ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, March 30, 2009

ਸੁਖਿੰਦਰ - ਲੇਖ

ਉਦਾਸ ਵਰਤਮਾਨ ਤੋਂ ਆਸ ਦੀ ਆਹਟ ਤੱਕ ਕੁਲਵਿੰਦਰ ਖਹਿਰਾ

ਲੇਖ

ਕੈਨੇਡੀਅਨ ਪੰਜਾਬੀ ਸਾਹਿਤ ਜਗਤ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਜਿਨ੍ਹਾਂ ਨਵੇਂ ਲੇਖਕਾਂ ਦਾ ਨਾਮ ਚਰਚਾ ਵਿੱਚ ਆਉਣਾ ਸ਼ੁਰੂ ਹੋਇਆ ਹੈ ਉਨ੍ਹਾਂ ਵਿੱਚ ਕੁਲਵਿੰਦਰ ਖਹਿਰਾ ਦਾ ਨਾਮ ਵੀ ਸ਼ਾਮਿਲ ਹੈ।

ਭਾਵੇਂ ਕਿ ਉਹ ਸਾਹਿਤ ਦੇ ਕਈ ਰੂਪਾਂ ਵਿੱਚ ਰਚਨਾਵਾਂ ਰਚ ਰਿਹਾ ਹੈ - ਪਰ ਮੂਲ ਰੂਪ ਵਿੱਚ ਉਸਦਾ ਝੁਕਾਅ ਗ਼ਜ਼ਲ ਲਿਖਣ ਵੱਲ ਹੀ ਹੈ।

ਇਨ੍ਹਾਂ ਸਾਲਾਂ ਦੌਰਾਨ ਕੁਲਵਿੰਦਰ ਖਹਿਰਾ ਨੇ ਆਪਣਾ ਪਹਿਲਾ ਕਾਵਿ-ਸੰਗ੍ਰਹਿ ਪੀੜ ਦੀ ਪਰਵਾਜ਼ਵੀ ਪ੍ਰਕਾਸ਼ਿਤ ਕੀਤਾ ਹੈ। ਜਿਸ ਵਿੱਚ ਉਸਨੇ ਭਾਵੇਂ ਕਿ ਗਿਣਤੀ ਦੀਆਂ ਕੁਝ ਕੁ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਹਨ, ਪਰ ਵਧੇਰੇ ਕਰਕੇ ਇਸ ਪੁਸਤਕ ਵਿੱਚ ਗ਼ਜ਼ਲਾਂ ਹੀ ਹੋਣ ਕਾਰਨ ਇਸ ਪੁਸਤਕ ਨੂੰ ਕੁਲਵਿੰਦਰ ਖਹਿਰਾ ਦਾ ਗ਼ਜ਼ਲ-ਸੰਗ੍ਰਹਿ ਵੀ ਕਿਹਾ ਜਾ ਸਕਦਾ ਹੈ।

----

ਪੀੜ ਦੀ ਪਰਵਾਜ਼ਦੇ ਸ਼ੁਰੂ ਵਿੱਚ ਹੀ ਕੁਲਵਿੰਦਰ ਖਹਿਰਾ ਇਹ ਗੱਲ ਸਪੱਸ਼ਟ ਕਰ ਦਿੰਦਾ ਹੈ ਕਿ ਉਸ ਦੀਆਂ ਗ਼ਜ਼ਲਾਂ ਉਸ ਦੀ ਰੂਹ ਦੀ ਆਵਾਜ਼ ਹਨ ਅਤੇ ਜਿਹੜੀਆਂ ਗੱਲਾਂ ਨਿਤਾਪ੍ਰਤੀ ਦੀ ਜ਼ਿੰਦਗੀ ਵਿੱਚ ਕਹਿਣ ਦਾ ਉਸਦਾ ਹੌਂਸਲਾ ਨਹੀਂ ਪੈਂਦਾ ਪਰ ਉਹ ਇਹ ਵੀ ਸਮਝਦਾ ਹੈ ਕਿ ਉਹ ਗੱਲਾਂ ਕਹਿਣ ਤੋਂ ਬਿਨ੍ਹਾਂ ਉਸਦੀ ਰੂਹ ਨੂੰ ਆਰਾਮ ਨਹੀਂ ਆਵੇਗਾ - ਉਨ੍ਹਾਂ ਗੱਲਾਂ ਨੂੰ ਉਹ ਆਪਣੀਆਂ ਗ਼ਜ਼ਲਾਂ ਦੇ ਸ਼ਿਅਰਾਂ ਰਾਹੀਂ ਬਿਆਨ ਕਰਦਾ ਹੈ।

