ਲੇਖ
ਸਾਡੀਆਂ ਵਧ ਰਹੀਆਂ ਲਾਲਸਾਵਾਂ ਸਾਨੂੰ ਹਨੇਰੇ ਵੱਲ ਧੱਕ ਰਹੀਆਂ ਨੇ, ਸੱਧਰਾਂ ਗਵਾਚ ਰਹੀਆਂ ਨੇ, ਅਰਮਾਨ……? ਦਿਨ ਦੇ ਸੁਪਨਿਆਂ ਨੇ ਰਾਤ ਆਉਣਾ ਛੱਡ ਦਿੱਤਾ ਹੈ । ਸੁਪਨੇ ਉਹ ਜੋ ਰੰਗੀਨ ਸਨ, ਸੁਪਨੇ ਉਹ ਜੋ ਹਯਾਤੀ ਨੂੰ ਰੱਜ ਹੰਢਾਉਂਣ ਲਈ ਸੰਜੋਏ ਸਨ। ਹਰ ਕੋਈ ਮਰੇ ਸੁਪਨਿਆਂ ਦਾ ਮਾਤਮ ਮਨਾ ਰਿਹੈ। ਹਕੀਕਤਾਂ ਨੂੰ ਹਕੀਕਤਾਂ ਨਿਗਲ਼ ਰਹੀਆਂ ਹਨ ।
ਕੋਈ ਹਨੇਰਾ ਭਾਲਦੈ ਤੇ ਕੋਈ ਰੋਸ਼ਨੀ, ਮਨ ਦੀ ਭਟਕਣ ਤੋਂ ਛੁਟਕਾਰਾ ਕਿਤੇ ਵੀ ਨਹੀਂ ਮਿਲਦਾ। ਸਭ ਕੁਝ ਉਂਝ ਹੀ ਰਹਿੰਦਾ ਹੈ। ਸਿਰਫ ਉਹ ਨਹੀਂ ਹੁੰਦਾ ਜੋ ਸਾਡੀ ਜਿਹਨੀ ਤਮੰਨਾ ਹੁੰਦੀ ਹੈ। ਮਾਨਸਿਕ ਹਨੇਰੇ ਦਾ ਖਲਾਅ ਸਾਡੇ ਅੰਦਰ ਡੂੰਘਾ ਲਹਿ ਗਿਆ ਹੈ । ਦਰਅਸਲ ਅਸੀਂ ਰਾਤੋ-ਰਾਤ ਉਹ ਬਣ ਜਾਣਾ ਚਾਹੁੰਦੇ ਹਾਂ, ਜਿਸਦੇ ਹਾਲੇ ਅਸੀਂ ਕਾਬਲ ਨਹੀਂ ਹੁੰਦੇ, ਜਾਂ ਕਹਿ ਲਓ ਕੇ ਅਸੀਂ ਆਪਣੀ ਯੋਗਤਾ ਤੋਂ ਵਧੇਰੇ ਦੀ ਆਸ ਰੱਖਦੇ ਹਾਂ ਅਤੇ ਆਪਣੇ ਭਵਿੱਖ ਨੂੰ ਸਵਾਰਦੇ ਸਵਾਰਦੇ ਆਪਣੇ ਵਰਤਮਾਨ ਦਾ ਗਲ਼ਾ ਦਬਾ ਦਿੰਦੇ ਹਾਂ।
----
ਜੀਵਨ ਹਨੇਰੇ ਅਤੇ ਚਾਨਣ ਦਾ ਸੁਮੇਲ ਹੈ। ਜਦੋਂ ਸੂਰਜ ਚੜਦਾ ਹੈ ਤਾਂ ਸਿਰਫ ਚਾਨਣ ਹੀ ਨਹੀਂ ਹੁੰਦਾ, ਇੱਕ ਨਵੇਂ ਦਿਨ ਦਾ ਵੀ ਆਗਾਜ਼ ਹੁੰਦੈ, ਸੂਰਜ ਪ੍ਰੀਤਕ ਹੈ ਜਿੰਦਗੀ ਨੂੰ ਇੱਕ ਨਵੇਂ ਸਫ਼ਰ ‘ਤੇ ਤੋਰੀ ਰੱਖਣ ਦਾ, ਤੇ ਸਫ਼ਰ ਵੀ ਤਾਂ ਹੀ ਖ਼ੁਸ਼ਗਵਾਰ ਹੁੰਦੈ ਜੇਕਰ ਰਸਤਿਆਂ ਦੇ ਕੰਢੇ ਆਬਾਦ ਹੋਣ । ਹਯਾਤੀ ਨੂੰ ਪ੍ਰਸੰਨ ਰੱਖਣ ਵਾਸਤੇ ਉਚੇ ਸੁੱਚੇ ਉਦੇਸ਼ਾਂ ਦਾ ਹੋਣਾ ਬਹੁਤ ਜਰੂਰੀ ਹੈ। ਤਰੱਕੀ ਓਹੀ ਕੌਮਾਂ ਕਰਦੀਆਂ ਨੇ ਜਿਨ੍ਹਾਂ ਕੋਲ ਜਾਗਦੀਆਂ ਹਿੰਮਤਾਂ ਤੇ ਸੱਚੀਆਂ ਸੋਚਾਂ ਹੁੰਦੀਆਂ ਨੇ। ਆਪਣੇ ਬਾਰੇ ਸਹੀ ਰਾਏ ਬਣਾਉਂਣੀ, ਉਸਾਰੂ ਦ੍ਰਿਸਟੀਕੋਣ ਤੇ ਮਿਹਨਤ ਨਾਲ ਮੰਜ਼ਿਲਾਂ ਨੂੰ ਸਰ ਕਰਨਾ ਹੀ ਆਦਰਸ਼ ਜੀਵਨ ਹੈ।
----
ਜੇਕਰ ਇਹ ਸੋਚ ਕੇ ਬੈਠ ਜਾਈਏ ਕੇ ਪਾਰ ਨਹੀਂ ਲੰਘਿਆ ਜਾ ਸਕਦਾ ਤਾਂ ਅਸੀਂ ਵਾਕਿਆ ਹੀ ਪਾਰ ਨਹੀਂ ਜਾ ਸਕਾਂਗੇ। ਸਫ਼ਲਤਾ ਤਾਂ ਹੀ ਮਿਲਦੀ ਹੈ ਜੇਕਰ ਹਨੇਰੇ ਰਸਤਿਆਂ ਵਿਚੋਂ ਡਰ ਅਤੇ ਹਾਰ ਦੇ ਭੈਅ ਨੂੰ ਪਿਛਾੜ ਕੇ ਰੋਸ਼ਣ ਗਲੀਆਂ ਦੀ ਤਲਾਸ਼ ਅਰੰਭੀ ਜਾਵੇ। ਜੇਕਰ ਅਗਲੇ ਪਾਰ ਜਾਣਾ ਹੈ ਤਾਂ ਪਾਣੀ ਵਿੱਚ ਤਾਂ ਉਤਰਨਾ ਹੀ ਪਵੇਗਾ। ਅਸੀਂ ਕਿਸੇ ਅਦ੍ਰਿਸ਼ ਡਰ ਦੇ ਡਰੋਂ ਜਿੰਦਗੀ ਨੂੰ ਵੀ ਹੱਥੋਂ ਗਵਾਈ ਜਾਂਦੇ ਹਾਂ। ਮੌਤ ਸਹੀ ਅਰਥਾਂ ਵਿੱਚ ਇੱਕ ਜੀਵਨ ਤੋਂ ਮੁਕਤ ਹੋ ਕੇ ਇੱਕ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰਨ ਦਾ ਨਾਮ ਹੈ। ਹਿੰਮਤ, ਸਵੈ ਵਿਕਾਸ, ਸਵੈ ਕਾਬੂ , ਮਿਹਨਤ, ਲਗਨ ਤੇ ਉਸਾਰੂ ਸੋਚ ਨਾਲ ਚੱਲਦੇ ਰਹਿਣ ਨਾਲ ਜ਼ਿੰਦਗੀਆਂ ਦੀਆਂ ਰਾਹਾਂ ਰੌਸ਼ਨ ਹੋ ਜਾਂਦੀਆਂ ਹਨ।
----
