ਲੇਖ
ਗੁਰਚਰਨ ਰਾਮਪੁਰੀ ਕੈਨੇਡੀਅਨ ਪੰਜਾਬੀ ਸਾਹਿਤ ਦਾ ਇੱਕ ਚਰਚਿਤ ਸ਼ਾਇਰ ਹੈ।ਉਸਨੇ ਆਪਣਾ ਕਾਵਿ-ਸੰਗ੍ਰਹਿ ‘ਅਗਨਾਰ’ 1993 ਵਿੱਚ ਪ੍ਰਕਾਸ਼ਿਤ ਕੀਤਾ। ਇਸ ਤੋਂ ਪਹਿਲਾਂ ਰਾਮਪੁਰੀ ‘ਕਣਕਾਂ ਦੀ ਖੁਸ਼ਬੋ’, ‘ਕੌਲ ਕਰਾਰ’, ‘ਕਿਰਨਾਂ ਦਾ ਆਲਣਾ’, ‘ਅੰਨ੍ਹੀ ਗਲੀ’, ‘ਕੰਚਨੀ’ ਅਤੇ ‘ਕਤਲਗਾਹ’ ਪ੍ਰਕਾਸ਼ਿਤ ਕਰ ਚੁੱਕਾ ਸੀ। ਪੰਜਾਬੀ ਸ਼ਾਇਰੀ ਦੇ ਖੇਤਰ ਵਿੱਚ ਉਂਝ ਉਹ 1949 ਤੋਂ ਸਰਗਰਮ ਹੈ।
ਰਾਮਪੁਰੀ ਸੁਚੇਤ ਪੱਧਰ ਉੱਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਸ਼ਾਇਰ ਹੈ। ਕਾਵਿ ਸਿਰਜਣਾ ਕਰਨ ਵੇਲੇ ਉਸਨੂੰ ਕਿਸੇ ਅਧਿਆਤਮਵਾਦੀ ਸੱਚ ਦੀ ਤਲਾਸ਼ ਨਹੀਂ ਹੁੰਦੀ। ਉਸਦਾ ਸਰੋਕਾਰ ਆਮ ਮਨੁੱਖ ਦੀਆਂ ਖੁਸ਼ੀਆਂ-ਗਮੀਆਂ, ਦੁੱਖਾਂ-ਦਰਦਾਂ, ਉਮੰਗਾਂ-ਇੱਛਾਵਾਂ ਨਾਲ ਹੁੰਦਾ ਹੈ। ਪਰੰਪਰਾਵਾਦੀ ਵਰਤਾਰੇ ਨੂੰ ਉਹ ਆਪਣੀਆਂ ਕਵਿਤਾਵਾਂ ਵਿੱਚ ਵਿਅੰਗ ਦਾ ਵਿਸ਼ਾ ਬਣਾਉਂਦਾ ਹੈ। ਕੁਝ ਹੋਰ ਵਧੇਰੇ ਸਪੱਸ਼ਟ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਰਾਮਪੁਰੀ ਮਨੁੱਖਵਾਦੀ ਭਾਵਨਾਵਾਂ ਦਾ ਪਾਸਾਰ ਕਰਨ ਵਾਲੀਆਂ ਕਵਿਤਾਵਾਂ ਲਿਖਣ ਵਾਲਾ ਕੈਨੇਡੀਅਨ ਪੰਜਾਬੀ ਸ਼ਾਇਰ ਹੈ।
----
‘ਅਗਨਾਰ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਵਧੇਰੇ ਕਵਿਤਾਵਾਂ ਪੰਜਾਬ ਸੰਤਾਪ ਨਾਲ ਸਬੰਧਤ ਹਨ। ਇਹ ਕਾਵਿ-ਸੰਗ੍ਰਹਿ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਗੁਰਚਰਨ ਰਾਮਪੁਰੀ ਮਿਥਿਹਾਸਵਾਦੀ ਪੰਜਾਬੀ ਸ਼ਾਇਰ ਹੈ। ਉਹ ਅਜੋਕੇ ਇਤਿਹਾਸ ਨੂੰ ਮਿਥਿਹਾਸ ਦੀਆਂ ਐਨਕਾਂ ਲਗਾ ਕੇ ਦੇਖਦਾ ਹੈ।
1985 ਤੋਂ 1991 ਤੱਕ ਦੇ ਵਰ੍ਹਿਆਂ ਦਾ ਸਮਾਂ ਪੰਜਾਬ, ਭਾਰਤ ਲਈ ਬਹੁਤ ਹੀ ਉੱਥਲ-ਪੁੱਥਲ ਵਾਲਾ ਸਮਾਂ ਸੀ। ‘ਅਗਨਾਰ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਵਧੇਰੇ ਰਚਨਾਵਾਂ ਇਸ ਸਮੇਂ ਦੌਰਾਨ ਹੀ ਲਿਖੀਆਂ ਗਈਆਂ ਸਨ। ਪੰਜਾਬੀਆਂ ਲਈ ਇਹ ਸਮਾਂ ਸੰਕਟ ਭਰਿਆ ਸੀ। ਇਸ ਸੰਕਟ ਨੂੰ ਸੁਆਰਥੀ ਹਾਕਮਾਂ ਅਤੇ ਗੁੰਮਰਾਹ ਆਗੂਆਂ ਨੇ ਜਨਮ ਦਿੱਤਾ ਸੀ। ਇਸ ਸਮੇਂ ਦੌਰਾਨ ਸੱਤਾਧਾਰੀ ਹਾਕਮਾਂ ਨੇ ਧਾਰਮਿਕ ਕੱਟੜਵਾਦੀ ਤਾਕਤਾਂ ਨੂੰ ਵੱਧਣ ਫੁੱਲਣ ਦਾ ਇਸ ਲਈ ਮੌਕਾ ਦਿੱਤਾ ਸੀ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਨੂੰ ਖਤਮ ਕਰ ਸਕਣ। ਧਾਰਮਿਕ ਕੱਟੜਵਾਦੀ ਤਾਕਤਾਂ ਨੇ ਹਕੂਮਤ ਦੀ ਸ਼ਹਿ ਉੱਤੇ ਅਜਿਹਾ ਆਤੰਕਵਾਦ ਦਾ ਮਾਹੌਲ ਪੈਦਾ ਕੀਤਾ ਕਿ ਆਮ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ। ਅਜਿਹੀ ਸਥਿਤੀ ਵਿੱਚ ਆਮ ਲੋਕਾਂ ਨੂੰ ਦੁਵੱਲੀ ਮਾਰ ਸਹਿਣੀ ਪਈ। ਇੱਕ ਪਾਸੇ ਤਾਂ ਧਾਰਮਿਕ ਕੱਟੜਵਾਦੀ ਦਹਿਸ਼ਤਗਰਦ ਲੋਕਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸਨ ਅਤੇ ਦੂਜੇ ਪਾਸੇ ਲੋਕ ਪੁਲਿਸ ਵੱਲੋਂ ਕੀਤੇ ਜਾ ਰਹੇ ਅਤਿਆਚਾਰ ਦਾ ਸਾਹਮਣਾ ਕਰ ਰਹੇ ਸਨ। ਪੰਜਾਬ ਪੁਲਿਸ ਇਹ ਬਹਾਨਾ ਬਣਾ ਕੇ ਬੇਕਸੂਰ ਲੋਕਾਂ ਉੱਤੇ ਅਤਿਆਚਾਰ ਕਰ ਰਹੀ ਸੀ ਕਿ ਉਹ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੂੰ ਪਨਾਹ ਦਿੰਦੇ ਹਨ।
----
ਇਸ ਦੌਰ ਵਿੱਚ ਗੁਰਚਰਨ ਰਾਮਪੁਰੀ ਵੱਲੋਂ ਲਿਖੀਆਂ ਗਈਆਂ ਕਵਿਤਾਵਾਂ ਨੂੰ ਸਮਝਣ ਲਈ ਉਸ ਦੀ ਕਵਿਤਾ ‘ਅਜੋਕੇ ਚੰਗੇਜ਼ਾਂ ਦੀ ਗੱਲ’ ਤੋਂ ਹੀ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
ਕੱਲ ਦੇ ਚੰਗੇਜ਼ਾਂ ਨੂੰ ਨਿੰਦਣ ਸਮੇਂ
ਪਿਆਰੇ ਮਿੱਤਰੋ !
ਆਓ ! ਅਜੋਕੇ ਚੰਗੇਜ਼ਾਂ ਦੀ ਵੀ ਗੱਲ ਕਰੀਏ
ਮਰ ਚੁੱਕੇ ਜਬਰ ਦੀ ਮਿੱਟੀ
ਠੀਕ ਬੜੀ ਹੀ ਰੱਤ ਭਿੱਜੀ ਹੈ
ਪਰ ਉਹ ਖ਼ਤਰਨਾਕ ਨਾ ਓਨੀ
ਜਿੰਨੇ ਅੱਜ ਦੇ ਹਰਨਾਖਸ਼ ਔਰੰਗੇ
ਲੋਕਾਂ ਦੀ ਰੱਤ ਡੋਲ੍ਹਣ ਖ਼ਾਤਰ
ਆਪ ਕਰਾਉਂਦੇ ਨੇ ਜੋ ਦੰਗੇ
ਰੰਗ ਨਸਲ ਦੇ ਨਾਂ ਤੇ ਜਿਹੜੇ
ਦਿਨ ਦੀਵੀ ਨਿੱਤ ਮਾਨਵਤਾ ਨੂੰ ਬੇਪਤ ਕਰਦੇ
ਰਾਮਪੁਰੀ ਸਪੱਸ਼ਟਵਾਦੀ ਸ਼ਾਇਰ ਹੈ। ਮਿਥਿਹਾਸ ਅਤੇ ਇਤਿਹਾਸ ਦੀ ਗੱਲ ਕਰਦਾ ਹੋਇਆ ਉਹ ਇਸ ਗੱਲ ਉੱਤੇ ਜ਼ੋਰ ਦਿੰਦਾ ਹੈ ਕਿ ਅਸੀਂ ਬੀਤੇ ਸਮਿਆਂ ਵਿੱਚ ਹੋਏ ਜ਼ਾਲਮ/ਹਤਿਆਰੇ ਹਾਕਮਾਂ ਦੀ ਗੱਲ ਤਾਂ ਕਰਦੇ ਹਾਂ ਪਰ ਅਸੀਂ ਅਕਸਰ ਆਪਣੇ ਸਮੇਂ ਦੇ ਕਾਤਲ ਹਾਕਮਾਂ ਵੱਲੋਂ ਆਮ ਲੋਕਾਂ ਉੱਤੇ ਢਾਹੇ ਜਾਂਦੇ ਜ਼ੁਲਮਾਂ ਬਾਰੇ ਗੱਲ ਕਰਨ ਤੋਂ ਝਿਜਕ ਜਾਂਦੇ ਹਾਂ। ਅੱਜ ਦੇ ਹਾਕਮ ਪਹਿਲੇ ਸਮਿਆਂ ਦੇ ਹਾਕਮਾਂ ਨਾਲੋਂ ਵੀ ਵੱਧ ਹਤਿਆਰੇ ਹਨ। ਇਨ੍ਹਾਂ ਨੂੰ ਸਿਰਫ ਗੱਦੀ ਪਿਆਰੀ ਹੈ। ਆਪਣੀ ਗੱਦੀ ਦੀ ਸਲਾਮਤੀ ਖਾਤਰ ਇਹ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਲੜਾਉਂਦੇ ਹਨ ਅਤੇ ਉਨ੍ਹਾਂ ਦੇ ਖ਼ੂਨ ਦੀਆਂ ਨਦੀਆਂ ਵਹਾਉਂਦੇ ਹਨ। ਜਦੋਂ ਹਾਕਮਾਂ ਦੀ ਮਾਨਸਿਕਤਾ ਕਾਤਲਾਂ ਵਾਲੀ ਹੋਵੇ ਤਾਂ ਉਹ ਲੋਕਾਂ ਨੂੰ ਇਨਸਾਫ ਕਿਵੇਂ ਦੇਣਗੇ ? ਹਾਕਮਾਂ ਦੀਆਂ ਕੁਰਸੀਆਂ ਉੱਤੇ ਬੈਠੇ ਬੌਣੀ ਸੋਚ ਵਾਲੇ ਅਤੇ ਹਉਮੈਂ ਦੇ ਬੀਮਾਰ ਬਣਮਾਨਸਾਂ ਦਾ ਜ਼ਿਕਰ ਰਾਮਪੁਰੀ ਨੇ ਆਪਣੀ ਨਜ਼ਮ ‘ਬੌਨੇ ਸਿਰ’ ਵਿੱਚ ਕੀਤਾ ਹੈ:
ਆਸ ਨਿਆਂ ਦੀ
ਓਸ ਅਦਾਲਤ ਵਿੱਚ ਕਿੱਥੇ ?
ਜਿਸ ਦੇ ਮੁਨਸਿਫ ਜਾਣ ਖਰੀਦੇ
ਅੱਜ ਪੰਚੈਤ, ਕਚਹਿਰੀ, ਮਜਲਸ
ਬੌਨੇ ਸਿਰ ਟੀਸੀ ਚੜ੍ਹ ਬੈਠੇ
----
ਹਾਕਮਾਂ ਦੀਆਂ ਕੁਰਸੀਆਂ ਉੱਤੇ ਬੈਠੇ ਬੌਨੇ ਲੋਕ, ਮਹਿਜ਼, ਪਲ ਭਰ ਦਾ ਸੁਆਦ ਲੈਣ ਲਈ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਸਾਰੇ ਦੇਸ਼ ਦੀ ਸੁਰੱਖਿਆ ਅਤੇ ਅਮਨ ਖਤਰੇ ਵਿੱਚ ਪਾ ਦਿੰਦੇ ਹਨ। ਅਜਿਹੇ ਰਾਜਨੀਤਿਕ ਭ੍ਰਿਸ਼ਟਾਚਾਰ ਨੂੰ ਸਮਝਣ ਵਿੱਚ ਰਾਮਪੁਰੀ ਦੀ ਨਜ਼ਮ ‘ਹਨੂਮਾਨ, ਸ਼ਹਿਜ਼ਾਦਾ ਤੇ ਸਰਬੌਖਧ ਪਰਬਤ’ ਦੀਆਂ ਇਹ ਸਤਰਾਂ ਸਾਡੀ ਮੱਦਦ ਕਰ ਸਕਦੀਆਂ ਹਨ:
ਅੱਜ ਮੁਨਸਿਫ ਦੀ ਕੁਰਸੀ ਉੱਤੇ ਕਾਤਿਲ ਸ਼ੋਭ ਰਿਹਾ ਹੈ
ਇਸੇ ਲਈ ਤਾਂ ਨਗਰ ਨਗਰ ਵਿੱਚ
ਖ਼ੰਜਰ ਤਲਵਾਰਾਂ ਤਰਸ਼ੂਲ
ਝੂਠੇ ਨਾਅਰੇ ਤੇ ਬਾਰੂਦ
ਆਦਮ-ਬੋਅ, ਆਦਮ-ਬੋਅ ਕਰਦੇ ਘੁੰਮ ਰਹੇ ਨੇ
ਅਜੋਕੇ ਸਮਿਆਂ ਦੀ ਇਹ ਤਰਾਸਦੀ ਹੈ ਕਿ ਹਕੂਮਤ ਦੀ ਕੁਰਸੀ ਉੱਤੇ ਬੈਠੇ ਬੌਨੇ ਸਿਰਾਂ ਵਾਲੇ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੇ ਮਾਲਕ ਆਪਣੇ ਅਜਿਹੇ ਮਨਸੂਬਿਆਂ ਦੀ ਪ੍ਰਾਪਤੀ ਖਾਤਰ ਅਜਿਹੇ ਲੋਕਾਂ ਨੂੰ ਧਾਰਮਿਕ ਅਤੇ ਸਭਿਆਚਾਰਕ ਅਦਾਰਿਆਂ ਦੀਆਂ ਟੀਸੀਆਂ ਉੱਤੇ ਬੈਠਾ ਦਿੰਦੇ ਹਨ ਜੋ ਕਿ ਆਮ ਸ਼ਹਿਰੀਆਂ ਅਤੇ ਭੋਲੇ ਭਾਲੇ ਪੇਂਡੂ ਲੋਕਾਂ ਨੂੰ ਧਰਮ, ਰੰਗ, ਨਸਲ, ਜ਼ਾਤ-ਪਾਤ ਦੇ ਨਾਮ ਉੱਤੇ ਭੜਕਾ ਕੇ ਵੱਖੋ ਵੱਖ ਧਰਮਾਂ ਦੇ ਲੋਕਾਂ ਵਿੱਚ ਫਿਰਕੂ ਫਸਾਦ ਕਰਵਾਉਣ ਲਈ ਆਪਣੇ ਮੂੰਹਾਂ ‘ਚੋਂ ਫਨੀਅਰ ਸੱਪਾਂ ਵਾਂਗੂੰ ਜ਼ਹਿਰ ਉਗਲਦੇ ਧਾਰਮਿਕ ਕੱਟੜਵਾਦੀ ਰੁਝਾਣ ਵਾਲੇ ਨਾਹਰੇ ਲਗਾ ਕੇ ਲੋਕਾਂ ਵਿੱਚ ਇੱਕ ਦੂਜੇ ਲਈ ਨਫਰਤ ਫੈਲਾਉਂਦੇ ਹਨ।
----
ਭਾਵੇਂ ਕਿ ਇੰਡੀਆ ਦੇ ਅਨੇਕਾਂ ਪ੍ਰਾਂਤਾਂ ਵਿੱਚ ਅਜਿਹੀ ਧਾਰਮਿਕ ਕੱਟੜਵਾਦੀ ਜ਼ਹਿਰ ਉਗਲਣ ਵਾਲੇ ਕਾਤਲਾਂ ਦੇ ਟੋਲੇ ਬਿਨ੍ਹਾਂ ਕਿਸੀ ਸਰਕਾਰੀ ਰੋਕ ਟੋਕ ਦੇ ਦਨਦਨਾਂਦੇ ਫਿਰਦੇ ਹਨ; ਪਰ 1985-1992 ਦੇ ਸਮੇਂ ਦੌਰਾਨ ਅਜਿਹੇ ਕਾਤਲਾਂ ਦੇ ਗ੍ਰੋਹਾਂ ਨੇ ਪੰਜਾਬ ਵਿੱਚ ਜਿੰਨੀ ਦਹਿਸ਼ਤ ਫੈਲਾਈ ਅਤੇ ਜਿੰਨਾ ਸੰਤਾਪ ਪੰਜਾਬ ਦੇ ਲੋਕਾਂ ਨੇ ਭੋਗਿਆ ਉਸ ਤਰ੍ਹਾਂ ਦੀ ਦਰਦਨਾਕ ਸਥਿਤੀ ‘ਚੋਂ ਇੰਡੀਆ ਦੇ ਕਿਸੀ ਹੋਰ ਪ੍ਰਾਂਤ ਦੇ ਲੋਕਾਂ ਨੂੰ ਲੰਘਣਾ ਨਹੀਂ ਪਿਆ। ਰਾਮਪੁਰੀ ਪੰਜਾਬ ਦੇ ਲੋਕਾਂ ਵੱਲੋਂ ਭੋਗੇ ਗਏ ਇਸ ਸੰਤਾਪ ਦੀ ਜਿੰਮੇਵਾਰੀ, ਬਿਨ੍ਹਾਂ ਕਿਸੀ ਸੰਕੋਚ ਦੇ, ਇੰਡੀਆ ਵਿੱਚ ਹਕੂਮਤ ਕਰ ਰਹੇ ਰਾਜਨੀਤੀਵਾਨਾਂ ਦੇ ਟੋਲੇ ਦੇ ਉਨ੍ਹਾਂ ਚੌਧਰੀਆਂ ਉੱਤੇ ਲਗਾਉਂਦਾ ਹੈ ਜਿਨ੍ਹਾਂ ਨੇ ਪੰਜਾਬ ਦਾ ਰਾਜਨੀਤਿਕ ਮਾਹੌਲ ਵਿਗਾੜਨ ਲਈ ਇੱਕ ਧਾਰਮਿਕ ਕੱਟੜਵਾਦੀ ਸੰਤ ਨੂੰ ਉਤਸਾਹਤ ਕੀਤਾ। ਇਸ ਧਾਰਮਿਕ ਕੱਟੜਵਾਦੀ ਸੰਤ ਨੇ ਧਰਮ ਦੇ ਨਾਮ ਉੱਤੇ ਆਮ ਲੋਕਾਂ ਦੀਆਂ ਹੱਤਿਆਵਾਂ ਕਰਨ ਲਈ ਆਪਣੇ ਨਾਲ ਗੁੰਡਿਆਂ, ਕਾਤਲਾਂ ਅਤੇ ਦਹਿਸ਼ਤਗਰਦਾਂ ਦੇ ਟੋਲੇ ਜੋੜ ਲਏ। ਜਿਨ੍ਹਾਂ ਨੇ ਆਪਣੇ ਮੋਢਿਆਂ ਉੱਤੇ ਰੱਖੀਆਂ ਏ.ਕੇ.-47 ਮਸ਼ੀਨ ਗੰਨਾਂ ‘ਚੋਂ ਨਿਕਲਦੀਆਂ ਗੋਲੀਆਂ ਦੀ ਬਰਖਾ ਨਾਲ ਬੱਸਾਂ, ਗੱਡੀਆਂ, ਕਾਰਾਂ, ਵੈਨਾਂ ਵਿੱਚ ਸਫਰ ਕਰ ਰਹੇ ਭੋਲੇ-ਭਾਲੇ ਅਤੇ ਬੇਕਸੂਰ ਲੋਕਾਂ ਦਾ ਕਤਲੇਆਮ ਕੀਤਾ ਅਤੇ ਪੰਜਾਬ ਦੀਆਂ ਸੜਕਾਂ, ਚੌਰਸਤੇ ਅਤੇ ਖੇਤ ਲੋਕਾਂ ਦੇ ਜਿਸਮਾਂ ‘ਚੋਂ ਬਹਿ ਰਹੇ ਖ਼ੂਨ ਨਾਲ ਰੰਗ ਦਿੱਤੇ। ਪੰਜਾਬ ਵਿੱਚ ਅਜਿਹੇ ਰਾਜਨੀਤਿਕ ਅਪਰਾਧੀਕਰਨ ਦਾ ਪਾਸਾਰ ਕਰਨ ਵਾਲੇ ਰਾਜਨੀਤਿਕ ਚੌਧਰੀਆਂ ਦੇ ਚਿਹਰਿਆਂ ਉੱਤੋਂ ਮੁਖੌਟੇ ਲਾਹੁਣ ਦਾ ਕੰਮ ਗੁਰਚਰਨ ਰਾਮਪੁਰੀ ਆਪਣੀ ਨਜ਼ਮ ‘ਅਪਰਾਧੀ’ ਵਿੱਚ ਪੂਰੀ ਸਪੱਸ਼ਟਤਾ ਅਤੇ ਦਲੇਰੀ ਨਾਲ ਕਰਦਾ ਹੈ। ਰਾਮਪੁਰੀ ਅਜਿਹੇ ਅਪਰਾਧੀ ਕਿਸਮ ਦੇ ਰਾਜਨੀਤੀਵਾਨਾਂ ਦੀ ਨਿਸ਼ਾਨਦੇਹੀ ਕਰਨ ਲੱਗਿਆਂ ਬਹੁਤ ਬੇਲਿਹਾਜ਼ ਹੋ ਜਾਂਦਾ ਹੈ:
ਦੋਸ਼ੀ ਉਹ ਹੈ
ਜਿਨ੍ਹੇਂ ਨਿਤਾਣੇ ਸੱਪ ਦੇ ਸਿਰ ਤੇ ਨਕਲੀ ਮਣੀ ਟਿਕਾਈ
ਉਸਨੂੰ ਦੁੱਧ ਪਿਲਾਇਆ
ਉੱਚੀ ਸੱਥ ‘ਚ ਡੋਰੂ ਆਪ ਬਜਾਇਆ
ਖਾੜਾ ਲਾਇਆ
ਜ਼ਹਿਰੀ ਫਨੀਅਰ
ਆਪਣੇ ਗਲ ਦਾ ਹਾਰ ਬਣਾਇਆ
----