ਇੱਕ ਸੁਚੇਤ ਕਵੀ ਵਾਂਗ ਕੁਲਵਿੰਦਰ ਖਹਿਰਾ ਆਪਣੇ ਪਾਠਕਾਂ ਨੂੰ ਇਸ ਗੱਲ ਬਾਰੇ ਵੀ ਚੰਗੀ ਤਰ੍ਹਾਂ ਸਪੱਸ਼ਟ ਕਰ ਦੇਣਾ ਆਪਣੀ ਜਿੰਮੇਵਾਰੀ ਸਮਝਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਸ਼ੇਅਰ ਕੋਈ ਧੁਰ ਕੀ ਬਾਣੀਨਹੀਂ; ਬਲਕਿ ਇਹ ਤਾਂ ਉਸਦੀ ਮਾਨਸਿਕਤਾ ਉੱਤੇ ਪਏ ਦੁੱਖਾਂ ਦਰਦਾਂ ਦੇ ਪ੍ਰਭਾਵਾਂ ਦਾ ਕਾਵਿਕ ਬਿਆਨ ਹੈ।

----

ਇਸ ਕਾਵਿ ਸੰਗ੍ਰਹਿ ਵਿਚਲੀਆਂ ਰਚਨਾਵਾਂ ਪੜ੍ਹ ਕੇ ਪਾਠਕ ਨੂੰ ਇਸ ਗੱਲ ਦਾ ਸਹਿਜੇ ਹੀ ਅਹਿਸਾਸ ਹੋ ਜਾਂਦਾ ਹੈ ਕਿ ਕੁਲਵਿੰਦਰ ਖਹਿਰਾ ਐਵੇਂ ਹੀ ਗੋਲ ਮੋਲ ਗੱਲਾਂ ਕਰਕੇ ਪਾਠਕ ਦਾ ਸਮਾਂ ਜਾਇਆ ਕਰਨ ਵਾਲਾ ਲੇਖਕ ਨਹੀਂ। ਉਹ ਇਸ ਗੱਲ ਦਾ ਵੀ ਧਿਆਨ ਰੱਖਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਸ਼ਿਅਰ ਤਕਨੀਕ ਪੱਖੋਂ ਵੀ ਵਧੀਆ ਹੋਣ ਅਤੇ ਵਿਸ਼ੇ ਦੀ ਪੇਸ਼ਕਾਰੀ ਪੱਖੋਂ ਵੀ। ਉਹ ਅਜਿਹੀ ਸ਼ਾਇਰੀ ਰਚਣ ਵੱਲ, ਨਿਰਸੰਦੇਹ, ਰੁਚਿਤ ਨਹੀਂ ਜੋ ਕਿ ਪਾਠਕ ਦੀ ਚੇਤਨਤਾ ਨੂੰ ਪ੍ਰਭਾਵਤ ਨ ਕਰਦੀ ਹੋਵੇ। ਪਾਠਕ ਦੀ ਚੇਤਨਤਾ ਨੂੰ ਕੋਈ ਲਿਖਤ ਤਾਂ ਹੀ ਪ੍ਰਭਾਵਤ ਕਰ ਸਕਦੀ ਹੈ ਜੇਕਰ ਉਸ ਲਿਖਤ ਨੂੰ ਪੜ੍ਹਨ ਵੇਲੇ ਉਸ ਲਿਖਤ ਦਾ ਪਾਠਕ ਇਸ ਗੱਲ ਨਾਲ ਕਾਇਲ ਹੋ ਜਾਵੇ ਕਿ ਲੇਖਕ ਦੀਆਂ ਲਿਖਤਾਂ ਜੋ ਕੁਝ ਕਹਿ ਰਹੀਆਂ ਹਨ ਉਹ ਸੱਚ ਹੀ ਕਹਿ ਰਹੀਆਂ ਹਨ। ਇਸ ਗੱਲ ਵਿੱਚ ਕੁਲਵਿੰਦਰ ਖਹਿਰਾ ਨੂੰ ਵੀ ਪੂਰਾ ਪੂਰਾ ਯਕੀਨ ਹੈ. ਤਾਂ ਹੀ ਤਾਂ ਉਹ ਕਹਿੰਦਾ ਹੈ:

ਸ਼ਾਇਰ ਮਰੇ, ਜਦ ਕਲਮ ਓਸ ਦੀ

ਸੱਚ ਕਹਿਣੋਂ ਡਰ ਜਾਵੇ

----

ਕੁਲਵਿੰਦਰ ਖਹਿਰਾ ਆਪਣੀ ਗੱਲ ਕਹਿਣ ਵੇਲੇ ਕੋਈ ਵਲ ਵਲੇਂਵੇਂ ਨਹੀਂ ਪਾਉਂਦਾ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਅਤੇ ਚਾਹੇ ਦਾਰਸ਼ਨਿਕ ਮਸਲਾ ਹੀ ਕਿਉਂ ਨ ਹੋਵੇ - ਉਹ ਆਪਣੀ ਗੱਲ ਬੜੇ ਹੀ ਸਪੱਸ਼ਟ ਰੂਪ ਵਿੱਚ ਕਹਿੰਦਾ ਹੈ. ਕਿਉਂਕਿ ਇੱਕ ਚੇਤੰਨ ਸ਼ਾਇਰ ਹੋਣ ਦੇ ਨਾਤੇ ਉਹ ਸਮਝਦਾ ਹੈ ਕਿ ਜਿਨ੍ਹਾਂ ਸਾਧਾਰਨ ਲੋਕਾਂ ਤੱਕ ਉਹ ਆਪਣੀਆਂ ਲਿਖਤਾਂ ਰਾਹੀਂ ਆਪਣੀ ਗੱਲ ਪਹੁੰਚਾਉਣਾ ਚਾਹੁੰਦਾ ਹੈ ਜੇਕਰ ਉਨ੍ਹਾਂ ਨੂੰ ਉਸਦੀਆਂ ਲਿਖਤਾਂ ਪੜ੍ਹਕੇ ਉਸਦੀ ਗੱਲ ਹੀ ਸਮਝ ਨ ਲੱਗੀ ਤਾਂ ਉਸ ਲਈ ਲਿਖਤਾਂ ਲਿਖਣ ਦਾ ਕੀ ਲਾਭ ? ਖਹਿਰਾ ਉਨ੍ਹਾਂ ਲੇਖਕਾਂ ਦੀ ਢਾਣੀ ਵਿੱਚ ਸ਼ਾਮਿਲ ਹੋਣ ਦਾ ਇਛਕ ਨਹੀਂ ਜੋ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਲਿਖਤਾਂ ਏਨੀ ਉੱਚੀ ਪੱਧਰ ਦੀਆਂ ਹਨ ਕਿ ਪਾਠਕ ਇਨ੍ਹਾਂ ਲਿਖਤਾਂ ਨੂੰ ਅੱਜ ਤੋਂ 50 ਜਾਂ 100 ਸਾਲ ਬਾਅਦ ਹੀ ਸਮਝ ਸਕੇਗਾ, ਕਿਉਂਕਿ ਪਾਠਕ ਦੀ ਸੂਝ ਅਜੇ ਵਿਕਸਤ ਨਹੀਂ ਹੋਈ।

----

ਪੀੜ ਦੀ ਪਰਵਾਜ਼ਕਾਵਿ ਸੰਗ੍ਰਹਿ ਵਿੱਚ ਪ੍ਰਵਾਸੀ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਵੀ ਬੜੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਪੱਛਮੀ ਦੇਸ਼ਾਂ ਦਾ ਸਿਸਟਮ ਹੀ ਕੁਝ ਇਸ ਤਰ੍ਹਾਂ ਕੰਮ ਕਰਦਾ ਹੈ ਕਿ ਜਦ ਤੱਕ ਪਤੀ-ਪਤਨੀ ਦੋਵੇਂ ਹੀ ਹੱਢ-ਭੰਨਵੀਂ ਮਿਹਨਤ ਨ ਕਰਨ ਘਰ ਦਾ ਗੁਜ਼ਾਰਾ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਘਰ ਦੇ ਬਿਲਾਂ ਦਾ ਭੁਗਤਾਨ ਕਰਨ ਦੀ ਦੌੜ ਵਿੱਚ ਪਤੀ ਪਤਨੀ ਦੀ ਦੌੜ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਤੱਕ ਲੱਗੀ ਰਹਿੰਦੀ ਹੈ। ਅਨੇਕਾਂ ਹਾਲਤਾਂ ਵਿੱਚ ਉਨ੍ਹਾਂ ਨੂੰ ਕੁਝ ਵਾਧੂ ਡਾਲਰ ਕਮਾਉਣ ਲਈ ਓਵਰ ਟਾਈਮ ਵੀ ਲਗਾਉਣਾ ਪੈਂਦਾ ਹੈ। ਕਈਆਂ ਹਾਲਤਾਂ ਵਿੱਚ ਤਾਂ ਸਥਿਤੀ ਏਨੀ ਗੰਭੀਰ ਹੋ ਜਾਂਦੀ ਹੈ ਕਿ ਪਤੀ ਪਤਨੀ ਨੂੰ ਆਪਣੇ ਬੱਚਿਆਂ ਨਾਲ ਗੱਲ ਕਰਨ ਦਾ ਵੀ ਸਮਾਂ ਨਹੀਂ ਮਿਲਦਾ। ਬੱਚੇ ਸਾਰਾ ਦਿਨ ਬੇਬੀ ਸਿਟਰ ਕੋਲ ਸਮਾਂ ਗੁਜ਼ਾਰਦੇ ਹਨ - ਜਦੋਂ ਤੱਕ ਪਤੀ ਪਤਨੀ ਕੰਮ ਤੋਂ ਥੱਕੇ ਟੁੱਟੇ ਦੇਰ ਰਾਤ ਪਏ ਘਰ ਮੁੜਦੇ ਹਨ ਤਾਂ ਬੱਚੇ ਗੂੜ੍ਹੀ ਨੀਂਦ ਸੌਂ ਰਹੇ ਹੁੰਦੇ ਹਨ ਅਤੇ ਮੁੜ ਸਵੇਰੇ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਹੀ ਪਤੀ ਪਤਨੀ ਮੁੜ ਕੰਮ ਉੱਤੇ ਸਮੇਂ ਸਿਰ ਪਹੁੰਚਣ ਲਈ ਤੁਰ ਪੈਂਦੇ ਹਨ। ਇਸ ਸਮੱਸਿਆ ਨੂੰ ਪੇਸ਼ ਕਰਦੇ ਕੁਲਵਿੰਦਰ ਖਹਿਰਾ ਦੇ ਸ਼ੇਅਰ ਪੜ੍ਹਨ ਯੋਗ ਹਨ :

