ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, February 21, 2010

ਹਰਮਹਿੰਦਰ ਚਹਿਲ - ਰਾਮ ਸਰੂਪ ਅਣਖੀ ਨਾਲ ਮੇਰੀ ਆਖ਼ਰੀ ਮੁਲਾਕਾਤ - ਸ਼ਰਧਾਂਜਲੀ ਲੇਖ

ਸਾਹਿਤਕ ਨਾਮ: ਹਰਮਹਿੰਦਰ ਚਹਿਲ

ਜਨਮ: ਮਾਰਚ, 1957 ( ਪਿੰਡ ਆਲਮਪੁਰ ਮੇਦਰਾ, ਮਾਨਸਾ, ਪੰਜਾਬ ਵਿਖੇ )

ਅਜੋਕਾ ਨਿਵਾਸ: ਯੂ.ਐੱਸ.ਏ.

ਕਿਤਾਬਾਂ: ਨਾਵਲ ‘ਬਲੀ’ ਪ੍ਰਕਾਸ਼ਿਤ ਹੋ ਚੁੱਕਾ ਹੈ।

-----

ਦੋਸਤੋ! ਅੱਜ ਅਮਰੀਕਾ ਵਸਦੇ ਲੇਖਕ ਹਰਮਹਿੰਦਰ ਚਹਿਲ ਜੀ ਨੇ ਇੱਕ ਬੇੱਹਦ ਖ਼ੂਬਸੂਰਤ ਲੇਖ ਭੇਜ ਕੇ ਮਰਹੂਮ ਸ੍ਰੀ ਰਾਮ ਸਰੂਪ ਅਣਖੀ ਸਾਹਿਬ ਨਾਲ਼ ਸਬੰਧਿਤ ਯਾਦਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕੀਤੀਆਂ ਹਨ। ਮੈਂ ਚਹਿਲ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਲੇਖ ਆਰਸੀ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*********

ਅਗਲੇ ਸਾਲ ਪਹਿਲਾਂ ਤਾਂ ਆਪਾਂ....!

ਰਾਮ ਸਰੂਪ ਅਣਖੀ ਨਾਲ ਮੇਰੀ ਆਖ਼ਰੀ ਮੁਲਾਕਾਤ

ਸ਼ਰਧਾਂਜਲੀ ਲੇਖ

ਯਾਦਾਂ

ਰਾਮ ਸਰੂਪ ਅਣਖੀ ਹੁਰਾਂ ਨੂੰ ਮੈਂ ਪਿਛਲੇ ਤਕਰੀਬਨ ਤੀਹ ਬੱਤੀ ਸਾਲਾਂ ਤੋਂ ਪੜ੍ਹ ਰਿਹਾ ਹਾਂ, ਪਰ ਕਦੇ ਮੁਲਾਕਾਤ ਨਹੀਂ ਹੋਈ ਸੀ। ਮੇਰਾ ਪਹਿਲਾ ਕਹਾਣੀ-ਸੰਗ੍ਰਹਿ ‘ਅੰਨ੍ਹੀ ਗਲੀ ਦੇ ਬਾਸ਼ਿੰਦੇ’ ਛਪਿਆ ਤਾਂ ਮੈਂ ਪਿੰਡ ਫੋਨ ਕਰਕੇ ਉਸਦੀ ਇਕ ਕਾਪੀ ਅਣਖੀ ਹੋਰਾਂ ਨੂੰ ਭਿਜਵਾ ਦਿੱਤੀ। ਕਿਤਾਬ ਪੜ੍ਹ ਕੇ ਉਹਨਾਂ ਨੇ ਮੈਨੂੰ ਅਮਰੀਕਾ ਵਿਚ ਚਿੱਠੀ ਲਿਖੀ। ਕਹਾਣੀ-ਸੰਗ੍ਰਹਿ ਸਰਾਹੁਣ ਉਪਰੰਤ ਉਹਨਾਂ ਮੈਨੂੰ ਨਿਰਸੰਕੋਚ ਅਗਾਂਹ ਵਧਣ ਦੀ ਹੱਲਾਸ਼ੇਰੀ ਦਿੱਤੀ। ਫਿਰ ਪਹਿਲੀ ਵਾਰ ਮੇਰਾ ਨਾਵਲ ‘ਬਲੀ’ ਛਪਿਆ ਤਾਂ ਮੈਂ ਬਰਨਾਲੇ ਉਹਨਾਂ ਦੇ ਘਰ ਜਾ ਕੇ ਆਪ ਭੇਂਟ ਕਰਕੇ ਆਇਆ। ਉਸਦੇ ਥੋੜ੍ਹੀ ਦੇਰ ਬਾਦ ਫ਼ਰਵਰੀ 2009 ਵਿਚ ਮੈਨੂੰ ‘ਐਨ ਆਰ ਆਈ ਸਰੋਕਾਰ’ ਮੈਗਜ਼ੀਨ ਦੀ ਕਾਪੀ ਮਿਲੀ। ਮੈਗਜ਼ੀਨ ਖੋਲ੍ਹਿਆ ਤਾਂ ਵੇਖਿਆ ਕਿ ਅਣਖੀ ਸਾਹਿਬ ਨੇ ਮੇਰੇ ਬਾਰੇ ਇਕ ਲੇਖ ਲਿਖਿਆ ਹੋਇਆ ਸੀ। ਪੜ੍ਹ ਕੇ ਮੈਨੂੰ ਬਹੁਤ ਹੀ ਜ਼ਿਆਦਾ ਖ਼ੁਸ਼ੀ ਹੋਈ, ਕਿਉਂਕਿ ਏਨੇ ਵੱਡੇ ਉੱਚੇ ਕੱਦ ਵਾਲੇ ਲੇਖਕ ਦਾ ਮੇਰੇ ਵਰਗੇ ਨਵੇਂ ਲੇਖਕ ਬਾਰੇ ਲਿਖਣਾ ਕੋਈ ਮਾੜੀ-ਮੋਟੀ ਗੱਲ ਨਹੀਂ ਸੀ। ਉਹਨਾਂ ਦੇ ਆਪਣੇ ਸ਼ਬਦਾਂ ਵਿਚ:

‘ਪਿੱਛੇ ਜਿਹੇ ਬੁਢਲਾਡਾ ਦੇ ਕੋਲ ਪਿੰਡ ਆਲਮਪੁਰ ਮੰਦਰਾਂ ਤੋਂ ਇਕ ਕਹਾਣੀ-ਸੰਗ੍ਰਹਿ ‘ਅੰਨ੍ਹੀ ਗਲੀ ਦੇ ਬਾਸ਼ਿੰਦੇ’ ਮੈਨੂੰ ਡਾਕ ਰਾਹੀਂ ਮਿਲਿਆ। ਇਹ ਕਹਾਣੀ-ਸੰਗ੍ਰਹਿ ਅਮਰੀਕਾ ਰਹਿੰਦੇ ਹਰਮਹਿੰਦਰ ਚਹਿਲ ਦਾ ਸੀ ਅਤੇ ਪਿੰਡੋਂ ਉਸਦੇ ਭਰਾ ਨੇ ਮੈਨੂੰ ਭੇਜਿਆ ਸੀ। ਸੰਗ੍ਰਹਿ ਖੋਲ੍ਹ ਕੇ ਦੇਖਿਆ ਤਾਂ ਇਹ ਹਰਮਹਿੰਦਰ ਚਹਿਲ ਉਸੇ ਪਿੰਡ ਆਲਮਪੁਰ ਮੰਦਰਾਂ ਦਾ ਸੀ, ਜਿਸਦੇ ਚਾਰ ਮੀਲ ਦੇ ਫ਼ਾਸਲੇ ’ਤੇ ਮੱਲ ਸਿੰਘ ਵਾਲਾ ਪਿੰਡ ਹੈ। ਮੈਂ ਹਰਮਹਿੰਦਰ ਚਹਿਲ ਦਾ ਨਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ ਅਤੇ ਨਾ ਹੀ ਕਿਧਰੇ ਉਸਦੀ ਕੋਈ ਕਹਾਣੀ ਪੜ੍ਹੀ ਸੀ। ਇਸ ਗੱਲ ਦੀ ਖ਼ੁਸ਼ੀ ਬੇਅੰਤ ਹੋਈ ਕਿ ਇਹ ਲੇਖਕ ਕੋਈ ਆਲਮਪੁਰ ਮੰਦਰਾਂ ਦਾ ਜੰਮਪਲ ਹੈ ਅਤੇ ਇਸ ਪਿੰਡ ਤੋਂ ਮੱਲ ਸਿੰਘ ਵਾਲਾ ਨੇੜੇ ਹੀ ਹੈ। ਮੈਨੂੰ ਲੱਗਿਆ ਕਿ ਇਹ ਕੋਈ ਹਰਮਹਿੰਦਰ ਚਹਿਲ ਮੰਦਰਾਂ ਦਾ ਨਹੀਂ, ਮੱਲ ਸਿੰਘ ਵਾਲੇ ਦਾ ਹੀ ਹੋਵੇ। ਇਹ ਮੰਦਰਾਂ ਦਾ ਹਰਮਹਿੰਦਰ ਮੈਨੂੰ ਬਹੁਤ ਪਿਆਰਾ ਲੱਗਿਆ। ਜਿਵੇਂ ਮੇਰਾ ਇਹ ਕੋਈ ਸਕੇ ਮਾਮੇ ਦਾ ਪੁੱਤ ਹੋਵੇ। ‘ਅੰਨ੍ਹੀ ਗਲੀ ਦੇ ਬਾਸ਼ਿੰਦੇ’ ਸੰਗ੍ਰਹਿ ਦੀਆਂ ਮੈਂ ਸਾਰੀਆਂ ਕਹਾਣੀਆਂ ਮੈਂ ਪਾਣੀ ਵਾਂਗ ਪੀ ਗਿਆ। ਇਹਨਾਂ ਕਹਾਣੀਆਂ ਵਿਚ ਉਹਨਾਂ ਪਿੰਡਾਂ ਦੀ ਮਹਿਕ ਸੀ।’

ਉਹ ਅੱਗੇ ਲਿਖਦੇ ਹਨ:

‘ਹਰਮਹਿੰਦਰ ਚਹਿਲ ਦਾ ਪਹਿਲਾ ਨਾਵਲ ‘ਬਲੀ’ ਜੋ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਨੇ ਪ੍ਰਕਾਸ਼ਿਤ ਕੀਤਾ ਹੈ, ਦੀ ਵਿਚਾਰ ਗੋਸ਼ਟੀ ਪਿਛਲੇ ਦਿਨਾਂ ਵਿਚ ਬਰਨਾਲਾ ਵਿਖੇ ਆਯੋਜਿਤ ਕੀਤੀ ਗਈ। ਇਸ ਗੋਸ਼ਟੀ ਵਿਚ ਨਾਵਲ ਬਾਰੇ ਪੂਰਾ ਸੰਵਾਦ ਰਚਾਇਆ ਗਿਆ। ਖੋਜ-ਪੱਤਰ ਡਾ. ਭੁਪਿੰਦਰ ਸਿੰਘ ਬੇਦੀ ਨੇ ਪੜ੍ਹਿਆ ਸੀ। ਸਿਹਤ ਢਿੱਲੀ-ਮੱਠੀ ਹੋਣ ਕਰਕੇ ਮੈਂ ਗੋਸ਼ਟੀ ਵਿਚ ਤਾਂ ਜਾ ਸਕਿਆ, ਪਰ ਹਰਮਹਿੰਦਰ ਚਹਿਲ ਮੇਰੇ ਘਰ ਆਇਆ ਸੀ। ਉਸ ਨੂੰ ਦੇਖ ਕੇ ਅਤੇ ਗੱਲਾਂ ਕਰਕੇ ਚੰਗਾ ਚੰਗਾ ਲੱਗਿਆ। ‘ਬਲੀ’ ਨਾਵਲ ਚਹਿਲ ਨੇ ਗ਼ੈਰ-ਭਾਵੁਕ ਹੋ ਕੇ ਉਹ ਨਾਵਲ ਲਿਖਿਆ ਹੈ, ਜੋ ਸੱਚਾਈ ਦੁਆਲੇ ਇਕ ਵੀ ਪਰਦਾ ਤਣਿਆ ਨਹੀਂ ਰਹਿਣ ਦਿੰਦਾ।’

------

ਇਹ ਮੇਰੀ ਅਣਖੀ ਸਾਹਿਬ ਨਾਲ ਪਹਿਲੀ ਮੁਲਾਕਾਤ ਸੀ। ਆਪਣੇ ਸੁਭਾਅ ਮੁਤਾਬਕ ਮੈਨੂੰ ਵੱਡੇ ਲੇਖਕਾਂ ਨਾਲ ਮਿਲ਼ਦਿਆਂ-ਗਿਲ਼ਦਿਆਂ ਅਤੇ ਗੱਲਾਂ ਕਰਦਿਆਂ ਥੋੜ੍ਹਾ ਸੰਕੋਚ ਹੁੰਦਾ ਹੈ, ਪਰ ਅਣਖੀ ਸਾਹਿਬ ਨਾਲ ਗੱਲਾਂ ਕਰਦਿਆਂ ਤਾਂ ਮੈਨੂੰ ਇਹਸਾਸ ਹੀ ਨਾ ਹੋਇਆ ਕਿ ਮੈਂ ਇੰਨੇ ਵੱਡੇ ਲੇਖਕ ਕੋਲ ਬੈਠਾ ਹਾਂ। ਉਹਨਾਂ ਨੇ ਬਹਿੰਦਿਆਂ ਹੀ ਆਪਣੇ ਨਾਨਕੇ ਪਿੰਡ ਮੱਲ ਸਿੰਘ ਵਾਲਾ ਦੀਆਂ ਗੱਲਾਂ ਛੇੜ ਲਈਆਂ। ਮੈਂ ਮਹਿਸੂਸ ਕੀਤਾ ਕਿ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਨਾਲ ਡਾਢਾ ਹੀ ਮੋਹ ਸੀ। ਉਹ ਛੋਟੇ ਹੁੰਦਿਆਂ ਆਮ ਹੀ ਆਪਣੇ ਨਾਨਕੇ ਪਿੰਡ ਆਉਂਦੇ-ਜਾਂਦੇ ਸਨ ਅਤੇ ਹਫ਼ਤਿਆਂ ਬੱਧੀ ਉਥੇ ਰਹਿੰਦੇ ਸਨ। ਜਦੋਂ ਉਹ ਨਾਨਕੇ ਪਿੰਡ ਦੀਆਂ ਗੱਲਾਂ ਕਰ ਰਹੇ ਸਨ ਤਾਂ ਮੈਂ ਮਹਿਸੂਸ ਕੀਤਾ ਕਿ ਉਹ ਆਪਣੇ ਬਚਪਨ ਵਿਚ ਵਿਚਰ ਰਹੇ ਸਨ। ਉਹ ਆਪਣੀਆਂ ਯਾਦਾਂ ’ਚ ਵਿਚਰਦੇ ਕਦੇ ਮੈਨੂੰ ਪੁੱਛਦੇ ਕਿ ਜਿਹੜਾ ਰਾਹ ਮੱਲ ਸਿੰਘ ਵਾਲਾ ਤੋਂ ਫਲਾਣੇ ਪਿੰਡ ਨੂੰ ਜਾਂਦਾ ਸੀ, ਉਹ ਪੱਕਾ ਹੋ ਗਿਆ ਕਿ ਨਹੀਂ। ਕਦੇ ਮੈਨੂੰ ਪੁਛਦੇ ਕਿ ਬੋਹਾ ਨੂੰ ਜੋ ਕੱਚਾ ਰਾਹ ਜਾਂਦਾ ਸੀ, ਉਸ ਵਿਚਕਾਰ ਇਕ ਵੱਡਾ ਟਿੱਬਾ ਹੁੰਦਾ ਸੀ, ਉਸਦਾ ਕੀ ਬਣਿਆ। ਵਿਚ ਵਿਚ ਦੀ ਉਹ ਨਾਨਕੇ ਪਿੰਡ ਗੁਜ਼ਾਰੇ ਬਚਪਨ ਦੇ ਦਿਨਾਂ ਦੀ ਕੋਈ ਗੱਲ ਸੁਣਾਉਣ ਲੱਗ ਪੈਂਦੇ। ਇਸ ਪਹਿਲੀ ਮੁਲਾਕਾਤ ਵਿਚ ਹੀ ਅਸੀਂ ਇਕ ਦੂਜੇ ਦੇ ਏਨੇ ਨੇੜੇ ਹੋ ਗਏ ਕਿ ਮੈਨੂੰ ਵੀ ਲੱਗਣ ਲੱਗਿਆ ਕਿ ਇਹ ਰਾਮ ਸਰੂਪ ਅਣਖੀ ਮੱਲ ਸਿੰਘ ਵਾਲਾ ਦਾ ਨਹੀਂ ਸਗੋਂ ਮੇਰੇ ਪਿੰਡ ਆਲਮਪੁਰ ਮੰਦਰਾਂ ਦਾ ਭਾਣਜਾ ਹੈ ਅਤੇ ਮੇਰੀ ਹੀ ਭੂਆ ਦਾ ਪੁੱਤ ਭਰਾ ਹੈ।

