ਉਨੀਵੀਂ ਸਦੀ ਦਾ ਅੰਤ ਤੇ ਬਾਰ ਦਾ ਆਬਾਦ ਹੋਣਾ
ਕਿਸ਼ਤ –2
ਬਚਪਨ ਦੀ ਅਵੱਸਥਾ ਵਿਚ ਵੱਡੇ ਵਡੇਰੇ ਦਸਿਆ ਕਰਦੇ ਸਨ ਬਾਰ 1880-90 ਦੇ ਆਸ ਪਾਸ ਬਾਰ ਆਬਾਦ ਹੋਈ ਸੀ। ਬਹੁਤਾ ਇਲਾਕਾ ਮੁਖ ਤੌਰ ਤੇ ਜੰਗਲ ਸੀ ਤੇ ਇਸ ਬਾਰ ਵਿਚ ਟਾਵੇਂ ਟਾਵੇਂ ਜਾਂਗਲੀਆਂ ਦੇ ਪਿੰਡ ਸਨ ਜੋ ਬਾਰ ਦੇ ਆਦਿ ਵਾਸੀ ਸਨ। ਉਂਜ ਸਿੱਖ ਵਿਰਕਾਂ, ਵੜੈਚਾਂ, ਚੀਮਿਆਂ, ਚੱਠਿਆਂ ਆਦਿ ਦੇ ਪੁਰਾਣੇ ਪਿੰਡ ਵੀ ਸਨ ਜੋ ਬਾਰ ਆਬਾਦ ਹੋਣ ਤੋਂ ਪਹਿਲਾਂ ਦੇ ਏਥੇ ਰਹਿੰਦੇ ਸਨ। ਬਹੁਤੇ ਪਿੰਡ ਜਾਂਗਲੀ ਮੁਸਲਮਾਨਾਂ ਦੇ ਸਨ। ਇਹਨਾਂ ਦੇ ਰੰਗ ਭਾਵੇਂ ਕਾਲੇ ਸੌਲੇ ਸਨ ਪਰ ਇਹਨਾਂ ਦੇ ਜਿਸਮ ਦੀ ਚਮੜੀ ਆਪਣੀ ਕਿਸਮ ਦੀ ਭਾਅ ਮਾਰਦੀ ਸੀ। ਇਹ ਗਲ਼ ਕੁੜਤਾ ਤੇ ਪੈਰੀਂ ਜੁੱਤੀ ਘੱਟ ਹੀ ਪਾਉਂਦੇ ਸਨ। ਸਾਡੇ ਨਵਾਂ ਪਿੰਡ ਚੱਕ ਨੰਬਰ 78 ਲਾਗੇ ਮਸਾਂ ਮੀਲ ਕੁ ਦੀ ਵਿਥ ਤੇ ਇਹਨਾਂ ਦੇ ਦੋ ਪਿੰਡ ਮਜੌਰਾਂ ਵਾਲਾ ਤੇ ਗੋਂਦਰਾਂਵਾਲਾ ਵਸੇ ਹੋਏ ਸਨ। ਮਜੌਰਾਂ ਵਾਲਾ ਤਾਂ ਨਿਰੋਲ ਜਾਂਗਲੀਆਂ ਦਾ ਪਿੰਡ ਸੀ ਪਰ ਗੋਂਦਰਾਂਵਾਲਾ ਵਿਚ ਕੁਝ ਘਰ ਸਿੱਖ ਵਿਰਕਾਂ, ਵੜੈਚਾਂ ਤੇ ਚੀਮਿਆਂ ਦੇ ਵੀ ਸਨ। ਇਹਨਾਂ ਦੇ ਕੱਚੇ ਘਰ ਬੜੇ ਲਿਪੇ ਪੋਚੇ ਹੁੰਦੇ ਸਨ। ਇਲਾਕੇ ਵਿਚ ਅੰਗਰੇਜ਼ੀ ਦਾ ਮਸ਼ਹੂਰ ਮਾਸਟਰ ਕਿਰਪਾਲ ਸਿੰਘ ਏਸੇ ਪਿੰਡ ਗੋਂਦਰਾਂਵਾਲਾ ਦਾ ਸੀ ਜੋ ਸਾਂਗਲਾ ਹਿੱਲ ਸਕੂਲ ਦੀ ਨੌਕਰੀ ਛੱਡ ਕੇ ਸਾਡੇ ਪਿੰਡ ਦੇ ਖਾਲਸਾ ਹਾਈ ਸਕੂਲ ਵਿਚ ਆਣ ਲੱਗਾ ਸੀ। ਮੈਂ ਇਹਦੇ ਕੋਲੋਂ ਪੰਜਵੀਂ ਤੇ ਲੈ ਕੇ ਛੇਵੀਂ ਜਮਾਤ ਤਕ ਅੰਗਰੇਜ਼ੀ ਪੜ੍ਹੀ ਸੀ, ਸੱਤਵੀਂ ਵਿਚ ਸਾਡਾ ਅੰਗਰੇਜ਼ੀ ਦਾ ਮਾਸਟਰ ਬਦਲ ਗਿਆ ਸੀ। ਮਾਸਟਰ ਕਿਰਪਾਲ ਸਿੰਘ ਕੋਲੋਂ ਜੋ ਇਕ ਵਾਰ ਅੰਗਰੇਜ਼ੀ ਪੜ੍ਹ ਗਿਆ, ਉਹ ਉਸ ਨੂੰ ਸਦਾ ਯਾਦ ਕਰਦਾ ਰਹਿੰਦਾ ਸੀ। ਇਹ ਗੱਲ ਮੈਨੂੰ ਕੈਨੇਡਾ ਆਇਆਂ ਕਾਮਰੇਡ ਬਲਰਾਜ ਚੀਮੇ ਨੇ ਵੀ ਦੱਸੀ ਜਿਸ ਦਾ ਪਿੰਡ ਸਾਂਗਲਾ ਹਿੱਲ ਲਾਗੇ ਜ਼ਿਲ੍ਹਾ ਗੁੱਜਰਾਂਵਾਲਾ ਵਿਚ ਪੈਂਦਾ ਸੀ ਤੇ ਮਾਸਟਰ ਕਿਰਪਾਲ ਸਿੰਘ ਉਹਦਾ ਰਿਸ਼ਤੇਦਾਰ ਲਗਦਾ ਸੀ। ਸ਼ੇਖੂਪੁਰਾ ਮੁਗਲ ਬਾਦਸ਼ਾਹ ਜਹਾਂਗੀਰ ਦੇ ਨਾਂ ਤੇ ਬਣਿਆ ਸੀ ਜਿਸ ਨੂੰ ਬਚਪਨ ਵਿਚ ਪਿਆਰ ਨਾਲ ਸ਼ੇਖੂ ਕਹਿੰਦੇ ਸਨ। ਸ਼ੇਖੂਪੁਰਾ ਪਹਿਲਾਂ ਜ਼ਿਲ੍ਹਾ ਗੁੱਜਰਾਂਵਾਲੇ ਦੀ ਇਕ ਤਹਿਸੀਲ ਸੀ ਪਰ 1920 ਵਿਚ ਇਹ ਪੂਰਾ ਜ਼ਿਲ੍ਹਾ ਬਣਾ ਦਿਤਾ ਗਿਆ ਸੀ ਤੇ ਨਨਕਾਣਾ ਸਾਹਿਬ ਤੇ ਰਾਵੀ ਕੰਢੇ ਵਸਿਆ ਸ਼ਹਿਰ ਸ਼ਾਹਦਰਾ ਇਸ ਦੀਆਂ ਤਹਿਸੀਲਾਂ ਸਨ। ਜਹਾਂਗੀਰ ਦਾ ਮਕਬਰਾ ਸ਼ਾਹਦਰੇ ਵਿਚ ਹੀ ਹੈ ਅਤੇ ਨੂਰ ਜਹਾਂ ਦਾ ਕੁਝ ਹਟਵਾਂ ਰਾਵੀ ਦਰਿਆ ਦੇ ਐਨ ਕੰਢੇ ਤੇ ਹੈ ਜਿਸ ਦੇ ਉਪਰ ਦੀ ਰੇਲ ਗੱਡੀ ਲੰਘਦੀ ਹੈ। ਇਥੇ 1955 ਵਿਚ ਸ਼ਹੀਦੇ ਆਜ਼ਮ ਮੁਹਬਤ ਬੂਟਾ ਸਿੰਘ ਉਰਫ ਜਮੀਲ ਅਹਿਮਦ ਨੇ ਜਲੰਧਰ ਲਾਗੇ ਦੇ ਇਕ ਪਿੰਡ ਵਿਚੋਂ ਲਾਹੌਰ ਪਾਕਿਸਤਾਨ ਆ ਕੇ ਆਪਣੀ ਮੁਸਲਿਮ ਪਤਨੀ ਨੂੰ ਦੋਬਾਰਾ ਨਾ ਹਾਸਲ ਕਰ ਸਕਣ ਦੇ ਮੁਕੱਦਮੇ ਵਿਚ ਹਾਰ ਖਾਣ ਪਿਛੋਂ ਗੱਡੀ ਹੇਠਾਂ ਆ ਕੇ ਖ਼ੁਦਕਸ਼ੀ ਕਰ ਲਈ ਸੀ।
----
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿਛੋਂ ਪੰਜਾਬ ਵਿਚ ਸਿੱਖ ਰਾਜ ਦੀ ਹੋਈ ਅਧੋਗਤੀ ਤੋਂ ਬਾਅਦ ਮੁਦਕੀ, ਫਿਰੋਜ਼ਸ਼ਾਹ, ਸਭਰਾਵਾਂ, ਚੇਲਿਆਂਵਾਲਾ ਆਦਿ ਦੀਆਂ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਲੜਾਈਆਂ ਵਿਚ ਖਾਲਸਾ ਰਾਜ ਦੀਆਂ ਬੇਲਗਾਮ ਹੋਈਆਂ ਸਿੱਖ ਫੌਜਾਂ ਦੀਆਂ ਹਾਰਾਂ ਤੋਂ ਬਾਅਦ ਮਾਰਚ 1849 ਵਿਚ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਚਲਾ ਗਿਆ। ਅੰਗਰੇਜ਼ਾਂ ਨੇ ਪੂਰੇ ਭਾਰਤ ਤੇ ਲਗ ਭਗ 200 ਸਾਲ ਅਤੇ ਪੰਜਾਬ ਉਤੇ 100 ਸਾਲ ਦੇ ਦੇ ਕਰੀਬ ਰਾਜ ਕੀਤਾ। ਜੋ ਕੁਝ ਅੰਗਰੇਜ਼ਾਂ ਨੇ ਪੰਜਾਬ ਨੂੰ ਦਿੱਤਾ, ਮੁਸਲਿਮ ਹਕੂਮਤਾਂ ਕਾਇਮ ਹੋਣ ਤੋਂ ਬਾਅਦ ਅਤੇ ਓਸ ਤੋਂ ਪਹਿਲਾਂ ਦੇ ਹਿੰਦੂ ਤੇ ਬੋਧੀ ਰਾਜਿਆਂ ਨੇ ਵੀ ਪੰਜਾਬ ਦਾ ਉਹ ਕੁਝ ਨਹੀਂ ਕੀਤਾ ਜੋ ਕਰਨਾ ਚਾਹੀਦਾ ਸੀ। ਅਕਸਰ ਕਈ ਲੋਕ ਕਹਿੰਦੇ ਹਨ ਕਿ ਅੰਗਰੇਜ਼ ਪੰਜਾਬ ਜਾਂ ਭਾਰਤ ਨੂੰ ਲੁਟ ਕੇ ਲੈ ਗਏ ਪਰ ਮੈਂ ਕਹਿੰਦਾ ਹਾਂ ਕਿ ਮੁਲਸਮਾਨ ਲੁਟੇਰਿਆਂ ਦੇ ਹਮਲਿਆਂ ਤੋਂ ਬਾਅਦ ਏਥੇ ਲੁਟੇ ਜਾਣ ਵਾਲੀ ਕਿਹੜੀ ਚੀਜ਼ ਬਾਕੀ ਰਹਿ ਗਈ ਸੀ। ਇਸ ਤੱਥ ਵੱਲ ਕਿਉਂ ਧਿਆਨ ਨਹੀਂ ਦਿਤਾ ਜਾਂਦਾ ਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਪੰਜਾਬ ਦੇ ਕਿਸੇ ਦਰਿਆ ਉਤੇ ਕੋਈ ਪੁਲ ਨਹੀਂ ਸੀ। ਕੋਈ ਨਹਿਰ ਨਹੀਂ ਸੀ। ਕੋਈ ਰੇਵੇ ਲਾਈਨ ਨਹੀਂ ਸੀ। ਕੋਈ ਡਾਕਖਾਨਾ ਜਾਂ ਤਾਰ ਘਰ ਨਹੀਂ ਸੀ। ਕੋਈ ਪੱਕੀ ਸੜਕ ਨਹੀਂ ਸੀ। ਕੋਈ ਬਿਜਲੀ ਨਹੀਂ ਸੀ। ਕੋਈ ਤਹਿਸੀਲ ਬੰਦੀ, ਜਿਲ਼ਾਬੰਦੀ, ਥਾਣਾਬੰਦੀ ਨਹੀਂ ਸੀ। ਜੁਰਮ ਦੀ ਸਜ਼ਾ ਦੇਣ ਲਈ ਕੋਈ ਇੰਡੀਅਨ ਪੈਨਲ ਕੋਡ ਨਹੀਂ ਸੀ। ਰਾਜਾਸ਼ਾਹੀ ਕਾਨੂੰਨ ਵਿਚ ਰਾਜਾ ਜਾਂ ਉਹਦੇ ਮੁਖਤਾਰ ਜੋ ਸਜ਼ਾ ਕਿਸੇ ਨੂੰ ਦੇਣਾ ਚਾਹੁਣ, ਦੇ ਸਕਦੇ ਸਨ। ਬੱਚਿਆਂ ਦੇ ਪੜ੍ਹਨ ਲਈ ਕੋਈ ਸਕੂਲ ਸਿਸਟਮ ਨਹੀਂ ਸੀ। ਕੋਈ ਵਿਦਿਅਕ ਕਾਲਜ ਤੇ ਯੂਨੀਵਰਸਿਟੀ ਨਹੀਂ ਸੀ। ਤਾਲੀਮ ਦੇਣ ਵਾਲੇ ਕੁਝ ਪੰਡਤ ਜਾਂ ਮੌਲਵੀ ਹੀ ਸਨ ਜੋ ਸੀਮਤ ਲੋਕਾਂ ਨੂੰ ਹੀ ਮੰਦਰਾਂ ਮਸੀਤਾਂ ਵਿਚ ਮੁਖ ਤੌਰ ਤੇ ਮਜ਼੍ਹਬੀ ਤਾਲੀਮ ਦੇਂਦੇ ਸਨ। ਨਹਿਰਾਂ ਕੱਢ ਕੇ ਬੰਜਰ ਧਰਤੀ ਨੂੰ ਪਾਣੀ ਦੇਣਾ ਤੇ ਨਹਿਰਾਂ, ਰੇਲਾਂ ਅਤੇ ਸੜਕਾਂ ਦੇ ਕੰਢੇ ਨਵੇਂ ਪਿੰਡ ਵਸਾਣ ਦਾ ਕੰਮ ਅੰਗਰੇਜ਼ਾਂ ਦੇ ਦਿਮਾਗ ਦੀ ਕਾਢ ਹੀ ਸੀ। ਫਿਰ ਇਹ ਅੰਗਰੇਜ਼ ਹਾਕਮਾਂ ਦੀ ਸੋਚ ਸੀ ਜਿਨ੍ਹਾਂ ਨੇ ਬਾਰਾਂ ਆਬਾਦ ਕੀਤੀਆਂ ਤੇ ਜਾਂਗਲੀਆਂ ਦੇ ਇਲਾਕਿਆਂ ਵਿਚ ਨਵੇਂ ਚੱਕ ਬਣਾਏ। ਜ਼ਿਲ੍ਹਾ ਸ਼ੇਖੂਪਰਾ, ਲਾਇਲਪੁਰ, ਮਿੰਟਗੁਮਰੀ, ਮੁਲਤਾਨ, ਸਿਆਲਕੋਟ ਆਦਿ ਜ਼ਿਲ੍ਹਿਆਂ ਵਿਚ ਭਾਵੇਂ ਇਹਨਾਂ ਚੱਕਾਂ ਨੂੰ ਨੰਬਰ ਦਿਤੇ ਗਏ ਪਰ ਏਥੇ ਆ ਕੇ ਆਬਾਦ ਹੋਣ ਵਾਲਿਆਂ ਨੇ ਆਪਣੇ ਪਿਛਲੇ ਪਿੰਡਾਂ ਦੇ ਨਾਂ ਇਹਨਾਂ ਚੱਕਾਂ ਨਾਲ ਜੋੜ ਲਏ ਜਿਵੇਂ ਸਾਡੇ ਪਿੰਡ ਦਾ ਨਾਂ ਚੱਕ ਨੰਬਰ 78 ਸੀ ਪਰ ਬੋਲਣ ਲਗਿਆਂ ਇਸ ਨੂੰ ਨਵਾਂ ਪਿੰਡ ਚੱਕ ਨੰਬਰ 78 ਬੋਲਿਆ ਜਾਂਦਾ ਸੀ। ਇਹ ਅੰਗਰੇਜ਼ ਦੀ ਕਾਢ ਸੀ ਕਿ ਉਸ ਨੇ ਜਿਲ਼ਾ ਅਮ੍ਰਿਤਸਰ, ਗੁਰਦਾਸ ਪੁਰ, ਜਲੰਧਰ, ਰੋਪੜ, ਹੋਸ਼ਿਆਰਪੁਰ, ਲੁਧਿਆਣਾ ਆਦਿ ਦੇ ਪਿੰਡਾਂ ਵਿਚੋਂ ਜਿਨ੍ਹਾਂ ਲੋਕਾਂ ਨੂੰ ਬਾਰ ਦੇ ਇਲਾਕੇ ਵਿਚ ਲਿਆ ਕੇ ਆਬਾਦ ਕੀਤਾ, ਉਹਨਾਂ ਵਿਚ ਇਕੋ ਪਿੰਡ ਦੇ ਲੋਕਾਂ ਨੂੰ ਅੱਗੇ ਇੱਕੋ ਪਿੰਡ ਵਿਚ ਹੀ ਜ਼ਮੀਨਾਂ ਦਿਤੀਆਂ ਗਈਆਂ ਤਾਂ ਜੋ ਉਹਨਾਂ ਨੂੰ ਪਿਛਲਾ ਪਿੰਡ ਛੱਡ ਕੇ ਕਿਸੇ ਸੱਭਿਆਚਾਰਕ ਸਦਮੇ ਦਾ ਸਾਹਮਣਾ ਨਾ ਕਰਨਾ ਪਵੇ ਜੋ 1947 ਦੀ ਵੰਡ ਤੋਂ ਬਾਅਦ ਉਜੜ ਕੇ ਆਏ ਲੋਕਾਂ ਨੂੰ ਇੱਕੋ ਪਿੰਡ ਵਿਚ ਜ਼ਮੀਨਾਂ ਅਲਾਟ ਨਾ ਹੋਣ ਕਾਰਨ ਹੋਇਆ ਹੈ।
----
ਬਾਪੂ ਜੀ ਦੱਸਦੇ ਹੁੰਦੇ ਸਨ ਕਿ ਲਾਹੌਰ ਤਕ ਰੇਲ ਚੱਲ ਪਈ ਸੀ ਪਰ ਅਗੇ ਉਹਨਾਂ ਦੇ ਵਡੇਰੇ ਬਾਰ ਆਬਾਦ ਕਰਨ ਲਈ ਆਪਣੇ ਸਿਰਾਂ ਤੇ ਆਪਣੀਆਂ ਗੰਢਾਂ ਚੁਕ ਕੇ ਸ਼ੇਖੂਪੁਰੇ ਤੇ ਲਾਇਲਪੁਰ ਤਕ ਪੈਦਲ ਤੁਰ ਕੇ ਹੀ ਜਾਇਆ ਕਰਦੇ ਸਨ। ਫਿਰ ਜਿਥੇ ਉਹਨਾਂ ਨੂੰ ਮੁਰੱਬੇ ਅਲਾਟ ਹੋ ਜਾਂਦੇ, ਓਥੇ ਝੁੱਗੀਆਂ ਪਾ ਕੇ ਰਹਿੰਦੇ ਤੇ ਦਿਨ ਰਾਤ ਜੰਗਲਾਂ ਦਾ ਵੱਢ ਵਢਾ ਕਰਦੇ ਅਤੇ ਜ਼ਮੀਨ ਨੂੰ ਵਾਹੀ ਹੇਠ ਲਿਆਉਂਦੇ। ਇਹ ਕੋਈ ਸੌਖਾ ਕੰਮ ਨਹੀਂ ਸੀ। ਇਸ ਜੰਗਲੀ ਇਲਾਕੇ ਵਿਚ ਓਸ ਵੇਲੇ ਸੱਪ ਅਤੇ ਜੰਗਲੀ ਜੀਵ ਬਹੁਤ ਸਨ। ਖਾਸ ਕਰ ਬਘਿਆੜ ਜੋ ਬੰਦਿਆਂ ਦਾ ਬਹੁਤ ਨੁਕਸਾਨ ਕਰਦੇ ਸਨ। ਪਰ ਜੋ ਬਾਪੂ ਦੱਸਿਆ ਕਰਦਾ ਸੀ, ਇਹ ਸਭ ਕੁਝ ਮੈਂ ਆਪਣੇ ਜਨਮ ਤੋਂ ਬਾਅਦ ਨਹੀਂ ਤੱਕਿਆ ਸੀ। ਹਾਂ ਸੱਪ, ਲੂੰਬੜ, ਜੰਗਲੀ ਬਿੱਲੇ ਤੇ ਗਿੱਦੜ ਖਤਾਨਾਂ ਵਿਚ ਕਈ ਵਾਰ ਦਿਸ ਜਾਂਦੇ ਸਨ। ਸਾਡੇ ਕੋਲ 25 ਏਕੜ ਦਾ ਸਾਲਮ ਸਬੂਤ ਇਕ ਮੁਰੱਬਾ ਸੀ ਜਿਸ ਦੀ ਦੋ ਹਲਾਂ ਦੀ ਵਾਹੀ ਸੀ। ਸਾਰੀ ਦੀ ਸਾਰੀ ਜ਼ਮੀਨ ਜਿਸ ਵਿਚ ਬੰਦਾ ਵਢ ਕੇ ਬੀਜ ਦਈਏ ਤਾਂ ਉਹ ਉੱਗ ਪੈਂਦਾ ਸੀ। ਸਾਰੀ ਜ਼ਮੀਨ ਨੂੰ ਨਹਿਰੀ ਪਾਣੀ ਲਗਦਾ ਸੀ ਅਤੇ ਸਾਰੀ ਜ਼ਮੀਨ ਵਡੀ ਨਹਿਰ ਦੇ ਕੰਢੇ ਦੇ ਨਾਲ ਲੱਗਦੀ ਸੀ। ਨਾਲ ਲੱਗਦੀ ਹੋਰ ਜ਼ਮੀਨ ਠੇਕੇ ਜਾਂ ਹਿੱਸੇ ਤੇ ਲਈ ਹੋਣ ਕਾਰਨ ਕਈ ਵਾਰ ਹੋਰ ਹਲਾਂ ਦੀ ਮੰਗ ਪਾਈ ਜਾਂਦੀ ਸੀ। ਵੱਡੀ ਨਹਿਰ ਵਿਚੋਂ ਨਿੱਕਲੀ ਛੋਟੀ ਨਹਿਰ ਦੇ ਖਬੇ ਹਥ ਪੈਂਦੇ ਪਹਿਲੇ ਮੋਘੇ ਦਾ ਪਾਣੀ ਸਾਡੀ ਜ਼ਮੀਨ ਨੂੰ ਪੈਂਦਾ ਸੀ। ਇਕ ਘੰਟੇ ਵਿਚ ਇਕ ਏਕੜ ਭਰ ਜਾਂਦਾ ਸੀ। ਨੱਕਾ ਪੂਰਨ ਲਈ ਪਾਣੀ ਦੇ ਤੇਜ਼ ਵਹਾ ਕਾਰਨ ਕਈ ਵਾਰ ਬਾਪੂ ਮੈਨੂੰ ਨੱਕੇ ਵਿਚ ਬਿਠਾ ਕੇ ਪਾਸਿਆਂ ਤੋਂ ਕਹੀ ਨਾਲ ਮੇਰੇ ਆਲੇ ਦਵਾਲੇ ਮਿੱਟੀ ਪਾਈ ਜਾਂਦਾ ਤੇ ਜਦੋਂ ਨੱਕਾ ਪੂਰੇ ਜਾਣ ਦੇ ਲਾਗੇ ਹੁੰਦਾ ਤਾਂ ਮੈਂ ਵਿਚੋਂ ਉਠ ਖਲੋਂਦਾ। ਨਹਿਰ ਅਤੇ ਸਾਡੀ ਜ਼ਮੀਨ ਦੇ ਵਿਚਕਾਰ ਸੰਘਣੇ ਖਤਾਨ ਸਨ ਜਿਥੇ ਕਾਨੇ, ਬੇਰੀਆਂ, ਮਲ੍ਹੇ, ਵਣਾਂ, ਕਰੀਰਾਂ, ਕਿੱਕਰਾਂ ਅਤੇ ਹੋਰ ਕਈ ਪਰਕਾਰ ਦੀਆਂ ਸੰਘਣੀਆਂ ਝਾੜੀਆਂ ਉਗੀਆਂ ਹੋਈਆਂ ਸਨ। ਇਥੇ ਦਿਨ ਵੇਲੇ ਵੀ ਰਾਤ ਵਰਗਾ ਹਨੇਰਾ ਹੁੰਦਾ ਤੇ ਜੇ ਕਿਤੇ ਮਖਿਆਲ ਲਾਹੁੰਣ, ਮਲ੍ਹਿਆਂ ਦੇ ਬੇਰ ਤੋੜਨ ਜਾਂ ਗਰਮੀ ਤੋਂ ਹਫੇ ਡੰਗਰਾਂ ਨੂੰ ਆਰਾਮ ਕਰਦਿਆਂ ਬਾਹਰ ਕੱਢਣ ਲਈ ਖਤਾਨਾਂ ਦੇ ਵਿਚ ਜਾਣਾ ਪੈਂਦਾ ਤਾਂ ਸਰੀਰ ਕੰਡਿਆਂ ਨਾਲ ਪਛਿਆ ਜਾਂਦਾ ਸੀ। ਇਹਨਾਂ ਖਤਾਨਾਂ ਵਿਚ ਮਖਿਆਲ ਵੀ ਬੜੇ ਲੱਗਦੇ ਸਨ। ਕਿਸੇ ਕਿਸੇ ਵੱਡੇ ਦਰੱਖਤ ਨੂੰ ਉਚਾ ਜਾ ਕੇ ਡੂਮਣਾ ਵੀ ਲੱਗਾ ਹੁੰਦਾ ਜਿਸਦਾ ਮਖਿਆਲ ਚੋਣਾ ਬੜਾ ਮੁਸ਼ਕਲ ਸੀ। ਗਰਮੀਆਂ ਵਿਚ ਮੈਂ ਕਈ ਵਾਰ ਆਪਣੇ ਹਾਣ ਦਿਆਂ ਨਾਲ ਵੱਗ ਦੇ ਰੂਪ ਵਿਚ ਆਪਣਾ ਮਾਲ ਡੰਗਰ ਚਾਰਨ ਜਾਂਦਾ ਹੁੰਦਾ ਸਾਂ। ਖਤਾਨਾਂ ਲਾਗੇ ਪੈਂਦੀ ਏਸੇ ਨਹਿਰ ਵਿਚ ਜਿਥੇ ਪਾਣੀ ਮੈਨੂੰ ਡੋਬੂ ਸੀ, ਮੈਂ ਮੱਝਾਂ ਦੀਆਂ ਪੂਛਾਂ ਫੜ ਫੜ ਕੇ ਤਰਨਾ ਸਿਖਿਆ ਸੀ। ਇਹ ਨਹਿਰ ਕਾਫੀ ਚੌੜੀ ਤੇ ਡੂੰਘੀ ਸੀ ਜਿਸ ਵਿਚ ਮੇਰੇ ਬਾਪੂ ਦੇ ਪੈਰ ਵੀ ਨਹੀਂ ਲੱਗਦੇ ਸਨ। ਇਕ ਵਾਰ ਮੈਂ ਮੱਝ ਦੀ ਪੂਛ ਫੜ ਕੇ ਨਹਿਰ ਦੇ ਦੂਜੇ ਕੰਢੇ ਜਾ ਲੱਗਾ ਪਰ ਮੱਝ ਪੂਛ ਛਡਾ ਕੇ ਵਾਪਸ ਆ ਗਈ ਤੇ ਮੈਂ ਦੂਜੇ ਕੰਢੇ ਬਿਨਾਂ ਕੱਪੜਿਆਂ ਦੇ ਨੰਗਾ ਧੜੰਗਾ ਬੈਠਾ ਡਰ ਰਿਹਾ ਸਾਂ ਕਿ ਜੇ ਛਾਲ ਮਾਰ ਕੇ ਦੂਜੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਨਹਿਰ ਵਿਚ ਬਹੁਤਾ ਚਿਰ ਤਰ ਨਾ ਸਕਣ ਕਾਰਨ ਡੁੱਬ ਜਾਵਾਂਗਾ। ਆਖਰ ਇਕ ਪਠਾਨ ਜੋ ਨਹਿਰ ਕੰਢੇ ਬੈਠਾ ਨਿਮਾਜ਼ ਪੜ੍ਹ ਰਿਹਾ ਸੀ, ਨੇ ਮੈਨੂੰ ਆਪਣੀ ਕੰਡ ਤੇ ਚੜ੍ਹਾ ਕੇ ਨਹਿਰ ਪਾਰ ਕਰਾਈ ਤੇ ਅੱਗੇ ਤੋਂ ਮੈਂ ਸਹੁੰ ਖਾ ਲਈ ਕਿ ਮੁੜ ਕੇ ਇਸ ਤਰ੍ਹਾਂ ਮੱਝ ਦੀ ਪੂਛ ਫੜ ਕੇ ਵੱਡੀ ਨਹਿਰ ਵਿਚ ਨਹੀਂ ਵੜਾਂਗਾ।
----
ਸਾਡੇ ਮੁਰੱਬੇ ਵਿਚ ਪੈਂਦੇ ਖਾਲਾਂ ਦੇ ਕੰਢੇ ਮੇਰੇ ਬਾਪੂ ਅਤੇ ਮੇਰੇ ਤਾਏ ਨੇ ਲੋੜੀਂਦੀ ਵਿਥ ਛੱਡ ਛੱਡ ਕੇ ਅੰਬਾਂ ਦੇ ਬੂਟੇ ਲਾਏ ਹੋਏ ਸਨ ਜਿਨ੍ਹਾਂ ਦੀ ਗਿਣਤੀ ਦੋ ਸੌ ਤੋਂ ਵੱਧ ਸੀ। ਮੁਰੱਬੇ ਦੇ ਇਕ ਪਾਸੇ ਜਿਥੇ ਕਵਾਣਾ ਤੇ ਪਸੂਆਂ ਲਈ
ਖੁਰਲੀਆਂ ਤੇ ਟੋਕਾ ਸੀ, ਏਕੜ ਤੋਂ ਵੱਧ ਦੀ ਸੰਘਣੀ ਝਿੜੀ ਵਿਚ ਟਾਹਲੀਆਂ, ਤੂਤ, ਸ਼ਹਿਤੂਤ, ਫਾਲਸਾ, ਨਿੱਕੇ ਤੇ ਵੱਡੇ (ਰਾਅ) ਜਾਮਨੂੰ, ਨਿੰਬੂ, ਮਿਠੇ, ਕੇਲੇ, ਆੜੂ, ਅਮਰੂਦ, ਨਾਖਾਂ, ਆਲੂਚੇ, ਨਾਸ਼ਪਾਤੀਆਂ ਆਦਿ ਦੇ ਬੂਟੇ ਸਨ ਜਿਨ੍ਹਾਂ ਦੀ ਛਾਵੇਂ ਗਰਮੀਆਂ ਵਿਚ ਮੰਜੀ ਡਾਹ ਕੇ ਮੈਨੂੰ ਪੜ੍ਹਨ ਦਾ ਬੜਾ ਸਵਾਦ ਆਉਂਦਾ ਹੁੰਦਾ ਸੀ। ਨਾਲ ਦੀ ਨਾਲ ਇਸ ਛੋਟੇ ਜਿਹੇ ਬਾਗ ਦੀ ਰਾਖੀ ਵੀ ਹੋਈ ਜਾਂਦੀ ਸੀ। ਏਥੇ ਹੀ ਪਸੂਆਂ ਦੇ ਪਾਣੀ ਪੀਣ ਲਈ ਇਕ ਨਿੱਕੀ ਜਹੀ ਛੱਪੜੀ ਵੀ ਸੀ ਜਿਸ ਦੇ ਤਿੰਨੀਂ ਪਾਸੀਂ ਗੁਲਾਬਾਸੀ ਦੇ ਫੁੱਲ ਲਗੇ ਹੋਏ ਸਨ। ਕਈ ਵਾਰ ਸਣ ਵੱਢ ਕੇ ਗਰ੍ਹਨੇ ਵੀ ਇਸੇ ਛਪੜੀ ਵਿਚ ਦੱਬ ਦਿਤੇ ਜਾਂਦੇ ਅਤੇ ਟਾਹਲੀਆਂ ਦੇ ਮੋਛੇ ਵੀ। ਵਿਰਕਾਂ ਦੇ ਖੇਤ ਸਾਡੇ ਮੁਰੱਬੇ ਦੇ ਨਾਲ ਹੋਣ ਕਰ ਕੇ ਚੋਰੀ ਦਾ ਬੜਾ ਭੈਅ ਬਣਿਆ ਰਹਿੰਦਾ ਸੀ। ਵਿਰਕ ਭਾਵੇਂ ਮੇਰੇ ਬਾਪੂ ਦੇ ਯਾਰ ਸਨ ਪਰ ਚੋਰੀ ਕਰਨ ਵੇਲੇ ਉਹ ਕਿਸੇ ਦੇ ਯਾਰ ਜਾਂ ਰਿਸ਼ਤੇਦਾਰ ਨਹੀਂ ਹੁੰਦੇ ਸਨ। ਪਸੂਆਂ ਦੀ ਚੋਰੀ ਦੇ ਏਡੇ ਮਾਹਰ ਸਨ ਕਿ ਪਸੂ ਦਾ ਖੁਰਾ ਨੱਪਣਾ ਵੀ ਔਖਾ ਹੋ ਜਾਂਦਾ ਸੀ।
----
ਇਸ ਬਾਰ ਨੂੰ ਆਬਾਦ ਕਰਨ ਵਾਸਤੇ ਸਾਡੇ ਵਡੇਰਿਆਂ ਨੇ ਮਿੱਟੀ ਨਾਲ ਮਿੱਟੀ ਹੋ ਕੇ ਬੜੀ ਸਖ਼ਤ ਮਿਹਨਤ ਕੀਤੀ ਸੀ। ਖੁੱਲ੍ਹੇ ਡੁੱਲ੍ਹੇ ਘਰ, ਪੱਕੀਆਂ ਬੈਠਕਾਂ, ਖੁਲ੍ਹੀਆਂ ਹਵੇਲੀਆਂ, ਪਸੂਆਂ ਲਈ ਵੱਖਰੇ ਕੋਠੇ ਤੇ ਪਤਾ ਨਹੀਂ ਹੋਰ ਕੀ ਕੁਝ ਬਣਾਇਆ ਹੋਇਆ ਸੀ। ਸਾਰੇ ਜ਼ਿਲ੍ਹਾ ਸ਼ੇਖੂਪੁਰਾ ਵਿਚ ਤਿੰਨ ਜਾਂ ਚਾਰ ਹਾਈ ਸਕੂਲ ਸਨ ਜਿਨ੍ਹਾਂ ਵਿਚੋਂ ਇਕ ਸਾਡੇ ਪਿੰਡ ਸੀ। ਇਕ ਸ਼ੇਖੂਪੁਰੇ, ਦੂਜਾ ਨਨਕਾਣਾ ਸਾਹਿਬ ਤੇ ਇਕ ਸ਼ਾਇਦ ਸ਼ਾਹਦਰੇ ਸੀ। ਬਾਅਦ ਵਿਚ ਇਕ ਬਾਵਾ ਕੁਟੀਆ ਚੇਤਨ ਦਾਸ ਨਾਂ ਦਾ ਹਾਈ ਸਕੂਲ ਵੀ ਮੇਰੀ ਵੱਡੀ ਭੈਣ ਦੇ ਪਿੰਡ ਨਿਜ਼ਾਮ ਪੁਰ ਲਾਗੇ ਖੁੱਲ੍ਹ ਗਿਆ ਸੀ। ਇਹਨਾਂ ਚੱਕਾਂ ਵਿਚ ਵਧੇਰੇ ਆਬਾਦੀ ਕੰਬੋਜ ਬਰਾਦਰੀ ਦੀ ਸੀ ਜਿਨ੍ਹਾਂ ਦਾ ਪਿਛਾ ਮੁੱਖ ਤੌਰ ਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਸਨ। ਜਿਲ਼ਾ ਜਲੰਧਰ ਵਿਚੋਂ ਵੀ ਬਾਰ ਬੱਝਣ ਵੇਲੇ ਮੁਰੱਬੇ ਮਿਲਣ ਦੇ ਲਾਲਚ ਵਿਚ ਬਹੁਤ ਲੋਕ ਬਾਰ ਵਿਚ ਆ ਕੇ ਆਬਾਦ ਹੋ ਗਏ ਸਨ। ਇਸ ਨੂੰ ਸਾਂਦਲ ਬਾਰ ਦਾ ਇਲਾਕਾ ਵੀ ਕਿਹਾ ਜਾਂਦਾ ਸੀ। ਆਪਣੇ ਵਡੇਰਿਆਂ ਦੀ ਆਬਾਦ ਕੀਤੀ ਬਾਰ ਜਿਥੇ ਉਹ 1880-90 ਦੇ ਦਰਮਿਆਨ ਆ ਕੇ ਵਸੇ ਸਨ ਤੇ ਉਹ ਬਾਰ ਦੇ ਵਿਸ਼ੇਸ਼ ਸਭਿਆਚਾਰ ਦੇ ਜਨਮ ਦਾਤੇ ਸਨ। ਜਿਸ ਬਾਰ ਵਿਚ ਮੇਰਾ ਅਮੀਰ ਬਚਪਨ ਬੀਤਿਆ ਸੀ। ਜਿਸ ਘਰ ਵਿਚ ਕਈ ਲਵੇਰੀਆਂ ਮੱਝਾਂ ਬੱਝੀਆਂ ਹੁੰਦੀਆਂ ਸਨ ਅਤੇ ਘਰ ਦੇ ਘਿਓ ਦੀਆਂ ਚਾਟੀਆਂ ਤੇ ਪੀਪੇ ਭਰੇ ਹੁੰਦੇ ਸਨ। ਜਿਥੇ ਪਾਣੀ ਦੀ ਥਾਂ ਦੁੱਧ ਪੀਣ ਨੂੰ ਤਰਜੀਹ ਦਿਤੀ ਜਾਂਦੀ ਸੀ। ਵਗਦੀ ਨਹਿਰ ਦੇ ਕੰਢਿਓਂ ਬ੍ਰਹਮ ਬੂਟੀ ਦੇ ਪੱਤੇ ਤੋੜ, ਬਾਦਾਮਾਂ ਤੇ ਮਿਸ਼ਰੀ ਪਾ ਕੇ ਕੋਰੀ ਕੂੰਡੀ ਵਿਚ ਰਗੜ ਤੇ ਗੋਕੇ ਦੁੱਧ ਵਿਚ ਮਿਲਾ ਕੇ ਬਾਪੂ ਤੇ ਮਾਂ ਮੈਨੂੰ ਪਿਆਇਆ ਕਰਦੇ ਸਨ ਕਿ ਮੇਰੀ ਯਾਦਾਸ਼ਤ ਤੇਜ਼ ਹੋ ਜਾਵੇ। ਜਿਥੇ ਮੱਝਾਂ ਦੇ ਡੋਕੇ ਚੁੰਘਾ ਕੇ ਮੇਰੇ ਬਾਪੂ ਅਤੇ ਮੇਰੀ ਮਾਂ ਨੇ ਮੈਨੂੰ ਪਾਲਿਆ ਸੀ ਤੇ ਮੈਂ ਪਿੰਡ ਦੇ ਖਾਲਸਾ ਹਾਈ ਸਕੂਲ ਦੀ ਅੱਠਵੀਂ ਜਮਾਤ ਤੱਕ ਪੁੱਜਾ ਸਾਂ। ਦਸਵੀਂ ਕਰਨ ਪਿਛੋਂ ਬਾਪੂ ਮੈਨੂੰ ਐਗਰੀਕਲਚਰ ਕਾਲਜ ਲਾਇਲਪੁਰ ਦਾਖਲ ਕਰਾਉਣ ਦੀਆਂ ਗੱਲਾਂ ਕਰਿਆ ਕਰਦਾ ਸੀ ਜਾਂ ਵਲਾਇਤ ਪਾਸ ਕਰਾਉਣ ਦੀਆਂ ਤਾਂ ਜੋ ਬਾਪੂ ਪਿੰਡ ਵਿਚ ਲੋਕਾਂ ਨੂੰ ਆਖਿਆ ਕਰੇਗਾ ਕਿ ਮੇਰਾ ਮੁੰਡਾ ਵਲੈਤ ਪਾਸ ਆ ਤੇ ਡੀ ਸੀ ਲੱਗੂਗਾ। ਜਿਸ ਬਾਰ ਵਿਚ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਸੱਚਾ ਸੌਦਾ ਦਾ ਗੁਰਦਵਾਰਾ ਸੀ। ਜਿਥੇ ਮੈਂ ਪਿੰਡੋਂ ਜਾਂ ਮੁਰੱਬਿਓਂ ਦੌੜ ਲਾ ਕੇ ਈ ਸੱਚਾ ਸੌਦਾ ਗੁਰਦਵਾਰੇ ਮਥਾ ਟੇਕ ਆਇਆ ਕਰਦਾ ਸਾਂ। ਓਸ ਬਾਰ ਵਿਚਲੇ ਆਪਣੇ ਪਿੰਡ, ਆਪਣੇ ਘਰ, ਆਪਣੇ ਮੁਰੱਬੇ, ਆਪਣੇ ਬਾਗ ਤੇ ਆਪਣੇ ਪਸੂ ਡੰਗਰਾਂ ਨੂੰ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਸੀ। ਵੈਸੇ ਤਾਂ ਬਾਪੂ ਨੇ ਕਈ ਕੁੱਤੇ ਰੱਖੇ ਹੋਏ ਸਨ ਪਰ ਕਾਲੇ ਰੰਗ ਦੇ ਡੱਬੂ ਕੁੱਤੇ ਦਾ ਮੇਰੇ ਨਾਲ ਬਹੁਤ ਪਿਆਰ ਸੀ। ਜਦ ਮੈਂ ਸਕੂਲ ਜਾਂਦਾ ਤਾਂ ਡਬੂ ਮੇਰੇ ਨਾਲ ਹੀ ਜਾਂਦਾ ਸੀ ਤੇ ਸਾਰਾ ਦਿਨ ਮੇਰੇ ਤੱਪੜ ਦੇ ਮਗਰ ਈ ਬੈਠਾ ਰਹਿੰਦਾ ਸੀ। ਪਤਾ ਨਹੀਂ ਡੱਬੂ ਨੂੰ ਕੀ ਹੋ ਗਿਆ ਸੀ, ਜਿਥੇ ਪਸੂ ਪੱਠੇ ਖਾਣੇ ਛੱਡ ਗਏ ਸਨ, ਉਸ ਵੀ ਰੋਟੀ ਖਾਣੀ ਛੱਡ ਦਿਤੀ ਸੀ ਤੇ ਕਈ ਵਾਰ ਅਸਮਾਨ ਵੱਲ ਮੂੰਹ ਉੱਚਾ ਕਰ ਕੇ ਉੱਚੀ ਉੱਚੀ ਰੋਂਦਾ ਸੀ। ਮੈਂ ਉਸਦੀ ਕੰਡ ਤੇ ਹੱਥ ਫੇਰਦਾ ਤਾਂ ਉਸ ਦੀਆਂ ਅੱਖਾਂ ਵਿਚ ਅੱਥਰੂ ਵੇਖਦਾ। ਉਸ ਨੂੰ ਬੁੱਕਲ ਵਿਚ ਲੈ ਕੇ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਦਾ ਵਤੀਰਾ ਇਸ ਤਰ੍ਹਾਂ ਦਾ ਸੀ ਜਿਵੇਂ ਉਹ ਜਾਨਦਾਰ ਨਹੀਂ ਸਗੋਂ ਰਬੜ ਦਾ ਬਣਿਆ ਨਕਲੀ ਕੁੱਤਾ ਹੋਵੇ।
----
ਆਖਰ ਬਾਰ ਦੇ ਇਲਾਕੇ ਵਿਚ ਵੱਡੇ ਵਡੇਰਿਆਂ ਦਾ ਵਸਾਇਆ ਹੋਇਆ ਇਹ ਘਰ, ਅੰਬਾਂ ਦੇ ਬਾਗਾਂ ਵਾਲਾ ਮੁਰੱਬਾ, ਖਾਲਸਾ ਹਾਈ ਸਕੂਲ ਵਾਲਾ ਇਹ ਪਿੰਡ ਜਿਥੇ ਮੈਂ ਮੁਢਲੀ ਪੜ੍ਹਾਈ ਕੀਤੀ ਸੀ, ਛਡ ਕੇ ਚਲੇ ਜਾਣ ਦਾ ਫੈਸਲਾ ਹੋ ਗਿਆ ਤੇ ਰਾਹ ਦੇ ਸਫਰ ਲਈ ਜਿਥੇ ਪੰਜੀਰੀ ਆਦਿ ਬਨਾਉਣ ਦੀ ਤਿਆਰੀ ਹੋਣ ਲਗੀ, ਓਥੇ ਬਰਛੇ, ਤਲਵਾਰਾਂ, ਨੇਜ਼ੇ ਤੇ ਚਾਕੂ ਵੀ ਆਪਣੀ ਹਿਫ਼ਾਜ਼ਤ ਲਈ ਜ਼ਰੂਰੀ ਸਨ। ਸਭ ਤੋਂ ਵਡਾ ਸਵਾਲ ਇਹ ਸੀ ਕਿ ਕਿਹੜੀ ਚੀਜ਼ ਨਾਲ ਲਿਜਾਈ ਜਾਵੇ ਤੇ ਕਿਹੜੀ ਪਿੱਛੇ ਛੱਡੀ ਜਾਵੇ। ਇਸ ਗੱਲ ਦਾ ਤਾਂ ਕਿਸੇ ਨੂੰ ਪਤਾ ਨਹੀਂ ਸੀ ਕਿ ਕੀ ਅਸੀਂ ਇਹ ਆਪਣਾ ਪਿੰਡ ਸਦਾ ਲਈ ਛੱਡ ਕੇ ਜਾ ਰਹੇ ਹਾਂ ਜਾਂ ਕੁਝ ਚਿਰ ਲਈ ਤੇ ਰੌਲੇ ਗੌਲੇ ਮੱਠੇ ਪੈਣ ਤੇ ਵਾਪਸ ਪਰਤ ਆਵਾਂਗੇ।
****************
ਚਲਦਾ-ਅਗਲੀ ਵਾਰ ਪੜ੍ਹੋ ਤੀਜੀ ਕਿਸ਼ਤ
No comments:
Post a Comment