ਅਦਬ ਸਹਿਤ
ਤਨਦੀਪ ਤਮੰਨਾ
( ਪਹਿਲੀ ਵਾਰ ਇਸ ਲੇਖ ਨੂੰ ਪੋਸਟ ਕਰਦਿਆਂ ਕੁਝ ਤਕਨੀਕੀ ਸਮੱਸਿਆ ਕਰਕੇ , ਆਰਸੀ ਦੇ ਮੁੱਖ ਪੇਜ 'ਤੇ ਬਲੌਗ ਦੀ ਅਪਡੇਟ ਨਜ਼ਰ ਨਹੀਂ ਆ ਰਹੀ ਸੀ, ਸੋ ਪਹਿਲੀ ਪੋਸਟ ਉਤਾਰ ਕੇ ਇਹ ਲੇਖ ਨਵੇਂ ਸਿਰਿਉਂ ਪੋਸਟ ਕੀਤਾ ਗਿਆ ਹੈ ਜੀ...ਸ਼ੁਕਰੀਆ)
*******
ਕਵਿਤਾ ਦਾ ਸ਼ਿਖੰਡੀ - ਡਾ. ਇਫ਼ਤਿਖ਼ਾਰ ਨਸੀਮ
ਲੇਖ
ਭਾਗ ਪਹਿਲਾ
ਦੁਪਿਹਰ ਦੇ ਦੋ ਵੱਜੇ ਸਨ।
ਸ਼ਰੀਫ਼ਾਂ ਦੀ ਨਜ਼ਰ ਵਿਚ ਨਿਊਯਾਰਕ ਸ਼ਹਿਰ ਦੀ ਬਲੀਕਰ ਸਟਰੀਟ ਦਾ ਇਹ ਇਲਾਕਾ ਬਦਨਾਮ ਜਿਹਾ ਹੈ। ਮੈਂ ਬੈੱਲ ਵਜਾਈ। ਇਫ਼ਤੀ ਉਰਫ਼ ਇਫ਼ਤਿਖ਼ਾਰ ਨਸੀਮ ਨੇ ਦਰਵਾਜ਼ਾ ਖੋਲ੍ਹਿਆ। ਬੜੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ ਤੇ ਕਿਹਾ,'ਲੈ ਦੋ ਮਿੰਟ ਪਹਿਲਾਂ ਦੋ ਕੰਜਰੀਆਂ ਦਾ ਫੋਨ ਆਇਆ ਸੀ; ਹੁਣੇ ਆਉਣਗੀਆਂ; ਪਰ ਤੂੰ ਚਿੰਤਾ ਨਾ ਕਰ। ਮੈਂ ਦੋ ਮਿੰਟਾਂ 'ਚ ਉਨ੍ਹਾਂ ਨੂੰ ਫ਼ਾਰਗ਼ ਕਰ ਕੇ ਤੋਰ ਦੇਣਾ।' ਉਸ ਦੇ ਬਦਨ 'ਤੇ ਪਾਇਆ ਨੀਲਾ ਚੋਗਾ ਜਿਵੇਂ ਬਦਨਾਮੀ ਦੀ ਜ਼ਹਿਰ ਦਾ ਦਰਿਆ ਲੰਘ ਕੇ ਆਇਆ ਸੀ।
'ਇਹ ਸਾਡੀ ਅੰਮਾਂ ਦਾ ਘਰ ਹੈ' ਅਸੀਂ ਸੋਫ਼ੇ 'ਤੇ ਬੈਠ ਗਏ, 'ਰਮੇਸ਼ ਅੱਜ ਕਲ ਇੰਡੀਆ ਗਿਆ ਹੋਇਆ ਏ; ਉਸ ਅਸੀਂ ਅੰਮਾ ਕਹਿੰਦੇ ਆਂ।'
ਮੈਂ ਇਫ਼ਤੀ ਦੀਆਂ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਕਰ ਰਿਹਾ ਸਾਂ। ਪਹਿਲਾਂ ਤਾਂ ਉਹ ਸ਼ਿਕਾਗੋ ਤੋਂ ਫੋਨ 'ਤੇ ਲਿਖਵਾ ਦਿੰਦਾ ਸੀ। ਉਰਦੂ ਦੇ ਔਖੇ ਸ਼ਬਦਾਂ ਦੇ ਅਰਥ ਨਾਲੋ ਨਾਲ ਸਮਝਾ ਦਿੰਦਾ ਪਰ ਵਕਤ ਬਹੁਤ ਖਰਚ ਹੁੰਦਾ ਸੀ। ਪੂੰਜੀਵਾਦੀ ਮੁਲਕਾਂ ਵਿਚ ਡਾਲਰ ਸਸਤੇ ਹਨ ਵਕਤ ਮਹਿੰਗਾ ਹੈ। ਪਿਛਲੇ ਦਿਨੀ ਉਸ ਨੇ ਮੈਨੂੰ ਦੱਸਿਆ ਕਿ ਉਹ ਨਿਊਯਾਰਕ ਆ ਰਿਹਾ ਸੀ। ਅਸੀਂ ਕਵਿਤਾਵਾਂ ਟੇਪ ਕਰਨ ਦੀ ਯੋਜਨਾ ਬਣਾਈ ਸੀ। ਇਸੇ ਸਿਲਸਿਲੇ ਵਿਚ ਮੈਂ ਉਸਨੂੰ ਮਿਲਣ ਡਾਊਨ ਟਾਊਨ ਦੇ ਬਦਨਾਮ ਇਲਾਕੇ ਵਿਚ ਝਕਦਾ ਝਕਦਾ ਜਾ ਪਹੁੰਚਾ ਸਾਂ।
'ਚੱਲ ਰਸੋਈ ਵਿਚ ਚਲਦੇ ਆਂ' ਉਹ ਉਠਿਆ, 'ਨਾਲੇ ਕੌਫ਼ੀ ਬਣਾਉਂਦੇ ਆਂ ਨਾਲੇ ਗੱਲਾਂ ਕਰਦੇ ਆਂ'।
ਮੈਂ ਉਸ ਨਾਲ ਭੇਦ ਭਰੇ ਪ੍ਰਸ਼ਨ ਕਰਨ ਲਈ ਤਿਆਰ ਹੋ ਕੇ ਆਇਆ ਸਾਂ ਪਰ ਗੱਲ ਸ਼ੁਰੂ ਕਰਨ ਦਾ ਮਾਹੌਲ ਨਹੀਂ ਸੀ ਬਣ ਰਿਹਾ ਤੇ ਉਹ ਉੰਝ ਹੀ ਬੇਬਾਕ, ਬਿੰਦਾਸ, ਨੰਗੀਆਂ ਗੱਲਾਂ ਕਰੀ ਜਾ ਰਿਹਾ ਸੀ।
ਇਕ ਵਾਰ ਅਸ਼ਰਫ਼ ਕੁਰੈਸ਼ੀ ਨੇ 'ਹਲਕਾ ਏ ਅਰਬਾਬੇ ਜ਼ੌਕ' ਦੀ ਇਕ ਮੀਟਿੰਗ ਵਿਚ ਇਫ਼ਤੀ ਦਾ ਰੇਖਾ-ਚਿੱਤਰ ਪੜ੍ਹਿਆ ਸੀ। ਇਹ ਨਾਂ ਮੈਂ ਉਦੋਂ ਪਹਿਲੀ ਵਾਰ ਸੁਣਿਆਂ ਸੀ। ਇਸ ਵਿਚ ਉਸ ਦੀ ਸ਼ਖ਼ਸੀਅਤ ਨੂੰ ਇਕ ਸੱਚ ਦਾ ਪਰਤੀਕ ਬਣਾ ਕੇ ਪੇਸ਼ ਕੀਤਾ ਗਿਆ ਸੀ। ਇਕ ਵਾਰ ਤਾਂ ਮੈਨੂੰ ਚੱਕਰ ਆ ਗਿਆ ਸੀ ਜਦ ਸ਼ਰੇਆਮ ਉਸ ਨੂੰ 'ਗੇਅ' (ਸਮਲਿੰਗੀ) ਕਿਹਾ ਗਿਆ ਸੀ। ਇਹ ਸ਼ਬਦ ਰੇਖਾ-ਚਿੱਤਰ ਵਿਚ ਇਕ ਤੋਂ ਵੱਧ ਵਾਰੀ ਵਰਤਿਆ ਗਿਆ ਸੀ। ਸਾਰੇ ਚੁੱਪ ਸਨ। ਜਿਵੇਂ ਸਭ ਦੇ ਅੰਦਰ ਹੀ ਮੇਰੇ ਵਾਂਗ ਤੂਫ਼ਾਨ ਉਠ ਖਲੋਇਆ ਸੀ।
ਅਨਹਲ ਹੱਕ ਦਾ ਨਾਹਰਾ ਲਾਉਣ ਦੀ ਸਜ਼ਾ ਸਿਰਫ਼ ਸੂਲੀ ਹੈ, ਜਿਸ ਤੋਂ ਬਾਦ ਸਰੀਰਕ ਕਸ਼ਟ ਤੋਂ ਨਿਜਾਤ ਮਿਲ ਜਾਂਦੀ ਹੈ ਪਰ ਇਸ ਤਰਾਂ ਦਾ ਐਲਾਨóó..। ਇਸ ਦੀ ਸਜ਼ਾ ਬਹੁਤ ਭਿਆਨਕ ਹੈ। ਹਰ ਪਲ ਸੋਚ ਜ਼ਮਾਨੇ ਦੀਆਂ ਖਚਰੀਆਂ ਨਜ਼ਰਾਂ ਦੀ ਸੂਲੀ 'ਤੇ ਟੰਗੀ ਰਹਿੰਦੀ ਹੈ। ਤਿੱਖੀ ਮੁਸਕਰਾਹਟ ਦਾ ਤੇਜ਼ਾਬ ਆਤਮਾ 'ਤੇ ਤਿਪ ਤਿਪ ਟਪਕਦਾ ਰਹਿੰਦਾ ਹੈ। ਲੁਤਫ਼ ਦੀ ਸਿਖ਼ਰ ਵੀ ਜ਼ਹਿਰ ਨਿਗਲਣ ਸਮਾਨ ਹੁੰਦੀ ਹੈ। ਬਦਨਾਮੀ ਦੀ ਸਲੀਬ ਜ਼ਿਹਨ ਵਿਚ ਉਤਰ ਆਉਂਦੀ ਹੈ। ਤਮਾਸ਼ਾ ਬਣ ਕੇ ਕੋਈ ਕਿੰਨਾ ਕੁ ਚਿਰ ਜੀ ਸਕਦਾ ਹੈ? ਉਸ ਆਦਮੀ ਨੂੰ ਮਿਲਣ ਦੀ ਇਛਾ ਬੰਨੇ ਤੋੜ ਰਹੀ ਸੀ।
ਆਖ਼ਿਰ ਉਹ ਦਿਨ ਵੀ ਆ ਗਿਆ।
ਮੈਨੂੰ ਚੰਗੀ ਤਰਾਂ ਯਾਦ ਹੈ।
ਉਸ ਦਿਨ ਬਰਫ਼ ਵਿਚ ਖੁਰ ਕੇ ਸ਼ਾਮ ਦਾ ਘਸਮੈਲਾ ਰੰਗ, ਹਲਕਾ ਸਲੇਟੀ ਹੋ ਗਿਆ ਸੀ, ਜਿਸ ਤਰਾਂ੍ਹ ਫ਼ਜ਼ਾ ਵਿਚ ਇਫ਼ਤੀ ਦਾ ਸੁਰਮਈ ਰੰਗ ਘੁਲ ਗਿਆ ਹੋਵੇ ਧਰਤੀ ਤੋਂ ਲੈ ਕੇ ਆਸਮਾਨ ਤਕ। ਉਸ ਦੀ ਹੋਂਦ ਸੱਚਮੁੱਚ ਸਾਧਾਰਨ ਮਨੱਖ ਤੋਂ ਲੈ ਕੇ ਸੱਚ ਦੇ ਪਰਤੀਕ ਤੱਕ ਫੈਲੀ ਹੋਈ ਸੀ। ਉਸ ਦੀ ਹਰ ਉਂਗਲੀ ਵਿਚ ਵੱਖਰੇ ਵੱਖਰੇ ਤਾਰਿਆਂ ਦੇ ਨਮੂਨੇ ਵਾਲੀਆਂ ਮੁੰਦਰਾਂ ਸਨ। ਜਿਵੇਂ ਉਹ ਦੂਸਰਿਆਂ ਦੇ ਹਿੱਸੇ ਦੇ ਪੂਛਲ ਤਾਰਿਆਂ ਨੂੰ ਆਪਣੀਆਂ ਮੁੱਠਾਂ ਵਿਚ ਬੰਦ ਕਰ ਲੈਣਾ ਚਾਹੁੰਦਾ ਹੋਵੇ। ਸ਼ਾਹੀਨ ਹੋਟਲ ਦੇ ਖੁੱਲ੍ਹੇ ਹਾਲ ਵਿਚ ਅਸੀਂ ਬੈਠੇ ਸਾਂ।
ਉਹ ਦੱਸ ਰਿਹਾ ਸੀ 'ਨੁਸਰਤ ਅਲੀ ਫ਼ਤਹਿ ਖ਼ਾਂ ਮੇਰਾ ਕਲਾਸ ਫ਼ੈਲੋ ਸੀ। ਪਰਵੇਜ਼, ਅਸੀਂ ਇਸ ਨੂੰ ਪੇਜੀ ਪੇਜੀ ਕਹਿੰਦੇ ਸਾਂ । ਜੀਨੀਅਸ ਪਰਸਨ। ਏਨੀ ਛੋਟੀ ਉਮਰ ਵਿਚ ਗਾਇਕੀ 'ਤੇ ਛਾ ਗਿਆ। ਮਰਨ ਤੋਂ ਪਹਿਲਾਂ ਤੁਸਾਂ ਦੇਖਿਆ ਹੋਵੇਗਾ; ਜਦੋਂ ਤੀਜੀ ਚੌਥੀ ਵਿਚ ਸਾਡੇ ਨਾਲ ਪੜ੍ਹਦਾ ਸੀ ਉਦੋਂ ਵੀ ਏਡਾ ਈ ਸੀ।' ਉਹ ਠਹਾਕਾ ਮਾਰ ਕੇ ਹੱਸਿਆ ਸੀ। ਮੈਨੂੰ ਉਸ ਦੇ ਹਾਸੇ ਦੇ ਦਰਿਆ ਪਿਛੇ ਦੂਰ ਤਕ ਫੈਲਿਆ ਸਹਾਰਾ ਦਾ ਮਾਰੂਥਲ ਨਜ਼ਰ ਆਇਆ ਸੀ।
ਲੋਕ ਕੁਰਸੀਆ 'ਤੇ ਜੁੜਦੇ ਜਾ ਰਹੇ ਸਨ। ਕੁਝ ਲੋਕ ਉਸ ਨੂੰ ਦਿਲੋਂ ਪਿਆਰ ਕਰਨ ਵਾਲੇ ਸਨ। ਉਸ ਅੰਦਰ ਜਗਦੀ ਜ਼ਮੀਰ ਦੀ ਮਸ਼ਾਲ ਦਾ ਚਾਨਣ ਮਸਤਕ ਵਿਚ ਸੰਭਾਲ ਰਹੇ ਸਨ। ਕੁਝ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ; ਬੁੱਲ੍ਹਾਂ ਉਤੇ ਹਲਕੀ ਜਿਹੀ ਮੁਸਕਾਨ ਦੀ ਬਰਫ਼ ਚਿਪਕਾਈ। ਉਸ ਦੀਆਂ ਗੱਲਾਂ 'ਤੇ ਕੁਝ ਇਕ ਦੂਜੇ ਨੂੰ ਕੁਹਣੀਆਂ ਮਾਰ ਰਹੇ ਸਨ, ਗੁੱਝਾ ਗੁੱਝਾ ਹੱਸ ਰਹੇ ਸਨ।
ਉਸ ਦੀ ਸ਼ਾਇਰੀ ਦਾ ਦੌਰ ਸ਼ੁਰੂ ਹੋਇਆ:
ਵਸਲ ਕੇ ਨੱਸ਼ੇ ਮੇਂ ਉਸ ਕਾ ਕਹਿਰ ਭੀ ਅੱਛਾ ਲਗਾ।
ਭੂਖ ਇਤਨੀ ਥੀ ਕਿ ਮੁਝ ਕੋ ਜ਼ਹਿਰ ਭੀ ਅੱਛਾ ਲਗਾ।
ਮੈਂ ਕੌਨ ਹੂੰ ਯੇ ਉਸੇ ਯਾਦ ਹੀ ਨਹੀਂ ਰਹਿਤਾ,
ਵੋ ਮੇਰੇ ਸਾਮਨੇ ਮੇਰੀ ਮਿਸਾਲ ਦੇਤਾ ਹੈ।
ਬਾਰਿਸ਼ੋਂ ਕਿ ਬਾਅਦ ਸਤਰੰਗੀ ਧਨਕ ਆ ਜਾਏਗੀ।
ਖੁਲ੍ਹ ਕੇ ਰੋ ਲੋ ਗੇ ਤੋ ਚਿਹਰੇ ਪਰ ਚਮਕ ਆ ਜਾਏਗੀ।
ਵਿਚ ਵਿਚ ਉਹ ਆਪਣੇ ਬਾਰੇ ਬੋਲਦਾ ਸੀ। ਨਹੀਂ ਉਹ ਇਕ ਇਕ ਕਰਕੇ ਆਪਣੇ ਕਪੜੇ ਉਤਾਰ ਰਿਹਾ ਸੀ। ਇਕ ਦੂਜੇ ਨੂੰ ਕੂਹਣੀਆਂ ਮਾਰਨ ਵਾਲੇ ਰੁਕ ਗਏ ਸਨ। ਜਿਹੜੇ ਲੋਕ ਉਸ ਨੂੰ ਸਿਰਫ਼ ਦੇਖਣ ਹੀ ਆਏ ਸਨ ਉਨ੍ਹਾਂ ਦੇ ਬੁੱਲ੍ਹਾਂ ਤੋਂ ਹਲਕੀ ਮੁਸਕਾਨ ਦੀ ਬਰਫ਼ ਪਿਘਲ ਕੇ ਉਨ੍ਹਾਂ ਦੇ ਹੀ ਗਿਰੇਬਾਨ ਵਿਚ ਜਾ ਡਿੱਗਦੀ ਜਾ ਰਹੀ ਸੀ। ਜਿਵੇਂ ਜਿਵੇਂ ਉਹ ਆਪਣੇ ਕਿਰਦਾਰ ਨੂੰ ਨਿਰਵਸਤਰ ਕਰੀ ਜਾ ਰਿਹਾ ਸੀ ਉਸ 'ਤੇ ਪਿਆ ਸੱਚ ਦਾ ਕਵਚ ਓਨੀ ਹੀ ਮਜ਼ਬੂਤੀ ਨਾਲ ਲੋਕਾਂ ਦੀਆਂ ਅੱਖਾਂ 'ਚੋਂ ਨਿਕਲਣ ਵਾਲੇ ਸ਼ਰਾਰਤੀ ਤੀਰਾਂ ਨੂੰ ਖੁੰਢ੍ਹੇ ਕਰ ਕਰਕੇ ਜ਼ਮੀਨ 'ਤੇ ਸੁੱਟ ਰਿਹਾ ਸੀ।
ਉਹ ਸਾਹਿਤਕ ਸ਼ਗ਼ੂਫ਼ੇ ਸੁਣਾ ਰਿਹਾ ਸੀ, 'ਇਕ ਵਾਰੀ ਫ਼ਿਲਮ ਐਕਟਰੈੱਸ ਫਰਹਾ ਦੇ ਘਰ ਪਾਰਟੀ ਸੀ। ਲੋਕ ਫੁੱਲਾਂ ਦੇ ਗੁਲਦਸਤੇ ਲੈ ਕੇ ਆ ਰਹੇ ਸਨ। ਖੁੱਲ੍ਹਾ ਹਾਲ ਫੁੱਲਾਂ ਤੇ ਲੋਕਾਂ ਨਾਲ ਭਰ ਗਿਆ। ਫਰਹਾ ਨੇ ਕਿਹਾ-ਦੇਖੋ ਹਰ ਤਰਫ਼ 'ਫ਼ੂਲ' ਹੀ 'ਫ਼ੂਲ' ਹੈਂ। (ਫ਼ੂਲ-ਮੂਰਖ)
ਹਲਕਾ-ਏ-ਅਰਬਾਬੇ ਜ਼ੌਕ ਦੀ ਮੀਟਿੰਗ ਵਿਚ ਬੈਠੇ ਲੋਕ ਜ਼ੋਰ ਦੀ ਹੱਸੇ। ਉਹ ਖ਼ੁਦ ਵੀ ਖਿੜ ਗਿਆ। ਸਾਰੇ ਹਸਦਿਆਂ ਵਿਚ ਮੈ ਉਸ ਦਾ ਹਾਸਾ ਤੱਕਿਆ ਵੀ ਤੇ ਸੁਣਿਆ ਵੀ। ਉਹ ਲਘੂ ਮਾਨਵ ਨਹੀਂ ਸੀ ਜਿਹੜਾ ਬਾਕੀਆਂ ਵਿਚ ਗੁੰਮ ਜਾਂਦਾ। (ਲਘੂ ਮਾਨਵ ਬਾਰੇ ਡਾ. ਹਰਿਭਜਨ ਸਿੰਘ ਨੇ ਲਿਖਿਆ ਹੈ-ਮੈਂ ਉਸਦਾ ਹਾਸਾ ਤੱਕਿਆ ਸੀ ਪਰ ਉਸਦਾ ਹਾਸਾ ਸੁਣ ਨਹੀਂ ਸਕਿਆ, ਸਭ ਹਸਦਿਆਂ ਵਿਚ ਉਹ ਹਸਦਾ ਸੀ।)
ਉਸ ਦੇ ਗਲ ਵਿਚਲੀਆਂ ਮਾਲਾਵਾਂ ਇਕ ਛਿਨ ਲਈ ਸੱਪ ਬਣ ਗਈਆਂ। ਉਹ ਮੈਨੂੰ ਸ਼ਿਵ ਜੀ ਵਰਗਾ ਜਾਪਿਆ। ਜਦੋਂ ਅੱਜ ਹਰ ਵਿਅਕਤੀ 'ਸੱਚ' ਦਾ ਅੰਮ੍ਰਿਤ ਪੀਣ ਤੋਂ ਤਰਹਿੰਦਾ ਈਰਖਾ, ਜਲਣ, ਸੁਆਰਥ, ਝੂਠ ਦਾ ਜ਼ਹਿਰ ਪੀਣ ਵਿਚ ਮਸਰੂਫ਼ ਹੈ ਤਾਂ ਇਫ਼ਤੀ ਨੇ ਕਿਹਾ, 'ਲਿਆਓ ਬਦਨਾਮੀ ਦੇ ਸੱਚ ਦਾ ਅੰਮ੍ਰਿਤ ਮੈ ਪੀ ਲੈਂਦਾ ਹਾਂ।' ਤੇਜ਼ਾਬ ਵਰਗਾ ਸੱਚ ਪੀ ਕੇ ਉਸ ਦਾ ਕੰਠ ਨੀਲਾ ਨਹੀਂ ਹੋਇਆ ਸਗੋਂ ਉਸ ਦਾ ਤਨ-ਮਨ ਸਾਂਵਲਾ ਹੋ ਗਿਆ। ਉਸ ਦੇ ਬਦਨ ਤੋਂ ਤਿਲਕੇ ਸਾਂਵਲਾ ਰੰਗ ਬਰਫ਼ ਵਿਚ ਖੁਰ ਗਿਆ ਸੀ ਤੇ ਸਾਰੀ ਫ਼ਜ਼ਾ ਸਲੇਟੀ ਰੰਗੀ ਹੋ ਗਈ ਸੀ ਧਰਤੀ ਤੋਂ ਲੈ ਕੇ ਆਸਮਾਨ ਤਕ।
ਹੁਣ ਮੈਂ ਉਸਦੇ ਕੋਲ ਡਾਊਨ-ਟਾਊਨ ਵਿਚ ਬੈਠਾ, ਉਸਦੀਆਂ ਹਰਕਤਾਂ ਨੂੰ ਬਾਰੀਕੀ ਨਾਲ ਦੇਖ ਰਿਹਾ ਸਾਂ।
ਕਾਲ਼ੀ ਕੌਫ਼ੀ ਉਸ ਨੇ ਮੇਰੇ ਮੂਹਰੇ ਧਰ ਦਿੱਤੀ।
ਰੁਸਵਾਈ ਦੀ ਸਲੀਬ 'ਤੇ ਆਪਣੇ ਵੱਲ ਉੇਠੀਆਂ ਉਂਗਲਾਂ ਦੇ ਕਿੱਲਾਂ ਨਾਲ ਵਿੰਨ੍ਹਿਆਂ ਇਫ਼ਤੀ ਜਦ ਖਿੜ ਖਿੜਾ ਕੇ ਹੱਸਦਾ ਹੈ ਤਾਂ ਜ਼ਮਾਨੇ ਦੀ ਨਜ਼ਰ, ਖਲਕਤ ਦੀ ਮੁਸਕਰਾਹਟ ਅਤੇ ਸ਼ਰਾਰਤ ਦੀਆਂ ਉਂਗਲਾਂ ਨੂੰ ਪਸੀਨਾ ਆ ਜਾਂਦਾ ਹੈ। ਉਸ ਦੀ ਨਜ਼ਰ ਵਿਚ ਹਰ ਵਿਅਕਤੀ 'ਗੇਅ' ਹੈ। ਹਾਲਾਤ ਤੇ ਮਜਬੂਰੀਆਂ ਹਰ ਵਿਅਕਤੀ ਨਾਲ ਜਬਰ-ਜਿਨਾਹ ਕਰਦੇ ਹਨ। ਆਦਮੀ ਪਿਸਦਾ ਰਹਿੰਦਾ ਹੈ; ਅਖੌਤੀ ਕਦਰਾਂ ਕੀਮਤਾਂ ਦੀਆਂ ਕੰਦਰਾਂ ਵਿਚ ਆਪਣਾ ਮੂੰਹ ਛੁਪਾਉਂਦਾ ਫਿਰਦਾ ਹੈ। ਪਰ ਅੰਦਰੂਨੀ ਤੇ ਬਾਹਰੀ ਹੋਂਦ 'ਤੇ ਪਏ ਪਰਦਿਆਂ ਨੂੰ ਲਾਹ ਕੇ ਅਸਲੀ ਰੂਪ ਵਿਚ ਨਸ਼ਰ ਹੋਣ ਦਾ ਜਿਗਰਾ ਸਿਰਫ਼ ਇਫ਼ਤੀ ਕੋਲ ਹੀ ਹੈ।
ਸ਼ਬਾਨਾ ਆਜ਼ਮੀ ਨੇ 'ਫ਼ਾਇਰ' ਫ਼ਿਲਮ ਕਰਨ ਵੇਲੇ ਇਫ਼ਤੀ ਦਾ ਪ੍ਰਤੀਕਰਮ ਜਾਣਨਾ ਚਾਹਿਆ ਸੀ ਤਾਂ ਇਸ ਨੇ ਕਿਹਾ ਸੀ, ' ਇਸ ਫ਼ਿਲਮ ਦਾ ਰੋਲ ਤੈਨੂੰ ਸਦੀਆਂ ਤਕ ਜੀਵਤ ਰਖੇਗਾ।'
ਬੈੱਲ ਵੱਜੀ।
'ਲੈ ਇਕ ਕੰਜਰੀ ਤਾਂ ਆ ਗਈ' ਉਸ ਨੇ ਉਠ ਕੇ ਦਰਵਾਜ਼ਾ ਖੋਲ੍ਹਿਆ। ਬਾਈਆਂ-ਤੇਈਆਂ ਸਾਲਾਂ ਦਾ ਲੜਕਾ ਅੰਦਰ ਆਇਆ। ਦੋਵੇਂ ਚੁੰਮ ਕੇ ਮਿਲੇ। ਲਾਕ ਬੰਦ ਕਰਦਾ ਇਫ਼ਤੀ ਬੋਲਿਆ, ' ਹੇ ਬੇਰੀ! ਕੁਡ ਯੂ ਟੈੱਲ ਮੀ ਯੂ ਆਰ ਹੀ ਔਰ ਸ਼ੀ'