ਗੁਰਚਰਨ ਰਾਮਪੁਰੀ ਦੇ ਕਾਵਿ-ਸੰਗ੍ਰਹਿ ‘ਅਗਨਾਰ’ ਦੀਆਂ ਵਧੇਰੇ ਨਜ਼ਮਾਂ ਨੂੰ ਸਮਝਣ ਲਈ ਭਾਰਤੀ ਮਿਥਿਹਾਸ ਅਤੇ 1978-1993 ਤੱਕ ਦੇ ਸਮੇਂ ਦੌਰਾਨ ਪੰਜਾਬ ਵਿੱਚ ਵਾਪਰੀਆਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਘਟਨਾਵਾਂ ਬਾਰੇ ਜਾਣਕਾਰੀ ਹੋਣੀ ਕਾਫੀ ਲਾਹੇਵੰਦ ਰਹੇਗੀ। ਅਜਿਹੀ ਜਾਣਕਾਰੀ ਹੋਣ ਸਦਕਾ ਰਾਮਪੁਰੀ ਦੀ ਕਵਿਤਾ ਦਾ ਪਾਠਕ ਸਹਿਜੇ ਹੀ ਸਮਝ ਸਕੇਗਾ ਕਿ ਜਦੋਂ ਰਾਮਪੁਰੀ ਆਪਣੀਆਂ ਕਵਿਤਾਵਾਂ ਵਿੱਚ ਭਾਰਤੀ ਮਿਥਿਹਾਸ ਦੇ ਕਿਸੇ ਬਹੁ-ਚਰਚਿਤ ਕਿਰਦਾਰ ਦਾ ਜ਼ਿਕਰ ਕਰਦਾ ਹੈ ਤਾਂ ਉਹ ਪੰਜਾਬ/ਇੰਡੀਆ ਦੀ ਰਾਜਨੀਤੀ ਵਿੱਚ ਉੱਭਰੇ ਕਿਸੇ ਰਾਜਨੀਤਿਕ/ਸਮਾਜਿਕ/ਸਭਿਆਚਾਰਕ/ਧਾਰਮਿਕ ਆਗੂ ਜਾਂ ਕਿਰਦਾਰ ਦਾ ਹਵਾਲਾ ਦੇ ਰਿਹਾ ਹੈ। ਰਾਮਪੁਰੀ ਦੀਆਂ ਅਜਿਹੀਆਂ ਨਜ਼ਮਾਂ ਇਕਹਿਰੀ ਸਤਹ ਵਾਲੀਆਂ ਨਜ਼ਮਾਂ ਨਹੀਂ ਹਨ। ਇਨ੍ਹਾਂ ਨਜ਼ਮਾਂ ਨੂੰ ਸਮਝਣ ਲਈ ਭਾਰਤੀ ਮਿਥਿਹਾਸ/ਇਤਿਹਾਸ ਦੇ ਤਹਿਖਾਨਿਆਂ ਵਿੱਚ ਉਤਰਨਾ ਪੈਂਦਾ ਹੈ ਅਤੇ ਸਮੇਂ ਦੀ ਗਰਦ-ਗੁਬਾਰ ਹੇਠ ਦੱਬੇ ਪਏ ਇਨ੍ਹਾਂ ਕਿਰਦਾਰਾਂ ਦੇ ਚਿਹਰਿਆਂ ਤੋਂ ਮਿੱਟੀ ਝਾੜ ਕੇ ਪਹਿਚਾਨਣਾ ਪੈਂਦਾ ਹੈ ਕਿ ਸਾਡੇ ਸਮਿਆਂ ਵਿੱਚ ਇਨ੍ਹਾਂ ਕਿਰਦਾਰਾਂ ਨੇ ਕਿਸ ਰੂਪ ਵਿੱਚ ਮੁੜ ਜਨਮ ਲਿਆ ਹੈ। ਇਹ ਗੱਲ ਸਮਝਣ ਲਈ ਰਾਮਪੁਰੀ ਦੀ ਨਜ਼ਮ ‘ਅਜੇ ਹਸਤਨਾਪੁਰ ਦੇ ਉਤੇ ਦੁਰਯੋਦਨ ਦਾ ਰਾਜ’ ਸਾਡੇ ਲਈ ਸਹਾਈ ਹੋ ਸਕਦੀ ਹੈ:
ਝੂਠ ਬੋਲਦਾ ਰਾਜਕੁਮਾਰ:
‘ਵੱਡਾ ਬਿਰਛ ਜਦੋਂ ਡਿੱਗਦਾ ਹੈ
ਤਾਂ ਧਰਤੀ ਹਿੱਲਦੀ ਹੀ ਹੁੰਦੀ’
ਇਹ ਕਹਿ ਕੇ ਉਸ ਨੇ ਮਾਸੂਮਾਂ ਤੇ ਛੱਡੇ ਬਘਿਆੜ
ਆਪ ਮਹਿਲ ਵਿੱਚ ਜਾ ਲੁਕਿਆ ਰਾਜ ਕੁਮਾਰ
----
‘ਅਗਨਾਰ’ ਕਾਵਿ-ਸੰਗ੍ਰਹਿ ਵਿੱਚ ਮਹਿਜ਼ ਪੰਜਾਬ ਦੇ ਸੰਤਾਪ ਜਾਂ ਭਾਰਤ ਦੇ ਰਾਜਨੀਤਿਕ ਭ੍ਰਿਸ਼ਟਾਚਾਰ ਦੀਆਂ ਹੀ ਗੱਲਾਂ ਨਹੀਂ ਕੀਤੀਆਂ ਗਈਆਂ; ਰਾਮਪੁਰੀ ਨੇ ਇਸ ਕਾਵਿ-ਸੰਗ੍ਰਹਿ ਵਿੱਚ ਆਪਣੀਆਂ ਨਜ਼ਮਾਂ ਰਾਹੀਂ ਹੋਰ ਵੀ ਅਨੇਕਾਂ ਮਹੱਤਵ-ਪੂਰਨ ਵਿਸਿ਼ਆਂ ਬਾਰੇ ਚਰਚਾ ਛੇੜਿਆ ਹੈ।
ਭਾਰਤੀ ਮੂਲ ਦੇ ਲੋਕਾਂ ਨੂੰ ਹਜ਼ਾਰਾਂ ਸਾਲ ਪੁਰਾਣੇ ਆਪਣੇ ਭਾਰਤੀ ਸਭਿਆਚਾਰ ਉੱਤੇ ਬੜਾ ਮਾਣ ਹੈ। ਅਜੋਕੇ ਸਮਿਆਂ ਵਿੱਚ ਭਾਰਤ ਨੇ ਆਰਥਿਕ ਤੌਰ ਉੱਤੇ ਅਤੇ ਵਿਗਿਆਨ/ਤਕਨਾਲੋਜੀ ਦੇ ਖੇਤਰ ਵਿੱਚ ਬਹੁਤ ਤਰੱਕੀ ਕੀਤੀ ਹੈ। ਪਰ ਸਮਾਜਿਕ ਅਤੇ ਸਭਿਆਚਾਰਕ ਤੌਰ ਉੱਤੇ ਉਹ ਅਜੇ ਵੀ ਪੱਛੜਿਆ ਹੋਇਆ ਹੈ। ਹਜ਼ਾਰਾਂ ਸਾਲ ਬੀਤ ਜਾਣ ਬਾਹਦ ਵੀ ਜ਼ਾਤ-ਪਾਤ ਦਾ ਕੋਹੜ ਭਾਰਤੀ ਸਮਾਜ ਦਾ ਪਿੱਛਾ ਨਹੀਂ ਛੱਡ ਸਕਿਆ। ਅੱਜ ਵੀ ਭਾਰਤ ਦੇ ਅਨੇਕਾਂ ਹਿੱਸਿਆਂ ਵਿੱਚ ‘ਨੀਂਵੀਂ ਜ਼ਾਤ ਦੇ’ ਜਾਂ ‘ਅਛੂਤ ਲੋਕ’ ਕਹਿਕੇ ਕਰੋੜਾਂ ਲੋਕਾਂ ਉੱਤੇ ਉੱਚੀਆਂ ਜ਼ਾਤਾਂ ਵਾਲੇ ਲੋਕਾਂ ਵੱਲੋਂ ਅੱਤਿਆਚਾਰ ਕੀਤੇ ਜਾਂਦੇ ਹਨ। ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ; ਉਨ੍ਹਾਂ ਲੋਕਾਂ ਦੀਆਂ ਪਤਨੀਆਂ, ਧੀਆਂ ਅਤੇ ਨੂੰਹਾਂ ਦੇ ਸਮੂਹਕ ਬਲਾਤਕਾਰ ਕੀਤੇ ਜਾਂਦੇ ਹਨ; ਉਨ੍ਹਾਂ ਲੋਕਾਂ ਨੂੰ ਧਾਰਮਿਕ ਅਸਥਾਨਾਂ ਅੰਦਰ ਵੜ੍ਹਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਉਨ੍ਹਾਂ ਖੂਹਾਂ ਤੋਂ ਪੀਣ ਲਈ ਸਾਫ ਪਾਣੀ ਲਿਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਨ੍ਹਾਂ ਖੂਹਾਂ ਤੋਂ ਅਮੀਰ ਅਤੇ ਉੱਚੀਆਂ ਜ਼ਾਤਾਂ ਵਾਲੇ ਲੋਕ ਪਾਣੀ ਭਰਦੇ ਹਨ। ਭਾਰਤੀ ਸਮਾਜ ਵਿੱਚ ਜ਼ਾਤ-ਪਾਤ ਦਾ ਇਹ ਕੋਹੜ ਹਜ਼ਾਰਾਂ ਸਾਲ ਪਹਿਲਾਂ ਮਨੂੰ ਨਾਮ ਦੇ ਇੱਕ ਵਿਅਕਤੀ ਨੇ ਫੈਲਾਇਆ ਸੀ। ਅੱਜ ਭਾਰਤ ਦੇ ਹੁਕਮਰਾਨ ਭਾਵੇਂ ਦਿਖਾਵੇ ਲਈ ਜਿੰਨੇ ਮਰਜ਼ੀ ਨਾਹਰੇ ਮਾਰਨ ਕਿ ਭਾਰਤ ਇੱਕ ਆਜਾਦ ਮੁਲਕ ਹੈ, ਭਾਰਤ ਇੱਕ ਹੈ, ਭਾਰਤ ਦੇ ਲੋਕ ਇੱਕ ਹਨ; ਪਰ ਸੱਚਾਈ ਇਹ ਹੈ ਕਿ ਅੱਜ ਵੀ ਭਾਰਤ ਵਿੱਚ ਦਲਿਤ ਲੋਕ/ਦੱਬੇ-ਕੁਚਲੇ ਲੋਕ ਹਜ਼ਾਰਾਂ ਸਾਲ ਪਹਿਲਾਂ ਮਨੂੰ ਵੱਲੋਂ ਭਾਰਤੀ ਸਮਾਜ ਵਿੱਚ ਫੈਲਾਏ ਜ਼ਾਤ-ਪਾਤ ਦੇ ਕੋਹੜ ਦੇ ਨਾਮ ਉੱਤੇ ਪਾਈਆਂ ਗਈਆਂ ਲਕੀਰਾਂ ਕਾਰਨ ਉੱਚੀ ਜ਼ਾਤ ਦੇ ਹੰਕਾਰ ਨਾਲ ਭਰੀ ਮਾਨਸਿਕਤਾ ਵਾਲੇ ਹੈਂਕੜਬਾਜ਼ਾਂ ਦੇ ਪੈਰਾਂ ਹੇਠ ਦਰੜੇ ਜਾ ਰਹੇ ਹਨ। ਭਾਰਤ ਉਦੋਂ ਤੱਕ ਆਪਣੇ ਆਪ ਨੂੰ ਇੱਕ ਆਜ਼ਾਦ ਮੁਲਕ ਨਹੀਂ ਕਹਿਲਾ ਸਕਦਾ ਜਦੋਂ ਤੱਕ ਕਿ ਭਾਰਤੀ ਸਮਾਜ ਵਿੱਚ ਮਨੂੰਵਾਦ ਵੱਲੋਂ ਪਾਈਆਂ ਗਈਆਂ ਜ਼ਾਤ-ਪਾਤ ਦੀਆਂ ਲਕੀਰਾਂ ਸਦਾ ਸਦਾ ਲਈ ਮਿਟਾ ਨਹੀਂ ਦਿੱਤੀਆਂ ਜਾਂਦੀਆਂ ਅਤੇ ਭਾਰਤ ਦੇਸ਼ ਵਿੱਚ ਵਸਣ ਵਾਲੇ ਹਰ ਆਦਮੀ/ਔਰਤ ਨੂੰ ਇੱਕੋ ਜਿਹੇ ਅਧਿਕਾਰ ਪ੍ਰਾਪਤ ਨਹੀਂ ਹੋ ਜਾਂਦੇ। ਭਾਰਤੀ ਸਮਾਜ ਦੀ ਅਜਿਹੀ ਤਰਸਯੋਗ ਹਾਲਤ ਦਾ ਬਿਆਨ ਗੁਰਚਰਨ ਰਾਮਪੁਰੀ ਆਪਣੀ ਨਜ਼ਮ ‘ਖ਼ਾਕ ਅਗੇਰੇ ਪਰ ਮਨ ਪਛੜੇ’ ਵਿੱਚ ਪੂਰੀ ਦ੍ਰਿੜਤਾ ਨਾਲ ਕਰਦਾ ਹੈ:
ਸਿਰਜਕ ਹੱਥ ਕਰੋੜਾਂ ਰੁੱਝੇ
ਲੀਕਾਂ ਕਈ ਹਜ਼ਾਰ
ਪਰ ਅੱਜ ਵੀ ਮੱਧਮ ਨਾ ਹੋਈਆਂ
ਮਨੂੰ ਮਾਰੀਆਂ ਚਾਰ
ਖ਼ਾਕ ਅਗੇਰੇ ਪਰ ਮਨ ਪਛੜੇ
ਭੀੜ ‘ਚ ਹਾਹਾਕਾਰ
----
ਰਾਮਪੁਰੀ ਇਸ ਗੱਲ ਵਿੱਚ ਵਿਸ਼ਵਾਸ ਕਰਦਾ ਹੈ ਕਿ ਸਾਡੇ ਸਮਾਜ ਵਿੱਚ ਉਦੋਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਜਦੋਂ ਲੋਕ ਆਪ ਸੋਚਣਾ ਬੰਦ ਕਰ ਦਿੰਦੇ ਹਨ ਅਤੇ ਸੁਣੀ ਸੁਣਾਈ ਗੱਲ ਉੱਤੇ ਇਤਬਾਰ ਕਰ ਲੈਂਦੇ ਹਨ। ਅਜੋਕੇ ਸਮਿਆਂ ਵਿੱਚ ਲੋਕ ਆਪਣੀ ਜਿ਼ੰਦਗੀ ਦੇ ਰੁਝੇਵਿਆਂ ਵਿੱਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਕਿਸੇ ਸੁਣੀ ਗੱਲ ਦੀ ਪੁਸ਼ਟੀ ਕਰਨ ਲਈ ਤੱਥਾਂ ਦੀ ਤਲਾਸ਼ ਕਰਨ ਦਾ ਕੋਈ ਸਮਾਂ ਨਹੀਂ। ਅਨੇਕਾਂ ਮਨੁੱਖੀ ਸੰਕਟਾਂ ਦੀ ਜੜ੍ਹ ਮੌਕਾਪ੍ਰਸਤ, ਚਲਾਕ ਅਤੇ ਸ਼ੈਤਾਨ ਕਿਸਮ ਦੇ ਲੋਕਾਂ ਵੱਲੋਂ ਕਿਸੀ ਗੱਲ ਜਾਂ ਘਟਨਾ ਬਾਰੇ ਕੀਤਾ ਗਿਆ ਝੂਠਾ ਅਤੇ ਬੇਬੁਨਿਆਦ ਪਰਚਾਰ ਹੀ ਹੁੰਦਾ ਹੈ। ਅਜਿਹੀ ਸਥਿਤੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਸੰਕਟਮਈ ਘੜੀਆਂ ਤੋਂ ਮੁਕਤ ਕਰਨ ਦਾ ਰਾਹ ਰਾਮਪੁਰੀ ਆਪਣੀ ਨਜ਼ਮ ‘ਇਸ ਘਰ ਨੂੰ ਮੁੜ ਸੋਚਣ ਲਾਓ’ ਵਿੱਚ ਦੱਸਦਾ ਹੈ। ਉਸ ਵੱਲੋਂ ਦੱਸੇ ਗਏ ਸੁਝਾਵਾਂ ਵਿੱਚ ਜ਼ਰੂਰ ਵਜ਼ਨ ਹੈ। ਜਿਸ ਕਾਰਨ ਉਸ ਦੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਅਸੀਂ ਰਾਮਪੁਰੀ ਦੀ ਕਵਿਤਾ ਵਿਚਲੇ ਦਾਰਸ਼ਨਿਕ ਪਹਿਲੂਆਂ ਤੋਂ ਵੀ ਭਲੀ ਭਾਂਤ ਜਾਣੂੰ ਹੋ ਜਾਂਦੇ ਹਾਂ:
ਇਸ ਘਰ ਨੂੰ ਮੁੜ ਸੋਚਣ ਲਾਓ
ਇਸ ਨੂੰ ਚੁੱਪ ਦੀ ਜਾਚ ਸਿਖਾਓ
ਇਸ ਨੂੰ ਆਖੋ: ਫੇਰ ਸਮਾਧੀ ਲੱਭੇ ਲਾਵੇ
ਤਾਜ ਤਖਤ ਗੱਦੀ ਠੁਕਰਾਵੇ
ਸੱਚ ਕੀਰਤੀ ਮੁੜ ਕੇ ਗਾਵੇ
----
ਮਨੁੱਖੀ ਸਭਿਅਤਾ ਦੀ ਤਰੱਕੀ ਵਿੱਚ ‘ਸ਼ਬਦ’ ਦੀ ਬਹੁਤ ਵੱਡੀ ਦੇਣ ਹੈ। ਗਿਆਨ-ਵਿਗਿਆਨ ਸ਼ਬਦਾਂ ਰਾਹੀਂ ਹੀ ਫੈਲਦਾ ਹੈ. ਮਨੁੱਖੀ ਸਭਿਅਤਾ ਦੇ ਹਰ ਖੇਤਰ ਵਿੱਚ ਹਜ਼ਾਰਾਂ ਸਾਲਾਂ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਬਾਰੇ ਅਸੀਂ ਸ਼ਬਦਾਂ ਦੇ ਮਾਧਿਅਮ ਰਾਹੀਂ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਕੁਝ ਲੋਕਾਂ ਨੇ ਸ਼ਬਦਾਂ ਦੇ ਮਾਧਿਅਮ ਦੀ ਗਲਤ ਵਰਤੋਂ ਕਰਕੇ ਮਨੁੱਖੀ ਤਬਾਹੀ ਕੀਤੀ। ਹਿਟਲਰ ਅਤੇ ਮੂਸੋਲੀਨੀ ਵਰਗੇ ਨਾਜ਼ੀਆਂ ਨੇ ‘ਸ਼ਬਦਾਂ’ ਦੇ ਮਾਧਿਅਮ ਨੂੰ ਆਪਣੇ ਅਤਿਆਚਾਰਾਂ ਦੇ ਪਾਸਾਰ ਕਰਨ ਲਈ ਹੀ ਵਰਤਿਆ। ਪਰ ਮਨੁੱਖੀ ਸਭਿਅਤਾ ਦਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਰੌਸ਼ਨ ਦਿਮਾਗ਼ਾਂ ਨੇ ਸ਼ਬਦ ਦੇ ਮਾਧਿਅਮ ਨੂੰ ਮਨੁੱਖੀ ਸਭਿਅਤਾ ਵੱਲੋਂ ਗਿਆਨ/ਵਿਗਿਆਨ/ਦਰਸ਼ਨ/ਤਕਨਾਲੋਜੀ ਦੇ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਦੇ ਪਾਸਾਰ ਕਰਨ ਅਤੇ ਲੋਕ ਕਲਿਆਨ ਹਿਤ ਹੀ ਵਰਤਿਆ ਹੈ।
----
ਗੁਰਚਰਨ ਰਾਮਪੁਰੀ ਵੱਲੋਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਧਾਰਮਿਕ, ਆਰਥਿਕ, ਮਿਥਿਹਾਸਕ, ਇਤਿਹਾਸਕ ਅਤੇ ਦਾਰਸ਼ਨਿਕ ਪੱਧਰ ਉੱਤੇ ਚੇਤਨਾ ਪੈਦਾ ਕਰਨ ਵਾਲੀਆਂ ਕਵਿਤਾਵਾਂ ਦਾ ਪ੍ਰਕਾਸ਼ਿਤ ਕੀਤਾ ਗਿਆ ਕਾਵਿ-ਸੰਗ੍ਰਹਿ ‘ਅਗਨਾਰ’ ਕੈਨੇਡੀਅਨ ਪੰਜਾਬੀ ਸਾਹਿਤ ਨੂੰ ਅਨੇਕਾਂ ਪਹਿਲੂਆਂ ਤੋਂ ਅਮੀਰ ਬਣਾਉਂਦਾ ਹੈ। ਅਜਿਹੀ ਜ਼ਿਕਰ ਯੋਗ ਪੁਸਤਕ ਪ੍ਰਕਾਸ਼ਿਤ ਕਰਨ ਲਈ ਰਾਮਪੁਰੀ ਨੂੰ ਮੇਰੀਆਂ ਸ਼ੁੱਭ ਇੱਛਾਵਾਂ।
No comments:
Post a Comment