ਜੇਕਰ ਪ੍ਰਮਾਤਮਾ ਸਰਬ ਸ਼ਕਤੀਮਾਨ ਹੈ ਤਾਂ ਉਸਦੇ ਸੈਤਾਨ ਵੀ ਕਿਸੇ ਤੋਂ ਘੱਟ ਨਹੀਂ, ਨੇਕੀ ਤੇ ਸ਼ੈਤਾਨੀ ਦਾ ਸ਼ੁਰੂ ਤੋਂ ਹੀ ਮੁਕਾਬਲਾ ਰਿਹਾ ਹੈ। ਭਾਵੇਂ ਕੇ ਇਸਦੇ ਨਜੀਤੇ ਹਮੇਸ਼ਾਂ ਨੇਕੀ ਦੇ ਹੀ ਹੱਕ ਵਿੱਚ ਰਹੇ ਹਨ। ਦਰਅਸਲ ਕੁਦਰਤ ਨੇ ਹਰ ਸ਼ੈਅ ਦਾ ਤੋੜ ਬਣਾ ਰੱਖਿਆ ਹੈ। ਜਿਵੇਂ ਨਫ਼ਰਤ ਦਾ ਹੱਲ ਪਿਆਰ ਹੰਦੈ, ਜੰਗ ਤੋਂ ਬਾਅਦ ਸ਼ਾਂਤੀ ਨੇ ਆਉਣਾ ਹੀ ਆਉਣਾ ਹੁੰਦੈ, ਹਰ ਰਾਤ ਨਵੇਂ ਸਵੇਰੇ ਦੀਆਂ ਸੰਭਾਵਨਾਵਾਂ ਲੈ ਕੇ ਆਉਂਦੀ ਹੈ, ਹਰ ਦੁਖ ਆਉਂਣ ਵਾਲੇ ਸੁੱਖ ਦਾ ਸੁਨੇਹਾ ਹੁੰਦੈ, ਤੇ ਹਰ ਦਿਨ ਦਾ ਅੰਤ ਰਾਤ ਦੀ ਝੋਲੀ ਵਿੱਚ ਜਾ ਕੇ ਹੁੰਦਾ ਹੈ। ਭਾਵੇਂ ਕੇ ਰੱਬ ਇੱਕ ਬੁਝਾਰਤ ਹੀ ਸਹੀ ਪਰ ਸਾਨੂੰ ਇਹ ਬੁਝਾਰਤ ਬੁੱਝਣ ਲਈ ਲੱਖਾਂ ਜਨਮ ਵੀ ਘਟ ਜਾਪਦੇ ਹਨ। ਗੱਲ ਆਸਤਕ ਜਾਂ ਨਾਸਤਕ ਹੋਣ ਦੀ ਨਹੀਂ, ਦਰਅਸਲ ਜੋ ਨਾਸਤਕ ਹੁੰਦਾ ਹੈ ਓਹੀ ਅਸਲ ਵਿੱਚ ਆਸਤਕ ਹੁੰਦੈ। ਗੱਲ ਸਿਰਫ ਆਸ਼ਾਵਾਦੀ ਹੋਣ ਦੀ ਹੈ। ਆਸ ਦੀ ਇੱਕ ਕਿਰਨ ਹੀ ਅੰਦਕਾਰ ਭਰੇ ਜੀਵਨ ਵਿੱਚ ਚਾਨਣ ਲਿਆ ਦਿੰਦੀ ਹੈ।
----
ਧਿਆਨ ਵਿੱਚ ਜਾਵੋਗੇ ਤਾਂ ਬੰਦ ਅੱਖਾਂ ਰਾਹੀਂ ਵੀ ਰੋਸ਼ਨੀ ਨਜ਼ਰ ਆਵੇਗੀ। ਅਵਾਰਾ ਭਟਕਣ ਲੱਗ ਜਾਵੋਗੇ ਤਾਂ ਚਾਨਣ ਵਿੱਚ ਵੀ ਹਨੇਰਾ ਛਾ ਜਾਵੇਗਾ। ਗੱਲ ਬਸ ਮਨ ਨੂੰ ਕਾਬੂ ਕਰਨ ਦੀ ਹੈ। ਅਸੀਂ ਮਹਾਨ ਬਣਦੇ ਬਣਦੇ ਮੂਰਖ ਬਣਦੇ ਜਾਂਦੇ ਹਾਂ । ਸਾਡੇ ਵਿੱਚ ਦਿਖਾਵੇ ਭਰਿਆ ਤੇ ਬਨਾਵਟੀ ਜੀਵਨ ਜੀਣ ਦੀ ਰੁਚੀ ਵਧ ਗਈ ਹੈ। ਦੌਲਤ, ਸ਼ੋਹਰਤ ਦੀ ਅੰਨ੍ਹੀ ਦੌੜ ਵਿੱਚ ਬੰਦਾ…….? ਜਿਉਂ ਜਿੳ ਇਨਸਾਨ ਦੀਆਂ ਲੋੜਾਂ ਵਧ ਰਹੀਆਂ ਹਨ ਇਨਸਾਨ…….? ਆਪਣੀ ਇਸ ਭੁੱਖ ਦੀ ਪੂਰਤੀ ਲਈ ਅੱਜ ਬੰਦਾ ਕੀ ਕੀ ਨਹੀ ਕਰ ਰਿਹਾ..? ਦਰਸਲ ਅਸੀਂ ਸੈਂਕੜੇ ਕੀਮਤੀ ਕੱਪੜਿਆਂ ਵਿਚੋਂ ਵੀ ਨੰਗੇ ਹੋ ਰਹੇ ਹੁੰਦੇ ਹਾਂ ਆਪਣੀਆਂ ਨਜ਼ਰਾਂ ਵਿੱਚ ਨੰਗੇ……..! ਮੋਰ ਜਦੋਂ ਖੰਭ ਖਿਲਾਰਦਾ ਹੈ ਤਾਂ ਅਸਲ ਵਿੱਚ ਉਹ ਨੰਗਾ ਹੋ ਰਿਹਾ ਹੁੰਦਾ ਹੈ। ਅਸੀਂ ਵੀ ਦੁਨੀਆਂ ਨੂੰ ਲੁਭਾਉਂਣ ਵਾਸਤੇ ਹੱਦੋਂ ਵੱਧ ਖੰਭ ਖਿਲਾਰ ਰਹੇ ਹਾਂ ਤੇ………! ਮੌਤ ਨਾਲ ਬੰਦੇ ਦਾ ਸਰੀਰ ਖਤਮ ਹੁੰਦਾ ਆਤਮਾ ਨਹੀਂ, ਪਰ ਕਿਸੇ ਦੀਆਂ ਨਜ਼ਰਾਂ ਵਿੱਚ ਗਿਰਿਆ ਬੰਦਾ ਰੂਹ ਤੋਂ ਮਰ ਜਾਂਦੈ। ਸਿਰਫ਼ ਕੱਦ ਵੱਡਾ ਹੋਣ ਨਾਲ ਕੋਈ ਉਚਾ ਨਹੀਂ ਹੁੰਦਾ ਆਦਰਸ਼ਾਂ ਅਤੇ ਵਿਚਾਰਾਂ ਦੀ ਉਚਾਈ ਹੀ ਇਨਸਾਨ ਨੂੰ ਸਫਲਤਾ ਦੇ ਬੂਹੇ ‘ਤੇ ਲੈ ਜਾਂਦੀ ਹੈ। ਉਪਰ ਦੇਖ ਕੇ ਚੱਲਾਂਗੇ ਤਾਂ ਡਿੱਗਣ ਦੀ ਸੰਭਾਵਨਾ ਸੌ ਫੀਸਦੀ ਹੋਵੇਗੀ, ਥੱਲੇ ਵੇਖ ਕੇ ਚੱਲਾਂਗੇ ਤਾਂ ਰਸਤੇ ਆਸਾਨ ਬਣੇ ਰਹਿਣਗੇ।
----
ਅਸਲ ਸਵਾਦ ਜ਼ਿੰਦਗੀ ਨੂੰ ਮਾਨਣ ਵਿੱਚ ਹੈ, ਜਿਉਣ ਵਿੱਚ ਨਹੀਂ।