ਕੁੜੀਆਂ ਵਰਗੀ ਆਵਾਜ਼ ਵਿਚ ਬੇਰੀ ਬੋਲਿਆ, ' ਮਾਮਾ ! ਆਈ ਕੁਡ ਨਾਟ ਸਿਲੈਕਟ ਮਾਈ ਜੈਂਡਰ ਯੈੱਟ!' ਤੇ ਉਹ ਫ਼ਰਿਜ ਵਿਚੋਂ ਕੁਝ ਖਾਣ ਲਈ ਲੱਭਣ ਲੱਗ ਪਿਆ।
'ਤੁਹਾਡੀ ਉਮਰ?' ਮੈਂ ਪੁਛਿਆ।
ਉਹ ਆਦਤ ਮੁਤਾਬਿਕ ਖਿੜ ਖਿੜਾ ਕੇ ਹੱਸਿਆ। ਫਿਰ ਹੇਠਲੇ ਬੁੱਲ੍ਹ 'ਤੇ ਉਂਗਲ ਰੱਖ ਕੇ ਨਜ਼ਾਕਤ ਨਾਲ ਬੋਲਿਆ, 'ਆਪ ਹਾਲੇ ਬਾਲੜੀ ਮੈਂ ਆਪ ਹਾਲੇ ਮੱਤਾਂ ਜੋਗੀ, ਮੱਤ ਕਿਹੜਾ ਏਸ ਨੂੰ ਦਵੇ। ਮੈਨੂੰ ਤਾਂ ਸੋਲਵਾਂ ਸਾਲ ਲੱਗਾ ਏ!' ਫਿਰ ਗੰਭੀਰ ਹੋ ਗਿਆ, 'ਫਸਾਦਾਂ ਦੇ ਵੇਲੇ ਦਾ ਮੇਰਾ ਜਨਮ ਏ। ਇਸੇ ਕਰਕੇ ਮੇਰੀ ਤਬੀਅਤ ਐਸੀ ਏ ਕਿ ਮੈਂ ਟਿਕ ਕੇ ਨਹੀਂ ਬੈਠ ਸਕਦਾ। ਮੈਂ ਹੰਗਾਮਾਂ ਪਸੰਦ ਆਂ। ਤਨਹਾਈ ਨਾਲ ਮੈਨੂੰ ਨਫ਼ਰਤ ਏ। ਉਂਝ ਵੀ ਜਿਹੜੇ ਲੋਕ ਤਨਹਾਈ ਪਸੰਦ ਕਰਦੇ ਨੇ ਮੇਰੇ ਖ਼ਿਆਲ ਵਿਚ ਪਾਖੰਡੀ ਨੇ।'
੧੫, ਸਤੰਬਰ ਨੂੰ ਇਫ਼ਤੀ ਦਾ ਜਨਮ ਹੋਇਆ। ਉਸ ਦੀ ਵਾਲਿਦਾ ਖ਼ੁਰਸ਼ੀਦ ਬੇਗਮ ਦਾ ਪਹਿਲਾ ਨਾਂ ਸਈਅਦ ਬੀਬੀ ਸੀ। ਇਫ਼ਤੀ ਮੁਤਾਬਿਕ ਸਹੁਰਿਆਂ ਵਿਚ ਕੁੜੀ ਦਾ ਨਾਂ ਬਦਲਣ ਦੀ ਪਰੰਪਰਾ ਇਸ ਕਰਕੇ ਹੈ ਤਾਂ ਕਿ ਉਸ ਦੀ ਪਹਿਲੀ ਸ਼ਖ਼ਸੀਅਤ ਨੂੰ ਉਸ ਵਿਚੋਂ ਪੂਰੀ ਤਰ੍ਹਾਂ ਮਨਫ਼ੀ ਕਰ ਦਿਤਾ ਜਾਵੇ। ਲਾਇਲਪੁਰ ਵਿਚ ਉਸ ਦਾ ਜਨਮ ਹੋਇਆ। ਇਸ ਨੂੰ ਵੀ ਹੁਣ ਫ਼ੈਸਲਾਬਾਦ ਕਿਹਾ ਜਾਂਦਾ ਹੈ। ਪਰ ਇਫ਼ਤੀ ਲਾਇਲਪੁਰ ਨੁੰ ਪਿਆਰ ਕਰਦਾ ਹੈ। ਉਸ ਮੁਤਾਬਿਕ ਭਾਵੇਂ ਬੰਦਾ ਹੋਵੇ ਜਾਂ ਜਗ੍ਹਾ; ਨਾਂ ਬਦਲ ਕੇ ਉਸ ਚੋਂ ਪਹਿਲੀ ਸ਼ਖ਼ਸੀਅਤ ਮਨਫ਼ੀ ਨਹੀਂ ਕਰਨੀ ਚਾਹੀਦੀ। ਨਾਂ ਬਦਲਣ ਦਾ ਉਸਨੂੰ ਬਹੁਤ ਦੁੱਖ ਹੈ। ਇਸੇ ਦੁੱਖ ਵਿਚੋਂ ਉਸਦੀ ਨਜ਼ਮ 'ਲਾਇਲਪੁਰ' ਦਾ ਜਨਮ ਹੋਇਆ-
ਠੀਕ ਹੈ
ਨਾਂ ਵਿਚ ਕੀ ਰੱਖਿਆ ਹੈ
ਪਰ ਤੈਨੂੰ ਹੁਣ ਮੈਂ ਕੀ ਦੱਸਾਂ
ਜੋ ਦਿਲ 'ਤੇ ਬੀਤੀ
ਤੈਨੂੰ ਲਿਖਿਆ ਪੱਤਰ
ਵਾਪਸ ਆ ਗਿਆ ਹੈ
ਜਿਸ 'ਤੇ ਲਿਖਿਆ ਹੈ
ਉੱਥੇ ਇਸ ਨਾਂ ਦਾ
ਕੋਈ ਸ਼ਹਿਰ ਹੀ ਨਹੀਂ ਹੈ...।
ਉਸ ਦਾ ਵਾਲਿਦ ਗ਼ੁਲਾਮ ਰਸੂਲ ਖ਼ਲੀਕ ਕੁਰੈਸ਼ੀ ਦੀ ਆਪਣੀ ਅਖ਼ਬਾਰ 'ਆਵਾਮ' ਸੀ ਜੋ ਅੱਜ ਵੀ ਛਪ ਰਹੀ ਹੈ। ਸ਼ਾਇਰੀ ਦੀ ਮੁਢਲ਼ੀ ਗਰਾਮਰ ਉਸ ਨੇ ਵਾਲਿਦ ਸਾਹਿਬ ਤੋਂ ਹੀ ਪਰਾਪਤ ਕੀਤੀ।
ਉਸ 'ਤੇ ਜਵਾਨੀ ਚੜ੍ਹ ਰਹੀ ਸੀ। ਉਸਨੂੰ ਅਜੇ ਸੋਲਵਾਂ ਹੀ ਲੱਗਾ ਸੀ। ਉਸਨੂੰ ਆਪਣੇ ਖ਼ੂਨ ਅੰਦਰ ਤਰੰਗਾਂ ਨਾਚ ਕਰਦੀਆਂ ਮਹਿਸੂਸ ਹੋਈਆਂ। ਉਹ ਘਰਦਿਆਂ ਤੋਂ ਚੋਰੀ ਚੋਰੀ 'ਡਾਂਸ' ਸਿੱਖਣ ਲੱਗ ਪਿਆ। ਉਹ 'ਡਾਂਸਰ' ਬਣਨਾ ਚਾਹੁੰਦਾ ਸੀ। ਉਦੋਂ ਉਹ ਗੌਰਮਿੰਟ ਕਾਲਜ ਲਾਇਲਪੁਰ ਵਿਚ ਫਸਟ ਯੀਅਰ ਵਿਚ ਸੀ।
ਮੁਲਕ ਵਿਚ ਮਾਰਸ਼ਲ ਲਾਅ ਲੱਗਾ ਹੋਇਆ ਸੀ। ਮਾਰਸ਼ਲ ਲਾਅ ਦੇ ਖ਼ਿਲਾਫ਼ ਉਹ ਕਾਲਜ ਵਿਚ ਕਵਿਤਾ ਪੜ੍ਹ ਰਿਹਾ ਸੀ। ਪੁਲਿਸ ਉੱਪਰ ਵਿਦਿਆਰਥੀਆਂ ਨੇ ਪਥਰਾਅ ਕਰ ਦਿੱਤਾ। ਇਹ ਪਹਿਲਾ ਮੌਕਾ ਸੀ, ਪਾਕਿਸਤਾਨ ਵਿਚ, ਜਦੋਂ ਪੁਲਿਸ ਕਿਸੇ ਵਿਦਿਆ ਕੇਂਦਰ ਦੇ ਆਡੀਟੋਰੀਅਮ ਵਿਚ ਧੱਕੇ ਨਾਲ ਆ ਵੜੀ ਸੀ। ਵਿਦਿਆਰਥੀਆਂ 'ਤੇ ਕਾਬੂ ਪਾਉਣ ਲਈ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਭਗਦੜ ਮਚ ਗਈ। ਕਵਿਤਾ ਪੜ੍ਹਦਾ ਪੜ੍ਹਦਾ ਇਫ਼ਤਿਖ਼ਾਰ ਉਸ ਹਜੂਮ ਵਿਚੋਂ ਬਾਹਰ ਨਿਕਲਿਆ ਤਾਂ ਉਸਨੇ ਦੇਖਿਆ, ਉਸ ਦੀ ਲੱਤ ਵਿਚੋਂ ਖ਼ੂਨ ਵਗ ਰਿਹਾ ਸੀ। ਗੋਲੀ ਉਸਦੀ ਲੱਤ ਦੇ ਆਰ-ਪਾਰ ਹੋ ਗਈ ਸੀ। ਉਸ ਨੇ ਲੱਤ ਬੰਨ੍ਹ ਲਈ ਤੇ ਚੁੱਪ ਕਰਕੇ ਘਰ ਚਲਾ ਗਿਆ। ਸਵੇਰ ਤੱਕ ਲੱਤ ਸੁੱਜ ਗਈ। ਫਿਰ ਡਰਦੇ ਡਰਦੇ ਨੇ ਇਹ ਦਰਦ ਉਸਨੇ ਆਪਣੀ ਭੈਣ ਨਾਲ ਸਾਂਝਾ ਕੀਤਾ। ਜ਼ਖ਼ਮ ਖਰਾਬ ਹੋ ਚੁੱਕਾ ਸੀ। ਦਵਾ ਦਾਰੂ ਕੀਤਾ ਗਿਆ। ਇਹ ਗੋਲੀ ਇਫ਼ਤਿਖ਼ਾਰ ਦੀ ਲੱਤ 'ਤੇ ਨਹੀਂ, ਉਸਦੇ ਲਚਕੀਲੇ ਭਵਿੱਖ ਵਿਚ ਵੱਜੀ ਸੀ। ਉਹ ਮੁੜ ਕੇ ਕਦੇ ਵੀ 'ਡਾਂਸਰ' ਨਾ ਬਣ ਸਕਿਆ। ਪਰ ਉਹ ਇਹ ਸੋਚ ਕੇ ਮਨ ਨੂੰ ਤਸੱਲੀ ਦੇ ਲੈਂਦਾ ਹੈ,'ਲੇਖਕ ਤੇ ਡਾਂਸਰ ਬਣਨ ਨਾਲ ਮੇਰੀ ਅਨਰਜੀ ਵੰਡੀ ਜਾਣੀ ਸੀ, ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਸੀ ਕਿ ਮੈਂ ਦੁਗਣੀ ਅਨਰਜੀ ਲਿਟਰੇਚਰ ਵਿਚ ਲਾਉਣੀ ਸੀ। ਇਸੇ ਕਰਕੇ ਉਹ ਹਾਦਸਾ ਵਾਪਰਿਆ।' ਉਸਦੀ ਕਵਿਤਾ ਵਿਚ ਸ਼ਬਦਾਂ ਦੀ ਲਚਕ, ਫਿਕਰਿਆਂ ਦਾ ਰਕਸ, ਅਰਥਾਂ ਦੀ ਗਹਿਰਾਈ ਸ਼ਾਇਦ ਉਸਦੀ ਅਣਪੂਰੀ ਖ਼ਾਹਿਸ਼ ਵਿਚੋਂ ਹੀ ਪੈਦਾ ਹੋਈ ਹੈ।
੧੯੭੧ ਤੋਂ ਅਮਰੀਕਾ ਵਿਚ ਰਹਿ ਰਹੇ ਇਫ਼ਤੀ ਨੇ 'ਇਫ਼ਤੀਨਾਮਾ'(ਕਾਲਮਾਂ ਦਾ ਸੰਗ੍ਰਹਿ), 'ਏਕ ਥੀ ਲੜਕੀ', 'ਅਪਨੀ ਅਪਨੀ ਜ਼ਿੰਦਗੀ', 'ਸ਼ਬਰੀ' (ਕਹਾਣੀਆਂ), 'ਗ਼ੱਜ਼ਾਲ' ਤੇ 'ਆਬਦੋਜ਼' (ਗ਼ਜ਼ਲਾਂ) ਪਸਤਕਾਂ ਦੀ ਰਚਨਾ ਕੀਤੀ ਹੈ। ਅੰਗਰੇਜ਼ੀ ਵਿਚ ਉਸ ਦੀ ਪੁਸਤਕ 'ਬਲੈਕ ਐਂਡ ਵਾਈਟ ਪੋਇਮਜ਼' ਦੀ ਸ਼ਲਾਘਾ ਅਮਰੀਕੀ ਆਲੋਚਕਾਂ ਨੇ ਕੀਤੀ। ਪਰ ਪਾਕਿਸਤਾਨੀ ਆਲੋਚਕਾਂ ਨੇ ਉਸਦੇ ਚੰਗੇ ਸ਼ਾਇਰ ਹੋਣ ਦੇ ਪੱਖ ਨੂੰ ਨਜ਼ਰ ਅੰਦਾਜ਼ ਕਰਕੇ, ਉਸਦੇ 'ਗੇਅ' ਹੋਣ ਦੀ ਬਿਰਤੀ ਨੂੰ ਲੈ ਕੇ ਹੱਦੋਂ ਵੱਧ ਭੰਡੀ ਕੀਤੀ ਹੈ। ਉਸਦੀ ਅੰਗਰੇਜ਼ੀ ਨਜ਼ਮਾਂ ਦੀ ਕਿਤਾਬ 'ਮਰਮੈਕੋਫਾਈਲ' (ਕੀੜੀਆਂ ਖਾਣ ਵਾਲਾ-ਕੀਟਭਖਸ਼ੀ) ਸ਼ਿਕਾਗੋ ਦੇ ਕਾਲਜ ਵਿਚ ਗਰੈਜੂਏਟ ਵਿਚ ਪੜ੍ਹਾਈ ਗਈ।
'ਨਰਮਾਨ'(ਅਰਧਨਰੇਸ਼ਵਰ) ਉਸ ਦਾ ਕਾਵਿ-ਸੰਗ੍ਰਹਿ ਦੇ ਖਿਲਾਫ਼ ਪਾਕਿਸਤਾਨ ਵਿਚ ਕੱਟੜਪੰਥੀਆਂ ਨੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ। ਇਸਲਾਮ ਧਰਮ ਵਿਚ ਸਮਲਿੰਗੀ ਵਾਸਤੇ ਸਜ਼ਾ ਸਿਰਫ਼ ਮੌਤ ਹੈ। ਉਸਨੂੰ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਇਕ ਦਿਨ ਉਸਦੇ ਘਰ ਇਕ ਮੁਸਲਮਾਨ ਨੇ ਚਾਕੂ ਨਾਲ ਉਸ ਉੱਤੇ ਹਮਲਾ ਵੀ ਕਰ ਦਿੱਤਾ ਸੀ। ਇਸ ਪੁਸਤਕ ਬਾਰੇ ਇੰਗਲੈਂਡ ਦੇ ਪ੍ਰਸਿਧ ਮੈਗਜ਼ੀਨ 'ਇਕਨਾਮਿਕਸ ਲੰਡਨ' ਨੇ ਲਿਖਿਆ ਸੀ; ‘First gay poetry book in Urdu which deals directly with gay longing and desires."
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਵੇਖੋ ਜੀ
No comments:
Post a Comment