ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, March 16, 2011

ਸੁਰਿੰਦਰ ਸੋਹਲ - ਸੋਹਣ ਕਾਦਰੀ – ਇਮਤਿਹਾਨ - ਯਾਦਾਂ


ਤਸਵੀਰ: (ਖੱਬਿਓਂ ਸੱਜੇ) ਸੁਰਿੰਦਰ ਸੋਹਲ, ਡਾ. ਗੁਰਬਚਨ, ਸੋਹਨ ਕਾਦਰੀ, ਕਾਨਾ ਸਿੰਘ, ਮਨਮੋਹਨ ਬਾਵਾ, ਉਂਕਾਰਪ੍ਰੀਤ ਅਤੇ ਨਾਟਕਕਾਰ ਆਤਮਜੀਤ। ਚੰਡੀਗੜ੍ਹ। ਆਤਮਜੀਤ ਦਾ ਘਰ। 1997 ਦਾ ਵਰ੍ਹਾ ।

******

ਇਮਤਿਹਾਨ

ਯਾਦਾਂ

ਪੇਸ਼ਕਸ਼ ਸੁਰਿੰਦਰ ਸੋਹਲ

ਪ੍ਰਸਿੱਧ ਚਿੱਤਰਕਾਰ ਅਤੇ ਕਵੀ ਸੋਹਨ ਕਾਦਰੀ ਦਾ ਜਨਮ 2 ਨਵੰਬਰ 1932 ਨੂੰ ਪਿੰਡ ਚਾਚੋਕੀ (ਫਗਵਾੜਾ) ਨੇੜੇ ਹੋਇਆ। ਉਸਨੇ ਵਿਦਿਆ ਰਾਮਗੜ੍ਹੀਆ ਕਾਲਜ ਤੋਂ ਮੁਕੰਮਲ ਕੀਤੀ ਅਤੇ ਆਰਟ ਦਾ ਡਿਪਲੋਮਾ ਸ਼ਿਮਲੇ ਤੋਂ ਕੀਤਾ। ਕੁਝ ਦੇਰ ਰਾਮਗੜ੍ਹੀਆ ਕਾਲਜ ਵਿਚ ਪੜ੍ਹਾਇਆ। ਜਲੰਧਰ ਵਿਚ ਫੋਟੋਗ੍ਰਾਫੀ ਕੀਤੀ ਤੇ ਫਿਰ ਦੇਸ਼-ਵਿਦੇਸ਼ ਵਿਚ ਆਪਣੇ ਚਿੱਤਰਾਂ ਦੀਆਂ ਨੁਮਾਇਸ਼ਾਂ ਲਾਉਂਦਾ ਹੋਇਆ, ਡੈਨਮਾਰਕ ਵਿਚ ਪੱਕੇ ਤੌਰ ਤੇ ਰਹਿਣ ਲੱਗ ਪਿਆ। ਸੋਹਨ ਕਾਦਰੀ ਦੇ ਚਿੱਤਰ ਅਤੇ ਕਵਿਤਾ ਰਿਵਾਇਤਾਂ ਨੂੰ ਤੋੜਦੇ ਹਨ। ਉਸਦੀ ਸਥਾਪਤੀ-ਅਸਥਾਪਤੀ ਦੇ ਦਿਨਾਂ ਦੀ ਇਹ ਘਟਨਾ ਹੈ।

-----

ਚਿੱਤਰਕਾਰ ਸੋਹਨ ਕਾਦਰੀ ਉਸ ਰਾਤ ਸੌਂ ਨਾ ਸਕਿਆ। ਉਸਨੂੰ ਉਹ ਅਜਨਬੀ ਵਿਅਕਤੀ ਵਾਰ ਵਾਰ ਯਾਦ ਆ ਰਿਹਾ ਸੀ, ਜਿਸ ਨਾਲ ਉਸਨੇ ਫ਼ੋਨ ਤੇ ਗੱਲ ਕੀਤੀ ਸੀ। ਕਦੇ ਸੋਹਨ ਕਾਦਰੀ ਨੂੰ ਉਸ ਵਿਅਕਤੀ ਦੀ ਗੱਲ ਮਜ਼ਾਕ ਜਾਪਦੀ। ਕਦੇ ਕਦੇ ਵਿਅਕਤੀ ਦੀ ਗੰਭੀਰ ਆਵਾਜ਼ ਬਾਰੇ ਸੋਚਿਆਂ ਇਸ ਵਿਚੋਂ ਸੱਚਾਈ ਦੀ ਝਲਕ ਵੀ ਮਹਿਸੂਸ ਹੁੰਦੀ। ਮਜ਼ਾਕ ਅਤੇ ਸੱਚਾਈ ਦੀ ਖਿੱਚੋਤਾਣ ਵਿਚ ਉਸਨੇ ਸਾਰੀ ਰਾਤ ਪਾਸੇ ਮਾਰਦਿਆਂ ਲੰਘਾ ਦਿੱਤੀ।

-----

1966 ਦੀ ਆਖਰੀ ਤਿਮਾਹੀ ਦੇ ਦਿਨ ਸਨ। ਸੋਹਨ ਕਾਦਰੀ ਆਪਣੀਆਂ ਤਸਵੀਰਾਂ ਦੀ ਨੁਮਾਇਸ਼ ਲਾਉਣ ਲਈ ਬਰੱਸਲਜ਼ ਆਇਆ ਹੋਇਆ ਸੀ। ਬਰੱਸਲਜ਼ ਵਿਚ ਉਸਦੀ ਪਹਿਲੀ ਨੁਮਾਇਸ਼ ਸੀ। ਕਾਦਰੀ ਇਹਨੀਂ ਦਿਨੀਂ ਸਥਾਪਤੀ-ਅਸਥਾਪਤੀ ਦਾ ਦੌਰ ਹੰਢਾ ਰਿਹਾ ਸੀ। ਇਕ ਕੰਪਨ ਦੀ ਸਥਿਤੀ ਵਿਚ ਸੀ। ਉਸਦੀ ਸਥਿਤੀ ਆਸਮਾਨ ਵਿਚ ਲਟਕਦੀ ਉਸ ਬੂੰਦ ਵਰਗੀ ਸੀ, ਜੋ ਕਿਸੇ ਸਿੱਪ ਵਿਚ ਪੈ ਕੇ ਮੋਤੀ ਵੀ ਬਣ ਸਕਦੀ ਸੀ ਅਤੇ ਕਿਸੇ ਗੁੰਮਨਾਮੀ ਦੇ ਵੀਰਾਨ ਮਾਰੂਥਲ ਵਿਚ ਡਿੱਗ ਕੇ ਫ਼ਨਾ ਵੀ ਹੋ ਸਕਦੀ ਸੀ। ਉਸਦੇ ਭਵਿੱਖ ਦਾ ਫੈਸਲਾ ਹੋਣਾ ਸੀ। ਉਂਝ ਵੀ ਚਾਚੋਕੀ ਤੋਂ ਆਏ ਮੁੰਡੇ ਦੀ ਨੁਮਾਇਸ਼ ਬਰੱਸਲਜ਼ ਵਿਚ ਲੱਗਣੀ ਕੋਈ ਸੌਖੀ ਗੱਲ ਨਹੀਂ ਸੀ।

-----

ਉਹ ਦਿੱਲੀ ਦੇ ਆਰਟਿਸਟ ਸਹਿਗਲ ਕੋਲ ਠਹਿਰਿਆ ਹੋਇਆ ਸੀ। ਸਹਿਗਲ ਨੇ ਉਸ ਨਾਲ ਬੜੀ ਨੇੜਤਾ ਜਤਾਈ ਸੀ। ਸਹਿਗਲ ਨੇ ਸੋਚਿਆ, ਇਕ ਮੁੰਡਾ ਖੁੰਡਾ ਚਿੱਤਰਕਾਰ। ਕਾਰ ਵੀ ਰੱਖੀ ਹੋਈ ਹੈ। ਮੁਲਕ ਰਾਜ ਆਨੰਦ ਦੀ ਚਿੱਠੀ ਵੀ ਕੋਲ ਹੈ। ਬਰੱਸਲਜ਼ ਵਿਚ ਨੁਮਾਇਸ਼ ਲੱਗ ਰਹੀ ਹੈ। ਸਵਿਟਜ਼ਰਲੈਂਡ ਵਿਚ ਰਹਿੰਦਾ ਹੈ। ਚੰਗਾ ਆਰਟਿਸਟ ਹੀ ਹੋਵੇਗਾ।

------

ਕਾਦਰੀ ਆਪਣੀ ਕਾਰ ਵਿਚ ਆਪਣੀਆਂ ਤਸਵੀਰਾਂ ਲੱਦੀਆਂ ਅਤੇ ਬਰੱਸਲਜ਼ ਦੀ ਗੈਲਰੀ ਵਿਚ ਜਾ ਲਾਈਆਂ।

ਸਿਰਫ਼ ਇਕ ਤਸਵੀਰ ਵਿਕੀ।

ਸੋਹਨ ਕਾਦਰੀ ਦਾ ਦਿਲ ਢਹਿ ਗਿਆ। ਉਸ ਦਾ ਮਨ ਬਹੁਤ ਉਦਾਸ ਹੋ ਗਿਆ।

ਉਸਨੇ ਬਚੀਆਂ ਤਸਵੀਰਾਂ ਕਾਰ ਵਿਚ ਰੱਖੀਆਂ। ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਕਾਰ ਘਰਰ ਘਰਰਕਰਕੇ ਚੁੱਪ ਕਰ ਗਈ।

-----

ਸਹਿਗਲ ਨੇ ਦੇਖਿਆ, ਕਾਦਰੀ ਦੀ ਕਾਰ ਖ਼ਰਾਬ ਹੋ ਗਈ ਸੀ। ਤਸਵੀਰ ਵੀ ਇਕ ਹੀ ਵਿਕੀ ਹੈ। ਹੋ ਸਕਦਾ ਹੈ ਹੁਣ ਕਾਦਰੀ ਕਾਰ ਰਿਪੇਅਰ ਕਰਾਉਣ ਲਈ ਪੈਸੇ ਮੰਗੇ। ਸਹਿਗਲ ਕਹਿਣ ਲੱਗਾ,‘ਮੇਰੇ ਅੱਜ ਹੋਰ ਗੈਸਟ ਆਉਣੇ ਐਂ। ਤੂੰ ਕਿਤੇ ਹੋਰ ਇੰਤਜ਼ਾਮ ਕਰ ਲੈ।

ਸਹਿਗਲ ਆਪਣੇ ਘਰ ਨੂੰ ਤੁਰ ਗਿਆ।

ਕਾਦਰੀ ਨੇ ਆਪਣੀ ਕਿਸੇ ਦੋਸਤ ਕੁੜੀ ਕੋਲ ਜਾਣ ਦਾ ਮਨ ਬਣਾ ਲਿਆ।

ਅਣਮੰਨੇ ਮਨ ਨਾਲ ਕਾਦਰੀ ਨੇ ਇਕ ਵਾਰ ਫਿਰ ਕਾਰ ਦੀ ਚਾਬੀ ਘੁੰਮਾਈ। ਕਾਰ ਫਰਰ ਫਰਰਕਰਕੇ ਚੱਲ ਪਈ। ਸੋਹਨ ਕਾਦਰੀ ਦੀ ਪ੍ਰੇਸ਼ਾਨੀ ਰਤਾ ਕੁ ਘਟੀ। ਉਹ ਕਾਗ਼ਜ਼ੀ ਕਾਰਵਾਈ ਕਰਨ ਲਈ ਆਖਰੀ ਵਾਰ ਗੈਲਰੀ ਵਿਚ ਗਿਆ।

-----

ਗੈਲਰੀ ਵਾਲੀ ਲੜਕੀ ਨੇ ਉਸਦੇ ਨਾਂ ਆਇਆ ਕਿਸੇ ਦਾ ਮੈਸੇਜ ਉਸਨੂੰ ਦਿੰਦੇ ਹੋਏ ਕਿਹਾ,‘ਇਹ ਆਦਮੀ ਤੁਹਾਨੂੰ ਲੱਭਦਾ ਫਿਰਦਾ ਸੀ। ਇਹ ਉਸਦਾ ਫੋਨ ਨੰਬਰ ਹੈ।

ਸੋਹਨ ਕਾਦਰੀ ਨੂੰ ਯਾਦ ਆਇਆ ਕਿ ਇਕ ਆਦਮੀ ਬੜੇ ਧਿਆਨ ਨਾਲ ਉਸਦੀਆਂ ਪੇਂਟਿੰਗਜ਼ ਦੇਖ ਰਿਹਾ ਸੀ। ਉਸ ਨਾਲ ਇਕ ਲੰਬੀ ਜਿਹੀ ਲੜਕੀ ਵੀ ਸੀ। ਹੋਵੇ ਨਾ ਹੋਵੇ, ਇਹ ਉਸੇ ਬੰਦੇ ਦਾ ਹੀ ਫੋਨ ਨੰਬਰ ਹੈ।

ਦੋਸਤ ਲੜਕੀ ਦੇ ਘਰ ਜਾ ਕੇ, ਤਸਵੀਰਾਂ ਚੁੱਕ ਕੇ ਉਸਨੇ ਗੈਰਾਜ ਵਿਚ ਰੱਖ ਦਿੱਤੀਆਂ। ਅੰਦਰ ਜਾ ਕੇ ਦਿੱਤੇ ਹੋਏ ਫੋਨ ਨੰਬਰ ਤੇ ਫੋਨ ਕੀਤਾ।

ਅੱਗਿਉਂ ਆਦਮੀ ਦੀ ਆਵਾਜ਼ ਆਈ। ਉਸ ਨੇ ਪੁੱਛਿਆ,‘ਇਸ ਵਕ਼ਤ ਤੁਹਾਡੇ ਕੋਲ ਪੇਟਿੰਗਜ਼ ਦੀ ਲਿਸਟ ਹੈ?’

ਕਾਦਰੀ ਨੇ ਕਿਹਾ,‘ਹਾਂ ਹੈ।

ਆਦਮੀ ਨੇ ਕਿਹਾ ਕਿ ਇਸ ਇਸ ਨੰਬਰ ਵਾਲੀਆਂ ਪੰਜ ਤਸਵੀਰਾਂ ਤੇਰੀ ਕੀਮਤ ਤੇ। ਜਾਣੀ ਗੈਲਰੀ ਦੀ ਪ੍ਰਾਈਸ ਤੇ। ਬਾਕੀ ਪੰਦਰਾਂ ਤਸਵੀਰਾਂ ਮੇਰੀ ਪ੍ਰਾਈਸ ਤੇ।

ਕਾਦਰੀ ਨੇ ਪੁੱਛਿਆ,‘ਤੁਸੀਂ ਹੋ ਕੌਣ?’

ਉਸ ਆਦਮੀ ਨੇ ਕਿਹਾ,‘ਇਸ ਨੂੰ ਭੁੱਲ ਜਾਵੋ। ਕੀ ਤੁਸੀਂ ਆਪਣੀਆਂ ਪੰਜ ਤਸਵੀਰਾਂ ਆਪਣੀ ਕੀਮਤ ਤੇ ਅਤੇ ਬਾਕੀ ਤਸਵੀਰਾਂ ਮੇਰੀ ਕੀਮਤ ਤੇ ਵੇਚਣੀਆਂ ਚਾਹੁੰਦੇ ਹੋ?’

ਸੋਹਨ ਕਾਦਰੀ ਨੂੰ ਯਕੀਨ ਨਾ ਆਵੇ।

ਉਸਨੇ ਫਿਰ ਪੁੱਛਿਆ,‘ਪਰ ਤੁਸੀਂ..?’

ਉਸ ਆਦਮੀ ਨੇ ਕਿਹਾ,‘ਤੁਹਾਨੂੰ ਇਸ ਨਾਲ ਕੀ? ਤਸਵੀਰਾਂ ਵੇਚਣੀਆਂ ਹਨ ਤਾਂ ਕੱਲ੍ਹ ਨੂੰ ਮੈਨੂੰ ਫੋਨ ਕਰੀਂ।

ਸੋਹਨ ਕਾਦਰੀ ਸਾਰੀ ਰਾਤ ਸੌਂ ਨਾ ਸਕਿਆ। ਕੀ ਇਹ ਮਜ਼ਾਕ ਸੀ?

-----

ਉਸਨੇ ਸ਼ਸੋਪੰਜ ਵਿਚ ਹੀ ਸਾਰੀ ਰਾਤ ਲੰਘਾ ਦਿੱਤੀ। ਸਵੇਰੇ ਉੱਠ ਕੇ ਉਸਨੇ ਠੰਢੇ ਦਿਮਾਗ਼ ਨਾਲ ਸੋਚਿਆ, ਪਹਿਲਾਂ ਉਸ ਅਣਜਾਣ ਆਦਮੀ ਵਾਸਤੇ ਪੰਜ ਤਸਵੀਰਾਂ ਹੀ ਲੈ ਕੇ ਜਾਵੇਗਾ। ਆਪੇ ਮਜ਼ਾਕ ਜਾਂ ਸੱਚਾਈ ਦਾ ਪਤਾ ਲੱਗ ਜਾਵੇਗਾ।

ਕਾਦਰੀ ਨੇ ਉਸ ਆਦਮੀ ਨੂੰ ਫੋਨ ਕੀਤਾ,‘ਮੈਂ ਆ ਰਿਹਾ ਹਾਂ।

ਉਹ ਅਣਜਾਣ ਆਦਮੀ ਪੁੱਛਣ ਲੱਗਾ,‘ਕੀ ਫੈਸਲਾ ਕੀਤਾ ਹੈ?’

ਕਾਦਰੀ ਨੇ ਕਿਹਾ,‘ਮੈਂ ਪੰਜ ਤਸਵੀਰਾਂ ਲੈ ਕੇ ਆ ਰਿਹਾ ਹਾਂ।

ਉਸ ਆਦਮੀ ਨੇ ਡਾਇਰੈਕਸ਼ਨ ਦੇ ਦਿੱਤੀ।

ਕਾਦਰੀ ਗਿਆ।

ਘੰਟੀ ਵਜਾਈ।

ਦਰਵਾਜ਼ਾ ਖੁੱਲ੍ਹਿਆ। ਦਰਵਾਜ਼ਾ ਖੁੱਲ੍ਹਿਆ ਕਿ ਕਿਸੇ ਕਲਾ ਦੇ ਸਵਰਗ ਦਾ ਪਰਵੇਸ਼ ਦੁਆਰ ਸੀ ਇਹ। ਅੰਦਰ ਏਡਾ ਵੱਡਾ ਸਟੂਡੀਓ! ਹਰ ਪਾਸੇ ਪੇਂਟਿੰਗਾਂ ਹੀ ਪੇਂਟਿੰਗਾਂ। ਕਲਾ ਦੀ ਜਿਵੇਂ ਬਹਾਰ ਆਈ ਹੋਈ ਸੀ।

ਕਾਦਰੀ ਨੇ ਝਕਦੇ ਝਕਦੇ ਪੁੱਛਿਆ,‘ਤੁਸੀਂ...?’

ਵਿਲਾਂਵਿਕ।

ਵਿਲਾਂਵਿਕ ਤਾਂ ਬੈਲਜੀਅਮ, ਬਲਕਿ ਯੂਰਪ ਦਾ ਬਹੁਤ ਵੱਡਾ ਆਰਟਿਸਟ ਸੀ। ਆਰਟ ਦੀ ਰਾਇਲ ਅਕੈਡਮੀ ਦਾ ਪ੍ਰੋਫੈਸਰ।

ਕਾਦਰੀ ਨੇ ਪੁੱਛਿਆ,‘ਤੁਹਾਨੂੰ ਮੇਰੀਆਂ ਪੇਂਟਿੰਗ ਕਿਉਂ ਚਾਹੀਦੀਆਂ ਹਨ?’

ਪ੍ਰੋਫੈਸਰ ਨੇ ਕਿਹਾ,‘ਮੈਨੂੰ ਨਹੀਂ ਚਾਹੀਦੀਆਂ। ਇਕ ਲੜਕੀ ਹੈ। ਉਹ ਇਥੋਂ ਕਿਊਬਿਕ ਸਿਟੀ ਮੂਵ ਹੋ ਰਹੀ ਹੈ ਉਹ ਕਿਊਬਿਕ ਸਿਟੀ ਵਿਚ ਆਰਟ ਗੈਲਰੀ ਖੋਲ੍ਹਣਾ ਚਾਹੁੰਦੀ ਹੈ। ਉਸਨੂੰ ਤੁਹਾਡਾ ਕੰਮ ਪਸੰਦ ਆਇਆ ਹੈ।

-----

ਸੋਹਨ ਕਾਦਰੀ ਨੂੰ ਯਾਦ ਆਇਆ, ਇਹ ਤਾਂ ਉਹੀ ਜੋੜਾ ਹੈ, ਜਿਹੜਾ ਉਸਦੀਆਂ ਪੇਂਟਿੰਗਜ਼ ਨੂੰ ਧਿਆਨ ਨਾਲ ਦੇਖ ਰਿਹਾ ਸੀ। ਉਹ ਲੜਕੀ ਪ੍ਰੋਫੈਸਰ ਨੂੰ ਮਾਹਿਰ ਦੇ ਤੌਰ ਤੇ ਲੈ ਕੇ ਗਈ ਸੀ। ਪ੍ਰੋਫੈਸਰ ਨੇ ਪੇਂਟਿੰਗਜ਼ ਦੀ ਤਾਰੀਫ਼ ਕੀਤੀ ਹੋਵੇਗੀ, ਉਹ ਲੜਕੀ ਸਾਰਾ ਕੰਮ ਖ਼ਰੀਦਣ ਲਈ ਤਿਆਰ ਹੋ ਗਈ।

ਸੋਹਨ ਕਾਦਰੀ ਨੇ ਕਿਹਾ,‘ਮੈਂ ਤਾਂ ਪੰਜ ਹੀ ਪੇਂਟਿੰਗਜ਼ ਲੈ ਕੇ ਆਇਆ ਹਾਂ।

ਪ੍ਰੋਫੈਸਰ ਵਿਲਾਂਵਿਕ ਨੇ ਕਿਹਾ,‘ਸ਼ਾਬਾਸ਼! ਤੁਸੀਂ ਅਸਲੀ ਆਰਟਿਸਟ ਹੋ। ਤੁਸੀਂ ਜ਼ਰੂਰ ਤਰੱਕੀ ਕਰੋਗੇ।

ਕਾਦਰੀ ਨੇ ਪੁੱਛਿਆ,‘ਕਿਉਂ?’

ਪ੍ਰੋਫੈਸਰ ਬੋਲਿਆ,‘ਤੁਸੀਂ ਸਿਰਫ਼ ਉਹੀ ਤਸਵੀਰਾਂ ਲੈ ਕੇ ਆਏ ਹੋ, ਜੋ ਤੁਹਾਡੀ ਆਪਣੀ ਪ੍ਰਾਈਸ ਦੀਆਂ ਹਨ। ਦੂਸਰੀਆਂ ਨਹੀਂ ਲਿਆਏ। ਤੁਹਾਡਾ ਇਹ ਆਤਮਵਿਸ਼ਵਾਸ ਦੱਸਦਾ ਹੈ ਕਿ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।

ਪਰ ਸੋਹਨ ਕਾਦਰੀ ਤਾਂ ਬਾਕੀ ਵੀ ਵੇਚਣੀਆਂ ਚਾਹੁੰਦਾ ਸੀ। ਉਹ ਤਾਂ ਸਿਰਫ਼ ਇਹ ਦੇਖਣ ਹੀ ਆਇਆ ਸੀ ਕਿ ਉਸ ਨਾਲ ਕਿਸੇ ਨੇ ਮਜ਼ਾਕ ਤਾਂ ਨਹੀਂ ਸੀ ਕੀਤਾ। ਉਹ ਚਾਹੁੰਦਾ ਸੀ ਕਿ ਕਹਿ ਦੇਵੇ ਕਿ ਉਹ ਬਾਕੀ ਤਸਵੀਰਾਂ ਵੀ ਲੈ ਆਉਂਦਾ ਹੈ। ਪਰ ਪ੍ਰੋਫੈਸਰ ਦੀ ਗੱਲ ਸੁਣ ਕੇ ਉਸਨੇ ਸੋਚਿਆ,‘ਹੁਣ ਚੁੱਪ ਹੀ ਚੰਗੀ।

-----

ਪ੍ਰੋਫੈਸਰ ਵਿਲਾਂਵਿਕ ਨੇ ਇਕ ਆਰਟ ਦੇ ਐਕਸਪਰਟ ਨੂੰ ਸੋਹਨ ਕਾਦਰੀ ਦਾ ਕੰਮ ਦਿਖਾਇਆ। ਸੋਹਨ ਕਾਦਰੀ ਡਰਦਾ ਹੀ ਰਿਹਾ ਕਿ ਇਹ ਐਕਸਪਰਟ ਇਹ ਨਾ ਕਹਿ ਦੇਵੇ ਕਿ ਇਸ ਕੰਮ ਉੱਤੇ ਤਾਂ ਪੱਛਮੀ ਪ੍ਰਭਾਵ ਸਪੱਸ਼ਟ ਦਿਸਦਾ ਹੈ।

ਉਸ ਐਕਸਪਰਟ ਨੇ ਕਾਦਰੀ ਦੀਆਂ ਕਲਾ ਕਿਰਤਾਂ ਬਾਰੇ ਲੇਖ ਲਿਖਿਆ। ਉਸ ਨੇ ਲਿਖਿਆ ਕਿ ਇਸ ਆਰਟ ਦੀ ਸ਼ੈਲੀ ਪੂਰਬ ਵਲੋਂ ਆਈ ਹੈ। ਕਾਦਰੀ ਦੇ ਟੋਨਜ਼ ਯੂਰਪੀਨ ਨਹੀਂ ਹਨ।

ਬਸ ਫਿਰ ਕੀ ਸੀ! ਸੋਹਨ ਕਾਦਰੀ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਨਹੀਂ ਡਿੱਗੇਗਾ। ਆਪਣੀ ਮੌਲਿਕਤਾ ਕਾਰਨ ਉਹ ਆਰਟ ਦੀ ਦੁਨੀਆ ਵਿਚ ਆਪਣਾ ਥਾਂ ਬਣਾ ਲਵੇਗਾ। ਹੁਣ ਕੋਈ ਇਹ ਨਹੀਂ ਕਹਿ ਸਕੇਗਾ ਕਿ ਉਹ ਪੱਛਮੀ ਆਰਟ ਦੀ ਕਾਪੀ ਕਰਦਾ ਹੈ।

( ਕਾਦਰੀ ਬਾਰੇ ਇਹ ਆਰਟੀਕਲ ਨਵੰਬਰ 1966 ਵਿਚ ਛਪਿਆ ਸੀ। ਦਸ ਸਤਰਾਂ ਦੇ ਇਸ ਆਰਟੀਕਲ ਨੇ ਸੋਹਨ ਕਾਦਰੀ ਦੇ ਭਵਿੱਖ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। )

Saturday, March 12, 2011

ਸੁਖਿੰਦਰ - ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ - ਲੇਖ

ਔਰਤ ਦੇ ਸਰੋਕਾਰਾਂ ਦੀ ਕਥਾ - ਸੁਰਜੀਤ ਕਲਸੀ

ਲੇਖ

ਸੁਰਜੀਤ ਕਲਸੀ ਆਪਣੀਆਂ ਲਿਖਤਾਂ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਨ ਵਾਲੀ ਪ੍ਰਤੀਬੱਧ ਕੈਨੇਡੀਅਨ ਪੰਜਾਬੀ ਕਹਾਣੀਕਾਰਾ ਹੈ। ਬਿਨ੍ਹਾਂ ਕਿਸੀ ਲੁਕਾ ਛਿਪਾ ਦੇ ਉਹ ਔਰਤ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਸਦੀਆਂ ਤੋਂ ਸਮਾਂ ਵਿਹਾ ਚੁੱਕੀਆਂ ਸਮਾਜਿਕ, ਸਭਿਆਚਾਰਕ, ਰਾਜਨੀਤਕ, ਧਾਰਮਿਕ ਕਦਰਾਂ-ਕੀਮਤਾਂ ਦੇ ਪੈਰਾਂ ਹੇਠ ਦਰੜੀ ਜਾ ਰਹੀ ਔਰਤ ਨੂੰ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਚੇਤੰਨ ਕਰਦਿਆਂ ਉਹ ਇਹ ਵਿਚਾਰ ਉਭਾਰਦੀ ਹੈ ਕਿ ਸਥਿਤੀ ਨੂੰ ਬਦਲਣ ਲਈ ਔਰਤ ਨੂੰ ਆਪਣੀ ਚੁੱਪ ਤੋੜਨੀ ਪਵੇਗੀ। ਔਰਤ ਨੂੰ ਆਪਣੀਆਂ ਮਾਨਸਿਕ ਅਤੇ ਸਰੀਰਕ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਬੇਖ਼ੌਫ਼ ਹੋ ਕੇ ਇਸ ਗੱਲ ਦਾ ਇਜ਼ਹਾਰ ਕਰਨਾ ਪਵੇਗਾ ਕਿ ਉਸਦੀ ਆਪਣੀ ਵੀ ਇੱਕ ਹੋਂਦ ਹੈ; ਅਤੇ ਇਹ ਹੋਂਦ, ਮਹਿਜ਼, ਜਿਉਂਦੇ ਰਹਿਣ ਲਈ ਕਿਸੇ ਵੀ ਤਰ੍ਹਾਂ ਦੀ ਗ਼ੁਲਾਮੀ ਜਾਂ ਅਨਿਆਂ ਸਹਿਣ ਕਰਨ ਲਈ ਤਿਆਰ ਨਹੀਂ।

-----

ਅਜਿਹੇ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੀਆਂ ਕਹਾਣੀਆਂ ਦਾ ਸੰਗ੍ਰਹਿ ਕਥਾ ਤੇਰੀ ਮੇਰੀਸੁਰਜੀਤ ਕਲਸੀ ਨੇ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਆਪਣਾ ਕਹਾਣੀ ਸੰਗ੍ਰਹਿ ਸੱਤ ਪਰਾਈਆਂ1994 ਵਿੱਚ ਪ੍ਰਕਾਸ਼ਿਤ ਕਰ ਚੁੱਕੀ ਹੈ।

-----

ਸੁਰਜੀਤ ਕਲਸੀ ਦੀਆਂ ਕਹਾਣੀਆਂ ਬਾਰੇ ਚਰਚਾ ਉਸਦੀ ਕਹਾਣੀ ਦਹਿਲੀਜ਼ ਤੋਂ ਪਾਰਦੀਆਂ ਇਨ੍ਹਾਂ ਸਤਰਾਂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਪਹਿਲੀ ਵਾਰ ਚੇਤਨਾ ਨੂੰ ਆਪਣਾ ਮਨੋਬਲ ਵਾਪਸ ਆਇਆ ਮਹਿਸੂਸ ਹੋਇਆ ਤੇ ਉਹ ਨਿਧੜਕ ਹੋ ਕੇ ਬੋਲੀ, “ਤੁਹਾਡਾ ਤਾਂ ਰੋਜ਼ ਦਾ ਇਹੋ ਕੰਮ ਐ, ਮੈਂ ਕਿਉਂ ਆਪਣੀ ਜ਼ੁਬਾਨ ਖ਼ਰਾਬ ਕਰਾਂ।ਚੇਤਨਾ ਦੇ ਐਨਾ ਕਹਿਣ ਦੀ ਦੇਰ ਸੀ ਕਿ ਚਤਰਥ ਦੀਆਂ ਚੜ੍ਹ ਮੱਚੀਆਂ, ਉਹ ਤਾਂ ਜਿਵੇਂ ਬਹਾਨਾਂ ਹੀ ਭਾਲਦਾ ਸੀ, ਪਤਾ ਨਹੀਂ ਕੀ ਕੀ ਅਵਾ ਤਵਾ ਬੋਲਣ ਲੱਗ ਪਿਆ। ਹੋਰ ਸਮਾਂ ਹੁੰਦਾ ਤਾਂ ਹੁਣ ਤੱਕ ਚੇਤਨਾ ਦੇ ਕਾੜ ਕਰਦੀਆਂ ਚੁਪੇੜਾਂ ਵੀ ਲੱਗ ਚੁੱਕੀਆਂ ਹੁੰਦੀਆਂ ਪਰ ਇਸ ਵਾਰ ਜਦੋਂ ਉਸ ਵਲ ਚਪੇੜ ਲੈ ਕੇ ਆਇਆ ਤਾਂ ਇੱਕ ਜੋਸ਼ ਵਿੱਚ ਚੇਤਨਾ ਨੇ ਉਹਦਾ ਹੱਥ ਫੜ ਲਿਆ ਤੇ ਕੜਕੀ, “ਲੈ ਲਾ ਕੇ ਦਿਖਾ ਮੈਨੂੰ ਹੁਣ ਹੱਥ, ਰੱਬ ਦਿਆ ਬੰਦਿਆ?” ਤੇ ਉਸ ਦਾ ਹੱਥ ਪਰਾਂ ਕਰਦੀ ਹੋਈ ਭੱਜ ਕੇ ਕਮਰੇ ਵਿਚ ਵੜ ਗਈ ਤੇ ਅੰਦਰੋਂ ਕੁੰਡੀ ਬੰਦ ਕਰ ਲਈ। ਚਤਰਥ ਬੂਹਾ ਭੰਨੀ ਗਿਆ, ਬੇਤਹਾਸ਼ਾ ਮਾਂ-ਭੈਣ ਦੀਆਂ ਗਾਲ਼੍ਹਾਂ ਕੱਢੀ ਗਿਆ।

-----

ਉਸ ਦੀਆਂ ਕਹਾਣੀਆਂ ਵਿਚਲਾ ਇਹੀ ਉਹ ਮਹੱਤਵ-ਪੂਰਨ ਵਿਚਾਰ ਹੈ ਜੋ ਉਹ ਬਾਰ ਬਾਰ ਉਭਾਰਨ ਦੀ ਕੋਸ਼ਿਸ਼ ਕਰਦੀ ਹੈ। ਸੁਰਜੀਤ ਕਲਸੀ ਔਰਤ ਦੀ ਚੇਤਨਾ ਵਿੱਚ ਦਲੇਰੀ ਦੀ ਅਜਿਹੀ ਭਾਵਨਾ ਪੈਦਾ ਕਰਨੀ ਚਾਹੁੰਦੀ ਹੈ ਕਿ ਉਹ ਬੇਖ਼ੌਫ਼ ਹੋ ਕੇ ਸਦੀਆਂ ਤੋਂ ਆਪਣੇ ਨਾਲ ਹੋ ਰਹੇ ਅਨਿਆਂ ਅਤੇ ਜ਼ੁਲਮ ਨੂੰ ਚੁਣੌਤੀ ਦੇਣ ਲਈ ਕੜਕਦੀ ਆਵਾਜ਼ ਵਿੱਚ ਕਹਿ ਸਕੇ ਕਿ ਬੰਦ ਕਰੋ ਇਹ ਅਤਿਆਚਾਰ। ਮੈਂ ਵੀ ਜਿਉਂਦੀ ਜਾਗਦੀ ਜਾਗਦੀ ਇਨਸਾਨ ਹਾਂ। ਜੇਕਰ ਤੁਸੀਂ ਮੇਰੇ ਨਾਲ ਇਨਸਾਨਾਂ ਵਾਂਗ ਨਹੀਂ ਰਹਿ ਸਕਦੇ ਤਾਂ ਮੈਨੂੰ ਤੁਹਾਡੇ ਨਾਲ ਰਹਿਣ ਦੀ ਕੋਈ ਲੋੜ ਨਹੀਂ।

-----

ਆਪਣੀਆਂ ਲਿਖਤਾਂ ਵਿੱਚ ਅਜਿਹੇ ਵਿਚਾਰ ਉਭਾਰਨ ਵਾਲੀ ਸੁਰਜੀਤ ਕਲਸੀ ਕੋਈ ਇਕੱਲੀ ਅਜਿਹੀ ਲੇਖਿਕਾ ਨਹੀਂ। ਸਾਡੇ ਸਮਿਆਂ ਵਿੱਚ ਅਜਿਹੀ ਵਿਚਾਰਧਾਰਾ ਇੱਕ ਸ਼ਕਤੀਸ਼ਾਲੀ ਲਹਿਰ ਵਾਂਗ ਉੱਠ ਰਹੀ ਹੈ। ਅਜਿਹੇ ਵਿਚਾਰ ਮਹਿਜ਼ ਔਰਤ ਲੇਖਕਾਵਾਂ ਵੱਲੋਂ ਹੀ ਨਹੀਂ ਉੱਠ ਰਹੇ - ਸੂਝਵਾਨ ਮਰਦ ਲੇਖਕਾਂ/ਚਿੰਤਕਾਂ/ਬੁੱਧੀਜੀਵੀਆਂ ਵੱਲੋਂ ਵੀ ਔਰਤ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਹੈ। ਕਿਉਂਕਿ ਹਰ ਮਰਦ ਔਰਤ ਨਾਲ ਅਨਿਆਂ ਜਾਂ ਜ਼ੁਲਮ ਕਰਨ ਵਾਲਾ ਨਹੀਂ। ਸਮਾਜ ਵਿੱਚ ਅਜਿਹੀ ਮਰਦਾਵੀਂ ਸੋਚ ਵਿੱਚ ਦਿਨ-ਬ-ਦਿਨ ਵਾਧਾ ਹੋ ਰਿਹਾ ਜੋ ਸੋਚ ਔਰਤ ਅਤੇ ਮਰਦ ਨੂੰ ਬਰਾਬਰ ਮੰਨਦੀ ਹੈ।

-----

ਭਾਰਤੀ/ਪੰਜਾਬੀ ਸਮਾਜ ਵਿੱਚ ਔਰਤ ਨਾਲ ਮਾਨਸਿਕ/ਸਰੀਰਕ/ਆਰਥਿਕ/ਸਮਾਜਿਕ/ਸਭਿਆਚਾਰਕ ਅਨਿਆਂ ਜਾਂ ਜ਼ੁਲਮ ਹੋਣ ਦਾ ਵੱਡਾ ਕਾਰਨ ਹੈ ਮਰਦ ਵੱਲੋਂ ਔਰਤ ਨੂੰ ਆਪਣੀ ਜਾਇਦਾਦ ਸਮਝਣਾ। ਇਸਦੇ ਨਾਲ ਹੀ ਮਰਦ ਵੱਲੋਂ ਔਰਤ ਨੂੰ ਮਾਨਸਿਕ ਅਤੇ ਸਰੀਰਕ ਪੱਧਰ ਉੱਤੇ ਹਰ ਤਰ੍ਹਾਂ ਨਾਲ ਘਟੀਆ ਸਮਝਣਾ। ਜਿਸ ਕਾਰਨ ਅਜਿਹੀ ਸੋਚ ਵਾਲੇ ਮਰਦਾਂ ਦੀ ਇਹ ਧਾਰਨਾ ਬਣ ਜਾਂਦੀ ਹੈ ਕਿ ਔਰਤ ਕਿਸੇ ਵੀ ਕੰਮ ਬਾਰੇ ਸਹੀ ਫ਼ੈਸਲਾ ਲੈ ਹੀ ਨਹੀਂ ਸਕਦੀ। ਇਸ ਤੋਂ ਵੀ ਵੱਧ ਔਰਤ ਨੂੰ ਆਪਣੀ ਜਾਇਦਾਦ ਸਮਝਣ ਵਾਲੇ ਮਰਦਾਂ ਦੀ ਇਹ ਧਾਰਣਾ ਬਣ ਜਾਂਦੀ ਹੈ ਕਿ ਔਰਤ ਨੂੰ ਆਪਣੀ ਜ਼ਿੰਦਗੀ ਬਾਰੇ ਕੋਈ ਫੈਸਲਾ ਲੈਣ ਦਾ ਹੱਕ ਹੀ ਨਹੀਂ ਹੈ। ਅਜਿਹੇ ਮਰਦ ਔਰਤ ਦੀ ਜ਼ਿੰਦਗੀ ਨਾਲ ਸਬੰਧਤ ਮਸਲਿਆਂ ਬਾਰੇ ਵੀ ਆਪਣੀ ਸੋਚ ਅਤੇ ਫੈਸਲੇ ਔਰਤ ਉੱਤੇ ਠੋਸਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਔਰਤ ਅਜਿਹੀ ਮਰਦਾਵੀਂ ਸੋਚ ਦਾ ਵਿਰੋਧ ਕਰਦੀ ਹੈ ਤਾਂ ਉਸਨੂੰ ਮਰਦ ਵੱਲੋਂ ਕੀਤੇ ਜਾਂਦੇ ਮਾਨਸਿਕ/ ਸਰੀਰਕ/ਆਰਥਿਕ ਅਨਿਆਂ ਅਤੇ ਅਤਿਆਚਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਅਨੇਕਾਂ ਹਾਲਤਾਂ ਵਿੱਚ ਅਜਿਹੀ ਸੋਚ ਵਾਲੇ ਮਰਦਾਂ ਦੀ ਤਾਕਤ ਨੂੰ ਚੁਣੌਤੀ ਦੇਣ ਵਾਲੀਆਂ ਔਰਤਾਂ ਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪੈ ਜਾਂਦੀ ਹੈ। ਕੈਨੇਡਾ, ਅਮਰੀਕਾ, ਇੰਗਲੈਂਡ, ਇੰਡੀਆ, ਪਾਕਿਸਤਾਨ ਦੇ ਮੀਡੀਆ ਵਿੱਚ, ਅਕਸਰ, ਹੀ ਅਜਿਹੀਆਂ ਸੁਰਖੀਆਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ ਕਿ ਕਿਸੇ ਭਾਰਤੀ/ਪੰਜਾਬੀ/ਸਾਊਥ ਏਸ਼ੀਅਨ ਮੂਲ ਦੇ ਮਰਦ ਨੇ ਆਪਣੀ ਧੀ/ਭੈਣ/ਪਤਨੀ ਦਾ, ਮਹਿਜ਼, ਇਸ ਲਈ ਹੀ ਕਤਲ ਕਰ ਦਿੱਤਾ ਕਿਉਂਕਿ ਉਹ ਉਸ ਮਰਦ ਦੀ ਧੌਂਸ ਮੰਨਣ ਲਈ ਤਿਆਰ ਨਹੀਂ ਸੀ। ਸੁਰਜੀਤ ਕਲਸੀ ਦੀ ਕਹਾਣੀ ਬਾਬਲ ਵਿਦਿਆ ਕਰੇਂਦਿਆਂਦੀਆਂ ਹੇਠ ਲਿਖੀਆਂ ਸਤਰਾਂ ਉਪਰੋਕਤ ਵਿਚਾਰਾਂ ਦੀ ਹੀ ਪੁਸ਼ਟੀ ਕਰਦੀਆਂ ਹਨ:

............

ਕੁਨੈਲ ਤੋਂ ਵੈਨਕੂਵਰ ਆਉਂਦਿਆਂ ਬਸ ਗਿਆਰਾਂ ਘੰਟਿਆਂ ਦੇ ਸਫ਼ਰ ਦੇ ਦੌਰਾਨ ਸੜਕ ਤੇ ਭੱਜ ਰਹੀ ਹਾਂਡਾ ਸਿਵਕ ਕਾਰ ਵਿਚ ਕਿਸ ਸਮੇਂ ਘਿਨੌਣਾ ਹਾਦਸਾ ਵਾਪਰਿਆ ਤੇ ਕਿਸ ਤਰ੍ਹਾਂ ਸਹਿਕ ਸਹਿਕ ਕੇ ਪੀੜ ਵਿੱਚ ਤੜਫ਼ਦੀ ਪ੍ਰੀਤਜੋਤ ਦੀ ਜਾਨ ਨਿਕਲੀ ਹੋਵੇਗੀ। ਕਿੰਨੀ ਵਾਰ ਉਸ ਨੇ ਚੀਖ਼ ਚੀਖ਼ ਕੇ ਮਾਂ ਨੂੰ ਆਵਾਜ਼ਾਂ ਮਾਰੀਆਂ ਹੋਣਗੀਆਂ, ਕਿੰਨੀ ਵਾਰ ਉਸ ਨੇ ਆਪਣੇ ਦਰਿੰਦੇ ਬਾਪ ਅੱਗੇ ਤਰਸ ਰਹਿਮ ਦੇ ਵਾਸਤੇ ਪਾਏ ਹੋਣਗੇ। ਪਰ ਉਸਦੇ ਬਾਪ ਦੇ ਕੰਨਾਂ ਵਿਚ ਪਰੰਪਰਾ ਦਾ, ਹੈਂਕੜ ਤੇ ਹਾਉਮੇ ਦਾ ਸਿੱਕਾ ਢਲ਼ਿਆ ਹੋਇਆ ਸੀ ਤੇ ਉਹ ਗ਼ੁੱਸੇ ਵਿੱਚ ਭਰਿਆ ਢਾਈ ਘੰਟੇ ਉਵੇਂ ਹੀ ਗੱਡੀ ਚਲਾਈ ਤੁਰੀ ਗਿਆ ਨਾਲ ਦੀ ਸੀਟ ਵਿਚ ਆਪਣੀ ਹੀ ਧੀ ਦੀ ਖ਼ੂਨ ਨਾਲ ਲਥਪਥ ਦੇਹੀ ਵਿੱਚੋਂ ਖ਼ੂਨ ਨੁੱਚੜ ਰਿਹਾ ਸੀ ਉਸਨੇ ਉਸੇ ਤਰ੍ਹਾਂ ਹੀ ਵਹਿੰਦਾ ਰਹਿਣ ਦਿੱਤਾ ਹੋਵੇ। ਐਮਬੂਲੈਂਸ ਨਹੀਂ ਬੁਲਾਈ।

-----

ਪ੍ਰੀਤਜੋਤ ਦੇ ਪਿਤਾ ਵੱਲੋਂ ਆਪਣੀ ਹੀ ਧੀ ਉੱਤੇ ਕੀਤੇ ਗਏ ਅਤਿਆਚਾਰ ਦੇ ਕਾਰਨਾਂ ਦਾ ਵਿਸਥਾਰ ਬਾਬਲ ਵਿਦਿਆ ਕਰੇਂਦਿਆਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਨੂੰ ਪੜ੍ਹਕੇ ਮਿਲ ਜਾਂਦਾ ਹੈ:

...ਪ੍ਰੀਤਜੋਤ ਅਕਸਰ ਆਪਣੀਆਂ ਸਹੇਲੀਆਂ ਨੂੰ ਆਪਣੇ ਬਾਪ ਦੇ ਭੈੜੇ ਗ਼ੁੱਸੇ ਬਾਰੇ ਤੇ ਉਸ ਦੀ ਕਠੋਰਤਾ ਬਾਰੇ ਦਸਿਆ ਕਰਦੀ ਸੀ, ਤੇ ਇਹ ਵੀ ਦਸਦੀ ਸੀ ਕਿ ਉਹ ਆਪਣੇ ਮਾਪਿਆਂ ਤੋਂ ਬਹੁਤ ਡਰਦੀ ਸੀ। ਇਸ ਲਈ ਉਸ ਦੀਆਂ ਸਹੇਲੀਆਂ ਵੀ ਪ੍ਰੀਤਜੋਤ ਦੇ ਇਕ ਨੇਟਿਵ ਮੁੰਡੇ ਨਾਲ ਪਿਆਰ-ਸੰਬੰਧ ਗੁਪਤ ਰੱਖਣ ਵਿੱਚ ਮਦਦ ਕਰਦੀਆਂ ਸਨ। ਮਾਂ-ਪਿਓ ਨੂੰ ਤਾਂ ਪਤਾ ਲਗਦਾ ਹੈ ਜਦੋਂ ਪ੍ਰੀਤਜੋਤ ਤੇ ਟੈਰੀ ਦਾ ਕਾਰ ਹਾਦਸਾ ਹੋ ਜਾਂਦਾ ਹੈ। ਕਾਰ ਪ੍ਰੀਤਜੋਤ ਦੇ ਬਾਪ ਦੀ ਸੀ ਤੇ ਇਸ ਦੁਰਘਟਨਾ ਵਿੱਚ ਟੌਡ ਨੂੰ ਬਹੁਤ ਸੱਟਾਂ ਲੱਗੀਆਂ ਤੇ ਉਸ ਨੂੰ ਇੱਕ ਹਫਤਾ ਹਸਪਤਾਲ ਰਹਿਣਾ ਪਿਆ ਸੀ। ਇਸ ਪਿਛੋਂ ਪ੍ਰੀਤਜੋਤ ਦਾ ਬਾਪ ਧੀ ਦੇ ਸਕੂਲ ਗਿਆ ਤੇ ਉਸ ਨੇ ਉਸਦੀ ਟੀਚਰ ਅਗੇ ਆਪਣਾ ਤੌਖਲਾ ਜ਼ਾਹਿਰ ਕੀਤਾ ਕਿ ਉਹ ਆਪਣੀ ਧੀ ਤੇ ਗ਼ੈਰ-ਜ਼ਾਤੀ ਮੁੰਡੇ ਨਾਲ ਪਿਆਰ-ਸੰਬੰਧ ਨੂੰ ਚੰਗਾ ਨਹੀਂ ਸਮਝਦਾ ਸੀ ਕਿਉਂਕਿ ਉਸਦਾ ਕਹਿਣਾ ਸੀ ਕਿ ਟੈਰੀ ਉਸਦੀ ਧੀ ਦੇ ਲਾਇਕ ਨਹੀਂ ਸੀ।

-----

ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਸਾਈਡ ਡਿਸ਼ਇੱਕ ਦਿਲਚਸਪ ਨੁਕਤਾ ਉਭਾਰਦੀ ਹੈ। ਇਹ ਕਹਾਣੀ ਇਹ ਨੁਕਤਾ ਉਭਾਰਦੀ ਹੈ ਕਿ ਅਨੇਕਾਂ ਵਾਰ ਔਰਤ ਦੀਆਂ ਸਮੱਸਿਆਵਾਂ ਲਈ ਜ਼ਿੰਮੇਵਾਰ ਕੋਈ ਹੋਰ ਔਰਤ ਹੀ ਹੁੰਦੀ ਹੈ। ਅੱਜ ਅਸੀਂ ਜਿਸ ਤਰ੍ਹਾਂ ਦੇ ਵਿਕਸਤ ਪੂੰਜੀਵਾਦੀ ਸਭਿਆਚਾਰਕ ਕਦਰਾਂ-ਕੀਮਤਾਂ ਦੇ ਅਸਰ ਹੇਠ ਜੀਅ ਰਹੇ ਹਾਂ ਉਸ ਤਰ੍ਹਾਂ ਦੇ ਸਮਾਜ ਵਿੱਚ ਹਰ ਕੋਈ ਆਪਣੀ ਹੋਂਦ ਬਣਾਈ ਰੱਖਣ ਲਈ ਇੱਕ ਦੂਜੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣ ਦੀ ਕਾਹਲ ਵਿੱਚ ਹੈ। ਪੇਸ਼ ਹਨ ਇਸ ਨੁਕਤੇ ਦੀ ਪੁਸ਼ਟੀ ਕਰਦੀਆਂ ਕਹਾਣੀ ਸਾਈਡ ਡਿਸ਼ਵਿੱਚੋਂ ਕੁਝ ਉਦਾਹਰਣਾਂ:

........

1.ਉਹ ਵਾਰ ਵਾਰ ਇਹੀ ਕਹੀ ਜਾ ਰਹੀ ਸੀ ਕਿ ਮੈਂ ਦੂਸਰੀ ਔਰਤ ਬਣ ਕੇ ਨਹੀਂ ਜੀਅ ਸਕਦੀ ਡਾਕਟਰ ਸਾਹਿਬ ਮੈਨੂੰ ਕੋਈ ਐਸੀ ਨੀਂਦ ਦੀ ਗੋਲੀ ਦਿਓ ਜਿਸ ਨਾਲ ਮੈਂ ਸਦਾ ਸਦਾ ਦੀ ਨੀਂਦ ਸੌਂ ਜਾਵਾਂ ਤੇ ਮੈਨੂੰ ਇਸ ਪੀੜਾ ਵਿੱਚ ਦਿਨ ਰਾਤ ਨਾ ਗੁਜ਼ਾਰਨੇ ਪੈਣ, ਇਸ ਪੀੜਾ ਤੋਂ ਨਿਜ਼ਾਤ ਮਿਲ ਜਾਏ। ਆਖਰ ਜ਼ਿੰਦਗੀ ਵਿੱਚ ਔਰਤ ਨੂੰ ਇਹ ਸਭ ਕੁਝ ਸਹਿਣ ਕਰਕੇ ਹੀ ਕਿਉਂ ਜਿਉਣਾ ਪੈਂਦਾ ਹੈ? ਆਪਣੀ ਹੋਂਦ ਮਿਟਾ ਕੇ ਹੀ ਕਿਉਂ ਮਰਦ ਦੇ ਨਾਲ ਰਹਿਣਾ ਪੈਂਦਾ ਹੈ?”

..........

2. ਬਾਹਰ ਆਪਣੀ ਸਾਖ਼ ਕਾਇਮ ਰੱਖਣ ਲਈ ਬੰਦਾ ਪਤਨੀ ਨੂੰ ਈਰਖਾਲੂ, ਘਟੀਆ, ਝਗੜਾਲੂ ਤੇ ਕੋਹਝੀ ਔਰਤ ਵਜੋਂ ਪੇਸ਼ ਕਰਦਾ ਹੈ। ਕਿਉਂਕਿ ਇਸ ਨਾਲ ਹੋਰਨਾਂ ਦੇ ਦਿਲ ਜਿੱਤਣ ਵਿੱਚ ਆਸਾਨੀ ਰਹਿੰਦੀ ਹੈ ਤੇ ਜਦੋਂ ਬੰਦਾ ਪੀੜਤ ਦਾ ਰੋਲ ਅਦਾ ਕਰਦਿਆਂ ਔਰਤ ਨੂੰ ਜ਼ੁਲਮ ਕਰਨ ਵਾਲੀ ਬਣਾ ਕੇ ਪੇਸ਼ ਕਰਦਾ ਹੈ ਤਾਂ ਦੂਸਰੀ ਔਰਤ ਦੇ ਦਿਲ ਵਿੱਚੋਂ ਹਮਦਰਦੀ ਨੁੱਚੜ ਆਉਣੀ ਕੁਦਰਤੀ ਹੀ ਹੈ। ਦੋਵੱਲੀ ਹਮਦਰਦੀ ਹੀ ਨੇੜਤਾ ਵਧਾਉਂਦੀ ਹੈ। ਆਪਣੀ ਨਾਲ ਦੂਰੀ ਦਾ ਫਾਸਲਾ ਵਧਾਂਦਾ ਜਾਂਦਾ ਹੈ ਦੂਸਰੀ ਨਾਲ ਨੇੜਤਾ ਵਧਦੀ ਜਾਂਦੀ ਹੈ। ਘਰ ਵਿੱਚੋਂ ਬੰਦਾ ਗ਼ੈਰਹਾਜ਼ਰ ਹੋ ਜਾਂਦਾ ਹੈ। ਕਿਉਂਕਿ ਬਿਰਤੀ ਤਾਂ ਫਿਰ ਉਸ ਦੂਸਰੀ ਔਰਤ ਦੀ ਪ੍ਰਸੰਸਾ ਵਿੱਚ ਆਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਿੱਚ ਲੱਗੀ ਹੁੰਦੀ ਹੈ। ਛੁਪੀ ਔਰਤ ਹੁਸਨ ਦੀ ਪਰੀ ਤੇ ਹੀਰ ਹਕੀਕੀ ਬਣਾਈ ਜਾ ਰਹੀ ਹੁੰਦੀ ਹੈ। ਉਸ ਨੂੰ ਰਿਝਾਉਣ ਲਈ ਪ੍ਰੇਮ-ਸੰਗੀਤ ਦੀਆਂ ਮਧੁਰ ਧੁਨਾਂ ਤੇ ਹਾਸਿਆਂ ਦੀਆਂ ਛਣਕਾਰਾਂ ਦਾ ਅਹਿਸਾਸ ਦਿੱਤਾ ਜਾਂਦਾ ਹੈ। ਉਸ ਦੀ ਉਸਤਤ ਵਿੱਚ ਪਿਯੂ, ਪਿਯੂ ਦਾ ਗਾਇਨ ਆਪਣੀ ਪ੍ਰਸੰਸਾ ਵਿੱਚ ਸਿਰਫ਼ ਕੁਝ ਸ਼ਬਦਾਂ ਦਾ ਹਾਸਿਲ। ਮਾਨਸਿਕ ਤੇ ਸਰੀਰਕ ਭੁੱਖ ਦਾ ਸਿੱਧਾ ਸੰਕੇਤ। ਬਾਗ਼ਾਂ ਵਿੱਚ ਮੋਰ ਨੱਚ ਉੱਠਦਾ ਹੈ। ਜਿਸਦਾ ਕਿ ਕਈ ਔਰਤਾਂ ਨੂੰ ਉੱਕਾ ਹੀ ਪਤਾ ਨਹੀਂ ਲੱਗਦਾ ਕਿ ਕਦੋਂ ਉਹ ਉਸ ਪਿਆਰ ਦੇ ਭਿਖਾਰੀ ਦੇ ਠੂਠੇ ਵਿੱਚ ਡਿੱਗ ਪੈਂਦੀਆਂ ਹਨ ਜੋ ਉਹਨਾਂ ਨੂੰ ਪ੍ਰੇਮਿਕਾ ਦਾ ਭਰਮ ਦੇ ਕੇ ਸਾਈਡ ਡਿਸ਼ ਵਾਂਗ ਰੱਖਦਾ ਹੈ। ਮਰਦ ਦੀ ਇਹ ਫਿਤਰਤ ਹੈ ਕਿ ਉਹ ਆਪਣੀ ਔਰਤ ਨੂੰ ਹਮੇਸ਼ਾ ਦੂਸਰੀ ਔਰਤਦੇ ਡਰ ਹੇਠ ਦਬਾ ਕੇ ਰੱਖਦਾ ਹੈ। - ਬੇਗਾਨੀ ਪਰਾਈ - ਤਾਂ ਜੁ ਉਹ ਬਹੁਤੀ ਭੂਏ ਨਾ ਹੋ ਜਾਏ ਤੇ ਉਸ ਦੀਆਂ ਇਛਾਵਾਂ ਭੱਜ ਭੱਜ ਕੇ ਪੂਰੀਆਂ ਕਰਦੀ ਰਹੇ। ਜਾਂ ਸ਼ਾਇਦ ਅੰਦਰ ਛੁਪੀ ਬਦਲੇ ਤੇ ਈਰਖਾ ਦੀ ਅੱਗ ਨੂੰ ਠੰਢਾ ਕਰਨ ਦਾ ਵਸੀਲਾ ਬਣਿਆ ਰਹੇ।

------

ਅਜੋਕੇ ਪੂੰਜੀਵਾਦੀ ਸਮਾਜ ਵਿੱਚ ਹਰ ਚੀਜ਼ ਵਿਕਣ ਲਈ ਤਿਆਰ ਹੈ। ਸਿਰਫ਼ ਸਹੀ ਕੀਮਤ ਦੇਣ ਵਾਲੇ ਖ਼ਰੀਦਦਾਰ ਦੀ ਜ਼ਰੂਰਤ ਹੁੰਦੀ ਹੈ। ਇਸੇ ਲਈ ਕਹਾਣੀ ਕਮਜਾਤਇਹ ਨੁਕਤਾ ਵੀ ਉਭਾਰਦੀ ਹੈ ਕਿ ਔਰਤਾਂ ਹੀ ਮਹਿਜ਼ ਕੁਝ ਕੁ ਡਾਲਰਾਂ ਖਾਤਰ ਅਦਾਲਤਾਂ ਵਿੱਚ ਔਰਤਾਂ ਖ਼ਿਲਾਫ਼ ਝੂਠੀਆਂ ਗਵਾਹੀਆਂ ਦੇਣ ਲਈ ਤਿਆਰ ਹੋ ਜਾਂਦੀਆਂ ਹਨ:

....ਅਦਾਲਤ-ਕਮਰੇ ਵਿੱਚ ਵੜ੍ਹਦਿਆਂ ਮੇਰੀ ਨਿਗਾਹ ਤਾਈ ਬੰਤੀ ਤੇ ਪਈ, ਜਿਸ ਨੂੰ ਉਹ ਗਵਾਹੀ ਦੇਣ ਲਿਆਏ ਸਨ। ਜਿਸ ਨੇ ਅਦਾਲਤ ਨੂੰ ਦੱਸਣਾ ਸੀ ਕਿ ਉਸ ਨੇ ਮੈਨੂੰ ਕਿੱਥੇ ਤੇ ਕੀਹਦੇ ਨਾਲ ਹੱਥ ਵਿਚ ਹੱਥ ਪਾਈ ਦੇਖਿਆ ਸੀ। ਕਿਉਂਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਣਾਉਣ ਅਤੇ ਭੰਡੀ ਕਰਨ ਵਿਚ ਕਾਫੀ ਮਾਹਿਰ ਹੈ, ਅਤੇ ਲੋਕ ਅਜਿਹਿਆਂ ਝਗੜਿਆਂ ਵਿੱਚ ਉਸਨੂੰ ਅਕਸਰ ਗਵਾਹੀ ਲਈ ਭਾੜੇ ਤੇ ਲੈ ਜਾਂਦੇ ਹਨ।

-----

ਵਿਦੇਸ਼ਾਂ ਵਿੱਚ ਰਹਿੰਦੀਆਂ ਭਾਰਤੀ/ਪੰਜਾਬੀ ਮੂਲ ਦੀਆਂ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਨ੍ਹਾਂ ਉੱਤੇ ਪ੍ਰਵਾਰ ਦੇ ਮਰਦਾਂ ਵੱਲੋਂ ਕੀਤੇ ਜਾਂਦੇ ਹਿੰਸਾਤਮਕ ਹਮਲੇ। ਇਸ ਦਾ ਮਤਲਬ ਇਹ ਨਹੀਂ ਕਿ ਇੰਡੀਆ/ਪਾਕਿਸਤਾਨ ਵਿੱਚ ਮਰਦਾਂ ਵੱਲੋਂ ਔਰਤਾਂ ਦੀ ਕੁੱਟਮਾਰ ਕੀਤੀ ਨਹੀਂ ਜਾਂਦੀ; ਵਿਦੇਸ਼ਾਂ ਵਿੱਚ ਇਹ ਗੱਲ ਵਧੇਰੇ ਉੱਭਰ ਕੇ ਇਸ ਲਈ ਵੀ ਆ ਜਾਂਦੀ ਹੈ ਕਿ ਕੈਨੇਡਾ ਦਾ ਕਾਨੂੰਨ ਅਜਿਹੀ ਹਾਲਤ ਵਿੱਚ ਹਿੰਸਾ ਦੀ ਸਿ਼ਕਾਰ ਹੋਈ ਔਰਤ ਦੀ ਮੱਦਦ ਕਰਦਾ ਹੈ ਅਤੇ ਉਸਨੂੰ ਹਰ ਤਰ੍ਹਾਂ ਦੀ ਸੁਰੱਖਿਆ ਦਿੰਦਾ ਹੈ; ਜਦੋਂ ਕਿ ਇੰਡੀਆ ਜਾਂ ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਤਾਂ ਅਨੇਕਾਂ ਹਾਲਤਾਂ ਵਿੱਚ ਹਿੰਸਾ ਤੋਂ ਬਚਣ ਲਈ ਪੁਲਿਸ ਕੋਲ ਪਹੁੰਚੀ ਔਰਤ ਦਾ ਪੁਲਿਸ ਅਧਿਕਾਰੀਆਂ ਵੱਲੋਂ ਹੀ ਬਲਾਤਕਾਰ ਕਰ ਦਿੱਤਾ ਜਾਂਦਾ ਹੈ। ਕੈਨੇਡਾ ਵਰਗੇ ਦੇਸ਼ਾਂ ਵਿੱਚ ਪਤਨੀਆਂ ਉੱਤੇ, ਅਕਸਰ, ਸ਼ਰਾਬੀ ਪਤੀਆ ਵੱਲੋਂ ਹੀ ਹਿੰਸਾਤਮਕ ਹਮਲੇ ਕੀਤੇ ਜਾਂਦੇ ਹਨ। ਸ਼ਰਾਬੀ ਪਤੀਆਂ ਵੱਲੋਂ ਨਿੱਤ ਆਪਣੀਆਂ ਪਤਨੀਆਂ ਦੀ ਕੀਤੀ ਜਾਂਦੀ ਕੁੱਟਮਾਰ, ਅਕਸਰ, ਅਖੀਰ ਉਨ੍ਹਾਂ ਦੇ ਪ੍ਰਵਾਰਾਂ ਨੂੰ ਖੇਰੂੰ ਖੇਰੂੰ ਕਰ ਦਿੰਦੀ ਹੈ।

-----

ਅਨੇਕਾਂ ਹਾਲਤਾਂ ਵਿੱਚ ਪਤੀ-ਪਤਨੀ ਦੀ ਨਿੱਤ ਹੁੰਦੀ ਆਪਸ ਵਿੱਚ ਮਾਰ ਕੁਟਾਈ ਦਾ ਵੱਡਾ ਕਾਰਨ ਹੁੰਦਾ ਹੈ-ਬੇਜੋੜ ਵਿਆਹ। ਕਈ ਹਾਲਤਾਂ ਵਿੱਚ ਤਾਂ ਅਨਪੜ੍ਹ ਪਤੀ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਲਿਆਂਦੇ ਹਨ ਪਰ ਉਨ੍ਹਾਂ ਨਾਲ ਉਨ੍ਹਾਂ ਦੀ ਕਿਸੀ ਵੀ ਤਰ੍ਹਾਂ ਦੀ ਭਾਵਨਾਤਮਕ ਸਾਂਝ ਨ ਬਣ ਸਕਣ ਕਾਰਨ ਉਨ੍ਹਾਂ ਉੱਤੇ ਮਾਨਸਿਕ ਅਤੇ ਸਰੀਰਕ ਹਿੰਸਾਤਮਕ ਹਮਲੇ ਕਰਦੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀਆਂ ਪਤਨੀਆਂ ਉੱਤੇ ਹਰ ਗੱਲ ਵਿੱਚ ਆਪਣੀ ਧੌਂਸ ਜਮਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਨੂੰ ਹਰ ਹਾਲਤ ਵਿੱਚ ਆਪਣੇ ਨਾਲੋਂ ਨੀਵਾਂ ਦਿਖਾਉਣ ਲਈ ਕੋਈ-ਨ-ਕੋਈ ਸਾਜ਼ਿਸ਼ ਘੜਨ ਵਿੱਚ ਰੁੱਝੇ ਰਹਿੰਦੇ ਹਨ। ਅਜਿਹੇ ਪੁਰਸ਼ ਆਪਣੀ ਧੌਂਸ ਜਮਾਕੇ ਆਪਣੀਆਂ ਪਤਨੀਆਂ ਤੋਂ ਆਪਣੀ ਹਰ ਠੀਕ ਜਾਂ ਗਲਤ ਗੱਲ ਮਨਵਾਉਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਮਾਨਸਿਕ ਤਸੀਹੇ ਦਿੰਦੇ ਹਨ। ਇਹ ਸਿੱਧ ਕਰਨ ਲਈ ਕਿ ਉਹ ਔਰਤਾਂ ਨਿਹੱਥੀਆਂ ਹਨ ਅਤੇ ਉਹ ਆਪਣੇ ਬਚਾਅ ਲਈ ਕੁਝ ਵੀ ਕਰਨ ਦੇ ਸਮਰੱਥ ਨਹੀਂ। ਜੇਕਰ ਉਨ੍ਹਾਂ ਨੇ ਆਪਣੇ ਪਤੀਆਂ ਦੇ ਘਰਾਂ ਵਿੱਚ ਰਹਿਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਪਤੀਆਂ ਦੀ ਧੌਂਸ ਮੰਨਣੀ ਹੀ ਪਵੇਗੀ। ਮੈਂ ਅਜਿਹੀਆਂ ਔਰਤਾਂ ਵੀ ਦੇਖੀਆਂ ਹਨ ਜੋ ਆਪਣੇ ਅਜਿਹੇ ਘੁਮੰਡੀ ਸ਼ਰਾਬੀ ਪਤੀਆਂ ਤੋਂ ਬੇਤਹਾਸ਼ਾ ਕੁੱਟ ਖਾਣ ਤੋਂ ਬਾਹਦ ਵੀ ਉਨ੍ਹਾਂ ਦੀਆਂ ਮਿੰਨਤਾਂ ਕਰਦੀਆਂ ਹਨ ਕਿ ਉਨ੍ਹਾਂ ਦਾ ਪਤੀ ਉਨ੍ਹਾਂ ਨੂੰ ਜਿੰਨਾ ਮਰਜ਼ੀ ਕੁੱਟ ਮਾਰ ਲਵੇ ਪਰ ਉਨ੍ਹਾਂ ਨੂੰ ਕਦੀ ਛੱਡ ਕੇ ਨਾ ਜਾਵੇ। ਉਹ ਕੈਨੇਡਾ ਵਰਗੇ ਵਿਕਸਤ ਸਮਾਜ ਵਿੱਚ ਵੀ ਆਪਣੇ ਆਪਨੂੰ ਏਨਾ ਬੇਸਹਾਰਾ ਸਮਝਦੀਆਂ ਹਨ ਕਿ ਮਹਿਜ਼, ਹਰ ਸ਼ਾਮ ਨੂੰ ਸਿਰ ਲੁਕਾਉਣ ਲਈ ਲੋੜੀਂਦੀ ਛੱਤ ਖਾਤਰ ਉਹ ਆਪਣੀ ਮਾਨਸਿਕ ਅਤੇ ਸਰੀਰਕ ਤਬਾਹੀ ਕਰਵਾਉਣ ਲਈ ਵੀ ਤਿਆਰ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਤ੍ਰਾਸਦਿਕ ਸਥਿਤੀ ਦਾ ਵਿਸਥਾਰ ਸਾਨੂੰ ਦਹਿਲੀਜ਼ ਤੋਂ ਪਾਰਕਹਾਣੀ ਵਿੱਚ ਵੀ ਮਿਲਦਾ ਹੈ:

.........

...ਖ਼ਾਸ ਕਰਕੇ ਉਦੋਂ ਜਦੋਂ ਉਸਦਾ ਪਤੀ ਉਸ ਉੱਤੇ ਐਵੇਂ ਜ਼ੁਲਮ ਢਾਹੁੰਦਾ, ਬੇਰਹਿਮੀ ਨਾਲ ਮਾਰਦਾ ਤੇ ਕਈ ਵਾਰ ਅੱਧੀ ਰਾਤੀਂ ਸੀਤ ਠੰਢੀਆਂ ਰਾਤਾਂ ਵਿੱਚ ਘਰੋਂ ਬਾਹਰ ਕੱਢ ਦਿੰਦਾ। ਉਹ ਇਸ ਤਰ੍ਹਾਂ ਦਹਿਲੀਜ਼ ਤੋਂ ਬਾਹਰ ਹੋਣ ਸਮੇਂ ਅੰਦਰੋਂ ਅੰਦਰੀ ਸ਼ਰਮ ਨਾਲ ਮਰ ਰਹੀ ਹੁੰਦੀ ਤੇ ਆਪਣੇ ਆਪ ਨੂੰ ਲੋਕਾਂ ਦੀਆਂ ਨਜ਼ਰਾਂ ਤੋਂ ਬਚਾਂਦੀ ਪਤੀ ਦੇ ਮਿੰਨਤ ਤਰਲੇ ਕਰਦੀ ਕਿ ਉਹਨੂੰ ਘਰ ਦੇ ਅੰਦਰ ਫਿਰ ਵਾੜ ਲਵੇ। ਕਈ ਵਾਰ ਅੱਧੀ ਰਾਤ ਦਾ ਵੇਲਾ ਹੁੰਦਾ। ਕਈ ਵਾਰ ਬਰਫ਼ ਪਈ ਹੁਮਦਿ। ਪਰ ਚਤਰਥ ਦਾ ਦਿਲ ਨਾ ਪਸੀਜਦਾ। ਚੇਤਨਾ ਕਈ ਕਈ ਘੰਟੇ ਬਾਹਰ ਕੰਧ ਨਾਲ ਲੱਗ ਕੇ ਖੜੋਤੀ ਰਹਿੰਦੀ ਜਾਂ ਉਥੇ ਈ ਕੰਧ ਨਾਲ ਢਾਸਣਾ ਲਾ ਕੇ ਬੈਠ ਜਾਂਦੀ ਤੇ ਗੋਡਿਆਂ ਵਿਚ ਮੂੰਹ ਛੁਪਾ ਲੈਂਦੀ। ਉਸ ਪਿੰਡੇ ਤੇ ਮਹਿਸੂਸ ਕੀਤਾ ਕਿ ਜ਼ੁਲਮ ਦਾ ਕੋਈ ਅੰਤ ਨਹੀਂ ਹੁੰਦਾ। ਹਾਂ ਚਤਰਥ ਨੇ ਚੇਤਨਾ ਨੂੰ ਸਿਰਫ਼ ਜਾਨੋ ਨਹੀਂ ਸੀ ਮਾਰਿਆ ਪਰ ਜਿਸ ਤਰ੍ਹਾਂ ਉਸਦੇ ਸਰੀਰ ਨੂੰ ਬਾਰ ਬਾਰ ਕੋਹਿਆ ਸੀ ਉਸ ਨਾਲ ਚੇਤਨਾ ਦੀ ਆਤਮਾ ਅਤੇ ਮਨੋਬਲ ਕਦੇ ਦੇ ਮਰ ਚੁੱਕੇ ਸਨ। ਇਸੇ ਲਈ ਹਰ ਅਜਿਹੀ ਘਟਨਾ ਤੋਂ ਬਾਅਦ ਚੇਤਨਾ ਨੂੰ ਚਤਰਥ ਤੋਂ ਮੁਆਫੀ਼ ਮੰਗਣੀ ਪੈਂਦੀ ਤੇ ਆਪਣੀ ਗਲਤੀ ਮੰਨਣੀ ਪੈਂਦੀ। ਤੇ ਇਹੀ ਇਕ ਮੁਆਫ਼ੀ ਸੀ ਜੋ ਫੇਰ ਉਹਨਾਂ ਨੂੰ ਜੋੜ ਦਿੰਦੀ ਤੇ ਜਿਸ ਨਾਲ ਚਤਰਥ ਆਪਣੇ ਆਪ ਨੂੰ ਠੀਕ ਕਰਾਰ ਦਿੰਦਾ ਅਤੇ ਆਪਣੇ ਆਪ ਨੂੰ ਹੋਰ ਉਚੇਰਾ ਸਮਝਣ ਲੱਗ ਪੈਂਦਾ।

-----

ਕਹਾਣੀ-ਸੰਗ੍ਰਹਿ ਕਥਾ ਤੇਰੀ ਮੇਰੀਦੀ ਕਹਾਣੀ ਮਨ ਦੀਆਂ ਅੱਖਾਂਪਰਵਾਸੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਮਹੱਤਵ-ਪੂਰਨ ਸਮੱਸਿਆ ਵੱਲ ਸਾਡਾ ਧਿਆਨ ਦੁਆਉਂਦੀ ਹੈ। ਇਸ ਸਮੱਸਿਆ ਦਾ ਵਧੇਰੇ ਸਬੰਧ ਪਤੀ ਜਾਂ ਪਤਨੀ ਦੇ ਮਾਪਿਆਂ ਨਾਲ ਹੈ। ਸੁਖੀ ਵਸ ਰਹੇ ਪਤੀ-ਪਤਨੀ ਜਿਉਂ ਹੀ ਆਪਣੇ ਮਾਪਿਆਂ ਨੂੰ ਆਪਣੇ ਨਾਲ ਰਹਿਣ ਲਈ ਕੈਨੇਡਾ ਬੁਲਾ ਲੈਂਦੇ ਹਨ ਤਾਂ ਬਜ਼ੁਰਗ ਮਾਪੇ ਆਉਂਦਿਆਂ ਹੀ ਘਰ ਦਾ ਅਮਨ ਭੰਗ ਕਰ ਦਿੰਦੇ ਹਨ। ਉਹ ਘਰ ਵਿੱਚ ਹਰ ਗੱਲ ਆਪਣੀ ਮਰਜ਼ੀ ਨਾਲ ਕਰਵਾਉਣ ਦੀ ਕੋਸਿਸ਼ ਕਰਦੇ ਹਨ। ਜਿਸ ਨਾਲ ਘਰ ਵਿੱਚ ਨਿਤ ਭਾਂਡੇ ਖੜਕਣ ਲੱਗਦੇ ਹਨ, ਗਾਲੀ-ਗਲੋਚ ਹੋਣ ਲੱਗਦਾ ਹੈ। ਉਨ੍ਹਾਂ ਦੇ ਆਪਣੇ ਹੀ ਬੱਚੇ ਜੋ ਮਾਪਿਆਂ ਨੂੰ ਚਾਈਂ ਚਾਈਂ ਆਪਣੇ ਕੋਲ ਕੈਨੇਡਾ ਬੁਲਾਉਂਦੇ ਹਨ - ਅਜਿਹੀਆਂ ਸੋਚਾਂ ਵਿੱਚ ਡੁੱਬ ਜਾਂਦੇ ਹਨ ਕਿ ਇਨ੍ਹਾਂ ਬਜ਼ੁਰਗ ਮਾਪਿਆਂ ਨੂੰ ਘਰ ਵਿੱਚੋਂ ਕਿਵੇਂ ਕੱਢਿਆ ਜਾ ਸਕਦਾ ਹੈ - ਤਾਂ ਜੁ ਉਹ ਘਰ ਵਿੱਚ ਮੁੜ ਅਮਨ ਵਾਲੀ ਜ਼ਿੰਦਗੀ ਜਿਉਂ ਸਕਣ। ਮਨ ਦੀਆਂ ਅੱਖਾਂਕਹਾਣੀ ਦੀਆਂ ਹੇਠ ਲਿਖੀਆਂ ਸਤਰਾਂ ਇਸ ਸਮੱਸਿਆ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕਰਦੀਆਂ ਹਨ:

.........

...ਦੇਖੋ ਕਿਵੇਂ ਲੋਕਾਂ ਦੇ ਘਰ ਤਬਾਹ ਹੋਈ ਜਾ ਰਹੇ ਹਨ, ਚੰਗੇ ਭਲੇ ਪਤੀ-ਪਤਨੀ ਰਹਿ ਰਹੇ ਹੁੰਦੇ ਹਨ, ਮਾਪਿਆਂ ਦੇ, ਚਾਹੇ ਪਤੀ ਦੇ ਹੋਣ ਚਾਹੇ ਪਤਨੀ ਦੇ ਹੋਣ, ਆਉਣ ਦੀ ਦੇਰ ਹੈ ਘਰ ਵਿਚ ਭੜਦੋਲ ਪੈ ਜਾਂਦੈ। ਉਹ ਆਪਣਾ ਬਜ਼ੁਰਗੀ ਦਾ ਕੰਟਰੋਲ ਨਹੀਂ ਛੱਡ ਸਕਦੇ, ਤੇ ਹੁਕਮ ਅਦੂਲੀ ਕਰਨ ਵਾਲੇ ਦਾ ਭਾਂਡਾ ਛੇਕ ਹੋ ਜਾਂਦਾ ਹੈ। ਬਣੇ ਬਣਾਏ ਆਲ੍ਹਣੇ ਦੇ ਤੀਲੇ ਬਿਖਰ ਜਾਂਦੇ ਹਨ...

-----

ਕਥਾ ਤੇਰੀ ਮੇਰੀਕਹਾਣੀ-ਸੰਗ੍ਰਹਿ ਬਾਰੇ ਆਪਣਾ ਚਰਚਾ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਦੋ ਹੋਰ ਗੱਲਾਂ ਕਰਨੀਆਂ ਜ਼ਰੂਰੀ ਸਮਝਦਾ ਹਾਂ। ਇੱਕ ਤਾਂ ਜਿਹੜੀ ਗੱਲ ਖਾਸ ਤੌਰ ਉੱਤੇ ਰੜਕਦੀ ਹੈ ਉਹ ਇਹ ਹੈ ਕਿ ਇਸ ਕਹਾਣੀ-ਸੰਗ੍ਰਹਿ ਦੀਆਂ ਕੁਝ ਕਹਾਣੀਆਂ ਵਿੱਚ ਨਾਟਕੀ ਤਣਾਓ ਦੀ ਕਮੀ ਹੈ। ਇਹ ਕੁਝ ਕਹਾਣੀਆਂ, ਮਹਿਜ਼, ਅਖ਼ਬਾਰੀ ਖ਼ਬਰਾਂ ਬਣਕੇ ਰਹਿ ਗਈਆਂ ਹਨ।

-----

ਦੂਜੀ ਗੱਲ, ਕਹਾਣੀ ਨੰਬਰ ਵੰਨ ਵੰਨਬਾਰੇ ਹੈ। ਇਸ ਕਹਾਣੀ ਤੋਂ ਪ੍ਰਭਾਵ ਇਹ ਬਣਦਾ ਹੈ ਕਿ ਲੇਖਿਕਾ ਇਸ ਕਹਾਣੀ-ਸੰਗ੍ਰਹਿ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਕਰਦੀ ਕਰਦੀ ਅਚਾਨਕ ਮਰਦ ਦਾ ਪੱਖ ਵੀ ਪੂਰਨ ਲੱਗ ਪਈ ਹੈ। ਜਿਸ ਕਾਰਨ ਪਾਠਕ ਲਈ ਸਥਿਤੀ ਦਵੰਦਮਈ ਹੋ ਜਾਂਦੀ ਹੈ ਕਿ ਲੇਖਿਕਾ ਔਰਤ-ਪੱਖੀ ਹੈ ਕਿ ਮਰਦ-ਪੱਖੀ ਜਾਂ ਕਿ ਉਹ ਦੋਹਾਂ ਧਿਰਾਂ ਦੀ ਹੀ ਨੇੜਤਾ ਪ੍ਰਾਪਤ ਕਰਨ ਦੀ ਲਾਲਸਾ ਵਿੱਚ ਘਿਰ ਗਈ ਹੇ? ਪੇਸ਼ ਹਨ ਅਜਿਹੀ ਸਥਿਤੀ ਨੂੰ ਬਿਆਨ ਕਰਦੀਆਂ ਕਹਾਣੀ ਨਾਈਨ ਵੰਨ ਵੰਨਦੀਆਂ ਕੁਝ ਸਤਰਾਂ:

........

...ਇਹ ਘਰਾਂ ਦੇ ਛੋਟੇ ਮੋਟੇ ਝਗੜਿਆਂ ਵਿਚ ਪੁਲੀਸ, ਇਹ ਕਾਨੂੰਨ, ਇਹ ਸਜ਼ਾ ਇਹ ਸਭ ਕੁਝ ਕਿਵੇਂ ਰਿਸ਼ਤਿਆਂ ਵਿਚ ਘੁਸੜ ਆਇਆ। ਉਥੇ ਪੰਜਾਬ ਵਿੱਚ ਅਜੇ ਵੀ ਕਦਰਾਂ ਕੀਮਤਾਂ ਹਨ ਲੋਕ ਲੜਦੇ ਝਗੜਦੇ ਹਨ ਇਕ ਦੂਜੇ ਨਾਲ ਗੁੱਸੇ ਹੋ ਜਾਂਦੇ ਹਨ ਫਿਰ ਇਕ ਦੂਜੇ ਨੂੰ ਮਨਾ ਲੈਂਦੇ ਹਨ। ਰਿਸ਼ਤੇ ਪਿਆਰ ਤੇ ਵਿਸ਼ਵਾਸ ਉੱਤੇ ਕਾਇਮ ਰਹਿੰਦੇ ਹਨ, ਉੱਥੋਂ ਦੀਆਂ ਘਰੇਲੂ ਲੜਾਈਆਂ ਆਦਮੀ ਨੂੰ ਮੁਜਰਿਮ ਨਹੀਂ ਬਣਾਉਂਦੀਆਂ ਨਾ ਹੀ ਔਰਤ ਨੂੰ ਜਿ਼ਆਦਾ ਪੀੜਤ। ਕਿਉਂਕਿ ਉੱਥੇ ਗਲੀ ਮੁਹੱਲੇ ਵਾਲੇ, ਦੋਸਤ, ਰਿਸ਼ਤੇਦਾਰ ਵਿਚ ਪੈ ਕੇ ਪਤੀ ਪਤਨੀ ਦੇ ਝਗੜਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦੇ ਹਨ। ਰਿਸ਼ਤੇ ਵਿੱਚ ਤ੍ਰੇੜ ਨਹੀਂ ਪੈਂਦੀ। ਇੱਥੇ ਤਾਂ ਮਾੜੀ ਜਿਹੀ ਗੱਲ ਹੁੰਦੀ ਹੈ ਝੱਟ ਔਰਤਾਂ 911 ਕਾਲ ਕਰ ਦੇਂਦੀਆਂ ਹਨ ਅਤੇ ਪੁਲੀਸ ਝੱਟ ਬੰਦੇ ਨੂੰ ਹੱਥਕੜੀਆਂ ਲਾ ਕੇ ਲੈ ਜਾਂਦੀ ਹੈ, ਰੱਜ ਕੇ ਬੰਦਾ ਜ਼ਲੀਲ ਹੁੰਦਾ ਹੈ।

-----

ਸੁਰਜੀਤ ਕਲਸੀ ਦਾ ਕਹਾਣੀ ਸੰਗ੍ਰਹਿ ਕਥਾ ਤੇਰੀ ਮੇਰੀਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਔਰਤ ਦੇ ਸਰੋਕਾਰਾਂ ਦੀ ਗੱਲ ਛੇੜਦਾ ਹੈ। ਇਹ ਇੱਕ ਮਹੱਤਵ-ਪੂਰਨ ਵਿਸ਼ਾ ਹੈ। ਸਾਡੇ ਸਮਾਜ ਵਿੱਚ ਔਰਤ ਨਾਲ ਹੋ ਰਹੀਆਂ ਜ਼ਿਆਦਤੀਆਂ ਨੂੰ ਰੋਕਣ ਅਤੇ ਔਰਤ ਨੂੰ ਉਸਦੇ ਬਣਦੇ ਹੱਕ ਦਿਵਾਉਣ ਲਈ ਅਜਿਹੀ ਲੋਕ-ਚੇਤਨਤਾ ਪੈਦਾ ਕਰਨੀ ਸਾਡੇ ਸਮਿਆਂ ਦੀ ਲੋੜ ਹੈ।


Sunday, March 6, 2011

ਰਵਿੰਦਰ ਰਵੀ - ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਹੁਣ ਸਾਡੇ ਵਿਚ ਨਹੀਂ ਰਿਹਾ – ਸ਼ਰਧਾਂਜਲੀ ਲੇਖ

ਪੰਜਾਬੀ ਜਗਤ ਵਿਚ ਇਹ ਖ਼ਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪ੍ਰਸਿੱਧ ਪੰਜਾਬੀ ਸਾਹਿਤਕਾਰ ਅਜਾਇਬ ਕਮਲ ਹੁਣ ਸਾਡੇ ਵਿਚ ਨਹੀਂ ਰਿਹਾ। ਅਜਾਇਬ ਕਮਲ 60ਵਿਆਂ ਵਿਚ ਪੰਜਾਬੀ ਕਵਿਤਾ ਵਿਚ ਚੱਲੀ ਪ੍ਰਯੋਗਸ਼ੀਲ਼ ਲ਼ਹਿਰ ਦੇ ਮੋਢੀਆਂ ਵਿੱਚੋਂ ਇਕ ਸੀ। ਉਸ ਨੇ ਕਵਿਤਾ, ਲੰਮੀ ਕਵਿਤਾ, ਕਾਵਿ-ਨਾਟਕ, ਮਹਾਂ ਕਾਵਿ, ਗ਼ਜ਼ਲ, ਨਾਵਲ ਅਤੇ ਆਲੋਚਨਾ ਉੱਤੇ ਸਫ਼ਲਤਾ ਸਹਿਤ ਕਲਮ-ਆਜ਼ਮਾਈ ਕਰਕੇ, ਪੰਜਾਬੀ ਸਾਹਿਤ ਵਿਚ, ਇਕ ਬਹੁ-ਵਿਧ ਅਤੇ ਬੌਧਕ ਸਾਹਿਤਕਾਰ ਵਜੋਂ ਆਪਣੀ ਵਿਲੱਖਣ ਪਛਾਣ ਸਥਾਪਤ ਕੀਤੀ।

-----

ਅਜਾਇਬ ਕਮਲ ਦਾ ਜਨਮ 5 ਅਕਤੂਬਰ, 1932 ਨੂੰ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਡਾਂਡੀਆਂ ਵਿਚ ਹੋਇਆ! ਉਹ ਖਾਲਸਾ ਕਾਲਜ ਮਾਹਲਪੁਰ ਤੇ ਅੰਮ੍ਰਿਤਸਰ ਦਾ ਵਿਦਿਆਰਥੀ ਰਿਹਾ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਏ ਤੇ ਬੀ.ਟੀ. ਦੀਆਂ ਡਿਗਰੀਆਂ ਪ੍ਰਾਪਤ ਕਰਨ ਉਪ੍ਰੰਤ ਉਸ ਨੇ ਨੌਂ ਕੁ ਸਾਲ ਭਾਰਤ ਵਿਚ ਬੱਡੋਂ ਅਤੇ ਪਾਲਦੀ ਦੇ ਹਾਈ ਸਕੂਲਾਂ ਵਿਚ ਅਧਿਆਪਨ ਕੀਤਾ। ਇਸ ਉਪਰੰਤ, ਉਹ ਸਤੰਬਰ, 1967 ਵਿਚ ਕੀਨੀਆ ਚਲਾ ਗਿਆ ਅਤੇ 31 ਸਾਲ ਪਹਿਲਾਂ ਉੱਥੇ ਅਧਿਆਪਨ ਕਰਦਾ ਰਿਹਾ.... ਤੇ ਫਿਰ ਮਗਰਲੇ ਕੁਝ ਸਾਲ ਨੈਰੋਬੀ ਦੇ ਏ .ਬੀ . ਸੀਨੀਅਰ ਸੈਕੰਡਰੀ ਸਕੂਲ ਵਿਚ ਪ੍ਰਿੰਸੀਪਲ ਲੱਗਾ ਰਿਹਾ। 20ਵੀਂ ਸਦੀ ਦੇ ਅਖੀਰ ਵਿਚ ਉਹ ਕੀਨੀਆ ਤੋਂ ਸੇਵਾ-ਮੁਕਤ ਹੋ ਕੇ ਪੱਕੇ ਤੌਰ ਉੱਤੇ ਆਪਣੇ ਪਿੰਡ ਡਾਂਡੀਆਂ (ਹੁਸ਼ਿਆਪੁਰ) ਆ ਟਿਕਿਆ। ਭਾਰਤ ਦੀਆਂ ਸਾਹਿਤਿਕ ਗਤੀ-ਵਿਧੀਆਂ ਦਾ ਉਹ ਇਕ ਅਹਿਮ ਕਾਰਕੁਨ ਸੀ। ਉਹ ਪੰਜਾਬੀ ਲਿਟਰੇਰੀ ਤੇ ਕਲਚਰਲ ਅਕਾਦਮੀ, ਪੰਜਾਬ (ਮਾਹਿਲਪੁਰ ਚੈਪਟਰ)ਦਾ ਸੰਸਥਾਪਕ ਸੀ।

-----

ਕੀਨੀਆ ਵਿਚ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟਸ (ਇਆਪਾ - ਕੈਨੇਡਾ) ਦੇ ਵਿਸ਼ੇਸ਼ ਪ੍ਰਤਿਨਿਧ ਵਜੋਂ, ਉਸ ਨੇ ਵਿਸ਼ੇਸ਼ ਭੂਮਿਕਾ ਨਿਭਾਈ ਸੀ। ਇਆਪਾ, ਭਾਸ਼ਾ ਵਿਭਾਗ (ਪੰਜਾਬ), ਪੰਜਾਬੀ ਸਾਹਿਤ ਅਕਾਦਮੀ(ਲੁਧਿਆਣਾ), ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਤੇ ਸਿਪਸਾ ਤੋਂ ਬਿਨਾਂ, ਉਸ ਨੂੰ ਭਾਰਤ, ਕੈਨੇਡਾ ਤੇ ਅਮਰੀਕਾ ਦੇ ਕਈ ਹੋਰ ਸਾਹਿਤਿਕ ਅਦਾਰਿਆਂ ਨੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੇ ਜੀਵਨ-ਕਾਲ ਪ੍ਰਾਪਤੀ ਪੁਰਸਕਾਰਾਂ ਨਾਲ ਸਨਮਾਨਿਆ।

-----

ਉਸਦੀਆਂ ਪ੍ਰਸਿੱਧ ਪੁਸਤਕਾਂ ਦੇ ਨਾਮ ਹੇਠ ਲਿਖੇ ਅਨੁਸਾਰ ਹਨ:

ਕਵਿਤਾਵਾਂ: ਤਾਸ਼ ਦੇ ਪੱਤੇ, ਸ਼ਤਰੰਜ ਦੀ ਖੇਡ, ਮੈਂ ਜੋ ਪੈਗ਼ੰਬਰ ਨਹੀਂ, ਵਿਦਰੋਹੀ ਪੀੜ੍ਹੀ, ਉਲਾਰ ਨਸਲ ਦਾ ਸਰਾਪ, ਬੋਦੀ ਵਾਲਾ ਤਾਰਾ

ਲੰਮੀਆਂ ਕਵਿਤਾਵਾਂ: ਵਰਤਮਾਨ ਤੁਰਿਆ ਹੈ, ਇਸ਼ਤਿਹਾਰਾਂ ਚੋਂ ਜੰਮੇ ਮਨੁੱਖ, ਇਕੋਤਰ ਸੌ ਅੱਖਾਂ ਵਾਲਾ ਮਹਾਂ ਭਾਰਤ, ਸਿੰਙਾਂ ਵਾਲਾ ਦੇਵਤਾ, ਕੰਧਾਂ ਤੇ ਉੱਕਰੇ ਹਸਤਾਖ਼ਰ, ਖ਼ਾਲੀ ਕੁਰਸੀ ਦਾ ਦੁਖਾਂਤ, ਅਫਰੀਕਾ ਚ ਨੇਤਰਹੀਣ, ਲਿਖਤੁਮ ਕਾਲਾ ਘੋੜਾ, ਤ੍ਰੈ-ਕਾਲਕ, ਹਸਤਾਖ਼ਰਾਂ ਚ ਘਿਰਿਆ ਮਨੁੱਖ, ਬੀਜ ਤੋਂ ਬ੍ਰਹਿਮੰਡ, ਆਪਣਾ ਆਪਣਾ ਆਸਮਾਨ

ਮਿੰਨੀ ਕਵਿਤਾ ਸੰਗ੍ਰਹਿ: ਸ਼ਬਦ ਨੰਗੇ ਹਨ, ਰੇਤਲੇ ਸ਼ੀਸ਼ੇ, ਰੋਜ਼ਨਾਮਚੇ ਦਾ ਸਫ਼ਰ

ਗ਼ਜ਼ਲ ਸੰਗ੍ਰਹਿ: ਸ਼ੀਸ਼ਿਆਂ ਦਾ ਸ਼ਹਿਰ, ਮੱਥੇ ਵਿਚਲਾ ਆਕਾਸ਼, ਟੁਕੜੇ ਟੁਕੜੇ ਸੂਰਜ

ਨਾਟਕੀ/ਸਿਨਮੈਟਿਕ ਕਵਿਤਾਵਾਂ: ਖ਼ਲਾਅ ਚ ਲਟਕੇ ਮਨੁੱਖ, ਬਨੇਰੇ ਤੇ ਬੈਠੀ ਅੱਖ, ਚੁੱਪ ਬੈਠੀ ਕਵਿਤਾ

ਕਾਵਿ-ਨਾਟਕ: ਚਾਣਕ ਅੰਨ੍ਹੇ ਹਨ, ਹਥੇਲੀ ਤੇ ਉੱਗਿਆ ਸ਼ਹਿਰ, ਦਾੜ੍ਹੀ ਵਾਲਾ ਘੋੜਾ, ਉਰਫ਼ ਉੰਨੀ ਸੌ ਨੜ੍ਹਿੰਨਵੇਂ,

ਲੰਙੜਾ ਆਸਮਾਨ, ਸੂਤਰਧਾਰ ਬੋਲਦਾ ਹੈ, ਹੀਜੜੇ, ਕਲੰਕੀ ਅਵਤਾਰ, ਨਾਟਕ ਵਿਚਲਾ ਸ਼ੈਤਾਨ, ਇਕ ਛਾਤੀ ਵਾਲੀ ਔਰਤ, ਊਠਾਂ ਵਰਗੇ ਆਦਮੀ

ਮਹਾਂ ਨਾਟਕ: ਘਰ ਚ ਬਘਿਆੜ, ਦਸਤਾਨਿਆਂ ਵਰਗੇ ਹੱਥ, ਮੰਟੋ ਮਰਿਆ ਨਹੀਂ

ਮਹਾਂ ਕਾਵਿ: ਧਰਤੀਨਾਮਾ, ਸੂਰਜਨਾਮਾ

ਕਵਿਤਾ ਚ ਕਾਵਿ-ਸ਼ਾਸਤਰ: ਬੀਜ ਤੋਂ ਬ੍ਰਹਿਮੰਡ

ਕਾਵਿ ਰੇਖਾ ਚਿਤਰ: ਸਰਾਪੇ ਸਮਿਆਂ ਦੇ ਪੈਗ਼ੰਬਰ

ਨਾਵਲ: ਅਗਿਆਤ ਵਾਸੀ, ਮਰਦ ਵਿਚਲੀ ਔਰਤ, ਸ਼ੀਸੇ ਤੇ ਚਿਹਰੇ, ਦੋ ਪੱਤਣਾਂ ਦੇ ਤਾਰੂ, ਸ਼ੀਸ਼ੇ ਵਿਚਲਾ ਪ੍ਰੋਮੀਥੀਅਸ

ਆਲੋਚਨਾ ਤੇ ਸਾਹਿਤ ਇਤਿਹਾਸ: ਪ੍ਰਯੋਗਵਾਦ ਤੇ ਉਸ ਤੋਂ ਅਗਾਂਹ

ਅੰਗਰੇਜ਼ੀ ਚ ਮਹਾਂ ਨਾਵਲ: Black Mantra Sutra

ਅੰਗਰੇਜ਼ੀ ਚ ਕਾਵਿ-ਸੰਗ੍ਰਹਿ: The Rebel Sound, Horses and Heroes, Scrap Gods, Woman on the Cross

ਅਜਾਇਬ ਕਮਲ ਨੇ ਸਾਹਿਤ, ਰੱਜ ਕੇ ਪੜ੍ਹਿਆ, ਪੜ੍ਹਾਇਆ ਤੇ ਲਿਖਿਆ। ਭਵਿੱਖ ਦੇ ਅਕਾਦਮੀਸ਼ਨਾਂ ਤੇ ਖੋਜਾਰਥੀਆਂ ਲਈ, ਉਹ ਇਕ ਬਹੁਤ ਹੀ ਅਮੀਰ ਤੇ ਉੱਚ ਪੱਧਰ ਦਾ ਵਿਰਸਾ, ਆਪਣੇ ਸਾਹਿਤ ਦੇ ਰੂਪ ਵਿਚ ਛੱਡ ਗਿਆ ਹੈ।

ਰਵਿੰਦਰ ਰਵੀ

ਪ੍ਰਧਾਨ, ਇਆਪਾ (I.A.P.A.A.),ਕੈਨੇਡਾ

======

ਯਾਦਾਂ: ਰਵੀ ਸਾਹਿਬ ਵੱਲੋਂ ਘੱਲੀਆਂ ਕੁਝ ਪੁਰਾਣੀਆਂ ਯਾਦਗਾਰੀ ਤਸਵੀਰਾਂ: ਜਿਨ੍ਹਾਂ ਚ ਉਹਨਾਂ ਦੇ ਨਾਲ਼ ਅਜਾਇਬ ਕਮਲ ਸਾਹਿਬ, ਡਾ: ਜਸਬੀਰ ਸਿੰਘ ਆਹਲੂਵਾਲੀਆ, ਅਤੇ ਮਹਿਰਮ ਯਾਰ ਸਾਹਿਬ ਨਜ਼ਮ ਆ ਰਹੇ ਹਨ। ਇਹ ਫ਼ੋਟੋਆਂ ਕੀਨੀਆ ਅਤੇ ਭਾਰਤ ਵਿਚ ਖਿੱਚੀਆਂ ਗਈਆਂ ਸਨ।







Sunday, December 5, 2010

ਗੁਰਮੇਲ ਬਦੇਸ਼ਾ - ਕਾਜੂ ਦੇ ਨਾਲ ਇੱਕ ਕਾਜੂ ਦੀ ਧੀ ਫਰੀ - ਵਿਅੰਗ

ਕਾਜੂ ਦੇ ਨਾਲ ਇੱਕ ਕਾਜੂ ਦੀ ਧੀ ਫਰੀ

ਵਿਅੰਗ

ਮੈਂ ਜਦੋਂ ਦਾ ਕੈਨੇਡਾ ਆਇਆ ਹਾਂ , ਮੇਰੇ ਮਜਾਜ਼ ਦੇ ਨਾਲ ਮੇਰੀ ਖ਼ੁਰਾਕ ਵੀ ਬਦਲ ਗਈ ਹੈ । ਜੋ ਮੈਨੂੰ ਖ਼ੁਰਾਕ ਨਸੀਬ ਹੋਈ ਹੈ ਸ਼ਾਇਦ ਪਟਿਆਲੇ ਵਾਲੇ ਰਾਜਿਆਂ ਨੂੰ ਵੀ ਨਸੀਬ ਨਾ ਹੋਈ ਹੋਵੇ । ਉਹ ਤਾਂ ਸੁਣਿਐ ਕਾਜੂ , ਪਿਸਤੇ , ਬਦਾਮ , ਕੁਸ਼ਤੇ ਤੇ ਹੋਰ ਜੜ੍ਹੀਆਂ-ਬੂਟੀਆਂ ਆਦਿ ਖਾਇਆ ਕਰਦੇ ਸਨ , ਸੁੱਕੇ ਮੇਵੇ ਖਾ ਕੇ ਫਿਰ ਲਵੇਰੇ ਜੋਬਨ ਨੂੰ ਪਲ਼ੋਸ ਪਲ਼ੋਸ ਕੇ ਪੌੜੀਆਂ ਚੜ੍ਹਦੇ ਹੁੰਦੇ ਸੀ । ਇਹ ਤਾਂ ਕੁਦਰਤੀ ਹੈ ਕਿ ਮੈਂ ਵੀ ਉਨ੍ਹਾਂ ਨਾਲੋਂ ਵਧੀਆ ਖ਼ੁਰਾਕ ਖਾ ਕੇ ਐਸੀ ਪਲ਼ੋਸਾ-ਪਲ਼ੋਸੀ ਦੇ ਚੱਕਰਾਂ ਵਿੱਚ ਕਈ ਵਾਰ ਜੇਬਾਂ ਚਡਾਲਰ ਪਾ ਕੇ ਪੱਬਾਂ-ਕਲੱਬਾਂ ਜਾਂ ਖ਼ਾਸ ਖੇਤਰਾਂ ਵਿੱਚ ਜਾ ਕੇ ਤਰਲੋ-ਮੱਛੀ ਹੋਇਆ ਰਹਿੰਦਾ ਹਾਂ । ਖ਼ੁਰਾਕਾਂ ਰੰਗ ਤਾਂ ਦਿਖਾਉਂਦੀਆਂ ਹੀ ਨੇ । ਪਰ ਮੇਰੀ ਅਜੀਬੋ-ਗ਼ਰੀਬ ਖ਼ੁਰਾਕ ਹੈ । ਉਹ ਤਾਂ ਖ਼ੁਰਾਕਾਂ ਖਾ ਕੇ ਕਹਿੰਦੇ ਨੇ ਲੋਕਾਂ ਨੂੰ ਸੋਹਣੇ-ਸੁਨੱਖੇ ਧੀਆਂ-ਪੁੱਤਰਾਂ ਦੀਆਂ ਦਾਤਾਂ ਬਖ਼ਸ਼ਦੇ ਸੀ , ਪਰ ਮੈਂ ਪਾਪੀ ਐਸੀ ਖ਼ੁਰਾਕ ਖਾ ਕੇ ਅਣਜੰਮੇ ਧੀ-ਪੁੱਤਰ ਕੁੱਖ ਚ ਹੀ ਕਤਲ ਕਰਦਾ ਰਿਹਾ । ਇਹ ਕੁੱਖ ਵੀ ਮੇਰੇ ਖ਼ੁਰਾਕੀ ਪਦਾਰਥਾਂ ਦੀ ਕੁੱਖ ਸੀ - ਕਾਜੂ-ਬਦਾਮਾਂ ਦੀ ਕੁੱਖ । ਇਹ ਕੁੱਖ ਮੈਂ ਮੁੱਲ ਖ਼ਰੀਦੀ ਸੀ ਇੱਕ ਪੰਜਾਬੀ ਸਟੋਰ ਚੋਂ ! ਸਰੀ ਦੇ ਉੱਤਮ ਬਜ਼ਾਰ ਚੋਂ !

------

ਇੱਕ ਦਿਨ ਲੰਚ ਸਮੇਂ ਮੈਂ ਕਾਜੂ ਬਦਾਮਾਂ ਵਾਲੀ ਪਟਾਰੀ ਖੋਲ੍ਹੀ , ‘ਤੇ ਤਲੀ ਤੇ ਧਰ ਕੇ ਇੱਕ-ਇੱਕ ਕਰਕੇ ਖਾਣਾ ਸ਼ੁਰੂ ਕਰ ਦਿੱਤਾ ; ਜਿਵੇਂ: ਕਦੇ ਖਾੜਕੂ ਦੌਰ ਵਿੱਚ ਧਰਮਕੋਟ ਥਾਣੇ ਦਾ ਮੁਖੀ ਨਛੱਤਰ ਸਿੰਹੁ ਕਿਸੇ ਬੰਦੇ ਨੂੰ ਸੋਧਾ ਲਾਉਣ ਤੋਂ ਪਹਿਲਾਂ ਖਾਂਦਾ ਹੁੰਦਾ ਸੀ , ਫਿਰ ਅਚਾਨਕ ਕਾਜੂ ਦੀ ਧੀ ਸੁੰਡੀ, ਸੌਰੀ ਕੈਨੇਡਾ ਆਏ ਹਾਂ, ਸੁੰਡੀ ਦਾ ਦੇਸੀ ਜਿਹਾ ਨਾਮ ਲੈਂਦੇ ਚੰਗੇ ਵੀ ਨਹੀਂ ਲੱਗਦੇ , ਇਸ ਸਾਫ਼-ਸੁਥਰੇ ਦੇਸ ਵਿੱਚ ! ਚਲੋ , ਏਦਾਂ ਕਰਦੇ ਹਾਂ ਕਿ ਆਪਾਂ ਸੁੰਡੀ ਦਾ ਨਾਂ ਬਦਲ ਕੇ ਸੁੰਡੀ ਤੋਂ ਸੈਂਡੀ ਰੱਖ ਲੈਂਦੇ ਹਾਂ ; .. ‘ਤੇ ਮੈਂ ਗੱਲ ਕਰ ਰਿਹਾ ਸੀ ਕਿ ਅਚਾਨਕ ਸੈਂਡੀ ਮੇਰੀ ਤਲ਼ੀ ਦੀਆਂ ਰੇਖਾਵਾਂ ਉੱਪਰ ਏਦਾਂ ਦੌੜਣ ਲੱਗੀ ; ਜਿਵੇਂ: ਡਾਊਨ ਟਾਊਨ ਵਿੱਚ ਸਕਾਈ ਟਰੇਨ ! ਅੱਥਰੀ ਮਾਸ਼ੂਕ ਵਰਗੀ ਚਿੱਟੀ ਸੱਪਣੀ ਮੇਲ੍ਹ-ਮੇਲ੍ਹ ਕੇ ਤੁਰਦੀ , ਕਦੇ ਪਿੱਛੇ ਭੌਂ-ਭੌਂ ਕੇ ਟੇਢੀ ਤੱਕਣੀ ਤੱਕਦੀ , ਨਖ਼ਰੇ ਕਰਦੀ , ਪਰ ਕਿੰਨਾ ਕੁ ਚਿਰ ? ਬਾਗੀ ਸੈਂਡੀ ਮੈਥੋਂ ਕਿਵੇਂ ਬਚ ਸਕਦੀ ਸੀ ! ਮੈਂ ਵੀ ਓਸ ਕੌਮ ਵਿੱਚ ਜੰਮਿਆ ਹਾਂ , ਜਿਸ ਦੇ ਸ਼ੇਰਾਂ ਨੇ ਮੱਸੇ ਰੰਘੜ ਦਾ ਸਿਰ ਲਾਹ ਕੇ ਨੇਜੇ ਤੇ ਟੰਗ ਲਿਆ ਸੀ, ਤੇ ਇਹ ਕਿਧਰੋਂ ਆ ਗਈ ਝਾਂਸੀ ਦੀ ਰਾਣੀ ਮੇਰੇ ਤਲ਼ੀ ਦੇ ਮੈਦਾਨ ਵਿੱਚ ? ਧੁੜਧੜੀ ਜਿਹੀ ਲੈ ਕੇ ਛਿਣ ਚ ਹੀ ਸੈਂਡੀ ਦਾ ਕੀਮਾ ਬਣਾ ਕੇ ਮੈਂ ਪੁੱਛਿਆ, ‘ਹੁਣ ਦੱਸ ! ਤੂੰ ਮੇਰੀ ਖ਼ੁਰਾਕ ਨੂੰ ਵੈਜੀਟੇਰੀਅਨ ਬਣਾਉਣ ਲੱਗੀ ਸੀ ….?’

-----

ਸੈਂਡੀ ਦੀ ਮਹੀਨ ਲਾਸ਼ ਮੇਰੇ ਸਾਹਮਣੇ ਪਈ ਸੀ ; ਜਿਵੇਂ: ਕੋਈ ਨਿਹੱਥਾ ਝੂਠੇ ਪੁਲਿਸ ਮੁਕਾਬਲੇ ਵਿੱਚ ਕਿਸੇ ਨਹਿਰ ਦੇ ਪੁਲ ਤੇ ਲਹੂ ਲੁਹਾਣ ਹੋਇਆ ਪਿਆ ਹੋਵੇ ! ਫਿਰ ਪਤਾ ਨਹੀਂ ਕਦੋਂ ਸੈਂਡੀ ਦਾ ਕੋਈ ਭਰਾ ਕੇ. ਪੀ. ਐਸ. ਗਿੱਲ ਵਾਂਗੂੰ ਮੁੱਛਾਂ ਚਾੜ੍ਹ ਕੇ ਮੇਰੇ ਮੂਹਰੇ ਲਾਲਲਾਲ ਅੱਖਾਂ ਕੱਢਣ ਲੱਗ ਪਿਆ । ਤੇ ਮੈਂ ਬੇਦਰਦ ਨੇ ਉਸਨੂੰ ਵੀ ਮੁੱਛਾਂ ਤੋਂ ਫੜ ਕੇ ਦਿੱਲੀ ਦਰਬਾਰ ਪਹੁੰਚਾਅ ਦਿੱਤਾ ।

-----

ਦੋਵੇਂ ਲਾਸ਼ਾਂ ਬਿੱਲੇ ਲਗਾ ਕੇ ਮੈਂ ਪੈਂਦੇ ਸੱਟੇ ਹੀ ਕੈਨੇਡੀਅਨ ਫੂਡ ਏਜੰਸੀਵਾਲਿਆਂ ਨੂੰ ਫ਼ੋਨ ਕਰ ਦਿੱਤਾ । ਉਨ੍ਹਾਂ ਨੇ ਸਬੰਧਿਤ ਮਹਿਕਮੇ ਵਾਲਿਆਂ ਦਾ ਫ਼ੋਨ ਨੰਬਰ ਦੇ ਦਿੱਤਾ । ਉਨ੍ਹਾਂ ਨੂੰ ਇਸ ਅਣਹੋਣੀ ਘਟਨਾ ਦੀ ਖ਼ਬਰ ਸੁਣਾ ਕੇ ਮੈਂ ਹਿਰਾਸਤੀ ਐਨਕਾਊਂਟਰ ਦੀ ਕਾਰਵਾਈ ਦਰਜ ਕਰਵਾ ਦਿੱਤੀ । । ਅਜੇ ਸੈਂਡੀ ਦਾ ਖ਼ੂਨ ਠੰਡਾ ਹੋਇਆ ਹੀ ਹੋਵੇਗਾ ਕਿ ਸਰੀ ਬਰਾਂਚ ਦੇ ਇੰਸਪੈਕਟਰ ਮਿਸਟਰ ਕੈਵਨ ਦਾ ਫੋਨ ਆ ਗਿਆ । ਉਸਨੇ ਮੈਨੂੰ ਭਰੋਸੇ ਵਿੱਚ ਲਿਆ । ਜਨਾਬ ਦਾ ਵਾਅਦਾ ਵਫ਼ਾ ਕਰ ਗਿਆ । ਦੋ ਕੁ ਘੰਟੇ ਬਾਅਦ ਹੀ ਕੈਵਨ ਦਾ ਫੋਨ ਫਿਰ ਛੱਪੜ ਦੇ ਡੱਡੂ ਵਾਂਗੂੰ ਟੈਂ-ਟੈਂ ਕਰਨ ਲੱਗ ਪਿਆ ।

-----

ਮੈਂ ਗੱਲ ਸੁਣੀ । ਉਸ ਨੇ ਕਿਹਾ ; ‘ਮਿਸਟਰ ਬਦੇਸ਼ਾ ਯੂ ਵਰ ਰਾਈਟ - ਯੂ ਆਰ ਰਾਈਟ …. !! ਅਗਲੀ ਗੱਲ ਉਸਦੀ ਪੰਜਾਬੀ ਚ ਦੱਸਾਂ , ਕਿ.. ਅਸੀਂ ਸੈਂਡੀ ਦੀਆਂ ਭੈਣਾਂ ਨੂੰ ਸਟੋਰ ਦੇ ਬਿਨਾਂ ਦੇ ਰਿਹਾਇਸ਼ੀ ਏਰੀਏ ਵਿੱਚ ਇਤਰਾਜ਼-ਯੋਗ ਹਾਲਤ ਵਿੱਚ ਘੁੰਮਦਿਆਂ ਦੇਖਿਆ । ਫੈਸਲਾ- ਸਟੋਰ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਬਿਨ ਖ਼ਾਲੀ ਕਰ ਕੇ ਸਾਰੇ ਕਾਜੂ-ਬਦਮਾਂ ਨੂੰ ਅਗਨ ਭੇਟ ਕੀਤਾ ਜਾਵੇ । ਪਰ ਮੈਂ ਸੋਚ ਰਿਹਾ ਸੀ ਕਿ ਕੈਵਨ ਮੇਰੇ ਤੋਂ ਵੀ ਵੱਡਾ ਜਾਲਮ ਨਿਕਲਿਆ । ਪਤਾ ਨਹੀਂ ਕਦੋਂ ਉਸਦੇ ਅੰਦਰ ਪੂਹਲੇ ਨਿਹੰਗ ਦੀ ਰੂਹ ਪ੍ਰਵੇਸ਼ ਕਰ ਗਈ ਸੀ !?! ਹੁਕਮ ਸਾਰੇ ਕਾਜੂ ਬਦਾਮਾਂ ਨੂੰ ਸੁਰੱਖਿਅਤ ਥਾਂ ਤੇ ਸੁੱਟ ਕੇ ਅੱਗ ਲਗਾ ਦਿਓ ! ਸੋ ਇਸ ਤਰਾਂ ਹੀ ਹੋਇਆ । ਮਾਲਕਾਂ ਨੇ ਹੁਕਮ ਮੰਨਿਆ , ਜੰਮੀਆਂ-ਅਣਜੰਮੀਆਂ ਧੀਆਂ ਨੂੰ ਅਗਨ ਭੇਂਟ ਕਰ ਦਿੱਤਾ । ਚਿਖਾ ਦੇ ਲਾਂਬੂ ਵਪਾਰਿਕ ਸੋਚ ਨੂੰ ਲੂਹ ਕੇ ਰੱਖ ਗਏ ।

-----

ਹੁਣ ਜੇ ਇਹ ਦੁਖਾਂਤਿਕ ਕਹਾਣੀ ਕਿਤੇ ਡਾ. ਹਰਸ਼ਿਦੰਰ ਕੌਰ ਨੂੰ ਪਤਾ ਲੱਗ ਜਾਵੇ ਤਾਂ ਉਹ ਯੂ. ਐਨ. ਓ. ਚ ਪਿੱਟਣਾ ਪਾ ਕੇ ਬਹਿ ਜਾਊਗੀ । ਸ਼ਾਇਦ ਕੋਈ ਐਵਾਰਡ ਵੀ ਹਾਸਿਲ ਹੋ ਜਾਵੇ ! ਦੂਜੇ ਪਾਸੇ , ਕੌਮ ਦੇ ਕੀੜਿਆਂ ਨੂੰ ਮਿੱਠੀ ਜ਼ਹਿਰ ਦੇਕੇ ਟੁੰਨ ਕਰਨ ਦੇ ਨੁਸਖੇ ਦੱਸਣ ਵਾਲੇ ਰੇਡੀਓ ਹੋਸਟ ਤਾਂ ਮੈਨੂੰ ਜੀਣ ਜੋਗਾ ਨਹੀਂ ਛੱਡਣਗੇ ।

ਖ਼ੈਰ, ਗੱਲ ਸੈਂਡੀਆਂ-ਮੈਂਡੀਆਂ ਦੀ ਹੋ ਰਹੀ ਸੀ , ਜਿੰਨਾਂ ਨੂੰ ਸਾਡੇ ਪੰਜਾਬੀ ਸਟੋਰ ਵਾਲਿਆਂ ਨੇ ਵਧਣ-ਫੁੱਲਣ ਲਈ ਅਨੁਕੂਲ ਵਾਤਾਵਰਣ ਪੈਦਾ ਕਰਕੇ ਦਿੱਤਾ ਸੀ । ਪਹਿਲਾਂ ਗੁਦਾਮਾਂ ਵਿੱਚ , ਫਿਰ ਕੱਚ ਦੇ ਬਕਸਿਆਂ ਵਿੱਚ ਮਹਿਲਾਂ ਦੀਆਂ ਰਾਣੀਆਂ ਬਣਾ ਕੇ ਰੱਖਿਆ ਸੀ ।ਇੰਡੀਆ ਵਿੱਚ ਗ਼ਰੀਬਾਂ ਨੂੰ ਤਾਂ ਕਿਤੇ ਸਿਰ ਕੱਜਣ ਲਈ ਛੱਤ ਵੀ ਨਸੀਬ ਨਹੀਂ ਹੁੰਦੀ , ਤੇ ਕੈਨੇਡਾ ਵਿੱਚ ਸੈਂਡੀ ਹੋਣੀ ਕਾਜੂ-ਬਦਾਮਾਂ ਦੀ ਨਿੱਘੀ ਗੁਫ਼ਾ ਵਿੱਚ ਪਨਾਹ ਲੈਕੇ ਮੌਜਾਂ ਮਾਣਦੀਆਂ ਰਹੀਆਂ । ਤੇ ਮੈਂ ਚੁਗਲ ਨੇ ਗੋਰਿਆਂ ਕੋਲ ਚੁਗਲੀ ਕਰ ਕੇ ਵਿਚਾਰੀਆਂ ਦਾ ਰਾਮ-ਨਾਮ ਸੱਤ ਕਰਵਾ ਦਿੱਤਾ ਤੇ ਗੋਰੇ ਵੀ ਇੰਨ੍ਹਾਂ ਮਗਰ ਹੱਥ ਧੋ ਕੇ ਪੈ ਗਏ । ਬਈ ਕੋਈ ਪੁੱਛਣ ਵਾਲਾ ਹੋਵੇ ਕਿ ਤੁਹਾਡੇ ਤੋਂ ਤੋਰਾ ਬੋਰਾ ਵਾਲੀਆਂ ਪਹਾੜੀਆਂ ਦੀਆਂ ਸੁਰੰਗਾਂ ਚੋਂ ਅਜੇ ਤੱਕ ਤਾਲਿਬਾਨ ਤਾਂ ਲੱਭ ਨਹੀਂ ਰਹੇ , ਇਨ੍ਹਾਂ ਸੁਖੀ ਵਸਦੀਆਂ ਚੀਚਕ ਵਹੁਟੀਆਂ ਨੂੰ ਜਹਾਨੋਂ ਕੂਚ ਕਰਾ ਕੇ ਕੈਨੇਡਾ ਚ ਸੂਰਮੇ ਬਣੇ ਫਿਰਦੇ ਹੋ ! ਉਸਤੋਂ ਬਾਅਦ ਬਾਕੀ ਸਟੋਰਾਂ ਉਪਰ ਛਾਪਾਮਾਰੀ ਕਰ ਰਹੇ ਨੇ , ਸ਼ਾਇਦ ਸ਼ੱਕ ਪੈ ਗਈ ਹੋਵੇ ਕਿ ਲਾਦੇਨ ਕਿਤੇ ਇਨ੍ਹਾਂ ਨੇ ਇੱਥੇ ਤਾਂ ਨਹੀਂ ਛੁਪਾ ਕੇ ਰੱਖਿਆ ?

-----

ਮੈਂ ਆਪਣੀ ਇਹ ਕਹਾਣੀ ਮੇਰੇ ਦੋਸਤ ਨੂੰ ਦੱਸਦਿਆਂ ਕਿਹਾ ਕਿ ਮੈਂ ਓਸ ਸਟੋਰ ਮਾਲਕਾਂ ਨੂੰ ਮਿਲਣਾ ਚਾਹੁੰਦਾ ਹਾਂ , ਜਿੰਨਾਂ ਨੇ ਇਨ੍ਹਾਂ ਧੀਆਂ ਨੂੰ ਐਨੇ ਲਾਡ ਪਿਆਰ ਨਾਲ ਪਾਲਿਆ ਸੀ । ਤਾਂ ਉਸਨੇ ਕਿਹਾ , ‘ਗੁਰਮੇਲ ਰਹਿਣ ਦੇ ! ਜਿੰਨਾਂ ਨੇ ਕਾਜੂ ਦੀ ਧੀ ਤੈਨੂੰ ਦੇ ਦਿੱਤੀ , ਉਨ੍ਹਾਂ ਨੇ ਤੈਥੋਂ ਕੀ ਲੁਕਾ ਕੇ ਰੱਖਿਐ !?!’

ਅੱਗੋਂ ਮੈਂ ਕਿਹਾ , ‘ਧੀ ਤਾਂ ਦੇ ਦਿੱਤੀ , ਪਰ ਪੂਰਾ ਦਾਜ ਦੇ ਕੇ ਨਹੀਂ ਤੋਰੀ ! ਦਾਜ ਬਦਲੇ ਭਾਵੇਂ ਮਿਆਦ ਲੰਘੀ ਵਾਲੇ ਚਾਰ ਪੈਕਟ ਮਸਾਲਿਆਂ ਵਾਲੇ ਹੀ ਸਟਿੱਕਰ ਨਵੇਂ ਲਾ ਕੇ ਦੇ ਦਿੰਦੇ …! ਪਰ ਕਿੱਥੇ ? ਕਜੂਸਾਂ ਨੇ ਕਾਜੂਆਂ ਦਾ ਜਵਾਈ ਰੰਡਾ ਕਰ ਕੇ ਰੱਖ ਦਿੱਤਾ ।

-----

ਇੱਕ ਤੁਸਾਂ ਨੇ ਕਹਾਵਤ ਸੁਣੀ ਹੋਵੇਗੀ – ‘ਉੱਚੀ ਦੁਕਾਨ , ਫਿੱਕਾ ਪਕਵਾਨ’ ! ਪਰ ਮੇਰੇ ਸੁਆਦਾਂ ਨੇ ਇਹ ਕਹਾਵਤ ਹੀ ਬਦਲ ਕੇ ਰੱਖ ਦਿੱਤੀ , ‘ ਉੱਚੀ ਦੁਕਾਨ ਸਲੂਣਾ ਪਕਵਾਨ !ਕਿਉਂਕਿ ਸਲੂਣੀਆਂ ਮਾਸ਼ੂਕਾਂ ਦਾ ਚਸਕਾ ਜੁ ਪੈ ਗਿਆ ਸੀ । ਪਰ ਹੁਣ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਕਿਥੋਂ ਲੱਭਾਂਗਾ ਐਸੇ ਸਲੂਣੇ ਖ਼ੁਰਾਕ ਪਦਾਰਥ ?

-----

ਹੁਣ ਤੁਸੀਂ ਹੀ ਮੈਨੂੰ ਦੱਸਿਓ ਜੇ ਕਿਤੇ ਕਿਸੇ ਸਟੋਰ ਚੋਂ ਤੁਹਾਨੂੰ ਸੈਂਡੀਆਂ ਦੀਆਂ ਛੋਟੀਆਂ ਭੈਣਾਂ ਲੱਭ ਜਾਣ ਤਾਂ ਚੁੰਨੀ ਚੜ੍ਹਾ ਕੇ ਲੈ ਆਊਂਗਾ , ਚਾਰ ਦਿਨ ਦੁਹਾਜੂ-ਦੁਹਾਜੂਕਹਿ ਕੇ ਲੋਕ ਮੇਹਣੇ ਮਾਰ ਕੇ ਆਪੇ ਚੁੱਪ ਕਰ ਜਾਣਗੇ ! ਪਰ ਮੇਰੀ ਰੋਟੀ ਤਾਂ ਪੱਕਦੀ ਹੋ ਜੂਗੀ , ਨਾਲੇ ਜਾੜ੍ਹ ਕਰਾਰੀ ਦੀ ਕਰਾਰੀ !

ਲੂਣੀਆਂ-ਸਲੂਣੀਆਂ ਦਾ ਆਸ਼ਕ

ਗੁਰਮੇਲ ਬਦੇਸ਼ਾ ।


Tuesday, September 21, 2010

ਬਲਬੀਰ ਸਿੰਘ ਮੋਮੀ - ਸਈਅਦ ਵਾਰਿਸ ਸ਼ਾਹ - ਲੇਖ

ਸਈਅਦ ਵਾਰਿਸ ਸ਼ਾਹ

ਲੇਖ

ਵਾਰਿਸ ਸ਼ਾਹ ਦਾ ਜਨਮ ਸ਼ੇਖੂਪੁਰਾ (ਹੁਣ ਪਾਕਿਸਤਾਨ) ਤੋਂ 8 ਮੀਲ ਦੂਰ ਲਹਿੰਦੇ ਵੱਲ ਪਿੰਡ ਜੰਡਿਆਲਾ ਸ਼ੇਰ ਖਾਂ ਵਿਖੇ ਇਕ ਸਈਅਦ ਘਰਾਣੇ ਦੇ ਕੁਤਬ ਸ਼ਾਹ ਦੇ ਘਰ 1735 ਈ. (1250 ਹਿਜਰੀ) ਵਿਚ ਹੋਇਆਇਹ ਸਾਂਦਲ ਬਾਰ ਦੇ ਇਲਾਕੇ ਵਿਚ ਹੈ ਇਸ ਦੇ ਲਾਗੇ ਹੀ ਹਰਨ ਮੁਨਾਰਾ ਹੈ, ਜਿੱਥੇ ਜਹਾਂਗੀਰ ਬਾਦਸ਼ਾਹ ਸ਼ਿਕਾਰ ਖੇਡਣ ਆਇਆ ਕਰਦਾ ਸੀ ਅਤੇ ਸ੍ਰੀ ਨਨਕਾਣਾ ਸਾਹਿਬ ਵੀ ਏਥੋਂ ਬਹੁਤੀ ਦੂਰ ਨਹੀਂ ਹੈ, ਜਿੱਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀਇਤਿਹਾਸਕ ਪੱਖੋਂ ਮਸ਼ਹੂਰ ਏਸੇ ਇਲਾਕੇ ਵਿਚ ਮਹਾਰਾਣੀ ਜਿੰਦਾਂ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਕ਼ੈਦ ਰਹੀ ਸੀ ਇਹ ਪਿੰਡ ਅਕਬਰ ਬਾਦਸ਼ਾਹ ਦੇ ਉੱਘੇ ਮੁਲਾਜ਼ਮਾਂ ਵਿਚੋਂ ਸ਼ੇਰ ਖਾਂ ਪਠਾਨ ਨੇ ਆਬਾਦ ਕੀਤਾ ਸੀ ਤੇ ਇਹਦਾ ਨਾਂ ਓਸ ਵੇਲੇ ਸ਼ੇਰ ਕੋਟ ਸੀ ਪਰ ਸਾਬਤ ਹੁੰਦਾ ਏ ਕਿ ਏਥੇ ਪਹਿਲਾਂ ਕੋਈ ਥੇਹ ਸੀ ਜਿਹੜਾ ਜੰਡਿਆਲਾ ਨਾਂ ਨਾਲ ਮਸ਼ਹੂਰ ਸੀ ਤੇ ਵਿਰਕ ਕੌਮ ਨੇ ਆਬਾਦ ਕੀਤਾ ਸੀ

-----

ਸ਼ੇਰ ਖਾਂ ਨੇ ਇਕ ਬਾਉਲੀ ਵੀ ਬਣਵਾਈ ਸੀ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਬਾਉਲੀ 976 ਹਿਜਰੀ ਵਿਚ ਬਣੀ ਹੋ ਸਕਦੀ ਹੈਸਿੱਖਾਂ ਦੇ ਜ਼ੋਰ ਸਮੇਂ ਏਥੇ ਮੱਜਾ ਸਿੰਘ ਦਾ ਕਬਜ਼ਾ ਹੋ ਗਿਆ ਸੀ ਉਹਦੇ ਬਾਅਦ 1841 ਬਿਕਰਮੀ ਵਿਚ ਮਹਾਂ ਸਿੰਘ ਨੇ ਇਹ ਕਸਬਾ ਫਤਿਹ ਕਰ ਕੇ ਅਰੂੜਾ ਸਿੰਘ ਕੜਿਆਲਾ ਨੂੰ ਜਾਗੀਰ ਵਿਚ ਦੇ ਦਿੱਤਾ ਸੀ ਤੇ ਉਸ ਸਮੇਂ ਇਹ ਛੇ ਬਸਤੀਆਂ ਦੀ ਇਕ ਬਸਤੀ ਬਣ ਕੇ ਜੰਡਿਆਲਾ ਮਸ਼ਹੂਰ ਹੋ ਗਿਆ ਕਸਬੇ ਦੀ ਬਹੁਤੀ ਵਸੋਂ ਪਠਾਣਾਂ ਦੀ ਹੈ ਮੁੱਢਲੀ ਤਾਲੀਮ ਵਾਰਿਸ ਸ਼ਾਹ ਨੇ ਆਪਣੇ ਏਸੇ ਪਿੰਡ ਵਿਚੋਂ ਈ ਹਾਸਲ ਕੀਤੀ ਅਤੇ ਉੱਚੀ ਤਾਲੀਮ ਦੀ ਲਗਨ ਉਹਨਾਂ ਨੂੰ ਕਸੂਰ ਲੈ ਗਈ, ਜਿੱਥੇ ਮਖਦੂਮ ਗ਼ੁਲਾਮ ਅਲੀ ਮਹੀ-ਉਲ-ਦੀਨ ਕਸੂਰੀ ਦਾ ਫ਼ੈਜ਼ ਜਾਰੀ ਸੀ ਓਸ ਵੇਲੇ ਲਾਹੌਰ, ਮੁਲਤਾਨ ਤੇ ਕਸੂਰ ਵਿਚ ਈ ਵੱਡੀਆਂ ਦਰਸਗਾਹਾਂ ਸਨ ਆਪ ਵੀ ਵਾਰਿਸ ਸ਼ਾਹ ਨੇ ਕਿਹਾ ਹੈ, "ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ ਤੇ ਸ਼ਾਗਿਰਦ ਮਖ਼ਦੂਮ ਕਸੂਰ ਦਾ ਈ" ਵਾਰਿਸ ਨੂੰ ਕਸੂਰ, ਆਪਣੀ ਦਰਸਗਾਹ ਅਤੇ ਆਪਣੇ ਉਸਤਾਦ ਨਾਲ ਬੜਾ ਮੋਹ ਸੀ ਇਸ ਦਾ ਪ੍ਰਮਾਣ ਇਸ ਸਤਰ ਤੋਂ ਮਿਲਦਾ ਹੈ :"ਡੇਰਾ ਬਖ਼ਸ਼ੀ ਦਾ ਮਾਰ ਕੇ ਲੁੱਟ ਲੀਤਾ ਪਾਈ ਫਤਿਹ ਪਠਾਨ ਕਸੂਰ ਦੇ ਨੇ""ਸਾਰੇ ਮੁਲਕ ਖ਼ਰਾਬ ਪੰਜਾਬ ਵਿਚੋਂ ਮੈਨੂੰ ਬੜਾ ਅਫ਼ਸੋਸ ਕਸੂਰ ਦਾ ਏ।"

-----

ਵਾਰਿਸ ਸ਼ਾਹ ਨੂੰ ਆਪਣੇ ਜੱਦੀ ਪਿੰਡ ਜੰਡਿਆਲੇ ਨਾਲ ਵੀ ਬੜਾ ਮੋਹ ਸੀ ਏਸ ਮੋਹ ਦਾ ਇਕ ਵੱਡਾ ਕਾਰਨ ਇਹ ਵੀ ਸੀ ਕਿ ਉਹਦੇ ਵੱਡੇ ਵਡੇਰਿਆਂ ਦੀਆਂ ਕਬਰਾਂ ਉਥੇ ਮੌਜੂਦ ਸਨ ਜੰਡਿਆਲੇ ਦੀਆਂ ਬਾਉਲੀਆਂ ਤੇ ਹੋਰ ਯਾਦਗਾਰਾਂ ਵਾਰਿਸ ਸ਼ਾਹ ਦੇ ਭੂਤ ਕਾਲ ਦੀਆਂ ਨਿਸ਼ਾਨੀਆਂ ਸਨ ਏਸੇ ਲਈ ਵਾਰਿਸ ਸ਼ਾਹ ਬੜੇ ਯਕੀਨ ਅਤੇ ਗੌਰਵ ਨਾਲ ਆਪਣੇ ਪਿੰਡ ਬਾਰੇ ਕਹਿੰਦਾ ਹੈ: "ਅਹਿਮਦ ਸ਼ਾਹ ਅਜ ਗੈਬ ਥੀਂ ਆਣ ਪੌਸੀ ਰੱਬ ਰੱਖ ਜੰਡਿਆਲੇ ਨੂੰ ਲੈਸਿਆ ਵੇ" ਨਾਂ ਮੁਨਸਫ਼ ਸਈਅਦ ਵਾਰਿਸ ਵਿਚ ਜੰਡਿਆਲੇ ਵੱਸੇ ਜਿਹੜਾ ਸ਼ੇਰ ਖਾਂ ਗਾਜ਼ੀ ਬਧਾ ਸਭ ਕੁ ਓਥੇ ਦੱਸੇ ਰੱਬਾ ਰੋਜ਼ ਕਿਆਮਤ ਤੀਕ ਵਸਾਏ ਸ਼ਹਿਰ ਜੰਡਿਆਲਾ ਕਾਈ ਆਫ਼ਤ ਪਵੇ ਨਾ ਉਸ ਤੇ ਵੱਸੇ ਨਿੱਤ ਸੁਖਾਲਾ

-----

ਖੋਜ ਅਨੁਸਾਰ ਸ਼ਾਹ ਲਤੀਫ਼ ਭਟਾਈ, ਸਚੱਲ ਧਰਮਤ, ਬੁੱਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦਾ ਦੌਰ ਇੱਕੋ ਈ ਸੀ ਇਹ ਸਮਾਂ ਮੁਗ਼ਲ ਰਾਜ ਦੇ ਜ਼ਵਾਲ ਦਾ ਸਮਾਂ ਸੀ ਅਤੇ ਦਿੱਲੀ ਅਤੇ ਆਗਰੇ ਵਿਚ ਉਸ ਵੇਲੇ ਮੀਰ, ਇਨਸ਼ਾ, ਜੁਰਅਤ, ਮਸਹਫ਼ੀ ਆਦਿ ਉਰਦੂ ਦੇ ਸ਼ਾਇਰ ਆਪਣਾ ਕਲਾਮ ਰਚ ਰਹੇ ਸਨਉਹਨਾਂ ਦੀ ਸ਼ਾਇਰੀ ਦੀ ਬੁਨਿਆਦ ਫ਼ਾਰਸੀ ਸੀ ਪਰ ਬਹਾਦਰ ਪੰਜਾਬੀ ਵਾਰਿਸ ਸ਼ਾਹ ਦੀ ਸ਼ਾਇਰੀ ਦੀ ਬੁਨਿਆਦ ਇਹਦੇ ਆਪਣੇ ਆਲੇ-ਦੁਆਲੇ ਦੇ ਪੰਜਾਬ ਦੇ ਲੋਕ, ਆਪਣੇ ਰੁੱਖ, ਆਪਣੇ ਪੌਦੇ, ਆਪਣੇ ਪੰਛੀ, ਆਪਣੀਆਂ ਰਾਹਵਾਂ, ਆਪਣੇ ਰਸਮੋ-ਰਿਵਾਜ਼, ਆਪਣਾ ਪੰਜਾਬੀ ਸਭਿਆਚਾਰ ਤੇ ਆਪਣੇ ਖੇਤ ਤੇ ਉਹਨਾਂ ਵਿਚ ਉੱਗਣ ਵਾਲੀਆਂ ਫ਼ਸਲਾਂ ਸਨਆਲੇ ਦੁਆਲੇ ਚਰਨ ਫਿਰਨ ਵਾਲੇ ਪਸ਼ੂ, ਪੰਛੀ ਤੇ ਪੰਜਾਬ ਦਾ ਲੋਕ ਸੁਭਾਅ, ਲੋਕ, ਪਿੰਡਾਂ ਨੂੰ ਕੋਈ ਵੀ ਕਵੀ ਅੱਜ ਤੀਕ ਵਾਰਿਸ ਦੇ ਮੁਕਾਬਲੇ ਤੇ ਪੇਸ਼ ਨਹੀਂ ਕਰ ਸਕਿਆ

-----

ਵਾਰਿਸ ਸ਼ਾਹ ਨੂੰ ਆਪਣੇ ਦੇਸ਼ ਨਾਲ ਵੀ ਬਹੁਤ ਪਿਆਰ ਸੀ।"ਸ਼ਕਰ ਗੰਜ ਤੇ ਆਣ ਮੁਕਾਮ ਕੀਤਾ ਦੁੱਖ ਦਰਦ ਪੰਜਾਬ ਦਾ ਦੂਰ ਏ ਜੀ।"ਵਾਰਿਸ ਸ਼ਾਹ ਨੇ ਭਾਵੇਂ ਹੀਰ ਦੇ ਕਿੱਸੇ ਰਾਹੀਂ ਹੀਰ ਨੂੰ ਰਹਿੰਦੀ ਦੁਨੀਆ ਤੀਕ ਅਮੀਰ ਕਰ ਦਿੱਤਾ ਪਰ ਕੁਲ ਨੂੰ ਦਾਗ਼ ਲਾਉਣ ਵਾਲੀ ਧੀ ਬਾਰੇ ਵਾਰਿਸ ਸ਼ਾਹ ਇਹ ਕਹੈ ਬਗ਼ੈਰ ਨਹੀਂ ਰਹਿ ਸਕਿਆ,

"ਵਾਰਿਸ ਸ਼ਾਹ ਜਿਹੜੀ ਧੀ ਬੁਰੀ ਹੋਵੇ, ਦਈਏ ਰੋੜ੍ਹ ਸਮੁੰਦਰੋਂ ਪਾਰ ਮੀਆਂ" ਅਤੇ "ਵਾਰਿਸ ਸ਼ਾਹ ਅਹਿ ਤਰੈ ਈ ਝੂਠ ਜਾਣੋ ਕੌਲ ਜੱਟ, ਸੁਨਿਆਰ, ਕਸਾਈਆਂ ਦਾ।" ਵਾਰਿਸ ਸ਼ਾਹ ਆਪਣੇ ਅਤੇ ਪਿਤਾ ਬਾਰੇ ਲਿਖਦਾ ਹੈ:"ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ ਪਿਆ ਮਰੇਂਗਾ ਕੁਤਬ ਦਿਆ ਬੇਟਿਆ ਓਏ।"

----

ਕਸੂਰ ਤੋਂ ਤਾਅਲੀਮ ਹਾਸਿਲ ਕਰਕੇ ਵਾਰਿਸ ਸ਼ਾਹ ਪਾਕਪਟਨ ਚਲੇ ਗਏ ਅਤੇ ਉਥੇ ਹਜ਼ਰਤ ਬਾਬਾ ਫ਼ਰੀਦ ਗੰਜ ਸ਼ਕਰ ਹੋਰਾਂ ਦੇ ਆਸਤਾਨੇ ਤੋਂ ਰੂਹਾਨੀ ਫੈਜ਼ ਪ੍ਰਾਪਤ ਕੀਤਾਲਿਖਦੇ ਹਨ, "ਮੌਦੂਦ ਦਾ ਲਾਡਲਾ ਪੀਰ ਚਿਸ਼ਤੀ ਸ਼ਕਰ ਗੰਜ ਮਸਊਦ ਭਰਪੂਰ ਹੈ ਜੀ।" ਵਾਰਿਸ ਵਾਪਸੀ ਤੇ ਠਠ ਜਾਹਨ ਰੁਕ ਗਏ ਤੇ ਇਕ ਛੋਟੀ ਜਿਹੀ ਮਸੀਤ ਵਿਚ ਡੇਰਾ ਲਾ ਕੇ ਦੀਨ ਦੀ ਤਾਲੀਮ ਦੇਣੀ ਸ਼ੁਰੂ ਕਰ ਦਿੱਤੀ ਏਥੇ ਭਾਗ ਭਰੀ ਨਾਂ ਦੀ ਇਕ ਔਰਤ ਨਾਲ ਪਿਆਰ ਹੋ ਗਿਆ ਤੇ ਏਸ ਪਿਆਰ ਦਾ ਪ੍ਰਤਿਕਰਮ ਇਹ ਹੋਇਆ ਕਿ ਵਾਰਿਸ ਨੇ ਆਪਣੇ ਦਿਲ ਦੀ ਭੜਾਸ ਬਾਹਰ ਕੱਢਣ ਲਈ ਹੀਰ ਰਾਂਝੇ ਦੀ ਕਥਿਤ ਕਹਾਣੀ ਦਾ ਆਸਰਾ ਲਿਆ ਤਦੋਂ ਸ਼ੌਕ ਹੋਇਆ ਕਿੱਸਾ ਜੋੜਨੇ ਦਾ ਜਦੋਂ ਇਸ਼ਕ ਦੀ ਗੱਲ ਇਜ਼ਹਾਰ ਹੋਈ, ਜਾਂ ਤੈਨੂੰ ਸ਼ੌਕ ਹੈ ਤਿਨ੍ਹਾਂ ਦਾ ਭਾਗ ਭਰੀਏ ਜਿਨ੍ਹਾਂ ਡਾਚੀਆਂ ਬਾਰ ਚਰਾਈਆਂ ਨੀ, ਜਾਂ ਵਾਰਿਸ ਸ਼ਾਹ ਫ਼ਕੀਰ ਦੀ ਅਕਲ ਕਿੱਥੇ ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੇ।

-----

ਭਾਗ ਭਰੀ ਦਾ ਅਸਲ ਨਾਂ ਭਾਗਵੰਤੀ ਸੀਉਹ ਹਿੰਦੂ ਘਰਾਣੇ ਨਾਲ ਸੰਬੰਧ ਰੱਖਦੀ ਸੀਇਹ ਖ਼ਾਨਦਾਨ ਢਕੋ ਅਖਵਾਂਦਾ ਸੀ ਏਸ ਹਿੰਦੂ ਖ਼ਾਨਦਾਨ ਵਿਚੋਂ ਇਕ ਘਰਾਣਾ ਮੁਸਲਮਾਨ ਹੋਇਆ ਸੀ ਜੀਹਦੀ ਕੁੜੀ ਵਿਚੋਂ ਇਕ ਬੰਦੇ ਦੀ ਉਮਰ ਸੌ ਸਾਲ ਤੋਂ ਵੱਧ ਸੀ ਵਾਰਿਸ ਸ਼ਾਹ ਹੁਰੀਂ ਪਾਕਪਟਨ ਤੋਂ ਹੋ ਕੇ ਤੇ ਉਸਤਾਦ ਨੂੰ ਸਲਾਮ ਕਰ ਕੇ ਜੰਡਿਆਲਾ ਸ਼ੇਰ ਖਾਂ ਚਲੇ ਗਏ ਉਹਨਾਂ ਦੇ ਉਥੋਂ ਚਲੇ ਜਾਣ ਦੇ ਬਾਅਦ ਭਾਗਵੰਤੀ 9 ਵਰ੍ਹੇ ਜਿਉਂਦੀ ਰਹੀ ਇਹ ਨੌਂ ਸਾਲ ਉਸ ਸ਼ਾਹ ਹੋਰਾਂ ਦੀ ਯਾਦ ਵਿਚ ਗੁਜ਼ਾਰ ਦਿੱਤੇ ਕਿ ਅਚਾਨਕ ਇਕ ਦਿਨ ਫਜਰ ਦੀ ਨਮਾਜ਼ ਪੜ੍ਹ ਕੇ ਬੈਠੀ ਸੀ ਤੇ ਰੂਹ ਉਡਾਰੂ ਹੋ ਗਈ ਤੇ ਉਹ ਅਗਲੇ ਜਹਾਨ ਅੱਪੜ ਗਈ ਇਹ ਗੱਲ 1180-90 ਹਿਜਰੀ ਦੀ ਹੈ, ਜਿਸ ਵੇਲੇ ਇਸ਼ਕ ਦੀ ਇਹ ਗੱਲ ਆਮ ਹੋ ਗਈ ਸ਼ਾਹ ਸਾਹਿਬ ਮਲਕਾ ਹਾਂਸ ਚਲੇ ਗਏ ਤੇ ਉਸੇ ਥਾਂ ਕਿਤਾਬ ਪੂਰੀ ਕੀਤੀ ਇਹ ਸਦਾ ਬਹਾਰ ਸ਼ਾਹਕਾਰ 1761 ਈ। (1181 ਹਿਜਰੀ) ਦਾ ਦੱਸਿਆ ਜਾਂਦਾ ਹੈ

-----

ਕਿਤਾਬ ਪੂਰੀ ਕਰ ਕੇ ਆਪ ਆਪਣੇ ਉਸਤਾਦ ਦੀ ਖ਼ਿਦਮਤ ਵਿਚ ਹਾਜ਼ਰ ਹੋਏਕਿੱਸੇ ਦੀ ਸ਼ੁਹਰਤ ਪਹਿਲਾਂ ਹੀ ਉਥੇ ਅੱਪੜ ਗਈ ਸੀਮਖਦੂਮ ਸਾਹਿਬ ਨੇ ਨਾਰਾਜ਼ਗੀ ਦੀ ਰੌਂ ਵਿਚ ਕਿਹਾ, "ਵਾਰਸ ਤੂੰ ਮੇਰੀ ਮਿਹਨਤ ਐਵੇਂ ਈ ਗੁਆਈਬੁੱਲ੍ਹੇ ਸ਼ਾਹ ਨੂੰ ਪੜ੍ਹਾਇਆ, ਉਹਨੇ ਸਾਰੰਗੀ ਫੜ ਲਈਤੈਨੂੰ ਪੜ੍ਹਾਇਆ, ਤੂੰ ਹੀਰ ਬਣਾ ਦਿੱਤੀ।" ਫੇਰ ਹੁਕਮ ਦਿੱਤਾ ਕਿ ਹੀਰ ਦੇ ਕੁਝ ਸ਼ਿਅਰ ਸੁਣਾ ਤੇ ਵਾਰਿਸ ਸ਼ਾਹ ਨੇ ਸ਼ਿਅਰ ਸੁਣਾਇਆ:

ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ ਨਾਲ ਅਕਲ ਦੇ ਮੇਲ ਮਲਾਇਆ ਈ ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ ਕਿੱਸਾ ਜੋੜ ਕੇ ਖ਼ੂਬ ਸੁਣਾਇਆ ਈ

ਇਹ ਸੁਣ ਕੇ ਉਸਤਾਦ ਹੋਰਾਂ ਫੁਰਮਾਇਆ:

"ਤੂੰ ਮੁੰਜ ਦੀ ਰੱਸੀ ਵਿਚ ਮੋਤੀ ਪਰੋਅ ਦਿੱਤੇ ਨੇ"

-----

ਏਸ ਬਾਰੇ ਇਕ ਹੋਰ ਰਵਾਇਤ ਵੀ ਏ ਕਿ ਇਸ਼ਕ ਮਜਾਜ਼ੀ ਦਾ ਇਹ ਰੰਗ ਵੇਖ ਕੇ ਉਸਤਾਦ ਹੋਰਾਂ ਦੇ ਸੀਨੇ ਵਿਚ ਅੱਗ ਦਾ ਭਾਂਬੜ ਮੱਚ ਉੱਠਿਆ ਤੇ ਉਹਨਾਂ ਹੁਕਮ ਦਿੱਤਾ, "ਮੇਰੇ ਸਿਰ ਤੇ ਪਾਣੀ ਪਾਓ ਤਾਂ ਜੇ ਅੱਗ ਮੱਧਮ ਹੋਵੇ" ਕਈ ਰਵਾਇਤਾਂ ਅਨੁਸਾਰ ਵਾਰਿਸ ਸ਼ਾਹ ਇਕ ਲੜਕੀ ਛੱਡ ਕੇ 1223 ਹਿਜਰੀ ਵਿਚ ਸੁਰਗਵਾਸ ਹੋਏ ਪਰ ਇਸ ਦਾ ਕੋਈ ਠੋਸ ਸਬੂਤ ਨਹੀਂ ਮਿਲਦਾ ਦਮੋਦਰ ਅਨੁਸਾਰ ਹੀਰ ਤੇ ਰਾਂਝਾ ਮੱਕੇ ਵੱਲ ਚਲੇ ਗਏ ਪਰ ਵਾਰਿਸ ਅਨੁਸਾਰ ਹੀਰ ਨੂੰ ਜ਼ਹਿਰ ਦੇ ਦਿੱਤਾ ਗਿਆ ਤੇ ਉਹ ਮਰ ਗਈ, ਜਿਵੇਂ:-

ਹੀਰ ਜਾਨ ਬਹੱਕ ਤਸਲੀਮ ਹੋਈ ਸਿਆਲਾਂ ਦਫ਼ਨ ਕਰ ਖ਼ਤ ਲਿਖਾਇਆ ਈ। ਅਹਿਮਦ ਕਵੀ ਨੇ ਵੀ ਇਹੀ ਲਿਖਿਆ ਹੈ ਕਿ ਹੀਰ ਤੇ ਰਾਂਝਾ ਹੱਜ ਕਰਨ ਲਈ ਚਲੇ ਗਏ ਸਨ:

ਡਿਠੇ ਹਾਜੀਆਂ ਮੱਕੇ ਦੇ ਰਾਹ ਤਿੰਨੇ ਰਾਂਝਾ ਹੀਰ ਤੇ ਨਾਲ ਈ ਮੱਝ ਬੂਰੀਰਾਂਝਾ ਰਾਹ ਵਖਾਂਵਦਾ ਹਾਜੀਆਂ ਨੂੰ ਹੀਰ ਵੰਡਦੀ ਲੰਗਰ ਦੇ ਵਿਚ ਚੂਰੀ।

-----

ਠੱਠਾ ਜਾਂ ਪਿੰਡ ਦੀ ਭਾਗਭਰੀ ਨਾਲ ਵਾਰਿਸ ਸ਼ਾਹ ਦੀਆਂ ਅੱਖਾਂ ਲੜ ਗਈਆਂ ਸਨ ਪਰ ਫ਼ੱਟ ਖਾ ਕੇ ਉਥੋਂ ਨੱਸਣਾ ਪਿਆ ਤੇ ਆਪਣੇ ਫ਼ੱਟਾਂ ਤੇ ਫਹੇ ਧਰਦਿਆਂ ਵਾਰਿਸ ਸ਼ਾਹ ਨੇ ਹੀਰ ਰਾਂਝੇ ਦਾ ਕਿੱਸਾ ਲਿਖ ਦਿੱਤਾ: ਵਾਰਸ ਸ਼ਾਹ ਨੇ ਜਿਥੇ ਕਿਤੇ ਭਾਗ ਭਰੀ ਆਖਿਆ ਏ, ਉਥੇ ਇਹੋ ਦੁਆ ਕਿਤੀ ਏ ਕਿ ਤੂੰ ਭਾਗਾਂ ਵਾਲੀ ਏਂ

1892 ਈ ਵਿਚ ਜਮਾਂਬੰਦੀ ਅਨੁਸਾਰ ਵਾਰਿਸ ਸ਼ਾਹ ਦੇ ਮਜ਼ਾਰ ਦਾ ਕੁੱਲ ਰਕਬਾ 5 ਕਨਾਲ ਤੇ 16 ਮਰਲੇ ਸੀ ਜਿਹੜਾ 1905 ਈ ਦੀ ਜਮ੍ਹਾਂਬੰਦੀ ਵਿਚ ਘਟ ਕੇ 3 ਕਨਾਲ 2 ਮਰਲੇ ਰਹਿ ਗਿਆ ਹੈ ਵਾਰਿਸ ਸ਼ਾਹ ਦਾ ਨਾਂ ਬਤੌਰ ਇਕ ਪੰਜਾਬੀ ਲੇਖਕ/ਸ਼ਾਇਰ ਦੇ ਰਹਿੰਦੀ ਦੁਨੀਆ ਤੀਕ ਜ਼ਿੰਦਾ ਰਹੇਗਾਭਾਰਤ ਦੀ ਵੰਡ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ "ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕ਼ਬਰਾਂ ਵਿਚੋਂ ਬੋਲ" ਨੇ ਵਾਰਿਸ ਦੇ ਨਾਂ ਨੂੰ ਹੋਰ ਵੀ ਅਮਰ ਕੀਤਾ ਹੈ