ਜਿਉਂਦੇ ਤਾਂ ਜਾਨਵਰ ਵੀ ਹਨ ਤੇ ਆਪਣੀ ਹਯਾਤ ਹੰਡਾ ਕੇ ਚਲੇ ਵੀ ਜਾਂਦੇ ਨੇ। ਜੀਵਨ ਨੂੰ ਮਾਨਣਾ ਸਿਰਫ਼ ਇਨਸਾਨ ਦੇ ਹਿੱਸੇ ਆਇਆ ਹੈ, ਪਰ ਫਿਰ ਵੀ ਅਸੀਂ ਹਰ ਸਾਲ ਸਿਰਫ਼ ਜਨਮ ਦਿਨ ਮਨਾ ਕੇ ਆਪਣੀ ਜਿੰਦਗੀ ਦੇ ਦਿਨ ਲੰਘਾ ਰਹੇ ਹੁੰਦੇ ਹਾਂ।
ਮੋਮਬੱਤੀ ਆਪਣਾ ਸਾਰਾ ਵਜੂਦ ਸਮਰਪਿਤ ਕਰਕੇ ਆਪਣੇ ਆਲੇ ਦੁਆਲੇ ਦੇ ਹਨੇਰੇ ਨੂੰ ਦੂਰ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੀ। ਕਹਿਣ ਨੂੰ ਤਾਂ ਜੁਗਨੂੰ ਵੀ ਇੱਕ ਕੀੜਾ ਈ ਹੈ, ਪਰ ਉਸਦੀ ਵਿਲੱਖਣਤਾ ਇਹ ਹੈ ਕਿ ਉਹ ਛੋਟਾ ਹੋਣ ਦੇ ਬਾਵਜੂਦ ਵੀ ਹਨੇਰੇ ਦਾ ਮੁਕਾਬਲਾ ਕਰਦਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਜੀਵਨ ਵਿੱਚ ਖੁਸ਼ੀਆਂ ਤੇ ਖੇੜਿਆਂ ਦੀ ਭੀੜ ਰਹੇ ਤਾਂ ਜੀਵਨ ਨੂੰ ਸਮਰਪਨ ਦੀ ਭਾਵਨਾ ਨਾਲ ਜੀਣ ਦੇ ਢੰਗ ਸਿੱਖਣੇ ਪੈਣਗੇ। ਜਦੋਂ ਤੁਹਾਨੂੰ ਆਪਣੇ ਮਸਤਕ ਵਿੱਚ ਹਜ਼ਾਰਾਂ ਮੋਬੱਤੀਆਂ ਜਗਦੀਆਂ ਨਜ਼ਰ ਆਉਣਗੀਆਂ, ਜਦੋਂ ਤੁਹਾਨੂੰ ਮਨ ਦੇ ਹਨੇਰੇ ਵਿੱਚ ਕਈਂ ਜੁਗਨੂੰ ਚਮਕਦੇ ਨਜ਼ਰ ਆਉਣਗੇ ਜਦੋਂ ਬੰਦ ਅੱਖਾਂ ਰਾਹੀਂ ਵੀ ਚਾਨਣ ਦੀਆਂ ਲਕੀਰਾਂ ਦਿਸਣ ਲੱਗ ਜਾਣ ਤਾਂ ਇਹ ਸੰਕੇਤ ਹੈ ਕਿ ਜ਼ਿੰਦਗੀ ਵਿੱਚ ਰਹਿਮਤਾਂ ਦੀ ਰੌਸ਼ਨੀ ਫੈਲ ਰਹੀ ਹੈ। ਮੁਕਤੀ ਦੇ ਮਾਰਗ ਦਾ ਦੁਵਾਰ ਖੁੱਲ੍ਹ ਰਿਹੈ ਤੇ ਫਿਰ ਤੁਹਾਨੂੰ ਜੀਵਨ ਦੇ ਸਫਲ ਹੋਣ ਦਾ ਅਹਿਸਾਸ ਵੀ ਆਪ ਮੁਹਾਰੇ ਹੋਣ ਲੱਗ ਜਾਵੇਗਾ।
No comments:
Post a Comment