ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, October 22, 2012

ਜਤਿੰਦਰ ਹਾਂਸ – ਆਰਸੀ ‘ਤੇ ਖ਼ੁਸ਼ਆਮਦੇਦ – ਕਹਾਣੀ – ਭਾਗ ਤੀਜਾ


ਰਾਹੂ-ਕੇਤੂ
ਕਹਾਣੀ – ਭਾਗ ਤੀਜਾ ਤੇ ਆਖ਼ਰੀ
-----
ਕੜੀ ਜੋੜਨ ਲਈ ਕਹਾਣੀ ਦਾ ਪਹਿਲਾ ਅਤੇ ਦੂਜਾ ਭਾਗ ਜ਼ਰੂਰ ਪੜ੍ਹੋ ਜੀ
-------
ਜਦੋਂ ਦਲੀਪ ਕੁਰ ਵਿਆਉਲੀ ਆਈ ਸੀ
। ਝਾਂਜਰਾਂ ਪਾ ਕੇ ਕੰਮ ਕਰਦੀ ਫਿਰਿਆ ਕਰੇ। ਜਦੋਂ ਛਣਕ-ਛਣਕ ਹੋਵੇ ਜਿਵੇਂ ਸਾਰਾ ਘਰ ਹੀ ਗਿੱਧਾ ਪਾ ਰਿਹਾ ਹੋਵੇ।

 ਇਕ ਦਿਨ ਮੇਰੀ ਰੋਟੀ ਲੈ ਕੇ ਖੇਤ ਗਈ। ਮੇਰੇ ਨਾਲ ਕੰਮ ਕਰਵਾਉਣ ਲੱਗੀ।  ਉੱਥੇ ਉਹਦੀ ਝਾਂਜਰ ਗੁਆਚ ‘ਗੀ। ਡਰਦੀ ਮੈਨੂੰ  ਦੱਸੇ ਨਾ।

 ਇਕ ਦਿਨ ਮੈਂ ਕਣਕ ਸਿੱਟ ਕੇ ਆਇਆ।  ਛੇ ਮਹੀਨੇ ਮਿਹਨਤ ਕਰਕੇ ਫ਼ਸਲ ਵੇਚੇ ਤੇ ਕਰਜ਼ੇ ਨਾ ਉਤਰੇ, ਤਾ ਬੰਦਾ ਦਾ ਦਿਲ ਟੁੱਟ ਜਾਂਦਾ। ਦਿਲ ਖੜਾਉਣ ਲਈ ਸ਼ਰਾਬ ਦੀ ਘੁੱਟ ਪੀ ਕੇ ਦੁਨੀਆਂ ਰੰਗੀਨ ਕਰੀ ਫਿਰਦਾ ਸੀ। ਉਹਨੇ ਮੈਨੂੰ ਖੁਸ਼ ਦੇਖ ਕੇ ਕਿਹਾ, “ਦੇਖੀ ਜੀ, ਮੈਂ ਇੱਕ ਚੀਜ਼ ਮੰਗਣੀ ਆਂ”  ਉਹ ਨੀਵੀਂ ਪਾਈ ਧਰਤੀ ‘ਤੇ ਝਾਕ ਰਹੀ ਸੀ।
ਉਹਨੇ ਪਹਿਲੀ ਤੇ ਆਖਰੀ ਵਾਰੀ ਕੁਝ  ਮੰਗਿਆ ਸੀ, “ਮੰਗ ਜੋ ਕੁਝ ਮੰਗਣਾ, ਮੇਰਾ ਮਤਲ ਮੈਂ ਤੈਨੂੰ ਸੋਨੇ ਨਾਲ ਤੋਲਦੂੰ “  ਮੈਂ ਦਰਿਆ ਦਿਲ ਬਣਿਆ ਬੈਠਾ ਸਾਂ।

 “ ਜਦੋਂ ਹੱਥ ਸੁਖਾਲਾ ਹੋਇਆ, ਮੈਨੂੰ  ਝਾਂਜਰ ਲੈ ਦੀਂ ਜੀ। ਇਕ ਝਾਂਜਰ ਖੇਤ ‘ਚ ਗੁਆਚਗੀ...”  ਉਹ ਗੁਨਾਹਗਾਰ  ਖੜ੍ਹੀ ਸੀ।

“ਝਾਂਜਰ ਕੀ ਏ, ਜਾਨ ਵੀ ਹਾਜਰ  ਐ” ਮੈਂ ਉਹਨੂੰ ਬਾਹਾਂ ’ਚ ਭਰ  ਕੇ ਤੋਲ ਦਿੱਤਾ।

 ਪਰ ਹੱਥ ਸੁਖਾਲਾ ਹੀ ਨਾ ਹੋਇਆ। ਮੇਰਾ ਮਤਲ ਉਹਨੂੰ ਸੋਨੇ ਨਾਲ ਤੋਲਣ ਦੇ ਵਾਅਦੇ  ਕਰਦਾ ਸੀ। ਇਕ ਚਾਂਦੀ ਦੀ ਝਾਂਜਰ ਨਾ ਲੈ ਕੇ ਦੇ ਹੋਈ, ਸਗੋਂ ਉਹਦੇ ਇਕ ਦੋ ਗਹਿਣੇ  ਸੀ ਉਹ ਵੀ ਵਿਕ ਗਏ।  ਪਰ ਉਹਨੈ  ਰੱਬ ਦੀ ਬੰਦੀ ਨੇ ਕਦੀ ਮੂੰਹੋਂ ਕੁਝ  ਨਹੀਂ ਕਿਹਾ। ਧੰਨ ਸੀ ਉਹ।

 ਬਾਬੂ ਜੀ, ਉਹ ਝਾਂਜਰ ਫੜ ਕੇ ਮੈਂ  ਕਿੰਨਾ ਚਿਰ ਰੋਈ ਗਿਆ। ਫਿਰ ਮਨ ’ਚ ਆਈ,  ਜਿਵੇਂ ਔਖੇ ਵੇਲੇ ਦਲੀਪ ਕੁਰ ਆਪਣੀ ਸਾਂਭੀ ਹੋਈ ਚੀਜ਼ ਦੇ ਕੇ ਕਹਿੰਦੀ ਹੁੰਦੀ ਸੀ, “ਲੈ ਇਹਨੂੰ ਵਰਤ ਲੈ।  ਜਦੋਂ ਹੱਥ ਸੁਖਾਲਾ ਹੋਇਆ ਲੈ ਲਵਾਂਗੇ”  ਅੱਜ ਝਾਂਜਰ ਦੇ ਕੇ ਕਹਿ ਰਹੀ ਹੋਵੇ, “ਲੈ ਇਹਨੂੰ ਵਰਤ ਲੈ, ਡਾਕਟਰ ਦੇ ਮੱਥੇ ਮਾਰ, ਕੰਮ ਕਰਾ।”



‘ਝਾਂਜਰ’, ਜੀ ਮੈਂ ਹੱਟੀ ਵਾਲੇ ਲਾਲੇ ਨੂੰ ਦੇ ਦਿੱਤੀ।  ਉਹਨੂੰ ਕਿਹਾ, “ ਜਦੋਂ ਪੈਸੇ ਹੋਏ, ਮੈਂ ਮੁੜਵਾ ਲੈਣੀ ਆ”  ਉਹ ਹੱਸਣ ਲੱਗਾ। ਉਹਨੂੰ ਹਰ ਕੋਈ ਇਹੀ ਕਹਿੰਦਾ ਪਰ...।

 ਪੈਸੇ ਲੈ ਕੇ ਡਾਕਟਰ ਕੋਲ਼ ਗਿਆ।

“ਕਿਉਂ ਬਾਬਾ, ਬਣਿਆ ਕੰਮ ?” ਉਹ  ਐਨਕਾਂ ਵਿਚੀਂ ਝਾਕਿਆ। “ਕੰਮ ਕੀ  ਬਣਨਾ ਸੀ, ਇਕ ਗੀਤ ਆ ਜੀ ਅਖੇ,

 ਸਾਧਾ, ਸਾਧਾ ਸਾਧਾ ਤੈਨੂੰ
ਰਿਹਾ ਹੌਂਸਲਾ ਕਾਹਦਾ।
ਦੁਨੀਆ ਲੱਗ ‘ਗੀ ਚਾਂਟਾਂ ’ਤੇ
ਅਗਲੇ ਸਾਲ ਨੂੰ ਮਿਲੂ... ਰਾਸਣ ਕਾਟਾਂ ’ਤੇ।

 “ਬਾਬਾ, ਜਿਹੜੀ ਦੁਨੀਆ ਚਾਟਾਂ ਤੇ  ਲੱਗੀ ਉਹਦਾ ਕੀ ਕਰੀਏ ?”

 ਮੈਂ ਪੈਸੇ ਉਹਦੇ ਮੱਥੇ ਮਾਰੇ। ਉਹਨੇ  ਕਾਗਜ਼ਾਂ ਤੇ ਉਮਰ ਵਾਲੇ ਥਾਂ ਤੇ ਘੁੱਗੀ ਮਾਰ ‘ਤੀ, ਬਈ ਇਹ ਪੈਂਹਠ ਸਾਲ ਤੋਂ ਉੱਤੇ ਆ।

 ਮੈਂ ਸੋਚਦਾ ਘਰ ਨੂੰ ਆ ਰਿਹਾ ਸੀ, “ਇਹ  ਡਾਕਟਰ ਨੇ ਜਾਂ ਜਲਾਦ, ਬੰਦਾ ਮਰੇ ਭਾਵੇਂ  ਜੀਵੇ ਇਨ੍ਹਾਂ ਨੂੰ ਫੀਸ ਚਾਹੀਦੀ ਆ।  ਪੈਸੇ ਦੇ ਪੁੱਤ ਨੇ ਸਹੁਰੀਂ ਦੇ ਕੰਜਰ..।”

 ਮਨ ਫਿਰ ਖ਼ਰਾਬ ਹੋ ਗਿਆ। ਫਾਰਮ ਲਿਆ ਕੇ ਫਿਰ ਘਰੇ ਸੁੱਟ ਦਿੱਤੇ। ਸਰਪੰਚ ਦੇ ਦਸਖ਼ਤ ਬਿਨਾ ਕੰਮ ਨਹੀਂ ਸੀ ਬਣਨਾ।  ਮੈਂ  ਉਹਦੇ ਮੱਥੇ ਨਹੀਂ ਸੀ ਲੱਗਣਾ ਚਾਹੁੰਦਾ, ਫਾਰਮ ਕਿੰਨੇ ਹੀ ਚਿਰ ਰੁਲ਼ਦੇ ਰਹੇ।

 ਇਕ ਦਿਨ ਲੰਬੜਦਾਰ ਮਿਲਿਆ, ਉਹ ਪੈਨਸ਼ਨ  ਲੈ ਕੇ ਆਇਆ ਸੀ।  ਮੇਰੇ ਮਨ ’ਚ ਫਿਰ ਪੈਨਸ਼ਨ  ਲੈਣ ਦੀ ਗੱਲ ਆਈ।

ਨਿਰਾਸ਼ ਹੋਇਆ ਘੁੰਮ ਰਿਹਾ ਸੀ। ਸਾਡੇ ਪਿੰਡ ਆਲਾ ਜੋਰਾ ਕਾਮਰੇਡ ਮਿਲ ਗਿਆ। ਉਹ  ਦੁੱਖ ਪੁੱਛੀ ਜਾਵੇ। ਮੈਂ ਉਹਨੂੰ ਸਰਪੰਚ  ਦੇ ਦਸਖ਼ਤ ਵਾਲੀ ਗੱਲ ਦੱਸੀ। ਉਹ ਕਹਿੰਦਾ, “ਸਰਪੰਚ ਦਾ ਖਹਿੜਾ ਛੱਡ। ਆਪਣੇ ਐਮ.ਐਲ.ਏ. ਰਾਜਵੀਰ ਸਰਕਾਰ ਜਿਹੜੇ ਸਰਕਾਰ ’ਚ ਮੰਤਰੀ ਵੀ ਨੇ, ਉਨ੍ਹਾਂ ਤੋਂ ਤੇਰਾ ਕੰਮ ਕਰਵਾ ਦਿੰਦੇ ਆ।”

ਦੂਜੇ ਦਿਨ ਸਵੇਰੇ ਹੀ ਆਪਣੇ ਮੋਟਰਸਾਈਕਲ ’ਤੇ ਬਿਠੇ ਕੇ ਉਹਦੇ ਕੋਲ਼ ਨੂੰ ਤੁਰ ਪਿਆ। ਅੱਜਕਲ੍ਹ ਕਾਮਰੇਡ ਦਾ ਇਨਕਲਾਬ ਗਾਂਧੀ ਦੇ ਚਰਖੇ ’ਚ ਵੜਿਆ ਹੋਇਆ।  ਉਹ ਸਾਰੇ ਰਾਹ ਗਾਂਧੀ ਦੇ ਗੁਣ ਗਾਈ ਗਿਆ। ਹਾਰ ਕੇ ਮੈਂ ਵੀ ਕਹੀ ਗਿਆ, ਧੰਨ ਸੀ ਜੀ ਉਹ ਤਾਂ, ਉਹਨੇ ਦੇਸ਼ ਆਜ਼ਾਦ ਕਰਵਾਤਾ।

 ਬਾਬੂ ਜੀ, ਮਨ ’ਚ ਆਖਾਂ, “ਬੰਦਾ ਸੀ ਉਹ  ਬੈਂਗਣ।  ਮੈਨੂੰ ਨੀ ਚੰਗਾ ਲੱਗਦਾ। ਭਗਤ  ਸਿਉਂ ਸ਼ਹੀਦ ਕਰਵਾ ‘ਤਾ, ਰਾਜ ਗੋਰਿਆਂ ਤੋਂ  ਕਾਲ਼ਿਆਂ ਨੂੰ ਦਬਾ ਕੇ ਰੰਗ ਲਾ ਤਾ।  ਆਜ਼ਾਦੀ ਲੈ ਕੇ ਦਿੱਤੀ ਆ ਬੈਂਗਣ ਨੇ। ਮੈਂ ਜ਼ਮੀਨ ਦੇ ਮਾਲਕ ਤੋਂ ਨੰਗ ਬਣ ਕੇ ਬਹਿ ਗਿਆ। ਰਾਜਵੀਰ ਸਰਕਾਰ ਵਰਗੇ ਕੱਖਪਤੀ ਤੋਂ ਅਰਬਪਤੀ ਬਣਗੇ। ਰਾਜਵੀਰ ਦਾ ਬਾਪ ਲਿਬੜੇ ਆਲੇ ਸਰਦਾਰਾਂ ਦੇ ਟਾਂਗਾ ਵਾਹੁੰਦਾ ਹੁੰਦਾ ਸੀ। ਉਹ ਪੂਛ ਏਨੀ ਮਾਰਦਾ ਗੱਲ-ਗੱਲ ਤੇ ‘ਜੀ ਸਰਕਾਰ ਪਾਤਸ਼ਾਹ, ਜੀ ਸਰਕਾਰ ਪਾਤਸ਼ਾਹ’ ਕਹਿਣ ਦੀ ਆਦਤ ਸੀ।  ਲੋਕਾਂ ਨੇ ਉਹਦਾ ਨਾਂ ਸਰਕਾਰ ਰੱਖ ਲਿਆ। ਫਿਰ ਉਹਦੇ ਮੁੰਡੇ ਰਾਜਵੀਰ ਨੂੰ ਉਹਦੇ ਬਾਪ ਵਾਂਗਾ ਸਰਕਾਰ ਕਹਿਣ ਲੱਗੇ। ਜਦੋਂ ਇਹ ਹਲਕਾ ਰਿਜ਼ਰਵ ਹੋਇਆ, ਤਾਂ ਲਿਬੜੇ ਆਲੇ ਸਰਦਾਰ ਨੇ ਆਪਣੇ ਝਾੜ ਬਰਦਾਰ ਨੂੰ ਟਿਕਟ ਦਿਵਾ ਦਿੱਤੀ। ਬਈ, ਫਿਰ ਵੀ ਸਾਡੀ ਓ ਹਕੂਮਤ ਚੱਲੇ। ਮੁੜ ਇਹਨੇ ਪਿੱਛੇ ਨੀ ਦੇਖਿਆ ਅਰਬਾਂ ਪਤੀ ਹੋ ਗਿਆ। ਲੀਡਰ ਆਪਣੀਆ ਤਨਖ਼ਾਹਾਂ ਭੱਤੇ ਵਧਾਈ ਜਾਂਦੇ ਨੇ। ਬੁੱਢਿਆਂ ਨੂੰ ਜਿੰਨ੍ਹਾਂ ਸਾਰੀ ਉਮਰ ਦੇਸ਼ ਲਈ ਕਮਾਈ ਕਰਦਿਆਂ ਲੰਘਾ ‘ਤੀ  ਰੁਪਈਆ। ਅਜਿਹੀਆਂ ਗੱਲਾਂ ਸੋਚਦਿਆਂ ਮੈਂ ਤੇ ਕਾਮਰੇਡ ਰਾਜਵੀਰ ਸਰਕਾਰ ਦੀ ਕੋਠੀ ਜਾ ਬੈਠੇ। ਉੱਥੇ ਕਮਰੇ ’ਚ ਹੋਰ ਬਥੇਰੇ ਲੋਕ ਉਹਨੂੰ ਮਿਲਣ ਨੂੰ ਬੈਠੇ ਸੀ, ਜਿਵੇਂ ਰਾਜੇ ਦਾ ਦਰਬਾਰ ਹੋਵੇ।

 ਇਕ ਨਿਪਾਲੀ ਚਾਹ ਦੇ ਗਿਆ, ਨਾਲ਼ ਬਰਫ਼ੀ।

 ਬਾਬੂ ਜੀ, ਬਹੁਤ ਸਮੇਂ ਬਾਅਦ ਰਾਜਵੀਰ ਸਰਕਾਰ  ਹੱਥ ਜੋੜਦਾ ਆ ਕੇ ਖ਼ਾਲੀ ਕੁਰਸੀ ’ਤੇ  ਬੈਠ ਗਿਆ।  ਜਦੋਂ ਫਰਿਆਦ ਕਰਨ ਦੀ ਵਾਰੀ ਆਈ। ਮੈਂ ਰਾਜਵੀਰ ਦੀਆਂ ਸਿਫ਼ਤਾਂ  ਦੇ ਪੁਲ ਬੰਨ੍ਹ ਦਿੱਤੇ।

 “ਸਰਕਾਰ ਜੀ, ਧੰਨ ਹੋ  ਤੁਸੀਂ ਤੇ ਧੰਨ ਏ ਥੋਡੀ ਸਰਕਾਰ।  ਜਿੱਧਰ ਦੇਖੋ ਦੇਸ਼ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਿਹਾ। ਤੁਸੀਂ ਦੇਸ਼ ਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੱਤਾ। ਮੇਰਾ ਮਤਲ ਗ਼ਰੀਬ-ਗੁਰਬਾ ਵੀ ਮੋਬਾਇਲ ਚੁੱਕੀ ਫਿਰਦਾ। ਜਦੋਂ ਅਸੀਂ ਥੋਡੇ ਕੋਲ਼ ਆ ਰਹੇ ਸੀ ਤਾਂ ਸ਼ਹਿਰ ਆ ਕੇ ਕਾਮਰੇਡ ਜੋਰਾ ਸਿਉਂ ਮੈਨੂੰ ਕਹਿੰਦਾ, “ਚੰਦ ਸਿਆਂਹ, ਚੱਲ ਤੈਨੂੰ ਤਮਾਸ਼ਾ ਦਿਖਾਵਾਂ”  ਇਹਨੇ ਬੈਂਕ ਚ ਜਾ ਕੇ ਇਕ ਡੱਬੇ ਜਿਹੇ ’ਚ ਕਾਰਡ ਪਾਇਆ ਬਟਨ ਦੱਬੇ ਪੈਸੇ ਬਾਹਰ ਆ ਗਏ।  ਦੇਸ਼ ਤਰੱਕੀਆਂ ਛੂਹ ਰਿਹਾ ਜੀ ਤਰੱਕੀਆ...” ਮਨ ’ਚ ਸੋਚਾਂ ਕੱਟੇ ਨੂੰ ਮਣ ਦੁੱਧ ਦਾ ਕੀ ਭਾਅ, ਮਤਲ ਅਸੀਂ ਨੰਗਾ ਨੇ ਇਹ ਮਸੀਨਾਂ ਸਿਰ ਮਾਰਨੀਆਂ।

 ਰਾਜਵੀਰ ਸਰਕਾਰ ਹੱਥ ਖੜ੍ਹਾ ਕਰਕੇ ਮੈਨੂੰ  ਚੁੱਪ ਕਰਨ ਦਾ ਇਸ਼ਾਰਾ ਕਰ ਕੇ ਮੁਸਕਰਾਈ ਜਾਵੇ।
ਕਾਮਰੇਡ ਦੱਸਣ ਲੱਗਾ, “ਇਹ ਚੰਦ ਸਿਉਂ ਆਂ, ਸਰਪੰਚ ਵਿਰੋਧੀ ਪਾਰਟੀ ਦਾ ਹੋਣ ਕਰਕੇ ਇਹਦੇ ਪੈਨਸ਼ਨ ਆਲੇ ਫਾਰਮਾਂ ’ਤੇ ਸਾਈਨ ਨੀ ਕਰਦਾ। ਇਹ ਵਿਚਾਰਾ ਗ਼ਰੀਬ ਬੰਦਾ...।”

 ਰਾਜਵੀਰ ਨੇ ਫਾਰਮ ਉੱਤੇ ਦਸਖ਼ਤ ਕਰਦਿਆ ਕਿਹਾ, “ਲੈ ਬਾਬਾ, ਤੈਨੂੰ ਪੈਨਸ਼ਨ ਮਿਲਗੀ  ਸਮਝ।”

 ਬਾਬੂ ਜੀ, ਇਹ ਫਾਈਲ ਲੈ ਕੇ ਘੁੰਮਦਿਆਂ ਮੇਰੀਆਂ ਜੁੱਤੀਆਂ ਘਿਸ ਗਈਆਂ। ਇਕ ਦਿਨ ਦਫ਼ਤਰ ਦਾ ਬਾਬੂ ਕਹਿੰਦਾ, “ਬਾਬਾ ਵੰਡ, ਕੁਝ ਤੇਰਾ ਕੰਮ  ਹੋ ਗਿਆ।  ਜਿਹੜੀ ਬੈਂਕ ’ਚ ਥੋਡੇ ਪਿੰਡ ਦੇ ਹੋਰ ਪੈਨਸ਼ਰਾਂ ਦੇ ਖਾਤਾ ਖੋਲ੍ਹਿਆ ਹੋਇਆ ਤੂੰ ਉੱਥੇ ਖਾਤਾ ਖੁਲ੍ਹਵਾ ਲੈ।”

 ਫਿਰ ਬਾਬੂ ਜੀ ਮੈਂ ਬੈਂਕ ਚਲਿਆ ਗਿਆ।  ਉੱਥੇ ਸੌ ਪੰਗੇ ਕਦੇ ਗਵਾਹ ਲਿਆਓ। ਕਦੇ  ਰਾਸ਼ਨ ਕਾਰਡ ਲਿਆਓ। ਸੌ ਦੇ ਕੇ ਖਾਤਾ ਖੁਲਵਾਇਆ ਹਰ ਰੋਜ਼ ਬੈਂਕ ‘ਧੰਨ ਓ ਤੁਸੀਂ...ਧੰਨ ਓ ਤੁਸੀਂ” ਕਰਨ ਜਾਂਦਾ। ਉਹ ਵੀ ਮੈਨੂੰ ਜਾਨਣ ਲੱਗ ਪਏ। ਦੇਖਦਿਆਂ ਹੀ ਕਹਿ ਦਿੰਦੇ, “ਬਾਬਾ ਅਜੇ ਆਈ ਨੀ ਪੈਨਸ਼ਨ।’

 ਹੁਣ ਤਾਂ ਬਾਬੂ ਜੀ ਮੈਂ ਪੈਨਸ਼ਨ  ਦਾ ਖਹਿੜਾ ਹੀ ਛੱਡ ਦਿੱਤਾ।  ਰੋਟੀ ਲਈ  ਨਿੱਕੇ ਮੋਟੇ ਜੁਗਾੜ ਕਰੀ ਜਾਈਦੇ ਨੇ।  ਮੇਰਾ ਮਤਲ ਰਿਸ਼ਤੇ ਕਰਵਾਈ ਦੇ ਨੇ। ਬਾਬੂ ਜੀ, ਧੰਨ ਨੇ ਲੋਕਾਂ ਦੇ ਧੀਆਂ-ਪੁੱਤ ਤੇ ਧੰਨ ਨੇ ਉਨ੍ਹਾਂ ਨੂੰ ਜੰਮਣ ਵਾਲੇ।  ਉਹ ਧੜਾ-ਧੜ ਜਵਾਨ ਹੋਈ ਜਾ ਰਹੇ ਹਨ।  ਇਹ ਕੰਮ ਹੈ ਤਾਂ ਜੁੱਤੀਆਂ ਖਾਣ ਵਾਲੀ ਈ। ਜੇ ਕਿਸੇ ਦੀ ਧੀ ਸੁਖੀ ਵਸੇ ਤਾਂ ਕਹਿਣਗੇ, “ਮੇਰੀ ਭੋਲੀ ਦੇ ਕਰਮ ਬੜੇ ਚੰਗੇ ਨੇ”... ਜੇ ਕਿਸੇ ਦੀ ਧੀ ਦੁਖੀ ਹੋਵੇ ਤਾਂ ਕਹਿਣਗੇ, “ਪੈ ਜਾਣ ਚੰਦ ਕੇ ਕੀੜੇ, ਕਿਹੋ ਜਿਹੇ ਮਾੜੇ ਥਾਂ ਰਿਸ਼ਤਾ ਕਰਵਾਇਆ”.... ਊਂ ਇਹ ਕੰਮ ਮੈਨੂੰ ਰਾਸ ਆ ਗਿਆ, ਨਾਲ਼ੇ ਦੋ ਸਿਰ ਜੁੜਦੇ ਨੇ ਅਸੀਸਾਂ ਮਿਲਦੀਆਂ ਨੇ।

 ਅੱਛਾ ਕਾਕਾ, ਤੂੰ ਵਕੀਲ ਬਾਬੂ ਨੀ ?  ਮੇਰੇ ਵਾਂਗ ਵਕੀਲ ਕੋਲ਼ ਕੰਮ ਆਇਆਂ, ਵਕੀਲ ਬਾਬੂ ਅਦਾਲਤ ’ਚ ਗਿਆ ਹੋਇਆ।  ਮੈਂ ਵੀ ਸੋਚੀ ਜਾਨਾ, ਬਈ ਇਹ ਉਹ  ਤਾਂ ਲੱਗਦਾ ਨੀ। ਮੇਰਾ ਮਤਲ ਉਹ ਤਾਂ ਕੰਮ ਦੀ ਗੱਲ ਤੋਂ ਬਿਨਾਂ ਗੱਲ ਨੀ ਸੁਣਦਾ।  ਚੱਲ ਸ਼ੇਰਾ ਮੇਰਾ ਮਨ ਹਲਕਾ ਹੋ ਗਿਆ। ਸ਼ੇਰਾ ਸੱਚ ਦੱਸਾਂ, ਮੇਰੀ ਹੁਣ ਨਿਗ੍ਹਾ ਨੀ ਰਹੀ।  ਐਵੇਂ ਧੁੱਪ-ਛਾਂ ਹੀ ਦਿਸਦੀ ਆ।  ਇਹ ਗੱਲ ਮੈਂ ਕਿਸੇ ਨੂੰ ਦੱਸਦਾ ਨੀਂ..।  ਮੈਂ ਤੈਨੂੰ ਰਿਸ਼ਤਾ ਕਰਵਾਉਣਾ, ਕੁੜੀ ਐ ਪੜ੍ਹੀ-ਲਿਖੀ,  ਸੁਹਣੀ-ਸੁਨੱਖੀ, ਹੀਰੇ ਵਰਗੀ...।

 ਪੈਨਸ਼ਨ ਦਾ ਸ਼ੇਰਾ ਕੀ ਹੋਣਾ ਸੀ। ਇਕ ਦਿਨ ਬੈਂਕ ਦੀ ਅਫ਼ਸਰਨੀ ਬੀਬੀ ਹੱਸਦੀ ਕਹਿੰਦੀ, “ਬਾਬਾ ਧੰਨ ਏ ਤੂੰ ਜਿਹੜਾ ਹਰ ਰੋਜ਼ ਤੁਰਿਆ ਰਹਿਨਾ। ਤੇਰੀ ਪੈਨਸ਼ਨ ਨੀ ਆਈ। ਦਫ਼ਤਰ ਜਾ ਕੇ ਪਤਾ ਕਰ। ਜਿੱਥੋਂ ਪੈਨਸ਼ਨ ਲੱਗਦੀ ਆ।”

ਦਫ਼ਤਰ ਜਾ ਕੇ ਪਤਾ ਕਰਿਆ। ਉਹ ਬਾਬੂ ਕਹਿੰਦਾ, ਕਿਸੇ ਨੇ ਅਰਜ਼ੀ ਦਿੱਤੀ ਆ, ਇਸ ਪਿੰਡੋਂ ਚੰਦ ਸਿਉਂ ਨਾਂ ਦਾ ਬੰਦਾ ਗੁਜ਼ਰ ਗਿਆ। ਮੇਰੀ ਮੌਤ ਦਾ ਸਰਟੀਫ਼ਿਕੇਟ ਦਿੱਤਾ, ਮਤਲ ਮੈਨੂੰ ਜਿਉਂਦੇ ਨੂੰ ਏ ਮਾਰਤਾ। ਮੈਂ ਉਨ੍ਹਾਂ ਨੂੰ ਕਿਹਾ, “ਮੈਂ ਥੋਡੇ ਸਾਹਮਣੇ ਜਿਉਂਦਾ ਜਾਗਦਾ ਫਿਰਦਾਂ ” ਉਹ ਮੰਨਦੇ ਨੀ।  ਸਬੂਤ ਭਾਲ਼ਦੇ ਆ।  ਹੁਣ ਮੈਂ ਆਪਣੇ ਜਿਉਂਦੇ ਹੋਣ ਦਾ ਸਬੂਤ ਲੱਭ ਰਿਹਾਂ।  ਜਿਹੜਾ ਉਨ੍ਹਾਂ ਨੂੰ ਦੇ ਸਕਾਂ।  ਵੋਟਰ ਲਿਸਟ ’ਚੋਂ ਮੇਰਾ ਨਾਂ ਕਟਵਾ ਦਿੱਤਾ।  ਰਾਸ਼ਨ ਕਾਰਡ ਬਹੂ ਦੇ ਜਿੰਦੇ ਹੇਠਾਂ। ਹੁਣ ਮੈਨੂੰ ਲੱਗਣ ਲੱਗ ਪਿਆ ਜਿਵੇਂ ਕਾਗਜ਼ਾਂ ’ਚ ਮਾਰ ‘ਤਾ,  ਉਵੇਂ ਮੈਨੂੰ ਮਾਰ ਦੇਣਗੇ। ਤਾਹੀਉਂ ਮੈਂ ਵਕੀਲ ਬਾਬੂ ਕੋਲ਼ ਆਇਆ। ਉਨ੍ਹਾਂ ਲੋਕਾਂ ਨੂੰ ਪਤਾ ਲੱਗ ‘ਜੇ ਜਿਹੜੇ ਮੈਨੂੰ ਮਰਿਆ ਭਾਲ਼ਦੇ ਨੇ। ਮੈਂ ਕੋਈ ਊਈਂ-ਮਿੱਚੀ ਦਾ ਆਦਮੀ ਨੀ, ਜੱਟ ਤਾਂ ਘੀਸੀ ਕਰਵਾ ਦਿੰਦਾ।  ਉਹ ਹੋਰ ਹੋਣਗੇ ਜਿਹੜੇ ਖੁਦਕੁਸ਼ੀਆਂ ਕਰ ਜਾਂਦੇ ਨੇ...।”
-----
ਸਮਾਪਤ

1 comment:

AKHRAN DA VANZARA said...

ਬਹੁਤ ਵਧੀਆ ਕਹਾਣੀ .. ਬੱਸ ਕਹਿ ਲਓ ਕਿ ਧੰਨ ਹੋ ਤੁਸੀਂ ਤੇ ਤੇ ਧੰਨ ਹੈ ਤੁਹਾਡੀ ਲੇਖਣੀ .. ਮੇਰਾ ਮਤਲ ਕਹਾਣੀ ਕਾਹਦੀ ਲਿਖੀ .. ਵੱਡੇ ਵੱਡੇ 'ਨਾਢੂ ਖਾਨਾ' ਦੀ ਘੀਸੀ ਕਰਵਾ ਛੱਡੀ ਆ...