1. ਬਸ ਕੰਮ, ਕਿਸ਼ਤ, ਨੀਂਦਰ, ਹੈ ਨਿਤਨੇਮ ਸਾਡਾ

ਮਿਲਿਆ ਹੈ ਵੇਖ ਸਾਨੂੰ ਕੀ ਤਰਕ ਜ਼ਿੰਦਗੀ ਦਾ

2. ਬੱਚੇ ਤਾਂ ਹੁੰਦੇ ਨੇ ਬੇਬੀ - ਸਿਟਰਾਂ ਲਈ

ਮਾਪਿਆਂ ਲਈ ਬਸ ਕੰਮ ਤੇਰੇ ਸ਼ਹਿਰ ਵਿਚ

3. ਬਾਲ ਭੁੱਲੇ, ਨੀਂਦ ਰੁੱਸੀ, ਨਾਰ ਵੀ ਗੁੰਮ-ਸੁੰਮ ਰਹੇ

ਮਿਲ ਰਹੀ ਕੀ ਕੀ ਨਾ ਮੈਨੂੰ, ‘ਘਰਬਣਾਵਣ ਦੀ ਸਜ਼ਾ

----

ਅੱਜ ਅਸੀਂ ਬਹੁਤ ਹੀ ਤੇਜ਼ ਰਫਤਾਰ ਵਾਲੀ ਜ਼ਿੰਦਗੀ ਦੇ ਦੌਰ ਵਿੱਚ ਜੀਅ ਰਹੇ ਹਾਂ। ਹਰ ਕੋਈ ਇੱਕ ਦੂਜੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣ ਦੀ ਕਾਹਲ ਵਿੱਚ ਹੈ। ਅਜਿਹੀ ਹਾਲਤ ਵਿੱਚ ਦੋਸਤ ਅਤੇ ਦੁਸ਼ਮਣ, ਆਪਣੇ ਅਤੇ ਬੇਗਾਨੇ ਦੀ ਪਹਿਚਾਣ ਕਰਨੀ ਸੌਖੀ ਨਹੀਂ, ਚਿਹਰੇ ਅਤੇ ਮੁਖੌਟੇ ਦੀ ਪਹਿਚਾਣ ਕਰਨੀ ਸੌਖੀ ਨਹੀਂ. ਅੱਜ ਦੇ ਦੌਰ ਦੀ ਇਹੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਮਹਿਜ਼ ਚੰਦ ਕੁ ਡਾਲਰਾਂ ਪਿੱਛੇ ਕੋਈ ਤੁਹਾਡਾ ਆਪਣਾ ਵੀ ਤੁਹਾਡੀ ਹੱਤਿਆ ਕਰ ਸਕਦਾ ਹੈ। ਕਦਮ ਕਦਮ ਉੱਤੇ ਤੁਹਾਨੂੰ ਸੋਚਣਾ ਪੈਂਦਾ ਹੈ ਕਿ ਤੁਹਾਡੇ ਹੋਠਾਂ ਉੱਤੇ ਸੱਚ ਦੇ ਬੋਲ ਆ ਜਾਣ ਦੀ ਤੁਹਾਨੂੰ ਕਿੰਨ੍ਹੀ ਕੁ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ? ਇਸ ਗੱਲ ਨੂੰ ਕੁਲਵਿੰਦਰ ਖਹਿਰਾ ਦੇ ਸ਼ਿਅਰਾਂ ਵਿੱਚ ਵੀ ਗੂੰਜਦਿਆਂ ਸੁਣ ਸਕਦੇ ਹੋ :

