ਕਮਾਲ ਨੇ ਉਸਨੂੰ ਝੰਜੋੜਿਆ ਤਾਂ ਉਹ ਹੋਸ਼ ’ਚ ਪਰਤਿਆ।ਉਹ ਅੱਭੜਵਾਹੇ ਵਿਲਕਦਾ-ਵਿਲਕਦਾ ਤਕੀਏ ਵਲ ਦੌੜ ਪਿਆ।
“ਹਾਏ ਓਏ ਰੱਬਾ!” ਅੱਬਾ ਦਾ ਕਲਾਵਾ ਭਰ ਕੇ ਉਹ ਜ਼ਾਰੋ-ਜ਼ਾਰ ਰੋਣ ਲੱਗ ਪਿਆ ਸੀ।
“ਫਜ਼ਲਿਆ ਹੋਸ਼ ਕਰ,ਪਾਸੇ ਹੋ,ਘਰ ਲੈ ਚੱਲੀਏ ਤਾਏ ਨੂੰ।” ਕਮਾਲ ਨੇ ਹਕੀਮ ਦੀ ਨਿਢਾਲ ਦੇਹ ਨੂੰ ਕਲ਼ਾਵਾ ਭਰ ਕੇ ਮੌਰਾਂ ’ਤੇ ਟਿਕਾ ਲਿਆ ਸੀ। ਉਹ ਤੇਜ਼-ਤੇਜ਼ ਕਦਮਾਂ ਦੇ ਨਾਲ਼ ਪਿੰਡ ਵਲ ਤੁਰ ਪਿਆ। ਫ਼ਜ਼ਲਾ ਅੱਬਾ ਦੀਆਂ ਲਮਕਦੀਆਂ ਬਾਹਵਾਂ ਨੂੰ ਬੋਚਦਾ ਪਿੱਛੇ-ਪਿੱਛੇ ਤੁਰ ਰਿਹਾ ਸੀ। ਕਰਮਦੀਨ ਦਾ ਹੂੰਗਣਾ ਵੀ ਬੰਦ ਹੋ ਗਿਆ ਸੀ। ਫ਼ਜ਼ਲਾ ਸਾਰੀ ਵਾਟ ‘ਅੱਬਾ ਬੋਲ,ਅੱਬਾ ਬੋਲ’ ਕਹੀ ਗਿਆ ਸੀ।ਘਰ ਪਹੁੰਚ ਕੇ ਜਦੋਂ ਕਰਮਦੀਨ ਨੂੰ ਮੰਜੇ ’ਤੇ ਉਤਾਰਿਆ ਗਿਆ ਤਾਂ ਉਹ ਪੂਰਾ ਹੋ ਚੁੱਕਾ ਸੀ।ਉਸਦਾ ਬਹੁਤਾ ਲਹੂ ਤਕੀਏ ਦੇ ਪੈਰਾਂ ’ਚ ਤੇ ਬਚਦਾ ਲਹਿਲੀ ਵਲ ਜਾਂਦੇ ਰੇਤੀਲੇ ਰਾਹ ’ਤੇ ਨੁੱਚੜ ਗਿਆ ਸੀ।
----
ਚੀਕ-ਚਿਹਾੜਾ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਸੀ।ਮੁਸਲਮਾਨਾ ਦੇ ਦਿਲ .ਖੌਫ ਨਾਲ਼
ਦਹਿਲ ਗਏ ਸਨ। ਮਜ਼੍ਹਬੀ ਤੁਅੱਸਬ ਦੀ ਅੱਗ ਨੇ ਨਾਰੂ ਨੰਗਲ ਦੇ ਦਰਾਂ ’ਤੇ ਦਸਤਕ ਦੇ ਦਿੱਤੀ ਸੀ।
“ਭਾਈਚਾਰੇ ਨਾਲ਼ ਧਰੋਹ ਦਾ ਫਲ਼ ਏ।ਚੋਰੀ-ਚੋਰੀ ਕਾਫਰਾਂ ਦੇ ਜ਼ਖ਼ਮਾਂ ’ਤੇ ਮੱਲ੍ਹਮਾਂ ਲੌਣ ਜਾਂਦਾ ਸੀ।ਸਜ਼ਾ ਪਾ ਲਈ।”ਫ਼ਜ਼ਲੇ ਕੀ ਦੁਕਾਨ ਮੂਹਰੇ ਜੁੜੀ ਭੀੜ ’ਚੋਂ ਕਿਸੇ ਨੇ ਇਹ ਆਖਿਆ ਤਾਂ ਬਹੁਤਿਆਂ ਨੇ ਹੁੰਗਾਰਾ ਭਰ ਕੇ ਸਹਿਮਤੀ ਦਿੱਤੀ ਸੀ।
ਕਰਮਦੀਨ ਨੂੰ ਸਪੁਰਦੇ-ਖ਼ਾਕ ਕਰਨ ਸਮੇਂ ਸੱਤਾ ਵੀ ਇਕ ਪਾਸੇ ਖੜਾ ਪੱਗ ਦੇ ਲੜ ਨਾਲ਼ ਅੱਥਰੂ ਪੂੰਝ ਰਿਹਾ ਸੀ।
“ਪਿੱਠ ’ਤੇ ਬੜੇ ਡੂੰਘੇ ਟੱਕ ਆ ਛਵੀਆਂ ਦੇ।” ਕਰਮੂ ਦੀ ਗੱਲ ਸੁਣ ਕੇ ਉਸਨੇ ਨੀਵੀਂ ਪਾ ਲਈ ਸੀ।
ਕਬਰਸਤਾਨ ਤੋਂ ਘਰਾਂ ਵਲ ਮੁੜਦਿਆਂ ਪਿੰਡ ਦੀ ਫ਼ਿਜ਼ਾ ’ਚ ਜ਼ਹਿਰ ਜਿਹੀ ਘੁਲ਼ ਗਈ ਸੀ।
-----
ਹਰ ਬਸ਼ਿੰਦਾ ਸ਼ੱਕ ਤੇ ਖੌਫ ਨਾਲ਼ ਭਰ ਗਿਆ ਸੀ। ਮੁਸਲਮਾਨਾ ਦੇ ਦਿਲਾਂ ’ਚ ਗੁੱਸਾ ਤੇ ਰੋਹ ਵੀ ਸੀ।
ਸ਼ਾਮ ਤਕ ਇਹ ਅਫ਼ਵਾਹ ਫੈਲ ਗਈ ਸੀ ਕਿ ਉਹਨਾਂ ਨੇ ਘੱਟ ਗਿਣਤੀ ਹਿੰਦੂ ਤੇ ਸਿੱਖਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਲਈ ਏ।ਹਿੰਦੂ-ਸਿੱਖਾਂ ਨੇ ਕੀਮਤੀ ਸਮਾਨ ਦੀਆਂ ਗੰਠੜੀਆਂ ਬੰਨ੍ਹ ਕੇ ਗੱਡਿਆਂ ’ਤੇ ਲੱਦ ਲਈਆਂ ।ਘਰਾਂ ਨੂੰ ਜੰਦਰੇ ਮਾਰ ਕੇ ਉਹ ਨੇੜਲੇ ਪਿੰਡਾਂ ਵਲ ਵਹੀਰਾਂ ਘੱਤਣ ਲੱਗੇ।
“ਭਰਾਵੋ ਤ੍ਹਾਡੇ ਆਸਰੇ ਤਾਂ ਅਸੀਂ ਟਿਕਿਓ ਸੀ।ਤੁਸੀਂ ਵੀ ਛੱਡ ਚੱਲੇ ਓ ਸਾਨੂੰ ਜ਼ਲੀਲ ਤੇ ਕਤਲ ਹੋਣ ਦੇ ਲਈ।ਵਾਸਤਾ ਈ ਨਾ ਕਰੋ ਏਦਾਂ।”.ਫਜ਼ਲੇ ਦੀ ਗੱਲ ਸੁਣ ਕੇ ਕਰਮੂ ਦੀਆਂ ਅੱਖਾਂ ਛਲਕ ਪਈਆਂ।ਉਹ ਚਾਹੁੰਦੇ ਹੋਏ ਵੀ ਕੁਝ ਬੋਲ ਨਾ ਸਕਿਆ।ਉਸਨੇ ਮੂੰਹ ਘੁੰਮਾ ਕੇ ਬਲ਼ਦ ਹਿੱਕ ਦਿੱਤੇ।ਉਦਾਸ ਤੇ ਨਿਰਾਸ਼ ਫ਼ਜ਼ਲਾ ਉਸਨੂੰ ਮੋੜ ਮੁੜਨ ਤਕ ਵੇਖਦਾ ਰਿਹਾ।
ਉਸੀ ਸ਼ਾਮ ਮੀਏਂ ਦੀ ਹਵੇਲੀ ’ਚ ਇਕੱਠ ਹੋਇਆ।
“ਬਸ ਕੀਮਤੀ-ਕੀਮਤੀ ਸਮਾਨ ਚੁੱਕੋ।ਦੇਰੀ ਬਿਲਕੁਲ ਨਾ ਕਰਨੀ।ਇਹ ਪਿੰਡ ਹੁਣ ਸਾਡਾ ਨਹੀਂ,ਇਹ ਵਤਨ ਹੁਣ ਸਾਡਾ ਨਹੀਂ।ਇੱਜ਼ਤ-ਅਣਖ ਤੋਂ ਵੱਡੀ ਕੋਈ ਚੀਜ਼ ਨਹੀ।ਧੀਆਂ-ਭੈਣਾਂ ਨੂੰ ਹੱਥੀਂ ਕਤਲ ਕਰ ਦਿਓ।ਕਾਫਰਾਂ ਦੇ ਹੱਥੀਂ ਜ਼ਲੀਲ ਹੋਣ ਲਈ ਨਾ ਛੱਡਿਓ।ਚੌਂਕੀਦਾਰ ਦਾ ਹੌਕਾ ਸੁਣ ਕੇ ਮਸਜਿਦ ਅੱਗੇ ਆ ਜੁੜਨਾ।” ਉਸਦੇ ਬੋਲ ਖੁਸ਼ਕ ਹੁੰਦੇ-ਹੁੰਦੇ ਉਸਦਾ ਸਾਥ ਛੱਡ ਗਏ।
----
ਲੋਕ ਰੋ-ਰੋ ਸਮਾਨ ਦੀਆਂ ਗੰਠੜੀਆਂ ਬੰਨ੍ਹਣ ਲੱਗੇ।ਹੋਰ ਘੜੀ ਨੂੰ ਚੌਂਕੀਦਾਰ ਦੇ ਹੌਕੇ ਨੇ ਜੰਮਣ-ਭੋਂ ਨੂੰ ਛੱਡ ਦੇਣ ਦਾ ਐਲਾਨ ਕਰ ਦੇਣਾ ਸੀ।ਰੋਂਦੇ ਲੋਕ ਇਸ ਮਨਹੂਸ ਹੇਕ ਨੂੰ ਡਰਦੇ ਦਿਲਾਂ ਨਾਲ਼ ਉਡੀਕਣ ਲੱਗੇ।ਅਚਾਨਕ ਉਹਨਾਂ ਨੇ ਢੋਲ ਦੇ ਵੱਜਣ ਦੀ ਅਵਾਜ਼ ਸੁਣੀ।‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ਼ ਅੰਬਰ ਗੂੰਜ ਉਠਿਆ। ਕੁਝ ਦੇਰ ਦੇ ਚੀਕ-ਚਿਹਾੜੇ ਤੋਂ ਬਾਅਦ ਰਾਜਪੂਤਾਂ ਦੀਆਂ ਹਵੇਲੀਆਂ ’ਚੋਂ ‘ਅੱਲਾ ਹੂ ਅਕਬਰ’ ਦੀਆਂ ਹੇਕਾਂ ਉੱਠਣ ਲੱਗੀਆਂ। ਗੋਲ਼ੀਆਂ ਦੀ ਦਗੜ-ਦਗੜ ਨੇ ਕੁਝ ਦੇਰ ਛਵੀਆਂ ਨੂੰ ਬੌਣਿਆਂ ਕਰੀ ਰੱਖਿਆ। ਪਰ ਹੌਲ਼ੀ-ਹੌਲ਼ੀ ਧਾਵੀ ਹਾਵੀ ਹੁੰਦੇ ਗਏ। ਹੁਣ ਕਦੇ ਕਿਸੇ ਤੇ ਕਦੇ ਕਿਸੇ ਘਰ ’ਚੋਂ ਚੀਕਾਂ ਉਭਰਨ ਲੱਗੀਆਂ।ਪੰਡਤਾਂ ਵਾਲੀ ਖੂਹੀ ਤੇ ਮੀਏਂ ਵਾਲ਼ਾ ਖੂਹ ਲਾਸ਼ਾਂ ਨਾਲ਼ ਭਰ ਗਏ।ਬਹੁਤੇ ਰਾਜਪੂਤਾਂ ਨੇ ਧੀਆਂ ਦੀਆਂ ਸੰਘੀਆਂ ਆਪੇ ਨੱਪ ਦਿੱਤੀਆਂ।ਮੀਆਂ ਗੋਲੀਆਂ ਨਾਲ਼ ਮਾਰਿਆ ਗਿਆ ਤੇ ਬੇਗਮ ਨੇ ਖੂਹ ’ਚ ਛਾਲ ਮਾਰ ਦਿੱਤੀ ।ਨਫੀਸਾਂ ਬਿਸਤਰਿਆਂ ’ਚ ਗੱਠੜੀ ਜਿਹੀ ਬਣ ਕੇ ਲੁਕੀ ਰਹੀ।ਇਸ ਰੌਲ਼ੇ-ਗੌਲ਼ੇ ’ਚ ਚੱਬੇਵਾਲੀਆ ਮਿੰਦਰ ਚੁਬਾਰੇ ਦੀਆਂ ਪੌੜੀਆਂ ਚੜ ਗਿਆ।ਨਫੀਸਾਂ ਉਸਦੇ ਹੱਥ ਲੱਗ ਗਈ। ਮਿੰਦਰ ਨੇ ਸੁੰਨ ਹੋਈ ਤੇ ਹੱਥ ਜੋੜਦੀ ਨਫੀਸਾਂ ਦਾ ਕਲ਼ਾਵਾ ਭਰ ਕੇ ਪੌੜੀਆਂ ਉੱਤਰ ਆਇਆ।ਤੇ ਅੱਖ ਦੇ ਫੋਰ ’ਚ ਉਸਨੂੰ ਘੋੜੀ ’ਤੇ ਬਿਠਾ ਕੇ ਹਨੇਰੇ ’ਚ ਅਲੋਪ ਹੋ ਗਿਆ।
“ਕੁੱਤਾ ਭੈਣ ਆਪਣੀ ਦਾ…।” ਧੰਨਾ ਗੁੱਸੇ ’ਚ ਗਰਜਿਆ।
“ਗੁਰੂ ਦਾ ਝੂਠਾ ਸਿੰਘ।ਪਿੱਛਾ ਕਰੋ ਗੱਦਾਰ ਦਾ।”
ਜਥੇਦਾਰ ਦੇ ਹੁਕਮ ਦੀ ਪਾਲਣਾ ਕਰਦਿਆਂ ਬਹੁਤੇ ਮੁੰਡਿਆਂ ਨੇ ਮਿੰਦਰ ਪਿੱਛੇ ਘੋੜੇ ਦੁੜਾ ਲਏ।ਹਮਲੇ ਦੀ
ਮਾਰ ਘਟ ਗਈ।ਜਥਾ ਪਿਛਾਂਹ ਵਲ ਪਰਤ ਗਿਆ।
ਹੁਣ ਪਿੰਡ ਮਾਤਮ ਤੇ ਸਹਿਮ ’ਚ ਡੁੱਬਿਆ ਪਿਆ ਸੀ।
ਕਿੰਨ੍ਹੇ ਹੀ ਘਰਾਂ ’ਚ ਲਹੂ ਡੁੱਲਿਆ ਪਿਆ ਸੀ।ਜ਼ਖਮੀ ਹੋਏ ਵੀ ਚੁੱਪ-ਚਾਪ ਰੋ ਰਹੇ ਤੇ ਤੜਫ ਰਹੇ ਸਨ।
ਜਿਉਂਦੀਆਂ ਦੇਹਾਂ ਲਾਸ਼ਾਂ ਦੇ ਸਿਰਹਾਣੇ ਚੁੱਪ-ਚਾਪ ਅੱਥਰੂ ਕੇਰ ਰਹੀਆਂ ਸਨ।ਚੀਕਾਂ ਤੇ ਵੈਣ ਤਾਂ ਜਿਉਂ
ਵਰਜਿਤ ਸਨ।ਕੁਝ ਹਾਲੇ ਵੀ ਸਹਿਮੇ ਲੁਕੇ ਬੈਠੇ ਸਨ। ਇਕ ਮੁਰਦੇਹਾਣੀ ਸ਼ਾਂਤੀ ਨੇ ਸਾਰਾ ਪਿੰਡ ਬੁੱਕਲ ’ਚ ਲੈ ਲਿਆ ਸੀ।
-----
ਅੱਧੀ ਕੁ ਰਾਤੇ,ਇਕ ਦਰਦੀਲੀ ਤੇ ਤਰਲਿਆਂ ਨਾਲ਼ ਭਰੀ ਅਵਾਜ਼ ਨੇ ਸਹਿਮੇ ਤੇ ਦੁਖੀ ਲੋਕਾਂ ਦੇ ਦਿਲ ਕੰਬਾ ਦਿੱਤੇ ਸਨ।
“ਉੱਠੋ ਭਰਾਵੋ ਉੱਠੋ।ਇਹ ਮਾਤਮ ਦਾ ਵੇਲਾ ਨਹੀਂ।ਮੈਂ ਸੱਤਾ ਆਂ ਲੁਹਾਰਾਂ ਦਾ।ਮੈਂ ਲਹਿਲੀਉ ਆਇਆਂ ਦੌੜਕੇ।ਵੱਡੇ ਤੜਕੇ ਫਿਰ ਹਮਲਾ ਹੋਣਾ।ਪੱਕੀਆਂ ਸਲਾਹਾਂ ਹੋ ਚੁੱਕੀਆਂ ਨੇ।ਉਠੋ,ਸੰਭਲੋ,ਚੱਕ ਸਾਦੂ ਕੈਂਪ ਪਹੁੰਚੋ।”
ਇਕ ਸਿੱਖ ਦੀ ਕਿਸੇ ਵੀ ਗੱਲ ਦਾ ਲੋਕਾਂ ਯਕੀਨ ਨਾ ਕੀਤਾ।ਬਹੁਤਿਆਂ ਨੂੰ ਇਹ ਧੰਨੇ ਦੇ ਜਥੇ ਦੀ ਕੋਈ ਚਾਲ ਹੀ ਲੱਗੀ।
“ਉਏ ਫਜ਼ਲਿਆ,ਤੂੰ ਹੀ ਉੱਠ ਜੇ ਜਿਉਂਦਾ ਏ ਤਾਂ।ਸਮਝਾ ਸਾਰਿਆ ਨੂੰ।ਰਾਤ ਮੁੱਕਣ ਤੋਂ ਪਹਿਲਾਂ-ਪਹਿਲਾਂ ਸਾਰੇ ਮੁਕਾ ਦੇਣੇ ਆਂ ਉਹਨਾਂ ਸਾਰੇ।ਓਏ ਕੁੰਡਾ ਤਾਂ ਖੋਲ੍ਹ।” ਸੱਤੇ ਦੀ ਕੜਕਦੀ ਅਵਾਜ਼ ਇਕ ਬਚਕਾਨਾ ਜਿਹੀ ਲੇਰ ਬਣ ਕੇ ਰਹਿ ਗਈ।
ਫ਼ਜ਼ਲਾ ਉਠਿਆ।ਮਾਂ ਤੇ ਭੈਣਾਂ ਨੇ ਦਰ ਨਾ ਖੋਲ੍ਹਣ ਲਈ ਵਾਸਤੇ ਪਾਏ।
“ਅੱਗੇ ਘੱਟ ਧੋਖਾ ਖਾਧਾ ਅਸੀਂ ਇਹਨਾਂ ਸਿੱਖੜਿਆਂ ਕੋਲੋਂ!ਮਿੰਨਤ ਨਾਲ਼ ਦਰ ਨਾ ਖੋਲ੍ਹੀਂ।ਹੋਰ ਨਹੀਂ ਤਾਂ ਜਵਾਨ-ਜਹਾਨ ਭੈਣਾਂ ਦਾ ਈ ਖ਼ਿਆਲ ਕਰ।”
ਫ਼ਜ਼ਲਾ ਗਲ਼ੀ ’ਚ ਆ ਗਿਆ।ਉਹ ਤੇ ਸੱਤਾ ਗਲ਼ੀ-ਗਲ਼ੀ ਦੌੜ ਕੇ ਅਵਾਜ਼ਾਂ ਮਾਰਦੇ ਰਹੇ।
----
ਫ਼ਜ਼ਲੇ ਦੀ ਅਵਾਜ਼ ਸੁਣ ਕੇ .ਖੌਫ ਤੇ ਦੁੱਖਾਂ ਨਾਲ਼ ਸੁੰਨ ਹੋਈਆਂ ਦੇਹਾਂ ’ਚ ਹਿਲਜੁਲ ਹੋਈ।ਉਹ ਉੱਠੀਆਂ ਮੋਏ ਪਤੀ,ਪਤਨੀ,ਪੁੱਤਰ,ਧੀ ਤੇ ਮਾਂ ਦੀਆਂ ਲਾਸ਼ਾਂ ਕੋਲੋਂ।ਉਹਨਾਂ ਦੇ ਅਹਿੱਲ ਮੁੱਖ ਚੁੰਮ ਕੇ।ਉਹਨਾਂ ਨੂੰ ਕਫ਼ਨ-ਦਫ਼ਨ ਦੇ ਬਗੈਰ ਛੱਡ ਕੇ ਤੁਰ ਜਾਣ ਲਈ ਮੁਆਫੀਆਂ ਮੰਗ ਕੇ।ਉਹਨਾਂ ਨੇ ਕੰਬਦੇ ਹੱਥਾਂ ਨਾਲ਼ ਬਚੇ-ਖੁਚੇ ਸਮਾਨ ਦੀਆਂ ਗੰਠੜੀਆਂ ਚੁੱਕੀਆਂ ਤੇ ਤੁਰ ਪਈਆਂ:ਘਰਾਂ ਨੂੰ ਆਖਰੀ ਸਲਾਮ ਕਹਿ ਕੇ, ਚੁਗਾਠਾਂ ਨੂੰ ਚੁੰਮ ਕੇ, ਸਰਦਲਾਂ ’ਤੇ ਅੱਥਰੂ ਚੁਆ ਕੇ।ਉਹ ਥੱਕੇ-ਟੁੱਟੇ ਕਦਮਾਂ ਦੇ ਨਾਲ਼ ਗਲ਼ੀਆਂ ’ਚ ਆਉਂਦੀਆਂ ਗਈਆਂ ਤੇ ਹੌਲ਼ੀ-ਹੌਲ਼ੀ ਮਸਜਿਦ ਮੂਹਰਲੇ ਪਿੱਪਲ਼ ਹੇਠ ਇੱਕਠੀਆਂ ਹੁੰਦੀਆਂ ਗਈਆਂ।ਦੁੱਖਾਂ ਨੇ ਉਹਨਾਂ ਦੇ ਗਲ਼ੇ ਹੰਝੂਆਂ ਨਾਲ਼ ਭਰ ਦਿੱਤੇ ਸਨ।ਉਹ ਅਬੋਲ ਇਕ-ਦੂਜੇ ਦੇ ਗਲ਼ੇ ਲੱਗ ਕੇ ਡੁਸਕ ਰਹੀਆਂ ਸਨ।ਧੜੱਲੇਦਾਰ ਰਾਜਪੂਤਾਂ ਦੇ ਸਿਰ ਅੱਜ ਮੋਚੀਆਂ ਤੇ ਮਰਾਸੀਆਂ ਦੇ ਮੋਢਿਆਂ ’ਤੇ ਟਿਕੇ ਹੋਏ ਸਨ।ਦੁੱਖਾਂ-ਭਰੇ ਸਿਰਾਂ ਨੂੰ ਜਿਉਂ ਜਾਤ-ਔਕਾਤ ਵਾਲਾ ਸਬਕ ਹੀ ਭੁੱਲ ਗਿਆ ਹੋਵੇ।
ਦੁਖੀਆਂ ਦਾ ਇਹ ਕਾਫਲਾ ਸੱਤੇ ਤੇ ਫ਼ਜ਼ਲੇ ਦੇ ਪਿੱਛੇ ਲੱਗ ਤੁਰਿਆ:ਇਕ ਅਣ-ਚਾਹੇ,ਅਣ-ਮੰਗੇ ਤੇ ਅਣ-ਵੇਖੇ ਵਤਨ ਦੇ ਵਲ।ਪਹੁ ਫੁੱਟਣ ਤੋਂ ਪਹਿਲਾਂ ਉਹ ਚੱਕ ਸਾਦੂ ਕੈਂਪ ਪਹੁੰਚ ਗਏ ਸਨ।ਓਥੇ ਉਹਨਾਂ ਦੀ ਹਿਫ਼ਾਜ਼ਤ ਲਈ ਬਲੋਚੀ ਰਜਮੰਟ ਸੀ।
----
ਪਿੰਡ ਵਲ ਪਰਤਦਿਆਂ,ਸੱਤੇ ਨੂੰ ਇਉਂ ਲੱਗ ਰਿਹਾ ਸੀ, ਜਿਉਂ ਉਹ ਕਿਸੇ ਥੇਹ ਜਾਂ ਕਬਰਿਸਤਾਨ ਵਲ ਜਾ ਰਿਹਾ ਹੋਵੇ।ਪਿੰਡ ਦੀ ਜਾਨ ਨੂੰ ਤਾਂ ਉਹ ਆਪ ਮੂਹਰੇ ਲੱਗ ਕੇ ਛੱਡ ਆਇਆ ਸੀ:ਕਿਧਰੇ ਦੂਰ, ਬਹੁਤ ਦੂਰ ਚਲੇ ਜਾਣ ਦੇ ਲਈ।
ਧੰਨੇ ਦਾ ਜਥਾ ਉੱਜੜੇ ਹੋਏ ਪਿੰਡ ਨੂੰ ਲੁੱਟ ਰਿਹਾ ਸੀ।
“ਮੁਸਲਿਆਂ ਨੂੰ ਕਿਹਨੇ ਸੂਹ ਦਿੱਤੀ ਆ? ਪਤਾ ਲੱਗ ਜਾਏ ਓਸ ਕੌਮ ਦੇ ਗੱਦਾਰ ਦਾ।ਗੁਰੁ ਦੀ ਸਹੁੰ,ਕੁੱਤੇ ਦੀ ਮੌਤ ਮਾਰਾਂਗੇ ਓਸ ਮਾਂ ਆਪਣੀ ਦੇ….।” ‘ਸਿੰਘ’ ਅੱਗ ਬਬੂਲਾ ਹੁੰਦੇ ਜਾ ਰਹੇ ਸਨ।
ਮਿਹਰਦੀਨ ਲੰਬੜ ਦਾ ਸਾਰਾ ਘਰ ਲਾਸ਼ਾਂ ਨਾਲ਼ ਭਰਿਆ ਪਿਆ ਸੀ।ਉਸਦੀ ਇਕਲੌਤੀ ਮੁਟਿਆਰ ਧੀ ਚੌਂਕੇ ਦੇ ਓਟੇ ਕੋਲ਼ ਲੁੜਕੀ ਪਈ ਸੀ।ਰਾਤੀਂ ਕਿਸੇ ਧਾਵੀ ਨੇ ਬਰਛਾ ਉਸਦੀ ਛਾਤੀ ਦੇ ਆਰ-ਪਾਰ ਕਰ ਦਿੱਤਾ ਸੀ।
“ਓਏ ਹਰਾਮਜਾਦਿਓ! ਇਹ ਕੀ ਗਲਤੀ ਕਰਤੀ ਤੁਸਾਂ।ਵਾਰ ਕਰਨ ਲੱਗੇ ਚਿਹਰਾ-ਮੋਹਰਾ ਤਾਂ ਦੇਖ ਲਿਆਂ ਕਰੋ।” ਧੰਨੇ ਨੇ ਮੋਈ ਕੁੜੀ ਦੇ ਚਿਹਰੇ ’ਤੇ ਪੋਲਾ-ਪੋਲਾ ਹੱਥ ਫੇਰਿਆ।ਉਸਦੀ ਨਿਗਾਹ ਕੁਝ ਪਲ ਲਈ ਕੁੜੀ ਦੇ ਉਭਾਰਾਂ ’ਤੇ ਟਿਕੀ ਰਹੀ।
----
ਦੁਪਹਿਰੋਂ ਬਾਅਦ ਜੱਟਾਂ ਨੇ ਗੱਡਿਆਂ ’ਤੇ ਸਮਾਨ ਲੱਦ ਕੇ ਆਪੋ-ਆਪਣੇ ਪਿੰਡਾਂ ਵੱਲ ਮੋੜੇ ਪਾ ਦਿੱਤੇ ਸਨ।ਉਹਨਾਂ ਦੇ ਚਿਹਰਿਆਂ ’ਤੇ ਖ਼ੁਸ਼ੀ ਤੇ ਗੱਲਾਂ ’ਚ ਇਕ ਚਾਅ ਜਿਹਾ ਸੀ।
“ਰਾਤੀਂ ਫਿਰ ਕਿਹੜੇ ਪਿੰਡ ਨਿਉਂਦਾ ਆ?” ਬਠੁੱਲੇ ਵਾਲੇ ਜਗਤੇ ਨੇ ਜਿਆਣੀਏ ਸੰਤੇ ਨੂੰ ਪੁੱਛਿਆ।
“ਭੁੱਲੇਆਲ ਰਾਠਾਂ ਈ ਬਚਿਆ ਹੁਣ ਤਾਂ।ਬੜੀਆਂ ਮਾਲਦਾਰ ਸਾਮੀਆਂ ਆਂ ਓਸ ਪਿੰਡ।ਨਾਲ਼ੇ ਧੰਨੇ ਦਾ ਤਾਂ ਚੁੱਲੇ ਨਿਉਂਦਾ ਏ ਰਾਤੀਂ।” ਸੰਤਾ ਬੋਲਿਆ।
“ਉਹ ਕਿੱਦਾਂ ਸੰਤਿਆ।”
“ਮੀਏ ਦੀ ਤਿਤਲੀ ਨੂੰ ਤਾਂ ਲੈ ਗਿਆ ਮਿੰਦਰ।ਵੱਡੇ ਰਾਠ ਦੀਆਂ ਤਿੰਨ ਧੀਆਂ।ਇਕ ਤੋਂ ਇਕ ਚੜ੍ਹਦੀ।ਧੰਨੇ ਨੇ ਉਨ੍ਹਾਂ ’ਚੋਂ ਸੋਹਣੀ ਛਾਂਟ ਕੇ ਘਰ ਵਸੌਣਾ।” ਸੰਤੇ ਨੇ ਹੱਸ ਕੇ ਗੱਲ ਮੁਕਾਈ।
ਨਾਰੂ ਨੰਗਲ ਤੋਂ ਗਏ ਹਿੰਦੂ-ਸਿੱਖ ਦੂਸਰੇ ਦਿਨ ਵਾਪਸ ਪਰਤ ਆਏ।ਸੱਤੇ ਨੇ ਮੂਹਰੇ ਹੋ ਕੇ ਸਾਰੀਆਂ ਲਾਸ਼ਾਂ ਨੂੰ ਸਪੁਰਦੇ-.ਖਾਕ ਕੀਤਾ ਸੀ।ਮੀਏਂ ਦੀ ਦੇਹ ’ਤੇ ਮਿੱਟੀ ਪਾਉਂਦਿਆਂ ਉਸ ਦਾ ਸਿਰ ਚਕਰਾ ਗਿਆ ਸੀ।
“ਕਿੰਨ੍ਹਾਂ ਰ੍ਹੋਬ ਸੀ,ਕਿੰਨ੍ਹੀ ਟ੍ਹੌਰ,ਕਿੰਨ੍ਹੀ ਜ਼ਮੀਨ ਤੇ ਕਿੰਨ੍ਹੀ ਇੱਜ਼ਤ।ਬਸ ਏਡੀ ਕੁ ਖੇਡ ਆ ਜ਼ਿੰਦਗੀ ਦੀ।ਵਾਹ ਨ੍ਹੀ ਕੁਜਰਤੇ! ਮੰਨ ਗਏ ਤੇਰੇ ਰੰਗਾਂ ਨੂੰ।” ਉਸਦੀ ਅੱਖ ’ਚੋਂ ਟਪਕ ਕੇ ਅੱਥਰੂ ਟੋਏ ’ਚ ਪਏ ਮੀਏਂ ਦੀ ਹਿੱਕ ’ਤੇ ਜਾ ਡਿਗੇ ਸਨ।
----
ਹੌਲ਼ੀ-ਹੌਲ਼ੀ ਜਨੂੰਨੀ ਪੌਣਾਂ ਨੇ ਰੁਮਕਣਾ ਬੰਦ ਕਰ ਦਿੱਤਾ ਸੀ।
ਅੰਬਰ ਤੱਕ ਉਡੀ ਧੂੜ ਮੁੜ ਧਰਤੀ ’ਤੇ ਬੈਠ ਗਈ ਸੀ।
ਰੌਲ਼ਿਆਂ ਦੀ ਵੱਤਰ ਸਾਂਭਣ ਵਾਲ਼ੇ ਜੱਟਾਂ ਨੇ ਜ਼ਮੀਨ ਦੀ ਵੱਤਰ ਸਾਂਭਣ ਦੇ ਲਈ ਹਲ਼ਾਂ ਦੀਆਂ ਮੁੰਨੀਆਂ ਫੜ ਲਈਆਂ।ਲੁੱਟ ਦੇ ਮਾਲ ਨਾਲ਼ ਭਰੇ ਘਰਾਂ ਦਾ ਚਾਅ ਉਹਨਾਂ ਨੂੰ ਥੱਕਣ ਹੀ ਨਹੀਂ ਸੀ ਦਿੰਦਾ।
ਨਾਰੂ ਨੰਗਲ ’ਚ ਰਾਜਪੂਤਾਂ ਦੀਆਂ ਜ਼ਮੀਨਾਂ ਸਾਂਭਣ ਵਾਲ਼ੇ ਵੀ ਆਣ ਪਹੁੰਚੇ ਸਨ:ਸਿਆਲਕੋਟੀਏ ਭਿੰਡਰ,ਕਲੇਰ ਤੇ ਬਾਜਵੇ। ਕੁਝ ਬਾਹਮਣ ਵੀ ਆਏ,ਜੱਟਾਂ ਵਾਂਗ ਹੀ ਖੇਤੀ ਕਰਨ ਵਾਲ਼ੇ ਤੇ ਪੂਰੇ ਖਰਾਂਟ।ਇਹਨਾਂ ‘ਨਵਿਆਂ’ ਦੀਆਂ ਤਾਂ ਕੁੜੀਆਂ ਹੀ ਸੈਣੀ ਤੇ ਲੁਬਾਣਿਆਂ ਦੇ ਮੁੰਡਿਆਂ ਨੂੰ ਖੰਘਣ ਤੱਕ ਨਾ ਦਿੰਦੀਆਂ।
‘ਨਵਿਆਂ’ ਦੀ ਬੋਲੀ,ਵੇਸ ਤੇ ਕੰਮਕਾਰ ਜੱਦੀ ਬਸ਼ਿੰਦਿਆਂ ਨੂੰ ਓਪਰੇ-ਓਪਰੇ ਤੇ ਅਨੋਖੇ ਲੱਗਦੇ।
“ਜਿਹੜੇ ਚਲੇ ਗਏ ਉਹ ਚੰਗੇ ਸੀ।” ਕੋਈ ਉਦਾਸ ਸੁਰ ’ਚ ਆਖਦਾ।
“ਸੱਚ ਆਖਿਆ,ਬਹੁਤ ਚੰਗੇ।” ਹਰ ਕੋਈ ਹੁੰਗਾਰਾ ਭਰਦਾ।
“ਸਾਲਿਆਂ ਰੌਲਿਆਂ ਨੇ ਚੰਗੇ-ਚੰਗੇ ਸਾਥੋਂ ਖੋਹ ਲਏ।” ਕੋਈ ਵਿਗੋਚੇ ’ਚ ਆਖਦਾ।
“…ਤੇ ਆਹ ਵੱਢ-ਖਾਣੇ ਸਾਡੇ ਪੱਲੇ ਪਾ ਦਿੱਤੇ।” ਕੋਈ ਦੂਸਰਾ ਕੁੜੱਤਣ ਨਾਲ਼ ਆਖਦਾ ਤਾਂ ਬਹੁਤੇ
ਸਹਿਮਤੀ ’ਚ ਸਿਰ ਮਾਰਦੇ।
ਸਿਆਲਕੋਟੀਆਂ ਨੇ ਮਸਜਿਦ ’ਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਿਰਾਜਮਾਨ ਕਰ ਦਿੱਤੀ ਸੀ।ਲੁਹਾਰਾਂ ਤੇ ਲੁਬਾਣਿਆਂ ਦਾ ਗੁਰਦੁਆਰਾ ਪਹਿਲਾਂ ਤੋਂ ਸੀ। ਇਸ ਨਵੇਂ ਗੁਰਦੁਆਰੇ ਦਾ ਨਾਂ ‘ਮਸਜਿਦ ਆਲਾ ਗੁਰਦੁਆਰਾ’ ਪੈ ਗਿਆ।
ਤੁਰ ਗਿਆਂ ਦੀਆਂ ਨਿਸ਼ਾਨਿਆਂ ਤੇ ਨਾਵਾਂ ਨੂੰ ਮੇਟਣਾ ਏਡਾ ਸੌਖਾ ਨਹੀਂ ਸੀ।ਨਾ ਤਾ ਜ਼ੁਬਾਨਾਂ ਤੋਂ ਜ਼ਿਕਰ ਟੁੱਟਦੇ ਸਨ ਤੇ ਨਾ ਹੀ ਚੇਤਿਆਂ ’ਚੋਂ ਸੂਰਤਾਂ ਖੁਰਦੀਆਂ ਸਨ।
----
ਸੰਤਾ ਸਿੰਘ ਕਈ ਵਾਰ ਉਲਾਂਭਾ ਦਿੰਦਿਆਂ ਆਖਦਾ ਕਿ ਮੀਏਂ ਵਾਲੇ ਖੇਤਾਂ ਨੂੰ ਉਸ ਵਾਲੇ ਮੁਰੱਬੇ ਆਖਿਆ ਜਾਵੇ।ਇਸ ਤਰ੍ਹਾਂ ਦਾ ਗਿਲਾ ਕੌੜਾ ਮੱਲ ਝਾਂਗੀ ਨੂੰ ਵੀ ਸੀ ਕਿ ਉਸਦਾ ਘਰ ਹਾਲੇ ਵੀ ਦਿਲਸ਼ਾਦ ਵਾਲ਼ਾ ਚੁਬਾਰਾ ਸੀ।ਸ਼ੇਰ ਮੁਹੰਮਦ ਵਾਲ਼ੀ ਹਵੇਲੀ ਚਾਰ ਦਹਾਕਿਆਂ ਬਾਅਦ ਵੀ ਚੰਨਣ ਸਿੰਘ ਬਾਜਵੇ ਦੇ ਨਾਂ ਨਾਲ਼ ਨਹੀਂ ਸੀ ਜੁੜੀ।ਹੰਸੇ ਬਾਹਮਣ ਦੇ ਵਿਹੜੇ ’ਚ ਖੜੀ ਨਿੰਮ ਅੱਜ ਵੀ ਮੁਸਤਫੇ ਵਾਲ਼ੀ ਨਿੰਮ ਸੀ।
“ਚਾਲ਼ੀ ਸਾਲ ਹੋ ਗਏ ਇਹਦੀ ਛਾਂ ਮਾਣਦਿਆਂ,ਇਹ ਸਾਡੀ ਨਹੀਂ ਜੇ ਹੋਈ।”ਹੰਸੇ ਬਾਹਮਣ ਦਾ ਮੁੰਡਾ ਦੁਖੀ ਮਨ ਨਾਲ਼ ਆਖਦਾ। ਇਵੇਂ ਹੀ ‘ਮੀਏਂ ਵਾਲ਼ੀ ਕੋਠੀ’ ਤੇ ‘ਹਕੀਮ ਕੀ ਦੁਕਾਨ’ ਅੱਜ ਵੀ ਲੋਕਾਂ ਦੀ ਜ਼ੁਬਾਨ ’ਤੇ ਚੜੇ ਹੋਏ ਸਨ।
----
ਇਹਨਾਂ ਦਿਨਾਂ ਦੀ ਗੱਲ਼ ਹੈ।
ਗਰਮੀਆਂ ਦੀ ਰੁੱਤ ਦੀ ਸ਼ੁਰੂਆਤ ਸੀ।ਨਾਰੂ ਨੰਗਲ ਦੇ ਅੰਬਾਂ ਨੂੰ ਬੂਰ ਪੈ ਰਿਹਾ ਸੀ।
ਇਕ ਸ਼ਾਮ,ਅੱਡੇ ’ਤੇ ਇਕ ਵੱਖਰੀ ਜਿਹੀ ਦਿੱਖ ਵਾਲ਼ਾ ਓਪਰਾ ਜਿਹਾ ਵਿਅਕਤੀ ਮਿੰਨੀ ਬੱਸ ਤੋਂ ਉੱਤਰਿਆ। ਉਸਦੇ ਹੱਥ ’ਚ ਸੂਟਕੇਸ ਸੀ।ਲੰਬਾ ਕੱਦ,ਪਤਲਾ ਸਰੀਰ,ਕਤਰੀ ਹੋਈ ਬੱਗੀ ਦਾੜ੍ਹੀ, ਗੋਰਾ-ਨਿਛੋਹ ਰੰਗ ਤੇ ਮੋਟੀਆਂ-ਕਾਲ਼ੀਆਂ ਅੱਖਾਂ ਵਾਲ਼ੇ ਇਸ ਸ਼ਖਸ ਨੇ ਚਿੱਟੀ ਪੱਗ ਤੇ ਸਲਵਾਰ-ਕਮੀਜ਼ ਪਾਈ ਹੋਈ ਸੀ।ਇਹ ਜਦੋਂ ਪਿੰਡ ਦੇ ਬਜ਼ਾਰ ’ਚ ਆਇਆ ਤਾਂ ਹਰ ਕੋਈ ਹੈਰਾਨੀ-ਭਰੇ ਧਿਆਨ ਨਾਲ਼ ਵੇਖ ਰਿਹਾ ਸੀ।
ਆਲ਼ੇ-ਦੁਆਲ਼ੇ ਨੂੰ ਗਹੁ ਨਾਲ਼ ਵੇਖ ਕੇ ਤੁਰਦਾ ਉਹ ਇਕ ਦੁਕਾਨ ਮੂਹਰੇ ਰੁਕ ਗਿਆ।ਦੁਕਾਨਦਾਰ ਮੁੰਡੇ ਨੇ ਉਸਨੂੰ ਗਾਹਕ ਸਮਝਦਿਆਂ ਆਵਾਜ਼ ਦਿੱਤੀ।ਉਹ ਉਦਾਸ ਚਿਹਰਾ ਲਈ ਥੱਕੇ ਜਿਹੇ ਕਦਮਾਂ ਨਾਲ਼ ਦੁਕਾਨ ਦਾ ਦਰ ਲੰਘ ਗਿਆ।
‘ਉਹੀ ਲਕੜੀ ਦਾ ਬੂਹਾ,ਉਹੀ ਕੰਧਾਂ ਤੇ ਉਹੀ ਰੋਸ਼ਨਦਾਨ,ਪਰ ਇਨਸਾਨ ਬਦਲ ਗਏ।’ ਇਹ ਸੋਚਦਿਆਂ ਉਸਦਿਆਂ ਅੱਖਾਂ ਛਲਕ ਪਈਆਂ।
“ਦੱਸੋ ਜੀ ਕੀ ਚਾਹੀਦੈ?”
ਉਸਨੂੰ ਹਮੇਸ਼ਾਂ ਦੇ ਲਈ ਆਪਣਾ ਪਿੰਡ ਚਾਹੀਦਾ ਸੀ ;ਆਪਣਾ ਨਾਰੂ ਨੰਗਲ।
“ਕੀ ਵਿਖਾਵਾਂ?” ਮੁੰਡੇ ਨੇ ਕੱਪੜਿਆਂ ਦੇ ਥਾਨ ਨੂੰ ਹੱਥ ਪਾਉਂਦਿਆਂ ਪੁੱਛਿਆ।
ਉਹ ਵੇਖਣਾ ਚਾਹੁੰਦਾ ਸੀ ਉਹ ਸਾਰੇ ਚਿਹਰੇ ਜਿਨ੍ਹਾਂ ਨੂੰ ਵੇਖੇ ਬਗੈਰ ਕਦੇ ਵਕਤ ਨਹੀਂ ਸੀ ਗੁਜ਼ਰਦਾ ਹੁੰਦਾ।
“ਕੁਝ ਤਾਂ ਲਵੋ ਤੁਹਾਡੀ ਆਪਣੀ ਦੁਕਾਨ ਏਂ।”
ਉਸਦੇ ਦਿਲ ਦਾ ਰੁੱਗ ਭਰਿਆ ਗਿਆ।ਉਹ ਦੁਕਾਨ ’ਚੋਂ ਨਿਕਲ ਕੇ ਤੇਜ਼-ਤੇਜ਼ ਕਦਮਾਂ ਨਾਲ਼ ਸੱਤੇ ਦੇ ਘਰ ਵਲ ਤੁਰ ਪਿਆ।
“ਅੱਲਾ ਕਰੇ ਉਹ ਜਿਉਂਦਾ ਹੋਵੇ।” ਹਰ ਕਦਮ ਨਾਲ਼ ਉਸਦੇ ਦਿਲ ਦੀ ਧੜਕਨ ਤੇਜ਼ ਹੋ ਰਹੀ ਸੀ।
ਸੱਤੇ ਕੇ ਕਾਰਖਨੇ ਵਾਲ਼ੀ ਥਾਂ ’ਤੇ ਆਟੇ ਵਾਲ਼ੀ ਚੱਕੀ ਚਲ ਰਹੀ ਸੀ।ਸਾਹਮਣਲੇ ਤੌੜ ’ਚ ਖੜੇ ਸ਼ਹਿਤੂਤ ਦੀ ਛਾਵੇਂ ਡੱਠੇ ਅਲ੍ਹਾਣੇ ਮੰਜੇ ’ਤੇ ਪਿਆ ਬਜ਼ੁਰਗ ਕਿਸੇ ਡੂੰਘੀ ਸੋਚ ’ਚ ਉਤਰਿਆ ਪਿਆ ਸੀ।ਆਉਣ ਵਾਲ਼ਾ ਕੁਝ ਦੇਰ ਮੰਜੇ ਦੇ ਸਿਰ੍ਹਾਣੇ ਖੜ ਕੇ ਉਸਨੂੰ ਪਛਾਣਦਾ ਰਿਹਾ।
“ਸੱਤਿਆ!” ਉਹ ਮੰਜੇ ’ਤੇ ਥੋੜ੍ਹਾ ਝੁਕਦਿਆਂ ਬੋਲਿਆ।
“ਕੌਣ?” ਐਨਕ ਦੇ ਮੋਟੇ ਸ਼ੀਸ਼ਿਆਂ ’ਚੋਂ ਦੀ ਝਾਕਦਾ ਸੱਤਾ ਉਠ ਕੇ ਬੈਠ ਗਿਆ।
“ਉਹ ਏਡੀ ਛੇਤੀਂ ਭੁੱਲ ਗਿਆਂ ਲੁਹਾਰਾ, ਸਾਨੂੰ ਹੱਥੀਂ ਰੁਖ਼ਸਤ ਕਰਕੇ।”
ਇਹ ਗੱਲ ਸੁਣਕੇ ਸੱਤਾ ਉਠ ਖੜ੍ਹਾ ਹੋ ਗਿਆ।
“ਬੱਲੇ ਬਈ ਬੱਲੇ!ਫਜ਼ਲਿਆ ਤੂੰ?ਆਹ ਤਾਂ ਕਮਾਲਾਂ ਹੋ ਗਈਆਂ ਯਾਰਾ।ਮੈਂ ਤਾਂ ਆਸ ਈ ਮੁਕਾ ਛੱਡੀ ਸੀ।”
ਸੱਤੇ ਨੇ ਫ਼ਜ਼ਲੇ ਨੂੰ ਕਲ਼ਾਵੇ ’ਚ ਲੈ ਲਿਆ ।ਉਹ ਚੁੱਪ-ਚਾਪ ਖੜੇ ਰਹੇ।ਉਹਨਾਂ ਦੀਆਂ ਅੱਖਾਂ ’ਚੋਂ ਅੱਥਰੂ ਕਿਰਦੇ ਰਹੇ।ਜਦੋਂ ਉਹਨਾਂ ਦੀਆਂ ਬਾਹਵਾਂ ਖੁੱਲ੍ਹੀਆਂ ਤਾਂ ਇਕ ਨਿੱਕੀ ਜਿਹੀ ਭੀੜ ਉਹਨਾਂ ਦੇ ਦੁਆਲੇ ਜੁੜੀ ਪਈ ਸੀ।ਬੱਚਿਆਂ ਨੇ ਗਲ਼ੀਆਂ ’ਚ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ ਸੀ।
“ਚੱਕੀ ਆਲਿਆਂ ਦੇ ਇਕ ਸਲਵਾਰ ਵਾਲ਼ਾ ਭਾਈ ਆਇਆ।”
“ਪਿੰਡ ’ਚ ਇਕ ਮੁਸਲਮਾਨ ਆਇਆ।”
“ਲੁਹਾਰਾਂ ਦੇ ਪਾਕਿਸਤਾਨੀ ਆਇਆ।”
----
ਰਾਤ ਤੱਕ ਚੱਕੀ ’ਤੇ ਇਕ ਮੇਲਾ ਜਿਹਾ ਲੱਗਿਆ ਰਿਹਾ।ਲੋਕ ਆਉਂਦੇ ਰਹੇ ਜਾਂਦੇ ਰਹੇ।ਹਾਲ-ਚਾਲ ਪੁੱਛਦੇ ਰਹੇ,ਦੱਸਦੇ ਰਹੇ।…ਤੇ .ਫਜ਼ਲੇ ਨੂੰ ਘਰ ਆਉਣ ਦਾ ਨਿਉਂਦਾ ਦਿੰਦੇ ਰਹੇ।
“ਫਿਕਰ ਨਾ ਕਰੋ ਭਰਾਵੋ।ਮੈਂ ਪੰਜ-ਸੱਤ ਦਿਨ ਇੱਥੇ ਈ ਆਂ।ਅਸੀਂ ਰੋਜ਼ ਮਿਲਾਂਗੇ।ਰੱਜ-ਰੱਜ ਗੱਲਾਂ ਕਰਾਗੇ।ਇਹ ਮੇਰਾ ਆਪਣਾ ਗਰਾਂ ਆਂ।ਮੈਂ ਹਰ ਘਰ ਆਵਾਂਗਾ।” .ਫਜ਼ਲਾ ਹਰੇਕ ਨੂੰ ਇਹੋ ਜਿਹਾ ਜਵਾਬ ਦਿੰਦਾ ਰਿਹਾ।ਸੱਤਾ ਤੇ ਫ਼ਜ਼ਲਾ ਵੱਡੀ ਰਾਤ ਤੱਕ ਗੱਲਾਂ ਕਰਦੇ ਰਹੇ। ਫ਼ਜ਼ਲੇ ਨੇ ਪੂਰੀ ਵਿਥਿਆ ਸੁਣਾਈ।ਦੁੱਖ,ਸੰਤਾਪ ਤੇ ਗ਼ੁਰਬਤ ਦੀ ਭਰੀ ਵਿਥਿਆ।ਚੱਕ ਸਾਦੂ ਕੈਂਪ ਤੋਂ ਲਾਹੌਰ ਤੱਕ ਦੇ ਸਫਰ ਦੌਰਾਨ,ਮੌਤ ਦੇ ਕੀਤੇ ਨੰਗੇ ਦਰਸ਼ਣਾਂ ਦੀ ਵਿਥਿਆ।ਬਿਗਾਨੀ ਥਾਂ ਤੇ ਬਿਗਾਨੇ ਲੋਕਾਂ ’ਚ ਨਵੇਂ ਸਿਰਿਓਂ ਜ਼ਿੰਦਗੀ ਸ਼ੁਰੂ ਕਰਨ ਦੀ ਵਿਥਿਆ।ਉਸਦਾ ਕਈ ਵਾਰ ਗੱਚ ਭਰਿਆ।ਉਸਨੇ ਕਈ ਵਾਰ ਅੱਖਾਂ ਪੂੰਝੀਆਂ।
----
ਫਿਰ ਇਕ ਲੰਮੀ ਚੁੱਪ ਦੇ ਬਾਅਦ ਉਹ ਮਾਣ ਜਿਹੇ ‘ਚ ਬੋਲਿਆ,“ਹੁਣ ਲਹੌਰ ਦੇ ਵਧੀਆ ਬਜ਼ਾਰ ’ਚ ਆਪਣੀ ਦੁਕਾਨ ਆ ਸੱਤਿਆ।ਦੋਹਾਂ ਮੁੰਡਿਆਂ ਨੇ ਬੜਾ ਸ੍ਹੋਣਾ ਕੰਮ ਸੰਭਾਲ ਲਿਆ ਆ।ਧੀ ਆਪਣੇ ਘਰ ਆ।ਬੜੀ ਖੁਸ਼ ਆ।ਚਾਰ ਰੁਪਏ ਵੀ ਆ ਸੁੱਖ ਨਾਲ਼।ਥੋੜਾ ਆਰਾਮ ਵੀ ਮਿਲਿਆ ਅੱਲਾ ਦੇ ਕਰਮ ਨਾਲ਼।”
“ਹਕੀਮੀ ਨਹੀਂ ਕਰਦੇ ਫੇ ਅੱਜਕਲ੍ਹ?”
“ਐਵੇਂ ਮਾੜ੍ਹੀ-ਮੋਟੀ।ਮੱਲ੍ਹਮ ਤਾਂ ਮੈਂ ਹੁਣ ਵੀ ਬਣਾਉਂਦਾ।ਬੜੀ ਦੂਰੋਂ-ਦੂਰੋਂ ਆਉਂਦੇ ਆ ਲੋਕ ਜ਼ਖ਼ਮ ਲੈ ਕੇ।ਸੱਤਿਆ,ਇਕ ਦੋ ਡਾਕਟਰ ਤਾਂ ਬੜੇ ਈ ਪਿੱਛੇ ਪਇਓ ਆ।ਰੁਪਈਆਂ ਦਾ ਵੀ ਲਾਲਚ ਦਿੰਦੇ ਆ ਅਖੇ ਮੱਲ੍ਹਮ ਦਾ ਨੁਸਖਾ ਦੇ ਦਿਓ।ਲੋਕਾਂ ਦੀ ਛਿੱਲ ਲਾਹੁਣੀ ਚਾਹੁੰਦੇ ਆ।ਵਪਾਰੀ ਲੋਕ!”
ਸੱਤਾ ਮੁਸਕਾ ਪਿਆ।
“ਪੰਜ-ਸੱਤ ਮਲ੍ਹਮ ਦੀਆਂ ਡੱਬੀਆਂ ਮੈਂ ਪਿੰਡ ਵਾਸੀਆਂ ਲਈ ਵੀ ਲੈ ਕੇ ਆਇਆਂ।” ਇਹ ਕਹਿ ਕੇ ਫ਼ਜ਼ਲਾ ਹਲਕਾ ਜਿਹਾ ਹੱਸ ਪਿਆ,ਪਰ ਸੱਤੇ ਦੀਆਂ ਅੱਖਾਂ ਛਲਕ ਗਈਆਂ।
ਉਹ ਸੋਚਦਾ ਰਿਹਾ ਸੀ ਕਿ ਪੰਜ-ਸੱਤ ਡੱਬੀਆਂ ਨਾਲ਼ ਕੀ ਬਣਨਾ ? ਜ਼ਖਮਾਂ ਨਾਲ਼ ਤਾਂ ਦਿਲ ਭਰੇ ਪਏ ਆ। ਗੁਰੂ-ਘਰ ’ਤੇ ਹਮਲਾ,ਦਿੱਲੀ ਦੀ ਕਤਲੋਗਾਰਤ,ਨਿਰਦੋਸ਼ ਹਿੰਦੂਆਂ ਦੇ ਕਤਲ ਤੇ ਝੂਠੇ ਪੁਲਸ ਮੁਕਾਬਲੇ…। ਫ਼ਜ਼ਲਾ ਤਾਂ ਮੱਲ੍ਹਮ ਬਣਾਉਂਦਾ ਥੱਕ ਜਾਏ। ਇਹਨੂੰ ਕੀ ਪਤਾ ਕਿ ਕਿੰਨਾ ਜ਼ਖ਼ਮੀ ਹੋਇਆ ਪਿਆ ਏ ਪੰਜਾਬ।ਪੰਜਾਬ ਕਾਹਨੂੰ ਪੂਰੇ ਦੇਸ਼ ਤੇ ਸੰਸਾਰ ਦਾ ਵੀ ਇਹੋ ਹਾਲ ਆ।
-----
ਅਗਲੀ ਸਵੇਰ ਫ਼ਜ਼ਲਾ ਸੂਰਜ ਉਗਣ ਤੋਂ ਪਹਿਲਾਂ ਹੀ ਘਰੋਂ ਨਿਕਲ ਤੁਰਿਆ।ਉਹ ਹਰ ਘਰ ਦਾ ਮਹਿਮਾਨ ਸੀ।ਉਸ ਨੂੰ ਦਰਾਂ ’ਤੇ ਤੇਲ ਚੁਆ ਕੇ ਅੰਦਰ ਲੰਘਾਇਆ ਜਾਂਦਾ।ਮੰਜੇ ਉਤੇ ਅਣਲੱਗ ਚਾਦਰ ਵਿਛਾਈ ਜਾਂਦੀ।ਮਰਦ ਜ਼ਰੂਰੀ ਤੋਂ ਜ਼ਰੂਰੀ ਕੰਮ ਛੱਡ ਕੇ ਉਸ ਕੋਲ਼ ਬੈਠੇ ਰਹਿੰਦੇ।ਵਧੀਆ ਤੋਂ ਵਧੀਆ ਪਕਵਾਨ ਪਰੋਸੇ ਜਾਂਦੇ।ਅਤਿ-ਸਤਿਕਾਰ ਦੀਆਂ ਇਹਨਾਂ ਘੜੀਆਂ ’ਚ ਫ਼ਜ਼ਲੇ ਨੂੰ ਨਾ ਚਾਹੁੰਦੇ ਹੋਏ ਵੀ ਉਹ ਮਨਹੂਸ ਰਾਤ ਯਾਦ ਆ ਜਾਂਦੀ,ਜਦ ਉਸਨੂੰ ਇਸ ਜਾਨ ਤੋਂ ਪਿਆਰੇ ਪਿੰਡ ਤੋਂ ਜਾਨ ਬਚਾ ਕੇ ਭੱਜਣਾ ਪਿਆ ਸੀ।
“ਵਾਹ ਓਏ ਸਮਿਆ ਤੇਰੇ ਰੰਗ।” ਇਹ ਸੋਚਦਿਆਂ ਉਸਦੀਆਂ ਅੱਖਾਂ ’ਚ ਅੱਥਰੂਆਂ ਦੀ ਇਕ ਹਲਕੀ ਜਿਹੀ ਪਰਤ ਉਭਰ ਆਉਂਦੀ।
“ਮਾਫ਼ ਕਰੀ,ਬਸ ਸਮਿਆਂ ਤੇ ਦੁੱਖਾਂ ਦੀਆਂ ਮਜ਼ਬੂਰੀਆਂ ਸੀ।ਮੈਂ ਆਖਰੀ ਸਮੇਂ ਤੇਰੇ ਨਾਲ਼ ਕੁਝ ਵੀ ਨਹੀਂ ਸਾਂ ਬੋਲ ਸਕਿਆ।ਉਹ ਮੰਜ਼ਰ ਮੈਂ ਕਦੇ ਵੀ ਨਾ ਭੁਲਾ ਸਕਿਆ।ਤੂੰ ਮੈਨੂੰ ਉਵੇਂ ਦਿਸਦਾ ਰਿਹਾ,ਗੱਡੇ ਕੋਲ਼ ਖੜਾ।”
ਕਰਮੂ ਸੈਣੀ ਬੱਚਿਆ ਵਾਂਗ ਹਟਕੋਰੇ ਭਰਨ ਲੱਗ ਪਿਆ ਸੀ।
“ਕਿੰਨੇ ਦਿਨਾਂ ਪਿੱਛੋਂ ਮੁੜੇ ਸੀ ਫੇ ਉਦੋਂ?” .ਫਜ਼ਲੇ ਨੇ ਗੱਲ ਹੋਧਰੇ ਪਾਉਂਦਿਆਂ ਪੁੱਛਿਆ ਸੀ।
“ਦੂਜੇ ਈ ਦਿਨ।”
“ਦੇਖ ਲੈ ਕਰਮੂਆਂ ਅਸੀਂ ਚਾਲ਼ੀ ਸਾਲ ਕੱਟ ਲਏ।ਬਸ ਮੈਂ ਜਾਂ ਮੇਰਾ ਰੱਬ ਈ ਜਾਣਦਾ ਕਿੱਦਾਂ।”
ਫ਼ਜ਼ਲੇ ਦਾ ਗੱਚ ਭਰ ਆਇਆ।
*********
ਲੜੀ ਜੋੜਨ ਲਈ ਅਗਲਾ ਭਾਗ ਦੇਖੋ।
No comments:
Post a Comment