ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 25, 2009

ਸਾਂਵਲ ਧਾਮੀ – ਕਹਾਣੀ ‘ਮੱਲ੍ਹਮ’ – ਭਾਗ - 1

ਮੱਲ੍ਹਮ

ਕਹਾਣੀ

ਭਾਗ - 1

ਸੰਤਾਲੀ ਤੋਂ ਪਹਿਲਾਂ ਨਾਰੂ ਨੰਗਲ ਮੈਦਾਨੀ ਇਲਾਕਿਆਂ ਤੋਂ ਪਹਾੜੀ ਲੋਕਾਂ ਨਾਲ ਹੁੰਦੇ ਵਪਾਰ ਦਾ ਕੇਂਦਰ ਸੀ।ਉਹਨਾਂ ਦਿਨਾਂ ਵਿਚ ਪਿਸ਼ਾਵਰ ਦੇ ਤੰਬਾਕੂ ਤੇ ਦੂਰ ਪਹਾੜ ਦੇ ਮਸਾਲਿਆਂ ਦੀ ਮਹਿਕ ਇਸ ਪਿੰਡ ਦੇ ਬਜ਼ਾਰ ’ਚੋਂ ਉੱਠ ਕੇ ਫਿਜ਼ਾ ’ਚ ਘੁਲ-ਮਿਲ ਜਾਂਦੀ ਸੀ।ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ’ਚ ਵਸਿਆ ਤੇ ਬੁੱਢੇ ਪਿੱਪਲਾਂ,ਅੰਬਾਂ ਤੇ ਜਾਮਣਾਂ ’ਚ ਅੱਧ-ਲੁਕਿਆ ਇਹ ਪਿੰਡ ਨਾਰੂ ਗੋਤ ਦੇ ਰਾਜਪੂਤ ਮੁਸਲਮਾਨਾਂ ਨੇ ਬੰਨ੍ਹਿਆਂ ਸੀ। ਜ਼ਮੀਨਾਂ ਦੇ ਮਾਲਕ ਰਾਜਪੂਤ ਪਰਿਆਂ ਤੇ ਹਵੇਲੀਆਂ ’ਚ ਬੈਠੇ ਹੁੱਕੇ ਗੁੜਗੁੜਾਂਦੇ,ਗੱਲਾਂ ’ਚ ਮਸਤ ਰਹਿੰਦੇ।ਜ਼ਮੀਨਾਂ ਹਿੰਦੂ ਸੈਣੀਆਂ ਤੇ ਸਿੱਖ ਲੁਬਾਣਿਆਂ ਨੂੰ ਪਟੇ ’ਤੇ ਦੇ ਦਿੰਦੇ। ਮੁਜ਼ਾਰੇ ਹੋਰਨਾਂ ਫਸਲਾਂ ਨਾਲ ਮਾਲਕਾਂ ਜੋਗਾ ਤੰਬਾਕੂ ਵੀ ਬੀਜ ਲੈਂਦੇ ।

----

ਏਸ ਪਿੰਡ ਦਾ ਸਭ ਨਾਲੋਂ ਮੋਹਤਬਾਰ ਬੰਦਾ ਸੀ,ਮੀਆਂ ਮੁਹੰਮਦ ਬਖ਼ਸ਼। ਲੋਕ ਉਸਨੂੰ ਇੱਜ਼ਤ ਨਾਲ਼ ‘ਮੀਆਂ ਜੀ’ ਆਖ ਬੁਲਾਂਦੇ ਸਨ ।ਕੁੱਲੇ ਵਾਲ਼ੀ ਪੱਗ,ਸਲਵਾਰ-ਕਮੀਜ਼ ਤੇ ਤਿੱਲੇਦਾਰ ਜੁੱਤੀ ਪਾਈ ,ਉਹ ਜਿਧਰੋਂ ਵੀ ਗੁਜ਼ਰਦਾ, ਲੋਕ ਉੱਠ ਖੜੇ ਹੁੰਦੇ ।ਉਹ ਅਕਸਰ ਮੋਢੇ ਤੇ ਬੰਦੂਕ ਲਮਕਾਈ ਘੋੜੀ ’ਤੇ ਸਵਾਰ ਹੋਇਆ ਦਿਖਾਈ ਦਿੰਦਾ। ਹਰ ਕੋਈ ਝੁਕ ਕੇ ਸਲਾਮ ਕਰਦਾ ਤੇ ਉਹ ਅੱਧ-ਪਚੱਧਾ ਜਵਾਬ ਦੇ ਕੇ ਅਗਾਂਹ ਲੰਘ ਜਾਂਦਾ। ਉਸ ਦੀ ਘੋੜੀ ਦੀ ਚਾਲ ਰਤਾ ਹੋਰ ਤਿਖੇਰੀ ਹੋ ਜਾਂਦੀ ਤੇ ਉਸਦੀ ਧੌਣ ਵੀ ਥੋੜਾ ਹੋਰ ਆਕੜ ਜਾਂਦੀ ।

ਉਹ ਪਿੰਡ ਦਾ ਚੌਧਰੀ ਸੀ।ਸਭ ਨਾਲੋਂ ਵੱਡੀ ਹਵੇਲੀ ਉਸ ਦੀ ਸੀ; ਅੱਧੇ ਕਿੱਲੇ ਦੇ ਵਗਲ਼ ’ਚ ਖੜੀ ਸ਼ਾਨਦਾਰ ਤੇ ਤਿਮੰਜ਼ਲੀ।ਸਭ ਨਾਲੋਂ ਵੱਧ ਜ਼ਮੀਨ ਉਸ ਕੋਲ਼ ਸੀ;ਅੱਸੀ ਕਿੱਲੇ ਇੱਕ-ਟੱਕ। ਪੰਜਾਂ ਖੂਹਾਂ ਦਾ ਮਾਲਕ ਸੀ ਉਹ ।ਚਾਰ ਖੂਹ ਖੇਤਾਂ ’ਚ ਤੇ ਪੰਜਵਾਂ ਘਰ ।ਏਸ ਖੂਹ ਦੀ ਮੌਣ ਨੂੰ ਹਵੇਲੀ ਦੀ ਲਹਿੰਦੀ ਗੁੱਠ ਵਾਲ਼ੀ ਕੰਧ ਦੋ ਹਿੱਸਿਆਂ ’ਚ ਵੰਡਦੀ ਸੀ ।ਅੱਧੀ ਮੌਣ ਵਿਹੜੇ ਵਲ ਸੀ ਤੇ ਅੱਧੀ ਗਲ਼ੀ ਵਲ ।ਇੱਥੋਂ ਤਕਰੀਬਨ ਸਾਰਾ ਪਿੰਡ ਪਾਣੀ ਭਰਦਾ ਸੀ।

----

ਮੀਏਂ ਦੀ ਬੇਗਮ ਤੇ ਧੀ ਨਫੀਸਾਂ ਜੇ ਕਦੇ ਘਰੋਂ ਬਾਹਰ ਆਉਂਦੀਆਂ ਤਾਂ ਬੁਰਕੇ ਪਾ ਕੇ।ਨਫੀਸਾਂ ਦੀਆਂ ਸਹੇਲੀਆਂ ਵੀ ਬਹੁਤ ਘੱਟ ਸਨ।ਹਵੇਲੀ ਦਾ ਦਰ ਟੱਪਣ ਦੀ ਇਜ਼ਾਜਤ ਗਿਣੇ-ਚੁਣੇ ਬੰਦਿਆਂ ਨੂੰ ਹੀ ਸੀ ।ਰੋਜ਼ ਸਵੇਰੇ ਮਿੱਥੇ ਸਮੇਂ ’ਤੇ ਹਕੀਮਾਂ ਦਾ ਫ਼ਜ਼ਲਾ ਮੀਏਂ ਦੀ ਦਾੜ੍ਹੀ ਦੀ ਹਜ਼ਾਮਤ ਕਰਨ ਜਾਇਆ ਕਰਦਾ ਸੀ।ਇਕ ਦਿਨ ਉਸਨੇ ਅਚਾਨਕ ਸਿਰ ਉਠਾਇਆ ਤਾਂ ਇਕ ਖ਼ੂਬਸੂਰਤ ਚਿਹਰਾ ਉਸ ਵਲ ਵੇਖ ਕੇ ਮੁਸਕਾ ਰਿਹਾ ਸੀ।ਨਫੀਸਾਂ ਦੀਆਂ ਅੱਖਾਂ ’ਚ ਪਿਆਰ ਜਿਹਾ ਕੁਝ ਸੀ।ਉਂਝ ਇਹ ਚਰਚਾ ਆਮ ਸੀ ਕਿ ਮੀਏਂ ਦੀ ਧੀ ਬਹੁਤ ਸੋਹਣੀ ਏ।ਏਸ ਗੱਲ ਦਾ ਚਸ਼ਮੇ-ਦੀਦ ਗਵਾਹ ਸਿਰਫ ਫ਼ਜ਼ਲਾ ਹੀ ਬਣਿਆ ਸੀ।

ਉਸਨੇ ਇਹ ਗੱਲ ਬੜੇ ਹੀ ਚਾਅ ਨਾਲ਼ ਕਰਮੂ ਸੈਣੀ ਨੂੰ ਸੁਣਾ ਦਿੱਤੀ ਸੀ।

“ਕਰਮੂਆਂ ਓਹ ਤਾਂ ਪੋਸਤ ਦੇ ਫੁੱਲਾਂ ਨੂੰ ਵੀ ਮਾਤ ਪਾਉਂਦੀ ਆ।” ਕਰਮੂ ਤੋਂ ਤੁਰੀ ਇਹ ਗੱਲ ,ਹੋਠਾਂ ਦਾ ਸਫਰ ਤੈਅ ਕਰਦੀ ,ਜਦੋਂ ਤਰਕਾਲਾਂ ਵੇਲੇ ਮੁੜ ਮੀਏਂ ਦੀ ਹਵੇਲੀ ਦਾ ਦਰ ਲੰਘੀ ਤਾਂ ਹਵੇਲੀ ’ਚ ਜਿਉਂ ਭੂਚਾਲ ਆ ਗਿਆ।ਮੀਏਂ ਨੂੰ ਹਰ ਸ਼ੈਅ ਕੰਬਦੀ ਹੋਈ ਵਿਖਾਈ ਦੇਣ ਲੱਗੀ।ਅਸਲਮ ਮੋਚੀ ਨੂੰ ਕਰਮਦੀਨ ਦੇ ਘਰ ਵਲ ਦੁੜਾਇਆ ਗਿਆ।

----

ਕਰਮਦੀਨ ਫ਼ਜ਼ਲੇ ਦਾ ਬਾਪ ਸੀ।ਉਹਨਾਂ ਦੀ ਬਜ਼ਾਰ ’ਚ ਹਿਕਮਤ ਤੇ ਹਜ਼ਾਮਤ ਦੀ ਦੁਕਾਨ ਸੀ।ਦੁਕਾਨ ਦੇ ਪਿਛਵਾੜੇ ਘਰ ਸੀ।ਪੁੱਤ ਦੁਕਾਨ ਵਾਲਾ ਕੰਮ ਸੰਭਾਲਦਾ ਤੇ ਬਾਪ ਆਲ਼ੇ-ਦੁਆਲੇ ਦੇ ਪਿੰਡਾਂ ’ਚ ਘੁੰਮ-ਫਿਰ ਕੇ ਦਵਾ-ਦਾਰੂ ਤੇ ਹਜ਼ਾਮਤਾਂ ਕਰਦਾ।ਕਈ ਪੀੜੀਆਂ ਤੋਂ ਇਹ ਪਰਿਵਾਰ ਓਸ ਮਲ੍ਹਮ ਕਾਰਨ ਬਹੁਤ ਮਸ਼ਹੂਰ ਸੀ ਜੋ ਡੂੰਘੇ ਤੋਂ ਡੂੰਘੇ,ਪੁਰਾਣੇ ਤੋਂ ਪੁਰਾਣੇ ਤੇ ਵਿਗੜੇ ਤੋਂ ਵਿਗੜੇ ਜ਼ਖ਼ਮ ਨੂੰ ਦਿਨਾਂ ’ਚ ਭਰ ਦਿੰਦੀ ਸੀ। ਕਰਮਦੀਨ ਨੇਕ ਦਿਲ ਇਨਸਾਨ ਸੀ।ਪਿੰਡ ਤੇ ਇਲਾਕੇ ’ਚ ਉਸਦੀ ਪੂਰੀ ਇੱਜ਼ਤ ਸੀ। ਪਰ ਉਸ ਦਿਨ ਮੀਏਂ ਦੇ ਘਰ ਵੱਲ ਜਾਂਦਿਆਂ, ਉਸਨੂੰ ਮਹਿਸੂਸ ਹੋਇਆ ਜਿਉਂ ਹਰੇਕ ਕਦਮ ਦੇ ਨਾਲ਼ ਉਸਦੀ ਪੱਗ ’ਤੇ ਬਦਇਖ਼ਲਾਕੀ ਦੇ

ਦਾਗ਼ ਵਧਦੇ ਜਾ ਰਹੇ ਹੋਣ।.ਫਜ਼ਲਾ ਥੱਕੇ-ਟੁੱਟੇ ਕਦਮਾਂ ਤੇ ਡਰਦੇ ਦਿਲ ਦੇ ਨਾਲ਼ ਅੱਬਾ ਦੇ ਪਿੱਛੇ-ਪਿੱਛੇ ਤੁਰ ਰਿਹਾ ਸੀ।

----

ਥੱਪੜਾਂ ਦੀ ਅਵਾਜ਼ ਪੂਰੀ ਹਵੇਲੀ ’ਚ ਗੂੰਜੀ ਸੀ। .ਫਜ਼ਲੇ ਨੂੰ ਲੱਗਿਆ ਸੀ ਕਿ ਨਫੀਸਾਂ ਖਿੜਕੀ ’ਚ ਖੜ੍ਹੀ ਸਾਰਾ ਤਮਾਸ਼ਾ ਵੇਖ ਰਹੀ ਏ ਤੇ ਖੂਹ ਨੇ ਵੀ ਇਸ ਹੱਤਕ ਦੇ ਹੱਸ-ਹੱਸ ਕੇ ਹੁੰਗਾਰੇ ਭਰੇ ਨੇ।ਇਸ ਘਟਨਾ ਤੋਂ ਬਾਅਦ ਹਕੀਮ ਦੇ ਪਰਿਵਾਰ ਲਈ ਹਵੇਲੀ ਦੇ ਦਰਵਾਜ਼ੇ ਬੰਦ ਹੋ ਗਏ ਸਨ। ਫ਼ਜ਼ਲਾ ਨਮੋਸ਼ੀ ’ਚ ਡੁੱਬਿਆ ਗੁੰਮ-ਸੁੰਮ ਜਿਹਾ ਰਹਿਣ ਲਗ ਪਿਆ ਸੀ।ਕੋਈ ਛੇ ਕੁ ਮਹੀਨਿਆਂ ਦੇ ਬਾਅਦ,ਇਹ ਨਮੋਸ਼ੀ ਇਕ ਮਾਣ ਜਿਹੇ ’ਚ ਬਦਲ ਗਈ ਸੀ।ਮੀਏਂ ਦੇ ਪੈਰ ਦਾ ਜ਼ਖ਼ਮ ਵਿਗੜ ਗਿਆ ਸੀ।ਪਹਿਲਾਂ ਤਾਂ ਉਹ ਸ਼ਹਿਰ ਦੇ ਇਕ ਮੰਨੇ-ਪ੍ਰਮੰਨੇ ਹਕੀਮ ਤੋਂ ਇਲਾਜ ਕਰਵਾਉਂਦਾ ਰਿਹਾ ਸੀ।ਜਦੋਂ ਪੈਰ ਗਲ਼ਣ ਲੱਗਾ ਤਾਂ ਉਸਨੂੰ ਕਰਮਦੀਨ ਦੀ ਯਾਦ ਆਈ।

----

ਸੱਦਣ ਆਏ ਮੀਏਂ ਦੇ ਨੌਕਰ ਨੂੰ ਹਿਰਖ ਜਿਹੇ ’ਚ ਮੋੜ ਕੇ ਫ਼ਜ਼ਲਾ ਬਹੁਤ ਖ਼ੁਸ਼ ਸੀ।ਉਸਨੂੰ ਲੱਗਿਆ ਸੀ ਜਿਉਂ ਮੀਏਂ ਦੀ ਤਿਮੰਜ਼ਲੀ ਹਵੇਲੀ, ਮੱਲ੍ਹਮ ਦੀ ਇਕ ਨਿੱਕੀ ਜਿਹੀ ਡੱਬੀ ’ਚ ਸਿਮਟ ਜਾਣ ਦੇ ਲਈ ਤਰਸ ਤੇ ਰਹੀ ਹੋਵੇ।ਉਹ ਸ਼ਾਮ ਤੱਕ ਆਨੇ-ਬਹਾਨੇ ਸਭ ਨੂੰ ਇਹ ਵਾਕਿਆ ਸੁਣਾਉਂਦਾ ਰਿਹਾ ਸੀ।ਦਿਨ ਢਲੇ ਉਸਦਾ ਅੱਬਾ ਘਰ ਪਰਤਿਆ ਤਾਂ ਵਿਲ਼ਕ ਉੱਠਿਆ ।

“ਤੂੰ ਤਾਂ ਕਈ ਪੀੜੀਆਂ ਦੀ ਕਮਾਈ ਖੂਹ ’ਚ ਪਾ ਦਿੱਤੀ। ਫ਼ਜ਼ਲਿਆ ਏਸ ਮੱਲ੍ਹਮ ਨੂੰ ਲੈ ਕੇ ਕਦੇ ਵੀ ਹੰਕਾਰੀਂ ਨਾ,ਨਹੀਂ ਤਾਂ ਸਾਡੇ ਹੱਥਾਂ ’ਚੋਂ ਸ਼ਫਾ ਤੁਰ ਜਾਏਗੀ।ਵੈਰੀ ਜਾਂ ਸੱਜਣ ਨਾ ਵੇਖੀਂ, ਬਸ ਜ਼ਖ਼ਮ ਵੇਖੀਂ ਪੁੱਤਰਾ।”

ਉਹ ਬਿਨਾ ਕੁਝ ਖਾਧੇ-ਪੀਤੇ ਹਿਕਮਤ ਵਾਲਾ ਝੋਲ਼ਾ ਚੁੱਕ ਕੇ ਤੇਜ਼-ਤੇਜ਼ ਕਦਮਾਂ ਨਾਲ਼ ਮੀਏਂ ਦੀ ਹਵੇਲੀ ਵਲ ਤੁਰ ਪਿਆ ਸੀ।ਦੋ ਟੁੱਟੇ ਹੋਏ ਅਸਾਵੇਂ ਪਰਿਵਾਰਾਂ ਦਰਮਿਆਨ ਮਲ੍ਹਮ ਦੀ ਡੱਬੀ ਇਕ ਪੁਲ਼ ਬਣ ਗਈ ਸੀ।

----

ਮੇਲਿਆਂ, ਤਿਉਹਾਰਾਂ ਤੇ ਗੁਰਪੁਰਬਾਂ ਨੂੰ ਮਾਣਦਾ ਇਹ ਪਿੰਡ,ਹੌਲ਼ੀ-ਹੌਲ਼ੀ ਤੁਰਦਾ ਜਾ ਰਿਹਾ ਸੀ: ਸ਼ਮਸ਼ੂ ਤੇਲੀ ਦੇ ਬਲ਼ਦ ਵਾਂਗ ਪਰ ਖ਼ੁਸ਼ੀਆਂ ਤੇ ਸਾਂਝਾਂ ਭਰੀਆਂ ਰੌਣਕਾਂ ਦਾ ਇਹ ਕਾਫਲਾ ਇਕ ਖ਼ਬਰ ਨੇ ਡੱਕ ਲਿਆ ਸੀ: ਦੇਸ਼ ਦੀ ਵੰਡ ਦੀ ਖ਼ਬਰ ਨੇ। ਡਰ ਤੇ ਅਨਿਸਚਿਤਤਾ ਨੇ ਪਿੰਡ ਦੀਆਂ ਸਰਗਰਮੀਆਂ ਨੂੰ ਛਾਂਗਣਾ ਸ਼ੁਰੂ ਕਰ ਦਿੱਤਾ ਸੀ। ਪਰਿਆਂ,ਖੇਤਾਂ,ਗਲ਼ੀਆਂ,ਧਰਮ-ਸਥਾਨਾਂ ਤੇ ਹੱਟੀਆਂ-ਭੱਠੀਆਂ ’ਚੋਂ ਖਿਸਕ-ਖਿਸਕ ਕੇ ਜ਼ਿੰਦਗੀ ਘਰਾਂ ਦੀਆਂ ਕੰਧਾਂ ਅੰਦਰ ਸਿਮਟਦੀ ਗਈ।ਮੀਏਂ ਦੇ ਘਰ ਬੋਲਦੇ ਰੇਡੀਓ

ਦੀਆਂ ਗੱਲਾਂ ਦੀ ਪੁਸ਼ਟੀ ਇਲਾਕੇ ’ਚ ਵਾਪਰੀਆਂ ਘਟਨਾਵਾਂ ਦੀਆਂ ਖ਼ਬਰਾਂ ਤੇ ਅਫਵਾਹਾਂ ਨੇ ਕਰ ਦਿੱਤੀ ਸੀ। ਪਿੰਡ-ਵਾਸੀਆਂ ਦੇ ਦਿਲਾਂ ਵਿਚਕਾਰ ਇਕ ਅਸਪੱਸ਼ਟ ਜਿਹੀ ਲਕੀਰ ਖਿੱਚੀ ਗਈ।ਦਿਨ-ਬ-ਦਿਨ ਇਹ ਲਕੀਰ ਗੂੜ੍ਹੀ ਤੇ ਸਪੱਸ਼ਟ ਹੁੰਦੀ ਗਈ।

----

ਲੁਹਾਰਾਂ ਦਾ ਸੱਤਾ,ਪਿਉ ਵਾਂਗ ਛਵੀਆਂ ਤੇ ਦਾਤਰ ਬਣਾਉਣ ’ਚ ਮਸ਼ਹੂਰ ਸੀ।ਉਸਨੂੰ ਨੇੜਲੇ ਪਿੰਡ ਲਹਿਲੀ ਖੁਰਦ ਦੇ ਜੱਟ ਸੱਦ ਕੇ ਲੈ ਗਏ।ਉਹ ਕਈ ਦਿਨ ਘਰ ਨਾ ਮੁੜਿਆ। ਲੋਕ ਤਰ੍ਹਾਂ-ਤਰ੍ਹਾਂਦੀਆਂ ਕਿਆਸਰਾਈਆਂ ਲਾਉਣ ਲੱਗੇ।ਮੁਸਲਮਾਨਾਂ ਦੇ ਮਨਾਂ ’ਚ ਉਪਜੀ ਸ਼ੱਕ ਜ਼ਰਬ ਖਾ ਗਈ।ਸੱਤਾ ਪੰਜਵੇਂ ਦਿਨ ਨੰਗੇ ਸਿਰ ਤੇ ਨੰਗੇ ਪੈਰ ਪਿੰਡ ਪਰਤਿਆ ਤਾਂ ਪੀੜ ਨਾਲ ਕਰਾਹ ਰਿਹਾ ਸੀ।ਉਹ ਥੱਕਿਆ-ਟੁੱਟਿਆ ਸੀ । ਅੱਖਾਂ ਉਨੀਂਦਰੇ ਦੇ ਕਾਰਨ ਲਾਲ ਸਨ।ਸੱਜਾ ਹੱਥ ਪੱਗ ’ਚ ਵਲੇਟਿਆ ਹੋਇਆ ਸੀ ਤੇ ਪੱਗ ਲਹੂ ’ਚ ਨੁੱਚੜੀ ਪਈ ਸੀ । ਛਵੀਆਂ ਚੰਡਦੇ ਸਮੇਂ ਘਣ ਵਾਹੁਣ ਵਾਲੇ ਥੱਕੇ ਤੇ ਉਨੀਂਦਰੇ ਮੁੰਡੇ ਨੇ ਸੱਟ ਉਸਦੇ ਹੱਥ ’ਤੇ ਮਾਰ ਦਿੱਤੀ ਸੀ। ਵਿਚਕਾਰਲੀਆਂ ਦੋ ਉਂਗਲਾਂ ਫਿਸ ਗਈਆਂ ਸਨ। ਉਸਨੇ ਮਾਂ ਨੂੰ ਹਲ਼ ਦਾ .ਫਾਲ ਚੰਡਦਿਆਂ ਸੱਟ ਲੱਗਣ ਦੀ ਗੱਲ ਕਹੀ ਤਾਂ ਉਹ ਗੁੱਸੇ ’ਚ ਬੋਲੀ ਸੀ,

“ਕੁੱਖੋਂ ਜੰਮ ਕੇ ਪਰਦੇ ਨਾ ਪਾ ਬੇਗੁਰਿਆ। ਵੇ ਜੱਟਾਂ ਨੇ ਤਾਂ ਮੁੰਨੀਆਂ ਛੱਡ ਕੇ ਛਵੀਆਂ ਚੁੱਕ ਲਈਆਂ।ਤੂੰ ਕਿਨ੍ਹਾਂ ਹਲ਼ਾਂ ਲਈ ਫਾਲ਼ ਚੰਡਦਾ ਆਇਆਂ। ਤੂੰ ਚੜ੍ਹਿਆਂ ਜੱਟਾਂ ਦੇ ਢਹੇ। ਇਨ੍ਹਾਂ ਭੂਤਨਿਆਂ ਕੋਲੋਂ ਤਾਂ ਰੱਬ ਵੀ ਡਰਦਾ।ਵੇ ਅਸੀਂ ਆਂ ਕੰਮੀਂ-ਕਮੀਣ, ਸਾਥੋਂ ਨ੍ਹੀ ਪੁਗਣਗੀਆਂ ਇਹ ਮਲ੍ਹਾਜੇਦਾਰੀਆਂ।” ਸੱਤਾ ਨੀਵੀਂ ਪਾਈ ਸੁਣਦਾ ਰਿਹਾ।

----

ਜਿਸ ਸ਼ਾਮ ਸੱਤਾ ਪਿੰਡ ਪਰਤਿਆ,ਮੀਏਂ ਦੀ ਹਵੇਲੀ ਮੁਸਲਮਾਨਾਂ ਦਾ ਇੱਕਠ ਹੋਇਆ ਪਿਆ ਸੀ। ਕੱਲ੍ਹ ਦੇ ਅਛੂਤ ਤੇ ਕੰਮੀ-ਕਮੀਣ ਅੱਜ ਰਾਜਪੂਤਾਂ ਨੂੰ ਆਪਣੇ ਹਮ-ਮਜ਼੍ਹਬ ਭਰਾ ਲੱਗ ਰਹੇ ਸਨ।ਤੇਲੀਆਂ,ਮੋਚੀਆਂ,ਨਾਈਆਂ ਤੇ ਭਰਾਈਆਂ ਨੂੰ ਬਰਾਬਰ ਬਿਠਾ ਕੇ ਬਚਾਅ ਦੀਆਂ ਤਰਕੀਬਾਂ ਪੁੱਛੀਆਂ ਜਾ ਰਹੀਆਂ ਸਨ।

“ਚੌਧਰੀਓ।” ਲਾਗੀ ਬਰਾਦਰੀ ਵਲੋਂ ਚਿਰਾਗ਼ਦੀਨ ਮਰਾਸੀ ਨੇ ਖੜਦਿਆਂ ਹੱਥ ਜੋੜ ਲਏ ਸਨ।“ਤੁਸੀਂ ਪਹਿਲਾਂ ਵੀ ਸਾਡੇ ਮਾਲਕ ਸੀ ਤੇ ਅੱਜ ਵੀ ਹੋ।ਅਸੀਂ ਗਰੀਬ-ਗੁਰਬਿਆਂ ਨੇ ਤਾਂ ਤੁਹਾਡੀ ਓਟ ਲੈ ਕੇ ਬਚਣਾ।ਬਾਕੀ ਮਾਲਕੋ ਜੋ ਤੁਹਾਡਾ ਹੁਕਮ ਹੋਇਆ ਸਾਡੇ ਸਿਰ-ਮੱਥੇ।” ਲੰਬੇ ਵਿਚਾਰ-ਵਿਟਾਂਦਰੇ ਤੋਂ ਬਾਅਦ ਮੀਆਂ ਉੱਠ ਖੜ੍ਹਾ ਹੋਇਆ। ਅੱਜ ਉਸਦਾ ਚਿਹਰਾ ਉਦਾਸ ਤੇ ਧੌਣ ਥੋੜ੍ਹੀ ਝੁਕੀ ਹੋਈ ਸੀ।“ਪਹਿਲੀ ਗੱਲ ਤਾਂ ਇਹ।” ਉਹ ਹੱਥ ਜੋੜ ਕੇ ਖੜਾ ਸਭ ਨੂੰ ਓਪਰਾ-ਓਪਰਾ ਤੇ ਵਿਚਾਰਾ ਜਿਹਾ ਲੱਗਿਆ।“ਹਿੰਦੂ-ਸਿੱਖਾਂ ’ਤੇ ਬਿਲਕੁਲ ਵਿਸ਼ਵਾਸ ਨਾ ਕੀਤਾ ਜਾਏ। ਦੂਜੀ ਗੱਲ, ਲੜਾਈ ਲਈ ਹਮੇਸ਼ਾਂ ਤਿਆਰ ਰਹੋ।ਹਥਿਆਰ ਨਹੀਂ ਤਾਂ ਰੋੜੇ-ਬੱਟੇ ਈ ਕੱਠੇ ਕਰੋ। ਤੀਸਰੀ ਗੱਲ,ਔਰਤਾਂ ਘਰੋਂ ਬਿਲਕੁਲ ਬਾਹਰ ਪੈਰ ਨਾ ਪਾਉਣ ਤੇ ਮਰਦ ਵੀ ਕੁਝ ਦਿਨਾਂ ਲਈ ਪਿੰਡੋਂ ਬਾਹਰ ਨਾ ਜਾਣ।ਚੌਥੀ ਗੱਲ,ਬੜੇ ਹੀ ਖ਼ੁਫ਼ੀਆ ਢੰਗ ਨਾਲ ਨੇੜਲੇ ਪਿੰਡਾ ਦੇ ਹਮ-ਮਜ਼੍ਹਬੀਆਂ ਨਾਲ਼ ਰਾਬਤਾ ਕਾਇਮ ਕਰਕੇ ਸਾਂਝੀ ਕਾਰਵਾਈ ਲਈ ਵਿਚਾਰ ਕੀਤੀ ਜਾਏ।ਪਹਿਰਾ ਬਿਲਕੁਲ ਲਾਜ਼ਮੀ ਏ। ਖੂਹ ਦੀ ਖਾਸ ਤੌਰ ਤੇ ਰਾਖੀ ਕੀਤੀ ਜਾਏ।ਪਿੰਡ ਛੱਡਣ ਬਾਰੇ..।” ਇੱਥੇ ਆ ਕੇ ਉਸਦੀ ਅਵਾਜ਼ ਭਾਰੀ ਹੋ ਗਈ।

“ਫੈਸਲਾ ..ਦੋ-ਚਾਰ ਦਿਨਾਂ ਬਾਅਦ ਹਾਲਾਤ ਦੇਖ ਕੇ ਲਿਆ ਜਾਏਗਾ।” ਇਸ ਆਖਰੀ ਗੱਲ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ।ਕੋਈ ਵੀ ਮੀਏਂ ਦੀਆਂ ਹਿਦਾਇਤਾਂ ਦਾ ਹੁੰਗਾਰਾ ਬੋਲ ਕੇ ਨਾ ਭਰ ਸਕਿਆ। ਸਹਿਮਤੀ ’ਚ ’ਚ ਸਿਰ ਮਾਰ ਕੇ ਜਦ ਉਹ ਘਰਾਂ ਵਲ ਜਾਣ ਲਈ ਉਠ ਖੜ੍ਹੇ ਹੋਏ।

“ਕਰਮਦੀਨਾਂ ਛੇਤੀਂ ਬਹੁੜ ਵੇ ,ਸੱਤੇ ਦੇ ਸੱਟ ਵੱਜ ਗਈ ਆ।” ਸੱਤੇ ਦੀ ਮਾਂ ਦੀ ਇਹ ਗੱਲ ਸੁਣ ਕੇ ਖਿੰਡ ਰਹੀ ਮਜਲਿਸ ’ਚ ਸੰਨਾਟਾ ਛਾ ਗਿਆ ਸੀ।

“ਸੁਣ ਹਕੀਮਾ।” ਨੂਰ ਮੁਹੰਮਦ ਕਰਮਦੀਨ ਦੇ ਸਾਹਵੇਂ ਹੁੰਦਿਆਂ ਬੋਲਿਆ।

“ਜੇ ਭਾਈਚਾਰੇ ’ਚ ਰਹਿਣਾ ਏਂ ਤਾਂ ਲੁਹਾਰ ਦੇ ਮੱਲ੍ਹਮ-ਪੱਟੀ ਨਾ ਕਰੀਂ।”

“ਛਵੀਆਂ ਚੰਡਦਾ ਆਇਆ, ਮਾਂ ਆਪਣੀ ਦਾ….,ਲਹਿਲੀ ਤੋਂ।” ਹਸਨਦੀਨ ਨੇ ਨਫਰਤ ਨਾਲ਼ ਕਿਹਾ।

“ਮਰ ਲੈਣ ਦੇ ਸਾਲੇ ਨੂੰ ਕੁੱਤੇ ਦੀ ਮੌਤ।” ਗਾਮੀ ਨੇ ਕੁੜਤਣ ਨਾਲ਼ ਆਖਿਆ ਸੀ।

ਚੁਗਾਠ ਦਾ ਆਸਰਾ ਲੈ ਕੇ ਖੜੀ ਸੱਤੇ ਦੀ ਮਾਂ ਇਹ ਗੱਲਾਂ ਸੁਣ ਕੇ ਥੱਕੇ ਤੇ ਝੂਠੇ ਪੈਂਦੇ ਪੈਰਾਂ ਨਾਲ਼, ਡੂੰਘੀ ਚਿੰਤਾ ’ਚ ਡੁੱਬੀ ਘਰ ਵਲ ਮੁੜ ਗਈ ਸੀ।

----

ਘਰ ਵਲ ਮੁੜਦਿਆਂ ਕਰਮਦੀਨ ਸੱਤੇ ਨੂੰ ਛਵੀਆਂ ਚੰਡਦਿਆਂ ਤਸੱਵੁਰ ਕਰਨ ਦੀ ਕੋਸ਼ਿਸ਼ ਕਰਦਾ ਰਿਹਾ।ਪਰ ਹਰ ਵਾਰ ਉਹ ਪੀੜ ਨਾਲ਼ ਕਰਾਹੁੰਦਾ ਨਜ਼ਰ ਆਉਂਦਾ।ਸੱਤਾ ਫ਼ਜ਼ਲੇ ਦਾ ਹਮ-ਉਮਰ ਤੇ ਜਮਾਤੀ ਸੀ।ਸੱਤੇ ਦਾ ਬਾਪ ਮੀਣਾ, ਜਿਸਦੀ ਪਿਛਲੇ ਸਾਲ ਬਰੀਕ ਤਾਪ ਨਾਲ਼ ਮੌਤ ਹੋ ਗਈ ਸੀ,ਕਰਮਦੀਨ ਦਾ ਗੂੜ੍ਹਾ ਮਿੱਤਰ ਸੀ।

ਉਸਨੇ ਦੁਕਾਨ ’ਚੋਂ ਹਿਕਮਤ ਵਾਲ਼ਾ ਝੋਲ਼ਾ ਚੁੱਕਿਆ ਤੇ ਸਭ ਦੀ ਨਜ਼ਰ ਤੋਂ ਬਚਦਾ ਤੇ ਡਰਦਾ, ਤੇਜ਼-ਤੇਜ਼ ਕਦਮਾਂ ਦੇ ਨਾਲ਼ ਸੱਤੇ ਦੇ ਘਰ ਮੂਹਰੇ ਪਹੁੰਚ ਗਿਆ।

“ਜੇ ਤੇਰਾ ਧਰਮ ਜਾਗਿਆ ਤਾਂ ਅਗਲੇ ਨੇ ਵੀ ਭਾਈਚਾਰੇ ਤੋਂ ਬਾਹਰ ਨਹੀਂ ਜਾਣਾ।ਹਕੀਮ ਨਹੀਂ ਔਣ ਲੱਗਾ।ਹੁਣ ਮਾਰ ਲੈ ਵਾਜਾਂ ਲਹਿਲੀ ਆਲ਼ੇ ਜੱਟਾਂ ਨੂੰ,ਜਿਨ੍ਹਾਂ ਕੋਲੋਂ ਲੀਰ ਸਾਰਖੀ ਵੀ ਨਾ ਜੁੜੀ।”

ਕਰਮਦੀਨ ਦਰ ਲੰਘਿਆ ਤਾਂ ਸੱਤੇ ਦੀ ਮਾਂ ਹੈਰਾਨ ਹੋ ਕੇ ਚੁੱਪ ਕਰ ਗਈ।ਸੱਤੇ ਨੇ ਕਰਾਹੁਣਾ ਛੱਡ ਕੇ ਨੀਵੀਂ ਪਾ ਲਈ।ਮਲ੍ਹਮ-ਪੱਟੀ ਸਮੇਂ ਵੀ ਉਸਦੀਆਂ ਅੱਖਾਂ ਝੁਕੀਆਂ ਹੀ ਰਹੀਆਂ।ਉਹ ਪੀੜ ਨੂੰ ਅੰਦਰੋਂ-ਅੰਦਰੀਂ ਪੀਂਦਾ ਚੁੱਪ ਰਿਹਾ।

----

ਸਵੇਰ ਤਕ ਸੱਤੇ ਦੇ ਜ਼ਖ਼ਮਾਂ ’ਚੋਂ ਤਾਂ ਲਹੂ ਰਿਸਣਾ ਬੰਦ ਹੋ ਗਿਆ ਸੀ,ਪਰ ਪੂਰੇ ਦੇਸ਼ ’ਚੋਂ ਲਹੂ-ਭਿੱਜੀਆਂ ਖ਼ਬਰਾਂ ਦਾ ਆਉਣਾ ਨਿਰੰਤਰ ਜਾਰੀ ਰਿਹਾ।ਆਲ਼ੇ-ਦੁਆਲ਼ੇ ਦੇ ਪਿੰਡਾਂ ’ਚ ਵੱਢ-ਟੁੱਕ ਸ਼ੁਰੂ ਹੋ ਗਈ ਸੀ।ਬਸੀ ਅਲੀ ਖਾਨ,ਬਸੀ ਹਸਤ ਖਾਨ,ਬਸੀ ਕਲਾਂ ਤੇ ਬਸੀ ਜੌੜਾ ਆਦਿ ਪਠਾਣਾਂ ਦੇ ਪਿੰਡਾਂ ਦੇ ਖਾਲੀ ਹੋ ਜਾਣ ਦੀਆਂ ਖ਼ਬਰਾਂ ਨੇ ਨਾਰੂ ਨੰਗਲ ਦੇ ਮੁਸਲਮਾਨਾਂ ਨੂੰ ਖ਼ੌਫ ਨਾਲ਼ ਭਰ ਦਿੱਤਾ ਸੀ।

ਉਸੇ ਦੁਪਹਿਰ ਹੱਥਾਂ ’ਚ ਛਵੀਆਂ ਉਲਾਰੀ,ਸਿੱਖ ਮੁੰਡਿਆਂ ਦੀ ਇਕ ਟੋਲੀ ਨਾਰੂ ਨੰਗਲ ਦੇ ਬਜ਼ਾਰ ’ਚ ਆਣ ਪਹੁੰਚੀ। ਲੋਕਾਂ ਨੇ ਡਰਦਿਆਂ ਬੂਹੇ ਬੰਦ ਕਰ ਲਏ। ਉਹਨਾਂ ਅੱਖਾਂ ਗਲੀ ਵਲ ਖੁੱਲ੍ਹਦੀਆਂ ਬਾਰੀਆਂ ਨਾਲ਼ ਲਗਾ ਕੇ ਸਾਹ ਸੂਤ ਲਏ।ਟੋਲੀ ਹਕੀਮ ਦੀ ਦੁਕਾਨ ਮੂਹਰੇ ਰੁਕ ਗਈ।ਟੇਢੀ ਪੱਗ ਵਾਲੇ ਮੁੰਡੇ ਨੇ ਅਗਾਂਹ ਵੱਧ ਕੇ ਕੁੰਡਾ ਖੜਕਾਇਆ ਪਰ ਅੰਦਰੋਂ ਕੋਈ ਹੁੰਗਾਰਾ ਨਾ ਮਿਲਿਆ।

“ਓਏ ਫਜਲਿਆ,ਮੈਂ ਧੰਨਾ ਆਂ।ਦਰ ਤਾਂ ਖੋਹਲ।” ਮਧਰੇ ਕੱਦ ਤੇ ਬਿੱਲੀਆਂ ਅੱਖਾਂ ਵਾਲੇ ਸਰਦਾਰ ਨੇ ਅਪਣੱਤ ਨਾਲ਼ ਕਿਹਾ।

ਫ਼ਜ਼ਲੇ ਨੇ ਦਰ ਖੋਹਲਿਆ ਤਾਂ ਅੱਠ-ਦਸ ਸਿੱਖ-ਮੁੰਡੇ ਦੁਕਾਨ ਅੰਦਰ ਆਣ ਵੜੇ।

“ਦੱਸੋ ਪੁੱਤਰੋ?”ਕਰਮਦੀਨ ਨੇ ਸਹਿਮ ਕੇ ਪੁੱਛਿਆ।

“ਬਾਪੂ ਦੇ ਸੱਟ ਵੱਜਗੀ ਚਾਚਾ।ਝੋਲਾ ਚੁੱਕ ਤੇ ਤੁਰ ਪੈ ਛੇਤੀ।ਮੁੰਡੇ ਵਾਪਸ ਛੱਡ ਜਾਣਗੇ।” ਬਿੱਲੀਆਂ ਅੱਖਾਂ ਵਾਲ਼ੇ ਮੁੰਡੇ ਦੀ ਗੱਲ ਸੁਣ ਕੇ ਹਕੀਮ ਸੋਚੀਂ ਪੈ ਗਿਆ।ਇਹ ਧੰਨਾ ਸੀ,ਨੇੜਲੇ ਪਿੰਡ ਲਹਿਲੀ ਖੁਰਦ ਤੋਂ।

----

ਧੰਨੇ ਫ਼ਜ਼ਲੇ ਦਾ ਜਮਾਤੀ ਤੇ ਮਿੱਤਰ ਸੀ।ਸਕੂਲੋਂ ਦੌੜ ਕੇ ਉਹਨਾਂ ਦੂਰ-ਦੂਰ ਤਕ ਮੇਲੇ ਵੇਖੇ ਸਨ।ਉਹਨਾਂ ਕਈ ਵਾਰ ਮਾਸਟਰ ਫਤਿਹ ਮੁਹੰਮਦ ਤੇ ਦੀਨਾ ਨਾਥ ਕੋਲੋਂ ਇੱਕਠਿਆਂ ਕੁੱਟ ਖਾਧੀ ਸੀ।ਨੌਵੀਂ ’ਚੋਂ ਫੇਲ਼ ਹੋ ਕੇ ਦੋਹਾਂ ਨੇ ਇਕੱਠਿਆਂ ਹੀ ਪੜ੍ਹਾਈ ਛੱਡ ਦੇਣ ਦਾ ਫ਼ੈਸਲਾ ਕੀਤਾ ਸੀ।ਬਾਈ ਕੁ ਸਾਲਾਂ ਦਾ ਧੰਨਾ ਅੱਜ ਪੂਰਾ ਸਿੰਘ ਸਜ ਗਿਆ ਸੀ।ਉਸਨੇ ਇਲਾਕੇ ਦੇ ਅਲੂਏਂ ਮੁੰਡੇ ਇਕੱਠੇ ਕਰ ਕੇ ਇਕ ਜੱਥਾ ਖੜ੍ਹਾ ਕਰ ਲਿਆ ਸੀ।ਆਪ ਉਹ ਜਥੇਦਾਰ ਸੀ।ਜਥੇਦਾਰ ਧੰਨਾ ਸਿੰਘ ਬੈਂਸ।ਇਹ ਮੁੰਡੇ ਪਿੰਡਾਂ ’ਤੇ ਧਾਵੇ ਬੋਲਦੇ,ਘਰ ਲੁੱਟਦੇ,ਮੁਸਲਮਾਨਾਂ ਨੂੰ ਕਤਲ ਕਰਦੇ ਤੇ ਸੋਹਣੀਆਂ-ਸੁੱਨਖੀਆਂ ਕੁੜੀਆਂ ਤੇ ਔਰਤਾਂ ਨੂੰ ਚੁੱਕ ਕੇ ਲੈ ਜਾਂਦੇ।ਦੋ ਚਾਰ ਦਿਨ ਕੋਲ਼ ਰੱਖ ਕੇ ਅਗਾਂਹ ਤੋਰ ਦਿੰਦੇ।ਕਦੇ ਕਿਸੇ ਲੋੜਵੰਦ ਕੋਲੋਂ ਰੁਪਏ ਵੀ ਵੱਟ ਲੈਂਦੇ।

“ਉਹ ਤਾਂ ਠੀਕ ਆ ਪੁੱਤਰਾ ।” ਹਕੀਮ ਡੂੰਘੀ ਸੋਚ ’ਚੋਂ ਉੱਭਰਦਿਆਂ ਬੋਲਿਆ।

“ਪਰ ਮੀਏਂ ਹੁਰਾਂ ਮਨ੍ਹਾਂ ਕੀਤਾ ਪਿਆ ਹੋਇਆ ਪਿੰਡੋਂ ਬਾਹਰ ਜਾਣਾ।”

“ਚਾਚਾ।”ਧੰਨਾ ਤੈਸ਼ ’ਚ ਆਉਂਦਿਆਂ ਬੋਲਿਆ।

“ਕਿਹੜੀਆਂ ਗੱਲਾਂ ਕਰਦਾਂ ਤੂੰ?ਮੀਆਂ-ਮੂਆਂ ਕੁਝ ਨਹੀਂ ਮੈਂ ਦੱਸਾਂ।ਆਪਣਾ ਰਾਜ ਏ ਪੂਰੇ ਇਲਾਕੇ ’ਤੇ।ਆਹ ਪਿੰਡ ਤਾਂ ਤ੍ਹਾਡੇ ਮੂੰਹ-ਮਲਾਜੇ ਨੂੰ ਬਚਿਆ।ਅਸੀਂ ਤਾਂ ਵੀਹ ਪਿੰਡਾਂ ‘ਚੋਂ ਮੁਸਲਮਾਨ ਭਜਾ ਦਿੱਤੇ ਚਾਚਾ।ਤੁਰ ਪੈ ਤੂੰ ਚੁੱਪ ਕਰਕੇ।ਅਸੀਂ ਆਪੇ ਨਜਿੱਠ ਲਾਂਗੇ ਮੀਏਂ ਨਾਲ।” ਧੰਨੇ ਦੇ ਬੋਲਾਂ ’ਚ ਧਮਕੀ ਸੀ।

“ਅੱਬਾ ਜਾ ਆ।ਐਵੇਂ ਤਾਇਆ ਵਿਲਕਦਾ ਹੋਊ ਵਿਚਾਰਾ ਪੀੜ ਨਾਲ਼।”ਫ਼ਜ਼ਲਾ ਸੱਚ-ਮੁੱਚ ਫ਼ਿਕਰਮੰਦ ਸੀ।

“ਉਹ ਤਾਂ ਠੀਕ ਆ ਪੁੱਤਰਾ ਪਰ....।”

“ਪਰ ਕੀ ਅੱਬਾ ?ਤੂੰ ਆਪੇ ਤਾਂ ਕਹਿੰਦਾਂ ਹੁੰਦਾਂ ਕਿ ਮੱਲ੍ਹਮ…।”

----

ਫ਼ਜ਼ਲੇ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਕਰਮਦੀਨ ਨੇ ਹਿਕਮਤ ਵਾਲੇ ਝੋਲੇ ਨੂੰ ਹੱਥ ਪਾ ਲਿਆ ਸੀ।ਗਲ਼ੀ ’ਚ ਆਉਂਦਿਆਂ ਉਹ ਟੋਲੀ ਦੇ ਮੂਹਰੇ ਲਗ ਤੁਰਿਆ।ਪਿੰਡੋਂ ਨਿਕਲ ਕੇ ਲਹਿਲੀ ਵਾਲੇ ਰਾਹੇ ਪੈਂਦਿਆਂ ਮੁੰਡਿਆਂ ਦੀ ਚਾਲ ’ਚ ਤੇਜ਼ੀ ਆ ਗਈ।ਉਹਨਾਂ ਨੇ ਨਾ ਆਪਸ ’ਚ ਤੇ ਨਾਹੀਂ ਕਰਮਦੀਨ ਨਾਲ਼ ਕੋਈ ਗੱਲ ਕੀਤੀ।ਇਸ ਚੁੱਪ ਨੇ ਹਕੀਮ ਦੇ ਦਿਲੋ-ਦਿਮਾਗ ’ਤੇ ਛਾਈ ਸਹਿਮ ਭਰੀ ਉਦਾਸੀ ਹੋਰ ਸੰਘਣੀ ਕਰ ਦਿੱਤੀ।ਮੁੰਡੇ ਅਚਾਨਕ ਸੱਜੇ ਹੱਥ ਤਕੀਏ ਵਲ ਜਾਂਦੇ ਰਾਹੇ ਪੈ ਗਏ।ਹਕੀਮ ਧੁਰ ਅੰਦਰ ਤੱਕ ਕੰਬ ਗਿਆ।

ਉਸਨੇ ਤਕੀਏ ਦੇ ਸਾਹਵੇਂ ਖੜੀ ਬੋਹੜ ਦੀ ਛਾਵੇਂ ਘੋੜੇ ਬੱਝੇ ਵੇਖੇ ਤਾਂ ਉਸਦੇ ਸਾਹ ’ਚ ਸਾਹ ਆਇਆ।ਉਸ ਨੇ ਬਿਨਾ ਸਿਰ ਝੁਕਾਏ ਤਕੀਏ ਨੂੰ ਸਜਦਾ ਕੀਤਾ ਤੇ ਆਪਣੀ ਸਲਾਮਤੀ ਲਈ ਦੁਆ ਮੰਗੀ।

“ਦੇਖ ਚਾਚਾ,ਸਾਡੀ ਹੈਗੀ ਆ ਗੂੜ੍ਹੀ ਸਾਂਝ ।ਮੈਂ ਤੇਰੇ ਮੂਹਰੇ ਹੋਰ ਝੂਠ ਨਹੀਂ ਬੋਲਣਾ।ਬਾਪੂ ਦੇ ਕੋਈ ਸੱਟ-ਸੁੱਟ ਨਈਂ ਵੱਜੀ।ਅਸੀਂ ਤੇਰੇ ’ਤੇ ਮਾਣ ਕਰਕੇ ਤੈਨੂੰ ਇੱਥੇ ਲਿਆਏ ਆਂ।”

ਇਹ ਗੱਲ ਸੁਣ ਕੇ ਕਰਮਦੀਨ ਨੇ ਕੰਬਦੇ ਹੱਥਾਂ ਨਾਲ਼ ਝੋਲ਼ਾ ਜ਼ਮੀਨ ’ਤੇ ਰੱਖ ਦਿੱਤਾ।

“ਤੇਰਾ ਤਾਂ ਹਕੀਮਾਂ ਹਰ ਘਰ ’ਚ ਔਣ-ਜਾਣ ਆ।ਸਾਨੂੰ ਸਿੱਧਾ-ਸਿੱਧਾ ਦੱਸ ਕਿ ਨੰਗਲ’ਚ ਕਿੰਨਾ ਕੁ ਅਸਲਾ? ਕਿਹੜੇ-ਕਿਹੜੇ ਰਾਜਪੂਤ ਕੋਲ਼ ਬੰਦੂਕ ਆ?”

ਕਰਮਦੀਨ ਨੂੰ ਤਕੀਆ ਕੰਬਦਾ ਹੋਇਆ ਦਿਖਾਈ ਦਿੱਤਾ।ਉਹ ਡਿੱਗਦੇ ਮਨ ਨਾਲ਼ ਤਕੀਏ ਸਾਹਮਣਲੇ ਥੜ੍ਹੇ ਉੱਤੇ ਡਿੱਗ ਹੀ ਪਿਆ।

“ਪੁੱਤਰੋ ਅਸੀਂ ਤਾਂ ਹੋਏ ਕੈਂਚੀਆਂ-ਉਸਤਰਿਆਂ ਆਲ਼ੇ ਗਰੀਬ-ਗੁਰਬੇ ਲੋਕ।ਸਾਨੂੰ ਕੀ ਪਤਾ ਬੰਦੂਕਾਂ ਦਾ?” ਉਸਦੇ ਬੋਲ ਥਿੜ੍ਹਕਦੇ ਜਾ ਰਹੇ ਸਨ।

“ਐਂ ਤਾਂ ਨਾ ਕਰ ਚਾਚਾ।ਮੇਰਾ ਮਾਣ ਰੱਖ।ਦੇਖ ਲੈ,ਜੇ ਇਹ ਪੁੱਠੀਆਂ ਮੱਤਾਂ ਆਲ਼ੇ ਵਿਗੜ ਗਏ ਤਾਂ ਮੈਥੋਂ ਵੀ ਨਹੀਂ ਸਾਂਭੇ ਜਾਣੇ।”

ਧੰਨਾ ਸਿਰ ਫੜ ਕੇ ਬੈਠੇ ਨਿਰਾਸ਼ ਕਰਮਦੀਨ ਕੋਲ਼ ਬੈਠ ਗਿਆ।

“ਦੇਖ ਚਾਚਾ,ਤੁਸੀਂ ਚਲੇ ਜਾਣਾ ‘ਆਪਣੇ ਪਾਕਸਤਾਨ।ਮੈਂ ਵੀ ਤਾਂ ਫਜ਼ਲੇ ਅਰਗਾ ਈ ਆਂ।ਮੈਨੂੰ ਮੱਲ੍ਹਮ ਦਾ ਨੁਸਖਾ ਈ ਦੱਸ ਜਾ।” ਧੰਨੇ ਨੇ ਤਨਜ਼ ਭਰੀ ਧੀਮੀ ਅਵਾਜ਼ ’ਚ ਕਿਹਾ।ਮੁੰਡੇ ਹੱਸ ਪਏ।ਕਰਮਦੀਨ

ਦੀ ਦੇਹ ਗੁੱਸੇ ’ਚ ਤਪਣ ਤੇ ਕੰਬਣ ਲੱਗ ਪਈ।ਉਹ ਨਿਡਰਤਾ ਨਾਲ਼ ਬੋਲਿਆ, “ਉਏ ਧੰਨਿਆ,ਏਸ ਮੱਲ੍ਹਮ ਦੀ ਪਾਕੀਜ਼ਗੀ ਤੂੰ ਕੀ ਜਾਣੇ ਨਿਰਦੋਸ਼ਾਂ ਦੇ ਕਾਤਲਾ।ਇਹਦਾ ਵਾਰਿਸ ਬਣਨ ਲਈ ਤਾਂ ਭਾਈ ਘਨ੍ਹਈਆ ਜੀ ਅਰਗੀ ਸੋਚ ਚਾਹੀਦੀ ਆ।”

-----

ਕਰਮਦੀਨ ਦੇ ਬਦਲੇ ਤੇਵਰ ਵੇਖਕੇ ਸਾਰੇ ਮੁੰਡੇ ਹੈਰਾਨ ਹੋ ਕੇ ਰਹਿ ਗਏ।

ਗੁੰਮ-ਸੁੰਮ ਜਿਹੇ ਮੁੰਡੇ ਨੇ ਦੋ ਕਦਮ ਅਗਾਂਹ ਵਧਦਿਆਂ ਛਵੀ ਹਕੀਮ ਦੇ ਸਿਰ ’ਤੇ ਉਲਾਰ ਦਿੱਤੀ।

ਹਕੀਮ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ।

“ਨਾ ਉਏ ਜ਼ੈਲਿਆ!ਚਾਚਾ ਏ ਆਪਣਾ।” ਧੰਨਾ ਤਭਕ ਕੇ ਬੋਲਿਆ ਤਾਂ ਜ਼ੈਲਾ ਪਿਛਾਂਹ ਹਟ ਗਿਆ।

ਧੰਨਾ ਹਕੀਮ ਦੇ ਥੋੜਾ ਹੋਰ ਕੋਲ਼ ਹੁੰਦਿਆਂ ਬੋਲਿਆ,“ਚੱਲ ਚਾਚਾ ਐਂ ਦੱਸ ਕੇ ਤੇਰੇ ਪਿੰਡ ’ਚ ਸਭ ਨਾਲੋਂ ਸੋਹਣੀ ਕੁੜੀ ਕਿਹੜੇ ਮੁਸਲਮਾਨ ਦੀ ਆ?”

ਹਕੀਮ ਦੀਆਂ ਅੱਖਾਂ ’ਚ ਲਹੂ ਉੱਤਰ ਆਇਆ।ਉਹ ਉੱਠ ਖੜਾ ਹੋਇਆ ਤੇ ਹੱਥ ਨਾਲ਼ ਲਾਹਣਤ

ਪਾਉਂਦਿਆਂ ਬੋਲਿਆ,“ਸ਼ਰਮ ਕਰ ਉਏ ਪੁੱਤਰਾ! ਮੇਰੀਆਂ ਤਾਂ ਧੀਆਂ ਨੇ ਸਾਰੀਆਂ ।ਧੀਆਂ ਤੇ ਧੀਆਂ ਹੀ ਹੁੰਦੀਆਂ ਨੇ ਸੋਹਣੀਆਂ ਜਾਂ ਕੋਝੀਆਂ ਨਹੀਂ ਹੁੰਦੀਆਂ।” ਏਨਾ ਆਖ ਉਹ ਚੁੱਪ ਕਰ ਗਿਆ।

“ਉਏ ਸਰਦਾਰਾ!” ਖੁੰਡੀਆਂ ਮੁੱਛਾਂ ਵਾਲ਼ਾ ਮੁੰਡਾ ਰੋਹ ’ਚ ਬੋਲਿਆ।

“ਬਥੇਰਾ ਕਿਹਾ ਸੀ ਕਿ ਕੋਈ ਰਾਜਪੂਤ ਚੁੱਕਦੇ ਆਂ।ਲੈ ਲਾ ਚਾਚੇ ਕੋਲ਼ੋ ਸੂਹਾਂ।ਬੜਾ ਮਾਣ ਸੀ ਤੈਨੂੰ ਚਾਚੇ ’ਤੇ।ਅਸੀਂ ਤਾਂ ਬੜੀ ਬਾਰ ਦੇਖਿਆ,ਇਹ ਸਾਲੇ ਕੰਮੀਂ-ਕੰਮੀਣ ਤਾਂ ਟੱਸ ਤੋਂ ਮੱਸ ਨਹੀਂ ਹੁੰਦੇ। ਲੈ ਲਾ ਚਾਚਾ ਜੀ ਕੋਲੋਂ ਬੰਦੂਕਾਂ ਦੇ ਸਿਰਨਾਵੇਂ।”

“ਨਾਲੇ ਨੁਸਖਾ ਮੱਲ੍ਹਮ ਦਾ।” ਕਾਲ਼ੇ ਕੁੜਤੇ ਵਾਲਾ ਹੱਸ ਕੇ ਬੋਲਿਆ।

“ਤੂੰ ਦੱਸ ਕੋਈ ਹਕੀਮੀ ਕਰਨੀ ਆਂ ਜੱਟਾ ਨੁਸਖਾ ਲੈ ਕੇ?” ਨੱਤੀਆਂ ਵਾਲ਼ੇ ਮੁੰਡੇ ਨੇ ਟਿੱਚਰ ਕੀਤੀ।

“ਐਵੈਂ ਵਕਤ ਬਰਬਾਦ ਕਰੀਂ ਜਾਨਾ।”ਪੱਕੇ ਰੰਗ ਤੇ ਚਿੱਟੀਆਂ ਅੱਖਾਂ ਵਾਲ਼ੇ ਨੇ ਪਛਤਾਵੇ ਨਾਲ਼ ਕਿਹਾ।

ਜਦੋਂ ਸਾਰੇ ਮੁੰਡੇ ਖੁੰਡੀਆਂ ਮੁੱਛਾਂ ਵਾਲੇ ਦੀ ਹਾਮੀ ਭਰਨ ਲੱਗੇ ਤਾਂ ਧੰਨਾ ਉਠ ਕੇ ਤੁਰ ਪਿਆ।

“ਜੋ ਮਰਜੀ ਕਰੋ।” ਇਹ ਆਖ ਉਸਨੇ ਬੋਹੜ ਦੀ ਜੜ੍ਹ ਨਾਲੋਂ ਘੋੜੀ ਦੀ ਲਗਾਮ ਖੋਹਲੀ ਤੇ ਪਲਾਕੀ ਮਾਰ ਕੇ ਕਾਠੀ ’ਤੇ ਬੈਠਦਿਆਂ,ਘੋੜੀ ਦੁੜਾ ਕੇ ਧੂੜ ’ਚ ਅਲੋਪ ਹੋ ਗਿਆ।

ਗੁੰਮ-ਸੁੰਮ ਜਿਹੇ ਮੁੰਡੇ ਨੇ ਦੋਵੇਂ ਹੱਥ ਜੋੜ ਕੇ ਛਵੀ ਹਕੀਮ ਦੇ ਹਿੱਕ ’ਤੇ ਜੜ ਦਿੱਤੀ।ਉਹ ਚੀਕ ਮਾਰ ਕੇ ਧਰਤੀ ’ਤੇ ਚੁਫਾਲ ਡਿਗ ਪਿਆ।ਖੁੰਡੀਆਂ ਮੁੱਛਾਂ ਵਾਲੇ ਮੁੰਡੇ ਨੇ ਅਗਾਂਹ ਵਧ ਕੇ ਕਰਮਦੀਨ ਦੇ ਮੌਰਾਂ ’ਤੇ ਪੰਜ-ਸੱਤ ਵਾਰ ਹੋਰ ਕੀਤੇ।..ਤੇ ਸਾਰੇ ਮੁੰਡੇ ਘੋੜੀਆਂ ’ਤੇ ਸਵਾਰ ਹੋ ਕੇ ਸਰਦਾਰ ਪਿੱਛੇ ਤੁਰ ਗਏ।

***********

ਲੜੀ ਜੋੜਨ ਲਈ ਅਗਲਾ ਭਾਗ ਦੇਖੋ।


ਸਾਂਵਲ ਧਾਮੀ – ਕਹਾਣੀ ‘ਮੱਲ੍ਹਮ’ – ਭਾਗ - 2

ਸ਼ਾਮ ਢਲਣ ਤਕ ਜਦੋਂ ਕਰਮਦੀਨ ਘਰ ਨਾ ਮੁੜਿਆ ਤਾਂ ਪਰਿਵਾਰ ਹੋਰ ਵੀ ਫਿਕਰਾਂ ’ਚ ਡੁੱਬ ਗਿਆ।ਮਾਂ ਤੇ ਭੈਣਾਂ ਦੇ ਰੋਕਦਿਆਂ, ਫ਼ਜ਼ਲਾ ਭਰਾਈਆਂ ਦੇ ਕਮਾਲ ਨੂੰ ਨਾਲ਼ ਲੈ ਕੇ ਲਹਿਲੀ ਵਾਲੇ ਰਾਹੇ ਪੈ ਗਿਆ।ਉਹਨਾਂ ਦੇ ਦਿਲ ਕਿਸੇ ਸੰਭਾਵੀ ਹੋਣੀ ਦੇ ਡਰ ਨਾਲ਼ ਕੰਬੀ ਜਾ ਰਹੇ ਸਨ।ਆਸੇ-ਪਾਸੇ ਦੀ ਹਲਕੀ ਜਿਹੀ ਹਿਲਜੁਲ ਵੀ ਉਹਨਾਂ ਦੇ ਸਰੀਰ ਸੁੰਨ ਕਰ ਜਾਂਦੀ ਸੀ।ਤਕੀਏ ਦੇ ਬਰਾਬਰ ਤੋਂ ਲੰਘਦਿਆਂ ਕਿਸੇ ਦੇ ਹੂੰਗਣ ਦੀ ਅਵਾਜ਼ ਸੁਣਾਈ ਦਿੱਤੀ।ਕੋਈ ਬਹੁਤ ਹੀ ਮੱਧਮ ਅਵਾਜ਼ ’ਚ ਰੁਕ-ਰੁਕ ਕੇ ‘ਹਾਏ’ ਕਹਿ ਰਿਹਾ ਸੀ। ਫ਼ਜ਼ਲਾ ਤਾਂ ਇਕ ਪਲ ਦੇ ਲਈ ਜਿਉਂ ਬੇਜਾਨ ਹੀ ਹੋ ਗਿਆ।ਉਸਦੇ ਪੈਰ ਇੱਕੋ ਥਾਂ ਜੰਮੇ ਰਹੇ।ਉਹ ਅਹਿੱਲ ਖੜਾ ਰਿਹਾ, ਕਿਸੇ ਬੁੱਤ ਦੇ ਵਾਂਗ।

ਕਮਾਲ ਨੇ ਉਸਨੂੰ ਝੰਜੋੜਿਆ ਤਾਂ ਉਹ ਹੋਸ਼ ’ਚ ਪਰਤਿਆ।ਉਹ ਅੱਭੜਵਾਹੇ ਵਿਲਕਦਾ-ਵਿਲਕਦਾ ਤਕੀਏ ਵਲ ਦੌੜ ਪਿਆ।

“ਹਾਏ ਓਏ ਰੱਬਾ!” ਅੱਬਾ ਦਾ ਕਲਾਵਾ ਭਰ ਕੇ ਉਹ ਜ਼ਾਰੋ-ਜ਼ਾਰ ਰੋਣ ਲੱਗ ਪਿਆ ਸੀ।

“ਫਜ਼ਲਿਆ ਹੋਸ਼ ਕਰ,ਪਾਸੇ ਹੋ,ਘਰ ਲੈ ਚੱਲੀਏ ਤਾਏ ਨੂੰ।” ਕਮਾਲ ਨੇ ਹਕੀਮ ਦੀ ਨਿਢਾਲ ਦੇਹ ਨੂੰ ਕਲ਼ਾਵਾ ਭਰ ਕੇ ਮੌਰਾਂ ’ਤੇ ਟਿਕਾ ਲਿਆ ਸੀ। ਉਹ ਤੇਜ਼-ਤੇਜ਼ ਕਦਮਾਂ ਦੇ ਨਾਲ਼ ਪਿੰਡ ਵਲ ਤੁਰ ਪਿਆ। ਫ਼ਜ਼ਲਾ ਅੱਬਾ ਦੀਆਂ ਲਮਕਦੀਆਂ ਬਾਹਵਾਂ ਨੂੰ ਬੋਚਦਾ ਪਿੱਛੇ-ਪਿੱਛੇ ਤੁਰ ਰਿਹਾ ਸੀ। ਕਰਮਦੀਨ ਦਾ ਹੂੰਗਣਾ ਵੀ ਬੰਦ ਹੋ ਗਿਆ ਸੀ। ਫ਼ਜ਼ਲਾ ਸਾਰੀ ਵਾਟ ‘ਅੱਬਾ ਬੋਲ,ਅੱਬਾ ਬੋਲ’ ਕਹੀ ਗਿਆ ਸੀ।ਘਰ ਪਹੁੰਚ ਕੇ ਜਦੋਂ ਕਰਮਦੀਨ ਨੂੰ ਮੰਜੇ ’ਤੇ ਉਤਾਰਿਆ ਗਿਆ ਤਾਂ ਉਹ ਪੂਰਾ ਹੋ ਚੁੱਕਾ ਸੀ।ਉਸਦਾ ਬਹੁਤਾ ਲਹੂ ਤਕੀਏ ਦੇ ਪੈਰਾਂ ’ਚ ਤੇ ਬਚਦਾ ਲਹਿਲੀ ਵਲ ਜਾਂਦੇ ਰੇਤੀਲੇ ਰਾਹ ’ਤੇ ਨੁੱਚੜ ਗਿਆ ਸੀ।

----

ਚੀਕ-ਚਿਹਾੜਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ।ਮੁਸਲਮਾਨਾ ਦੇ ਦਿਲ .ਖੌਫ ਨਾਲ਼

ਦਹਿਲ ਗਏ ਸਨ। ਮਜ਼੍ਹਬੀ ਤੁਅੱਸਬ ਦੀ ਅੱਗ ਨੇ ਨਾਰੂ ਨੰਗਲ ਦੇ ਦਰਾਂ ’ਤੇ ਦਸਤਕ ਦੇ ਦਿੱਤੀ ਸੀ।

“ਭਾਈਚਾਰੇ ਨਾਲ਼ ਧਰੋਹ ਦਾ ਫਲ਼ ਏ।ਚੋਰੀ-ਚੋਰੀ ਕਾਫਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮਾਂ ਲੌਣ ਜਾਂਦਾ ਸੀ।ਸਜ਼ਾ ਪਾ ਲਈ।”ਫ਼ਜ਼ਲੇ ਕੀ ਦੁਕਾਨ ਮੂਹਰੇ ਜੁੜੀ ਭੀੜ ’ਚੋਂ ਕਿਸੇ ਨੇ ਇਹ ਆਖਿਆ ਤਾਂ ਬਹੁਤਿਆਂ ਨੇ ਹੁੰਗਾਰਾ ਭਰ ਕੇ ਸਹਿਮਤੀ ਦਿੱਤੀ ਸੀ।

ਕਰਮਦੀਨ ਨੂੰ ਸਪੁਰਦੇ-ਖ਼ਾਕ ਕਰਨ ਸਮੇਂ ਸੱਤਾ ਵੀ ਇਕ ਪਾਸੇ ਖੜਾ ਪੱਗ ਦੇ ਲੜ ਨਾਲ਼ ਅੱਥਰੂ ਪੂੰਝ ਰਿਹਾ ਸੀ।

“ਪਿੱਠ ’ਤੇ ਬੜੇ ਡੂੰਘੇ ਟੱਕ ਆ ਛਵੀਆਂ ਦੇ।” ਕਰਮੂ ਦੀ ਗੱਲ ਸੁਣ ਕੇ ਉਸਨੇ ਨੀਵੀਂ ਪਾ ਲਈ ਸੀ।

ਕਬਰਸਤਾਨ ਤੋਂ ਘਰਾਂ ਵਲ ਮੁੜਦਿਆਂ ਪਿੰਡ ਦੀ ਫ਼ਿਜ਼ਾ ’ਚ ਜ਼ਹਿਰ ਜਿਹੀ ਘੁਲ਼ ਗਈ ਸੀ।

-----

ਹਰ ਬਸ਼ਿੰਦਾ ਸ਼ੱਕ ਤੇ ਖੌਫ ਨਾਲ਼ ਭਰ ਗਿਆ ਸੀ। ਮੁਸਲਮਾਨਾ ਦੇ ਦਿਲਾਂ ’ਚ ਗੁੱਸਾ ਤੇ ਰੋਹ ਵੀ ਸੀ।

ਸ਼ਾਮ ਤਕ ਇਹ ਅਫ਼ਵਾਹ ਫੈਲ ਗਈ ਸੀ ਕਿ ਉਹਨਾਂ ਨੇ ਘੱਟ ਗਿਣਤੀ ਹਿੰਦੂ ਤੇ ਸਿੱਖਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਲਈ ਏ।ਹਿੰਦੂ-ਸਿੱਖਾਂ ਨੇ ਕੀਮਤੀ ਸਮਾਨ ਦੀਆਂ ਗੰਠੜੀਆਂ ਬੰਨ੍ਹ ਕੇ ਗੱਡਿਆਂ ’ਤੇ ਲੱਦ ਲਈਆਂ ।ਘਰਾਂ ਨੂੰ ਜੰਦਰੇ ਮਾਰ ਕੇ ਉਹ ਨੇੜਲੇ ਪਿੰਡਾਂ ਵਲ ਵਹੀਰਾਂ ਘੱਤਣ ਲੱਗੇ।

“ਭਰਾਵੋ ਤ੍ਹਾਡੇ ਆਸਰੇ ਤਾਂ ਅਸੀਂ ਟਿਕਿਓ ਸੀ।ਤੁਸੀਂ ਵੀ ਛੱਡ ਚੱਲੇ ਓ ਸਾਨੂੰ ਜ਼ਲੀਲ ਤੇ ਕਤਲ ਹੋਣ ਦੇ ਲਈ।ਵਾਸਤਾ ਈ ਨਾ ਕਰੋ ਏਦਾਂ।”.ਫਜ਼ਲੇ ਦੀ ਗੱਲ ਸੁਣ ਕੇ ਕਰਮੂ ਦੀਆਂ ਅੱਖਾਂ ਛਲਕ ਪਈਆਂ।ਉਹ ਚਾਹੁੰਦੇ ਹੋਏ ਵੀ ਕੁਝ ਬੋਲ ਨਾ ਸਕਿਆ।ਉਸਨੇ ਮੂੰਹ ਘੁੰਮਾ ਕੇ ਬਲ਼ਦ ਹਿੱਕ ਦਿੱਤੇ।ਉਦਾਸ ਤੇ ਨਿਰਾਸ਼ ਫ਼ਜ਼ਲਾ ਉਸਨੂੰ ਮੋੜ ਮੁੜਨ ਤਕ ਵੇਖਦਾ ਰਿਹਾ।

ਉਸੀ ਸ਼ਾਮ ਮੀਏਂ ਦੀ ਹਵੇਲੀ ’ਚ ਇਕੱਠ ਹੋਇਆ।

“ਬਸ ਕੀਮਤੀ-ਕੀਮਤੀ ਸਮਾਨ ਚੁੱਕੋ।ਦੇਰੀ ਬਿਲਕੁਲ ਨਾ ਕਰਨੀ।ਇਹ ਪਿੰਡ ਹੁਣ ਸਾਡਾ ਨਹੀਂ,ਇਹ ਵਤਨ ਹੁਣ ਸਾਡਾ ਨਹੀਂ।ਇੱਜ਼ਤ-ਅਣਖ ਤੋਂ ਵੱਡੀ ਕੋਈ ਚੀਜ਼ ਨਹੀ।ਧੀਆਂ-ਭੈਣਾਂ ਨੂੰ ਹੱਥੀਂ ਕਤਲ ਕਰ ਦਿਓ।ਕਾਫਰਾਂ ਦੇ ਹੱਥੀਂ ਜ਼ਲੀਲ ਹੋਣ ਲਈ ਨਾ ਛੱਡਿਓ।ਚੌਂਕੀਦਾਰ ਦਾ ਹੌਕਾ ਸੁਣ ਕੇ ਮਸਜਿਦ ਅੱਗੇ ਆ ਜੁੜਨਾ।” ਉਸਦੇ ਬੋਲ ਖੁਸ਼ਕ ਹੁੰਦੇ-ਹੁੰਦੇ ਉਸਦਾ ਸਾਥ ਛੱਡ ਗਏ।

----

ਲੋਕ ਰੋ-ਰੋ ਸਮਾਨ ਦੀਆਂ ਗੰਠੜੀਆਂ ਬੰਨ੍ਹਣ ਲੱਗੇ।ਹੋਰ ਘੜੀ ਨੂੰ ਚੌਂਕੀਦਾਰ ਦੇ ਹੌਕੇ ਨੇ ਜੰਮਣ-ਭੋਂ ਨੂੰ ਛੱਡ ਦੇਣ ਦਾ ਐਲਾਨ ਕਰ ਦੇਣਾ ਸੀ।ਰੋਂਦੇ ਲੋਕ ਇਸ ਮਨਹੂਸ ਹੇਕ ਨੂੰ ਡਰਦੇ ਦਿਲਾਂ ਨਾਲ਼ ਉਡੀਕਣ ਲੱਗੇ।ਅਚਾਨਕ ਉਹਨਾਂ ਨੇ ਢੋਲ ਦੇ ਵੱਜਣ ਦੀ ਅਵਾਜ਼ ਸੁਣੀ।‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ਼ ਅੰਬਰ ਗੂੰਜ ਉਠਿਆ। ਕੁਝ ਦੇਰ ਦੇ ਚੀਕ-ਚਿਹਾੜੇ ਤੋਂ ਬਾਅਦ ਰਾਜਪੂਤਾਂ ਦੀਆਂ ਹਵੇਲੀਆਂ ’ਚੋਂ ‘ਅੱਲਾ ਹੂ ਅਕਬਰ’ ਦੀਆਂ ਹੇਕਾਂ ਉੱਠਣ ਲੱਗੀਆਂ। ਗੋਲ਼ੀਆਂ ਦੀ ਦਗੜ-ਦਗੜ ਨੇ ਕੁਝ ਦੇਰ ਛਵੀਆਂ ਨੂੰ ਬੌਣਿਆਂ ਕਰੀ ਰੱਖਿਆ। ਪਰ ਹੌਲ਼ੀ-ਹੌਲ਼ੀ ਧਾਵੀ ਹਾਵੀ ਹੁੰਦੇ ਗਏ। ਹੁਣ ਕਦੇ ਕਿਸੇ ਤੇ ਕਦੇ ਕਿਸੇ ਘਰ ’ਚੋਂ ਚੀਕਾਂ ਉਭਰਨ ਲੱਗੀਆਂ।ਪੰਡਤਾਂ ਵਾਲੀ ਖੂਹੀ ਤੇ ਮੀਏਂ ਵਾਲ਼ਾ ਖੂਹ ਲਾਸ਼ਾਂ ਨਾਲ਼ ਭਰ ਗਏ।ਬਹੁਤੇ ਰਾਜਪੂਤਾਂ ਨੇ ਧੀਆਂ ਦੀਆਂ ਸੰਘੀਆਂ ਆਪੇ ਨੱਪ ਦਿੱਤੀਆਂ।ਮੀਆਂ ਗੋਲੀਆਂ ਨਾਲ਼ ਮਾਰਿਆ ਗਿਆ ਤੇ ਬੇਗਮ ਨੇ ਖੂਹ ’ਚ ਛਾਲ ਮਾਰ ਦਿੱਤੀ ।ਨਫੀਸਾਂ ਬਿਸਤਰਿਆਂ ’ਚ ਗੱਠੜੀ ਜਿਹੀ ਬਣ ਕੇ ਲੁਕੀ ਰਹੀ।ਇਸ ਰੌਲ਼ੇ-ਗੌਲ਼ੇ ’ਚ ਚੱਬੇਵਾਲੀਆ ਮਿੰਦਰ ਚੁਬਾਰੇ ਦੀਆਂ ਪੌੜੀਆਂ ਚੜ ਗਿਆ।ਨਫੀਸਾਂ ਉਸਦੇ ਹੱਥ ਲੱਗ ਗਈ। ਮਿੰਦਰ ਨੇ ਸੁੰਨ ਹੋਈ ਤੇ ਹੱਥ ਜੋੜਦੀ ਨਫੀਸਾਂ ਦਾ ਕਲ਼ਾਵਾ ਭਰ ਕੇ ਪੌੜੀਆਂ ਉੱਤਰ ਆਇਆ।ਤੇ ਅੱਖ ਦੇ ਫੋਰ ’ਚ ਉਸਨੂੰ ਘੋੜੀ ’ਤੇ ਬਿਠਾ ਕੇ ਹਨੇਰੇ ’ਚ ਅਲੋਪ ਹੋ ਗਿਆ।

“ਕੁੱਤਾ ਭੈਣ ਆਪਣੀ ਦਾ…।” ਧੰਨਾ ਗੁੱਸੇ ’ਚ ਗਰਜਿਆ।

“ਗੁਰੂ ਦਾ ਝੂਠਾ ਸਿੰਘ।ਪਿੱਛਾ ਕਰੋ ਗੱਦਾਰ ਦਾ।”

ਜਥੇਦਾਰ ਦੇ ਹੁਕਮ ਦੀ ਪਾਲਣਾ ਕਰਦਿਆਂ ਬਹੁਤੇ ਮੁੰਡਿਆਂ ਨੇ ਮਿੰਦਰ ਪਿੱਛੇ ਘੋੜੇ ਦੁੜਾ ਲਏ।ਹਮਲੇ ਦੀ

ਮਾਰ ਘਟ ਗਈ।ਜਥਾ ਪਿਛਾਂਹ ਵਲ ਪਰਤ ਗਿਆ।

ਹੁਣ ਪਿੰਡ ਮਾਤਮ ਤੇ ਸਹਿਮ ’ਚ ਡੁੱਬਿਆ ਪਿਆ ਸੀ।

ਕਿੰਨ੍ਹੇ ਹੀ ਘਰਾਂ ’ਚ ਲਹੂ ਡੁੱਲਿਆ ਪਿਆ ਸੀ।ਜ਼ਖਮੀ ਹੋਏ ਵੀ ਚੁੱਪ-ਚਾਪ ਰੋ ਰਹੇ ਤੇ ਤੜਫ ਰਹੇ ਸਨ।

ਜਿਉਂਦੀਆਂ ਦੇਹਾਂ ਲਾਸ਼ਾਂ ਦੇ ਸਿਰਹਾਣੇ ਚੁੱਪ-ਚਾਪ ਅੱਥਰੂ ਕੇਰ ਰਹੀਆਂ ਸਨ।ਚੀਕਾਂ ਤੇ ਵੈਣ ਤਾਂ ਜਿਉਂ

ਵਰਜਿਤ ਸਨ।ਕੁਝ ਹਾਲੇ ਵੀ ਸਹਿਮੇ ਲੁਕੇ ਬੈਠੇ ਸਨ। ਇਕ ਮੁਰਦੇਹਾਣੀ ਸ਼ਾਂਤੀ ਨੇ ਸਾਰਾ ਪਿੰਡ ਬੁੱਕਲ ’ਚ ਲੈ ਲਿਆ ਸੀ।

-----

ਅੱਧੀ ਕੁ ਰਾਤੇ,ਇਕ ਦਰਦੀਲੀ ਤੇ ਤਰਲਿਆਂ ਨਾਲ਼ ਭਰੀ ਅਵਾਜ਼ ਨੇ ਸਹਿਮੇ ਤੇ ਦੁਖੀ ਲੋਕਾਂ ਦੇ ਦਿਲ ਕੰਬਾ ਦਿੱਤੇ ਸਨ।

“ਉੱਠੋ ਭਰਾਵੋ ਉੱਠੋ।ਇਹ ਮਾਤਮ ਦਾ ਵੇਲਾ ਨਹੀਂ।ਮੈਂ ਸੱਤਾ ਆਂ ਲੁਹਾਰਾਂ ਦਾ।ਮੈਂ ਲਹਿਲੀਉ ਆਇਆਂ ਦੌੜਕੇ।ਵੱਡੇ ਤੜਕੇ ਫਿਰ ਹਮਲਾ ਹੋਣਾ।ਪੱਕੀਆਂ ਸਲਾਹਾਂ ਹੋ ਚੁੱਕੀਆਂ ਨੇ।ਉਠੋ,ਸੰਭਲੋ,ਚੱਕ ਸਾਦੂ ਕੈਂਪ ਪਹੁੰਚੋ।”

ਇਕ ਸਿੱਖ ਦੀ ਕਿਸੇ ਵੀ ਗੱਲ ਦਾ ਲੋਕਾਂ ਯਕੀਨ ਨਾ ਕੀਤਾ।ਬਹੁਤਿਆਂ ਨੂੰ ਇਹ ਧੰਨੇ ਦੇ ਜਥੇ ਦੀ ਕੋਈ ਚਾਲ ਹੀ ਲੱਗੀ।

“ਉਏ ਫਜ਼ਲਿਆ,ਤੂੰ ਹੀ ਉੱਠ ਜੇ ਜਿਉਂਦਾ ਏ ਤਾਂ।ਸਮਝਾ ਸਾਰਿਆ ਨੂੰ।ਰਾਤ ਮੁੱਕਣ ਤੋਂ ਪਹਿਲਾਂ-ਪਹਿਲਾਂ ਸਾਰੇ ਮੁਕਾ ਦੇਣੇ ਆਂ ਉਹਨਾਂ ਸਾਰੇ।ਓਏ ਕੁੰਡਾ ਤਾਂ ਖੋਲ੍ਹ।” ਸੱਤੇ ਦੀ ਕੜਕਦੀ ਅਵਾਜ਼ ਇਕ ਬਚਕਾਨਾ ਜਿਹੀ ਲੇਰ ਬਣ ਕੇ ਰਹਿ ਗਈ।

ਫ਼ਜ਼ਲਾ ਉਠਿਆ।ਮਾਂ ਤੇ ਭੈਣਾਂ ਨੇ ਦਰ ਨਾ ਖੋਲ੍ਹਣ ਲਈ ਵਾਸਤੇ ਪਾਏ।

“ਅੱਗੇ ਘੱਟ ਧੋਖਾ ਖਾਧਾ ਅਸੀਂ ਇਹਨਾਂ ਸਿੱਖੜਿਆਂ ਕੋਲੋਂ!ਮਿੰਨਤ ਨਾਲ਼ ਦਰ ਨਾ ਖੋਲ੍ਹੀਂ।ਹੋਰ ਨਹੀਂ ਤਾਂ ਜਵਾਨ-ਜਹਾਨ ਭੈਣਾਂ ਦਾ ਈ ਖ਼ਿਆਲ ਕਰ।”

ਫ਼ਜ਼ਲਾ ਗਲ਼ੀ ’ਚ ਆ ਗਿਆ।ਉਹ ਤੇ ਸੱਤਾ ਗਲ਼ੀ-ਗਲ਼ੀ ਦੌੜ ਕੇ ਅਵਾਜ਼ਾਂ ਮਾਰਦੇ ਰਹੇ।

----

ਫ਼ਜ਼ਲੇ ਦੀ ਅਵਾਜ਼ ਸੁਣ ਕੇ .ਖੌਫ ਤੇ ਦੁੱਖਾਂ ਨਾਲ਼ ਸੁੰਨ ਹੋਈਆਂ ਦੇਹਾਂ ’ਚ ਹਿਲਜੁਲ ਹੋਈ।ਉਹ ਉੱਠੀਆਂ ਮੋਏ ਪਤੀ,ਪਤਨੀ,ਪੁੱਤਰ,ਧੀ ਤੇ ਮਾਂ ਦੀਆਂ ਲਾਸ਼ਾਂ ਕੋਲੋਂ।ਉਹਨਾਂ ਦੇ ਅਹਿੱਲ ਮੁੱਖ ਚੁੰਮ ਕੇ।ਉਹਨਾਂ ਨੂੰ ਕਫ਼ਨ-ਦਫ਼ਨ ਦੇ ਬਗੈਰ ਛੱਡ ਕੇ ਤੁਰ ਜਾਣ ਲਈ ਮੁਆਫੀਆਂ ਮੰਗ ਕੇ।ਉਹਨਾਂ ਨੇ ਕੰਬਦੇ ਹੱਥਾਂ ਨਾਲ਼ ਬਚੇ-ਖੁਚੇ ਸਮਾਨ ਦੀਆਂ ਗੰਠੜੀਆਂ ਚੁੱਕੀਆਂ ਤੇ ਤੁਰ ਪਈਆਂ:ਘਰਾਂ ਨੂੰ ਆਖਰੀ ਸਲਾਮ ਕਹਿ ਕੇ, ਚੁਗਾਠਾਂ ਨੂੰ ਚੁੰਮ ਕੇ, ਸਰਦਲਾਂ ’ਤੇ ਅੱਥਰੂ ਚੁਆ ਕੇ।ਉਹ ਥੱਕੇ-ਟੁੱਟੇ ਕਦਮਾਂ ਦੇ ਨਾਲ਼ ਗਲ਼ੀਆਂ ’ਚ ਆਉਂਦੀਆਂ ਗਈਆਂ ਤੇ ਹੌਲ਼ੀ-ਹੌਲ਼ੀ ਮਸਜਿਦ ਮੂਹਰਲੇ ਪਿੱਪਲ਼ ਹੇਠ ਇੱਕਠੀਆਂ ਹੁੰਦੀਆਂ ਗਈਆਂ।ਦੁੱਖਾਂ ਨੇ ਉਹਨਾਂ ਦੇ ਗਲ਼ੇ ਹੰਝੂਆਂ ਨਾਲ਼ ਭਰ ਦਿੱਤੇ ਸਨ।ਉਹ ਅਬੋਲ ਇਕ-ਦੂਜੇ ਦੇ ਗਲ਼ੇ ਲੱਗ ਕੇ ਡੁਸਕ ਰਹੀਆਂ ਸਨ।ਧੜੱਲੇਦਾਰ ਰਾਜਪੂਤਾਂ ਦੇ ਸਿਰ ਅੱਜ ਮੋਚੀਆਂ ਤੇ ਮਰਾਸੀਆਂ ਦੇ ਮੋਢਿਆਂ ’ਤੇ ਟਿਕੇ ਹੋਏ ਸਨ।ਦੁੱਖਾਂ-ਭਰੇ ਸਿਰਾਂ ਨੂੰ ਜਿਉਂ ਜਾਤ-ਔਕਾਤ ਵਾਲਾ ਸਬਕ ਹੀ ਭੁੱਲ ਗਿਆ ਹੋਵੇ।

ਦੁਖੀਆਂ ਦਾ ਇਹ ਕਾਫਲਾ ਸੱਤੇ ਤੇ ਫ਼ਜ਼ਲੇ ਦੇ ਪਿੱਛੇ ਲੱਗ ਤੁਰਿਆ:ਇਕ ਅਣ-ਚਾਹੇ,ਅਣ-ਮੰਗੇ ਤੇ ਅਣ-ਵੇਖੇ ਵਤਨ ਦੇ ਵਲ।ਪਹੁ ਫੁੱਟਣ ਤੋਂ ਪਹਿਲਾਂ ਉਹ ਚੱਕ ਸਾਦੂ ਕੈਂਪ ਪਹੁੰਚ ਗਏ ਸਨ।ਓਥੇ ਉਹਨਾਂ ਦੀ ਹਿਫ਼ਾਜ਼ਤ ਲਈ ਬਲੋਚੀ ਰਜਮੰਟ ਸੀ।

----

ਪਿੰਡ ਵਲ ਪਰਤਦਿਆਂ,ਸੱਤੇ ਨੂੰ ਇਉਂ ਲੱਗ ਰਿਹਾ ਸੀ, ਜਿਉਂ ਉਹ ਕਿਸੇ ਥੇਹ ਜਾਂ ਕਬਰਿਸਤਾਨ ਵਲ ਜਾ ਰਿਹਾ ਹੋਵੇ।ਪਿੰਡ ਦੀ ਜਾਨ ਨੂੰ ਤਾਂ ਉਹ ਆਪ ਮੂਹਰੇ ਲੱਗ ਕੇ ਛੱਡ ਆਇਆ ਸੀ:ਕਿਧਰੇ ਦੂਰ, ਬਹੁਤ ਦੂਰ ਚਲੇ ਜਾਣ ਦੇ ਲਈ।

ਧੰਨੇ ਦਾ ਜਥਾ ਉੱਜੜੇ ਹੋਏ ਪਿੰਡ ਨੂੰ ਲੁੱਟ ਰਿਹਾ ਸੀ।

“ਮੁਸਲਿਆਂ ਨੂੰ ਕਿਹਨੇ ਸੂਹ ਦਿੱਤੀ ਆ? ਪਤਾ ਲੱਗ ਜਾਏ ਓਸ ਕੌਮ ਦੇ ਗੱਦਾਰ ਦਾ।ਗੁਰੁ ਦੀ ਸਹੁੰ,ਕੁੱਤੇ ਦੀ ਮੌਤ ਮਾਰਾਂਗੇ ਓਸ ਮਾਂ ਆਪਣੀ ਦੇ….।” ‘ਸਿੰਘ’ ਅੱਗ ਬਬੂਲਾ ਹੁੰਦੇ ਜਾ ਰਹੇ ਸਨ।

ਮਿਹਰਦੀਨ ਲੰਬੜ ਦਾ ਸਾਰਾ ਘਰ ਲਾਸ਼ਾਂ ਨਾਲ਼ ਭਰਿਆ ਪਿਆ ਸੀ।ਉਸਦੀ ਇਕਲੌਤੀ ਮੁਟਿਆਰ ਧੀ ਚੌਂਕੇ ਦੇ ਓਟੇ ਕੋਲ਼ ਲੁੜਕੀ ਪਈ ਸੀ।ਰਾਤੀਂ ਕਿਸੇ ਧਾਵੀ ਨੇ ਬਰਛਾ ਉਸਦੀ ਛਾਤੀ ਦੇ ਆਰ-ਪਾਰ ਕਰ ਦਿੱਤਾ ਸੀ।

“ਓਏ ਹਰਾਮਜਾਦਿਓ! ਇਹ ਕੀ ਗਲਤੀ ਕਰਤੀ ਤੁਸਾਂ।ਵਾਰ ਕਰਨ ਲੱਗੇ ਚਿਹਰਾ-ਮੋਹਰਾ ਤਾਂ ਦੇਖ ਲਿਆਂ ਕਰੋ।” ਧੰਨੇ ਨੇ ਮੋਈ ਕੁੜੀ ਦੇ ਚਿਹਰੇ ’ਤੇ ਪੋਲਾ-ਪੋਲਾ ਹੱਥ ਫੇਰਿਆ।ਉਸਦੀ ਨਿਗਾਹ ਕੁਝ ਪਲ ਲਈ ਕੁੜੀ ਦੇ ਉਭਾਰਾਂ ’ਤੇ ਟਿਕੀ ਰਹੀ।

----

ਦੁਪਹਿਰੋਂ ਬਾਅਦ ਜੱਟਾਂ ਨੇ ਗੱਡਿਆਂ ’ਤੇ ਸਮਾਨ ਲੱਦ ਕੇ ਆਪੋ-ਆਪਣੇ ਪਿੰਡਾਂ ਵੱਲ ਮੋੜੇ ਪਾ ਦਿੱਤੇ ਸਨ।ਉਹਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਗੱਲਾਂ ’ਚ ਇਕ ਚਾਅ ਜਿਹਾ ਸੀ।

“ਰਾਤੀਂ ਫਿਰ ਕਿਹੜੇ ਪਿੰਡ ਨਿਉਂਦਾ ਆ?” ਬਠੁੱਲੇ ਵਾਲੇ ਜਗਤੇ ਨੇ ਜਿਆਣੀਏ ਸੰਤੇ ਨੂੰ ਪੁੱਛਿਆ।

“ਭੁੱਲੇਆਲ ਰਾਠਾਂ ਈ ਬਚਿਆ ਹੁਣ ਤਾਂ।ਬੜੀਆਂ ਮਾਲਦਾਰ ਸਾਮੀਆਂ ਆਂ ਓਸ ਪਿੰਡ।ਨਾਲ਼ੇ ਧੰਨੇ ਦਾ ਤਾਂ ਚੁੱਲੇ ਨਿਉਂਦਾ ਏ ਰਾਤੀਂ।” ਸੰਤਾ ਬੋਲਿਆ।

“ਉਹ ਕਿੱਦਾਂ ਸੰਤਿਆ।”

“ਮੀਏ ਦੀ ਤਿਤਲੀ ਨੂੰ ਤਾਂ ਲੈ ਗਿਆ ਮਿੰਦਰ।ਵੱਡੇ ਰਾਠ ਦੀਆਂ ਤਿੰਨ ਧੀਆਂ।ਇਕ ਤੋਂ ਇਕ ਚੜ੍ਹਦੀ।ਧੰਨੇ ਨੇ ਉਨ੍ਹਾਂ ’ਚੋਂ ਸੋਹਣੀ ਛਾਂਟ ਕੇ ਘਰ ਵਸੌਣਾ।” ਸੰਤੇ ਨੇ ਹੱਸ ਕੇ ਗੱਲ ਮੁਕਾਈ।

ਨਾਰੂ ਨੰਗਲ ਤੋਂ ਗਏ ਹਿੰਦੂ-ਸਿੱਖ ਦੂਸਰੇ ਦਿਨ ਵਾਪਸ ਪਰਤ ਆਏ।ਸੱਤੇ ਨੇ ਮੂਹਰੇ ਹੋ ਕੇ ਸਾਰੀਆਂ ਲਾਸ਼ਾਂ ਨੂੰ ਸਪੁਰਦੇ-.ਖਾਕ ਕੀਤਾ ਸੀ।ਮੀਏਂ ਦੀ ਦੇਹ ’ਤੇ ਮਿੱਟੀ ਪਾਉਂਦਿਆਂ ਉਸ ਦਾ ਸਿਰ ਚਕਰਾ ਗਿਆ ਸੀ।

“ਕਿੰਨ੍ਹਾਂ ਰ੍ਹੋਬ ਸੀ,ਕਿੰਨ੍ਹੀ ਟ੍ਹੌਰ,ਕਿੰਨ੍ਹੀ ਜ਼ਮੀਨ ਤੇ ਕਿੰਨ੍ਹੀ ਇੱਜ਼ਤ।ਬਸ ਏਡੀ ਕੁ ਖੇਡ ਆ ਜ਼ਿੰਦਗੀ ਦੀ।ਵਾਹ ਨ੍ਹੀ ਕੁਜਰਤੇ! ਮੰਨ ਗਏ ਤੇਰੇ ਰੰਗਾਂ ਨੂੰ।” ਉਸਦੀ ਅੱਖ ’ਚੋਂ ਟਪਕ ਕੇ ਅੱਥਰੂ ਟੋਏ ’ਚ ਪਏ ਮੀਏਂ ਦੀ ਹਿੱਕ ’ਤੇ ਜਾ ਡਿਗੇ ਸਨ।

----

ਹੌਲ਼ੀ-ਹੌਲ਼ੀ ਜਨੂੰਨੀ ਪੌਣਾਂ ਨੇ ਰੁਮਕਣਾ ਬੰਦ ਕਰ ਦਿੱਤਾ ਸੀ।

ਅੰਬਰ ਤੱਕ ਉਡੀ ਧੂੜ ਮੁੜ ਧਰਤੀ ’ਤੇ ਬੈਠ ਗਈ ਸੀ।

ਰੌਲ਼ਿਆਂ ਦੀ ਵੱਤਰ ਸਾਂਭਣ ਵਾਲ਼ੇ ਜੱਟਾਂ ਨੇ ਜ਼ਮੀਨ ਦੀ ਵੱਤਰ ਸਾਂਭਣ ਦੇ ਲਈ ਹਲ਼ਾਂ ਦੀਆਂ ਮੁੰਨੀਆਂ ਫੜ ਲਈਆਂ।ਲੁੱਟ ਦੇ ਮਾਲ ਨਾਲ਼ ਭਰੇ ਘਰਾਂ ਦਾ ਚਾਅ ਉਹਨਾਂ ਨੂੰ ਥੱਕਣ ਹੀ ਨਹੀਂ ਸੀ ਦਿੰਦਾ।

ਨਾਰੂ ਨੰਗਲ ’ਚ ਰਾਜਪੂਤਾਂ ਦੀਆਂ ਜ਼ਮੀਨਾਂ ਸਾਂਭਣ ਵਾਲ਼ੇ ਵੀ ਆਣ ਪਹੁੰਚੇ ਸਨ:ਸਿਆਲਕੋਟੀਏ ਭਿੰਡਰ,ਕਲੇਰ ਤੇ ਬਾਜਵੇ। ਕੁਝ ਬਾਹਮਣ ਵੀ ਆਏ,ਜੱਟਾਂ ਵਾਂਗ ਹੀ ਖੇਤੀ ਕਰਨ ਵਾਲ਼ੇ ਤੇ ਪੂਰੇ ਖਰਾਂਟ।ਇਹਨਾਂ ‘ਨਵਿਆਂ’ ਦੀਆਂ ਤਾਂ ਕੁੜੀਆਂ ਹੀ ਸੈਣੀ ਤੇ ਲੁਬਾਣਿਆਂ ਦੇ ਮੁੰਡਿਆਂ ਨੂੰ ਖੰਘਣ ਤੱਕ ਨਾ ਦਿੰਦੀਆਂ।

‘ਨਵਿਆਂ’ ਦੀ ਬੋਲੀ,ਵੇਸ ਤੇ ਕੰਮਕਾਰ ਜੱਦੀ ਬਸ਼ਿੰਦਿਆਂ ਨੂੰ ਓਪਰੇ-ਓਪਰੇ ਤੇ ਅਨੋਖੇ ਲੱਗਦੇ।

“ਜਿਹੜੇ ਚਲੇ ਗਏ ਉਹ ਚੰਗੇ ਸੀ।” ਕੋਈ ਉਦਾਸ ਸੁਰ ’ਚ ਆਖਦਾ।

“ਸੱਚ ਆਖਿਆ,ਬਹੁਤ ਚੰਗੇ।” ਹਰ ਕੋਈ ਹੁੰਗਾਰਾ ਭਰਦਾ।

“ਸਾਲਿਆਂ ਰੌਲਿਆਂ ਨੇ ਚੰਗੇ-ਚੰਗੇ ਸਾਥੋਂ ਖੋਹ ਲਏ।” ਕੋਈ ਵਿਗੋਚੇ ’ਚ ਆਖਦਾ।

“…ਤੇ ਆਹ ਵੱਢ-ਖਾਣੇ ਸਾਡੇ ਪੱਲੇ ਪਾ ਦਿੱਤੇ।” ਕੋਈ ਦੂਸਰਾ ਕੁੜੱਤਣ ਨਾਲ਼ ਆਖਦਾ ਤਾਂ ਬਹੁਤੇ

ਸਹਿਮਤੀ ’ਚ ਸਿਰ ਮਾਰਦੇ।

ਸਿਆਲਕੋਟੀਆਂ ਨੇ ਮਸਜਿਦ ’ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਦਿੱਤੀ ਸੀ।ਲੁਹਾਰਾਂ ਤੇ ਲੁਬਾਣਿਆਂ ਦਾ ਗੁਰਦੁਆਰਾ ਪਹਿਲਾਂ ਤੋਂ ਸੀ। ਇਸ ਨਵੇਂ ਗੁਰਦੁਆਰੇ ਦਾ ਨਾਂ ‘ਮਸਜਿਦ ਆਲਾ ਗੁਰਦੁਆਰਾ’ ਪੈ ਗਿਆ।

ਤੁਰ ਗਿਆਂ ਦੀਆਂ ਨਿਸ਼ਾਨਿਆਂ ਤੇ ਨਾਵਾਂ ਨੂੰ ਮੇਟਣਾ ਏਡਾ ਸੌਖਾ ਨਹੀਂ ਸੀ।ਨਾ ਤਾ ਜ਼ੁਬਾਨਾਂ ਤੋਂ ਜ਼ਿਕਰ ਟੁੱਟਦੇ ਸਨ ਤੇ ਨਾ ਹੀ ਚੇਤਿਆਂ ’ਚੋਂ ਸੂਰਤਾਂ ਖੁਰਦੀਆਂ ਸਨ।

----

ਸੰਤਾ ਸਿੰਘ ਕਈ ਵਾਰ ਉਲਾਂਭਾ ਦਿੰਦਿਆਂ ਆਖਦਾ ਕਿ ਮੀਏਂ ਵਾਲੇ ਖੇਤਾਂ ਨੂੰ ਉਸ ਵਾਲੇ ਮੁਰੱਬੇ ਆਖਿਆ ਜਾਵੇ।ਇਸ ਤਰ੍ਹਾਂ ਦਾ ਗਿਲਾ ਕੌੜਾ ਮੱਲ ਝਾਂਗੀ ਨੂੰ ਵੀ ਸੀ ਕਿ ਉਸਦਾ ਘਰ ਹਾਲੇ ਵੀ ਦਿਲਸ਼ਾਦ ਵਾਲ਼ਾ ਚੁਬਾਰਾ ਸੀ।ਸ਼ੇਰ ਮੁਹੰਮਦ ਵਾਲ਼ੀ ਹਵੇਲੀ ਚਾਰ ਦਹਾਕਿਆਂ ਬਾਅਦ ਵੀ ਚੰਨਣ ਸਿੰਘ ਬਾਜਵੇ ਦੇ ਨਾਂ ਨਾਲ਼ ਨਹੀਂ ਸੀ ਜੁੜੀ।ਹੰਸੇ ਬਾਹਮਣ ਦੇ ਵਿਹੜੇ ’ਚ ਖੜੀ ਨਿੰਮ ਅੱਜ ਵੀ ਮੁਸਤਫੇ ਵਾਲ਼ੀ ਨਿੰਮ ਸੀ।

“ਚਾਲ਼ੀ ਸਾਲ ਹੋ ਗਏ ਇਹਦੀ ਛਾਂ ਮਾਣਦਿਆਂ,ਇਹ ਸਾਡੀ ਨਹੀਂ ਜੇ ਹੋਈ।”ਹੰਸੇ ਬਾਹਮਣ ਦਾ ਮੁੰਡਾ ਦੁਖੀ ਮਨ ਨਾਲ਼ ਆਖਦਾ। ਇਵੇਂ ਹੀ ‘ਮੀਏਂ ਵਾਲ਼ੀ ਕੋਠੀ’ ਤੇ ‘ਹਕੀਮ ਕੀ ਦੁਕਾਨ’ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਚੜੇ ਹੋਏ ਸਨ।

----

ਇਹਨਾਂ ਦਿਨਾਂ ਦੀ ਗੱਲ਼ ਹੈ।

ਗਰਮੀਆਂ ਦੀ ਰੁੱਤ ਦੀ ਸ਼ੁਰੂਆਤ ਸੀ।ਨਾਰੂ ਨੰਗਲ ਦੇ ਅੰਬਾਂ ਨੂੰ ਬੂਰ ਪੈ ਰਿਹਾ ਸੀ।

ਇਕ ਸ਼ਾਮ,ਅੱਡੇ ’ਤੇ ਇਕ ਵੱਖਰੀ ਜਿਹੀ ਦਿੱਖ ਵਾਲ਼ਾ ਓਪਰਾ ਜਿਹਾ ਵਿਅਕਤੀ ਮਿੰਨੀ ਬੱਸ ਤੋਂ ਉੱਤਰਿਆ। ਉਸਦੇ ਹੱਥ ’ਚ ਸੂਟਕੇਸ ਸੀ।ਲੰਬਾ ਕੱਦ,ਪਤਲਾ ਸਰੀਰ,ਕਤਰੀ ਹੋਈ ਬੱਗੀ ਦਾੜ੍ਹੀ, ਗੋਰਾ-ਨਿਛੋਹ ਰੰਗ ਤੇ ਮੋਟੀਆਂ-ਕਾਲ਼ੀਆਂ ਅੱਖਾਂ ਵਾਲ਼ੇ ਇਸ ਸ਼ਖਸ ਨੇ ਚਿੱਟੀ ਪੱਗ ਤੇ ਸਲਵਾਰ-ਕਮੀਜ਼ ਪਾਈ ਹੋਈ ਸੀ।ਇਹ ਜਦੋਂ ਪਿੰਡ ਦੇ ਬਜ਼ਾਰ ’ਚ ਆਇਆ ਤਾਂ ਹਰ ਕੋਈ ਹੈਰਾਨੀ-ਭਰੇ ਧਿਆਨ ਨਾਲ਼ ਵੇਖ ਰਿਹਾ ਸੀ।

ਆਲ਼ੇ-ਦੁਆਲ਼ੇ ਨੂੰ ਗਹੁ ਨਾਲ਼ ਵੇਖ ਕੇ ਤੁਰਦਾ ਉਹ ਇਕ ਦੁਕਾਨ ਮੂਹਰੇ ਰੁਕ ਗਿਆ।ਦੁਕਾਨਦਾਰ ਮੁੰਡੇ ਨੇ ਉਸਨੂੰ ਗਾਹਕ ਸਮਝਦਿਆਂ ਆਵਾਜ਼ ਦਿੱਤੀ।ਉਹ ਉਦਾਸ ਚਿਹਰਾ ਲਈ ਥੱਕੇ ਜਿਹੇ ਕਦਮਾਂ ਨਾਲ਼ ਦੁਕਾਨ ਦਾ ਦਰ ਲੰਘ ਗਿਆ।

‘ਉਹੀ ਲਕੜੀ ਦਾ ਬੂਹਾ,ਉਹੀ ਕੰਧਾਂ ਤੇ ਉਹੀ ਰੋਸ਼ਨਦਾਨ,ਪਰ ਇਨਸਾਨ ਬਦਲ ਗਏ।’ ਇਹ ਸੋਚਦਿਆਂ ਉਸਦਿਆਂ ਅੱਖਾਂ ਛਲਕ ਪਈਆਂ।

“ਦੱਸੋ ਜੀ ਕੀ ਚਾਹੀਦੈ?”

ਉਸਨੂੰ ਹਮੇਸ਼ਾਂ ਦੇ ਲਈ ਆਪਣਾ ਪਿੰਡ ਚਾਹੀਦਾ ਸੀ ;ਆਪਣਾ ਨਾਰੂ ਨੰਗਲ।

“ਕੀ ਵਿਖਾਵਾਂ?” ਮੁੰਡੇ ਨੇ ਕੱਪੜਿਆਂ ਦੇ ਥਾਨ ਨੂੰ ਹੱਥ ਪਾਉਂਦਿਆਂ ਪੁੱਛਿਆ।

ਉਹ ਵੇਖਣਾ ਚਾਹੁੰਦਾ ਸੀ ਉਹ ਸਾਰੇ ਚਿਹਰੇ ਜਿਨ੍ਹਾਂ ਨੂੰ ਵੇਖੇ ਬਗੈਰ ਕਦੇ ਵਕਤ ਨਹੀਂ ਸੀ ਗੁਜ਼ਰਦਾ ਹੁੰਦਾ।

“ਕੁਝ ਤਾਂ ਲਵੋ ਤੁਹਾਡੀ ਆਪਣੀ ਦੁਕਾਨ ਏਂ।”

ਉਸਦੇ ਦਿਲ ਦਾ ਰੁੱਗ ਭਰਿਆ ਗਿਆ।ਉਹ ਦੁਕਾਨ ’ਚੋਂ ਨਿਕਲ ਕੇ ਤੇਜ਼-ਤੇਜ਼ ਕਦਮਾਂ ਨਾਲ਼ ਸੱਤੇ ਦੇ ਘਰ ਵਲ ਤੁਰ ਪਿਆ।

“ਅੱਲਾ ਕਰੇ ਉਹ ਜਿਉਂਦਾ ਹੋਵੇ।” ਹਰ ਕਦਮ ਨਾਲ਼ ਉਸਦੇ ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ।

ਸੱਤੇ ਕੇ ਕਾਰਖਨੇ ਵਾਲ਼ੀ ਥਾਂ ’ਤੇ ਆਟੇ ਵਾਲ਼ੀ ਚੱਕੀ ਚਲ ਰਹੀ ਸੀ।ਸਾਹਮਣਲੇ ਤੌੜ ’ਚ ਖੜੇ ਸ਼ਹਿਤੂਤ ਦੀ ਛਾਵੇਂ ਡੱਠੇ ਅਲ੍ਹਾਣੇ ਮੰਜੇ ’ਤੇ ਪਿਆ ਬਜ਼ੁਰਗ ਕਿਸੇ ਡੂੰਘੀ ਸੋਚ ’ਚ ਉਤਰਿਆ ਪਿਆ ਸੀ।ਆਉਣ ਵਾਲ਼ਾ ਕੁਝ ਦੇਰ ਮੰਜੇ ਦੇ ਸਿਰ੍ਹਾਣੇ ਖੜ ਕੇ ਉਸਨੂੰ ਪਛਾਣਦਾ ਰਿਹਾ।

“ਸੱਤਿਆ!” ਉਹ ਮੰਜੇ ’ਤੇ ਥੋੜ੍ਹਾ ਝੁਕਦਿਆਂ ਬੋਲਿਆ।

“ਕੌਣ?” ਐਨਕ ਦੇ ਮੋਟੇ ਸ਼ੀਸ਼ਿਆਂ ’ਚੋਂ ਦੀ ਝਾਕਦਾ ਸੱਤਾ ਉਠ ਕੇ ਬੈਠ ਗਿਆ।

“ਉਹ ਏਡੀ ਛੇਤੀਂ ਭੁੱਲ ਗਿਆਂ ਲੁਹਾਰਾ, ਸਾਨੂੰ ਹੱਥੀਂ ਰੁਖ਼ਸਤ ਕਰਕੇ।”

ਇਹ ਗੱਲ ਸੁਣਕੇ ਸੱਤਾ ਉਠ ਖੜ੍ਹਾ ਹੋ ਗਿਆ।

“ਬੱਲੇ ਬਈ ਬੱਲੇ!ਫਜ਼ਲਿਆ ਤੂੰ?ਆਹ ਤਾਂ ਕਮਾਲਾਂ ਹੋ ਗਈਆਂ ਯਾਰਾ।ਮੈਂ ਤਾਂ ਆਸ ਈ ਮੁਕਾ ਛੱਡੀ ਸੀ।”

ਸੱਤੇ ਨੇ ਫ਼ਜ਼ਲੇ ਨੂੰ ਕਲ਼ਾਵੇ ’ਚ ਲੈ ਲਿਆ ।ਉਹ ਚੁੱਪ-ਚਾਪ ਖੜੇ ਰਹੇ।ਉਹਨਾਂ ਦੀਆਂ ਅੱਖਾਂ ’ਚੋਂ ਅੱਥਰੂ ਕਿਰਦੇ ਰਹੇ।ਜਦੋਂ ਉਹਨਾਂ ਦੀਆਂ ਬਾਹਵਾਂ ਖੁੱਲ੍ਹੀਆਂ ਤਾਂ ਇਕ ਨਿੱਕੀ ਜਿਹੀ ਭੀੜ ਉਹਨਾਂ ਦੇ ਦੁਆਲੇ ਜੁੜੀ ਪਈ ਸੀ।ਬੱਚਿਆਂ ਨੇ ਗਲ਼ੀਆਂ ’ਚ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਸੀ।

“ਚੱਕੀ ਆਲਿਆਂ ਦੇ ਇਕ ਸਲਵਾਰ ਵਾਲ਼ਾ ਭਾਈ ਆਇਆ।”

“ਪਿੰਡ ’ਚ ਇਕ ਮੁਸਲਮਾਨ ਆਇਆ।”

“ਲੁਹਾਰਾਂ ਦੇ ਪਾਕਿਸਤਾਨੀ ਆਇਆ।”

----

ਰਾਤ ਤੱਕ ਚੱਕੀ ’ਤੇ ਇਕ ਮੇਲਾ ਜਿਹਾ ਲੱਗਿਆ ਰਿਹਾ।ਲੋਕ ਆਉਂਦੇ ਰਹੇ ਜਾਂਦੇ ਰਹੇ।ਹਾਲ-ਚਾਲ ਪੁੱਛਦੇ ਰਹੇ,ਦੱਸਦੇ ਰਹੇ।…ਤੇ .ਫਜ਼ਲੇ ਨੂੰ ਘਰ ਆਉਣ ਦਾ ਨਿਉਂਦਾ ਦਿੰਦੇ ਰਹੇ।

“ਫਿਕਰ ਨਾ ਕਰੋ ਭਰਾਵੋ।ਮੈਂ ਪੰਜ-ਸੱਤ ਦਿਨ ਇੱਥੇ ਈ ਆਂ।ਅਸੀਂ ਰੋਜ਼ ਮਿਲਾਂਗੇ।ਰੱਜ-ਰੱਜ ਗੱਲਾਂ ਕਰਾਗੇ।ਇਹ ਮੇਰਾ ਆਪਣਾ ਗਰਾਂ ਆਂ।ਮੈਂ ਹਰ ਘਰ ਆਵਾਂਗਾ।” .ਫਜ਼ਲਾ ਹਰੇਕ ਨੂੰ ਇਹੋ ਜਿਹਾ ਜਵਾਬ ਦਿੰਦਾ ਰਿਹਾ।ਸੱਤਾ ਤੇ ਫ਼ਜ਼ਲਾ ਵੱਡੀ ਰਾਤ ਤੱਕ ਗੱਲਾਂ ਕਰਦੇ ਰਹੇ। ਫ਼ਜ਼ਲੇ ਨੇ ਪੂਰੀ ਵਿਥਿਆ ਸੁਣਾਈ।ਦੁੱਖ,ਸੰਤਾਪ ਤੇ ਗ਼ੁਰਬਤ ਦੀ ਭਰੀ ਵਿਥਿਆ।ਚੱਕ ਸਾਦੂ ਕੈਂਪ ਤੋਂ ਲਾਹੌਰ ਤੱਕ ਦੇ ਸਫਰ ਦੌਰਾਨ,ਮੌਤ ਦੇ ਕੀਤੇ ਨੰਗੇ ਦਰਸ਼ਣਾਂ ਦੀ ਵਿਥਿਆ।ਬਿਗਾਨੀ ਥਾਂ ਤੇ ਬਿਗਾਨੇ ਲੋਕਾਂ ’ਚ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਦੀ ਵਿਥਿਆ।ਉਸਦਾ ਕਈ ਵਾਰ ਗੱਚ ਭਰਿਆ।ਉਸਨੇ ਕਈ ਵਾਰ ਅੱਖਾਂ ਪੂੰਝੀਆਂ।

----

ਫਿਰ ਇਕ ਲੰਮੀ ਚੁੱਪ ਦੇ ਬਾਅਦ ਉਹ ਮਾਣ ਜਿਹੇ ‘ਚ ਬੋਲਿਆ,“ਹੁਣ ਲਹੌਰ ਦੇ ਵਧੀਆ ਬਜ਼ਾਰ ’ਚ ਆਪਣੀ ਦੁਕਾਨ ਆ ਸੱਤਿਆ।ਦੋਹਾਂ ਮੁੰਡਿਆਂ ਨੇ ਬੜਾ ਸ੍ਹੋਣਾ ਕੰਮ ਸੰਭਾਲ ਲਿਆ ਆ।ਧੀ ਆਪਣੇ ਘਰ ਆ।ਬੜੀ ਖੁਸ਼ ਆ।ਚਾਰ ਰੁਪਏ ਵੀ ਆ ਸੁੱਖ ਨਾਲ਼।ਥੋੜਾ ਆਰਾਮ ਵੀ ਮਿਲਿਆ ਅੱਲਾ ਦੇ ਕਰਮ ਨਾਲ਼।”

“ਹਕੀਮੀ ਨਹੀਂ ਕਰਦੇ ਫੇ ਅੱਜਕਲ੍ਹ?”

“ਐਵੇਂ ਮਾੜ੍ਹੀ-ਮੋਟੀ।ਮੱਲ੍ਹਮ ਤਾਂ ਮੈਂ ਹੁਣ ਵੀ ਬਣਾਉਂਦਾ।ਬੜੀ ਦੂਰੋਂ-ਦੂਰੋਂ ਆਉਂਦੇ ਆ ਲੋਕ ਜ਼ਖ਼ਮ ਲੈ ਕੇ।ਸੱਤਿਆ,ਇਕ ਦੋ ਡਾਕਟਰ ਤਾਂ ਬੜੇ ਈ ਪਿੱਛੇ ਪਇਓ ਆ।ਰੁਪਈਆਂ ਦਾ ਵੀ ਲਾਲਚ ਦਿੰਦੇ ਆ ਅਖੇ ਮੱਲ੍ਹਮ ਦਾ ਨੁਸਖਾ ਦੇ ਦਿਓ।ਲੋਕਾਂ ਦੀ ਛਿੱਲ ਲਾਹੁਣੀ ਚਾਹੁੰਦੇ ਆ।ਵਪਾਰੀ ਲੋਕ!”

ਸੱਤਾ ਮੁਸਕਾ ਪਿਆ।

“ਪੰਜ-ਸੱਤ ਮਲ੍ਹਮ ਦੀਆਂ ਡੱਬੀਆਂ ਮੈਂ ਪਿੰਡ ਵਾਸੀਆਂ ਲਈ ਵੀ ਲੈ ਕੇ ਆਇਆਂ।” ਇਹ ਕਹਿ ਕੇ ਫ਼ਜ਼ਲਾ ਹਲਕਾ ਜਿਹਾ ਹੱਸ ਪਿਆ,ਪਰ ਸੱਤੇ ਦੀਆਂ ਅੱਖਾਂ ਛਲਕ ਗਈਆਂ।

ਉਹ ਸੋਚਦਾ ਰਿਹਾ ਸੀ ਕਿ ਪੰਜ-ਸੱਤ ਡੱਬੀਆਂ ਨਾਲ਼ ਕੀ ਬਣਨਾ ? ਜ਼ਖਮਾਂ ਨਾਲ਼ ਤਾਂ ਦਿਲ ਭਰੇ ਪਏ ਆ। ਗੁਰੂ-ਘਰ ’ਤੇ ਹਮਲਾ,ਦਿੱਲੀ ਦੀ ਕਤਲੋਗਾਰਤ,ਨਿਰਦੋਸ਼ ਹਿੰਦੂਆਂ ਦੇ ਕਤਲ ਤੇ ਝੂਠੇ ਪੁਲਸ ਮੁਕਾਬਲੇ…। ਫ਼ਜ਼ਲਾ ਤਾਂ ਮੱਲ੍ਹਮ ਬਣਾਉਂਦਾ ਥੱਕ ਜਾਏ। ਇਹਨੂੰ ਕੀ ਪਤਾ ਕਿ ਕਿੰਨਾ ਜ਼ਖ਼ਮੀ ਹੋਇਆ ਪਿਆ ਏ ਪੰਜਾਬ।ਪੰਜਾਬ ਕਾਹਨੂੰ ਪੂਰੇ ਦੇਸ਼ ਤੇ ਸੰਸਾਰ ਦਾ ਵੀ ਇਹੋ ਹਾਲ ਆ।

-----

ਅਗਲੀ ਸਵੇਰ ਫ਼ਜ਼ਲਾ ਸੂਰਜ ਉਗਣ ਤੋਂ ਪਹਿਲਾਂ ਹੀ ਘਰੋਂ ਨਿਕਲ ਤੁਰਿਆ।ਉਹ ਹਰ ਘਰ ਦਾ ਮਹਿਮਾਨ ਸੀ।ਉਸ ਨੂੰ ਦਰਾਂ ’ਤੇ ਤੇਲ ਚੁਆ ਕੇ ਅੰਦਰ ਲੰਘਾਇਆ ਜਾਂਦਾ।ਮੰਜੇ ਉਤੇ ਅਣਲੱਗ ਚਾਦਰ ਵਿਛਾਈ ਜਾਂਦੀ।ਮਰਦ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਉਸ ਕੋਲ਼ ਬੈਠੇ ਰਹਿੰਦੇ।ਵਧੀਆ ਤੋਂ ਵਧੀਆ ਪਕਵਾਨ ਪਰੋਸੇ ਜਾਂਦੇ।ਅਤਿ-ਸਤਿਕਾਰ ਦੀਆਂ ਇਹਨਾਂ ਘੜੀਆਂ ’ਚ ਫ਼ਜ਼ਲੇ ਨੂੰ ਨਾ ਚਾਹੁੰਦੇ ਹੋਏ ਵੀ ਉਹ ਮਨਹੂਸ ਰਾਤ ਯਾਦ ਆ ਜਾਂਦੀ,ਜਦ ਉਸਨੂੰ ਇਸ ਜਾਨ ਤੋਂ ਪਿਆਰੇ ਪਿੰਡ ਤੋਂ ਜਾਨ ਬਚਾ ਕੇ ਭੱਜਣਾ ਪਿਆ ਸੀ।

“ਵਾਹ ਓਏ ਸਮਿਆ ਤੇਰੇ ਰੰਗ।” ਇਹ ਸੋਚਦਿਆਂ ਉਸਦੀਆਂ ਅੱਖਾਂ ’ਚ ਅੱਥਰੂਆਂ ਦੀ ਇਕ ਹਲਕੀ ਜਿਹੀ ਪਰਤ ਉਭਰ ਆਉਂਦੀ।

“ਮਾਫ਼ ਕਰੀ,ਬਸ ਸਮਿਆਂ ਤੇ ਦੁੱਖਾਂ ਦੀਆਂ ਮਜ਼ਬੂਰੀਆਂ ਸੀ।ਮੈਂ ਆਖਰੀ ਸਮੇਂ ਤੇਰੇ ਨਾਲ਼ ਕੁਝ ਵੀ ਨਹੀਂ ਸਾਂ ਬੋਲ ਸਕਿਆ।ਉਹ ਮੰਜ਼ਰ ਮੈਂ ਕਦੇ ਵੀ ਨਾ ਭੁਲਾ ਸਕਿਆ।ਤੂੰ ਮੈਨੂੰ ਉਵੇਂ ਦਿਸਦਾ ਰਿਹਾ,ਗੱਡੇ ਕੋਲ਼ ਖੜਾ।”

ਕਰਮੂ ਸੈਣੀ ਬੱਚਿਆ ਵਾਂਗ ਹਟਕੋਰੇ ਭਰਨ ਲੱਗ ਪਿਆ ਸੀ।

“ਕਿੰਨੇ ਦਿਨਾਂ ਪਿੱਛੋਂ ਮੁੜੇ ਸੀ ਫੇ ਉਦੋਂ?” .ਫਜ਼ਲੇ ਨੇ ਗੱਲ ਹੋਧਰੇ ਪਾਉਂਦਿਆਂ ਪੁੱਛਿਆ ਸੀ।

“ਦੂਜੇ ਈ ਦਿਨ।”

“ਦੇਖ ਲੈ ਕਰਮੂਆਂ ਅਸੀਂ ਚਾਲ਼ੀ ਸਾਲ ਕੱਟ ਲਏ।ਬਸ ਮੈਂ ਜਾਂ ਮੇਰਾ ਰੱਬ ਈ ਜਾਣਦਾ ਕਿੱਦਾਂ।”

ਫ਼ਜ਼ਲੇ ਦਾ ਗੱਚ ਭਰ ਆਇਆ।

*********

ਲੜੀ ਜੋੜਨ ਲਈ ਅਗਲਾ ਭਾਗ ਦੇਖੋ।