1. ਨੇਰ੍ਹੇ ਦੇ ਦਰਬਾਰੀ ਸੁਣਿਆ ਉਸ ਨੂੰ ਲੱਭਦੇ ਫਿਰਦੇ ਨੇ

ਮਹਿਫ਼ਿਲ ਦੇ ਵਿੱਚ ਬਹਿ ਕੇ ਜਿਸ ਨੇ ਰਾਤੀਂ ਸੀ ਰੁਸ਼ਨਾਈ ਗੱਲ

2. ਕਿਸ ਨੂੰ ਆਪਣਾ ਸਮਝ ਕੇ ਗਲ ਨਾਲ ਲਾਈਏ

ਜਾਪਦਾ ਹਰ ਬਗਲ ਦੇ ਵਿੱਚ ਹੀ ਛੁਰੀ ਹੈ

3. ਰਹੋਗੇ ਚੁਪ ਕਿਵੇਂ, ਆਪਣੇ ਘਰਾਂ ਅੰਦਰ

ਹੈ ਲੰਘ ਆਈ ਬਦੀ ਹੁਣ ਤਾਂ, ਦਰਾਂ ਅੰਦਰ

4. ਕਿਸ ਤਰ੍ਹਾਂ ਕੋਈ ਕਰੇ ਆਪਣੇ ਪਰਾਏ ਦੀ ਪਛਾਣ

ਦਿਨ ਚੜ੍ਹੇ ਤੋਂ ਹੋਰ ਚਿਹਰਾ, ਹੋਰ ਹੁੰਦੈ ਦਿਨ ਢਲੇ

----

ਅਜਿਹੀਆਂ ਪ੍ਰਸਥਿਤੀਆਂ ਵਿੱਚ ਜਦੋਂ ਕਿ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਲੋਕ ਧਰਮ ਦੇ ਨਾਮ ਉੱਤੇ ਇੱਕ ਦੂਜੇ ਦਾ ਕਤਲ ਕਰ ਰਹੇ ਹਨ, ਧਾਰਮਿਕ ਕੱਟੜਵਾਦੀਆਂ ਦੀ ਦਹਿਸ਼ਤ ਦਾ ਦੁਨੀਆਂ ਦੇ ਕੋਨੇ ਕੋਨੇ ਵਿੱਚ ਬੋਲਬਾਲਾ ਹੋ ਰਿਹਾ ਹੈ, ਰਾਜਨੀਤੀਵਾਨਾਂ ਦਾ ਨੈਤਿਕਤਾ ਦੀ ਪੱਖੋਂ ਦੀਵਾਲਾ ਨਿਕਲ ਚੁੱਕਾ ਹੈ - ਕੁਲਵਿੰਦਰ ਖਹਿਰਾ ਨੂੰ ਅਜੇ ਵੀ ਯਕੀਨ ਹੈ ਕਿ ਜ਼ਿੰਦਗੀ ਦੀ ਜੱਦੋਜਹਿਦ ਵਿੱਚ ਜਿੱਤ ਉਨ੍ਹਾਂ ਲੋਕਾਂ ਦੀ ਹੀ ਹੁੰਦੀ ਹੈ ਜੋ ਝੱਖੜਾਂ, ਤੂਫ਼ਾਨਾਂ ਸਾਹਮਣੇ ਵੀ ਹਾਰਦੇ ਨਹੀਂ ਅਤੇ ਦ੍ਰਿੜਤਾ ਨਾਲ ਆਪਣੀ ਮੰਜ਼ਿਲ ਵੱਲ ਆਪਣੇ ਕਦਮ ਪੁੱਟਣੇ ਜਾਰੀ ਰੱਖਦੇ ਹਨ। ਅਜਿਹੇ ਦ੍ਰਿੜ ਇਰਾਦਿਆਂ ਵਾਲੇ ਮਿਹਨਤਕਸ਼ਾਂ ਦੀ ਮਿਹਨਤ ਦੀ ਕਦਰ ਇੱਕ ਦਿਨ ਜ਼ਰੂਰ ਪੈਂਦੀ ਹੈ। ਹੈਮਿੰਗਵੇ ਦਾ ਨਾਵਲ ਬੁੱਢਾ ਆਦਮੀ ਅਤੇ ਸਮੁੰਦਰਪੜ੍ਹਦਿਆਂ ਵੀ ਅਜਿਹੇ ਦ੍ਰਿੜ ਇਰਾਦੇ ਵਾਲੇ ਕਿਰਦਾਰ ਦੇ ਦਰਸ਼ਨ ਹੁੰਦੇ ਹਨ ਜੋ ਸਮੁੰਦਰ ਦੀਆਂ ਲਹਿਰਾਂ ਤੋਂ ਹਾਰ ਨਹੀਂ ਮੰਨਦਾ। ਕੁਲਵਿੰਦਰ ਖਹਿਰਾ ਦੇ ਹੇਠ ਲਿਖੇ ਕੁਝ ਸ਼ਿਅਰ ਵੀ ਹੈਮਿੰਗਵੇ ਦੇ ਨਾਵਲ ਵਿੱਚ ਅਜਿਹੀ ਦ੍ਰਿੜਤਾ ਵਾਲੇ ਕਿਰਦਾਰ ਦਾ ਸਮਰਥਨ ਕਰਦੇ ਜਾਪਦੇ ਹਨ :

