ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, September 2, 2011

ਸੁਰਿੰਦਰ ਸੋਹਲ - ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ – ਲੇਖ – ਭਾਗ ਪਹਿਲਾ

ਦੋਸਤੋ! ਇਫ਼ਤਿਖ਼ਾਰ ਨਸੀਮ ਉਰਫ਼ ਇਫ਼ਤੀ ਨਸੀਮ ਉਰਦੂ/ਪੰਜਾਬੀ ਦਾ ਪ੍ਰਸਿੱਧ ਕਹਾਣੀਕਾਰ, ਸ਼ਾਇਰ ਅਤੇ ਕਾਲਮ-ਨਵੀਸ ਸੀ। ਉਹ ਸ਼ਿਕਾਗੋ ਰਹਿੰਦਾ ਸੀ ਅਤੇ ਸੰਗਮ ਰੇਡੀਓ ਚਲਾਉਂਦਾ ਸੀ। ਉਸਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਖੁਸ਼ਵੰਤ ਸਿੰਘ, ਗੋਪੀ ਚੰਦ ਨਾਰੰਗ, ਗੁਲਜ਼ਾਰ, ਅਹਿਮਦ ਨਸੀਮ ਕਾਸਮੀ ਵਰਗੇ ਵੱਡੇ ਲੇਖਕਾਂ ਨੇ ਭਰਪੂਰ ਲਿਖਿਆ ਹੈ। ਉਸਦੀਆਂ ਤਿੰਨ ਕਿਤਾਬਾਂ 'ਤਿੰਨ ਚਿਹਰਿਆਂ ਵਾਲ਼ਾ ਰੱਕਾਸ' (ਨਜ਼ਮਾਂ), 'ਸ਼ਬਰੀ' (ਕਹਾਣੀਆਂ), 'ਰੇਤ ਕਾ ਆਦਮੀ' (ਗ਼ਜ਼ਲਾਂ) (ਤਿੰਨੋ ਕੁਕਨੁਸ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ) ਸੁਰਿੰਦਰ ਸੋਹਲ ਸਾਹਿਬ ਵੱਲੋਂ ਅਨੁਵਾਦ ਅਤੇ ਲਿੱਪੀਅੰਤਰ ਕੀਤੀਆਂ ਗਈਆਂ ਹਨ। ਉਸਦੀ ਸ਼ਖ਼ਸੀਅਤ ਅਤੇ ਲਿਖਣ-ਕਲਾ ਬਾਰੇ ਇਹ ਨਿਬੰਧ ਸੁਰਿੰਦਰ ਸੋਹਲ ਸਾਹਿਬ ਨੇ ਲਿਖਿਆ ਹੈ, ਜਿਸ ਰਾਹੀਂ ਇਫ਼ਤੀ ਨਸੀਮ ਨੂੰ ਸਮਝਣ ਵਿਚ ਮਦਦ ਮਿਲ ਸਕਦੀ ਹੈ। ਸੋਹਲ ਸਾਹਿਬ ਦਾ ਇਹ ਲੇਖ ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਦਾ ਬੇਹੱਦ ਸ਼ੁਕਰੀਆ। ਨਸੀਮ ਸਾਹਿਬ ਦੀ ਫ਼ੋਟੋ...ਉਹਨਾਂ ਦੀ ਵਾੱਲ ਤੋਂ ਧੰਨਵਾਦ ਸਹਿਤ ਲਈ ਗਈ ਹੈ।

ਅਦਬ ਸਹਿਤ
ਤਨਦੀਪ ਤਮੰਨਾ
( ਪਹਿਲੀ ਵਾਰ ਇਸ ਲੇਖ ਨੂੰ ਪੋਸਟ ਕਰਦਿਆਂ ਕੁਝ ਤਕਨੀਕੀ ਸਮੱਸਿਆ ਕਰਕੇ , ਆਰਸੀ ਦੇ ਮੁੱਖ ਪੇਜ 'ਤੇ ਬਲੌਗ ਦੀ ਅਪਡੇਟ ਨਜ਼ਰ ਨਹੀਂ ਆ ਰਹੀ ਸੀ, ਸੋ ਪਹਿਲੀ ਪੋਸਟ ਉਤਾਰ ਕੇ ਇਹ ਲੇਖ ਨਵੇਂ ਸਿਰਿਉਂ ਪੋਸਟ ਕੀਤਾ ਗਿਆ ਹੈ ਜੀ...ਸ਼ੁਕਰੀਆ)


*******


ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ


ਲੇਖ


ਭਾਗ ਪਹਿਲਾ
ਦੁਪਿਹਰ ਦੇ ਦੋ ਵੱਜੇ ਸਨ।
ਸ਼ਰੀਫ਼ਾਂ ਦੀ ਨਜ਼ਰ ਵਿਚ ਨਿਊਯਾਰਕ ਸ਼ਹਿਰ ਦੀ ਬਲੀਕਰ ਸਟਰੀਟ ਦਾ ਇਹ ਇਲਾਕਾ ਬਦਨਾਮ ਜਿਹਾ ਹੈ। ਮੈਂ ਬੈੱਲ ਵਜਾਈ। ਇਫ਼ਤੀ ਉਰਫ਼ ਇਫ਼ਤਿਖ਼ਾਰ ਨਸੀਮ ਨੇ ਦਰਵਾਜ਼ਾ ਖੋਲ੍ਹਿਆ। ਬੜੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ ਤੇ ਕਿਹਾ,'ਲੈ ਦੋ ਮਿੰਟ ਪਹਿਲਾਂ ਦੋ ਕੰਜਰੀਆਂ ਦਾ ਫੋਨ ਆਇਆ ਸੀ; ਹੁਣੇ ਆਉਣਗੀਆਂ; ਪਰ ਤੂੰ ਚਿੰਤਾ ਨਾ ਕਰ। ਮੈਂ ਦੋ ਮਿੰਟਾਂ 'ਚ ਉਨ੍ਹਾਂ ਨੂੰ ਫ਼ਾਰਗ਼ ਕਰ ਕੇ ਤੋਰ ਦੇਣਾ।' ਉਸ ਦੇ ਬਦਨ 'ਤੇ ਪਾਇਆ ਨੀਲਾ ਚੋਗਾ ਜਿਵੇਂ ਬਦਨਾਮੀ ਦੀ ਜ਼ਹਿਰ ਦਾ ਦਰਿਆ ਲੰਘ ਕੇ ਆਇਆ ਸੀ।
'
ਇਹ ਸਾਡੀ ਅੰਮਾਂ ਦਾ ਘਰ ਹੈ' ਅਸੀਂ ਸੋਫ਼ੇ 'ਤੇ ਬੈਠ ਗਏ, 'ਰਮੇਸ਼ ਅੱਜ ਕਲ ਇੰਡੀਆ ਗਿਆ ਹੋਇਆ ਏ; ਉਸ ਅਸੀਂ ਅੰਮਾ ਕਹਿੰਦੇ ਆਂ।'
ਮੈਂ ਇਫ਼ਤੀ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰ ਰਿਹਾ ਸਾਂ। ਪਹਿਲਾਂ ਤਾਂ ਉਹ ਸ਼ਿਕਾਗੋ ਤੋਂ ਫੋਨ 'ਤੇ ਲਿਖਵਾ ਦਿੰਦਾ ਸੀ। ਉਰਦੂ ਦੇ ਔਖੇ ਸ਼ਬਦਾਂ ਦੇ ਅਰਥ ਨਾਲੋ ਨਾਲ ਸਮਝਾ ਦਿੰਦਾ ਪਰ ਵਕਤ ਬਹੁਤ ਖਰਚ ਹੁੰਦਾ ਸੀ। ਪੂੰਜੀਵਾਦੀ ਮੁਲਕਾਂ ਵਿਚ ਡਾਲਰ ਸਸਤੇ ਹਨ ਵਕਤ ਮਹਿੰਗਾ ਹੈ। ਪਿਛਲੇ ਦਿਨੀ ਉਸ ਨੇ ਮੈਨੂੰ ਦੱਸਿਆ ਕਿ ਉਹ ਨਿਊਯਾਰਕ ਆ ਰਿਹਾ ਸੀ। ਅਸੀਂ ਕਵਿਤਾਵਾਂ ਟੇਪ ਕਰਨ ਦੀ ਯੋਜਨਾ ਬਣਾਈ ਸੀ। ਇਸੇ ਸਿਲਸਿਲੇ ਵਿਚ ਮੈਂ ਉਸਨੂੰ ਮਿਲਣ ਡਾਊਨ ਟਾਊਨ ਦੇ ਬਦਨਾਮ ਇਲਾਕੇ ਵਿਚ ਝਕਦਾ ਝਕਦਾ ਜਾ ਪਹੁੰਚਾ ਸਾਂ।
'
ਚੱਲ ਰਸੋਈ ਵਿਚ ਚਲਦੇ ਆਂ' ਉਹ ਉਠਿਆ, 'ਨਾਲੇ ਕੌਫ਼ੀ ਬਣਾਉਂਦੇ ਆਂ ਨਾਲੇ ਗੱਲਾਂ ਕਰਦੇ ਆਂ'।
ਮੈਂ ਉਸ ਨਾਲ ਭੇਦ ਭਰੇ ਪ੍ਰਸ਼ਨ ਕਰਨ ਲਈ ਤਿਆਰ ਹੋ ਕੇ ਆਇਆ ਸਾਂ ਪਰ ਗੱਲ ਸ਼ੁਰੂ ਕਰਨ ਦਾ ਮਾਹੌਲ ਨਹੀਂ ਸੀ ਬਣ ਰਿਹਾ ਤੇ ਉਹ ਉੰਝ ਹੀ ਬੇਬਾਕ, ਬਿੰਦਾਸ, ਨੰਗੀਆਂ ਗੱਲਾਂ ਕਰੀ ਜਾ ਰਿਹਾ ਸੀ।
ਇਕ ਵਾਰ ਅਸ਼ਰਫ਼ ਕੁਰੈਸ਼ੀ ਨੇ 'ਹਲਕਾ ਏ ਅਰਬਾਬੇ ਜ਼ੌਕ' ਦੀ ਇਕ ਮੀਟਿੰਗ ਵਿਚ ਇਫ਼ਤੀ ਦਾ ਰੇਖਾ-ਚਿੱਤਰ ਪੜ੍ਹਿਆ ਸੀ। ਇਹ ਨਾਂ ਮੈਂ ਉਦੋਂ ਪਹਿਲੀ ਵਾਰ ਸੁਣਿਆਂ ਸੀ। ਇਸ ਵਿਚ ਉਸ ਦੀ ਸ਼ਖ਼ਸੀਅਤ ਨੂੰ ਇਕ ਸੱਚ ਦਾ ਪਰਤੀਕ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਕ ਵਾਰ ਤਾਂ ਮੈਨੂੰ ਚੱਕਰ ਆ ਗਿਆ ਸੀ ਜਦ ਸ਼ਰੇਆਮ ਉਸ ਨੂੰ 'ਗੇਅ' (ਸਮਲਿੰਗੀ) ਕਿਹਾ ਗਿਆ ਸੀ। ਇਹ ਸ਼ਬਦ ਰੇਖਾ-ਚਿੱਤਰ ਵਿਚ ਇਕ ਤੋਂ ਵੱਧ ਵਾਰੀ ਵਰਤਿਆ ਗਿਆ ਸੀ। ਸਾਰੇ ਚੁੱਪ ਸਨ। ਜਿਵੇਂ ਸਭ ਦੇ ਅੰਦਰ ਹੀ ਮੇਰੇ ਵਾਂਗ ਤੂਫ਼ਾਨ ਉਠ ਖਲੋਇਆ ਸੀ।
ਅਨਹਲ ਹੱਕ ਦਾ ਨਾਹਰਾ ਲਾਉਣ ਦੀ ਸਜ਼ਾ ਸਿਰਫ਼ ਸੂਲੀ ਹੈ, ਜਿਸ ਤੋਂ ਬਾਦ ਸਰੀਰਕ ਕਸ਼ਟ ਤੋਂ ਨਿਜਾਤ ਮਿਲ ਜਾਂਦੀ ਹੈ ਪਰ ਇਸ ਤਰਾਂ ਦਾ ਐਲਾਨóó..। ਇਸ ਦੀ ਸਜ਼ਾ ਬਹੁਤ ਭਿਆਨਕ ਹੈ। ਹਰ ਪਲ ਸੋਚ ਜ਼ਮਾਨੇ ਦੀਆਂ ਖਚਰੀਆਂ ਨਜ਼ਰਾਂ ਦੀ ਸੂਲੀ 'ਤੇ ਟੰਗੀ ਰਹਿੰਦੀ ਹੈ। ਤਿੱਖੀ ਮੁਸਕਰਾਹਟ ਦਾ ਤੇਜ਼ਾਬ ਆਤਮਾ 'ਤੇ ਤਿਪ ਤਿਪ ਟਪਕਦਾ ਰਹਿੰਦਾ ਹੈ। ਲੁਤਫ਼ ਦੀ ਸਿਖ਼ਰ ਵੀ ਜ਼ਹਿਰ ਨਿਗਲਣ ਸਮਾਨ ਹੁੰਦੀ ਹੈ। ਬਦਨਾਮੀ ਦੀ ਸਲੀਬ ਜ਼ਿਹਨ ਵਿਚ ਉਤਰ ਆਉਂਦੀ ਹੈ। ਤਮਾਸ਼ਾ ਬਣ ਕੇ ਕੋਈ ਕਿੰਨਾ ਕੁ ਚਿਰ ਜੀ ਸਕਦਾ ਹੈ? ਉਸ ਆਦਮੀ ਨੂੰ ਮਿਲਣ ਦੀ ਇਛਾ ਬੰਨੇ ਤੋੜ ਰਹੀ ਸੀ।
ਆਖ਼ਿਰ ਉਹ ਦਿਨ ਵੀ ਆ ਗਿਆ।
ਮੈਨੂੰ ਚੰਗੀ ਤਰਾਂ ਯਾਦ ਹੈ।
ਉਸ ਦਿਨ ਬਰਫ਼ ਵਿਚ ਖੁਰ ਕੇ ਸ਼ਾਮ ਦਾ ਘਸਮੈਲਾ ਰੰਗ, ਹਲਕਾ ਸਲੇਟੀ ਹੋ ਗਿਆ ਸੀ, ਜਿਸ ਤਰਾਂ੍ਹ ਫ਼ਜ਼ਾ ਵਿਚ ਇਫ਼ਤੀ ਦਾ ਸੁਰਮਈ ਰੰਗ ਘੁਲ ਗਿਆ ਹੋਵੇ ਧਰਤੀ ਤੋਂ ਲੈ ਕੇ ਆਸਮਾਨ ਤਕ। ਉਸ ਦੀ ਹੋਂਦ ਸੱਚਮੁੱਚ ਸਾਧਾਰਨ ਮਨੱਖ ਤੋਂ ਲੈ ਕੇ ਸੱਚ ਦੇ ਪਰਤੀਕ ਤੱਕ ਫੈਲੀ ਹੋਈ ਸੀ। ਉਸ ਦੀ ਹਰ ਉਂਗਲੀ ਵਿਚ ਵੱਖਰੇ ਵੱਖਰੇ ਤਾਰਿਆਂ ਦੇ ਨਮੂਨੇ ਵਾਲੀਆਂ ਮੁੰਦਰਾਂ ਸਨ। ਜਿਵੇਂ ਉਹ ਦੂਸਰਿਆਂ ਦੇ ਹਿੱਸੇ ਦੇ ਪੂਛਲ ਤਾਰਿਆਂ ਨੂੰ ਆਪਣੀਆਂ ਮੁੱਠਾਂ ਵਿਚ ਬੰਦ ਕਰ ਲੈਣਾ ਚਾਹੁੰਦਾ ਹੋਵੇ। ਸ਼ਾਹੀਨ ਹੋਟਲ ਦੇ ਖੁੱਲ੍ਹੇ ਹਾਲ ਵਿਚ ਅਸੀਂ ਬੈਠੇ ਸਾਂ।
ਉਹ ਦੱਸ ਰਿਹਾ ਸੀ 'ਨੁਸਰਤ ਅਲੀ ਫ਼ਤਹਿ ਖ਼ਾਂ ਮੇਰਾ ਕਲਾਸ ਫ਼ੈਲੋ ਸੀ। ਪਰਵੇਜ਼, ਅਸੀਂ ਇਸ ਨੂੰ ਪੇਜੀ ਪੇਜੀ ਕਹਿੰਦੇ ਸਾਂ । ਜੀਨੀਅਸ ਪਰਸਨ। ਏਨੀ ਛੋਟੀ ਉਮਰ ਵਿਚ ਗਾਇਕੀ 'ਤੇ ਛਾ ਗਿਆ। ਮਰਨ ਤੋਂ ਪਹਿਲਾਂ ਤੁਸਾਂ ਦੇਖਿਆ ਹੋਵੇਗਾ; ਜਦੋਂ ਤੀਜੀ ਚੌਥੀ ਵਿਚ ਸਾਡੇ ਨਾਲ ਪੜ੍ਹਦਾ ਸੀ ਉਦੋਂ ਵੀ ਏਡਾ ਈ ਸੀ।' ਉਹ ਠਹਾਕਾ ਮਾਰ ਕੇ ਹੱਸਿਆ ਸੀ। ਮੈਨੂੰ ਉਸ ਦੇ ਹਾਸੇ ਦੇ ਦਰਿਆ ਪਿਛੇ ਦੂਰ ਤਕ ਫੈਲਿਆ ਸਹਾਰਾ ਦਾ ਮਾਰੂਥਲ ਨਜ਼ਰ ਆਇਆ ਸੀ।
ਲੋਕ ਕੁਰਸੀਆ 'ਤੇ ਜੁੜਦੇ ਜਾ ਰਹੇ ਸਨ। ਕੁਝ ਲੋਕ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਸਨ। ਉਸ ਅੰਦਰ ਜਗਦੀ ਜ਼ਮੀਰ ਦੀ ਮਸ਼ਾਲ ਦਾ ਚਾਨਣ ਮਸਤਕ ਵਿਚ ਸੰਭਾਲ ਰਹੇ ਸਨ। ਕੁਝ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ; ਬੁੱਲ੍ਹਾਂ ਉਤੇ ਹਲਕੀ ਜਿਹੀ ਮੁਸਕਾਨ ਦੀ ਬਰਫ਼ ਚਿਪਕਾਈ। ਉਸ ਦੀਆਂ ਗੱਲਾਂ 'ਤੇ ਕੁਝ ਇਕ ਦੂਜੇ ਨੂੰ ਕੁਹਣੀਆਂ ਮਾਰ ਰਹੇ ਸਨ, ਗੁੱਝਾ ਗੁੱਝਾ ਹੱਸ ਰਹੇ ਸਨ।
ਉਸ ਦੀ ਸ਼ਾਇਰੀ ਦਾ ਦੌਰ ਸ਼ੁਰੂ ਹੋਇਆ:
ਵਸਲ ਕੇ ਨੱਸ਼ੇ ਮੇਂ ਉਸ ਕਾ ਕਹਿਰ ਭੀ ਅੱਛਾ ਲਗਾ।
ਭੂਖ ਇਤਨੀ ਥੀ ਕਿ ਮੁਝ ਕੋ ਜ਼ਹਿਰ ਭੀ ਅੱਛਾ ਲਗਾ।
ਮੈਂ ਕੌਨ ਹੂੰ ਯੇ ਉਸੇ ਯਾਦ ਹੀ ਨਹੀਂ ਰਹਿਤਾ,
ਵੋ ਮੇਰੇ ਸਾਮਨੇ ਮੇਰੀ ਮਿਸਾਲ ਦੇਤਾ ਹੈ।
ਬਾਰਿਸ਼ੋਂ ਕਿ ਬਾਅਦ ਸਤਰੰਗੀ ਧਨਕ ਆ ਜਾਏਗੀ।
ਖੁਲ੍ਹ ਕੇ ਰੋ ਲੋ ਗੇ ਤੋ ਚਿਹਰੇ ਪਰ ਚਮਕ ਆ ਜਾਏਗੀ।
ਵਿਚ ਵਿਚ ਉਹ ਆਪਣੇ ਬਾਰੇ ਬੋਲਦਾ ਸੀ। ਨਹੀਂ ਉਹ ਇਕ ਇਕ ਕਰਕੇ ਆਪਣੇ ਕਪੜੇ ਉਤਾਰ ਰਿਹਾ ਸੀ। ਇਕ ਦੂਜੇ ਨੂੰ ਕੂਹਣੀਆਂ ਮਾਰਨ ਵਾਲੇ ਰੁਕ ਗਏ ਸਨ। ਜਿਹੜੇ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ ਉਨ੍ਹਾਂ ਦੇ ਬੁੱਲ੍ਹਾਂ ਤੋਂ ਹਲਕੀ ਮੁਸਕਾਨ ਦੀ ਬਰਫ਼ ਪਿਘਲ ਕੇ ਉਨ੍ਹਾਂ ਦੇ ਹੀ ਗਿਰੇਬਾਨ ਵਿਚ ਜਾ ਡਿੱਗਦੀ ਜਾ ਰਹੀ ਸੀ। ਜਿਵੇਂ ਜਿਵੇਂ ਉਹ ਆਪਣੇ ਕਿਰਦਾਰ ਨੂੰ ਨਿਰਵਸਤਰ ਕਰੀ ਜਾ ਰਿਹਾ ਸੀ ਉਸ 'ਤੇ ਪਿਆ ਸੱਚ ਦਾ ਕਵਚ ਓਨੀ ਹੀ ਮਜ਼ਬੂਤੀ ਨਾਲ ਲੋਕਾਂ ਦੀਆਂ ਅੱਖਾਂ 'ਚੋਂ ਨਿਕਲਣ ਵਾਲੇ ਸ਼ਰਾਰਤੀ ਤੀਰਾਂ ਨੂੰ ਖੁੰਢ੍ਹੇ ਕਰ ਕਰਕੇ ਜ਼ਮੀਨ 'ਤੇ ਸੁੱਟ ਰਿਹਾ ਸੀ।
ਉਹ ਸਾਹਿਤਕ ਸ਼ਗ਼ੂਫ਼ੇ ਸੁਣਾ ਰਿਹਾ ਸੀ, 'ਇਕ ਵਾਰੀ ਫ਼ਿਲਮ ਐਕਟਰੈੱਸ ਫਰਹਾ ਦੇ ਘਰ ਪਾਰਟੀ ਸੀ। ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ ਸਨ। ਖੁੱਲ੍ਹਾ ਹਾਲ ਫੁੱਲਾਂ ਤੇ ਲੋਕਾਂ ਨਾਲ ਭਰ ਗਿਆ। ਫਰਹਾ ਨੇ ਕਿਹਾ-ਦੇਖੋ ਹਰ ਤਰਫ਼ 'ਫ਼ੂਲ' ਹੀ 'ਫ਼ੂਲ' ਹੈਂ। (ਫ਼ੂਲ-ਮੂਰਖ)
ਹਲਕਾ-ਏ-ਅਰਬਾਬੇ ਜ਼ੌਕ ਦੀ ਮੀਟਿੰਗ ਵਿਚ ਬੈਠੇ ਲੋਕ ਜ਼ੋਰ ਦੀ ਹੱਸੇ। ਉਹ ਖ਼ੁਦ ਵੀ ਖਿੜ ਗਿਆ। ਸਾਰੇ ਹਸਦਿਆਂ ਵਿਚ ਮੈ ਉਸ ਦਾ ਹਾਸਾ ਤੱਕਿਆ ਵੀ ਤੇ ਸੁਣਿਆ ਵੀ। ਉਹ ਲਘੂ ਮਾਨਵ ਨਹੀਂ ਸੀ ਜਿਹੜਾ ਬਾਕੀਆਂ ਵਿਚ ਗੁੰਮ ਜਾਂਦਾ। (ਲਘੂ ਮਾਨਵ ਬਾਰੇ ਡਾ. ਹਰਿਭਜਨ ਸਿੰਘ ਨੇ ਲਿਖਿਆ ਹੈ-ਮੈਂ ਉਸਦਾ ਹਾਸਾ ਤੱਕਿਆ ਸੀ ਪਰ ਉਸਦਾ ਹਾਸਾ ਸੁਣ ਨਹੀਂ ਸਕਿਆ, ਸਭ ਹਸਦਿਆਂ ਵਿਚ ਉਹ ਹਸਦਾ ਸੀ।)
ਉਸ ਦੇ ਗਲ ਵਿਚਲੀਆਂ ਮਾਲਾਵਾਂ ਇਕ ਛਿਨ ਲਈ ਸੱਪ ਬਣ ਗਈਆਂ। ਉਹ ਮੈਨੂੰ ਸ਼ਿਵ ਜੀ ਵਰਗਾ ਜਾਪਿਆ। ਜਦੋਂ ਅੱਜ ਹਰ ਵਿਅਕਤੀ 'ਸੱਚ' ਦਾ ਅੰਮ੍ਰਿਤ ਪੀਣ ਤੋਂ ਤਰਹਿੰਦਾ ਈਰਖਾ, ਜਲਣ, ਸੁਆਰਥ, ਝੂਠ ਦਾ ਜ਼ਹਿਰ ਪੀਣ ਵਿਚ ਮਸਰੂਫ਼ ਹੈ ਤਾਂ ਇਫ਼ਤੀ ਨੇ ਕਿਹਾ, 'ਲਿਆਓ ਬਦਨਾਮੀ ਦੇ ਸੱਚ ਦਾ ਅੰਮ੍ਰਿਤ ਮੈ ਪੀ ਲੈਂਦਾ ਹਾਂ।' ਤੇਜ਼ਾਬ ਵਰਗਾ ਸੱਚ ਪੀ ਕੇ ਉਸ ਦਾ ਕੰਠ ਨੀਲਾ ਨਹੀਂ ਹੋਇਆ ਸਗੋਂ ਉਸ ਦਾ ਤਨ-ਮਨ ਸਾਂਵਲਾ ਹੋ ਗਿਆ। ਉਸ ਦੇ ਬਦਨ ਤੋਂ ਤਿਲਕੇ ਸਾਂਵਲਾ ਰੰਗ ਬਰਫ਼ ਵਿਚ ਖੁਰ ਗਿਆ ਸੀ ਤੇ ਸਾਰੀ ਫ਼ਜ਼ਾ ਸਲੇਟੀ ਰੰਗੀ ਹੋ ਗਈ ਸੀ ਧਰਤੀ ਤੋਂ ਲੈ ਕੇ ਆਸਮਾਨ ਤਕ।
ਹੁਣ ਮੈਂ ਉਸਦੇ ਕੋਲ ਡਾਊਨ-ਟਾਊਨ ਵਿਚ ਬੈਠਾ, ਉਸਦੀਆਂ ਹਰਕਤਾਂ ਨੂੰ ਬਾਰੀਕੀ ਨਾਲ ਦੇਖ ਰਿਹਾ ਸਾਂ।
ਕਾਲ਼ੀ ਕੌਫ਼ੀ ਉਸ ਨੇ ਮੇਰੇ ਮੂਹਰੇ ਧਰ ਦਿੱਤੀ।
ਰੁਸਵਾਈ ਦੀ ਸਲੀਬ 'ਤੇ ਆਪਣੇ ਵੱਲ ਉੇਠੀਆਂ ਉਂਗਲਾਂ ਦੇ ਕਿੱਲਾਂ ਨਾਲ ਵਿੰਨ੍ਹਿਆਂ ਇਫ਼ਤੀ ਜਦ ਖਿੜ ਖਿੜਾ ਕੇ ਹੱਸਦਾ ਹੈ ਤਾਂ ਜ਼ਮਾਨੇ ਦੀ ਨਜ਼ਰ, ਖਲਕਤ ਦੀ ਮੁਸਕਰਾਹਟ ਅਤੇ ਸ਼ਰਾਰਤ ਦੀਆਂ ਉਂਗਲਾਂ ਨੂੰ ਪਸੀਨਾ ਆ ਜਾਂਦਾ ਹੈ। ਉਸ ਦੀ ਨਜ਼ਰ ਵਿਚ ਹਰ ਵਿਅਕਤੀ 'ਗੇਅ' ਹੈ। ਹਾਲਾਤ ਤੇ ਮਜਬੂਰੀਆਂ ਹਰ ਵਿਅਕਤੀ ਨਾਲ ਜਬਰ-ਜਿਨਾਹ ਕਰਦੇ ਹਨ। ਆਦਮੀ ਪਿਸਦਾ ਰਹਿੰਦਾ ਹੈ; ਅਖੌਤੀ ਕਦਰਾਂ ਕੀਮਤਾਂ ਦੀਆਂ ਕੰਦਰਾਂ ਵਿਚ ਆਪਣਾ ਮੂੰਹ ਛੁਪਾਉਂਦਾ ਫਿਰਦਾ ਹੈ। ਪਰ ਅੰਦਰੂਨੀ ਤੇ ਬਾਹਰੀ ਹੋਂਦ 'ਤੇ ਪਏ ਪਰਦਿਆਂ ਨੂੰ ਲਾਹ ਕੇ ਅਸਲੀ ਰੂਪ ਵਿਚ ਨਸ਼ਰ ਹੋਣ ਦਾ ਜਿਗਰਾ ਸਿਰਫ਼ ਇਫ਼ਤੀ ਕੋਲ ਹੀ ਹੈ।
ਸ਼ਬਾਨਾ ਆਜ਼ਮੀ ਨੇ 'ਫ਼ਾਇਰ' ਫ਼ਿਲਮ ਕਰਨ ਵੇਲੇ ਇਫ਼ਤੀ ਦਾ ਪ੍ਰਤੀਕਰਮ ਜਾਣਨਾ ਚਾਹਿਆ ਸੀ ਤਾਂ ਇਸ ਨੇ ਕਿਹਾ ਸੀ, ' ਇਸ ਫ਼ਿਲਮ ਦਾ ਰੋਲ ਤੈਨੂੰ ਸਦੀਆਂ ਤਕ ਜੀਵਤ ਰਖੇਗਾ।'
ਬੈੱਲ ਵੱਜੀ।
'
ਲੈ ਇਕ ਕੰਜਰੀ ਤਾਂ ਆ ਗਈ' ਉਸ ਨੇ ਉਠ ਕੇ ਦਰਵਾਜ਼ਾ ਖੋਲ੍ਹਿਆ। ਬਾਈਆਂ-ਤੇਈਆਂ ਸਾਲਾਂ ਦਾ ਲੜਕਾ ਅੰਦਰ ਆਇਆ। ਦੋਵੇਂ ਚੁੰਮ ਕੇ ਮਿਲੇ। ਲਾਕ ਬੰਦ ਕਰਦਾ ਇਫ਼ਤੀ ਬੋਲਿਆ, ' ਹੇ ਬੇਰੀ! ਕੁਡ ਯੂ ਟੈੱਲ ਮੀ ਯੂ ਆਰ ਹੀ ਔਰ ਸ਼ੀ'
ਕੁੜੀਆਂ ਵਰਗੀ ਆਵਾਜ਼ ਵਿਚ ਬੇਰੀ ਬੋਲਿਆ, ' ਮਾਮਾ ! ਆਈ ਕੁਡ ਨਾਟ ਸਿਲੈਕਟ ਮਾਈ ਜੈਂਡਰ ਯੈੱਟ!' ਤੇ ਉਹ ਫ਼ਰਿਜ ਵਿਚੋਂ ਕੁਝ ਖਾਣ ਲਈ ਲੱਭਣ ਲੱਗ ਪਿਆ।
'
ਤੁਹਾਡੀ ਉਮਰ?' ਮੈਂ ਪੁਛਿਆ।
ਉਹ ਆਦਤ ਮੁਤਾਬਿਕ ਖਿੜ ਖਿੜਾ ਕੇ ਹੱਸਿਆ। ਫਿਰ ਹੇਠਲੇ ਬੁੱਲ੍ਹ 'ਤੇ ਉਂਗਲ ਰੱਖ ਕੇ ਨਜ਼ਾਕਤ ਨਾਲ ਬੋਲਿਆ, 'ਆਪ ਹਾਲੇ ਬਾਲੜੀ ਮੈਂ ਆਪ ਹਾਲੇ ਮੱਤਾਂ ਜੋਗੀ, ਮੱਤ ਕਿਹੜਾ ਏਸ ਨੂੰ ਦਵੇ। ਮੈਨੂੰ ਤਾਂ ਸੋਲਵਾਂ ਸਾਲ ਲੱਗਾ ਏ!' ਫਿਰ ਗੰਭੀਰ ਹੋ ਗਿਆ, 'ਫਸਾਦਾਂ ਦੇ ਵੇਲੇ ਦਾ ਮੇਰਾ ਜਨਮ ਏ। ਇਸੇ ਕਰਕੇ ਮੇਰੀ ਤਬੀਅਤ ਐਸੀ ਏ ਕਿ ਮੈਂ ਟਿਕ ਕੇ ਨਹੀਂ ਬੈਠ ਸਕਦਾ। ਮੈਂ ਹੰਗਾਮਾਂ ਪਸੰਦ ਆਂ। ਤਨਹਾਈ ਨਾਲ ਮੈਨੂੰ ਨਫ਼ਰਤ ਏ। ਉਂਝ ਵੀ ਜਿਹੜੇ ਲੋਕ ਤਨਹਾਈ ਪਸੰਦ ਕਰਦੇ ਨੇ ਮੇਰੇ ਖ਼ਿਆਲ ਵਿਚ ਪਾਖੰਡੀ ਨੇ।'
੧੫, ਸਤੰਬਰ ਨੂੰ ਇਫ਼ਤੀ ਦਾ ਜਨਮ ਹੋਇਆ। ਉਸ ਦੀ ਵਾਲਿਦਾ ਖ਼ੁਰਸ਼ੀਦ ਬੇਗਮ ਦਾ ਪਹਿਲਾ ਨਾਂ ਸਈਅਦ ਬੀਬੀ ਸੀ। ਇਫ਼ਤੀ ਮੁਤਾਬਿਕ ਸਹੁਰਿਆਂ ਵਿਚ ਕੁੜੀ ਦਾ ਨਾਂ ਬਦਲਣ ਦੀ ਪਰੰਪਰਾ ਇਸ ਕਰਕੇ ਹੈ ਤਾਂ ਕਿ ਉਸ ਦੀ ਪਹਿਲੀ ਸ਼ਖ਼ਸੀਅਤ ਨੂੰ ਉਸ ਵਿਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿਤਾ ਜਾਵੇ। ਲਾਇਲਪੁਰ ਵਿਚ ਉਸ ਦਾ ਜਨਮ ਹੋਇਆ। ਇਸ ਨੂੰ ਵੀ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈ। ਪਰ ਇਫ਼ਤੀ ਲਾਇਲਪੁਰ ਨੁੰ ਪਿਆਰ ਕਰਦਾ ਹੈ। ਉਸ ਮੁਤਾਬਿਕ ਭਾਵੇਂ ਬੰਦਾ ਹੋਵੇ ਜਾਂ ਜਗ੍ਹਾ; ਨਾਂ ਬਦਲ ਕੇ ਉਸ ਚੋਂ ਪਹਿਲੀ ਸ਼ਖ਼ਸੀਅਤ ਮਨਫ਼ੀ ਨਹੀਂ ਕਰਨੀ ਚਾਹੀਦੀ। ਨਾਂ ਬਦਲਣ ਦਾ ਉਸਨੂੰ ਬਹੁਤ ਦੁੱਖ ਹੈ। ਇਸੇ ਦੁੱਖ ਵਿਚੋਂ ਉਸਦੀ ਨਜ਼ਮ 'ਲਾਇਲਪੁਰ' ਦਾ ਜਨਮ ਹੋਇਆ-
ਠੀਕ ਹੈ
ਨਾਂ ਵਿਚ ਕੀ ਰੱਖਿਆ ਹੈ
ਪਰ ਤੈਨੂੰ ਹੁਣ ਮੈਂ ਕੀ ਦੱਸਾਂ
ਜੋ ਦਿਲ 'ਤੇ ਬੀਤੀ
ਤੈਨੂੰ ਲਿਖਿਆ ਪੱਤਰ
ਵਾਪਸ ਆ ਗਿਆ ਹੈ
ਜਿਸ 'ਤੇ ਲਿਖਿਆ ਹੈ
ਉੱਥੇ ਇਸ ਨਾਂ ਦਾ
ਕੋਈ ਸ਼ਹਿਰ ਹੀ ਨਹੀਂ ਹੈ...।
ਉਸ ਦਾ ਵਾਲਿਦ ਗ਼ੁਲਾਮ ਰਸੂਲ ਖ਼ਲੀਕ ਕੁਰੈਸ਼ੀ ਦੀ ਆਪਣੀ ਅਖ਼ਬਾਰ 'ਆਵਾਮ' ਸੀ ਜੋ ਅੱਜ ਵੀ ਛਪ ਰਹੀ ਹੈ। ਸ਼ਾਇਰੀ ਦੀ ਮੁਢਲ਼ੀ ਗਰਾਮਰ ਉਸ ਨੇ ਵਾਲਿਦ ਸਾਹਿਬ ਤੋਂ ਹੀ ਪਰਾਪਤ ਕੀਤੀ।
ਉਸ 'ਤੇ ਜਵਾਨੀ ਚੜ੍ਹ ਰਹੀ ਸੀ। ਉਸਨੂੰ ਅਜੇ ਸੋਲਵਾਂ ਹੀ ਲੱਗਾ ਸੀ। ਉਸਨੂੰ ਆਪਣੇ ਖ਼ੂਨ ਅੰਦਰ ਤਰੰਗਾਂ ਨਾਚ ਕਰਦੀਆਂ ਮਹਿਸੂਸ ਹੋਈਆਂ। ਉਹ ਘਰਦਿਆਂ ਤੋਂ ਚੋਰੀ ਚੋਰੀ 'ਡਾਂਸ' ਸਿੱਖਣ ਲੱਗ ਪਿਆ। ਉਹ 'ਡਾਂਸਰ' ਬਣਨਾ ਚਾਹੁੰਦਾ ਸੀ। ਉਦੋਂ ਉਹ ਗੌਰਮਿੰਟ ਕਾਲਜ ਲਾਇਲਪੁਰ ਵਿਚ ਫਸਟ ਯੀਅਰ ਵਿਚ ਸੀ।



ਮੁਲਕ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਸੀ। ਮਾਰਸ਼ਲ ਲਾਅ ਦੇ ਖ਼ਿਲਾਫ਼ ਉਹ ਕਾਲਜ ਵਿਚ ਕਵਿਤਾ ਪੜ੍ਹ ਰਿਹਾ ਸੀ। ਪੁਲਿਸ ਉੱਪਰ ਵਿਦਿਆਰਥੀਆਂ ਨੇ ਪਥਰਾਅ ਕਰ ਦਿੱਤਾ। ਇਹ ਪਹਿਲਾ ਮੌਕਾ ਸੀ, ਪਾਕਿਸਤਾਨ ਵਿਚ, ਜਦੋਂ ਪੁਲਿਸ ਕਿਸੇ ਵਿਦਿਆ ਕੇਂਦਰ ਦੇ ਆਡੀਟੋਰੀਅਮ ਵਿਚ ਧੱਕੇ ਨਾਲ ਆ ਵੜੀ ਸੀ। ਵਿਦਿਆਰਥੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਭਗਦੜ ਮਚ ਗਈ। ਕਵਿਤਾ ਪੜ੍ਹਦਾ ਪੜ੍ਹਦਾ ਇਫ਼ਤਿਖ਼ਾਰ ਉਸ ਹਜੂਮ ਵਿਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ, ਉਸ ਦੀ ਲੱਤ ਵਿਚੋਂ ਖ਼ੂਨ ਵਗ ਰਿਹਾ ਸੀ। ਗੋਲੀ ਉਸਦੀ ਲੱਤ ਦੇ ਆਰ-ਪਾਰ ਹੋ ਗਈ ਸੀ। ਉਸ ਨੇ ਲੱਤ ਬੰਨ੍ਹ ਲਈ ਤੇ ਚੁੱਪ ਕਰਕੇ ਘਰ ਚਲਾ ਗਿਆ। ਸਵੇਰ ਤੱਕ ਲੱਤ ਸੁੱਜ ਗਈ। ਫਿਰ ਡਰਦੇ ਡਰਦੇ ਨੇ ਇਹ ਦਰਦ ਉਸਨੇ ਆਪਣੀ ਭੈਣ ਨਾਲ ਸਾਂਝਾ ਕੀਤਾ। ਜ਼ਖ਼ਮ ਖਰਾਬ ਹੋ ਚੁੱਕਾ ਸੀ। ਦਵਾ ਦਾਰੂ ਕੀਤਾ ਗਿਆ। ਇਹ ਗੋਲੀ ਇਫ਼ਤਿਖ਼ਾਰ ਦੀ ਲੱਤ 'ਤੇ ਨਹੀਂ, ਉਸਦੇ ਲਚਕੀਲੇ ਭਵਿੱਖ ਵਿਚ ਵੱਜੀ ਸੀ। ਉਹ ਮੁੜ ਕੇ ਕਦੇ ਵੀ 'ਡਾਂਸਰ' ਨਾ ਬਣ ਸਕਿਆ। ਪਰ ਉਹ ਇਹ ਸੋਚ ਕੇ ਮਨ ਨੂੰ ਤਸੱਲੀ ਦੇ ਲੈਂਦਾ ਹੈ,'ਲੇਖਕ ਤੇ ਡਾਂਸਰ ਬਣਨ ਨਾਲ ਮੇਰੀ ਅਨਰਜੀ ਵੰਡੀ ਜਾਣੀ ਸੀ, ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ ਕਿ ਮੈਂ ਦੁਗਣੀ ਅਨਰਜੀ ਲਿਟਰੇਚਰ ਵਿਚ ਲਾਉਣੀ ਸੀ। ਇਸੇ ਕਰਕੇ ਉਹ ਹਾਦਸਾ ਵਾਪਰਿਆ।' ਉਸਦੀ ਕਵਿਤਾ ਵਿਚ ਸ਼ਬਦਾਂ ਦੀ ਲਚਕ, ਫਿਕਰਿਆਂ ਦਾ ਰਕਸ, ਅਰਥਾਂ ਦੀ ਗਹਿਰਾਈ ਸ਼ਾਇਦ ਉਸਦੀ ਅਣਪੂਰੀ ਖ਼ਾਹਿਸ਼ ਵਿਚੋਂ ਹੀ ਪੈਦਾ ਹੋਈ ਹੈ।
੧੯੭੧ ਤੋਂ ਅਮਰੀਕਾ ਵਿਚ ਰਹਿ ਰਹੇ ਇਫ਼ਤੀ ਨੇ 'ਇਫ਼ਤੀਨਾਮਾ'(ਕਾਲਮਾਂ ਦਾ ਸੰਗ੍ਰਹਿ), 'ਏਕ ਥੀ ਲੜਕੀ', 'ਅਪਨੀ ਅਪਨੀ ਜ਼ਿੰਦਗੀ', 'ਸ਼ਬਰੀ' (ਕਹਾਣੀਆਂ), 'ਗ਼ੱਜ਼ਾਲ' ਤੇ 'ਆਬਦੋਜ਼' (ਗ਼ਜ਼ਲਾਂ) ਪਸਤਕਾਂ ਦੀ ਰਚਨਾ ਕੀਤੀ ਹੈ। ਅੰਗਰੇਜ਼ੀ ਵਿਚ ਉਸ ਦੀ ਪੁਸਤਕ 'ਬਲੈਕ ਐਂਡ ਵਾਈਟ ਪੋਇਮਜ਼' ਦੀ ਸ਼ਲਾਘਾ ਅਮਰੀਕੀ ਆਲੋਚਕਾਂ ਨੇ ਕੀਤੀ। ਪਰ ਪਾਕਿਸਤਾਨੀ ਆਲੋਚਕਾਂ ਨੇ ਉਸਦੇ ਚੰਗੇ ਸ਼ਾਇਰ ਹੋਣ ਦੇ ਪੱਖ ਨੂੰ ਨਜ਼ਰ ਅੰਦਾਜ਼ ਕਰਕੇ, ਉਸਦੇ 'ਗੇਅ' ਹੋਣ ਦੀ ਬਿਰਤੀ ਨੂੰ ਲੈ ਕੇ ਹੱਦੋਂ ਵੱਧ ਭੰਡੀ ਕੀਤੀ ਹੈ। ਉਸਦੀ ਅੰਗਰੇਜ਼ੀ ਨਜ਼ਮਾਂ ਦੀ ਕਿਤਾਬ 'ਮਰਮੈਕੋਫਾਈਲ' (ਕੀੜੀਆਂ ਖਾਣ ਵਾਲਾ-ਕੀਟਭਖਸ਼ੀ) ਸ਼ਿਕਾਗੋ ਦੇ ਕਾਲਜ ਵਿਚ ਗਰੈਜੂਏਟ ਵਿਚ ਪੜ੍ਹਾਈ ਗਈ।
'
ਨਰਮਾਨ'(ਅਰਧਨਰੇਸ਼ਵਰ) ਉਸ ਦਾ ਕਾਵਿ-ਸੰਗ੍ਰਹਿ ਦੇ ਖਿਲਾਫ਼ ਪਾਕਿਸਤਾਨ ਵਿਚ ਕੱਟੜਪੰਥੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਇਸਲਾਮ ਧਰਮ ਵਿਚ ਸਮਲਿੰਗੀ ਵਾਸਤੇ ਸਜ਼ਾ ਸਿਰਫ਼ ਮੌਤ ਹੈ। ਉਸਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਇਕ ਦਿਨ ਉਸਦੇ ਘਰ ਇਕ ਮੁਸਲਮਾਨ ਨੇ ਚਾਕੂ ਨਾਲ ਉਸ ਉੱਤੇ ਹਮਲਾ ਵੀ ਕਰ ਦਿੱਤਾ ਸੀ। ਇਸ ਪੁਸਤਕ ਬਾਰੇ ਇੰਗਲੈਂਡ ਦੇ ਪ੍ਰਸਿਧ ਮੈਗਜ਼ੀਨ 'ਇਕਨਾਮਿਕਸ ਲੰਡਨ' ਨੇ ਲਿਖਿਆ ਸੀ; ‘First gay poetry book in Urdu which deals directly with gay longing and desires."

*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਵੇਖੋ ਜੀ



ਸੁਰਿੰਦਰ ਸੋਹਲ - ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ – ਲੇਖ – ਭਾਗ ਦੂਜਾ

ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ

ਲੇਖ


ਭਾਗ ਦੂਜਾ


ਲੜੀ ਜੋੜਨ ਲਈ ਉੱਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਵੇਖੋ ਜੀ
-----


ਜਦ ਇਫ਼ਤੀ ਦੇ ਮਾਪਿਆਂ ਨੂੰ ਉਸਦੇ ਸਮਲਿੰਗੀ ਹੋਣ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਪਰੇਸ਼ਾਨ ਹੋਏ। ਮਾਪੇ ਇਫ਼ਤੀ ਦਾ ਵਿਆਹ ਰਚਾਉਣਾ ਚਾਹੁੰਦੇ ਸਨ, ਪਰ ਉਸਨੂੰ ਕੁੜੀਆਂ ਦੀ ਚਾਹਤ ਹੈ ਹੀ ਨਹੀਂ ਸੀ। ਆਪਣੇ ਨਾਲ ਵਿਆਹੀ ਜਾਣ ਵਾਲੀ ਨਾਲ ਉਹ ਧੋਖਾ ਨਹੀਂ ਸੀ ਕਰਨਾ ਚਾਹੁੰਦਾ। ਉਹ ਦੂਹਰੀ ਜ਼ਿੰਦਗੀ ਜਿਊਣਾ ਨਹੀਂ ਸੀ ਚਾਹੁੰਦਾ।
ਉਸਨੇ ਪਿਓ ਨਾਲ ਗੱਲ ਕੀਤੀ ਅਤੇ ਕੁਝ ਮਹੀਨਿਆਂ ਵਾਸਤੇ ਅਮਰੀਕਾ ਆ ਗਿਆ। ਫਿਰ ਮਹੀਨੇ ਸਾਲ ਤੇ ਸਾਲ ਦਹਾਕੇ ਬਣਦੇ ਗਏ..।
ਪਿਛਲੇ ਵੀਹ ਸਾਲ ਤੋਂ ਉਹ ਇਕ ਆਦਮੀ ਨਾਲ ਰਹਿ ਰਿਹਾ। ਉਹ ਆਖਦਾ ਹੈ , 'ਇਸ ਤਰਾਂ ਦਾ ਰਿਸ਼ਤਾ ਕਾਇਮ ਰੱਖਣਾ ਬਹੁਤ ਮੁਸ਼ਕਲ ਹੈ ਕਿਉਂਕਿ ਸਮਾਜ ਵਿਚ ਇਹ ਰਿਸ਼ਤਾ ਸਵੀਕਾਰ ਨਹੀਂ, ਕਾਨੂੰਨ ਵਲੋਂ ਤੁਹਾਨੂੰ ਕੋਈ ਪਰੋਟੈਕਸ਼ਨ ਨਹੀਂ, ਧਰਮ ਤੁਹਾਡੇ ਖ਼ਿਲਾਫ਼ ਜਾ ਰਿਹਾ ਹੁੰਦਾ ਹੈ। ਤੁਸੀਂ ਪਾਣੀ ਦੇ ਵਹਾ ਦੇ ਉਲਟ ਤਰ ਰਹੇ ਹੁੰਦੇ ਹੋ। ਅਜਿਹੇ ਰਿਸ਼ਤੇ ਨੂੰ ਸਿਰੇ ਚੜ੍ਹਾਉਣ ਲਈ ਜਾਂ ਤੁਸੀਂ ਮੌਰੋਲੀ ਸਟਰੌਂਗ ਹੋਵੋ,ਜਾਂ ਸਪਰਿਚੁਅਲੀ ਸਟਰੌਂਗ ਹੋਵੋ ਜਾਂ ਫਿਰ ਫ਼ਿਜ਼ੀਕਲੀ ਜਾਂ ਫ਼ਾਈਨੈਸ਼ੇਲੀ ਸਟਰੌਂਗ। ਰਿਵਾਇਤ ਨੂੰ ਚੈਲੰਜ ਕਰਨਾ ਆਸਾਨ ਨਹੀਂ।'
ਇਫ਼ਤੀ ਬੀ. ਏ. ਐਲ ਐਲ. ਬੀ. ਹੈ। ਏਥੇ ਆ ਕੇ ਉਹ ਕੁਝ ਦੇਰ ਪੜਦਾ ਰਿਹਾ। ਸਾਹਿਤਕ ਸੇਵਾਵਾਂ ਬਦਲੇ 'ਵਲਡ ਪੀਸ ਅਕੈਡਮੀ ਡੈਲਵੇਅਰ' ਨੇ ਉਸ ਨੂੰ ਆਨਰੇਰੀ ਪੀ. ਐੱਚ.ਡੀ. ਦੀ ਡਿਗਰੀ ਨਾਲ ਨਿਵਾਜਿਆ ਹੈ।
ਅਮਰੀਕਾ ਵਰਗੇ ਖਰਚੀਲੇ ਮੁਲਕ ਵਿਚ ਉਸ ਦੀ ਆਮਦਨੀ ਦਾ ਸਾਧਨ ਸਿਰਫ਼ ਲਿਖਤਾਂ, ਰੇਡੀਓ ਅਤੇ ਮੁਲਕੋ-ਮੁਲਕ ਹੁੰਦੇ ਭਾਸ਼ਣ ਹੀ ਹਨ।
ਸਾਡੀ ਗੱਲ ਬਾਤ ਨੂੰ ਬੈਲ ਨੇ ਭੰਗ ਕਰ ਦਿੱਤਾ।
'
ਦੂਸਰੀ ਕੰਜਰੀ ਵੀ ਆ ਗਈ' ਉਸ ਨੇ ਕੌਫ਼ੀ ਦਾ ਕੱਪ ਸਿੰਕ ਵਿਚ ਰੱਖ ਦਿੱਤਾ। ਮੈਂ ਸੋਚਿਆ ਕਿ ਸ਼ੁਕਰ ਹੈ ਮੇਰੇ ਆਉਣ ਵੇਲੇ ਉਹ ਇਕੱਲਾ ਸੀ। ਕੋਈ ਹੋਰ ਬੈਠਾ ਹੁੰਦਾ ਤਾਂ ਮੇਰੇ ਬੈੱਲ ਵਜਾਉਣ 'ਤੇ ਪਤਾ ਨਹੀਂ ਉਸ ਨੂੰ ਕੀ ਕਹਿੰਦਾ; ਕਿਉਂਕਿ ਉਹ ਕਿਸੇ ਦਾ ਲਿਹਾਜ ਨਹੀਂ ਕਰਦਾ।
ਬੇਰੀ ਦੀ ਉਮਰ ਦਾ ਹੀ ਇਹ ਨੌਜਵਾਨ ਸੀ ਮੁਸਤਫ਼ਾ। ਬੇਰੀ ਜਿਊਸ਼ ਸੀ; ਮੁਸਤਫ਼ਾ ਸੀਰੀਆ ਦਾ । ਕੁਝ ਦੇਰ ਪਹਿਲਾਂ ਹੀ ਇਫ਼ਤੀ ਦਸ ਕੇ ਹਟਿਆ ਸੀ, ' ਓਦਾਂ ਦੇਖੋ ਜੂਸ਼ ਤੇ ਸੀਰੀਆ ਦੇ ਮੁਸਲਮਾਨ ਮਰਨ ਮਾਰਨ 'ਤੇ ਤੁਲੇ ਹੋਏ ਆ। ਤੇ ਇਹ ਦੇਖੋ ਪਤੀ ਪਤਨੀ ਨਾਲੋਂ ਵੀ ਵਧ ਪਿਆਰ ਨਾਲ ਰਹਿੰਦੇ ਆ।'
ਮੈਂ ਇਫ਼ਤੀ ਦੇ ਬੰਬਈ ਵਾਲੇ ਪਰੇਮ ਨਾਲ ਰਿਸ਼ਤੇ ਬਾਰੇ ਸੋਚਦਾ ਹੋਇਆ ਅਚੇਤ ਹੀ ਕਾਰਗਿਲ ਬਾਰੇ ਸੋਚ ਗਿਆ ਸਾਂ।
ਮੁਸਤਫ਼ਾ ਨੇ 'ਗੇਅ' ਨੇ ਆਧਾਰ 'ਤੇ ਰਾਜਸੀ ਸ਼ਰਨ ਲੈਣੀ ਸੀ। ਉਸ ਦੇ ਨੱਕ ਦੀ ਹੱਡੀ ਟੁੱਟੀ ਹੋਈ ਸੀ। ਉਸ ਦੇ ਦੱਸਣ ਮੁਤਾਬਿਕ ਮੁੰਡਿਆਂ ਨੇ ਉਸ ਨਾਲ ਸੈਕਸ ਕਰਨ ਤੋਂ ਬਾਅਦ ਉਸ ਨੂੰ ਬੁਰੀ ਤਰਾਂ ਕੁਟਿਆ ਸੀ। ਹੁਣ ਜੇ ਵਾਪਿਸ ਜਾਂਦਾ ਸੀ ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕਰਨਾ ਸੀ। ਉਸ ਨੂੰ ਸਰੀਰਕ ਕਸ਼ਟ ਦੇ ਨਾਲ ਨਾਲ ਮਾਨਸਿਕ ਕਸ਼ਟ ਵੀ ਭੋਗਣਾ ਪੈ ਸਕਦਾ ਸੀ। ਉਹ ਇਫ਼ਤੀ ਤੋਂ ਪਟੀਸ਼ਨ ਕਰਨ ਬਾਰੇ ਸਲਾਹ ਲੈਣ ਆਇਆ ਸੀ।
ਇਸ ਆਧਾਰ 'ਤੇ ਪਹਿਲਾਂ ਹਿੰਦੋਸਤਾਨੀਆਂ ਨੂੰ ਰਾਜਸੀ ਸ਼ਰਨ ਨਹੀਂ ਸੀ ਮਿਲਦੀ। ਪਰ ਹੁਣ ਹਿੰਦੋਸਤਾਨੀਆਂ ਨੂੰ ਵੀ ਇਸ ਦਾਇਰੇ ਵਿਚ ਲੈ ਆਂਦਾ ਹੈ। ਇਫ਼ਤੀ ਨੇ ਕੋਸ਼ਿਸ਼ ਕਰਕੇ ਇਕ ਭਾਰਤੀ ਲੜਕੇ ਨੂੰ ਸਟੇਅ ਦਵਾਈ ਹੈ। ਮੈਂ ਸੋਚ ਰਿਹਾ ਸਾਂ ਕਿ ਜਿਸ ਤਰਾਂ ਇਹ ਆਪਣੀ 'ਗੇਅ' ਕਮਿਉਨਿਟੀ ਬਾਰੇ ਬੇਲਾਗ ਇਕ ਦੂਸਰੇ ਦੀ ਮਦਦ ਕਰ ਰਹੇ ਹਨ ਜੇ ਅਸੀਂ ਇੰਝ ਹੀ ਬੇਲਾਗ ਹੋ ਕੇ ਆਪਣੇ ਮੁਲਕ ਬਾਰੇ ਸੋਚੀਏ ਤਾਂ ਕਿਸ ਤੋਂ ਘੱਟ ਰਹਿ ਸਕਦੇ ਹਾਂ। ਮੈਨੂੰ ਬਾਬਾ ਆਲਾ ਸਿੰਹੁ ਦੀ ਗੱਲ ਯਾਦ ਆ ਗਈ ਕਿ ਸੋਨਾ ਨਾਲ਼ੀ 'ਚ ਡਿਗਿਆ ਹੋਵੇ ਚੁੱਕ ਲਓ; ਗੁਣ ਵੇਸਵਾ ਕੋਲ ਹੋਵੇ ਲੈ ਲਓ।
ਬਾਕੀ ਗੱਲਾਂ ਦੇ ਨਾਲ ਨਾਲ ਇਫ਼ਤੀ ਉਨ੍ਹਾਂ ਨੂੰ 'ਸੇਫ਼ ਸੈਕਸ' ਬਾਰੇ ਵੀ ਸਮਝਾ ਰਿਹਾ ਸੀ।
ਉਨ੍ਹਾਂ ਨੂੰ ਤੋਰ ਕੇ ਅਸੀਂ ਕਵਿਤਾਵਾਂ ਵਲ ਪਰਤ ਆਏ।
ਗਰੀਨ ਕਾਰਡ ਬਾਰੇ ਮੈਂ ਕੋਈ ਕਵਿਤਾ ਨਹੀਂ ਪੜ੍ਹੀ। ਹੋ ਸਕਦਾ ਹੈ ਕਿਸੇ ਲਿਖੀ ਵੀ ਹੋਵੇ ; ਮੇਰੀ ਨਜ਼ਰ ਨਾ ਪਈ ਹੋਵੇ। ਪਰ ਜੇ ਹੋਵੇ ਵੀ ਤਾਂ ਘੱਟੋ ਘੱਟ ਇਫ਼ਤੀ ਦੇ 'ਹਰੇ ਪੱਤੇ' ਤੋਂ ਵਧ ਅਰਥ ਭਰਪੂਰ ਨਹੀਂ ਹੋ ਸਕਦੀ:
ਪੱਤੇ ਤਾਂ ਸਾਰੇ ਹੀ ਹਰੇ ਹੁੰਦੇ ਨੇ
ਪਰ ਇਹ ਉਹ ਪੱਤਾ ਹੈ
ਜਿਸ ਦੇ ਸ਼ਾਖ਼ 'ਤੇ ਆਉਣ ਤਕ
ਦਰਖ਼ਤ ਹੀ ਪੀਲਾ ਪੈ ਜਾਂਦਾ ਹੈ
ਇਸ ਦੀ ਖ਼ਾਤਿਰ ਮਰਦ ਤਵਾਇਫ਼ ਬਣ ਜਾਂਦੇ ਨੇ
ਇਸ ਪੱਤੇ ਦੀ ਹਰੀ ਜ਼ਹਿਰ ਨਾਲ
ਤੀਸਰੀ ਦੁਨੀਆ ਦੀਆਂ-
ਦੀਮਕ ਖਾਧੀਆਂ ਰਗਾਂ ਵਿਚ
ਇਕ ਝੂਠੀ ਜਿਹੀ ਤਾਕਤ ਦੌੜਦੀ ਹੈ
ਇਸ ਕਵਿਤਾ ਵਿਚਲਾ ਫ਼ਿਕਰ 'ਅਦਾਲਤ 'ਚ ਬੰਦਿਆਂ ਦੇ ਬਿਰਖ ਹੋਣ' ਵਰਗਾ ਹੈ।
'
ਅਨਾਰ' ਵਰਗੀ ਕਵਿਤਾ ਇਫ਼ਤੀ ਹੀ ਲਿਖ ਸਕਦਾ ਸੀ। ਗੁੱਡੀਆਂ ਨਾਲ ਖੇਡਦੀ ਬਾਲੜੀ ਕੁਦਰਤੀ ਨੇਮ ਦੇ ਇਕੋ ਚੱਕਰ ਨਾਲ ਹੀ ਲੜਕੀ ਬਣ ਜਾਂਦੀ ਹੈ:
ਉਸ ਦੇ ਹੱਥ
ਲਹੂ ਨਾਲ ਤਰ ਹਨ
ਉਸ ਦੀ ਗੁੱਡੀਆ -
ਉਸ ਵਲ ਦੇਖ ਕੇ ਹੱਸੀ
ਜਾਣਦੀ ਹਾਂ ਮੈਂ
ਹੁਣ ਮੈਨੂੰ ਆਲੇ ਵਿਚ ਰਖਦੇ
ਉਸ ਦਾ ਇਹ ਸ਼ਿਅਰ ਮੈਂ ਕਿੰਨਾ ਚਿਰ ਕੰਪਿਊਟਰ 'ਚ ਸਕਰੀਨ ਸੇਵਰ 'ਤੇ ਪਾਈ ਰੱਖਿਆ-
ਜਿਸ ਘੜੀ ਆਯਾ ਪਲਟ ਕਰ ਇਕ ਮੇਰਾ ਬਿਛੜਾ ਹੁਆ,
ਆਮ ਸੇ ਕਪੜੋਂ ਮੇਂ ਥਾ ਵੋ; ਫਿਰ ਬੀ ਸ਼ਹਿਜ਼ਾਦਾ ਲਗਾ।
ਇਸ ਸ਼ਿਅਰ ਵਿਚ ਜਿਸ ਸੱਚੇ ਸੁੱਚੇ ਮੋਹ ਦੇ ਜਜ਼ਬੇ ਦਾ ਜ਼ਿਕਰ ਕੀਤਾ ਗਿਆ ਹੈ ਉਸ ਦੀ ਪੂੰਜੀਵਾਦੀ ਮੁਲਕਾਂ 'ਚ ਫੈਲੇ 'ਕੈਲਕੁਲੇਟਿਵ ਸਮਾਈਲ' ਦੇ ਸਭਿਆਚਾਰ ਵਿਚ ਬੜੀ ਜ਼ਰੂਰਤ ਹੈ।
ਉਸ ਦਾ ਇਹ ਸ਼ਿਅਰ ਤੁਹਾਡੀ ਸੋਚ ਨੁੰ ਸੰਵੇਦਨਸ਼ੀਲ ਬਣਾਉਣ ਲਈ ਕਾਫ਼ੀ ਹੈ:
ਮੈਂ ਸ਼ੇਰ ਦੇਖ ਕੇ ਪਿੰਜਰੇ ਮੇ ਖ਼ੁਸ਼ ਨਹੀਂ ਹੋਤਾ
ਕਹਾਂ ਗੰਵਾ ਦੀ ਹੈ ਬਚਪਨ ਕੀ ਸਾਦਗੀ ਮੈਨੇ।
ਅਮਰੀਕਾ ਵਰਗੇ ਮੁਲਕ ਵਿਚ ਆਮ ਆਦਮੀ ਇਕ ਪੁਰਜ਼ੇ ਤੋਂ ਵੱਧ ਕੁਝ ਨਹੀਂ ਹੈ। ਕਿਰਾਏ ਦੇ ਘਰ ਤੋਂ ਜਾਬ 'ਤੇ ਅਤੇ ਬਾਰਾਂ ਚੌਦਾਂ ਘੰਟੇ ਕੰਮ 'ਤੇ ਲਾ ਕੇ ਸਿਰਫ਼ ਰਾਤ ਕੱਟਣ ਲਈ ਘਰ ਆਉਣ ਵਿਚ ਹੀ ਆਮ ਆਦਮੀ ਦੀ ਉਮਰ ਬਤੀਤ ਹੋ ਜਾਂਦੀ ਹੈ। ਹਰ ਰੋਜ਼ ਆਉਂਦੇ ਬਿੱਲਾਂ ਦੇ ਭੁਗਤਾਨ ਦੀ ਚਿੰਤਾ ਆਦਮੀ ਨੂੰ ਦੁਨੀਆ ਦੇ ਰੰਗ ਤਮਾਸ਼ੇ ਦੇਖਣ ਦੀ ਵਿਹਲ ਹੀ ਕਿੱਥੇ ਦਿੰਦੀ ਹੈ-
ਕਟੀ ਹੈ ਉਮਰ ਕਿਸੀ ਆਬਦੋਜ਼ ਕਸ਼ਤੀ ਮੇਂ,
ਸਫ਼ਰ ਤਮਾਮ ਹੁਆ ਔਰ ਕੁਛ ਨਹੀਂ ਦੇਖਾ।
ਇਹ ਜੱਗ ਜ਼ਾਹਰ ਹੈ ਕਿ ਆਜ਼ਾਦੀ ਸਿਰਫ਼ ਕੁਝ ਲੋਕਾਂ ਵਾਸਤੇ ਹੀ ਵਰ ਸਾਬਤ ਹੋਈ ਹੈ। ਆਮ ਲੋਕਾਂ ਵਾਸਤੇ ਆਜ਼ਾਦੀ ਦੀ ਕੁੱਖ 'ਚੋਂ ਕਿਸੇ ਖ਼ੁਸ਼ੀ ਦਾ ਜਨਮ ਨਹੀਂ ਹੋਇਆ। ਭਾਰਤੀ ਲੋਕਾਂ ਵਾਂਗ ਹੀ ਪਾਕਿਸਤਾਨੀ ਲੋਕਾਂ ਦੀ ਸੋਚ ਨੂੰ ਉਸਨੇ ਆਪਣੀ ਕਵਿਤਾ 'ਆਜ਼ਾਦੀ ਦੀ ੫੦ਵੀਂ ਵਰ੍ਹੇ ਗੰਢ 'ਤੇ' ਵਿਚ ਪੇਸ਼ ਕੀਤਾ ਹੈ-
'
ਮੈਂ ਔਰਤ ਹਾਂ
ਜਿਸ ਦੇ ਪੈਦਾ ਹੁੰਦੇ ਹੀ
ਨੁਕਸ ਪੈ ਗਿਆ ਸੀ
ਮਾਸਿਕ ਧਰਮ
ਹਮੇਸ਼ਾ ਵਾਸਤੇ ਰੁਕ ਗਿਆ ਸੀ'
ਮੈਡਮ ਆਜ਼ਾਦੀ ਨੇ
ਇਕ ਬਹੁਤ ਵੱਡਾ
ਪੀਲਾ ਗੁਲਾਬ
ਆਪਣੇ ਜੂੜੇ ਵਿਚ
ਟੰਗਦੇ ਹੋਏ ਆਖਿਆ....।'
ਇਥੇ ਔਰਤ, ਪੈਦਾ ਹੁੰਦੇ ਹੀ, ਮਾਸਿਕ ਧਰਮ ਵਿਚ ਨੁਕਸ, ਮੈਡਮ, ਆਜ਼ਾਦੀ, ਬਹੁਤ ਵੱਡਾ ਪੀਲਾ ਗੁਲਾਬ, ਜੂੜਾ ਦੇ ਬਹੁਤ ਗਹਿਰੇ ਅਰਥ ਹਨ, ਜਿਹੜੇ ਇਫ਼ਤੀ ਦੀ ਕਾਵਿਕ ਪਹੁੰਚ ਦੀ ਨਿਸ਼ਾਨਦੇਹੀ ਤਾਂ ਕਰਦੇ ਹੀ ਹਨ, ਸਗੋਂ ਆਜ਼ਾਦੀ ਦੇ ਨਾਂ 'ਤੇ ਲੋਕਾਂ ਨੂੰ ਮਿਲੇ ਨਿਰੇ ਲਾਰਿਆਂ, ਨਾਉਮੀਦਾਂ, ਤਕਲੀਫ਼ਾਂ, ਝੂਠੇ ਵਿਖਾਵਿਆਂ ਦੀ ਤਰਜਮਾਨੀ ਵੀ ਕਰਦੇ ਹਨ।
ਪਰ ਇਸ ਦੇ ਬਾਵਜੂਦ ਇਫ਼ਤੀ ਆਪਣੇ ਖ਼ੂਨ ਵਿਚ ਰਲੇ ਆਸ਼ਾਵਾਦ ਤੋਂ ਮੁੱਖ ਨਹੀਂ ਮੋੜਦਾ। ਜਿੱਥੇ ਕੁਝ ਵੀ ਨਾ ਹੋਵੇ, ਉੱਥੇ ਵੀ ਕਿਸੇ ਦੇ ਹੋਣ ਦੀ ਉਮੀਦ ਇਫ਼ਤੀ ਦੇ ਆਸ਼ਾਵਾਦੀ ਹੋਣ ਦੀ ਸਿਖ਼ਰ ਹੈ-
ਫੂਲ ਭੇਜੇ ਹੈਂ ਜਜ਼ੀਰੋਂ ਕਰ ਤਰਫ਼ ਲਹਰੋਂ ਕੇ ਹਾਥ,
ਕੋਈ ਹੋ ਸ਼ਾਇਦ ਵਹਾਂ ਪਰ ਭੀ ਜਹਾਂ ਕੋਈ ਨਾ ਹੋ।
ਕੜਾਹੀ ਵਿਚ ਭੁੱਜ ਗਈ ਰੇਤ ਵਰਗਾ ਰੰਗ ਹੈ, ਇਫ਼ਤਿਖ਼ਾਰ ਨਸੀਮ ਦਾ, ਪਰ ਉਸਦੀਆਂ ਗੱਲਾਂ ਭੁੱਜਦੀ ਰੇਤ ਵਿਚ ਖਿੜਦੀਆਂ ਖਿੱਲਾਂ ਵਰਗੀਆਂ ਦੂਧੀਆ, ਸਾਫ਼ ਤੇ ਸਪੱਸ਼ਟ। ਮਿੱਠੇ ਪਾਣੀ ਦੀ ਝੀਲ 'ਮਿਸ਼ੀਗਨ ਲੇਕ' ਦੇ ਕਿਨਾਰੇ ਚਾਲੀਵੀਂ ਮੰਜ਼ਿਲ 'ਤੇ ਉਸਦਾ ਅਪਾਰਟਮੈਂਟ ਹੈ। ਘਰ ਦੇ ਜੀਅ ਹਨ- ਦੋ ਬਿੱਲੀਆਂ ਤੇ ਉਸਦਾ 'ਬੁਆਏ ਫਰੈਂਡ' ਪ੍ਰੇਮ ਚੋਪੜਾ। ਇਕ ਵਾਰ ਮੈਂ ਰਣਧੀਰ ਸਿੰਘ ਨਿਊਯਾਰਕ, ਹਰਭਜਨ ਸਿੰਘ ਬੈਂਸ ਸ਼ਿਕਾਗੋ ਉਸਦੇ ਅਪਾਰਟਮੈਂਟ ਵਿਚ ਗਏ। ਉਸਦੇ ਅਪਾਰਟਮੈਂਟ ਦੀ ਬਾਰੀ ਥਾਣੀਂ ਮੈਂ ਬਾਹਰ ਦੇਖਿਆ। ਮਿੱਠੇ ਪਾਣੀ ਦੀ ਝੀਲ ਦੂਰ ਦੂਰ ਤੱਕ ਵਿਛੀ ਹੋਈ ਸੀ। ਸਨੋਅ ਦੀ ਚਾਦਰ ਇਸ ਤਰ੍ਹਾਂ ਸਿਲਵਟਾਂ ਭਰੀ, ਜਿਵੇਂ ਝੀਲ ਸਾਰੀ ਰਾਤ ਬੇਆਰਾਮੀ ਵਿਚ ਉਸਲਵੱਟੇ ਲੈਂਦੀ ਰਹੀ ਹੋਵੇ। ਇਹੀ ਬੇਆਰਾਮੀ ਉਸਦੀ ਸ਼ਾਇਰੀ ਵਿਚ ਸਪੱਸ਼ਟ ਝਲਕਾਰੇ ਮਾਰਦੀ ਹੈ। ਉਸਦੇ ਗੱਲ ਕਹਿਣ ਦਾ ਅੰਦਾਜ਼ ਅਸਲੋਂ ਹੀ ਨਵਾਂ ਤੇ ਨਿਵੇਕਲਾ ਹੈ। ਉਹ ਆਪ ਵੀ ਤਾਂ ਬੜਾ ਨਿਵੇਕਲਾ ਤੇ 'ਅਵੱਲਾ' ਹੈ। ਰੇਤ ਵਰਗਾ ਆਦਮੀ ਮਿੱਠੀ ਝੀਲ ਦੇ ਕਿਨਾਰੇ ਰਹਿੰਦਾ ਹੈ। ਜੇ ਖੁਰਦਾ ਵੀ ਹੈ ਤਾਂ ਮਿੱਠੇ ਪਾਣੀਆਂ ਵਿਚ। ਇਸੇ ਕਰਕੇ ਉਸਦੀ ਸ਼ਾਇਰੀ ਵਿਚ ਜਿੱਥੇ ਖੁਰ ਜਾਣ ਦਾ ਦਰਦ ਮਹਿਸੂਸਿਆ ਜਾ ਸਕਦਾ ਹੈ, ਉਥੇ ਮਿੱਠੇ ਪਾਣੀ ਵਿਚ ਰਲ ਜਾਣ ਦਾ ਚਾਅ ਵੀ ਤਾਂ ਠਾਠਾਂ ਮਾਰਦਾ ਹੈ। ਇਹੀ ਦਰਦ ਅਤੇ ਚਾਅ ਇਫ਼ਤਿਖ਼ਾਰ ਨਸੀਮ ਦੀ ਹੋਣੀ ਹੈ। ਇਹੀ ਇਫ਼ਤਿਖ਼ਾਰ ਨਸੀਮ ਹੋਣ ਦਾ ਸਰਾਪ ਹੈ। ਇਹੀ ਇਫ਼ਤਿਖ਼ਾਰ ਨਸੀਮ ਹੈ।
ਇਹੋ ਜਿਹੀ ਕਵਿਤਾ ਲਿਖਣ ਲਈ ਕੀ ਉਹ ਸੁਚੇਤ ਸੀ ਤਾਂ ਉਸ ਨੇ ਕਿਹਾ,' ਕਵਿਤਾ ਵਿਚ ਖੜੋਤ ਆ ਗਈ ਸੀ। ਕਵਿਤਾ ਦਾ ਦਰਿਆ ਮੁਸ਼ਕ ਮਾਰਨ ਲੱਗ ਪਿਆ ਸੀ। ਨੀਰਸਤਾ ਵਧ ਰਹੀ ਸੀ। ਕਵਿਤਾ ਦੀ ਇਹ ਹਾਲਤ..ਮੈਂ ਘੱਟ ਲਿਖਦਾ ਹਾਂ। ਘਸਿਆ ਪਿਟਿਆ ਲਿਖਣ ਨਾਲ ਮੈਨੂੰ ਨਫ਼ਰਤ ਹੈ।'
ਮਹਾਂਭਾਰਤ ਵਿਚ ਭੀਸ਼ਮ ਦੀ ਮੌਜੂਦਗੀ ਕਾਰਨ ਯੁਧ ਵਿਚ ਖੜੋਤ ਆ ਗਈ ਸੀ। ਯੁਧ ਦੀ ਗਤੀ ਵਿਚ ਤੇਜ਼ੀ ਲਿਆਉਣ ਲਈ ਭੀਸ਼ਮ ਦਾ ਯੁਧ ਦੇ ਮੈਦਾਨ 'ਚੋਂ ਬਾਹਰ ਹੋਣਾਂ ਬਹੁਤ ਜ਼ਰੂਰੀ ਸੀ। ਇਸ ਲਈ ਸ਼ਿਖੰਡੀ ਇਕ ਅਜਿਹੇ ਸ਼ਕਤੀਸ਼ਾਲੀ ਗਤੀਸ਼ੀਲ ਪਾਤਰ ( ਮੋਟਿਫ਼) ਵਜੋਂ ਪੇਸ਼ ਹੋਇਆ ਕਿ ਮਹਾਂਭਾਰਤ ਦਾ ਰੁਖ ਹੀ ਬਦਲ ਕੇ ਰੱਖ ਦਿੱਤਾ ਸੀ। ਕਵਿਤਾ ਦੇ ਮਹਾਂਭਾਰਤੀ ਇਤਿਹਾਸ ਵਿਚ ਮੋੜ ਦੇਣ ਲਈ ਸ਼ਿਖੰਡੀ ਫਿਰ ਇਫ਼ਤੀ ਦੇ ਰੂਪ 'ਚ ਮੇਰੇ ਸਾਹਮਣੇ ਬੈਠਾ ਸੀ।
'
ਤੁਸੀਂ ਨਾਂ ਨਾਲ ਡਾਕਟਰ ਕਿਉਂ ਨਹੀਂ ਲਿਖਦੇ' ਮੈਂ ਪੁਛਿਆ।
'
ਸ਼ਰਮ ਆਂਦੀ ਏ। ਬੰਦਾ ਬੁੱਢਾ ਜਿਹਾ ਲੱਗਣ ਲੱਗ ਪੈਂਦੈ। ਮੈਨੂੰ ਤੇ ਹਾਲੇ ਸੋਲਵਾਂ ਲੱਗਾ ਏ' ਉਹ ਖਿੜ ਖਿੜਾ ਕੇ ਹੱਸਣ ਲੱਗ ਪਿਆ। ਜਿਸ ਤਰ੍ਹਾਂ ਖੰਡਰ ਥਾਣੀ ਹੋ ਕੇ ਹਵਾ ਦਾ ਬੁੱਲਾ ਆ ਰਿਹਾ ਹੋਵੇ....।
(
ਇਫ਼ਤਿਖ਼ਾਰ ਨਸੀਮ ਦੀ ਗੁਰਮੁਖੀ ਵਿਚ ਛਪੀ ਪਹਿਲੀ ਕਿਤਾਬ 'ਤਿੰਨ ਚਿਹਰਿਆਂ ਵਾਲਾ ਰੱਕਾਸ' ਦੀ ਭੂਮਿਕਾ)


*****
ਸਮਾਪਤ