-----

ਉਸ ਤੋਂ ਬਾਦ ਸਾਡੀ ਫੋਨ ਉਪਰ ਆਮ ਹੀ ਗੱਲਬਾਤ ਹੁੰਦੀ ਰਹਿੰਦੀ ਸੀ। ਕਦੇ ਮੈਂ ਕਾਲ ਕਰ ਲੈਂਦਾ ਤੇ ਕਦੇ ਉਹ। ਪਰ ਸਾਡੀਆਂ ਮੁਲਾਕਾਤਾਂ ਸਿਰਫ਼ ਚਾਰ ਹੀ ਹੋਈਆਂ। ਇਹਨਾਂ ਮੁਲਾਕਾਤਾਂ ਵਿਚ ਮੈਂ ਉਹਨਾਂ ਤੋਂ ਸਾਹਿਤ ਰਚਨਾ ਬਾਰੇ ਬਹੁਤ ਸੁਆਲ ਪੁੱਛਦਾ ਸੀ। ਜਿਵੇਂ ਇਕ ਵਿਦਿਆਰਥੀ ਆਪਣੇ ਅਧਿਆਪਕ ਤੋਂ ਪੁਛਦਾ ਹੈ। ਪਰ ਸਾਡੀਆਂ ਗੱਲਾਂ ਵਿਚ ਅਛੋਪਲੇ ਜਿਹੇ ਮੱਲ ਸਿੰਘ ਵਾਲਾ ਪਤਾ ਨਹੀਂ ਕਦੋਂ ਆ ਵੜਦਾ ਸੀ। ਨਾਲ ਦੀ ਨਾਲ ਹੀ ਉਹਨਾਂ ਦਾ ਚਿਹਰਾ ਖਿੜ ਜਾਂਦਾ ਸੀ।

-----

ਮੈਂ ਅਕਤੂਬਰ ਪੰਦਰਾਂ 2009 ਤੋਂ ਅਗਲੇ ਦੋ ਕੁ ਮਹੀਨੇ ਇੰਡੀਆ ਰਿਹਾ। ਅਣਖੀ ਸਾਹਿਬ ਦੀ ਪੁਰਜ਼ੋਰ ਕੋਸ਼ਿਸ਼ ਸੀ ਕਿ ਮੇਰੇ ਨਾਵਲ ‘ਬਲੀ’ ਉਪਰ ਮਾਨਸਾ ਵਿਖੇ ਗੋਸ਼ਟੀ ਕਰਵਾਈ ਜਾਵੇ। ਉਹਨਾਂ ਇਸ ਲਈ ਆਪਣੇ ਅਜ਼ੀਜ਼ ਦਰਸ਼ਣ ਜੋਗਾ ਦੀ ਡਿਊਟੀ ਲਾ ਦਿੱਤੀ। ਨਾਲ ਹੀ ਉਹਨਾਂ ਮੈਨੂੰ ਦੱਸਿਆ ਕਿ ਗੋਸ਼ਟੀ ਸਵੇਰ ਵੇਲੇ ਰੱਖਾਂਗੇ। ਫਿਰ ਦੋ ਤਿੰਨ ਵਜਦੇ ਨੂੰ ਵਿਹਲੇ ਹੋ ਕੇ ਆਪਾਂ ਆਪਦੇ ਪ੍ਰੋਗਰਾਮ ਬਣਾਵਾਂਗੇ। ਮੈਂ ਸਮਝ ਗਿਆ ਕਿ ਗੋਸ਼ਟੀ ਤੋਂ ਬਾਦ ਇਹ ਮੈਨੂੰ ਨਾਲ ਲੈ ਕੇ ਨਾਨਕੇ ਪਿੰਡ ਦੀਆਂ ਗਲੀਆਂ ’ਚ ਘੁੰਮਣਾ ਚਾਹੁੰਦੇ ਨੇ। ਮੈਨੂੰ ਵੀ ਇਹ ਖ਼ਿਆਲ ਬਹੁਤ ਚੰਗਾ ਲੱਗਿਆ। ਪਰ ਕੰਮਾਂ ਦੇ ਰੁਝੇਵਿਆਂ ਨੇ ਐਸਾ ਬਖੇੜਾ ਪਾਇਆ ਕਿ ਮਾਨਸਾ ਦੀ ਗੋਸ਼ਟੀ ਵਿਚੇ ਹੀ ਰਹਿ ਗਈ। ਫਿਰ ਉਹਨਾਂ ਦੀ ਕਾਲ ਆਈ ਕਿ ਗੋਸ਼ਟੀ ਕਦੇ ਫਿਰ ਕਰਾਂਗੇ, ਪਰ ਤੂੰ ਅਮਰੀਕਾ ਵਾਪਸ ਮੁੜਨ ਤੋਂ ਪਹਿਲਾਂ ਮੈਨੂੰ ਮਿਲ ਕੇ ਜਾਈਂ।

-----

ਨਵੰਬਰ ਦੇ ਅਖ਼ੀਰਲੇ ਹਫ਼ਤੇ ਕਿਸੇ ਦਿਨ ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਕਿ ਮੈਂ ਆ ਰਿਹਾ ਹਾਂ। ਸ਼ਾਮ ਦੇ ਤਿੰਨ ਕੁ ਵਜੇ ਮੈਂ ਘਰ ਅੱਗੇ ਪਹੁੰਚਿਆਂ ਤਾਂ ਗੇਟ ਭਿੜਿਆ ਹੋਇਆ ਸੀ, ਪਰ ਉਹ ਅੱਧ ਭਿੜੇ ਗੇਟ ਵਿਚੋਂ, ਵਿਹੜੇ ’ਚ ਪਰਾਂਹ ਨੂੰ ਮੂੰਹ ਕਰੀ ਖੜ੍ਹੇ ਮੈਨੂੰ ਦਿਸ ਰਹੇ ਸਨ। ਮੈਂ ਡੋਰ ਬੈੱਲ ਵਜਾਉਣ ਦੀ ਬਜਾਏ, ਗੇਟ ਨੂੰ ਜ਼ਰਾ ਕੁ ਖੜਕਾਇਆ ਤੇ ਬਿਨਾਂ ਕੋਈ ਉੱਤਰ ਉਡੀਕੇ ਸਿੱਧਾ ਅੰਦਰ ਹੀ ਲੰਘ ਗਿਆ।

ਉਹਨਾਂ ਦਾ ਮੈਨੂੰ ਵੇਖਦਿਆਂ ਹੀ ਚਿਹਰਾ ਖਿੜ ਗਿਆ, ‘ਉਇ ਆ ਉਇ ਮਾਮੇ ਦਿਆ ਪੁੱਤਾ, ਮੈਨੂੰ ਪਤਾ ਸੀ ਤੂੰ ਹੀ ਹੋਵੇਂਗਾ।’ ਇੰਨਾਂ ਕਹਿੰਦਿਆਂ ਉਹਨਾਂ ਮੈਨੂੰ ਜੱਫ਼ੀ ਪਾ ਲਈ। ਫਿਰ ਚਾਹ ਪਾਣੀ ਪੀਂਦਿਆਂ ਉਹਨਾਂ ਥੋੜ੍ਹਾ ਸੰਸੇ ਜਿਹੇ ’ਚ ਕਿਹਾ, ‘ਹਰਮਹਿੰਦਰ ਯਾਰ ਮੈਂ ਇਹ ਗੋਸ਼ਟੀ ਕਰਵਾਉਣੀ ਚਾਹੁੰਦਾ ਸੀ, ਸਹੁਰੀ ਦਾ ਟਾਈਮ ਈ ਨਹੀਂ ਲੋਟ ਆਇਆ।’

ਮੈਂ ਕਿਹਾ,‘ਜੀ ਕੋਈ ਗੱਲ ਨਹੀਂ, ਉਹ ਗੱਲ ਛੱਡੋ। ਅੱਜ ਆਪਾਂ ਇਥੇ ਹੀ ਗੋਸ਼ਟੀ ਕਰ ਲੈਨੇ ਆਂ।’

‘ਉਹ ਹਾਂ ਇਹ ਵੀ ਠੀਕ ਐ।’ ਆਦਤਨ ਉਹ ਥੋੜ੍ਹਾ ਜਿਹਾ ਹੱਸੇ।

ਫਿਰ ਗੱਲਾਂ ਕਰਦਿਆਂ ਮੈਂ ਉਹਨਾਂ ਨੂੰ ਉਸ ਰਾਹ ਪਾ ਲਿਆ, ਜਿੱਧਰ ਮੈਂ ਪਾਉਣਾ ਚਾਹੁੰਦਾ ਸੀ। ਮਤਲਬ ਕਿ ਉਹਨਾਂ ਦਾ ਸਾਹਿਤਕ ਸਫ਼ਰ। ਮੈਂ ਉਹਨਾਂ ਤੋਂ ਪੁੱਛਣ ਲੱਗਾ ਕਿ ਤੁਸੀਂ ਲੇਖਕ ਕਿਵੇਂ ਬਣੇ, ਕਦੋਂ ਕਿਹੜੀ ਕਹਾਣੀ ਲਿਖੀ, ਕਦੋਂ ਕਿਹੜਾ ਨਾਵਲ ਲਿਖਿਆ। ਕਿਸ ਨਾਵਲ ਦਾ ਪਲਾ ਕਿਥੋਂ ਪਿੱਕਅਪ ਕੀਤਾ, ਵਗੈਰਾ ਵਗੈਰਾ।

-----

ਉਹਨਾਂ ਨੇ ਜ਼ਿੰਦਗੀ ਦੀਆਂ ਬਹੁਤ ਗੱਲਾਂ ਸਾਂਝੀਆਂ ਕੀਤੀਆਂ। ਬਹੁਤੀਆਂ ਅਜਿਹੀਆਂ ਵੀ ਜਿਹੜੀਆਂ ‘ਮੱਲ੍ਹੇ-ਝਾੜੀਆਂ’ ਵਿਚ ਨਹੀਂ। ਮੈਂ ਉਹਨਾਂ ਤੋਂ ਸਾਹਿਤਕ ਪ੍ਰਕਿਰਿਆ ਬਾਰੇ ਬਹੁਤ ਕੁਝ ਪੁੱਛਿਆ। ਇਸ ਬਾਰੇ ਲੰਬੇ-ਚੌੜੇ ਝਮੇਲੇ ਵਿਚ ਨਾਂ ਪੈਂਦਿਆਂ ਹੋਇਆਂ ਉਹਨਾਂ ਇਤਨਾ ਹੀ ਕਿਹਾ ਕਿ ਹਰਮਹਿੰਦਰ ਮੈਂ ਤੇਰਾ ਨਾਵਲ ਬਹੁਤ ਬਰੀਕੀ ਨਾਲ ਪੜ੍ਹਿਆ ਹੈ। ਮੈਂ ਇਸੇ ਨਤੀਜੇ ’ਤੇ ਪਹੁੰਚਿਆਂ ਕਿ ਤੇਰੇ ਵਿਚ ਨਾਵਲ ਲਿਖਣ ਦੀ ਕਲਾ ਹੈ। ਬਸ ਅੱਖਾਂ ਮੀਚ ਕੇ ਦੱਬੀ ਤੁਰਿਆ ਆ। ਕੋਈ ਕੁਛ ਕਹੀ ਜਾਵੇ, ਕਿਸੇ ਸਾਲੇ ਲੰਡੇ ਲਾਟ ਦੀ ਪਰਵਾਹ ਨਾ ਮੰਨੀ। ਇਕ ਲਿਖਤ ਬਾਰੇ ਕਦੇ ਕੋਈ ਸਮਝੌਤਾ ਨਾ ਕਰੀਂ।

-----

ਫਿਰ ਮੈਂ ਆਪਣੇ ਆਖ਼ਰੀ ਸੁਆਲ ’ਤੇ ਆ ਗਿਆ। ਕਿਉਂਕਿ ਉਦੋਂ ‘ਹੁਣ’ ਰਸਾਲੇ ਵਿਚ ਉਹਨਾਂ ਦਾ ਤਾਜ਼ੀ ਤਾਜ਼ੀ ਇੰਟਰਵਿਊ ਛਪੀ ਸੀ।

‘ਅਣਖੀ ਸਾਹਿਬ ਤੁਸੀਂ ‘ਕੋਠੇ ਖੜਕ ਸਿੰਘ’ ਦਾ ਪਲਾਟ ਕਿੱਥੋਂ ਲਿਆ ਤੇ ਇਸ ਦਾ ਤਾਣਾ-ਬਾਣਾ ਕਿਵੇਂ ਬੁਣਿਆ?’

ਅਣਖੀ ਸਾਹਿਬ ਹੱਸ ਕੇ ਚੁੱਪ ਕਰ ਗਏ। ਮੈਂ ਫਿਰ ਬੋਲਿਆ,‘ਤੁਸੀਂ ਆਪਦੀ ਇੰਟਰਵਿਊ ਵਿਚ ਲਿਖਿਆ ਕਿ ਤੁਸੀਂ ਇਧਰ ਭਾਈ ਰੂਪੇ ਵੱਲ ਬਹੁਤ ਚਿਰ ਸਾਈਕਲ ’ਤੇ ਘੁੰਮਦੇ ਰਹੇ, ਇਹ ਵੇਖਣ ਲਈ ਕਿ ਕੋਠੇ ਖੜਕ ਸਿੰਘ ਕਿੱਥੇ ਕੁ ਵਸਾਇਆ ਜਾਵੇ।’

ਜਿਉਂ ਹੀ ਮੈਂ ਚੁੱਪ ਹੋਇਆ ਤਾਂ ਮੈਂ ਵੇਖਿਆ, ਕਿ ਉਹ ਬੋਲਣ ਲਈ ਤਿਆਰ ਹੋ ਗਏ ਸਨ।

-----

‘ਹਰਮਹਿੰਦਰ ਤੂੰ ਵੀ ਨਾਵਲ ਲਿਖਦੈਂ। ਇਹ ਜਿਹੜੇ ਨਾਵਲ ਦੇ ਪਲਾਟਾਂ ਲਈ ਜਗ੍ਹਾ ਭਾਲਣੀ ਹੁੰਦੀ ਐ ਉਹ ਤਾਂ ਨਾਵਲਕਾਰ ਦੇ ਮਨ ਅੰਦਰ ਪਹਿਲਾਂ ਹੀ ਆਪਦਾ ਰੂਪ ਧਾਰੀ ਬੈਠੀ ਹੁੰਦੀ ਐ। ਇਵੇਂ ਹੀ ਪਾਤਰ ਵੀ ਆਪਣੀਆਂ ਸ਼ਕਲਾਂ ਅਤੇ ਪਰਸਨੈਲਟੀਆਂ ਸਮੇਤ ਲੇਖਕ ਦੇ ਮਨ ਵਿਚ ਹੁੰਦੇ ਨੇ। ਉਸਨੇ ਇਹ ਥੋੜ੍ਹਾ ਵੇਖਣਾ ਹੁੰਦੈ ਕਿ ਮੇਰਾ ਫ਼ਲਾਣਾ ਪਾਤਰ ਉਸ ਵਰਗਾ ਜਾਂ ਇਸ ਵਰਗਾ ਦਿਸੇ।’

‘ਫਿਰ ਤੁਹਾਡੀ ਉਹ ਇੰਟਰਵਿਊ...?’

‘ਤੂੰ ਇੰਟਰਵਿਊ ਨੂੰ ਵੀ ਪਾਸੇ ਰੱਖ, ਆਪਾਂ ਆਪਸ ਵਿਚ ਵਿਚ ਗੱਲਾਂ ਕਰ ਰਹੇ ਆਂ।’ ਉਹਨਾਂ ਨੇ ਮੇਰੀ ਗੱਲ ਵਿਚਕਾਰੋਂ ਹੀ ਟੋਕ ਦਿੱਤੀ। ਫਿਰ ਉਹ ਕੁਝ ਪਲ ਚੁਪ ਰਹੇ ਤੇ ਕੰਧ ਉਪਰ ਲੱਗੀ ਆਪਣੇ ਪਿਤਾ ਦੀ ਫੋਟੋ ਵੱਲ ਵੇਖਦੇ ਰਹੇ। ਸ਼ਾਇਦ ਉਹਨਾਂ ਦੇ ਕੋਏ ਗਿੱਲੇ ਹੋ ਚੁੱਕੇ ਸਨ। ਫਿਰ ਉਹਨਾਂ ਲੰਬੀ ਚੁੱਪ ਤੋੜੀ,‘ਇਹ ਮੇਰੇ ਬਾਪੂ ਐ। ਜਦੋਂ ਇਹ ਜੰਮਿਆ ਤਾਂ ਇਹ ਸੱਠ ਕਿੱਲੇ ਜ਼ਮੀਨ ਦਾ ਮਾਲਕ ਸੀ। ਉਦੋਂ ਏਨੀ ਜ਼ਮੀਨ ਕਿਸੇ ਖੱਬੀਖਾਨ ਜੱਟ ਕੋਲ ਨਹੀਂ ਸੀ ਹੁੰਦੀ। ਪੰਡਤਾਂ ਦੇ ਮੁੰਡੇ ਕੋਲ ਏਨੀ ਜ਼ਮੀਨ ਹੋਣਾ ਮਾਇਨਾ ਰੱਖਦੀ ਸੀ। ਪਰ ਅਫ਼ਸੋਸ ਇਹ ਕਿ ਜਦੋਂ ਮੈਂ ਵੱਡਾ ਹੋਇਆ ਤਾਂ ਇਹਨਾਂ ਸੱਠਾਂ ਵਿਚੋਂ ਸਾਡੇ ਕੋਲ ਸਿਰਫ਼ ਪੰਝੀ ਕਿੱਲੇ ਜ਼ਮੀਨ ਰਹਿ ਗਈ ਸੀ। ਮੇਰਾ ਪਿਉ ਇਕ ਸਾਧੂ ਸੁਭਾਅ ਤੇ ਦਰਵੇਸ਼ ਆਦਮੀ ਸੀ। ਖੇਤੋਂ ਘਰ ਅਤੇ ਘਰੋਂ ਖੇਤ। ਬਸ ਇਹੀ ਉਸਦੀ ਦੁਨੀਆਦਾਰੀ ਸੀ। ਪਿੰਡ ’ਚ ਇਕ ਖ਼ਾਸ ਕਿਸਮ ਦੇ ਲੋਕ ਹੁੰਦੇ ਐ, ਜਿਹਨਾਂ ਨੂੰ ਆਪਾਂ ਘੜੰਮ ਚੌਧਰੀ ਕਹਿ ਸਕਦੇ ਆਂ। ਅਜਿਹੇ ਲੋਕਾਂ ’ਚ ਕੋਈ ਸਰਪੰਚ ਵਜਦੈ, ਕੋਈ ਨੰਬਰਦਾਰ ਤੇ ਕੋਈ ਜ਼ੈਲਦਾਰ। ਪਰ ਮਾਨਸਿਕਤਾ ਉਹਨਾਂ ਦੀ ਸਭ ਦੀ ਇਕੋ ਜਿਹੀ ਹੁੰਦੀ ਐ। ਜਿਵੇਂ ਸਮੁੰਦਰ ਵਿਚ ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਕੇ ਹੀ ਸਾਹ ਲੈਂਦੀਆਂ ਨੇ, ਇਵੇਂ ਹੀ ਇਹ ਘੜੰਮ ਚੌਧਰੀ ਆਪਣੇ ਆਲੇ-ਦੁਆਲੇ ਦੇ ਛੋਟੇ ਜ਼ਿੰਮੀਦਾਰਾਂ ਨੂੰ ਨਿਗਲ ਜਾਂਦੇ ਨੇ। ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਇਹ ਛੋਟੇ ਜਿੰਮੀਦਾਰਾਂ ਨੂੰ ਹੇਠਾਂ ਲਾ ਕੇ ਰੱਖਦੇ ਐ। ਫਿਰ ਕਦੇ ਉਹਨਾਂ ਦੀ ਜ਼ਮੀਨ ਗਹਿਣੇ ਲੈ ਲਈ ਤੇ ਕਦੇ ਬੈਅ। ਅਜਿਹੇ ਹੀ ਇਕ ਸਾਡੇ ਪਿੰਡ ਦੇ ਚੌਧਰੀ ਨੇ ਮੇਰੇ ਪਿਉ ’ਤੇ ਨਜ਼ਰ ਟਿਕਾ ਲਈ। ਪਹਿਲਾਂ ਉਸ ਚੌਧਰੀ ਨੇ ਮੇਰੇ ਸੰਤ ਸੁਭਾਅ ਪਿਉ ਨੂੰ ਆਪਣੇ ਪ੍ਰਭਾਵ ਹੇਠ ਲਿਆ। ਫਿਰ ਉਹ ਵੱਖਰੇ-ਵੱਖਰੇ ਢੰਗ ਤਰੀਕੇ ਸੋਚਣ ਲੱਗਿਆ ਕਿ ਇਸ ਆਦਮੀ ਨੂੰ ਨਿੱਕਾ ਨਿੱਕਾ ਕਰਕੇ ਕਿਵੇਂ ਨਿਗਲ਼ਾਂ। ਗੱਲ ਇਸ ਤਰ੍ਹਾਂ ਸ਼ੁਰੂ ਹੋਈ। ਮੇਰੀ ਇਕ ਭੂਆ ਦੇ ਵਿਆਹ ਵੇਲੇ ਉਸ ਚੌਧਰੀ ਨੇ ਲੋੜ ਨਾਲੋਂ ਦੁਗਣਾ ਖਰਚ ਕਰਵਾ ਕੇ ਹੀ ਸਾਹ ਲਿਆ। ਪੈਸੇ ਉਸਨੇ ਪੱਲਿਓਂ ਉਧਾਰ ਸਮਝ ਕੇ ਦਿੱਤੇ ਤੇ ਬਾਦ ’ਚ ਚਾਰ ਕਿਲਿਆਂ ’ਤੇ ਅੰਗੂਠਾ ਲੁਆ ਲਿਆ। ਅਗਲੇ ਕਿਸੇ ਹੋਰ ਵਿਆਹ ਵੇਲੇ ਇਵੇਂ ਹੀ ਮੇਰੇ ਬਾਪੂ ਤੋਂ ਹੱਦੋਂ ਵੱਧ ਖਰਚ ਕਰਵਾ ਕੇ ਪਿਛਲੇ ਚਾਰ ਕਿੱਲੇ ਬੈਅ ਲਿਖਾ ਲਏ ਅਤੇ ਅਗਲੇ ਪੰਜ ਚਾਰ ਹੋਰ ਗਹਿਣੇ ਲਿਖਵਾ ਲਏ। ਫਿਰ ਤਾਂ ਇਹ ਸਿਲਸਿਲਾ ਚੱਲ ਪਿਆ। ਕਿਸੇ ਦਾ ਵਿਆਹ ਹੋਣਾ, ਕਿਸੇ ਬਜ਼ੁਰਗ ਦਾ ਮਰਨਾ ਹੋਣਾ, ਕਿਸੇ ਕੁੜੀ ਦੀ ਸ਼ੂਸ਼ਕ ਭੇਜਣੀ ਹੁੰਦੀ, ਕਿਸੇ ਰਿਸ਼ਤੇਦਾਰੀ ’ਚ ਵਿਆਹ-ਸਾਹੇ ’ਤੇ ਜਾਣਾ ਹੁੰਦਾ, ਉਹ ਚੌਧਰੀ ਪਹਿਲਾਂ ਮੂਹਰੇ ਲੱਗ ਕੇ ਖੁੱਲ੍ਹਾ ਖਰਚ ਕਰਵਾਉਂਦਾ ਤੇ ਬਾਦ ’ਚ ਪੰਜ ਚਾਰ ਕਿੱਲੇ ਬੈਅ ਲਿਖਵਾ ਲੈਂਦਾ। ਇਸ ਤਰ੍ਹਾਂ ਵਿੰਹਦਿਆਂ ਵਿੰਹਦਿਆਂ ਉਹ ਚੌਧਰੀ ਸਾਡੀ ਪੈਂਤੀ ਕਿੱਲੇ ਜ਼ਮੀਨ ਹੜੱਪ ਗਿਆ। ਸਾਨੂੰ ਜ਼ਮੀਨ ਜਾਇਦਾਦ ਵਾਲਿਆਂ ਨੂੰ ਉਸਨੇ ਖ਼ਤਮ ਕਰ ਦਿੱਤਾ ਤੇ ਆਪ ਪਿੰਡ ਦੀ ਸਿਰਕੱਢ ਹਸਤੀ ਬਣ ਬੈਠਾ।’ ਲੰਬੀ ਗੱਲ ਮੁਕਾ ਕੇ ਅਣਖੀ ਸਾਹਿਬ ਨੇ ਹੌਕਾ ਭਰਿਆ।

-----

‘ਜਿਉਂ ਮੇਰੀ ਸੁਰਤ ਸੰਭਲੀ ਐ, ਮੇਰੇ ਤਾਂ ਦਿਲ ’ਚੋਂ ਇਹੀ ਝੋਰਾ ਨਹੀਂ ਜਾਂਦਾ ਕਿ ਕਿਵੇਂ ਕੋਈ ਸਾਡੀ ਮਾਸੂਮੀਅਤ ਦਾ ਫਾਇਦਾ ਉਠਾ ਕੇ ਸਾਡਾ ਸਭ ਕੁਝ ਨਿਗਲ਼ ਗਿਆ। ਸੁਰਤ ਸੰਭਲਣ ਤੋਂ ਲੈ ਕੇ ਅੱਜ ਤੱਕ ਇਸ ਦੁੱਖ ਦਾ ਇਹਸਾਸ ਮੇਰਾ ਖਹਿੜਾ ਨਹੀਂ ਛੱਡਦਾ ਕਿ ਮੇਰੇ ਸਾਧੂ ਸੁਭਾਅ ਬਾਪੂ ਨੂੰ ਕਿਵੇਂ ਕੋਈ ਲੁੱਟ ਕੇ ਖਾ ਗਿਆ। ਜੇ ਅਸਲੀ ਪੁੱਛਦੈਂ ਤਾਂ ‘ਕੋਠੇ ਖੜਕ ਸਿੰਘ’ ਮੇਰਾ ਆਪਦਾ ਪਿੰਡ ਐ। ਜਗੀਰਦਾਰ ਤਰ੍ਹਾਂ ਦਾ ਕਿਰਦਾਰ ਉਹ ਇਨਸਾਨ ਐ ਜਿਸਨੇ ਸਾਡੀ ਸਾਰੀ ਜ਼ਮੀਨ ਹੜੱਪੀ ਅਤੇ ਕਹਾਣੀ ਵਿਚਲਾ ਬੇਵਸ ਪਰਿਵਾਰ ਮੇਰਾ ਆਪਣਾ ਪਰਿਵਾਰ ਐ।’

ਮਾਹੌਲ ਕਾਫ਼ੀ ਬੋਝਲ ਹੋ ਗਿਆ ਸੀ।

‘ਹੁਣ ਤਾਂ ਤੂੰ ਆਪ ਹੀ ਸਮਝ ਗਿਆ ਹੋਵੇਂਗਾ ਕਿ ਇਹ ਨਾਵਲ ਤੇ ਕਹਾਣੀਆਂ ਕਿੱਥੋਂ ਆਉਂਦੀਆਂ ਨੇ।’ ਉਹ ਥੋੜ੍ਹਾ ਜਿਹਾ ਹੱਸੇ।

‘ਹਾਂ ਜੀ ਬਿਲਕੁਲ।’

‘ਹਰਮਹਿੰਦਰ ਇਕ ਲੇਖਕ ਹੀ ਦੂਜੇ ਲੇਖਕ ਦੀ ਗੱਲ ਸਮਝ ਸਕਦੈ।’ ਦੁਬਾਰਾ ਆਈ ਚਾਹ ਅਸੀਂ ਮੁਕਾ ਚੁੱਕੇ ਸੀ ਤੇ ਹੁਣ ਤੁਰਨ ਦੀ ਤਿਆਰੀ ਸੀ।

‘ਲੇਖਕ ਲਈ ਜਿੰਨਾਂ ਲਿਖਣਾ ਜ਼ਰੂਰੀ ਐ, ਓਨਾ ਹੀ ਪੜ੍ਹਨਾ ਵੀ ਜ਼ਰੂਰੀ ਐ। ਆਪਦੇ ਮੁਲਕ ਦੇ ਅਤੇ ਹੋਰਨਾਂ ਮੁਲਕਾਂ ਦੇ ਵੱਡੇ ਲੇਖਕਾਂ ਨੂੰ ਪੜ੍ਹੋ, ਫਿਰ ਵੇਖੋ ਉਹ ਕਿਵੇਂ ਲਿਖਦੇ ਨੇ।’ ਗੇਟ ਵੱਲ ਆਉਂਦਿਆਂ ਉਹ ਲਗਾਤਾਰ ਕੁਝ ਨਾ ਕੁਝ ਸਮਝਾਉਂਦੇ ਆ ਰਹੇ ਸਨ। ਅਖੀਰ ਤੇ ਅਸੀਂ ਹੱਥ ਮਿਲਾਏ, ਜੱਫੀਆਂ ਪਾਈਆਂ ਤੇ ਤੁਰਨ ਦੀ ਇਜਾਜ਼ਤ ਮੰਗੀ ਤਾਂ ਉਹਨਾਂ ਮੈਨੂੰ ਅਚਾਨਕ ਰੋਕ ਲਿਆ।

‘ਹਰਮਹਿੰਦਰ ਹੁਣ ਤੂੰ ਕਦੋਂ ਆਉਣੈ?’

‘ਜੀ ਅਗਲੇ ਸਾਲ ਦੀਵਾਲੀ ਦੇ ਇਰਦ-ਗਿਰਦ।’

‘ਚੱਲ ਠੀਕ ਐ ਫਿਰ। ਅਗਲੇ ਸਾਲ ਪਹਿਲਾਂ ਤਾਂ ਆਪਾਂ ਤੇਰੇ ਨਾਵਲ ‘ਬਲੀ’ ’ਤੇ ਮਾਨਸਾ ਵਿਖੇ ਭਰਵੀਂ ਗੋਸ਼ਟੀ ਕਰਾਵਾਂਗੇ। ਫਿਰ ਸ਼ਾਮ ਜਿਹੇ ਮੇਰੇ ਨਾਨਕੇ ਪਿੰਡ ਮੱਲ ਸਿੰਘ ਵਾਲੇ ਚੱਲਾਂਗੇ। ਉਦੋਂ ਜਿਹੇ ਕੱਤੇ ਦੇ ਦਿਨਾਂ ’ਚ ਆਥਣ ਵੇਲੇ ਦੀ ਸੂਹੀ ਸੂਹੀ ਤੇ ਮਿੱਠੀ ਮਿੱਠੀ ਧੁੱਪ ਬੜੀ ਪਿਆਰੀ ਲੱਗਦੀ ਐ। ਆਥਣੇ ਆਪਾਂ ਮੱਲ ਸਿੰਘ ਵਾਲੇ ਦੀਆਂ ਬੀਹੀਆਂ ’ਚ ਘੁੰਮਾਂਗੇ। ਰਾਤ ਨੂੰ ਤੇਰੇ ਖੇਤ ਮੋਟਰ ’ਤੇ ਚੱਲ ਕੇ ਘਰ ਦੀ ਕੱਢੀ ਦਾਰੂ ਪੀਵਾਂਗੇ ਨਾਲੇ ਬੋਲੀਆਂ ਪਾਵਾਂਗੇ।’

ਮੈਂ ਕਿਹਾ,‘ਜੀ ਪੱਕਾ ਵਾਅਦਾ ਰਿਹਾ।’

‘ਜਮਾਂ ਇੱਟ ਵਰਗਾ ਪੱਕਾ’ ਅਣਖੀ ਸਾਹਿਬ ਨੇ ਠੋਕਵਾਂ ਉੱਤਰ ਦਿੱਤਾ, ਪਰ ਉਦੋਂ ਕੀ ਪਤਾ ਸੀ ਕਿ ਕੁਦਰਤ ਨੇ ਅਣਖੀ ਸਾਹਿਬ ਨੂੰ ਇਹ ਵਾਅਦਾ ਪੁਗਾਉਣ ਦਾ ਵਕਤ ਹੀ ਨਹੀਂ ਦੇਣਾ।

*********

ਆਕਾਸ਼ਦੀਪ ਭੀਖੀ - ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ - ਲੇਖ

ਸਾਹਿਤਕ ਨਾਮ: ਆਕਾਸ਼ਦੀਪ ਭੀਖੀ

ਅਜੋਕਾ ਨਿਵਾਸ: ਪਿੰਡ ਭੀਖੀ, ਮਾਨਸਾ, ਪੰਜਾਬ।

ਕਿਤਾਬ: ਹਾਲੇ ਨਹੀਂ ਛਪੀ। ਰਚਨਾਵਾਂ ਅਖ਼ਬਾਰਾਂ ‘ਚ ਛਪਦੀਆਂ ਰਹਿੰਦੀਆਂ ਹਨ।

-----

ਦੋਸਤੋ! ਅੱਜ ਆਕਾਸ਼ਦੀਪ ਭੀਖੀ ਜੀ ਨੇ ਪੰਜਾਬੀ ਭਾਸ਼ਾ ਬਾਰੇ ਇਕ ਖ਼ੂਬਸੂਰਤ ਲੇਖ ਲਿਖ ਕੇ ਹਾਜ਼ਰੀ ਲਵਾਈ ਹੈ। ਮੈਂ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਜੀਅ ਆਇਆਂ ਆਖਦੀ ਹੋਈ, ਲੇਖ ਨੂੰ ਆਰਸੀ ‘ਚ ਸ਼ਾਮਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਆਓ ਪੰਜਾਬੀ ਨੂੰ ਵਿਸ਼ਵ ਦੀ ਭਾਸ਼ਾ ਬਣਾਈਏ

ਲੇਖ

ਤੇਰੀ ਜੈ ਪੰਜਾਬੀ ਮਾਤਾ, ਤੇਰੇ ਪੂਜੇ ਚਰਨ ਵਿਧਾਤਾ

ਲੋਰੀਆਂ ਦੇ ਕੇ ਗੋਦ ਖਿਡਾਵੇ , ਘੋੜੀਆਂ ਗਾ ਗਾ ਵਿਆਹ ਰਚਾਵੇਂ

ਮਰਨ ਸਮੇਂ ਵੀ ਵੈਣ ਤੂੰ ਪਾਵੇਂ

ਐਸਾ ਪੱਕਾ ਨਾਤਾ, ਤੇਰੀ ਜੈ ਪੰਜਾਬੀ ਮਾਤਾ

ਇਹ ਸਤਰਾਂ ਹਨ, ਮਸ਼ਹੂਰ ਕਵੀ ਫੀਰੋਜ਼ਦੀਨ ਸ਼ਰਫ਼ ਦੀਆਂ , ਜੋ ਕੇ ਵਾਸਤਵਿਕਤਾ ਦੀ ਕਸੌਟੀ ‘ਤੇ ਖ਼ਰੀਆਂ ਉਤਰਦੀਆਂ ਹਨ। ਇਹ ਸਾਡੀ ਪੰਜਾਬੀ ਮਾਂ ਬੋਲੀ ਹੀ ਹੈ ਪੰਜਾਬੀ ਵੀਰੋ ਜੋ ਸਾਡੇ ਜਨਮ ਵਕ਼ਤ ਆਪਣੇ ਸ਼ਰਬਤ ਭਰੇ ਬੋਲਾਂ ਨਾਲ ਸਾਨੂੰ ਲੋਰੀਆਂ ਦਿੰਦੀ ਤੇ ਫਿਰ ਆਪਣੇ ਪੁੱਤਾਂ ਦੇ ਵਿਆਹਾਂ ਵਿੱਚ ਸੁਹਾਗ, ਗਿੱਧੇ, ਭੰਗੜੇ ਦੇ ਬੋਲਾਂ ਤੇ ਹੋਰ ਅਨੇਕਾਂ ਤਰ੍ਹਾਂ ਦੇ ਸ਼ਗਨਾਂ ਵਾਲੇ ਗੀਤਾਂ ਨਾਲ ਆਪਣੀ ਹਾਜ਼ਰੀ ਦੀ ਗਵਾਹੀ ਭਰਦੀ ਹੈ , ਪਰ ਸਾਡੀ ਇਹ ਮਾਂ ਬੋਲੀ ਇਥੇ ਹੀ ਸਾਡਾ ਸਾਥ ਨਹੀਂ ਛਡਦੀ ਸਗੋਂ ਜਦ ਸਾਡਾ ਇਸ ਰੰਗਾਂ ਭਰੇ ਜੱਗ ਤੋਂ ਉਡਾਰੀ ਮਾਰਨ ਦਾ ਅਨੋਖਾ ਵਕ਼ਤ ਆ ਜਾਂਦਾ ਹੈ, ਓਸ ਵਕ਼ਤ ਵੀ ਇਹ ਸਾਨੂੰ ਸਿਵਿਆਂ ਤੱਕ ਲੈ ਜਾਂਦੇ ਸਮੇਂ ਆਪਣੇ ਬੋਲਾਂ ਦੇ ਵੈਣਾਂ, ਅਲਾਹੁਣੀਆਂ ਦੇ ਗੀਤਾਂ ਦੇ ਬੋਲਾਂ ਸੰਗ ਆਪਣੀ ਹਾਜ਼ਰੀ ਭਰਦੀ ਹੈ। ਵੇਖਿਆ ਪੰਜਾਬੀਓ! ਸਾਡੀ ਮਾਂ ਜਨਮ ਤੋਂ ਲੈ ਕੇ ਸਾਡੇ ਮਰਨ ਵਕ਼ਤ ਵੀ ਸਾਡੇ ਨਾਲ ਹੁੰਦੀ ਹੈ ਪਰ ਅਸੀਂ ਵੇਖੋ ਇਸ ਦੇ ਪੁੱਤ ਹੋ ਕੇ ਵੀ ਕਪੂਤ ਬਣੇ ਜਿਉਂਦੇ ਜੀਅ ਵੀ ਆਪਣੀ ਇਸ ਮਾਂ ਦੀ ਕੇ ਬੇਕਦਰੀ ਕੀਤੀ ਹੋਈ ਹੈ ਇਸ ਮਾਂ ਨੂੰ ਇਸਦੇ ਆਪਣੇ ਹੀ ਪੁੱਤ ਇਸਨੂੰ ਇਸਦੇ ਘਰ ਨਹੀਂ ਆਉਣ ਦੇ ਰਹੇ ਤੇ ਇਹ ਵਿਚਾਰੀ ਅਪਣਿਆਂ ਵਿੱਚ ਹੀ ਅਜਨਬੀਆਂ ਵਾਂਗ ਫਿਰਦੀ ਹੈ।

-----

ਮੈਨੂੰ ਤਾਂ ਕਦੇ ਕਦੇ ਇਸ ਤਰਾਂ ਲਗਦਾ ਕਿ ਅਸੀਂ ਅਰਦਾਸ ਵੀ ਅੰਗਰੇਜ਼ੀ ਵਿੱਚ ਨਾ ਕਰਨ ਲੱਗ ਪਈਏ। ਓਹ ਇਸ ਲਈ ਕੇ ਅਸੀਂ ਅੰਮ੍ਰਿਤ ਵੇਲੇ ਨੂੰ MORNING TIME ਅਤੇ ਰਹਿਰਾਸ ਨੂੰ EVENING TIME ਜੁ ਆਖਣ ਲੱਗ ਗਏ ਹਾਂ ਓਏ ਵੀਰੋ! ਮਾਸੀ ਦਾ ਸਤਿਕਾਰ ਕਰਨਾ ਚੰਗੀ ਗੱਲ ਹੈ , ਪਰ ਮਾਸੀ ਕਰਕੇ ਆਪਣੀ ਮਾਂ ਨੂੰ ਤਾਂ ਘਰਾਂ ਵਿਚੋਂ ਨਾ ਬਾਹਰ ਕਰੋ। ਸਾਡੀ ਤਾਂ ਓਹ ਗੱਲ ਹੋਈ ਪਈ ਹੈ ਕੇ " ਅਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ।” ਨਾ ਮੇਰੇ ਪੰਜਾਬੀ ਵੀਰੋ! ਮੇਰੀ ਥੋਨੂੰ ਪੈਰੀਂ ਪੈ ਕੇ ਅਰਜ਼ ਹੈ ਆਪਣੀ ਮਾਂ ਬੋਲੀ ਪੰਜਾਬੀ ਨੂੰ ਇਸ ਤਰਾਂ ਨਾਂ ਵਿਸਾਰੋ। ਅਸੀਂ ਪੰਜਾਬੀ ਹਰ ਪਾਸੇ ਮੱਲਾਂ ਮਾਰ ਰਹੇ ਹਾਂ , ਪਰ ਇੱਕ ਮੱਲ ਜੋ ਅਸੀਂ ਮਾਰ ਸਕਦੇ ਹਾਂ ਜੋ ਚੰਗੀ -ਭਲੀ ਮਾਰ ਵੀ ਸਕਦੇ ਹਾਂ , ਓਸ ਤੋਂ ਅਸੀਂ ਪਾਸਾ ਵੱਟੀ ਬੈਠੇ ਹਾਂ। ਅਸੀਂ ਅੱਜ ਦੁਨੀਆਂ ਦੇ ਕੋਨੇ ਕੋਨੇ ‘ਚ ਬੈਠੇ ਹਾਂ ਤੇ ਸਾਡੀਆਂ ਸਰਦਾਰੀਆਂ ਹੁਣ ਦੇਸ਼ਾਂ ਵਿਦੇਸ਼ਾਂ ਵਿੱਚ ਹਨ। ਕੀ ਅਸੀਂ ਆਪਣੀ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਦੀ ਇੱਕ ਨੰਬਰ ਦੀ ਭਾਸ਼ਾ ਨਹੀਂ ਬਣਾ ਸਕਦੇ ? ਜਦ ਸ਼੍ਰੀ ਗੁਰੂ ਗਰੰਥ ਸਾਹਿਬ ਜਿਹੇ ਮਹਾਨ ਗ੍ਰੰਥ ਜਿਹੀ ਮਹਾਨ ਰਚਨਾ ਦੀ ਮਿਸਾਲ ਸਾਰੇ ਵਿਸ਼ਵ ਦੇ ਲੋਕਾਂ ਸਮੇਤ ਨਾਸਾ ਦੇ ਵਿਗਿਆਨੀ ਦਿੰਦੇ ਹਨ ਤਾਂ ਕੇ ਅਸੀਂ ਇਨ੍ਹਾਂ ਵੀ ਨਹੀਂ ਕਰ ਸਕਦੇ ਕਿ ਲੋਕ ਸਾਡੀ ਪੰਜਾਬੀ ਬੋਲੀ ਦੀਆਂ ਮਿਸਾਲਾਂ ਵੀ ਦੇਣ। ਦੋਸਤੋ! ਤਹਾਨੂੰ ਪਤਾ ਹੋਣਾ ਬਣਦਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਕਲਮਬਧ ਧੰਨ ਧੰਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਨਾਸਾ ਪੁਲਾੜ ਵਿੱਚ ਬੜੇ ਹੀ ਅਦਬ ਸੰਗ ਪ੍ਰਕਾਸ਼ ਕੀਤਾ ਹੋਇਆ ਹੈ। ਓਹ ਇਸ ਕਰਕੇ ਕਿ ਵਿਗਿਆਨੀ ਇਸ ਗੱਲ ਨੂੰ ਖ਼ੁਦ ਮੰਨ ਰਹੇ ਹਨ ਕਿ ਜੋ ਜਾਣਕਾਰੀ ਵਿਗਿਆਨ ਅੱਜ ਲੋਕਾਂ ਨੂੰ ਦੇ ਰਹੀ ਹੈ ਓਹ ਤਾਂ ਇਸ ਗ੍ਰੰਥ ਵਿੱਚ ਆਰੰਭ ਤੋਂ ਹੀ ਸ਼ਾਮਿਲ ਹੈ।

-----

ਇਹ ਗੱਲ ਓਹਨਾਂ ਲੋਕਾਂ ਵਾਸਤੇ ਸਹੀ ਜਵਾਬ ਹੋਵੇਗੀ ਜੋ ਇਹ ਆਖਦੇ ਹਨ ਕੇ ਪੰਜਾਬੀ ਭਾਸ਼ਾ ਗ਼ਰੀਬ ਭਾਸ਼ਾ ਹੈ ਤੇ ਇਹ ਵਿਸ਼ਵ ਗਿਆਨ ਵਿਗਿਆਨ ਦੀ ਜਾਣਕਾਰੀ ਦੇਣ ਦੇ ਕਾਬਿਲ ਨਹੀਂ , ਅਗਰ ਇਹ ਗਰੀਬ ਭਾਸ਼ਾ ਹੈ ਤਾਂ ਫਿਰ ਸਾਡੇ ਗੁਰੂ ਸਾਹਿਬ ਨੇ ਇਸ ਮਹਾਨ ਗਰੰਥ ਨੂੰ ਪੰਜਾਬੀ ਭਾਸ਼ਾ ਵਿੱਚ ਹੀ ਕਾਸ ਤੋਂ ਕਲਮਬਧ ਕੀਤਾ, ਓਸ ਵਕ਼ਤ ਵੀ ਤਾਂ ਸੰਸਕ੍ਰਿਤ ਸਮੇਤ ਅਨੇਕਾਂ ਭਾਸ਼ਾਵਾਂ ਦੀ ਸਰਦਾਰੀ ਸੀ, ਜਿਵੇਂ ਹੁਣ ਸਾਡੀ ਆਪਣੀ ਕਮਜ਼ੋਰੀ ਕਰਕੇ ਅੰਗਰੇਜ਼ੀ ਸਾਡੇ ਹੀ ਮੁਲਕ ਵਿੱਚ ਆਪਣਾ ਰੋਅਬ ਪਾਈ ਬੈਠੀ ਹੈ, ਪਰ ਇਹ ਰੋਅਬ ਪਤਾ ਨਹੀਂ ਅਸੀਂ ਪੰਜਾਬੀ ਕਿਵੇਂ ਮੰਨੀ ਜਾ ਰਹੇ ਹਾਂ ਜਦ ਕਿ ਸਾਡੇ ਬਾਰੇ ਤਾਂ ਸਾਰੀ ਦੁਨੀਆਂ ਜਾਣਦੀ ਹੈ ਕਿ ਅਸੀਂ ਕਿਸੇ ਦੀ ਈਨ ਨਹੀਂ ਮੰਨਦੇ ਪਰ ਭਾਸ਼ਾ ਦੇ ਪੱਖ ਤੋਂ ਪਤਾ ਨਹੀਂ ਅਸੀਂ ਕਾਸ ਤੋਂ ਤੇ ਓਹ ਵੀ ਬੇਮਤਲਬ ਈਨ ਮੰਨੀ ਜਾ ਰਹੇ ਹਾਂ ਅੰਗਰੇਜ਼ੀ ਦੀ।

-----

ਦੋਸਤੋ! ਥੋਡੀ ਜਾਣਕਾਰੀ ਵਾਸਤੇ ਦੱਸ ਦੇਵਾਂ , ਕਿ ਪਿਛਲੇ ਸਾਲ ( ਆਈ. ਏ. ਐਸ.) ਦੇ ਇਮਤਿਹਾਨ ਵਿਚੋਂ ਸਾਰੇ ਭਾਰਤ ਵਿਚੋਂ ਚੌਥੇ ਸਥਾਨ ‘ਤੇ ਅਤੇ ਮੁੰਡਿਆਂ ਵਿਚੋਂ ਇੱਕ ਨੰਬਰ ਤੇ ਜੋ ਉਮੀਦਵਾਰ ਸੀ ਓਹ ਸੀ ਵਰਿੰਦਰ ਸ਼ਰਮਾ ਜੋ ਕੇ ਪੰਜਾਬ ਦਾ ਵਸਨੀਕ ਹੈ ਤੇ ਓਸ ਨੇ ਆਈ. ਏ. ਐਸ. ਦਾ ਇਮਤਿਹਾਨ ਵੀ ਗੁਰਮੁਖੀ ਲਿੱਪੀ ਪੰਜਾਬੀ ਭਾਸ਼ਾ ਵਿੱਚ ਅੱਵਲ ਦਰਜ਼ੇ ਵਿੱਚ ਪਾਸ ਕੀਤਾ ਤੇ ਇੰਟਰਵਿਊ ਵੀ ਪੰਜਾਬੀ ਵਿੱਚ ਦੇ ਕੇ ਹੋਰਾਂ ਭਾਸ਼ਾਵਾਂ ਦੇ ਉਮੀਦਵਾਰਾਂ ਤੋਂ ਵੱਧ ਨੰਬਰ ਓਸ ਨੇ ਇੰਟਰਵਿਊ ਵਿਚੋਂ ਪ੍ਰਾਪਤ ਕੀਤੇ। ਇਸ ਪੰਜਾਬੀ ਮਾਂ ਬੋਲੀ ਦੇ ' ਛਿੰਦੇ ਪੁੱਤ' ਨੇ ਓਹਨੇ ਲੋਕਾਂ ਨੂੰ ਵੀ ਚਾਨਣ ਕਰ ਦਿੱਤਾ ਹੈ ਜੋ ਇਹ ਗੱਲ ਵਾਰ -ਵਾਰ ਆਖਦੇ ਨੇ ਕਿ ਪੰਜਾਬੀ ਵਿੱਚ ਰੁਜ਼ਗਾਰ ਦੀ ਭਾਸ਼ਾ ਬਣਨ ਦੀ ਤਾਕ਼ਤ ਨਹੀਂ । ਦੋਸਤੋ! ਮੁੱਕਦੀ ਗੱਲ ਇਹ ਹੈ ਕਿ ਸਾਡੇ ਵਿੱਚ ਹੀ ਕੋਈ ਘਾਟ ਹੈ। ਜੋ ਜਾਣਦੇ ਨੇ ਕੇ ਅੱਜ ਪੰਜਾਬੀ ਨੂੰ ਬਚਾਉਣ ਵਾਸਤੇ ਸਾਂਝੇ ਉਪਰਾਲਿਆਂ ਦੀ ਲੋੜ ਹੈ, ਪਰ ਉਹ ਫਿਰ ਵੀ ਬੱਸ ਗੱਲਾਂ ਕਰਕੇ ਸਾਰੀ ਜਾਂਦੇ ਨੇ, ਉਹਨਾਂ ਦੀ ਤਾਂ ਉਹ ਗੱਲ ਹੈ ਕੇ ਘਰੇ ਅੱਗ ਲੱਗਣ ਦੇ ਬਾਵਜੂਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਮਿਸ ਕਾਲਾਂ ਮਾਰੀ ਜਾਂਦੇ ਨੇ।ਜੋ ਅੱਜ ਇਹ ਆਖ ਰਹੇ ਨੇ ਪੰਜਾਬੀ ਖ਼ਤਮ ਹੋਣ ਦੇ ਕਿਨਾਰੇ ਹੈ ਉਹਨਾ ਨੂੰ ਕਿਸੇ ਕਵੀ ਦੇ ਪੰਜਾਬ ਪੰਜਾਬੀ, ਪੰਜਾਬੀਅਤ ਦੇ ਮੁੱਢੋਂ ਹੀ ਸਦਾਬਹਾਰ ਰਹਿਣ ਬਾਰੇ ਕਹੇ ਇਹਨਾਂ ਬੋਲਾਂ ਤੇ ਗ਼ੌਰ ਫਰਮਾਉਣਾ ਦਰੁਸਤ ਰਹੇਗਾ, ‘ਕੋਈ ਤੋ ਬਾਤ ਹੈ ਕੇ ਹਸਤੀ ਮਿਟਤੀ ਨਹੀਂ ਹਮਾਰੀ, ਸਦੀਉਂ ਸੇ ਰਹਾ ਹੈ ਦੁਸ਼ਮਣ ਜ਼ਮਾਨਾ ਹਮਾਰਾ।’ ਸਾਰੀਆਂ ਭਾਸ਼ਾਵਾਂ ਵਿੱਚੋ ਪੰਜਾਬੀ ਹੀ ਹੈ, ਜਿਸਨੂੰ ‘ਮਿੱਠੀ ਭਾਸ਼ਾ’ ਦਾ ਵਿਸ਼ੇਸ਼ਣ ਹਾਸਲ ਹੈ ।ਇਸ ਦੇ ਲਫ਼ਜ਼ ਦਿਲਾਂ ਨੂੰ ਸਕੂਨ ਦਿੰਦੇ ਨੇ ।

-----

ਬਾਬਾ ਫਰੀਦ ਬਾਣੀ ਦੀ ਸੁਣ ਕੇ , ਵਾਰਿਸ ਦੀ ਹੀਰ ਸੁਣ ਕੇ ਕਿਸ ਦੇ ਕੰਨਾਂ ਵਿੱਚ ਰਸ ਨਹੀਂ ਘੁਲ਼ਦਾ? ਅਸਲ ਵਿੱਚ ਜੋ ਵੀ ਇਸ ਪੰਜਾਬੀ ਦਾ ਛਿੰਦਾ ਪੁੱਤ ਬਣਿਆਂ ਇਸਨੇ ਵੀ ਦੁਨੀਆਂ ਵਿੱਚ ਆਪਣੇ ਉਸ ਪੁੱਤ ਦਾ ਨਾਮ ਸੂਰਜ ਵਾਂਗ ਚਮਕਾ ਦਿੱਤਾ । ਕਿਸ ਨੂੰ ਨਹੀਂ ਪਤਾ ‘ਸ਼੍ਰੀ ਗੁਰੁ ਗ੍ਰੰਥ ਸਾਹਿਬ’ ਬਾਰੇ, ਕੌਣ ਨਹੀਂ ਜਾਣਦਾ ਵਾਰਿਸ ਸ਼ਾਹ ਨੂੰ , ਕਿਹੜਾ ਮੰਤਰ ਮੁਗਧ ਨਹੀਂ ਹੁੰਦਾ ਵਾਰਿਸ ਦੀ ਹੀਰ ਸੁਣਕੇ? ਗੁਰਦਾਸ ਮਾਨ ਨੇ ਭਾਵੇਂ ਬੜੇ ਦੁਖੀ ਹਿਰਦੇ ਨਾਲ ਗਾਇਆ ਸੀ ਕੇ ‘ਪੰਜਾਬੀਏ ਜ਼ੁਬਾਨੇ ਨੀ ਰੁਕਾਨੇ ਮੇਰੇ ਦੇਸ਼ ਦੀਏ ਫ਼ਿੱਕੀ ਪੈ ‘ਗੀ ਚਿਹਰੇ ਦੀ ਨੁਹਾਰ’, ਪਰ ਪੰਜਾਬੀ ਮਾਂ ਬੋਲੀ ਦੀ ਵਡਿਆਈ ਵੇਖੋ, ਉਸਨੇ ਆਪਣੇ ਇਸ ਪੁੱਤ ਦੀ ਦੁਨੀਆਂ ਵਿੱਚ ਪਛਾਣ ਕਿੰਨੀ ਗੂੜ੍ਹੀ ਕਰ ਦਿੱਤੀ। ਮੇਰੇ ਪੰਜਾਬੀ ਵੀਰੋ! ਮੈਂ ਕਿਹੜਾ ਵੈਣ ਪਾਵਾਂ ਕੇ ਪਾਰੇ ਤੋਂ ਪੱਥਰ ਬਣ ਚੁੱਕੇ ਸਾਡੇ ਦਿਲਾਂ ਨੂੰ ਮੋਮ ਦੀ ਤਰ੍ਹਾਂ ਪਿਘਲ਼ਾ ਸਕਾਂ ।ਹਾਲੇ ਵੀ ਜਾਗੋ , ਕਿਉਂਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਹੁੰਦੇ ਵਾਲੀ ਗੱਲ ਤਾਂ ਤੁਸੀਂ ਜਾਣਦੇ ਹੀ ਹੋ । ਨਹੀਂ ਤਾਂ ਸਾਡੀਆਂ ਕਹਾਵਤਾਂ ਸਾਨੂੰ ਹੀ ਮਿਹਣੇ ਦੇਣਗੀਆਂ ਜਦ ਚਿੜੀ ਚੁਗ ਗਈ ਖੇਤ ,ਫਿਰ ਪਛਤਾਉਣ ਦਾ ਕੀ ਫਾਇਦਾ? ਦੋਸਤੋ! ਵੇਲੇ ਦੀ ਨਮਾਜ਼ ਹੁੰਦੀ ਹੈ ਪਰ ਕੁਵੇਲੇ ਦੀਆਂ ਟੱਕਰਾਂ ਹੀ ਹੋਇਆ ਕਰਦੀਆਂ ਨੇ।

-----

ਪੰਜਾਬੀ ਭਾਸ਼ਾ ਦਾ ਤਾਂ ਲਫ਼ਜ਼-ਲਫ਼ਜ਼ ਅਮੀਰ ਹੈ ਪਰ ਇਸ ਗੱਲ ਨੂੰ ਵੀ ਓਹੀ ਜਾਣਦਾ ਹੈ ਜਿਸ ਇਨਸਾਨ ਦਾ ਦਿਲੋ-ਦਿਮਾਗ਼ ਰੌਸ਼ਨ ਹੈ ਆਓ ਮਾਂ ਬੋਲੀ ਪੰਜਾਬੀ ਦੇ ਸਹੀ ਸ਼ਬਦਾਂ ਵਿੱਚ ' ਛਿੰਦੇ ਪੁੱਤ ' ਬਣੀਏ ਤੇ ਸਾਰੇ ਪੰਜਾਬੀ ਵੀਰ ਮਿਲ ਕੇ ਇਸਦੇ ਚਿਹਰੇ ਦੀ ਨੁਹਾਰ ਗੂੜ੍ਹੀ ਕਰੀਏ । ਅਸੀਂ ਆਪਣੇ ਉੱਦਮ ਨਾਲ ਬੱਸ ਇੱਕ ਹੋਰ ਵੱਡੀ ਮੱਲ ਮਾਰਨੀ ਹੈ ਕਿ ਅੱਜ ਪੰਜਾਬੀ ਭਾਸ਼ਾ ਵਿਸ਼ਵ ਵਿੱਚੋਂ ਭਾਸ਼ਾਵਾਂ ਦੀ ਕਤਾਰ ਵਿੱਚ ਤੇਰ੍ਹਵੇਂ ਸਥਾਨ ਤੇ ਖੜ੍ਹੀ ਹੈ, ਅਸੀਂ ਹੰਭਲਾ ਇਹ ਮਾਰਨਾ ਹੈ ਕਿ ਤੇਰਾਂ ਵਿੱਚੋਂ ਤਿੰਨ ਦਾ ਅੰਕ ਕੱਟਣਾ ਤੇ ਬਾਕੀ ਰਹਿ ਗਿਆ ਇੱਕ ਨੰਬਰ। ਬੱਸ ਇਸ ਨੰਬਰ ਦੇ ਸਿੰਘਾਸਨ ਤੇ ਬਿਰਾਜ਼ਮਾਨ ਕਰਾਉਣਾ ਆਪਣੀ ਮਾਖਿਓਂ ਮਿੱਠੀ ਪੰਜਾਬੀ ਨੂੰ। ਆਸ ਰੱਖਾਂਗਾਂ ਕਿ ਯਤਨ ਅੱਜ ਤੋਂ ਹੀ ਆਰੰਭ ਕਰੋਗੇ, ਕਿਉਂਕਿ ਸਾਡੇ ਗੁਰਬਾਣੀ ਵੀ ਤਾਂ ਸੱਚ ਆਖਦੀ ਪਈ ਹੈ, 'ਜੀਵੇ ਆਸਾ ਮਰੇ ਨਿਰਾਸਾ।’

ਬਲਬੀਰ ਸਿੰਘ ਮੋਮੀ - ਕਿਹੋ ਜਿਹਾ ਸੀ ਜੀਵਨ – ਸਵੈ-ਜੀਵਨੀ - ਕਿਸ਼ਤ - 14

ਦਸਵੀਂ ਚੋਂ ਫੇਲ੍ਹ ਹੋ ਜਾਣਾ

ਸਵੈ-ਜੀਵਨੀ - ਕਿਸ਼ਤ - 14

ਲੜੀ ਜੋੜਨ ਲਈ ਕਿਸ਼ਤ – 13 ਪੜ੍ਹੋ ਜੀ।

ਗਵਾਂਢੀ ਚਾਨਣ ਸਿੰਘ ਨੇ ਆਪਣੀ ਘਰ ਵਾਲੀ ਤੇ ਧੀ ਲਈ ਕੱਪੜੇ ਸਿਉਣ ਵਾਲੀ ਮਸ਼ੀਨ ਲਿਆ ਦਿਤੀ ਤੇ ਮਹਿਕ ਨੇ ਏਧਰੋਂ ਓਧਰੋਂ ਕਟਾਈ ਦਾ ਕੰਮ ਸਿੱਖ ਕੇ ਕੱਪੜੇ ਸੀਣ ਦਾ ਕੰਮ ਸ਼ੁਰੂ ਕਰ ਦਿਤਾ ਸੀ। ਇਸ ਤਰ੍ਹਾਂ ਉਹਨਾਂ ਦੇ ਘਰ ਜਿੱਥੇ ਸੂਟ ਤੇ ਘਗਰੇ ਸਿਵਾਣ ਵਾਲੀਆਂ ਤੀਵੀਆਂ ਦਾ ਆਣਾ ਜਾਣਾ ਸ਼ਰੂ ਹੋ ਗਿਆ, ਓਥੇ ਉਹਨਾਂ ਦੇ ਪਰਿਵਾਰ ਲਈ ਅਮਦਨ ਦਾ ਜ਼ਰੀਆ ਵੀ ਬਣ ਗਿਆ। ਉਹਨਾਂ ਨੂੰ ਅਲਾਟ ਹੋਈ ਬਰਾਨੀ ਜ਼ਮੀਨ ਦੀ ਆਮਦਨ ਵੀ ਬਹੁਤ ਘੱਟ ਸੀ। ਪਿੰਡ ਵਿਚ ਇਸ ਗੱਲ ਦਾ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਘਰ ਹੁਣ ਮਹਿਤਾ ਛੱਡ ਕੇ ਅਗਲੀਆਂ ਅਲਾਟ ਹੋਈਆਂ ਜ਼ਮੀਨਾਂ ਵਾਲੇ ਪਿੰਡਾਂ ਨੂੰ ਚਲੇ ਜਾਣਗੇ। ਕਈ ਵਾਰ ਆਂਢਣਾਂ-ਗਵਾਂਢਣਾਂ ਆ ਕੇ ਮੇਰੀ ਮਾਂ ਨੂੰ ਕਹਿੰਦੀਆਂ ਕਿ ਤੁਸੀਂ ਇਹ ਪਿੰਡ ਛੱਡ ਕੇ ਨਾ ਜਾਓ। ਵਾਹਵਾ ਤੁਹਾਡੇ ਨਾਲ ਦਿਲ ਲੱਗਾ ਹੋਇਆ ਹੈ ਪਰ ਲਾਹੌਰ ਦੇ ਜਿਨ੍ਹਾਂ ਜੱਟਾਂ ਨੂੰ ਸਾਡੇ ਵਾਲੀ ਜ਼ਮੀਨ ਤੇ ਘਰ ਅਲਾਟ ਹੋ ਗਏ ਸਨ, ਉਹਨਾਂ ਨੇ ਮਹਿਤੇ ਦੇ ਗੇੜੇ ਮਾਰਨੇ ਸ਼ੁਰੂ ਕਰ ਦਿਤੇ ਸਨ। ਬਾਪੂ ਨੇ ਸਾਫ਼ ਕਹਿ ਦਿੱਤਾ ਸੀ ਕਿ ਸਾਨੂੰ ਉੱਠਦਿਆਂ ਘੱਟੋ-ਘੱਟ ਛੇ ਮਹੀਨੇ ਲੱਗ ਜਾਣਗੇ। ਉਹਨਾਂ ਨੇ ਵੀ ਛੇਤੀ ਘਰ ਖ਼ਾਲੀ ਕਰਨ ਲਈ ਕੋਈ ਤੱਦੀ ਨਹੀਂ ਸੀ ਦਿੱਤੀ।

-----

ਪਾਕਿਸਤਾਨ ਵਿਚਲੇ ਪਿੰਡ ਛੱਡਣ ਅਤੇ ਇਹ ਪਿੰਡ ਛੱਡਣ ਵਿਚ ਫ਼ਰਕ ਐਨਾ ਸੀ ਕਿ ਉਹ ਪਿੰਡ, ਘਰ ਤੇ ਜ਼ਮੀਨਾਂ ਆਪਣੀਆਂ ਜਾਨਾਂ ਬਚਾਉਣ ਲਈ ਛੱਡਣੀਆਂ ਪਈਆਂ ਸਨ ਪਰ ਹੁਣ ਵਾਲਾ ਘਰ ਤੇ ਜ਼ਮੀਨ ਪੱਕੀ ਅਲਾਟਮੈਂਟ ਹੋਣ ਤੇ ਚੰਗੇ ਮੁੜ ਵਸੇਬੇ ਕਰ ਕੇ ਛੱਡਣੀਆਂ ਪੈ ਰਹੀਆਂ ਸਨ। ਪਰ ਨਾ ਤਾਂ ਹੁਣ ਮੌਤ ਦਾ ਡਰ ਸੀ ਅਤੇ ਨਾ ਹੀ ਰਾਤੋ-ਰਾਤ ਪਿੰਡ ਛਡਣ ਦਾ ਕੋਈ ਜਰਵਾਣਾ ਸ਼ਾਹੀ ਹੁਕਮ ਸੀ। ਏਨਾ ਫ਼ਰਕ ਜ਼ਰੂਰ ਸੀ ਕਿ ਹੁਣ ਇਸ ਪਿੰਡ ਜਿਥੇ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚਲਿਆ ਸੀ, ਦਿਲ ਲੱਗ ਗਿਆ ਸੀ। ਇਸ ਪਿੰਡ ਨੂੰ ਛੱਡਣ ਲੱਗਿਆਂ ਕਾਲਜੇ ਨੂੰ ਥੋੜ੍ਹੇ-ਥੋੜ੍ਹੇ ਹੌਲ ਪੈਂਦੇ ਸਨ। ਮਾਲਵੇ ਦੀ ਬੋਲੀ ਤੇ ਕਲਚਰ ਮੈਂ ਇਸ ਪਿੰਡ ਵਿਚੋਂ ਸਿੱਖਿਆ ਸੀ ਤੇ ਬਚਪਨ ਨੂੰ ਅਲਵਿਦਾ ਕਹਿ ਕੇ ਜਵਾਨੀ ਦੀਆਂ ਦਹਿਲੀਜ਼ਾਂ ਵਿਚ ਪੈਰ ਰੱਖਿਆ ਸੀ। ਇਸ ਪਿੰਡ ਦੀਆਂ ਮਲਵੈਣਾਂ ਨੇ ਮੇਰੇ ਅੰਦਰ ਪਿਆਰ ਕਰਨ ਦੀ ਅੱਗ ਬਾਲ਼ ਦਿੱਤੀ ਸੀ ਤੇ ਮਹਿਕ ਨੇ ਵੱਲ ਦੱਸਿਆ ਸੀ ਕਿ ਬਾਕੀ ਰਿਸ਼ਤਿਆਂ ਤੋਂ ਇਲਾਵਾ ਇਕ ਹੋਰ ਰਿਸ਼ਤਾ ਵੀ ਹੁੰਦਾ ਹੈ ਜਿਥੋਂ ਹਾਣ ਨੂੰ ਹਾਣ ਦੀ ਤਲਾਸ਼ ਸ਼ੁਰੂ ਹੁੰਦੀ ਹੈ। ਇਸ ਦੇ ਤਜਰਬੇ ਦੇ ਸੇਕ ਵਿਚੋਂ ਅੱਗੇ ਜਾ ਕੇ ਮੈਂ ਕਈ ਕਹਾਣੀਆਂ ਲਿਖੀਆਂ ਸਨ ਤੇ ਆਪਣੇ ਨਾਵਲ “ਪੀਲਾ ਗੁਲਾਬ” ਵਿਚ ਮਹਿਕ ਪਾਤਰ ਦਾ ਨਾਂ “ਮੁਕਤੀ” ਰੱਖ ਕੇ ਪੰਜਾਬੀ ਦੇ ਦੁਖਾਂਤ ਨਾਵਲਾਂ ਵਿਚ ਵਾਧਾ ਕੀਤਾ ਸੀ। ਹਨੇਰੀਆਂ ਤੇ ਟਿੱਬਿਆਂ ਵਿਚ ਘਿਰੇ ਇਸ ਬਰਾਨੀ ਜ਼ਮੀਨ ਦੇ ਪਿੰਡ ਵਿੱਚੋਂ ਮੇਰੇ ਅੰਦਰ ਦੇ ਲੇਖਕ ਦਾ ਜਨਮ ਹੋਇਆ ਸੀ ਤੇ ਮੇਰੇ ਲੇਖਕ ਦੇ ਤੌਰ ਤੇ ਜਾਣੇ ਜਾਣ ਦਾ ਮੁੱਢ ਬੱਝ ਗਿਆ ਸੀ।

-----

ਹੁਣ ਮੈਂ ਦਸਵੀਂ ਦੇ ਰਿਜ਼ਲਟ ਦੀ ਉਡੀਕ ਕਰ ਰਿਹਾ ਸਾਂ। ਭਾਵੇਂ ਮੈਨੂੰ ਪਤਾ ਸੀ ਕਿ ਪਾਸ ਹੋਣ ਵਾਲੀ ਕੋਈ ਉਮੀਦ ਨਹੀਂ ਸੀ ਪਰ ਖਵਰੇ ਪਾਸ ਹੋ ਈ ਜਾਵਾਂ, ਇਹ ਕੁੱਤੇ ਝਾਕ ਜ਼ਰੂਰ ਲੱਗੀ ਰਹਿੰਦੀ ਸੀ। ਗ਼ਰੀਬੀ ਤਾਂ ਅਜੇ ਵੀ ਗੋਡੇ ਗੋਡੇ ਚੜ੍ਹੀ ਹੋਈ ਸੀ ਤੇ ਕੰਧਾੜਿਉਂ ਨਹੀਂ ਉੱਤਰੀ ਸੀ ਪਰ ਜਿਸ ਹਾਲੀਂ ਪਾਕਿਸਤਾਨ ਵਿਚੋਂ ਤਿੰਨੀਂ ਕੱਪੜੀਂ ਨਿੱਕਲ ਕੇ ਆਏ ਸਾਂ, ਉਹ ਹਾਲਾਤ ਬਦਲ ਗਏ ਸਨ। ਬਾਪੂ ਫਿਰ ਕਹਿਣ ਲੱਗ ਪਿਆ ਸੀ ਕਿ ਨਵੀਂ ਜ਼ਮੀਨ ਤੋਂ ਆਮਦਨ ਹੋਣ ਲਗ ਪਈ ਤਾਂ ਉਹ ਮੈਨੂੰ ਵਲਾਇਤ ਪੜ੍ਹਨ ਲਈ ਜ਼ਰੂਰ ਭੇਜੇਗਾ ਤੇ ਫਿਰ ਜਦ ਮੈਂ ਵਲਾਇਤ ਪਾਸ ਕਰ ਕੇ ਆਵਾਂਗਾ ਤਾਂ ਕਿਤੇ ਡਿਪਟੀ ਕਮਿਸ਼ਨਰ ਲੱਗਾਂਗਾ ਤੇ ਬਾਪੂ ਦਾ ਸੁਫਨਾ ਪੂਰਾ ਹੋ ਜਾਵੇਗਾ। ਪਰ ਮੈਨੂੰ ਹੁਣ ਪੜ੍ਹਨ ਵਿਚ ਕੋਈ ਦਿਲਚਸਪੀ ਨਹੀਂ ਰਹਿ ਗਈ ਸੀ। ਮੇਰੇ ਦਿਲ ਵਿਚ ਦਿਨ ਰਾਤ ਇਹ ਖ਼ਿਆਲ ਆਉਂਦਾ ਕਿ ਜੇ ਮੈਨੂੰ ਕੋਈ ਨੌਕਰੀ ਮਿਲ ਜਾਵੇ ਤਾਂ ਪੜ੍ਹਾਈ ਬਾਅਦ ਵਿਚ ਹੁੰਦੀ ਰਹੇਗੀ। ਪੜ੍ਹਾਈ ਕਰਨ ਲਈ ਸਾਰੀ ਉਮਰ ਬਾਕੀ ਪਈ ਸੀ। ਪਰ ਮੇਰੇ ਵਰਗੇ 15 ਸਾਲ ਦੇ ਮੁੰਡੇ ਨੂੰ ਜਿਸ ਨੇ ਹਾਲੇ ਦਸਵੀਂ ਵੀ ਪਾਸ ਨਹੀਂ ਸੀ ਕੀਤੀ, ਨੌਕਰੀ ਕਿੱਥੋਂ ਮਿਲ ਸਕਦੀ ਸੀ।

-----

ਇਕ ਵਾਰ ਬੱਚਾ ਕੰਪਨੀ ਦੇ ਕੁਝ ਮੁੰਡੇ ਮੈਂ ਫੌਜੀ ਵਰਦੀਆਂ ਵਿਚ ਗੱਡੀ ਵਿਚ ਚੜ੍ਹੇ ਪੂਨੇ ਨੂੰ ਜਾਂਦੇ ਵੇਖੇ ਸਨ। ਉਹਨਾਂ ਦੀ ਉਮਰ ਮੇਰੇ ਹਾਣ ਦੀ ਸੀ। ਏਨਾ ਕੁ ਪਤਾ ਲੱਗਾ ਕਿ ਇਹਨਾਂ ਦੀ ਭਰਤੀ ਫਰੀਦਕੋਟ ਹੁੰਦੀ ਸੀ। ਇਕ ਦਿਨ ਸਕੂਲ ਤੋਂ ਨਤੀਜਾ ਪਤਾ ਕਰਨ ਦੇ ਬਹਾਨੇ ਮੈਂ ਘਰੋਂ ਫਰੀਦਕੋਟ ਚਲਾ ਗਿਆ ਤੇ ਸਟੇਸ਼ਨ ਤੋਂ ਉੱਤਰ ਕੇ ਰਾਜੇ ਦਾ ਮਹਿਲ ਲੰਘ ਕੇ ਜਿਉਂ ਪੈਦਲ ਸਾਰਾ ਫਰੀਦਕੋਟ ਟੱਪ ਗਿਆ ਤੇ ਕੋਟ ਕਪੂਰੇ ਪਹੁੰਚ ਗਿਆ ਪਰ ਮੈਨੂੰ ਕਿਤੇ ਬੱਚਾ ਕੰਪਨੀ ਵਿਚ ਭਰਤੀ ਕਰਨ ਵਾਲਿਆਂ ਦਾ ਟਿਕਾਣਾ ਨਾ ਲਭਾ ਤੇ ਨਾ ਹੀ ਡਰਦਿਆਂ ਮੈਂ ਕਿਸੇ ਕੋਲੋਂ ਪੁੱਛਿਆ ਹੀ। ਫਰੀਦਕੋਟ ਦਾ ਕਾਲਜ ਵੀ ਮੈਂ ਪਹਿਲੀ ਵਾਰ ਵੇਖਿਆ ਤੇ ਕਾਲਜ ਵਿਚ ਦਾਖਲ ਹੋ ਕੇ ਪੜ੍ਹਨ ਦੀ ਰੀਝ ਫਿਰ ਮੇਰੇ ਮਨ ਵਿਚ ਉੱਠ ਖਲੋਤੀ। ਤੁਰ ਫਿਰ ਕੇ ਤੇ ਕੋਟ ਕਪੂਰੇ ਤੋਂ ਗੱਡੀ ਫੜ ਕੇ ਮੈਂ ਫਿਰ ਬਠਿੰਡੇ ਆ ਗਿਆ ਤੇ ਕਿਲੇ ਲਾਗੇ ਪੈਂਦੇ ਇਕ ਗੁਰਦਵਾਰੇ ਵਿਚ ਰਾਤ ਕੱਟੀ। ਓਥੇ ਹੀ ਮੈਨੂੰ ਧੰਨਾ ਸਿੰਘ ਗੁਲਸ਼ਨ ਮਿਲ ਗਿਆ ਜੋ ਕਵੀਸ਼ਰੀ ਕਰਦਾ ਸੀ। ਮੈਂ ਉਹਦੇ ਨਾਲ ਜਾਣ ਪਛਾਣ ਬਣਾਈ ਕਿ ਮੈਂ ਪੜ੍ਹਦਾ ਹਾਂ ਅਤੇ ਪਰਚਿਆਂ ਵਿਚ ਕਹਾਣੀਆਂ ਲਿਖਦਾ ਹਾਂ। ਉਹ ਸੁਣ ਕੇ ਖ਼ੁਸ਼ ਹੋਇਆ ਤੇ ਲਾਗੇ ਇਕ ਚਾਹ ਦੀ ਦੁਕਾਨ ਤੇ ਲਿਜਾ ਕੇ ਚਾਹ ਬਣਵਾ ਕੇ ਪਿਆਈ। ਮੇਰਾ ਹੌਸਲਾ ਵਧਾਇਆ ਕਿ ਲਿਖਾਰੀ ਬਣਨਾ ਬੜੀ ਵੱਡੀ ਗੱਲ ਹੁੰਦੀ ਹੈ। ਉਸ ਨੂੰ ਖ਼ੁਦ ਵੀ ਲਿਖਣ ਦਾ ਬੜਾ ਸ਼ੌਕ ਸੀ ਪਰ ਉਹਦੀਆਂ ਲਿਖਤਾਂ ਅਜੇ ਕਿਤੇ ਛਪੀਆਂ ਨਹੀਂ ਸਨ। ਉਹਨੇ ਕਦੀ ਕਦੀ ਮਿਲਦੇ ਰਹਿਣ ਲਈ ਕਿਹਾ ਤੇ ਮੈਨੂੰ ਖ਼ੁਸ਼ੀ ਹੋਈ ਕਿ ਘਟੋ ਘੱਟ ਇਕ ਬੰਦਾ ਜੀਹਦਾ ਲੋਕਾਂ ਵਿਚ ਨਾਂ ਸੀ, ਮੇਰਾ ਵਾਕਿਫ ਬਣ ਗਿਆ ਸੀ। ਅਗਲੇ ਦਿਨ ਬਠਿੰਡਿਓਂ ਤੁਰ ਕੇ ਮੈਂ ਮਹਿਤੇ ਆ ਗਿਆ ਤੇ ਘਰ ਵਾਲੇ ਮੇਰੇ ਨਤੀਜੇ ਦੀ ਉਡੀਕ ਕਰ ਰਹੇ ਸਨ। ਮੈਂ ਦੱਸਿਆ ਕਿ ਹਾਲੇ ਨਤੀਜਾ ਨਹੀਂ ਆਇਆ।

-----

ਗਰਮੀਆਂ ਸ਼ਰੂ ਹੋ ਗਈਆਂ ਸਨ ਪਰ ਮੈਂ ਵਿਹਲਾ ਸਾਂ। ਕਦੀ ਕਦੀ ਮੱਝ ਤੇ ਗਊ ਨੂੰ ਇਕ ਕੱਸੀ ਕੰਢੇ ਚਾਰਨ ਲਈ ਲੈ ਜਾਂਦਾ। ਬਾਪੂ ਨਾਲ ਲਾਗੇ ਦੇ ਇਕ ਪਿੰਡ ਵਿਚ ਬਾਜ਼ਾਰ ਲਾਉਣ ਗਿਆ ਤਾਂ ਓਸ ਪਿੰਡੋਂ ਇਕ ਛੋਟੀ ਜਿਹੀ ਭੂਰੇ ਰੰਗ ਦੀ ਕੁੱਤੀ ਸਾਡੀ ਖੋਤੀ ਮਗਰ ਲੱਗ ਗਈ। ਇਸਦਾ ਨਾਂ ਅਸੀਂ ਚੈਰੀ ਰੱਖ ਲਿਆ। ਇਹ ਬਹੁਤਾ ਮੇਰੇ ਨਾਲ ਰਹਿੰਦੀ ਤੇ ਜਦੋਂ ਮੈਂ ਪਸੂ ਚਾਰਣ ਲਈ ਜਾਂਦਾ ਤਾਂ ਮੇਰੇ ਨਾਲ ਹੁੰਦੀ। ਖਾਲ ਦੇ ਬੰਨਿਆਂ ਤੇ ਉੱਗੇ ਸਰਾਂ ਵਿਚ ਲੁਕੇ ਤਿੱਤਰਾਂ ਨੂੰ ਉਡਾ ਕੇ ਉਹਨਾਂ ਮਗਰ ਬੜੀ ਫੁਰਤੀ ਨਾਲ ਦੌੜਦੀ। ਤਿੱਤਰ ਦੀ ਤੀਜੀ ਉਡਾਰੀ ਤੇ ਕਦੀ ਕਦੀ ਉਹ ਤਿੱਤਰ ਦਬੋਚ ਲੈਂਦੀ ਤੇ ਹੰਭੇ ਹੋਏ ਤਿੱਤਰ ਨੂੰ ਦੰਦਾਂ ਥੱਲੇ ਲੈ ਕੇ ਉਹ ਮੇਰੇ ਕੋਲ ਆ ਜਾਂਦੀ। ਕਦੀ ਕਦੀ ਤਿੱਤਰ ਲੰਮੀ ਉਡਾਰੀ ਮਾਰ ਕੱਸੀ ਤੋਂ ਪਾਰ ਚਲਾ ਜਾਂਦਾ ਤਾਂ ਚੈਰੀ ਤੋਂ ਕੱਸੀ ਪਾਰ ਨਾ ਹੁੰਦੀ ਤੇ ਉਹ ਵਾਪਸ ਮੁੜ ਆਉਂਦੀ। ਕੱਸੀ ਦੇ ਆਰ ਪਾਰ ਝੰਗੀਆਂ ਵਿਚ ਕਈ ਵਾਰ ਮੋਰ ਪੈਲਾਂ ਪੌਂਦੇ ਤੇ ਆਵਾਜ਼ਾਂ ਕਢਦੇ ਦਿਸ ਪੈਂਦੇ। ਹਰਨਾਂ ਦੀਆਂ ਡਾਰਾਂ ਵੀ ਤੁਰੀਆਂ ਫਿਰਦੀਆਂ ਦਿਸਦੀਆਂ। ਕਦੀ ਕਦੀ ਰੋਜ਼ ਵੀ ਦਿਸ ਪੈਂਦੇ। ਮੇਰਾ ਜੀਅ ਕਰਦਾ ਕਿ ਮੋਰਾਂ ਵੱਲ ਵੇਖਦਾ ਹੀ ਰਹਾਂ ਤੇ ਕਈ ਵਾਰ ਉਹਨਾਂ ਦੇ ਡਿੱਗੇ ਖੰਭ ਇਕਠੇ ਕਰ ਲੈਂਦਾ ਜਿਸ ਦੀਆਂ ਪੱਖੀਆਂ ਵੀ ਬਣ ਜਾਂਦੀਆਂ ਸਨ। ਇਕ ਵਾਰ ਮੈਂ ਝੋਲੇ ਵਿਚ ਪਾ ਕੇ ਕਿੰਨੇ ਸਾਰੇ ਖੰਭ ਇਕੱਠੇ ਕਰ ਕੇ ਲੈ ਆਂਦੇ ਤੇ ਚੋਰੀ ਮਹਿਕ ਨੂੰ ਦੇ ਦਿਤੇ। ਖੰਭ ਦੇਣ ਤੋਂ ਪਹਿਲਾਂ ਮੈਂ ਇਕ ਖੰਭ ਉਹਦੇ ਖ਼ੂਬਸੂਰਤ ਚਿਹਰੇ ਤੋਂ ਪੋਲਾ ਜਿਹਾ ਫੇਰਿਆ ਤੇ ਉਹਦੀਆਂ ਗੋਰੀਆਂ ਬਾਹਵਾਂ ਤੇ ਲੂੰ ਕੰਡੇ ਖੜ੍ਹੇ ਹੋ ਗਏ। ਉਸ ਨੀਵੀਂ ਪਾ ਲਈ ਤੇ ਦਰਵਾਜ਼ੇ ਤੇ ਖੜਕਾ ਹੋਣ ਨਾਲ ਭੱਜ ਕੇ ਆਪਣੇ ਘਰ ਵਾਲੇ ਪਾਸੇ ਚਲੀ ਗਈ। ਚੱਲ ਰਹੀ ਇਸ ਖ਼ਾਮੋਸ਼ ਮੁਹਬਤ ਵਿਚ ਅਜੇ ਤਕ ਅਸੀਂ ਜ਼ੁਬਾਨ ਸਾਂਝੀ ਨਹੀਂ ਸੀ ਕੀਤੀ।

-----

ਬਾਪੂ ਨਵੀਂ ਜ਼ਮੀਨ ਦਾ ਕਬਜ਼ਾ ਲੈਣ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਗੁੱਦੜਡੰਢੀ ਚਲਾ ਗਿਆ। ਬਹੁਤ ਦਿਨਾਂ ਬਾਅਦ ਮੁੜਿਆ ਤਾਂ ਉਹ ਬੜਾ ਖ਼ੁਸ਼ ਸੀ। ਓਥੋਂ ਚੌਲ ਤੇ ਮਿਰਚਾਂ ਵੀ ਲੈ ਕੇ ਆਇਆ ਸੀ। ਦਸਦਾ ਕਿ 42 ਏਕੜ ਮਿਲੀ ਜ਼ਮੀਨ ਵਿਚ 22 ਏਕੜਾਂ ਨੂੰ ਛਿਮਾਹੀ ਨਹਿਰ ਦਾ ਪਾਣੀ ਲਗਦਾ ਹੈ। ਢੋਲ ਝਵੱਕਲੀ, ਗਾਧੀ ਤੇ ਕੁੱਤੇ ਦੇ ਟਿਕ ਟਿਕ ਕਰਨ ਟਿੰਡਾਂ ਵਾਲਾ ਇਕ ਖੂਹ ਵੀ ਅਲਾਟ ਹੋਇਆ ਹੈ। ਪਾਣੀ ਬਹੁਤ ਉੱਚਾ ਹੈ ਤੇ ਘੜੇ ਭਰ ਕੇ ਲਿਆਉਣ ਦੀ ਕੋਈ ਲੋੜ ਨਹੀਂ ਹੈ। ਜਦੋਂ ਬਲਦਾਂ ਦੇ ਖੋਪੇ ਦੇ ਕੇ ਤੇ ਗਾਧੀ ਤੇ ਬਹਿ ਕੇ ਬਲਦ ਹਿਕੀ ਦੇ ਹਨ ਤਾਂ ਖੂਹ ਦਾ ਪਾਣੀ ਟਿੰਡਾਂ ਵਿਚੋਂ ਲੋਹੇ ਪਾੜਛੇ ਵਿਚ ਆ ਕੇ ਡਿੱਗਦਾ ਹੈ ਤੇ ਓਥੋਂ ਅੱਗੇ ਡੂੰਘੇ ਕੱਚੇ ਚੁਬੱਚੇ ਵਿਚ। ਓਸ ਤੋਂ ਅੱਗੇ ਖਾਲ਼ੀਆਂ ਨਾਲ ਪੈਲੀਆਂ ਵਿਚ ਜਾਂਦਾ ਹੈ। ਠੰਢੇ ਪਾਣੀ ਨਾਲ ਨਹਾਉਣ ਦਾ ਸਵਾਦ ਆ ਜਾਂਦਾ ਹੈ। ਬਾਕੀ ਦੀ ਜ਼ਮੀਨ ਵਿਚ ਸੜਕੜਾ ਤੇ ਕਾਨੇ ਉੱਗੇ ਹੋਏ ਹਨ। ਇਸ ਜ਼ਮੀਨ ਨੂੰ ਦਾਭਣ ਕਹਿੰਦੇ ਹਨ, ਬਾਕੀ ਦੀ ਨੂੰ ਨਹਿਰੀ ਤੇ ਚਾਹੀ। ਦੱਭ ਦੇ ਕੰਡੇ ਬੜੇ ਤਿੱਖੇ ਹਨ ਤੇ ਪੈਰ ਦੇ ਮਾਸ ਵਿਚ ਹੀ ਭੁਰ ਜਾਂਦੇ ਹਨ ਤੇ ਬੜੀ ਪੀੜ ਕਰਦੇ ਹਨ। ਖ਼ਾਲੀ ਜ਼ਮੀਨ ਵਿਚ ਪੋਹਲੀ ਵੀ ਉੱਗੀ ਹੋਈ ਆ ਤੇ ਕਿਤੇ ਕਿਤੇ ਜ਼ਮੀਨ ਕੱਲਰ ਵਾਲੀ ਵੀ ਹੈ। ਫ਼ਸਲ ਬਹੁਤ ਹੁੰਦੀ ਹੈ। ਅਲਾਟ ਹੋਈ ਜ਼ਮੀਨ “ਬੇਰੀਆਂ ਵਾਲਾ ਖੂਹ” ਕਰ ਕੇ ਵੱਜਦੀ ਹੈ। ਆਸੇ ਪਾਸੇ ਬਹੁਤ ਬੇਰੀਆਂ ਹਨ ਜਿਨ੍ਹਾਂ ਨੂੰ ਬੇ ਬਹਾ ਬੇਰ ਬੜੇ ਮਿਠੇ ਲਗਦੇ ਹਨ। ਵੈਸੇ ਤਾਂ ਪਿੰਡ ਗੁਦੜਢੰਡੀ ਵਿਚ ਕਨਾਲ ਥਾਂ ਦੇ ਆਹਾਤੇ ਵਿਚ ਇਕ ਪਾਸੇ ਬਣਿਆ ਕਾਨਿਆਂ ਦਾ ਬਣਿਆ ਛੱਪਰ ਤੇ ਛੋਟਾ ਜਿਹਾ ਕੱਚਾ ਕੋਠਾ ਵੀ ਅਲਾਟ ਹੋ ਗਿਆ ਹੈ ਪਰ ਜ਼ਮੀਨ ਦੂਰ ਹੋਣ ਕਰ ਕੇ ਰਿਹਾਇਸ਼ ਖੂਹ ਤੇ ਈ ਰਖਣੀ ਆ ਜਿਥੇ ਪਹਿਲਾਂ ਈ ਇਕ ਕੱਚਾ ਕੋਠਾ ਹੈ। ਪਸੂਆਂ ਲਈ ਤੇ ਆਏ ਗਏ ਲਈ ਰਾਏ ਸਿੱਖ ਕਾਨਿਆਂ ਤੇ ਸਰਕੜੇ ਦੀਆਂ ਦੋ ਝੁੱਗੀਆਂ ਪਾ ਦੇਣਗੇ। ਬਾਕੀ ਸਾਰੇ ਪਿੰਡ ਵਿਚ ਕੋਈ ਪੱਕਾ ਕੋਠਾ ਨਹੀਂ ਹੈ। ਇਹ ਅਤੇ ਲਾਗੇ ਦੇ ਅਨੇਕਾਂ ਹੋਰ ਮੁਸਲਮਾਨੀ ਪਿੰਡ ਨਵਾਬ ਮਮਦੋਟ ਦੇ ਸਨ। ਹੁਣ ਇਨ੍ਹਾਂ ਨੂੰ ਮਿੰਟਗੁਮਰੀ ਚੋਂ ਉਜੜ ਕੇ ਆਏ ਬੇਜ਼ਮੀਨੇ ਰਾਏ ਸਿੱਖ ਮੁਜ਼ਾਰੇ ਵਾਹੁੰਦੇ ਹਨ। ਇਹ ਹਨ ਮੋਨੇ ਪਰ ਆਪਣੇ ਆਪ ਨੂੰ ਰਾਏ ਸਿੱਖ ਅਖਵਾਉਂਦੇ ਹਨ। ਦੂਰ ਦੂਰ ਤਕ ਜ਼ਮੀਨਾਂ ਖ਼ਾਲੀ ਪਈਆਂ ਹਨ ਕਿਉਂਕਿ ਹਾਲੇ ਤਕ ਅਲਾਟੀ ਨਹੀਂ ਆਏ ਤੇ ਕਾਨਾ ਏਨਾ ਜ਼ਿਆਦਾ ਹੈ ਕਿ ਹੱਥ ਤੇ ਹੱਥ ਮਾਰ ਕੇ ਬੰਦਾ ਕਾਨਿਆਂ ਵਿਚ ਲੁਕ ਜਾਵੇ ਤਾਂ ਲੱਭ ਨਹੀਂ ਸਕਦਾ। ਕਾਨਿਆਂ ਦੇ ਜੰਗਲ ਵਿਚ ਸਹੇ, ਸੂਰ, ਸੱਪ, ਗਿੱਦੜ ਤੇ ਤਿੱਤਰ ਆਮ ਤੁਰੇ ਫਿਰਦੇ ਹਨ ਪਰ ਕਾਸ਼ਤ ਹੇਠਲੀ ਜ਼ਮੀਨ ਧਾਈਂ (ਚੌਲ), ਕਪਾਹ, ਮਿਰਚਾਂ, ਕਮਾਦ, ਕਣਕ ਤੇ ਚਰ੍ਹੀ ਨੂੰ ਬੜੀ ਝੱਲਦੀ ਹੈ। ਪੱਠਿਆਂ ਦੀ ਕੋਈ ਪ੍ਰਵਾਹ ਨਹੀਂ ਸੀ।

-----

ਨਵੀਂ ਜ਼ਮੀਨ ਬਾਰੇ ਬਾਪੂ ਤੋਂ ਸੁਣ ਕੇ ਮਨ ਖ਼ੁਸ਼ ਹੋ ਗਿਆ ਤੇ ਪਿੰਡ ਦਾ ਕਲਪਤ ਨਕਸ਼ਾ ਮੇਰੇ ਮਨ ਵਿਚ ਬਣਨਾ ਸ਼ੁਰੂ ਹੋ ਗਿਆ। ਬਾਪੂ ਨੇ ਇਹ ਵੀ ਦੱਸਿਆ ਕਿ ਸਾਡੀ ਜ਼ਮੀਨ ਨੂੰ ਜਿਹੜੇ ਰਾਏ ਸਿੱਖ ਮੁਜ਼ਾਰੇ ਵਹੁੰਦੇ ਹਨ, ਉਹ ਇਹ ਵੀ ਕਹਿੰਦੇ ਹਨ ਕਿ ਇਕ ਦਿਨ ਪੰਡਤ ਜਵਾਹਰ ਲਾਲ ਨਹਿਰੂ ਨੇ ਫਿਰੋਜ਼ਪੁਰ ਆਉਣਾ ਹੈ ਅਤੇ ਉਹਨੇ ਸਾਰੇ ਮੁਜ਼ਾਰਿਆਂ ਨੂੰ ਜ਼ਮੀਨ ਦਾ ਪੱਕਾ ਕਬਜ਼ਾ ਦੇ ਦੇਣਾ ਹੈ। ਬਾਪੂ ਨੇ ਇਹ ਵੀ ਦੱਸਿਆ ਕਿ ਰਾਏ ਸਿੱਖ ਸ਼ਿਕਾਰ ਦੇ ਬੜੇ ਸ਼ੁਕੀਨ ਹਨ ਅਤੇ ਬਰਛਿਆਂ ਨਾਲ ਸੂਰ ਮਾਰ ਲੈਂਦੇ ਸਨ ਜੋ ਬੜਾ ਔਖਾ ਕੰਮ ਹੈ। ਰਾਏ ਸਿੱਖ ਸੂਰ ਤੋਂ ਇਲਾਵਾ ਫਾਹੀ ਲਾ ਕੇ ਸਹੇ ਅਤੇ ਤਿੱਤਰ ਫੜਨ ਤੇ ਛੱਪੜਾਂ ਅਤੇ ਡੁੰਬਾਂ ਚੋਂ ਮਛੀ ਫੜਨ ਦੇ ਵੀ ਬੜੇ ਕਾਰੀਗਰ ਹਨ। ਉਹਨਾਂ ਦੇ ਨਿੱਕੇ ਨਿੱਕੇ ਮੁੰਡੇ ਵੀ ਮਾਲ ਚਾਰਨ ਗਏ ਘੋੜੇ ਦੀ ਪੂਛ ਦੇ ਵਾਲਾਂ ਦੀਆਂ ਫਾਹੀਆਂ ਬਣਾ ਕੇ ਤਿੱਤਰ ਫੜ ਲੈਂਦੇ ਹਨ। ਰੂੜੀ ਮਾਰਕਾ ਦੇਸੀ ਦਾਰੂ ਵੀ ਬੜੀ ਕੱਢਦੇ ਤੇ ਪੀਂਦੇ ਹਨ। ਆਪਸ ਵਿਚ ਲੜਦੇ ਭਿੜਦੇ ਵੀ ਬਹੁਤ ਹਨ। ਫਿਰੋਜ਼ਪੁਰ ਦੀ ਬੇਟ ਵਿਚ ਫਾਜ਼ਿਲਕਾ ਤਕ ਸਤਲੁਜ ਦਰਿਆ ਦੀ ਹਿੰਦੋਸਤਾਨ ਵੱਲ ਪੈਂਦੀ ਵੱਖੀ ਵਿਚ ਇਹ ਵੱਡੀ ਗਿਣਤੀ ਵਿਚ ਵਸੇ ਹੋਏ ਹਨ।

-----

ਇਕ ਦਿਨ ਹਾਕੂ ਰਾ (ਇਕ ਮੋਨਾ ਰਾਏ ਸਿੱਖ) ਲੱਭਦਾ ਲਭਾਉਂਦਾ, ਪੁੱਛਦਾ ਪੁਛਾਉਂਦਾ ਮਹਿਤੇ ਸਾਡੇ ਘਰ ਆ ਗਿਆ। ਉਹਦਾ ਰੰਗ ਕਾਲਾ ਤੇ ਬੋਲੀ ਬੜੀ ਵੱਖਰੀ ਸੀ ਤੇ ਵੇਖਣ ਨੂੰ ਜਾਂਗਲੀ ਲਗਦਾ ਸੀ। ਹਰ ਗੱਲ ਵਿਚ “ਮੁੜ ਚਾ ਲੰਬਰਦਾਰਾ” ਜ਼ਰੂਰ ਕਹਿੰਦਾ ਤੇ ਮੈਨੂੰ ਉਹਦੀ ਬੋਲੀ ਦੀ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀ ਸੀ। ਉਹ ਬਾਪੂ ਨੂੰ ਲੰਬਰਦਾਰ ਤੇ ਮਾਂ ਨੂੰ ਲੰਬੜਦਾਰਨੀ ਕਹਿ ਕੇ ਤੇ ਦੋਹਾਂ ਦੇ ਪੈਰੀਂ ਹੱਥ ਲਾਇਆ। ਮੈਨੂੰ ਕਾਕਾ ਜੀ ਜਾਂ ਛੋਟਾ ਸਰਦਾਰ ਕਹਿ ਕੇ ਮੇਰੇ ਵੀ ਪੈਰੀਂ ਹਥ ਲਾਇਆ। ਉਹ ਚੌਲ ਤੇ ਆਟਾ ਲੈ ਕੇ ਆਇਆ ਸੀ। ਉਹ ਬਾਪੂ ਤੋਂ ਹਿੱਸੇ ਤੇ ਜ਼ਮੀਨ ਵਾਹੁੰਣ ਦੀ ਇਜਾਜ਼ਤ ਲੈਣ ਆਇਆ ਸੀ। ਬਾਪੂ ਜ਼ਮੀਨ ਉਹਦੇ ਦੂਜੇ ਭਰਾ ਕਾਲੂ ਰਾ ਨੂੰ ਦੇ ਆਇਆ ਸੀ ਪਰ ਦੋਹਾਂ ਭਰਾਵਾਂ ਦੀ ਆਪੋ ਵਿਚ ਬਣਦੀ ਨਹੀਂ ਸੀ। ਹਾਕੂ ਰਾ ਕਈ ਦਿਨ ਮਹਿਤੇ ਸਾਡੇ ਘਰ ਰਿਹਾ ਤੇ ਮਾਲ ਡੰਗਰ ਨੂੰ ਪਠੇ ਆਦਿ ਪਾਉਂਦਾ ਰਿਹਾ ਤੇ ਮੱਝ ਦੀ ਧਾਰ ਵੀ ਕੱਢ ਦਿੰਦਾ। ਬਾਪੂ ਨੇ ਉਸ ਨੂੰ ਅੱਧੀ ਜ਼ਮੀਨ ਵਾਹੁਣ ਲਈ ਕਹਿ ਦਿੱਤਾ ਤੇ ਦੁੱਧ ਦੇਣ ਵਾਲੀ ਮੱਝ ਤੋਂ ਇਲਾਵਾ ਕੁਝ ਪਸੂ ਉਹਦੇ ਅੱਗੇ ਲਾ ਦਿਤੇ ਜਿਨ੍ਹਾਂ ਨੂੰ ਤੋਰ ਕੇ ਉਹ ਤਿੰਨ ਚਾਰ ਦਿਨਾਂ ਵਿਚ ਫਿਰੋਜ਼ਪੁਰੋਂ 20 ਮੀਲ ਅੱਗੇ ਪੈਂਦੇ ਪਿੰਡ ਗੁਦੜਢੰਡੀ ਲੈ ਗਿਆ। ਹਾਕੂ ਰਾਅ ਇਕ ਗਧੀ ਵੀ ਨਾਲ ਲੈ ਗਿਆ ਕਿਓਂਕਿ ਓਸ ਪਿੰਡ ਵਿਚ ਕਿਸੇ ਕੋਲ ਕੋਈ ਗੱਡਾ ਨਹੀਂ ਸੀ ਅਤੇ ਵਾਹੀ ਵਿਚ ਪੱਠੇ ਲਿਆਉਣ ਅਤੇ ਮੰਡੀ ਫਸਲ ਲਿਜਾਣ ਤੇ ਦਾਣੇ ਪਿਸਾਣ ਲਈ ਖੋਤੀ ਬੜੀ ਕੰਮ ਆਉਂਦੀ ਸੀ। ਬੰਦੇ ਨੂੰ ਸਿਰ ਤੇ ਪੰਡ ਚੁੱਕ ਕੇ ਨਹੀਂ ਜਾਣਾ ਪੈਂਦਾ ਸੀ। ਓਦੋਂ ਅਜੇ ਤੱਕ ਪੰਜਾਬ ਵਿਚ ਟਰੈਕਟਰ ਨਹੀਂ ਸਨ ਆਏ।

-----

ਨਤੀਜਾ ਨਿੱਕਲਿਆ ਤੇ ਸਾਰੀ ਕਲਾਸ ਫੇਲ੍ਹ ਸੀ। ਮੈਂ ਵੀ ਫੇਲ੍ਹ ਸਾਂ। ਮਾਂ ਗਾਲ਼ਾਂ ਕੱਢ ਰਹੀ ਸੀ ਪਰ ਬਾਪੂ ਨੇ ਕੁਝ ਨਾ ਕਿਹਾ ਤੇ ਹੌਸਲਾ ਕਰ ਕੇ ਦੋਬਾਰਾ ਇਮਤਿਹਾਨ ਦੇਣ ਲਈ ਓਸੇ ਸਕੂਲ ਵਿਚ ਹੀ ਪੜ੍ਹਣ ਜਾਣ ਲਈ ਕਹਿ ਦਿਤਾ। ਮੈਂ ਬਹੁਤ ਉਦਾਸ ਹੋ ਗਿਆ ਸਾਂ। ਮੈਂ ਢੱਠੇ ਮਨ ਨਾਲ ਸਕੂਲ ਜਾਣ ਦੀ ਸੋਚ ਰਿਹਾ ਸਾਂ। ਕਈ ਵਾਰ ਚੁੱਪ-ਚਾਪ ਦਰਵਾਜ਼ੇ ਵਿਚ ਮੰਜੀ ਡਾਹ ਕੇ ਬੈਠ ਜਾਂਦਾ ਜਾਂ ਲੇਟ ਜਾਂਦਾ। ਸ਼ਾਹਾਂ ਦਾ ਅਮਰਨਾਥ ਸਿੰਗਲਾ ਵੀ ਫੇਲ ਹੋ ਗਿਆ ਸੀ। ਓਸ ਨੇ ਵੀ ਦੋਬਾਰਾ ਐਸ ਡੀ ਸਕੂਲ ਬਠਿੰਡੇ ਦਾਖਲ ਹੋਣ ਦਾ ਫੈਸਲਾ ਕਰ ਲਿਆ ਸੀ। ਮੈਨੂੰ ਏਨੀ ਸਮਝ ਆ ਗਈ ਸੀ ਕਿ ਬਹੁਤੀਆਂ ਪਿਕਚਰਾਂ ਵੇਖਣ ਤੇ ਨਾਵਲ ਪੜ੍ਹਨ ਕਾਰਨ ਮੇਰਾ ਮਨ ਸਕੂਲ ਦੀ ਪੜ੍ਹਾਈ ਤੋਂ ਉਚਾਟ ਹੋ ਗਿਆ ਸੀ ਤੇ ਕੁਝ ਮਹਿਕ ਵੀ ਮੇਰੇ ਮਨ ਦੇ ਅਤੇ ਮੇਰੇ ਮੇਰੇ ਆਲੇ ਦਵਾਲੇ ਖਿੱਲਰ ਗਈ ਸੀ। ਮਹਿਕ ਨੂੰ ਵੀ ਪਤਾ ਲੱਗ ਗਿਆ ਸੀ ਕਿ ਮੈਂ ਫੇਲ੍ਹ ਹੋ ਗਿਆ ਸਾਂ। ਸਕੂਲ ਵਿਚ ਦੋਬਾਰਾ ਦਾਖਲ ਹੋਣ ਤੋਂ ਪਹਿਲਾਂ ਮੈਂ ਇਕ ਦਿਨ ਦਰਵਾਜ਼ੇ ਵਿਚ ਮੰਜੇ ਤੇ ਸਾਂਝੀ ਥੰਮੀ ਨਾਲ ਢੋ ਲਾਈ ਬੈਠਾ ਸਾਂ ਕਿ ਉਹ ਦਰਵਾਜ਼ੇ ਵਿਚ ਆਈ, ਮੈਨੂੰ ਉਦਾਸ ਵੇਖਿਆ। ਸਾਡੇ ਘਰ ਅੰਦਰ ਗਈ ਤੇ ਮੇਰੇ ਬਸਤੇ ਵਿਚੋਂ ਕੁਝ ਕਿਤਾਬਾਂ ਕੱਢ ਕੇ ਮੇਰੇ ਅੱਗੇ ਪੜ੍ਹਨ ਲਈ ਕਰ ਦਿੱਤੀਆਂ। ਉਹਦੇ ਚਿਹਰੇ ਦੇ ਹਾਵ ਭਾਵ ਦੱਸ ਰਹੇ ਸਨ ਕਿ ਮੇਰੇ ਫੇਲ੍ਹ ਹੋਣ ਦਾ ਉਸ ਨੂੰ ਵੀ ਬੜਾ ਸਦਮਾ ਪਹੁੰਚਿਆ ਸੀ। ਅੱਗੇ ਉਹ ਮੁਸਕਰਾ ਕੇ ਨੀਵੀਂ ਪਾ ਲੈਂਦੀ ਸੀ। ਹੁਣ ਉਹ ਨਾ ਮੁਸਕਰਾਉਂਦੀ ਸੀ ਤੇ ਨਾ ਹੀ ਨੀਵੀਂ ਪਾਉਂਦੀ ਸੀ ਸਗੋਂ ਉਹਦੇ ਵੱਲ ਵੇਖ ਕੇ ਮੈਂ ਨੀਵੀਂ ਪਾ ਲੈਂਦਾ ਸਾਂ।

-----

ਕੁਝ ਦਿਨਾਂ ਬਾਅਦ ਜਦੋਂ ਮੈਂ ਦੋਬਾਰਾ ਸਕੂਲ ਵਿਚ ਦਾਖਲ ਹੋਣ ਲਈ ਘਰੋਂ ਦਰਵਾਜ਼ੇ ਕੋਲ ਪਹੁੰਚਿਆ ਤੇ ਮਾਂ ਪੜ੍ਹਾਈ ਵਲ ਧਿਆਨ ਦੇਣ ਦੀ ਚਿਤਾਵਨੀ ਦੇ ਕੇ ਤੇ ਮੇਰਾ ਸਿਰ ਪਲੋਸ ਕੇ ਮੁੜ ਗਈ ਤਾਂ ਉਹ ਫੁਰਤੀ ਨਾਲ ਆਈ ਤੇ ਇਕ ਝੋਲਾ ਮੇਰੇ ਹੱਥ ਵਿਚ ਫੜਾ ਕੇ ਤੁਰੰਤ ਮੁੜ ਗਈ। ਸਟੇਸ਼ਨ ਦੇ ਰਸਤੇ ਵਿਚ ਆ ਕੇ ਮੈਂ ਵੇਖਿਆ ਕਿ ਤਣੀਆਂ ਵਾਲੇ ਝੋਲੇ ਵਿਚ ਦੇਸੀ ਘਿਓ ਦੀ ਇਕ ਪੀਪੀ ਤੇ ਰੰਗ ਬਰੰਗੀਆਂ ਬੂਟੀਆਂ ਵਾਲਾ ਹੱਥ ਦਾ ਕੱਢਿਆ ਇਕ ਰੁਮਾਲ ਸੀ ਜਿਸ ਤੇ ਬਾਗ਼ ਚੋਂ ਉਡਦੀਆਂ ਚਿੜੀਆਂ ਤੇ ਲਾਲ ਚੁੰਝ ਵਾਲਾ ਤੋਤਾ ਕੱਢਿਆ ਹੋਇਆ ਸੀ। ਇਹਨਾਂ ਚਿੜੀਆਂ ਅਤੇ ਤੋਤੇ ਦੀਆਂ ਅੱਖਾਂ ਵਿਚ ਪਤਾ ਨਹੀਂ ਕਿੰਨੇ ਕੁ ਸੁਪਨੇ ਸਮੋਏ ਹੋਏ ਸਨ। ਮੈਨੂੰ ਇੰਜ ਲੱਗਿਆ ਕਿ ਇਸ ਕੱਢੇ ਹੋਏ ਬੂਟੀਆਂ ਵਾਲੇ ਰੁਮਾਲ ਤੇ ਦੇਸੀ ਘਿਓ ਦੀ ਪੀਪੀ ਵਿਚ ਮੇਰੇ ਫੇਲ੍ਹ ਹੋਣ ਦੇ ਪਤਾ ਨਹੀਂ ਕਿੰਨੇ ਕੁ ਉਲਾਂਭੇ ਲੁਕੇ ਹੋਏ ਸਨ।

*********

ਚਲਦਾ