1. ਤੂਫ਼ਾਨ ਤੋਂ ਨਾ ਡਰਦੇ, ਬੇੜੀ ਉਡੀਕਦੇ ਨਾ

ਜੋ ਮੰਜ਼ਿਲਾਂ ਦੇ ਆਸ਼ਿਕ, ਜੋ ਪਾਰ ਤਰਨ ਵਾਲੇ

2. ਜੋ ਹਾਰ ਆਪਣੀ ਚੋਂ ਜਿੱਤਾਂ ਦੇ ਰਾਹ ਲੱਭਦੇ

ਜੇਤੂ ਕਹਾਉਣ ਇਕ ਦਿਨ ਉਹ ਲੋਕ ਹਰਨ ਵਾਲੇ

3. ਪਰਖ ਕਿਵੇਂ ਜੁਗਨੂੰ ਦੀ ਹੁੰਦੀ

ਜੇ ਨਾ ਹੁੰਦਾ ਘੋਰ ਹਨੇਰਾ

----

ਕੁਲਵਿੰਦਰ ਖਹਿਰਾ ਨੇ ਆਪਣੀ ਜ਼ਿੰਦਗੀ ਦੇ ਮੁੱਢਲੇ ਵਰ੍ਹੇ ਇੰਡੀਆ ਵਿੱਚ ਗੁਜ਼ਾਰੇ ਹਨ। ਅਨੇਕਾਂ ਹੋਰਨਾਂ ਪੰਜਾਬੀ ਲੇਖਕਾਂ ਵਾਂਗੂੰ ਉਹ ਵੀ ਕੈਨੇਡਾ ਆਪਣੀ ਜਵਾਨੀ ਦੇ ਦਿਨਾਂ ਵਿੱਚ ਆਇਆ ਹੈ। ਇਸੇ ਲਈ ਅਜੇ ਉਸ ਨੂੰ ਆਪਣੇ ਪਿਛੇ ਛੱਡ ਆਏ ਦੇਸ ਦੀ ਖਿੱਚ ਪੈਂਦੀ ਹੈ। ਉਸਨੂੰ ਆਪਣਾ ਖੇਤ, ਘਰ, ਯਾਰ, ਦੋਸਤ ਅਤੇ ਪਿੱਛੇ ਛੱਡ ਆਏ ਦੇਸ ਦਾ ਪੌਣ ਪਾਣੀ ਯਾਦ ਆਉਂਦਾ ਹੈ। ਅਜਿਹੀਆਂ ਉਦਰੇਂਵੇਂ ਵਾਲੀਆਂ ਹਾਲਤਾਂ ਵਿੱਚ ਉਸਦੀ ਸਥਿਤੀ ਤ੍ਰੈਸ਼ੰਕੂ ਵਾਲੀ ਬਣ ਜਾਂਦੀ ਹੈ। ਉਹ ਸਰੀਰਕ ਰੂਪ ਵਿੱਚ ਕੈਨੇਡਾ ਰਹਿੰਦਿਆਂ ਹੋਇਆਂ ਵੀ ਮਾਨਸਿਕ ਰੂਪ ਤੌਰ ਉੱਤੇ ਕੈਨੇਡਾ ਵਿੱਚ ਵਿਚਰ ਨਹੀਂ ਰਿਹਾ ਹੁੰਦਾ। ਅਜਿਹੀ ਅਜਨਬੀਵਾਲੀ ਸਥਿਤੀ ਨੂੰ ਸਮਝਣ ਵਿੱਚ ਕੁਲਵਿੰਦਰ ਖਹਿਰਾ ਦੀਆਂ ਗ਼ਜ਼ਲਾਂ ਦੇ ਹੇਠ ਲਿਖੇ ਸ਼ੇਅਰ ਹੀ ਸਾਡੀ ਮੱਦਦ ਕਰ ਸਕਦੇ ਹਨ :

ਰਾਤ ਵੀ ਓਥੋਂ ਜਿਹੀ, ਓਥੋਂ ਜਿਹਾ ਹੈ ਚੰਦ ਵੀ

ਦਿਲ ਚ ਪਰ ਓਥੋਂ ਜਿਹਾ, ਮੰਜਰ ਕਦੇ ਬਣਦਾ ਨਹੀਂ

----

ਪੀੜ ਦੀ ਪਰਵਾਜ਼ਕਾਵਿ ਸੰਗ੍ਰਹਿ ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਹੈ ਕਿ ਕੈਨੇਡੀਅਨ ਪੰਜਾਬੀ ਲੇਖਕਾਂ ਦੀ ਨਵੀਂ ਪੀੜ੍ਹੀ ਵੀ ਆਪਣੀਆਂ ਲਿਖਤਾਂ ਲਿਖਣ ਵੇਲੇ ਪੂਰੀ ਤਰ੍ਹਾਂ ਚੇਤੰਨ ਹੈ। ਇਹ ਕਾਵਿ-ਸੰਗ੍ਰਹਿ ਪੜ੍ਹਦਿਆਂ ਮੈਨੂੰ ਚੰਗਾ-ਚੰਗਾ ਮਹਿਸੂਸ ਹੋਇਆ ਹੈ।

ਭਵਿੱਖ ਵਿੱਚ ਕੁਲਵਿੰਦਰ ਖਹਿਰਾ ਤੋਂ ਮੈਨੂੰ ਇਸ ਤੋਂ ਵੀ ਵੱਡੀਆਂ ਉਮੀਦਾਂ ਹਨ। ਮੈਨੂੰ ਯਕੀਨ ਹੈ ਕਿ ਉਹ ਆਪਣੀਆਂ ਲਿਖਤਾਂ ਨਾਲ਼ ਪਾਠਕਾਂ ਨੂੰ ਨਿਰਾਸ਼ ਨਹੀਂ ਕਰੇਗਾ।


No comments: