਤੇ ਤੂੰ ਸੰਗਦੀ -ਸੰਗਦੀ ਨੇ ਪਹਿਲੀ ਵਾਰ ਸੰਗ ਤੋੜੀ ਸੀ , "ਬੱਸ , ਵੇ ਬਖਤੌਰਿਆ ! ਤੂੰ ਪਲੋਸ ਲਿਐ ਰਕਾਨ ਨੂੰ ..! ਅੱਜ ਤੋਂ ਮੈਂ ਤੇਰੀ ..!" ਜੇ ਮੈਨੂੰ ਪਤਾ ਹੁੰਦਾ ਕਿ ਭੋਰਾ ਥੰਦਿਆਈ ਨਾਲ ਅੱਜ ਤੂੰ ਮੇਰੀ ਹੋ ਜਾਣੈ ਤਾਂ ਮੈਂ ਪਿਛਲੀ ਭਾਦੋਂ ਦੀ ਦੁਪਿਹਰ ਨੂੰ ਹੀ ਭਾਵੇਂ ਘਿਓ ਆਲਾ ਕੁੱਜਾ ਮਲ ਦਿੰਦਾ ..! ਪਰ , ਬੰਦਾ ਕਈ ਆਰੀ ਭੁਲੇਖੇ 'ਚ ਹੀ ਤੁਰਿਆ ਫਿਰਦੈ !!

ਊਂ ਕਹਿਣ ਨੂੰ ਤੂੰ ਜੋ ਮਰਜੀ ਕਹੀ ਜਾਵੇਂ , ਪਰ ਮੈਂ ਵੀ ਅੱਜ ਤੱਕ ਜਤ -ਸਤ 'ਤੇ ਕੈਮ ਆਂ , ਜੇ ਓਹੋ ਜਿਹਾ ਹੁੰਦਾ , ਹੁਣ ਨੂੰ ਮੇਰੇ ਵੀ ਸੰਤੇ ਬੰਤੇ ਪੋਤੇ - ਪੜੋਤੀਆਂ , ਦੋਹਤੇ - ਦੋਹਤੀਆਂ ਵਾਲੇ ਹੋਏ ਹੋਣੇ ਸੀ
.............


ਖੈਰ , ਚੱਲ ਛੱਡ ! ਨਿਹਾਲੋ !! ਤੈਨੂੰ ਹੋਰ ਦੱਸਾਂ , ਕੇਰਾਂ ਖਾਲਾ ਛਾਂਗਦੇ ਨੂੰ ਮੈਨੂੰ ਤੇਰੀ ਇੱਕ ਝਾਂਜਰ ਲੱਭੀ ਸੀ , (ਹੁਣ ਤੂੰ ਸੋਚਦੀ ਹੋਵੇਂਗੀ ਕਿ ਵੇਚ ਕੇ ਭੁੱਕੀ ਲੈ 'ਲੀ ਹੋਊਗੀ ) ..ਨਾ..ਨਾ ਨਾ , ਓਹ ਤਾਂ ਅਜੇ ਵੀ ਮੈਂ 'ਫਾਂਟਾਂ ਆਲੀ ਨੀਕਰ ਦੇ ਨਾਲੇ ਨਾਲ ਬੰਨੀ ਫਿਰਦਾਂ -ਤੇਰੀ ਨਿਸ਼ਾਨੀ !! ਹੁਣ ਤਾਂ ਮੈਨੂੰ ਜੁਆਕ ਵੀ ਟਿੱਚਰਾਂ ਕਰਦੇ ਆ , ਕਹਿੰਦੇ ,'ਬੁੜ੍ਹਾ ਧੁਰ- ਦਰਗਾਹ ਜਾਣ ਨੂੰ ਤਿਆਰ ਆ , ਪਰ ਤੜਾਗੀ ਅਜੇ ਵੀ ਨਹੀਂ ਟੁੱਟੀ !?!'

ਨਿਹਾਲੋ ! ਤੇਰੀ ਝਾਂਜਰ !!……ਕਦੇ - ਕਦੇ ਛਣਕ ਪੈਂਦੀ ਆ , ਤੇਰੀ ਯਾਦ 'ਚ ਉੱਸਲ-ਵੱਟੇ ਲੈਣ ਲੱਗਿਆਂ ..!
ਜੀਣ -ਜੋਗੀਏ ! ਤੂੰ ਵੀ ਕੋਈ ਸਾਂਭੀ ਐ - ਮੇਰੇ ਪਰਨੇ ਦੀ ਕਤਰ , ਕਿ ਨਈਂ ? ਲੈ ਜਾਂਦੀ ਟੈਚੀ ਕੇਸ ਦੀ ਬੱਧਰ ਨਾਲ ਬੰਨ੍ਹ ਕੇ , ਨਿਸ਼ਾਨੀ ਵਜੋਂ ! ਨਾਲੇ ਏਰ-ਪੋਟ 'ਤੇ ਖੱਜਲ ਹੋਣੋ ਬਚ ਜਾਂਦੀ ..!!
ਪਰ , ਮੈਂ ਤਾਂ ਤੇਰੀਆਂ ਕਿੰਨੀਆਂ ਹੀ ਯਾਦਾਂ ਬਾਹਰਲੀ ਬੈਠਕ 'ਚ ਸਾਂਭੀ ਬੈਠਾਂ ! ਨਗੌਰੀ ਬੌਲਦ ਤਾਂ ਮਸ਼ੀਨਰੀ ਨੇ ਖਾ'ਲੇ , ਪਰ ਤੇਰੇ ਹੱਥਾਂ ਦਾ ਬਣਾਇਆ ਘੁੰਗਰੂੰਆਂ ਆਲਾ ਹਾਰ ਤੇ ਰੰਗਲਾ ਝੁੱਲ ਅੱਜ ਵੀ ਪੜਛੱਤੀ 'ਤੇ ਸਜਾਇਆ ਪਿਐ !
ਘਰੋਂ ਬਲਦਾਂ ਦੀ ਜੋੜੀ ਜਾਣ ਮਗਰੋਂ ਅਸੀਂ ਪੈਂਤੀ ਦਾ ਖੱਟਾ ਟਰੈਕਟਰ ਲਿਆਂਦਾ ਸੀ , ਕੇਰਾਂ ਮੈਂ ਧਰਮਕੋਟ ਕੰਨੀਓਂ ਲਈ ਆਉਂਦਾ ਸੀ ;…ਰਾਹ 'ਚ ਤੂੰ ਟੱਕਰ 'ਗੀ ਯਾਦ ਐ ਨਾ ਜਦੋਂ ਮੈਂ ਤੈਨੂੰ ਨਾਂਹ-ਨੁੱਕਰ ਜਿਹੀ ਕਰਦੀ ਨੂੰ ਮਡਗਾਡ 'ਤੇ ਬਿਠਾ ਲਿਆ ਸੀ ..! ਤੇ ਤੂੰ ਕਿਹਾ , 'ਹਾਏ ! ਵੇ ਬਖਤੌਰਿਆ !! ਹੌਲੀ ਤੋਰ ਮੈਨੂੰ ਡਰ ਲਗਦੈ !'
ਅਚਨਚੇਤ ਟੈਰ ਉਖਲੀ 'ਚ ਜਾ ਵੱਜਾ ਤੇ ਤੂੰ ਬੁੜਕ ਕੇ ਮੇਰੇ 'ਤੇ ਕਾਹਦਾ ਡਿੱਗੀ , ਸਾਰੇ ਪਿੰਡ 'ਚ ਲਾਲਾ - ਲਾਲਾ ਹੋ'ਗੀ ਸੀ
...........
ਓ ਦਿਨ ਚੇਤੇ ਕਰ ਕੇ ਕਾਲਜਾ ਮੂੰਹ ਨੂੰ ਆਉਂਦੈ - ਤਾਂਬੇ ਰੰਗੀਏ ! ਚਲੋ , ਜੋ ਰੱਬ ਨੂੰ ਮਨਜੂਰ ! ਹੋਰ ਹੁਣ ਤੂੰ ਸੁਣਾ ! ਆਵਦੀ ਤੇ ਆਵਦੇ ਮੁਲਖ ਦੀ ਚੰਦਰੀਏ ! ਕੇਹੜੇ ਤੈਨੂੰ ਬਲਖ-ਬੁਖਾਰੇ ਮਿਲ 'ਗੇ ਕਨੇਡਾ ਜਾ ਕੇ !?! ….ਜਿਹਨਾਂ ਨੇ ਤੈਨੂੰ ਭੁਲਾ ਦਿੱਤੈ - ਤੇਰਾ ਬਖਤੌਰਾ ! ਜਿਹਨਾਂ ਨੇ ਤੈਨੂੰ ਭੁਲਾ ਦਿੱਤੇ ਨੇ - ਪਿੰਡ ਦੇ ਢਾਰੇ ! ਤੂੜੀ ਆਲੇ ਕੁੱਪ , ਨਿਆਈਂ ਆਲੇ ਖੱਤੇ , ਤਾਰੇ - ਮੀਰੇ ਆਲੇ ਖੇਤ !!
............
ਤੇਰੇ ਦਿੱਤੇ ਜਖਮਾਂ ਦੇ ਨਸੂਰ ਬਣ ਚੱਲੇ ਸੀ ,ਪਰ ਫਿਰ ਓਦੋਂ ਹਰੇ ਹੋ'ਗੇ , ਜਿੱਦਣ ਮੈਂ ਸਰੀ ਤੋਂ ਆਏ ਆਪਣੇ ਗੁਆਂਢੀਆਂ ਦੇ ਮੁੰਡੇ ਨੂੰ ਮਿਲਣ ਗਿਆ ਸੀ ਗੱਲਾਂ -ਗੱਲਾਂ 'ਚ ਮੈਂ ਓਹਤੋਂ ਪੁੱਛ ਬੈਠਾ , "ਬਈ ਮੁੰਡਿਆ ! ਆਪਣੇ ਪਿੰਡ ਦੀ ਇੱਕ ਨਿਹਾਲੋ ਹੁੰਦੀ ਸੀ , ਹੁਣ ਹੈ 'ਗੀ ਆ ਕਿ ਨਹੀਂ ?"
ਉਹ ਕਹਿੰਦਾ , " ਬਾਬਾ ! ਆਹ ਕੀ ਗੱਲ ਕਰਦੈਂ !?!….ਉੱਥੇ ਜਾ ਕੇ ਤਾਂ ਨਿਹਾਲੋ 'ਤੇ ਜੁਆਨੀ ੜ੍ਹੀ ਪਈ ਆ !….ਹਰ ਮਹੀਨੇ ਸਿਨੀਅਰ ਸੈਂਟਰ 'ਚ ਜਾ ਕੇ ਬੋਲੀਆਂ ਪਾ ਕੇ ਆਉਂਦੀ ਆ , ਕਾਰਾਂ 'ਚ ਹੂਟੇ ਲੈਂਦੀ ਆ !"
ਗੱਲ ਸੁਣ ਕੇ ਮੈਂ ਤਾਂ ਹੱਕਾ - ਬੱਕਾ ਰਹਿ ਗਿਆ ਕਿ ਮੇਰੀ ਨਿਹਾਲੋ ਇੱਥੇ ਤਾਂ ਗੱਡੇ 'ਤੇ ਵੀ ਚਾਰ ਪੱਲੀਆਂ ਦੀ ਤੈਹ ਲਾ ਕੇ ਪਿੱਛੇ ਨੂੰ ਮੂੰਹ ਕਰ ਕੇ ਬਹਿੰਦੀ ਹੁੰਦੀ ਸੀ , ਹੁਣ ਕਾਰਾਂ 'ਤੇ ?
...........
ਨਿਹਾਲੀਏ ! ਸੱਚ ਦੱਸ , ਇਹ ਗੱਲ ਸੱਚੀ ਆ ? …ਪਰ ਸੱਚੀ ਹੋਣੀ ਆ , ਮੁੰਡਾ ਕਿਹੜਾ ਝੂਠ ਬੋਲਦੈ !?!…ਤਾਈਓਂ ਤਾਂ ਲੱਛੀਏ ! ਜੀਅ ਲਾ ਕੇ ਬਹਿ ਗਈਂ ਏਂ ! ਤੈਨੂੰ ਬਖਤੌਰੇ ਦੀ ਇੱਕ ਵਾਰ ਵੀ ਯਾਦ ਨਾ ਆਈ ? ਮੈਂ ਤਾਂ ਆਹ ! ਚਾਰ ਅੱਖਰ ਲਿਖ ਕੇ ਮਨ ਦੀ ਭੜਾਸ ਕੱਢ ਲਈ , ਨਹੀਂ ਤਾਂ ਕਿੱਥੇ ਦੁੱਖ ਰੋਏ ਜਾਣੇ ਸੀ ! ਹੁਣ ਆਏਂ ਲਗਦੈ ; ਜਿਵੇਂ : ਜਿੰਦਗੀ ਦੇ ਚਾਰ ਦਿਨ ਹੋਰ ਵੱਧ ਗਏ ਹੋਣ !!
ਸੱਚ ! ਇੱਕ ਹੋਰ ਗੱਲ ਦੱਸਾਂ ,..ਆਹ , ਮੇਰਾ ਛੋਟਾ ਪੋਤਾ ! ( ਮਖ, ਗਲਤ ਨਾ ਸਮਝ ਜਾਂਈਂ , ਊਂ ਮੇਰਾ ਵੀ ਪੋਤਾ ਈ ਲੱਗਿਆ ) ..ਇੱਕ ਦਿਨ ਮੈਨੂੰ ਕਹਿੰਦਾ , 'ਬਾਪੂ ਤੈਨੂੰ ਮਬੈਲ ਫੋਨ ਨਾ ਲੈ ਦੇਈਏ !?! '
ਮੈਂ ਕਿਹਾ , 'ਐਸ ਉਮਰੇ ਮੈਂ ਕਿਹੜਾ ਨਿਹਾਲੋ ਨੂੰ ਮਿੱਸ ਕਾਲਾਂ ਮਾਰਨੀਆਂ !?! ਪਰ ਨਿਹਾਲੋ ! ਹੁਣ ਤਾਂ ਲਗਦੈ , ਸਾਡੇ ਪਿੰਡ ਨਾਲ ਡਾਕੀਆ ਵੀ ਰੁੱਸ ਗਿਐ ! ਹੁਣ ਤਾਂ ਕੋਈ ਲਾਗੀ ਖੰਮਣੀ ਲੈ ਕੇ ਵੀ ਨਹੀਂ ਆਉਂਦਾ ! ਸਾਰੇ ਕਾਰ ਵਿਹਾਰ ਫੂਨਾਂ ਨੇ ਸਾਂਭ ਲਏ

ਪਰ , ਤੂੰ ਆਏਂ ਦੱਸ ! ਤੇਰੇ ਕੋਲ ਫੋਨ -ਫਾਨ ਹੈ ਕਿ ਨਹੀਂ ? ਜੇ ਹੈ ਤਾਂ ਮੈਂ ਵੀ ਲੈ ਲੇਨਾ , ਕਦੇ ਗੁਸਲਖਾਨੇ 'ਚ ਖੜ੍ਹ ਕੇ ਦੁੱਖ -ਸੁੱਖ ਹੀ ਕਰ ਲਿਆ ਕਰਾਂਗੇ !
............
ਹੁਣ ਤਾਂ ਹੋਰ ਕੰਮ ਚੱਲ ਪਿਐ ਏਥੇ ! ਗੱਲਾਂ ਕਰਦਿਆਂ ਦੀ ਮੂਰਤ ਵੀ ਦਿਸ ਜਾਂਦੀ ਆ -ਕੰਪੂਟਰ 'ਚ ! ਕਦੇ ਏਦਾਂ ਮੈਂ ਵੀ ਤੇਰੇ ਮਾਨ ਸਰੋਵਰ ਝੀਲ ਜਿਹੇ ਨੈਣਾਂ ਦੇ ਨਜਰੀਂ ਚੜ ਸਕਦਾਂ ਕਿ ਨਹੀਂ ? ਆਹੋ ! ਆਹਮੋ-ਸਾਹਮਣੀ ਤਾਂ ਹੁਣ ਆਪਾਂ ਧਰਮਰਾਜ ਦੀ ਕਚਹਿਰੀ ਮੂਹਰੇ ਹੀ ਹੋਵਾਂਗੇ
ਚੱਲ ! ਬਾਕੀ ਫੇਰ ਸਹੀ , ਜੇ ਰੱਬ ਨੇ ਚਾਹਿਆ ਤਾਂ ! ਗੱਲਾਂ - ਗੱਲਾਂ ਚ' ਮੈਂ ਤਾਂ ਦਵਾਈ ਖਾਣੀ ਵੀ ਭੁੱਲ ਗਿਆਂ !
ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਦੀ ਤਿੱਖੀ ਸੂਈ ਵਰਗੀ ਤੇਰੀ ਯਾਦ ਦੇ ਸਹਾਰੇ

ਤੇਰਾ ਬਖਤੌਰਾ ਬੇਲੀ



No comments: