ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, September 8, 2011

ਡਾ. ਨਿਰਮਲ ਜੌੜਾ - ਜੱਸੋਵਾਲ ਦੀ ਸਕਾਰਪੀਓ - ਵਿਅੰਗ

ਜੱਸੋਵਾਲ ਦੀ ਸਕਾਰਪੀਓ
ਵਿਅੰਗ

ਜਗਦੇਵ ਸਿੰਘ ਜੱਸੋਵਾਲ ਦੀ ਸਕਾਰਪੀਓ ਗੱਡੀ ਦੇ ਸੀਸ਼ਿਆਂ ਤੇ ਕੱਪੜਾ ਫੇਰ ਕੇ - ਡਰਾਈਵਰ ਨੇ ਦੋਵੇਂ ਹੱਥ ਜੋੜ ਕੇ ਰੱਬ ਦਾ ਨਾਂ ਲਿਆ ਤੇ ਸਿਲਫ ਮਾਰੀ ਚਾਰ ਪੰਜ ਸਿਲਫਾਂ ਮਾਰਨ ਤੇ ਗੱਡੀ ਸਟਾਰਟ ਨਾ ਹੋਈ "ਅੱਜ ਫੇਰ ਧੱਕਾ ਲਾਉਣਾ ਪਊ" ਧੌਣ ਉੱਤੋਂ ਦੀ ਪਿਛੇ ਮੂੰਹ ਕਰ ਕੇ ਜਦੋਂ ਉਹਨੇ ਕਿਹਾ ਤਾਂ ਮੈਂ ਝੱਟ ਥੱਲੇ ਉੱਤਰ ਕੇ ਨੇੜੇ ਖੜ੍ਹੇ ਦੋ ਜਾਣਿਆਂ ਨੂੰ ਅਵਾਜ਼ ਮਾਰੀ ਤੇ ਮਾਰਕੇ ਧੱਕਾ ਗੱਡੀ ਸਟਾਰਟ ਕਰਤੀ ਅਸੀਂ ਫ਼ਾਜ਼ਿਲਕਾ 'ਚ ਹੋ ਰਹੇ ਸਭਿਆਚਾਰਕ ਮੇਲੇ ਤੇ ਜਾਣਾ ਸੀ । "ਨਿਰਮਲਾ ਜਾਏ ਬਿਨਾ ਸਰਦਾ ਨੀ, ਵੈਸੇ ਸਿਹਤ ਠੀਕ ਨੀ ਬਹੁਤੀ ਮੇਰੀ, ਬੱਸ ਹਾਮੀ ਭਰੀ ਆ ਜਾਣਾ ਪੈਣਾ।" ਸੀਟ ਤੇ ਪਏ ਅਖਲ਼ਬਾਰਾਂ ਨੂੰ ਫਰੋਲਦਿਆਂ ਉਹਨਾ ਦਿਲ ਦੀ ਗੱਲ ਦੱਸੀ। " ਬਾਪੂ ਜੀ ਇਹ ਗੱਲ ਤਾਂ ਹਰ ਵਾਰੀ ਆਖਦੇ ਆਂ ਤੁਸੀਂ, ਨਾ ਦਵਾਈ ਲਈ ਟੈਮ ਕੱਢਦੇ ਆਂ ਤੇ ਨਾ ਮੇਲਿਆਂ, ਸਮਾਗਮਾਂ ਤੇ ਜਾਣੋ ਹਟਦੇ ਆਂ ,ਸਿਹਤ ਕੀ ਕਰੇ , ਜੇ ਕਹੋਂ ਤਾਂ ਸਿੱਧੇ ਡਾਕਟਰ ਕੋਲ ਚੱਲੀਏ" ਮੈਨੂੰ ਪਤਾ ਸੀ ਕਿ ਜੱਸੋਵਾਲ ਸਾਹਿਬ ਰੁਝੇਵਿਆਂ ਅਤੇ ਘੌਲ਼ ਕਰਕੇ ਆਪਣੇ ਸਰੀਰ ਦਾ ਖ਼ਿਆਲ ਨਹੀਂ ਰੱਖਦੇ


"ਕਾਹਨੂ ! ਹੁਣ ਲੇਟ ਹੋਜਾਂਗੇ ਫੇਰ ਸਹੀ " ਗੱਲ ਟਾਲ਼ਦਿਆਂ ਗੱਡੀ ਤੋਰਨ ਦਾ ਇਸ਼ਾਰਾ ਕਰਕੇ ਆਖਣ ਲੱਗੇ, "ਤੂੰ ਆਏਂ ਕਰ ਆ ਕੱਪੜਾ ਮੇਰੀ ਢੂਈ ਤੇ ਬੰਨ੍ਹ ਦੇ ਘੁੱਟਕੇ ਮੇਰਾ ਸ਼ੇਰ ,ਇਹ ਮੈਂ ਸਫ਼ਰ ਚ' ਬੰਨ ਲੈਨਾ ਹੁੰਨਾਰਕ ਨੀ ਪੈਂਦੀ " ਮੈਂ ਬੰਨ੍ਹਣ ਹੀ ਲੱਗਾ ਸੀ ਕਿ ਗੱਡੀ ਅੱਖਲੀ ਵੱਜਣ ਕਰਕੇ ਜ਼ੋਰ ਨਾਲ ਬੁੜ੍ਹਕੀ ਤਾਂ ਉਹਦਾ ਸਲੰਸਰ ਲਹਿ ਗਿਆ ਤੇ ਇੰਣ ਦੀ ਵਾਜ਼ ਕੰਨਾਂ ਨੂੰ ਪਾੜਣ ਲੱਗੀ ਡਰਾਈਵਰ ਨੂੰ ਸਲੰਸਰ ਬੰਨ੍ਹਣ ਵਾਸਤੇ ਰੱਸੀ ਨਾ ਲੱਭੇ ਤਾਂ ਜੱਸੋਵਾਲ ਸਾਹਿਬ ਮੈਨੂੰ ਆਖਣ ਲੱਗੇ, " ਤੂੰ ਮੇਰੀ ਢੂਈ ਨੂੰ ਛੱਡ , ਪਹਿਲਾਂ ਸਲੰਸਰ ਬੰਨ੍ਹਾਅ ਉਹਦੇ ਨਾਲ,ਜੇ ਨਹੀਂ ਕੁਝ ਲੱਭਦਾ ਤਾਂ ਇਸੇ ਕੱਪੜੇ ਨਾਲ ਟੈਟ ਕਰਦੇ ਸਲੰਸਰ ,ਖੜਕਾ ਤਾਂ ਨਾ ਕਰੂ " ਅਸੀਂ ਉਸੇ ਕੱਪੜੇ ਨਾਲ ਸਲੰਸਰ ਘੁੱਟ ਕੇ ਫਿੱਟ ਕਰਤਾ



ਮੁੱਲਾਂਪੁਰ ਟੱਪਦਿਆਂ ਫਰਰਟ ਫਰਰਟ ਕਰਦੀ ਗੱਡੀ ਬੰਦ ਹੋ ਗਈ ਡਰਾਈਵਰ ਨੇ ਬੋਨਟ ਖੋਲ੍ਹਿ, ਕੜੱਕ-ਕੜੱਕ ਦੀ ਆਵਾਜ਼ ਆ ਰਹੀ ਸੀ ਜੱਸੋਵਾਲ ਸਾਹਿਬ ਨੇ ਮੇਰੇ ਮੋਢੇ ਤੇ ਹੱਥ ਧਰਦਿਆਂ ਕਿਹਾ " ਆਹ ਗੋਲੀਆਂ ਵਾਲੇ ਲਫਾਫੇ ਚੋਂ ਦੋ ਪੀਲੀਆਂ ਜੀਆਂ ਗੋਲੀਆਂ ਕੱਢ ਕੇ ਫੜਾ ਦੇ ਨਾਲੇ ਪਾਣੀ ਵਾਲੀ ਬੋਤਲ" ਉਹਨਾਂ ਦੇ ਚਿਹਰੇ ਤੋਂ ਮਹਿਸੂਸ ਹੋ ਰਿਹਾ ਸੀ ਕਿ ਸਿਹਤ ਡਾਊਨ ਹੋ ਰਹੀ ਹੈ ਡਰਾਈਵਰ ਨੂੰ ਪੁੱਛਿਆ ਕੀ ਗੱਲ ਹੋ ਗਈ ਤਾਂ 'ਕੁਛ ਨੀ' ਕਹਿਕੇ ਉਹਨੇ ਸਿਲਫ ਮਾਰੀ ਗੱਡੀ ਸਟਾਰਟ ਹੋਗੀ ਜਗਰਾਓਂ ਕੋਲ ਜਾ ਕੇ ਏ.ਸੀ. ਬੰਦ ਹੋ ਗਿਆ - ਜੱਸਵਾਲ ਨੇ ਸ਼ੀਸ਼ਾਂ ਖੋਲਦਿਆਂ ਕਿਹਾ "ਖੁੱਲ੍ਹੀ ਹਵਾ ਲਓ - ਇਹਦੇ ਵਰਗੀ ਰੀਸ ਨੀ......ਏ.ਸੀ.ਊ.ਸੀ.' ਕੀ ਰੱਖਿਆ"


ਮੋਗੇ ਬਾਈਪਾਸ ਤੇ ਚਾਹ ਪੀਣ ਲਈ ਰੁਕੇ ਤਾਂ ਡਰਾਈਵਰ ਨੂੰ ਮੈਂ ਪਹਿਲਾਂ ਹੀ ਕਹਿ ਤਾ "ਗੱਡੀ ਸਟਾਰਟ ਹੀ ਰੱਖੀਂ, ਮੋਗੇ 'ਚ ਸਾਰੇ ਜਾਣਦੇ ਆ, ਧੱਕਾ ਲਾਉਂਦਿਆਂ ਨੂੰ ਸ਼ਰਮ ਆਊ।" ਅਜੇ ਬੈਠੇ ਈ ਸੀ ਕਿ ਗੱਡੀ ਦੇ ਬੋਨਟ ਚੋਂ ਭਾਫ਼ਾਂ ਨਿਕਲਣ ਲੱਗ ਪਈਆਂ , ਡਰਾਈਵਰ ਪਾਣੀ ਦੀ ਬਾਲਟੀ ਚੱਕ ਕੇ ਗੱਡੀ ਵੱਲ ਨੂੰ ਭੱਜ ਲਿਆ - ਮੈਂ ਹੈਰਾਨ ਸੀ - ਤਿੰਨ ਚਾਰ ਬਾਲਟੀਆਂ ਉਹਨੇ ਬੋਨਟ ਤੇ ਪਾਈਆਂ - ਤੇ ਆਖਣ ਲੱਗਾ "ਅੱਜ ਫੇਰ ਗਰਮ ਹੋ ਗਈ ਜੀ ਜਿਵੇਂ ਅੰਮ੍ਰਿਤਸਰ ਹੋਈ ਸੀ ,ਹੁਣ ਘੰਟੇ ' ਇੰਜਣ ਠੰਢਾ ਹੋਊ - ਫੇਰ ਤੁਰਾਂਗੇ।" 'ਕੋਈ ਨੀ ' ਜੱਸੋਵਾਲ ਨੇ ਬੇਪਰਵਾਹੀ ਦੇ ਦੋ ਸ਼ਬਦ ਬੋਲੇ ਤੇ ਢਾਬੇ ਦੇ ਉਸੇ ਮੰਜੇ ਤੇ ਸਿੱਧੇ ਹੋ ਗਏ ਮੈਂ ਆਖਿਆ "ਬਾਪੂ ! ਇੱਕ ਤਾਂ ਆਪਾਂ ਪਹਿਲਾਂ ਹੀ ਲੇਟ ਤੁਰੇ ਆਂ - ਦੂਜਾ ਤਿੰਨ ਵਾਰੀ ਰਾਹ ਵਿਚ ਗੱਡੀ ਖ਼ਰਾਬ ਹੋ ਗਈ - ਢਾਈ ਘੰਟਿਆਂ 'ਚ ਲੁਧਿਆਣਿਓਂ ਮਸਾਂ ਮੋਗੇ ਪਹੁੰਚੇ ਆਂ, ਅਜੇ ਘੰਟਾ ਇੰਜਣ ਨੀ ਠੰਢਾ ਹੁੰਦਾ - ਫਾਜ਼ਿਲਕਾ ਤੋਂ ਕਿਵੇਂ ਮੁੜਾਂਗੇ? "ਆਖਣ ਲੱਗੇ,"ਕੋਈ ਨੀ ਪਹੁੰਚ ਜਾਈਏ ਪਹਿਲਾਂ - ਮੁੜਨ ਬਾਰੇ ਬਾਅਦ ਵਿਚ ਸੋਚਾਂਗੇ "


"ਗੱਡੀ ਨੂੰ ਚੰਗੀ ਵਰਕਸ਼ਾਪ ਚ ਲਾ ਦੇ ਬਾਪੂ- ਸਾਰੇ ਕੰਮ ਹੋ ਜਾਣਗੇ ਨਿੱਤ ਦੀ ਖੱਜਲ਼ ਖੁਆਰੀ ਤੋਂ ਤਾਂ ਖਹਿੜਾ ਛੁੱਟ ਜ.." ਮੇਰੀ ਬੇਚੈਨੀ ਵਧਦੀ ਜਾ ਰਹੀ ਸੀ। "ਇਹਨੂੰ ਪੁੱਛ ਢਾਬੇ ਵਾਲੇ ਨੂੰ ਮਾਹਾਂ ਦੀ ਦਾਲ ਹੈ ਇਹਦੇ ਕੋਲ" ਬਾਪੂ ਦੀ ਗੱਲ ਸੁਣਦਿਆਂ ਮੈਂ ਖਿਝ ਕੇ ਡਰਾਈਵਰ ਨੂੰ ਕਿਹਾ ਕਿ 'ਮਾਰ ਕੇ ਦੇਖ ਸਿਲ਼ਫ - ਕੀ ਪਤਾ ਹੋਜੇ ਸਟਾਰਟ".


"ਨਹੀਂ ਅਜੇ ਨੀ ਹੋਣੀ - ਮੈਨੂੰ ਪਤਾ ਘੰਟਾ ਲੱਗੂ - ਰੋਜ਼ ਦਾ ਈ ਕੰਮ ਆ - ਸਾਲ ਹੋ ਗਿਆ ਬਾਪੂ ਨੂੰ ਕਹਿੰਦੇ ਨੂੰ ਬਈ ਕਿਸੇ ਚੰਗੇ ਮਿਸਤਰੀ ਤੋਂ ਕੰਮ ਹੋਣ ਵਾਲਾ - ਰੋਜ਼ ਦਾ ਦੋ ਤਿੰਨ ਸੌ ਕਿਲੋ ਮੀਟਰ ਤਾਂ ਚੱਲ ਜਾਂਦੀ ਆ, ਮਿਸਤਰੀ ਕੋਲ ਲੈ ਕੇ ਨੀ ਜਾਦੇਂ, ਬੱਸ ਧੱਕੇ ਨਾਲ਼ ਈ ਚਲਾਈ ਫਿਰਦੈਂ ਆ" ਵੈਸੇ ਤਾਂ ਡਰਾਈਵਰ ਦੀ ਗੱਲ ਬਾਪੂ ਨੂੰ ਸੁਣਦੀ ਸੀ ਪਰ ਮੈਂ ਫੇਰ ਵੀ ਦੁਹਰਾ ਕਿ ਬਾਪੂ ਨੂੰ ਕਿਹਾ "ਬਾਪੂ ਜੀ ਕਿਉਂ ਨੀ ਕਰਾਉਂਦੇ ਗੱਡੀ ਦਾ ਕੰਮ ? ਦੱਸੋ ਹੁਣ,ਕਦੋਂ ਗਏ ਫਾਜ਼ਿਲਕਾ ,ਕਦੋਂ ਮੁੜੇ ?" ਮੇਰੀ ਬੇਚੈਨੀ ਅਤੇ ਪਰੇਸ਼ਾਨੀ ਨੂੰ ਭਾਂਪਦਿਆਂ ਫੇਰ ਆਖਣ ਲੱਗੇ "ਤੂੰ ਮੁੜਨ ਬਾਰੇ ਨਾ ਸੋਚ - ਭਵਿੱਖ ਦੀਆਂ ਯੋਜਨਾਵਾਂ ਵੀ ਪਰੇਸ਼ਾਨ ਕਰਦੀਆਂ .. ਜਿਹੜੇ ਪਲ 'ਚ ਬੈਠੇ ਆਂ ਸੇ ਦਾ ਆਨੰਦ ਲੈ" ਜੱਸੋਵਾਲ ਹੌਂਸਲੇ ਤੇ ਸਹਿਜ ਵਿਚ ਸੀ , "ਆਹ ਜਿਹੜੀ ਥਾਂ ਆਂ ਨਾ ਨਿਰਮਲਾ - ਰੋਹੀ ਬੀਆਬਾਨ ਹੁੰਦਾ ਸੀ , ਬੰਦਾ ਤਾਂ ਦਿਸਦਾ ਨੀ ਸੀ ਹੁੰਦਾ ਨੇੜੇ ਤੇੜੇ, ਜੰਗਲ ਈ ਜੰਗਲ ਹੁੰਦੇ ਸੀ ਆ ਸੜਕ ਵੀ ਮੇਰਾ ਖ਼ਿਆਲ ਆ ਪਹਿਲਾਂ ਨਛੱਤਰ ਸਿਉਂ ਐਮ.ਐਲ.ਏ. ਨੇ ਬਣਾਈ ਬੜੇ ਉੱਚੇ ਖ਼ਿਆਲਾਂ ਦਾ ਬੰਦਾ ਸੀ ਉਹਆ ਜਿਹੜਾ ਪੁਲਸ ਅਫ਼ਸਰ ਆ ਵੱਡਾ ਪੰਜਾਬ ਦਾ, ਉਹਦਾ ਬਾਪ ਐਮ.ਐਲ.ਏ. ਨਛੱਤਰ ਸਿਹੁੰ .. ਉਨੀ ਸੌ ਅੱਸੀ 'ਚ ਅਸੀਂ ਕੱਠੇ ਐਮ.ਐਲ.ਏ ਬਣੇ ਸੀ ।" ਗੱਲ ਕਰਦਿਆਂ ਕਰਦਿਆਂ ਉਹਨਾਂ ਨੂੰ ਖੰਘ ਛਿੜ ਪਈ , ਮੈਂ ਪਾਣੀ ਦਾ ਗਲਾਸ ਫੜਾਉਣ ਲੱਗਿਆ , " ਬਾਪੂ ਜੀ ਥੋਨੂੰ ਤਾਂ ਬੁਖਾਰ ਆ !"ਹਾਂ ਨਿਰਮਲਾ ਲੱਗਦਾ ਤਾਂ ਮੈਨੂੰ ਵੀ ,ਉਸੇ ਲਫਾਫੇ ਚੋਂ ਦੋ ਹਰੀਆਂ ਗੋਲੀਆਂ ਲਿਆਦੇ" ਕੋਈ ਹੋਰ ਚਾਰਾ ਨਾ ਹੋਣ ਕਰਕੇ ਮੈਂ ਗੋਲੀਆਂ ਦੇ ਦਿੱਤੀਆਂ ਤੇ ਕਿਹਾ, "ਇਉਂ ਗੋਲੀਆਂ ਨਾ ਖਾਇਆ ਕਰੋ ,ਕਿਸੇ ਚੰਗੇ ਡਾਕਟਰ ਤੋਂ ਚੈੱਕ ਅੱਪ ਕਰਾ ਇੱਕ ਵਾਰ ।" ਨਾਲ਼ ਦੀ ਨਾਲ ਖ਼ਰਾਬ ਹੋਈ ਗੱਡੀ ਤੇ ਚਿੜ੍ਹਦਿਆਂ ਮੈਂ ਡਰਾਈਵਰ ਨੂੰ ਫੇਰ ਆਵਾਜ਼ ਮਾਰੀ, " ਮਾਰ ਸਿਲਫ ਹੁਣ ਤਾਂ ਘੰਟਾ ਹੋ ਗਿਆ ।" ਉਹਨੇ ਸਿਲਫ ਮਾਰੀ ਗੱਡੀ ਸਟਾਰਟ ਹੋ ਗਈਮੈਂ ਡਰਾਈਵਰ ਨੂੰ ਕਿਹਾ 'ਸੱਠ ਤੋਂ ਨਾ ਸੂਈ ਟਪਾਈਂ - ਫੇਰ ਗਰਮ ਹੋਜੂ , ਐਂਵੇ ਰਾਹ 'ਚ ਬੈਠੇ ਰਹਾਂਗੇ ……ਬਾਪੂ ਜੀ ਤੁਸੀਂ ਵੀ ਸੀਟ ਤੇ ਸਿੱਧੇ ਹੋਕੇ ਅਰਾਮ ਨਾਲ ਪੈ ਜਾ ,ਘੰਟੇ ਕੁ 'ਚ ਬੁਖਾਰ ਉਤਰ ਜੂ ।"



ਫ਼ਾਜ਼ਿਲਕਾ ਮੇਲੇ ਤੇ ਪਹੁੰਚੇਸਮਾਗਮ ਤੋਂ ਬਾਅਦ ਮੈਂ ਆਖਾਂ ਵਾਪਸ ਚੱਲੀਏ .. ਬਾਪੂ ਆਖੇ ਰਹਿਨੇ ਆਂ ਥੋੜੇ ਕੁ ਚਿਰ ਬਾਅਦ ਆਪ ਈ ਮੇਰੇ ਕੰਨ 'ਚ ਆਖਣ ਲੱਗੇ "ਮੇਰਾ ਚਿੱਤ ਠੀਕ ਨੀ .. ਸਰੀਰ ਫੇਰ ਡਾਊਨ ਹੋ ਚੱਲਿਆ .. ਜਾਂ ਤਾਂ ਸ਼ੂਗਰ ਵਧ ਘਟ ਗਈ ਜਾਂ ਬੀ ਪੀਗੋਲੀ ਮੇਰੇ ਕੋਲ ਹੈਗੀ ਆ .. ਇਹ ਮੈਂ ਚਾਹ ਨਾਲ ਲੈ ਲੈਨਾ.. ਤੇਰੀ ਗੱਲ ਸਿਆਣੀ ਆ ਨਿਰਮਲਾ ਆਪਾਂ ਰਹਿ ਕੇ ਕੀ ਕਰਨਾ , ਲੁਧਿਆਣੇ ਚਲਦੇ ਆਂ .. ਇਥੇ ਕੋਈ ਉੱਚੀ ਨੀਵੀਂ ਹੋਗੀ ਤਾਂ ਕੀਹਨੇ ਔਰ ਗੌਰ ਕਰਨਾ .. ਆਪਣੇ ਘਰ ਹੀ ਚੰਗੇ ਆਂ ।" ਅਸੀਂ ਗੱਡੀ ਲੁਧਿਆਣੇ ਵੱਲ ਨੂੰ ਪਾ ਗੱਡੀ ਦੇ ਗਰਮ ਹੋਣ ਦੇ ਡਰੋਂ ਰਾਹ 'ਚ ਦੋ ਤਿੰਨ ਵਾਰ ਰੁਕ ਰੁੱਕ ਕੇ ਲੁਧਿਆਣੇ ਕੋਲ ਪਹੁੰਚ ਗਏ



ਥਰੀਕਿਆਂ ਵਾਲੇ ਮੋੜ ਤੇ ਆ ਕੇ ਗੱਡੀ ਫੇਰ ਬੰਦ ਹੋਗੀਡਰਾਈਵਰ ਨੇ ਬੋਨਟ ਖੋਲ੍ਹਿਆ.. ਟੱਕ ਟੱਕ ਹੁੰਦੀ ਰਹੀ ਜੱਸੋਵਾਲ ਨੂੰ ਜਗਾਇਆ .. ਉਹਨਾਂ ਨੂੰ ਇਕ ਦਮ ਹੱਥੂ ਛਿੜ ਗਿਆ ਮੈ ਪਾਣੀ ਦਿੱਤਾ ਤਾਂ ਝੱਟ ਬੋਲੇ , " ਆ ਗੁੜ ਪਿਆ ਹੋਊ ਮੁਹਰੇ ਦੋ ਤਿੰਨ ਡਲੀਆਂ ਦੇ ਦੇ .. ਛੇਤੀਮੈਨੂੰ ਲਗਦਾ ਸ਼ੂਗਰ ਘਟਗੀ।" ਮੈਂ ਜਸੋਵਾਲ ਨੂੰ ਸੰਭਾਲ ਰਿਹਾ ਸੀ ਤੇ ਡਰਾਈਵਰ ਗੱਡੀ ਦੇ ਇੰਜਣ ਨਾਲ ਟੱਕਰਾਂ ਮਾਰ ਰਿਹਾ ਸੀਡਰਾਈਵਰ ਨੇ ਗੱਡੀ ਸਟਾਰਟ ਕਰਕੇ ਤੋਰ ਲੀ .. ਤੇ ਆਖਣ ਲੱਗਾ, " ਪਹਿਲੇ ਗੇਅਰ 'ਚ ਹੀ ਜਾਊਗੀ .. ਪਤਾ ਨੀ ਕੀ ਹੋ ਗਿਆ ਗੇਅਰ ਅੱਗੇ ਪਿੱਛੇ ਨੀ ਹੁੰਦਾ।" ਮੈਂ ਆਖਿਆ ' ਕੋਈ ਨੀ .. ਲੈ ਚੱਲ ਅੱਧੇ ਪੌਣੇ ਘੰਟੇ 'ਚ ਘਰੇ ਪਹੁੰਚ ਜਾਂਗੇ' ਘਰੇ ਪਹੁੰਚ ਕੇ ਮੈਂ ਜੱਸੋਵਾਲ ਸਾਹਿਬ ਨੂੰ ਫੜ ਕੇ ਮੰਜੇ ਤੱਕ ਲੈ ਗਿਆਆਖਣ ਲੱਗੇ 'ਮੈਂ ਠੀਕ ਆਂ ਤੁਸੀਂ ਆਰਾਮ ਕਰ' .. ਮੈਂ ਮੋਟਰਸਾਈਕਲ ਚੁੱਕ ਕੇ ਘਰੇ ਆ ਗਿਆ


ਦੂਜੇ ਦਿਨ ਮਾਸਟਰ ਸਾਧੂ ਸਿੰਘ ਦਾ ਫ਼ੋਨ ਆਇਆ ਅਖੇ 'ਬਾਪੂ ਜੱਸੋਵਾਲ ਸੀਰੀਅਸ ਆ - ਡੀ. ਐਮ.ਸੀ. ਐਮਰਜੈਂਸੀ 'ਚ ਛੇਤੀ ਪਹੁੰਚ' ਮੈਂ ਡੀ.ਐਮ.ਸੀ. ਗਿਆ ਤਾਂ ਮਾਸਟਰ ਐਮਰਜੈਂਸੀ ਦੇ ਬਾਹਰ ਖੜ੍ਹਾ ਸੀ, "ਕੀ ਦੱਸੀਏ ਯਾਰ! ਅਜੇ ਮੈਂ ਤਾਂ ਜੱਸੋਵਾਲ ਦੀ ਗੱਡੀ ਟੋਚਨ ਪਾਕੇ ਵਰਕਸ਼ਾਪ ਛੱਡ ਕੇ ਆਇਆ ਸੀ ,ਘੰਟੇ ਮਗਰੋਂ ਆਹ ਭਾਣਾ ਵਰਤ ਗਿਆ - ਕੁਦਰਤ ਵੱਲੀਓਂ ਪਰਗਟ ਗਰੇਵਾਲ ਵੀ ਉਥੇ ਆ ਗਿਆ।" ਉਹ ਹਰਫਲਿਆ ਪਿਆ ਸੀਜੱਸੋਵਾਲ ਦਾ ਪੁੱਤਰ ਜਸਵਿੰਦਰ ਤੇ ਪੋਤਰਾ ਵੀ ਮਾਸਟਰ ਦੇ ਨਾਲ ਸੀ ਅਸੀਂ ਐਮਰਜੈਂਸੀ ਦੇ ਅੰਦਰ ਗਏ.. ਜੱਸੋਵਾਲ ਸਾਹਿਬ ਬੇਹੋਸ਼ ਪਏ ਸੀ, ਉਹਨਾਂ ਦਾ ਮੋਬਾਈਲ ਸਾਨੂੰ ਫੜਾਉਂਦਿਆਂ ਨਰਸ ਨੇ ਹਾਲੇ ਨਾ ਬੁਲਾਉਣ ਦੀ ਹਦਾਇਤ ਕੀਤੀ ਅਸੀਂ ਕੋਲ ਬੈਠ ਗਏ ਚਾਰ ਘੰਟਿਆਂ ਬਾਅਦ ਜੱਸੋਵਾਲ ਸਾਹਿਬ ਨੂੰ ਹੋਸ਼ ਆਈ ਤਾਂ ਵਾਰਡ ਬੁਏ ਉਹਨਾ ਨੂੰ ਟੈਸਟਾਂ ਵਾਸਤੇ ਲੈ ਗਿਆਜਦੋਂ ਦੋ ਢਾਈ ਘੰਟਿਆਂ ਬਾਅਦ ਲਿਆ ਕੇ ਬੈੱਡ ਤਾਂ ਪਾਇਆ ਤਾਂ ਉਹਨਾਂ ਅੱਖ ਪੱਟੀ "ਅੱਜ ਤਾਂ ਨਿਰਮਲਾ ਰੱਬ ਨੇ ਈ ਰੱਖੇ ਲਗਦੇ ਆਂ - ਮੈਨੂੰ ਤਾਂ ਸਿਰਫ ਐਨਾ ਪਤਾ ਬਈ ਘਮੇਰ ਜੀ ਆਈ ਤੇ ਮੈਂ ਡਿੱਗ ਪਿਆ ,ਬੱਸ ਹੁਣ ਸੁਰਤ ਆਈ ਆ।"


"ਬਚਗੇ ਬਾਪੂ ਜੀ ਤੁਸੀਂ, ਦੁਬਾਰਾ ਜਨਮ ਹੋਇਆ - ਡਾਕਟਰ ਕਹਿੰਦੇ ਆ ਜੇ ਪੰਦਰਾਂ ਮਿੰਟ ਲੇਟ ਹੋ ਜਾਂਦੇ - ਬੱਸ ਵਰਤ ਜਾਣਾ ਸੀ ਭਾਣਾ।" ਜੱਸੋਵਾਲ ਦੇ ਫ਼ੋਨ ਤੇ ਘੰਟੀ ਵੱਜੀ ਡਰਾਈਵਰ ਦਾ ਫ਼ੋਨ ਸੀ ਜੋ ਸਵੇਰ ਤੋਂ ਵਰਕਸ਼ਾਪ 'ਚ ਗੱਡੀ ਦੇ ਕੋਲ ਸੀ ਉਹਨੂੰ ਕੋਈ ਪਤਾ ਨਹੀਂ ਸੀ ਕਿ ਕੀ ਹੋ ਗਿਆ ਪਿੱਛੋਂ ਫ਼ੋਨ ਆਨ ਕਰਕੇ ਮੈਂ ਜੱਸੋਵਾਲ ਦੇ ਕੰਨ ਨੂੰ ਲਾ ਤਾ,ਡਰਾਈਵਰ ਫਟਾ ਫਟ ਬੋਲਣ ਲੱਗ ਪਿਆ" ਗੱਡੀ ਦਾ ਇੰਜਣ ਖੁੱਲ੍ਹ ਗਿਆ ਜੀ, ਮਿਸਤਰੀ ਕਹਿੰਦਾ ਇਹ ਤਾਂ ਸਾਰੀ ਈ ਖੜਕੀ ਪਈ ਆ - ਕਲੱਚ ਪਲੇਟਾਂ ਉੱਡ ਗਈਆਂ - ਰਿੰਗ ਵੀ ਖ਼ਰਾਬ , ਸੈਂਸਰ ਤਾਂ ਕੋਈ ਵੀ ਕੰਮ ਨੀ ਕਰਦਾ ਤਾਂ ਹੀ ਤਾਂ ਤੇਲ ਦੀ ਸਪਲਾਈ ਬੰਦ ਹੋਈ ਰਹਿੰਦੀ ਆ, ਡੀਜ਼ਲ ਸਪਲਾਈ ਵਾਲਾ ਸਾਰਾ ਸਿਸਟਮ ਈ ਗਲ਼ਿਆ ਪਿਆ, ਏ.ਸੀ ਵਾਲੀ ਪਾਈਪ ਫਟੀ ਪਈ ਆ - ਮੁਗਲੈਲ਼ ਜਾਦਾ ਚੱਕਦੀ , ਸਾਰੀ ਕਿੱਟ ਬਦਲਣੀ ਪੈਣੀ ਆਂ ,ਹਿੱਡ ਤਾਂ ਨਵਾਂ ਈ ਪਊ ਹੁਣ , ਅਲਟਰਨੈਟਰ ਵੀ ਕੰਮ ਨੀ ਕਰਦਾ ਤਾਂ ਹੀ ਤਾਂ ਬੈਟਰੀ ਸੌਂ ਜਾਂਦੀ ਆ, ਰੇਡੀਏਟਰ ਦੀਆਂ ਪਾਈਪਾਂ ਲੀਕ ਕਰਦੀਆਂ, ਸਾਰੀ ਵਾਰਿੰਗ ਦੁਆਰਾ ਹੋਣ ਆਲੀ ਆ ,ਅਜੰਸੀ ਆਲੇ ਆਖਦੇ ਆ ਬਈ ਅਨਜਾਣ ਮਕੈਨਕਾਂ ਨੇ ਸੱਤਿਆਨਾਸ ਕਰਤਾ ਗੱਡੀ ਦਾ , ਮੂਹਰਲੇ ਰਿੰਮਾਂ ਦੀਆਂ ਗੋਲੀਆਂ ਟੁੱਟੀਆਂ ਪਈਆਂ, ਨਾਲੇ ਅਜੰਸੀ ਦਾ ਫੋਰਮੈਨ ਕਹਿੰਦਾ ਬਈ ਟੈਰਾਂ ਦਾ ਸੈੱਟ ਵੀ ਨਵਾਂ ਪਾ ਐਵੇਂ ਧੋਖਾ ਖਾਉਂਗੇ , ਡੈਂਟਿੰਗ ਤੇ ਪੇਟਿੰਗ ਸਮੇਤ ਦਸ ਕੁ ਦਿਨ ਲੱਗ ਸਕਦੇ ਆ ..ਜੇ ਕਹੋਂ ਤਾਂ ਲਾ ਦੀਏ ਵਰਆਲ ਰਿਪੇਅਰ ਤੇ ।"



ਜੱਸੋਵਾਲ ਫ਼ੋਨ ਸੁਣ ਹੀ ਰਿਹਾ ਸੀ ਕਿ ਡਾਕਟਰ ਰਿਪੋਰਟਾਂ ਲੈ ਕੇ ਆ ਗਿਆ ਤੇ ਸਹਿਜ ਅਵੱਸਥਾ 'ਚ ਦੱਸਣ ਲੱਗਾ "ਸਰਦਾਰ ਸਾਹਿਬ ਤੁਹਾਨੂੰ ਕਈ ਪ੍ਰਾਬਲਮਜ਼ ਨੇ - ਲੀਵਰ 'ਚ ਸੋਜ਼ ਆ, ਸ਼ੂਗਰ ਕੰਟਰੋਲ ਨਹੀਂ ਹੋ ਰਹੀ, ਯੂਰਕ ਐਸਡ ਕਾਫੀ ਵਧਿਆ ਹੋਇਆ, ਬਲੱਡ ਪ੍ਰੈਸ਼ਰ ਕਰਕੇ ਨਰਵਸ ਸਿਸਟਮ ਵੀਕ ਹੋ ਰਿਹਾ, ਫੇਫੜਿਆਂ 'ਚ ਇਨਫੈਕਸ਼ਨ ਆਈ ਆ, ਬਲੱਡ ਇਨਫੈਕਸ਼ਨ ਦੇ ਵੀ ਸਿੰਪਟਮਜ਼ ਆ ਰਹੇ ਆ ਇਸ ਕਰਕੇ ਕਿਡਨੀਜ਼ ਦੇ ਟੈਸਟ ਵੀ ਕਰਾਉਣੇ ਪੈਣੇ ਆਂ , ਐਗਰੈਸ਼ਨ ਜ਼ਿਆਦਾ ਰਹੀ ਕਰਕੇ ਬਰੇਨ ਰੈਸਟ ਦੀ ਵੀ ਲੋੜ ਆ, ਹਾਰਟ ਬੀਟ ਇਰੈਗੂਲਰ ਹੋਣ ਕਰਕੇ ਐਂਜੀਓਗਰਾਫੀ ਤੇ ਐੱਮ ਆਰ ਆਈ ਤੋਂ ਇਲਾਵਾ ਕੁਝ ਸਪੈਸ਼ਲ ਟੈਸਟ ਕਰਨੇ ਪੈਣੇ ਆਂ ,ਅਸਲ ਅਨਰਿਕਮੈਂਡਡ ਮੈਡੀਸਨ ਨੇ ਵੀ ਤੁਹਾਨੂੰ ਹਾਰਮ ਕੀਤਾ, ਜਾਨੀ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ …"

ਡਾਕਟਰ ਨੂੰ ਵਿੱਚੇ ਟੋਕ ਕੇ ਜੱਸੋਵਾਲ ਸਾਹਿਬ ਕਹਿਣ ਲੱਗੇ, " ਡਾਕਟਰ ਸਾਹਿਬ , ਸਮਝਾ ਤਾਂ ਮੈਨੂੰ ਮੇਰੇ ਡਰਾਈਵਰ ਨੇ ਫੋਨ ਤੇ ਈ ਦਿੱਤਾ - ਹੁਣ ਤੁਸੀਂ ਮੈਨੂੰ ਓਵਰਆਲ ਰਿਪੇਅਰ ਤੇ ਲਾ ਈ ਦਿਓ।"

1 comment:

Sukhdev Singh said...

is article nu kde Punjabi Tribune ch padia ci , ajj Aarsi te pd ke yaad taaza ho gai , kiya kehne Baapu Jassowal di cutural promotion approach de , ohna di sehatyaaabi lai dua go .... Sukhdev Singh Abohar